ਅਧਿਐਨ ਲੇਖ 27
ਯਹੋਵਾਹ ਦਾ ਡਰ ਕਿਉਂ ਰੱਖੀਏ?
“ਜਿਹੜੇ ਯਹੋਵਾਹ ਦਾ ਡਰ ਮੰਨਦੇ ਹਨ, ਉਹ ਉਨ੍ਹਾਂ ਨਾਲ ਗੂੜ੍ਹੀ ਦੋਸਤੀ ਕਰਦਾ ਹੈ।”—ਜ਼ਬੂ. 25:14.
ਗੀਤ 8 ਯਹੋਵਾਹ ਸਾਡਾ ਸਹਾਰਾ
ਖ਼ਾਸ ਗੱਲਾਂ a
1-2. ਜ਼ਬੂਰ 25:14 ਮੁਤਾਬਕ ਪਰਮੇਸ਼ੁਰ ਨਾਲ ਗੂੜ੍ਹੀ ਦੋਸਤੀ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
ਜੇ ਤੁਸੀਂ ਕਿਸੇ ਨਾਲ ਗੂੜ੍ਹੀ ਦੋਸਤੀ ਰੱਖਣੀ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਲੱਗਦਾ ਕਿ ਉਸ ਵਿਚ ਕਿਹੜੇ ਗੁਣ ਹੋਣੇ ਜ਼ਰੂਰੀ ਹਨ? ਤੁਸੀਂ ਸ਼ਾਇਦ ਜਵਾਬ ਦਿਓ ਕਿ ਚੰਗੇ ਦੋਸਤਾਂ ਨੂੰ ਇਕ-ਦੂਜੇ ਨਾਲ ਪਿਆਰ ਕਰਨਾ ਅਤੇ ਇਕ-ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਪਰ ਕੀ ਤੁਹਾਨੂੰ ਆਪਣੇ ਦੋਸਤ ਤੋਂ ਡਰਨਾ ਵੀ ਚਾਹੀਦਾ ਹੈ? ਤੁਸੀਂ ਸ਼ਾਇਦ ਸੋਚੋ, ‘ਨਹੀਂ, ਦੋਸਤ ਤੋਂ ਕੌਣ ਡਰਦਾ?’ ਪਰ ਧਿਆਨ ਦਿਓ ਕਿ ਇਸ ਲੇਖ ਦੀ ਮੁੱਖ ਆਇਤ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਲੋਕ ਯਹੋਵਾਹ ਨਾਲ ਗੂੜ੍ਹੀ ਦੋਸਤੀ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਉਸ ਦਾ ‘ਡਰ ਮੰਨਣਾ’ ਚਾਹੀਦਾ ਹੈ।—ਜ਼ਬੂਰ 25:14 ਪੜ੍ਹੋ।
2 ਚਾਹੇ ਅਸੀਂ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰਦੇ ਹੋਈਏ, ਫਿਰ ਵੀ ਸਾਨੂੰ ਸਾਰਿਆਂ ਨੂੰ ਉਸ ਦਾ ਡਰ ਰੱਖਣਾ ਚਾਹੀਦਾ ਹੈ। ਪਰ ਪਰਮੇਸ਼ੁਰ ਦਾ ਡਰ ਰੱਖਣ ਦਾ ਕੀ ਮਤਲਬ ਹੈ? ਅਸੀਂ ਪਰਮੇਸ਼ੁਰ ਦਾ ਡਰ ਰੱਖਣਾ ਕਿਵੇਂ ਸਿੱਖ ਸਕਦੇ ਹਾਂ? ਨਾਲੇ ਅਸੀਂ ਪ੍ਰਬੰਧਕ ਓਬਦਯਾਹ, ਮਹਾਂ ਪੁਜਾਰੀ ਯਹੋਯਾਦਾ ਅਤੇ ਰਾਜਾ ਯਹੋਆਸ਼ ਤੋਂ ਪਰਮੇਸ਼ੁਰ ਦਾ ਡਰ ਰੱਖਣ ਬਾਰੇ ਕੀ ਸਿੱਖ ਸਕਦੇ ਹਾਂ?
ਪਰਮੇਸ਼ੁਰ ਦਾ ਡਰ ਰੱਖਣ ਦਾ ਕੀ ਮਤਲਬ ਹੈ?
3. ਦੱਸੋ ਕਿ ਸਾਨੂੰ ਕਿਹੜੀਆਂ ਗੱਲਾਂ ਕਰਕੇ ਡਰ ਲੱਗ ਸਕਦਾ ਹੈ ਅਤੇ ਸਮਝਾਓ ਕਿ ਇਸ ਨਾਲ ਸਾਡੀ ਰਾਖੀ ਕਿਵੇਂ ਹੁੰਦੀ ਹੈ।
3 ਅਸੀਂ ਸ਼ਾਇਦ ਉਦੋਂ ਡਰ ਜਾਂਦੇ ਹਾਂ ਜਦੋਂ ਸਾਨੂੰ ਲੱਗਦਾ ਹੈ ਕਿ ਸਾਨੂੰ ਕਿਸੇ ਕਿਸਮ ਦਾ ਨੁਕਸਾਨ ਹੋ ਸਕਦਾ ਹੈ। ਇਸ ਤਰ੍ਹਾਂ ਦਾ ਡਰ ਹੋਣਾ ਵਧੀਆ ਗੱਲ ਹੈ ਅਤੇ ਇਸ ਕਰਕੇ ਅਸੀਂ ਸਹੀ ਫ਼ੈਸਲੇ ਕਰ ਸਕਦੇ ਹਾਂ। ਉਦਾਹਰਣ ਲਈ, ਡਿਗਣ ਦਾ ਡਰ ਹੋਣ ਕਰਕੇ ਅਸੀਂ ਪਹਾੜ ਦੇ ਕਿਨਾਰਿਆਂ ʼਤੇ ਨਹੀਂ ਤੁਰਦੇ। ਸੱਟ ਲੱਗਣ ਦਾ ਡਰ ਹੋਣ ਕਰਕੇ ਅਸੀਂ ਆਪਣੇ ਆਪ ਨੂੰ ਖ਼ਤਰਨਾਕ ਹਾਲਾਤਾਂ ਤੋਂ ਬਚਾਉਂਦੇ ਹਾਂ। ਦੋਸਤੀ ਟੁੱਟਣ ਦਾ ਡਰ ਹੋਣ ਕਰਕੇ ਅਸੀਂ ਆਪਣੇ ਦੋਸਤਾਂ ਨੂੰ ਕੁਝ ਵੀ ਗ਼ਲਤ ਨਹੀਂ ਕਹਿੰਦੇ ਜਾਂ ਉਨ੍ਹਾਂ ਨਾਲ ਬੁਰੇ ਤਰੀਕੇ ਨਾਲ ਪੇਸ਼ ਨਹੀਂ ਆਉਂਦੇ।
4. ਸ਼ੈਤਾਨ ਲੋਕਾਂ ਦੇ ਦਿਲਾਂ ਵਿਚ ਯਹੋਵਾਹ ਦਾ ਕਿਹੋ ਜਿਹਾ ਡਰ ਬਿਠਾਉਣਾ ਚਾਹੁੰਦਾ ਹੈ?
4 ਸ਼ੈਤਾਨ ਚਾਹੁੰਦਾ ਹੈ ਕਿ ਲੋਕ ਯਹੋਵਾਹ ਤੋਂ ਡਰ-ਡਰ ਕੇ ਰਹਿਣ। ਉਹ ਅਲੀਫਾਜ਼ ਦੀ ਸੋਚ ਨੂੰ ਅੱਗੇ ਵਧਾਉਂਦਾ ਹੈ। ਅਲੀਫਾਜ਼ ਨੇ ਕਿਹਾ ਸੀ ਕਿ ਯਹੋਵਾਹ ਬਦਲੇਖ਼ੋਰ ਹੈ, ਉਹ ਹਮੇਸ਼ਾ ਗੁੱਸੇ ਵਿਚ ਰਹਿੰਦਾ ਹੈ ਅਤੇ ਉਸ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ। (ਅੱਯੂ. 4:18, 19) ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਦਾ ਇੰਨਾ ਖ਼ੌਫ਼ ਖਾਈਏ ਕਿ ਅਸੀਂ ਉਸ ਦੀ ਸੇਵਾ ਕਰਨੀ ਛੱਡ ਦੇਈਏ। ਇਸ ਫੰਦੇ ਵਿਚ ਫਸਣ ਤੋਂ ਬਚਣ ਲਈ ਸਾਨੂੰ ਪਰਮੇਸ਼ੁਰ ਦਾ ਆਦਰ ਕਰਨਾ ਅਤੇ ਉਸ ਨੂੰ ਨਾਰਾਜ਼ ਕਰਨ ਤੋਂ ਡਰਨਾ ਚਾਹੀਦਾ ਹੈ।
5. ਪਰਮੇਸ਼ੁਰ ਦਾ ਡਰ ਰੱਖਣ ਦਾ ਕੀ ਮਤਲਬ ਹੈ?
5 ਜਿਹੜਾ ਵਿਅਕਤੀ ਪਰਮੇਸ਼ੁਰ ਦਾ ਡਰ ਰੱਖਦਾ ਹੈ, ਉਹ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦਾ ਜਿਸ ਕਰਕੇ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਖ਼ਰਾਬ ਹੋ ਜਾਵੇ। ਯਿਸੂ “ਪਰਮੇਸ਼ੁਰ ਦਾ ਡਰ” ਰੱਖਦਾ ਸੀ। (ਇਬ. 5:7) ਪਰ ਉਹ ਯਹੋਵਾਹ ਦਾ ਖ਼ੌਫ਼ ਨਹੀਂ ਸੀ ਖਾਂਦਾ। (ਯਸਾ. 11:2, 3) ਇਸ ਦੀ ਬਜਾਇ, ਉਹ ਉਸ ਨੂੰ ਦਿਲੋਂ ਪਿਆਰ ਕਰਦਾ ਸੀ ਅਤੇ ਉਸ ਦਾ ਕਹਿਣਾ ਮੰਨਦਾ ਸੀ। (ਯੂਹੰ. 14:21, 31) ਯਿਸੂ ਵਾਂਗ ਅਸੀਂ ਵੀ ਯਹੋਵਾਹ ਦਾ ਗਹਿਰਾ ਆਦਰ ਕਰਦੇ ਹਾਂ ਅਤੇ ਉਸ ਲਈ ਸ਼ਰਧਾ ਰੱਖਦੇ ਹਾਂ ਕਿਉਂਕਿ ਯਹੋਵਾਹ ਪਿਆਰ ਕਰਨ ਵਾਲਾ, ਬੁੱਧੀਮਾਨ, ਨਿਆਂ-ਪਸੰਦ ਅਤੇ ਸ਼ਕਤੀਸ਼ਾਲੀ ਪਰਮੇਸ਼ੁਰ ਹੈ। ਨਾਲੇ ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ। ਇਸ ਲਈ ਜਦੋਂ ਅਸੀਂ ਪਰਮੇਸ਼ੁਰ ਦੀ ਸਲਾਹ ਮੰਨਦੇ ਹਾਂ, ਤਾਂ ਉਸ ਦਾ ਦਿਲ ਖ਼ੁਸ਼ ਹੁੰਦਾ ਹੈ। ਪਰ ਜਦੋਂ ਅਸੀਂ ਉਸ ਦੀ ਸਲਾਹ ਤੋਂ ਉਲਟ ਚੱਲਦੇ ਹਾਂ, ਤਾਂ ਉਸ ਦਾ ਦਿਲ ਬਹੁਤ ਦੁਖੀ ਹੁੰਦਾ ਹੈ।—ਜ਼ਬੂ. 78:41; ਕਹਾ. 27:11.
ਪਰਮੇਸ਼ੁਰ ਦਾ ਡਰ ਰੱਖਣਾ ਸਿੱਖੋ
6. ਕਿਹੜੇ ਇਕ ਤਰੀਕੇ ਨਾਲ ਅਸੀਂ ਪਰਮੇਸ਼ੁਰ ਦਾ ਡਰ ਰੱਖਣਾ ਸਿੱਖ ਸਕਦੇ ਹਾਂ? (ਜ਼ਬੂਰ 34:11)
6 ਸਾਡੇ ਵਿਚ ਜਨਮ ਤੋਂ ਹੀ ਯਹੋਵਾਹ ਦਾ ਡਰ ਨਹੀਂ ਹੁੰਦਾ, ਸਗੋਂ ਸਾਨੂੰ ਇਹ ਪੈਦਾ ਕਰਨਾ ਪੈਂਦਾ ਹੈ। (ਜ਼ਬੂਰ 34:11 ਪੜ੍ਹੋ।) ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ, ਸ੍ਰਿਸ਼ਟੀ ਦੀਆਂ ਚੀਜ਼ਾਂ ʼਤੇ ਸੋਚ-ਵਿਚਾਰ ਕਰਨਾ। ਜਦੋਂ ਸਾਨੂੰ ਪਰਮੇਸ਼ੁਰ ਦੀਆਂ “ਬਣਾਈਆਂ ਚੀਜ਼ਾਂ” ਤੋਂ ਉਸ ਦੀ ਬੁੱਧ, ਸ਼ਕਤੀ ਅਤੇ ਸਾਡੇ ਲਈ ਉਸ ਦੇ ਗਹਿਰੇ ਪਿਆਰ ਦਾ ਅਹਿਸਾਸ ਹੁੰਦਾ ਹੈ, ਤਾਂ ਸਾਡੇ ਦਿਲ ਵਿਚ ਉਸ ਲਈ ਪਿਆਰ ਤੇ ਆਦਰ ਹੋਰ ਵੀ ਵਧਦਾ ਹੈ। (ਰੋਮੀ. 1:20) ਭੈਣ ਏਡ੍ਰੀਅਨ ਕਹਿੰਦੀ ਹੈ: “ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਤੋਂ ਉਸ ਦੀ ਬੁੱਧ ਦੇਖ ਕੇ ਮੈਂ ਹੈਰਾਨ ਰਹਿ ਜਾਂਦੀ ਹਾਂ। ਇਸ ਤੋਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਉਹੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੇਰੇ ਲਈ ਸਭ ਤੋਂ ਵਧੀਆ ਕੀ ਹੈ।” ਭੈਣ ਨੇ ਇਸ ਬਾਰੇ ਕਈ ਵਾਰ ਸੋਚ-ਵਿਚਾਰ ਕੀਤਾ। ਇਸ ਲਈ ਉਹ ਕਹਿ ਸਕੀ: “ਪਰਮੇਸ਼ੁਰ ਨੇ ਮੈਨੂੰ ਜ਼ਿੰਦਗੀ ਦਿੱਤੀ ਹੈ। ਮੈਂ ਨਹੀਂ ਚਾਹੁੰਦੀ ਕਿ ਕਿਸੇ ਵੀ ਚੀਜ਼ ਕਰਕੇ ਪਰਮੇਸ਼ੁਰ ਨਾਲ ਮੇਰਾ ਰਿਸ਼ਤਾ ਖ਼ਰਾਬ ਹੋਵੇ।” ਕੀ ਤੁਸੀਂ ਇਸ ਹਫ਼ਤੇ ਸ੍ਰਿਸ਼ਟੀ ਦੀਆਂ ਚੀਜ਼ਾਂ ʼਤੇ ਸੋਚ-ਵਿਚਾਰ ਕਰਨ ਲਈ ਕੁਝ ਸਮਾਂ ਕੱਢ ਸਕਦੇ ਹੋ? ਇੱਦਾਂ ਕਰਨ ਨਾਲ ਯਹੋਵਾਹ ਲਈ ਤੁਹਾਡਾ ਪਿਆਰ ਤੇ ਆਦਰ ਹੋਰ ਵੀ ਵਧੇਗਾ।—ਜ਼ਬੂ. 111:2, 3.
7. ਪ੍ਰਾਰਥਨਾ ਯਹੋਵਾਹ ਦਾ ਡਰ ਪੈਦਾ ਕਰਨ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ?
7 ਯਹੋਵਾਹ ਦਾ ਡਰ ਪੈਦਾ ਕਰਨ ਦਾ ਇਕ ਹੋਰ ਤਰੀਕਾ ਹੈ, ਬਾਕਾਇਦਾ ਪ੍ਰਾਰਥਨਾ ਕਰਨੀ। ਅਸੀਂ ਯਹੋਵਾਹ ਨੂੰ ਜਿੰਨੀ ਜ਼ਿਆਦਾ ਪ੍ਰਾਰਥਨਾ ਕਰਦੇ ਹਾਂ, ਅਸੀਂ ਉੱਨਾ ਜ਼ਿਆਦਾ ਉਸ ਨੂੰ ਜਾਣ ਪਾਉਂਦੇ ਹਨ। ਹਰ ਵਾਰ ਜਦੋਂ ਅਸੀਂ ਉਸ ਤੋਂ ਕਿਸੇ ਅਜ਼ਮਾਇਸ਼ ਨੂੰ ਝੱਲਣ ਲਈ ਤਾਕਤ ਮੰਗਦੇ ਹਾਂ, ਤਾਂ ਸਾਨੂੰ ਯਾਦ ਆਉਂਦਾ ਹੈ ਕਿ ਉਸ ਕੋਲ ਕਿੰਨੀ ਜ਼ਬਰਦਸਤ ਤਾਕਤ ਹੈ। ਜਦੋਂ ਅਸੀਂ ਪ੍ਰਾਰਥਨਾ ਵਿਚ ਉਸ ਦੇ ਪੁੱਤਰ ਦੀ ਕੁਰਬਾਨੀ ਲਈ ਸ਼ੁਕਰਗੁਜ਼ਾਰ ਹੁੰਦੇ ਹਾਂ, ਤਾਂ ਸਾਨੂੰ ਯਾਦ ਆਉਂਦਾ ਹੈ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ। ਨਾਲੇ ਜਦੋਂ ਅਸੀਂ ਕਿਸੇ ਸਮੱਸਿਆ ਦੇ ਹੱਲ ਵਾਸਤੇ ਉਸ ਨੂੰ ਮਦਦ ਲਈ ਤਰਲੇ ਕਰਦੇ ਹਾਂ, ਤਾਂ ਸਾਨੂੰ ਯਾਦ ਆਉਂਦਾ ਹੈ ਕਿ ਯਹੋਵਾਹ ਕਿੰਨਾ ਬੁੱਧੀਮਾਨ ਹੈ। ਇਸ ਤਰ੍ਹਾਂ ਪ੍ਰਾਰਥਨਾ ਕਰ ਕੇ ਸਾਡੇ ਦਿਲ ਵਿਚ ਯਹੋਵਾਹ ਲਈ ਆਦਰ ਹੋਰ ਵੀ ਵਧਦਾ ਜਾਂਦਾ ਹੈ। ਨਾਲੇ ਸਾਡਾ ਇਰਾਦਾ ਹੋਰ ਵੀ ਪੱਕਾ ਹੁੰਦਾ ਹੈ ਕਿ ਅਸੀਂ ਕੁਝ ਵੀ ਇੱਦਾਂ ਦਾ ਨਾ ਕਰੀਏ ਜਿਸ ਕਰਕੇ ਉਸ ਨਾਲ ਸਾਡੀ ਦੋਸਤੀ ਟੁੱਟ ਜਾਵੇ।
8. ਅਸੀਂ ਪਰਮੇਸ਼ੁਰ ਦਾ ਡਰ ਕਿਵੇਂ ਬਣਾਈ ਰੱਖ ਸਕਦੇ ਹਾਂ?
8 ਅਸੀਂ ਬਾਈਬਲ ਦਾ ਅਧਿਐਨ ਕਰ ਕੇ ਪਰਮੇਸ਼ੁਰ ਦਾ ਡਰ ਬਣਾਈ ਰੱਖ ਸਕਦੇ ਹਾਂ। ਅਸੀਂ ਬਾਈਬਲ ਵਿਚ ਦਿੱਤੀਆਂ ਚੰਗੀਆਂ ਅਤੇ ਬੁਰੀਆਂ ਮਿਸਾਲਾਂ ਤੋਂ ਸਿੱਖ ਸਕਦੇ ਹਾਂ। ਆਓ ਆਪਾਂ ਯਹੋਵਾਹ ਦੇ ਦੋ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ʼਤੇ ਗੌਰ ਕਰੀਏ, ਰਾਜਾ ਅਹਾਬ ਦੇ ਘਰਾਣੇ ਦਾ ਪ੍ਰਬੰਧਕ ਓਬਦਯਾਹ ਅਤੇ ਮਹਾਂ ਪੁਜਾਰੀ ਯਹੋਯਾਦਾ। ਫਿਰ ਅਸੀਂ ਦੇਖਾਂਗੇ ਕਿ ਅਸੀਂ ਯਹੂਦਾਹ ਦੇ ਰਾਜਾ ਯਹੋਆਸ਼ ਤੋਂ ਕੀ ਸਿੱਖ ਸਕਦੇ ਹਾਂ ਜੋ ਪਹਿਲਾਂ ਯਹੋਵਾਹ ਦੀ ਸੇਵਾ ਕਰਦਾ ਸੀ, ਪਰ ਬਾਅਦ ਵਿਚ ਉਸ ਨੇ ਯਹੋਵਾਹ ਨੂੰ ਛੱਡ ਦਿੱਤਾ।
ਓਬਦਯਾਹ ਵਾਂਗ ਦਲੇਰ ਬਣੋ
9. ਯਹੋਵਾਹ ਦਾ ਡਰ ਰੱਖਣ ਕਰਕੇ ਓਬਦਯਾਹ ʼਤੇ ਕੀ ਅਸਰ ਪਿਆ? (1 ਰਾਜਿਆਂ 18:3, 12)
9 ਬਾਈਬਲ ਓਬਦਯਾਹ b ਦੀ ਪਛਾਣ ਇਨ੍ਹਾਂ ਸ਼ਬਦਾਂ ਨਾਲ ਕਰਾਉਂਦੀ ਹੈ: “ਓਬਦਯਾਹ ਯਹੋਵਾਹ ਦਾ ਬਹੁਤ ਡਰ ਮੰਨਦਾ ਸੀ।” (1 ਰਾਜਿਆਂ 18:3, 12 ਪੜ੍ਹੋ।) ਇਸ ਡਰ ਦਾ ਓਬਦਯਾਹ ʼਤੇ ਕੀ ਅਸਰ ਪਿਆ? ਪਰਮੇਸ਼ੁਰ ਦਾ ਡਰ ਰੱਖਣ ਕਰਕੇ ਉਹ ਈਮਾਨਦਾਰ ਤੇ ਭਰੋਸੇਯੋਗ ਬਣਿਆ। ਇਸੇ ਕਰਕੇ ਰਾਜੇ ਨੇ ਉਸ ਨੂੰ ਸ਼ਾਹੀ ਘਰਾਣੇ ਦਾ ਨਿਗਰਾਨ ਠਹਿਰਾਇਆ। (ਨਹਮਯਾਹ 7:2 ਵਿਚ ਨੁਕਤਾ ਦੇਖੋ।) ਪਰਮੇਸ਼ੁਰ ਦਾ ਡਰ ਰੱਖਣ ਕਰਕੇ ਓਬਦਯਾਹ ਨੇ ਜ਼ਬਰਦਸਤ ਦਲੇਰੀ ਵੀ ਦਿਖਾਈ। ਉਸ ਨੂੰ ਇਸ ਗੁਣ ਦੀ ਬਹੁਤ ਲੋੜ ਸੀ। ਕਿਉਂ? ਕਿਉਂਕਿ ਉਹ ਦੁਸ਼ਟ ਰਾਜੇ ਅਹਾਬ ਦੇ ਰਾਜ ਦੌਰਾਨ ਰਹਿੰਦਾ ਸੀ ਜੋ “ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਸਾਰਿਆਂ [ਰਾਜਿਆਂ] ਨਾਲੋਂ ਭੈੜਾ ਸੀ ਜੋ ਉਸ ਤੋਂ ਪਹਿਲਾਂ ਆਏ ਸਨ।” (1 ਰਾਜ. 16:30) ਨਾਲੇ ਅਹਾਬ ਦੀ ਪਤਨੀ ਈਜ਼ਬਲ ਬਆਲ ਦੀ ਭਗਤੀ ਕਰਦੀ ਸੀ। ਉਹ ਯਹੋਵਾਹ ਨਾਲ ਬਹੁਤ ਜ਼ਿਆਦਾ ਨਫ਼ਰਤ ਕਰਦੀ ਸੀ। ਇਸ ਕਰਕੇ ਉਸ ਨੇ ਉੱਤਰੀ ਰਾਜ ਵਿੱਚੋਂ ਯਹੋਵਾਹ ਦੇ ਸੱਚੇ ਭਗਤਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਤਾਂ ਪਰਮੇਸ਼ੁਰ ਦੇ ਬਹੁਤ ਸਾਰੇ ਨਬੀਆਂ ਨੂੰ ਮਰਵਾ ਦਿੱਤਾ ਸੀ। (1 ਰਾਜ. 18:4) ਬਿਨਾਂ ਸ਼ੱਕ, ਓਬਦਯਾਹ ਇਸ ਔਖੇ ਸਮੇਂ ਦੌਰਾਨ ਯਹੋਵਾਹ ਦੀ ਭਗਤੀ ਕਰਦਾ ਰਿਹਾ।
10. ਓਬਦਯਾਹ ਨੇ ਜ਼ਬਰਦਸਤ ਦਲੇਰੀ ਕਿਵੇਂ ਦਿਖਾਈ?
10 ਓਬਦਯਾਹ ਨੇ ਜ਼ਬਰਦਸਤ ਦਲੇਰੀ ਕਿਵੇਂ ਦਿਖਾਈ? ਜਦੋਂ ਈਜ਼ਬਲ ਪਰਮੇਸ਼ੁਰ ਦੇ ਨਬੀਆਂ ਨੂੰ ਲੱਭ-ਲੱਭ ਕੇ ਜਾਨੋਂ ਮਾਰ ਰਹੀ ਸੀ, ਤਾਂ ਓਬਦਯਾਹ ਨੇ 100 ਨਬੀਆਂ ਨੂੰ “50-50 ਕਰ ਕੇ ਇਕ ਗੁਫਾ ਵਿਚ ਲੁਕਾ ਦਿੱਤਾ ਸੀ ਅਤੇ ਉਨ੍ਹਾਂ ਨੂੰ ਰੋਟੀ-ਪਾਣੀ ਮੁਹੱਈਆ ਕਰਾਉਂਦਾ ਰਿਹਾ ਸੀ।” (1 ਰਾਜ. 18:13, 14) ਜੇ ਈਜ਼ਬਲ ਨੂੰ ਇਸ ਬਾਰੇ ਪਤਾ ਲੱਗ ਜਾਂਦਾ, ਤਾਂ ਉਸ ਨੇ ਦਲੇਰ ਓਬਦਯਾਹ ਨੂੰ ਜ਼ਰੂਰ ਜਾਨੋਂ ਮਰਵਾ ਦੇਣਾ ਸੀ। ਬਿਨਾਂ ਸ਼ੱਕ, ਓਬਦਯਾਹ ਨੂੰ ਵੀ ਡਰ ਲੱਗਦਾ ਹੋਣਾ ਅਤੇ ਉਹ ਮਰਨਾ ਨਹੀਂ ਚਾਹੁੰਦਾ ਹੋਣਾ। ਪਰ ਓਬਦਯਾਹ ਯਹੋਵਾਹ ਅਤੇ ਉਸ ਦੇ ਸੇਵਕਾਂ ਨੂੰ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਸੀ।
11. ਅੱਜ ਯਹੋਵਾਹ ਦੇ ਸੇਵਕ ਓਬਦਯਾਹ ਵਾਂਗ ਕਿਵੇਂ ਬਣ ਸਕਦੇ ਹਨ? (ਤਸਵੀਰ ਵੀ ਦੇਖੋ।)
11 ਅੱਜ ਯਹੋਵਾਹ ਦੇ ਬਹੁਤ ਸਾਰੇ ਸੇਵਕ ਅਜਿਹੇ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ। ਉਹ ਸਰਕਾਰੀ ਅਧਿਕਾਰੀਆਂ ਦਾ ਆਦਰ ਕਰਦੇ ਹਨ, ਪਰ ਓਬਦਯਾਹ ਵਾਂਗ ਸਾਡੇ ਭੈਣ-ਭਰਾ ਹਰ ਹਾਲ ਵਿਚ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਦੇ ਹਨ। (ਮੱਤੀ 22:21) ਉਹ ਇਨਸਾਨਾਂ ਦਾ ਹੁਕਮ ਮੰਨਣ ਦੀ ਬਜਾਇ ਪਰਮੇਸ਼ੁਰ ਦਾ ਹੁਕਮ ਮੰਨ ਕੇ ਦਿਖਾਉਂਦੇ ਹਨ ਕਿ ਉਹ ਯਹੋਵਾਹ ਦਾ ਡਰ ਰੱਖਦੇ ਹਨ। (ਰਸੂ. 5:29) ਉਹ ਲਗਾਤਾਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਅਤੇ ਸਮਝਦਾਰੀ ਨਾਲ ਮੀਟਿੰਗਾਂ ਲਈ ਇਕੱਠੇ ਹੋ ਕੇ ਇਹ ਡਰ ਦਿਖਾਉਂਦੇ ਹਨ। (ਮੱਤੀ 10:16, 28) ਉਹ ਇਸ ਗੱਲ ਦਾ ਵੀ ਧਿਆਨ ਰੱਖਦੇ ਹਨ ਕਿ ਭੈਣਾਂ-ਭਰਾਵਾਂ ਨੂੰ ਬਾਈਬਲ-ਆਧਾਰਿਤ ਪ੍ਰਕਾਸ਼ਨ ਮਿਲਦੇ ਰਹਿਣ ਤਾਂਕਿ ਉਹ ਯਹੋਵਾਹ ਦੇ ਨੇੜੇ ਰਹਿ ਸਕਣ। ਜ਼ਰਾ ਐਨਰੀ ਦੀ ਮਿਸਾਲ ʼਤੇ ਗੌਰ ਕਰੋ ਜੋ ਅਫ਼ਰੀਕਾ ਦੇ ਇਕ ਦੇਸ਼ ਵਿਚ ਰਹਿੰਦਾ ਹੈ ਜਿੱਥੇ ਇਕ ਸਮੇਂ ʼਤੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਸੀ। ਪਾਬੰਦੀ ਦੌਰਾਨ ਐਨਰੀ ਆਪਣੇ ਭੈਣਾਂ-ਭਰਾਵਾਂ ਨੂੰ ਪ੍ਰਕਾਸ਼ਨ ਪਹੁੰਚਾਉਂਦਾ ਸੀ। ਉਸ ਨੇ ਲਿਖਿਆ: “ਮੈਂ ਸ਼ਰਮੀਲੇ ਸੁਭਾਅ ਦਾ ਹਾਂ। ਮੈਂ ਇੰਨੀ ਦਲੇਰੀ ਸਿਰਫ਼ ਇਸ ਲਈ ਦਿਖਾ ਸਕਿਆ ਕਿਉਂਕਿ ਮੈਂ ਯਹੋਵਾਹ ਦਾ ਆਦਰ ਕਰਦਾ ਹਾਂ।” ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੀ ਐਨਰੀ ਵਾਂਗ ਦਲੇਰ ਹੋ? ਤੁਸੀਂ ਵੀ ਐਨਰੀ ਵਾਂਗ ਦਲੇਰ ਬਣ ਸਕਦੇ ਹੋ ਜੇ ਤੁਸੀਂ ਯਹੋਵਾਹ ਦਾ ਡਰ ਰੱਖੋ।
ਮਹਾਂ ਪੁਜਾਰੀ ਯਹੋਯਾਦਾ ਵਾਂਗ ਵਫ਼ਾਦਾਰ ਬਣੋ
12. ਮਹਾਂ ਪੁਜਾਰੀ ਯਹੋਯਾਦਾ ਅਤੇ ਯਹੋਸ਼ਬਥ ਨੇ ਯਹੋਵਾਹ ਪ੍ਰਤੀ ਬਹੁਤ ਜ਼ਿਆਦਾ ਵਫ਼ਾਦਾਰੀ ਕਿਵੇਂ ਦਿਖਾਈ?
12 ਮਹਾਂ ਪੁਜਾਰੀ ਯਹੋਯਾਦਾ ਯਹੋਵਾਹ ਦਾ ਡਰ ਰੱਖਦਾ ਸੀ। ਇਸੇ ਡਰ ਕਰਕੇ ਉਹ ਵਫ਼ਾਦਾਰ ਬਣਿਆ ਅਤੇ ਉਸ ਨੇ ਯਹੋਵਾਹ ਦੀ ਭਗਤੀ ਨੂੰ ਅੱਗੇ ਵਧਾਇਆ। ਸਾਨੂੰ ਇਸ ਗੱਲ ਦਾ ਸਬੂਤ ਕਿਵੇਂ ਮਿਲਦਾ ਹੈ? ਈਜ਼ਬਲ ਦੀ ਧੀ ਅਥਲਯਾਹ ਨੇ ਯਹੂਦਾਹ ਦੀ ਰਾਜ-ਗੱਦੀ ਹਥਿਆ ਲਈ। ਇਸ ਕਰਕੇ ਉੱਥੇ ਦੇ ਲੋਕ ਉਸ ਦਾ ਬਹੁਤ ਜ਼ਿਆਦਾ ਖ਼ੌਫ਼ ਖਾਂਦੇ ਸਨ। ਅਥਲਯਾਹ ਬਹੁਤ ਜ਼ਿਆਦਾ ਦੁਸ਼ਟ ਸੀ ਅਤੇ ਉਸ ʼਤੇ ਰਾਣੀ ਬਣਨ ਦਾ ਇੰਨਾ ਜਨੂਨ ਸਵਾਰ ਸੀ ਕਿ ਉਸ ਨੇ ਆਪਣੇ ਪੋਤਿਆਂ ਨੂੰ ਵੀ ਮਰਵਾਉਣ ਦੀ ਕੋਸ਼ਿਸ਼ ਕੀਤੀ। (2 ਇਤਿ. 22:10, 11) ਪਰ ਉਸ ਦੇ ਪੋਤਿਆਂ ਵਿੱਚੋਂ ਇਕ ਪੋਤਾ ਯਹੋਆਸ਼ ਬਚ ਗਿਆ ਕਿਉਂਕਿ ਉਸ ਨੂੰ ਯਹੋਯਾਦਾ ਦੀ ਪਤਨੀ ਯਹੋਸ਼ਬਥ ਨੇ ਬਚਾ ਲਿਆ। ਉਸ ਨੇ ਅਤੇ ਉਸ ਦੇ ਪਤੀ ਨੇ ਉਸ ਮੁੰਡੇ ਨੂੰ ਲੁਕੋ ਲਿਆ ਅਤੇ ਉਸ ਦੀ ਦੇਖ-ਭਾਲ ਕੀਤੀ। ਇਸ ਤਰ੍ਹਾਂ ਯਹੋਯਾਦਾ ਅਤੇ ਯਹੋਸ਼ਬਥ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਦਾਊਦ ਦੀ ਪੀੜ੍ਹੀ ਵਿੱਚੋਂ ਹੀ ਕੋਈ ਰਾਜਾ ਬਣੇ। ਯਹੋਯਾਦਾ ਯਹੋਵਾਹ ਦਾ ਵਫ਼ਾਦਾਰ ਸੀ ਅਤੇ ਉਸ ਨੇ ਅਥਲਯਾਹ ਦਾ ਖ਼ੌਫ਼ ਨਹੀਂ ਖਾਧਾ।—ਕਹਾ. 29:25.
13. ਜਦੋਂ ਯਹੋਆਸ਼ ਸੱਤਾਂ ਸਾਲਾਂ ਦਾ ਸੀ, ਤਾਂ ਯਹੋਯਾਦਾ ਨੇ ਦੁਬਾਰਾ ਤੋਂ ਆਪਣੀ ਵਫ਼ਾਦਾਰੀ ਕਿਵੇਂ ਦਿਖਾਈ?
13 ਜਦੋਂ ਯਹੋਆਸ਼ ਸੱਤਾਂ ਸਾਲ ਦਾ ਸੀ, ਤਾਂ ਯਹੋਯਾਦਾ ਨੇ ਦੁਬਾਰਾ ਤੋਂ ਸਾਬਤ ਕੀਤਾ ਕਿ ਉਹ ਯਹੋਵਾਹ ਦਾ ਵਫ਼ਾਦਾਰ ਸੀ। ਉਸ ਨੇ ਇਕ ਯੋਜਨਾ ਬਣਾਈ। ਜੇ ਇਹ ਯੋਜਨਾ ਸਫ਼ਲ ਹੋ ਜਾਂਦੀ, ਤਾਂ ਯਹੋਆਸ਼ ਨੇ ਰਾਜਾ ਬਣ ਜਾਣਾ ਸੀ ਜੋ ਦਾਊਦ ਦੀ ਪੀੜ੍ਹੀ ਵਿੱਚੋਂ ਸੀ। ਪਰ ਜੇ ਯੋਜਨਾ ਅਸਫ਼ਲ ਹੋ ਜਾਂਦੀ, ਤਾਂ ਯਹੋਯਾਦਾ ਨੇ ਆਪਣੀ ਜਾਨ ਤੋਂ ਹੱਥ ਧੋ ਬੈਠਣਾ ਸੀ। ਯਹੋਵਾਹ ਦੀ ਮਦਦ ਨਾਲ ਉਸ ਦੀ ਯੋਜਨਾ ਸਫ਼ਲ ਹੋਈ। ਮੁਖੀਆਂ ਅਤੇ ਲੇਵੀਆਂ ਦੀ ਮਦਦ ਨਾਲ ਯਹੋਯਾਦਾ ਨੇ ਯਹੋਆਸ਼ ਨੂੰ ਰਾਜਾ ਬਣਾਇਆ ਅਤੇ ਅਥਲਯਾਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ। (2 ਇਤਿ. 23:1-5, 11, 12, 15; 24:1) ਫਿਰ “ਯਹੋਯਾਦਾ ਨੇ ਯਹੋਵਾਹ ਅਤੇ ਰਾਜੇ ਤੇ ਲੋਕਾਂ ਵਿਚਕਾਰ ਇਕਰਾਰ ਕਰਾਇਆ ਕਿ ਉਹ ਯਹੋਵਾਹ ਦੀ ਪਰਜਾ ਬਣੇ ਰਹਿਣਗੇ।” (2 ਰਾਜ. 11:17) ਨਾਲੇ ਯਹੋਯਾਦਾ ਨੇ “ਯਹੋਵਾਹ ਦੇ ਭਵਨ ਦੇ ਦਰਵਾਜ਼ਿਆਂ ʼਤੇ ਦਰਬਾਨਾਂ ਨੂੰ ਤੈਨਾਤ ਕੀਤਾ ਤਾਂਕਿ ਅਜਿਹਾ ਕੋਈ ਵੀ ਅੰਦਰ ਦਾਖ਼ਲ ਨਾ ਹੋ ਸਕੇ ਜੋ ਕਿਸੇ ਵੀ ਤਰ੍ਹਾਂ ਅਸ਼ੁੱਧ ਹੋਵੇ।”—2 ਇਤਿ. 23:19.
14. ਯਹੋਵਾਹ ਦਾ ਆਦਰ ਕਰਨ ਕਰਕੇ ਕਿਹੜੇ ਤਰੀਕਿਆਂ ਨਾਲ ਯਹੋਯਾਦਾ ਨੂੰ ਆਦਰ ਦਿੱਤਾ ਗਿਆ?
14 ਯਹੋਵਾਹ ਨੇ ਪਹਿਲਾਂ ਕਿਹਾ ਸੀ: “ਜੋ ਮੇਰਾ ਆਦਰ ਕਰਦੇ ਹਨ, ਮੈਂ ਉਨ੍ਹਾਂ ਦਾ ਆਦਰ ਕਰਾਂਗਾ।” ਬਿਨਾਂ ਸ਼ੱਕ, ਉਸ ਨੇ ਯਹੋਯਾਦਾ ਨੂੰ ਇਨਾਮ ਦਿੱਤਾ। (1 ਸਮੂ. 2:30) ਉਦਾਹਰਣ ਲਈ, ਉਸ ਨੇ ਇਸ ਪੁਜਾਰੀ ਦੇ ਚੰਗੇ ਕੰਮਾਂ ਨੂੰ ਬਾਈਬਲ ਵਿਚ ਦਰਜ ਕਰਵਾਇਆ ਤਾਂਕਿ ਅਸੀਂ ਉਸ ਤੋਂ ਸਿੱਖ ਸਕੀਏ। (ਰੋਮੀ. 15:4) ਜਦੋਂ ਯਹੋਯਾਦਾ ਦੀ ਮੌਤ ਹੋਈ, ਤਾਂ ਉਸ ਨੂੰ ਇਕ ਖ਼ਾਸ ਸਨਮਾਨ ਦਿੱਤਾ ਗਿਆ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਯਾਦਾ ਨੂੰ “ਦਾਊਦ ਦੇ ਸ਼ਹਿਰ ਵਿਚ ਰਾਜਿਆਂ ਦੇ ਨਾਲ ਦਫ਼ਨਾ ਦਿੱਤਾ ਕਿਉਂਕਿ ਉਸ ਨੇ ਸੱਚੇ ਪਰਮੇਸ਼ੁਰ ਅਤੇ ਉਸ ਦੇ ਭਵਨ ਸੰਬੰਧੀ ਇਜ਼ਰਾਈਲ ਵਿਚ ਚੰਗੇ ਕੰਮ ਕੀਤੇ ਸਨ।”—2 ਇਤਿ. 24:15, 16.
15. ਯਹੋਯਾਦਾ ਦੇ ਬਿਰਤਾਂਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਤਸਵੀਰ ਵੀ ਦੇਖੋ।)
15 ਯਹੋਯਾਦਾ ਦਾ ਬਿਰਤਾਂਤ ਪਰਮੇਸ਼ੁਰ ਦਾ ਡਰ ਪੈਦਾ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ। ਨਿਗਾਹਬਾਨ ਖ਼ਬਰਦਾਰ ਰਹਿ ਕੇ ਅਤੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀਆਂ ਭੇਡਾਂ ਦੀ ਹਿਫਾਜ਼ਤ ਕਰ ਕੇ ਯਹੋਯਾਦਾ ਦੀ ਰੀਸ ਕਰ ਸਕਦੇ ਹਨ। (ਰਸੂ. 20:28) ਸਿਆਣੀ ਉਮਰ ਦੇ ਭੈਣ-ਭਰਾ ਯਹੋਯਾਦਾ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਨ। ਜਦੋਂ ਉਹ ਯਹੋਵਾਹ ਦਾ ਡਰ ਰੱਖਦੇ ਹਨ ਅਤੇ ਉਸ ਦੇ ਵਫ਼ਾਦਾਰ ਰਹਿੰਦੇ ਹਨ, ਤਾਂ ਯਹੋਵਾਹ ਉਨ੍ਹਾਂ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਵਰਤ ਸਕਦਾ ਹੈ। ਪਰਮੇਸ਼ੁਰ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦਾ। ਨਾਲੇ ਨੌਜਵਾਨ ਇਸ ਗੱਲ ਵੱਲ ਧਿਆਨ ਦੇ ਸਕਦੇ ਹਨ ਕਿ ਯਹੋਵਾਹ ਯਹੋਯਾਦਾ ਨਾਲ ਕਿਵੇਂ ਪੇਸ਼ ਆਇਆ। ਯਹੋਵਾਹ ਦੀ ਰੀਸ ਕਰਦਿਆਂ ਨੌਜਵਾਨ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦਾ ਆਦਰ ਕਰ ਸਕਦੇ ਹਨ, ਖ਼ਾਸ ਕਰਕੇ ਉਨ੍ਹਾਂ ਦਾ ਜੋ ਬਹੁਤ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। (ਕਹਾ. 16:31) ਅਸੀਂ ਸਾਰੇ ਮੁਖੀਆਂ ਅਤੇ ਲੇਵੀਆਂ ਤੋਂ ਸਿੱਖ ਸਕਦੇ ਹਾਂ ਜਿਨ੍ਹਾਂ ਨੇ ਯਹੋਯਾਦਾ ਦਾ ਸਾਥ ਦਿੱਤਾ ਸੀ। ਆਓ ਆਪਾਂ ਸਾਰੇ ਜਣੇ ‘ਅਗਵਾਈ ਕਰਨ ਵਾਲਿਆਂ’ ਦਾ ਕਹਿਣਾ ਮੰਨ ਕੇ ਵਫ਼ਾਦਾਰੀ ਨਾਲ ਉਨ੍ਹਾਂ ਦਾ ਸਾਥ ਦੇਈਏ।—ਇਬ. 13:17.
ਰਾਜਾ ਯਹੋਆਸ਼ ਵਰਗੇ ਨਾ ਬਣੋ
16. ਰਾਜਾ ਯਹੋਆਸ਼ ਨੇ ਕਿਵੇਂ ਦਿਖਾਇਆ ਕਿ ਉਸ ਦੀ ਨਿਹਚਾ ਕਮਜ਼ੋਰ ਹੋ ਗਈ ਸੀ?
16 ਰਾਜਾ ਯਹੋਆਸ਼ ʼਤੇ ਯਹੋਯਾਦਾ ਦਾ ਚੰਗਾ ਅਸਰ ਪਿਆ ਸੀ। (2 ਰਾਜ. 12:2) ਇਸ ਦਾ ਕੀ ਨਤੀਜਾ ਨਿਕਲਿਆ? ਜਦੋਂ ਰਾਜਾ ਛੋਟੀ ਉਮਰ ਦਾ ਸੀ, ਤਾਂ ਉਹ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਪਰ ਯਹੋਯਾਦਾ ਦੀ ਮੌਤ ਤੋਂ ਬਾਅਦ ਯਹੋਆਸ਼ ਧਰਮ-ਤਿਆਗੀ ਹਾਕਮਾਂ ਦੀ ਗੱਲ ਸੁਣਨ ਲੱਗ ਪਿਆ। ਇਸ ਦਾ ਕੀ ਨਤੀਜਾ ਨਿਕਲਿਆ? ਉਹ ਅਤੇ ਉਸ ਦੀ ਪਰਜਾ “ਪੂਜਾ-ਖੰਭਿਆਂ ਅਤੇ ਮੂਰਤਾਂ ਦੀ ਭਗਤੀ ਕਰਨ” ਲੱਗ ਪਈ। (2 ਇਤਿ. 24:4, 17, 18) ਭਾਵੇਂ ਕਿ ਇਸ ਕਰਕੇ ਯਹੋਵਾਹ ਬਹੁਤ ਦੁਖੀ ਹੋਇਆ, ਫਿਰ ਵੀ “ਯਹੋਵਾਹ ਉਨ੍ਹਾਂ ਕੋਲ ਨਬੀਆਂ ਨੂੰ ਘੱਲਦਾ ਰਿਹਾ ਤਾਂਕਿ ਉਹ ਉਨ੍ਹਾਂ ਨੂੰ ਆਪਣੇ ਕੋਲ ਮੋੜ ਲਿਆਵੇ . . . , ਪਰ ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ।” ਉਨ੍ਹਾਂ ਨੇ ਯਹੋਯਾਦਾ ਦੇ ਪੁੱਤਰ ਜ਼ਕਰਯਾਹ ਦੀ ਵੀ ਨਾ ਸੁਣੀ। ਜ਼ਕਰਯਾਹ ਨਾ ਸਿਰਫ਼ ਯਹੋਵਾਹ ਦਾ ਨਬੀ ਅਤੇ ਪੁਜਾਰੀ ਸੀ, ਸਗੋਂ ਉਹ ਰਾਜਾ ਯਹੋਆਸ਼ ਦੀ ਭੂਆ ਦਾ ਮੁੰਡਾ ਵੀ ਸੀ। ਅਸਲ ਵਿਚ, ਰਾਜਾ ਯਹੋਆਸ਼ ਨੂੰ ਉਸ ਦੇ ਪਰਿਵਾਰ ਦੇ ਅਹਿਸਾਨਮੰਦ ਹੋਣਾ ਚਾਹੀਦਾ ਸੀ, ਪਰ ਇੱਦਾਂ ਕਰਨ ਦੀ ਬਜਾਇ ਉਸ ਨੇ ਜ਼ਕਰਯਾਹ ਨੂੰ ਮਰਵਾ ਦਿੱਤਾ।—2 ਇਤਿ. 22:11; 24:19-22.
17. ਯਹੋਆਸ਼ ਨੂੰ ਕਿਹੜੇ ਬੁਰੇ ਅੰਜਾਮ ਭੁਗਤਣੇ ਪਏ?
17 ਯਹੋਆਸ਼ ਨੇ ਆਪਣੇ ਮਨ ਵਿਚ ਯਹੋਵਾਹ ਦਾ ਡਰ ਬਣਾਈ ਨਹੀਂ ਰੱਖਿਆ। ਇਸ ਕਰਕੇ ਉਸ ਨੂੰ ਬਹੁਤ ਬੁਰੇ ਅੰਜਾਮ ਭੁਗਤਣੇ ਪਏ। ਯਹੋਵਾਹ ਨੇ ਕਿਹਾ ਸੀ: “ਜੋ ਮੈਨੂੰ ਤੁੱਛ ਸਮਝਦੇ ਹਨ, ਉਨ੍ਹਾਂ ਨਾਲ ਨਫ਼ਰਤ ਕੀਤੀ ਜਾਵੇਗੀ।” (1 ਸਮੂ. ) ਯਹੋਆਸ਼ ਨਾਲ ਇਸੇ ਤਰ੍ਹਾਂ ਹੀ ਹੋਇਆ। ਇਕ ਛੋਟੀ ਜਿਹੀ ਸੀਰੀਆਈ ਫ਼ੌਜ ਨੇ ਯਹੋਆਸ਼ ਦੀ “ਬਹੁਤ ਵੱਡੀ ਫ਼ੌਜ” ਨੂੰ ਹਰਾ ਦਿੱਤਾ ਅਤੇ ਉਸ ਨੂੰ “ਬੁਰੀ ਤਰ੍ਹਾਂ ਜ਼ਖ਼ਮੀ” ਕਰ ਦਿੱਤਾ। ਸੀਰੀਆਈ ਫ਼ੌਜ ਦੇ ਚਲੇ ਜਾਣ ਤੋਂ ਬਾਅਦ ਯਹੋਆਸ਼ ਦੇ ਆਪਣੇ ਹੀ ਸੇਵਕਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਸ ਨੇ ਜ਼ਕਰਯਾਹ ਨੂੰ ਮਰਵਾਇਆ ਸੀ। ਲੋਕਾਂ ਨੇ ਸੋਚਿਆ ਕਿ ਇਹ ਰਾਜਾ ਬਹੁਤ ਦੁਸ਼ਟ ਸੀ ਜਿਸ ਕਰਕੇ ਉਨ੍ਹਾਂ ਨੇ ਇਸ ਨੂੰ “ਰਾਜਿਆਂ ਦੀਆਂ ਕਬਰਾਂ ਵਿਚ ਨਹੀਂ ਦਫ਼ਨਾਇਆ।”— 2:302 ਇਤਿ. 24:23-25; ਮੱਤੀ 23:35; ਹਿੰਦੀ ਦੀ ਅਧਿਐਨ ਬਾਈਬਲ ਵਿਚ ਇਸ ਆਇਤ ਨਾਲ ਸਟੱਡੀ ਨੋਟ ਦੇਖੋ, “ਬਰਕਯਾਹ ਦੇ ਪੁੱਤਰ।”
18. ਯਿਰਮਿਯਾਹ 17:7, 8 ਅਨੁਸਾਰ ਅਸੀਂ ਯਹੋਆਸ਼ ਵਰਗੇ ਬਣਨ ਤੋਂ ਕਿਵੇਂ ਬਚ ਸਕਦੇ ਹਾਂ?
18 ਅਸੀਂ ਯਹੋਆਸ਼ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਉਹ ਡੰਡੇ ਦੇ ਸਹਾਰੇ ਖੜ੍ਹੇ ਉਸ ਦਰਖ਼ਤ ਵਰਗਾ ਸੀ ਜਿਸ ਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਹਨ। ਤੇਜ਼ ਹਵਾ ਵਗਣ ʼਤੇ ਇੱਦਾਂ ਦਾ ਦਰਖ਼ਤ ਡਿਗ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਯਹੋਆਸ਼ ਦਾ ਸਹਾਰਾ ਯਾਨੀ ਯਹੋਯਾਦਾ ਦੀ ਮੌਤ ਹੋ ਗਈ ਅਤੇ ਧਰਮ-ਤਿਆਗੀਆਂ ਦੀ ਹਵਾ ਵਗੀ, ਤਾਂ ਉਹ ਡਿਗ ਗਿਆ ਯਾਨੀ ਉਹ ਯਹੋਵਾਹ ਦਾ ਵਫ਼ਾਦਾਰ ਨਹੀਂ ਰਿਹਾ। ਇਸ ਜ਼ਬਰਦਸਤ ਮਿਸਾਲ ਤੋਂ ਅਸੀਂ ਇਕ ਸਬਕ ਸਿੱਖ ਸਕਦੇ ਹਾਂ। ਸਾਨੂੰ ਸਿਰਫ਼ ਇਸ ਲਈ ਹੀ ਪਰਮੇਸ਼ੁਰ ਦਾ ਡਰ ਨਹੀਂ ਮੰਨਣਾ ਚਾਹੀਦਾ ਕਿ ਸਾਡੇ ਘਰਦੇ ਅਤੇ ਮੰਡਲੀ ਦੇ ਭੈਣ-ਭਰਾ ਇੱਦਾਂ ਕਰਦੇ ਹਨ। ਇਸ ਦੀ ਬਜਾਇ, ਸਾਨੂੰ ਖ਼ੁਦ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਬਣਾਈ ਰੱਖਣਾ ਚਾਹੀਦਾ ਹੈ ਅਤੇ ਉਸ ਦਾ ਡਰ ਰੱਖਣਾ ਚਾਹੀਦਾ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਬਾਕਾਇਦਾ ਅਧਿਐਨ ਕਰ ਕੇ, ਸੋਚ-ਵਿਚਾਰ ਕਰ ਕੇ ਅਤੇ ਪ੍ਰਾਰਥਨਾ ਕਰ ਕੇ।—ਯਿਰਮਿਯਾਹ 17:7, 8 ਪੜ੍ਹੋ; ਕੁਲੁ. 2:6, 7.
19. ਯਹੋਵਾਹ ਸਾਡੇ ਤੋਂ ਕੀ ਮੰਗ ਕਰਦਾ ਹੈ?
19 ਯਹੋਵਾਹ ਸਾਡੇ ਤੋਂ ਬਹੁਤ ਜ਼ਿਆਦਾ ਦੀ ਮੰਗ ਨਹੀਂ ਕਰਦਾ। ਉਹ ਸਾਡੇ ਤੋਂ ਜੋ ਮੰਗਦਾ ਹੈ, ਉਸ ਬਾਰੇ ਉਪਦੇਸ਼ਕ ਦੀ ਕਿਤਾਬ 12:13 ਵਿਚ ਲਿਖਿਆ ਹੈ: “ਸੱਚੇ ਪਰਮੇਸ਼ੁਰ ਦਾ ਡਰ ਰੱਖ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰ ਕਿਉਂਕਿ ਇਨਸਾਨ ਦਾ ਇਹੀ ਫ਼ਰਜ਼ ਹੈ।” ਪਰਮੇਸ਼ੁਰ ਦਾ ਡਰ ਰੱਖਣ ਕਰਕੇ ਅਸੀਂ ਵੀ ਓਬਦਯਾਹ ਅਤੇ ਯਹੋਯਾਦਾ ਵਾਂਗ ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਡਟ ਕੇ ਸਾਮ੍ਹਣਾ ਕਰ ਸਕਾਂਗੇ। ਨਾਲੇ ਅਸੀਂ ਕਿਸੇ ਵੀ ਚੀਜ਼ ਨੂੰ ਯਹੋਵਾਹ ਨਾਲ ਆਪਣੀ ਦੋਸਤੀ ਤੋੜਨ ਨਹੀਂ ਦੇਵਾਂਗੇ।
ਗੀਤ 3 ਯਹੋਵਾਹ ਸਾਡਾ ਸਹਾਰਾ, ਉਮੀਦ ਤੇ ਭਰੋਸਾ
a ਬਾਈਬਲ ਵਿਚ “ਡਰ” ਸ਼ਬਦ ਕਈ ਵਾਰ ਵਰਤਿਆ ਗਿਆ ਹੈ। ਕਈ ਜਗ੍ਹਾ ਇਸ ਦਾ ਮਤਲਬ ਹੈ, ਕਿਸੇ ਦਾ ਖ਼ੌਫ਼ ਖਾਣਾ, ਕਿਸੇ ਦਾ ਆਦਰ ਕਰਨਾ ਜਾਂ ਕਿਸੇ ਲਈ ਸ਼ਰਧਾ ਹੋਣੀ। ਇਹ ਲੇਖ ਸਾਡੀ ਅਜਿਹਾ ਡਰ ਪੈਦਾ ਕਰਨ ਵਿਚ ਮਦਦ ਕਰੇਗਾ ਜਿਸ ਕਰਕੇ ਅਸੀਂ ਦਲੇਰੀ ਅਤੇ ਵਫ਼ਾਦਾਰੀ ਨਾਲ ਆਪਣੇ ਸਵਰਗੀ ਪਿਤਾ ਦੀ ਸੇਵਾ ਕਰ ਸਕਾਂਗੇ।
b ਇਹ ਓਬਦਯਾਹ ਨਬੀ ਓਬਦਯਾਹ ਨਹੀਂ ਹੈ ਜਿਸ ਨੇ ਬਾਈਬਲ ਵਿਚ ਓਬਦਯਾਹ ਨਾਂ ਦੀ ਕਿਤਾਬ ਲਿਖੀ ਹੈ। ਇਹ ਨਬੀ ਤਾਂ ਸਦੀਆਂ ਬਾਅਦ ਪੈਦਾ ਹੋਇਆ ਸੀ।
c ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਉਸ ਇਲਾਕੇ ਵਿਚ ਪ੍ਰਕਾਸ਼ਨ ਪਹੁੰਚਾਉਂਦਾ ਹੋਇਆ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ।
d ਤਸਵੀਰਾਂ ਬਾਰੇ ਜਾਣਕਾਰੀ: ਇਕ ਨੌਜਵਾਨ ਭੈਣ ਇਕ ਸਿਆਣੀ ਉਮਰ ਦੀ ਭੈਣ ਤੋਂ ਫ਼ੋਨ ਰਾਹੀਂ ਗਵਾਹੀ ਦੇਣੀ ਸਿੱਖਦੀ ਹੋਈ; ਇਕ ਸਿਆਣੀ ਉਮਰ ਦਾ ਭਰਾ ਦਲੇਰੀ ਨਾਲ ਜਨਤਕ ਥਾਵਾਂ ʼਤੇ ਗਵਾਹੀ ਦਿੰਦਾ ਹੋਇਆ; ਇਕ ਤਜਰਬੇਕਾਰ ਭਰਾ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਨ ਬਾਰੇ ਸਿਖਲਾਈ ਦਿੰਦਾ ਹੋਇਆ।