ਸ਼ਬਦਾਂ ਦੀ ਸਮਝ
ਕੀ ਤੁਸੀਂ ਨਿਹਚਾ ਕਰਦੇ ਹੋ?
ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਨਿਹਚਾ ਦੀ ਲੋੜ ਹੈ। ਪਰ ਪੌਲੁਸ ਰਸੂਲ ਨੇ ਕਿਹਾ ਸੀ ਕਿ “ਸਾਰੇ ਲੋਕ ਨਿਹਚਾ ਨਹੀਂ ਕਰਦੇ।” (2 ਥੱਸ. 3:2) ਉਸ ਨੇ ਇਹ ਗੱਲ ਉਨ੍ਹਾਂ “ਖ਼ਤਰਨਾਕ ਅਤੇ ਦੁਸ਼ਟ ਇਨਸਾਨਾਂ” ਬਾਰੇ ਕਹੀ ਸੀ ਜੋ ਉਸ ʼਤੇ ਅਤਿਆਚਾਰ ਕਰ ਰਹੇ ਸਨ। ਪਰ ਅਜਿਹੇ ਹੋਰ ਵੀ ਲੋਕ ਹਨ ਜੋ ਨਿਹਚਾ ਨਹੀਂ ਕਰਦੇ। ਜਿਵੇਂ, ਕੁਝ ਲੋਕ ਪਰਮੇਸ਼ੁਰ ਨੂੰ ਨਹੀਂ ਮੰਨਦੇ ਜਦ ਕਿ ਇਸ ਦੇ ਸਾਫ਼-ਸਾਫ਼ ਸਬੂਤ ਦੇਖੇ ਜਾ ਸਕਦੇ ਹਨ ਕਿ ਕੋਈ ਹੈ ਜਿਸ ਨੇ ਸਾਰਾ ਕੁਝ ਬਣਾਇਆ ਹੈ। (ਰੋਮੀ. 1:20) ਦੂਜੇ ਪਾਸੇ, ਕੁਝ ਲੋਕ ਮੰਨਦੇ ਹਨ ਕਿ ਇਕ ਸ਼ਕਤੀ ਜਾਂ ਈਸ਼ਵਰ ਹੈ। ਪਰ ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਿਰਫ਼ ਇੰਨਾ ਮੰਨਣਾ ਹੀ ਕਾਫ਼ੀ ਨਹੀਂ ਹੈ।
ਸਾਨੂੰ ਇਸ ਗੱਲ ʼਤੇ ਯਕੀਨ ਹੋਣਾ ਚਾਹੀਦਾ ਹੈ ਕਿ ਯਹੋਵਾਹ ਸੱਚ-ਮੁੱਚ ਹੈ ਅਤੇ ਉਹ ਪੱਕੀ ਨਿਹਚਾ ਰੱਖਣ ਵਾਲਿਆਂ ਨੂੰ “ਇਨਾਮ ਦਿੰਦਾ ਹੈ।” (ਇਬ. 11:6) ਨਿਹਚਾ ਪਵਿੱਤਰ ਸ਼ਕਤੀ ਦਾ ਇਕ ਫਲ ਹੈ। ਅਸੀਂ ਪਵਿੱਤਰ ਸ਼ਕਤੀ ਦੀ ਮਦਦ ਨਾਲ ਆਪਣੀ ਨਿਹਚਾ ਵਧਾ ਸਕਦੇ ਹਾਂ। ਇਸ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਪਵਿੱਤਰ ਸ਼ਕਤੀ ਮੰਗੋ। (ਲੂਕਾ 11:9, 10, 13) ਬਾਈਬਲ ਪੜ੍ਹ ਕੇ ਵੀ ਸਾਨੂੰ ਪਵਿੱਤਰ ਸ਼ਕਤੀ ਮਿਲ ਸਕਦੀ ਹੈ ਕਿਉਂਕਿ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਹੀ ਬਾਈਬਲ ਲਿਖਾਈ ਹੈ। ਫਿਰ ਪੜ੍ਹੀਆਂ ਗੱਲਾਂ ʼਤੇ ਸੋਚ-ਵਿਚਾਰ ਕਰੋ ਅਤੇ ਉਨ੍ਹਾਂ ʼਤੇ ਚੱਲਣ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਦੀ ਪਵਿੱਤਰ ਸ਼ਕਤੀ ਨੂੰ ਆਪਣੀਆਂ ਜ਼ਿੰਦਗੀਆਂ ʼਤੇ ਅਸਰ ਪਾਉਣ ਦੇਵਾਂਗੇ। ਨਾਲੇ ਇਸ ਤੋਂ ਪਤਾ ਲੱਗੇਗਾ ਕਿ ਸਾਡੇ ਵਿਚ ਉਹ ਨਿਹਚਾ ਹੈ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ।