Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੁਝ ਲੋਕ ਸ਼ਾਇਦ ਕਿਉਂ ਕਹਿੰਦੇ ਹਨ ਕਿ ਜ਼ਬੂਰ 12:7 ਵਿਚ “ਉਨ੍ਹਾਂ” ਸ਼ਬਦ “ਯਹੋਵਾਹ ਦੀਆਂ ਗੱਲਾਂ” (ਆਇਤ 6) ਨੂੰ ਦਰਸਾਉਂਦਾ ਹੈ ਜਦ ਕਿ ਨਵੀਂ ਦੁਨੀਆਂ ਅਨੁਵਾਦ ਵਿਚ ਇਹ ਸ਼ਬਦ “ਦੁਖੀਆਂ” (ਆਇਤ 5) ਨੂੰ ਦਰਸਾਉਂਦਾ ਹੈ?

ਅਗਲੀਆਂ-ਪਿਛਲੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਜ਼ਬੂਰ 12:7 ਵਿਚ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ।

ਜ਼ਬੂਰ 12:1-4 ਵਿਚ ਅਸੀਂ ਪੜ੍ਹਦੇ ਹਾਂ ਕਿ “ਵਫ਼ਾਦਾਰ ਲੋਕ ਦੁਨੀਆਂ ਵਿੱਚੋਂ ਖ਼ਤਮ ਹੋ ਚੁੱਕੇ ਹਨ।” ਹੁਣ ਜ਼ਰਾ ਧਿਆਨ ਦਿਓ ਕਿ ਜ਼ਬੂਰ 12:5-7 ਵਿਚ ਕੀ ਕਿਹਾ ਗਿਆ ਹੈ:

“‘ਦੁਖੀਆਂ ਨੂੰ ਸਤਾਇਆ ਜਾਂਦਾ ਹੈ,

ਗ਼ਰੀਬ ਹਉਕੇ ਭਰਦੇ ਹਨ,

ਇਸ ਲਈ ਮੈਂ ਕਾਰਵਾਈ ਕਰਨ ਲਈ ਉੱਠਾਂਗਾ,’ ਯਹੋਵਾਹ ਕਹਿੰਦਾ ਹੈ

‘ਮੈਂ ਉਨ੍ਹਾਂ ਨੂੰ ਅਜਿਹੇ ਲੋਕਾਂ ਤੋਂ ਬਚਾਵਾਂਗਾ ਜੋ ਉਨ੍ਹਾਂ ਨੂੰ ਤੁੱਛ ਸਮਝਦੇ ਹਨ।’

ਯਹੋਵਾਹ ਦੀਆਂ ਗੱਲਾਂ ਸ਼ੁੱਧ ਹਨ;

ਇਹ ਉਸ ਚਾਂਦੀ ਵਾਂਗ ਹਨ ਜਿਸ ਨੂੰ ਭੱਠੀ ਵਿਚ ਤਾਇਆ ਗਿਆ ਹੈ ਅਤੇ ਸੱਤ ਵਾਰ ਨਿਖਾਰ ਕੇ ਸ਼ੁੱਧ ਕੀਤਾ ਗਿਆ ਹੈ।

ਹੇ ਯਹੋਵਾਹ, ਤੂੰ ਉਨ੍ਹਾਂ ਦੀ ਹਿਫਾਜ਼ਤ ਕਰੇਂਗਾ;

ਤੂੰ ਉਨ੍ਹਾਂ ਵਿੱਚੋਂ ਹਰੇਕ ਨੂੰ ਇਸ ਪੀੜ੍ਹੀ ਤੋਂ ਸਦਾ ਬਚਾ ਕੇ ਰੱਖੇਂਗਾ।”

ਆਇਤ 5 ਦੱਸਦੀ ਹੈ ਕਿ ਪਰਮੇਸ਼ੁਰ “ਦੁਖੀਆਂ” ਲਈ ਕੀ ਕਰੇਗਾ। ਉਹ ਉਨ੍ਹਾਂ ਨੂੰ ਬਚਾਵੇਗਾ।

ਆਇਤ 6 ਵਿਚ ਲਿਖਿਆ ਹੈ ਕਿ ‘ਯਹੋਵਾਹ ਦੀਆਂ ਗੱਲਾਂ ਸ਼ੁੱਧ ਹਨ; ਇਹ ਉਸ ਚਾਂਦੀ ਵਾਂਗ ਹਨ ਜਿਸ ਨੂੰ ਤਾਇਆ ਗਿਆ ਹੈ।’ ਇਸ ਗੱਲ ਨਾਲ ਪਰਮੇਸ਼ੁਰ ਦੇ ਸਾਰੇ ਸੇਵਕ ਪੂਰੀ ਤਰ੍ਹਾਂ ਸਹਿਮਤ ਹਨ। ​—ਜ਼ਬੂ. 18:30; 119:140.

ਹੁਣ ਜ਼ਰਾ ਜ਼ਬੂਰ 12:7 ʼਤੇ ਗੌਰ ਕਰੋ: “ਹੇ ਯਹੋਵਾਹ, ਤੂੰ ਉਨ੍ਹਾਂ ਦੀ ਹਿਫਾਜ਼ਤ ਕਰੇਂਗਾ; ਤੂੰ ਉਨ੍ਹਾਂ ਵਿੱਚੋਂ ਹਰੇਕ ਨੂੰ ਇਸ ਪੀੜ੍ਹੀ ਤੋਂ ਸਦਾ ਬਚਾ ਕੇ ਰੱਖੇਂਗਾ।” ਇਸ ਆਇਤ ਵਿਚ “ਉਨ੍ਹਾਂ” ਸ਼ਬਦ ਕਿਨ੍ਹਾਂ ਨੂੰ ਦਰਸਾਉਂਦਾ ਹੈ?

ਇਸ ਆਇਤ ਤੋਂ ਪਹਿਲਾਂ ਆਇਤ 6 ਵਿਚ “ਯਹੋਵਾਹ ਦੀਆਂ ਗੱਲਾਂ” ਬਾਰੇ ਗੱਲ ਕੀਤੀ ਗਈ ਹੈ, ਇਸ ਕਰਕੇ ਕਈ ਜਣੇ ਸ਼ਾਇਦ ਸੋਚਦੇ ਹਨ ਕਿ “ਉਨ੍ਹਾਂ” ਸ਼ਬਦ ਪਰਮੇਸ਼ੁਰ ਦੀਆਂ ਗੱਲਾਂ ਨੂੰ ਦਰਸਾਉਂਦਾ ਹੈ। ਨਾਲੇ ਅਸੀਂ ਜਾਣਦੇ ਹਾਂ ਕਿ ਵਿਰੋਧੀਆਂ ਨੇ ਬਾਈਬਲ ʼਤੇ ਪਾਬੰਦੀ ਲਾਉਣ ਅਤੇ ਇਸ ਨੂੰ ਨਾਸ਼ ਕਰਨ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ, ਪਰ ਪਰਮੇਸ਼ੁਰ ਨੇ ਬਾਈਬਲ ਦੀ ਹਿਫਾਜ਼ਤ ਕੀਤੀ ਹੈ।​—ਯਸਾ. 40:8; 1 ਪਤ. 1:25.

ਪਰ ਇਹ ਵੀ ਸੱਚ ਹੈ ਕਿ ਯਹੋਵਾਹ ਲੋਕਾਂ ਦੀ ਵੀ ਹਿਫਾਜ਼ਤ ਕਰਦਾ ਹੈ ਜਿੱਦਾਂ ਆਇਤ 5 ਵਿਚ ਦੱਸਿਆ ਗਿਆ ਹੈ, ਉਹ “ਦੁਖੀਆਂ” ਅਤੇ ‘ਸਤਾਏ ਹੋਇਆਂ’ ਨੂੰ ਬਚਾਉਂਦਾ ਹੈ।” ਨਾਲੇ ਉਹ ਉਨ੍ਹਾਂ ਨੂੰ ਅੱਗੇ ਵੀ ਬਚਾਉਂਦਾ ਰਹੇਗਾ।​—ਅੱਯੂ. 36:15; ਜ਼ਬੂ. 6:4; 31:1, 2; 54:7; 145:20.

ਇਸ ਲਈ ਸਵਾਲ ਖੜ੍ਹਾ ਹੁੰਦਾ ਹੈ ਕਿ ਆਇਤ 7 ਵਿਚ “ਉਨ੍ਹਾਂ” ਸ਼ਬਦ ਕਿਨ੍ਹਾਂ ਨੂੰ ਦਰਸਾਉਂਦਾ ਹੈ?

ਇਸ ਜ਼ਬੂਰ ʼਤੇ ਗੌਰ ਕਰਨ ʼਤੇ ਸਾਫ਼ ਪਤਾ ਲੱਗਦਾ ਹੈ ਕਿ ਇੱਥੇ ਲੋਕਾਂ ਦੀ ਗੱਲ ਕੀਤੀ ਜਾ ਰਹੀ ਹੈ।

ਜ਼ਬੂਰ 12 ਦੇ ਸ਼ੁਰੂ ਵਿਚ ਯਹੋਵਾਹ ਦੇ ‘ਵਫ਼ਾਦਾਰ ਲੋਕਾਂ’ ਬਾਰੇ ਗੱਲ ਕੀਤੀ ਗਈ ਹੈ ਜਿਨ੍ਹਾਂ ਨਾਲ ਦੁਸ਼ਟ ਲੋਕਾਂ ਨੇ ਝੂਠ ਬੋਲਿਆ ਹੈ। ਫਿਰ ਅੱਗੇ ਦੱਸਿਆ ਗਿਆ ਹੈ ਕਿ “ਯਹੋਵਾਹ ਚਾਪਲੂਸੀ ਕਰਨ ਵਾਲੇ ਬੁੱਲ੍ਹਾਂ ਨੂੰ ਵੱਢ ਦੇਵੇਗਾ।” ਇਸ ਤੋਂ ਬਾਅਦ ਸਾਨੂੰ ਯਕੀਨ ਦਿਵਾਇਆ ਗਿਆ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਖ਼ਾਤਰ ਕਦਮ ਚੁੱਕੇਗਾ ਕਿਉਂਕਿ ਉਸ ਦੀਆਂ ਗੱਲਾਂ ਸ਼ੁੱਧ ਹਨ।

ਆਇਤ 7 ਵਿਚ ਕਿਹਾ ਗਿਆ ਹੈ ਕਿ ਯਹੋਵਾਹ “ਉਨ੍ਹਾਂ” ਦੀ ਹਿਫਾਜ਼ਤ ਕਰੇਗਾ ਯਾਨੀ ਦੁਖੀ ਲੋਕਾਂ ਦੀ ਜਿਨ੍ਹਾਂ ਨੂੰ ਦੁਸ਼ਟ ਲੋਕ ਸਤਾਉਂਦੇ ਹਨ।

ਇਬਰਾਨੀ ਮਸੋਰਾ ਲਿਖਤਾਂ ਵਿਚ ਆਇਤ 7 ਵਿਚ “ਉਨ੍ਹਾਂ” ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਨਾਲੇ ਯੂਨਾਨੀ ਸੈਪਟੁਜਿੰਟ ਵਿਚ “ਸਾਨੂੰ” ਸ਼ਬਦ ਦੋ ਵਾਰ ਵਰਤਿਆ ਗਿਆ ਹੈ। ਇਸ ਲਈ ਇਹ ਜ਼ਰੂਰ ਵਫ਼ਾਦਾਰ ਸੇਵਕਾਂ ਨੂੰ ਦਰਸਾਉਂਦਾ ਹੈ ਜੋ ਦੁਖੀ ਤੇ ਸਤਾਏ ਹੋਏ ਹਨ। ਅਖ਼ੀਰ, ਆਇਤ 7 ਵਿਚ ਕਿਹਾ ਗਿਆ ਹੈ ਕਿ ਵਫ਼ਾਦਾਰ ਸੇਵਕਾਂ ਵਿੱਚੋਂ ‘ਹਰੇਕ ਨੂੰ ਇਸ ਪੀੜ੍ਹੀ ਤੋਂ ਸਦਾ ਬਚਾ ਕੇ ਰੱਖਿਆ ਜਾਵੇਗਾ’ ਯਾਨੀ ਉਨ੍ਹਾਂ ਆਦਮੀਆਂ ਤੋਂ ਜੋ ਬੁਰਾਈ ਦਾ ਝੰਡਾ ਲਹਿਰਾਉਂਦੇ ਹਨ। (ਜ਼ਬੂ. 12:7, 8) ਇਸ ਤੋਂ ਇਲਾਵਾ, ਇਬਰਾਨੀ ਲਿਖਤਾਂ ਦੇ ਇਕ ਅਰਾਮੀ ਅਨੁਵਾਦ ਵਿਚ ਆਇਤ 7 ਵਿਚ ਲਿਖਿਆ ਹੈ: “ਤੂੰ, ਹੇ ਪ੍ਰਭੂ ਧਰਮੀਆਂ ਨੂੰ ਬਚਾਵੇਂਗਾ, ਤੂੰ ਹਮੇਸ਼ਾ ਇਸ ਦੁਸ਼ਟ ਪੀੜ੍ਹੀ ਤੋਂ ਉਨ੍ਹਾਂ ਦੀ ਹਿਫਾਜ਼ਤ ਕਰੇਂਗਾ।” ਇਸ ਤੋਂ ਵੀ ਸਬੂਤ ਮਿਲਦਾ ਹੈ ਕਿ ਜ਼ਬੂਰ 12:7 ਵਿਚ ਦਰਜ ਸ਼ਬਦ ਪਰਮੇਸ਼ੁਰ ਦੀਆਂ ਗੱਲਾਂ ਨੂੰ ਨਹੀਂ, ਸਗੋਂ ਲੋਕਾਂ ਨੂੰ ਦਰਸਾਉਂਦੇ ਹਨ।

ਇਸ ਕਰਕੇ ਇਸ ਆਇਤ ਤੋਂ ‘ਵਫ਼ਾਦਾਰ ਲੋਕਾਂ’ ਨੂੰ ਉਮੀਦ ਮਿਲਦੀ ਹੈ ਕਿ ਪਰਮੇਸ਼ੁਰ ਉਨ੍ਹਾਂ ਦੀ ਖ਼ਾਤਰ ਜ਼ਰੂਰ ਕਦਮ ਚੁੱਕੇਗਾ।