Skip to content

Skip to table of contents

ਜੀਵਨੀ

ਯਹੋਵਾਹ ਨੇ ਮੇਰੀਆਂ ਪ੍ਰਾਰਥਨਾਵਾਂ ਵੱਲ ਧਿਆਨ ਦਿੱਤਾ

ਯਹੋਵਾਹ ਨੇ ਮੇਰੀਆਂ ਪ੍ਰਾਰਥਨਾਵਾਂ ਵੱਲ ਧਿਆਨ ਦਿੱਤਾ

ਜਦੋਂ ਮੈਂ 10 ਸਾਲਾਂ ਦਾ ਸੀ, ਤਾਂ ਮੈਂ ਇਕ ਰਾਤ ਆਸਮਾਨ ਵਿਚ ਟਿਮਟਿਮਾਉਂਦੇ ਤਾਰਿਆਂ ਨੂੰ ਦੇਖ ਰਿਹਾ ਸੀ। ਉਸ ਰਾਤ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਫਿਰ ਮੈਂ ਗੋਡਿਆਂ ਭਾਰ ਬੈਠ ਕੇ ਯਹੋਵਾਹ ਨੂੰ ਪਹਿਲੀ ਵਾਰ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਮੈਂ ਦਿਲ ਖੋਲ੍ਹ ਕੇ ਯਹੋਵਾਹ ਨਾਲ ਗੱਲ ਕੀਤੀ ਅਤੇ ਉਸ ਨੂੰ ਆਪਣੀਆਂ ਚਿੰਤਾਵਾਂ ਬਾਰੇ ਦੱਸਿਆ। ਉਦੋਂ ਤੋਂ ਮੈਂ “ਪ੍ਰਾਰਥਨਾ ਦੇ ਸੁਣਨ ਵਾਲੇ” ਪਰਮੇਸ਼ੁਰ ਯਹੋਵਾਹ ਦੇ ਨੇੜੇ ਆਉਣ ਲੱਗਾ। (ਜ਼ਬੂ. 65:2) ਪਰ ਮੈਂ ਤਾਂ ਹੁਣੇ-ਹੁਣੇ ਯਹੋਵਾਹ ਬਾਰੇ ਸਿੱਖਣਾ ਸ਼ੁਰੂ ਕੀਤਾ ਸੀ, ਫਿਰ ਮੈਂ ਕਿਉਂ ਉਸ ਨੂੰ ਪ੍ਰਾਰਥਨਾ ਕੀਤੀ? ਆਓ ਮੈਂ ਤੁਹਾਨੂੰ ਆਪਣੀ ਕਹਾਣੀ ਸੁਣਾਉਂਦਾ ਹਾਂ।

ਇਕ ਮੁਲਾਕਾਤ ਜਿਸ ਨਾਲ ਸਾਡੀ ਜ਼ਿੰਦਗੀ ਬਦਲ ਗਈ

ਮੇਰਾ ਜਨਮ 22 ਦਸੰਬਰ 1929 ਨੂੰ ਬੈਲਜੀਅਮ ਦੇ ਬਾਸਟੋਨ ਸ਼ਹਿਰ ਦੇ ਨੋਵੇਲ ਪਿੰਡ ਵਿਚ ਹੋਇਆ ਸੀ। ਇਹ ਪਿੰਡ ਆਰਡੇਨ ਨਾਂ ਦੇ ਸੰਘਣੇ ਜੰਗਲ ਦੇ ਨੇੜੇ ਸੀ। ਮੇਰਾ ਪਿੰਡ ਇੰਨਾ ਛੋਟਾ ਸੀ ਕਿ ਇਸ ਵਿਚ ਸਿਰਫ਼ ਨੌਂ ਖੇਤ ਸਨ। ਮੇਰਾ ਬਚਪਨ ਬਹੁਤ ਵਧੀਆ ਸੀ। ਮੈਂ ਤੇ ਮੇਰਾ ਛੋਟਾ ਭਰਾ ਰੇਮੰਡ ਹਰ ਰੋਜ਼ ਆਪਣੀਆਂ ਗਾਵਾਂ ਦਾ ਦੁੱਧ ਚੋਂਦੇ ਸੀ ਅਤੇ ਵਾਢੀ ਵੇਲੇ ਖੇਤਾਂ ਵਿਚ ਆਪਣੇ ਮਾਪਿਆਂ ਦੀ ਮਦਦ ਕਰਦੇ ਸੀ। ਸਾਡੇ ਪਿੰਡ ਦੇ ਲੋਕਾਂ ਵਿਚ ਬਹੁਤ ਏਕਾ ਸੀ ਅਤੇ ਹਰ ਕੋਈ ਇਕ-ਦੂਜੇ ਦੀ ਮਦਦ ਕਰਦਾ ਸੀ।

ਆਪਣੇ ਪਰਿਵਾਰ ਨਾਲ ਖੇਤ ਵਿਚ ਕੰਮ ਕਰਦੇ ਹੋਏ

ਮੇਰੇ ਡੈਡੀ ਏਮਿਲ ਅਤੇ ਮੇਰੇ ਮੰਮੀ ਐਲਿਸ ਪੱਕੇ ਕੈਥੋਲਿਕ ਸਨ। ਉਹ ਹਰ ਐਤਵਾਰ ਚਰਚ ਜਾਂਦੇ ਸਨ। ਲਗਭਗ 1939 ਵਿਚ ਇੰਗਲੈਂਡ ਤੋਂ ਕੁਝ ਪਾਇਨੀਅਰ ਸਾਡੇ ਪਿੰਡ ਆਏ। ਉਨ੍ਹਾਂ ਨੇ ਮੇਰੇ ਡੈਡੀ ਨੂੰ ਕੌਂਸੋਲੇਸ਼ਨ (ਹੁਣ ਜਾਗਰੂਕ ਬਣੋ!) ਰਸਾਲਾ ਦਿੱਤਾ ਅਤੇ ਕਿਹਾ ਕਿ ਉਹ ਇਸ ਰਸਾਲੇ ਨੂੰ ਮੰਗਵਾ ਸਕਦੇ ਹਨ। ਜਿੱਦਾਂ ਹੀ ਮੇਰੇ ਡੈਡੀ ਨੇ ਇਹ ਰਸਾਲਾ ਪੜ੍ਹਿਆ, ਉਹ ਸਮਝ ਗਏ ਕਿ ਇਸ ਵਿਚ ਲਿਖੀਆਂ ਗੱਲਾਂ ਸੱਚ ਹਨ। ਉਦੋਂ ਤੋਂ ਉਹ ਬਾਈਬਲ ਪੜ੍ਹਨ ਲੱਗ ਪਏ। ਜਦੋਂ ਮੇਰੇ ਡੈਡੀ ਨੇ ਚਰਚ ਜਾਣਾ ਬੰਦ ਕਰ ਦਿੱਤਾ, ਤਾਂ ਸਾਡੇ ਗੁਆਂਢੀ ਸਾਡੇ ਕੱਟੜ ਵਿਰੋਧੀ ਬਣ ਗਏ ਜੋ ਹੁਣ ਤਕ ਸਾਡੇ ਚੰਗੇ ਦੋਸਤ ਸਨ। ਉਨ੍ਹਾਂ ਨੇ ਮੇਰੇ ਡੈਡੀ ʼਤੇ ਕੈਥੋਲਿਕ ਧਰਮ ਨਾ ਛੱਡਣ ਦਾ ਬੜਾ ਦਬਾਅ ਪਾਇਆ। ਇਸ ਕਰਕੇ ਕਈ ਵਾਰ ਉਨ੍ਹਾਂ ਵਿਚ ਗਰਮਾ-ਗਰਮ ਬਹਿਸ ਵੀ ਹੋਈ।

ਮੇਰੇ ਤੋਂ ਮੇਰੇ ਡੈਡੀ ਦੀ ਪਰੇਸ਼ਾਨੀ ਦੇਖੀ ਨਹੀਂ ਜਾ ਰਹੀ ਸੀ। ਇਸ ਲਈ ਮੈਂ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕੀਤੀ, ਜਿਵੇਂ ਕਿ ਮੈਂ ਇਸ ਲੇਖ ਦੇ ਸ਼ੁਰੂ ਵਿਚ ਦੱਸਿਆ ਸੀ। ਫਿਰ ਜਦੋਂ ਗੁਆਂਢੀਆਂ ਨੇ ਹੌਲੀ-ਹੌਲੀ ਸਾਡਾ ਵਿਰੋਧ ਕਰਨਾ ਛੱਡ ਦਿੱਤਾ, ਤਾਂ ਮੈਂ ਬਹੁਤ ਖ਼ੁਸ਼ ਹੋਇਆ। ਮੈਨੂੰ ਯਕੀਨ ਹੋ ਗਿਆ ਕਿ ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਪਰਮੇਸ਼ੁਰ ਹੈ!

ਦੂਜੇ ਵਿਸ਼ਵ ਯੁੱਧ ਦੌਰਾਨ ਜ਼ਿੰਦਗੀ

10 ਮਈ 1940 ਨੂੰ ਨਾਜ਼ੀ ਜਰਮਨੀ ਦੀ ਫ਼ੌਜ ਨੇ ਬੈਲਜੀਅਮ ʼਤੇ ਹਮਲਾ ਕਰ ਦਿੱਤਾ। ਨਤੀਜੇ ਵਜੋਂ, ਬਹੁਤ ਸਾਰੇ ਲੋਕ ਆਪਣੇ ਦੇਸ਼ ਤੋਂ ਭੱਜ ਗਏ। ਅਸੀਂ ਵੀ ਦੱਖਣੀ ਫਰਾਂਸ ਨੂੰ ਭੱਜ ਗਏ। ਰਾਹ ਵਿਚ ਸਾਨੂੰ ਇੱਦਾਂ ਦੀਆਂ ਕਈ ਥਾਵਾਂ ਤੋਂ ਲੰਘਣਾ ਪਿਆ ਜਿੱਥੇ ਜਰਮਨੀ ਅਤੇ ਫਰਾਂਸ ਦੀਆਂ ਫ਼ੌਜਾਂ ਵਿਚਾਲੇ ਘਮਸਾਣ ਯੁੱਧ ਚੱਲ ਰਿਹਾ ਸੀ।

ਬਾਅਦ ਵਿਚ ਜਦੋਂ ਅਸੀਂ ਘਰ ਵਾਪਸ ਆਏ, ਤਾਂ ਸਾਡਾ ਸਭ ਕੁਝ ਲੁੱਟਿਆ ਜਾ ਚੁੱਕਾ ਸੀ, ਸਿਰਫ਼ ਸਾਡਾ ਕੁੱਤਾ ਬੌਬੀ ਬਚਿਆ ਸੀ। ਉਦੋਂ ਤੋਂ ਮੈਂ ਸੋਚਣ ਲੱਗ ਪਿਆ, ‘ਯੁੱਧ ਕਿਉਂ ਹੁੰਦੇ ਹਨ? ਇੰਨੀਆਂ ਦੁੱਖ-ਤਕਲੀਫ਼ਾਂ ਕਿਉਂ ਹਨ?’

ਨੌਜਵਾਨ ਹੁੰਦਿਆਂ ਮੈਂ ਯਹੋਵਾਹ ਦੇ ਨੇੜੇ ਆਉਣ ਲੱਗ ਪਿਆ

ਇਸ ਸਮੇਂ ਦੌਰਾਨ ਭਰਾ ਏਮਿਲ ਸ਼੍ਰਾਂਟਜ਼ a ਨੇ ਸਾਨੂੰ ਬਹੁਤ ਹੌਸਲਾ ਦਿੱਤਾ। ਉਹ ਇਕ ਵਫ਼ਾਦਾਰ ਪਾਇਨੀਅਰ ਅਤੇ ਬਜ਼ੁਰਗ ਸੀ। ਉਸ ਨੇ ਬਾਈਬਲ ਤੋਂ ਸਾਫ਼-ਸਾਫ਼ ਸਮਝਾਇਆ ਕਿ ਅੱਜ ਇੰਨੀਆਂ ਦੁੱਖ-ਤਕਲੀਫ਼ਾਂ ਕਿਉਂ ਹਨ। ਉਸ ਨੇ ਮੇਰੇ ਹੋਰ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਨਾਲ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਯਹੋਵਾਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। ਉਦੋਂ ਤੋਂ ਮੈਂ ਯਹੋਵਾਹ ਦੇ ਹੋਰ ਨੇੜੇ ਆਉਣ ਲੱਗਾ।

ਭਾਵੇਂ ਕਿ ਯੁੱਧ ਅਜੇ ਵੀ ਚੱਲ ਰਿਹਾ ਸੀ, ਫਿਰ ਵੀ ਸਾਡਾ ਪਰਿਵਾਰ ਹੋਰ ਭੈਣਾਂ-ਭਰਾਵਾਂ ਨੂੰ ਮਿਲ ਪਾ ਰਿਹਾ ਸੀ। ਅਗਸਤ 1943 ਵਿਚ ਭਰਾ ਜੋਜ਼ਾ ਨਿਕੋਲਾ ਮੀਨਾ ਆਇਆ ਅਤੇ ਉਸ ਨੇ ਇਕ ਭਾਸ਼ਣ ਦਿੱਤਾ। ਉਸ ਨੇ ਪੁੱਛਿਆ: “ਕੌਣ-ਕੌਣ ਬਪਤਿਸਮਾ ਲੈਣਾ ਚਾਹੁੰਦਾ ਹੈ?” ਮੈਂ ਅਤੇ ਮੇਰੇ ਡੈਡੀ ਨੇ ਹੱਥ ਖੜ੍ਹਾ ਕਰ ਦਿੱਤਾ। ਘਰ ਦੇ ਨੇੜੇ ਇਕ ਛੋਟੀ ਜਿਹੀ ਨਦੀ ਵਿਚ ਸਾਡਾ ਬਪਤਿਸਮਾ ਹੋਇਆ ਸੀ।

ਦਸੰਬਰ 1944 ਵਿਚ ਜਰਮਨੀ ਫ਼ੌਜ ਨੇ ਆਪਣੇ ਪੱਛਮੀ ਮੋਰਚੇ ʼਤੇ ਆਖ਼ਰੀ ਵਾਰ ਦੁਸ਼ਮਣਾਂ ʼਤੇ ਇਕ ਵੱਡਾ ਹਮਲਾ ਕੀਤਾ। ਇਸ ਨੂੰ “ਬਲਜ ਦੀ ਲੜਾਈ” ਕਿਹਾ ਜਾਂਦਾ ਹੈ। ਇਹ ਲੜਾਈ ਸਾਡੇ ਘਰ ਦੇ ਨੇੜੇ ਹੋ ਰਹੀ ਸੀ। ਇਸ ਲਈ ਸਾਨੂੰ ਲਗਭਗ ਇਕ ਮਹੀਨੇ ਤਕ ਤਹਿਖਾਨੇ ਵਿਚ ਲੁਕ ਕੇ ਰਹਿਣਾ ਪਿਆ। ਇਕ ਦਿਨ ਜਦੋਂ ਮੈਂ ਜਾਨਵਰਾਂ ਨੂੰ ਚਾਰਾ ਪਾਉਣ ਲਈ ਬਾਹਰ ਗਿਆ, ਤਾਂ ਅਚਾਨਕ ਬੰਬ-ਧਮਾਕੇ ਹੋਣ ਲੱਗੇ। ਇਸ ਕਰਕੇ ਸਾਡੇ ਗੋਦਾਮ ਦੀ ਛੱਤ ਹੀ ਉੱਡ ਗਈ। ਤਬੇਲੇ ਦੇ ਨੇੜੇ ਇਕ ਅਮਰੀਕੀ ਫ਼ੌਜੀ ਸੀ, ਉਸ ਨੇ ਚਿਲਾ ਕੇ ਮੈਨੂੰ ਕਿਹਾ: “ਜ਼ਮੀਨ ʼਤੇ ਲੰਮਾ ਪੈ ਜਾ!” ਮੈਂ ਦੌੜ ਕੇ ਉਸ ਕੋਲ ਜਾ ਕੇ ਲੰਮਾ ਪੈ ਗਿਆ ਅਤੇ ਉਸ ਨੇ ਮੈਨੂੰ ਬਚਾਉਣ ਲਈ ਆਪਣਾ ਹੈਲਮਟ ਮੇਰੇ ਸਿਰ ʼਤੇ ਰੱਖ ਦਿੱਤਾ।

ਯਹੋਵਾਹ ਦੇ ਨੇੜੇ ਆਉਣ ਲਈ ਚੁੱਕੇ ਕਦਮ

ਸਾਡੇ ਵਿਆਹ ਵਾਲੇ ਦਿਨ

ਯੁੱਧ ਤੋਂ ਬਾਅਦ ਅਸੀਂ ਕਿਸੇ-ਨਾ-ਕਿਸੇ ਤਰੀਕੇ ਨਾਲ ਲੀਜ਼ ਸ਼ਹਿਰ ਦੀ ਇਕ ਮੰਡਲੀ ਦੇ ਭੈਣਾਂ-ਭਰਾਵਾਂ ਦੇ ਬਾਕਾਇਦਾ ਸੰਪਰਕ ਵਿਚ ਰਹੇ। ਇਹ ਸ਼ਹਿਰ ਸਾਡੇ ਤੋਂ ਲਗਭਗ 90 ਕਿਲੋਮੀਟਰ (56 ਮੀਲ) ਦੂਰ ਉੱਤਰ ਵੱਲ ਸੀ। ਕੁਝ ਸਮੇਂ ਬਾਅਦ ਬਾਸਟੋਨ ਵਿਚ ਇਕ ਛੋਟਾ ਜਿਹਾ ਬਾਈਬਲ ਸਟੱਡੀ ਗਰੁੱਪ ਸ਼ੁਰੂ ਕੀਤਾ ਗਿਆ। ਇਸ ਦੌਰਾਨ ਮੈਂ ਟੈਕਸ ਵਿਭਾਗ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਕਾਨੂੰਨ ਦੀ ਪੜ੍ਹਾਈ ਕਰਨ ਦਾ ਮੌਕਾ ਮਿਲਿਆ। ਬਾਅਦ ਵਿਚ ਮੈਨੂੰ ਇਕ ਸਰਕਾਰੀ ਦਫ਼ਤਰ ਵਿਚ ਨੌਕਰੀ ਮਿਲ ਗਈ। 1951 ਵਿਚ ਬਾਸਟੋਨ ਵਿਚ ਇਕ ਛੋਟਾ ਜਿਹਾ ਸੰਮੇਲਨ ਰੱਖਿਆ ਗਿਆ ਜਿਸ ਵਿਚ ਲਗਭਗ ਸੌ ਲੋਕ ਹਾਜ਼ਰ ਹੋਏ। ਇਸ ਸੰਮੇਲਨ ਵਿਚ ਮੇਰੀ ਮੁਲਾਕਾਤ ਇਕ ਜੋਸ਼ੀਲੀ ਪਾਇਨੀਅਰ ਭੈਣ ਏਲੀ ਰੌਏਟਰ ਨਾਲ ਹੋਈ। ਉਹ 50 ਕਿਲੋਮੀਟਰ (31 ਮੀਲ) ਦੂਰੋਂ ਸਾਈਕਲ ਚਲਾ ਕੇ ਸੰਮੇਲਨ ʼਤੇ ਆਈ ਸੀ। ਸਾਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਅਤੇ ਅਸੀਂ ਮੰਗਣੀ ਕਰ ਲਈ। ਉਸੇ ਸਮੇਂ ਏਲੀ ਨੂੰ ਅਮਰੀਕਾ ਵਿਚ ਗਿਲਿਅਡ ਸਕੂਲ ਜਾਣ ਦਾ ਸੱਦਾ ਮਿਲਿਆ। ਉਸ ਨੇ ਮੁੱਖ ਦਫ਼ਤਰ ਨੂੰ ਚਿੱਠੀ ਲਿਖ ਕੇ ਸਮਝਾਇਆ ਕਿ ਉਹ ਕਿਉਂ ਇਸ ਸਕੂਲ ਵਿਚ ਹਾਜ਼ਰ ਨਹੀਂ ਹੋ ਸਕਦੀ ਸੀ। ਉਸ ਸਮੇਂ ਭਰਾ ਨੌਰ ਯਹੋਵਾਹ ਦੇ ਲੋਕਾਂ ਦੀ ਅਗਵਾਈ ਕਰ ਰਿਹਾ ਸੀ। ਉਸ ਨੇ ਪਿਆਰ ਨਾਲ ਚਿੱਠੀ ਦੇ ਜਵਾਬ ਵਿਚ ਲਿਖਿਆ, ‘ਸ਼ਾਇਦ ਤੂੰ ਇਕ ਦਿਨ ਆਪਣੇ ਪਤੀ ਨਾਲ ਸਕੂਲ ਵਿਚ ਹਾਜ਼ਰ ਹੋਵੇਂਗੀ।’ ਫਰਵਰੀ 1953 ਵਿਚ ਸਾਡਾ ਵਿਆਹ ਹੋ ਗਿਆ।

ਏਲੀ ਅਤੇ ਸਾਡਾ ਮੁੰਡਾ ਸਰਜ਼

ਉਸੇ ਸਾਲ ਮੈਂ ਅਤੇ ਏਲੀ “ਨਵਾਂ ਸੰਸਾਰ ਸਮਾਜ” ਨਾਂ ਦੇ ਸੰਮੇਲਨ ʼਤੇ ਹਾਜ਼ਰ ਹੋਏ ਜੋ ਨਿਊਯਾਰਕ ਦੇ ਯੈਂਕੀ ਸਟੇਡੀਅਮ ਵਿਚ ਰੱਖਿਆ ਗਿਆ ਸੀ। ਉੱਥੇ ਮੈਂ ਇਕ ਭਰਾ ਨੂੰ ਮਿਲਿਆ ਜਿਸ ਨੇ ਮੈਨੂੰ ਇਕ ਵਧੀਆ ਨੌਕਰੀ ਦੀ ਪੇਸ਼ਕਸ਼ ਕੀਤੀ। ਨਾਲੇ ਉਸ ਨੇ ਮੈਨੂੰ ਅਮਰੀਕਾ ਆ ਕੇ ਰਹਿਣ ਦਾ ਸੁਝਾਅ ਦਿੱਤਾ। ਇਸ ਬਾਰੇ ਅਸੀਂ ਬਹੁਤ ਪ੍ਰਾਰਥਨਾ ਕੀਤੀ। ਫਿਰ ਅਸੀਂ ਫ਼ੈਸਲਾ ਕੀਤਾ ਕਿ ਮੈਂ ਇਹ ਨੌਕਰੀ ਨਹੀਂ ਕਰਾਂਗਾ ਅਤੇ ਅਸੀਂ ਬੈਲਜੀਅਮ ਵਾਪਸ ਚਲੇ ਜਾਵਾਂਗੇ। ਉੱਥੇ ਅਸੀਂ ਬਾਸਟੋਨ ਦੇ ਇਕ ਛੋਟੇ ਜਿਹੇ ਗਰੁੱਪ ਦੀ ਮਦਦ ਕਰਾਂਗੇ ਜਿਸ ਵਿਚ ਲਗਭਗ 10 ਪ੍ਰਚਾਰਕ ਸਨ। ਅਗਲੇ ਸਾਲ ਸਾਡੇ ਮੁੰਡਾ ਹੋਇਆ। ਅਸੀਂ ਉਸ ਦਾ ਨਾਂ ਸਰਜ਼ ਰੱਖਿਆ। ਪਰ ਅਫ਼ਸੋਸ ਦੀ ਗੱਲ ਹੈ ਕਿ ਸੱਤ ਮਹੀਨੇ ਬਾਅਦ ਉਹ ਬੀਮਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਅਸੀਂ ਜਿਸ ਗਮ ਤੋਂ ਗੁਜ਼ਰ ਰਹੇ ਸੀ, ਉਸ ਬਾਰੇ ਅਸੀਂ ਯਹੋਵਾਹ ਨੂੰ ਦੱਸਿਆ। ਅਸੀਂ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ʼਤੇ ਵੀ ਸੋਚ-ਵਿਚਾਰ ਕੀਤਾ। ਇਸ ਕਰਕੇ ਅਸੀਂ ਇਸ ਦੁੱਖ ਦੀ ਘੜੀ ਵਿੱਚੋਂ ਨਿਕਲ ਪਾਏ।

ਪੂਰੇ ਸਮੇਂ ਦੀ ਸੇਵਾ

ਅਕਤੂਬਰ 1961 ਵਿਚ ਮੈਨੂੰ ਇਕ ਅਜਿਹੀ ਨੌਕਰੀ ਮਿਲੀ ਜਿਸ ਕਰਕੇ ਮੈਂ ਕੰਮ ਕਰਨ ਦੇ ਨਾਲ-ਨਾਲ ਪਾਇਨੀਅਰਿੰਗ ਵੀ ਕਰ ਸਕਦਾ ਸੀ। ਉਸੇ ਦਿਨ ਬੈਲਜੀਅਮ ਦੇ ਬ੍ਰਾਂਚ ਆਫ਼ਿਸ ਤੋਂ ਮੈਨੂੰ ਫ਼ੋਨ ਆਇਆ। ਉਨ੍ਹਾਂ ਨੇ ਮੈਨੂੰ ਪੁੱਛਿਆ, ‘ਕੀ ਤੁਸੀਂ ਸਰਕਟ ਓਵਰਸੀਅਰ ਵਜੋਂ ਸੇਵਾ ਕਰਨ ਲਈ ਤਿਆਰ ਹੋ?’ ਮੈਂ ਕਿਹਾ: “ਸਰਕਟ ਓਵਰਸੀਅਰ ਵਜੋਂ ਸੇਵਾ ਕਰਨ ਤੋਂ ਪਹਿਲਾਂ ਕੀ ਅਸੀਂ ਕੁਝ ਸਮੇਂ ਲਈ ਪਾਇਨੀਅਰ ਸੇਵਾ ਕਰ ਸਕਦੇ ਹਾਂ?” ਉਨ੍ਹਾਂ ਨੇ ਮੇਰੀ ਗੱਲ ਮੰਨ ਲਈ। ਅਸੀਂ ਅੱਠਾਂ ਮਹੀਨਿਆਂ ਤਕ ਪਾਇਨੀਅਰਿੰਗ ਕੀਤੀ ਅਤੇ ਸਤੰਬਰ 1962 ਤੋਂ ਸਰਕਟ ਦਾ ਕੰਮ ਸ਼ੁਰੂ ਕਰ ਦਿੱਤਾ।

ਦੋ ਸਾਲ ਸਰਕਟ ਕੰਮ ਕਰਨ ਤੋਂ ਬਾਅਦ ਸਾਨੂੰ ਬੈਲਜੀਅਮ ਦੇ ਬੈਥਲ ਵਿਚ ਬੁਲਾਇਆ ਗਿਆ। ਇਹ ਬੈਲਜੀਅਮ ਦੀ ਰਾਜਧਾਨੀ ਬ੍ਰਸਲਜ਼ ਵਿਚ ਸੀ। ਅਕਤੂਬਰ 1964 ਵਿਚ ਅਸੀਂ ਉੱਥੇ ਸੇਵਾ ਕਰਨੀ ਸ਼ੁਰੂ ਕੀਤੀ। ਇਸ ਨਵੀਂ ਜ਼ਿੰਮੇਵਾਰੀ ਕਰਕੇ ਸਾਨੂੰ ਬੇਸ਼ੁਮਾਰ ਬਰਕਤਾਂ ਮਿਲੀਆਂ। 1965 ਵਿਚ ਭਰਾ ਨੌਰ ਨੇ ਸਾਡੇ ਬੈਥਲ ਦਾ ਦੌਰਾ ਕੀਤਾ। ਉਨ੍ਹਾਂ ਨੇ ਮੈਨੂੰ ਬ੍ਰਾਂਚ ਸੇਵਕ ਵਜੋਂ ਨਿਯੁਕਤ ਕੀਤਾ। ਮੈਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਇੱਦਾਂ ਦਾ ਕੁਝ ਹੋਣ ਵਾਲਾ ਹੈ। ਬਾਅਦ ਵਿਚ ਮੈਨੂੰ ਅਤੇ ਏਲੀ ਨੂੰ ਗਿਲਿਅਡ ਸਕੂਲ ਦੀ 41ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਭਰਾ ਨੌਰ ਨੇ 13 ਸਾਲ ਪਹਿਲਾਂ ਜੋ ਗੱਲ ਕਹੀ ਸੀ, ਉਹ ਸੱਚ ਸਾਬਤ ਹੋ ਗਈ। ਸਕੂਲ ਤੋਂ ਬਾਅਦ ਸਾਨੂੰ ਵਾਪਸ ਬੈਲਜੀਅਮ ਬੈਥਲ ਵਿਚ ਭੇਜ ਦਿੱਤਾ ਗਿਆ।

ਆਪਣੇ ਕਾਨੂੰਨੀ ਹੱਕਾਂ ਲਈ ਲੜਨਾ

ਮੈਂ ਜੋ ਕਾਨੂੰਨ ਦੀ ਪੜ੍ਹਾਈ ਕੀਤੀ ਸੀ, ਉਹ ਅੱਗੇ ਜਾ ਕੇ ਫ਼ਾਇਦੇਮੰਦ ਸਾਬਤ ਹੋਈ। ਮੈਂ ਯੂਰਪ ਅਤੇ ਹੋਰ ਥਾਵਾਂ ʼਤੇ ਯਹੋਵਾਹ ਦੇ ਗਵਾਹਾਂ ਦੇ ਭਗਤੀ ਕਰਨ ਦੇ ਹੱਕ ਦੀ ਲੜਾਈ ਵਿਚ ਮਦਦ ਕਰ ਸਕਿਆ। (ਫ਼ਿਲਿ. 1:7) ਮੈਂ ਅਜਿਹੇ 55 ਤੋਂ ਜ਼ਿਆਦਾ ਦੇਸ਼ਾਂ ਦੇ ਅਧਿਕਾਰੀਆਂ ਨੂੰ ਮਿਲ ਸਕਿਆ ਜਿੱਥੇ ਸਾਡੇ ਕੰਮ ʼਤੇ ਜਾਂ ਤਾਂ ਕੁਝ ਪਾਬੰਦੀਆਂ ਲੱਗੀਆਂ ਸਨ ਜਾਂ ਪੂਰੀ ਤਰ੍ਹਾਂ ਰੋਕ ਲੱਗੀ ਹੋਈ ਸੀ। ਪਰ ਉਨ੍ਹਾਂ ਨੂੰ ਮਿਲਦੇ ਵੇਲੇ ਮੈਂ ਕਦੇ ਵੀ ਉਨ੍ਹਾਂ ਨੂੰ ਆਪਣੀ ਪੜ੍ਹਾਈ ਬਾਰੇ ਨਹੀਂ ਦੱਸਦਾ ਸੀ, ਸਗੋਂ ਉਨ੍ਹਾਂ ਨੂੰ ਕਹਿੰਦਾ ਸੀ ਕਿ ਮੈਂ ਪਰਮੇਸ਼ੁਰ ਦਾ ਇਕ ਸੇਵਕ ਹਾਂ। ਮੈਂ ਹਰ ਮਾਮਲੇ ਵਿਚ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਸੀ। ਮੈਂ ਜਾਣਦਾ ਸੀ ਕਿ “ਰਾਜੇ [ਜਾਂ ਜੱਜ] ਦਾ ਮਨ ਯਹੋਵਾਹ ਦੇ ਹੱਥ ਵਿਚ ਪਾਣੀ ਦੀਆਂ ਖਾਲ਼ਾਂ ਵਾਂਗ ਹੈ। ਉਹ ਇਸ ਨੂੰ ਜਿੱਧਰ ਚਾਹੇ ਮੋੜਦਾ ਹੈ।”​—ਕਹਾ. 21:1.

ਯਹੋਵਾਹ ਨੇ ਕਈ ਵਾਰ ਇੱਦਾਂ ਕੀਤਾ। ਇਕ ਤਜਰਬਾ ਮੈਨੂੰ ਅੱਜ ਤਕ ਯਾਦ ਹੈ। ਮੈਂ ਯੂਰਪੀ ਸੰਸਦ ਦੇ ਇਕ ਮੈਂਬਰ ਨੂੰ ਮਿਲਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਅਖ਼ੀਰ, ਉਹ ਮੈਨੂੰ ਮਿਲਣ ਲਈ ਤਿਆਰ ਹੋ ਗਿਆ। ਉਸ ਨੇ ਮੈਨੂੰ ਕਿਹਾ: “ਮੈਂ ਤੈਨੂੰ ਸਿਰਫ਼ ਪੰਜ ਮਿੰਟ ਦਿਆਂਗਾ, ਇਸ ਤੋਂ ਉੱਪਰ ਇਕ ਮਿੰਟ ਵੀ ਨਹੀਂ।” ਉਦੋਂ ਹੀ ਮੈਂ ਆਪਣਾ ਸਿਰ ਝੁਕਾ ਕੇ ਪ੍ਰਾਰਥਨਾ ਕਰਨ ਲੱਗ ਪਿਆ। ਇਹ ਦੇਖ ਕੇ ਉਹ ਥੋੜ੍ਹਾ ਘਬਰਾ ਗਿਆ ਅਤੇ ਉਸ ਨੇ ਮੈਨੂੰ ਪੁੱਛਿਆ, ‘ਇਹ ਤੂੰ ਕੀ ਕਰ ਰਿਹਾ ਹੈਂ?’ ਮੈਂ ਕਿਹਾ: “ਮੈਂ ਪਰਮੇਸ਼ੁਰ ਦਾ ਧੰਨਵਾਦ ਕਰ ਰਿਹਾਂ ਹਾਂ ਕਿਉਂਕਿ ਤੂੰ ਉਸ ਦਾ ਸੇਵਕ ਹੈਂ।” ਉਸ ਨੇ ਪੁੱਛਿਆ: “ਮਤਲਬ?” ਮੈਂ ਉਸ ਨੂੰ ਰੋਮੀਆਂ 13:4 ਦਿਖਾਇਆ। ਉਹ ਪ੍ਰੋਟੈਸਟੈਂਟ ਧਰਮ ਦਾ ਸੀ ਅਤੇ ਬਾਈਬਲ ਨੂੰ ਮੰਨਦਾ ਸੀ। ਇਸ ਲਈ ਉਸ ਨੇ ਅੱਧੇ ਘੰਟੇ ਤਕ ਮੇਰੇ ਨਾਲ ਗੱਲ ਕੀਤੀ। ਨਾਲੇ ਸਾਡੀ ਗੱਲਬਾਤ ਬਹੁਤ ਵਧੀਆ ਰਹੀ। ਉਸ ਨੇ ਇਹ ਵੀ ਕਿਹਾ ਕਿ ਉਹ ਯਹੋਵਾਹ ਦੇ ਗਵਾਹਾਂ ਦੇ ਕੰਮ ਦਾ ਆਦਰ ਕਰਦਾ ਹੈ।

ਕਈ ਸਾਲਾਂ ਤੋਂ ਯਹੋਵਾਹ ਦੇ ਲੋਕਾਂ ਨੇ ਯੂਰਪ ਵਿਚ ਕਈ ਮੁਕੱਦਮੇ ਲੜੇ ਹਨ, ਜਿਵੇਂ ਮਸੀਹੀ ਨਿਰਪੱਖਤਾ, ਬੱਚਿਆਂ ਦੀ ਕਸਟੱਡੀ (ਬੱਚੇ ਮਾਂ ਕੋਲ ਰਹਿਣਗੇ ਜਾਂ ਪਿਤਾ ਕੋਲ), ਟੈਕਸ ਭਰਨੇ ਅਤੇ ਹੋਰ ਮਾਮਲੇ। ਮੇਰੇ ਲਈ ਇਹ ਸਨਮਾਨ ਦੀ ਗੱਲ ਸੀ ਕਿ ਮੈਂ ਇਨ੍ਹਾਂ ਮੁਕੱਦਮਿਆਂ ਨੂੰ ਲੜਨ ਵਿਚ ਮਦਦ ਕਰ ਸਕਿਆ। ਮੈਂ ਆਪਣੀ ਅੱਖੀਂ ਦੇਖਿਆ ਕਿ ਯਹੋਵਾਹ ਨੇ ਸਾਨੂੰ ਕਿਵੇਂ ਜਿੱਤ ਦਿਵਾਈ। ਗਵਾਹਾਂ ਨੇ “ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ” ਵਿਚ 140 ਤੋਂ ਜ਼ਿਆਦਾ ਮੁਕੱਦਮੇ ਜਿੱਤੇ ਹਨ!

ਕਿਊਬਾ ਵਿਚ ਰਾਜ ਦਾ ਕੰਮ ਵਧਣ ਲੱਗਾ

ਬਾਅਦ ਵਿਚ ਮੈਨੂੰ ਮੁੱਖ ਦਫ਼ਤਰ ਦੇ ਇਕ ਭਰਾ ਫਿਲਿੱਪ ਬਰੱਮਲੀ ਅਤੇ ਇਟਲੀ ਦੇ ਇਕ ਭਰਾ ਵਾਲਟਰ ਫੋਰਨਾਟੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਕਿਊਬਾ ਵਿਚ ਸਾਡੇ ਕੰਮ ʼਤੇ ਕੁਝ ਪਾਬੰਦੀਆਂ ਸਨ। ਇਸ ਲਈ ਅਸੀਂ ਤਿੰਨਾਂ ਨੇ ਮਿਲ ਕੇ ਕਿਊਬਾ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂਕਿ ਉਹ ਖੁੱਲ੍ਹ ਕੇ ਯਹੋਵਾਹ ਦੀ ਭਗਤੀ ਕਰ ਸਕਣ। ਮੈਂ ਬੈਲਜੀਅਮ ਵਿਚ ਕਿਊਬਾ ਦੀ ਐਂਬੈਸੀ ਨੂੰ ਇਕ ਚਿੱਠੀ ਲਿਖੀ ਅਤੇ ਉੱਥੇ ਦੇ ਇਕ ਅਧਿਕਾਰੀ ਨੂੰ ਮਿਲਿਆ। ਪਰ ਕੋਈ ਕੰਮ ਨਹੀਂ ਬਣਿਆ। ਜਿਹੜੀਆਂ ਗ਼ਲਤਫ਼ਹਿਮੀਆਂ ਕਾਰਨ ਸਰਕਾਰ ਨੇ ਸਾਡੇ ਕੰਮ ʼਤੇ ਪਾਬੰਦੀਆਂ ਲਗਾਈਆਂ ਸਨ, ਉਨ੍ਹਾਂ ਨੂੰ ਦੂਰ ਨਹੀਂ ਕੀਤਾ ਜਾ ਸਕਿਆ।

ਕਿਊਬਾ ਵਿਚ ਭਰਾ ਫਿਲਿੱਪ ਬਰੱਮਲੀ ਅਤੇ ਭਰਾ ਵਾਲਟਰ ਫੋਰਨਾਟੀ ਨਾਲ

ਫਿਰ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਮਦਦ ਮੰਗੀ। ਅਸੀਂ ਕਿਊਬਾ ਸਰਕਾਰ ਨੂੰ ਇਹ ਗੁਜ਼ਾਰਸ਼ ਕੀਤੀ, ‘ਕੀ ਅਸੀਂ 5,000 ਬਾਈਬਲਾਂ ਭੇਜ ਸਕਦੇ ਹਾਂ?’ ਉਨ੍ਹਾਂ ਨੇ ਸਾਨੂੰ ਮਨਜ਼ੂਰੀ ਦੇ ਦਿੱਤੀ। ਜਦੋਂ ਬਾਈਬਲਾਂ ਭੈਣਾਂ-ਭਰਾਵਾਂ ਤਕ ਸੁਰੱਖਿਅਤ ਪਹੁੰਚੀਆਂ, ਤਾਂ ਅਸੀਂ ਸਮਝ ਗਏ ਕਿ ਯਹੋਵਾਹ ਨੇ ਸਾਡੀਆਂ ਕੋਸ਼ਿਸ਼ਾਂ ʼਤੇ ਬਰਕਤ ਪਾਈ ਹੈ। ਫਿਰ ਅਸੀਂ 27,500 ਹੋਰ ਬਾਈਬਲਾਂ ਭੇਜਣ ਦੀ ਗੁਜ਼ਾਰਸ਼ ਕੀਤੀ। ਸਾਨੂੰ ਇਸ ਦੀ ਵੀ ਮਨਜ਼ੂਰੀ ਮਿਲ ਗਈ। ਇਸ ਤਰ੍ਹਾਂ ਕਿਊਬਾ ਦੇ ਹਰ ਭੈਣ-ਭਰਾ ਤਕ ਬਾਈਬਲ ਪਹੁੰਚਾ ਕੇ ਮੈਨੂੰ ਬਹੁਤ ਖ਼ੁਸ਼ੀ ਮਿਲੀ।

ਆਪਣੇ ਭੈਣਾਂ-ਭਰਾਵਾਂ ਦੀ ਕਾਨੂੰਨੀ ਤੌਰ ʼਤੇ ਮਦਦ ਕਰਨ ਲਈ ਮੈਂ ਕਈ ਵਾਰ ਕਿਊਬਾ ਗਿਆ। ਇਸ ਸਮੇਂ ਦੌਰਾਨ ਉੱਥੇ ਦੇ ਬਹੁਤ ਸਾਰੇ ਅਧਿਕਾਰੀਆਂ ਨਾਲ ਮੇਰੀ ਚੰਗੀ ਜਾਣ-ਪਛਾਣ ਹੋ ਗਈ।

ਰਵਾਂਡਾ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨੀ

1994 ਵਿਚ ਰਵਾਂਡਾ ਦੇਸ਼ ਵਿਚ ਨਸਲੀ ਦੰਗੇ-ਫ਼ਸਾਦ ਹੋਏ। ਇਸ ਵਿਚ 10 ਲੱਖ ਤੋਂ ਜ਼ਿਆਦਾ ਟੂਟਸੀ ਲੋਕਾਂ ਦਾ ਕਤਲੇਆਮ ਕੀਤਾ ਗਿਆ। ਦੁੱਖ ਦੀ ਗੱਲ ਹੈ ਕਿ ਸਾਡੇ ਕੁਝ ਭੈਣ-ਭਰਾ ਵੀ ਮਾਰੇ ਗਏ। ਨਾਲੇ ਜਲਦੀ ਹੀ ਭਰਾਵਾਂ ਦੇ ਇਕ ਗਰੁੱਪ ਨੂੰ ਕਿਹਾ ਗਿਆ ਕਿ ਉਹ ਦੇਸ਼ ਦੇ ਸਾਰੇ ਭੈਣਾਂ-ਭਰਾਵਾਂ ਤਕ ਰਾਹਤ ਦਾ ਸਾਮਾਨ ਪਹੁੰਚਾਉਣ ਦਾ ਇੰਤਜ਼ਾਮ ਕਰਨ।

ਜਦੋਂ ਸਾਡਾ ਗਰੁੱਪ ਕਿਗਾਲੀ ਪਹੁੰਚਿਆ, ਤਾਂ ਅਸੀਂ ਦੇਖਿਆ ਕਿ ਅਨੁਵਾਦ ਦਫ਼ਤਰ ਅਤੇ ਪ੍ਰਕਾਸ਼ਨ ਰੱਖਣ ਦੇ ਗੋਦਾਮ ਦੀਆਂ ਕੰਧਾਂ ʼਤੇ ਗੋਲੀਆਂ ਦੇ ਬਹੁਤ ਸਾਰੇ ਨਿਸ਼ਾਨ ਸਨ। ਅਸੀਂ ਕਈ ਦਿਲ-ਦਹਿਲਾਉਣ ਵਾਲੀਆਂ ਕਹਾਣੀਆਂ ਸੁਣੀਆਂ ਕਿ ਕਿਵੇਂ ਸਾਡੇ ਭੈਣਾਂ-ਭਰਾਵਾਂ ਦਾ ਵੱਡੇ-ਵੱਡੇ ਚਾਕੂਆਂ ਨਾਲ ਕਤਲ ਕਰ ਦਿੱਤਾ ਗਿਆ। ਪਰ ਸਾਨੂੰ ਇਹ ਵੀ ਦੱਸਿਆ ਗਿਆ ਕਿ ਉੱਥੇ ਦੇ ਭੈਣਾਂ-ਭਰਾਵਾਂ ਨੇ ਕਿਵੇਂ ਪਿਆਰ ਜ਼ਾਹਰ ਕੀਤਾ। ਜਿਵੇਂ, ਅਸੀਂ ਇਕ ਟੂਟਸੀ ਭਰਾ ਨੂੰ ਮਿਲੇ ਜਿਸ ਨੂੰ ਇਕ ਹੁਟੂ ਪਰਿਵਾਰ ਨੇ 28 ਦਿਨਾਂ ਤਕ ਇਕ ਟੋਏ ਵਿਚ ਲੁਕਾ ਕੇ ਰੱਖਿਆ ਸੀ। ਕਿਗਾਲੀ ਵਿਚ ਇਕ ਸਭਾ ਦੌਰਾਨ ਅਸੀਂ 900 ਤੋਂ ਜ਼ਿਆਦਾ ਭੈਣਾਂ-ਭਰਾਵਾਂ ਨੂੰ ਬਾਈਬਲ ਤੋਂ ਹੌਸਲਾ ਦਿੱਤਾ।

ਖੱਬੇ: ਸਾਡੇ ਅਨੁਵਾਦ ਦਫ਼ਤਰ ਵਿਚ ਇਕ ਕਿਤਾਬ ਦੇ ਗੋਲੀ ਵੱਜੀ ਹੋਈ

ਸੱਜੇ: ਰਾਹਤ ਦੇ ਸਾਮਾਨ ਸੰਬੰਧੀ ਕੰਮ ਕਰਦੇ ਹੋਏ

ਫਿਰ ਅਸੀਂ ਸਰਹੱਦ ਪਾਰ ਕਰਕੇ ਜ਼ਾਇਰ ਦੇਸ਼ (ਕਾਂਗੋ ਲੋਕਤੰਤਰੀ ਗਣਰਾਜ) ਗਏ ਤਾਂਕਿ ਅਸੀਂ ਉੱਥੇ ਰਵਾਂਡਾ ਦੇ ਭੈਣਾਂ-ਭਰਾਵਾਂ ਨੂੰ ਲੱਭ ਸਕੀਏ। ਬਹੁਤ ਸਾਰੇ ਭੈਣ-ਭਰਾ ਗੋਮਾ ਸ਼ਹਿਰ ਦੇ ਨੇੜੇ ਸ਼ਰਨਾਰਥੀ ਕੈਂਪਾਂ ਵਿਚ ਭੱਜ ਗਏ ਸਨ। ਜਦੋਂ ਉਹ ਸਾਨੂੰ ਉੱਥੇ ਨਹੀਂ ਮਿਲੇ, ਤਾਂ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਮਦਦ ਮੰਗੀ। ਉਦੋਂ ਹੀ ਅਸੀਂ ਦੇਖਿਆ ਕਿ ਇਕ ਆਦਮੀ ਸਾਡੇ ਵੱਲ ਆ ਰਿਹਾ ਹੈ। ਅਸੀਂ ਉਸ ਨੂੰ ਪੁੱਛਿਆ, ‘ਕੀ ਤੂੰ ਯਹੋਵਾਹ ਦੇ ਕਿਸੇ ਗਵਾਹ ਨੂੰ ਜਾਣਦਾ ਹੈਂ?’ ਉਸ ਨੇ ਕਿਹਾ: “ਮੈਂ ਯਹੋਵਾਹ ਦਾ ਗਵਾਹ ਹਾਂ। ਮੈਂ ਤੁਹਾਨੂੰ ਰਾਹਤ ਕਮੇਟੀ ਕੋਲ ਲੈ ਜਾਵਾਂਗਾ।” ਪਹਿਲਾਂ ਅਸੀਂ ਰਾਹਤ ਕਮੇਟੀ ਨੂੰ ਅਤੇ ਫਿਰ ਲਗਭਗ 1,600 ਸ਼ਰਨਾਰਥੀਆਂ ਨੂੰ ਮਿਲੇ। ਅਸੀਂ ਉਨ੍ਹਾਂ ਸਾਰਿਆਂ ਨੂੰ ਹੌਸਲਾ ਦਿੱਤਾ। ਅਸੀਂ ਉਨ੍ਹਾਂ ਨੂੰ ਪ੍ਰਬੰਧਕ ਸਭਾ ਦੀ ਇਕ ਚਿੱਠੀ ਵੀ ਪੜ੍ਹ ਕੇ ਸੁਣਾਈ। ਇਸ ਚਿੱਠੀ ਵਿਚ ਲਿਖਿਆ ਸੀ ਕਿ ‘ਅਸੀਂ ਲਗਾਤਾਰ ਤੁਹਾਡੇ ਲਈ ਪ੍ਰਾਰਥਨਾ ਕਰ ਰਹੇ ਹਾਂ। ਸਾਨੂੰ ਯਕੀਨ ਹੈ ਕਿ ਯਹੋਵਾਹ ਤੁਹਾਨੂੰ ਇਕੱਲਾ ਨਹੀਂ ਛੱਡੇਗਾ।’ ਪ੍ਰਬੰਧਕ ਸਭਾ ਦੇ ਭਰਾਵਾਂ ਨੇ ਜੋ ਕਿਹਾ, ਉਹ ਬਿਲਕੁਲ ਸਹੀ ਸੀ। ਅੱਜ ਰਵਾਂਡਾ ਵਿਚ 30,000 ਤੋਂ ਵੀ ਜ਼ਿਆਦਾ ਗਵਾਹ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰ ਰਹੇ ਹਨ!

ਯਹੋਵਾਹ ਦਾ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ

2011 ਵਿਚ ਮੇਰੀ ਪਿਆਰੀ ਪਤਨੀ ਏਲੀ ਦੀ ਮੌਤ ਹੋ ਗਈ। ਅਸੀਂ ਲਗਭਗ 58 ਸਾਲ ਇਕੱਠੇ ਰਹੇ। ਇਸ ਦੁੱਖ ਦੀ ਘੜੀ ਵਿਚ ਮੈਂ ਯਹੋਵਾਹ ਨੂੰ ਬਹੁਤ ਪ੍ਰਾਰਥਨਾ ਕੀਤੀ ਅਤੇ ਉਸ ਨੇ ਮੈਨੂੰ ਦਿਲਾਸਾ ਦਿੱਤਾ। ਪ੍ਰਚਾਰ ਵਿਚ ਲੱਗੇ ਰਹਿਣ ਕਰਕੇ ਵੀ ਮੈਨੂੰ ਬਹੁਤ ਦਿਲਾਸਾ ਮਿਲਿਆ।

ਭਾਵੇਂ ਕਿ ਮੈਂ 90 ਤੋਂ ਜ਼ਿਆਦਾ ਸਾਲਾਂ ਦਾ ਹੋ ਗਿਆ ਹਾਂ, ਫਿਰ ਵੀ ਮੈਂ ਹਰ ਹਫ਼ਤੇ ਪ੍ਰਚਾਰ ʼਤੇ ਜਾਂਦਾ ਹਾਂ। ਮੈਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੈ ਕਿ ਮੈਂ ਬੈਲਜੀਅਮ ਬੈਥਲ ਦੇ ਕਾਨੂੰਨੀ ਵਿਭਾਗ ਦੀ ਵੀ ਮਦਦ ਕਰ ਰਿਹਾ ਹਾਂ, ਆਪਣੇ ਤਜਰਬੇ ਤੋਂ ਦੂਜਿਆਂ ਦੀ ਮਦਦ ਕਰ ਪਾ ਰਿਹਾ ਹਾਂ ਅਤੇ ਬੈਥਲ ਪਰਿਵਾਰ ਦੇ ਜਵਾਨ ਭੈਣਾਂ-ਭਰਾਵਾਂ ਨੂੰ ਹੌਸਲਾ ਦੇ ਪਾ ਰਿਹਾ ਹਾਂ।

ਅੱਜ ਤੋਂ ਲਗਭਗ 84 ਸਾਲ ਪਹਿਲਾਂ ਮੈਂ ਯਹੋਵਾਹ ਨੂੰ ਪਹਿਲੀ ਵਾਰ ਪ੍ਰਾਰਥਨਾ ਕੀਤੀ ਸੀ। ਉਦੋਂ ਤੋਂ ਮੈਂ ਉਸ ਦੇ ਨੇੜੇ ਆਉਂਦਾ ਗਿਆ ਅਤੇ ਉਸ ਨੇ ਮੈਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ। ਮੈਂ ਇਸ ਗੱਲ ਦਾ ਬਹੁਤ ਅਹਿਸਾਨਮੰਦ ਹਾਂ ਕਿ ਯਹੋਵਾਹ ਨੇ ਮੇਰੀ ਪੂਰੀ ਜ਼ਿੰਦਗੀ ਮੇਰੀਆਂ ਪ੍ਰਾਰਥਨਾਵਾਂ ਵੱਲ ਧਿਆਨ ਦਿੱਤਾ।​—ਜ਼ਬੂ. 66:19. b

a ਭਰਾ ਸ਼੍ਰਾਂਟਜ਼ ਦੀ ਜੀਵਨੀ 15 ਸਤੰਬਰ 1973 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 570-574 ʼਤੇ ਛਾਪੀ ਗਈ ਸੀ।

b ਇਸ ਲੇਖ ਦੀ ਤਿਆਰੀ ਕਰਦੇ ਵੇਲੇ ਭਰਾ ਮਾਰਸਲ ਜਿਲਾ ਦੀ ਮੌਤ 4 ਫਰਵਰੀ 2023 ਨੂੰ ਹੋ ਗਈ।