ਅਧਿਐਨ ਲੇਖ 23
ਗੀਤ 28 ਯਹੋਵਾਹ ਨਾਲ ਦੋਸਤੀ ਕਰੋ
ਯਹੋਵਾਹ ਵੱਲੋਂ ਮਹਿਮਾਨ ਬਣਨ ਦਾ ਸੱਦਾ
“ਮੇਰਾ ਤੰਬੂ ਉਨ੍ਹਾਂ ਦੇ ਵਿਚ ਹੋਵੇਗਾ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।”—ਹਿਜ਼. 37:27.
ਕੀ ਸਿੱਖਾਂਗੇ?
ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਬਣਨ ਦਾ ਕੀ ਮਤਲਬ ਹੈ ਅਤੇ ਇਹ ਸਾਡੇ ਲਈ ਇੰਨਾ ਵੱਡਾ ਸਨਮਾਨ ਕਿਉਂ ਹੈ। ਅਸੀਂ ਇਹ ਵੀ ਸਿੱਖਾਂਗੇ ਕਿ ਸਾਡਾ ਮੇਜ਼ਬਾਨ ਯਹੋਵਾਹ ਆਪਣੇ ਤੰਬੂ ਵਿਚ ਰਹਿਣ ਵਾਲਿਆਂ ਦਾ ਖ਼ਿਆਲ ਕਿਵੇਂ ਰੱਖਦਾ ਹੈ।
1-2. ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਿਹੜਾ ਸੱਦਾ ਦਿੰਦਾ ਹੈ?
ਜੇ ਕੋਈ ਤੁਹਾਨੂੰ ਪੁੱਛੇ, ‘ਕੀ ਯਹੋਵਾਹ ਤੁਹਾਡੇ ਲਈ ਕੌਣ ਹੈ, ਤਾਂ ਤੁਸੀਂ ਕੀ ਜਵਾਬ ਦਿਓਗੇ?’ ਸ਼ਾਇਦ ਤੁਸੀਂ ਜਵਾਬ ਦਿਓ, ‘ਯਹੋਵਾਹ ਮੇਰਾ ਪਿਤਾ, ਮੇਰਾ ਪਰਮੇਸ਼ੁਰ ਅਤੇ ਮੇਰਾ ਦੋਸਤ ਹੈ।’ ਸ਼ਾਇਦ ਤੁਸੀਂ ਯਹੋਵਾਹ ਨੂੰ ਕੋਈ ਹੋਰ ਖ਼ਿਤਾਬ ਵੀ ਦਿਓ। ਪਰ ਕੀ ਤੁਸੀਂ ਕਦੇ ਇੱਦਾਂ ਕਹੋਗੇ, ‘ਯਹੋਵਾਹ ਮੇਰਾ ਮੇਜ਼ਬਾਨ ਹੈ?’
2 ਰਾਜਾ ਦਾਊਦ ਨੇ ਯਹੋਵਾਹ ਦੀ ਤੁਲਨਾ ਇਕ ਮੇਜ਼ਬਾਨ ਨਾਲ ਅਤੇ ਉਸ ਦੇ ਵਫ਼ਾਦਾਰ ਸੇਵਕਾਂ ਦੀ ਤੁਲਨਾ ਮਹਿਮਾਨਾਂ ਨਾਲ ਕੀਤੀ। ਉਸ ਨੇ ਪੁੱਛਿਆ: “ਹੇ ਯਹੋਵਾਹ, ਕੌਣ ਤੇਰੇ ਤੰਬੂ ਵਿਚ ਮਹਿਮਾਨ ਬਣ ਕੇ ਰਹਿ ਸਕਦਾ? ਕੌਣ ਤੇਰੇ ਪਵਿੱਤਰ ਪਹਾੜ ʼਤੇ ਵੱਸ ਸਕਦਾ?” (ਜ਼ਬੂ. 15:1) ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੇ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਦੇ ਮਹਿਮਾਨ ਯਾਨੀ ਉਸ ਦੇ ਦੋਸਤ ਬਣ ਸਕਦੇ ਹਾਂ। ਕੀ ਇਹ ਯਹੋਵਾਹ ਵੱਲੋਂ ਇਕ ਬਹੁਤ ਵੱਡਾ ਸੱਦਾ ਨਹੀਂ ਹੈ?
ਯਹੋਵਾਹ ਸਾਨੂੰ ਆਪਣਾ ਮਹਿਮਾਨ ਬਣਾਉਣਾ ਚਾਹੁੰਦਾ ਹੈ
3. (ੳ) ਯਹੋਵਾਹ ਦਾ ਪਹਿਲਾ ਮਹਿਮਾਨ ਕੌਣ ਸੀ? (ਅ) ਯਹੋਵਾਹ ਅਤੇ ਉਸ ਦਾ ਮਹਿਮਾਨ ਇਕ-ਦੂਜੇ ਬਾਰੇ ਕਿਵੇਂ ਮਹਿਸੂਸ ਕਰਦੇ ਸਨ?
3 ਸਾਰਾ ਕੁਝ ਬਣਾਉਣ ਤੋਂ ਪਹਿਲਾਂ ਯਹੋਵਾਹ ਇਕੱਲਾ ਸੀ। ਫਿਰ ਉਸ ਨੇ ਆਪਣੇ ਜੇਠੇ ਪੁੱਤਰ ਨੂੰ ਬਣਾਇਆ। ਇੱਦਾਂ ਯਹੋਵਾਹ ਇਕ ਮੇਜ਼ਬਾਨ ਬਣਿਆ ਅਤੇ ਉਸ ਨੇ ਆਪਣੇ ਪੁੱਤਰ ਨੂੰ ਆਪਣੇ ਤੰਬੂ ਵਿਚ ਪਹਿਲਾ ਮਹਿਮਾਨ ਬਣਾਇਆ। ਇਸ ਤਰ੍ਹਾਂ ਕਰ ਕੇ ਉਸ ਨੂੰ ਬਹੁਤ ਖ਼ੁਸ਼ੀ ਮਿਲੀ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਪੁੱਤਰ ਤੋਂ ‘ਖ਼ਾਸ ਕਰਕੇ ਖ਼ੁਸ਼ ਹੁੰਦਾ ਸੀ।’ ਨਾਲੇ ਯਹੋਵਾਹ ਦਾ ਪੁੱਤਰ ਵੀ “ਉਸ ਅੱਗੇ ਹਰ ਵੇਲੇ ਆਨੰਦ” ਮਾਣਦਾ ਸੀ।—ਕਹਾ. 8:30.
4. ਯਹੋਵਾਹ ਨੇ ਹੋਰ ਕਿਨ੍ਹਾਂ ਨੂੰ ਆਪਣੇ ਮਹਿਮਾਨ ਬਣਨ ਦਾ ਸੱਦਾ ਦਿੱਤਾ?
4 ਫਿਰ ਯਹੋਵਾਹ ਨੇ ਦੂਤਾਂ ਨੂੰ ਬਣਾਇਆ ਅਤੇ ਉਨ੍ਹਾਂ ਨੂੰ ਵੀ ਮਹਿਮਾਨ ਬਣਨ ਦਾ ਸੱਦਾ ਦਿੱਤਾ। ਬਾਈਬਲ ਵਿਚ ਇਨ੍ਹਾਂ ਦੂਤਾਂ ਨੂੰ ‘ਪਰਮੇਸ਼ੁਰ ਦੇ ਪੁੱਤਰ’ ਕਿਹਾ ਗਿਆ ਹੈ। ਨਾਲੇ ਇਸ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਨਾਲ ਰਹਿ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ। (ਅੱਯੂ. 38:7; ਦਾਨੀ. 7:10) ਕਈ ਸਾਲਾਂ ਤਕ ਯਿਸੂ ਅਤੇ ਦੂਤ ਹੀ ਪਰਮੇਸ਼ੁਰ ਦੇ ਤੰਬੂ ਵਿਚ ਮਹਿਮਾਨ ਸਨ। ਬਾਅਦ ਵਿਚ ਪਰਮੇਸ਼ੁਰ ਨੇ ਇਨਸਾਨਾਂ ਨੂੰ ਬਣਾਇਆ ਅਤੇ ਉਨ੍ਹਾਂ ਨੂੰ ਵੀ ਆਪਣੇ ਤੰਬੂ ਵਿਚ ਮਹਿਮਾਨ ਬਣਨ ਦਾ ਸੱਦਾ ਦਿੱਤਾ। ਇਨ੍ਹਾਂ ਵਿੱਚੋਂ ਕੁਝ ਜਣੇ ਸਨ, ਹਨੋਕ, ਨੂਹ, ਅਬਰਾਹਾਮ ਅਤੇ ਅੱਯੂਬ। ਇਨ੍ਹਾਂ ਵਫ਼ਾਦਾਰ ਸੇਵਕਾਂ ਨੂੰ ਪਰਮੇਸ਼ੁਰ ਦੇ ਦੋਸਤ ਜਾਂ “ਪਰਮੇਸ਼ੁਰ ਦੇ ਨਾਲ-ਨਾਲ” ਚੱਲਣ ਵਾਲੇ ਕਿਹਾ ਗਿਆ ਹੈ।—ਉਤ. 5:24; 6:9; ਅੱਯੂ. 29:4; ਯਸਾ. 41:8.
5. ਹਿਜ਼ਕੀਏਲ 37:26, 27 ਵਿਚ ਦਰਜ ਭਵਿੱਖਬਾਣੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
5 ਯਹੋਵਾਹ ਸਦੀਆਂ ਤੋਂ ਆਪਣੇ ਦੋਸਤਾਂ ਨੂੰ ਆਪਣੇ ਮਹਿਮਾਨ ਬਣਨ ਦਾ ਸੱਦਾ ਦਿੰਦਾ ਆਇਆ ਹੈ। (ਹਿਜ਼ਕੀਏਲ 37:26, 27 ਪੜ੍ਹੋ।) ਉਦਾਹਰਣ ਲਈ, ਹਿਜ਼ਕੀਏਲ ਦੀ ਭਵਿੱਖਬਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਪਰਮੇਸ਼ੁਰ ਸੱਚ-ਮੁੱਚ ਚਾਹੁੰਦਾ ਹੈ ਕਿ ਉਸ ਦੇ ਵਫ਼ਾਦਾਰ ਸੇਵਕਾਂ ਦਾ ਉਸ ਨਾਲ ਕਰੀਬੀ ਰਿਸ਼ਤਾ ਹੋਵੇ। ਉਹ “ਉਨ੍ਹਾਂ ਨਾਲ ਸ਼ਾਂਤੀ ਦਾ ਇਕਰਾਰ” ਕਰਨ ਦਾ ਵਾਅਦਾ ਕਰਦਾ ਹੈ। ਇਹ ਭਵਿੱਖਬਾਣੀ ਉਸ ਸਮੇਂ ਬਾਰੇ ਕੀਤੀ ਗਈ ਸੀ ਜਦੋਂ ਸਵਰਗ ਜਾਣ ਦੀ ਉਮੀਦ ਰੱਖਣ ਵਾਲੇ ਅਤੇ ਧਰਤੀ ʼਤੇ ਰਹਿਣ ਦੀ ਉਮੀਦ ਰੱਖਣ ਵਾਲੇ ਸੇਵਕ ਪਰਮੇਸ਼ੁਰ ਦੇ ਤੰਬੂ ਵਿਚ ‘ਇਕ ਝੁੰਡ’ ਵਜੋਂ ਇਕੱਠੇ ਹੋਣਗੇ। (ਯੂਹੰ. 10:16) ਅੱਜ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ!
ਅਸੀਂ ਜਿੱਥੇ ਵੀ ਹੋਈਏ, ਪਰਮੇਸ਼ੁਰ ਸਾਡੀ ਦੇਖ-ਭਾਲ ਕਰਦਾ ਹੈ
6. (ੳ) ਇਕ ਵਿਅਕਤੀ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਕਿਵੇਂ ਬਣਦਾ ਹੈ? (ਅ) ਯਹੋਵਾਹ ਦਾ ਤੰਬੂ ਕਿੱਥੇ ਹੈ?
6 ਬਾਈਬਲ ਜ਼ਮਾਨੇ ਵਿਚ ਤੰਬੂ ਇਕ ਇਨਸਾਨ ਲਈ ਆਰਾਮ ਦੀ ਥਾਂ ਹੁੰਦਾ ਸੀ। ਨਾਲੇ ਇਸ ਵਿਚ ਖ਼ਰਾਬ ਮੌਸਮ ਤੋਂ ਉਸ ਦੀ ਹਿਫਾਜ਼ਤ ਹੁੰਦੀ ਸੀ। ਜਦੋਂ ਇਕ ਵਿਅਕਤੀ ਕਿਸੇ ਦੇ ਤੰਬੂ ਵਿਚ ਮਹਿਮਾਨ ਬਣ ਕੇ ਜਾਂਦਾ ਸੀ, ਤਾਂ ਉਹ ਉਮੀਦ ਕਰਦਾ ਸੀ ਕਿ ਉਸ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾਵੇ। ਜਦੋਂ ਅਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰਦੇ ਹਾਂ, ਤਾਂ ਅਸੀਂ ਉਸ ਦੇ ਤੰਬੂ ਵਿਚ ਮਹਿਮਾਨ ਬਣਦੇ ਹਾਂ। (ਜ਼ਬੂ. 61:4) ਯਹੋਵਾਹ ਨਾਲ ਆਪਣੀ ਦੋਸਤੀ ਬਣਾਈ ਰੱਖਣ ਕਰਕੇ ਸਾਨੂੰ ਉਸ ਬਾਰੇ ਭਰਪੂਰ ਗਿਆਨ ਮਿਲ ਰਿਹਾ ਹੈ। ਇਸ ਤੋਂ ਇਲਾਵਾ, ਉਸ ਦੇ ਹੋਰ ਮਹਿਮਾਨਾਂ ਨਾਲ ਸਾਡੀ ਦੋਸਤੀ ਗੂੜ੍ਹੀ ਹੁੰਦੀ ਹੈ। ਪਰ ਕੀ ਯਹੋਵਾਹ ਦਾ ਤੰਬੂ ਕਿਸੇ ਖ਼ਾਸ ਜਗ੍ਹਾ ʼਤੇ ਹੈ? ਨਹੀਂ, ਇੱਦਾਂ ਨਹੀਂ ਹੈ। ਜੇ ਤੁਸੀਂ ਕਦੇ ਕਿਸੇ ਹੋਰ ਦੇਸ਼ ਖ਼ਾਸ ਸੰਮੇਲਨ ʼਤੇ ਗਏ ਹੋ, ਤਾਂ ਉੱਥੇ ਤੁਸੀਂ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਮਿਲੇ ਹੋਣੇ ਜੋ ਤੁਹਾਡੇ ਵਾਂਗ ਪਰਮੇਸ਼ੁਰ ਦੇ ਤੰਬੂ ਵਿਚ ਮਹਿਮਾਨ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦਾ ਤੰਬੂ ਕਿਸੇ ਇਕ ਜਗ੍ਹਾ ʼਤੇ ਨਹੀਂ, ਸਗੋਂ ਹਰ ਜਗ੍ਹਾ ʼਤੇ ਹੈ ਕਿਉਂਕਿ ਉਸ ਦੇ ਵਫ਼ਾਦਾਰ ਸੇਵਕ ਧਰਤੀ ਦੇ ਹਰ ਕੋਨੇ ʼਤੇ ਹਨ।—ਪ੍ਰਕਾ. 21:3.
7. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮਰ ਚੁੱਕੇ ਵਫ਼ਾਦਾਰ ਸੇਵਕ ਅਜੇ ਵੀ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਹਨ? (ਤਸਵੀਰ ਵੀ ਦੇਖੋ।)
7 ਉਨ੍ਹਾਂ ਵਫ਼ਾਦਾਰ ਸੇਵਕਾਂ ਬਾਰੇ ਕੀ ਜੋ ਮਰ ਚੁੱਕੇ ਹਨ? ਕੀ ਅਸੀਂ ਕਹਿ ਸਕਦੇ ਹਾਂ ਕਿ ਉਹ ਅਜੇ ਵੀ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਹਨ? ਜੀ ਹਾਂ, ਬਿਲਕੁਲ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਉਹ ਸੇਵਕ ਅਜੇ ਵੀ ਯਹੋਵਾਹ ਦੀ ਯਾਦਾਸ਼ਤ ਵਿਚ ਜੀਉਂਦੇ ਹਨ। ਯਿਸੂ ਨੇ ਕਿਹਾ: “ਮੂਸਾ ਦੇ ਬਲ਼ਦੀ ਝਾੜੀ ਦੇ ਬਿਰਤਾਂਤ ਤੋਂ ਵੀ ਮਰੇ ਹੋਏ ਲੋਕਾਂ ਦੇ ਜੀਉਂਦਾ ਹੋਣ ਬਾਰੇ ਪਤਾ ਲੱਗਦਾ ਹੈ। ਇਸ ਵਿਚ ਮੂਸਾ ਨੇ ਯਹੋਵਾਹ ਨੂੰ ‘ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ’ ਕਿਹਾ ਸੀ। ਉਹ ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ ਕਿਉਂਕਿ ਉਸ ਦੀਆਂ ਨਜ਼ਰਾਂ ਵਿਚ ਉਹ ਸਾਰੇ ਜੀਉਂਦੇ ਹਨ।”—ਲੂਕਾ 20:37, 38.
ਮਹਿਮਾਨ ਬਣਨ ਕਰਕੇ ਮਿਲਦੀਆਂ ਬਰਕਤਾਂ ਅਤੇ ਜ਼ਿੰਮੇਵਾਰੀਆਂ
8. ਯਹੋਵਾਹ ਦੇ ਤੰਬੂ ਵਿਚ ਮਹਿਮਾਨ ਬਣਨ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
8 ਜਿਸ ਤਰ੍ਹਾਂ ਤੰਬੂ ਵਿਚ ਇਕ ਵਿਅਕਤੀ ਆਰਾਮ ਕਰ ਸਕਦਾ ਹੈ ਅਤੇ ਖ਼ਰਾਬ ਮੌਸਮ ਤੋਂ ਉਸ ਦੀ ਹਿਫਾਜ਼ਤ ਹੋ ਸਕਦੀ ਹੈ, ਉਸੇ ਤਰ੍ਹਾਂ ਯਹੋਵਾਹ ਦੇ ਤੰਬੂ ਵਿਚ ਮਹਿਮਾਨ ਬਣਨ ਨਾਲ ਸਾਡੀ ਹਰ ਉਸ ਚੀਜ਼ ਤੋਂ ਹਿਫਾਜ਼ਤ ਹੁੰਦੀ ਹੈ ਜਿਸ ਕਰਕੇ ਸਾਡਾ ਉਸ ਨਾਲ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਨਾਲੇ ਸਾਨੂੰ ਭਵਿੱਖ ਲਈ ਉਮੀਦ ਮਿਲਦੀ ਹੈ। ਜਦੋਂ ਤਕ ਅਸੀਂ ਯਹੋਵਾਹ ਦੇ ਨੇੜੇ ਰਹਾਂਗੇ, ਉਦੋਂ ਤਕ ਸ਼ੈਤਾਨ ਸਾਡਾ ਇੱਦਾਂ ਦਾ ਕੋਈ ਨੁਕਸਾਨ ਨਹੀਂ ਕਰ ਸਕੇਗਾ ਜਿਸ ਦੀ ਭਰਪਾਈ ਨਾ ਕੀਤੀ ਜਾ ਸਕੇ। (ਜ਼ਬੂ. 31:23; 1 ਯੂਹੰ. 3:8) ਨਾਲੇ ਨਵੀਂ ਦੁਨੀਆਂ ਵਿਚ ਵੀ ਯਹੋਵਾਹ ਸਾਨੂੰ ਅਜਿਹੇ ਖ਼ਤਰਿਆਂ ਤੋਂ ਬਚਾਵੇਗਾ ਜਿਨ੍ਹਾਂ ਕਰਕੇ ਉਸ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਸਿਰਫ਼ ਇੰਨਾ ਹੀ ਨਹੀਂ, ਉਹ ਸਾਡੀ ਮੌਤ ਤੋਂ ਵੀ ਹਿਫਾਜ਼ਤ ਕਰੇਗਾ।—ਪ੍ਰਕਾ. 21:4.
9. ਯਹੋਵਾਹ ਆਪਣੇ ਮਹਿਮਾਨਾਂ ਤੋਂ ਕੀ ਚਾਹੁੰਦਾ ਹੈ?
9 ਸਾਡੇ ਲਈ ਇਹ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਦੇ ਤੰਬੂ ਵਿਚ ਮਹਿਮਾਨ ਬਣ ਕੇ ਰਹਿ ਸਕਦੇ ਹਾਂ। ਅਸੀਂ ਯਹੋਵਾਹ ਨਾਲ ਗੂੜ੍ਹੀ ਦੋਸਤੀ ਕਰ ਸਕਦੇ ਹਾਂ ਜੋ ਹਮੇਸ਼ਾ ਤਕ ਰਹੇਗੀ। ਜੇ ਅਸੀਂ ਹਮੇਸ਼ਾ ਲਈ ਤੰਬੂ ਵਿਚ ਮਹਿਮਾਨ ਬਣ ਕੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਉਦਾਹਰਣ ਲਈ, ਜੇ ਕੋਈ ਤੁਹਾਨੂੰ ਆਪਣੇ ਘਰ ਬੁਲਾਉਂਦਾ ਹੈ, ਤਾਂ ਤੁਸੀਂ ਜ਼ਰੂਰ ਜਾਣਨਾ ਚਾਹੋਗੇ ਕਿ ਉਹ ਤੁਹਾਡੇ ਤੋਂ ਕੀ ਚਾਹੁੰਦਾ ਹੈ? ਜਿਵੇਂ, ਸ਼ਾਇਦ ਉਹ ਚਾਹੇ ਕਿ ਤੁਸੀਂ ਆਪਣੀਆਂ ਜੁੱਤੀਆਂ ਲਾਹ ਕੇ ਅੰਦਰ ਆਓ ਤੇ ਤੁਸੀਂ ਉਸ ਦੀ ਇਹ ਗੱਲ ਜ਼ਰੂਰ ਮੰਨੋਗੇ। ਇਸੇ ਤਰ੍ਹਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਯਹੋਵਾਹ ਜਿਨ੍ਹਾਂ ਨੂੰ ਆਪਣੇ ਤੰਬੂ ਵਿਚ ਮਹਿਮਾਨ ਬਣਨ ਦਾ ਸੱਦਾ ਦਿੰਦਾ ਹੈ, ਉਹ ਉਨ੍ਹਾਂ ਤੋਂ ਕੀ ਚਾਹੁੰਦਾ ਹੈ। ਫਿਰ ਅਸੀਂ ਉੱਦਾਂ ਕਰਾਂਗੇ ਵੀ ਕਿਉਂਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ “ਉਸ ਨੂੰ ਪੂਰੀ ਤਰ੍ਹਾਂ ਖ਼ੁਸ਼” ਕਰਨਾ ਚਾਹੁੰਦੇ ਹਾਂ। (ਕੁਲੁ. 1:10) ਇਹ ਤਾਂ ਹੈ ਕਿ ਅਸੀਂ ਯਹੋਵਾਹ ਨੂੰ ਆਪਣਾ ਦੋਸਤ ਸਮਝਦੇ ਹਾਂ, ਪਰ ਸਾਨੂੰ ਇਹ ਵੀ ਪਤਾ ਹੈ ਕਿ ਉਹ ਸਾਡਾ ਪਰਮੇਸ਼ੁਰ ਤੇ ਪਿਤਾ ਵੀ ਹੈ ਜੋ ਸਾਡੇ ਆਦਰ ਦਾ ਹੱਕਦਾਰ ਹੈ। (ਜ਼ਬੂ. 25:14) ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਹਮੇਸ਼ਾ ਆਪਣੇ ਮਨ ਵਿਚ ਸ਼ਰਧਾਮਈ ਡਰ ਰੱਖਣਾ ਚਾਹੀਦਾ ਹੈ। ਨਾਲੇ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਕੌਣ ਹੈ। ਇਸ ਤਰ੍ਹਾਂ ਦਾ ਡਰ ਹੋਣ ਕਰਕੇ ਅਸੀਂ ਅਜਿਹਾ ਕੋਈ ਵੀ ਕੰਮ ਕਰਨ ਤੋਂ ਬਚਾਂਗੇ ਜਿਸ ਨਾਲ ਉਸ ਨੂੰ ਦੁੱਖ ਲੱਗ ਸਕਦਾ ਹੈ। ਸਾਡੀ ਇੱਛਾ ਹੈ ਕਿ ਅਸੀਂ ‘ਨਿਮਰ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲੀਏ।’—ਮੀਕਾ. 6:8.
ਉਜਾੜ ਵਿਚ ਯਹੋਵਾਹ ਨੇ ਦਿਖਾਇਆ ਕਿ ਉਹ ਪੱਖਪਾਤ ਨਹੀਂ ਕਰਦਾ
10-11. ਯਹੋਵਾਹ ਇਜ਼ਰਾਈਲੀਆਂ ਨਾਲ ਜਿੱਦਾਂ ਪੇਸ਼ ਆਇਆ, ਉਸ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਉਹ ਪੱਖਪਾਤ ਨਹੀਂ ਕਰਦਾ?
10 ਯਹੋਵਾਹ ਆਪਣੇ ਮਹਿਮਾਨਾਂ ਨਾਲ ਕਦੇ ਵੀ ਪੱਖਪਾਤ ਨਹੀਂ ਕਰਦਾ। (ਰੋਮੀ. 2:11) ਸੀਨਈ ਦੀ ਉਜਾੜ ਵਿਚ ਯਹੋਵਾਹ ਇਜ਼ਰਾਈਲੀਆਂ ਨਾਲ ਜਿੱਦਾਂ ਪੇਸ਼ ਆਇਆ, ਉਸ ਤੋਂ ਸਾਨੂੰ ਇਹ ਗੱਲ ਸਾਫ਼ ਪਤਾ ਲੱਗਦੀ ਹੈ।
11 ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਉਣ ਤੋਂ ਬਾਅਦ ਡੇਰੇ ਵਿਚ ਪੁਜਾਰੀਆਂ ਨੂੰ ਨਿਯੁਕਤ ਕੀਤਾ। ਉਸ ਨੇ ਪਵਿੱਤਰ ਤੰਬੂ ਵਿਚ ਹੋਰ ਜ਼ਿੰਮੇਵਾਰੀਆਂ ਨਿਭਾਉਣ ਲਈ ਲੇਵੀਆਂ ਨੂੰ ਨਿਯੁਕਤ ਕੀਤਾ। ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਡੇਰੇ ਵਿਚ ਸੇਵਾ ਕਰਨ ਵਾਲਿਆਂ ਜਾਂ ਡੇਰੇ ਦੇ ਨੇੜੇ ਰਹਿਣ ਵਾਲਿਆਂ ਦੀ ਹੀ ਚੰਗੀ ਤਰ੍ਹਾਂ ਦੇਖ-ਭਾਲ ਕਰਦਾ ਸੀ? ਬਿਲਕੁਲ ਨਹੀਂ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਯਹੋਵਾਹ ਕਦੇ ਵੀ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਆਓ ਆਪਾਂ ਇਸ ਬਾਰੇ ਹੋਰ ਜਾਣੀਏ।
12. ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿਸੇ ਵੀ ਇਜ਼ਰਾਈਲੀ ਨਾਲ ਪੱਖਪਾਤ ਨਹੀਂ ਕਰਦਾ ਸੀ? (ਕੂਚ 40:38) (ਤਸਵੀਰ ਵੀ ਦੇਖੋ।)
12 ਚਾਹੇ ਇਕ ਇਜ਼ਰਾਈਲੀ ਡੇਰੇ ਵਿਚ ਸੇਵਾ ਕਰਦਾ ਸੀ ਜਾਂ ਨਹੀਂ, ਡੇਰੇ ਦੇ ਨੇੜੇ ਰਹਿੰਦਾ ਸੀ ਜਾਂ ਦੂਰ, ਯਹੋਵਾਹ ਨੇ ਹਰ ਕਿਸੇ ਨੂੰ ਆਪਣੇ ਨਾਲ ਦੋਸਤੀ ਕਰਨ ਦਾ ਮੌਕਾ ਦਿੱਤਾ ਸੀ। ਉਸ ਨੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ। ਜਿਵੇਂ, ਉਸ ਨੇ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਕਿ ਡੇਰੇ ʼਤੇ ਬੱਦਲ ਅਤੇ ਅੱਗ ਦਾ ਜੋ ਥੰਮ੍ਹ ਸੀ, ਉਸ ਨੂੰ ਹਰ ਇਜ਼ਰਾਈਲੀ ਦੇਖ ਸਕੇ, ਫਿਰ ਚਾਹੇ ਉਹ ਕਿਤੇ ਵੀ ਰਹਿੰਦਾ ਹੋਵੇ। (ਕੂਚ 40:38 ਪੜ੍ਹੋ।) ਜਦੋਂ ਡੇਰੇ ਤੋਂ ਬੱਦਲ ਹਟਦਾ ਸੀ, ਤਾਂ ਸਭ ਤੋਂ ਦੂਰ ਰਹਿਣ ਵਾਲਾ ਇਜ਼ਰਾਈਲੀ ਵੀ ਇਹ ਸਾਫ਼-ਸਾਫ਼ ਦੇਖ ਸਕਦਾ ਸੀ। ਉਹ ਆਪਣਾ ਸਾਮਾਨ ਬੰਨ੍ਹਦਾ ਸੀ, ਆਪਣਾ ਤੰਬੂ ਲਾਹੁੰਦਾ ਸੀ ਅਤੇ ਬਾਕੀ ਇਜ਼ਰਾਈਲੀਆਂ ਨਾਲ ਬੱਦਲ ਦੇ ਪਿੱਛੇ-ਪਿੱਛੇ ਤੁਰ ਪੈਂਦਾ ਸੀ। (ਗਿਣ. 9:15-23) ਇਸ ਤੋਂ ਇਲਾਵਾ, ਜਦੋਂ ਚਾਂਦੀ ਦੀਆਂ ਦੋ ਤੁਰ੍ਹੀਆਂ ਵਜਾਈਆਂ ਜਾਂਦੀਆਂ ਸਨ, ਤਾਂ ਸਾਰੇ ਇਜ਼ਰਾਈਲੀ ਉਨ੍ਹਾਂ ਦੀ ਜ਼ੋਰਦਾਰ ਆਵਾਜ਼ ਸਾਫ਼-ਸਾਫ਼ ਸੁਣ ਸਕਦੇ ਸਨ। ਇੱਦਾਂ ਸਾਰੇ ਜਾਣ ਲੈਂਦੇ ਸਨ ਕਿ ਹੁਣ ਨਿਕਲਣ ਦਾ ਸਮਾਂ ਹੈ। (ਗਿਣ. 10:2) ਇਸ ਤੋਂ ਪਤਾ ਲੱਗਦਾ ਹੈ ਕਿ ਡੇਰੇ ਦੇ ਨੇੜੇ ਰਹਿਣ ਵਾਲੇ ਲੋਕ ਯਹੋਵਾਹ ਲਈ ਖ਼ਾਸ ਨਹੀਂ ਸਨ। ਇਸ ਦੀ ਬਜਾਇ, ਹਰ ਇਜ਼ਰਾਈਲੀ ਯਹੋਵਾਹ ਦਾ ਮਹਿਮਾਨ ਜਾਂ ਦੋਸਤ ਬਣ ਸਕਦਾ ਸੀ। ਨਾਲੇ ਯਕੀਨ ਕਰ ਸਕਦਾ ਸੀ ਕਿ ਯਹੋਵਾਹ ਉਸ ਨੂੰ ਸਹੀ ਰਾਹ ਦਿਖਾਵੇਗਾ ਅਤੇ ਉਸ ਦੀ ਹਿਫਾਜ਼ਤ ਕਰੇਗਾ। ਉਸੇ ਤਰ੍ਹਾਂ ਚਾਹੇ ਅੱਜ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਰਹਿੰਦੇ ਹੋਈਏ, ਫਿਰ ਵੀ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ, ਸਾਡੀ ਪਰਵਾਹ ਕਰਦਾ ਹੈ ਅਤੇ ਹਮੇਸ਼ਾ ਸਾਡੀ ਹਿਫਾਜ਼ਤ ਕਰੇਗਾ।
ਯਹੋਵਾਹ ਅੱਜ ਵੀ ਕਿਸੇ ਨਾਲ ਪੱਖਪਾਤ ਨਹੀਂ ਕਰਦਾ
13. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ?
13 ਅੱਜ ਕੁਝ ਭੈਣ-ਭਰਾ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਜਾਂ ਕਿਸੇ ਸ਼ਾਖ਼ਾ ਦਫ਼ਤਰ ਦੇ ਨੇੜੇ ਰਹਿੰਦੇ ਹਨ। ਕੁਝ ਜਣੇ ਇਨ੍ਹਾਂ ਥਾਵਾਂ ਵਿਚ ਰਹਿ ਕੇ ਸੇਵਾ ਕਰਦੇ ਹਨ। ਇਸ ਕਰਕੇ ਉਹ ਬੈਥਲ ਵਿਚ ਹੋਣ ਵਾਲੇ ਕੰਮਾਂ ਵਿਚ ਹਿੱਸਾ ਲੈ ਸਕਦੇ ਹਨ, ਅਗਵਾਈ ਲੈਣ ਵਾਲੇ ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣ ਸਕਦੇ ਹਨ ਅਤੇ ਉਨ੍ਹਾਂ ਨਾਲ ਸਮਾਂ ਬਿਤਾ ਸਕਦੇ ਹਨ। ਕੁਝ ਭਰਾ ਸਰਕਟ ਓਵਰਸੀਅਰ ਵਜੋਂ ਸੇਵਾ ਕਰਦੇ ਹਨ ਅਤੇ ਕੁਝ ਹੋਰ ਭੈਣ-ਭਰਾ ਹੋਰ ਤਰੀਕਿਆਂ ਨਾਲ ਖ਼ਾਸ ਪੂਰੇ ਸਮੇਂ ਦੀ ਸੇਵਾ ਕਰਦੇ ਹਨ। ਪਰ ਦੇਖਿਆ ਜਾਵੇ, ਤਾਂ ਜ਼ਿਆਦਾਤਰ ਭੈਣ-ਭਰਾ ਸ਼ਾਖ਼ਾ ਦਫ਼ਤਰ ਦੇ ਨੇੜੇ ਨਹੀਂ ਰਹਿੰਦੇ ਜਾਂ ਖ਼ਾਸ ਪੂਰੇ ਸਮੇਂ ਦੀ ਸੇਵਾ ਨਹੀਂ ਕਰਦੇ। ਜੇ ਤੁਸੀਂ ਉਨ੍ਹਾਂ ਵਿੱਚੋਂ ਇਕ ਹੋ, ਤਾਂ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਤੁਸੀਂ ਵੀ ਯਹੋਵਾਹ ਦੇ ਦੋਸਤ ਜਾਂ ਮਹਿਮਾਨ ਹੋ ਅਤੇ ਉਹ ਤੁਹਾਨੂੰ ਵੀ ਪਿਆਰ ਕਰਦਾ ਹੈ। ਯਹੋਵਾਹ ਹਰੇਕ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਸਾਰਿਆਂ ਦਾ ਫ਼ਿਕਰ ਕਰਦਾ ਹੈ। (1 ਪਤ. 5:7) ਯਹੋਵਾਹ ਆਪਣੇ ਸਾਰੇ ਸੇਵਕਾਂ ਨੂੰ ਸਹੀ ਸਮੇਂ ਤੇ ਬਹੁਤਾਤ ਵਿਚ ਭੋਜਨ ਯਾਨੀ ਗਿਆਨ ਦਿੰਦਾ ਹੈ, ਉਨ੍ਹਾਂ ਨੂੰ ਸਹੀ ਰਾਹ ਦਿਖਾਉਂਦਾ ਹੈ ਅਤੇ ਉਨ੍ਹਾਂ ਦੀ ਹਿਫਾਜ਼ਤ ਕਰਦਾ ਹੈ।
14. ਹੋਰ ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ?
14 ਇਕ ਹੋਰ ਗੱਲ ਤੋਂ ਪਤਾ ਲੱਗਦਾ ਹੈ ਕਿ ਸਾਡਾ ਮੇਜ਼ਬਾਨ ਯਹੋਵਾਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਉਹ ਇਹ ਕਿ ਉਸ ਨੇ ਦੁਨੀਆਂ ਦੇ ਹਰ ਵਿਅਕਤੀ ਲਈ ਬਾਈਬਲ ਉਪਲਬਧ ਕਰਾਈ ਹੈ। ਸ਼ੁਰੂ ਵਿਚ ਬਾਈਬਲ ਤਿੰਨ ਭਾਸ਼ਾਵਾਂ ਵਿਚ ਲਿਖੀ ਗਈ ਸੀ, ਇਬਰਾਨੀ, ਅਰਾਮੀ ਤੇ ਯੂਨਾਨੀ। ਪਰ ਅੱਜ ਕੁਝ ਬਹੁਤ ਹੀ ਘੱਟ ਲੋਕ ਇਹ ਭਾਸ਼ਾਵਾਂ ਪੜ੍ਹ ਸਕਦੇ ਹਨ। ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਇਨ੍ਹਾਂ ਭਾਸ਼ਾਵਾਂ ਨੂੰ ਪੜ੍ਹਨ ਵਾਲੇ ਲੋਕਾਂ ਦਾ ਹੀ ਯਹੋਵਾਹ ਨਾਲ ਜ਼ਿਆਦਾ ਗੂੜ੍ਹਾ ਰਿਸ਼ਤਾ ਹੈ? ਨਹੀਂ, ਇੱਦਾਂ ਨਹੀਂ ਹੈ।—ਮੱਤੀ 11:25.
15. ਬਾਈਬਲ ਬਾਰੇ ਅਜਿਹੀ ਕਿਹੜੀ ਗੱਲ ਹੈ ਕਿ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਪੱਖਪਾਤ ਨਹੀਂ ਕਰਦਾ? (ਤਸਵੀਰ ਵੀ ਦੇਖੋ।)
15 ਯਹੋਵਾਹ ਦਾ ਦੋਸਤ ਬਣਨ ਲਈ ਇਹ ਜ਼ਰੂਰੀ ਨਹੀਂ ਕਿ ਅਸੀਂ ਬਹੁਤ ਪੜ੍ਹੇ-ਲਿਖੇ ਹੋਈਏ ਜਾਂ ਸਾਨੂੰ ਇਬਰਾਨੀ, ਅਰਾਮੀ ਜਾਂ ਯੂਨਾਨੀ ਭਾਸ਼ਾ ਪੜ੍ਹਨੀ ਆਉਂਦੀ ਹੋਵੇ। ਯਹੋਵਾਹ ਚਾਹੁੰਦਾ ਹੈ ਕਿ ਦੁਨੀਆਂ ਵਿਚ ਹਰ ਕਿਸੇ ਨੂੰ ਬਾਈਬਲ ਵਿਚ ਲਿਖੀਆਂ ਗੱਲਾਂ ਤੋਂ ਫ਼ਾਇਦਾ ਹੋਵੇ, ਫਿਰ ਚਾਹੇ ਉਹ ਜ਼ਿਆਦਾ ਪੜ੍ਹਿਆ-ਲਿਖਿਆ ਹੋਵੇ ਜਾਂ ਘੱਟ। ਇਸ ਲਈ ਉਸ ਨੇ ਬਾਈਬਲ ਦਾ ਹਜ਼ਾਰਾਂ ਹੀ ਭਾਸ਼ਾਵਾਂ ਵਿਚ ਅਨੁਵਾਦ ਕਰਾਇਆ ਹੈ। ਅੱਜ ਦੁਨੀਆਂ ਵਿਚ ਰਹਿਣ ਵਾਲੇ ਸਾਰੇ ਲੋਕ ਬਾਈਬਲ ਪੜ੍ਹ ਸਕਦੇ ਹਨ, ਇਸ ਦੀਆਂ ਸਿੱਖਿਆਵਾਂ ਤੋਂ ਫ਼ਾਇਦਾ ਲੈ ਸਕਦੇ ਹਨ ਅਤੇ ਜਾਣ ਸਕਦੇ ਹਨ ਕਿ ਉਹ ਯਹੋਵਾਹ ਦੇ ਦੋਸਤ ਕਿਵੇਂ ਬਣ ਸਕਦੇ ਹਨ।—2 ਤਿਮੋ. 3:16, 17.
ਯਹੋਵਾਹ ਦੇ ਮਹਿਮਾਨ ਬਣੇ ਰਹੋ
16. ਯਹੋਵਾਹ ਦੇ ਤੰਬੂ ਵਿਚ ਮਹਿਮਾਨ ਬਣੇ ਰਹਿਣ ਲਈ ਸਾਨੂੰ ਕੀ ਕਰਨਾ ਪਵੇਗਾ? (ਰਸੂਲਾਂ ਦੇ ਕੰਮ 10:34, 35)
16 ਯਹੋਵਾਹ ਸਾਨੂੰ ਆਪਣੇ ਤੰਬੂ ਵਿਚ ਮਹਿਮਾਨ ਬਣਨ ਦਾ ਸੱਦਾ ਦਿੰਦਾ ਹੈ। ਇਹ ਸਾਡੇ ਲਈ ਕਿੰਨੇ ਸਨਮਾਨ ਦੀ ਗੱਲ ਹੈ! ਉਹ ਸਾਨੂੰ ਜਿੰਨਾ ਪਿਆਰ ਕਰਦਾ ਹੈ ਤੇ ਜਿਸ ਤਰੀਕੇ ਨਾਲ ਸਾਡੀ ਦੇਖ-ਭਾਲ ਕਰਦਾ ਹੈ, ਉੱਦਾਂ ਹੋਰ ਕੋਈ ਨਹੀਂ ਕਰ ਸਕਦਾ। ਇਸ ਤੋਂ ਇਲਾਵਾ, ਯਹੋਵਾਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਚਾਹੇ ਕੋਈ ਵਿਅਕਤੀ ਜਿੱਥੇ ਮਰਜ਼ੀ ਰਹਿੰਦਾ ਹੋਵੇ, ਜ਼ਿਆਦਾ ਪੜ੍ਹਿਆ-ਲਿਖਿਆ ਹੋਵੇ ਜਾਂ ਘੱਟ, ਕਿਸੇ ਵੀ ਦੇਸ਼, ਜਾਤ ਜਾਂ ਉਮਰ ਦਾ ਹੋਵੇ, ਆਦਮੀ ਹੋਵੇ ਜਾਂ ਔਰਤ, ਯਹੋਵਾਹ ਹਰ ਕਿਸੇ ਨੂੰ ਆਪਣਾ ਮਹਿਮਾਨ ਬਣਾਉਣਾ ਚਾਹੁੰਦਾ ਹੈ। ਪਰ ਉਸ ਦੇ ਮਿਆਰਾਂ ʼਤੇ ਚੱਲਣ ਵਾਲਿਆਂ ਨੂੰ ਹੀ ਉਹ ਆਪਣੇ ਮਹਿਮਾਨਾਂ ਵਜੋਂ ਕਬੂਲ ਕਰਦਾ ਹੈ।—ਰਸੂਲਾਂ ਦੇ ਕੰਮ 10:34, 35 ਪੜ੍ਹੋ।
17. ਅਗਲੇ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ ?
17 ਜ਼ਬੂਰ 15:1 ਵਿਚ ਦਾਊਦ ਨੇ ਪੁੱਛਿਆ: “ਹੇ ਯਹੋਵਾਹ, ਕੌਣ ਤੇਰੇ ਤੰਬੂ ਵਿਚ ਮਹਿਮਾਨ ਬਣ ਕੇ ਰਹਿ ਸਕਦਾ? ਕੌਣ ਤੇਰੇ ਪਵਿੱਤਰ ਪਹਾੜ ʼਤੇ ਵੱਸ ਸਕਦਾ?” ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਦਾਊਦ ਇਨ੍ਹਾਂ ਸਵਾਲਾਂ ਦੇ ਜਵਾਬ ਲਿਖ ਸਕਿਆ। ਅਗਲੇ ਲੇਖ ਵਿਚ ਅਸੀਂ ਉਨ੍ਹਾਂ ਖ਼ਾਸ ਮੰਗਾਂ ʼਤੇ ਚਰਚਾ ਕਰਾਂਗੇ ਜਿਨ੍ਹਾਂ ਨੂੰ ਪੂਰਾ ਕਰ ਕੇ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰ ਸਕਦੇ ਹਾਂ ਅਤੇ ਉਸ ਦੇ ਦੋਸਤ ਬਣੇ ਰਹਿ ਸਕਦੇ ਹਾਂ।
ਗੀਤ 32 ਯਹੋਵਾਹ ਵੱਲ ਹੋਵੋ!