ਅਧਿਐਨ ਲੇਖ 25
ਗੀਤ 7 ਯਹੋਵਾਹ ਸਾਡਾ ਬਲ
ਯਾਦ ਰੱਖੋ ਕਿ ਯਹੋਵਾਹ “ਜੀਉਂਦਾ ਪਰਮੇਸ਼ੁਰ ਹੈ”
“ਯਹੋਵਾਹ ਜੀਉਂਦਾ ਪਰਮੇਸ਼ੁਰ ਹੈ!”—ਜ਼ਬੂ. 18:46.
ਕੀ ਸਿੱਖਾਂਗੇ?
ਅਸੀਂ ਜਿਸ ਪਰਮੇਸ਼ੁਰ ਦੀ ਅਸੀਂ ਭਗਤੀ ਕਰਦੇ ਹਾਂ, ਉਹ “ਜੀਉਂਦਾ ਪਰਮੇਸ਼ੁਰ ਹੈ।” ਇਹ ਗੱਲ ਯਾਦ ਰੱਖਣ ਨਾਲ ਸਾਡੀ ਬਹੁਤ ਮਦਦ ਹੁੰਦੀ ਹੈ।
1. ਕਿਹੜੀ ਗੱਲ ਮੁਸ਼ਕਲਾਂ ਦੇ ਬਾਵਜੂਦ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਸਾਡੀ ਮਦਦ ਕਰ ਸਕਦੀ ਹੈ?
ਬਾਈਬਲ ਦੱਸਦੀ ਹੈ ਕਿ ਅਸੀਂ ‘ਮੁਸੀਬਤਾਂ ਨਾਲ ਭਰੇ ਸਮੇਂ’ ਵਿਚ ਜੀ ਰਹੇ ਹਾਂ ਜਿਨ੍ਹਾਂ ਦਾ “ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੈ।” (2 ਤਿਮੋ. 3:1) ਦੁਨੀਆਂ ਦੇ ਲੋਕਾਂ ਵਾਂਗ ਅਸੀਂ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ। ਪਰ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਸਾਨੂੰ ਵਿਰੋਧ ਅਤੇ ਜ਼ੁਲਮਾਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ। ਕਿਹੜੀ ਗੱਲ ਮੁਸ਼ਕਲਾਂ ਦੇ ਬਾਵਜੂਦ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਸਾਡੀ ਮਦਦ ਕਰ ਸਕਦੀ ਹੈ? ਉਹ ਇਹ ਹੈ ਕਿ ਸਾਨੂੰ ਯਕੀਨ ਹੈ ਕਿ ਯਹੋਵਾਹ “ਜੀਉਂਦਾ ਪਰਮੇਸ਼ੁਰ ਹੈ।”—ਯਿਰ. 10:10; 2 ਤਿਮੋ. 1:12.
2. ਇਸ ਦਾ ਕੀ ਮਤਲਬ ਹੈ ਕਿ ਯਹੋਵਾਹ ਜੀਉਂਦਾ ਪਰਮੇਸ਼ੁਰ ਹੈ?
2 ਯਹੋਵਾਹ ਜੀਉਂਦਾ ਪਰਮੇਸ਼ੁਰ ਹੈ। ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਯਹੋਵਾਹ ਸੱਚ-ਮੁੱਚ ਹੈ ਅਤੇ ਉਹ ਸਾਡੀ ਹਰ ਪਰੇਸ਼ਾਨੀ ਨੂੰ ਜਾਣਦਾ ਹੈ। ਨਾਲੇ ਉਹ ਸਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। (2 ਇਤਿ. 16:9; ਜ਼ਬੂ. 23:4) ਇਹ ਗੱਲ ਯਾਦ ਰੱਖ ਕੇ ਅਸੀਂ ਦਲੇਰੀ ਨਾਲ ਹਰ ਮੁਸ਼ਕਲ ਦਾ ਸਾਮ੍ਹਣਾ ਕਰ ਸਕਾਂਗੇ। ਰਾਜਾ ਦਾਊਦ ਨੇ ਵੀ ਇਹ ਗੱਲ ਯਾਦ ਰੱਖੀ ਜਿਸ ਕਰਕੇ ਉਹ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਿਆ। ਆਓ ਆਪਾਂ ਉਸ ਦੀ ਮਿਸਾਲ ʼਤੇ ਗੌਰ ਕਰੀਏ।
3. ਜਦੋਂ ਦਾਊਦ ਨੇ ਕਿਹਾ ਕਿ “ਯਹੋਵਾਹ ਜੀਉਂਦਾ ਪਰਮੇਸ਼ੁਰ ਹੈ,” ਤਾਂ ਉਸ ਦੇ ਕਹਿਣ ਦਾ ਕੀ ਮਤਲਬ ਸੀ?
3 ਦਾਊਦ ਯਹੋਵਾਹ ਨੂੰ ਜਾਣਦਾ ਸੀ ਅਤੇ ਉਸ ʼਤੇ ਭਰੋਸਾ ਕਰਦਾ ਸੀ। ਇਸ ਲਈ ਜਦੋਂ ਰਾਜਾ ਸ਼ਾਊਲ ਅਤੇ ਦਾਊਦ ਦੇ ਹੋਰ ਦੁਸ਼ਮਣਾਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਯਹੋਵਾਹ ਨੂੰ ਮਦਦ ਲਈ ਪੁਕਾਰਿਆ। (ਜ਼ਬੂ. 18:6) ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣੀ ਅਤੇ ਉਸ ਨੂੰ ਬਚਾਇਆ। ਉਸ ਸਮੇਂ ਦਾਊਦ ਨੇ ਕਿਹਾ: “ਯਹੋਵਾਹ ਜੀਉਂਦਾ ਪਰਮੇਸ਼ੁਰ ਹੈ!” (ਜ਼ਬੂ. 18:46) ਦਾਊਦ ਸਿਰਫ਼ ਇਹ ਨਹੀਂ ਕਹਿ ਰਿਹਾ ਸੀ ਕਿ ਪਰਮੇਸ਼ੁਰ ਸੱਚ-ਮੁੱਚ ਹੈ। ਉਸ ਦੀ ਕਹੀ ਗੱਲ ਬਾਰੇ ਇਕ ਕਿਤਾਬ ਵਿਚ ਲਿਖਿਆ ਹੈ ਕਿ ਦਾਊਦ ਯਹੋਵਾਹ ʼਤੇ ਆਪਣਾ ਭਰੋਸਾ ਜ਼ਾਹਰ ਕਰ ਰਿਹਾ ਸੀ। ਉਹ ਕਹਿ ਰਿਹਾ ਸੀ: “ਜੀਉਂਦਾ ਪਰਮੇਸ਼ੁਰ ਹੋਣ ਦੇ ਨਾਤੇ ਉਹ ਹਮੇਸ਼ਾ ਆਪਣੇ ਲੋਕਾਂ ਦੀ ਖ਼ਾਤਰ ਕਦਮ ਚੁੱਕਦਾ ਹੈ।” ਦਾਊਦ ਆਪਣੇ ਤਜਰਬੇ ਤੋਂ ਜਾਣਦਾ ਸੀ ਕਿ ਯਹੋਵਾਹ ਜੀਉਂਦਾ ਪਰਮੇਸ਼ੁਰ ਹੈ। ਇਸ ਕਰਕੇ ਦਾਊਦ ਨੂੰ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਅਤੇ ਉਸ ਦੀ ਮਹਿਮਾ ਕਰਦੇ ਰਹਿਣ ਦੀ ਹੱਲਾਸ਼ੇਰੀ ਮਿਲੀ।—ਜ਼ਬੂ. 18:28, 29, 49.
4. ਜੇ ਅਸੀਂ ਇਹ ਯਕੀਨ ਰੱਖਾਂਗੇ ਕਿ ਯਹੋਵਾਹ ਜੀਉਂਦਾ ਪਰਮੇਸ਼ੁਰ ਹੈ, ਤਾਂ ਸਾਨੂੰ ਕੀ ਫ਼ਾਇਦੇ ਹੋਣਗੇ?
4 ਜੇ ਸਾਨੂੰ ਵੀ ਪੂਰਾ ਯਕੀਨ ਹੋਵੇਗਾ ਕਿ ਯਹੋਵਾਹ ਜੀਉਂਦਾ ਪਰਮੇਸ਼ੁਰ ਹੈ, ਤਾਂ ਅਸੀਂ ਪੂਰੇ ਜੋਸ਼ ਨਾਲ ਉਸ ਦੀ ਸੇਵਾ ਕਰ ਸਕਾਂਗੇ। ਸਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲੇਗੀ ਅਤੇ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਦੇ ਰਹਿਣ ਦੀ ਹੱਲਾਸ਼ੇਰੀ ਮਿਲੇਗੀ। ਇਸ ਤੋਂ ਇਲਾਵਾ, ਯਹੋਵਾਹ ਦੇ ਨੇੜੇ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ।
ਜੀਉਂਦਾ ਪਰਮੇਸ਼ੁਰ ਤੁਹਾਨੂੰ ਤਾਕਤ ਦੇਵੇਗਾ
5. ਕਿਹੜੀ ਗੱਲ ਮੁਸ਼ਕਲਾਂ ਦਾ ਡਟ ਕੇ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ? (ਫ਼ਿਲਿੱਪੀਆਂ 4:13)
5 ਜਦੋਂ ਅਸੀਂ ਇਹ ਯਾਦ ਰੱਖਾਂਗੇ ਕਿ ਯਹੋਵਾਹ ਜੀਉਂਦਾ ਪਰਮੇਸ਼ੁਰ ਹੈ ਅਤੇ ਉਹ ਹਰ ਹਾਲ ਵਿਚ ਸਾਨੂੰ ਸੰਭਾਲੇਗਾ, ਤਾਂ ਅਸੀਂ ਹਰ ਛੋਟੀ-ਵੱਡੀ ਮੁਸ਼ਕਲ ਨੂੰ ਸਹਿ ਸਕਾਂਗੇ। ਸੱਚਾਈ ਤਾਂ ਇਹ ਹੈ ਕਿ ਜਿਹੜੀਆਂ ਮੁਸ਼ਕਲਾਂ ਅਸੀਂ ਸਹਿੰਦੇ ਹਾਂ, ਉਹ ਸਾਡੇ ਪਰਮੇਸ਼ੁਰ ਅੱਗੇ ਤਾਂ ਕੁਝ ਵੀ ਨਹੀਂ ਹਨ! ਪਰਮੇਸ਼ੁਰ ਸਰਬਸ਼ਕਤੀਮਾਨ ਹੈ ਅਤੇ ਉਹ ਸਾਨੂੰ ਹਰ ਮੁਸ਼ਕਲ ਨੂੰ ਸਹਿਣ ਦੀ ਤਾਕਤ ਦੇ ਸਕਦਾ ਹੈ। (ਫ਼ਿਲਿੱਪੀਆਂ 4:13 ਪੜ੍ਹੋ।) ਇਸ ਕਰਕੇ ਅਸੀਂ ਹਰ ਮੁਸ਼ਕਲ ਦਾ ਡਟ ਕੇ ਸਾਮ੍ਹਣਾ ਕਰ ਸਕਦੇ ਹਾਂ। ਜਦੋਂ ਅਸੀਂ ਦੇਖਦੇ ਹਾਂ ਕਿ ਯਹੋਵਾਹ ਛੋਟੀਆਂ-ਛੋਟੀਆਂ ਮੁਸ਼ਕਲਾਂ ਵਿਚ ਸਾਡਾ ਸਾਥ ਕਿਵੇਂ ਦਿੰਦਾ ਹੈ, ਤਾਂ ਸਾਨੂੰ ਭਰੋਸਾ ਹੁੰਦਾ ਹੈ ਕਿ ਉਹ ਵੱਡੀਆਂ ਮੁਸ਼ਕਲਾਂ ਦੌਰਾਨ ਵੀ ਸਾਡੀ ਮਦਦ ਜ਼ਰੂਰ ਕਰੇਗਾ।
6. ਨੌਜਵਾਨ ਹੁੰਦਿਆਂ ਦਾਊਦ ਨਾਲ ਕਿਹੜੇ ਤਜਰਬੇ ਹੋਏ ਜਿਨ੍ਹਾਂ ਕਰਕੇ ਯਹੋਵਾਹ ʼਤੇ ਉਸ ਦਾ ਭਰੋਸਾ ਵਧਿਆ?
6 ਦਾਊਦ ਦੀ ਜ਼ਿੰਦਗੀ ਵਿਚ ਹੋਏ ਦੋ ਤਜਰਬਿਆਂ ʼਤੇ ਗੌਰ ਕਰੋ ਜਿਨ੍ਹਾਂ ਕਰਕੇ ਯਹੋਵਾਹ ʼਤੇ ਉਸ ਦਾ ਭਰੋਸਾ ਹੋਰ ਵਧਿਆ। ਜਦੋਂ ਦਾਊਦ ਨੌਜਵਾਨ ਸੀ ਤੇ ਆਪਣੇ ਪਿਤਾ ਦੀਆਂ ਭੇਡਾਂ ਚਾਰਦਾ ਸੀ, ਤਾਂ ਇਕ ਵਾਰ ਇਕ ਰਿੱਛ ਅਤੇ ਦੂਜੀ ਵਾਰ ਇਕ ਸ਼ੇਰ ਉਸ ਦੀ ਭੇਡ ਚੁੱਕ ਕੇ ਲੈ ਗਿਆ। ਪਰ ਦਾਊਦ ਨੇ ਇਨ੍ਹਾਂ ਦੋਵੇਂ ਮੌਕਿਆਂ ʼਤੇ ਦਲੇਰੀ ਨਾਲ ਉਨ੍ਹਾਂ ਜਾਨਵਰਾਂ ਦਾ ਪਿੱਛਾ ਕੀਤਾ ਅਤੇ ਭੇਡ ਨੂੰ ਬਚਾ ਲਿਆ। ਦਾਊਦ ਨੇ ਇਸ ਜਿੱਤ ਦਾ ਸਿਹਰਾ ਆਪਣੇ ਸਿਰ ਨਹੀਂ ਲਿਆ, ਸਗੋਂ ਉਹ ਜਾਣਦਾ ਸੀ ਕਿ ਇਸ ਸਭ ਪਿੱਛੇ ਯਹੋਵਾਹ ਦਾ ਹੱਥ ਸੀ। (1 ਸਮੂ. 17:34-37) ਦਾਊਦ ਕਦੇ ਵੀ ਇਨ੍ਹਾਂ ਤਜਰਬਿਆਂ ਨੂੰ ਨਹੀਂ ਭੁੱਲਿਆ। ਇਨ੍ਹਾਂ ʼਤੇ ਸੋਚ-ਵਿਚਾਰ ਕਰ ਕੇ ਉਸ ਨੂੰ ਭਰੋਸਾ ਹੋਇਆ ਕਿ ਜੀਉਂਦਾ ਪਰਮੇਸ਼ੁਰ ਆਉਣ ਵਾਲੇ ਸਮੇਂ ਵਿਚ ਵੀ ਉਸ ਨੂੰ ਤਾਕਤ ਦੇਵੇਗਾ।
7. ਸਹੀ ਨਜ਼ਰੀਆ ਰੱਖਣ ਕਰਕੇ ਦਾਊਦ ਗੋਲਿਅਥ ਦਾ ਸਾਮ੍ਹਣਾ ਕਿਵੇਂ ਕਰ ਸਕਿਆ?
7 ਹੁਣ ਜ਼ਰਾ ਧਿਆਨ ਦਿਓ ਕਿ ਜਦੋਂ ਦਾਊਦ ਥੋੜ੍ਹਾ ਵੱਡਾ ਹੋਇਆ, ਤਾਂ ਕੀ ਹੋਇਆ। ਇਕ ਵਾਰ ਉਹ ਇਜ਼ਰਾਈਲ ਦੀ ਛਾਉਣੀ ਵਿਚ ਗਿਆ। ਉਸ ਨੇ ਦੇਖਿਆ ਕਿ ਫਲਿਸਤੀਆਂ ਦੇ ਇਕ ਸੂਰਮੇ ਗੋਲਿਅਥ ਕਰਕੇ ਇਜ਼ਰਾਈਲੀ ਫ਼ੌਜੀਆਂ ਦੇ ਸਾਹ ਸੁੱਕੇ ਹੋਏ ਸਨ। ਗੋਲਿਅਥ “ਇਜ਼ਰਾਈਲ ਦੀ ਫ਼ੌਜ” ਨੂੰ ਲਲਕਾਰ ਰਿਹਾ ਸੀ। (1 ਸਮੂ. 17:10, 11) ਉਸ ਦੇ ਉੱਚੇ-ਲੰਬੇ ਕੱਦ-ਕਾਠ ਅਤੇ ਉਸ ਦੀ ਲਲਕਾਰ ਵੱਲ ਧਿਆਨ ਲਾਉਣ ਕਰਕੇ ਸਾਰੇ ਫ਼ੌਜੀ ਬਹੁਤ ਹੀ ਡਰੇ ਹੋਏ ਸਨ। (1 ਸਮੂ. 17:24, 25) ਪਰ ਦਾਊਦ ਦਾ ਨਜ਼ਰੀਆ ਬਿਲਕੁਲ ਅਲੱਗ ਸੀ। ਉਹ ਦੇਖ ਰਿਹਾ ਸੀ ਕਿ ਗੋਲਿਅਥ ਸਿਰਫ਼ ਇਜ਼ਰਾਈਲ ਦੇ ਫ਼ੌਜੀਆਂ ਨੂੰ ਹੀ ਨਹੀਂ, ਸਗੋਂ “ਜੀਉਂਦੇ ਪਰਮੇਸ਼ੁਰ ਦੀ ਫ਼ੌਜ” ਨੂੰ ਲਲਕਾਰ ਰਿਹਾ ਸੀ। (1 ਸਮੂ. 17:26) ਦਾਊਦ ਯਹੋਵਾਹ ਬਾਰੇ ਸੋਚ ਰਿਹਾ ਸੀ। ਉਸ ਨੇ ਦੇਖਿਆ ਕਿ ਗੋਲਿਅਥ ਯਹੋਵਾਹ ਦੀ ਬੇਇੱਜ਼ਤੀ ਕਰ ਰਿਹਾ ਸੀ। ਉਸ ਨੂੰ ਯਕੀਨ ਸੀ ਕਿ ਜਿਸ ਤਰ੍ਹਾਂ ਯਹੋਵਾਹ ਨੇ ਉਸ ਨੂੰ ਸ਼ੇਰ ਅਤੇ ਰਿੱਛ ਨਾਲ ਲੜਨ ਦੀ ਤਾਕਤ ਦਿੱਤੀ ਸੀ, ਉਸੇ ਤਰ੍ਹਾਂ ਉਹ ਉਸ ਨੂੰ ਗੋਲਿਅਥ ਨਾਲ ਲੜਨ ਦੀ ਵੀ ਤਾਕਤ ਦੇਵੇਗਾ। ਇਸੇ ਭਰੋਸੇ ਕਰਕੇ ਉਹ ਗੋਲਿਅਥ ਨਾਲ ਲੜਨ ਗਿਆ ਅਤੇ ਉਸ ਨੂੰ ਮਾਰ ਸੁੱਟਿਆ।—1 ਸਮੂ. 17:45-51.
8. ਅਸੀਂ ਕਿਵੇਂ ਆਪਣਾ ਭਰੋਸਾ ਮਜ਼ਬੂਤ ਕਰ ਸਕਦੇ ਹਾਂ ਕਿ ਯਹੋਵਾਹ ਸਾਡੀ ਮਦਦ ਜ਼ਰੂਰ ਕਰੇਗਾ? (ਤਸਵੀਰ ਵੀ ਦੇਖੋ।)
8 ਜੇ ਅਸੀਂ ਯਾਦ ਰੱਖੀਏ ਕਿ ਜੀਉਂਦਾ ਪਰਮੇਸ਼ੁਰ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ, ਤਾਂ ਅਸੀਂ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਾਂਗੇ। (ਜ਼ਬੂ. 118:6) ਪਰ ਅਸੀਂ ਯਹੋਵਾਹ ʼਤੇ ਆਪਣਾ ਭਰੋਸਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ? ਸੋਚੋ ਕਿ ਯਹੋਵਾਹ ਨੇ ਪੁਰਾਣੇ ਸਮੇਂ ਵਿਚ ਆਪਣੇ ਲੋਕਾਂ ਲਈ ਕੀ ਕੁਝ ਕੀਤਾ। ਬਾਈਬਲ ਵਿੱਚੋਂ ਉਨ੍ਹਾਂ ਬਿਰਤਾਂਤਾਂ ਬਾਰੇ ਪੜ੍ਹੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਬਚਾਇਆ। (ਯਸਾ. 37:17, 33-37) ਨਾਲੇ ਸਾਡੀ ਵੈੱਬਸਾਈਟ jw.org ʼਤੇ ਆਉਂਦੇ ਤਜਰਬੇ ਦੇਖੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਅੱਜ ਕਿਵੇਂ ਸਾਡੇ ਭੈਣਾਂ-ਭਰਾਵਾਂ ਦੀ ਮਦਦ ਕਰ ਰਿਹਾ ਹੈ। ਇਸ ਤੋਂ ਇਲਾਵਾ, ਉਸ ਸਮੇਂ ਬਾਰੇ ਯਾਦ ਕਰੋ ਜਦੋਂ ਯਹੋਵਾਹ ਨੇ ਤੁਹਾਡੀ ਖ਼ਾਤਰ ਕਦਮ ਚੁੱਕੇ ਸਨ। ਸ਼ਾਇਦ ਤੁਹਾਨੂੰ ਕੋਈ ਅਜਿਹਾ ਸਮਾਂ ਯਾਦ ਨਾ ਆਵੇ ਜਦੋਂ ਯਹੋਵਾਹ ਨੇ ਕਿਸੇ ਸ਼ਾਨਦਾਰ ਤਰੀਕੇ ਨਾਲ ਤੁਹਾਡੀ ਮਦਦ ਕੀਤੀ ਹੋਵੇ, ਜਿਵੇਂ ਉਸ ਨੇ ਦਾਊਦ ਦੀ ਕੀਤੀ ਸੀ। ਪਰ ਇਸ ਕਰਕੇ ਪਰੇਸ਼ਾਨ ਨਾ ਹੋਵੋ। ਸੱਚ ਤਾਂ ਇਹ ਹੈ ਕਿ ਯਹੋਵਾਹ ਨੇ ਤੁਹਾਡੇ ਲਈ ਬਹੁਤ ਕੁਝ ਕੀਤਾ ਹੈ। ਉਸ ਨੇ ਤੁਹਾਨੂੰ ਆਪਣੇ ਵੱਲ ਖਿੱਚਿਆ ਹੈ ਤਾਂਕਿ ਤੁਸੀਂ ਉਸ ਦੇ ਦੋਸਤ ਬਣ ਸਕੋ। (ਯੂਹੰ. 6:44) ਇਹੀ ਨਹੀਂ, ਉਸ ਦੀ ਮਦਦ ਸਦਕਾ ਹੀ ਤੁਸੀਂ ਹੁਣ ਤਕ ਸੱਚਾਈ ਵਿਚ ਹੋ। ਇਸ ਤੋਂ ਇਲਾਵਾ, ਯਹੋਵਾਹ ਨੇ ਕਈ ਵਾਰ ਤੁਹਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਦਿੱਤੇ, ਸਹੀ ਸਮੇਂ ʼਤੇ ਤੁਹਾਡਾ ਸਾਥ ਦਿੱਤਾ ਅਤੇ ਮੁਸ਼ਕਲ ਹਾਲਾਤਾਂ ਵਿਚ ਤੁਹਾਡੀ ਮਦਦ ਕੀਤੀ। ਤਾਂ ਫਿਰ ਕਿਉਂ ਨਾ ਯਹੋਵਾਹ ਤੋਂ ਮਦਦ ਮੰਗੋ ਤਾਂਕਿ ਤੁਹਾਨੂੰ ਇਹ ਤਜਰਬੇ ਯਾਦ ਆ ਸਕਣ। ਜਦੋਂ ਤੁਸੀਂ ਇਨ੍ਹਾਂ ਤਜਰਬਿਆਂ ਬਾਰੇ ਸੋਚੋਗੇ, ਤਾਂ ਤੁਹਾਡਾ ਭਰੋਸਾ ਮਜ਼ਬੂਤ ਹੋਵੇਗਾ ਕਿ ਯਹੋਵਾਹ ਭਵਿੱਖ ਵਿਚ ਵੀ ਤੁਹਾਡੀ ਖ਼ਾਤਰ ਕਦਮ ਚੁੱਕੇਗਾ।
9. ਮੁਸ਼ਕਲਾਂ ਆਉਣ ਤੇ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ? (ਕਹਾਉਤਾਂ 27:11)
9 ਯਹੋਵਾਹ ਜੀਉਂਦਾ ਪਰਮੇਸ਼ੁਰ ਹੈ, ਇਹ ਗੱਲ ਯਾਦ ਰੱਖਣ ਕਰਕੇ ਅਸੀਂ ਮੁਸ਼ਕਲਾਂ ਬਾਰੇ ਸਹੀ ਨਜ਼ਰੀਆ ਰੱਖ ਸਕਾਂਗੇ। ਉਹ ਕਿਵੇਂ? ਅਸੀਂ ਯਾਦ ਰੱਖਾਂਗੇ ਕਿ ਸਭ ਤੋਂ ਜ਼ਰੂਰੀ ਮਸਲਾ ਕੀ ਹੈ। ਸ਼ੈਤਾਨ ਨੇ ਦਾਅਵਾ ਕੀਤਾ ਹੈ ਕਿ ਮੁਸ਼ਕਲਾਂ ਆਉਣ ʼਤੇ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਵਾਂਗੇ। (ਅੱਯੂ. 1:10, 11; ਕਹਾਉਤਾਂ 27:11 ਪੜ੍ਹੋ।) ਪਰ ਜਦੋਂ ਅਸੀਂ ਮੁਸ਼ਕਲਾਂ ਵਿਚ ਵੀ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਾਂ, ਤਾਂ ਅਸੀਂ ਸ਼ੈਤਾਨ ਨੂੰ ਝੂਠਾ ਸਾਬਤ ਕਰਦੇ ਹਾਂ ਅਤੇ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ। ਕੀ ਤੁਸੀਂ ਕਿਸੇ ਅਜਿਹੇ ਇਲਾਕੇ ਵਿਚ ਰਹਿੰਦੇ ਹੋ ਜਿੱਥੇ ਸਰਕਾਰ ਨੇ ਸਾਡੇ ਕੰਮ ʼਤੇ ਪਾਬੰਦੀ ਲਾਈ ਹੈ? ਕੀ ਤੁਸੀਂ ਪੈਸੇ ਦੀ ਤੰਗੀ ਝੱਲ ਰਹੇ ਹੋ? ਕੀ ਪ੍ਰਚਾਰ ਵਿਚ ਲੋਕ ਤੁਹਾਡੀ ਗੱਲ ਨਹੀਂ ਸੁਣਦੇ? ਜਾਂ ਕੀ ਤੁਸੀਂ ਕਿਸੇ ਹੋਰ ਮੁਸ਼ਕਲ ਦਾ ਸਾਮ੍ਹਣਾ ਕਰ ਰਹੇ ਹੋ? ਜੇ ਹਾਂ, ਤਾਂ ਯਾਦ ਰੱਖੋ ਕਿ ਤੁਹਾਡੇ ਕੋਲ ਯਹੋਵਾਹ ਦਾ ਦਿਲ ਖ਼ੁਸ਼ ਕਰਨ ਦਾ ਇਹ ਇਕ ਵਧੀਆ ਮੌਕਾ ਹੈ। ਨਾਲੇ ਇਹ ਵੀ ਯਾਦ ਰੱਖੋ ਕਿ ਯਹੋਵਾਹ ਤੁਹਾਡੇ ʼਤੇ ਅਜਿਹੀ ਕੋਈ ਪਰੀਖਿਆ ਨਹੀਂ ਆਉਣ ਦੇਵੇਗਾ ਜਿਸ ਨੂੰ ਤੁਸੀਂ ਬਰਦਾਸ਼ਤ ਹੀ ਨਹੀਂ ਕਰ ਸਕਦੇ। (1 ਕੁਰਿੰ. 10:13) ਉਹ ਤੁਹਾਨੂੰ ਸਹਿਣ ਦੀ ਤਾਕਤ ਜ਼ਰੂਰ ਦੇਵੇਗਾ।
ਜੀਉਂਦਾ ਪਰਮੇਸ਼ੁਰ ਤੁਹਾਨੂੰ ਇਨਾਮ ਦੇਵੇਗਾ
10. ਜੀਉਂਦਾ ਪਰਮੇਸ਼ੁਰ ਉਸ ਦੀ ਭਗਤੀ ਕਰਨ ਵਾਲਿਆਂ ਲਈ ਕੀ ਕਰੇਗਾ?
10 ਯਹੋਵਾਹ ਉਸ ਦੀ ਭਗਤੀ ਕਰਨ ਵਾਲਿਆਂ ਨੂੰ ਹਮੇਸ਼ਾ ਇਨਾਮ ਦਿੰਦਾ ਹੈ। (ਇਬ. 11:6) ਉਹ ਅੱਜ ਸਾਨੂੰ ਸ਼ਾਂਤੀ ਤੇ ਸੰਤੁਸ਼ਟੀ ਦਿੰਦਾ ਹੈ ਅਤੇ ਭਵਿੱਖ ਵਿਚ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਇਨਾਮ ਦੇਣਾ ਚਾਹੁੰਦਾ ਹੈ ਅਤੇ ਉਸ ਕੋਲ ਇੱਦਾਂ ਕਰਨ ਦੀ ਤਾਕਤ ਵੀ ਹੈ। ਇਸ ਕਰਕੇ ਅਸੀਂ ਵੀ ਪੁਰਾਣੇ ਸਮੇਂ ਦੇ ਕਈ ਵਫ਼ਾਦਾਰ ਸੇਵਕਾਂ ਵਾਂਗ ਪੂਰੀ ਵਾਹ ਲਾ ਕੇ ਉਸ ਦੀ ਭਗਤੀ ਕਰਦੇ ਰਹਿੰਦੇ ਹਾਂ। ਤਿਮੋਥਿਉਸ ਵੀ ਉਨ੍ਹਾਂ ਸੇਵਕਾਂ ਵਿੱਚੋਂ ਇਕ ਸੀ। ਆਓ ਆਪਾਂ ਉਸ ਦੀ ਮਿਸਾਲ ʼਤੇ ਗੌਰ ਕਰੀਏ।—ਇਬ. 6:10-12.
11. ਤਿਮੋਥਿਉਸ ਨੇ ਮੰਡਲੀ ਵਿਚ ਇੰਨੀ ਮਿਹਨਤ ਕਿਉਂ ਕੀਤੀ? (1 ਤਿਮੋਥਿਉਸ 4:10)
11 1 ਤਿਮੋਥਿਉਸ 4:10 ਪੜ੍ਹੋ। ਤਿਮੋਥਿਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਜੀਉਂਦਾ ਪਰਮੇਸ਼ੁਰ ਹੈ ਅਤੇ ਉਹ ਉਸ ਨੂੰ ਇਨਾਮ ਦੇਵੇਗਾ। ਇਸ ਲਈ ਉਸ ਨੇ ਪੂਰੀ ਜੀ-ਜਾਨ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ ਅਤੇ ਵਧ-ਚੜ੍ਹ ਕੇ ਭੈਣਾਂ-ਭਰਾਵਾਂ ਦੀ ਮਦਦ ਕੀਤੀ। ਉਸ ਨੇ ਕੀ-ਕੀ ਕੀਤਾ? ਪੌਲੁਸ ਰਸੂਲ ਨੇ ਉਸ ਨੂੰ ਵਧੀਆ ਸਿੱਖਿਅਕ ਬਣਨ ਹੱਲਾਸ਼ੇਰੀ ਦੀ ਦਿੱਤੀ ਤਾਂਕਿ ਉਹ ਪ੍ਰਚਾਰ ਅਤੇ ਮੰਡਲੀ ਵਿਚ ਚੰਗੀ ਤਰ੍ਹਾਂ ਸਿਖਾ ਸਕੇ। ਪੌਲੁਸ ਨੇ ਉਸ ਨੂੰ ਇਹ ਵੀ ਕਿਹਾ ਕਿ ਉਹ ਜਵਾਨ ਤੇ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਲਈ ਵਧੀਆ ਮਿਸਾਲ ਰੱਖੇ। ਇਹੀ ਨਹੀਂ, ਉਸ ਨੂੰ ਕੁਝ ਔਖੀਆਂ ਜ਼ਿੰਮੇਵਾਰੀਆਂ ਵੀ ਮਿਲੀਆਂ ਸਨ, ਜਿਵੇਂ ਕਿ ਉਸ ਨੇ ਗ਼ਲਤੀ ਕਰਨ ਵਾਲਿਆਂ ਨੂੰ ਪਿਆਰ ਨਾਲ, ਪਰ ਸਿੱਧੀ ਸਲਾਹ ਦੇਣੀ ਸੀ। ਤਿਮੋਥਿਉਸ ਨੇ ਪੌਲੁਸ ਦੀਆਂ ਸਲਾਹਾਂ ਮੰਨ ਕੇ ਇਹ ਸਾਰਾ ਕੁਝ ਬਹੁਤ ਹੀ ਵਧੀਆਂ ਢੰਗ ਨਾਲ ਕੀਤਾ। (1 ਤਿਮੋ. 4:11-16; 2 ਤਿਮੋ. 4:1-5) ਚਾਹੇ ਕਦੇ-ਕਦਾਈਂ ਦੂਜਿਆਂ ਨੇ ਤਿਮੋਥਿਉਸ ਦੇ ਕੰਮਾਂ ਵੱਲ ਧਿਆਨ ਨਹੀਂ ਦਿੱਤਾ ਜਾਂ ਉਸ ਦੀ ਮਿਹਨਤ ਦੀ ਕੋਈ ਕਦਰ ਨਹੀਂ ਕੀਤੀ, ਫਿਰ ਵੀ ਉਸ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਉਸ ਨੂੰ ਇਨਾਮ ਜ਼ਰੂਰ ਦੇਵੇਗਾ।—ਰੋਮੀ. 2:6, 7.
12. ਬਜ਼ੁਰਗ ਕਿਉਂ ਮੰਡਲੀ ਦੇ ਕੰਮ ਕਰਨ ਵਿਚ ਇੰਨੀ ਮਿਹਨਤ ਕਰਦੇ ਹਨ? (ਤਸਵੀਰ ਵੀ ਦੇਖੋ।)
12 ਅੱਜ ਮੰਡਲੀ ਦੇ ਬਜ਼ੁਰਗ ਵੀ ਪੂਰਾ ਯਕੀਨ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੀ ਮਿਹਨਤ ʼਤੇ ਧਿਆਨ ਦਿੰਦਾ ਹੈ ਅਤੇ ਉਨ੍ਹਾਂ ਦੇ ਚੰਗੇ ਕੰਮਾਂ ਦੀ ਕਦਰ ਕਰਦਾ ਹੈ। ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ, ਸਿਖਾਉਣ ਅਤੇ ਪ੍ਰਚਾਰ ਦਾ ਕੰਮ ਕਰਨ ਦੇ ਨਾਲ-ਨਾਲ ਕਈ ਬਜ਼ੁਰਗ ਉਸਾਰੀ ਦੇ ਕੰਮ ਅਤੇ ਰਾਹਤ ਪਹੁੰਚਾਉਣ ਦੇ ਕੰਮ ਵਿਚ ਵੀ ਹੱਥ ਵਟਾਉਂਦੇ ਹਨ। ਹੋਰ ਬਜ਼ੁਰਗ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਨੂੰ ਮਿਲਣ ਜਾਂਦੇ ਹਨ ਜਾਂ ਹਸਪਤਾਲ ਸੰਪਰਕ ਕਮੇਟੀਆਂ ਵਿਚ ਸੇਵਾ ਕਰਦੇ ਹਨ। ਇਹ ਸਾਰੇ ਬਜ਼ੁਰਗ ਜਾਣਦੇ ਹਨ ਕਿ ਮੰਡਲੀ ਦੇ ਕੰਮ ਯਹੋਵਾਹ ਵੱਲੋਂ ਹਨ, ਨਾ ਕਿ ਕਿਸੇ ਇਨਸਾਨ ਵੱਲੋਂ। ਇਸ ਲਈ ਉਹ ਪੂਰੀ ਵਾਹ ਲਾ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਨਾਲੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਪਰਮੇਸ਼ੁਰ ਉਨ੍ਹਾਂ ਦੀ ਮਿਹਨਤ ਲਈ ਉਨ੍ਹਾਂ ਨੂੰ ਜ਼ਰੂਰ ਇਨਾਮ ਦੇਵੇਗਾ।—ਕੁਲੁ. 3:23, 24.
13. ਅਸੀਂ ਯਹੋਵਾਹ ਦੀ ਸੇਵਾ ਵਿਚ ਜੋ ਵੀ ਕਰਦੇ ਹਾਂ, ਉਹ ਦੇਖ ਕੇ ਯਹੋਵਾਹ ਨੂੰ ਕਿਵੇਂ ਲੱਗਦਾ ਹੈ?
13 ਇਹ ਸੱਚ ਹੈ ਕਿ ਮੰਡਲੀ ਵਿਚ ਹਰ ਕੋਈ ਬਜ਼ੁਰਗ ਨਹੀਂ ਬਣ ਸਕਦਾ। ਪਰ ਅਸੀਂ ਸਾਰੇ ਜਣੇ ਕੁਝ-ਨਾ-ਕੁਝ ਯਹੋਵਾਹ ਨੂੰ ਜ਼ਰੂਰ ਦੇ ਸਕਦੇ ਹਾਂ। ਜਦੋਂ ਅਸੀਂ ਜੀ-ਜਾਨ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ, ਤਾਂ ਉਹ ਇਸ ਦੀ ਕਦਰ ਕਰਦਾ ਹੈ। ਨਾਲੇ ਜਦੋਂ ਅਸੀਂ ਦੁਨੀਆਂ ਭਰ ਵਿਚ ਕੀਤੇ ਜਾਂਦੇ ਕੰਮਾਂ ਲਈ ਦਾਨ ਦਿੰਦੇ ਹਾਂ, ਫਿਰ ਚਾਹੇ ਉਹ ਘੱਟ ਹੀ ਕਿਉਂ ਨਾ ਹੋਵੇ, ਯਹੋਵਾਹ ਉਸ ʼਤੇ ਧਿਆਨ ਦਿੰਦਾ ਹੈ। ਉਸ ਨੂੰ ਇਹ ਦੇਖ ਕੇ ਵੀ ਚੰਗਾ ਲੱਗਦਾ ਹੈ ਕਿ ਸ਼ਰਮੀਲੇ ਸੁਭਾਅ ਦੇ ਬਾਵਜੂਦ ਅਸੀਂ ਸਭਾਵਾਂ ਵਿਚ ਜਵਾਬ ਦੇਣ ਲਈ ਹੱਥ ਖੜ੍ਹਾ ਕਰਦੇ ਹਾਂ। ਇਸ ਤੋਂ ਇਲਾਵਾ, ਉਹ ਉਦੋਂ ਵੀ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਦੂਜਿਆਂ ਦੀਆਂ ਗ਼ਲਤੀਆਂ ਨਜ਼ਰਅੰਦਾਜ਼ ਕਰਦੇ ਹਾਂ ਅਤੇ ਉਨ੍ਹਾਂ ਨੂੰ ਮਾਫ਼ ਕਰਦੇ ਹਾਂ। ਪਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਉੱਨਾ ਨਹੀਂ ਕਰ ਸਕਦੇ ਜਿੰਨਾ ਤੁਸੀਂ ਕਰਨਾ ਚਾਹੁੰਦੇ ਹੋ, ਤਾਂ ਵੀ ਭਰੋਸਾ ਰੱਖੋ ਕਿ ਤੁਸੀਂ ਜੋ ਕੁਝ ਵੀ ਕਰਦੇ ਹੋ, ਉਹ ਉਸ ਦੀ ਬਹੁਤ ਕਦਰ ਕਰਦਾ ਹੈ। ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਉਹ ਤੁਹਾਡੀ ਮਿਹਨਤ ਦਾ ਜ਼ਰੂਰ ਇਨਾਮ ਦੇਵੇਗਾ।—ਲੂਕਾ 21:1-4.
ਜੀਉਂਦੇ ਪਰਮੇਸ਼ੁਰ ਦੇ ਨੇੜੇ ਰਹੋ
14. ਯਹੋਵਾਹ ਨਾਲ ਗੂੜ੍ਹੀ ਦੋਸਤੀ ਹੋਣ ਕਰਕੇ ਅਸੀਂ ਉਸ ਦੇ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ? (ਤਸਵੀਰ ਵੀ ਦੇਖੋ।)
14 ਜੇ ਯਹੋਵਾਹ ਸਾਡੇ ਲਈ ਜੀਉਂਦਾ ਪਰਮੇਸ਼ੁਰ ਹੋਵੇਗਾ, ਤਾਂ ਸਾਡੇ ਲਈ ਉਸ ਦੇ ਵਫ਼ਾਦਾਰ ਰਹਿਣਾ ਜ਼ਿਆਦਾ ਸੌਖਾ ਹੋਵੇਗਾ। ਯੂਸੁਫ਼ ਬਾਰੇ ਵੀ ਇਹ ਗੱਲ ਸੱਚ ਸੀ। ਉਸ ਨੇ ਗ਼ਲਤ ਕੰਮ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਯਹੋਵਾਹ ਉਸ ਲਈ ਜੀਉਂਦਾ ਪਰਮੇਸ਼ੁਰ ਸੀ ਅਤੇ ਉਹ ਆਪਣੇ ਪਰਮੇਸ਼ੁਰ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ। (ਉਤ. 39:9) ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੇ ਲਈ ਵੀ ਜੀਉਂਦਾ ਪਰਮੇਸ਼ੁਰ ਹੋਵੇ, ਤਾਂ ਸਾਨੂੰ ਕੀ ਕਰਨਾ ਪਵੇਗਾ? ਸਾਨੂੰ ਉਸ ਨੂੰ ਪ੍ਰਾਰਥਨਾ ਕਰਨ ਅਤੇ ਉਸ ਦੇ ਬਚਨ ਦਾ ਅਧਿਐਨ ਕਰਨ ਲਈ ਸਮਾਂ ਕੱਢਣਾ ਪਵੇਗਾ। ਇੱਦਾਂ ਕਰ ਕੇ ਉਸ ਨਾਲ ਸਾਡੀ ਦੋਸਤੀ ਹੋਰ ਗੂੜ੍ਹੀ ਹੋਵੇਗੀ। ਯੂਸੁਫ਼ ਵਾਂਗ ਜੇ ਸਾਡੀ ਵੀ ਯਹੋਵਾਹ ਨਾਲ ਗੂੜ੍ਹੀ ਦੋਸਤੀ ਹੋਵੇਗੀ, ਤਾਂ ਅਸੀਂ ਵੀ ਇੱਦਾਂ ਦਾ ਕੁਝ ਨਹੀਂ ਕਰਾਂਗੇ ਜਿਸ ਕਰਕੇ ਯਹੋਵਾਹ ਨਾਰਾਜ਼ ਹੋਵੇ।—ਯਾਕੂ. 4:8.
15. ਅਸੀਂ ਇਜ਼ਰਾਈਲੀਆਂ ਤੋਂ ਕੀ ਸਬਕ ਸਿੱਖ ਸਕਦੇ ਹਾਂ? (ਇਬਰਾਨੀਆਂ 3:12)
15 ਜਿਹੜੇ ਲੋਕ ਇਹ ਭੁੱਲ ਜਾਂਦੇ ਹਨ ਕਿ ਯਹੋਵਾਹ ਜੀਉਂਦਾ ਪਰਮੇਸ਼ੁਰ ਹੈ, ਉਹ ਸੌਖਿਆਂ ਹੀ ਉਸ ਤੋਂ ਦੂਰ ਹੋ ਸਕਦੇ ਹਨ। ਜ਼ਰਾ ਗੌਰ ਕਰੋ ਕਿ ਉਜਾੜ ਵਿਚ ਇਜ਼ਰਾਈਲੀਆਂ ਨਾਲ ਕੀ ਹੋਇਆ ਸੀ। ਉਨ੍ਹਾਂ ਨੂੰ ਪਤਾ ਸੀ ਕਿ ਯਹੋਵਾਹ ਸੱਚ-ਮੁੱਚ ਹੈ, ਫਿਰ ਵੀ ਉਹ ਸ਼ੱਕ ਕਰਨ ਲੱਗ ਪਏ ਕਿ ਪਤਾ ਨਹੀਂ ਯਹੋਵਾਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੇਗਾ ਵੀ ਜਾਂ ਨਹੀਂ। ਉਨ੍ਹਾਂ ਨੇ ਤਾਂ ਇੱਥੋਂ ਤਕ ਕਿਹਾ: “ਕੀ ਯਹੋਵਾਹ ਸਾਡੇ ਵਿਚ ਹੈ ਵੀ ਜਾਂ ਨਹੀਂ?” (ਕੂਚ 17:2, 7) ਇਸ ਕਰਕੇ ਉਨ੍ਹਾਂ ਨੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ। ਬਿਨਾਂ ਸ਼ੱਕ, ਅਸੀਂ ਇਨ੍ਹਾਂ ਇਜ਼ਰਾਈਲੀਆਂ ਵਰਗੇ ਨਹੀਂ ਬਣਨਾ ਚਾਹੁੰਦੇ।—ਇਬਰਾਨੀਆਂ 3:12 ਪੜ੍ਹੋ।
16. ਸਾਡੀ ਨਿਹਚਾ ਦੀ ਪਰਖ ਕਿਵੇਂ ਹੋ ਸਕਦੀ ਹੈ?
16 ਇਸ ਦੁਸ਼ਟ ਦੁਨੀਆਂ ਵਿਚ ਯਹੋਵਾਹ ਦੇ ਨੇੜੇ ਰਹਿਣਾ ਇੰਨਾ ਸੌਖਾ ਨਹੀਂ ਹੈ। ਕਈ ਲੋਕ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਪਰਮੇਸ਼ੁਰ ਸੱਚ-ਮੁੱਚ ਹੈ। ਅਕਸਰ ਇੱਦਾਂ ਲੱਗਦਾ ਹੈ ਕਿ ਜਿਹੜੇ ਲੋਕ ਪਰਮੇਸ਼ੁਰ ਦੇ ਮਿਆਰਾਂ ਨੂੰ ਨਹੀਂ ਮੰਨਦੇ, ਉਹ ਆਪਣੀ ਜ਼ਿੰਦਗੀ ਵਿਚ ਵਧ-ਫੁੱਲ ਰਹੇ ਹਨ। ਇਹ ਦੇਖ ਕੇ ਸਾਡੀ ਨਿਹਚਾ ਦੀ ਪਰਖ ਹੋ ਸਕਦੀ ਹੈ। ਚਾਹੇ ਅਸੀਂ ਇਹ ਮੰਨਦੇ ਹਾਂ ਕਿ ਪਰਮੇਸ਼ੁਰ ਸੱਚ-ਮੁੱਚ ਹੈ, ਪਰ ਹੋ ਸਕਦਾ ਹੈ ਕਿ ਅਸੀਂ ਮਨ ਹੀ ਮਨ ਇਹ ਸੋਚਣ ਲੱਗ ਪਈਏ ਕਿ ਪਤਾ ਨਹੀਂ ਉਹ ਸਾਡੀ ਮਦਦ ਕਰੇਗਾ ਵੀ ਜਾਂ ਨਹੀਂ। ਜ਼ਬੂਰ 73 ਦੇ ਲਿਖਾਰੀ ਨੂੰ ਵੀ ਇਕ ਵਾਰ ਇੱਦਾਂ ਹੀ ਲੱਗਾ ਸੀ। ਉਸ ਨੇ ਦੇਖਿਆ ਕਿ ਉਸ ਦੇ ਆਲੇ-ਦੁਆਲੇ ਦੇ ਲੋਕ ਪਰਮੇਸ਼ੁਰ ਦੇ ਕਾਨੂੰਨਾਂ ਵੱਲ ਕੋਈ ਧਿਆਨ ਨਹੀਂ ਦਿੰਦੇ, ਫਿਰ ਵੀ ਉਹ ਵਧੀਆ ਜ਼ਿੰਦਗੀ ਦਾ ਮਜ਼ਾ ਲੈ ਰਹੇ ਹਨ। ਇਸ ਕਰਕੇ ਉਹ ਸੋਚਣ ਲੱਗ ਪਿਆ, ਕੀ ਯਹੋਵਾਹ ਦੀ ਸੇਵਾ ਕਰਨ ਦਾ ਕੋਈ ਫ਼ਾਇਦਾ ਹੈ ਵੀ ਜਾਂ ਨਹੀਂ?—ਜ਼ਬੂ. 73:11-13.
17. ਕਿਹੜੀਆਂ ਗੱਲਾਂ ਕਰਕੇ ਅਸੀਂ ਯਹੋਵਾਹ ਦੇ ਨੇੜੇ ਰਹਿ ਸਕਾਂਗੇ?
17 ਅਖ਼ੀਰ ਕਿਹੜੀਆਂ ਗੱਲਾਂ ਕਰਕੇ ਜ਼ਬੂਰ 73 ਦੇ ਲਿਖਾਰੀ ਨੇ ਆਪਣੀ ਸੋਚ ਸੁਧਾਰੀ? ਉਸ ਨੇ ਸੋਚ-ਵਿਚਾਰ ਕੀਤਾ ਕਿ ਜਿਹੜੇ ਲੋਕ ਯਹੋਵਾਹ ਨੂੰ ਭੁੱਲ ਜਾਂਦੇ ਹਨ, ਉਨ੍ਹਾਂ ਦਾ ਕੀ ਅੰਜਾਮ ਹੋਵੇਗਾ। (ਜ਼ਬੂ. 73:18, 19, 27) ਉਸ ਨੇ ਇਸ ਗੱਲ ʼਤੇ ਵੀ ਗੌਰ ਕੀਤਾ ਕਿ ਪਰਮੇਸ਼ੁਰ ਦੀ ਸੇਵਾ ਕਰਨ ਕਰਕੇ ਕਿਹੜੀਆਂ ਬਰਕਤਾਂ ਮਿਲਦੀਆਂ ਹਨ। (ਜ਼ਬੂ. 73:24) ਅਸੀਂ ਵੀ ਸੋਚ-ਵਿਚਾਰ ਕਰ ਸਕਦੇ ਹਾਂ ਕਿ ਯਹੋਵਾਹ ਨੇ ਸਾਨੂੰ ਕਿਹੜੀਆਂ ਬਰਕਤਾਂ ਦਿੱਤੀਆਂ ਹਨ। ਇਸ ਤੋਂ ਇਲਾਵਾ, ਕਲਪਨਾ ਕਰੋ ਕਿ ਜੇ ਅਸੀਂ ਯਹੋਵਾਹ ਦੀ ਸੇਵਾ ਨਾ ਕਰਦੇ ਹੁੰਦੇ, ਤਾਂ ਸਾਡੀ ਜ਼ਿੰਦਗੀ ਕਿਹੋ ਜਿਹੀ ਹੁੰਦੀ। ਇੱਦਾਂ ਕਰ ਕੇ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿ ਸਕਾਂਗੇ ਅਤੇ ਅਸੀਂ ਜ਼ਬੂਰ ਦੇ ਉਸ ਲਿਖਾਰੀ ਵਾਂਗ ਕਹਿ ਸਕਾਂਗੇ: “ਪਰਮੇਸ਼ੁਰ ਦੇ ਨੇੜੇ ਆਉਣਾ ਮੇਰੇ ਲਈ ਚੰਗਾ ਹੈ।”—ਜ਼ਬੂ. 73:28.
18. ਅਸੀਂ ਡਟ ਕੇ ਭਵਿੱਖ ਦਾ ਸਾਮ੍ਹਣਾ ਕਿਉਂ ਕਰ ਸਕਦੇ ਹਾਂ?
18 ਅਸੀਂ “ਜੀਉਂਦੇ ਅਤੇ ਸੱਚੇ ਪਰਮੇਸ਼ੁਰ” ਦੀ ਸੇਵਾ ਕਰਦੇ ਹਾਂ, ਇਸ ਕਰਕੇ ਅਸੀਂ ਇਨ੍ਹਾਂ ਆਖ਼ਰੀ ਦਿਨਾਂ ਵਿਚ ਆਉਣ ਵਾਲੀ ਹਰ ਮੁਸ਼ਕਲ ਦਾ ਸਾਮ੍ਹਣਾ ਕਰ ਸਕਦੇ ਹਾਂ। (1 ਥੱਸ. 1:9) ਸਾਡਾ ਸਵਰਗੀ ਪਿਤਾ ਜੀਉਂਦਾ ਪਰਮੇਸ਼ੁਰ ਹੈ ਜੋ ਸਾਡੀ ਖ਼ਾਤਰ ਕਦਮ ਚੁੱਕਦਾ ਹੈ। ਉਸ ਨੇ ਪੁਰਾਣੇ ਜ਼ਮਾਨੇ ਵਿਚ ਆਪਣੇ ਸੇਵਕਾਂ ਦਾ ਸਾਥ ਦਿੱਤਾ ਸੀ ਅਤੇ ਉਹ ਅੱਜ ਸਾਡਾ ਵੀ ਸਾਥ ਦੇ ਰਿਹਾ ਹੈ। ਬਹੁਤ ਜਲਦ ਇਕ ਅਜਿਹਾ ਮਹਾਂਕਸ਼ਟ ਆਉਣ ਵਾਲਾ ਹੈ ਜੋ ਦੁਨੀਆਂ ʼਤੇ ਪਹਿਲਾਂ ਕਦੇ ਨਹੀਂ ਆਇਆ। ਪਰ ਉਸ ਵੇਲੇ ਅਸੀਂ ਇਕੱਲੇ ਨਹੀਂ ਹੋਵਾਂਗੇ। (ਯਸਾ. 41:10) ਤਾਂ ਫਿਰ ਆਓ ਆਪਾਂ ਸਾਰੇ ਜਣੇ ਪੂਰੇ ਹੌਸਲੇ ਨਾਲ ਕਹੀਏ: “ਯਹੋਵਾਹ ਮੇਰਾ ਸਹਾਰਾ ਹੈ; ਮੈਂ ਨਹੀਂ ਡਰਾਂਗਾ।”—ਇਬ. 13:5, 6.
ਗੀਤ 3 ਯਹੋਵਾਹ ਸਾਡਾ ਸਹਾਰਾ, ਉਮੀਦ ਤੇ ਭਰੋਸਾ