Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਇਸ ਸਾਲ ਦੇ ਪਹਿਰਾਬੁਰਜ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ:

ਜੇ ਤੁਸੀਂ ਯਹੋਵਾਹ ਨੂੰ ਆਪਣੀ ਗੱਲ ਦੱਸਣ, ਉਸ ਦੀ ਸੁਣਨ ਅਤੇ ਉਸ ਦੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢਦੇ ਹੋ, ਤਾਂ ਇਸ ਦੇ ਤੁਹਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?

ਤੁਸੀਂ ਚੰਗੇ ਫ਼ੈਸਲੇ ਕਰੋਗੇ, ਵਧੀਆ ਸਿੱਖਿਅਕ ਬਣੋਗੇ, ਤੁਹਾਡੀ ਨਿਹਚਾ ਹੋਰ ਵੀ ਮਜ਼ਬੂਤ ਹੋਵੇਗੀ ਅਤੇ ਯਹੋਵਾਹ ਲਈ ਤੁਹਾਡਾ ਪਿਆਰ ਹੋਰ ਵੀ ਗੂੜ੍ਹਾ ਹੋਵੇਗਾ।​—w22.01, ਸਫ਼ੇ 30-31.

ਯਹੋਵਾਹ ਅਤੇ ਉਸ ਦੇ ਚੁਣੇ ਹੋਇਆ ʼਤੇ ਭਰੋਸਾ ਕਰਨ ਨਾਲ ਸਾਡੀ ਕਿਵੇਂ ਮਦਦ ਹੁੰਦੀ ਹੈ?

ਅਸੀਂ ਅੱਜ ਹੀ ਯਹੋਵਾਹ ਦੇ ਕੰਮ ਕਰਨ ਦੇ ਤਰੀਕੇ ʼਤੇ ਭਰੋਸਾ ਕਰਨਾ ਸਿੱਖਦੇ ਹਾਂ। ਇਸ ਲਈ ਅਸੀਂ ਇਹ ਨਹੀਂ ਸੋਚਦੇ ਕਿ ਬਜ਼ੁਰਗ ਆਪਣੀ ਮਨ-ਮਰਜ਼ੀ ਕਰ ਰਹੇ ਹਨ, ਸਗੋਂ ਅਸੀਂ ਬਜ਼ੁਰਗਾਂ ਵੱਲੋਂ ਮਿਲਦੀਆਂ ਹਿਦਾਇਤਾਂ ਅਤੇ ਫ਼ੈਸਲਿਆਂ ਨੂੰ ਮੰਨਦੇ ਹਾਂ। ਇਸ ਤਰ੍ਹਾਂ ਅਸੀਂ ਮਹਾਂਕਸ਼ਟ ਦੌਰਾਨ ਵੀ ਉਨ੍ਹਾਂ ਦੀਆਂ ਹਿਦਾਇਤਾਂ ਮੰਨਣ ਲਈ ਤਿਆਰ ਹੋਵਾਂਗੇ, ਫਿਰ ਚਾਹੇ ਸਾਨੂੰ ਉਹ ਹਿਦਾਇਤਾਂ ਅਜੀਬ ਜਾਂ ਬੇਤੁਕੀਆਂ ਕਿਉਂ ਨਾ ਲੱਗਣ।​—w22.02, ਸਫ਼ੇ 4-6.

ਦੂਤ ਦੇ ਜ਼ਕਰਯਾਹ ਨੂੰ ਇਹ ਕਹਿਣ ਦਾ ਕੀ ਮਤਲਬ ਸੀ ਕਿ ਯਹੂਦੀ ਰਾਜਪਾਲ “ਜ਼ਰੁਬਾਬਲ ਦੇ ਹੱਥ ਵਿਚ ਸਾਹਲ ਦੇਖਣਗੇ”? (ਜ਼ਕ. 4:8-10)

ਇਸ ਦਰਸ਼ਣ ਤੋਂ ਪਰਮੇਸ਼ੁਰ ਦੇ ਲੋਕਾਂ ਨੂੰ ਭਰੋਸਾ ਹੋ ਗਿਆ ਕਿ ਚਾਹੇ ਨਵੇਂ ਮੰਦਰ ਦੀ ਸ਼ਾਨੋ-ਸ਼ੌਕਤ ਸੁਲੇਮਾਨ ਦੇ ਮੰਦਰ ਜਿੰਨੀ ਨਹੀਂ ਹੋਵੇਗੀ, ਫਿਰ ਵੀ ਉਹ ਯਹੋਵਾਹ ਦੇ ਮਿਆਰਾਂ ਮੁਤਾਬਕ ਬਣੇਗਾ ਅਤੇ ਯਹੋਵਾਹ ਉਸ ਮੰਦਰ ਤੋਂ ਖ਼ੁਸ਼ ਹੋਵੇਗਾ।​—w22.03, ਸਫ਼ੇ 16-17.

ਅਸੀਂ ਆਪਣੀ ‘ਬੋਲੀ ਵਿਚ ਚੰਗੀ ਮਿਸਾਲ’ ਕਿਵੇਂ ਕਾਇਮ ਕਰ ਸਕਦੇ ਹਾਂ? (1 ਤਿਮੋ. 4:12)

ਸਾਨੂੰ ਪ੍ਰਚਾਰ ਵਿਚ ਪਿਆਰ ਅਤੇ ਆਦਰ ਨਾਲ ਗੱਲ ਕਰਨੀ ਚਾਹੀਦੀ ਹੈ। ਸਾਨੂੰ ਮੀਟਿੰਗਾਂ ਵਿਚ ਦਿਲੋਂ ਗੀਤ ਗਾਉਣੇ ਚਾਹੀਦੇ ਹਨ ਅਤੇ ਹਰ ਮੀਟਿੰਗ ਵਿਚ ਜਵਾਬ ਦੇਣਾ ਚਾਹੀਦਾ ਹੈ। ਸਾਨੂੰ ਹਮੇਸ਼ਾ ਸੱਚ ਬੋਲਣਾ ਤੇ ਦੂਜਿਆਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ ਅਤੇ ਕਦੇ ਵੀ ਘਟੀਆ ਗੱਲਾਂ ਤੇ ਦੂਜਿਆਂ ਦੀ ਬੇਇੱਜ਼ਤੀ ਕਰਨ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।​—w22.04, ਸਫ਼ੇ 6-9.

ਪ੍ਰਕਾਸ਼ ਦੀ ਕਿਤਾਬ 13:1, 2 ਵਿਚ ਦੱਸਿਆ ਵਹਿਸ਼ੀ ਦਰਿੰਦਾ ਦਾਨੀਏਲ ਅਧਿਆਇ 7 ਵਿਚ ਦੱਸੇ ਚਾਰ ਵਹਿਸ਼ੀ ਦਰਿੰਦਿਆਂ ਵਰਗਾ ਕਿਉਂ ਦਿਸਦਾ ਹੈ?

ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 13 ਵਿਚ ਦੱਸਿਆ ਵਹਿਸ਼ੀ ਦਰਿੰਦਾ ਕਿਸੇ ਇਕ ਸਰਕਾਰ ਜਿਵੇਂ ਕਿ ਰੋਮ ਨੂੰ ਨਹੀਂ ਦਰਸਾਉਂਦਾ। ਇਸ ਦੀ ਬਜਾਇ, ਇਹ ਵਹਿਸ਼ੀ ਦਰਿੰਦਾ ਸਾਰੀਆਂ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਇਨਸਾਨਾਂ ʼਤੇ ਰਾਜ ਕੀਤਾ ਹੈ।​—w22.05, ਸਫ਼ਾ 9.

ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਨੂੰ ਯਹੋਵਾਹ ਦੇ ਨਿਆਂ ʼਤੇ ਪੂਰਾ ਭਰੋਸਾ ਹੈ?

ਜਦੋਂ ਕੋਈ ਵਿਅਕਤੀ ਸਾਡੀ ਬੇਇੱਜ਼ਤੀ ਕਰਦਾ ਹੈ, ਸਾਨੂੰ ਠੇਸ ਪਹੁੰਚਾਉਂਦਾ ਹੈ ਜਾਂ ਸਾਡੇ ਖ਼ਿਲਾਫ਼ ਕੋਈ ਪਾਪ ਕਰਦਾ ਹੈ, ਤਾਂ ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਗੁੱਸਾ ਜਾਂ ਨਾਰਾਜ਼ਗੀ ਨਾ ਪਾਲ਼ੀਏ ਅਤੇ ਮਾਮਲੇ ਨੂੰ ਯਹੋਵਾਹ ਦੇ ਹੱਥਾਂ ਵਿਚ ਛੱਡ ਦੇਈਏ। ਉਹ ਪਾਪ ਕਰਕੇ ਹੋਏ ਸਾਰੇ ਨੁਕਸਾਨ ਦੀ ਭਰਪਾਈ ਕਰੇਗਾ।​—w22.06, ਸਫ਼ੇ 10-11.

ਜੇ ਕਿਸੇ ਭਰਾ ਨੂੰ ਮੰਡਲੀ ਦੀ ਮੀਟਿੰਗ ਵਿਚ ਪ੍ਰਾਰਥਨਾ ਕਰਨ ਲਈ ਕਿਹਾ ਜਾਂਦਾ ਹੈ, ਤਾਂ ਉਸ ਨੂੰ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ?

ਪ੍ਰਾਰਥਨਾ ਕਰਦਿਆਂ ਉਸ ਨੂੰ ਮੰਡਲੀ ਨੂੰ ਕੋਈ ਸਲਾਹ ਨਹੀਂ ਦੇਣੀ ਚਾਹੀਦੀ ਜਾਂ ਕੋਈ ਘੋਸ਼ਣਾ ਨਹੀਂ ਕਰਨੀ ਚਾਹੀਦੀ। ਖ਼ਾਸ ਕਰਕੇ ਮੀਟਿੰਗ ਦੀ ਸ਼ੁਰੂਆਤ ਵਿਚ ਪ੍ਰਾਰਥਨਾ ਕਰਦੇ ਵੇਲੇ ਉਸ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ‘ਜ਼ਿਆਦਾ ਨਾ ਬੋਲੇ।’ (ਮੱਤੀ 6:7)​—w22.07, ਸਫ਼ੇ. 24-25.

ਇਸ ਦਾ ਕੀ ਮਤਲਬ ਹੈ ਕਿ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹਨ, ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ ਅਤੇ ਜਿਹੜੇ ਨੀਚ ਕੰਮਾਂ ਵਿਚ ਲੱਗੇ ਰਹੇ, ਉਹ ਸਜ਼ਾ ਪਾਉਣਗੇ? (ਯੂਹੰ. 5:29)

ਇਸ ਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਨੇ ਮਰਨ ਤੋਂ ਪਹਿਲਾਂ ਜਿਹੜੇ ਕੰਮ ਕੀਤੇ ਸਨ, ਉਸ ਆਧਾਰ ʼਤੇ ਉਨ੍ਹਾਂ ਨੂੰ ਸਜ਼ਾ ਪਾਉਣ ਲਈ ਜੀਉਂਦਾ ਕੀਤਾ ਜਾਵੇਗਾ। ਇਸ ਦੀ ਬਜਾਇ, ਜੀਉਂਦੇ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਕੰਮਾਂ ਵੱਲ ਧਿਆਨ ਦਿੱਤਾ ਜਾਵੇਗਾ ਅਤੇ ਪਰਖਿਆ ਜਾਵੇਗਾ ਕਿ ਉਹ ਨੀਚ ਕੰਮਾਂ ਨੂੰ ਛੱਡ ਰਹੇ ਹਨ ਜਾਂ ਨਹੀਂ। ਫਿਰ ਇਸ ਆਧਾਰ ʼਤੇ ਉਨ੍ਹਾਂ ਦਾ ਨਿਆਂ ਕੀਤਾ ਜਾਵੇਗਾ।​—w22.09, ਸਫ਼ਾ 18.

ਸਤੰਬਰ 1922 ਨੂੰ ਹੋਏ ਸੰਮੇਲਨ ਵਿਚ ਭਰਾ ਜੇ. ਐੱਫ਼. ਰਦਰਫ਼ਰਡ ਨੇ ਸਾਰਿਆਂ ਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ?

ਸੀਡਰ ਪਾਇੰਟ, ਓਹੀਓ ਵਿਚ ਹੋਏ ਇਕ ਸੰਮੇਲਨ ਵਿਚ ਭਰਾ ਨੇ ਉੱਚੀ ਆਵਾਜ਼ ਵਿਚ ਕਿਹਾ: “ਸਾਡਾ ਰਾਜਾ ਰਾਜ ਕਰ ਰਿਹਾ ਹੈ ਅਤੇ ਤੁਸੀਂ ਉਸ ਦੇ ਪ੍ਰਚਾਰਕ ਹੋ। ਇਸ ਲਈ ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰੋ, ਘੋਸ਼ਣਾ ਕਰੋ, ਘੋਸ਼ਣਾ ਕਰੋ!”​—w22.10, ਸਫ਼ੇ 3-5.

ਯਸਾਯਾਹ ਅਧਿਆਇ 30 ਵਿਚ ਕਿਹੜੇ ਤਿੰਨ ਤਰੀਕੇ ਦੱਸੇ ਗਏ ਹਨ ਜਿਨ੍ਹਾਂ ਰਾਹੀਂ ਪਰਮੇਸ਼ੁਰ ਸਾਡੀ ਮੁਸ਼ਕਲਾਂ ਦੌਰਾਨ ਵੀ ਖ਼ੁਸ਼ ਰਹਿਣ ਵਿਚ ਮਦਦ ਕਰਦਾ ਹੈ?

ਇਸ ਅਧਿਆਇ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ (1) ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਉਨ੍ਹਾਂ ਦਾ ਜਵਾਬ ਦਿੰਦਾ ਹੈ, (2) ਸਾਡੀ ਅਗਵਾਈ ਕਰਦਾ ਹੈ ਅਤੇ (3) ਸਾਨੂੰ ਅੱਜ ਵੀ ਬਰਕਤਾਂ ਦਿੰਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਬਰਕਤਾਂ ਦੇਵੇਗਾ।​—w22.11, ਸਫ਼ਾ 9.

ਅਸੀਂ ਕਿਉਂ ਕਹਿ ਸਕਦੇ ਹਾਂ ਕਿ ਜ਼ਬੂਰ 37:10, 11, 29 ਵਿਚ ਲਿਖੀਆਂ ਗੱਲਾਂ ਬੀਤੇ ਸਮੇਂ ਵਿਚ ਵੀ ਪੂਰੀਆਂ ਹੋਈਆਂ ਅਤੇ ਭਵਿੱਖ ਵਿਚ ਵੀ ਜ਼ਰੂਰ ਪੂਰੀਆਂ ਹੋਣਗੀਆਂ?

ਦਾਊਦ ਨੇ ਜਿਨ੍ਹਾਂ ਚੰਗੇ ਹਾਲਾਤਾਂ ਬਾਰੇ ਲਿਖਿਆ ਸੀ, ਇਜ਼ਰਾਈਲ ਦੇਸ਼ ਵਿਚ ਬਿਲਕੁਲ ਉਸੇ ਤਰ੍ਹਾਂ ਦੇ ਹਾਲਾਤ ਸਨ, ਖ਼ਾਸ ਕਰਕੇ ਸੁਲੇਮਾਨ ਦੇ ਰਾਜ ਦੌਰਾਨ। ਨਾਲੇ ਜਦੋਂ ਯਿਸੂ ਲੋਕਾਂ ਨੂੰ ਦੱਸ ਰਿਹਾ ਸੀ ਕਿ ਨਵੀਂ ਦੁਨੀਆਂ ਵਿਚ ਕਿਹੋ ਜਿਹੇ ਲੋਕ ਰਹਿਣਗੇ, ਤਾਂ ਉਸ ਨੇ ਆਇਤ 11 ਵਿਚ ਲਿਖੀ ਗੱਲ ਦੁਹਰਾਈ ਸੀ। (ਮੱਤੀ 5:5; ਲੂਕਾ 23:43)​—w22.12, ਸਫ਼ੇ 8-10, 14.