Skip to content

Skip to table of contents

ਅਧਿਐਨ ਲੇਖ 50

“ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ”

“ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ”

“ਮੈਂ ਅੱਜ ਤੈਨੂੰ ਸੱਚ ਕਹਿੰਦਾ ਹਾਂ, ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ।”​—ਲੂਕਾ 23:43.

ਗੀਤ 145 ਨਵੀਂ ਦੁਨੀਆਂ ਦਾ ਵਾਅਦਾ

ਖ਼ਾਸ ਗੱਲਾਂ a

1. ਆਪਣੀ ਮੌਤ ਤੋਂ ਪਹਿਲਾਂ ਯਿਸੂ ਨੇ ਇਕ ਅਪਰਾਧੀ ਨੂੰ ਕੀ ਕਿਹਾ? (ਲੂਕਾ 23:39-43)

 ਯਿਸੂ ਨੂੰ ਸੂਲ਼ੀ ʼਤੇ ਟੰਗ ਦਿੱਤਾ ਗਿਆ ਹੈ ਅਤੇ ਉਸ ਦੇ ਨਾਲ ਦੋ ਅਪਰਾਧੀਆਂ ਨੂੰ ਵੀ ਟੰਗਿਆ ਗਿਆ ਹੈ। ਉਹ ਦਰਦ ਨਾਲ ਤੜਫ ਰਹੇ ਹਨ ਅਤੇ ਉਨ੍ਹਾਂ ਦੀ ਜਾਨ ਹੌਲੀ-ਹੌਲੀ ਨਿਕਲ ਰਹੀ ਹੈ। (ਲੂਕਾ 23:32, 33) ਉਹ ਦੋਵੇਂ ਅਪਰਾਧੀ ਯਿਸੂ ਦੀ ਬੇਇੱਜ਼ਤੀ ਕਰ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਦੋਵੇਂ ਯਿਸੂ ਦੇ ਚੇਲੇ ਨਹੀਂ ਹਨ। (ਮੱਤੀ 27:44; ਮਰ. 15:32) ਫਿਰ ਉਨ੍ਹਾਂ ਵਿੱਚੋਂ ਇਕ ਅਪਰਾਧੀ ਦਾ ਮਨ ਬਦਲ ਜਾਂਦਾ ਹੈ ਅਤੇ ਉਹ ਯਿਸੂ ਨੂੰ ਕਹਿੰਦਾ ਹੈ: “ਹੇ ਯਿਸੂ, ਜਦੋਂ ਤੂੰ ਰਾਜਾ ਬਣੇਂਗਾ, ਤਾਂ ਮੈਨੂੰ ਯਾਦ ਰੱਖੀਂ।” ਫਿਰ ਯਿਸੂ ਉਸ ਨੂੰ ਕਹਿੰਦਾ ਹੈ: “ਮੈਂ ਅੱਜ ਤੈਨੂੰ ਸੱਚ ਕਹਿੰਦਾ ਹਾਂ, ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ।” (ਲੂਕਾ 23:39-43 ਪੜ੍ਹੋ।) ਯਿਸੂ ਨੇ ਆਪਣੀ ਸੇਵਕਾਈ ਦੌਰਾਨ ‘ਸਵਰਗ ਦੇ ਰਾਜ’ ਬਾਰੇ ਪ੍ਰਚਾਰ ਕੀਤਾ ਸੀ। ਪਰ ਬਾਈਬਲ ਵਿਚ ਇਸ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਉਸ ਅਪਰਾਧੀ ਨੇ ਪਹਿਲਾਂ ਯਿਸੂ ਦੇ ਸੰਦੇਸ਼ ʼਤੇ ਯਕੀਨ ਕੀਤਾ ਸੀ। ਨਾਲੇ ਯਿਸੂ ਨੇ ਅਪਰਾਧੀ ਨੂੰ ਨਹੀਂ ਕਿਹਾ ਸੀ ਕਿ ਉਹ ਉਸ ਨਾਲ ਸਵਰਗ ਜਾਵੇਗਾ। (ਮੱਤੀ 4:17) ਯਿਸੂ ਅਸਲ ਵਿਚ ਕਹਿ ਰਿਹਾ ਸੀ ਕਿ ਇਹ ਧਰਤੀ ਭਵਿੱਖ ਵਿਚ ਜ਼ਿੰਦਗੀ ਦਾ ਬਾਗ਼ ਬਣ ਜਾਵੇਗੀ। ਅਸੀਂ ਇਹ ਕਿਉਂ ਕਹਿ ਸਕਦੇ ਹਾਂ?

ਜਿਸ ਅਪਰਾਧੀ ਨੇ ਯਿਸੂ ਨਾਲ ਗੱਲ ਕੀਤੀ ਸੀ, ਉਸ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਅਤੇ ਉਹ ਸ਼ਾਇਦ ਕੀ ਜਾਣਦਾ ਸੀ? (ਪੈਰੇ 2-3 ਦੇਖੋ)

2. ਅਸੀਂ ਕਿਉਂ ਕਹਿ ਸਕਦੇ ਹਾਂ ਜਿਸ ਅਪਰਾਧੀ ਨੇ ਤੋਬਾ ਕੀਤੀ ਸੀ, ਉਹ ਸ਼ਾਇਦ ਇਕ ਯਹੂਦੀ ਸੀ?

2 ਲੱਗਦਾ ਹੈ ਕਿ ਜਿਸ ਅਪਰਾਧੀ ਨੇ ਤੋਬਾ ਕੀਤੀ ਸੀ, ਉਹ ਇਕ ਯਹੂਦੀ ਸੀ। ਉਸ ਅਪਰਾਧੀ ਨੇ ਦੂਜੇ ਅਪਰਾਧੀ ਨੂੰ ਕਿਹਾ ਸੀ: “ਤੈਨੂੰ ਜ਼ਰਾ ਵੀ ਰੱਬ ਦਾ ਡਰ ਨਹੀਂ? ਤੈਨੂੰ ਵੀ ਤਾਂ ਉਹੀ ਸਜ਼ਾ ਮਿਲੀ ਹੈ ਜੋ ਇਸ ਨੂੰ ਮਿਲੀ ਹੈ।” (ਲੂਕਾ 23:40) ਯਹੂਦੀ ਸਿਰਫ਼ ਇੱਕੋ ਪਰਮੇਸ਼ੁਰ ਦੀ ਭਗਤੀ ਕਰਦੇ ਸਨ, ਪਰ ਹੋਰ ਕੌਮਾਂ ਦੇ ਲੋਕ ਬਹੁਤ ਸਾਰੇ ਦੇਵੀ-ਦੇਵਤਿਆਂ ਨੂੰ ਮੰਨਦੇ ਸਨ। (ਕੂਚ 20:2, 3; 1 ਕੁਰਿੰ. 8:5, 6) ਜੇ ਉਹ ਅਪਰਾਧੀ ਕਿਸੇ ਹੋਰ ਕੌਮ ਵਿੱਚੋਂ ਹੁੰਦੇ, ਤਾਂ ਸ਼ਾਇਦ ਸਵਾਲ ਇਹ ਹੋਣਾ ਸੀ, “ਤੈਨੂੰ ਦੇਵੀ-ਦੇਵਤਿਆਂ ਦਾ ਜ਼ਰਾ ਵੀ ਡਰ ਨਹੀਂ ਹੈ?” ਇਸ ਤੋਂ ਇਲਾਵਾ, ਯਿਸੂ ਨੂੰ ਹੋਰ ਕੌਮਾਂ ਦੇ ਲੋਕਾਂ ਕੋਲ ਨਹੀਂ, ਸਗੋਂ “ਇਜ਼ਰਾਈਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਭੇਜਿਆ ਗਿਆ” ਸੀ। (ਮੱਤੀ 15:24) ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਦੱਸਿਆ ਸੀ ਕਿ ਉਹ ਮਰੇ ਹੋਇਆ ਨੂੰ ਜੀਉਂਦਾ ਕਰੇਗਾ। ਅਪਰਾਧੀ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਉਹ ਇਹ ਗੱਲ ਜਾਣਦਾ ਸੀ ਅਤੇ ਉਸ ਨੇ ਸੋਚਿਆ ਹੋਣਾ ਕਿ ਯਹੋਵਾਹ ਯਿਸੂ ਨੂੰ ਜੀਉਂਦਾ ਕਰ ਕੇ ਆਪਣੇ ਰਾਜ ਦਾ ਰਾਜਾ ਬਣਾਵੇਗਾ। ਉਸ ਨੂੰ ਇਹ ਵੀ ਉਮੀਦ ਸੀ ਕਿ ਯਹੋਵਾਹ ਉਸ ਨੂੰ ਵੀ ਜੀਉਂਦਾ ਕਰੇਗਾ।

3. ਜਦੋਂ ਯਿਸੂ ਨੇ ਅਪਰਾਧੀ ਨੂੰ ਜ਼ਿੰਦਗੀ ਦੇ ਬਾਗ਼ ਬਾਰੇ ਦੱਸਿਆ, ਤਾਂ ਉਸ ਨੇ ਸ਼ਾਇਦ ਕਿਸ ਬਾਰੇ ਸੋਚਿਆ ਹੋਣਾ? (ਉਤਪਤ 2:15)

3 ਜੇ ਉਹ ਅਪਰਾਧੀ ਇਕ ਯਹੂਦੀ ਸੀ, ਤਾਂ ਹੋ ਸਕਦਾ ਹੈ ਕਿ ਉਹ ਆਦਮ ਤੇ ਹੱਵਾਹ ਬਾਰੇ ਜਾਣਦਾ ਹੋਣਾ। ਉਹ ਸ਼ਾਇਦ ਇਹ ਵੀ ਜਾਣਦਾ ਹੋਣਾ ਕਿ ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਅਦਨ ਦੇ ਸੋਹਣੇ ਬਾਗ਼ ਵਿਚ ਰੱਖਿਆ ਸੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਯਿਸੂ ਨੇ ਉਸ ਨੂੰ ਜ਼ਿੰਦਗੀ ਦੇ ਬਾਗ਼ ਬਾਰੇ ਦੱਸਿਆ, ਤਾਂ ਉਸ ਨੇ ਧਰਤੀ ʼਤੇ ਇਕ ਸੋਹਣੇ ਬਾਗ਼ ਬਾਰੇ ਹੀ ਸੋਚਿਆ ਹੋਣਾ।​—ਉਤਪਤ 2:15 ਪੜ੍ਹੋ।

4. ਅਪਰਾਧੀ ਨੂੰ ਕਹੇ ਯਿਸੂ ਦੇ ਸ਼ਬਦਾਂ ਕਰਕੇ ਸਾਨੂੰ ਕਿਸ ਚੀਜ਼ ਦੀ ਕਲਪਨਾ ਕਰਨੀ ਚਾਹੀਦੀ ਹੈ?

4 ਅਪਰਾਧੀ ਨੂੰ ਕਹੇ ਯਿਸੂ ਦੇ ਸ਼ਬਦਾਂ ਕਰਕੇ ਸਾਨੂੰ ਵੀ ਬਾਗ਼ ਵਰਗੀ ਸੋਹਣੀ ਧਰਤੀ ʼਤੇ ਜ਼ਿੰਦਗੀ ਦੀ ਕਲਪਨਾ ਕਰਨੀ ਚਾਹੀਦੀ ਹੈ। ਅਜਿਹੀ ਜ਼ਿੰਦਗੀ ਦੀ ਇਕ ਝਲਕ ਸਾਨੂੰ ਸੁਲੇਮਾਨ ਦੇ ਰਾਜ ਤੋਂ ਮਿਲਦੀ ਹੈ। ਸੁਲੇਮਾਨ ਦੇ ਰਾਜ ਵਿਚ ਬਹੁਤ ਸ਼ਾਂਤੀ ਸੀ। ਯਿਸੂ ਸੁਲੇਮਾਨ ਨਾਲੋਂ ਕਿਤੇ ਜ਼ਿਆਦਾ ਮਹਾਨ ਹੈ। ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਿਸੂ 1,44,000 ਜਣਿਆਂ ਨਾਲ ਮਿਲ ਕੇ ਇਸ ਧਰਤੀ ਨੂੰ ਖ਼ੂਬਸੂਰਤ ਬਣਾ ਦੇਵੇਗਾ। ਉਸ ਦੇ ਰਾਜ ਵਿਚ ਹਰ ਪਾਸੇ ਸ਼ਾਂਤੀ ਹੋਵੇਗੀ। (ਮੱਤੀ 12:42) ਇਸ ਲਈ “ਹੋਰ ਭੇਡਾਂ” ਨੂੰ ਸੋਚਣਾ ਚਾਹੀਦਾ ਹੈ ਕਿ ਜ਼ਿੰਦਗੀ ਦੇ ਬਾਗ਼ ਵਿਚ ਰਹਿਣ ਦੇ ਲਾਇਕ ਬਣਨ ਲਈ ਉਨ੍ਹਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ।​—ਯੂਹੰ. 10:16.

ਜ਼ਿੰਦਗੀ ਦੇ ਬਾਗ਼ ਵਿਚ ਜੀਵਨ ਕਿਹੋ ਜਿਹਾ ਹੋਵੇਗਾ?

5. ਤੁਹਾਡੇ ਮੁਤਾਬਕ ਜ਼ਿੰਦਗੀ ਦਾ ਬਾਗ਼ ਕਿਹੋ ਜਿਹਾ ਹੋਵੇਗਾ?

5 ਤੁਹਾਡੇ ਮਨ ਵਿਚ ਜ਼ਿੰਦਗੀ ਦੇ ਬਾਗ਼ ਦੀ ਕਿਹੋ ਜਿਹੀ ਤਸਵੀਰ ਬਣਦੀ ਹੈ? ਸ਼ਾਇਦ ਤੁਹਾਡੇ ਮਨ ਵਿਚ ਅਦਨ ਦੇ ਬਾਗ਼ ਵਰਗੇ ਇਕ ਬਹੁਤ ਹੀ ਖ਼ੂਬਸੂਰਤ ਬਾਗ਼ ਦੀ ਤਸਵੀਰ ਆਵੇ। (ਉਤ. 2:7-9) ਹੋ ਸਕਦਾ ਹੈ ਕਿ ਤੁਹਾਨੂੰ ਮੀਕਾਹ ਦੀ ਇਹ ਭਵਿੱਖਬਾਣੀ ਯਾਦ ਆਵੇ ਕਿ ਪਰਮੇਸ਼ੁਰ ਦੇ ਲੋਕ “ਆਪੋ-ਆਪਣੀ ਅੰਗੂਰੀ ਵੇਲ ਅਤੇ ਅੰਜੀਰ ਦੇ ਦਰਖ਼ਤ ਹੇਠ ਬੈਠਣਗੇ।” (ਮੀਕਾ. 4:3, 4) ਸ਼ਾਇਦ ਤੁਹਾਨੂੰ ਬਾਈਬਲ ਦੀ ਉਹ ਆਇਤਾਂ ਵੀ ਯਾਦ ਆਉਣ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਖਾਣ ਨੂੰ ਢੇਰ ਸਾਰਾ ਭੋਜਨ ਹੋਵੇਗਾ। (ਜ਼ਬੂ. 72:16; ਯਸਾ. 65:21, 22) ਹੁਣ ਜ਼ਰਾ ਕਲਪਨਾ ਕਰੋ ਕਿ ਤੁਸੀਂ ਜ਼ਿੰਦਗੀ ਦੇ ਬਾਗ਼ ਵਿਚ ਹੋ ਅਤੇ ਹਵਾ ਵਿਚ ਹਰ ਪਾਸੇ ਪੇੜ-ਪੌਦਿਆਂ ਅਤੇ ਤਾਜ਼ੇ-ਤਾਜ਼ੇ ਫੁੱਲਾਂ ਦੀ ਮਹਿਕ ਹੈ। ਤੁਹਾਡੇ ਸਾਮ੍ਹਣੇ ਮੇਜ਼ ਉੱਤੇ ਤਰ੍ਹਾਂ-ਤਰ੍ਹਾਂ ਦਾ ਸੁਆਦਲਾ ਖਾਣਾ ਪਿਆ ਹੋਇਆ ਹੈ ਅਤੇ ਤੁਸੀਂ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮਿਲ ਕੇ ਉਸ ਖਾਣੇ ਦਾ ਮਜ਼ਾ ਲੈ ਰਹੇ ਹੋ। ਇਨ੍ਹਾਂ ਵਿਚ ਤੁਹਾਡੇ ਉਹ ਰਿਸ਼ਤੇਦਾਰ ਅਤੇ ਦੋਸਤ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਹੈ। ਤੁਸੀਂ ਸਾਰੇ ਇਕ-ਦੂਜੇ ਨਾਲ ਮਿਲ ਕੇ ਬਹੁਤ ਖ਼ੁਸ਼ ਹੋ ਅਤੇ ਤੁਸੀਂ ਸਾਰੇ ਖਿੜ-ਖਿੜ ਕੇ ਹੱਸ ਰਹੇ ਹੋ। ਇਹ ਕੋਈ ਸੁਪਨਾ ਨਹੀਂ ਹੈ, ਸਗੋਂ ਭਵਿੱਖ ਵਿਚ ਇਸ ਤਰ੍ਹਾਂ ਜ਼ਰੂਰ ਹੋਵੇਗਾ। ਪਰ ਜ਼ਿੰਦਗੀ ਦੇ ਬਾਗ਼ ਵਿਚ ਰਹਿਣ ਵਾਲਿਆਂ ਕੋਲ ਢੇਰ ਸਾਰਾ ਕੰਮ ਵੀ ਹੋਵੇਗਾ ਜਿਸ ਨੂੰ ਕਰ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲੇਗੀ!

ਜਿਨ੍ਹਾਂ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਸਾਡੇ ਕੋਲ ਉਨ੍ਹਾਂ ਨੂੰ ਸਿਖਾਉਣ ਦਾ ਅਹਿਮ ਕੰਮ ਹੋਵੇਗਾ (ਪੈਰਾ 6 ਦੇਖੋ)

6. ਬਾਗ਼ ਵਰਗੀ ਸੋਹਣੀ ਧਰਤੀ ʼਤੇ ਅਸੀਂ ਕੀ-ਕੀ ਕਰਾਂਗੇ? (ਤਸਵੀਰ ਦੇਖੋ।)

6 ਯਹੋਵਾਹ ਨੇ ਸਾਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਸਾਨੂੰ ਕੰਮ ਤੋਂ ਖ਼ੁਸ਼ੀ ਮਿਲਦੀ ਹੈ। (ਉਪ. 2:24) ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਸਾਡੇ ਕੋਲ ਬਹੁਤ ਕੁਝ ਕਰਨ ਨੂੰ ਹੋਵੇਗਾ। ਮਹਾਂਕਸ਼ਟ ਵਿੱਚੋਂ ਬਚਣ ਵਾਲੇ ਲੋਕਾਂ ਅਤੇ ਦੁਬਾਰਾ ਜੀਉਂਦੇ ਹੋਣ ਵਾਲੇ ਲੱਖਾਂ ਲੋਕਾਂ ਲਈ ਕੱਪੜੇ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਰਹਿਣ ਲਈ ਘਰ ਦੀ ਲੋੜ ਹੋਵੇਗੀ। ਇਹ ਸਾਰੇ ਪ੍ਰਬੰਧ ਕਰਨ ਲਈ ਸਾਨੂੰ ਬਹੁਤ ਕੰਮ ਕਰਨਾ ਪਵੇਗਾ ਅਤੇ ਇਹ ਕੰਮ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਮਿਲੇਗੀ! ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਕਿਹਾ ਸੀ ਕਿ ਉਹ ਪੂਰੀ ਧਰਤੀ ਨੂੰ ਅਦਨ ਦੇ ਬਾਗ਼ ਵਰਗੀ ਸੋਹਣੀ ਬਣਾ ਦੇਣ। ਉਨ੍ਹਾਂ ਵਾਂਗ ਸਾਨੂੰ ਵੀ ਇਸ ਧਰਤੀ ਨੂੰ ਸੋਹਣੇ ਬਾਗ਼ ਵਰਗੀ ਬਣਾਉਣਾ ਪਵੇਗਾ। ਇਸ ਤੋਂ ਇਲਾਵਾ, ਸਾਡੇ ਕੋਲ ਦੁਬਾਰਾ ਜੀਉਂਦੇ ਹੋਏ ਲੋਕਾਂ ਨੂੰ ਯਹੋਵਾਹ ਅਤੇ ਉਸ ਦੇ ਮਕਸਦ ਬਾਰੇ ਸਿਖਾਉਣ ਦਾ ਵਧੀਆ ਮੌਕਾ ਹੋਵੇਗਾ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਉਸ ਬਾਰੇ ਪਤਾ ਨਹੀਂ ਹੋਵੇਗਾ। ਨਾਲੇ ਸਾਡੇ ਕੋਲ ਯਹੋਵਾਹ ਦੇ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਸੇਵਕਾਂ ਨੂੰ ਵੀ ਹੋਰ ਸਿਖਾਉਣਾ ਦਾ ਮੌਕਾ ਮਿਲੇਗਾ ਜੋ ਯਿਸੂ ਬਾਰੇ ਨਹੀਂ ਜਾਣਦੇ ਸਨ।

7. ਸਾਨੂੰ ਕਿਹੜੀ ਗੱਲ ਦਾ ਯਕੀਨ ਹੈ ਅਤੇ ਕਿਉਂ?

7 ਸਾਨੂੰ ਪੂਰਾ ਯਕੀਨ ਹੈ ਕਿ ਜ਼ਿੰਦਗੀ ਦੇ ਬਾਗ਼ ਵਿਚ ਸ਼ਾਂਤੀ ਹੋਵੇਗੀ, ਸਾਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੋਵੇਗੀ ਅਤੇ ਸਾਰਾ ਕੁਝ ਸਹੀ ਢੰਗ ਨਾਲ ਹੋਵੇਗਾ। ਅਸੀਂ ਇਸ ਗੱਲ ʼਤੇ ਕਿਉਂ ਯਕੀਨ ਕਰ ਸਕਦੇ ਹੋ? ਕਿਉਂਕਿ ਯਹੋਵਾਹ ਨੇ ਪਹਿਲਾਂ ਹੀ ਸਾਨੂੰ ਇਸ ਦੀ ਇਕ ਝਲਕ ਦੇ ਦਿੱਤੀ ਕਿ ਉਸ ਦੇ ਪੁੱਤਰ ਦੇ ਰਾਜ ਅਧੀਨ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਸੁਲੇਮਾਨ ਦੇ ਰਾਜ ਤੋਂ ਸਾਨੂੰ ਇਸ ਦੀ ਝਲਕ ਮਿਲਦੀ ਹੈ।

ਸੁਲੇਮਾਨ ਦਾ ਰਾਜ ਜ਼ਿੰਦਗੀ ਦੇ ਬਾਗ਼ ਦੀ ਇਕ ਝਲਕ

8. ਜ਼ਬੂਰ 37:10, 11, 29 ਵਿਚ ਦਰਜ ਦਾਊਦ ਦੀਆਂ ਗੱਲਾਂ ਬੀਤੇ ਸਮੇਂ ਵਿਚ ਕਿਵੇਂ ਪੂਰੀਆਂ ਹੋਈਆਂ? (ਇਸ ਅੰਕ ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਦੇਖੋ।)

8 ਰਾਜਾ ਦਾਊਦ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਸੀ ਕਿ ਜਦੋਂ ਬੁੱਧੀਮਾਨ ਅਤੇ ਵਫ਼ਾਦਾਰ ਰਾਜਾ ਰਾਜ ਕਰੇਗਾ, ਤਾਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ। (ਜ਼ਬੂਰ 37:10, 11, 29 ਪੜ੍ਹੋ।) ਜਦੋਂ ਅਸੀਂ ਦੂਜਿਆਂ ਨਾਲ ਬਾਗ਼ ਵਰਗੀ ਸੋਹਣੀ ਧਰਤੀ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਅਕਸਰ ਉਨ੍ਹਾਂ ਨਾਲ ਜ਼ਬੂਰ 37:11 ʼਤੇ ਚਰਚਾ ਕਰਦੇ ਹਾਂ। ਇਸ ਤਰ੍ਹਾਂ ਕਰਨਾ ਸਹੀ ਵੀ ਹੈ ਕਿਉਂਕਿ ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਇਸ ਆਇਤ ਦਾ ਹਵਾਲਾ ਦਿੰਦਿਆਂ ਦੱਸਿਆ ਸੀ ਕਿ ਇਸ ਆਇਤ ਦੀਆਂ ਗੱਲਾਂ ਭਵਿੱਖ ਵਿਚ ਵੀ ਪੂਰੀਆਂ ਹੋਣਗੀਆਂ। (ਮੱਤੀ 5:5) ਦਾਊਦ ਦੇ ਸ਼ਬਦਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸੁਲੇਮਾਨ ਦੇ ਰਾਜ ਦੌਰਾਨ ਜ਼ਿੰਦਗੀ ਕਿਹੋ ਜਿਹੀ ਹੋਣੀ ਸੀ। ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਇਜ਼ਰਾਈਲ ਵਿਚ ‘ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਣਗੀਆਂ।’ ਯਹੋਵਾਹ ਨੇ ਆਪਣੇ ਲੋਕਾਂ ਨੂੰ ਇਹ ਵੀ ਕਿਹਾ ਸੀ: ‘ਜੇ ਤੁਸੀਂ ਮੇਰੇ ਨਿਯਮਾਂ ਦੀ ਪਾਲਣਾ ਕਰਦੇ ਰਹੋਗੇ, ਤਾਂ ਮੈਂ ਦੇਸ਼ ਵਿਚ ਸ਼ਾਂਤੀ ਕਾਇਮ ਕਰਾਂਗਾ ਅਤੇ ਤੁਹਾਨੂੰ ਕੋਈ ਨਹੀਂ ਡਰਾਵੇਗਾ।’ (ਲੇਵੀ. 20:24; 26:3, 6) ਯਹੋਵਾਹ ਦੇ ਸਾਰੇ ਵਾਅਦੇ ਸੁਲੇਮਾਨ ਦੇ ਰਾਜ ਵਿਚ ਪੂਰੇ ਹੋਏ। (1 ਇਤਿ. 22:9; 29:26-28) ਜਦੋਂ ਸੁਲੇਮਾਨ ਰਾਜ ਕਰਦਾ ਸੀ, ਤਾਂ ਪਰਮੇਸ਼ੁਰ ਦੇ ਲੋਕਾਂ ਵਿਚ ਸੱਚੀ ਸ਼ਾਂਤੀ ਸੀ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਇਸ ਤੋਂ ਇਲਾਵਾ, ਜੇ ਸਾਰੇ ਲੋਕ ਯਹੋਵਾਹ ਦਾ ਕਹਿਣਾ ਮੰਨਦੇ, ਤਾਂ ਦੇਸ਼ ਵਿੱਚੋਂ ਦੁਸ਼ਟ ਲੋਕ ‘ਖ਼ਤਮ ਹੋ ਜਾਣੇ’ ਸਨ। (ਜ਼ਬੂ. 37:10) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜ਼ਬੂਰ 37:10, 11, 29 ਵਿਚ ਲਿਖੀਆਂ ਗੱਲਾਂ ਬੀਤੇ ਸਮੇਂ ਵਿਚ ਵੀ ਪੂਰੀਆਂ ਹੋਈਆਂ ਅਤੇ ਭਵਿੱਖ ਵਿਚ ਵੀ ਜ਼ਰੂਰ ਪੂਰੀਆਂ ਹੋਣਗੀਆਂ।

9. ਸ਼ਬਾ ਦੀ ਰਾਣੀ ਨੇ ਰਾਜਾ ਸੁਲੇਮਾਨ ਦੇ ਰਾਜ ਬਾਰੇ ਕੀ ਕਿਹਾ ਸੀ?

9 ਸੁਲੇਮਾਨ ਦੇ ਰਾਜ ਵਿਚ ਲੋਕਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਉਸ ਦੇ ਰਾਜ ਵਿਚ ਇੰਨੀ ਸ਼ਾਂਤੀ ਤੇ ਖ਼ੁਸ਼ਹਾਲੀ ਸੀ ਕਿ ਇਸ ਦੀਆਂ ਧੁੰਮਾਂ ਸ਼ਬਾ ਦੀ ਰਾਣੀ ਦੇ ਕੰਨਾਂ ਤਕ ਵੀ ਪਹੁੰਚੀਆਂ। ਉਹ ਕਾਫ਼ੀ ਲੰਬਾ ਸਫ਼ਰ ਕਰ ਕੇ ਯਰੂਸ਼ਲਮ ਆਈ ਤਾਂਕਿ ਉਹ ਆਪਣੀ ਅੱਖੀਂ ਸਭ ਕੁਝ ਦੇਖ ਸਕੇ। (1 ਰਾਜ. 10:1) ਸੁਲੇਮਾਨ ਦਾ ਰਾਜ ਦੇਖਣ ਤੋਂ ਬਾਅਦ ਉਸ ਨੇ ਕਿਹਾ: “ਸੱਚ ਦੱਸਾਂ ਤਾਂ ਮੈਨੂੰ ਇਸ ਬਾਰੇ ਅੱਧਾ ਵੀ ਨਹੀਂ ਦੱਸਿਆ ਗਿਆ। . . . ਖ਼ੁਸ਼ ਹਨ ਤੇਰੇ ਆਦਮੀ ਤੇ ਧੰਨ ਹਨ ਤੇਰੇ ਸੇਵਕ ਜੋ ਸਦਾ ਤੇਰੀ ਹਜ਼ੂਰੀ ਵਿਚ ਖੜ੍ਹੇ ਰਹਿੰਦੇ ਹਨ ਅਤੇ ਤੇਰੀ ਬੁੱਧ ਦੀਆਂ ਗੱਲਾਂ ਸੁਣਦੇ ਹਨ!” (1 ਰਾਜ. 10:6-8) ਸੁਲੇਮਾਨ ਦਾ ਰਾਜ ਪਰਮੇਸ਼ੁਰ ਦੇ ਰਾਜ ਦੀ ਸਿਰਫ਼ ਇਕ ਝਲਕ ਹੀ ਸੀ। ਪਰ ਯਹੋਵਾਹ ਆਪਣੇ ਪੁੱਤਰ ਯਿਸੂ ਦੇ ਰਾਜ ਅਧੀਨ ਮਨੁੱਖਜਾਤੀ ਲਈ ਇਸ ਨਾਲੋਂ ਕਿਤੇ ਵਧ ਕੇ ਕਰੇਗਾ।

10. ਯਿਸੂ ਸੁਲੇਮਾਨ ਨਾਲੋਂ ਕਿਵੇਂ ਮਹਾਨ ਹੈ?

10 ਯਿਸੂ ਸੁਲੇਮਾਨ ਨਾਲੋਂ ਹਰ ਮਾਮਲੇ ਵਿਚ ਮਹਾਨ ਹੈ। ਸੁਲੇਮਾਨ ਨਾਮੁਕੰਮਲ ਸੀ। ਉਸ ਨੇ ਕਈ ਗ਼ਲਤ ਫ਼ੈਸਲੇ ਕੀਤੇ ਜਿਨ੍ਹਾਂ ਕਰਕੇ ਪਰਮੇਸ਼ੁਰ ਦੇ ਲੋਕਾਂ ʼਤੇ ਦੁੱਖ-ਮੁਸੀਬਤਾਂ ਆਈਆਂ। ਪਰ ਯਿਸੂ ਮੁਕੰਮਲ ਰਾਜਾ ਹੈ ਅਤੇ ਉਹ ਕੋਈ ਵੀ ਗ਼ਲਤੀ ਨਹੀਂ ਕਰਦਾ। (ਲੂਕਾ 1:32; ਇਬ. 4:14, 15) ਚਾਹੇ ਸ਼ੈਤਾਨ ਨੇ ਯਿਸੂ ʼਤੇ ਔਖੀਆਂ ਤੋਂ ਔਖੀਆਂ ਮੁਸੀਬਤਾਂ ਲਿਆਂਦੀਆਂ, ਫਿਰ ਵੀ ਉਹ ਯਹੋਵਾਹ ਦਾ ਵਫ਼ਾਦਾਰ ਰਿਹਾ। ਮਸੀਹ ਨੇ ਸਾਬਤ ਕੀਤਾ ਕਿ ਉਹ ਕਦੇ ਵੀ ਪਾਪ ਨਹੀਂ ਕਰੇਗਾ ਅਤੇ ਨਾ ਹੀ ਇੱਦਾਂ ਦਾ ਕੁਝ ਕਰੇਗਾ ਜਿਸ ਨਾਲ ਉਸ ਦੀ ਪਰਜਾ ʼਤੇ ਦੁੱਖ ਆਉਣ। ਸੱਚ-ਮੁੱਚ, ਸਾਡੇ ਲਈ ਇਹ ਕਿੰਨੇ ਸਨਮਾਨ ਦੀ ਗੱਲ ਹੈ ਕਿ ਯਿਸੂ ਸਾਡਾ ਰਾਜਾ ਹੈ!

11. ਯਿਸੂ ਨਾਲ ਮਿਲ ਕੇ ਕੌਣ ਰਾਜ ਕਰਨਗੇ?

11 ਯਿਸੂ ਨਾਲ ਮਿਲ ਕੇ 1,44,000 ਜਣੇ ਰਾਜ ਕਰਨਗੇ। ਉਹ ਧਰਤੀ ਲਈ ਯਹੋਵਾਹ ਦਾ ਮਕਸਦ ਪੂਰਾ ਕਰਨਗੇ ਅਤੇ ਸਾਰੇ ਲੋਕਾਂ ਦੀ ਦੇਖ-ਭਾਲ ਕਰਨਗੇ। (ਪ੍ਰਕਾ. 14:1-3) ਧਰਤੀ ʼਤੇ ਹੁੰਦਿਆਂ 1,44,000 ਜਣਿਆਂ ਨੇ ਬਹੁਤ ਸਾਰੀਆਂ ਦੁੱਖ-ਮੁਸੀਬਤਾਂ ਸਹੀਆਂ ਸਨ। ਇਸ ਲਈ ਭਵਿੱਖ ਵਿਚ ਜਦੋਂ ਉਹ ਰਾਜਿਆਂ ਵਜੋਂ ਰਾਜ ਕਰਨਗੇ, ਤਾਂ ਉਹ ਸਾਡੇ ਨਾਲ ਹਮਦਰਦੀ ਰੱਖਣਗੇ। ਨਵੀਂ ਦੁਨੀਆਂ ਵਿਚ ਉਹ ਖ਼ਾਸ ਕਰਕੇ ਕੀ-ਕੀ ਕਰਨਗੇ?

ਚੁਣੇ ਹੋਏ ਮਸੀਹੀ ਕੀ-ਕੀ ਕਰਨਗੇ?

12. ਯਹੋਵਾਹ 1,44,000 ਜਣਿਆਂ ਨੂੰ ਕਿਹੜਾ ਕੰਮ ਦੇਵੇਗਾ?

12 ਯਿਸੂ ਅਤੇ 1,44,000 ਜਣੇ ਸੁਲੇਮਾਨ ਨਾਲੋਂ ਕਿਤੇ ਜ਼ਿਆਦਾ ਕੰਮ ਕਰਨਗੇ। ਸੁਲੇਮਾਨ ਇਜ਼ਰਾਈਲ ਦਾ ਰਾਜਾ ਸੀ ਅਤੇ ਉਸ ਨੇ ਸਿਰਫ਼ ਆਪਣੇ ਦੇਸ਼ ਦੇ ਲੱਖਾਂ ਲੋਕਾਂ ਦੀ ਦੇਖ-ਭਾਲ ਕਰਨੀ ਸੀ। ਪਰ ਪਰਮੇਸ਼ੁਰ ਦੇ ਰਾਜ ਦੇ ਰਾਜੇ ਪੂਰੀ ਧਰਤੀ ʼਤੇ ਅਰਬਾਂ ਲੋਕਾਂ ਦੀ ਦੇਖ-ਭਾਲ ਕਰਨਗੇ। ਸੱਚ-ਮੁੱਚ, ਯਹੋਵਾਹ ਨੇ 1,44,000 ਜਣਿਆਂ ਨੂੰ ਕਿੰਨਾ ਵੱਡਾ ਸਨਮਾਨ ਦਿੱਤਾ ਹੈ!

13. ਯਿਸੂ ਨਾਲ ਮਿਲ ਕੇ ਰਾਜ ਕਰਨ ਵਾਲੇ ਰਾਜੇ ਕਿਹੜਾ ਖ਼ਾਸ ਕੰਮ ਕਰਨਗੇ?

13 ਯਿਸੂ ਵਾਂਗ 1,44,000 ਜਣੇ ਰਾਜਿਆਂ ਅਤੇ ਪੁਜਾਰੀਆਂ ਵਜੋਂ ਸੇਵਾ ਕਰਨਗੇ। (ਪ੍ਰਕਾ. 5:10) ਮੂਸਾ ਦੇ ਕਾਨੂੰਨ ਮੁਤਾਬਕ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਅਤੇ ਪਰਮੇਸ਼ੁਰ ਨਾਲ ਉਨ੍ਹਾਂ ਦੇ ਰਿਸ਼ਤੇ ਦੀ ਰਾਖੀ ਕਰਨੀ ਖ਼ਾਸ ਕਰਕੇ ਪੁਜਾਰੀਆਂ ਦੀ ਜ਼ਿੰਮੇਵਾਰੀ ਸੀ। “ਮੂਸਾ ਦਾ ਕਾਨੂੰਨ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਹੀ” ਸੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਿਸੂ ਅਤੇ 1,44,000 ਰਾਜੇ ਇਸ ਗੱਲ ਦਾ ਧਿਆਨ ਰੱਖਣਗੇ ਕਿ ਸਾਰੇ ਲੋਕਾਂ ਦੀ ਸਿਹਤ ਚੰਗੀ ਰਹੇ ਅਤੇ ਉਹ ਯਹੋਵਾਹ ਦੇ ਨੇੜੇ ਰਹਿਣ। (ਇਬ. 10:1) ਅਸੀਂ ਨਹੀਂ ਜਾਣਦੇ ਕਿ ਜ਼ਿੰਦਗੀ ਦੇ ਬਾਗ਼ ਵਿਚ ਇਹ ਰਾਜੇ ਅਤੇ ਪੁਜਾਰੀ ਪਰਮੇਸ਼ੁਰ ਦੀ ਪਰਜਾ ਨਾਲ ਕਿਵੇਂ ਗੱਲ ਕਰਨਗੇ ਜਾਂ ਉਨ੍ਹਾਂ ਦੀ ਕਿਵੇਂ ਅਗਵਾਈ ਕਰਨਗੇ। ਪਰ ਅਸੀਂ ਇਸ ਗੱਲ ਦਾ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਜ਼ਿੰਦਗੀ ਦੇ ਬਾਗ਼ ਵਿਚ ਸਾਡੀ ਅਗਵਾਈ ਕਰਨ ਲਈ ਜ਼ਰੂਰ ਲੋੜੀਂਦੇ ਪ੍ਰਬੰਧ ਕਰੇਗਾ।​—ਪ੍ਰਕਾ. 21:3, 4.

ਜ਼ਿੰਦਗੀ ਦੇ ਬਾਗ਼ ਵਿਚ ਜੀਉਣ ਦੇ ਲਾਇਕ ਬਣਨ ਲਈ “ਹੋਰ ਭੇਡਾਂ” ਨੂੰ ਕੀ ਕਰਨਾ ਚਾਹੀਦਾ ਹੈ?

14. ਬਾਈਬਲ ਵਿਚ “ਛੋਟੇ ਝੁੰਡ” ਅਤੇ “ਹੋਰ ਭੇਡਾਂ” ਬਾਰੇ ਕੀ ਲਿਖਿਆ ਹੈ?

14 ਯਿਸੂ ਨੇ ਦੋ ਸਮੂਹਾਂ ਬਾਰੇ ਗੱਲ ਕੀਤੀ ਸੀ। ਪਹਿਲੇ ਸਮੂਹ ਵਿਚ ਉਹ ਲੋਕ ਹੋਣਗੇ ਜੋ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। ਯਿਸੂ ਨੇ ਉਨ੍ਹਾਂ ਨੂੰ ‘ਛੋਟਾ ਝੁੰਡ’ ਕਿਹਾ। (ਲੂਕਾ 12:32) ਦੂਜੇ ਸਮੂਹ ਦੇ ਲੋਕ ਧਰਤੀ ਉੱਤੇ ਹਮੇਸ਼ਾ ਲਈ ਜੀਉਣਗੇ। ਯਿਸੂ ਨੇ ਉਨ੍ਹਾਂ ਨੂੰ “ਹੋਰ ਭੇਡਾਂ” ਕਿਹਾ। ਬਾਈਬਲ ਵਿਚ ਇਹ ਦੱਸਿਆ ਗਿਆ ਹੈ ਕਿ ਇਹ ਦੋਵੇਂ ਸਮੂਹ ਮਿਲ ਕੇ ‘ਇਕ ਝੁੰਡ’ ਬਣਦੇ ਹਨ। (ਯੂਹੰ. 10:16) ਅੱਜ ਇਹ ਦੋਵੇਂ ਸਮੂਹ ਮਿਲ ਕੇ ਕੰਮ ਕਰ ਰਹੇ ਹਨ ਅਤੇ ਉਹ ਜ਼ਿੰਦਗੀ ਦੇ ਬਾਗ਼ ਵਿਚ ਵੀ ਇਸੇ ਤਰ੍ਹਾਂ ਕਰਦੇ ਰਹਿਣਗੇ। ਉਸ ਸਮੇਂ “ਛੋਟੇ ਝੁੰਡ” ਦੇ ਸਾਰੇ ਲੋਕ ਸਵਰਗ ਚਲੇ ਜਾਣਗੇ ਅਤੇ “ਹੋਰ ਭੇਡਾਂ” ਦੇ ਲੋਕਾਂ ਕੋਲ ਧਰਤੀ ʼਤੇ ਹਮੇਸ਼ਾ ਤਕ ਜੀਉਣ ਦਾ ਮੌਕਾ ਹੋਵੇਗਾ। ਪਰ “ਹੋਰ ਭੇਡਾਂ” ਨੂੰ ਅੱਜ ਕੀ ਕਰਨਾ ਚਾਹੀਦਾ ਹੈ ਤਾਂਕਿ ਉਹ ਜ਼ਿੰਦਗੀ ਦੇ ਬਾਗ਼ ਵਿਚ ਜੀਉਣ ਦੇ ਲਾਇਕ ਬਣ ਸਕਣ?

ਅਸੀਂ ਹੁਣ ਤੋਂ ਹੀ ਇਹ ਦਿਖਾ ਸਕਦੇ ਹਾਂ ਕਿ ਅਸੀਂ ਜ਼ਿੰਦਗੀ ਦੇ ਬਾਗ਼ ਵਿਚ ਰਹਿਣ ਦੀ ਤਿਆਰੀ ਕਰ ਰਹੇ ਹਾਂ (ਪੈਰਾ 15 ਦੇਖੋ) b

15. (ੳ) “ਹੋਰ ਭੇਡਾਂ” ਮਸੀਹ ਦੇ ਭਰਾਵਾਂ ਦਾ ਸਾਥ ਕਿਵੇਂ ਦਿੰਦੀਆਂ ਹਨ? (ਅ) ਤੁਸੀਂ ਤਸਵੀਰ ਵਿਚ ਦਿਖਾਏ ਭਰਾ ਦੀ ਰੀਸ ਕਿਵੇਂ ਕਰ ਸਕਦੇ ਹੋ?

15 ਜਿਸ ਅਪਰਾਧੀ ਨੇ ਤੋਬਾ ਕੀਤੀ ਸੀ, ਉਸ ਨੂੰ ਆਪਣੀ ਮੌਤ ਤੋਂ ਪਹਿਲਾਂ ਆਪਣੇ ਕੰਮਾਂ ਰਾਹੀਂ ਮਸੀਹ ਯਿਸੂ ਲਈ ਕਦਰਦਾਨੀ ਜ਼ਾਹਰ ਕਰਨ ਦਾ ਮੌਕਾ ਨਹੀਂ ਮਿਲਿਆ। ਉਸ ਅਪਰਾਧੀ ਤੋਂ ਉਲਟ “ਹੋਰ ਭੇਡਾਂ” ਦੇ ਲੋਕਾਂ ਕੋਲ ਯਿਸੂ ਲਈ ਕਦਰਦਾਨੀ ਦਿਖਾਉਣ ਦੇ ਬਹੁਤ ਸਾਰੇ ਮੌਕੇ ਹਨ। ਉਦਾਹਰਣ ਲਈ, ਅਸੀਂ ਚੁਣੇ ਹੋਏ ਭਰਾਵਾਂ ਦਾ ਸਾਥ ਦੇ ਕੇ ਯਿਸੂ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਾਂ। ਯਿਸੂ ਨੇ ਕਿਹਾ ਸੀ ਕਿ ਸਾਡਾ ਨਿਆਂ ਵੀ ਇਸ ਆਧਾਰ ਤੇ ਕੀਤਾ ਜਾਵੇਗਾ ਕਿ ਅਸੀਂ ਚੁਣੇ ਹੋਏ ਮਸੀਹੀਆਂ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹਾਂ। (ਮੱਤੀ 25:31-40) ਸਾਨੂੰ ਪੂਰੇ ਜੋਸ਼ ਨਾਲ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਕੇ ਮਸੀਹ ਦੇ ਇਨ੍ਹਾਂ ਭਰਾਵਾਂ ਦਾ ਸਾਥ ਦੇਣਾ ਚਾਹੀਦਾ ਹੈ। (ਮੱਤੀ 28:18-20) ਨਾਲੇ ਸਾਨੂੰ ਉਨ੍ਹਾਂ ਸਾਰੇ ਪ੍ਰਕਾਸ਼ਨਾਂ ਤੋਂ ਹੀ ਸਟੱਡੀਆਂ ਕਰਾਉਣੀਆਂ ਚਾਹੀਦੀਆਂ ਹਨ ਜੋ ਉਹ ਤਿਆਰ ਕਰਦੇ ਹਨ, ਜਿਵੇਂ ਕਿ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ। ਜੇ ਤੁਸੀਂ ਹਾਲੇ ਤਕ ਕੋਈ ਬਾਈਬਲ ਸਟੱਡੀ ਨਹੀਂ ਕਰਾ ਰਹੇ ਹੋ, ਤਾਂ ਜਿਨ੍ਹਾਂ ਲੋਕਾਂ ਨੂੰ ਤੁਸੀਂ ਪ੍ਰਚਾਰ ਕਰਦੇ ਹੋ ਉਨ੍ਹਾਂ ਨਾਲ ਸਟੱਡੀ ਸ਼ੁਰੂ ਕਰਨ ਦਾ ਟੀਚਾ ਰੱਖੋ।

16. ਪਰਮੇਸ਼ੁਰ ਦੇ ਰਾਜ ਦੀ ਪਰਜਾ ਬਣਨ ਲਈ ਅਸੀਂ ਅੱਜ ਤੋਂ ਤਿਆਰੀ ਕਿਵੇਂ ਕਰ ਸਕਦੇ ਹਾਂ?

16 ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਅਸੀਂ ਨਵੀਂ ਦੁਨੀਆਂ ਵਿਚ ਜਾ ਕੇ ਹੀ ਉਸ ਤਰ੍ਹਾਂ ਦੇ ਇਨਸਾਨ ਬਣਾਂਗੇ ਜਿੱਦਾਂ ਦੇ ਯਹੋਵਾਹ ਚਾਹੁੰਦਾ ਹੈ। ਇਸ ਦੀ ਬਜਾਇ, ਅਸੀਂ ਹੁਣ ਤੋਂ ਹੀ ਆਪਣੇ ਅੰਦਰ ਚੰਗੇ ਗੁਣ ਵਧਾ ਸਕਦੇ ਹਾਂ। ਅਸੀਂ ਈਮਾਨਦਾਰ ਬਣ ਸਕਦੇ ਹਾਂ, ਹਮੇਸ਼ਾ ਸੱਚ ਬੋਲਣ ਦੀ ਕੋਸ਼ਿਸ਼ ਕਰ ਸਕਦੇ ਹਾਂ ਅਤੇ ਚੰਗੀਆਂ ਆਦਤਾਂ ਪਾ ਸਕਦੇ ਹਾਂ। ਨਾਲੇ ਅਸੀਂ ਯਹੋਵਾਹ, ਆਪਣੇ ਜੀਵਨ ਸਾਥੀ ਅਤੇ ਆਪਣੇ ਭੈਣਾਂ-ਭਰਾਵਾਂ ਦੇ ਵਫ਼ਾਦਾਰ ਰਹਿ ਸਕਦੇ ਹਾਂ। ਅਸੀਂ ਇਸ ਦੁਸ਼ਟ ਦੁਨੀਆਂ ਵਿਚ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਜਿੰਨਾ ਜ਼ਿਆਦਾ ਚੱਲਾਂਗੇ, ਸਾਡੇ ਲਈ ਜ਼ਿੰਦਗੀ ਦੇ ਬਾਗ਼ ਵਿਚ ਇਸ ਤਰ੍ਹਾਂ ਕਰਨਾ ਉੱਨਾ ਜ਼ਿਆਦਾ ਸੌਖਾ ਹੋਵੇਗਾ। ਇਸ ਤੋਂ ਇਲਾਵਾ, ਸਾਨੂੰ ਅਜਿਹੇ ਹੁਨਰ ਸਿੱਖਣੇ ਅਤੇ ਗੁਣ ਪੈਦਾ ਕਰਨੇ ਚਾਹੀਦੇ ਹਨ ਜੋ ਜ਼ਿੰਦਗੀ ਦੇ ਬਾਗ਼ ਵਿਚ ਸਾਡੇ ਕੰਮ ਆਉਣਗੇ। ਇਸ ਅੰਕ ਵਿਚ “ਕੀ ਤੁਸੀਂ ‘ਧਰਤੀ ਦੇ ਵਾਰਸ’ ਬਣਨ ਲਈ ਤਿਆਰ ਹੋ?” ਨਾਂ ਦਾ ਲੇਖ ਦੇਖੋ।

17. ਜੇ ਅਸੀਂ ਬੀਤੇ ਸਮੇਂ ਵਿਚ ਕੋਈ ਗੰਭੀਰ ਪਾਪ ਕੀਤਾ ਸੀ, ਤਾਂ ਉਸ ਬਾਰੇ ਸੋਚ-ਸੋਚ ਕੇ ਸਾਨੂੰ ਦੁਖੀ ਕਿਉਂ ਨਹੀਂ ਹੋਣਾ ਚਾਹੀਦਾ ਹੈ? ਸਮਝਾਓ।

17 ਜੇ ਅਸੀਂ ਬੀਤੇ ਸਮੇਂ ਵਿਚ ਕੋਈ ਗੰਭੀਰ ਪਾਪ ਕੀਤਾ ਸੀ, ਤਾਂ ਸਾਨੂੰ ਉਸ ਬਾਰੇ ਸੋਚ-ਸੋਚ ਕੇ ਦੁਖੀ ਨਹੀਂ ਹੋਣਾ ਚਾਹੀਦਾ ਹੈ। ਯਿਸੂ ਦੁਆਰਾ ਫ਼ਰੀਸੀਆਂ ਨੂੰ ਕਹੇ ਇਹ ਸ਼ਬਦ ਯਾਦ ਰੱਖੋ: “ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆ ਹਾਂ।” (ਮੱਤੀ 9:13) ਯਿਸੂ ਦੀ ਕੁਰਬਾਨੀ ਦੇ ਆਧਾਰ ਤੇ ਸਾਡੇ ਸਾਰੇ ਪਾਪ ਮਾਫ਼ ਹੋ ਸਕਦੇ ਹਨ। ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਯਹੋਵਾਹ ਯਿਸੂ ਦੀ ਕੁਰਬਾਨੀ ਦੇ ਆਧਾਰ ਤੇ ਸਾਡੇ ਉਹ ਪਾਪ ਵੀ ਮਾਫ਼ ਕਰੇਗਾ ਜੋ ਅਸੀਂ “ਜਾਣ-ਬੁੱਝ ਕੇ” ਕਰਦੇ ਹਾਂ। (ਇਬ. 10:26-31) ਪਰ ਜੇ ਅਸੀਂ ਸੱਚੇ ਦਿਲੋਂ ਤੋਬਾ ਕੀਤੀ ਹੈ, ਯਹੋਵਾਹ ਤੋਂ ਮਾਫ਼ੀ ਮੰਗੀ ਹੈ, ਬਜ਼ੁਰਗਾਂ ਤੋਂ ਮਦਦ ਲਈ ਹੈ ਅਤੇ ਆਪਣੇ ਅੰਦਰ ਬਦਲਾਅ ਕੀਤੇ ਹਨ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਨੇ ਸਾਡੇ ਵੱਡੇ ਤੋਂ ਵੱਡੇ ਪਾਪ ਵੀ ਮਾਫ਼ ਕਰ ਦਿੱਤੇ ਹਨ।​—ਯਸਾ. 55:7; ਰਸੂ. 3:19.

ਤੁਸੀਂ ਜ਼ਿੰਦਗੀ ਦੇ ਬਾਗ਼ ਵਿਚ ਹਮੇਸ਼ਾ ਲਈ ਜੀਉਂਦੇ ਰਹਿ ਸਕਦੇ ਹੋ

18. ਜਦੋਂ ਤੁਸੀਂ ਉਸ ਅਪਰਾਧੀ ਨੂੰ ਮਿਲੋਗੇ ਜਿਸ ਨੂੰ ਯਿਸੂ ਨਾਲ ਸੂਲ਼ੀ ʼਤੇ ਟੰਗਿਆ ਗਿਆ ਸੀ, ਤਾਂ ਤੁਸੀਂ ਉਸ ਨੂੰ ਕੀ ਪੁੱਛੋਗੇ?

18 ਜ਼ਰਾ ਕਲਪਨਾ ਕਰੋ ਕਿ ਤੁਸੀਂ ਜ਼ਿੰਦਗੀ ਦੇ ਬਾਗ਼ ਵਿਚ ਹੋ। ਤੁਸੀਂ ਉਸ ਅਪਰਾਧੀ ਨਾਲ ਗੱਲ ਕਰ ਰਹੇ ਹੋ ਜਿਸ ਨੇ ਯਿਸੂ ਨਾਲ ਗੱਲ ਕੀਤੀ ਸੀ। ਸਭ ਤੋਂ ਪਹਿਲਾਂ ਤੁਸੀਂ ਇਕ-ਦੂਜੇ ਨੂੰ ਦੱਸਦੇ ਹੋ ਕਿ ਤੁਸੀਂ ਯਿਸੂ ਦੀ ਕੁਰਬਾਨੀ ਲਈ ਕਿੰਨੇ ਸ਼ੁਕਰਗੁਜ਼ਾਰ ਹੋ। ਫਿਰ ਸ਼ਾਇਦ ਤੁਸੀਂ ਉਸ ਅਪਰਾਧੀ ਨੂੰ ਪੁੱਛੋ ਕਿ ਜਦੋਂ ਉਸ ਨੂੰ ਸੂਲ਼ੀ ʼਤੇ ਟੰਗ ਦਿੱਤਾ ਗਿਆ ਸੀ, ਤਾਂ ਉਸ ਤੋਂ ਬਾਅਦ ਕੀ-ਕੀ ਹੋਇਆ। ਨਾਲੇ ਜਦੋਂ ਯਿਸੂ ਨੇ ਉਸ ਨੂੰ ਕਿਹਾ ਕਿ ਉਹ ਜ਼ਿੰਦਗੀ ਦੇ ਬਾਗ਼ ਵਿਚ ਉਸ ਨਾਲ ਹੋਵੇਗਾ, ਉਦੋਂ ਉਸ ਨੂੰ ਕਿੱਦਾਂ ਲੱਗਾ। ਹੋ ਸਕਦਾ ਹੈ ਕਿ ਉਹ ਵੀ ਤੁਹਾਨੂੰ ਪੁੱਛੇ ਕਿ ਸ਼ੈਤਾਨ ਦੀ ਦੁਨੀਆਂ ਵਿਚ ਆਖ਼ਰੀ ਦਿਨਾਂ ਦੌਰਾਨ ਜ਼ਿੰਦਗੀ ਕਿਹੋ ਜਿਹੀ ਸੀ। ਸੋਚੋ ਕਿ ਇਹ ਕਿੰਨੇ ਸਨਮਾਨ ਦੀ ਗੱਲ ਹੈ ਕਿ ਅਸੀਂ ਉਸ ਆਦਮੀ ਵਰਗੇ ਬਹੁਤ ਸਾਰੇ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸਟੱਡੀ ਕਰਾਵਾਂਗੇ!​—ਅਫ਼. 4:22-24.

ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਇਕ ਭਰਾ ਇਕ ਅਜਿਹਾ ਹੁਨਰ ਸਿੱਖ ਰਿਹਾ ਹੈ ਜਿਸ ਨੂੰ ਉਹ ਕਈ ਸਾਲਾਂ ਤੋਂ ਸਿੱਖਣਾ ਚਾਹੁੰਦਾ ਸੀ (ਪੈਰਾ 19 ਦੇਖੋ)

19. ਜ਼ਿੰਦਗੀ ਦੇ ਬਾਗ਼ ਵਿਚ ਅਸੀਂ ਕਿਉਂ ਨਹੀਂ ਅੱਕਾਂਗੇ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)

19 ਜ਼ਿੰਦਗੀ ਦੇ ਬਾਗ਼ ਵਿਚ ਅਸੀਂ ਕਦੇ ਵੀ ਅੱਕਾਂਗੇ ਨਹੀਂ। ਅਸੀਂ ਹਮੇਸ਼ਾ ਅਲੱਗ-ਅਲੱਗ ਲੋਕਾਂ ਨੂੰ ਮਿਲਦੇ ਰਹਾਂਗੇ। ਸਾਡੇ ਕੋਲ ਕਰਨ ਲਈ ਢੇਰ ਸਾਰਾ ਕੰਮ ਵੀ ਹੋਵੇਗਾ ਜਿਸ ਤੋਂ ਸਾਨੂੰ ਖ਼ੁਸ਼ੀ ਮਿਲੇਗੀ। ਸਭ ਤੋਂ ਵਧੀਆ ਗੱਲ, ਅਸੀਂ ਹਰ ਰੋਜ਼ ਆਪਣੇ ਸਵਰਗੀ ਪਿਤਾ ਨੂੰ ਹੋਰ ਵੀ ਚੰਗੀ ਤਰ੍ਹਾਂ ਜਾਣ ਸਕਾਂਗੇ ਅਤੇ ਉਸ ਵੱਲੋਂ ਮਿਲੀਆਂ ਬਰਕਤਾਂ ਦਾ ਆਨੰਦ ਮਾਣਾਂਗੇ। ਅਸੀਂ ਹਮੇਸ਼ਾ ਪਰਮੇਸ਼ੁਰ ਬਾਰੇ ਨਵੀਆਂ-ਨਵੀਆਂ ਗੱਲਾਂ ਸਿੱਖਦੇ ਰਹਾਂਗੇ। ਨਾਲੇ ਸਾਡੇ ਕੋਲ ਉਸ ਦੀ ਸ੍ਰਿਸ਼ਟੀ ਨੂੰ ਹੋਰ ਨੇੜਿਓਂ ਜਾਣਨ ਦਾ ਮੌਕਾ ਹੋਵੇਗਾ। ਸਾਡੀ ਜ਼ਿੰਦਗੀ ਜਿੰਨੀ ਜ਼ਿਆਦਾ ਲੰਬੀ ਹੋਵੇਗੀ, ਸਾਡੇ ਦਿਲਾਂ ਵਿਚ ਪਰਮੇਸ਼ੁਰ ਲਈ ਉੱਨਾ ਜ਼ਿਆਦਾ ਪਿਆਰ ਵਧੇਗਾ। ਯਹੋਵਾਹ ਅਤੇ ਯਿਸੂ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਜ਼ਿੰਦਗੀ ਦੇ ਬਾਗ਼ ਵਿਚ ਹਮੇਸ਼ਾ ਲਈ ਜੀਉਂਦੇ ਰਹਿ ਸਕਦੇ ਹਾਂ। ਇਸ ਲਈ ਅਸੀਂ ਉਨ੍ਹਾਂ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ!

ਗੀਤ 22 ਜਲਦੀ ਤੇਰਾ ਰਾਜ ਆਵੇ!

a ਕੀ ਤੁਸੀਂ ਅਕਸਰ ਸੋਚਦੇ ਹੋ ਕਿ ਬਾਗ਼ ਵਰਗੀ ਸੋਹਣੀ ਧਰਤੀ ʼਤੇ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ? ਇਸ ਤਰ੍ਹਾਂ ਕਰਨ ਨਾਲ ਸਾਡਾ ਹੌਸਲਾ ਵਧੇਗਾ। ਅਸੀਂ ਜਿੰਨਾ ਜ਼ਿਆਦਾ ਇਸ ਗੱਲ ʼਤੇ ਸੋਚ-ਵਿਚਾਰ ਕਰਾਂਗੇ ਕਿ ਯਹੋਵਾਹ ਭਵਿੱਖ ਵਿਚ ਸਾਡੇ ਲਈ ਕੀ-ਕੁਝ ਕਰੇਗਾ, ਅਸੀਂ ਉੱਨੇ ਹੀ ਜ਼ਿਆਦਾ ਜੋਸ਼ ਨਾਲ ਦੂਜਿਆਂ ਨੂੰ ਨਵੀਂ ਦੁਨੀਆਂ ਬਾਰੇ ਦੱਸਾਂਗੇ। ਇਸ ਲੇਖ ਨੂੰ ਪੜ੍ਹ ਕੇ ਸਾਡੀ ਨਿਹਚਾ ਪੱਕੀ ਹੋਵੇਗੀ ਕਿ ਯਿਸੂ ਦੇ ਵਾਅਦੇ ਮੁਤਾਬਕ ਸਾਡੀ ਧਰਤੀ ਜ਼ਿੰਦਗੀ ਦਾ ਸੋਹਣਾ ਬਾਗ਼ ਜ਼ਰੂਰ ਬਣੇਗੀ।

b ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਹੁਣ ਤੋਂ ਹੀ ਲੋਕਾਂ ਨੂੰ ਯਹੋਵਾਹ ਬਾਰੇ ਸਿਖਾ ਰਿਹਾ ਹੈ। ਇਸ ਤਰ੍ਹਾਂ ਕਰ ਕੇ ਉਹ ਉਸ ਸਮੇਂ ਦੀ ਤਿਆਰੀ ਕਰ ਰਿਹਾ ਹੈ ਜਦੋਂ ਉਹ ਜ਼ਿੰਦਗੀ ਦੇ ਬਾਗ਼ ਵਿਚ ਜੀਉਂਦੇ ਕੀਤੇ ਗਏ ਲੋਕਾਂ ਨੂੰ ਸਿਖਾਵੇਗਾ।