Skip to content

Skip to table of contents

ਅਧਿਐਨ ਲੇਖ 51

ਦੁੱਖ-ਮੁਸੀਬਤਾਂ ਦੌਰਾਨ ਵੀ ਅਸੀਂ ਸ਼ਾਂਤ ਰਹਿ ਸਕਦੇ ਹਾਂ!

ਦੁੱਖ-ਮੁਸੀਬਤਾਂ ਦੌਰਾਨ ਵੀ ਅਸੀਂ ਸ਼ਾਂਤ ਰਹਿ ਸਕਦੇ ਹਾਂ!

“ਘਬਰਾਓ ਨਾ ਅਤੇ ਡਰ ਦੇ ਮਾਰੇ ਆਪਣੇ ਦਿਲ ਛੋਟੇ ਨਾ ਕਰੋ।” ​—ਯੂਹੰ. 14:27.

ਗੀਤ 112 ਸ਼ਾਂਤੀ ਦਾ ਪਰਮੇਸ਼ੁਰ ਯਹੋਵਾਹ

ਖ਼ਾਸ ਗੱਲਾਂ a

1. “ਪਰਮੇਸ਼ੁਰ ਦੀ ਸ਼ਾਂਤੀ” ਕੀ ਹੈ ਅਤੇ ਇਸ ਕਰਕੇ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ? (ਫ਼ਿਲਿੱਪੀਆਂ 4:6, 7)

 ਇਕ ਅਜਿਹੀ ਸ਼ਾਂਤੀ ਹੈ ਜਿਸ ਬਾਰੇ ਦੁਨੀਆਂ ਦੇ ਲੋਕ ਕੁਝ ਵੀ ਨਹੀਂ ਜਾਣਦੇ। ਉਹ ਹੈ “ਪਰਮੇਸ਼ੁਰ ਦੀ ਸ਼ਾਂਤੀ” ਜੋ ਸਾਨੂੰ ਆਪਣੇ ਸਵਰਗੀ ਪਿਤਾ ਨਾਲ ਵਧੀਆ ਰਿਸ਼ਤਾ ਹੋਣ ਕਰਕੇ ਮਿਲਦੀ ਹੈ। ਇਸ ਸ਼ਾਂਤੀ ਕਰਕੇ ਸਾਡਾ ਮਨ ਸ਼ਾਂਤ ਰਹਿੰਦਾ ਹੈ ਅਤੇ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ। (ਫ਼ਿਲਿੱਪੀਆਂ 4:6, 7 ਪੜ੍ਹੋ।) ਨਾਲੇ ਸਾਡਾ ਉਨ੍ਹਾਂ ਲੋਕਾਂ ਨਾਲ ਚੰਗਾ ਰਿਸ਼ਤਾ ਬਣਦਾ ਹੈ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ। ‘ਸ਼ਾਂਤੀ ਦੇ ਪਰਮੇਸ਼ੁਰ’ ਨਾਲ ਕਰੀਬੀ ਰਿਸ਼ਤਾ ਹੋਣ ਕਰਕੇ ਸਾਨੂੰ ਖ਼ੁਸ਼ੀ ਵੀ ਮਿਲਦੀ ਹੈ। (1 ਥੱਸ. 5:23) ਇਹ ਸੱਚ ਹੈ ਕਿ ਦੁੱਖ-ਮੁਸੀਬਤਾਂ ਆਉਣ ʼਤੇ ਅਸੀਂ ਪਰੇਸ਼ਾਨ ਜ਼ਰੂਰ ਹੁੰਦੇ ਹਾਂ। ਪਰ ਪਰਮੇਸ਼ੁਰ ਨੂੰ ਜਾਣਨ, ਉਸ ʼਤੇ ਭਰੋਸਾ ਰੱਖਣ ਅਤੇ ਉਸ ਦਾ ਕਹਿਣਾ ਮੰਨਣ ਕਰਕੇ ਉਹ ਸਾਨੂੰ ਆਪਣੀ ਸ਼ਾਂਤੀ ਦਿੰਦਾ ਹੈ ਜਿਸ ਕਰਕੇ ਔਖੀਆਂ ਘੜੀਆਂ ਦੌਰਾਨ ਅਸੀਂ ਸ਼ਾਂਤ ਰਹਿ ਪਾਉਂਦੇ ਹਾਂ।

2. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਸਾਨੂੰ ਪਰਮੇਸ਼ੁਰ ਦੀ ਸ਼ਾਂਤੀ ਮਿਲ ਸਕਦੀ ਹੈ?

2 ਜਦੋਂ ਕੋਈ ਬੀਮਾਰੀ ਫੈਲਦੀ ਹੈ, ਕੋਈ ਆਫ਼ਤ ਆਉਂਦੀ ਹੈ, ਦੰਗੇ-ਫ਼ਸਾਦ ਹੁੰਦੇ ਹਨ ਜਾਂ ਜ਼ੁਲਮ ਕੀਤੇ ਜਾਂਦੇ ਹਨ, ਤਾਂ ਡਰ ਤਾਂ ਲੱਗਦਾ ਹੀ ਹੈ। ਪਰ ਕੀ ਇਨ੍ਹਾਂ ਦੁੱਖ-ਮੁਸੀਬਤਾਂ ਵੇਲੇ ਸਾਨੂੰ ਪਰਮੇਸ਼ੁਰ ਦੀ ਸ਼ਾਂਤੀ ਮਿਲ ਸਕਦੀ ਹੈ? ਧਿਆਨ ਦਿਓ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕਿਹਾ: “ਘਬਰਾਓ ਨਾ ਅਤੇ ਡਰ ਦੇ ਮਾਰੇ ਆਪਣੇ ਦਿਲ ਛੋਟੇ ਨਾ ਕਰੋ।” (ਯੂਹੰ. 14:27) ਸਾਡੇ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਖ਼ੁਸ਼ੀ-ਖ਼ੁਸ਼ੀ ਯਿਸੂ ਦੀ ਇਸ ਸਲਾਹ ਨੂੰ ਮੰਨਿਆ ਹੈ ਅਤੇ ਉਹ ਪਰਮੇਸ਼ੁਰ ਦੀ ਮਦਦ ਸਦਕਾ ਔਖੀਆਂ ਤੋਂ ਔਖੀਆਂ ਘੜੀਆਂ ਦੌਰਾਨ ਸ਼ਾਂਤ ਰਹਿ ਪਾਏ ਹਨ।

ਜਦੋਂ ਕੋਈ ਬੀਮਾਰੀ ਫੈਲਦੀ ਹੈ

3. ਬੀਮਾਰੀ ਜਾਂ ਮਹਾਂਮਾਰੀ ਫੈਲਣ ਕਰਕੇ ਸਾਡੀ ਸ਼ਾਂਤੀ ਕਿਵੇਂ ਭੰਗ ਹੋ ਸਕਦੀ ਹੈ?

3 ਜਦੋਂ ਵੀ ਕੋਈ ਬੀਮਾਰੀ ਜਾਂ ਮਹਾਂਮਾਰੀ ਫੈਲਦੀ ਹੈ, ਤਾਂ ਲੋਕਾਂ ਦੀ ਜ਼ਿੰਦਗੀ ਉਥਲ-ਪੁਥਲ ਹੋ ਜਾਂਦੀ ਹੈ। ਸੋਚੋ ਕਿ ਜਦੋਂ ਕੋਵਿਡ-19 ਮਹਾਂਮਾਰੀ ਫੈਲੀ, ਤਾਂ ਕੀ ਹੋਇਆ। ਰਾਤੋ-ਰਾਤ ਲੋਕਾਂ ਦੀ ਜ਼ਿੰਦਗੀ ਬਦਲ ਗਈ। ਇਕ ਸਰਵੇਖਣ ਮੁਤਾਬਕ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਉਹ ਚੰਗੀ ਤਰ੍ਹਾਂ ਸੌਂ ਵੀ ਨਹੀਂ ਸਕਦੇ ਹਨ। ਮਹਾਂਮਾਰੀ ਕਰਕੇ ਲੋਕ ਹੋਰ ਵੀ ਜ਼ਿਆਦਾ ਤਣਾਅ ਅਤੇ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ। ਕਈ ਲੋਕ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਪਏ ਅਤੇ ਕਈਆਂ ਨੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ। ਘਰਾਂ ਵਿਚ ਲੜਾਈ-ਝਗੜੇ ਤੇ ਮਾਰ-ਕੁਟਾਈ ਵਧ ਗਈ ਅਤੇ ਕਈ ਲੋਕਾਂ ਨੇ ਆਤਮ-ਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ। ਜੇ ਤੁਹਾਡੇ ਇਲਾਕੇ ਵਿਚ ਵੀ ਕੋਈ ਬੀਮਾਰੀ ਫੈਲ ਜਾਂਦੀ ਹੈ, ਤਾਂ ਤੁਸੀਂ ਹੱਦੋਂ ਵਧ ਚਿੰਤਾ ਕਰਨ ਤੋਂ ਬਚਣ ਅਤੇ ਪਰਮੇਸ਼ੁਰ ਦੀ ਸ਼ਾਂਤੀ ਪਾਉਣ ਲਈ ਕੀ ਕਰ ਸਕਦੇ ਹੋ?

4. ਯਿਸੂ ਨੇ ਆਖ਼ਰੀ ਦਿਨਾਂ ਬਾਰੇ ਜੋ ਕਿਹਾ ਸੀ ਉਸ ਬਾਰੇ ਜਾਣ ਕੇ ਸਾਨੂੰ ਸ਼ਾਂਤੀ ਕਿਉਂ ਮਿਲਦੀ ਹੈ?

4 ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਆਖ਼ਰੀ ਦਿਨਾਂ ਵਿਚ “ਥਾਂ-ਥਾਂ” ਮਹਾਂਮਾਰੀਆਂ ਫੈਲਣਗੀਆਂ। (ਲੂਕਾ 21:11) ਇਹ ਗੱਲ ਜਾਣ ਕੇ ਅਸੀਂ ਸ਼ਾਂਤ ਕਿਉਂ ਰਹਿ ਪਾਉਂਦੇ ਹਾਂ? ਜਦੋਂ ਕੋਈ ਮਹਾਂਮਾਰੀ ਫੈਲਦੀ ਹੈ, ਤਾਂ ਅਸੀਂ ਹੈਰਾਨ-ਪਰੇਸ਼ਾਨ ਨਹੀਂ ਹੁੰਦੇ ਕਿਉਂਕਿ ਸਾਨੂੰ ਪਤਾ ਹੈ ਕਿ ਯਿਸੂ ਦੇ ਕਹੇ ਮੁਤਾਬਕ ਇੱਦਾਂ ਹੋਣਾ ਹੀ ਹੈ। ਇਸ ਲਈ ਜਦੋਂ ਅਸੀਂ ਇੱਦਾਂ ਦੀਆਂ ਖ਼ਬਰਾਂ ਸੁਣਦੇ ਹਾਂ, ਤਾਂ ਆਓ ਆਪਾਂ ਯਿਸੂ ਦੀ ਇਸ ਸਲਾਹ ਨੂੰ ਲਾਗੂ ਕਰੀਏ: “ਦੇਖਿਓ ਕਿਤੇ ਘਬਰਾ ਨਾ ਜਾਣਾ।”​—ਮੱਤੀ 24:6.

ਜਦੋਂ ਕੋਈ ਬੀਮਾਰੀ ਫੈਲ ਜਾਂਦੀ ਹੈ, ਤਾਂ ਬਾਈਬਲ ਦੀਆਂ ਆਡੀਓ ਰਿਕਾਰਡਿੰਗਾਂ ਸੁਣਨ ਨਾਲ ਤੁਹਾਨੂੰ ਮਨ ਦੀ ਸ਼ਾਂਤੀ ਮਿਲ ਸਕਦੀ ਹੈ (ਪੈਰਾ 5 ਦੇਖੋ)

5. (ੳ) ਬੀਮਾਰੀ ਫੈਲਣ ਤੇ ਅਸੀਂ ਫ਼ਿਲਿੱਪੀਆਂ 4:8, 9 ਮੁਤਾਬਕ ਕਿਹੜੀ ਗੱਲ ਲਈ ਪ੍ਰਾਰਥਨਾ ਕਰ ਸਕਦੇ ਹਾਂ? (ਅ) ਬਾਈਬਲ ਦੀਆਂ ਆਡੀਓ ਰਿਕਾਰਡਿੰਗਾਂ ਸੁਣ ਕੇ ਭੈਣ ਡੇਜ਼ੀ ਨੂੰ ਕੀ ਫ਼ਾਇਦਾ ਹੋਇਆ ਅਤੇ ਉਸ ਤੋਂ ਤੁਸੀਂ ਕੀ ਸਿੱਖਦੇ ਹੋ?

5 ਜਦੋਂ ਕੋਈ ਬੀਮਾਰੀ ਫੈਲਦੀ ਹੈ, ਤਾਂ ਹੋ ਸਕਦਾ ਹੈ ਕਿ ਅਸੀਂ ਘਬਰਾ ਜਾਈਏ ਅਤੇ ਇਹ ਸੋਚ-ਸੋਚ ਕੇ ਫ਼ਿਕਰ ਕਰਨ ਲੱਗ ਜਾਈਏ ਕਿ ਅੱਗੇ ਕੀ ਹੋਵੇਗਾ। ਭੈਣ ਡੇਜ਼ੀ ਨਾਲ ਵੀ ਕੁਝ ਇਸੇ ਤਰ੍ਹਾਂ ਹੋਇਆ। b ਉਸ ਦੇ ਚਾਚੇ, ਤਾਏ ਦੇ ਵੱਡੇ ਮੁੰਡੇ ਅਤੇ ਡਾਕਟਰ ਦੀ ਕੋਵਿਡ-19 ਮਹਾਂਮਾਰੀ ਕਰਕੇ ਮੌਤ ਹੋ ਗਈ। ਇਸ ਕਰਕੇ ਭੈਣ ਨੂੰ ਡਰ ਸੀ ਕਿ ਜੇ ਉਸ ਨੂੰ ਕੋਵਿਡ ਹੋ ਗਿਆ, ਤਾਂ ਉਸ ਦੀ ਸਿਆਣੀ ਉਮਰ ਦੀ ਮਾਂ ਨੂੰ ਵੀ ਉਸ ਤੋਂ ਕੋਵਿਡ ਹੋ ਸਕਦਾ ਸੀ। ਉਸ ਨੂੰ ਇਸ ਗੱਲ ਦਾ ਵੀ ਫ਼ਿਕਰ ਸੀ ਕਿ ਜੇ ਉਸ ਦੀ ਨੌਕਰੀ ਚਲੀ ਗਈ, ਤਾਂ ਉਹ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਚਲਾਏਗੀ। ਸਾਰਾ-ਸਾਰਾ ਦਿਨ ਉਸ ਦੇ ਮਨ ਵਿਚ ਇਹੀ ਗੱਲਾਂ ਚੱਲਦੀਆਂ ਰਹਿੰਦੀਆਂ ਸਨ, ਇਸ ਕਰਕੇ ਉਹ ਰਾਤ ਨੂੰ ਸੌਂ ਵੀ ਨਹੀਂ ਪਾਉਂਦੀ ਸੀ। ਤਾਂ ਫਿਰ ਸ਼ਾਂਤੀ ਪਾਉਣ ਲਈ ਭੈਣ ਨੇ ਕੀ ਕੀਤਾ? ਉਸ ਨੇ ਯਹੋਵਾਹ ਨੂੰ ਇਸ ਗੱਲ ਬਾਰੇ ਪ੍ਰਾਰਥਨਾ ਕੀਤੀ ਕਿ ਉਹ ਉਸ ਨੂੰ ਮਨ ਦੀ ਸ਼ਾਂਤੀ ਦੇਵੇ ਅਤੇ ਉਹ ਚੰਗੀਆਂ ਗੱਲਾਂ ਬਾਰੇ ਸੋਚ ਸਕੇ। (ਫ਼ਿਲਿੱਪੀਆਂ 4:8, 9 ਪੜ੍ਹੋ।) ਉਸ ਨੇ ਯਹੋਵਾਹ ਦੀ ਗੱਲ “ਸੁਣਨ” ਲਈ ਬਾਈਬਲ ਦੀਆਂ ਆਡੀਓ ਰਿਕਾਰਡਿੰਗਾਂ ਸੁਣੀਆਂ ਅਤੇ ਇਨ੍ਹਾਂ ਨੂੰ ਸੁਣ ਕੇ ਉਸ ਨੂੰ ਇੱਦਾਂ ਲੱਗਾ ਜਿੱਦਾਂ ਯਹੋਵਾਹ ਉਸ ਨਾਲ ਆਪ ਗੱਲ ਕਰ ਰਿਹਾ ਹੋਵੇ। ਉਹ ਦੱਸਦੀ ਹੈ: “ਬਾਈਬਲ ਦੀਆਂ ਆਡੀਓ ਰਿਕਾਰਡਿੰਗਾਂ ਵਿਚ ਆਇਤਾਂ ਨੂੰ ਇਸ ਤਰ੍ਹਾਂ ਪੜ੍ਹਿਆ ਗਿਆ ਹੈ ਕਿ ਉਨ੍ਹਾਂ ਨੂੰ ਸੁਣ ਕੇ ਮੈਨੂੰ ਬਹੁਤ ਸਕੂਨ ਮਿਲਿਆ ਅਤੇ ਮੈਂ ਮਹਿਸੂਸ ਕੀਤਾ ਕਿ ਯਹੋਵਾਹ ਮੇਰੀ ਕਿੰਨੀ ਪਰਵਾਹ ਕਰਦਾ ਹੈ।” ​—ਜ਼ਬੂ. 94:19.

6. ਬਾਈਬਲ ਅਧਿਐਨ ਕਰਨ ਅਤੇ ਮੀਟਿੰਗਾਂ ਵਿਚ ਜਾਣ ਨਾਲ ਤੁਹਾਨੂੰ ਕੀ ਫ਼ਾਇਦਾ ਹੋਵੇਗਾ?

6 ਕੋਈ ਵੀ ਬੀਮਾਰੀ ਫੈਲਣ ʼਤੇ ਸਾਰਾ ਕੁਝ ਪਹਿਲਾਂ ਵਰਗਾ ਨਹੀਂ ਰਹਿੰਦਾ, ਸਗੋਂ ਸਭ ਕੁਝ ਬਦਲ ਜਾਂਦਾ ਹੈ। ਪਰ ਚਾਹੇ ਜੋ ਮਰਜ਼ੀ ਹੋ ਜਾਵੇ ਤੁਸੀਂ ਬਾਈਬਲ ਦਾ ਅਧਿਐਨ ਕਰਨਾ ਅਤੇ ਮੀਟਿੰਗਾਂ ਵਿਚ ਜਾਣਾ ਨਾ ਛੱਡੋ। ਸਾਡੇ ਕਈ ਵੀਡੀਓ ਅਤੇ ਪ੍ਰਕਾਸ਼ਨਾਂ ਵਿਚ ਅਜਿਹੇ ਭੈਣਾਂ-ਭਰਾਵਾਂ ਦੇ ਤਜਰਬੇ ਦਿੱਤੇ ਗਏ ਹਨ ਜਿਨ੍ਹਾਂ ਨੇ ਤੁਹਾਡੇ ਵਰਗੀਆਂ ਮੁਸ਼ਕਲਾਂ ਝੱਲੀਆਂ ਹਨ। ਇਨ੍ਹਾਂ ਦਾ ਅਧਿਐਨ ਕਰ ਕੇ ਤੁਸੀਂ ਜਾਣੋਗੇ ਕਿ ਉਨ੍ਹਾਂ ਨੇ ਮੁਸ਼ਕਲਾਂ ਦੇ ਬਾਵਜੂਦ ਆਪਣੀ ਵਫ਼ਾਦਾਰੀ ਕਿਵੇਂ ਬਣਾਈ ਰੱਖੀ ਅਤੇ ਇਸ ਤੋਂ ਤੁਹਾਡਾ ਹੌਸਲਾ ਵੀ ਵਧੇਗਾ। (1 ਪਤ. 5:9) ਮੀਟਿੰਗਾਂ ਵਿਚ ਜਾ ਕੇ ਤੁਸੀਂ ਆਪਣਾ ਧਿਆਨ ਬਾਈਬਲ ਵਿਚ ਦਿੱਤੀਆਂ ਗੱਲਾਂ ʼਤੇ ਲਾ ਸਕੋਗੇ, ਤੁਹਾਨੂੰ ਹੌਸਲਾ ਮਿਲੇਗਾ ਅਤੇ ਤੁਸੀਂ ਦੂਜਿਆਂ ਨੂੰ ਵੀ ਹੌਸਲਾ ਦੇ ਸਕੋਗੇ। (ਰੋਮੀ. 1:11, 12) ਜਦੋਂ ਤੁਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰੋਗੇ ਕਿ ਬੀਮਾਰ, ਡਰੇ ਹੋਏ ਜਾਂ ਇਕੱਲਾਪਣ ਮਹਿਸੂਸ ਕਰ ਰਹੇ ਭੈਣਾਂ-ਭਰਾਵਾਂ ਦੀ ਯਹੋਵਾਹ ਨੇ ਕਿਵੇਂ ਮਦਦ ਕੀਤੀ, ਤਾਂ ਤੁਹਾਡੀ ਨਿਹਚਾ ਪੱਕੀ ਹੋਵੇਗੀ। ਨਾਲੇ ਤੁਹਾਨੂੰ ਪੱਕਾ ਭਰੋਸਾ ਹੋ ਜਾਵੇਗਾ ਕਿ ਯਹੋਵਾਹ ਤੁਹਾਡੀ ਵੀ ਜ਼ਰੂਰ ਮਦਦ ਕਰੇਗਾ।

7. ਅਸੀਂ ਯੂਹੰਨਾ ਰਸੂਲ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ?

7 ਕੋਈ ਬੀਮਾਰੀ ਫੈਲਣ ʼਤੇ ਸ਼ਾਇਦ ਸਾਨੂੰ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਪਵੇ ਅਤੇ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਮਿਲ ਨਾ ਸਕੀਏ। ਫਿਰ ਵੀ ਸਾਨੂੰ ਇਕ-ਦੂਜੇ ਨਾਲ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਇੱਦਾਂ ਦੇ ਹਾਲਾਤਾਂ ਵਿਚ ਸ਼ਾਇਦ ਅਸੀਂ ਯੂਹੰਨਾ ਰਸੂਲ ਵਾਂਗ ਮਹਿਸੂਸ ਕਰੀਏ। ਉਹ ਗਾਉਸ ਨਾਲ ਆਹਮੋ-ਸਾਮ੍ਹਣੇ ਬੈਠ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ। (3 ਯੂਹੰ. 13, 14) ਪਰ ਹਾਲਾਤ ਇੱਦਾਂ ਦੇ ਸਨ ਕਿ ਉਹ ਗਾਉਸ ਨੂੰ ਮਿਲ ਨਹੀਂ ਸਕਦਾ ਸੀ। ਇਸ ਲਈ ਉਸ ਨੇ ਉਹ ਸਭ ਕੁਝ ਕੀਤਾ ਜੋ ਉਹ ਕਰ ਸਕਦਾ ਸੀ। ਉਸ ਨੇ ਗਾਉਸ ਨੂੰ ਚਿੱਠੀ ਲਿਖੀ। ਜੇ ਤੁਹਾਡੇ ਵੀ ਹਾਲਾਤ ਇੱਦਾਂ ਦੇ ਹਨ, ਤਾਂ ਕਿਉਂ ਨਾ ਭੈਣਾਂ-ਭਰਾਵਾਂ ਨਾਲ ਫ਼ੋਨ ʼਤੇ, ਵੀਡੀਓ ਕਾਲ਼ ਰਾਹੀਂ ਜਾਂ ਮੈਸਿਜ ਭੇਜ ਕੇ ਗੱਲਬਾਤ ਕਰਦੇ ਰਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਘੱਟ ਇਕੱਲਾਪਣ ਮਹਿਸੂਸ ਕਰੋਗੇ ਅਤੇ ਤੁਹਾਨੂੰ ਹੋਰ ਵੀ ਸ਼ਾਂਤੀ ਮਿਲੇਗੀ। ਜਦੋਂ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹੋ, ਤਾਂ ਬਜ਼ੁਰਗਾਂ ਨਾਲ ਗੱਲ ਕਰੋ ਅਤੇ ਉਹ ਤੁਹਾਨੂੰ ਹੌਸਲਾ ਦੇਣਗੇ।​—ਯਸਾ. 32:1, 2.

ਜਦੋਂ ਕੋਈ ਆਫ਼ਤ ਜਾਂ ਬਿਪਤਾ ਆਉਂਦੀ ਹੈ

8. ਕੋਈ ਆਫ਼ਤ ਜਾਂ ਬਿਪਤਾ ਆਉਣ ਕਰਕੇ ਸਾਡੀ ਸ਼ਾਂਤੀ ਕਿਵੇਂ ਭੰਗ ਹੋ ਸਕਦੀ ਹੈ?

8 ਕੀ ਤੁਹਾਡੇ ਇਲਾਕੇ ਵਿਚ ਕਦੇ ਹੜ੍ਹ ਜਾਂ ਭੁਚਾਲ਼ ਆਇਆ ਹੈ ਜਾਂ ਅੱਗ ਲੱਗੀ ਹੈ? ਹੋ ਸਕਦਾ ਹੈ ਕਿ ਇਸ ਬਾਰੇ ਸੋਚ ਕੇ ਤੁਸੀਂ ਹੁਣ ਵੀ ਪਰੇਸ਼ਾਨ ਹੋ ਜਾਂਦੇ ਹੋ। ਨਾਲੇ ਜੇ ਉਸ ਵੇਲੇ ਤੁਹਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਗਈ ਸੀ ਜਾਂ ਤੁਹਾਡੀਆਂ ਚੀਜ਼ਾਂ ਤਬਾਹ ਹੋ ਗਈਆਂ ਸਨ, ਤਾਂ ਤੁਹਾਨੂੰ ਬਹੁਤ ਦੁੱਖ ਲੱਗਾ ਹੋਣਾ, ਗੁੱਸਾ ਵੀ ਆਇਆ ਹੋਣਾ ਜਾਂ ਤੁਸੀਂ ਬੇਬੱਸ ਮਹਿਸੂਸ ਕੀਤਾ ਹੋਣਾ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਡੀ ਨਿਹਚਾ ਕਮਜ਼ੋਰ ਪੈ ਗਈ ਹੈ ਜਾਂ ਤੁਹਾਨੂੰ ਸਿਰਫ਼ ਚੀਜ਼ਾਂ ਨਾਲ ਲਗਾਅ ਹੈ। ਅਜਿਹੇ ਹਾਲਾਤਾਂ ਵਿੱਚੋਂ ਲੰਘਣਾ ਬਹੁਤ ਔਖਾ ਹੁੰਦਾ ਹੈ। ਨਾਲੇ ਦੂਜੇ ਵੀ ਸਮਝ ਸਕਦੇ ਹਨ ਕਿ ਤੁਹਾਡਾ ਇੱਦਾਂ ਮਹਿਸੂਸ ਕਰਨਾ ਜਾਇਜ਼ ਹੈ। (ਅੱਯੂ. 1:11) ਪਰ ਇਨ੍ਹਾਂ ਔਖੇ ਹਾਲਾਤਾਂ ਵਿੱਚੋਂ ਲੰਘਣ ਦੇ ਬਾਵਜੂਦ ਵੀ ਤੁਹਾਨੂੰ ਸ਼ਾਂਤੀ ਮਿਲ ਸਕਦੀ ਹੈ। ਆਓ ਦੇਖੀਏ ਕਿਵੇਂ।

9. ਯਿਸੂ ਨੇ ਕੀ ਕਿਹਾ ਜਿਸ ਕਰਕੇ ਅਸੀਂ ਆਫ਼ਤਾਂ ਝੱਲਣ ਲਈ ਤਿਆਰ ਰਹਿ ਸਕਦੇ ਹਾਂ?

9 ਦੁਨੀਆਂ ਦੇ ਕਈ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ʼਤੇ ਕੋਈ ਆਫ਼ਤ ਜਾਂ ਬਿਪਤਾ ਨਹੀਂ ਆਵੇਗੀ। ਪਰ ਅਸੀਂ ਇੱਦਾਂ ਨਹੀਂ ਸੋਚਦੇ ਕਿਉਂਕਿ ਸਾਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਹੋਰ ਵਧਣਗੀਆਂ ਅਤੇ ਇਨ੍ਹਾਂ ਦਾ ਅਸਰ ਸਾਡੇ ʼਤੇ ਵੀ ਪੈ ਸਕਦਾ ਹੈ। ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਅੰਤ ਆਉਣ ਤੋਂ ਪਹਿਲਾਂ “ਵੱਡੇ-ਵੱਡੇ ਭੁਚਾਲ਼” ਅਤੇ ਹੋਰ ਕਈ ਆਫ਼ਤਾਂ ਆਉਣਗੀਆਂ। (ਲੂਕਾ 21:11) ਉਸ ਨੇ ਇਹ ਵੀ ਕਿਹਾ ਸੀ ਕਿ ‘ਬੁਰਾਈ ਵਧ’ ਜਾਵੇਗੀ। ਅੱਜ ਅਸੀਂ ਇਸ ਦਾ ਸਬੂਤ ਆਪਣੀ ਅੱਖੀਂ ਦੇਖਦੇ ਹਾਂ, ਜਿਵੇਂ ਅਪਰਾਧ, ਹਿੰਸਾ ਅਤੇ ਅੱਤਵਾਦੀ ਹਮਲੇ। (ਮੱਤੀ 24:12) ਯਿਸੂ ਨੇ ਕਦੇ ਨਹੀਂ ਕਿਹਾ ਸੀ ਕਿ ਇਹ ਆਫ਼ਤਾਂ ਸਿਰਫ਼ ਉਨ੍ਹਾਂ ਲੋਕਾਂ ʼਤੇ ਆਉਣਗੀਆਂ ਜਿਨ੍ਹਾਂ ਨੂੰ ਯਹੋਵਾਹ ਨੇ ਛੱਡ ਦਿੱਤਾ ਹੈ। ਅਸਲ ਵਿਚ ਯਹੋਵਾਹ ਦੇ ਕਈ ਵਫ਼ਾਦਾਰ ਸੇਵਕ ਵੀ ਆਫ਼ਤਾਂ ਦੇ ਸ਼ਿਕਾਰ ਹੋਏ ਹਨ। (ਯਸਾ. 57:1; 2 ਕੁਰਿੰ. 11:25) ਯਹੋਵਾਹ ਸ਼ਾਇਦ ਚਮਤਕਾਰ ਕਰ ਕੇ ਸਾਨੂੰ ਹਰ ਆਫ਼ਤ ਤੋਂ ਨਾ ਬਚਾਵੇ, ਪਰ ਉਹ ਲੋੜ ਮੁਤਾਬਕ ਸਾਡੀ ਮਦਦ ਜ਼ਰੂਰ ਕਰੇਗਾ ਤਾਂਕਿ ਅਸੀਂ ਸ਼ਾਂਤ ਰਹਿ ਸਕੀਏ।

10. ਜੇ ਅਸੀਂ ਆਫ਼ਤਾਂ ਲਈ ਅੱਜ ਤੋਂ ਹੀ ਤਿਆਰੀ ਕਰਾਂਗੇ, ਤਾਂ ਇਸ ਤੋਂ ਕੀ ਪਤਾ ਲੱਗੇਗਾ? (ਕਹਾਉਤਾਂ 22:3)

10 ਜੇ ਅਸੀਂ ਅੱਜ ਤੋਂ ਹੀ ਆਫ਼ਤਾਂ ਲਈ ਤਿਆਰੀ ਕਰਦੇ ਹਾਂ, ਤਾਂ ਅਸੀਂ ਕੋਈ ਆਫ਼ਤ ਆਉਣ ʼਤੇ ਸ਼ਾਂਤ ਰਹਿ ਸਕਾਂਗੇ। ਕੀ ਤਿਆਰੀ ਕਰਨ ਦਾ ਇਹ ਮਤਲਬ ਹੈ ਕਿ ਸਾਨੂੰ ਯਹੋਵਾਹ ʼਤੇ ਨਿਹਚਾ ਨਹੀਂ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੈ। ਦਰਅਸਲ ਆਫ਼ਤਾਂ ਦੀ ਤਿਆਰੀ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਪਰਮੇਸ਼ੁਰ ʼਤੇ ਭਰੋਸਾ ਹੈ ਕਿ ਉਹ ਸਾਡੀ ਦੇਖ-ਭਾਲ ਕਰੇਗਾ। ਅਸੀਂ ਇਹ ਕਿਵੇਂ ਕਹਿ ਸਕਦੇ ਹਾਂ? ਪਰਮੇਸ਼ੁਰ ਦਾ ਬਚਨ ਸਾਨੂੰ ਸਲਾਹ ਦਿੰਦਾ ਹੈ ਕਿ ਅਸੀਂ ਆਫ਼ਤਾਂ ਲਈ ਪਹਿਲਾਂ ਤੋਂ ਹੀ ਤਿਆਰੀ ਕਰੀਏ। (ਕਹਾਉਤਾਂ 22:3 ਪੜ੍ਹੋ।) ਨਾਲੇ ਪਰਮੇਸ਼ੁਰ ਦਾ ਸੰਗਠਨ ਸਾਨੂੰ ਰਸਾਲਿਆਂ, ਮੰਡਲੀ ਦੀਆਂ ਮੀਟਿੰਗਾਂ ਅਤੇ ਸਹੀ ਸਮੇਂ ʼਤੇ ਘੋਸ਼ਣਾਵਾਂ ਕਰ ਕੇ ਹਿਦਾਇਤਾਂ ਦਿੰਦਾ ਰਹਿੰਦਾ ਹੈ ਕਿ ਅਸੀਂ ਆਫ਼ਤਾਂ ਲਈ ਪਹਿਲਾਂ ਤੋਂ ਹੀ ਤਿਆਰੀ ਕਰੀਏ। c ਸਾਨੂੰ ਆਫ਼ਤਾਂ ਆਉਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਸਗੋਂ ਹੁਣ ਤੋਂ ਹੀ ਇਹ ਸਲਾਹ ਮੰਨਣੀ ਚਾਹੀਦੀ ਹੈ। ਇਸ ਤਰ੍ਹਾਂ ਅਸੀਂ ਦਿਖਾਵਾਂਗੇ ਕਿ ਸਾਨੂੰ ਪਰਮੇਸ਼ੁਰ ʼਤੇ ਨਿਹਚਾ ਹੈ।

ਅੱਜ ਤੋਂ ਹੀ ਤਿਆਰੀ ਕਰਨ ਕਰਕੇ ਆਫ਼ਤਾਂ ਵੇਲੇ ਤੁਹਾਡਾ ਬਚਾਅ ਹੋ ਸਕਦਾ ਹੈ (ਪੈਰਾ 11 ਦੇਖੋ) d

11. ਭੈਣ ਮਾਰਗਰੇਟ ਤੋਂ ਅਸੀਂ ਕੀ ਸਿੱਖਦੇ ਹਾਂ?

11 ਭੈਣ ਮਾਰਗਰੇਟ ਦੇ ਤਜਰਬੇ ʼਤੇ ਗੌਰ ਕਰੋ। ਉਹ ਜਿਸ ਇਲਾਕੇ ਵਿਚ ਰਹਿੰਦੀ ਸੀ, ਉਸ ਦੇ ਨੇੜੇ ਦੇ ਜੰਗਲ ਵਿਚ ਅੱਗ ਲੱਗ ਗਈ। ਇਸ ਕਰਕੇ ਸਰਕਾਰ ਨੇ ਉਸ ਨੂੰ ਆਪਣਾ ਘਰ ਛੱਡ ਕੇ ਜਾਣ ਲਈ ਕਿਹਾ। ਬਹੁਤ ਸਾਰੇ ਲੋਕ ਆਪਣੀਆਂ ਗੱਡੀਆਂ ਵਿਚ ਬੈਠ ਕੇ ਉਸ ਇਲਾਕੇ ਨੂੰ ਛੱਡ ਕੇ ਜਾਣ ਲੱਗੇ ਜਿਸ ਕਰਕੇ ਸੜਕਾਂ ʼਤੇ ਜਾਮ ਲੱਗ ਗਿਆ। ਹਰ ਪਾਸੇ ਕਾਲਾ ਧੂੰਆਂ ਫੈਲ ਰਿਹਾ ਸੀ ਅਤੇ ਭੈਣ ਮਾਰਗਰੇਟ ਦੀ ਗੱਡੀ ਵੀ ਜਾਮ ਵਿਚ ਫੱਸੀ ਹੋਈ ਸੀ। ਫਿਰ ਵੀ ਉਸ ਦੀ ਜਾਨ ਬਚ ਗਈ ਕਿਉਂਕਿ ਉਸ ਨੇ ਪਹਿਲਾਂ ਤੋਂ ਹੀ ਤਿਆਰੀ ਕੀਤੀ ਸੀ। ਉਸ ਨੇ ਆਪਣੇ ਪਰਸ ਵਿਚ ਇਕ ਨਕਸ਼ਾ ਰੱਖਿਆ ਸੀ ਜਿਸ ʼਤੇ ਉਸ ਇਲਾਕੇ ਵਿੱਚੋਂ ਨਿਕਲਣ ਦਾ ਇਕ ਹੋਰ ਰਸਤਾ ਦਿਖਾਇਆ ਗਿਆ ਸੀ। ਭੈਣ ਪਹਿਲਾਂ ਵੀ ਇਕ ਵਾਰ ਉਸ ਰਸਤੇ ਨੂੰ ਦੇਖ ਚੁੱਕੀ ਸੀ ਤਾਂਕਿ ਲੋੜ ਪੈਣ ਤੇ ਉਹ ਆਸਾਨੀ ਨਾਲ ਉਸ ਰਸਤੇ ਥਾਣੀਂ ਜਾ ਸਕੇ। ਇੱਦਾਂ ਪਹਿਲਾਂ ਤੋਂ ਹੀ ਤਿਆਰੀ ਕਰਨ ਕਰਕੇ ਭੈਣ ਮਾਰਗਰੇਟ ਦੀ ਜਾਨ ਬਚ ਗਈ।

12. ਸਾਨੂੰ ਸਰਕਾਰੀ ਅਧਿਕਾਰੀਆਂ ਅਤੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਕਿਉਂ ਮੰਨਣੀਆਂ ਚਾਹੀਦੀਆਂ ਹਨ?

12 ਸਾਡੀ ਤੇ ਦੂਜਿਆਂ ਦੀ ਸੁਰੱਖਿਆ ਵਾਸਤੇ ਸ਼ਾਇਦ ਸਰਕਾਰੀ ਅਧਿਕਾਰੀ ਕਰਫਿਊ ਲਗਾ ਦੇਣ ਜਾਂ ਸਾਨੂੰ ਘਰ ਛੱਡ ਕੇ ਜਾਣ ਲਈ ਕਹਿਣ ਜਾਂ ਕੁਝ ਹੋਰ ਕਦਮ ਉਠਾਉਣ ਲਈ ਕਹਿਣ। ਕੁਝ ਲੋਕ ਸ਼ਾਇਦ ਉਨ੍ਹਾਂ ਦਾ ਹੁਕਮ ਮੰਨਣ ਵਿਚ ਢਿੱਲ-ਮੱਠ ਕਰਨ ਕਿਉਂਕਿ ਉਹ ਆਪਣੀਆਂ ਚੀਜ਼ਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੇ। ਪਰ ਮਸੀਹੀ ਕੀ ਕਰਦੇ ਹਨ? ਬਾਈਬਲ ਦੱਸਦੀ ਹੈ: ‘ਪ੍ਰਭੂ ਦੀ ਖ਼ਾਤਰ ਆਪਣੇ ਆਪ ਨੂੰ ਅਧਿਕਾਰ ਰੱਖਣ ਵਾਲੇ ਇਨਸਾਨਾਂ ਦੇ ਅਧੀਨ ਕਰੋ, ਚਾਹੇ ਉਹ ਰਾਜਾ ਹੋਵੇ ਕਿਉਂਕਿ ਉਹ ਦੂਸਰਿਆਂ ਤੋਂ ਵੱਡਾ ਹੁੰਦਾ ਹੈ ਜਾਂ ਫਿਰ ਉਸ ਦੇ ਰਾਜਪਾਲ ਹੋਣ ਜਿਨ੍ਹਾਂ ਨੂੰ ਉਹ ਘੱਲਦਾ ਹੈ।’ (1 ਪਤ. 2:13, 14) ਪਰਮੇਸ਼ੁਰ ਦਾ ਸੰਗਠਨ ਵੀ ਸਾਡੀ ਸੁਰੱਖਿਆ ਵਾਸਤੇ ਸਾਨੂੰ ਹਿਦਾਇਤਾਂ ਦਿੰਦਾ ਹੈ। ਸਾਨੂੰ ਵਾਰ-ਵਾਰ ਯਾਦ ਕਰਾਇਆ ਜਾਂਦਾ ਹੈ ਕਿ ਅਸੀਂ ਆਪਣੀ ਮੰਡਲੀ ਦੇ ਬਜ਼ੁਰਗਾਂ ਨੂੰ ਆਪਣਾ ਫ਼ੋਨ ਨੰਬਰ ਅਤੇ ਪਤਾ ਦੇਈਏ ਤਾਂਕਿ ਉਹ ਐਮਰਜੈਂਸੀ ਵੇਲੇ ਸਾਡੇ ਨਾਲ ਸੰਪਰਕ ਕਰ ਸਕਣ। ਕੀ ਤੁਸੀਂ ਇੱਦਾਂ ਕੀਤਾ ਹੈ? ਹੋ ਸਕਦਾ ਹੈ ਕਿ ਸਾਨੂੰ ਇਹ ਹਿਦਾਇਤ ਵੀ ਮਿਲੇ ਕਿ ਅਸੀਂ ਆਪਣੇ ਘਰ ਵਿਚ ਹੀ ਰਹੀਏ ਜਾਂ ਆਪਣੇ ਘਰ ਨੂੰ ਛੱਡ ਕੇ ਕਿਤੇ ਹੋਰ ਜਾਈਏ। ਜਾਂ ਫਿਰ ਸ਼ਾਇਦ ਸਾਨੂੰ ਇਹ ਵੀ ਦੱਸਿਆ ਜਾਵੇ ਕਿ ਸਾਨੂੰ ਖਾਣ-ਪੀਣ ਅਤੇ ਜ਼ਰੂਰਤ ਦੀਆਂ ਚੀਜ਼ਾਂ ਕਿਵੇਂ ਮਿਲ ਸਕਦੀਆਂ ਹਨ ਜਾਂ ਅਸੀਂ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ। ਜੇ ਅਸੀਂ ਇਨ੍ਹਾਂ ਹਿਦਾਇਤਾਂ ਨੂੰ ਨਹੀਂ ਮੰਨਦੇ, ਤਾਂ ਹੋ ਸਕਦਾ ਹੈ ਕਿ ਅਸੀਂ ਆਪਣੀ ਤੇ ਬਜ਼ੁਰਗਾਂ ਦੀ ਜਾਨ ਖ਼ਤਰੇ ਵਿਚ ਪਾ ਦੇਈਏ। ਯਾਦ ਰੱਖੋ ਕਿ ਇਹ ਵਫ਼ਾਦਾਰ ਭਰਾ ਸਾਡਾ ਧਿਆਨ ਰੱਖਦੇ ਹਨ। (ਇਬ. 13:17) ਭੈਣ ਮਾਰਗਰੇਟ ਨੇ ਇਸ ਬਾਰੇ ਕਿਹਾ: “ਮੈਂ ਬਜ਼ੁਰਗਾਂ ਦੀ ਗੱਲ ਸੁਣੀ ਅਤੇ ਸੰਗਠਨ ਵੱਲੋਂ ਮਿਲੀਆਂ ਹਿਦਾਇਤਾਂ ਮੰਨੀਆਂ, ਤਾਂ ਹੀ ਤਾਂ ਮੇਰੀ ਜਾਨ ਬਚ ਪਾਈ।”

13. ਜਿਨ੍ਹਾਂ ਮਸੀਹੀਆਂ ਨੂੰ ਆਪਣਾ ਘਰ-ਬਾਰ ਛੱਡ ਕੇ ਜਾਣਾ ਪਿਆ, ਉਨ੍ਹਾਂ ਨੇ ਆਪਣੀ ਖ਼ੁਸ਼ੀ ਅਤੇ ਸ਼ਾਂਤੀ ਕਿਵੇਂ ਬਣਾਈ ਰੱਖੀ?

13 ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਆਫ਼ਤਾਂ, ਯੁੱਧਾਂ ਅਤੇ ਦੰਗੇ-ਫ਼ਸਾਦਾਂ ਕਰਕੇ ਆਪਣੇ ਘਰ-ਬਾਰ ਛੱਡ ਕੇ ਕਿਸੇ ਦੂਜੀ ਜਗ੍ਹਾ ਜਾ ਕੇ ਰਹਿਣਾ ਪਿਆ। ਪਹਿਲੀ ਸਦੀ ਦੇ ਮਸੀਹੀਆਂ ਨਾਲ ਵੀ ਕੁਝ ਅਜਿਹਾ ਹੀ ਹੋਇਆ। ਅਤਿਆਚਾਰ ਹੋਣ ਕਰਕੇ ਜਦੋਂ ਉਹ ਖਿੰਡ-ਪੁੰਡ ਗਏ, ਤਾਂ ਵੀ ਉਨ੍ਹਾਂ ਨੇ ਬਚਨ ਦੀ “ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਨਾ ਨਹੀਂ ਛੱਡਿਆ। (ਰਸੂ. 8:4) ਸਾਡੇ ਸਮੇਂ ਵਿਚ ਵੀ ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਆਪਣਾ ਘਰ-ਬਾਰ ਛੱਡ ਕੇ ਜਾਣਾ ਪਿਆ, ਉਨ੍ਹਾਂ ਨੇ ਆਪਣੇ ਆਪ ਨੂੰ ਨਵੇਂ ਹਾਲਾਤਾਂ ਮੁਤਾਬਕ ਢਾਲਿਆ ਅਤੇ ਉਹ ਪਰਮੇਸ਼ੁਰ ਦੇ ਕੰਮਾਂ ਵਿਚ ਲੱਗੇ ਰਹੇ। ਪ੍ਰਚਾਰ ਵਿਚ ਲੱਗੇ ਰਹਿਣ ਕਰਕੇ ਉਹ ਆਪਣਾ ਧਿਆਨ ਮੁਸ਼ਕਲਾਂ ʼਤੇ ਲਾਉਣ ਦੀ ਬਜਾਇ ਪਰਮੇਸ਼ੁਰ ਦੇ ਰਾਜ ʼਤੇ ਲਾਈ ਰੱਖ ਸਕੇ। ਇਸ ਕਰਕੇ ਉਨ੍ਹਾਂ ਦੀ ਖ਼ੁਸ਼ੀ ਅਤੇ ਸ਼ਾਂਤੀ ਬਣੀ ਰਹੀ।

ਜਦੋਂ ਸਾਡੇ ʼਤੇ ਜ਼ੁਲਮ ਕੀਤੇ ਜਾਂਦੇ ਹਨ

14. ਜ਼ੁਲਮ ਹੋਣ ਤੇ ਸਾਡੀ ਸ਼ਾਂਤੀ ਕਿਵੇਂ ਭੰਗ ਹੋ ਸਕਦੀ ਹੈ?

14 ਜ਼ੁਲਮ ਹੋਣ ਕਰਕੇ ਸ਼ਾਇਦ ਅਸੀਂ ਉਹ ਕੰਮ ਨਾ ਕਰ ਪਾਈਏ ਜਿਨ੍ਹਾਂ ਕਰਕੇ ਸਾਨੂੰ ਸ਼ਾਂਤੀ ਮਿਲਦੀ ਹੈ। ਉਦਾਹਰਣ ਲਈ, ਜਦੋਂ ਅਸੀਂ ਭੈਣਾਂ-ਭਰਾਵਾਂ ਨੂੰ ਮਿਲਦੇ ਹਾਂ, ਉਨ੍ਹਾਂ ਨਾਲ ਮਿਲ ਕੇ ਪ੍ਰਚਾਰ ਤੇ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ ਅਤੇ ਆਪਣੇ ਰੋਜ਼ਮੱਰਾ ਦੇ ਕੰਮ ਕਰਦੇ ਹਾਂ, ਤਾਂ ਸਾਨੂੰ ਖ਼ੁਸ਼ੀ ਹੁੰਦੀ ਅਤੇ ਸਕੂਨ ਮਿਲਦਾ ਹੈ। ਕਿਉਂ? ਕਿਉਂਕਿ ਸਾਨੂੰ ਇਹ ਡਰ ਨਹੀਂ ਹੁੰਦਾ ਕਿ ਸਾਨੂੰ ਇਹ ਸਾਰਾ ਕੁਝ ਕਰਨ ਕਰਕੇ ਗਿਰਫ਼ਤਾਰ ਕਰ ਲਿਆ ਜਾਣਾ। ਪਰ ਜੇ ਸਾਡੇ ਇਨ੍ਹਾਂ ਸਾਰੇ ਕੰਮਾਂ ʼਤੇ ਪਾਬੰਦੀ ਲਾ ਦਿੱਤੀ ਜਾਵੇ, ਤਾਂ ਅਸੀਂ ਪਰੇਸ਼ਾਨ ਹੋ ਸਕਦੇ ਹਾਂ ਅਤੇ ਸ਼ਾਇਦ ਸਾਨੂੰ ਫ਼ਿਕਰ ਪੈ ਜਾਵੇ ਕਿ ਹੁਣ ਅੱਗੇ ਕੀ ਹੋਵੇਗਾ। ਇਸ ਤਰ੍ਹਾਂ ਮਹਿਸੂਸ ਕਰਨਾ ਜਾਇਜ਼ ਹੈ। ਫਿਰ ਵੀ ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ। ਯਿਸੂ ਨੇ ਕਿਹਾ ਸੀ ਕਿ ਜ਼ੁਲਮ ਹੋਣ ਤੇ ਅਸੀਂ ਨਿਹਚਾ ਕਰਨੀ ਛੱਡ ਸਕਦੇ ਹਾਂ। (ਯੂਹੰ. 16:1, 2) ਤਾਂ ਫਿਰ ਜ਼ੁਲਮ ਹੋਣ ਤੇ ਅਸੀਂ ਆਪਣੀ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ?

15. ਸਾਨੂੰ ਜ਼ੁਲਮਾਂ ਬਾਰੇ ਸੋਚ-ਸੋਚ ਕੇ ਡਰਨਾ ਕਿਉਂ ਨਹੀਂ ਚਾਹੀਦਾ? (ਯੂਹੰਨਾ 15:20; 16:33)

15 ਪਰਮੇਸ਼ੁਰ ਦਾ ਬਚਨ ਸਾਨੂੰ ਦੱਸਦਾ ਹੈ: “ਜਿਹੜੇ ਵੀ ਯਿਸੂ ਮਸੀਹ ਦੇ ਚੇਲੇ ਬਣ ਕੇ ਪਰਮੇਸ਼ੁਰ ਦੀ ਭਗਤੀ ਕਰਦਿਆਂ ਜ਼ਿੰਦਗੀ ਜੀਉਣੀ ਚਾਹੁੰਦੇ ਹਨ, ਉਹ ਸਾਰੇ ਸਤਾਏ ਜਾਣਗੇ।” (2 ਤਿਮੋ. 3:12) ਆਂਡਰੇ ਨਾਂ ਦੇ ਭਰਾ ਨੂੰ ਇਹ ਗੱਲ ਮੰਨਣੀ ਔਖੀ ਲੱਗਦੀ ਸੀ। ਉਸ ਦੇ ਦੇਸ਼ ਵਿਚ ਸਾਡੇ ਕੰਮਾਂ ʼਤੇ ਪਾਬੰਦੀ ਲੱਗੀ ਹੋਈ ਸੀ। ਉਹ ਦੱਸਦਾ ਹੈ: ‘ਸਾਡੇ ਦੇਸ਼ ਵਿਚ ਤਾਂ ਬਹੁਤ ਸਾਰੇ ਗਵਾਹ ਹਨ। ਕੀ ਸਾਨੂੰ ਸਾਰਿਆਂ ਨੂੰ ਗਿਰਫ਼ਤਾਰ ਕਰ ਲਿਆ ਜਾਣਾ?’ ਪਰ ਇੱਦਾਂ ਸੋਚਣ ਕਰਕੇ ਉਸ ਨੂੰ ਸ਼ਾਂਤੀ ਨਹੀਂ ਮਿਲੀ, ਸਗੋਂ ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਿਆ। ਉਸ ਨੇ ਧਿਆਨ ਦਿੱਤਾ ਕਿ ਦੂਜੇ ਭਰਾ ਉਸ ਜਿੰਨਾ ਪਰੇਸ਼ਾਨ ਨਹੀਂ ਸਨ ਕਿਉਂਕਿ ਉਨ੍ਹਾਂ ਨੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਉਹ ਕਿਸੇ-ਨਾ-ਕਿਸੇ ਤਰੀਕੇ ਨਾਲ ਗਿਰਫ਼ਤਾਰ ਹੋਣ ਤੋਂ ਬਚ ਜਾਣ, ਸਗੋਂ ਉਨ੍ਹਾਂ ਨੇ ਮਾਮਲੇ ਨੂੰ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ ਸੀ। ਇਸ ਕਰਕੇ ਆਂਡਰੇ ਨੇ ਵੀ ਫ਼ੈਸਲਾ ਕੀਤਾ ਕਿ ਉਹ ਵੀ ਇਨ੍ਹਾਂ ਭਰਾਵਾਂ ਵਾਂਗ ਯਹੋਵਾਹ ʼਤੇ ਭਰੋਸਾ ਕਰੇਗਾ। ਇਸ ਤਰ੍ਹਾਂ ਕਰਨ ਨਾਲ ਆਂਡਰੇ ਨੂੰ ਪਰਮੇਸ਼ੁਰ ਦੀ ਸ਼ਾਂਤੀ ਮਿਲੀ। ਵੈਸੇ ਤਾਂ ਉਸ ਨੂੰ ਹੁਣ ਵੀ ਕਈ ਵਾਰ ਮੁਸ਼ਕਲਾਂ ਆਉਂਦੀਆਂ ਹਨ, ਫਿਰ ਵੀ ਉਹ ਖ਼ੁਸ਼ ਰਹਿੰਦਾ ਹੈ। ਸਾਨੂੰ ਵੀ ਮੁਸ਼ਕਲਾਂ ਦੇ ਬਾਵਜੂਦ ਸ਼ਾਂਤੀ ਮਿਲ ਸਕਦੀ ਹੈ। ਜਦੋਂ ਯਿਸੂ ਨੇ ਕਿਹਾ ਸੀ ਕਿ ਸਾਡੇ ʼਤੇ ਜ਼ੁਲਮ ਹੋਣਗੇ, ਤਾਂ ਉਸ ਨੇ ਸਾਨੂੰ ਇਸ ਗੱਲ ਦਾ ਵੀ ਭਰੋਸਾ ਦਿਵਾਇਆ ਸੀ ਕਿ ਅਸੀਂ ਵਫ਼ਾਦਾਰ ਰਹਿ ਸਕਾਂਗੇ।​—ਯੂਹੰਨਾ 15:20; 16:33 ਪੜ੍ਹੋ।

16. ਸਾਡੇ ਕੰਮ ʼਤੇ ਪਾਬੰਦੀ ਜਾਂ ਰੋਕ ਲੱਗਣ ʼਤੇ ਅਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਹਾਂ?

16 ਜੇ ਸਾਡੇ ਇਲਾਕੇ ਵਿਚ ਸਾਡੇ ਕੰਮ ʼਤੇ ਪਾਬੰਦੀ ਜਾਂ ਰੋਕ ਲੱਗ ਜਾਂਦੀ ਹੈ, ਤਾਂ ਹੋ ਸਕਦਾ ਹੈ ਕਿ ਬ੍ਰਾਂਚ ਆਫ਼ਿਸ ਅਤੇ ਮੰਡਲੀ ਦੇ ਬਜ਼ੁਰਗ ਸਾਨੂੰ ਹਿਦਾਇਤਾਂ ਦੇਣ। ਉਹ ਸਾਨੂੰ ਹਿਦਾਇਤਾਂ ਇਸ ਲਈ ਦਿੰਦੇ ਹਨ ਤਾਂਕਿ ਸਾਡੀ ਰਾਖੀ ਹੋਵੇ, ਸਾਨੂੰ ਪਰਮੇਸ਼ੁਰ ਦਾ ਗਿਆਨ ਮਿਲਦਾ ਰਹੇ ਅਤੇ ਅਸੀਂ ਪੂਰਾ ਧਿਆਨ ਰੱਖਦੇ ਹੋਏ ਪ੍ਰਚਾਰ ਦਾ ਕੰਮ ਕਰਦੇ ਰਹਿ ਸਕੀਏ। ਹਿਦਾਇਤਾਂ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕਰੋ, ਉਦੋਂ ਵੀ ਜਦੋਂ ਤੁਹਾਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਉਂਦਾ ਕਿ ਹਿਦਾਇਤਾਂ ਕਿਉਂ ਦਿੱਤੀਆਂ ਜਾ ਰਹੀਆਂ ਹਨ। (ਯਾਕੂ. 3:17) ਭੈਣਾਂ-ਭਰਾਵਾਂ ਬਾਰੇ ਅਤੇ ਮੰਡਲੀ ਬਾਰੇ ਕੋਈ ਵੀ ਜਾਣਕਾਰੀ ਉਨ੍ਹਾਂ ਲੋਕਾਂ ਨਾਲ ਸਾਂਝੀ ਨਾ ਕਰੋ ਜਿਨ੍ਹਾਂ ਨੂੰ ਇਸ ਬਾਰੇ ਜਾਣਨ ਦਾ ਕੋਈ ਹੱਕ ਨਹੀਂ ਹੈ।​—ਉਪ. 3:7.

ਦੁੱਖ-ਮੁਸੀਬਤਾਂ ਦੌਰਾਨ ਵੀ ਤੁਹਾਨੂੰ ਸ਼ਾਂਤੀ ਕਿਵੇਂ ਮਿਲ ਸਕਦੀ ਹੈ? (ਪੈਰਾ 17 ਦੇਖੋ) e

17. ਪਹਿਲੀ ਸਦੀ ਦੇ ਰਸੂਲਾਂ ਵਾਂਗ ਸਾਨੂੰ ਵੀ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?

17 ਸ਼ੈਤਾਨ ਖ਼ਾਸ ਕਰਕੇ ਸਾਡੇ ਨਾਲ ਇਸ ਲਈ ਯੁੱਧ ਲੜਦਾ ਹੈ ਕਿਉਂਕਿ ਸਾਨੂੰ “ਯਿਸੂ ਬਾਰੇ ਗਵਾਹੀ ਦੇਣ ਦਾ ਕੰਮ ਸੌਂਪਿਆ ਗਿਆ ਹੈ।” (ਪ੍ਰਕਾ. 12:17) ਪਰ ਸ਼ੈਤਾਨ ਅਤੇ ਉਸ ਦੀ ਦੁਸ਼ਟ ਦੁਨੀਆਂ ਤੋਂ ਬਿਲਕੁਲ ਨਾ ਡਰੋ। ਸਾਨੂੰ ਵਿਰੋਧ ਦੇ ਬਾਵਜੂਦ ਵੀ ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਲੱਗੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਾਨੂੰ ਖ਼ੁਸ਼ੀ ਅਤੇ ਸ਼ਾਂਤੀ ਮਿਲਦੀ ਹੈ। ਪਹਿਲੀ ਸਦੀ ਵਿਚ ਜਦੋਂ ਯਹੂਦੀ ਅਧਿਕਾਰੀਆਂ ਨੇ ਰਸੂਲਾਂ ਨੂੰ ਹੁਕਮ ਦਿੱਤਾ ਕਿ ਉਹ ਪ੍ਰਚਾਰ ਕਰਨਾ ਬੰਦ ਕਰ ਦੇਣ, ਤਾਂ ਵੀ ਇਨ੍ਹਾਂ ਵਫ਼ਾਦਾਰ ਸੇਵਕਾਂ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ। ਉਹ ਪ੍ਰਚਾਰ ਕਰਦੇ ਰਹੇ ਅਤੇ ਇਸ ਗੱਲ ਤੋਂ ਉਨ੍ਹਾਂ ਨੂੰ ਖ਼ੁਸ਼ੀ ਮਿਲੀ। (ਰਸੂ. 5:27-29, 41, 42) ਇਹ ਤਾਂ ਸੱਚ ਹੈ ਕਿ ਜਦੋਂ ਸਾਡੇ ਕੰਮ ʼਤੇ ਪਾਬੰਦੀ ਲੱਗ ਜਾਂਦੀ ਹੈ, ਤਾਂ ਸਾਨੂੰ ਪ੍ਰਚਾਰ ਕਰਦਿਆਂ ਬੜਾ ਧਿਆਨ ਰੱਖਣਾ ਪੈਂਦਾ ਹੈ। (ਮੱਤੀ 10:16) ਪਰ ਜਦੋਂ ਅਸੀਂ ਪੂਰੀ ਵਾਹ ਲਾ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਸਾਨੂੰ ਸ਼ਾਂਤੀ ਮਿਲੇਗੀ ਕਿਉਂਕਿ ਅਸੀਂ ਉਹ ਕੰਮ ਕਰ ਰਹੇ ਹੋਵਾਂਗੇ ਜਿਸ ਨਾਲ ਲੋਕਾਂ ਦੀ ਜਾਨ ਬਚਦੀ ਹੈ ਅਤੇ ਇਸ ਨਾਲ ਅਸੀਂ ਯਹੋਵਾਹ ਨੂੰ ਵੀ ਖ਼ੁਸ਼ ਕਰ ਰਹੇ ਹੋਵਾਂਗੇ।

“ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਨਾਲ ਰਹੇਗਾ”

18. ਸਾਨੂੰ ਸੱਚੀ ਸ਼ਾਂਤੀ ਕੌਣ ਦੇ ਸਕਦਾ ਹੈ?

18 ਪੂਰਾ ਭਰੋਸਾ ਰੱਖੋ ਕਿ ਔਖੀਆਂ ਘੜੀਆਂ ਦੌਰਾਨ ਵੀ ਤੁਹਾਨੂੰ ਪਰਮੇਸ਼ੁਰ ਦੀ ਸ਼ਾਂਤੀ ਮਿਲ ਸਕਦੀ ਹੈ। ਇੱਦਾਂ ਦੇ ਹਾਲਾਤਾਂ ਵਿਚ ਯਾਦ ਰੱਖੋ ਕਿ ਤੁਹਾਨੂੰ ਜਿਸ ਸ਼ਾਂਤੀ ਦੀ ਲੋੜ ਹੈ, ਉਹ ਹੈ ਪਰਮੇਸ਼ੁਰ ਦੀ ਸ਼ਾਂਤੀ ਅਤੇ ਇਹ ਸ਼ਾਂਤੀ ਸਿਰਫ਼ ਯਹੋਵਾਹ ਹੀ ਤੁਹਾਨੂੰ ਦੇ ਸਕਦਾ ਹੈ। ਜਦੋਂ ਕੋਈ ਬੀਮਾਰੀ ਫੈਲਦੀ ਹੈ, ਕੋਈ ਆਫ਼ਤ ਜਾਂ ਬਿਪਤਾ ਆਉਂਦੀ ਹੈ ਜਾਂ ਤੁਹਾਡੇ ʼਤੇ ਜ਼ੁਲਮ ਕੀਤੇ ਜਾਂਦੇ ਹਨ, ਤਾਂ ਯਹੋਵਾਹ ʼਤੇ ਭਰੋਸਾ ਰੱਖੋ ਅਤੇ ਉਸ ਦੇ ਸੰਗਠਨ ਦੇ ਨੇੜੇ ਰਹੋ। ਨਾਲੇ ਇਹ ਗੱਲ ਯਾਦ ਰੱਖੋ ਕਿ ਤੁਹਾਡਾ ਭਵਿੱਖ ਬਹੁਤ ਸੁਨਹਿਰਾ ਹੋਵੇਗਾ। ਜੇ ਤੁਸੀਂ ਇੱਦਾਂ ਕਰੋਗੇ, ਤਾਂ “ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਨਾਲ ਰਹੇਗਾ।” (ਫ਼ਿਲਿ. 4:9) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਦੁੱਖ-ਮੁਸੀਬਤਾਂ ਝੱਲ ਰਹੇ ਭੈਣਾਂ-ਭਰਾਵਾਂ ਦੀ ਪਰਮੇਸ਼ੁਰ ਦੀ ਸ਼ਾਂਤੀ ਪਾਉਣ ਵਿਚ ਅਸੀਂ ਕਿਵੇਂ ਮਦਦ ਕਰ ਸਕਦੇ ਹਾਂ।

ਗੀਤ 38 ਉਹ ਤੁਹਾਨੂੰ ਤਕੜਾ ਕਰੇਗਾ

a ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਸ਼ਾਂਤੀ ਦੇਵੇਗਾ ਜਿਹੜੇ ਉਸ ਨੂੰ ਪਿਆਰ ਕਰਦੇ ਹਨ। “ਪਰਮੇਸ਼ੁਰ ਦੀ ਸ਼ਾਂਤੀ” ਦਾ ਕੀ ਮਤਲਬ ਹੈ ਅਤੇ ਅਸੀਂ ਇਹ ਕਿੱਦਾਂ ਪਾ ਸਕਦੇ ਹਾਂ? “ਪਰਮੇਸ਼ੁਰ ਦੀ ਸ਼ਾਂਤੀ” ਉਦੋਂ ਸਾਡੀ ਕਿੱਦਾਂ ਮਦਦ ਕਰ ਸਕਦੀ ਹੈ ਜਦੋਂ ਕੋਈ ਬੀਮਾਰੀ ਫੈਲਦੀ ਹੈ, ਕੋਈ ਆਫ਼ਤ ਜਾਂ ਬਿਪਤਾ ਆਉਂਦੀ ਹੈ ਜਾਂ ਸਾਡੇ ʼਤੇ ਜ਼ੁਲਮ ਕੀਤੇ ਜਾਂਦੇ ਹਨ? ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ।

b ਕੁਝ ਨਾਂ ਬਦਲੇ ਗਏ ਹਨ।

c jw.org/pa ʼਤੇ “ਕੀ ਤੁਸੀਂ ਆਫ਼ਤਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ?” ਨਾਂ ਦੀ ਵੀਡੀਓ ਦੇਖੋ।

d ਤਸਵੀਰਾਂ ਬਾਰੇ ਜਾਣਕਾਰੀ: ਇਕ ਭੈਣ ਨੇ ਪਹਿਲਾਂ ਤੋਂ ਹੀ ਤਿਆਰੀ ਕੀਤੀ ਸੀ ਜਿਸ ਕਰਕੇ ਲੋੜ ਪੈਣ ʼਤੇ ਉਹ ਤੁਰੰਤ ਆਪਣੇ ਘਰੋਂ ਜਾ ਸਕੀ।

e ਤਸਵੀਰਾਂ ਬਾਰੇ ਜਾਣਕਾਰੀ: ਇਕ ਭਰਾ ਉੱਥੇ ਰਹਿੰਦਾ ਹੈ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਹੈ ਅਤੇ ਉਹ ਬੜੇ ਧਿਆਨ ਨਾਲ ਗਵਾਹੀ ਦੇ ਰਿਹਾ ਹੈ।