Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਇਸ ਸਾਲ ਦੇ ਪਹਿਰਾਬੁਰਜ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ:

‘ਆਪਣੀ ਸੋਚ ਨੂੰ ਬਦਲਣ’ ਵਿਚ ਕੀ ਸ਼ਾਮਲ ਹੈ? (ਰੋਮੀ. 12:2)

ਇਸ ਦਾ ਮਤਲਬ ਹੈ ਕਿ ਆਪਣੀ ਜ਼ਿੰਦਗੀ ਵਿਚ ਸਿਰਫ਼ ਚੰਗੇ ਕੰਮ ਕਰਨੇ ਹੀ ਕਾਫ਼ੀ ਨਹੀਂ ਹਨ। ਇਸ ਦੀ ਬਜਾਇ, ਸਾਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ ਅਤੇ ਫਿਰ ਸਾਨੂੰ ਜ਼ਰੂਰੀ ਬਦਲਾਅ ਵੀ ਕਰਨੇ ਚਾਹੀਦੇ ਹਨ ਤਾਂਕਿ ਅਸੀਂ ਯਹੋਵਾਹ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀ ਸਕੀਏ।​—w23.01, ਸਫ਼ੇ 8-9.

ਦੁਨੀਆਂ ਦੀਆਂ ਘਟਨਾਵਾਂ ਵੱਲ ਧਿਆਨ ਦਿੰਦੇ ਵੇਲੇ ਅਸੀਂ ਖ਼ਬਰਦਾਰ ਕਿਵੇਂ ਰਹਿ ਸਕਦੇ ਹਾਂ?

ਅੱਜ ਅਸੀਂ ਇਸ ਗੱਲ ਵਿਚ ਦਿਲਚਸਪੀ ਲੈਂਦੇ ਹਾਂ ਕਿ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਨਾਲ ਬਾਈਬਲ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋ ਰਹੀਆਂ ਹਨ। ਬਾਈਬਲ ਦੀ ਕਿਸੇ ਭਵਿੱਖਬਾਣੀ ਬਾਰੇ ਸਾਨੂੰ ਤੀਰ-ਤੁੱਕੇ ਨਹੀਂ ਲਾਉਣੇ ਚਾਹੀਦੇ ਜਿਸ ਕਰਕੇ ਮੰਡਲੀ ਦੀ ਏਕਤਾ ਭੰਗ ਹੋ ਸਕਦੀ ਹੈ। ਇਸ ਦੀ ਬਜਾਇ, ਸਾਨੂੰ ਯਹੋਵਾਹ ਦੇ ਸੰਗਠਨ ਵੱਲੋਂ ਤਿਆਰ ਕੀਤੇ ਪ੍ਰਕਾਸ਼ਨਾਂ ਵਿਚ ਦਿੱਤੀ ਜਾਣਕਾਰੀ ਮੁਤਾਬਕ ਗੱਲਬਾਤ ਕਰਨੀ ਚਾਹੀਦੀ ਹੈ। (1 ਕੁਰਿੰ. 1:10)​—w23.02, ਸਫ਼ਾ 16.

ਯਿਸੂ ਦੇ ਬਪਤਿਸਮੇ ਅਤੇ ਉਸ ਦੇ ਚੇਲਿਆਂ ਦੇ ਬਪਤਿਸਮੇ ਵਿਚ ਕੀ ਫ਼ਰਕ ਹੈ?

ਯਿਸੂ ਨੂੰ ਸਾਡੇ ਵਾਂਗ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਉਹ ਉਸ ਕੌਮ ਵਿਚ ਪੈਦਾ ਹੋਇਆ ਸੀ ਜੋ ਪਹਿਲਾਂ ਹੀ ਪਰਮੇਸ਼ੁਰ ਨੂੰ ਸਮਰਪਿਤ ਸੀ। ਉਹ ਮੁਕੰਮਲ ਸੀ ਅਤੇ ਉਸ ਨੇ ਕੋਈ ਪਾਪ ਨਹੀਂ ਕੀਤਾ ਸੀ, ਇਸ ਕਰਕੇ ਉਸ ਨੂੰ ਆਪਣੇ ਪਾਪਾਂ ਤੋਂ ਤੋਬਾ ਕਰਨ ਦੀ ਲੋੜ ਨਹੀਂ ਸੀ।​—w23.03, ਸਫ਼ਾ 5.

ਅਸੀਂ ਮੀਟਿੰਗਾਂ ਵਿਚ ਜਵਾਬ ਦੇਣ ਵਿਚ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ?

ਅਸੀਂ ਛੋਟੇ ਜਵਾਬ ਦੇ ਕੇ ਦੂਜਿਆਂ ਨੂੰ ਮੌਕਾ ਦੇ ਸਕਦੇ ਹਾਂ। ਨਾਲੇ ਸਾਨੂੰ ਬਹੁਤ ਸਾਰੇ ਮੁੱਦਿਆਂ ʼਤੇ ਵੀ ਜਵਾਬ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਅਸੀਂ ਦੂਜਿਆਂ ਨੂੰ ਹੋਰ ਮੁੱਦਿਆਂ ʼਤੇ ਜਵਾਬ ਦੇਣ ਦਾ ਮੌਕਾ ਦੇਵਾਂਗੇ।​—w23.04, ਸਫ਼ਾ 23.

ਯਸਾਯਾਹ 35:8 ਵਿਚ ਜ਼ਿਕਰ ਕੀਤਾ “ਪਵਿੱਤਰ ਰਾਹ” ਕਿਸ ਨੂੰ ਦਰਸਾਉਂਦਾ ਹੈ?

ਪੁਰਾਣੇ ਸਮੇਂ ਵਿਚ ਇਹ “ਪਵਿੱਤਰ ਰਾਹ” ਉਸ ਰਾਹ ਨੂੰ ਦਰਸਾਉਂਦਾ ਸੀ ਜਿਸ ਰਾਹੀਂ ਯਹੂਦੀ ਬਾਬਲ ਤੋਂ ਵਾਪਸ ਇਜ਼ਰਾਈਲ ਆਏ ਸਨ। ਹਾਲ ਹੀ ਦੇ ਸਮੇਂ ਵਿਚ ਇਹ ਕਿਸ ਨੂੰ ਦਰਸਾਉਂਦਾ ਹੈ? 1919 ਤੋਂ ਸਦੀਆਂ ਪਹਿਲਾਂ ਇਹ ਰਾਹ ਤਿਆਰ ਕੀਤਾ ਜਾਣ ਲੱਗਾ, ਜਿਵੇਂ ਬਾਈਬਲ ਦਾ ਅਨੁਵਾਦ ਤੇ ਛਪਾਈ ਦੇ ਨਾਲ-ਨਾਲ ਹੋਰ ਵੀ ਬਹੁਤ ਕੁਝ। ਪਰਮੇਸ਼ੁਰ ਦੇ ਲੋਕ “ਪਵਿੱਤਰ ਰਾਹ” ਉੱਤੇ ਤੁਰ ਰਹੇ ਹਨ ਜਿਸ ʼਤੇ ਚੱਲ ਕੇ ਉਨ੍ਹਾਂ ਨੂੰ ਉਸ ਦੇ ਰਾਜ ਅਧੀਨ ਬੇਸ਼ੁਮਾਰ ਬਰਕਤਾਂ ਮਿਲਣਗੀਆਂ।​—w23.05, ਸਫ਼ੇ 15-19.

ਕਹਾਉਤਾਂ ਅਧਿਆਇ 9 ਵਿਚ ਕਿਨ੍ਹਾਂ ਦੋ ਔਰਤਾਂ ਬਾਰੇ ਦੱਸਿਆ ਗਿਆ ਹੈ ਅਤੇ ਉਨ੍ਹਾਂ ਦਾ ਸੱਦਾ ਕਬੂਲ ਕਰਨ ਨਾਲ ਕੀ ਹੁੰਦਾ ਹੈ?

ਕਹਾਉਤਾਂ ਦੀ ਕਿਤਾਬ ਵਿਚ ਇਕ “ਮੂਰਖ ਔਰਤ” ਬਾਰੇ ਦੱਸਿਆ ਗਿਆ ਹੈ। ਉਸ ਦਾ ਸੱਦਾ ਕਬੂਲ ਕਰਨ ਵਾਲੇ “ਕਬਰ” ਵੱਲ ਨੂੰ ਜਾਂਦੇ ਹਨ। ਇਸ ਵਿਚ ਇਕ ਹੋਰ ਔਰਤ ਬਾਰੇ ਦੱਸਿਆ ਗਿਆ ਹੈ ਜੋ “ਸੱਚੀ ਬੁੱਧ” ਨੂੰ ਦਰਸਾਉਂਦੀ ਹੈ। ਉਸ ਦਾ ਸੱਦਾ ਕਬੂਲ ਕਰਨ ਵਾਲੇ ਜ਼ਿੰਦਗੀ ਅਤੇ “ਸਮਝ ਦੇ ਰਾਹ” ਉੱਤੇ ਚੱਲਣਗੇ। (ਕਹਾ. 9:1, 6, 13, 18)​—w23.06, ਸਫ਼ੇ 22-24.

ਯਹੋਵਾਹ ਲੂਤ ਨਾਲ ਜਿੱਦਾਂ ਪੇਸ਼ ਆਇਆ, ਉਸ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਉਹ ਨਿਮਰ ਹੈ ਅਤੇ ਹਾਲਾਤਾਂ ਮੁਤਾਬਕ ਫੇਰ-ਬਦਲ ਕਰਦਾ ਹੈ?

ਯਹੋਵਾਹ ਨੇ ਲੂਤ ਨੂੰ ਸਦੂਮ ਤੋਂ ਪਹਾੜੀ ਇਲਾਕੇ ਵੱਲ ਭੱਜਣ ਦੀ ਹਿਦਾਇਤ ਦਿੱਤੀ ਸੀ। ਪਰ ਜਦੋਂ ਲੂਤ ਨੇ ਉੱਥੇ ਜਾਣ ਦੀ ਬਜਾਇ ਸੋਆਰ ਜਾਣ ਦੀ ਬੇਨਤੀ ਕੀਤੀ, ਤਾਂ ਉਸ ਨੇ ਉਸ ਦੀ ਬੇਨਤੀ ਸਵੀਕਾਰ ਕਰ ਲਈ।​—w23.07, ਸਫ਼ਾ 21.

ਜੇ ਇਕ ਔਰਤ ਦਾ ਪਤੀ ਪੋਰਨੋਗ੍ਰਾਫੀ ਦੇਖਦਾ ਹੈ, ਤਾਂ ਉਹ ਕੀ ਕਰ ਸਕਦੀ ਹੈ?

ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਵਿਚ ਉਸ ਦਾ ਕੋਈ ਕਸੂਰ ਨਹੀਂ ਹੈ। ਉਸ ਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ʼਤੇ ਧਿਆਨ ਲਾਉਣਾ ਚਾਹੀਦਾ ਹੈ। ਨਾਲੇ ਉਸ ਨੂੰ ਬਾਈਬਲ ਵਿਚ ਉਨ੍ਹਾਂ ਔਰਤਾਂ ਦੇ ਬਿਰਤਾਂਤਾਂ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਜੋ ਉਸ ਵਾਂਗ ਦੁਖੀ ਸਨ ਅਤੇ ਜਿਨ੍ਹਾਂ ਨੂੰ ਪਰਮੇਸ਼ੁਰ ਤੋਂ ਦਿਲਾਸਾ ਮਿਲਿਆ। ਉਹ ਆਪਣੇ ਪਤੀ ਦੀ ਮਦਦ ਕਰ ਸਕਦੀ ਹੈ ਕਿ ਉਹ ਉਨ੍ਹਾਂ ਹਾਲਾਤਾਂ ਵਿਚ ਨਾ ਪਵੇ ਜਿਨ੍ਹਾਂ ਵਿਚ ਉਸ ਦਾ ਪੋਰਨੋਗ੍ਰਾਫੀ ਦੇਖਣ ਦਾ ਮਨ ਕਰ ਸਕਦਾ ਹੈ।​—w23.08, ਸਫ਼ੇ 14-17.

ਜਦੋਂ ਕੋਈ ਸਾਡੇ ਵਿਸ਼ਵਾਸਾਂ ʼਤੇ ਸਵਾਲ ਖੜ੍ਹਾ ਕਰਦਾ ਹੈ, ਤਾਂ ਡੂੰਘੀ ਸਮਝ ਸਾਡੀ ਨਰਮਾਈ ਨਾਲ ਪੇਸ਼ ਆਉਣ ਵਿਚ ਮਦਦ ਕਿਵੇਂ ਕਰ ਸਕਦੀ ਹੈ?

ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਸ ਸਵਾਲ ਤੋਂ ਅਸੀਂ ਜਾਣ ਸਕਦੇ ਹਾਂ ਕਿ ਉਸ ਵਿਅਕਤੀ ਦੇ ਮਨ ਵਿਚ ਕੀ ਚੱਲ ਰਿਹਾ ਹੈ ਅਤੇ ਉਸ ਲਈ ਕਿਹੜੀਆਂ ਗੱਲਾਂ ਮਾਅਨੇ ਰੱਖਦੀਆਂ ਹਨ। ਇਸ ਤਰ੍ਹਾਂ ਅਸੀਂ ਨਰਮਾਈ ਨਾਲ ਜਵਾਬ ਦੇ ਸਕਾਂਗੇ।​—w23.09, ਸਫ਼ਾ 17.

ਤਾਕਤ ਹਾਸਲ ਕਰਨ ਬਾਰੇ ਅਸੀਂ ਮਰੀਅਮ ਤੋਂ ਕੀ ਸਿੱਖ ਸਕਦੇ ਹਾਂ?

ਜਦੋਂ ਮਰੀਅਮ ਨੂੰ ਪਤਾ ਲੱਗਾ ਕਿ ਉਹ ਮਸੀਹ ਦੀ ਮਾਂ ਬਣੇਗੀ, ਤਾਂ ਉਸ ਨੇ ਦੂਜਿਆਂ ਤੋਂ ਮਦਦ ਮੰਗੀ। ਜਿਬਰਾਏਲ ਅਤੇ ਇਲੀਸਬਤ ਨੇ ਬਾਈਬਲ ਤੋਂ ਉਸ ਨੂੰ ਹੌਸਲਾ ਦਿੱਤਾ। ਅਸੀਂ ਵੀ ਆਪਣੇ ਭੈਣਾਂ-ਭਰਾਵਾਂ ਤੋਂ ਤਾਕਤ ਹਾਸਲ ਕਰ ਸਕਦੇ ਹਾਂ।​—w23.10, ਸਫ਼ਾ 15.

ਸ਼ਾਇਦ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦੇਵੇ?

ਉਹ ਸਾਡੀਆਂ ਪ੍ਰਾਰਥਨਾਵਾਂ ਸੁਣਨ ਦਾ ਵਾਅਦਾ ਕਰਦਾ ਹੈ। ਉਹ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਉਸ ਦੇ ਮਕਸਦ ਕਿਵੇਂ ਜੁੜੀਆਂ ਹੋਈਆਂ ਹਨ। (ਯਿਰ. 29:12) ਉਹ ਸ਼ਾਇਦ ਇੱਕੋ ਜਿਹੀਆਂ ਪ੍ਰਾਰਥਨਾਵਾਂ ਦਾ ਅਲੱਗ-ਅਲੱਗ ਤਰੀਕਿਆਂ ਨਾਲ ਜਵਾਬ ਦੇਵੇ। ਪਰ ਉਹ ਹਮੇਸ਼ਾ ਸਾਡਾ ਸਾਥ ਦੇਵੇਗਾ।​—w23.11, ਸਫ਼ੇ 21-22.

ਰੋਮੀਆਂ 5:2 ਵਿਚ “ਉਮੀਦ” ਦਾ ਜ਼ਿਕਰ ਕੀਤਾ ਗਿਆ ਹੈ, ਸੋ ਆਇਤ 4 ਵਿਚ ਇਸ ਦਾ ਦੁਬਾਰਾ ਕਿਉਂ ਜ਼ਿਕਰ ਕੀਤਾ ਗਿਆ?

ਖ਼ੁਸ਼ ਖ਼ਬਰੀ ਸੁਣਨ ਤੇ ਕਬੂਲ ਕਰਨ ਕਰਕੇ ਇਕ ਵਿਅਕਤੀ ਨੂੰ ਬਾਗ਼ ਵਰਗੀ ਸੋਹਣੀ ਧਰਤੀ ʼਤੇ ਹਮੇਸ਼ਾ ਲਈ ਰਹਿਣ ਦੀ ਉਮੀਦ ਮਿਲਦੀ ਹੈ। ਪਰ ਜਦੋਂ ਉਹ ਮੁਸ਼ਕਲਾਂ ਸਹਿੰਦਾ ਹੈ, ਧੀਰਜ ਰੱਖਦਾ ਹੈ ਅਤੇ ਉਸ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਮਿਲਦੀ ਹੈ, ਤਾਂ ਉਸ ਦੀ ਉਮੀਦ ਹੋਰ ਪੱਕੀ ਹੁੰਦੀ ਹੈ ਅਤੇ ਉਸ ਨੂੰ ਯਕੀਨ ਹੁੰਦਾ ਹੈ ਕਿ ਇਹ ਉਮੀਦ ਜ਼ਰੂਰ ਪੂਰੀ ਹੋਵੇਗੀ।​—w23.12, ਸਫ਼ੇ 12-13.