Skip to content

Skip to table of contents

ਅਧਿਐਨ ਲੇਖ 50

ਧਰਮੀ ਕਹਾਏ ਜਾਣ ਲਈ ਨਿਹਚਾ ਅਤੇ ਕੰਮ ਦੋਵੇਂ ਜ਼ਰੂਰੀ ਹਨ

ਧਰਮੀ ਕਹਾਏ ਜਾਣ ਲਈ ਨਿਹਚਾ ਅਤੇ ਕੰਮ ਦੋਵੇਂ ਜ਼ਰੂਰੀ ਹਨ

‘ਸਾਡੇ ਪਿਤਾ ਅਬਰਾਹਾਮ ਵਾਂਗ ਧਿਆਨ ਨਾਲ ਨਿਹਚਾ ਦੇ ਰਾਹ ਉੱਤੇ ਚੱਲੋ।’​—ਰੋਮੀ. 4:12.

ਗੀਤ 119 ਨਿਹਚਾ ਨਾਲ ਚੱਲੋ

ਖ਼ਾਸ ਗੱਲਾਂ a

1. ਜਦੋਂ ਅਸੀਂ ਅਬਰਾਹਾਮ ਦੀ ਨਿਹਚਾ ਬਾਰੇ ਸੋਚਦੇ ਹਾਂ, ਤਾਂ ਸ਼ਾਇਦ ਸਾਡੇ ਮਨ ਵਿਚ ਕਿਹੜਾ ਸਵਾਲ ਆਵੇ?

 ਬਹੁਤ ਸਾਰੇ ਲੋਕਾਂ ਨੇ ਅਬਰਾਹਾਮ ਬਾਰੇ ਸੁਣਿਆ ਹੋਣਾ, ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਉਸ ਬਾਰੇ ਬਹੁਤ ਘੱਟ ਜਾਣਦੇ ਹਨ। ਪਰ ਤੁਹਾਨੂੰ ਅਬਰਾਹਾਮ ਬਾਰੇ ਬਹੁਤ ਕੁਝ ਪਤਾ ਹੈ। ਮਿਸਾਲ ਲਈ, ਤੁਸੀਂ ਜਾਣਦੇ ਹੋ ਕਿ ਅਬਰਾਹਾਮ “ਉਨ੍ਹਾਂ ਸਾਰੇ ਲੋਕਾਂ ਦਾ ਪਿਤਾ ਬਣਿਆ” ਜਿਹੜੇ ਨਿਹਚਾ ਕਰਦੇ ਹਨ। (ਰੋਮੀ. 4:11) ਪਰ ਤੁਸੀਂ ਸ਼ਾਇਦ ਸੋਚੋ, ‘ਕੀ ਮੈਂ ਵੀ ਅਬਰਾਹਾਮ ਵਾਂਗ ਬਣ ਸਕਦਾ ਹਾਂ ਅਤੇ ਉਸ ਵਾਂਗ ਨਿਹਚਾ ਦਿਖਾ ਸਕਦਾ ਹਾਂ?’ ਬਿਲਕੁਲ ਤੁਸੀਂ ਇੱਦਾਂ ਕਰ ਸਕਦੇ ਹੋ।

2. ਅਬਰਾਹਾਮ ਦੀ ਮਿਸਾਲ ʼਤੇ ਧਿਆਨ ਦੇਣਾ ਕਿਉਂ ਜ਼ਰੂਰੀ ਹੈ? (ਯਾਕੂਬ 2:22, 23)

2 ਅਬਰਾਹਾਮ ਵਰਗੀ ਨਿਹਚਾ ਰੱਖਣ ਦਾ ਇਕ ਤਰੀਕਾ ਹੈ, ਉਸ ਦੀ ਮਿਸਾਲ ʼਤੇ ਧਿਆਨ ਦੇਣਾ। ਅਬਰਾਹਾਮ ਹਮੇਸ਼ਾ ਪਰਮੇਸ਼ੁਰ ਦੀ ਗੱਲ ਮੰਨਦਾ ਸੀ। ਪਰਮੇਸ਼ੁਰ ਦੇ ਕਹਿਣ ʼਤੇ ਉਹ ਆਪਣਾ ਘਰ-ਬਾਰ ਛੱਡ ਕੇ ਇਕ ਦੂਰ ਦੇਸ਼ ਚਲਾ ਗਿਆ, ਕਈ ਸਾਲਾਂ ਤਕ ਤੰਬੂਆਂ ਵਿਚ ਰਿਹਾ ਅਤੇ ਆਪਣੇ ਮੁੰਡੇ ਇਸਹਾਕ ਦੀ ਬਲ਼ੀ ਚੜ੍ਹਾਉਣ ਲਈ ਵੀ ਤਿਆਰ ਹੋ ਗਿਆ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਅਬਰਾਹਾਮ ਨੂੰ ਪਰਮੇਸ਼ੁਰ ʼਤੇ ਕਿੰਨੀ ਨਿਹਚਾ ਸੀ। ਉਸ ਦੀ ਇਸੇ ਨਿਹਚਾ ਅਤੇ ਕੰਮਾਂ ਕਰਕੇ ਉਸ ਨੇ ਪਰਮੇਸ਼ੁਰ ਦਾ ਦਿਲ ਖ਼ੁਸ਼ ਕੀਤਾ ਅਤੇ ਉਸ ਦਾ ਦੋਸਤ ਬਣ ਸਕਿਆ। (ਯਾਕੂਬ 2:22, 23 ਪੜ੍ਹੋ।) ਜ਼ਰਾ ਸੋਚੋ ਕਿ ਇਹ ਕਿੰਨੀ ਵੱਡੀ ਬਰਕਤ ਸੀ! ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਵੀ ਇਹ ਬਰਕਤਾਂ ਪਾਓ। ਇਸੇ ਕਰਕੇ ਉਸ ਨੇ ਪੌਲੁਸ ਅਤੇ ਯਾਕੂਬ ਨੂੰ ਆਪਣੇ ਬਚਨ ਵਿਚ ਅਬਰਾਹਾਮ ਬਾਰੇ ਲਿਖਣ ਲਈ ਪ੍ਰੇਰਿਆ। ਤਾਂ ਫਿਰ ਆਓ ਆਪਾਂ ਅਬਰਾਹਾਮ ਦੀ ਮਿਸਾਲ ʼਤੇ ਧਿਆਨ ਦੇਈਏ ਜਿਸ ਬਾਰੇ ਰੋਮੀਆਂ ਅਧਿਆਇ 4 ਅਤੇ ਯਾਕੂਬ ਅਧਿਆਇ 2 ਵਿਚ ਚਰਚਾ ਕੀਤੀ ਗਈ ਹੈ। ਇਨ੍ਹਾਂ ਦੋਵਾਂ ਹੀ ਅਧਿਆਵਾਂ ਵਿਚ ਉਸ ਬਾਰੇ ਇਕ ਜ਼ਬਰਦਸਤ ਗੱਲ ਦੱਸੀ ਗਈ ਹੈ।

3. ਪੌਲੁਸ ਤੇ ਯਾਕੂਬ ਦੋਵਾਂ ਨੇ ਕਿਸ ਆਇਤ ਦਾ ਹਵਾਲਾ ਦਿੱਤਾ?

3 ਪੌਲੁਸ ਅਤੇ ਯਾਕੂਬ ਦੋਵਾਂ ਨੇ ਉਤਪਤ 15:6 ਵਿਚ ਲਿਖੀ ਗੱਲ ਨੂੰ ਦੁਹਰਾਇਆ ਜਿੱਥੇ ਲਿਖਿਆ ਹੈ: “[ਅਬਰਾਹਾਮ] ਨੇ ਯਹੋਵਾਹ ʼਤੇ ਨਿਹਚਾ ਕੀਤੀ ਜਿਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਧਰਮੀ ਗਿਣਿਆ।” ਯਹੋਵਾਹ ਇਕ ਵਿਅਕਤੀ ਨੂੰ ਉਦੋਂ ਧਰਮੀ ਜਾਂ ਨਿਰਦੋਸ਼ ਸਮਝਦਾ ਹੈ ਜਦੋਂ ਉਹ ਵਿਅਕਤੀ ਉਸ ਨੂੰ ਖ਼ੁਸ਼ ਕਰਦਾ ਹੈ। ਸੋਚੋ ਕਿ ਇਹ ਕਿੰਨੀ ਹੀ ਵੱਡੀ ਗੱਲ ਹੈ ਕਿ ਇਕ ਨਾਮੁਕੰਮਲ ਤੇ ਪਾਪੀ ਇਨਸਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਨਿਰਦੋਸ਼ ਸਾਬਤ ਹੋ ਸਕਦਾ ਹੈ। ਤੁਸੀਂ ਵੀ ਇਹੀ ਚਾਹੁੰਦੇ ਹੋਣੇ ਕਿ ਪਰਮੇਸ਼ੁਰ ਤੁਹਾਨੂੰ ਧਰਮੀ ਸਮਝੇ ਅਤੇ ਇਹ ਮੁਮਕਿਨ ਵੀ ਹੈ। ਪਰ ਕਿੱਦਾਂ? ਇਹ ਜਾਣਨ ਲਈ ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਨੇ ਅਬਰਾਹਾਮ ਨੂੰ ਧਰਮੀ ਕਿਉਂ ਕਿਹਾ ਸੀ।

ਧਰਮੀ ਠਹਿਰਾਏ ਜਾਣ ਲਈ ਨਿਹਚਾ ਜ਼ਰੂਰੀ ਹੈ

4. ਇਨਸਾਨਾਂ ਲਈ ਧਰਮੀ ਗਿਣੇ ਜਾਣਾ ਔਖਾ ਕਿਉਂ ਹੈ?

4 ਰੋਮ ਦੇ ਮਸੀਹੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਦੱਸਿਆ ਕਿ ਸਾਰੇ ਇਨਸਾਨ ਪਾਪੀ ਹਨ। (ਰੋਮੀ. 3:23) ਤਾਂ ਫਿਰ ਕੋਈ ਵੀ ਇਨਸਾਨ ਪਰਮੇਸ਼ੁਰ ਨੂੰ ਖ਼ੁਸ਼ ਕਿਵੇਂ ਕਰ ਸਕਦਾ ਹੈ ਅਤੇ ਉਸ ਦੀਆਂ ਨਜ਼ਰਾਂ ਵਿਚ ਨਿਰਦੋਸ਼ ਜਾਂ ਧਰਮੀ ਕਿਵੇਂ ਠਹਿਰ ਸਕਦਾ ਹੈ? ਜਿਹੜੇ ਮਸੀਹੀ ਇਸ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹਨ, ਉਨ੍ਹਾਂ ਦੀ ਮਦਦ ਕਰਨ ਲਈ ਪੌਲੁਸ ਨੇ ਅਬਰਾਹਾਮ ਦੀ ਮਿਸਾਲ ਵਰਤੀ।

5. ਯਹੋਵਾਹ ਨੇ ਕਿਸ ਆਧਾਰ ʼਤੇ ਅਬਰਾਹਾਮ ਨੂੰ ਧਰਮੀ ਠਹਿਰਾਇਆ? (ਰੋਮੀਆਂ 4:2-4)

5 ਯਹੋਵਾਹ ਨੇ ਅਬਰਾਹਾਮ ਨੂੰ ਉਦੋਂ ਹੀ ਧਰਮੀ ਠਹਿਰਾ ਦਿੱਤਾ ਸੀ ਜਦੋਂ ਉਹ ਕਨਾਨ ਦੇਸ਼ ਵਿਚ ਰਹਿ ਰਿਹਾ ਸੀ। ਯਹੋਵਾਹ ਨੇ ਉਸ ਨੂੰ ਧਰਮੀ ਕਿਉਂ ਠਹਿਰਾਇਆ? ਕੀ ਇਸ ਕਰਕੇ ਕਿ ਉਹ ਮੂਸਾ ਦਾ ਕਾਨੂੰਨ ਮੰਨਦਾ ਸੀ? ਬਿਲਕੁਲ ਨਹੀਂ। (ਰੋਮੀ. 4:13) ਇਹ ਕਾਨੂੰਨ ਤਾਂ ਯਹੋਵਾਹ ਨੇ ਅਬਰਾਹਾਮ ਨੂੰ ਧਰਮੀ ਠਹਿਰਾਏ ਜਾਣ ਤੋਂ 400 ਤੋਂ ਵੀ ਜ਼ਿਆਦਾ ਸਾਲਾਂ ਬਾਅਦ ਦਿੱਤਾ ਸੀ। ਤਾਂ ਫਿਰ ਪਰਮੇਸ਼ੁਰ ਨੇ ਕਿਸ ਆਧਾਰ ʼਤੇ ਅਬਰਾਹਾਮ ਨੂੰ ਧਰਮੀ ਠਹਿਰਾਇਆ? ਉਸ ਦੀ ਨਿਹਚਾ ਦੇ ਆਧਾਰ ʼਤੇ। ਸੱਚ-ਮੁੱਚ, ਇਹ ਯਹੋਵਾਹ ਦੀ ਅਪਾਰ ਕਿਰਪਾ ਹੀ ਸੀ।​—ਰੋਮੀਆਂ 4:2-4 ਪੜ੍ਹੋ।

6. ਯਹੋਵਾਹ ਇਕ ਪਾਪੀ ਇਨਸਾਨ ਨੂੰ ਧਰਮੀ ਕਿਵੇਂ ਠਹਿਰਾਉਂਦਾ ਹੈ?

6 ਪੌਲੁਸ ਨੇ ਸਮਝਾਇਆ ਕਿ ਜਦੋਂ ਇਕ ਵਿਅਕਤੀ ਪਰਮੇਸ਼ੁਰ ʼਤੇ ਨਿਹਚਾ ਕਰਦਾ ਹੈ, ਤਾਂ “ਉਸ ਨੂੰ ਆਪਣੀ ਨਿਹਚਾ ਕਰਕੇ ਧਰਮੀ ਠਹਿਰਾਇਆ ਜਾਂਦਾ ਹੈ।” (ਰੋਮੀ. 4:5) ਉਸ ਨੇ ਅੱਗੇ ਦੱਸਿਆ: “ਠੀਕ ਜਿਵੇਂ ਦਾਊਦ ਨੇ ਵੀ ਉਸ ਇਨਸਾਨ ਦੀ ਖ਼ੁਸ਼ੀ ਬਾਰੇ ਗੱਲ ਕੀਤੀ ਸੀ ਜਿਸ ਨੂੰ ਪਰਮੇਸ਼ੁਰ ਧਰਮੀ ਠਹਿਰਾਉਂਦਾ ਹੈ, ਭਾਵੇਂ ਉਸ ਦੇ ਕੰਮ ਪੂਰੀ ਤਰ੍ਹਾਂ ਮੂਸਾ ਦੇ ਕਾਨੂੰਨ ਮੁਤਾਬਕ ਨਹੀਂ ਹਨ: ‘ਖ਼ੁਸ਼ ਹਨ ਉਹ ਜਿਨ੍ਹਾਂ ਦੇ ਗ਼ਲਤ ਕੰਮ ਮਾਫ਼ ਕਰ ਦਿੱਤੇ ਗਏ ਹਨ ਅਤੇ ਜਿਨ੍ਹਾਂ ਦੇ ਪਾਪ ਢਕ ਲਏ ਗਏ ਹਨ; ਖ਼ੁਸ਼ ਹੈ ਉਹ ਇਨਸਾਨ ਜਿਸ ਦੇ ਪਾਪਾਂ ਦਾ ਹਿਸਾਬ ਯਹੋਵਾਹ ਨਹੀਂ ਰੱਖੇਗਾ।’” (ਰੋਮੀ. 4:6-8; ਜ਼ਬੂ. 32:1, 2) ਜਿਹੜਾ ਵੀ ਇਨਸਾਨ ਪਰਮੇਸ਼ੁਰ ʼਤੇ ਨਿਹਚਾ ਕਰਦਾ ਹੈ, ਪਰਮੇਸ਼ੁਰ ਉਸ ਦੇ ਪਾਪ ਢਕ ਲੈਂਦਾ ਹੈ। ਉਹ ਉਸ ਦੇ ਪਾਪ ਪੂਰੀ ਤਰ੍ਹਾਂ ਮਾਫ਼ ਕਰ ਦਿੰਦਾ ਹੈ ਅਤੇ ਉਨ੍ਹਾਂ ਦਾ ਹਿਸਾਬ ਨਹੀਂ ਰੱਖਦਾ। ਉਹ ਇੱਦਾਂ ਦੇ ਇਨਸਾਨ ਨੂੰ ਉਸ ਦੀ ਨਿਹਚਾ ਦੇ ਆਧਾਰ ʼਤੇ ਨਿਰਦੋਸ਼ ਅਤੇ ਧਰਮੀ ਠਹਿਰਾਉਂਦਾ ਹੈ।

7. ਪਰਮੇਸ਼ੁਰ ਨੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਕਿਸ ਆਧਾਰ ʼਤੇ ਧਰਮੀ ਠਹਿਰਾਇਆ?

7 ਭਾਵੇਂ ਕਿ ਅਬਰਾਹਾਮ, ਦਾਊਦ ਅਤੇ ਹੋਰ ਵਫ਼ਾਦਾਰ ਸੇਵਕਾਂ ਨੂੰ ਧਰਮੀ ਠਹਿਰਾਇਆ ਗਿਆ ਸੀ, ਪਰ ਦੇਖਿਆ ਜਾਵੇ ਤਾਂ ਉਹ ਨਾਮੁਕੰਮਲ ਤੇ ਪਾਪੀ ਇਨਸਾਨ ਹੀ ਸਨ। ਪਰ ਉਨ੍ਹਾਂ ਦੀ ਨਿਹਚਾ ਕਰਕੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਨਿਰਦੋਸ਼ ਸਮਝਿਆ, ਖ਼ਾਸ ਕਰਕੇ ਉਨ੍ਹਾਂ ਲੋਕਾਂ ਦੇ ਮੁਕਾਬਲੇ ਜੋ ਉਸ ʼਤੇ ਨਿਹਚਾ ਨਹੀਂ ਕਰਦੇ ਸਨ। (ਅਫ਼. 2:12) ਰੋਮੀਆਂ ਨੂੰ ਲਿਖੀ ਆਪਣੀ ਚਿੱਠੀ ਵਿਚ ਪੌਲੁਸ ਨੇ ਸਮਝਾਇਆ ਕਿ ਪਰਮੇਸ਼ੁਰ ਦੇ ਦੋਸਤ ਬਣਨ ਲਈ ਨਿਹਚਾ ਹੋਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਹ ਗੱਲ ਅਬਰਾਹਾਮ ਤੇ ਦਾਊਦ ਦੇ ਮਾਮਲੇ ਬਾਰੇ ਸੱਚ ਸੀ ਤੇ ਇਹ ਗੱਲ ਅੱਜ ਸਾਡੇ ਬਾਰੇ ਵੀ ਸੱਚ ਹੈ।

ਨਿਹਚਾ ਦੇ ਨਾਲ-ਨਾਲ ਕੰਮ ਵੀ ਜ਼ਰੂਰੀ ਹਨ

8-9. ਪੌਲੁਸ ਅਤੇ ਯਾਕੂਬ ਨੇ ਜੋ ਲਿਖਿਆ, ਕੁਝ ਲੋਕਾਂ ਨੇ ਉਸ ਦਾ ਕੀ ਗ਼ਲਤ ਮਤਲਬ ਕੱਢਿਆ ਅਤੇ ਕਿਉਂ?

8 ਸੋ ਕੀ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਨਿਹਚਾ ਹੋਣੀ ਹੀ ਕਾਫ਼ੀ ਹੈ ਜਾਂ ਇਸ ਦੇ ਨਾਲ-ਨਾਲ ਕੁਝ ਕਰਨਾ ਵੀ ਪਵੇਗਾ? ਸਦੀਆਂ ਤੋਂ ਪਾਦਰੀ ਇਸ ਵਿਸ਼ੇ ʼਤੇ ਬਹਿਸ ਕਰਦੇ ਆਏ ਹਨ। ਕੁਝ ਪਾਦਰੀਆਂ ਦਾ ਕਹਿਣਾ ਹੈ ਕਿ ਮੁਕਤੀ ਪਾਉਣ ਲਈ ਪ੍ਰਭੂ ਯਿਸੂ ਮਸੀਹ ʼਤੇ ਨਿਹਚਾ ਕਰਨੀ ਹੀ ਕਾਫ਼ੀ ਹੈ। ਸ਼ਾਇਦ ਤੁਸੀਂ ਉਨ੍ਹਾਂ ਵਿੱਚੋਂ ਕੁਝ ਨੂੰ ਇਹ ਕਹਿੰਦਿਆਂ ਸੁਣਿਆ ਹੋਵੇ, “ਯਿਸੂ ਨੂੰ ਆਪਣਾ ਪ੍ਰਭੂ ਮੰਨੋ ਅਤੇ ਮੁਕਤੀ ਪਾਓ।” ਉਹ ਸ਼ਾਇਦ ਕਹਿਣ ਕਿ ਪੌਲੁਸ ਨੇ ਵੀ ਤਾਂ ਇਹੀ ਕਿਹਾ ਸੀ: ‘ਪਰਮੇਸ਼ੁਰ ਕਰਨੀਆਂ ਦੇ ਬਾਝੋਂ ਧਰਮੀ ਗਿਣ ਲੈਂਦਾ ਹੈ।’ (ਰੋਮੀ. 4:6; ov) ਦੂਜੇ ਪਾਸੇ, ਹੋਰ ਲੋਕ ਕਹਿੰਦੇ ਹਨ ਕਿ ਸਾਨੂੰ ਮੁਕਤੀ ਤਾਂ ਹੀ ਮਿਲੇਗੀ ਜੇ ਅਸੀਂ ਤੀਰਥ-ਸਥਾਨਾਂ ʼਤੇ ਜਾਈਏ ਅਤੇ ਭਲੇ ਕੰਮ ਕਰੀਏ। ਉਹ ਸ਼ਾਇਦ ਯਾਕੂਬ 2:24 ਦਾ ਹਵਾਲਾ ਦੇਣ ਜਿੱਥੇ ਲਿਖਿਆ ਹੈ: “ਕਿਸੇ ਇਨਸਾਨ ਨੂੰ ਸਿਰਫ਼ ਨਿਹਚਾ ਰੱਖਣ ਕਰਕੇ ਨਹੀਂ, ਸਗੋਂ ਉਸ ਦੇ ਕੰਮਾਂ ਕਰਕੇ ਧਰਮੀ ਠਹਿਰਾਇਆ ਜਾਂਦਾ ਹੈ।”

9 ਪਾਦਰੀਆਂ ਦੇ ਅਲੱਗ-ਅਲੱਗ ਵਿਚਾਰਾਂ ਕਰਕੇ ਬਾਈਬਲ ਦੇ ਕੁਝ ਵਿਦਵਾਨਾਂ ਨੂੰ ਲੱਗਦਾ ਹੈ ਕਿ ਪੌਲੁਸ ਅਤੇ ਯਾਕੂਬ ਨੇ ਜੋ ਗੱਲਾਂ ਸਿਖਾਈਆਂ, ਉਹ ਇਕ-ਦੂਜੇ ਨਾਲ ਮੇਲ ਨਹੀਂ ਖਾਂਦੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਪੌਲੁਸ ਮੁਤਾਬਕ ਧਰਮੀ ਠਹਿਰਾਏ ਜਾਣ ਲਈ ਨਿਹਚਾ ਹੋਣੀ ਕਾਫ਼ੀ ਹੈ, ਜਦ ਕਿ ਯਾਕੂਬ ਮੁਤਾਬਕ ਧਰਮੀ ਠਹਿਰਾਏ ਜਾਣ ਲਈ ਕੰਮ ਕਰਨੇ ਜ਼ਰੂਰੀ ਹਨ। ਇਸੇ ਗੱਲ ਨੂੰ ਬਾਈਬਲ ਦੇ ਇਕ ਪ੍ਰੋਫ਼ੈਸਰ ਨੇ ਇਸ ਤਰ੍ਹਾਂ ਕਿਹਾ, “ਦਰਅਸਲ ਯਾਕੂਬ ਨੂੰ ਇਹ ਗੱਲ ਸਮਝ ਨਹੀਂ ਲੱਗੀ ਕਿ ਪੌਲੁਸ ਨੇ ਇੱਦਾਂ ਕਿਉਂ ਕਿਹਾ ਕਿ ਧਰਮੀ ਕਹਾਏ ਜਾਣ ਲਈ ਨਿਹਚਾ ਹੋਣੀ ਹੀ ਕਾਫ਼ੀ ਹੈ। ਇਸ ਲਈ ਉਹ ਪੌਲੁਸ ਦੀ ਗੱਲ ਨਾਲ ਸਹਿਮਤ ਨਹੀਂ ਸੀ।” ਪਰ ਅਸੀਂ ਜਾਣਦੇ ਹਾਂ ਕਿ ਯਹੋਵਾਹ ਨੇ ਹੀ ਪੌਲੁਸ ਅਤੇ ਯਾਕੂਬ ਨੂੰ ਇਹ ਗੱਲਾਂ ਲਿਖਣ ਲਈ ਪ੍ਰੇਰਿਆ ਸੀ। (2 ਤਿਮੋ. 3:16) ਉਨ੍ਹਾਂ ਨੇ ਜੋ ਕਿਹਾ, ਉਸ ਨੂੰ ਸਮਝਣ ਦਾ ਇਕ ਸੌਖਾ ਤਰੀਕਾ ਹੈ ਕਿ ਅਸੀਂ ਇਸ ਗੱਲ ʼਤੇ ਗੌਰ ਕਰੀਏ ਕਿ ਉਨ੍ਹਾਂ ਨੇ ਆਪਣੀਆਂ ਚਿੱਠੀਆਂ ਵਿਚ ਹੋਰ ਕੀ ਲਿਖਿਆ ਸੀ।

ਪੌਲੁਸ ਨੇ ਯਹੂਦੀ ਮਸੀਹੀਆਂ ਨੂੰ ਦੱਸਿਆ ਕਿ ਮੂਸਾ ਦੇ ਕਾਨੂੰਨ ਵਿਚ ਦੱਸੇ ਕੰਮ ਕਰਨੇ ਨਹੀਂ, ਸਗੋਂ ਨਿਹਚਾ ਹੋਣੀ ਜ਼ਰੂਰੀ ਹੈ (ਸਫ਼ਾ 10 ਦੇਖੋ) b

10. ਪੌਲੁਸ ਖ਼ਾਸ ਕਰਕੇ ਕਿਨ੍ਹਾਂ ‘ਕੰਮਾਂ’ ਦੀ ਗੱਲ ਕਰ ਰਿਹਾ ਸੀ? (ਰੋਮੀਆਂ 3:21, 28) (ਤਸਵੀਰ ਵੀ ਦੇਖੋ।)

10 ਰੋਮੀਆਂ ਅਧਿਆਇ 3 ਅਤੇ 4 ਵਿਚ ਪੌਲੁਸ ਕਿਨ੍ਹਾਂ ‘ਕੰਮਾਂ’ ਦੀ ਗੱਲ ਕਰ ਰਿਹਾ ਸੀ? ਉਹ ਖ਼ਾਸ ਤੌਰ ਤੇ “ਮੂਸਾ ਦੇ ਕਾਨੂੰਨ” ਵਿਚ ਦੱਸੇ ਕੰਮਾਂ ਦੀ ਗੱਲ ਕਰ ਰਿਹਾ ਸੀ ਜੋ ਮੂਸਾ ਨੂੰ ਸੀਨਈ ਪਹਾੜ ʼਤੇ ਦਿੱਤਾ ਗਿਆ ਸੀ। (ਰੋਮੀਆਂ 3:21, 28 ਪੜ੍ਹੋ।) ਇੱਦਾਂ ਲੱਗਦਾ ਹੈ ਕਿ ਪੌਲੁਸ ਦੇ ਦਿਨਾਂ ਵਿਚ ਜਿਹੜੇ ਯਹੂਦੀ ਮਸੀਹੀ ਬਣ ਗਏ ਸਨ, ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਇਹ ਗੱਲ ਮੰਨਣੀ ਔਖੀ ਲੱਗ ਰਹੀ ਸੀ ਕਿ ਹੁਣ ਉਨ੍ਹਾਂ ਨੂੰ ਮੂਸਾ ਦਾ ਕਾਨੂੰਨ ਮੰਨਣ ਦੀ ਲੋੜ ਨਹੀਂ ਹੈ। ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਅਬਰਾਹਾਮ ਦੀ ਮਿਸਾਲ ਦੇ ਕੇ ਦੱਸਿਆ ਕਿ “ਕਾਨੂੰਨ ਅਨੁਸਾਰ ਕੰਮ” ਕਰਕੇ ਇਕ ਵਿਅਕਤੀ ਧਰਮੀ ਨਹੀਂ ਠਹਿਰਦਾ। ਉਹ ਤਾਂ ਆਪਣੀ ਨਿਹਚਾ ਕਰਕੇ ਧਰਮੀ ਠਹਿਰਾਇਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਜੇ ਅਸੀਂ ਪਰਮੇਸ਼ੁਰ ਅਤੇ ਮਸੀਹ ʼਤੇ ਨਿਹਚਾ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦੇ ਹਾਂ। ਇਸ ਗੱਲ ਤੋਂ ਸਾਡਾ ਕਿੰਨਾ ਹੌਸਲਾ ਵਧਦਾ ਹੈ!

ਯਾਕੂਬ ਨੇ ਮਸੀਹੀਆਂ ਨੂੰ ਕਿਹਾ ਕਿ ਉਹ ਆਪਣੇ “ਕੰਮਾਂ” ਰਾਹੀਂ ਆਪਣੀ ਨਿਹਚਾ ਜ਼ਾਹਰ ਕਰਨ, ਜਿਵੇਂ ਬਿਨਾਂ ਪੱਖਪਾਤ ਕੀਤਿਆਂ ਦੂਜਿਆਂ ਦਾ ਭਲਾ ਕਰ ਕੇ (ਪੈਰੇ 11-12 ਦੇਖੋ) c

11. ਯਾਕੂਬ ਕਿਹੜੇ ‘ਕੰਮਾਂ’ ਬਾਰੇ ਗੱਲ ਕਰ ਰਿਹਾ ਸੀ?

11 ਦੂਜੇ ਪਾਸੇ, ਯਾਕੂਬ ਅਧਿਆਇ 2 ਵਿਚ ਜਿਨ੍ਹਾਂ “ਕੰਮਾਂ” ਦੀ ਗੱਲ ਕੀਤੀ ਗਈ ਹੈ, ਉਹ “ਮੂਸਾ ਦੇ ਕਾਨੂੰਨ” ਵਿਚ ਦੱਸੇ ਕੰਮ ਨਹੀਂ ਹਨ ਜਿਨ੍ਹਾਂ ਦਾ ਪੌਲੁਸ ਨੇ ਜ਼ਿਕਰ ਕੀਤਾ ਸੀ। ਯਾਕੂਬ ਅਸਲ ਵਿਚ ਉਨ੍ਹਾਂ ਕੰਮਾਂ ਦੀ ਗੱਲ ਕਰ ਰਿਹਾ ਸੀ ਜੋ ਮਸੀਹੀ ਹਰ ਰੋਜ਼ ਆਪਣੀ ਜ਼ਿੰਦਗੀ ਵਿਚ ਕਰਦੇ ਹਨ। ਅਜਿਹੇ ਕੰਮ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਕ ਮਸੀਹੀ ਪਰਮੇਸ਼ੁਰ ʼਤੇ ਨਿਹਚਾ ਕਰਦਾ ਹੈ ਜਾਂ ਨਹੀਂ। ਆਓ ਆਪਾਂ ਯਾਕੂਬ ਦੀ ਕਿਤਾਬ ਵਿਚ ਦਿੱਤੀਆਂ ਦੋ ਮਿਸਾਲਾਂ ʼਤੇ ਧਿਆਨ ਦੇਈਏ।

12. ਯਾਕੂਬ ਨੇ ਕਿਵੇਂ ਸਮਝਾਇਆ ਕਿ ਨਿਹਚਾ ਦੇ ਨਾਲ-ਨਾਲ ਕੰਮ ਕਰਨੇ ਵੀ ਜ਼ਰੂਰੀ ਹਨ? (ਤਸਵੀਰ ਵੀ ਦੇਖੋ।)

12 ਪਹਿਲੀ ਮਿਸਾਲ ਵਿਚ ਯਾਕੂਬ ਨੇ ਕਿਹਾ ਕਿ ਮਸੀਹੀਆਂ ਨੂੰ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਨਾ ਚਾਹੀਦਾ। ਇਹ ਗੱਲ ਸਮਝਾਉਣ ਲਈ ਉਸ ਨੇ ਇਕ ਆਦਮੀ ਦੀ ਮਿਸਾਲ ਦਿੱਤੀ ਜੋ ਇਕ ਅਮੀਰ ਆਦਮੀ ਨਾਲ ਤਾਂ ਚੰਗੀ ਤਰ੍ਹਾਂ ਪੇਸ਼ ਆਉਂਦਾ ਹੈ, ਪਰ ਇਕ ਗ਼ਰੀਬ ਆਦਮੀ ਨਾਲ ਬੁਰਾ ਸਲੂਕ ਕਰਦਾ ਹੈ। ਯਾਕੂਬ ਨੇ ਕਿਹਾ ਕਿ ਅਜਿਹਾ ਆਦਮੀ ਸ਼ਾਇਦ ਦਾਅਵਾ ਕਰੇ ਕਿ ਉਹ ਨਿਹਚਾ ਕਰਦਾ ਹੈ, ਪਰ ਕੀ ਉਸ ਦੇ ਕੰਮਾਂ ਤੋਂ ਉਸ ਦੀ ਨਿਹਚਾ ਦਾ ਸਬੂਤ ਮਿਲਦਾ ਹੈ? (ਯਾਕੂ. 2:1-5, 9) ਦੂਜੀ ਮਿਸਾਲ ਵਿਚ ਯਾਕੂਬ ਨੇ ਇਕ ਹੋਰ ਆਦਮੀ ਦੀ ਗੱਲ ਕੀਤੀ। ਉਹ ਆਦਮੀ ਦੇਖਦਾ ਹੈ ਕਿ ਉਸ ਦੇ “ਕਿਸੇ ਭਰਾ ਜਾਂ ਭੈਣ ਕੋਲ ਪਾਉਣ ਲਈ ਕੱਪੜੇ ਅਤੇ ਖਾਣ ਲਈ ਰੱਜਵੀਂ ਰੋਟੀ ਨਹੀਂ ਹੈ,” ਪਰ ਉਹ ਉਸ ਦੀ ਕੋਈ ਮਦਦ ਨਹੀਂ ਕਰਦਾ। ਭਾਵੇਂ ਇਸ ਤਰ੍ਹਾਂ ਦਾ ਵਿਅਕਤੀ ਨਿਹਚਾ ਰੱਖਣ ਦਾ ਦਾਅਵਾ ਕਰੇ, ਪਰ ਉਸ ਦੀ ਨਿਹਚਾ ਵਿਅਰਥ ਹੈ। ਕਿਉਂ? ਕਿਉਂਕਿ ਉਸ ਦੇ ਕੰਮ ਉਸ ਦੀ ਨਿਹਚਾ ਮੁਤਾਬਕ ਨਹੀਂ ਹਨ। ਇਸੇ ਕਰਕੇ ਯਾਕੂਬ ਨੇ ਲਿਖਿਆ: “ਕੰਮਾਂ ਤੋਂ ਬਿਨਾਂ ਤੁਹਾਡੀ ਨਿਹਚਾ ਮਰੀ ਹੋਈ ਹੈ।”​—ਯਾਕੂ. 2:14-17.

13. ਯਾਕੂਬ ਨੇ ਕਿਸ ਦੀ ਮਿਸਾਲ ਦੇ ਕੇ ਸਮਝਾਇਆ ਕਿ ਨਿਹਚਾ ਦੇ ਨਾਲ-ਨਾਲ ਕੰਮ ਕਰਨੇ ਵੀ ਜ਼ਰੂਰੀ ਹਨ? (ਯਾਕੂਬ 2:25, 26)

13 ਯਾਕੂਬ ਨੇ ਰਾਹਾਬ ਦੀ ਮਿਸਾਲ ਰਾਹੀਂ ਸਮਝਾਇਆ ਕਿ ਸਾਡੀ ਨਿਹਚਾ ਸਾਡੇ ਕੰਮਾਂ ਤੋਂ ਜ਼ਾਹਰ ਹੁੰਦੀ ਹੈ। (ਯਾਕੂਬ 2:25, 26 ਪੜ੍ਹੋ।) ਰਾਹਾਬ ਨੇ ਸੁਣਿਆ ਸੀ ਕਿ ਯਹੋਵਾਹ ਕਿਵੇਂ ਇਜ਼ਰਾਈਲੀਆਂ ਦੀ ਮਦਦ ਕਰ ਰਿਹਾ ਸੀ। ਇਸ ਲਈ ਉਹ ਵੀ ਯਹੋਵਾਹ ʼਤੇ ਨਿਹਚਾ ਕਰਨ ਲੱਗ ਪਈ ਸੀ। (ਯਹੋ. 2:9-11) ਨਾਲੇ ਉਸ ਨੇ ਕੰਮਾਂ ਰਾਹੀਂ ਆਪਣੀ ਨਿਹਚਾ ਜ਼ਾਹਰ ਕੀਤੀ। ਜਦੋਂ ਦੋ ਇਜ਼ਰਾਈਲੀ ਜਾਸੂਸਾਂ ਦੀ ਜਾਨ ਖ਼ਤਰੇ ਵਿਚ ਸੀ, ਤਾਂ ਉਸ ਨੇ ਉਨ੍ਹਾਂ ਨੂੰ ਬਚਾਇਆ। ਇਹੀ ਕਾਰਨ ਸੀ ਕਿ ਅਬਰਾਹਾਮ ਵਾਂਗ ਉਸ ਨੂੰ ਵੀ ਧਰਮੀ ਕਿਹਾ ਗਿਆ, ਜਦ ਕਿ ਉਹ ਤਾਂ ਨਾਮੁਕੰਮਲ ਸੀ ਅਤੇ ਉਹ ਮੂਸਾ ਦਾ ਕਾਨੂੰਨ ਵੀ ਨਹੀਂ ਮੰਨਦੀ ਸੀ। ਰਾਹਾਬ ਤੋਂ ਅਸੀਂ ਸਿੱਖਦੇ ਹਾਂ ਕਿ ਨਿਹਚਾ ਹੋਣ ਦੇ ਨਾਲ-ਨਾਲ ਕੰਮ ਕਰਨੇ ਵੀ ਬਹੁਤ ਜ਼ਰੂਰੀ ਹਨ।

14. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪੌਲੁਸ ਅਤੇ ਯਾਕੂਬ ਦੀਆਂ ਗੱਲਾਂ ਇਕ-ਦੂਜੇ ਨਾਲ ਮੇਲ ਖਾਂਦੀਆਂ ਹਨ?

14 ਪੌਲੁਸ ਅਤੇ ਯਾਕੂਬ ਨਿਹਚਾ ਅਤੇ ਕੰਮਾਂ ਬਾਰੇ ਬੱਸ ਦੋ ਅਲੱਗ-ਅਲੱਗ ਤਰੀਕਿਆਂ ਨਾਲ ਸਮਝਾ ਰਹੇ ਸਨ। ਪੌਲੁਸ ਯਹੂਦੀ ਮਸੀਹੀਆਂ ਨੂੰ ਇਹ ਸਮਝਾ ਰਿਹਾ ਸੀ ਕਿ ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਿਰਫ਼ ਮੂਸਾ ਦੇ ਕਾਨੂੰਨ ਮੁਤਾਬਕ ਕੰਮ ਕਰਨੇ ਕਾਫ਼ੀ ਨਹੀਂ ਹਨ। ਦੂਜੇ ਪਾਸੇ, ਯਾਕੂਬ ਇਸ ਗੱਲ ʼਤੇ ਜ਼ੋਰ ਦੇ ਰਿਹਾ ਸੀ ਕਿ ਸਾਰੇ ਮਸੀਹੀਆਂ ਨੂੰ ਨਿਹਚਾ ਰੱਖਣ ਦੇ ਨਾਲ-ਨਾਲ ਦੂਜਿਆਂ ਲਈ ਚੰਗੇ ਕੰਮ ਵੀ ਕਰਨੇ ਚਾਹੀਦੇ ਹਨ।

ਕੀ ਤੁਹਾਡੀ ਨਿਹਚਾ ਤੁਹਾਨੂੰ ਉਹ ਕੰਮ ਕਰਨ ਲਈ ਪ੍ਰੇਰਦੀ ਹੈ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ? (ਪੈਰਾ 15 ਦੇਖੋ)

15. ਕਿਹੜੇ ਕੁਝ ਤਰੀਕਿਆਂ ਨਾਲ ਅਸੀਂ ਆਪਣੀ ਨਿਹਚਾ ਦਿਖਾ ਸਕਦੇ ਹਾਂ? (ਤਸਵੀਰ ਵੀ ਦੇਖੋ।)

15 ਯਹੋਵਾਹ ਇਹ ਨਹੀਂ ਕਹਿੰਦਾ ਕਿ ਧਰਮੀ ਕਹਾਏ ਜਾਣ ਲਈ ਸਾਨੂੰ ਬਿਲਕੁਲ ਅਬਰਾਹਾਮ ਵਰਗੇ ਕੰਮ ਕਰਨੇ ਪੈਣਗੇ। ਦਰਅਸਲ, ਅਸੀਂ ਕਈ ਤਰੀਕਿਆਂ ਨਾਲ ਆਪਣੀ ਨਿਹਚਾ ਦਿਖਾ ਸਕਦੇ ਹਾਂ। ਮਿਸਾਲ ਲਈ, ਅਸੀਂ ਮੰਡਲੀ ਵਿਚ ਨਵੇਂ ਲੋਕਾਂ ਦਾ ਸੁਆਗਤ ਕਰ ਸਕਦੇ ਹਾਂ, ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ ਅਤੇ ਆਪਣੇ ਘਰਦਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆ ਸਕਦੇ ਹਾਂ। (ਰੋਮੀ. 15:7; 1 ਤਿਮੋ. 5:4, 8; 1 ਯੂਹੰ. 3:18) ਆਪਣੀ ਨਿਹਚਾ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ, ਜੋਸ਼ ਨਾਲ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ। (1 ਤਿਮੋ. 4:16) ਅਸੀਂ ਸਾਰੇ ਜਣੇ ਆਪਣੇ ਕੰਮਾਂ ਰਾਹੀਂ ਦਿਖਾ ਸਕਦੇ ਹਾਂ ਕਿ ਸਾਨੂੰ ਨਿਹਚਾ ਹੈ ਕਿ ਯਹੋਵਾਹ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ ਅਤੇ ਉਸ ਦੇ ਰਾਹ ਸਾਡੇ ਲਈ ਸਭ ਤੋਂ ਵਧੀਆ ਹਨ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਾਨੂੰ ਧਰਮੀ ਗਿਣੇਗਾ ਅਤੇ ਆਪਣਾ ਦੋਸਤ ਕਹੇਗਾ।

ਨਿਹਚਾ ਲਈ ਉਮੀਦ ਜ਼ਰੂਰੀ

16. ਅਬਰਾਹਾਮ ਯਹੋਵਾਹ ʼਤੇ ਨਿਹਚਾ ਕਿਉਂ ਰੱਖ ਸਕਿਆ?

16 ਰੋਮੀਆਂ ਦੇ ਅਧਿਆਇ 4 ਵਿਚ ਇਕ ਹੋਰ ਜ਼ਰੂਰੀ ਗੱਲ ਦੱਸੀ ਗਈ ਹੈ ਜੋ ਅਸੀਂ ਅਬਰਾਹਾਮ ਤੋਂ ਸਿੱਖ ਸਕਦੇ ਹਾਂ। ਉਹ ਹੈ, ਆਪਣੀ ਉਮੀਦ ʼਤੇ ਧਿਆਨ ਲਾਈ ਰੱਖਣਾ। ਯਹੋਵਾਹ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ ਕਿ ਉਹ ‘ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣੇਗਾ’ ਅਤੇ ਉਸ ਰਾਹੀਂ “ਬਹੁਤ ਸਾਰੀਆਂ ਕੌਮਾਂ” ਨੂੰ ਬਰਕਤਾਂ ਮਿਲਣਗੀਆਂ। ਅਬਰਾਹਾਮ ਕੋਲ ਇਹ ਕਿੰਨੀ ਹੀ ਸ਼ਾਨਦਾਰ ਉਮੀਦ ਸੀ! (ਉਤ. 12:3; 15:5; 17:4; ਰੋਮੀ. 4:17) ਪਰ ਜਦੋਂ ਅਬਰਾਹਾਮ 100 ਸਾਲਾਂ ਦਾ ਅਤੇ ਸਾਰਾਹ 90 ਸਾਲਾਂ ਦੀ ਸੀ, ਉਦੋਂ ਵੀ ਉਨ੍ਹਾਂ ਦੇ ਮੁੰਡਾ ਨਹੀਂ ਸੀ ਹੋਇਆ। ਜੇ ਇਨਸਾਨੀ ਨਜ਼ਰੀਏ ਤੋਂ ਦੇਖੀਏ, ਤਾਂ ਇਸ ਉਮਰ ਵਿਚ ਉਨ੍ਹਾਂ ਦੇ ਬੱਚਾ ਪੈਦਾ ਹੋਣਾ ਨਾਮੁਮਕਿਨ ਸੀ। ਇਹ ਅਬਰਾਹਾਮ ਦੀ ਨਿਹਚਾ ਦੀ ਅਸਲੀ ਪਰਖ ਸੀ। ਪਰ “ਅਬਰਾਹਾਮ ਨੂੰ ਆਸ਼ਾ ਅਤੇ ਨਿਹਚਾ ਸੀ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣੇਗਾ।” (ਰੋਮੀ. 4:18, 19) ਫਿਰ ਇਕ ਦਿਨ ਉਸ ਦੀ ਇਹ ਉਮੀਦ ਪੂਰੀ ਹੋਈ। ਉਨ੍ਹਾਂ ਦੇ ਘਰ ਇਸਹਾਕ ਪੈਦਾ ਹੋਇਆ ਜਿਸ ਦੀ ਉਸ ਨੂੰ ਕਾਫ਼ੀ ਲੰਬੇ ਸਮੇਂ ਤੋਂ ਉਡੀਕ ਸੀ।​—ਰੋਮੀ. 4:20-22.

17. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਗਿਣੇ ਜਾਣਾ ਅਤੇ ਉਸ ਦੇ ਦੋਸਤ ਬਣਨਾ ਮੁਮਕਿਨ ਹੈ?

17 ਅਬਰਾਹਾਮ ਵਾਂਗ ਅਸੀਂ ਵੀ ਪਰਮੇਸ਼ੁਰ ਦਾ ਦਿਲ ਖ਼ੁਸ਼ ਕਰ ਸਕਦੇ ਹਾਂ, ਉਸ ਦੀਆਂ ਨਜ਼ਰਾਂ ਵਿਚ ਧਰਮੀ ਗਿਣੇ ਜਾ ਸਕਦੇ ਹਾਂ ਅਤੇ ਉਸ ਦੇ ਦੋਸਤ ਬਣ ਸਕਦੇ ਹਾਂ। ਪੌਲੁਸ ਨੇ ਵੀ ਇਸ ਬਾਰੇ ਲਿਖਿਆ ਸੀ ਕਿ “ਇਹ ਸ਼ਬਦ, ‘ਉਸ ਨੂੰ ਧਰਮੀ ਗਿਣਿਆ ਗਿਆ’ ਸਿਰਫ਼ [ਅਬਰਾਹਾਮ] ਲਈ ਹੀ ਨਹੀਂ ਲਿਖੇ ਗਏ ਸਨ, ਸਗੋਂ ਸਾਡੇ ਲਈ ਵੀ ਲਿਖੇ ਗਏ ਹਨ ਜਿਨ੍ਹਾਂ ਨੂੰ ਧਰਮੀ ਠਹਿਰਾਇਆ ਜਾਵੇਗਾ ਕਿਉਂਕਿ ਅਸੀਂ ਪਰਮੇਸ਼ੁਰ ਉੱਤੇ ਨਿਹਚਾ ਕੀਤੀ ਹੈ ਜਿਸ ਨੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ ਸੀ।” (ਰੋਮੀ. 4:23, 24) ਅਬਰਾਹਾਮ ਵਾਂਗ ਸਾਨੂੰ ਵੀ ਯਹੋਵਾਹ ʼਤੇ ਨਿਹਚਾ ਰੱਖਣ, ਚੰਗੇ ਕੰਮ ਕਰਨ ਅਤੇ ਇਹ ਉਮੀਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ। ਪੌਲੁਸ ਨੇ ਇਸ ਉਮੀਦ ਬਾਰੇ ਰੋਮੀਆਂ ਅਧਿਆਇ 5 ਵਿਚ ਵੀ ਦੱਸਿਆ ਸੀ। ਇਸ ਬਾਰੇ ਅਸੀਂ ਅਗਲੇ ਲੇਖ ਵਿਚ ਦੇਖਾਂਗੇ।

ਗੀਤ 28 ਯਹੋਵਾਹ ਨਾਲ ਦੋਸਤੀ ਕਰੋ

a ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੇ ਤੋਂ ਖ਼ੁਸ਼ ਹੋਵੇ ਅਤੇ ਅਸੀਂ ਉਸ ਦੀਆਂ ਨਜ਼ਰਾਂ ਵਿਚ ਧਰਮੀ ਠਹਿਰਾਏ ਜਾਈਏ। ਇਸ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਇਸ ਲੇਖ ਵਿਚ ਅਸੀਂ ਪੌਲੁਸ ਅਤੇ ਯਾਕੂਬ ਦੀਆਂ ਗੱਲਾਂ ʼਤੇ ਧਿਆਨ ਦੇਵਾਂਗੇ ਜਿਨ੍ਹਾਂ ਤੋਂ ਸਾਨੂੰ ਇਸ ਸਵਾਲ ਦਾ ਜਵਾਬ ਮਿਲੇਗਾ। ਅਸੀਂ ਇਹ ਵੀ ਜਾਣਾਂਗੇ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਨਿਹਚਾ ਰੱਖਣੀ ਅਤੇ ਕੰਮ ਕਰਨੇ ਦੋਨੋਂ ਹੀ ਕਿਉਂ ਜ਼ਰੂਰੀ ਹਨ।

b ਤਸਵੀਰਾਂ ਬਾਰੇ ਜਾਣਕਾਰੀ: ਜਿਹੜੇ ਯਹੂਦੀ ਮਸੀਹੀ ਬਣ ਗਏ ਸਨ, ਉਨ੍ਹਾਂ ਨੂੰ ਪੌਲੁਸ ਨੇ ਹੱਲਾਸ਼ੇਰੀ ਦਿੱਤੀ ਕਿ ਉਹ ਨਿਹਚਾ ਕਰਨ, ਨਾ ਕਿ “ਮੂਸਾ ਦੇ ਕਾਨੂੰਨ ਅਨੁਸਾਰ ਕੰਮ,” ਜਿਵੇਂ ਕੱਪੜੇ ʼਤੇ ਨੀਲਾ ਧਾਗਾ ਲਾਉਣਾ, ਪਸਾਹ ਦਾ ਤਿਉਹਾਰ ਮਨਾਉਣਾ ਅਤੇ ਰੀਤ ਅਨੁਸਾਰ ਹੱਥ ਧੋਣੇ।

c ਤਸਵੀਰ ਬਾਰੇ ਜਾਣਕਾਰੀ: ਯਾਕੂਬ ਨੇ ਕਿਹਾ ਕਿ ਚੰਗੇ ਕੰਮ ਕਰ ਕੇ ਸਾਨੂੰ ਆਪਣੀ ਨਿਹਚਾ ਜ਼ਾਹਰ ਕਰਨੀ ਚਾਹੀਦੀ ਹੈ, ਜਿਵੇਂ ਗ਼ਰੀਬਾਂ ਦੀ ਮਦਦ ਕਰ ਕੇ।