ਅਧਿਐਨ ਲੇਖ 53
ਨੌਜਵਾਨ ਭਰਾਵੋ—ਸਮਝਦਾਰ ਮਸੀਹੀ ਬਣੋ
“ਤੂੰ ਤਕੜਾ ਹੋ ਤੇ ਮਰਦ ਬਣ।”—1 ਰਾਜ. 2:2.
ਗੀਤ 135 ਯਹੋਵਾਹ ਦੀ ਗੁਜ਼ਾਰਿਸ਼: “ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ”
ਖ਼ਾਸ ਗੱਲਾਂ a
1. ਇਕ ਭਰਾ ਨੂੰ ਸਮਝਦਾਰ ਮਸੀਹੀ ਬਣਨ ਲਈ ਕੀ ਕਰਨਾ ਪੈਣਾ?
ਰਾਜਾ ਦਾਊਦ ਨੇ ਸੁਲੇਮਾਨ ਨੂੰ ਸਲਾਹ ਦਿੱਤੀ: “ਤੂੰ ਤਕੜਾ ਹੋ ਤੇ ਮਰਦ ਬਣ।” (1 ਰਾਜ. 2:1-3) ਸਮਝਦਾਰ ਮਸੀਹੀ ਬਣਨ ਲਈ ਅੱਜ ਸਾਰੇ ਭਰਾਵਾਂ ਨੂੰ ਇਹ ਸਲਾਹ ਲਾਗੂ ਕਰਨ ਦੀ ਲੋੜ ਹੈ। ਇੱਦਾਂ ਕਰਨ ਲਈ ਜ਼ਰੂਰੀ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਪਰਮੇਸ਼ੁਰ ਦੇ ਕਾਨੂੰਨ ਮੰਨਣ ਅਤੇ ਬਾਈਬਲ ਦੇ ਅਸੂਲ ਲਾਗੂ ਕਰਨ। (ਲੂਕਾ 2:52) ਪਰ ਨੌਜਵਾਨ ਭਰਾਵਾਂ ਲਈ ਸਮਝਦਾਰ ਮਸੀਹੀ ਬਣਨਾ ਕਿਉਂ ਜ਼ਰੂਰੀ ਹੈ?
2-3. ਨੌਜਵਾਨ ਭਰਾਵਾਂ ਲਈ ਸਮਝਦਾਰ ਮਸੀਹੀ ਬਣਨਾ ਕਿਉਂ ਜ਼ਰੂਰੀ ਹੈ?
2 ਮਸੀਹੀ ਭਰਾਵਾਂ ਕੋਲ ਆਪਣੇ ਪਰਿਵਾਰ ਤੇ ਮੰਡਲੀ ਵਿਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ। ਨੌਜਵਾਨ ਭਰਾਵੋ, ਤੁਸੀਂ ਭਵਿੱਖ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਬਾਰੇ ਜ਼ਰੂਰ ਸੋਚਿਆ ਹੋਣਾ। ਤੁਸੀਂ ਸ਼ਾਇਦ ਪੂਰੇ ਸਮੇਂ ਦੀ ਸੇਵਾ ਕਰਨ, ਸਹਾਇਕ ਸੇਵਕ ਅਤੇ ਫਿਰ ਬਜ਼ੁਰਗ ਬਣਨ ਦਾ ਟੀਚਾ ਰੱਖਿਆ ਹੋਵੇ। ਨਾਲੇ ਤੁਸੀਂ ਸ਼ਾਇਦ ਵਿਆਹ ਅਤੇ ਬੱਚੇ ਕਰਨ ਬਾਰੇ ਵੀ ਸੋਚਿਆ ਹੋਵੇ। (ਅਫ਼. 6:4; 1 ਤਿਮੋ. 3:1) ਇਨ੍ਹਾਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਦੇ ਕਾਬਲ ਬਣਨ ਅਤੇ ਚੰਗੀ ਤਰ੍ਹਾਂ ਨਿਭਾਉਣ ਲਈ ਤੁਹਾਨੂੰ ਸਮਝਦਾਰ ਮਸੀਹੀ ਬਣਨ ਦੀ ਲੋੜ ਹੈ। b
3 ਤੁਸੀਂ ਸਮਝਦਾਰ ਮਸੀਹੀ ਕਿਵੇਂ ਬਣ ਸਕਦੇ ਹੋ? ਤੁਹਾਨੂੰ ਕੁਝ ਜ਼ਰੂਰੀ ਕਦਮ ਚੁੱਕਣ ਅਤੇ ਹੁਨਰ ਸਿੱਖਣ ਦੀ ਲੋੜ ਹੈ। ਭਵਿੱਖ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਲਈ ਤਿਆਰ ਹੋਣ ਲਈ ਤੁਹਾਨੂੰ ਹੁਣ ਕੀ ਕਰਨ ਦੀ ਲੋੜ ਹੈ? ਆਓ ਆਪਾਂ ਇਕ-ਇਕ ਕਰ ਕੇ ਉਨ੍ਹਾਂ ʼਤੇ ਗੌਰ ਕਰੀਏ।
ਸਮਝਦਾਰ ਮਸੀਹੀ ਬਣਨ ਲਈ ਕੁਝ ਕਦਮ
4. ਨੌਜਵਾਨਾਂ ਭਰਾਵਾਂ ਅੱਗੇ ਕਿਹੜੀਆਂ ਵਧੀਆ ਮਿਸਾਲਾਂ ਹਨ? (ਤਸਵੀਰ ਵੀ ਦੇਖੋ।)
4 ਵਧੀਆ ਮਿਸਾਲਾਂ ਦੀ ਰੀਸ ਕਰੋ। ਨੌਜਵਾਨ ਭਰਾਵੋ, ਬਾਈਬਲ ਵਿਚ ਅਜਿਹੇ ਬਹੁਤ ਸਾਰੇ ਆਦਮੀਆਂ ਦੀਆਂ ਵਧੀਆ ਮਿਸਾਲਾਂ ਦਰਜ ਹਨ ਜੋ ਯਹੋਵਾਹ ਨੂੰ ਪਿਆਰ ਕਰਦੇ ਸਨ ਅਤੇ ਜਿਨ੍ਹਾਂ ਨੇ ਉਸ ਦੇ ਲੋਕਾਂ ਦੀ ਦੇਖ-ਭਾਲ ਕਰਨ ਲਈ ਕਈ ਜ਼ਿੰਮੇਵਾਰੀਆਂ ਨਿਭਾਈਆਂ। ਨੌਜਵਾਨ ਭਰਾ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਨਾਲੇ ਤੁਹਾਡੇ ਪਰਿਵਾਰ ਅਤੇ ਮੰਡਲੀ ਵਿਚ ਵੀ ਕਈ ਸਮਝਦਾਰ ਭਰਾ ਹੋਣੇ ਜਿਨ੍ਹਾਂ ਦੀ ਤੁਸੀਂ ਰੀਸ ਕਰ ਸਕਦੇ ਹੋ। (ਇਬ. 13:7) ਨਾਲੇ ਯਿਸੂ ਮਸੀਹ ਤੁਹਾਡੇ ਲਈ ਸਭ ਤੋਂ ਵਧੀਆ ਮਿਸਾਲ ਹੈ। (1 ਪਤ. 2:21) ਯਿਸੂ ਤੇ ਪੁਰਾਣੇ ਸਮੇਂ ਦੇ ਸਮਝਦਾਰ ਮਸੀਹੀਆਂ ਦੀਆਂ ਮਿਸਾਲਾਂ ਦਾ ਅਧਿਐਨ ਕਰਦਿਆਂ ਅਤੇ ਅੱਜ ਦੇ ਸਮਝਦਾਰ ਭਰਾਵਾਂ ਬਾਰੇ ਸੋਚਦਿਆਂ ਉਨ੍ਹਾਂ ਦੇ ਚੰਗੇ ਗੁਣਾਂ ʼਤੇ ਧਿਆਨ ਦਿਓ। (ਇਬ. 12:1, 2) ਫਿਰ ਸੋਚੋ ਕਿ ਤੁਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹੋ।
5. ਤੁਸੀਂ ਆਪਣੇ ਵਿਚ ਸੋਚਣ-ਸਮਝਣ ਦੀ ਕਾਬਲੀਅਤ ਕਿਵੇਂ ਵਧਾ ਸਕਦੇ ਹੋ ਅਤੇ ਇਹ ਜ਼ਰੂਰੀ ਕਿਉਂ ਹੈ? (ਜ਼ਬੂਰ 119:9)
5 “ਸੋਚਣ-ਸਮਝਣ ਦੀ ਕਾਬਲੀਅਤ” ਵਧਾਓ ਅਤੇ ਇਸ ਦੀ ‘ਰਾਖੀ ਕਰੋ।’ (ਕਹਾ. 3:21) ਸੋਚਣ-ਸਮਝਣ ਦੀ ਕਾਬਲੀਅਤ ਰੱਖਣ ਵਾਲਾ ਵਿਅਕਤੀ ਬਿਨਾਂ ਸੋਚੇ-ਸਮਝੇ ਕੁਝ ਨਹੀਂ ਕਰਦਾ, ਸਗੋਂ ਪਹਿਲਾਂ ਥੋੜ੍ਹਾ ਰੁਕ ਕੇ ਸੋਚਦਾ ਹੈ। ਇਸ ਲਈ ਇਸ ਕਾਬਲੀਅਤ ਨੂੰ ਵਧਾਉਣ ਲਈ ਮਿਹਨਤ ਕਰਦੇ ਰਹੋ। ਇੱਦਾਂ ਕਰਨਾ ਕਿਉਂ ਜ਼ਰੂਰੀ ਹੈ? ਕਿਉਂਕਿ ਅੱਜ ਦੁਨੀਆਂ ਵਿਚ ਜ਼ਿਆਦਾਤਰ ਨੌਜਵਾਨ ਆਪਣੀ ਹੀ ਸੋਚ ਦੇ ਹਿਸਾਬ ਨਾਲ ਕੰਮ ਕਰਦੇ ਹਨ ਜਾਂ ਭਾਵਨਾਵਾਂ ਵਿਚ ਵਹਿ ਕੇ ਫ਼ੈਸਲੇ ਕਰਦੇ ਹਨ। (ਕਹਾ. 7:7; 29:11) ਨਾਲੇ ਫ਼ਿਲਮਾਂ, ਟੀ.ਵੀ. ਅਤੇ ਇੰਟਰਨੈੱਟ ʼਤੇ ਜੋ ਦਿਖਾਇਆ ਜਾਂਦਾ ਹੈ, ਉਸ ਦਾ ਵੀ ਤੁਹਾਡੀ ਸੋਚ ʼਤੇ ਅਸਰ ਪੈ ਸਕਦਾ ਹੈ। ਸੋ ਤੁਸੀਂ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਕਿਵੇਂ ਵਧਾ ਸਕਦੇ ਹੋ? ਸਭ ਤੋਂ ਪਹਿਲਾਂ ਬਾਈਬਲ ਦੇ ਅਸੂਲਾਂ ਬਾਰੇ ਸਿੱਖੋ ਅਤੇ ਯਹੋਵਾਹ ਦੀ ਸੋਚ ਜਾਣੋ। ਫਿਰ ਸੋਚੋ ਇਨ੍ਹਾਂ ਅਸੂਲਾਂ ਨੂੰ ਮੰਨਣ ਦਾ ਕਿਉਂ ਫ਼ਾਇਦਾ ਹੁੰਦਾ ਹੈ। ਫਿਰ ਉਸ ਦੇ ਹਿਸਾਬ ਨਾਲ ਅਜਿਹੇ ਫ਼ੈਸਲੇ ਕਰੋ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇ। (ਜ਼ਬੂਰ 119:9 ਪੜ੍ਹੋ।) ਜਦੋਂ ਤੁਸੀਂ ਇਹ ਕਾਬਲੀਅਤ ਵਧਾਓਗੇ, ਤਾਂ ਤੁਸੀਂ ਸਮਝਦਾਰ ਮਸੀਹੀ ਭਰਾ ਬਣਨ ਲਈ ਇਕ ਜ਼ਰੂਰੀ ਕਦਮ ਚੁੱਕ ਰਹੇ ਹੋਵੋਗੇ। (ਕਹਾ. 2:11, 12; ਇਬ. 5:14) ਆਓ ਆਪਾਂ ਗੌਰ ਕਰੀਏ ਕਿ ਸੋਚਣ-ਸਮਝਣ ਦੀ ਕਾਬਲੀਅਤ ਹੋਣ ਕਰਕੇ ਕਿਵੇਂ ਦੋ ਮਾਮਲਿਆਂ ਵਿਚ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ: (1) ਭੈਣਾਂ ਨਾਲ ਪੇਸ਼ ਆਉਂਦੇ ਵੇਲੇ ਅਤੇ (2) ਜਦੋਂ ਇਹ ਫ਼ੈਸਲਾ ਕਰਨਾ ਹੋਵੇ ਕਿ ਤੁਸੀਂ ਕਿਹੋ ਜਿਹੇ ਕੱਪੜੇ ਪਾਓਗੇ ਤੇ ਵਾਲ਼ਾਂ ਦਾ ਕਿਹੋ ਜਿਹਾ ਸਟਾਈਲ ਬਣਾਓਗੇ।
6. ਸੋਚਣ-ਸਮਝਣ ਦੀ ਕਾਬਲੀਅਤ ਹੋਣ ਕਰਕੇ ਇਕ ਭਰਾ ਕਿਵੇਂ ਭੈਣਾਂ ਦੀ ਇੱਜ਼ਤ ਕਰ ਸਕੇਗਾ?
6 ਸੋਚਣ-ਸਮਝਣ ਦੀ ਕਾਬਲੀਅਤ ਹੋਣ ਕਰਕੇ ਤੁਸੀਂ ਔਰਤਾਂ ਦੀ ਇੱਜ਼ਤ ਕਰ ਸਕੋਗੇ। ਉਹ ਕਿਵੇਂ? ਮਿਸਾਲ ਲਈ, ਯਹੋਵਾਹ ਨੇ ਸਾਰੇ ਇਨਸਾਨਾਂ ਵਿਚ ਵਿਆਹ ਕਰਾਉਣ ਦੀ ਇੱਛਾ ਪਾਈ ਹੈ। ਇਸ ਲਈ ਇਕ ਭਰਾ ਲਈ ਇਹ ਇੱਛਾ ਰੱਖਣੀ ਸੁਭਾਵਕ ਹੈ। ਪਰ ਜੇ ਇਕ ਭਰਾ ਦਾ ਵਿਆਹ ਕਰਨ ਦਾ ਇਰਾਦਾ ਨਹੀਂ ਹੈ, ਤਾਂ ਉਹ ਕਿਸੇ ਵੀ ਭੈਣ ਨਾਲ ਪੇਸ਼ ਆਉਂਦਿਆਂ ਕੁਝ ਗੱਲਾਂ ਦਾ ਧਿਆਨ ਰੱਖੇਗਾ। ਸਮਝਦਾਰੀ ਦਿਖਾਉਂਦਿਆਂ ਉਹ ਕਿਸੇ ਭੈਣ ਨੂੰ ਅਜਿਹਾ ਕੁਝ ਨਹੀਂ ਕਹੇਗਾ, ਅਜਿਹਾ ਕੋਈ ਮੈਸਿਜ ਨਹੀਂ ਭੇਜੇਗਾ ਅਤੇ ਨਾ ਹੀ ਕੁਝ ਅਜਿਹਾ ਕਰੇਗਾ ਜਿਸ ਨਾਲ ਭੈਣ ਨੂੰ ਲੱਗੇ ਕਿ ਉਹ ਉਸ ਨੂੰ ਪਸੰਦ ਕਰਦਾ ਹੈ। (1 ਤਿਮੋ. 5:1, 2) ਪਰ ਜੇ ਉਹ ਵਿਆਹ ਕਰਨ ਦੇ ਇਰਾਦੇ ਨਾਲ ਕਿਸੇ ਭੈਣ ਨਾਲ ਜਾਣ-ਪਛਾਣ ਵਧਾ ਰਿਹਾ ਹੈ, ਤਾਂ ਉਹ ਇਸ ਗੱਲ ਦਾ ਧਿਆਨ ਰੱਖੇਗਾ ਕਿ ਉਹ ਉਸ ਨਾਲ ਕਦੀ ਵੀ ਇਕੱਲਾ ਨਾ ਹੋਵੇ, ਹਮੇਸ਼ਾ ਕੋਈ ਵੱਡਾ ਉਨ੍ਹਾਂ ਦੇ ਨਾਲ ਹੋਵੇ। ਇਸ ਤਰ੍ਹਾਂ ਉਹ ਉਸ ਭੈਣ ਦੇ ਨਾਂ ʼਤੇ ਦਾਗ਼ ਨਹੀਂ ਲੱਗਣ ਦੇਵੇਗਾ।—1 ਕੁਰਿੰ. 6:18.
7. ਸੋਚਣ-ਸਮਝਣ ਦੀ ਕਾਬਲੀਅਤ ਹੋਣ ਕਰਕੇ ਇਕ ਨੌਜਵਾਨ ਭਰਾ ਕੱਪੜਿਆਂ ਤੇ ਵਾਲ਼ਾਂ ਦੇ ਸਟਾਈਲ ਦੇ ਮਾਮਲੇ ਵਿਚ ਸਹੀ ਫ਼ੈਸਲਾ ਕਿਵੇਂ ਕਰ ਸਕਦਾ ਹੈ?
7 ਨੌਜਵਾਨ ਭਰਾ ਕਿਵੇਂ ਦਿਖਾ ਸਕਦੇ ਹਨ ਕਿ ਉਨ੍ਹਾਂ ਵਿਚ ਸੋਚਣ-ਸਮਝਣ ਦੀ ਕਾਬਲੀਅਤ ਹੈ? ਆਪਣੇ ਕੱਪੜਿਆਂ ਜਾਂ ਵਾਲ਼ਾਂ ਦੇ ਸਟਾਈਲ ਤੋਂ। ਅਕਸਰ ਇੱਦਾਂ ਹੁੰਦਾ ਹੈ ਕਿ ਜਿਹੜੇ ਲੋਕ ਨਵੇਂ-ਨਵੇਂ ਸਟਾਈਲ ਦੇ ਕੱਪੜੇ ਡੀਜ਼ਾਈਨ ਕਰਦੇ ਹਨ ਜਾਂ ਅਜਿਹੇ ਕੱਪੜੇ ਪਾਉਣ ਦੀ ਹੱਲਾਸ਼ੇਰੀ ਦਿੰਦੇ ਹਨ, ਉਹ ਯਹੋਵਾਹ ਦੇ ਮਿਆਰਾਂ ਨੂੰ ਨਹੀਂ ਮੰਨਦੇ ਅਤੇ ਅਨੈਤਿਕ ਜ਼ਿੰਦਗੀ ਜੀਉਂਦੇ ਹਨ। ਇਸ ਲਈ ਉਹ ਅਜਿਹੇ ਸਟਾਈਲ ਦੇ ਕੱਪੜੇ ਬਣਾਉਂਦੇ ਹਨ, ਜੋ ਤੰਗ ਹੁੰਦੇ ਹਨ ਜਾਂ ਜਿਨ੍ਹਾਂ ਨੂੰ ਪਾ ਕੇ ਆਦਮੀ ਔਰਤਾਂ ਵਰਗੇ ਲੱਗਦੇ ਹਨ। ਸੋ ਜੇ ਇਕ ਭਰਾ ਸਮਝਦਾਰ ਮਸੀਹੀ ਬਣਨਾ ਚਾਹੁੰਦਾ ਹੈ, ਤਾਂ ਉਸ ਨੂੰ ਕੱਪੜਿਆਂ ਦੇ ਮਾਮਲੇ ਵਿਚ ਕੋਈ ਵੀ ਫ਼ੈਸਲਾ ਕਰਦਿਆਂ ਇਨ੍ਹਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਸ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਜਿਹੜੇ ਕੱਪੜੇ ਪਾਵੇਗਾ, ਕੀ ਯਹੋਵਾਹ ਉਸ ਤੋਂ ਖ਼ੁਸ਼ ਹੋਵੇਗਾ। ਨਾਲੇ ਉਹ ਇਹ ਵੀ ਸੋਚ ਸਕਦਾ ਹੈ ਕਿ ਉਸ ਦੀ ਮੰਡਲੀ ਦੇ ਸਮਝਦਾਰ ਭਰਾ ਕਿਹੋ ਜਿਹੇ ਕੱਪੜੇ ਪਾਉਂਦੇ ਹਨ। ਉਹ ਖ਼ੁਦ ਤੋਂ ਪੁੱਛ ਸਕਦਾ ਹੈ: ‘ਮੈਂ ਜਿਸ ਤਰ੍ਹਾਂ ਦੇ ਕੱਪੜੇ ਪਾਉਂਦਾ ਹਾਂ, ਕੀ ਉਸ ਤੋਂ ਪਤਾ ਲੱਗਦਾ ਹੈ ਕਿ ਮੈਂ ਸੋਚ-ਸਮਝ ਕੇ ਫ਼ੈਸਲੇ ਕਰਦਾ ਹਾਂ ਅਤੇ ਦੂਜਿਆਂ ਦਾ ਆਦਰ ਕਰਦਾ ਹਾਂ? ਕੀ ਮੇਰੇ ਕੱਪੜਿਆਂ ਤੋਂ ਪਤਾ ਲੱਗਦਾ ਹੈ ਕਿ ਮੈਂ ਪਰਮੇਸ਼ੁਰ ਦਾ ਸੇਵਕ ਹਾਂ?’ (1 ਕੁਰਿੰ. 10:31-33; ਤੀਤੁ. 2:6) ਜਿਹੜਾ ਨੌਜਵਾਨ ਭਰਾ ਸੋਚਣ-ਸਮਝਣ ਦੀ ਕਾਬਲੀਅਤ ਵਧਾਉਂਦਾ ਹੈ, ਉਸ ਦੀ ਭੈਣ-ਭਰਾ ਤਾਂ ਇੱਜ਼ਤ ਕਰਦੇ ਹੀ ਹਨ, ਯਹੋਵਾਹ ਵੀ ਉਸ ਤੋਂ ਖ਼ੁਸ਼ ਹੁੰਦਾ ਹੈ।
8. ਇਕ ਨੌਜਵਾਨ ਭਰਾ ਭਰੋਸੇਯੋਗ ਕਿਵੇਂ ਬਣ ਸਕਦਾ ਹੈ?
8 ਭਰੋਸੇਮੰਦ ਬਣੋ। ਜਿਹੜਾ ਨੌਜਵਾਨ ਭਰੋਸੇਮੰਦ ਹੁੰਦਾ ਹੈ, ਉਹ ਆਪਣੀ ਹਰ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਂਦਾ ਹੈ। (ਲੂਕਾ 16:10) ਇਸ ਮਾਮਲੇ ਵਿਚ ਯਿਸੂ ਸਭ ਤੋਂ ਵਧੀਆ ਮਿਸਾਲ ਹੈ। ਉਹ ਨਾ ਤਾਂ ਲਾਪਰਵਾਹ ਸੀ ਤੇ ਨਾ ਹੀ ਗ਼ੈਰ-ਜ਼ਿੰਮੇਵਾਰ। ਇਸ ਦੀ ਬਜਾਇ, ਉਸ ਨੇ ਯਹੋਵਾਹ ਵੱਲੋਂ ਮਿਲੀ ਹਰ ਜ਼ਿੰਮੇਵਾਰੀ ਨੂੰ ਪੂਰਾ ਕੀਤਾ, ਉਦੋਂ ਵੀ ਜਦੋਂ ਉਸ ਲਈ ਇੱਦਾਂ ਕਰਨਾ ਔਖਾ ਸੀ। ਉਹ ਲੋਕਾਂ ਨੂੰ ਬਹੁਤ ਪਿਆਰ ਕਰਦਾ ਸੀ, ਖ਼ਾਸ ਕਰਕੇ ਆਪਣੇ ਚੇਲਿਆਂ ਨੂੰ। ਇਸ ਲਈ ਉਸ ਨੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀ ਖ਼ਾਤਰ ਆਪਣੀ ਜਾਨ ਦੇ ਦਿੱਤੀ। (ਯੂਹੰ. 13:1) ਸੋ ਭਰਾਵੋ, ਯਿਸੂ ਵਾਂਗ ਬਣੋ ਤੇ ਤੁਹਾਨੂੰ ਜੋ ਕੰਮ ਦਿੱਤਾ ਜਾਂਦਾ ਹੈ, ਉਸ ਨੂੰ ਪੂਰਾ ਕਰਨ ਵਿਚ ਸਖ਼ਤ ਮਿਹਨਤ ਕਰੋ। ਜੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕੋਈ ਕੰਮ ਕਿਵੇਂ ਕਰਨਾ ਹੈ, ਤਾਂ ਨਿਮਰ ਹੋ ਕੇ ਸਮਝਦਾਰ ਭਰਾਵਾਂ ਤੋਂ ਮਦਦ ਮੰਗੋ। ਕਦੀ ਵੀ ਕੋਈ ਕੰਮ ਖ਼ਾਨਾ-ਪੂਰਤੀ ਲਈ ਨਾ ਕਰੋ। (ਰੋਮੀ. 12:11) ਇਸ ਦੀ ਬਜਾਇ, ਤੁਹਾਨੂੰ ਜੋ ਕੰਮ ਦਿੱਤਾ ਜਾਂਦਾ ਹੈ, ਉਸ ਨੂੰ ਚੰਗੀ ਤਰ੍ਹਾਂ ਪੂਰਾ ਕਰੋ। ਇਹ ਸੋਚ ਕੇ ਕੰਮ ਕਰੋ ਕਿ ‘ਤੁਸੀਂ ਯਹੋਵਾਹ ਲਈ ਕਰ ਰਹੇ ਹੋ, ਨਾ ਕਿ ਇਨਸਾਨਾਂ ਲਈ।’ (ਕੁਲੁ. 3:23) ਤੁਸੀਂ ਮੁਕੰਮਲ ਨਹੀਂ ਹੋ, ਇਸ ਲਈ ਨਿਮਰ ਬਣੋ ਅਤੇ ਕੋਈ ਗ਼ਲਤੀ ਹੋਣ ਤੇ ਆਪਣੀ ਗ਼ਲਤੀ ਮੰਨੋ।—ਕਹਾ. 11:2.
ਹੁਨਰ ਸਿੱਖੋ
9. ਇਕ ਨੌਜਵਾਨ ਭਰਾ ਨੂੰ ਕੁਝ ਹੁਨਰ ਕਿਉਂ ਸਿੱਖਣੇ ਚਾਹੀਦੇ ਹਨ?
9 ਇਕ ਸਮਝਦਾਰ ਮਸੀਹੀ ਬਣਨ ਲਈ ਕੁਝ ਹੁਨਰ ਸਿੱਖਣੇ ਜ਼ਰੂਰੀ ਹਨ। ਇਸ ਨਾਲ ਤੁਸੀਂ ਮੰਡਲੀ ਵਿਚ ਜ਼ਿੰਮੇਵਾਰੀਆਂ ਸੰਭਾਲ ਸਕੋਗੇ ਅਤੇ ਤੁਹਾਨੂੰ ਨੌਕਰੀ ਮਿਲ ਸਕੇਗੀ ਜਿਸ ਨਾਲ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰ ਸਕੋਗੇ। ਨਾਲੇ ਦੂਜਿਆਂ ਨਾਲ ਤੁਹਾਡਾ ਰਿਸ਼ਤਾ ਵਧੀਆ ਬਣ ਸਕੇਗਾ। ਆਓ ਦੇਖੀਏ ਕਿ ਤੁਸੀਂ ਕਿਹੜੇ ਹੁਨਰ ਸਿੱਖ ਸਕਦੇ ਹੋ।
10-11. ਜੇ ਇਕ ਨੌਜਵਾਨ ਭਰਾ ਨੂੰ ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਆਉਂਦਾ ਹੈ, ਤਾਂ ਉਸ ਨੂੰ ਅਤੇ ਮੰਡਲੀ ਨੂੰ ਕਿਵੇਂ ਫ਼ਾਇਦਾ ਹੋਵੇਗਾ? (ਜ਼ਬੂਰ 1:1-3) (ਤਸਵੀਰ ਵੀ ਦੇਖੋ।)
10 ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਸਿੱਖੋ। ਬਾਈਬਲ ਕਹਿੰਦੀ ਹੈ ਕਿ ਜੋ ਆਦਮੀ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹਦਾ ਹੈ ਅਤੇ ਉਸ ʼਤੇ ਮਨਨ ਕਰਦਾ ਹੈ, ਉਹ ਖ਼ੁਸ਼ ਰਹਿੰਦਾ ਹੈ ਅਤੇ ਕਾਮਯਾਬ ਹੁੰਦਾ ਹੈ। (ਜ਼ਬੂਰ 1:1-3 ਪੜ੍ਹੋ।) ਸੋ ਹਰ ਰੋਜ਼ ਬਾਈਬਲ ਪੜ੍ਹੋ। ਬਾਈਬਲ ਪੜ੍ਹ ਕੇ ਤੁਸੀਂ ਯਹੋਵਾਹ ਦੀ ਸੋਚ ਜਾਣ ਸਕੋਗੇ ਅਤੇ ਉਸ ਵਾਂਗ ਸੋਚ ਸਕੋਗੇ। ਫਿਰ ਤੁਸੀਂ ਸਮਝ ਸਕੋਗੇ ਕਿ ਬਾਈਬਲ ਵਿਚ ਦਿੱਤੇ ਅਸੂਲਾਂ ਅਨੁਸਾਰ ਕਿਵੇਂ ਚੱਲ ਸਕਦੇ ਹੋ। (ਕਹਾ. 1:3, 4) ਮੰਡਲੀ ਵਿਚ ਅਜਿਹੇ ਭਰਾਵਾਂ ਦੀ ਬਹੁਤ ਲੋੜ ਹੈ। ਕਿਉਂ?
11 ਉਹ ਇਸ ਲਈ ਕਿਉਂਕਿ ਜਦੋਂ ਬਾਈਬਲ ਤੋਂ ਹਿਦਾਇਤਾਂ ਅਤੇ ਸਲਾਹਾਂ ਲੈਣ ਦੀ ਗੱਲ ਆਉਂਦੀ ਹੈ, ਤਾਂ ਭੈਣ-ਭਰਾ ਕਾਬਲ ਭਰਾਵਾਂ ਵੱਲ ਦੇਖਦੇ ਹਨ। (ਤੀਤੁ. 1:9) ਜੇ ਤੁਹਾਨੂੰ ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਆਉਂਦਾ ਹੈ, ਤਾਂ ਤੁਸੀਂ ਅਜਿਹੇ ਭਾਸ਼ਣ ਅਤੇ ਟਿੱਪਣੀਆਂ ਦੇ ਸਕੋਗੇ ਜਿਨ੍ਹਾਂ ਨਾਲ ਭੈਣ-ਭਰਾ ਕੁਝ ਸਿੱਖ ਸਕਣ ਅਤੇ ਉਨ੍ਹਾਂ ਦੀ ਨਿਹਚਾ ਵਧੇ। ਨਾਲੇ ਖ਼ੁਦ ਸਟੱਡੀ ਕਰਦਿਆਂ, ਮੀਟਿੰਗਾਂ ਜਾਂ ਸੰਮੇਲਨਾਂ ਵਿਚ ਵੀ ਤੁਸੀਂ ਵਧੀਆ ਨੋਟਸ ਬਣਾ ਸਕੋਗੇ। ਇਨ੍ਹਾਂ ਨੋਟਸ ਤੋਂ ਨਾ ਸਿਰਫ਼ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ, ਸਗੋਂ ਤੁਸੀਂ ਦੂਜਿਆਂ ਦਾ ਵੀ ਹੌਸਲਾ ਵਧਾ ਸਕੋਗੇ।
12. ਚੰਗੀ ਤਰ੍ਹਾਂ ਗੱਲਬਾਤ ਕਰਨ ਦੇ ਕਾਬਲ ਬਣਨ ਲਈ ਤੁਹਾਨੂੰ ਕੀ ਕਰਨਾ ਪਵੇਗਾ?
12 ਚੰਗੀ ਤਰ੍ਹਾਂ ਗੱਲਬਾਤ ਕਰਨੀ ਸਿੱਖੋ। ਜਿਸ ਵਿਅਕਤੀ ਨੂੰ ਚੰਗੀ ਤਰ੍ਹਾਂ ਗੱਲਬਾਤ ਕਰਨੀ ਆਉਂਦੀ ਹੈ, ਉਹ ਦੂਜਿਆਂ ਦੀ ਗੱਲ ਧਿਆਨ ਨਾਲ ਸੁਣਦਾ ਹੈ ਅਤੇ ਉਨ੍ਹਾਂ ਦੀ ਸੋਚ ਅਤੇ ਭਾਵਨਾਵਾਂ ਨੂੰ ਸਮਝਦਾ ਹੈ। (ਕਹਾ. 20:5) ਉਹ ਦੂਜਿਆਂ ਦੇ ਬੋਲਣ ਦੇ ਲਹਿਜੇ ਤੋਂ ਅਤੇ ਉਨ੍ਹਾਂ ਦੇ ਹਾਵਾਂ-ਭਾਵਾਂ ਤੋਂ ਉਨ੍ਹਾਂ ਬਾਰੇ ਬਹੁਤ ਕੁਝ ਸਮਝ ਜਾਂਦਾ ਹੈ। ਪਰ ਤੁਸੀਂ ਇਹ ਹੁਨਰ ਦੂਜਿਆਂ ਨਾਲ ਸਮਾਂ ਬਿਤਾਏ ਬਗੈਰ ਨਹੀਂ ਸਿੱਖ ਸਕਦੇ। ਜੇ ਤੁਸੀਂ ਹਮੇਸ਼ਾ ਈ-ਮੇਲ ਜਾਂ ਮੈਸਿਜ ਕਰ ਕੇ ਹੀ ਲੋਕਾਂ ਨਾਲ ਗੱਲਬਾਤ ਕਰਦੇ ਹੋ, ਤਾਂ ਤੁਹਾਨੂੰ ਉਨ੍ਹਾਂ ਨਾਲ ਆਮ੍ਹੋ-ਸਾਮ੍ਹਣੇ ਮਿਲ ਕੇ ਗੱਲ ਕਰਨੀ ਔਖੀ ਲੱਗੇਗੀ। ਇਸ ਲਈ ਦੂਜਿਆਂ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਨ ਦੇ ਮੌਕੇ ਭਾਲੋ।—2 ਯੂਹੰ 12.
13. ਇਕ ਨੌਜਵਾਨ ਭਰਾ ਨੂੰ ਹੋਰ ਕੀ ਸਿੱਖਣਾ ਚਾਹੀਦਾ ਹੈ? (1 ਤਿਮੋਥਿਉਸ 5:8) (ਤਸਵੀਰ ਵੀ ਦੇਖੋ।)
13 ਆਪਣੇ ਪੈਰਾਂ ʼਤੇ ਖੜ੍ਹੇ ਹੋਣਾ ਸਿੱਖੋ। ਇਕ ਸਮਝਦਾਰ ਮਸੀਹੀ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਦੇ ਕਾਬਲ ਹੋਣਾ ਚਾਹੀਦਾ ਹੈ। (1 ਤਿਮੋਥਿਉਸ 5:8 ਪੜ੍ਹੋ।) ਕੁਝ ਦੇਸ਼ਾਂ ਵਿਚ ਨੌਜਵਾਨ ਭਰਾ ਸ਼ਾਇਦ ਆਪਣੇ ਡੈਡੀ ਜਾਂ ਕਿਸੇ ਰਿਸ਼ਤੇਦਾਰ ਤੋਂ ਕੋਈ ਕੰਮ ਜਾਂ ਹੁਨਰ ਸਿੱਖਣ। ਕਈ ਥਾਵਾਂ ʼਤੇ ਨੌਜਵਾਨ ਸਕੂਲ ਵਿਚ ਹੁੰਦਿਆਂ ਕੋਈ ਕੋਰਸ ਕਰਦੇ ਹਨ। ਚਾਹੇ ਤੁਸੀਂ ਘਰ ਵਿਚ ਸਿੱਖੋ ਜਾਂ ਸਕੂਲ ਵਿਚ, ਕੋਈ-ਨਾ-ਕੋਈ ਹੁਨਰ ਸਿੱਖਣਾ ਵਧੀਆ ਗੱਲ ਹੈ। ਇਸ ਨਾਲ ਅੱਗੇ ਚੱਲ ਕੇ ਤੁਹਾਨੂੰ ਕੋਈ ਨੌਕਰੀ ਮਿਲ ਸਕੇਗੀ। (ਰਸੂ. 18:2, 3; 20:34; ਅਫ਼. 4:28) ਉਸ ਵਿਅਕਤੀ ਵਜੋਂ ਆਪਣੀ ਪਛਾਣ ਬਣਾਓ ਜੋ ਮਿਹਨਤੀ ਹੈ ਅਤੇ ਹਰ ਉਹ ਕੰਮ ਪੂਰਾ ਕਰਦਾ ਹੈ ਜੋ ਉਸ ਨੂੰ ਦਿੱਤਾ ਜਾਂਦਾ ਹੈ। ਇਸ ਕਰਕੇ ਤੁਹਾਨੂੰ ਸੌਖਿਆਂ ਹੀ ਨੌਕਰੀ ਮਿਲ ਸਕਦੀ ਹੈ ਅਤੇ ਹੋ ਸਕਦਾ ਹੈ ਕਿ ਤੁਹਾਨੂੰ ਨੌਕਰੀ ਤੋਂ ਕੱਢਿਆ ਵੀ ਨਾ ਜਾਵੇ। ਅਸੀਂ ਹੁਣ ਤਕ ਜਿਹੜੇ ਗੁਣਾਂ ਅਤੇ ਹੁਨਰਾਂ ਦੀ ਗੱਲ ਕੀਤੀ, ਉਨ੍ਹਾਂ ਕਰਕੇ ਇਕ ਮਸੀਹੀ ਭਰਾ ਦੀ ਨਾ ਸਿਰਫ਼ ਹੁਣ, ਸਗੋਂ ਭਵਿੱਖ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਸੰਭਾਲਣ ਵਿਚ ਵੀ ਮਦਦ ਹੋਵੇਗੀ। ਆਓ ਕੁਝ ਅਜਿਹੀਆਂ ਹੀ ਜ਼ਿੰਮੇਵਾਰੀਆਂ ਬਾਰੇ ਗੱਲ ਕਰੀਏ।
ਭਵਿੱਖ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਲਈ ਤਿਆਰ ਹੋਵੋ
14. ਇਕ ਨੌਜਵਾਨ ਭਰਾ ਪੂਰੇ ਸਮੇਂ ਦੀ ਸੇਵਾ ਕਰਨ ਲਈ ਕਿਵੇਂ ਤਿਆਰ ਹੋ ਸਕਦਾ ਹੈ?
14 ਪੂਰੇ ਸਮੇਂ ਦੀ ਸੇਵਾ। ਬਹੁਤ ਸਾਰੇ ਸਮਝਦਾਰ ਮਸੀਹੀ ਭਰਾਵਾਂ ਨੇ ਜਵਾਨੀ ਵਿਚ ਹੀ ਪੂਰੇ ਸਮੇਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਦਾ ਕੀ ਫ਼ਾਇਦਾ ਹੁੰਦਾ ਹੈ? ਜਦੋਂ ਇਕ ਨੌਜਵਾਨ ਪਾਇਨੀਅਰਿੰਗ ਕਰਦਾ ਹੈ, ਤਾਂ ਉਹ ਅਲੱਗ-ਅਲੱਗ ਲੋਕਾਂ ਨਾਲ ਮਿਲ ਕੇ ਚੰਗੀ ਤਰ੍ਹਾਂ ਕੰਮ ਕਰਨਾ ਸਿੱਖਦਾ ਹੈ। ਨਾਲੇ ਉਹ ਸਿੱਖਦਾ ਹੈ ਕਿ ਉਸ ਕੋਲ ਜੋ ਹੈ, ਉਸ ਵਿਚ ਆਪਣਾ ਗੁਜ਼ਾਰਾ ਕਿਵੇਂ ਕਰੇ। (ਫ਼ਿਲਿ. 4:11-13) ਪੂਰੇ ਸਮੇਂ ਦੀ ਸੇਵਾ ਕਰਨ ਲਈ ਵਧੀਆ ਹੋਵੇਗਾ ਕਿ ਤੁਸੀਂ ਪਹਿਲਾਂ ਕੁਝ ਸਮੇਂ ਲਈ ਔਗਜ਼ੀਲਰੀ ਪਾਇਨੀਅਰਿੰਗ ਕਰੋ। ਜਿਹੜੇ ਇੱਦਾਂ ਕਰਦੇ ਹਨ, ਉਹ ਅੱਗੇ ਚੱਲ ਕੇ ਰੈਗੂਲਰ ਪਾਇਨੀਅਰਿੰਗ ਕਰਨ ਲਈ ਤਿਆਰ ਹੁੰਦੇ ਹਨ। ਪਾਇਅਨਰਿੰਗ ਕਰਨ ਨਾਲ ਪੂਰੇ ਸਮੇਂ ਦੀ ਸੇਵਾ ਕਰਨ ਦੇ ਹੋਰ ਵੀ ਕਈ ਦਰਵਾਜ਼ੇ ਖੁੱਲ੍ਹਦੇ ਹਨ, ਜਿਵੇਂ ਕਿ ਉਸਾਰੀ ਦਾ ਕੰਮ ਕਰਨਾ ਜਾਂ ਬੈਥਲ ਵਿਚ ਸੇਵਾ ਕਰਨੀ।
15-16. ਇਕ ਨੌਜਵਾਨ ਭਰਾ ਮੰਡਲੀ ਵਿਚ ਸਹਾਇਕ ਸੇਵਕ ਜਾਂ ਬਜ਼ੁਰਗ ਬਣਨ ਦੇ ਕਾਬਲ ਕਿਵੇਂ ਬਣ ਸਕਦਾ ਹੈ?
15 ਸਹਾਇਕ ਸੇਵਕ ਜਾਂ ਬਜ਼ੁਰਗ। ਮਸੀਹੀ ਭਰਾਵਾਂ ਨੂੰ ਬਜ਼ੁਰਗ ਬਣਨ ਦਾ ਟੀਚਾ ਰੱਖਣਾ ਚਾਹੀਦਾ ਹੈ ਤਾਂਕਿ ਉਹ ਮੰਡਲੀ ਦੇ ਭੈਣਾਂ-ਭਰਾਵਾਂ ਦੀ ਸੇਵਾ ਕਰ ਸਕਣ। ਬਾਈਬਲ ਕਹਿੰਦੀ ਹੈ ਕਿ ਜਿਹੜੇ ਭਰਾ ਸੇਵਾ ਕਰਨ ਦੇ ਯੋਗ ਬਣਨ ਲਈ ਮਿਹਨਤ ਕਰਦੇ ਹਨ, ਉਨ੍ਹਾਂ ਵਿਚ “ਚੰਗਾ ਕੰਮ ਕਰਨ ਦੀ ਇੱਛਾ ਹੈ।” (1 ਤਿਮੋ. 3:1) ਬਜ਼ੁਰਗ ਵਜੋਂ ਸੇਵਾ ਕਰਨ ਲਈ ਇਕ ਭਰਾ ਨੂੰ ਪਹਿਲਾਂ ਸਹਾਇਕ ਸੇਵਕ ਵਜੋਂ ਸੇਵਾ ਕਰਨ ਦੇ ਕਾਬਲ ਹੋਣਾ ਚਾਹੀਦਾ ਹੈ। ਸਹਾਇਕ ਸੇਵਕ ਅਲੱਗ-ਅਲੱਗ ਤਰੀਕਿਆਂ ਨਾਲ ਬਜ਼ੁਰਗਾਂ ਦੀ ਮਦਦ ਕਰਦੇ ਹਨ। ਬਜ਼ੁਰਗ ਅਤੇ ਸਹਾਇਕ ਸੇਵਕ ਨਿਮਰਤਾ ਨਾਲ ਭੈਣਾਂ-ਭਰਾਵਾਂ ਦੀ ਸੇਵਾ ਕਰਦੇ ਹਨ ਅਤੇ ਜੋਸ਼ ਨਾਲ ਪ੍ਰਚਾਰ ਵਿਚ ਹਿੱਸਾ ਲੈਂਦੇ ਹਨ। ਇਕ ਨੌਜਵਾਨ ਭਰਾ 17-18 ਸਾਲਾਂ ਦੀ ਉਮਰ ਵਿਚ ਵੀ ਸਹਾਇਕ ਸੇਵਕ ਬਣਨ ਦੇ ਕਾਬਲ ਹੋ ਸਕਦਾ ਹੈ। ਨਾਲੇ ਇਕ ਕਾਬਲ ਸਹਾਇਕ ਸੇਵਕ ਨੂੰ 20-22 ਸਾਲਾਂ ਦੀ ਉਮਰ ਵਿਚ ਵੀ ਬਜ਼ੁਰਗ ਵਜੋਂ ਨਿਯੁਕਤ ਕੀਤਾ ਜਾ ਸਕਦਾ ਹੈ।
16 ਤੁਸੀਂ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਕਾਬਲ ਕਿਵੇਂ ਬਣ ਸਕਦੇ ਹੋ? ਬਾਈਬਲ ਵਿਚ ਕੁਝ ਮੰਗਾਂ ਦੱਸੀਆਂ ਗਈਆਂ ਹਨ। ਇਕ ਭਰਾ ਇਹ ਮੰਗਾਂ ਉਦੋਂ ਹੀ ਪੂਰੀਆਂ ਕਰ ਸਕੇਗਾ ਜਦੋਂ ਉਸ ਦੇ ਦਿਲ ਵਿਚ ਯਹੋਵਾਹ, ਆਪਣੇ ਪਰਿਵਾਰ ਅਤੇ ਮੰਡਲੀ ਲਈ ਪਿਆਰ ਹੋਵੇਗਾ। (1 ਤਿਮੋ. 3:1-13; ਤੀਤੁ. 1:6-9; 1 ਪਤ. 5:2, 3) ਬਾਈਬਲ ਵਿਚ ਦੱਸੀ ਹਰੇਕ ਮੰਗ ਨੂੰ ਬਾਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਵਿਚ ਤੁਹਾਡੀ ਮਦਦ ਕਰੇ। c
17. ਇਕ ਨੌਜਵਾਨ ਭਰਾ ਅੱਗੇ ਚੱਲ ਕੇ ਇਕ ਚੰਗਾ ਪਤੀ ਅਤੇ ਪਰਿਵਾਰ ਦੇ ਮੁਖੀ ਬਣਨ ਲਈ ਹੁਣ ਤੋਂ ਹੀ ਕੀ ਕਰ ਸਕਦਾ ਹੈ? (ਤਸਵੀਰ ਵੀ ਦੇਖੋ।)
17 ਪਤੀ ਅਤੇ ਪਰਿਵਾਰ ਦਾ ਮੁਖੀ। ਜਿਵੇਂ ਯਿਸੂ ਨੇ ਕਿਹਾ ਸੀ, ਸ਼ਾਇਦ ਕੁਝ ਮਸੀਹੀ ਭਰਾ ਕੁਆਰੇ ਰਹਿਣ ਦਾ ਫ਼ੈਸਲਾ ਕਰਨ। (ਮੱਤੀ 19:12) ਪਰ ਜੇ ਤੁਸੀਂ ਵਿਆਹ ਕਰਾਉਣ ਦਾ ਫ਼ੈਸਲਾ ਕਰਦੇ ਹੋ, ਤਾਂ ਤੁਹਾਡੇ ਉੱਤੇ ਇਕ ਪਤੀ ਅਤੇ ਪਰਿਵਾਰ ਦੇ ਮੁਖੀ ਦੀ ਜ਼ਿੰਮੇਵਾਰੀ ਵੀ ਆਵੇਗੀ। (1 ਕੁਰਿੰ. 11:3) ਯਹੋਵਾਹ ਚਾਹੁੰਦਾ ਹੈ ਕਿ ਇਕ ਪਤੀ ਆਪਣੀ ਪਤਨੀ ਨੂੰ ਪਿਆਰ ਕਰੇ, ਉਸ ਦੀਆਂ ਲੋੜਾਂ ਦਾ ਧਿਆਨ ਰੱਖੇ, ਉਸ ਦਾ ਵਧੀਆ ਦੋਸਤ ਤੇ ਸਾਥੀ ਬਣੇ ਅਤੇ ਯਹੋਵਾਹ ਨਾਲ ਵਧੀਆ ਰਿਸ਼ਤਾ ਬਣਾਈ ਰੱਖਣ ਵਿਚ ਉਸ ਦੀ ਮਦਦ ਕਰੇ। (ਅਫ਼. 5:28, 29) ਇਸ ਲੇਖ ਵਿਚ ਅਸੀਂ ਜਿਨ੍ਹਾਂ ਗੁਣਾਂ ਅਤੇ ਹੁਨਰਾਂ ਦੀ ਗੱਲ ਕੀਤੀ, ਜੇ ਤੁਸੀਂ ਉਨ੍ਹਾਂ ਨੂੰ ਆਪਣੇ ਵਿਚ ਵਧਾਓ, ਤਾਂ ਤੁਸੀਂ ਅੱਗੇ ਚੱਲ ਕੇ ਵਧੀਆ ਜੀਵਨ ਸਾਥੀ ਬਣ ਸਕੋਗੇ। ਜੇ ਤੁਸੀਂ ਹੁਣ ਤੋਂ ਹੀ ਸੋਚਣ-ਸਮਝਣ ਦੀ ਕਾਬਲੀਅਤ ਵਧਾਓ, ਔਰਤਾਂ ਦੀ ਇੱਜ਼ਤ ਕਰਨੀ ਸਿੱਖੋ ਅਤੇ ਭਰੋਸੇਯੋਗ ਬਣੋ, ਤਾਂ ਤੁਸੀਂ ਅੱਗੇ ਚੱਲ ਕੇ ਇਕ ਪਤੀ ਅਤੇ ਪਰਿਵਾਰ ਦੇ ਮੁਖੀ ਵਜੋਂ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਸਕੋਗੇ।
18. ਇਕ ਨੌਜਵਾਨ ਭਰਾ ਅੱਗੇ ਚੱਲ ਕੇ ਇਕ ਚੰਗਾ ਪਿਤਾ ਬਣਨ ਲਈ ਹੁਣ ਤੋਂ ਹੀ ਕੀ ਕਰ ਸਕਦਾ ਹੈ?
18 ਪਿਤਾ। ਵਿਆਹ ਤੋਂ ਬਾਅਦ ਸ਼ਾਇਦ ਤੁਹਾਡੇ ʼਤੇ ਇਕ ਪਿਤਾ ਦੀ ਜ਼ਿੰਮੇਵਾਰੀ ਵੀ ਆਵੇ। ਤੁਸੀਂ ਇਕ ਚੰਗੇ ਪਿਤਾ ਕਿਵੇਂ ਬਣ ਸਕਦੇ ਹੋ? ਇਸ ਬਾਰੇ ਤੁਸੀਂ ਯਹੋਵਾਹ ਤੋਂ ਬਹੁਤ ਕੁਝ ਸਿੱਖ ਸਕਦੇ ਹੋ। (ਅਫ਼. 6:4) ਯਹੋਵਾਹ ਆਪਣੇ ਪੁੱਤਰ ਯਿਸੂ ਨੂੰ ਖੁੱਲ੍ਹ ਕੇ ਦੱਸਦਾ ਸੀ ਕਿ ਉਹ ਉਸ ਨੂੰ ਪਿਆਰ ਕਰਦਾ ਹੈ ਅਤੇ ਉਸ ਤੋਂ ਖ਼ੁਸ਼ ਹੈ। (ਮੱਤੀ 3:17) ਜੇ ਕੱਲ੍ਹ ਨੂੰ ਤੁਸੀਂ ਇਕ ਪਿਤਾ ਬਣਦੇ ਹੋ, ਤਾਂ ਆਪਣੇ ਬੱਚਿਆਂ ਨੂੰ ਵਾਰ-ਵਾਰ ਇਹ ਅਹਿਸਾਸ ਦਿਵਾਇਓ ਕਿ ਤੁਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹੋ। ਜਦੋਂ ਵੀ ਉਹ ਕੋਈ ਚੰਗਾ ਕੰਮ ਕਰਨ, ਤਾਂ ਦਿਲ ਖੋਲ੍ਹ ਕੇ ਉਨ੍ਹਾਂ ਦੀ ਤਾਰੀਫ਼ ਕਰਿਓ। ਜਿਹੜੇ ਪਿਤਾ ਯਹੋਵਾਹ ਦੀ ਰੀਸ ਕਰਦੇ ਹਨ, ਉਨ੍ਹਾਂ ਦੇ ਬੱਚੇ ਅੱਗੇ ਚੱਲ ਕੇ ਸਮਝਦਾਰ ਮਸੀਹੀ ਬਣ ਪਾਉਂਦੇ ਹਨ। ਇਸ ਲਈ ਹੁਣ ਤੋਂ ਹੀ ਆਪਣੇ ਪਰਿਵਾਰ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਲਈ ਪਰਵਾਹ ਦਿਖਾਓ। ਉਨ੍ਹਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਅਤੇ ਉਨ੍ਹਾਂ ਨੂੰ ਅਨਮੋਲ ਸਮਝਦੇ ਹੋ। (ਯੂਹੰ. 15:9) ਇੱਦਾਂ ਕਰ ਕੇ ਤੁਸੀਂ ਭਵਿੱਖ ਵਿਚ ਇਕ ਚੰਗੇ ਪਤੀ ਅਤੇ ਪਿਤਾ ਬਣ ਸਕੋਗੇ। ਪਰ ਤੁਸੀਂ ਹੁਣ ਵੀ ਯਹੋਵਾਹ ਦੇ ਬਹੁਤ ਕੰਮ ਆ ਸਕਦੇ ਹੋ ਅਤੇ ਆਪਣੇ ਪਰਿਵਾਰ ਅਤੇ ਮੰਡਲੀ ਲਈ ਬਰਕਤ ਸਾਬਤ ਹੋ ਸਕਦੇ ਹੋ।
ਤੁਸੀਂ ਹੁਣ ਕੀ ਕਰੋਗੇ?
19-20. ਨੌਜਵਾਨ ਭਰਾ ਸਮਝਦਾਰ ਮਸੀਹੀ ਕਿਵੇਂ ਬਣ ਸਕਦੇ ਹਨ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
19 ਨੌਜਵਾਨ ਭਰਾਵੋ, ਤੁਸੀਂ ਆਪਣੇ ਆਪ ਹੀ ਸਮਝਦਾਰ ਮਸੀਹੀ ਨਹੀਂ ਬਣ ਜਾਣਾ। ਤੁਹਾਨੂੰ ਚੰਗੀਆਂ ਮਿਸਾਲਾਂ ਦੀ ਰੀਸ ਕਰਨ, ਸੋਚਣ-ਸਮਝਣ ਦੀ ਕਾਬਲੀਅਤ ਵਧਾਉਣ, ਭਰੋਸੇਯੋਗ ਬਣਨ, ਹੁਨਰ ਸਿੱਖਣ ਅਤੇ ਭਵਿੱਖ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਲਈ ਤਿਆਰੀ ਕਰਨ ਦੀ ਲੋੜ ਹੈ।
20 ਸ਼ਾਇਦ ਤੁਸੀਂ ਇਹ ਸੋਚ ਕੇ ਪਰੇਸ਼ਾਨ ਹੋ ਜਾਓ ਕਿ ਤੁਸੀਂ ਅਜੇ ਕਿੰਨਾ ਕੁਝ ਕਰਨਾ ਹੈ। ਪਰ ਚਿੰਤਾ ਨਾ ਕਰੋ, ਤੁਸੀਂ ਸਫ਼ਲ ਹੋ ਸਕਦੇ ਹੋ। ਯਾਦ ਰੱਖੋ ਕਿ ਯਹੋਵਾਹ ਤੁਹਾਡੀ ਮਦਦ ਕਰਨ ਲਈ ਤਿਆਰ ਹੈ। (ਯਸਾ. 41:10, 13) ਨਾਲੇ ਮੰਡਲੀ ਦੇ ਭੈਣ-ਭਰਾ ਵੀ ਤੁਹਾਡੀ ਮਦਦ ਕਰਨਗੇ। ਜਦੋਂ ਤੁਸੀਂ ਇਕ ਸਮਝਦਾਰ ਮਸੀਹੀ ਭਰਾ ਬਣ ਜਾਓਗੇ, ਤਾਂ ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਭਰੀ ਹੋਵੇਗੀ। ਨੌਜਵਾਨ ਭਰਾਵੋ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ! ਸਾਡੀ ਦੁਆ ਹੈ ਕਿ ਯਹੋਵਾਹ ਤੁਹਾਡੀਆਂ ਕੋਸ਼ਿਸ਼ਾਂ ʼਤੇ ਬਰਕਤ ਪਾਵੇ ਜੋ ਤੁਸੀਂ ਸਮਝਦਾਰ ਮਸੀਹੀ ਬਣਨ ਲਈ ਕਰ ਰਹੇ ਹੋ।—ਕਹਾ. 22:4.
ਗੀਤ 65 ਅੱਗੇ ਵਧਦੇ ਰਹੋ!
a ਮੰਡਲੀਆਂ ਵਿਚ ਸਮਝਦਾਰ ਮਸੀਹੀ ਭਰਾਵਾਂ ਦੀ ਬਹੁਤ ਲੋੜ ਹੈ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਨੌਜਵਾਨ ਭਰਾ ਸਮਝਦਾਰ ਮਸੀਹੀ ਕਿਵੇਂ ਬਣ ਸਕਦੇ ਹਨ।
b ਪਿਛਲੇ ਲੇਖ ਵਿਚ ਦਿੱਤਾ ਫੁਟਨੋਟ “ਸ਼ਬਦਾਂ ਦਾ ਮਤਲਬ” ਪੜ੍ਹੋ।