Skip to content

Skip to table of contents

ਅਧਿਐਨ ਲੇਖ 52

ਨੌਜਵਾਨ ਭੈਣੋ​​—ਸਮਝਦਾਰ ਮਸੀਹੀ ਬਣੋ

ਨੌਜਵਾਨ ਭੈਣੋ​​—ਸਮਝਦਾਰ ਮਸੀਹੀ ਬਣੋ

“ਭੈਣਾਂ . . . ਹਰ ਗੱਲ ਵਿਚ ਸੰਜਮ ਰੱਖਣ ਅਤੇ ਸਾਰੀਆਂ ਗੱਲਾਂ ਵਿਚ ਵਫ਼ਾਦਾਰ ਰਹਿਣ।”​—1 ਤਿਮੋ. 3:11.

ਗੀਤ 133 ਜਵਾਨੀ ਵਿਚ ਯਹੋਵਾਹ ਦੀ ਸੇਵਾ ਕਰੋ

ਖ਼ਾਸ ਗੱਲਾਂ a

1. ਸਮਝਦਾਰ ਮਸੀਹੀ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

 ਅਸੀਂ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ ਕਿ ਇਕ ਬੱਚਾ ਕਿੰਨੀ ਛੇਤੀ ਵੱਡਾ ਹੋ ਜਾਂਦਾ ਹੈ। ਇੱਦਾਂ ਕਰਨ ਲਈ ਉਸ ਨੂੰ ਕੁਝ ਵੀ ਨਹੀਂ ਕਰਨਾ ਪੈਂਦਾ। ਪਰ ਸਮਝਦਾਰ ਮਸੀਹੀ ਬਣਨ ਲਈ ਸਾਨੂੰ ਕੁਝ ਕਰਨ ਦੀ ਲੋੜ ਹੈ। b (1 ਕੁਰਿੰ. 13:11; ਇਬ. 6:1) ਸਮਝਦਾਰ ਮਸੀਹੀ ਬਣਨ ਲਈ ਸਾਡਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਹੋਣਾ ਚਾਹੀਦਾ ਹੈ। ਨਾਲੇ ਸਾਨੂੰ ਆਪਣੇ ਵਿਚ ਪਰਮੇਸ਼ੁਰੀ ਗੁਣ ਪੈਦਾ ਕਰਨ, ਵਧੀਆ ਹੁਨਰ ਸਿੱਖਣ ਅਤੇ ਭਵਿੱਖ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪਵਿੱਤਰ ਸ਼ਕਤੀ ਦੀ ਲੋੜ ਹੈ।​—ਕਹਾ. 1:5.

2. (ੳ) ਅਸੀਂ ਉਤਪਤ 1:27 ਤੋਂ ਕੀ ਸਿੱਖਦੇ ਹਾਂ? (ਅ) ਇਸ ਲੇਖ ਵਿਚ ਕਿਸ ਗੱਲ ʼਤੇ ਚਰਚਾ ਕੀਤੀ ਜਾਵੇਗੀ?

2 ਯਹੋਵਾਹ ਨੇ ਇਨਸਾਨਾਂ ਨੂੰ ਆਦਮੀ ਤੇ ਔਰਤ ਬਣਾਇਆ ਸੀ। (ਉਤਪਤ 1:27 ਪੜ੍ਹੋ।) ਬੇਸ਼ੱਕ, ਆਦਮੀ ਤੇ ਔਰਤ ਦੇਖਣ ਨੂੰ ਤਾਂ ਇਕ-ਦੂਜੇ ਤੋਂ ਵੱਖਰੇ ਲੱਗਦੇ ਹੀ ਹਨ, ਪਰ ਉਹ ਹੋਰ ਤਰੀਕਿਆਂ ਨਾਲ ਵੀ ਇਕ-ਦੂਜੇ ਤੋਂ ਵੱਖਰੇ ਹਨ। ਮਿਸਾਲ ਲਈ, ਯਹੋਵਾਹ ਨੇ ਆਦਮੀ ਤੇ ਔਰਤਾਂ ਨੂੰ ਅਲੱਗ-ਅਲੱਗ ਜ਼ਿੰਮੇਵਾਰੀਆਂ ਦਿੱਤੀਆਂ ਹਨ। ਇਸ ਲਈ ਇਹ ਜ਼ਿੰਮੇਵਾਰੀਆਂ ਨਿਭਾਉਣ ਲਈ ਉਨ੍ਹਾਂ ਨੂੰ ਆਪਣੇ ਵਿਚ ਕੁਝ ਗੁਣ ਪੈਦਾ ਕਰਨ ਅਤੇ ਹੁਨਰ ਸਿੱਖਣ ਦੀ ਲੋੜ ਹੈ। (ਉਤ. 2:18) ਇਸ ਲੇਖ ਵਿਚ ਅਸੀਂ ਇਸ ਗੱਲ ʼਤੇ ਚਰਚਾ ਕਰਾਂਗੇ ਕਿ ਇਕ ਨੌਜਵਾਨ ਭੈਣ ਸਮਝਦਾਰ ਮਸੀਹੀ ਬਣਨ ਲਈ ਕਰ ਸਕਦੀ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਇਕ ਨੌਜਵਾਨ ਭਰਾ ਸਮਝਦਾਰ ਮਸੀਹੀ ਬਣਨ ਲਈ ਕੀ ਕਰ ਸਕਦਾ ਹੈ।

ਪਰਮੇਸ਼ੁਰੀ ਗੁਣ ਪੈਦਾ ਕਰੋ

ਭੈਣੋ, ਸਮਝਦਾਰ ਮਸੀਹੀ ਬਣਨ ਵਿਚ ਰਿਬਕਾਹ, ਅਸਤਰ ਅਤੇ ਅਬੀਗੈਲ ਵਰਗੀਆਂ ਵਫ਼ਾਦਾਰ ਔਰਤਾਂ ਦੀ ਰੀਸ ਕਰ ਕੇ ਤੁਹਾਡੀ ਮਦਦ ਹੋਵੇਗੀ (ਪੈਰੇ 3-4 ਦੇਖੋ)

3-4. ਨੌਜਵਾਨ ਭੈਣੋ, ਤੁਸੀਂ ਕਿਨ੍ਹਾਂ ਦੀ ਰੀਸ ਕਰ ਸਕਦੀਆਂ ਹੋ? (ਤਸਵੀਰ ਵੀ ਦੇਖੋ।)

3 ਬਾਈਬਲ ਵਿਚ ਬਹੁਤ ਸਾਰੀਆਂ ਔਰਤਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਯਹੋਵਾਹ ਨੂੰ ਪਿਆਰ ਕਰਦੀਆਂ ਅਤੇ ਉਸ ਦੀ ਸੇਵਾ ਕਰਦੀਆਂ ਸਨ। (jw.org ਉੱਤੇ “ਬਾਈਬਲ ਵਿਚ ਦੱਸੀਆਂ ਔਰਤਾਂ​—ਅਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?” ਨਾਂ ਦਾ ਲੇਖ ਦੇਖੋ।) ਜਿੱਦਾਂ ਇਸ ਲੇਖ ਦੀ ਮੁੱਖ ਆਇਤ ਵਿਚ ਦੱਸਿਆ ਗਿਆ ਸੀ, ਇਹ ਔਰਤਾਂ “ਹਰ ਗੱਲ ਵਿਚ ਸੰਜਮ” ਰੱਖਦੀਆਂ ਅਤੇ “ਸਾਰੀਆਂ ਗੱਲਾਂ ਵਿਚ ਵਫ਼ਾਦਾਰ” ਰਹਿੰਦੀਆਂ ਸਨ। ਨੌਜਵਾਨ ਭੈਣੋ, ਤੁਸੀਂ ਇਨ੍ਹਾਂ ਔਰਤਾਂ ਦੀ ਰੀਸ ਕਰ ਸਕਦੀਆਂ ਹੋ। ਨਾਲੇ ਸ਼ਾਇਦ ਤੁਹਾਡੀ ਮੰਡਲੀ ਵਿਚ ਵੀ ਕਈ ਸਮਝਦਾਰ ਮਸੀਹੀ ਭੈਣਾਂ ਹੋਣ ਜਿਨ੍ਹਾਂ ਦੀ ਤੁਸੀਂ ਰੀਸ ਕਰ ਸਕਦੀਆਂ ਹੋ।

4 ਨੌਜਵਾਨ ਭੈਣੋ, ਕੀ ਤੁਸੀਂ ਅਜਿਹੀਆਂ ਭੈਣਾਂ ਨੂੰ ਜਾਣਦੀਆਂ ਹੋ ਜਿਨ੍ਹਾਂ ਨੇ ਵਧੀਆ ਮਿਸਾਲ ਰੱਖੀ ਹੈ ਅਤੇ ਤੁਸੀਂ ਉਨ੍ਹਾਂ ਦੀ ਰੀਸ ਕਰ ਸਕਦੀਆਂ ਹੋ? ਉਨ੍ਹਾਂ ਦੇ ਵਧੀਆ ਗੁਣਾਂ ʼਤੇ ਧਿਆਨ ਦਿਓ। ਫਿਰ ਸੋਚੋ ਕਿ ਤੁਸੀਂ ਇਹ ਗੁਣ ਕਿਵੇਂ ਦਿਖਾ ਸਕਦੀਆਂ ਹੋ। ਅਗਲੇ ਪੈਰਿਆਂ ਵਿਚ ਅਸੀਂ ਤਿੰਨ ਅਹਿਮ ਗੁਣਾਂ ʼਤੇ ਚਰਚਾ ਕਰਾਂਗੇ ਜੋ ਸਮਝਦਾਰ ਮਸੀਹੀ ਭੈਣਾਂ ਵਿਚ ਹੋਣੇ ਚਾਹੀਦੇ ਹਨ।

5. ਸਮਝਦਾਰ ਮਸੀਹੀ ਬਣਨ ਲਈ ਨਿਮਰਤਾ ਦਾ ਗੁਣ ਹੋਣਾ ਕਿਉਂ ਜ਼ਰੂਰੀ ਹੈ?

5 ਸਮਝਦਾਰ ਮਸੀਹੀ ਬਣਨ ਲਈ ਨਿਮਰਤਾ ਦਾ ਗੁਣ ਹੋਣਾ ਜ਼ਰੂਰੀ ਹੈ। ਜੇ ਇਕ ਭੈਣ ਨਿਮਰ ਹੈ, ਤਾਂ ਉਸ ਦਾ ਯਹੋਵਾਹ ਅਤੇ ਦੂਜਿਆਂ ਨਾਲ ਵਧੀਆ ਰਿਸ਼ਤਾ ਹੋਵੇਗਾ। (ਯਾਕੂ. 4:6) ਮਿਸਾਲ ਲਈ, ਯਹੋਵਾਹ ਨੂੰ ਪਿਆਰ ਕਰਨ ਵਾਲੀ ਭੈਣ 1 ਕੁਰਿੰਥੀਆਂ 11:3 ਵਿਚ ਦਿੱਤਾ ਅਸੂਲ ਮੰਨੇਗੀ ਅਤੇ ਮੰਡਲੀ ਤੇ ਪਰਿਵਾਰ ਵਿਚ ਜਿਨ੍ਹਾਂ ਕੋਲ ਕੁਝ ਅਧਿਕਾਰ ਹੈ, ਉਨ੍ਹਾਂ ਦੇ ਅਧੀਨ ਰਹੇਗੀ। c

6. ਰਿਬਕਾਹ ਨੇ ਕਿਵੇਂ ਦਿਖਾਇਆ ਕਿ ਉਹ ਨਿਮਰ ਸੀ ਅਤੇ ਨੌਜਵਾਨ ਭੈਣਾਂ ਉਸ ਦੀ ਰੀਸ ਕਿਵੇਂ ਕਰ ਸਕਦੀਆਂ ਹਨ?

6 ਜ਼ਰਾ ਰਿਬਕਾਹ ਦੀ ਮਿਸਾਲ ʼਤੇ ਗੌਰ ਕਰੋ। ਉਹ ਇਕ ਸਮਝਦਾਰ ਔਰਤ ਸੀ ਜਿਸ ਨੇ ਆਪਣੀ ਜ਼ਿੰਦਗੀ ਵਿਚ ਕਈ ਵੱਡੇ ਫ਼ੈਸਲੇ ਕੀਤੇ। ਉਸ ਨੂੰ ਇਹ ਵੀ ਪਤਾ ਸੀ ਕਿ ਕੋਈ ਕੰਮ ਕਦੋਂ ਤੇ ਕਿੱਦਾਂ ਕਰਨਾ ਹੈ। (ਉਤ. 24:58; 27:5-17) ਪਰ ਫਿਰ ਵੀ ਉਹ ਦੂਜਿਆਂ ਨਾਲ ਆਦਰ ਨਾਲ ਪੇਸ਼ ਆਉਂਦੀ ਸੀ ਤੇ ਅਧੀਨ ਰਹਿੰਦੀ ਸੀ। (ਉਤ. 24:17, 18, 65) ਜੇ ਤੁਸੀਂ ਰਿਬਕਾਹ ਵਾਂਗ ਨਿਮਰ ਹੋ ਅਤੇ ਉਨ੍ਹਾਂ ਲੋਕਾਂ ਦਾ ਸਾਥ ਦਿੰਦੇ ਹੋ ਜਿਨ੍ਹਾਂ ਨੂੰ ਯਹੋਵਾਹ ਨੇ ਅਧਿਕਾਰ ਦਿੱਤਾ ਹੈ, ਤਾਂ ਤੁਸੀਂ ਆਪਣੇ ਪਰਿਵਾਰ ਅਤੇ ਮੰਡਲੀ ਲਈ ਵਧੀਆ ਮਿਸਾਲ ਬਣੋਗੇ।

7. ਅਸਤਰ ਨੇ ਕਿਵੇਂ ਦਿਖਾਇਆ ਕਿ ਉਹ ਆਪਣੀਆਂ ਹੱਦਾਂ ਪਛਾਣਦੀ ਸੀ ਅਤੇ ਨੌਜਵਾਨ ਭੈਣਾਂ ਉਸ ਦੀ ਰੀਸ ਕਿਵੇਂ ਕਰ ਸਕਦੀਆਂ ਹਨ?

7 ਸਮਝਦਾਰ ਮਸੀਹੀਆਂ ਵਿਚ ਇਕ ਹੋਰ ਗੁਣ ਹੁੰਦਾ ਹੈ, ਉਹ ਆਪਣੀਆਂ ਹੱਦਾਂ ਪਛਾਣਦੇ ਹਨ ਅਤੇ ਉਹ ਇਹ ਨਹੀਂ ਸੋਚਦੇ ਕਿ ਉਨ੍ਹਾਂ ਨੂੰ ਸਾਰਾ ਕੁਝ ਪਤਾ ਹੈ। ਬਾਈਬਲ ਕਹਿੰਦੀ ਹੈ ਕਿ ‘ਜੋ ਆਪਣੀਆਂ ਹੱਦਾਂ ਜਾਣਦੇ ਹਨ, ਉਹ ਇਨਸਾਨ ਬੁੱਧ ਤੋਂ ਕੰਮ ਲੈਂਦੇ ਹਨ।’ (ਕਹਾ. 11:2, ਫੁਟਨੋਟ) ਅਸਤਰ ਆਪਣੀਆਂ ਹੱਦਾਂ ਜਾਣਦੀ ਸੀ ਅਤੇ ਉਹ ਪਰਮੇਸ਼ੁਰ ਦੀ ਵਫ਼ਾਦਾਰ ਸੇਵਕ ਸੀ। ਇਸ ਕਰਕੇ ਉਹ ਰਾਣੀ ਬਣਨ ਤੋਂ ਬਾਅਦ ਵੀ ਘਮੰਡ ਨਾਲ ਫੁੱਲੀ ਨਹੀਂ। ਉਸ ਨੇ ਆਪਣੇ ਚਾਚੇ ਦੇ ਮੁੰਡੇ ਮਾਰਦਕਈ ਦੀ ਸਲਾਹ ਸੁਣੀ ਅਤੇ ਉਸ ਨੂੰ ਮੰਨਿਆ ਵੀ। (ਅਸ. 2:10, 20, 22) ਤੁਸੀਂ ਵੀ ਦੂਜਿਆਂ ਤੋਂ ਸਲਾਹ ਲੈ ਕੇ ਅਤੇ ਉਸ ਨੂੰ ਮੰਨ ਕੇ ਦਿਖਾ ਸਕਦੀਆਂ ਹੋ ਕਿ ਤੁਸੀਂ ਆਪਣੀਆਂ ਹੱਦਾਂ ਪਛਾਣਦੀਆਂ ਹੋ।​—ਤੀਤੁ. 2:3-5.

8. ਪਹਿਲਾ ਤਿਮੋਥਿਉਸ 2:9, 10 ਅਨੁਸਾਰ ਇਕ ਭੈਣ ਪਹਿਰਾਵੇ ਅਤੇ ਹਾਰ-ਸ਼ਿੰਗਾਰ ਦੇ ਮਾਮਲੇ ਵਿਚ ਸਹੀ ਫ਼ੈਸਲਾ ਕਿਵੇਂ ਕਰ ਸਕਦੀ ਹੈ?

8 ਅਸਤਰ ਨੇ ਇਕ ਹੋਰ ਤਰੀਕੇ ਨਾਲ ਦਿਖਾਇਆ ਕਿ ਉਹ ਆਪਣੀਆਂ ਹੱਦਾਂ ਪਛਾਣਦੀ ਸੀ। ਉਹ “ਦੇਖਣ ਵਿਚ ਬਹੁਤ ਸੋਹਣੀ-ਸੁਨੱਖੀ ਸੀ,” ਪਰ ਉਸ ਨੇ ਦੂਜਿਆਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚਿਆ। (ਅਸ. 2:7, 15) ਮਸੀਹੀ ਭੈਣਾਂ ਅਸਤਰ ਦੀ ਮਿਸਾਲ ਤੋਂ ਕੀ ਸਿੱਖ ਸਕਦੀਆਂ ਹਨ? ਧਿਆਨ ਦਿਓ ਕਿ 1 ਤਿਮੋਥਿਉਸ 2:9, 10 (ਪੜ੍ਹੋ।) ਵਿਚ ਕੀ ਦੱਸਿਆ ਗਿਆ ਹੈ। ਪੌਲੁਸ ਰਸੂਲ ਨੇ ਮਸੀਹੀ ਭੈਣਾਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਸਲੀਕੇਦਾਰ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਪਹਿਰਾਵੇ ਤੋਂ ਸ਼ਰਮ-ਹਯਾ ਝਲਕਣੀ ਚਾਹੀਦੀ ਹੈ। ਪੌਲੁਸ ਨੇ ਇੱਥੇ ਜਿਹੜੇ ਯੂਨਾਨੀ ਸ਼ਬਦ ਵਰਤੇ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮਸੀਹੀ ਭੈਣਾਂ ਦੇ ਪਹਿਰਾਵੇ ਤੋਂ ਪਰਮੇਸ਼ੁਰ ਲਈ ਆਦਰ ਝਲਕਣਾ ਚਾਹੀਦਾ ਹੈ। ਨਾਲੇ ਉਨ੍ਹਾਂ ਨੂੰ ਦੂਜਿਆਂ ਦੀ ਸੋਚ ਅਤੇ ਭਾਵਨਾਵਾਂ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਸਾਨੂੰ ਆਪਣੀਆਂ ਮਸੀਹੀ ਭੈਣਾਂ ʼਤੇ ਬਹੁਤ ਮਾਣ ਹੈ ਜੋ ਸਲੀਕੇਦਾਰ ਕੱਪੜੇ ਪਾਉਂਦੀਆਂ ਹਨ।

9. ਅਬੀਗੈਲ ਨੇ ਸਮਝਦਾਰੀ ਤੋਂ ਕੰਮ ਕਿਵੇਂ ਲਿਆ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

9 ਸਮਝਦਾਰ ਮਸੀਹੀ ਭੈਣਾਂ ਸੂਝ-ਬੂਝ ਤੋਂ ਕੰਮ ਲੈਂਦੀਆਂ ਹਨ। ਸੂਝ-ਬੂਝ ਕੀ ਹੈ? ਸੂਝ-ਬੂਝ ਰੱਖਣ ਵਾਲੇ ਇਨਸਾਨ ਨੂੰ ਸਹੀ ਅਤੇ ਗ਼ਲਤ ਵਿਚ ਫ਼ਰਕ ਪਤਾ ਹੁੰਦਾ ਹੈ ਤੇ ਉਹ ਸਹੀ ਕੰਮ ਕਰਨ ਦਾ ਫ਼ੈਸਲਾ ਕਰਦਾ ਹੈ। ਜ਼ਰਾ ਅਬੀਗੈਲ ਦੀ ਮਿਸਾਲ ʼਤੇ ਗੌਰ ਕਰੋ। ਉਸ ਦੇ ਪਤੀ ਨੇ ਇਕ ਗ਼ਲਤ ਫ਼ੈਸਲਾ ਲਿਆ ਜਿਸ ਕਰਕੇ ਉਸ ਦੇ ਸਾਰੇ ਘਰਾਣੇ ਦੀ ਜਾਨ ਖ਼ਤਰੇ ਵਿਚ ਪੈ ਗਈ। ਅਬੀਗੈਲ ਨੇ ਤੁਰੰਤ ਕਦਮ ਚੁੱਕਿਆ। ਉਸ ਦੀ ਸੂਝ-ਬੂਝ ਕਰਕੇ ਉਨ੍ਹਾਂ ਦੀਆਂ ਜਾਨਾਂ ਬਚ ਗਈਆਂ। (1 ਸਮੂ. 25:14-23, 32-35) ਸੂਝ-ਬੂਝ ਰੱਖਣ ਵਾਲੇ ਵਿਅਕਤੀ ਨੂੰ ਪਤਾ ਹੁੰਦਾ ਹੈ ਕਿ ਕਦੋਂ ਬੋਲਣਾ ਹੈ ਅਤੇ ਕਦੋਂ ਚੁੱਪ ਰਹਿਣਾ ਹੈ। ਨਾਲੇ ਅਜਿਹਾ ਵਿਅਕਤੀ ਜਦੋਂ ਦੂਜਿਆਂ ਦਾ ਹਾਲ-ਚਾਲ ਪੁੱਛਦਾ ਹੈ ਤੇ ਉਨ੍ਹਾਂ ਨਾਲ ਗੱਲ ਕਰਦਾ ਹੈ, ਤਾਂ ਉਹ ਉਨ੍ਹਾਂ ਦੇ ਨਿੱਜੀ ਮਾਮਲਿਆਂ ਵਿਚ ਦਖ਼ਲ ਨਹੀਂ ਦਿੰਦਾ।​—1 ਥੱਸ. 4:11.

ਹੁਨਰ ਸਿੱਖੋ

ਪੜ੍ਹਨਾ-ਲਿਖਣਾ ਸਿੱਖ ਕੇ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ? (ਪੈਰਾ 11 ਦੇਖੋ)

10-11. ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਸਿੱਖਣ ਕਰਕੇ ਤੁਹਾਨੂੰ ਖ਼ੁਦ ਨੂੰ ਤੇ ਦੂਜਿਆਂ ਨੂੰ ਕੀ ਫ਼ਾਇਦਾ ਹੋਵੇਗਾ? (ਤਸਵੀਰ ਵੀ ਦੇਖੋ।)

10 ਮਸੀਹੀ ਭੈਣਾਂ ਨੂੰ ਕੁਝ ਹੁਨਰ ਵੀ ਸਿੱਖਣੇ ਚਾਹੀਦੇ ਹਨ। ਜਦੋਂ ਇਕ ਵਿਅਕਤੀ ਛੋਟੀ ਉਮਰ ਵਿਚ ਕੋਈ ਹੁਨਰ ਸਿੱਖਦਾ ਹੈ, ਤਾਂ ਉਸ ਨੂੰ ਉਮਰ ਭਰ ਉਸ ਦਾ ਫ਼ਾਇਦਾ ਹੁੰਦਾ ਹੈ। ਆਓ ਦੇਖੀਏ ਕਿ ਮਸੀਹੀ ਭੈਣਾਂ ਕਿਹੜੇ ਕੁਝ ਹੁਨਰ ਸਿੱਖ ਸਕਦੀਆਂ ਹਨ।

11 ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਸਿੱਖੋ। ਕੁਝ ਸਭਿਆਚਾਰਾਂ ਵਿਚ ਔਰਤਾਂ ਲਈ ਪੜ੍ਹਨਾ-ਲਿਖਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ ਹੈ। ਪਰ ਹਰ ਮਸੀਹੀ ਲਈ ਪੜ੍ਹਨਾ-ਲਿਖਣਾ ਸਿੱਖਣਾ ਜ਼ਰੂਰੀ ਹੈ। d (1 ਤਿਮੋ. 4:13) ਭਾਵੇਂ ਤੁਹਾਡੇ ਸਾਮ੍ਹਣੇ ਕੋਈ ਵੀ ਮੁਸ਼ਕਲ ਆਵੇ, ਫਿਰ ਵੀ ਪੱਕਾ ਇਰਾਦਾ ਕਰੋ ਕਿ ਤੁਸੀਂ ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਸਿੱਖੋਗੇ। ਇਸ ਦਾ ਤੁਹਾਨੂੰ ਕੀ ਫ਼ਾਇਦਾ ਹੋਵੇਗਾ? ਤੁਹਾਨੂੰ ਕੋਈ ਨੌਕਰੀ ਮਿਲ ਸਕੇਗੀ। ਨਾਲੇ ਇਸ ਨਾਲ ਤੁਹਾਡੀ ਮਦਦ ਹੋਵੇਗੀ ਕਿ ਤੁਸੀਂ ਖ਼ੁਦ ਬਾਈਬਲ ਦਾ ਚੰਗੀ ਤਰ੍ਹਾਂ ਅਧਿਐਨ ਕਰ ਸਕੋ ਅਤੇ ਦੂਜਿਆਂ ਨੂੰ ਵੀ ਇਸ ਬਾਰੇ ਸਿਖਾ ਸਕੋ। ਸਭ ਤੋਂ ਜ਼ਰੂਰੀ ਗੱਲ, ਬਾਈਬਲ ਪੜ੍ਹ ਕੇ ਅਤੇ ਇਸ ʼਤੇ ਸੋਚ-ਵਿਚਾਰ ਕਰ ਕੇ ਤੁਸੀਂ ਯਹੋਵਾਹ ਦੇ ਹੋਰ ਵੀ ਨੇੜੇ ਜਾਓਗੇ।​—ਯਹੋ. 1:8; 1 ਤਿਮੋ. 4:15.

12. ਕਹਾਉਤਾਂ 31:26 ਤੋਂ ਤੁਸੀਂ ਕੀ ਸਿੱਖਦੇ ਹੋ?

12 ਚੰਗੀ ਤਰ੍ਹਾਂ ਗੱਲਬਾਤ ਕਰਨੀ ਸਿੱਖੋ। ਮਸੀਹੀਆਂ ਨੂੰ ਚੰਗੀ ਤਰ੍ਹਾਂ ਗੱਲ ਕਰਨੀ ਸਿੱਖਣ ਦੀ ਲੋੜ ਹੈ। ਇਸ ਮਾਮਲੇ ਵਿਚ ਚੇਲੇ ਯਾਕੂਬ ਨੇ ਸਾਨੂੰ ਵਧੀਆ ਸਲਾਹ ਦਿੱਤੀ: “ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ।” (ਯਾਕੂ. 1:19) ਜਦੋਂ ਤੁਸੀਂ ਦੂਜਿਆਂ ਦੀ ਗੱਲ ਧਿਆਨ ਨਾਲ ਸੁਣਦੇ ਹੋ, ਤਾਂ ਤੁਸੀਂ ਉਨ੍ਹਾਂ ਲਈ ਹਮਦਰਦੀ ਦਿਖਾ ਸਕਦੇ ਹੋ ਤੇ “ਦੁੱਖਾਂ ਵਿਚ” ਉਨ੍ਹਾਂ ਦਾ ਸਾਥ ਦੇ ਸਕਦੇ ਹੋ। (1 ਪਤ. 3:8) ਜੇ ਤੁਹਾਨੂੰ ਕਦੇ ਸਮਝ ਨਹੀਂ ਆਉਂਦੀ ਕਿ ਸਾਮ੍ਹਣੇ ਵਾਲਾ ਕੀ ਕਹਿਣਾ ਚਾਹੁੰਦਾ ਹੈ ਜਾਂ ਕੀ ਮਹਿਸੂਸ ਕਰ ਰਿਹਾ ਹੈ, ਤਾਂ ਉਸ ਤੋਂ ਢੁਕਵੇਂ ਸਵਾਲ ਪੁੱਛੋ। ਫਿਰ ਜਵਾਬ ਦੇਣ ਤੋਂ ਪਹਿਲਾਂ ਕੁਝ ਪਲ ਸੋਚੋ। (ਕਹਾ. 15:28, ਫੁਟਨੋਟ) ਆਪਣੇ ਆਪ ਤੋਂ ਪੁੱਛੋ: ‘ਮੈਂ ਜੋ ਕਹਿਣ ਲੱਗੀ ਹਾਂ, ਕੀ ਉਹ ਸੱਚ ਹੈ ਅਤੇ ਜੇ ਇਹ ਸੱਚ ਵੀ ਹੈ, ਤਾਂ ਕੀ ਇਸ ਨਾਲ ਦੂਜਿਆਂ ਦਾ ਹੌਸਲਾ ਵਧੇਗਾ? ਕੀ ਇਸ ਤੋਂ ਉਨ੍ਹਾਂ ਲਈ ਪਿਆਰ ਤੇ ਆਦਰ ਝਲਕੇਗਾ?’ ਉਨ੍ਹਾਂ ਭੈਣਾਂ ਤੋਂ ਸਿੱਖੋ ਜੋ ਧਿਆਨ ਨਾਲ ਸੁਣਦੀਆਂ ਹਨ ਤੇ ਪਿਆਰ ਨਾਲ ਗੱਲ ਕਰਦੀਆਂ ਹਨ। (ਕਹਾਉਤਾਂ 31:26 ਪੜ੍ਹੋ।) ਧਿਆਨ ਦਿਓ ਕਿ ਉਹ ਕਿਸ ਤਰੀਕੇ ਨਾਲ ਗੱਲ ਕਰਦੀਆਂ ਹਨ। ਇਸ ਤਰ੍ਹਾਂ ਤੁਸੀਂ ਵੀ ਚੰਗੀ ਤਰ੍ਹਾਂ ਗੱਲ ਕਰਨੀ ਸਿੱਖ ਸਕਦੀਆਂ ਹੋ। ਤੁਸੀਂ ਜਿੰਨਾ ਜ਼ਿਆਦਾ ਇਹ ਹੁਨਰ ਸਿੱਖੋਗੇ, ਦੂਜਿਆਂ ਨਾਲ ਤੁਹਾਡਾ ਰਿਸ਼ਤਾ ਉੱਨਾ ਜ਼ਿਆਦਾ ਵਧੀਆ ਹੋਵੇਗਾ।

ਜਿਹੜੀ ਔਰਤ ਚੰਗੀ ਤਰ੍ਹਾਂ ਆਪਣਾ ਘਰ-ਬਾਰ ਸੰਭਾਲਦੀ ਹੈ, ਉਸ ਦਾ ਘਰ ਪਿਆਰ ਤੇ ਖ਼ੁਸ਼ੀ ਦਾ ਆਸ਼ਿਆਨਾ ਹੁੰਦਾ ਹੈ ਅਤੇ ਉਹ ਮੰਡਲੀ ਲਈ ਬਰਕਤ ਹੁੰਦੀ ਹੈ (ਪੈਰਾ 13 ਦੇਖੋ)

13. ਤੁਸੀਂ ਘਰ ਸੰਭਾਲਣਾ ਕਿਵੇਂ ਸਿੱਖ ਸਕਦੀਆਂ ਹੋ? (ਤਸਵੀਰ ਵੀ ਦੇਖੋ।)

13 ਘਰ ਸੰਭਾਲਣਾ ਸਿੱਖੋ। ਬਹੁਤ ਸਾਰੀਆਂ ਥਾਵਾਂ ʼਤੇ ਘਰ ਦੇ ਜ਼ਿਆਦਾਤਰ ਕੰਮ ਔਰਤਾਂ ਹੀ ਕਰਦੀਆਂ ਹਨ। ਤੁਸੀਂ ਇਹ ਹੁਨਰ ਆਪਣੇ ਮੰਮੀ ਜਾਂ ਕੋਈ ਹੋਰ ਕਾਬਲ ਭੈਣ ਤੋਂ ਸਿੱਖ ਸਕਦੀਆਂ ਹੋ। ਭੈਣ ਸੈਂਡੀ ਕਹਿੰਦੀ ਹੈ: “ਮੇਰੇ ਮੰਮੀ ਨੇ ਮੈਨੂੰ ਬਹੁਤ ਵਧੀਆ ਗੱਲ ਸਿਖਾਈ। ਉਨ੍ਹਾਂ ਨੇ ਸਿਖਾਇਆ ਕਿ ਸਖ਼ਤ ਮਿਹਨਤ ਕਰਨ ਨਾਲ ਖ਼ੁਸ਼ੀ ਮਿਲਦੀ ਹੈ। ਮੇਰੇ ਮੰਮੀ ਨੇ ਮੈਨੂੰ ਖਾਣਾ ਬਣਾਉਣਾ, ਸਫ਼ਾਈ ਕਰਨੀ, ਸਿਲਾਈ ਕਰਨੀ ਅਤੇ ਖ਼ਰੀਦਦਾਰੀ ਕਰਨੀ ਸਿਖਾਈ। ਇਸ ਕਰਕੇ ਮੈਂ ਆਪਣਾ ਘਰ-ਬਾਰ ਚੰਗੀ ਤਰ੍ਹਾਂ ਸੰਭਾਲ ਸਕੀ ਤੇ ਮੈਨੂੰ ਯਹੋਵਾਹ ਦੀ ਸੇਵਾ ਹੋਰ ਵੀ ਜ਼ਿਆਦਾ ਕਰਨ ਦਾ ਮੌਕਾ ਮਿਲਿਆ ਹੈ। ਮੈਂ ਮੰਮੀ ਤੋਂ ਪਰਾਹੁਣਚਾਰੀ ਕਰਨੀ ਵੀ ਸਿੱਖੀ। ਇਸ ਕਰਕੇ ਮੈਂ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਮਿਲ ਸਕੀ ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ।” (ਕਹਾ. 31:15, 21, 22) ਜੋ ਭੈਣ ਮਿਹਨਤੀ, ਪਰਾਹੁਣਚਾਰੀ ਕਰਨ ਵਾਲੀ ਅਤੇ ਘਰ ਸਾਂਭਣ ਵਾਲੀ ਹੁੰਦੀ ਹੈ, ਉਸ ਦਾ ਘਰ ਪਿਆਰ ਤੇ ਖ਼ੁਸ਼ੀ ਦਾ ਆਸ਼ਿਆਨਾ ਹੁੰਦਾ ਹੈ। ਨਾਲੇ ਉਹ ਮੰਡਲੀ ਲਈ ਬਰਕਤ ਸਾਬਤ ਹੁੰਦੀ ਹੈ।​—ਕਹਾ. 31:13, 17, 27; ਰਸੂ. 16:15.

14. ਤੁਸੀਂ ਕ੍ਰਿਸਟਲ ਦੇ ਤਜਰਬੇ ਤੋਂ ਕੀ ਸਿੱਖਦੇ ਹੋ ਅਤੇ ਤੁਹਾਨੂੰ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ?

14 ਆਪਣੇ ਪੈਰਾਂ ʼਤੇ ਖੜ੍ਹੇ ਹੋਣਾ ਸਿੱਖੋ। ਇਹ ਟੀਚਾ ਸਾਰੇ ਮਸੀਹੀਆਂ ਨੂੰ ਰੱਖਣਾ ਚਾਹੀਦਾ ਹੈ ਤਾਂਕਿ ਉਹ ਸਮਝਦਾਰ ਬਣ ਸਕਣ। (ਫ਼ਿਲਿ. 4:11) ਭੈਣ ਕ੍ਰਿਸਟਲ ਦੱਸਦੀ ਹੈ: “ਜਦੋਂ ਸਕੂਲ ਵਿਚ ਵਿਸ਼ੇ ਚੁਣਨ ਦੀ ਗੱਲ ਆਈ, ਤਾਂ ਮੈਂ ਤੇ ਮੰਮੀ-ਡੈਡੀ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਮੈਂ ਕਿਹੜੇ ਵਿਸ਼ੇ ਚੁਣਾਂਗੀ ਤਾਂਕਿ ਮੈਂ ਕੁਝ ਹੁਨਰ ਵੀ ਸਿੱਖ ਸਕਾਂ। ਮੇਰੇ ਡੈਡੀ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਅਕਾਊਂਟਸ ਪੜ੍ਹਾ ਤੇ ਇਸ ਮੈਨੂੰ ਬਹੁਤ ਫ਼ਾਇਦਾ ਹੋਇਆ।” ਸਿਰਫ਼ ਇੱਦਾਂ ਦੇ ਹੁਨਰ ਸਿੱਖਣੇ ਹੀ ਕਾਫ਼ੀ ਨਹੀਂ ਹਨ ਜਿਸ ਨਾਲ ਤੁਸੀਂ ਪੈਸਾ ਕਮਾ ਸਕੋ, ਸਗੋਂ ਤੁਹਾਨੂੰ ਇਹ ਵੀ ਸਿੱਖਣ ਦੀ ਲੋੜ ਹੈ ਕਿ ਕਿੱਥੇ ਕਿੰਨੇ ਪੈਸੇ ਖ਼ਰਚਣੇ ਹਨ। (ਕਹਾ. 31:16, 18) ਜੇ ਤੁਸੀਂ ਬਿਨਾਂ ਵਜ੍ਹਾ ਕਰਜ਼ਾ ਨਹੀਂ ਲੈਂਦੇ ਅਤੇ ਉਨ੍ਹਾਂ ਚੀਜ਼ਾਂ ਨਾਲ ਸੰਤੁਸ਼ਟ ਰਹਿੰਦੇ ਹੋ ਜੋ ਤੁਹਾਡੇ ਕੋਲ ਹਨ, ਤਾਂ ਤੁਸੀਂ ਯਹੋਵਾਹ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰ ਸਕੋਗੇ।​—1 ਤਿਮੋ. 6:8.

ਭਵਿੱਖ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਲਈ ਤਿਆਰ ਹੋਵੋ

15-16. ਕੁਆਰੀਆਂ ਭੈਣਾਂ ਮੰਡਲੀਆਂ ਲਈ ਬਰਕਤ ਕਿਉਂ ਹਨ? (ਮਰਕੁਸ 10:29, 30)

15 ਜਦੋਂ ਤੁਸੀਂ ਆਪਣੇ ਵਿਚ ਪਰਮੇਸ਼ੁਰੀ ਗੁਣ ਪੈਦਾ ਕਰਦੀਆਂ ਹੋ ਅਤੇ ਵਧੀਆ ਹੁਨਰ ਸਿੱਖਦੀਆਂ ਹੋ, ਤਾਂ ਤੁਸੀਂ ਭਵਿੱਖ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਹੋਰ ਵੀ ਕਾਬਲ ਬਣਦੀਆਂ ਹੋ। ਆਓ ਗੌਰ ਕਰੀਏ ਕਿ ਤੁਸੀਂ ਆਉਣ ਵਾਲੇ ਸਮੇਂ ਵਿਚ ਕੀ ਕੁਝ ਕਰ ਸਕਦੀਆਂ ਹੋ।

16 ਤੁਸੀਂ ਸ਼ਾਇਦ ਕੁਝ ਸਮੇਂ ਲਈ ਕੁਆਰੇ ਰਹਿਣ ਦਾ ਫ਼ੈਸਲਾ ਕਰੋ। ਯਿਸੂ ਦੇ ਕਹੇ ਅਨੁਸਾਰ ਸ਼ਾਇਦ ਕੁਝ ਭੈਣਾਂ ਵਿਆਹ ਨਾ ਕਰਨ ਦਾ ਫ਼ੈਸਲਾ ਕਰਨ, ਚਾਹੇ ਕਿ ਉਨ੍ਹਾਂ ਦੇ ਸਭਿਆਚਾਰ ਵਿਚ ਕੁਆਰੇ ਰਹਿਣਾ ਬੁਰਾ ਮੰਨਿਆ ਜਾਂਦਾ ਹੈ। (ਮੱਤੀ 19:10-12) ਹੋਰ ਭੈਣਾਂ ਸ਼ਾਇਦ ਵੱਖੋ-ਵੱਖਰੇ ਕਾਰਨਾਂ ਕਰਕੇ ਕੁਆਰੀਆਂ ਰਹਿਣ। ਪਰ ਭਰੋਸਾ ਰੱਖੋ ਕਿ ਯਹੋਵਾਹ ਅਤੇ ਯਿਸੂ ਕੁਆਰੀਆਂ ਭੈਣਾਂ ਨੂੰ ਨੀਵਾਂ ਨਹੀਂ ਸਮਝਦੇ। ਪੂਰੀ ਦੁਨੀਆਂ ਵਿਚ ਕੁਆਰੀਆਂ ਭੈਣਾਂ ਮੰਡਲੀਆਂ ਲਈ ਬਰਕਤ ਹਨ। ਉਹ ਦੂਜਿਆਂ ਨੂੰ ਪਿਆਰ ਕਰਦੀਆਂ ਹਨ ਅਤੇ ਉਨ੍ਹਾਂ ਲਈ ਪਰਵਾਹ ਦਿਖਾਉਂਦੀਆਂ ਹਨ। ਇਸ ਲਈ ਬਹੁਤ ਸਾਰੇ ਭੈਣ-ਭਰਾ ਉਨ੍ਹਾਂ ਨੂੰ ਆਪਣੀਆਂ ਭੈਣਾਂ ਤੇ ਮਾਵਾਂ ਵਾਂਗ ਸਮਝਦੇ ਹਨ।​—ਮਰਕੁਸ 10:29, 30 ਪੜ੍ਹੋ; 1 ਤਿਮੋ. 5:2.

17. ਨੌਜਵਾਨ ਭੈਣਾਂ ਪੂਰੇ ਸਮੇਂ ਦੀ ਸੇਵਾ ਕਰਨ ਲਈ ਹੁਣ ਕੀ ਕਰ ਸਕਦੀਆਂ ਹਨ?

17 ਤੁਸੀਂ ਪੂਰੇ ਸਮੇਂ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਸਕਦੀਆਂ ਹੋ। ਭੈਣਾਂ ਪੂਰੀ ਦੁਨੀਆਂ ਵਿਚ ਪ੍ਰਚਾਰ ਦੇ ਕੰਮ ਵਿਚ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਹਨ। (ਜ਼ਬੂ. 68:11) ਕੀ ਤੁਸੀਂ ਭਵਿੱਖ ਵਿਚ ਪੂਰੇ ਸਮੇਂ ਦੀ ਸੇਵਾ ਕਰਨ ਬਾਰੇ ਹੁਣ ਤੋਂ ਹੀ ਸੋਚ ਸਕਦੀਆਂ ਹੋ? ਤੁਸੀਂ ਸ਼ਾਇਦ ਪਾਇਨੀਅਰ ਵਜੋਂ, ਉਸਾਰੀ ਵਲੰਟੀਅਰ ਵਜੋਂ ਜਾਂ ਬੈਥਲ ਵਿਚ ਸੇਵਾ ਕਰਨ ਦਾ ਟੀਚਾ ਰੱਖੋ। ਆਪਣੇ ਟੀਚੇ ਬਾਰੇ ਪ੍ਰਾਰਥਨਾ ਕਰੋ। ਉਨ੍ਹਾਂ ਨਾਲ ਗੱਲ ਕਰੋ ਜਿਨ੍ਹਾਂ ਨੇ ਇੱਦਾਂ ਦੇ ਟੀਚਿਆਂ ਨੂੰ ਹਾਸਲ ਕੀਤਾ ਹੈ। ਇਹ ਪਤਾ ਕਰਨ ਦੀ ਕੋਸ਼ਿਸ਼ ਕਰੋ ਕਿ ਪੂਰੇ ਸਮੇਂ ਦੀ ਸੇਵਾ ਕਰਨ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ। ਫਿਰ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਯੋਜਨਾ ਬਣਾਓ। ਆਪਣਾ ਟੀਚਾ ਹਾਸਲ ਕਰਨ ਕਰਕੇ ਤੁਹਾਡੇ ਲਈ ਯਹੋਵਾਹ ਦੀ ਸੇਵਾ ਵਿਚ ਹੋਰ ਵੀ ਰਾਹ ਖੁੱਲ੍ਹ ਜਾਣਗੇ।

ਜੇ ਤੁਸੀਂ ਵਿਆਹ ਕਰਨ ਬਾਰੇ ਸੋਚ ਰਹੀਆਂ ਹੋ, ਤਾਂ ਤੁਹਾਨੂੰ ਆਪਣਾ ਜੀਵਨ ਸਾਥੀ ਸੋਚ-ਸਮਝ ਕੇ ਚੁਣਨਾ ਚਾਹੀਦਾ ਹੈ (ਪੈਰਾ 18 ਦੇਖੋ)

18. ਇਕ ਭੈਣ ਨੂੰ ਸੋਚ-ਸਮਝ ਕੇ ਆਪਣੇ ਜੀਵਨ ਸਾਥੀ ਦੀ ਚੋਣ ਕਿਉਂ ਕਰਨੀ ਚਾਹੀਦੀ ਹੈ? (ਤਸਵੀਰ ਵੀ ਦੇਖੋ।)

18 ਤੁਸੀਂ ਸ਼ਾਇਦ ਵਿਆਹ ਕਰਨ ਦਾ ਫ਼ੈਸਲਾ ਕਰੋ। ਅਸੀਂ ਜਿਹੜੇ ਗੁਣਾਂ ਅਤੇ ਹੁਨਰਾਂ ʼਤੇ ਚਰਚਾ ਕੀਤੀ ਹੈ, ਉਹ ਗੁਣਵਾਨ ਪਤਨੀ ਬਣਨ ਵਿਚ ਤੁਹਾਡੀ ਮਦਦ ਕਰਨਗੇ। ਬਿਨਾਂ ਸ਼ੱਕ, ਜੇ ਤੁਸੀਂ ਵਿਆਹ ਕਰਨ ਬਾਰੇ ਸੋਚ ਰਹੀਆਂ ਹੋ, ਤਾਂ ਤੁਹਾਨੂੰ ਆਪਣਾ ਜੀਵਨ ਸਾਥੀ ਸੋਚ-ਸਮਝ ਕੇ ਚੁਣਨਾ ਚਾਹੀਦਾ ਹੈ। ਇਹ ਤੁਹਾਡੀ ਜ਼ਿੰਦਗੀ ਦਾ ਅਹਿਮ ਫ਼ੈਸਲਾ ਹੈ। ਯਾਦ ਰੱਖੋ, ਵਿਆਹ ਤੋਂ ਬਾਅਦ ਤੁਹਾਨੂੰ ਆਪਣੇ ਪਤੀ ਦੇ ਅਧੀਨ ਰਹਿਣਾ ਪਵੇਗਾ। (ਰੋਮੀ. 7:2; ਅਫ਼. 5:23, 33) ਸੋ ਆਪਣੇ ਆਪ ਤੋਂ ਪੁੱਛੋ: ‘ਕੀ ਉਹ ਸਮਝਦਾਰ ਮਸੀਹੀ ਹੈ? ਕੀ ਉਹ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦਾ ਹੈ? ਕੀ ਉਹ ਸਮਝਦਾਰੀ ਨਾਲ ਫ਼ੈਸਲੇ ਕਰਦਾ ਹੈ? ਕੀ ਉਹ ਆਪਣੀਆਂ ਗ਼ਲਤੀਆਂ ਮੰਨਦਾ ਹੈ? ਕੀ ਉਹ ਔਰਤਾਂ ਦੀ ਇੱਜ਼ਤ ਕਰਦਾ ਹੈ? ਕੀ ਵਿਆਹ ਤੋਂ ਬਾਅਦ ਉਹ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਬਣਾਈ ਰੱਖਣ ਵਿਚ ਮੇਰੀ ਮਦਦ ਕਰ ਸਕੇਗਾ, ਮੇਰੀਆਂ ਲੋੜਾਂ ਪੂਰੀਆਂ ਕਰ ਸਕੇਗਾ ਅਤੇ ਕੀ ਉਹ ਮੇਰਾ ਵਧੀਆ ਦੋਸਤ ਬਣ ਸਕੇਗਾ? ਕੀ ਉਹ ਆਪਣੀਆਂ ਜ਼ਿੰਮੇਵਾਰੀਆਂ ਵਧੀਆ ਤਰੀਕੇ ਨਾਲ ਨਿਭਾਉਂਦਾ ਹੈ? ਮਿਸਾਲ ਲਈ, ਮੰਡਲੀ ਵਿਚ ਉਸ ਕੋਲ ਕਿਹੜੀਆਂ ਜ਼ਿੰਮੇਵਾਰੀਆਂ ਹਨ ਅਤੇ ਉਹ ਇਨ੍ਹਾਂ ਨੂੰ ਕਿਵੇਂ ਨਿਭਾਉਂਦਾ ਹੈ?’ (ਲੂਕਾ 16:10; 1 ਤਿਮੋ. 5:8) ਸੋ ਜੇ ਤੁਸੀਂ ਚੰਗਾ ਪਤੀ ਚਾਹੁੰਦੀਆਂ ਹੋ, ਤਾਂ ਤੁਹਾਨੂੰ ਖ਼ੁਦ ਵੀ ਚੰਗੀ ਪਤਨੀ ਬਣਨ ਦੀ ਤਿਆਰੀ ਕਰਨੀ ਚਾਹੀਦੀ ਹੈ।

19. ਇਕ “ਮਦਦਗਾਰ” ਹੋਣਾ ਮਾਣ ਦੀ ਗੱਲ ਕਿਉਂ ਹੈ?

19 ਬਾਈਬਲ ਦੱਸਦੀ ਹੈ ਕਿ ਇਕ ਚੰਗੀ ਪਤਨੀ ਆਪਣੇ ਪਤੀ ਦੀ “ਮਦਦਗਾਰ” ਹੁੰਦੀ ਹੈ ਅਤੇ ਉਸ ਦਾ ਸਾਥ ਦਿੰਦੀ ਹੈ। (ਉਤ. 2:18) ਕੀ ਇਹ ਕਹਿ ਕੇ ਪਤਨੀ ਨੂੰ ਨੀਵਾਂ ਦਿਖਾਇਆ ਗਿਆ ਹੈ? ਨਹੀਂ। ਇਹ ਤਾਂ ਉਸ ਲਈ ਮਾਣ ਦੀ ਗੱਲ ਹੈ। ਦਰਅਸਲ, ਬਾਈਬਲ ਵਿਚ ਤਾਂ ਯਹੋਵਾਹ ਨੂੰ ਵੀ “ਮਦਦਗਾਰ” ਕਿਹਾ ਗਿਆ ਹੈ। (ਜ਼ਬੂ. 54:4; ਕੂਚ 18:4) ਤਾਂ ਫਿਰ ਇਕ ਪਤਨੀ ਚੰਗੀ ਮਦਦਗਾਰ ਕਿਵੇਂ ਸਾਬਤ ਹੁੰਦੀ ਹੈ? ਉਹ ਆਪਣੇ ਪਤੀ ਦਾ ਸਾਥ ਦਿੰਦੀ ਹੈ। ਮਿਸਾਲ ਲਈ, ਜਦੋਂ ਉਹ ਪਰਿਵਾਰ ਲਈ ਕੋਈ ਫ਼ੈਸਲਾ ਕਰਦਾ ਹੈ, ਤਾਂ ਉਹ ਉਸ ਫ਼ੈਸਲੇ ਨੂੰ ਮੰਨਦੀ ਹੈ। ਨਾਲੇ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦੀ ਹੈ। ਇਸ ਕਰਕੇ ਉਹ ਦੂਜਿਆਂ ਸਾਮ੍ਹਣੇ ਆਪਣੇ ਪਤੀ ਦੀ ਬੁਰਾਈ ਨਹੀਂ ਕਰਦੀ, ਸਗੋਂ ਚੰਗੀਆਂ ਗੱਲਾਂ ਕਰਦੀ ਹੈ ਤਾਂਕਿ ਉਸ ਦੇ ਪਤੀ ਦੀ ਨੇਕਨਾਮੀ ਹੋਵੇ। (ਕਹਾ. 31:11, 12; 1 ਤਿਮੋ. 3:11) ਤੁਸੀਂ ਵੀ ਯਹੋਵਾਹ ਨਾਲ ਆਪਣਾ ਪਿਆਰ ਹੋਰ ਗੂੜ੍ਹਾ ਕਰ ਕੇ ਅਤੇ ਆਪਣੇ ਘਰਦਿਆਂ ਤੇ ਮੰਡਲੀ ਵਿਚ ਦੂਜਿਆਂ ਦੀ ਮਦਦ ਕਰ ਕੇ ਚੰਗੀ ਪਤਨੀ ਬਣਨ ਦੀ ਤਿਆਰੀ ਕਰ ਸਕਦੀਆਂ ਹੋ।

20. ਜੇ ਇਕ ਭੈਣ ਚੰਗੀ ਮਾਂ ਬਣਨ ਲਈ ਮਿਹਨਤ ਕਰੇ, ਤਾਂ ਉਸ ਦੇ ਪਰਿਵਾਰ ਨੂੰ ਕੀ ਫ਼ਾਇਦਾ ਹੋਵੇਗਾ?

20 ਸ਼ਾਇਦ ਤੁਸੀਂ ਮਾਂ ਬਣਨ ਦਾ ਫ਼ੈਸਲਾ ਕਰੋ। ਵਿਆਹ ਤੋਂ ਬਾਅਦ ਸ਼ਾਇਦ ਤੁਸੀਂ ਤੇ ਤੁਹਾਡਾ ਪਤੀ ਮਾਪੇ ਬਣਨ ਦਾ ਫ਼ੈਸਲਾ ਕਰਨ। (ਜ਼ਬੂ. 127:3) ਇਸ ਲਈ ਚੰਗਾ ਹੋਵੇਗਾ ਕਿ ਪਹਿਲਾਂ ਹੀ ਸੋਚੋ ਕਿ ਤੁਹਾਨੂੰ ਇਕ ਚੰਗੀ ਮਾਂ ਬਣਨ ਲਈ ਕੀ ਕਰਨ ਦੀ ਲੋੜ ਹੈ। ਜੇ ਤੁਸੀਂ ਵਿਆਹ ਕਰਨ ਜਾਂ ਮਾਂ ਬਣਨ ਦਾ ਫ਼ੈਸਲਾ ਕਰਦੀਆਂ ਹੋ, ਤਾਂ ਇਸ ਲੇਖ ਵਿਚ ਜ਼ਿਕਰ ਕੀਤੇ ਗੁਣ ਤੇ ਹੁਨਰ ਤੁਹਾਡੀ ਮਦਦ ਕਰਨਗੇ। ਜਦੋਂ ਤੁਸੀਂ ਪਿਆਰ, ਦਇਆ ਤੇ ਧੀਰਜ ਨਾਲ ਪੇਸ਼ ਆਓਗੇ, ਤਾਂ ਤੁਹਾਡੇ ਘਰ ਦਾ ਮਾਹੌਲ ਵਧੀਆ ਹੋਵੇਗਾ ਅਤੇ ਤੁਹਾਡੇ ਬੱਚੇ ਸੁਰੱਖਿਅਤ ਮਹਿਸੂਸ ਕਰਨਗੇ।​—ਕਹਾ. 24:3.

ਕਈ ਨੌਜਵਾਨ ਭੈਣਾਂ ਨੂੰ ਬਾਈਬਲ ਤੋਂ ਸਿਖਾਇਆ ਗਿਆ ਅਤੇ ਉਨ੍ਹਾਂ ਨੇ ਇਸ ਮੁਤਾਬਕ ਖ਼ੁਦ ਨੂੰ ਢਾਲਿਆ। ਇਸ ਕਰਕੇ ਉਹ ਸਮਝਦਾਰ ਮਸੀਹੀ ਬਣ ਸਕੀਆਂ (ਪੈਰਾ 21 ਦੇਖੋ)

21. ਅਸੀਂ ਆਪਣੀਆਂ ਭੈਣਾਂ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ ਅਤੇ ਕਿਉਂ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)

21 ਨੌਜਵਾਨ ਭੈਣੋ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਤੁਸੀਂ ਯਹੋਵਾਹ ਤੇ ਉਸ ਦੇ ਲੋਕਾਂ ਲਈ ਕਿੰਨਾ ਕੁਝ ਕਰਦੀਆਂ ਹੋ। (ਇਬ. 6:10) ਤੁਸੀਂ ਪਰਮੇਸ਼ੁਰੀ ਗੁਣ ਪੈਦਾ ਕਰਨ ਅਤੇ ਹੁਨਰ ਸਿੱਖਣ ਵਿਚ ਬਹੁਤ ਮਿਹਨਤ ਕਰਦੀਆਂ ਹੋ ਜਿਸ ਕਰਕੇ ਤੁਹਾਡੀ, ਤੁਹਾਡੇ ਘਰਦਿਆਂ ਅਤੇ ਦੋਸਤਾਂ ਦੀ ਜ਼ਿੰਦਗੀ ਹੋਰ ਵੀ ਖ਼ੁਸ਼ਨੁਮਾ ਹੁੰਦੀ ਹੈ। ਨਾਲੇ ਤੁਸੀਂ ਭਵਿੱਖ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਵੀ ਤਿਆਰ ਹੁੰਦੀਆਂ ਹੋ। ਤੁਸੀਂ ਯਹੋਵਾਹ ਦੇ ਸੰਗਠਨ ਲਈ ਬਹੁਤ ਕੀਮਤੀ ਹੋ।

ਗੀਤ 137 ਪਿਆਰੀਆਂ ਵਫ਼ਾਦਾਰ ਭੈਣਾਂ

a ਨੌਜਵਾਨ ਭੈਣੋ, ਤੁਸੀਂ ਸਾਡੇ ਲਈ ਬਹੁਤ ਅਨਮੋਲ ਹੋ। ਤੁਸੀਂ ਪਰਮੇਸ਼ੁਰੀ ਗੁਣ ਪੈਦਾ ਕਰ ਕੇ, ਵਧੀਆ ਹੁਨਰ ਸਿੱਖ ਕੇ ਅਤੇ ਭਵਿੱਖ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਦੀ ਤਿਆਰੀ ਕਰ ਕੇ ਸਮਝਦਾਰ ਮਸੀਹੀ ਬਣ ਸਕਦੀਆਂ ਹੋ। ਨਤੀਜੇ ਵਜੋਂ, ਯਹੋਵਾਹ ਦੀ ਸੇਵਾ ਵਿਚ ਤੁਹਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ।

b ਸ਼ਬਦਾਂ ਦਾ ਮਤਲਬ: ਇਕ ਸਮਝਦਾਰ ਮਸੀਹੀ ਦੁਨੀਆਂ ਦੀ ਸੋਚ ਅਨੁਸਾਰ ਨਹੀਂ, ਸਗੋਂ ਪਰਮੇਸ਼ੁਰ ਦੀ ਸੋਚ ਅਨੁਸਾਰ ਚੱਲਦਾ ਹੈ। ਉਹ ਯਿਸੂ ਦੀ ਰੀਸ ਕਰਦਾ ਹੈ, ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਬਣਾਈ ਰੱਖਣ ਵਿਚ ਸਖ਼ਤ ਮਿਹਨਤ ਕਰਦਾ ਹੈ ਅਤੇ ਦੂਜਿਆਂ ਨੂੰ ਨਿਰਸੁਆਰਥ ਪਿਆਰ ਦਿਖਾਉਂਦਾ ਹੈ।

d ਪੜ੍ਹਨਾ-ਲਿਖਣਾ ਕਿੰਨਾ ਜ਼ਰੂਰੀ ਹੈ, ਇਸ ਬਾਰੇ ਹੋਰ ਜਾਣਨ ਲਈ 15 ਜੁਲਾਈ 2010 ਦੇ ਪਹਿਰਾਬੁਰਜ ਵਿਚ “ਆਪਣੇ ਬੱਚਿਆਂ ਵਿਚ ਪੜ੍ਹਨ ਅਤੇ ਅਧਿਐਨ ਕਰਨ ਦਾ ਸ਼ੌਕ ਪੈਦਾ ਕਰੋ” ਨਾਂ ਦਾ ਲੇਖ ਦੇਖੋ।