Skip to content

Skip to table of contents

ਸ਼ਰਾਬ ਬਾਰੇ ਯਹੋਵਾਹ ਦੀ ਸੋਚ ਅਪਣਾਓ

ਸ਼ਰਾਬ ਬਾਰੇ ਯਹੋਵਾਹ ਦੀ ਸੋਚ ਅਪਣਾਓ

ਯਹੋਵਾਹ ਨੇ ਸਾਨੂੰ ਬਹੁਤ ਸਾਰੇ ਤੋਹਫ਼ੇ ਦਿੱਤੇ ਹਨ। ਖ਼ੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਤੋਹਫ਼ਿਆਂ ਨੂੰ ਕਿਵੇਂ ਵਰਤਣਾ ਹੈ, ਇਹ ਉਸ ਨੇ ਸਾਡੇ ʼਤੇ ਛੱਡਿਆ ਹੈ। ਬਾਈਬਲ ਵਿਚ ਦੱਸਿਆ ਹੈ ਕਿ ਸ਼ਰਾਬ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ। ਇਸ ਵਿਚ ਲਿਖਿਆ ਹੈ: “ਰੋਟੀ ਨਾਲ ਦਿਲ ਖ਼ੁਸ਼ ਹੁੰਦਾ ਹੈ ਅਤੇ ਦਾਖਰਸ ਜ਼ਿੰਦਗੀ ਨੂੰ ਮਜ਼ੇਦਾਰ ਬਣਾਉਂਦਾ ਹੈ।” (ਉਪ. 10:19; ਜ਼ਬੂ. 104:15) ਪਰ ਸ਼ਾਇਦ ਤੁਸੀਂ ਦੇਖਿਆ ਹੋਵੇ ਕਿ ਸ਼ਰਾਬ ਕਰਕੇ ਕਈਆਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਨਾਲੇ ਦੁਨੀਆਂ ਭਰ ਵਿਚ ਸ਼ਰਾਬ ਪੀਣ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਤਾਂ ਫਿਰ, ਇਸ ਮਾਮਲੇ ਬਾਰੇ ਮਸੀਹੀ ਸਹੀ ਫ਼ੈਸਲਾ ਕਿਵੇਂ ਕਰ ਸਕਦੇ ਹਨ?

ਚਾਹੇ ਅਸੀਂ ਜਿੱਥੇ ਮਰਜ਼ੀ ਰਹਿੰਦੇ ਹੋਈਏ ਜਾਂ ਸਾਡੀ ਪਰਵਰਿਸ਼ ਜਿਹੜੇ ਮਰਜ਼ੀ ਸਭਿਆਚਾਰ ਵਿਚ ਹੋਈ ਹੋਵੇ, ਪਰ ਜੇ ਅਸੀਂ ਯਹੋਵਾਹ ਦੀ ਸੋਚ ਅਨੁਸਾਰ ਫ਼ੈਸਲਾ ਕਰਾਂਗੇ, ਤਾਂ ਇਸ ਨਾਲ ਸਾਨੂੰ ਜ਼ਰੂਰ ਫ਼ਾਇਦਾ ਹੋਵੇਗਾ ਅਤੇ ਅਸੀਂ ਹਮੇਸ਼ਾ ਖ਼ੁਸ਼ ਰਹਾਂਗੇ।

ਤੁਸੀਂ ਦੇਖਿਆ ਹੋਣਾ ਕਿ ਦੁਨੀਆਂ ਭਰ ਵਿਚ ਬਹੁਤ ਸਾਰੇ ਲੋਕ ਅਕਸਰ ਤੇ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ। ਕੁਝ ਲੋਕ ਸ਼ਾਇਦ ਇਸ ਕਰਕੇ ਸ਼ਰਾਬ ਪੀਂਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਸਕੂਨ ਮਿਲਦਾ ਹੈ। ਹੋਰ ਜਣੇ ਆਪਣੀਆਂ ਚਿੰਤਾਵਾਂ ਤੇ ਪਰੇਸ਼ਾਨੀਆਂ ਤੋਂ ਭੱਜਣ ਲਈ ਸ਼ਰਾਬ ਪੀਂਦੇ ਹਨ। ਕੁਝ ਥਾਵਾਂ ʼਤੇ ਲੋਕ ਮੰਨਦੇ ਹਨ ਕਿ ਜਿਹੜੇ ਜ਼ਿਆਦਾ ਸ਼ਰਾਬ ਪੀਂਦੇ ਹਨ, ਉਹੀ ਮਰਦ ਹਨ।

ਪਰ ਸਾਨੂੰ ਮਸੀਹੀਆਂ ਨੂੰ ਆਪਣੇ ਸਿਰਜਣਹਾਰ ਤੋਂ ਵਧੀਆ ਸਲਾਹ ਮਿਲਦੀ ਹੈ। ਮਿਸਾਲ ਲਈ, ਉਹ ਸਾਨੂੰ ਹੱਦੋਂ ਵੱਧ ਸ਼ਰਾਬ ਪੀਣ ਦੇ ਬੁਰੇ ਅੰਜਾਮਾਂ ਤੋਂ ਖ਼ਬਰਦਾਰ ਕਰਦਾ ਹੈ। ਕਹਾਉਤਾਂ 23:29-35 ਵਿਚ ਦੱਸਿਆ ਗਿਆ ਹੈ ਕਿ ਜਿਹੜੇ ਸ਼ਰਾਬੀ ਹੋ ਜਾਂਦੇ ਹਨ, ਉਨ੍ਹਾਂ ਦਾ ਕੀ ਹਾਲ ਹੁੰਦਾ ਹੈ ਅਤੇ ਇਸ ਦੇ ਕਿਹੜੇ ਕੁਝ ਬੁਰੇ ਨਤੀਜੇ ਨਿਕਲਦੇ ਹਨ। a ਜ਼ਰਾ ਯੂਰਪ ਵਿਚ ਰਹਿਣ ਵਾਲੇ ਡੈਨੀਅਲ ਨਾਂ ਦੇ ਬਜ਼ੁਰਗ ਦੀ ਮਿਸਾਲ ʼਤੇ ਗੌਰ ਕਰੋ। ਉਹ ਦੱਸਦਾ ਹੈ ਕਿ ਸੱਚਾਈ ਵਿਚ ਆਉਣ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਕਿਹੋ ਜਿਹੀ ਸੀ: “ਮੈਂ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਜਿਸ ਕਰਕੇ ਮੈਂ ਬਹੁਤ ਗ਼ਲਤ ਫ਼ੈਸਲੇ ਲਏ। ਮੈਂ ਦੱਸ ਨਹੀਂ ਸਕਦਾ ਕਿ ਇਸ ਕਰਕੇ ਮੇਰੇ ਨਾਲ-ਨਾਲ ਕੀ ਹੋਇਆ। ਉਸ ਸਮੇਂ ਦੀਆਂ ਕੌੜੀਆਂ ਯਾਦਾਂ ਅਜੇ ਵੀ ਮੇਰੇ ਮਨ ਵਿਚ ਤਾਜ਼ੀਆਂ ਹਨ।”

ਮਸੀਹੀ ਸ਼ਰਾਬ ਪੀਣ ਦੇ ਮਾਮਲੇ ਬਾਰੇ ਸਹੀ ਫ਼ੈਸਲਾ ਕਿਵੇਂ ਕਰ ਸਕਦੇ ਹਨ ਅਤੇ ਹੱਦੋਂ ਵੱਧ ਸ਼ਰਾਬ ਪੀਣ ਕਰਕੇ ਆਉਣ ਵਾਲੀਆਂ ਮੁਸ਼ਕਲਾਂ ਤੋਂ ਕਿਵੇਂ ਬਚ ਸਕਦੇ ਹਨ? ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਇਸ ਮਾਮਲੇ ਬਾਰੇ ਪਰਮੇਸ਼ੁਰ ਦੀ ਕੀ ਸੋਚ ਹੈ ਅਤੇ ਉਸ ਮੁਤਾਬਕ ਫ਼ੈਸਲਾ ਕਰਨਾ ਚਾਹੀਦਾ ਹੈ।

ਆਓ ਆਪਾਂ ਦੇਖੀਏ ਕਿ ਬਾਈਬਲ ਸ਼ਰਾਬ ਪੀਣ ਬਾਰੇ ਕੀ ਕਹਿੰਦੀ ਹੈ। ਨਾਲੇ ਆਪਾਂ ਇਹ ਵੀ ਦੇਖਾਂਗੇ ਕਿ ਕੁਝ ਲੋਕ ਸ਼ਰਾਬ ਕਿਉਂ ਪੀਂਦੇ ਹਨ।

ਸ਼ਰਾਬ ਪੀਣ ਬਾਰੇ ਬਾਈਬਲ ਕੀ ਕਹਿੰਦੀ ਹੈ

ਬਾਈਬਲ ਹੱਦ ਵਿਚ ਰਹਿ ਕੇ ਸ਼ਰਾਬ ਪੀਣ ਨੂੰ ਗ਼ਲਤ ਨਹੀਂ ਕਹਿੰਦੀ। ਬਾਈਬਲ ਤਾਂ ਕਹਿੰਦੀ ਹੈ ਕਿ ਸ਼ਰਾਬ ਪੀਣ ਨਾਲ ਖ਼ੁਸ਼ੀ ਮਿਲਦੀ ਹੈ। ਇਸ ਵਿਚ ਲਿਖਿਆ ਹੈ: “ਭੋਜਨ ਦਾ ਮਜ਼ਾ ਲੈ ਅਤੇ ਦਾਖਰਸ ਪੀ ਕੇ ਆਪਣਾ ਦਿਲ ਖ਼ੁਸ਼ ਕਰ।” (ਉਪ. 9:7) ਕੁਝ ਮੌਕਿਆਂ ʼਤੇ ਯਿਸੂ ਨੇ ਵੀ ਦਾਖਰਸ ਪੀਤਾ ਸੀ ਅਤੇ ਯਹੋਵਾਹ ਦੇ ਕਈ ਵਫ਼ਾਦਾਰ ਸੇਵਕ ਵੀ ਪੀਂਦੇ ਸਨ।​—ਮੱਤੀ 26:27-29; ਲੂਕਾ 7:34; 1 ਤਿਮੋ. 5:23.

ਪਰ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਥੋੜ੍ਹੀ-ਬਹੁਤੀ ਸ਼ਰਾਬ ਪੀਣ ਤੇ ਸ਼ਰਾਬੀ ਹੋਣ ਵਿਚ ਫ਼ਰਕ ਹੈ। ਇਸ ਵਿਚ ਸਾਫ਼-ਸਾਫ਼ ਲਿਖਿਆ ਹੈ: “ਸ਼ਰਾਬੀ ਨਾ ਹੋਵੋ।” (ਅਫ਼. 5:18) ਨਾਲੇ ਇਸ ਵਿਚ ਇਹ ਵੀ ਲਿਖਿਆ ਹੈ ਕਿ “ਸ਼ਰਾਬੀ . . . ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।” (1 ਕੁਰਿੰ. 6:10) ਜੀ ਹਾਂ, ਯਹੋਵਾਹ ਹੱਦੋਂ ਵੱਧ ਸ਼ਰਾਬ ਪੀਣ ਅਤੇ ਸ਼ਰਾਬੀਪੁਣੇ ਦੀ ਸਖ਼ਤ ਨਿੰਦਿਆ ਕਰਦਾ ਹੈ। ਇਸ ਲਈ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਸੋਚ ਮੁਤਾਬਕ ਫ਼ੈਸਲਾ ਕਰਨ ਦੀ ਬਜਾਇ ਯਹੋਵਾਹ ਦੀ ਸੋਚ ਅਨੁਸਾਰ ਫ਼ੈਸਲਾ ਕਰੋ।

ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਹ ਜਿੰਨੀ ਮਰਜ਼ੀ ਸ਼ਰਾਬ ਪੀ ਲੈਣ, ਉਹ ਸ਼ਰਾਬੀ ਨਹੀਂ ਹੁੰਦੇ। ਪਰ ਅਜਿਹੀ ਸੋਚ ਖ਼ਤਰਨਾਕ ਹੈ। ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਹੈ ਕਿ ਜੇ ਕੋਈ ਆਦਮੀ (ਜਾਂ ਔਰਤ) ‘ਹੱਦੋਂ ਵੱਧ ਦਾਖਰਸ ਪੀਣ ਦਾ ਆਦੀ’ ਹੋ ਜਾਵੇ, ਤਾਂ ਉਹ ਗੰਭੀਰ ਗ਼ਲਤੀਆਂ ਕਰ ਸਕਦਾ ਹੈ ਅਤੇ ਉਸ ਦਾ ਯਹੋਵਾਹ ਨਾਲ ਰਿਸ਼ਤਾ ਟੁੱਟ ਸਕਦਾ ਹੈ। (ਤੀਤੁ. 2:3; ਕਹਾ. 20:1) ਯਿਸੂ ਨੇ ਵੀ ਖ਼ਬਰਦਾਰ ਕੀਤਾ ਕਿ “ਬੇਹਿਸਾਬੀ ਸ਼ਰਾਬ ਪੀਣ” ਕਰਕੇ ਇਕ ਵਿਅਕਤੀ ਲਈ ਪਰਮੇਸ਼ੁਰ ਦੀ ਨਵੀਂ ਦੁਨੀਆਂ ਦਾ ਦਰਵਾਜ਼ਾ ਬੰਦ ਹੋ ਸਕਦਾ ਹੈ। (ਲੂਕਾ 21:34-36) ਤਾਂ ਫਿਰ ਇਕ ਮਸੀਹੀ ਉਨ੍ਹਾਂ ਬੁਰੇ ਅੰਜਾਮਾਂ ਤੋਂ ਕਿਵੇਂ ਬਚ ਸਕਦਾ ਹੈ ਜੋ ਸ਼ਰਾਬ ਪੀਣ ਕਰਕੇ ਆਉਂਦੇ ਹਨ?

ਤੁਸੀਂ ਕਿਉਂ, ਕਦੋਂ ਤੇ ਕਿੰਨੀ ਪੀਂਦੇ ਹੋ?

ਜੇ ਇਕ ਵਿਅਕਤੀ ਸ਼ਰਾਬ ਪੀਣ ਦੇ ਮਾਮਲੇ ਬਾਰੇ ਖ਼ੁਦ ʼਤੇ ਆਪਣੇ ਸਭਿਆਚਾਰ ਦਾ ਅਸਰ ਪੈਣ ਦਿੰਦਾ ਹੈ, ਤਾਂ ਇਹ ਖ਼ਤਰਨਾਕ ਹੋ ਸਕਦਾ ਹੈ। ਜਦੋਂ ਖਾਣ-ਪੀਣ ਦੀ ਗੱਲ ਆਉਂਦੀ ਹੈ, ਤਾਂ ਮਸੀਹੀ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਯਹੋਵਾਹ ਨੂੰ ਕਿਸ ਗੱਲ ਤੋਂ ਖ਼ੁਸ਼ੀ ਹੋਵੇਗੀ। ਬਾਈਬਲ ਦੱਸਦੀ ਹੈ: “ਤੁਸੀਂ ਚਾਹੇ ਖਾਂਦੇ, ਚਾਹੇ ਪੀਂਦੇ, ਚਾਹੇ ਕੁਝ ਹੋਰ ਕਰਦੇ ਹੋ, ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ।” (1 ਕੁਰਿੰ. 10:31) ਆਓ ਆਪਾਂ ਕੁਝ ਸਵਾਲਾਂ ਅਤੇ ਬਾਈਬਲ ਦੇ ਅਸੂਲਾਂ ʼਤੇ ਗੌਰ ਕਰੀਏ:

ਕੀ ਮੈਂ ਇਸ ਲਈ ਸ਼ਰਾਬ ਪੀਂਦਾ ਹਾਂ ਤਾਂਕਿ ਦੂਜੇ ਮੈਨੂੰ ਪਸੰਦ ਕਰਨ? ਕੂਚ 23:2 ਵਿਚ ਲਿਖਿਆ ਹੈ: ‘ਤੂੰ ਭੀੜ ਦੇ ਪਿੱਛੇ ਨਾ ਲੱਗ।’ ਯਹੋਵਾਹ ਇੱਥੇ ਇਜ਼ਰਾਈਲੀਆਂ ਨੂੰ ਚੇਤਾਵਨੀ ਦੇ ਰਿਹਾ ਸੀ ਕਿ ਉਹ ਉਨ੍ਹਾਂ ਲੋਕਾਂ ਦੇ ਪਿੱਛੇ ਨਾ ਲੱਗਣ ਜੋ ਭੈੜੇ ਕੰਮ ਕਰਦੇ ਸਨ। ਇਹ ਸਲਾਹ ਅੱਜ ਵੀ ਮਸੀਹੀਆਂ ਲਈ ਢੁਕਵੀਂ ਹੈ। ਜੇ ਅਸੀਂ ਸ਼ਰਾਬ ਦੇ ਮਾਮਲੇ ਬਾਰੇ ਲੋਕਾਂ ਦੀ ਸੋਚ ਅਤੇ ਫ਼ੈਸਲਿਆਂ ਦਾ ਆਪਣੇ ʼਤੇ ਅਸਰ ਪੈਣ ਦਿੰਦੇ ਹਾਂ, ਤਾਂ ਸ਼ਾਇਦ ਅਸੀਂ ਹੌਲੀ-ਹੌਲੀ ਯਹੋਵਾਹ ਦੇ ਮਿਆਰਾਂ ʼਤੇ ਚੱਲਣਾ ਛੱਡ ਦੇਈਏ ਅਤੇ ਉਸ ਤੋਂ ਦੂਰ ਹੋ ਜਾਈਏ।​—ਰੋਮੀ. 12:2.

ਕੀ ਮੈਂ ਇਹ ਦਿਖਾਉਣ ਲਈ ਸ਼ਰਾਬ ਪੀਂਦਾ ਹਾਂ ਕਿ ਮੇਰੇ ਵਿਚ ਕਿੰਨੀ ਤਾਕਤ ਹੈ? ਕੁਝ ਸਭਿਆਚਾਰਾਂ ਵਿਚ ਲੋਕ ਅਕਸਰ ਹੱਦੋਂ ਵੱਧ ਸ਼ਰਾਬ ਪੀਂਦੇ ਹਨ ਅਤੇ ਇਸ ਨੂੰ ਗ਼ਲਤ ਨਹੀਂ ਮੰਨਿਆ ਜਾਂਦਾ। (1 ਪਤ. 4:3) ਪਰ ਜ਼ਰਾ ਗੌਰ ਕਰੋ ਕਿ ਬਾਈਬਲ ਵਿਚ ਕਿਹੜੀ ਵਧੀਆ ਸਲਾਹ ਦਿੱਤੀ ਗਈ ਹੈ: “ਖ਼ਬਰਦਾਰ ਰਹੋ, ਨਿਹਚਾ ਵਿਚ ਪੱਕੇ ਰਹੋ, ਮਰਦ ਬਣੋ ਅਤੇ ਤਕੜੇ ਬਣੋ।” (1 ਕੁਰਿੰ. 16:13, ਫੁਟਨੋਟ) ਕੀ ਸ਼ਰਾਬ ਪੀਣ ਨਾਲ ਸੱਚ-ਮੁੱਚ ਇਕ ਵਿਅਕਤੀ ਤਾਕਤਵਰ ਬਣ ਜਾਂਦਾ ਹੈ? ਨਹੀਂ, ਸਗੋਂ ਇਸ ਤੋਂ ਬਿਲਕੁਲ ਉਲਟ ਹੁੰਦਾ ਹੈ। ਸ਼ਰਾਬ ਪੀ ਕੇ ਉਹ ਆਪਣੀ ਸੁਰਤ ਗੁਆ ਸਕਦਾ ਹੈ ਯਾਨੀ ਉਹ ਨਾ ਤਾਂ ਚੰਗੀ ਤਰ੍ਹਾਂ ਸੋਚ ਸਕਦਾ ਹੈ ਤੇ ਨਾ ਹੀ ਸਹੀ ਢੰਗ ਨਾਲ ਕੋਈ ਕੰਮ ਕਰ ਸਕਦਾ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਸ਼ਰਾਬ ਪੀਣੀ ਤਾਕਤ ਦੀ ਨਹੀਂ, ਸਗੋਂ ਕਮਜ਼ੋਰੀ ਦੀ ਨਿਸ਼ਾਨੀ ਹੈ। ਯਸਾਯਾਹ 28:7 ਵਿਚ ਸਮਝਾਇਆ ਗਿਆ ਹੈ ਕਿ ਜਿਹੜਾ ਵਿਅਕਤੀ ਸ਼ਰਾਬ ਪੀ ਕੇ ਡਗਮਗਾਉਂਦਾ ਹੈ, ਉਹ ਭਟਕ ਜਾਂਦਾ ਹੈ ਅਤੇ ਗ਼ਲਤ ਫ਼ੈਸਲੇ ਕਰ ਬੈਠਦਾ ਹੈ।

ਸੱਚੀ ਤਾਕਤ ਸਾਨੂੰ ਯਹੋਵਾਹ ਤੋਂ ਮਿਲਦੀ ਹੈ ਅਤੇ ਇਹ ਤਾਕਤ ਲੈਣ ਲਈ ਸਾਨੂੰ ਖ਼ਬਰਦਾਰ ਰਹਿਣ ਅਤੇ ਨਿਹਚਾ ਵਿਚ ਪੱਕੇ ਰਹਿਣ ਦੀ ਲੋੜ ਹੈ। (ਜ਼ਬੂ. 18:32) ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਾਨੂੰ ਖ਼ਤਰਿਆਂ ਨੂੰ ਪਛਾਣਨ ਦੀ ਲੋੜ ਹੈ। ਨਾਲੇ ਸਾਨੂੰ ਅਜਿਹੇ ਫ਼ੈਸਲੇ ਨਹੀਂ ਲੈਣੇ ਚਾਹੀਦੇ ਜਿਨ੍ਹਾਂ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਇਸ ਮਾਮਲੇ ਵਿਚ ਯਿਸੂ ਨੇ ਸਾਡੇ ਲਈ ਵਧੀਆ ਮਿਸਾਲ ਰੱਖੀ। ਉਸ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਸੀ। ਲੋਕ ਉਸ ਦਾ ਆਦਰ ਕਰਦੇ ਸਨ ਕਿਉਂਕਿ ਉਹ ਦਲੇਰ ਸੀ ਅਤੇ ਉਸ ਨੇ ਸਹੀ ਕੰਮ ਕਰਨ ਦਾ ਪੱਕਾ ਇਰਾਦਾ ਕੀਤਾ ਸੀ।

ਕੀ ਮੈਂ ਪਰੇਸ਼ਾਨੀਆਂ ਤੋਂ ਭੱਜਣ ਲਈ ਸ਼ਰਾਬ ਪੀਂਦਾ ਹਾਂ? ਜ਼ਬੂਰਾਂ ਦੇ ਇਕ ਲਿਖਾਰੀ ਨੇ ਲਿਖਿਆ: “ਜਦੋਂ ਮੈਂ ਚਿੰਤਾਵਾਂ ਨਾਲ ਘਿਰਿਆ ਹੋਇਆ ਸੀ, ਤਾਂ [ਯਹੋਵਾਹ] ਤੂੰ ਮੈਨੂੰ ਦਿਲਾਸਾ ਅਤੇ ਸਕੂਨ ਦਿੱਤਾ।” (ਜ਼ਬੂ. 94:19) ਸੋ ਜੇ ਤੁਸੀਂ ਕਦੇ ਪਰੇਸ਼ਾਨੀਆਂ ਦੇ ਬੋਝ ਹੇਠ ਦੱਬੇ ਜਾਓ, ਤਾਂ ਯਹੋਵਾਹ ਤੋਂ ਸਹਾਰਾ ਲਓ, ਨਾ ਕਿ ਸ਼ਰਾਬ ਤੋਂ। ਇੱਦਾਂ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਯਹੋਵਾਹ ਨੂੰ ਵਾਰ-ਵਾਰ ਪ੍ਰਾਰਥਨਾ ਕਰੋ। ਨਾਲੇ ਕਈਆਂ ਨੇ ਇਹ ਦੇਖਿਆ ਹੈ ਕਿ ਮੰਡਲੀ ਵਿਚ ਸਮਝਦਾਰ ਮਸੀਹੀਆਂ ਤੋਂ ਮਦਦ ਲੈ ਕੇ ਵੀ ਕਾਫ਼ੀ ਫ਼ਾਇਦਾ ਹੁੰਦਾ ਹੈ। ਸੱਚ ਤਾਂ ਇਹ ਹੈ ਕਿ ਪਰੇਸ਼ਾਨੀਆਂ ਤੋਂ ਭੱਜਣ ਲਈ ਸ਼ਰਾਬ ਦਾ ਸਹਾਰਾ ਲੈਣ ਨਾਲ ਇਕ ਵਿਅਕਤੀ ਦਾ ਸਹੀ ਕੰਮ ਕਰਨ ਦਾ ਇਰਾਦਾ ਕਮਜ਼ੋਰ ਪੈ ਜਾਂਦਾ ਹੈ। (ਹੋਸ਼ੇ. 4:11) ਡੈਨਿਅਲ, ਜਿਸ ਦਾ ਪਹਿਲਾ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਮੈਂ ਚਿੰਤਾ ਵਿਚ ਡੁੱਬਿਆ ਰਹਿੰਦਾ ਸੀ ਅਤੇ ਮੇਰੇ ਤੋਂ ਜੋ ਗ਼ਲਤੀਆਂ ਹੋਈਆਂ ਸਨ, ਉਨ੍ਹਾਂ ਬਾਰੇ ਸੋਚ-ਸੋਚ ਕੇ ਮੈਂ ਦੁਖੀ ਰਹਿੰਦਾ ਸੀ। ਇਸ ਲਈ ਮੈਂ ਸ਼ਰਾਬ ਪੀਣ ਲੱਗਾ। ਪਰ ਪਰੇਸ਼ਾਨੀਆਂ ਖ਼ਤਮ ਹੋਣ ਦੀ ਬਜਾਇ ਹੋਰ ਵੀ ਵਧ ਗਈਆਂ। ਮੈਂ ਆਪਣੇ ਕਈ ਚੰਗੇ ਦੋਸਤ ਗੁਆ ਲਏ ਤੇ ਮੈਂ ਆਪਣੀਆਂ ਹੀ ਨਜ਼ਰਾਂ ਵਿਚ ਡਿਗ ਗਿਆ।” ਤਾਂ ਫਿਰ ਕਿਸ ਚੀਜ਼ ਨੇ ਡੈਨਿਅਲ ਦੀ ਮਦਦ ਕੀਤੀ? ਉਹ ਅੱਗੇ ਕਹਿੰਦਾ ਹੈ: “ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਸ਼ਰਾਬ ਦੀ ਨਹੀਂ, ਸਗੋਂ ਯਹੋਵਾਹ ਦੀ ਲੋੜ ਸੀ। ਅਖ਼ੀਰ ਮੈਂ ਆਪਣੀਆਂ ਪਰੇਸ਼ਾਨੀਆਂ ਵਿੱਚੋਂ ਨਿਕਲ ਸਕਿਆ।” ਕਈ ਵਾਰ ਸ਼ਾਇਦ ਅਸੀਂ ਆਪਣੀਆਂ ਚਿੰਤਾਵਾਂ ਨਾਲ ਇੰਨੇ ਘਿਰ ਜਾਈਏ ਕਿ ਸਾਨੂੰ ਨਿਕਲਣ ਦਾ ਕੋਈ ਵੀ ਰਾਹ ਨਜ਼ਰ ਨਾ ਆਵੇ, ਪਰ ਯਹੋਵਾਹ ਸਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਅਤੇ ਸਾਨੂੰ ਸਕੂਨ ਦਿੰਦਾ ਹੈ।​—ਫ਼ਿਲਿ. 4:6, 7; 1 ਪਤ. 5:7.

ਜੇ ਤੁਸੀਂ ਵੀ ਕਦੇ-ਕਦੇ ਸ਼ਰਾਬ ਪੀਂਦੇ ਹੋ, ਤਾਂ ਖ਼ੁਦ ਤੋਂ ਕੁਝ ਸਵਾਲ ਪੁੱਛ ਕੇ ਤੁਸੀਂ ਪਤਾ ਕਰ ਸਕਦੇ ਹੋ ਕਿ ਤੁਹਾਨੂੰ ਇਸ ਮਾਮਲੇ ਵਿਚ ਸੁਧਾਰ ਕਰਨ ਦੀ ਲੋੜ ਹੈ ਜਾਂ ਨਹੀਂ। ਆਪਣੇ ਆਪ ਤੋਂ ਇਹ ਸਵਾਲ ਪੁੱਛੋ: ਕੀ ਮੇਰੇ ਕਿਸੇ ਘਰਦੇ ਜਾਂ ਦੋਸਤ ਨੇ ਇਸ ਬਾਰੇ ਮੈਨੂੰ ਟੋਕਿਆ ਹੈ? ਜੇ ਹਾਂ, ਤਾਂ ਹੋ ਸਕਦਾ ਹੈ ਕਿ ਇਹ ਇਸ ਗੱਲ ਦਾ ਇਸ਼ਾਰਾ ਹੋਵੇ ਕਿ ਤੁਹਾਨੂੰ ਪੀਣ ਦੀ ਆਦਤ ਪੈ ਰਹੀ ਹੈ ਜਿਸ ਦਾ ਤੁਹਾਨੂੰ ਅਹਿਸਾਸ ਹੀ ਨਾ ਹੋਵੇ। ‘ਕੀ ਮੈਂ ਪਹਿਲਾਂ ਨਾਲੋਂ ਜ਼ਿਆਦਾ ਪੀਣ ਲੱਗ ਪਿਆ ਹਾਂ?’ ਸ਼ਾਇਦ ਤੁਹਾਨੂੰ ਅਜੇ ਸ਼ਰਾਬ ਪੀਣ ਦੀ ਲਤ ਨਹੀਂ ਲੱਗੀ। ਪਰ ਜੇ ਇਹੀ ਹਾਲ ਰਿਹਾ, ਤਾਂ ਇਕ ਦਿਨ ਇੱਦਾਂ ਹੋ ਹੀ ਜਾਣਾ। ‘ਕੀ ਮੈਨੂੰ ਕੁਝ ਦਿਨ ਸ਼ਰਾਬ ਪੀਤੇ ਬਿਨਾਂ ਰਹਿਣਾ ਔਖਾ ਲੱਗਦਾ ਹੈ?’ ਜੇ ਹਾਂ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਸ਼ਰਾਬ ਦੀ ਲਤ ਲੱਗ ਗਈ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਸ਼ਾਇਦ ਤੁਹਾਨੂੰ ਡਾਕਟਰ ਦੀ ਮਦਦ ਲੈਣੀ ਪਵੇ।

ਜਿੱਦਾਂ ਅਸੀਂ ਦੇਖਿਆ ਸ਼ਰਾਬ ਪੀਣ ਦੇ ਕਈ ਨੁਕਸਾਨ ਹਨ। ਇਸ ਲਈ ਕੁਝ ਮਸੀਹੀਆਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਣਗੇ। ਕੁਝ ਸ਼ਾਇਦ ਇਸ ਲਈ ਸ਼ਰਾਬ ਨਹੀਂ ਪੀਂਦੇ ਕਿਉਂਕਿ ਉਨ੍ਹਾਂ ਨੂੰ ਇਸ ਦਾ ਸੁਆਦ ਪਸੰਦ ਨਹੀਂ। ਜੇ ਤੁਹਾਡੇ ਕਿਸੇ ਦੋਸਤ-ਮਿੱਤਰ ਨੇ ਇੱਦਾਂ ਦਾ ਕੋਈ ਫ਼ੈਸਲਾ ਕੀਤਾ ਹੈ, ਤਾਂ ਉਸ ਦੇ ਫ਼ੈਸਲੇ ਦੀ ਨੁਕਤਾਚੀਨੀ ਕਰਨ ਦੀ ਬਜਾਇ ਆਦਰ ਕਰੋ। ਇੱਦਾਂ ਕਰ ਕੇ ਤੁਸੀਂ ਉਨ੍ਹਾਂ ਲਈ ਪਿਆਰ ਦਿਖਾ ਰਹੇ ਹੋਵੋਗੇ।

ਹੋ ਸਕਦਾ ਹੈ ਕਿ ਤੁਸੀਂ ਤੈਅ ਕੀਤਾ ਹੋਵੇ ਕਿ ਤੁਸੀਂ ਸ਼ਰਾਬ ਤਾਂ ਪੀਓਗੇ, ਪਰ ਇਕ ਹੱਦ ਵਿਚ ਰਹਿ ਕੇ। ਜਾਂ ਸ਼ਾਇਦ ਤੁਸੀਂ ਤੈਅ ਕੀਤਾ ਹੋਵੇ ਕਿ ਤੁਸੀਂ ਕਿੰਨੀ ਵਾਰ ਪੀਓਗੇ, ਸ਼ਾਇਦ ਹਫ਼ਤੇ ਵਿਚ ਇਕ ਵਾਰ ਜਾਂ ਕਦੀ-ਕਦੀ ਖਾਣਾ ਖਾਣ ਵੇਲੇ ਥੋੜ੍ਹੀ ਜਿਹੀ ਪੀਓਗੇ। ਦੂਜੇ ਪਾਸੇ, ਕਈ ਮਸੀਹੀ ਸ਼ਾਇਦ ਫ਼ੈਸਲਾ ਕਰਨ ਕਿ ਉਹ ਕੁਝ ਤਰ੍ਹਾਂ ਦੀ ਸ਼ਰਾਬ ਹੀ ਪੀਣਗੇ ਤੇ ਕੁਝ ਤਰ੍ਹਾਂ ਦੀ ਨਹੀਂ। ਜਿੱਦਾਂ ਸ਼ਾਇਦ ਉਹ ਸੋਚਣ ਉਹ ਸਿਰਫ਼ ਵਾਈਨ ਜਾਂ ਬੀਅਰ ਥੋੜ੍ਹੀ ਮਾਤਰਾ ਵਿਚ ਹੀ ਪੀਣਗੇ ਜਿਸ ਵਿਚ ਘੱਟ ਨਸ਼ਾ ਹੁੰਦਾ ਹੈ। ਪਰ ਅਜਿਹੀ ਸ਼ਰਾਬ ਨਹੀਂ ਪੀਣਗੇ ਜਿਸ ਵਿਚ ਜ਼ਿਆਦਾ ਨਸ਼ਾ ਹੁੰਦਾ ਹੈ, ਇੱਥੋਂ ਤਕ ਕਿ ਜੂਸ ਜਾਂ ਸੋਡੇ ਨਾਲ ਮਿਲਾ ਕੇ ਵੀ ਨਹੀਂ। ਜਦੋਂ ਇਕ ਇਨਸਾਨ ਪੀਣ ਦੇ ਮਾਮਲੇ ਬਾਰੇ ਹੱਦਾਂ ਠਹਿਰਾ ਲੈਂਦਾ ਹੈ, ਤਾਂ ਉਸ ਲਈ ਇਸ ਮੁਤਾਬਕ ਚੱਲਣਾ ਹੋਰ ਵੀ ਸੌਖਾ ਹੋ ਜਾਂਦਾ ਹੈ। ਜੇ ਕੋਈ ਮਸੀਹੀ ਅਜਿਹਾ ਫ਼ੈਸਲਾ ਕਰਦਾ ਹੈ ਅਤੇ ਇਸ ਮੁਤਾਬਕ ਕੰਮ ਕਰਨ ਦਾ ਪੱਕਾ ਇਰਾਦਾ ਕਰਦਾ ਹੈ, ਤਾਂ ਉਸ ਨੂੰ ਇਹ ਸੋਚ ਕੇ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਕਿ ਦੂਜੇ ਉਸ ਬਾਰੇ ਕੀ ਸੋਚਣਗੇ।

ਸੋਚੋ ਕਿ ਤੁਹਾਡੇ ਪੀਣ ਕਰਕੇ ਦੂਜਿਆਂ ਨੂੰ ਕਿੱਦਾਂ ਲੱਗੇਗਾ। ਰੋਮੀਆਂ 14:21 ਵਿਚ ਲਿਖਿਆ ਹੈ: “ਚੰਗਾ ਹੈ ਕਿ ਤੂੰ ਨਾ ਮੀਟ ਖਾਵੇਂ, ਨਾ ਸ਼ਰਾਬ ਪੀਵੇਂ ਅਤੇ ਨਾ ਹੀ ਅਜਿਹਾ ਕੰਮ ਕਰੇਂ ਜਿਸ ਕਰਕੇ ਤੇਰੇ ਭਰਾ ਦੀ ਨਿਹਚਾ ਕਮਜ਼ੋਰ ਹੁੰਦੀ ਹੈ।” ਤੁਸੀਂ ਇਸ ਸਲਾਹ ਨੂੰ ਕਿੱਦਾਂ ਲਾਗੂ ਕਰ ਸਕਦੇ ਹੋ? ਦੂਜਿਆਂ ਨੂੰ ਪਿਆਰ ਦਿਖਾ ਕੇ। ਹੋ ਸਕਦਾ ਹੈ ਕਿ ਕਿਸੇ ਮੌਕੇ ʼਤੇ ਤੁਹਾਨੂੰ ਲੱਗੇ ਕਿ ਤੁਹਾਡੇ ਸ਼ਰਾਬ ਪੀਣ ਕਰਕੇ ਕਿਸੇ ਨੂੰ ਠੋਕਰ ਲੱਗ ਸਕਦੀ ਹੈ। ਤਾਂ ਕਿਉਂ ਨਾ ਪਿਆਰ ਦਿਖਾਉਂਦਿਆਂ ਉਸ ਮੌਕੇ ʼਤੇ ਸ਼ਰਾਬ ਨਾ ਪੀਓ। ਇੱਦਾਂ ਕਰਕੇ ਤੁਸੀਂ ਦੂਜਿਆਂ ਲਈ ਪਰਵਾਹ ਤੇ ਆਦਰ ਦਿਖਾ ਰਹੇ ਹੋਵੋਗੇ। ਨਾਲੇ ਤੁਸੀਂ ਆਪਣੇ ਬਾਰੇ ਹੀ ਨਹੀਂ, ਸਗੋਂ ਦੂਜਿਆਂ ਬਾਰੇ ਵੀ ਸੋਚ ਰਹੇ ਹੋਵੋਗੇ।​—1 ਕੁਰਿੰ. 10:24.

ਇਸ ਤੋਂ ਇਲਾਵਾ, ਜਿਸ ਦੇਸ਼ ਵਿਚ ਤੁਸੀਂ ਰਹਿੰਦੇ ਹੋ, ਸ਼ਾਇਦ ਉੱਥੇ ਦੀ ਸਰਕਾਰ ਨੇ ਸ਼ਰਾਬ ਪੀਣ ਸੰਬੰਧੀ ਕੁਝ ਕਾਨੂੰਨ ਬਣਾਏ ਹੋਣ। ਇਕ ਮਸੀਹੀ ਨੂੰ ਇਨ੍ਹਾਂ ਕਾਨੂੰਨਾਂ ਨੂੰ ਮੰਨਣਾ ਚਾਹੀਦਾ ਹੈ। ਸ਼ਾਇਦ ਕਾਨੂੰਨ ਮੁਤਾਬਕ ਇਕ ਉਮਰ ਤੋਂ ਪਹਿਲਾਂ ਤੁਸੀਂ ਸ਼ਰਾਬ ਨਹੀਂ ਪੀ ਸਕਦੇ। ਜਾਂ ਹੋ ਸਕਦਾ ਹੈ ਕਿ ਸ਼ਰਾਬ ਪੀਣ ਤੋਂ ਬਾਅਦ ਗੱਡੀ ਜਾਂ ਕੁਝ ਖ਼ਾਸ ਤਰ੍ਹਾਂ ਦੀਆਂ ਮਸ਼ੀਨਾਂ ਚਲਾਉਣ ਦੀ ਮਨਾਹੀ ਹੋਵੇ।​—ਰੋਮੀ. 13:1-5.

ਯਹੋਵਾਹ ਨੇ ਸਾਨੂੰ ਕਈ ਵਧੀਆ ਤੋਹਫ਼ੇ ਦਿੱਤੇ ਹਨ। ਉਨ੍ਹਾਂ ਨੂੰ ਅਸੀਂ ਕਿਵੇਂ ਵਰਤਾਂਗੇ, ਇਹ ਉਸ ਨੇ ਸਾਡੇ ʼਤੇ ਛੱਡਿਆ ਹੈ। ਇਹ ਆਜ਼ਾਦੀ ਵੀ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ। ਅਸੀਂ ਖ਼ੁਦ ਇਹ ਫ਼ੈਸਲਾ ਕਰ ਸਕਦੇ ਹਾਂ ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ। ਆਓ ਆਪਾਂ ਅਜਿਹੇ ਫ਼ੈਸਲੇ ਕਰੀਏ ਜਿਨ੍ਹਾਂ ਤੋਂ ਸਾਡੇ ਸਵਰਗੀ ਪਿਤਾ ਨੂੰ ਖ਼ੁਸ਼ੀ ਹੋਵੇ ਅਤੇ ਇਹ ਜ਼ਾਹਰ ਹੋਵੇ ਕਿ ਅਸੀਂ ਇਸ ਤੋਹਫ਼ੇ ਦੀ ਕਦਰ ਕਰਦੇ ਹਾਂ।

a ਅਮਰੀਕਾ ਦੇ ਇਕ ਸਿਹਤ ਸੰਗਠਨ ਅਨੁਸਾਰ ਇਕ ਵਾਰ ਵਿਚ ਹੀ ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਕਈ ਖ਼ਤਰੇ ਹੋ ਸਕਦੇ ਹਨ। ਜਿਵੇਂ ਸ਼ਾਇਦ ਇਕ ਵਿਅਕਤੀ ਕਿਸੇ ਦਾ ਕਤਲ ਕਰ ਦੇਵੇ, ਖ਼ੁਦਕੁਸ਼ੀ ਕਰ ਲਵੇ, ਕਿਸੇ ਨਾਲ ਅਸ਼ਲੀਲ ਛੇੜਖਾਨੀ ਕਰੇ ਜਾਂ ਆਪਣੇ ਸਾਥੀ ਨੂੰ ਮਾਰੇ-ਕੁੱਟੇ। ਇਹ ਵੀ ਹੋ ਸਕਦਾ ਹੈ ਕਿ ਇਕ ਅਣਜੰਮੇ ਬੱਚੇ ਦੀ ਮੌਤ ਹੋ ਜਾਵੇ, ਕਿਸੇ ਔਰਤ ਦੇ ਅਣਚਾਹਿਆ ਗਰਭ ਠਹਿਰ ਜਾਵੇ ਜਾਂ ਜਿਨਸੀ ਸੰਬੰਧ ਕਰਕੇ ਕਿਸੇ ਨੂੰ ਕੋਈ ਗੰਭੀਰ ਬੀਮਾਰੀ ਹੋ ਜਾਵੇ।