Skip to content

Skip to table of contents

“ਇਕ-ਦੂਜੇ ਨੂੰ ਰੋਜ਼ ਹੱਲਾਸ਼ੇਰੀ ਦਿੰਦੇ ਰਹੋ”

“ਇਕ-ਦੂਜੇ ਨੂੰ ਰੋਜ਼ ਹੱਲਾਸ਼ੇਰੀ ਦਿੰਦੇ ਰਹੋ”

“ਜੇ ਤੁਹਾਡੇ ਕੋਲ ਲੋਕਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਗੱਲਾਂ ਹਨ, ਤਾਂ ਆ ਕੇ ਦੱਸੋ।”—ਰਸੂ. 13:15.

ਗੀਤ: 53, 45

1, 2. ਸਮਝਾਓ ਕਿ ਹੱਲਾਸ਼ੇਰੀ ਦੇਣੀ ਕਿਉਂ ਜ਼ਰੂਰੀ ਹੈ।

18 ਸਾਲਾਂ ਦੀ ਕ੍ਰਿਸਟੀਨਾ  [1] ਕਹਿੰਦੀ ਹੈ: “ਮੈਂ ਆਪਣੇ ਮੰਮੀ-ਡੈਡੀ ਦੇ ਮੂੰਹੋਂ ਆਪਣੇ ਬਾਰੇ ਕਦੀ ਕੋਈ ਚੰਗੀ ਗੱਲ ਨਹੀਂ ਸੁਣੀ। ਉਹ ਮੇਰੇ ਵਿਚ ਸਿਰਫ਼ ਨੁਕਸ ਹੀ ਕੱਢਦੇ ਰਹਿੰਦੇ ਹਨ। ਉਨ੍ਹਾਂ ਦੀਆਂ ਗੱਲਾਂ ਮੇਰੇ ਦਿਲ ਨੂੰ ਚੀਰ ਕੇ ਰੱਖ ਦਿੰਦੀਆਂ ਹਨ। ਉਹ ਕਹਿੰਦੇ ਹਨ, ‘ਤੂੰ ਪਤਾ ਨਹੀਂ ਕਦੋਂ ਵੱਡੀ ਹੋਣਾ। ਪਤਾ ਨਹੀਂ ਤੈਨੂੰ ਕਦੋਂ ਅਕਲ ਆਉਣੀ ਅਤੇ ਤੂੰ ਕਿੰਨੀ ਮੋਟੀ ਹੈਂ।’ ਉਨ੍ਹਾਂ ਦੀਆਂ ਗੱਲਾਂ ਮੈਨੂੰ ਰੁਆ ਦਿੰਦੀਆਂ ਹਨ। ਉਨ੍ਹਾਂ ਨਾਲ ਗੱਲ ਕਰਨ ਨੂੰ ਮੇਰਾ ਜ਼ਰਾ ਜੀਅ ਨਹੀਂ ਕਰਦਾ। ਮੈਨੂੰ ਲੱਗਦਾ ਕਿ ਮੈਂ ਕਿਸੇ ਕੰਮ ਦੀ ਨਹੀਂ।” ਜੇ ਹੌਸਲਾ ਨਾ ਮਿਲੇ, ਤਾਂ ਜ਼ਿੰਦਗੀ ਕਿੰਨੀ ਹੀ ਦੁੱਖ ਭਰੀ ਹੁੰਦੀ ਹੈ।

2 ਦੂਸਰੇ ਪਾਸੇ, ਹੌਸਲੇ ਭਰੇ ਸ਼ਬਦ ਇਕ ਡਿਗੇ ਹੋਏ ਬੰਦੇ ਨੂੰ ਖੜ੍ਹਾ ਕਰ ਦਿੰਦੇ ਹਨ। ਰੂਬਨ ਕਹਿੰਦਾ ਹੈ: “ਮੈਂ ਆਪਣੇ ਆਪ ਨੂੰ ਬਹੁਤ ਨਿਕੰਮਾ ਮਹਿਸੂਸ ਕਰਦਾ ਹਾਂ ਅਤੇ ਕਈ ਸਾਲਾਂ ਤੋਂ ਇਸ ਖ਼ਿਆਲ ਨੂੰ ਆਪਣੇ ਮਨ ਵਿੱਚੋਂ ਕੱਢਣ ਦੀ ਜੱਦੋ-ਜਹਿਦ ਕਰ ਰਿਹਾ ਹਾਂ। ਪਰ ਇਕ ਦਿਨ ਮੈਂ ਇਕ ਬਜ਼ੁਰਗ ਨਾਲ ਪ੍ਰਚਾਰ ’ਤੇ ਗਿਆ ਅਤੇ ਮੈਨੂੰ ਦੇਖਦਿਆਂ ਹੀ ਉਸ ਨੂੰ ਪਤਾ ਲੱਗ ਗਿਆ ਕਿ ਮੇਰੇ ਨਾਲ ਅੱਜ ਕੁਝ ਚੰਗਾ ਨਹੀਂ ਹੋ ਰਿਹਾ। ਮੈਂ ਖੁੱਲ੍ਹ ਕੇ ਉਸ ਨੂੰ ਆਪਣੇ ਦਿਲ ਦੀਆਂ ਗੱਲਾਂ ਦੱਸੀਆਂ ਅਤੇ ਉਸ ਨੇ ਬਹੁਤ ਧਿਆਨ ਨਾਲ ਮੇਰੀਆਂ ਗੱਲਾਂ ਸੁਣੀਆਂ। ਫਿਰ ਉਸ ਨੇ ਮੈਨੂੰ ਯਾਦ ਕਰਾਇਆ ਕਿ ਮੈਂ ਪਰਮੇਸ਼ੁਰ ਦੀ ਸੇਵਾ ਵਿਚ ਬਹੁਤ ਵਧੀਆ ਕਰ ਰਿਹਾ ਹਾਂ। ਨਾਲੇ ਉਸ ਨੇ ਮੈਨੂੰ ਯਿਸੂ ਦੇ ਸ਼ਬਦ ਵੀ ਯਾਦ ਕਰਾਏ ਕਿ ਅਸੀਂ ਸਾਰੀਆਂ ਚਿੜੀਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹਾਂ। ਜਦੋਂ ਵੀ ਮੈਂ ਇਸ ਆਇਤ ਨੂੰ ਯਾਦ ਕਰਦਾ ਹਾਂ, ਤਾਂ ਮੇਰਾ ਦਿਲ ਹੌਸਲੇ ਨਾਲ ਭਰ ਜਾਂਦਾ ਹੈ। ਉਸ ਬਜ਼ੁਰਗ ਦੇ ਚੰਦ ਸ਼ਬਦਾਂ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ।”​—ਮੱਤੀ 10:31.

3. (ੳ) ਪੌਲੁਸ ਰਸੂਲ ਨੇ ਹੱਲਾਸ਼ੇਰੀ ਦੇਣ ਬਾਰੇ ਕੀ ਕਿਹਾ? (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?

3 ਬਾਈਬਲ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਸਾਨੂੰ ਸਾਰਿਆਂ ਨੂੰ ਹਰ ਰੋਜ਼ ਇਕ-ਦੂਜੇ ਨੂੰ ਹੌਸਲਾ ਦੇਣ ਦੀ ਲੋੜ ਹੈ। ਪੌਲੁਸ ਰਸੂਲ ਨੇ ਇਬਰਾਨੀ ਮਸੀਹੀਆਂ ਨੂੰ ਲਿਖਿਆ: “ਭਰਾਵੋ, ਖ਼ਬਰਦਾਰ ਰਹੋ, ਕਿਤੇ ਇੱਦਾਂ ਨਾ ਹੋਵੇ ਕਿ ਜੀਉਂਦੇ ਪਰਮੇਸ਼ੁਰ ਤੋਂ ਦੂਰ ਜਾਣ ਕਰਕੇ ਤੁਹਾਡੇ ਵਿੱਚੋਂ ਕਿਸੇ ਦਾ ਦਿਲ ਬੁਰਾ ਬਣ ਜਾਵੇ ਤੇ ਉਹ ਨਿਹਚਾ ਕਰਨੀ ਛੱਡ ਦੇਵੇ; ਪਰ . . . ਤੁਸੀਂ ਇਕ-ਦੂਜੇ ਨੂੰ ਰੋਜ਼ ਹੱਲਾਸ਼ੇਰੀ ਦਿੰਦੇ ਰਹੋ।” ਪੌਲੁਸ ਨੇ ਇਹ ਕਿਉਂ ਕਿਹਾ ਸੀ? ਉਸ ਨੇ ਅੱਗੇ ਸਮਝਾਇਆ: “ਤਾਂਕਿ ਤੁਹਾਡੇ ਵਿੱਚੋਂ ਕੋਈ ਵੀ ਪਾਪ ਦੀ ਧੋਖਾ ਦੇਣ ਵਾਲੀ ਤਾਕਤ ਨਾਲ ਕਠੋਰ ਨਾ ਬਣ ਜਾਵੇ।” (ਇਬ. 3:12, 13) ਜ਼ਰਾ ਸੋਚੋ ਕਿ ਤੁਹਾਨੂੰ ਕਿੰਨਾ ਚੰਗਾ ਲੱਗਾ ਸੀ ਜਦੋਂ ਕਿਸੇ ਨੇ ਤੁਹਾਡਾ ਹੌਸਲਾ ਵਧਾਇਆ ਸੀ। ਸੋ ਆਓ ਆਪਾਂ ਇਨ੍ਹਾਂ ਕੁਝ ਸਵਾਲਾਂ ’ਤੇ ਗੌਰ ਕਰੀਏ: ਹੌਸਲਾ ਦੇਣਾ ਕਿਉਂ ਜ਼ਰੂਰੀ ਹੈ? ਅਸੀਂ ਯਹੋਵਾਹ, ਯਿਸੂ ਅਤੇ ਪੌਲੁਸ ਦੇ ਹੌਸਲਾ ਦੇਣ ਦੇ ਢੰਗ ਤੋਂ ਕੀ ਸਿੱਖ ਸਕਦੇ ਹਾਂ? ਨਾਲੇ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਹੌਸਲਾ ਦੇ ਸਕਦੇ ਹਾਂ ਤਾਂਕਿ ਦੂਜਿਆਂ ਨੂੰ ਫ਼ਾਇਦਾ ਹੋਵੇ?

ਸਾਰਿਆਂ ਨੂੰ ਹੱਲਾਸ਼ੇਰੀ ਦੀ ਲੋੜ ਹੈ

4. ਕਿਨ੍ਹਾਂ ਨੂੰ ਹੌਸਲੇ ਦੀ ਲੋੜ ਹੈ, ਪਰ ਕਿਸ ਵਜ੍ਹਾ ਕਰਕੇ ਲੋਕ ਅੱਜ ਇਕ-ਦੂਜੇ ਨੂੰ ਹੌਸਲਾ ਨਹੀਂ ਦਿੰਦੇ?

4 ਸਾਨੂੰ ਸਾਰਿਆਂ ਨੂੰ ਹੀ ਹੌਸਲੇ ਦੀ ਲੋੜ ਹੈ, ਪਰ ਖ਼ਾਸ ਕਰਕੇ ਬੱਚਿਆਂ ਨੂੰ ਜਦੋਂ ਉਹ ਵੱਡੇ ਹੋ ਰਹੇ ਹੁੰਦੇ ਹਨ। ਟਿਮਥੀ ਐਵਨਜ਼ ਨਾਂ ਦਾ ਸਿੱਖਿਅਕ ਕਹਿੰਦਾ ਹੈ: ‘ਜਿੱਦਾਂ ਪੌਦੇ ਨੂੰ ਪਾਣੀ ਦੀ ਲੋੜ ਹੁੰਦੀ ਹੈ, ਉੱਦਾਂ ਹੀ ਬੱਚੇ ਨੂੰ ਹੌਸਲੇ ਦੀ ਲੋੜ ਹੁੰਦੀ ਹੈ। ਹੌਸਲਾ ਮਿਲਣ ’ਤੇ ਬੱਚਿਆਂ ਨੂੰ ਬਹੁਤ ਚੰਗਾ ਲੱਗਦਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੁੰਦਾ ਹੈ ਕਿ ਦੂਸਰੇ ਉਨ੍ਹਾਂ ਦੀ ਕਦਰ ਕਰਦੇ ਹਨ।’ ਪਰ ਇਨ੍ਹਾਂ ਮੁਸੀਬਤਾਂ ਭਰੇ ਦਿਨਾਂ ਵਿਚ ਲੋਕ ਸੁਆਰਥੀ ਤੇ ਨਿਰਮੋਹੀ ਹਨ ਅਤੇ ਕੋਈ ਕਿਸੇ ਨੂੰ ਹੌਸਲਾ ਨਹੀਂ ਦਿੰਦਾ। (2 ਤਿਮੋ. 3:1-5) ਕੁਝ ਮਾਪੇ ਆਪਣੇ ਬੱਚਿਆਂ ਨੂੰ ਕਦੀ ਸ਼ਾਬਾਸ਼ੀ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਕਦੀ ਸ਼ਾਬਾਸ਼ੀ ਨਹੀਂ ਦਿੱਤੀ ਹੁੰਦੀ। ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੂੰ ਕੰਮ ਦੀ ਥਾਂ ’ਤੇ ਸ਼ਾਬਾਸ਼ੀ ਨਹੀਂ ਦਿੱਤੀ ਜਾਂਦੀ।

5. ਹੌਸਲਾ ਦੇਣ ਦੇ ਕਿਹੜੇ ਤਰੀਕੇ ਹਨ?

5 ਹੌਸਲਾ ਦੇਣ ਦੇ ਬਹੁਤ ਸਾਰੇ ਤਰੀਕੇ ਹਨ। ਮਿਸਾਲ ਲਈ, ਅਸੀਂ ਕਿਸੇ ਦੇ ਚੰਗੇ ਕੰਮਾਂ ਜਾਂ ਗੁਣਾਂ ਦੀ ਤਾਰੀਫ਼ ਕਰ ਸਕਦੇ ਹਾਂ। ਨਾਲੇ ਅਸੀਂ ‘ਨਿਰਾਸ਼ ਲੋਕਾਂ ਨੂੰ ਵੀ ਦਿਲਾਸਾ’ ਦੇ ਸਕਦੇ ਹਾਂ। (1 ਥੱਸ. 5:14) ਬਾਈਬਲ ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਹੱਲਾਸ਼ੇਰੀ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ, “ਕਿਸੇ ਨੂੰ ਆਪਣੀ ਮਦਦ ਲਈ ਬੁਲਾਉਣਾ।” ਭੈਣਾਂ-ਭਰਾਵਾਂ ਨਾਲ ਮਿਲ ਕੇ ਪਰਮੇਸ਼ੁਰ ਦੀ ਸੇਵਾ ਕਰਦਿਆਂ ਸਾਡੇ ਕੋਲ ਉਨ੍ਹਾਂ ਨੂੰ ਹੌਸਲਾ ਦੇਣ ਦੇ ਕਈ ਮੌਕੇ ਹੁੰਦੇ ਹਨ। (ਉਪਦੇਸ਼ਕ ਦੀ ਪੋਥੀ 4:9, 10 ਪੜ੍ਹੋ।) ਕੀ ਅਸੀਂ ਕਿਸੇ ਢੁਕਵੇਂ ਮੌਕੇ ਦਾ ਲਾਹਾ ਲੈਂਦਿਆਂ ਆਪਣੇ ਭੈਣਾਂ-ਭਰਾਵਾਂ ਨੂੰ ਕਹਿੰਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਉਹ ਸਾਡੇ ਲਈ ਬਹੁਤ ਅਨਮੋਲ ਹਨ? ਪਰ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਇਸ ਆਇਤ ਬਾਰੇ ਸੋਚੋ: “ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ!”​—ਕਹਾ. 15:23.

6. ਸ਼ੈਤਾਨ ਸਾਨੂੰ ਨਿਰਾਸ਼ ਕਰਨ ’ਤੇ ਕਿਉਂ ਤੁਲਿਆ ਹੋਇਆ ਹੈ? ਮਿਸਾਲ ਦਿਓ।

6 ਸ਼ੈਤਾਨ ਸਾਡਾ ਹੌਸਲਾ ਢਾਹੁਣ ’ਤੇ ਤੁਲਿਆ ਹੋਇਆ ਹੈ। ਉਸ ਨੂੰ ਪਤਾ ਹੈ ਕਿ ਨਿਰਾਸ਼ਾ ਕਰਕੇ ਅਸੀਂ ਪਰਮੇਸ਼ੁਰ ਦੇ ਕੰਮਾਂ ਵਿਚ ਠੰਢੇ ਪੈ ਸਕਦੇ ਹਾਂ ਅਤੇ ਅਸੀਂ ਹੋਰ ਵੀ ਕਈ ਤਰੀਕਿਆਂ ਨਾਲ ਕਮਜ਼ੋਰ ਹੋ ਸਕਦੇ ਹਾਂ। ਕਹਾਉਤਾਂ 24:10 ਵਿਚ ਲਿਖਿਆ ਹੈ: “ਜੇ ਤੂੰ ਬਿਪਤਾ ਦੇ ਦਿਨ ਢਿੱਲਾ ਪੈ ਜਾਵੇਂ, ਤਾਂ ਤੇਰਾ ਬਲ ਘੱਟ ਹੈ।” ਧਰਮੀ ਅੱਯੂਬ ਨੂੰ ਨਿਰਾਸ਼ ਕਰਨ ਲਈ ਸ਼ੈਤਾਨ ਨੇ ਉਸ ਉੱਤੇ ਕਸ਼ਟ ਲਿਆਂਦੇ ਅਤੇ ਝੂਠੇ ਇਲਜ਼ਾਮ ਲਾਏ। ਪਰ ਉਸ ਦੀ ਇਹ ਘਿਣਾਉਣੀ ਸਾਜ਼ਸ਼ ਨਾਕਾਮ ਰਹੀ। (ਅੱਯੂਬ 2:3; 22:3; 27:5) ਪਰਿਵਾਰ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਦੇਣ ਨਾਲ ਅਸੀਂ ਸ਼ੈਤਾਨ ਦੀਆਂ ਚਾਲਾਂ ਨੂੰ ਨਾਕਾਮ ਕਰ ਸਕਦੇ ਹਾਂ। ਇੱਦਾਂ ਕਰਨ ਨਾਲ ਅਸੀਂ ਆਪਣੇ ਘਰਾਂ ਅਤੇ ਕਿੰਗਡਮ ਹਾਲਾਂ ਦਾ ਮਾਹੌਲ ਅਜਿਹਾ ਬਣਾ ਸਕਾਂਗੇ ਜਿੱਥੇ ਸਾਨੂੰ ਖ਼ੁਸ਼ੀ ਤੇ ਪਿਆਰ ਮਿਲੇਗਾ। ਨਾਲੇ ਅਸੀਂ ਯਹੋਵਾਹ ਦੇ ਨੇੜੇ ਰਹਿ ਸਕਾਂਗੇ।

ਉਨ੍ਹਾਂ ਨੇ ਦੂਜਿਆਂ ਨੂੰ ਹੌਸਲਾ ਦਿੱਤਾ

7, 8. (ੳ) ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਹੌਸਲਾ ਦੇਣ ਨੂੰ ਜ਼ਰੂਰੀ ਗੱਲ ਸਮਝਦਾ ਹੈ? (ਅ) ਮਾਪੇ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

7 ਯਹੋਵਾਹ। ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: ‘ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਨੂੰ ਬਚਾਉਂਦਾ ਹੈ।’ (ਜ਼ਬੂ. 34:18) ਜਦੋਂ ਯਿਰਮਿਯਾਹ ਡਰਿਆ ਅਤੇ ਨਿਰਾਸ਼ ਸੀ, ਤਾਂ ਯਹੋਵਾਹ ਨੇ ਇਸ ਵਫ਼ਾਦਾਰ ਨਬੀ ਦਾ ਭਰੋਸਾ ਵਧਾਇਆ। (ਯਿਰ. 1:6-10) ਜ਼ਰਾ ਸੋਚੋ ਕਿ ਬੁੱਢੇ ਦਾਨੀਏਲ ਨਬੀ ਦਾ ਭਰੋਸਾ ਵੀ ਕਿੰਨਾ ਵਧਿਆ ਹੋਣਾ ਜਦੋਂ ਯਹੋਵਾਹ ਨੇ ਦੂਤ ਰਾਹੀਂ ਉਸ ਨੂੰ ਹੌਸਲਾ ਦਿੱਤਾ। ਉਸ ਦੂਤ ਨੇ ਦਾਨੀਏਲ ਨੂੰ ‘ਅੱਤ ਪਿਆਰਾ ਮਨੁੱਖ’ ਆਖਿਆ। (ਦਾਨੀ. 10:8, 11, 18, 19) ਇਸੇ ਤਰ੍ਹਾਂ ਕੀ ਤੁਸੀਂ ਵੀ ਪ੍ਰਚਾਰਕਾਂ, ਪਾਇਨੀਅਰਾਂ ਅਤੇ ਬਜ਼ੁਰਗ ਭੈਣਾਂ-ਭਰਾਵਾਂ ਦਾ ਹੌਸਲਾ ਵਧਾ ਸਕਦੇ ਹੋ ਜੋ ਹੌਸਲਾ ਹਾਰ ਰਹੇ ਹਨ?

8 ਭਾਵੇਂ ਯਿਸੂ ਅਤੇ ਯਹੋਵਾਹ ਨੇ ਸਦੀਆਂ ਤਕ ਇਕੱਠੇ ਕੰਮ ਕੀਤਾ, ਫਿਰ ਵੀ ਯਹੋਵਾਹ ਨੇ ਇਹ ਨਹੀਂ ਸੋਚਿਆ ਕਿ ਉਸ ਦੇ ਪੁੱਤਰ ਨੂੰ ਧਰਤੀ ’ਤੇ ਹੁੰਦਿਆਂ ਸ਼ਾਬਾਸ਼ੀ ਅਤੇ ਹੌਸਲੇ ਦੀ ਲੋੜ ਨਹੀਂ ਸੀ। ਇਸ ਦੀ ਬਜਾਇ, ਉਸ ਨੇ ਯਿਸੂ ਨੂੰ ਦੋ ਵਾਰ ਸਵਰਗੋਂ ਕਿਹਾ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।” (ਮੱਤੀ 3:17; 17:5) ਇਸ ਤਰ੍ਹਾਂ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸ਼ਾਬਾਸ਼ੀ ਦਿੱਤੀ ਅਤੇ ਉਸ ਦਾ ਭਰੋਸਾ ਵਧਾਇਆ ਕਿ ਉਹ ਬਹੁਤ ਵਧੀਆ ਕੰਮ ਕਰ ਰਿਹਾ ਸੀ। ਯਿਸੂ ਨੇ ਆਪਣੇ ਪਿਤਾ ਦੇ ਮੂੰਹੋਂ ਇਹ ਗੱਲ ਆਪਣੀ ਸੇਵਕਾਈ ਦੀ ਸ਼ੁਰੂਆਤ ਵੇਲੇ ਅਤੇ ਆਪਣੀ ਸੇਵਕਾਈ ਦੇ ਆਖ਼ਰੀ ਸਾਲ ਦੌਰਾਨ ਸੁਣੀ। ਆਪਣੇ ਪਿਤਾ ਦੀ ਇਹ ਗੱਲ ਸੁਣ ਕੇ ਉਸ ਨੂੰ ਜ਼ਰੂਰ ਹੌਸਲਾ ਮਿਲਿਆ ਹੋਣਾ। ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਉਦੋਂ ਵੀ ਯਹੋਵਾਹ ਨੇ ਦੂਤ ਭੇਜ ਕੇ ਯਿਸੂ ਨੂੰ ਹੌਸਲਾ ਦਿੱਤਾ। (ਲੂਕਾ 22:43) ਮਾਪਿਓ, ਆਓ ਆਪਾਂ ਯਹੋਵਾਹ ਦੀ ਰੀਸ ਕਰਦਿਆਂ ਆਪਣੇ ਬੱਚਿਆ ਦਾ ਹੌਸਲਾ ਵਧਾਉਂਦੇ ਰਹੀਏ ਅਤੇ ਉਨ੍ਹਾਂ ਦੇ ਵਧੀਆ ਕੰਮਾਂ ਲਈ ਉਨ੍ਹਾਂ ਨੂੰ ਸ਼ਾਬਾਸ਼ੀ ਦਿੰਦੇ ਰਹੀਏ। ਨਾਲੇ ਜੇਕਰ ਬੱਚੇ ਹਰ ਰੋਜ਼ ਸਕੂਲ ਵਿਚ ਆਪਣੀ ਨਿਹਚਾ ਕਰਕੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਹੇ ਹਨ, ਤਾਂ ਉਨ੍ਹਾਂ ਦੀ ਹੋਰ ਵੀ ਮਦਦ ਕਰੀਏ।

9. ਯਿਸੂ ਦੇ ਆਪਣੇ ਰਸੂਲਾਂ ਨਾਲ ਪੇਸ਼ ਆਉਣ ਦੇ ਤਰੀਕੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

9 ਯਿਸੂ। ਯਿਸੂ ਨੇ ਜਿਸ ਰਾਤ ਪ੍ਰਭੂ ਦੇ ਭੋਜਨ ਦੀ ਰੀਤ ਸ਼ੁਰੂ ਕੀਤੀ, ਉਸ ਰਾਤ ਉਸ ਨੇ ਆਪਣੇ ਰਸੂਲਾਂ ਵਿਚ ਘਮੰਡ ਦੇਖਿਆ। ਯਿਸੂ ਨੇ ਨਿਮਰਤਾ ਦਿਖਾਉਂਦਿਆਂ ਉਨ੍ਹਾਂ ਦੇ ਪੈਰ ਧੋਤੇ, ਪਰ ਉਹ ਫਿਰ ਵੀ ਆਪਸ ਵਿਚ ਬਹਿਸ ਕਰ ਰਹੇ ਸਨ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਸੀ। ਪਤਰਸ ਨੂੰ ਆਪਣੇ ਆਪ ’ਤੇ ਕੁਝ ਜ਼ਿਆਦਾ ਹੀ ਭਰੋਸਾ ਸੀ। (ਲੂਕਾ 22:24, 33, 34) ਪਰ ਵਫ਼ਾਦਾਰ ਰਸੂਲਾਂ ਨੇ ਅਜ਼ਮਾਇਸ਼ਾਂ ਦੌਰਾਨ ਯਿਸੂ ਦਾ ਸਾਥ ਨਿਭਾਇਆ। ਇਸ ਗੱਲ ਕਰਕੇ ਯਿਸੂ ਨੇ ਉਨ੍ਹਾਂ ਦੀ ਤਾਰੀਫ਼ ਕੀਤੀ। ਨਾਲੇ ਯਿਸੂ ਨੇ ਕਿਹਾ ਕਿ ਉਹ ਉਸ ਤੋਂ ਵੀ ਵੱਡੇ-ਵੱਡੇ ਕੰਮ ਕਰਨਗੇ ਅਤੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਪਰਮੇਸ਼ੁਰ ਉਨ੍ਹਾਂ ਨੂੰ ਪਿਆਰ ਕਰਦਾ ਹੈ। (ਲੂਕਾ 22:28; ਯੂਹੰ. 14:12; 16:27) ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਕੀ ਮੈਨੂੰ ਆਪਣੇ ਬੱਚਿਆਂ ਅਤੇ ਹੋਰਨਾਂ ਦੀਆਂ ਕਮੀਆਂ-ਕਮਜ਼ੋਰੀਆਂ ’ਤੇ ਧਿਆਨ ਲਾਉਣ ਦੀ ਬਜਾਇ ਉਨ੍ਹਾਂ ਦੇ ਚੰਗੇ ਕੰਮਾਂ ਦੀ ਤਾਰੀਫ਼ ਕਰ ਕੇ ਯਿਸੂ ਦੀ ਰੀਸ ਨਹੀਂ ਕਰਨੀ ਚਾਹੀਦੀ?’

10, 11. ਪੌਲੁਸ ਰਸੂਲ ਨੇ ਕਿਵੇਂ ਦਿਖਾਇਆ ਕਿ ਉਸ ਲਈ ਦੂਸਰਿਆਂ ਨੂੰ ਹੱਲਾਸ਼ੇਰੀ ਦੇਣੀ ਜ਼ਰੂਰੀ ਗੱਲ ਸੀ?

10 ਪੌਲੁਸ ਰਸੂਲ। ਆਪਣੀਆਂ ਚਿੱਠੀਆਂ ਵਿਚ ਪੌਲੁਸ ਨੇ ਮਸੀਹੀ ਭੈਣਾਂ-ਭਰਾਵਾਂ ਦੀ ਤਾਰੀਫ਼ ਕੀਤੀ। ਉਸ ਨੇ ਇਨ੍ਹਾਂ ਵਿੱਚੋਂ ਕਈ ਭੈਣਾਂ-ਭਰਾਵਾਂ ਨਾਲ ਸਾਲਾਂ ਤਕ ਸਫ਼ਰ ਕੀਤਾ ਸੀ ਅਤੇ ਬਿਨਾਂ ਸ਼ੱਕ ਉਸ ਨੂੰ ਇਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਬਾਰੇ ਪਤਾ ਸੀ। ਪਰ ਉਸ ਨੇ ਇਨ੍ਹਾਂ ਬਾਰੇ ਚੰਗੀਆਂ ਗੱਲਾਂ ਕਹੀਆਂ। ਮਿਸਾਲ ਲਈ, ਪੌਲੁਸ ਨੇ ਤਿਮੋਥਿਉਸ ਬਾਰੇ ਕਿਹਾ ਕਿ “ਮਸੀਹ ਦੀ ਸੇਵਾ ਵਿਚ ਉਹ ਮੇਰਾ ਪਿਆਰਾ ਤੇ ਵਫ਼ਾਦਾਰ ਬੱਚਾ ਹੈ” ਅਤੇ ਉਸ ਵਰਗਾ ਹੋਰ ਕੋਈ ਨਹੀਂ ਹੈ ਜੋ ਸੱਚੇ ਦਿਲੋਂ ਮਸੀਹੀਆਂ ਦਾ ਫ਼ਿਕਰ ਕਰਦਾ ਹੈ। (1 ਕੁਰਿੰ. 4:17; ਫ਼ਿਲਿ. 2:19, 20) ਪੌਲੁਸ ਨੇ ਤੀਤੁਸ ਬਾਰੇ ਕੁਰਿੰਥੁਸ ਦੀ ਮੰਡਲੀ ਨੂੰ ਕਿਹਾ ਕਿ ਉਹ “ਮੇਰਾ ਸਾਥੀ ਹੈ ਅਤੇ ਮੇਰੇ ਨਾਲ ਮਿਲ ਕੇ ਤੁਹਾਡੇ ਭਲੇ ਲਈ ਕੰਮ ਕਰਦਾ ਹੈ।” (2 ਕੁਰਿੰ. 8:22, 23) ਤਿਮੋਥਿਉਸ ਅਤੇ ਤੀਤੁਸ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੌਲੁਸ ਉਨ੍ਹਾਂ ਬਾਰੇ ਕਿੰਨਾ ਚੰਗਾ ਸੋਚਦਾ ਸੀ!

11 ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਥਾਵਾਂ ’ਤੇ ਦੁਬਾਰਾ ਜਾ ਕੇ ਆਪਣੀਆਂ ਜਾਨਾਂ ਖ਼ਤਰੇ ਵਿਚ ਪਾਈਆਂ ਜਿੱਥੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਮਾਰਿਆ-ਕੁੱਟਿਆ ਗਿਆ ਸੀ। ਮਿਸਾਲ ਲਈ, ਭਾਵੇਂ ਉਨ੍ਹਾਂ ਨੂੰ ਲੁਸਤ੍ਰਾ ਵਿਚ ਸਖ਼ਤ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਿਆ, ਪਰ ਉਹ ਦੁਬਾਰਾ ਉੱਥੇ ਗਏ ਅਤੇ ਨਵੇਂ ਬਣੇ ਚੇਲਿਆਂ ਨੂੰ ਵਫ਼ਾਦਾਰ ਰਹਿਣ ਦੀ ਹੱਲਾਸ਼ੇਰੀ ਦਿੱਤੀ। (ਰਸੂ. 14:19-22) ਪੌਲੁਸ ਨੇ ਅਫ਼ਸੁਸ ਵਿਚ ਇਕ ਗੁੱਸੇ ਵਿਚ ਭੜਕੀ ਭੀੜ ਦਾ ਸਾਮ੍ਹਣਾ ਕੀਤਾ। ਰਸੂਲਾਂ ਦੇ ਕੰਮ 20:1, 2 ਕਹਿੰਦਾ ਹੈ: “ਜਦੋਂ ਰੌਲ਼ਾ-ਰੱਪਾ ਖ਼ਤਮ ਹੋ ਗਿਆ, ਤਾਂ ਪੌਲੁਸ ਨੇ ਚੇਲਿਆਂ ਨੂੰ ਸੱਦ ਕੇ ਹੱਲਾਸ਼ੇਰੀ ਦਿੱਤੀ। ਫਿਰ ਉਨ੍ਹਾਂ ਨੂੰ ਅਲਵਿਦਾ ਕਹਿ ਕੇ ਮਕਦੂਨੀਆ ਜਾਣ ਲਈ ਤੁਰ ਪਿਆ। ਮਕਦੂਨੀਆ ਦੇ ਇਲਾਕਿਆਂ ਵਿੱਚੋਂ ਦੀ ਲੰਘਦੇ ਹੋਏ ਉਸ ਨੇ ਚੇਲਿਆਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਹੌਸਲਾ ਦਿੱਤਾ ਅਤੇ ਉਹ ਯੂਨਾਨ ਵਿਚ ਆ ਗਿਆ।” ਸੋ ਪੌਲੁਸ ਲਈ ਦੂਜਿਆਂ ਨੂੰ ਹੱਲਾਸ਼ੇਰੀ ਦੇਣੀ ਬਹੁਤ ਹੀ ਜ਼ਰੂਰੀ ਗੱਲ ਸੀ।

ਦੂਜਿਆਂ ਨੂੰ ਹੌਸਲਾ ਦਿਓ

12. ਅਸੀਂ ਸਭਾਵਾਂ ਵਿਚ ਇਕ-ਦੂਜੇ ਦਾ ਹੌਸਲਾ ਕਿਵੇਂ ਵਧਾ ਸਕਦੇ ਹਾਂ?

12 ਹਰ ਹਫ਼ਤੇ ਸਭਾਵਾਂ ਦਾ ਪ੍ਰਬੰਧ ਕਰਨ ਦਾ ਇਕ ਕਾਰਨ ਇਹ ਹੈ ਕਿ ਸਾਡਾ ਸਵਰਗੀ ਪਿਤਾ ਚਾਹੁੰਦਾ ਹੈ ਕਿ ਅਸੀਂ ਇਕ-ਦੂਜੇ ਨੂੰ ਹੱਲਾਸ਼ੇਰੀ ਦੇਈਏ। (ਇਬਰਾਨੀਆਂ 10:24, 25 ਪੜ੍ਹੋ।) ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ ਵੀ ਸਿੱਖਣ ਅਤੇ ਇਕ-ਦੂਜੇ ਤੋਂ ਹੱਲਾਸ਼ੇਰੀ ਪਾਉਣ ਲਈ ਇਕੱਠੇ ਹੁੰਦੇ ਹਾਂ। (1 ਕੁਰਿੰ. 14:31) ਕ੍ਰਿਸਟੀਨਾ, ਜਿਸ ਦਾ ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਕਹਿੰਦੀ ਹੈ: “ਮੈਨੂੰ ਸਭਾਵਾਂ ਦੀ ਸਭ ਤੋਂ ਵਧੀਆ ਗੱਲ ਇਹ ਲੱਗਦੀ ਹੈ ਕਿ ਮੈਨੂੰ ਭੈਣਾਂ-ਭਰਾਵਾਂ ਤੋਂ ਪਿਆਰ ਅਤੇ ਹੌਸਲਾ ਮਿਲਦਾ ਹੈ। ਮੈਂ ਕਦੀ-ਕਦੀ ਨਿਰਾਸ਼ ਹੋਣ ਦੇ ਬਾਵਜੂਦ ਵੀ ਸਭਾਵਾਂ ਵਿਚ ਚਲੀ ਜਾਂਦੀ ਹਾਂ। ਪਰ ਜਦੋਂ ਮੈਂ ਉੱਥੇ ਪਹੁੰਚਦੀ ਹਾਂ, ਤਾਂ ਭੈਣਾਂ ਮੇਰੇ ਕੋਲ ਆਉਂਦੀਆਂ ਹਨ ਅਤੇ ਮੈਨੂੰ ਜੱਫੀ ਪਾ ਕੇ ਕਹਿੰਦੀਆਂ ਹਨ ਕਿ ਮੈਂ ਸੋਹਣੀ ਲੱਗ ਰਹੀ ਹਾਂ। ਨਾਲੇ ਉਹ ਮੈਨੂੰ ਕਹਿੰਦੀਆਂ ਹਨ ਕਿ ਉਹ ਮੈਨੂੰ ਬਹੁਤ ਪਿਆਰ ਕਰਦੀਆਂ ਹਨ ਅਤੇ ਸੱਚਾਈ ਵਿਚ ਮੇਰੀ ਤਰੱਕੀ ਦੇਖ ਕੇ ਬਹੁਤ ਖ਼ੁਸ਼ ਹਨ। ਉਨ੍ਹਾਂ ਦੀਆਂ ਗੱਲਾਂ ਤੋਂ ਮੈਨੂੰ ਬਹੁਤ ਹੱਲਾਸ਼ੇਰੀ ਮਿਲਦੀ ਹੈ।” ਵਾਕਈ, ਅਸੀਂ ਸਾਰੇ ਇਕ-ਦੂਜੇ ਦਾ “ਹੌਸਲਾ” ਵਧਾ ਕੇ ਕਿੰਨੇ ਤਰੋ-ਤਾਜ਼ਾ ਮਹਿਸੂਸ ਕਰਦੇ ਹਾਂ!​—ਰੋਮੀ. 1:11, 12.

13. ਪਰਮੇਸ਼ੁਰ ਦੇ ਤਜਰਬੇਕਾਰ ਸੇਵਕਾਂ ਨੂੰ ਹੱਲਾਸ਼ੇਰੀ ਦੀ ਲੋੜ ਕਿਉਂ ਹੁੰਦੀ ਹੈ?

13 ਪਰਮੇਸ਼ੁਰ ਦੇ ਤਜਰਬੇਕਾਰ ਸੇਵਕਾਂ ਨੂੰ ਵੀ ਹੱਲਾਸ਼ੇਰੀ ਦੀ ਲੋੜ ਹੁੰਦੀ ਹੈ। ਮਿਸਾਲ ਲਈ, ਯਹੋਸ਼ੁਆ ਬਾਰੇ ਸੋਚੋ। ਚਾਹੇ ਉਸ ਨੇ ਕਈ ਸਾਲਾਂ ਤਕ ਪਰਮੇਸ਼ੁਰ ਦੀ ਸੇਵਾ ਵਫ਼ਾਦਾਰੀ ਨਾਲ ਕੀਤੀ, ਫਿਰ ਵੀ ਯਹੋਵਾਹ ਨੇ ਮੂਸਾ ਨੂੰ ਕਿਹਾ ਕਿ ਉਹ ਯਹੋਸ਼ੁਆ ਨੂੰ ਹੱਲਾਸ਼ੇਰੀ ਦੇਵੇ: “ਯਹੋਸ਼ੁਆ ਨੂੰ ਹੁਕਮ ਦੇਹ ਅਤੇ ਉਹ ਨੂੰ ਤਕੜਾ ਕਰ ਅਤੇ ਬਲ ਦੇਹ ਕਿਉਂ ਜੋ ਉਹ ਏਸ ਪਰਜਾ ਦੇ ਅੱਗੇ ਪਾਰ ਲੰਘੇਗਾ ਅਤੇ ਉਹ ਉਨ੍ਹਾਂ ਨੂੰ ਉਹ ਧਰਤੀ ਜਿਹੜੀ ਤੂੰ ਵੇਖੇਂਗਾ ਮਿਲਖ ਕਰਕੇ ਦੁਆਵੇਗਾ।” (ਬਿਵ. 3:27, 28) ਯਹੋਸ਼ੁਆ ਨੂੰ ਇਜ਼ਰਾਈਲੀਆਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਲਿਜਾਣ ਦੀ ਬਹੁਤ ਹੀ ਭਾਰੀ ਜ਼ਿੰਮੇਵਾਰੀ ਮਿਲਣ ਵਾਲੀ ਸੀ। ਉਸ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਣਾ ਸੀ ਅਤੇ ਘੱਟੋ-ਘੱਟ ਇਕ ਲੜਾਈ ਵਿਚ ਹਾਰ ਦਾ ਮੂੰਹ ਦੇਖਣਾ ਪੈਣਾ ਸੀ। (ਯਹੋ. 7:1-9) ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਸ ਨੂੰ ਵੀ ਹੱਲਾਸ਼ੇਰੀ ਅਤੇ ਹਿੰਮਤ ਦੀ ਲੋੜ ਸੀ। ਸੋ ਆਓ ਅਸੀਂ ਮੰਡਲੀ ਦੇ ਬਜ਼ੁਰਗਾਂ ਅਤੇ ਸਫ਼ਰੀ ਨਿਗਾਹਬਾਨਾਂ ਨੂੰ ਹੱਲਾਸ਼ੇਰੀ ਦੇਈਏ ਜੋ ਪਰਮੇਸ਼ੁਰ ਦੇ ਝੁੰਡ ਦੀ ਦੇਖ-ਭਾਲ ਕਰਨ ਵਿਚ ਸਖ਼ਤ ਮਿਹਨਤ ਕਰਦੇ ਹਨ। (1 ਥੱਸਲੁਨੀਕੀਆਂ 5:12, 13 ਪੜ੍ਹੋ।) ਇਕ ਸਫ਼ਰੀ ਨਿਗਾਹਬਾਨ ਦੱਸਦਾ ਹੈ: “ਕਈ ਵਾਰ ਭੈਣ-ਭਰਾ ਸਾਨੂੰ ਧੰਨਵਾਦ ਕਰਨ ਲਈ ਛੋਟੀਆਂ-ਛੋਟੀਆਂ ਚਿੱਠੀਆਂ ਲਿਖਦੇ ਹਨ ਕਿ ਉਨ੍ਹਾਂ ਨੇ ਸਾਡੇ ਦੌਰੇ ਦਾ ਕਿੰਨਾ ਆਨੰਦ ਮਾਣਿਆ। ਅਸੀਂ ਇਨ੍ਹਾਂ ਚਿੱਠੀਆਂ ਨੂੰ ਸੰਭਾਲ ਕੇ ਰੱਖਦੇ ਹਾਂ। ਜਦੋਂ ਅਸੀਂ ਬਹੁਤ ਨਿਰਾਸ਼ ਹੁੰਦੇ ਹਾਂ, ਤਾਂ ਅਸੀਂ ਇਨ੍ਹਾਂ ਨੂੰ ਕੱਢ ਕੇ ਪੜ੍ਹਦੇ ਹਾਂ। ਇਨ੍ਹਾਂ ਨੂੰ ਪੜ੍ਹ ਕੇ ਸਾਨੂੰ ਬਹੁਤ ਹੱਲਾਸ਼ੇਰੀ ਮਿਲਦੀ ਹੈ।”

ਮਾਪਿਆਂ ਵੱਲੋਂ ਦਿੱਤੀ ਹੱਲਾਸ਼ੇਰੀ ਕਰਕੇ ਬੱਚਿਆਂ ਦੀ ਜ਼ਿੰਦਗੀ ’ਤੇ ਚੰਗਾ ਅਸਰ ਪੈਂਦਾ ਹੈ (ਪੈਰਾ 14 ਦੇਖੋ)

14. ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਜੇ ਕਿਸੇ ਨੂੰ ਸਲਾਹ ਦੇਣ ਦੇ ਨਾਲ-ਨਾਲ ਉਸ ਦੀ ਤਾਰੀਫ਼ ਵੀ ਕੀਤੀ ਜਾਵੇ, ਤਾਂ ਉਹ ਸਲਾਹ ਨੂੰ ਦਿਲੋਂ ਕਬੂਲ ਕਰੇਗਾ?

14 ਮੰਡਲੀ ਦੇ ਬਜ਼ੁਰਗਾਂ ਅਤੇ ਮਾਪਿਆਂ ਨੇ ਇਹ ਗੱਲ ਅਜ਼ਮਾ ਕੇ ਦੇਖੀ ਹੈ ਕਿ ਜੇ ਕਿਸੇ ਨੂੰ ਸਲਾਹ ਦੇਣ ਦੇ ਨਾਲ-ਨਾਲ ਉਸ ਦੀ ਤਾਰੀਫ਼ ਵੀ ਕੀਤੀ ਜਾਵੇ, ਤਾਂ ਉਹ ਵਿਅਕਤੀ ਸਲਾਹ ਨੂੰ ਦਿਲੋਂ ਕਬੂਲ ਕਰੇਗਾ। ਪੌਲੁਸ ਨੇ ਕੁਰਿੰਥੀਆਂ ਦੇ ਮਸੀਹੀਆਂ ਦੀ ਤਾਰੀਫ਼ ਕੀਤੀ ਕਿ ਉਨ੍ਹਾਂ ਨੇ ਉਸ ਦੀ ਸਲਾਹ ਮੰਨੀ। ਇਸ ਕਰਕੇ ਉਨ੍ਹਾਂ ਨੂੰ ਸਹੀ ਰਾਹ ’ਤੇ ਚੱਲਦੇ ਰਹਿਣ ਦਾ ਜ਼ਰੂਰ ਹੌਸਲਾ ਮਿਲਿਆ ਹੋਣਾ। (2 ਕੁਰਿੰ. 7:8-11) ਦੋ ਬੱਚਿਆਂ ਦਾ ਪਿਤਾ ਆਂਡ੍ਰੈਅਸ ਕਹਿੰਦਾ ਹੈ: “ਤੁਹਾਡੇ ਹੌਸਲੇ ਭਰੇ ਸ਼ਬਦ ਬੱਚਿਆਂ ਦੀ ਯਹੋਵਾਹ ਦੇ ਹੋਰ ਨੇੜੇ ਜਾਣ ਅਤੇ ਸਮਝਦਾਰ ਬਣਨ ਵਿਚ ਮਦਦ ਕਰ ਸਕਦੇ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਤੁਹਾਡੀ ਸਲਾਹ ਦਿਲੋਂ ਮੰਨਣ, ਤਾਂ ਸਲਾਹ ਦੇ ਨਾਲ-ਨਾਲ ਉਨ੍ਹਾਂ ਦੀ ਤਾਰੀਫ਼ ਵੀ ਕਰੋ। ਭਾਵੇਂ ਸਾਡੇ ਬੱਚਿਆਂ ਨੂੰ ਪਤਾ ਹੈ ਕਿ ਕੀ ਸਹੀ ਹੈ, ਪਰ ਲਗਾਤਾਰ ਹੌਸਲਾ ਮਿਲਣ ਕਰਕੇ ਸਹੀ ਕੰਮ ਕਰਨੇ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ।”

ਹੌਸਲਾ ਦੇਣ ਦੇ ਤਰੀਕੇ

15. ਅਸੀਂ ਕਿਹੜੇ ਤਰੀਕੇ ਨਾਲ ਦੂਜਿਆਂ ਨੂੰ ਹੌਸਲਾ ਦੇ ਸਕਦੇ ਹਾਂ?

15 ਭੈਣਾਂ-ਭਰਾਵਾਂ ਦੀਆਂ ਕੋਸ਼ਿਸ਼ਾਂ ਅਤੇ ਗੁਣਾਂ ਦੀ ਤਾਰੀਫ਼ ਕਰੋ। (2 ਇਤ. 16:9; ਅੱਯੂ. 1:8) ਭਾਵੇਂ ਅਸੀਂ ਆਪਣੇ ਹਾਲਾਤਾਂ ਕਰਕੇ ਰਾਜ ਦੇ ਕੰਮਾਂ ਵਿਚ ਜ਼ਿਆਦਾ ਹਿੱਸਾ ਨਹੀਂ ਲੈ ਸਕਦੇ ਹਾਂ ਜਾਂ ਸਿਰਫ਼ ਥੋੜ੍ਹਾ-ਬਹੁਤਾ ਹੀ ਦਾਨ ਦੇ ਸਕਦੇ ਹਾਂ, ਫਿਰ ਵੀ ਯਹੋਵਾਹ ਅਤੇ ਯਿਸੂ ਸਾਡੀਆਂ ਕੋਸ਼ਿਸ਼ਾਂ ਦੀ ਬਹੁਤ ਕਦਰ ਕਰਦੇ ਹਨ। (ਲੂਕਾ 21:1-4; 2 ਕੁਰਿੰਥੀਆਂ 8:12 ਪੜ੍ਹੋ।) ਮਿਸਾਲ ਲਈ, ਸਾਡੇ ਕੁਝ ਸਿਆਣੇ ਭੈਣ-ਭਰਾ ਸਭਾਵਾਂ ਵਿਚ ਆਉਣ, ਇਨ੍ਹਾਂ ਵਿਚ ਹਿੱਸਾ ਲੈਣ ਅਤੇ ਬਿਨਾਂ ਨਾਗਾ ਪ੍ਰਚਾਰ ’ਤੇ ਜਾਣ ਲਈ ਜੱਦੋ-ਜਹਿਦ ਕਰਦੇ ਹਨ। ਕੀ ਸਾਨੂੰ ਉਨ੍ਹਾਂ ਦੀ ਤਾਰੀਫ਼ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੌਸਲਾ ਨਹੀਂ ਦੇਣਾ ਚਾਹੀਦਾ?

16. ਸਾਨੂੰ ਦੂਜਿਆਂ ਨੂੰ ਹੌਸਲਾ ਦੇਣ ਤੋਂ ਪਿੱਛੇ ਕਿਉਂ ਨਹੀਂ ਹਟਣਾ ਚਾਹੀਦਾ?

16 ਹੌਸਲਾ ਦੇਣ ਦੇ ਮੌਕਿਆਂ ਨੂੰ ਹੱਥੋਂ ਨਾ ਜਾਣ ਦਿਓ। ਜੇ ਸਾਨੂੰ ਪਤਾ ਹੈ ਕਿ ਕੋਈ ਤਾਰੀਫ਼ ਦੇ ਲਾਇਕ ਹੈ, ਤਾਂ ਤਾਰੀਫ਼ ਕਰਨ ਤੋਂ ਪਿੱਛੇ ਕਿਉਂ ਹਟੀਏ? ਗੌਰ ਕਰੋ ਕਿ ਉਦੋਂ ਕੀ ਹੋਇਆ ਜਦੋਂ ਪੌਲੁਸ ਅਤੇ ਬਰਨਾਬਾਸ ਪਸੀਦੀਆ ਦੇ ਸ਼ਹਿਰ ਅੰਤਾਕੀਆ ਵਿਚ ਸਨ। ਉੱਥੇ ਦੇ ਸਭਾ ਘਰ ਦੇ ਨਿਗਾਹਬਾਨਾਂ ਨੇ ਉਨ੍ਹਾਂ ਨੂੰ ਕਿਹਾ: “ਭਰਾਵੋ, ਜੇ ਤੁਹਾਡੇ ਕੋਲ ਲੋਕਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਗੱਲਾਂ ਹਨ, ਤਾਂ ਆ ਕੇ ਦੱਸੋ।” ਪੌਲੁਸ ਨੇ ਉਨ੍ਹਾਂ ਦੀ ਗੱਲ ਮੰਨ ਕੇ ਵਧੀਆ ਭਾਸ਼ਣ ਦਿੱਤਾ। (ਰਸੂ. 13:13-16, 42-44) ਜੇ ਸਾਡੇ ਕੋਲ ਕਿਸੇ ਨੂੰ ਹੌਸਲਾ ਦੇਣ ਦਾ ਮੌਕਾ ਹੈ, ਤਾਂ ਚੁੱਪ ਕਿਉਂ ਰਹੀਏ? ਜੇ ਅਸੀਂ ਦੂਸਰਿਆਂ ਨੂੰ ਹੌਸਲਾ ਦੇਣ ਦੀ ਆਦਤ ਪਾਵਾਂਗੇ, ਤਾਂ ਉਹ ਵੀ ਸਾਨੂੰ ਹੌਸਲਾ ਦੇਣਗੇ।​—ਲੂਕਾ 6:38.

17. ਦੂਜਿਆਂ ਦੀ ਤਾਰੀਫ਼ ਕਰਨ ਦਾ ਵਧੀਆ ਤਰੀਕਾ ਕਿਹੜਾ ਹੈ?

17 ਦਿਲੋਂ ਹੌਸਲਾ ਦਿਓ ਅਤੇ ਕੋਈ ਖ਼ਾਸ ਗੱਲ ਦਾ ਜ਼ਿਕਰ ਕਰੋ। ਦੂਜਿਆਂ ਨੂੰ ਹੱਲਾਸ਼ੇਰੀ ਅਤੇ ਸ਼ਾਬਾਸ਼ੀ ਦੇਣੀ ਵਧੀਆ ਗੱਲ ਹੈ। ਪਰ ਹੱਲਾਸ਼ੇਰੀ ਦਿੰਦਿਆਂ ਕਿਸੇ ਖ਼ਾਸ ਗੱਲ ਦਾ ਜ਼ਿਕਰ ਕਰਨਾ ਹੋਰ ਵੀ ਵਧੀਆ ਗੱਲ ਹੈ। ਇਹ ਗੱਲ ਅਸੀਂ ਯਿਸੂ ਦੇ ਥੂਆਤੀਰਾ ਦੇ ਮਸੀਹੀਆਂ ਨੂੰ ਦਿੱਤੇ ਸੰਦੇਸ਼ ਤੋਂ ਦੇਖ ਸਕਦੇ ਹਾਂ। (ਪ੍ਰਕਾਸ਼ ਦੀ ਕਿਤਾਬ 2:18, 19 ਪੜ੍ਹੋ।) ਮਿਸਾਲ ਲਈ, ਮਾਪੇ ਆਪਣੇ ਬੱਚਿਆਂ ਦੀ ਸੱਚਾਈ ਵਿਚ ਤਰੱਕੀ ਕਰਨ ਕਰਕੇ ਤਾਰੀਫ਼ ਕਰ ਸਕਦੇ ਹਨ। ਸ਼ਾਇਦ ਅਸੀਂ ਆਪਣੀ ਮੰਡਲੀ ਵਿਚ ਕਿਸੇ ਇਕੱਲੀ ਮਾਂ ਦੀ ਇਸ ਗੱਲੋਂ ਤਾਰੀਫ਼ ਕਰ ਸਕਦੇ ਹਾਂ ਕਿ ਉਹ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਵੀ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਕਿੰਨੀ ਮਿਹਨਤ ਕਰ ਰਹੀ ਹੈ। ਇਸ ਤਰ੍ਹਾਂ ਦੀ ਸ਼ਾਬਾਸ਼ੀ ਅਤੇ ਹੱਲਾਸ਼ੇਰੀ ਦੇਣ ਦੇ ਬਹੁਤ ਫ਼ਾਇਦੇ ਹੋ ਸਕਦੇ ਹਨ।

18, 19. ਅਸੀਂ ਉਨ੍ਹਾਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ ਜਿਨ੍ਹਾਂ ਨੂੰ ਹੌਸਲੇ ਦੀ ਲੋੜ ਹੈ?

18 ਯਹੋਵਾਹ ਖ਼ੁਦ ਆ ਕੇ ਸਾਨੂੰ ਇਹ ਨਹੀਂ ਦੱਸਦਾ ਕਿ ਅਸੀਂ ਦੂਸਰਿਆਂ ਨੂੰ ਹੌਸਲਾ ਦੇਣ ਲਈ ਕੀ-ਕੀ ਕਹੀਏ, ਜਿਵੇਂ ਉਸ ਨੇ ਮੂਸਾ ਨੂੰ ਕਿਹਾ ਸੀ। ਪਰ ਯਹੋਵਾਹ ਦਾ ਦਿਲ ਬਹੁਤ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਅਤੇ ਹੋਰਨਾਂ ਨੂੰ ਹੌਸਲਾ ਦਿੰਦੇ ਹਾਂ। (ਕਹਾ. 19:17; ਇਬ. 12:12) ਮਿਸਾਲ ਲਈ, ਅਸੀਂ ਸ਼ਾਇਦ ਕਿਸੇ ਭਰਾ ਨੂੰ ਕਹਿ ਸਕਦੇ ਹਾਂ ਕਿ ਉਨ੍ਹਾਂ ਦੇ ਭਾਸ਼ਣ ਤੋਂ ਸਾਨੂੰ ਲੋੜੀਂਦੀ ਸਲਾਹ ਮਿਲੀ ਜਾਂ ਕਿਸੇ ਖ਼ਾਸ ਆਇਤ ਨੂੰ ਸਮਝਣ ਵਿਚ ਮਦਦ ਹੋਈ। ਇਕ ਭੈਣ ਨੇ ਮੰਡਲੀ ਵਿਚ ਭਾਸ਼ਣ ਦੇਣ ਆਏ ਭਰਾ ਨੂੰ ਲਿਖਿਆ: “ਭਾਵੇਂ ਤੁਸੀਂ ਮੇਰੇ ਨਾਲ ਸਿਰਫ਼ ਕੁਝ ਹੀ ਮਿੰਟਾਂ ਲਈ ਗੱਲ ਕੀਤੀ, ਫਿਰ ਵੀ ਤੁਹਾਨੂੰ ਪਤਾ ਲੱਗ ਗਿਆ ਕਿ ਮੈਂ ਅੰਦਰੋਂ ਕਿੰਨੀ ਦੁਖੀ ਸੀ। ਤੁਹਾਡੇ ਹੌਸਲੇ ਭਰੇ ਸ਼ਬਦਾਂ ਤੋਂ ਮੈਨੂੰ ਬਹੁਤ ਹਿੰਮਤ ਮਿਲੀ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੇ ਭਾਸ਼ਣ ਅਤੇ ਆਹਮੋ-ਸਾਮ੍ਹਣੇ ਹੋਈ ਗੱਲਬਾਤ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ। ਮੈਨੂੰ ਇੱਦਾਂ ਲੱਗਾ ਕਿ ਜਿਵੇਂ ਤੁਹਾਨੂੰ ਯਹੋਵਾਹ ਨੇ ਮੈਨੂੰ ਹੱਲਾਸ਼ੇਰੀ ਦੇਣ ਲਈ ਭੇਜਿਆ ਹੈ।”

19 ਪੌਲੁਸ ਨੇ ਇਹ ਸਲਾਹ ਦਿੱਤੀ: “ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ, ਜਿਵੇਂ ਕਿ ਤੁਸੀਂ ਕਰ ਰਹੇ ਹੋ।” (1 ਥੱਸ. 5:11) ਜੇ ਅਸੀਂ ਇਹ ਸਲਾਹ ਮੰਨਣ ਦਾ ਪੱਕਾ ਇਰਾਦਾ ਕੀਤਾ ਹੈ, ਤਾਂ ਅਸੀਂ ਦੂਜਿਆਂ ਨੂੰ ਸੱਚਾਈ ਵਿਚ ਮਜ਼ਬੂਤ ਕਰਨ ਦੇ ਹੋਰ ਬਹੁਤ ਸਾਰੇ ਤਰੀਕਿਆਂ ਬਾਰੇ ਸੋਚ ਸਕਾਂਗੇ। ਅਸੀਂ ਸਾਰੇ ਯਹੋਵਾਹ ਨੂੰ ਜ਼ਰੂਰ ਖ਼ੁਸ਼ ਕਰਾਂਗੇ ਜੇ ਅਸੀਂ ਸਾਰੇ “ਇਕ-ਦੂਜੇ ਨੂੰ ਰੋਜ਼ ਹੱਲਾਸ਼ੇਰੀ ਦਿੰਦੇ” ਰਹਾਂਗੇ।

^ [1] (ਪੈਰਾ 1) ਕੁਝ ਨਾਂ ਬਦਲੇ ਗਏ ਹਨ।