Skip to content

Skip to table of contents

ਕੀ ਤੁਸੀਂ ਯਹੋਵਾਹ ਦੀ ਕਿਤਾਬ ਨੂੰ ਅਨਮੋਲ ਸਮਝਦੇ ਹੋ?

ਕੀ ਤੁਸੀਂ ਯਹੋਵਾਹ ਦੀ ਕਿਤਾਬ ਨੂੰ ਅਨਮੋਲ ਸਮਝਦੇ ਹੋ?

‘ਜਦੋਂ ਤੁਸੀਂ ਪਰਮੇਸ਼ੁਰ ਦਾ ਬਚਨ ਸੁਣਿਆ, ਤਾਂ ਤੁਸੀਂ ਇਸ ਨੂੰ ਪਰਮੇਸ਼ੁਰ ਦਾ ਬਚਨ ਸਮਝ ਕੇ ਕਬੂਲ ਕੀਤਾ, ਜੋ ਕਿ ਇਹ ਸੱਚ-ਮੁੱਚ ਹੈ।’​—1 ਥੱਸ. 2:13.

ਗੀਤ: 44, 40

1-3. ਯੂਓਦੀਆ ਅਤੇ ਸੁੰਤੁਖੇ ਵਿਚ ਸ਼ਾਇਦ ਕੀ ਹੋਇਆ ਸੀ? ਅਸੀਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਕਿਵੇਂ ਬਚ ਸਕਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਅਸੀਂ ਬਾਈਬਲ ਨੂੰ ਬਹੁਤ ਅਨਮੋਲ ਸਮਝਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਇਹ ਸੱਚ-ਮੁੱਚ ਪਰਮੇਸ਼ੁਰ ਦੀ ਕਿਤਾਬ ਹੈ। ਮੁਸੀਬਤਾਂ ਤੋਂ ਬਚਣ ਲਈ ਬਾਈਬਲ ਸਾਨੂੰ ਬਹੁਤ ਵਧੀਆ ਸਲਾਹਾਂ ਦਿੰਦੀ ਹੈ। ਨਾਲੇ ਇਹ ਸਾਡੀਆਂ ਗ਼ਲਤੀਆਂ ਸੁਧਾਰਨ ਲਈ ਵੀ ਸਾਨੂੰ ਸਲਾਹਾਂ ਦਿੰਦੀ ਹੈ। ਪਰ ਇਸ ਵਿੱਚੋਂ ਸਲਾਹਾਂ ਮਿਲਣ ’ਤੇ ਅਸੀਂ ਕੀ ਕਰਦੇ ਹਾਂ? ਜ਼ਰਾ ਯੂਓਦੀਆ ਅਤੇ ਸੁੰਤੁਖੇ ਬਾਰੇ ਸੋਚੋ। ਇਹ ਚੁਣੀਆਂ ਹੋਈਆਂ ਮਸੀਹੀ ਭੈਣਾਂ ਸਨ ਜੋ ਪਹਿਲੀ ਸਦੀ ਵਿਚ ਰਹਿੰਦੀਆਂ ਸਨ। ਬਾਈਬਲ ਦੱਸਦੀ ਹੈ ਕਿ ਇਨ੍ਹਾਂ ਵਿਚ ਬਹੁਤ ਬਹਿਸ ਹੋਈ, ਪਰ ਇਹ ਨਹੀਂ ਦੱਸਦੀ ਕਿ ਕਿਉਂ ਹੋਈ। ਆਓ ਆਪਾਂ ਕਲਪਨਾ ਕਰੀਏ ਕਿ ਸ਼ਾਇਦ ਇਨ੍ਹਾਂ ਵਿਚ ਕੀ ਹੋਇਆ ਸੀ।

2 ਹੋ ਸਕਦਾ ਹੈ ਕਿ ਭੈਣ ਯੂਓਦੀਆ ਨੇ ਕੁਝ ਭੈਣਾਂ-ਭਰਾਵਾਂ ਨੂੰ ਆਪਣੇ ਘਰ ਖਾਣੇ ’ਤੇ ਸੱਦਿਆ ਸੀ। ਪਰ ਉਸ ਨੇ ਭੈਣ ਸੁੰਤੁਖੇ ਨੂੰ ਨਹੀਂ ਸੱਦਿਆ। ਪਰ ਬਾਅਦ ਵਿਚ ਜਦੋਂ ਸੁੰਤੁਖੇ ਨੇ ਸੁਣਿਆ ਕਿ ਭੈਣਾਂ-ਭਰਾਵਾਂ ਨੂੰ ਯੂਓਦੀਆ ਦੇ ਘਰ ਰੋਟੀ ਖਾ ਕੇ ਬਹੁਤ ਮਜ਼ਾ ਆਇਆ, ਤਾਂ ਉਸ ਨੂੰ ਬਹੁਤ ਗੁੱਸਾ ਆਇਆ। ਸ਼ਾਇਦ ਉਸ ਨੇ ਸੋਚਿਆ ਹੋਣਾ: ‘ਇਹ ਕਿੱਦਾਂ ਹੋ ਸਕਦਾ ਕਿ ਉਸ ਨੇ ਮੈਨੂੰ ਨਹੀਂ ਸੱਦਿਆ। ਮੈਂ ਤਾਂ ਸੋਚਿਆ ਕਿ ਅਸੀਂ ਪੱਕੀਆਂ ਸਹੇਲੀਆਂ ਹਾਂ।’ ਸੁੰਤੁਖੇ ਨੇ ਆਪਣੇ ਮਨ ਵਿਚ ਸੋਚਿਆ ਹੋਣਾ, ‘ਉਹ ਤਾਂ ਮੈਨੂੰ ਪਸੰਦ ਹੀ ਨਹੀਂ ਕਰਦੀ ਜਿਸ ਕਰਕੇ ਉਸ ਨੇ ਜਾਣ-ਬੁੱਝ ਕੇ ਮੈਨੂੰ ਨਹੀਂ ਸੱਦਿਆ।’ ਫਿਰ ਸੁੰਤੁਖੇ ਨੇ ਕੀ ਕੀਤਾ? ਉਸ ਨੇ ਉਨ੍ਹਾਂ ਸਾਰੇ ਭੈਣਾਂ-ਭਰਾਵਾਂ ਨੂੰ ਬੁਲਾਇਆ ਜਿਨ੍ਹਾਂ ਨੂੰ ਯੂਓਦੀਆ ਨੇ ਬੁਲਾਇਆ ਸੀ, ਪਰ ਯੂਓਦੀਆ ਨੂੰ ਨਹੀਂ ਸੱਦਿਆ। ਸ਼ਾਇਦ ਇਨ੍ਹਾਂ ਦੀ ਲੜਾਈ ਕਰਕੇ ਪੂਰੀ ਮੰਡਲੀ ਦੀ ਸ਼ਾਂਤੀ ਭੰਗ ਹੋ ਰਹੀ ਸੀ। ਬਾਈਬਲ ਇਹ ਨਹੀਂ ਦੱਸਦੀ ਕਿ ਇਨ੍ਹਾਂ ਦੋਨਾਂ ਭੈਣਾਂ ਦੀ ਲੜਾਈ ਦਾ ਕੀ ਬਣਿਆ, ਪਰ ਇਹ ਜ਼ਰੂਰ ਦੱਸਦੀ ਹੈ ਕਿ ਪੌਲੁਸ ਨੇ ਇਨ੍ਹਾਂ ਦੋਨਾਂ ਨੂੰ ਆਪਣਾ ਰਿਸ਼ਤਾ ਸੁਧਾਰਨ ਦੀ ਸਲਾਹ ਦਿੱਤੀ। ਹੋ ਸਕਦਾ ਹੈ ਕਿ ਇਨ੍ਹਾਂ ਨੇ ਪੌਲੁਸ ਦੀ ਸਲਾਹ ਮੰਨੀ ਅਤੇ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰਦੀਆਂ ਰਹੀਆਂ।​—ਫ਼ਿਲਿ. 4:2, 3.

3 ਸ਼ਾਇਦ ਮੰਡਲੀ ਵਿਚ ਸਾਡੀ ਵੀ ਕਿਸੇ ਨਾਲ ਅਣਬਣ ਹੋਈ ਹੋਵੇ। ਪਰ ਬਾਈਬਲ ਦੀ ਸਲਾਹ ਮੰਨਣ ਨਾਲ ਅਸੀਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢ ਸਕਾਂਗੇ, ਇੱਥੋਂ ਤਕ ਕਿ ਇਨ੍ਹਾਂ ਤੋਂ ਬਚ ਵੀ ਸਕਾਂਗੇ। ਸੋ ਜੇ ਅਸੀਂ ਯਹੋਵਾਹ ਦੀ ਕਿਤਾਬ ਨੂੰ ਅਨਮੋਲ ਸਮਝਦੇ ਹਾਂ, ਤਾਂ ਅਸੀਂ ਇਸ ਦੇ ਮੁਤਾਬਕ ਚੱਲਾਂਗੇ।​—ਜ਼ਬੂ. 27:11.

ਬਾਈਬਲ ਸਾਨੂੰ ਆਪਣੇ ਜਜ਼ਬਾਤਾਂ ਉੱਤੇ ਕਾਬੂ ਪਾਉਣਾ ਸਿਖਾਉਂਦੀ ਹੈ

4, 5. ਆਪਣੇ ਜਜ਼ਬਾਤਾਂ ਉੱਤੇ ਕਾਬੂ ਪਾਉਣ ਲਈ ਬਾਈਬਲ ਸਾਨੂੰ ਕਿਹੜੀ ਸਲਾਹ ਦਿੰਦੀ ਹੈ?

4 ਜਦੋਂ ਸਾਡੇ ਨਾਲ ਬੇਇਨਸਾਫ਼ੀ ਹੁੰਦੀ ਹੈ ਜਾਂ ਕੋਈ ਸਾਡੇ ਨਾਲ ਪੱਖਪਾਤ ਕਰਦਾ ਹੈ, ਤਾਂ ਸਾਡੇ ਲਈ ਆਪਣੇ ਜਜ਼ਬਾਤਾਂ ’ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਸਾਨੂੰ ਉਦੋਂ ਬਹੁਤ ਜ਼ਿਆਦਾ ਦੁੱਖ ਲੱਗ ਸਕਦਾ ਹੈ, ਜਦੋਂ ਸਾਡੇ ਸਭਿਆਚਾਰ ਜਾਂ ਰੰਗ-ਰੂਪ ਕਰਕੇ ਸਾਡੇ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ। ਪਰ ਉਦੋਂ ਜ਼ਿਆਦਾ ਦੁੱਖ ਲੱਗਦਾ ਹੈ, ਜਦੋਂ ਸਾਡੇ ਮਸੀਹੀ ਭੈਣ-ਭਰਾ ਸਾਡੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ। ਬਾਈਬਲ ਸਾਨੂੰ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਜਿੱਠਣ ਬਾਰੇ ਕਿਹੜੀ ਸਲਾਹ ਦਿੰਦੀ ਹੈ?

5 ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਦੋਂ ਇਨਸਾਨ ਆਪਣੇ ਜਜ਼ਬਾਤਾਂ ’ਤੇ ਕਾਬੂ ਨਹੀਂ ਪਾਉਂਦੇ, ਤਾਂ ਕੀ ਹੋ ਸਕਦਾ ਹੈ। ਨਾਰਾਜ਼ਗੀ ਜਾਂ ਗੁੱਸੇ ਵਿਚ ਅਸੀਂ ਸ਼ਾਇਦ ਕੁਝ ਇੱਦਾਂ ਦਾ ਕਹਿ ਜਾਂ ਕਰ ਦੇਈਏ ਜਿਸ ਦਾ ਬਾਅਦ ਵਿਚ ਸਾਨੂੰ ਪਛਤਾਵਾ ਹੋਵੇ। ਬਾਈਬਲ ਵਿਚ ਯਹੋਵਾਹ ਨੇ ਸਾਨੂੰ ਦੱਸਿਆ ਹੈ ਕਿ ਸਾਨੂੰ ਆਪਣੇ ਗੁੱਸੇ ’ਤੇ ਕਾਬੂ ਪਾਉਣਾ ਚਾਹੀਦਾ ਹੈ ਅਤੇ ਆਪਣੇ ਜੀ ਵਿੱਚ ਛੇਤੀ ਖਿੱਝਣਾ ਨਹੀਂ ਚਾਹੀਦਾ। ਜ਼ਰਾ ਸੋਚੋ ਕਿ ਇਸ ਸਲਾਹ ਮੁਤਾਬਕ ਚੱਲ ਕੇ ਅਸੀਂ ਕਿੰਨੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ। (ਉਪਦੇਸ਼ਕ ਦੀ ਪੋਥੀ 7:9; ਕਹਾਉਤਾਂ 16:32 ਪੜ੍ਹੋ।) ਬਾਈਬਲ ਸਾਨੂੰ ਦੂਜਿਆਂ ਨੂੰ ਮਾਫ਼ ਕਰਨ ਲਈ ਵੀ ਕਹਿੰਦੀ ਹੈ। ਦਰਅਸਲ, ਯਿਸੂ ਨੇ ਕਿਹਾ ਸੀ ਕਿ ਜੇ ਅਸੀਂ ਦੂਜਿਆਂ ਨੂੰ ਮਾਫ਼ ਨਹੀਂ ਕਰਦੇ, ਤਾਂ ਯਹੋਵਾਹ ਵੀ ਸਾਨੂੰ ਮਾਫ਼ ਨਹੀਂ ਕਰੇਗਾ। (ਮੱਤੀ 6:14, 15) ਕੀ ਤੁਹਾਡੇ ਲਈ ਦੂਜਿਆਂ ਨੂੰ ਮਾਫ਼ ਕਰਨਾ ਔਖਾ ਹੈ? ਕੀ ਤੁਹਾਨੂੰ ਆਪਣੇ ਜਜ਼ਬਾਤਾਂ ’ਤੇ ਕਾਬੂ ਪਾਉਣਾ ਔਖਾ ਲੱਗਦਾ ਹੈ? ਜੇ ਹਾਂ, ਤਾਂ ਤੁਹਾਨੂੰ ਇਨ੍ਹਾਂ ਮਾਮਲਿਆਂ ਵਿਚ ਸੁਧਾਰ ਕਰਨ ਦੀ ਲੋੜ ਹੈ।

6. ਆਪਣੇ ਜਜ਼ਬਾਤਾਂ ’ਤੇ ਕਾਬੂ ਨਾ ਪਾਉਣ ਕਰਕੇ ਕੀ ਹੋ ਸਕਦਾ ਹੈ?

6 ਆਪਣੇ ਜਜ਼ਬਾਤਾਂ ’ਤੇ ਕਾਬੂ ਨਾ ਪਾਉਣ ਕਰਕੇ ਸਾਡੇ ਦਿਲ ਵਿਚ ਕੁੜੱਤਣ ਪੈਦਾ ਹੋ ਸਕਦੀ ਹੈ। ਸਾਡੇ ਕੌੜੇ ਰਵੱਈਏ ਦਾ ਭੈਣਾਂ-ਭਰਾਵਾਂ ਉੱਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਚਾਹੇ ਅਸੀਂ ਆਪਣੀ ਕੁੜੱਤਣ ਅਤੇ ਗੁੱਸਾ ਲੁਕਾਉਣ ਦੀਆਂ ਲੱਖ ਕੋਸ਼ਿਸ਼ਾਂ ਕਰੀਏ, ਫਿਰ ਵੀ ਦੂਜਿਆਂ ਨੂੰ ਪਤਾ ਲੱਗ ਹੀ ਜਾਂਦਾ ਹੈ। ਨਤੀਜੇ ਵਜੋਂ, ਦੂਜੇ ਸ਼ਾਇਦ ਸਾਡੇ ਤੋਂ ਦੂਰ-ਦੂਰ ਰਹਿਣ ਲੱਗ ਪੈਣ। (ਕਹਾ. 26:24-26) ਮੰਡਲੀ ਦੇ ਬਜ਼ੁਰਗ ਸਾਨੂੰ ਬਾਈਬਲ ਤੋਂ ਸਲਾਹ ਦੇਣਗੇ ਕਿ ਅਸੀਂ ਆਪਣੇ ਦਿਲ ਵਿੱਚੋਂ ਕੁੜੱਤਣ ਕੱਢਣ ਦੇ ਨਾਲ-ਨਾਲ ਦੂਜਿਆਂ ਨੂੰ ਮਾਫ਼ ਵੀ ਕਰੀਏ। (ਲੇਵੀ. 19:17, 18; ਰੋਮੀ. 3:11-18) ਜਦੋਂ ਬਜ਼ੁਰਗ ਸਾਡੀ ਮਦਦ ਕਰਨਗੇ, ਤਾਂ ਕੀ ਅਸੀਂ ਯਹੋਵਾਹ ਦੀ ਅਨਮੋਲ ਕਿਤਾਬ ਮੁਤਾਬਕ ਚੱਲਾਂਗੇ?

ਯਹੋਵਾਹ ਸਾਡੀ ਅਗਵਾਈ ਕਰ ਰਿਹਾ ਹੈ

7, 8. (ੳ) ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਿਵੇਂ ਕਰ ਰਿਹਾ ਹੈ? (ਅ) ਸਾਡੇ ਲਈ ਬਾਈਬਲ ਵਿਚ ਕਿਹੜੀਆਂ ਕੁਝ ਹਿਦਾਇਤਾਂ ਹਨ ਅਤੇ ਸਾਨੂੰ ਇਨ੍ਹਾਂ ਨੂੰ ਕਿਉਂ ਮੰਨਣਾ ਚਾਹੀਦਾ ਹੈ?

7 ਯਹੋਵਾਹ ਦੇ ਸੰਗਠਨ ਦਾ ਧਰਤੀ ਉੱਤੇ ਹਿੱਸਾ ਆਪਣੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ ਅਤੇ ਸਿੱਖਿਆ ਦੇ ਰਿਹਾ ਹੈ। ਕਿਵੇਂ? ਉਸ ਨੇ ਮਸੀਹ ਨੂੰ “ਮੰਡਲੀ ਦਾ ਸਿਰ” ਠਹਿਰਾਇਆ ਹੈ ਅਤੇ ਮਸੀਹ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਸਿਖਾਉਣ ਅਤੇ ਉਨ੍ਹਾਂ ਦੀ ਅਗਵਾਈ ਕਰਨ ਲਈ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ ਠਹਿਰਾਇਆ ਹੈ। (ਅਫ਼. 5:23; ਮੱਤੀ 24:45-47) ਪਹਿਲੀ ਸਦੀ ਦੀ ਪ੍ਰਬੰਧਕ ਸਭਾ ਵਾਂਗ ਇਹ ਨੌਕਰ ਵੀ ਬਾਈਬਲ ਨੂੰ ਅਨਮੋਲ ਸਮਝਦਾ ਹੈ ਕਿਉਂਕਿ ਇਹ ਪਰਮੇਸ਼ੁਰ ਦਾ ਬਚਨ ਹੈ। (1 ਥੱਸਲੁਨੀਕੀਆਂ 2:13 ਪੜ੍ਹੋ।) ਸਾਡੇ ਭਲੇ ਲਈ ਬਾਈਬਲ ਵਿਚ ਕਿਹੜੀਆਂ ਕੁਝ ਹਿਦਾਇਤਾਂ ਹਨ?

8 ਬਾਈਬਲ ਸਾਨੂੰ ਲਗਾਤਾਰ ਸਭਾਵਾਂ ਵਿਚ ਹਾਜ਼ਰ ਹੋਣ ਦਾ ਹੁਕਮ ਦਿੰਦੀ ਹੈ। (ਇਬ. 10:24, 25) ਇਹ ਸਾਨੂੰ ਕਹਿੰਦੀ ਹੈ ਕਿ ਸਾਡੀ ਇੱਕੋ ਜਿਹੀ ਸਿੱਖਿਆ ਹੋਣੀ ਚਾਹੀਦੀ ਹੈ। (1 ਕੁਰਿੰ. 1:10) ਨਾਲੇ ਸਾਨੂੰ “ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ” ਦੇਣ ਨੂੰ ਕਹਿੰਦੀ ਹੈ। (ਮੱਤੀ 6:33) ਬਾਈਬਲ ਸਾਨੂੰ ਘਰ-ਘਰ ਜਾ ਕੇ ਅਤੇ ਜਿੱਥੇ-ਕਿਤੇ ਵੀ ਲੋਕ ਮਿਲਦੇ ਹਨ, ਉੱਥੇ ਜਾ ਕੇ ਪ੍ਰਚਾਰ ਕਰਨ ਨੂੰ ਕਹਿੰਦੀ ਹੈ। (ਮੱਤੀ 28:19, 20; ਰਸੂ. 5:42; 17:17; 20:20) ਨਾਲੇ ਇਹ ਬਜ਼ੁਰਗਾਂ ਨੂੰ ਮੰਡਲੀਆਂ ਦੀ ਸ਼ੁੱਧਤਾ ਬਣਾਈ ਰੱਖਣ ਦੀਆਂ ਹਿਦਾਇਤਾਂ ਦਿੰਦੀ ਹੈ। (1 ਕੁਰਿੰ. 5:1-5, 13; 1 ਤਿਮੋ. 5:19-21) ਬਾਈਬਲ ਇਹ ਵੀ ਕਹਿੰਦੀ ਹੈ ਕਿ ਸਾਨੂੰ ਆਪਣੇ ਸਰੀਰ ਦੀ ਸਾਫ਼-ਸਫ਼ਾਈ ਰੱਖਣੀ ਚਾਹੀਦੀ ਹੈ ਅਤੇ ਉਨ੍ਹਾਂ ਸਾਰੇ ਗੰਦੇ ਖ਼ਿਆਲਾਂ ਅਤੇ ਸੋਚਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਤੋਂ ਯਹੋਵਾਹ ਘਿਰਣਾ ਕਰਦਾ ਹੈ।​—2 ਕੁਰਿੰ. 7:1.

9. ਯਿਸੂ ਨੇ ਬਾਈਬਲ ਦੀਆਂ ਸਿੱਖਿਆਵਾਂ ਸਮਝਾਉਣ ਲਈ ਕਿਸ ਨੂੰ ਨਿਯੁਕਤ ਕੀਤਾ ਹੈ?

9 ਕਈਆਂ ਨੂੰ ਸ਼ਾਇਦ ਲੱਗੇ ਕਿ ਉਹ ਆਪੇ ਹੀ ਬਾਈਬਲ ਸਮਝ ਸਕਦੇ ਹਨ। ਪਰ ਯਿਸੂ ਸਿਰਫ਼ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਰਾਹੀਂ ਹੀ ਸਾਨੂੰ ਬਾਈਬਲ ਦੀਆਂ ਸਿੱਖਿਆਵਾਂ ਸਮਝਾਉਂਦਾ ਹੈ। ਯਿਸੂ ਨੇ ਇਸ ਨੌਕਰ ਨੂੰ 1919 ਵਿਚ ਨਿਯੁਕਤ ਕੀਤਾ ਸੀ ਅਤੇ ਉਹ ਇਸ ਰਾਹੀਂ ਸਾਨੂੰ ਪਰਮੇਸ਼ੁਰ ਦੀ ਕਿਤਾਬ ਅਤੇ ਇਸ ਵਿਚ ਦਿੱਤੀਆਂ ਹਿਦਾਇਤਾਂ ਸਮਝਾ ਰਿਹਾ ਹੈ। ਬਾਈਬਲ ਦੀਆਂ ਹਿਦਾਇਤਾਂ ਮੰਨ ਕੇ ਅਸੀਂ ਮੰਡਲੀ ਦੀ ਸ਼ੁੱਧਤਾ, ਸ਼ਾਂਤੀ ਅਤੇ ਏਕਤਾ ਬਣਾਈ ਰੱਖ ਸਕਦੇ ਹਾਂ। ਸੋ ਆਪਣੇ ਆਪ ਤੋਂ ਪੁੱਛੋ, ‘ਕੀ ਮੈਂ ਵਫ਼ਾਦਾਰ ਅਤੇ ਸਮਝਦਾਰ ਨੌਕਰ ਦੀਆਂ ਹਿਦਾਇਤਾਂ ਮੰਨ ਕੇ ਯਿਸੂ ਪ੍ਰਤੀ ਵਫ਼ਾਦਾਰੀ ਦਿਖਾਉਂਦਾ ਹਾਂ?’

ਯਹੋਵਾਹ ਦਾ ਸਵਰਗੀ ਰਥ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ!

10. ਹਿਜ਼ਕੀਏਲ ਦੀ ਕਿਤਾਬ ਯਹੋਵਾਹ ਦੇ ਸੰਗਠਨ ਦੇ ਸਵਰਗੀ ਹਿੱਸੇ ਬਾਰੇ ਕੀ ਦੱਸਦੀ ਹੈ?

10 ਬਾਈਬਲ ਸਾਨੂੰ ਯਹੋਵਾਹ ਦੇ ਸੰਗਠਨ ਦੇ ਸਵਰਗੀ ਹਿੱਸੇ ਬਾਰੇ ਦੱਸਦੀ ਹੈ। ਮਿਸਾਲ ਲਈ, ਹਿਜ਼ਕੀਏਲ ਨਬੀ ਨੇ ਦਰਸ਼ਣ ਵਿਚ ਇਕ ਸਵਰਗੀ ਰਥ ਦੇਖਿਆ ਜੋ ਯਹੋਵਾਹ ਦੇ ਸੰਗਠਨ ਦੇ ਸਵਰਗੀ ਹਿੱਸੇ ਨੂੰ ਦਰਸਾਉਂਦਾ ਹੈ। (ਹਿਜ਼. 1:4-28) ਇਸ ਰਥ ਨੂੰ ਚਲਾਉਣ ਵਾਲਾ ਯਹੋਵਾਹ ਹੈ ਅਤੇ ਉਸ ਦੀ ਪਵਿੱਤਰ ਸ਼ਕਤੀ ਜਿੱਧਰ ਨੂੰ ਚਾਹੇ, ਰਥ ਮੋੜਦੀ ਹੈ। ਨਤੀਜੇ ਵਜੋਂ, ਯਹੋਵਾਹ ਦੇ ਸੰਗਠਨ ਦਾ ਸਵਰਗੀ ਹਿੱਸਾ ਧਰਤੀ ਵਾਲੇ ਹਿੱਸੇ ਨੂੰ ਸੇਧ ਦਿੰਦਾ ਹੈ। ਵਾਕਈ, ਰਥ ਕਿੰਨੀ ਹੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ! ਪਿਛਲੇ 10 ਸਾਲਾਂ ਬਾਰੇ ਸੋਚੋ। ਸਾਡੇ ਸੰਗਠਨ ਵਿਚ ਬਹੁਤ ਜ਼ਿਆਦਾ ਬਦਲਾਅ ਹੋਏ ਹਨ। ਪਰ ਹਮੇਸ਼ਾ ਯਾਦ ਰੱਖੋ ਕਿ ਜੋ ਵੀ ਬਦਲਾਅ ਹੁੰਦੇ ਹਨ, ਉਨ੍ਹਾਂ ਪਿੱਛੇ ਯਹੋਵਾਹ ਦਾ ਹੱਥ ਹੁੰਦਾ ਹੈ। ਮਸੀਹ ਅਤੇ ਸਵਰਗੀ ਦੂਤ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰਨ ਹੀ ਵਾਲੇ ਹਨ। ਨਾਲੇ ਉਹ ਦਿਨ ਵੀ ਨੇੜੇ ਹੈ ਜਦੋਂ ਯਹੋਵਾਹ ਦੇ ਨਾਂ ਉੱਤੇ ਲੱਗਾ ਕਲੰਕ ਮਿਟਾਇਆ ਜਾਵੇਗਾ ਅਤੇ ਯਹੋਵਾਹ ਦੀ ਹਕੂਮਤ ਕਰਨ ਦੇ ਹੱਕ ਨੂੰ ਸੱਚ ਸਾਬਤ ਕੀਤਾ ਜਾਵੇਗਾ।

ਅਸੀਂ ਉਨ੍ਹਾਂ ਸਾਰੇ ਭੈਣਾਂ-ਭਰਾਵਾਂ ਦੀ ਦਿਲੋਂ ਕਦਰ ਕਰਦੇ ਹਾਂ ਜੋ ਉਸਾਰੀ ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਹਨ (ਪੈਰਾ 11 ਦੇਖੋ)

11, 12. ਇਨ੍ਹਾਂ ਆਖ਼ਰੀ ਦਿਨਾਂ ਵਿਚ ਯਹੋਵਾਹ ਦਾ ਸੰਗਠਨ ਕੀ-ਕੀ ਕਰ ਰਿਹਾ ਹੈ?

11 ਸੋਚੋ ਕਿ ਇਨ੍ਹਾਂ ਆਖ਼ਰੀ ਦਿਨਾਂ ਵਿਚ ਯਹੋਵਾਹ ਦਾ ਸੰਗਠਨ ਕੀ-ਕੀ ਕਰ ਰਿਹਾ ਹੈ। ਉਸਾਰੀ। ਸੈਂਕੜੇ ਭੈਣਾਂ-ਭਰਾਵਾਂ ਨੇ ਵਾਰਵਿਕ, ਨਿਊਯਾਰਕ, ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਦਾ ਨਵਾਂ ਹੈੱਡ-ਕੁਆਰਟਰ ਬਣਾਉਣ ਵਿਚ ਸਖ਼ਤ ਮਿਹਨਤ ਕੀਤੀ ਹੈ। ਦੁਨੀਆਂ ਭਰ ਦੇ ਹਜ਼ਾਰਾਂ ਹੀ ਹੋਰ ਭੈਣ-ਭਰਾ ਕਿੰਗਡਮ ਹਾਲ ਅਤੇ ਸ਼ਾਖ਼ਾ ਦਫ਼ਤਰ ਬਣਾਉਣ ਦੇ ਕੰਮ ਵਿਚ ਹੱਥ ਵਟਾ ਰਹੇ ਹਨ। ਇਨ੍ਹਾਂ ਸਾਰੇ ਭੈਣਾਂ-ਭਰਾਵਾਂ ਨੂੰ ‘ਦੁਨੀਆਂ ਭਰ ਦਾ ਡੀਜ਼ਾਈਨ/ਉਸਾਰੀ ਵਿਭਾਗ’ ਹਿਦਾਇਤਾਂ ਦਿੰਦਾ ਹੈ। ਅਸੀਂ ਇਨ੍ਹਾਂ ਸਾਰੇ ਭੈਣਾਂ-ਭਰਾਵਾਂ ਦੀ ਸਖ਼ਤ ਮਿਹਨਤ ਦੀ ਦਿਲੋਂ ਕਦਰ ਕਰਦੇ ਹਾਂ। ਯਾਦ ਰੱਖੋ ਕਿ ਯਹੋਵਾਹ ਦੁਨੀਆਂ ਵਿਚ ਉਨ੍ਹਾਂ ਸਾਰੇ ਭੈਣਾਂ-ਭਰਾਵਾਂ ਨੂੰ ਬਰਕਤਾਂ ਦੇ ਰਿਹਾ ਹੈ ਜੋ ਇਸ ਤਰ੍ਹਾਂ ਦੇ ਕੰਮਾਂ ਲਈ ਆਪਣੇ ਪੂਰੇ ਦਿਲ ਨਾਲ ਦਾਨ ਦਿੰਦੇ ਹਨ।​—ਲੂਕਾ 21:1-4.

12 ਸਿੱਖਿਆ। ਯਹੋਵਾਹ ਆਪਣੇ ਸੇਵਕਾਂ ਨੂੰ ਸਿੱਖਿਆ ਦੇ ਕੇ ਬਹੁਤ ਖ਼ੁਸ਼ ਹੁੰਦਾ ਹੈ। (ਯਸਾ. 2:2, 3) ਸੰਗਠਨ ਵੱਲੋਂ ਚਲਾਏ ਜਾਂਦੇ ਅਲੱਗ-ਅਲੱਗ ਸਕੂਲਾਂ ਬਾਰੇ ਸੋਚੋ: ਪਾਇਨੀਅਰ ਸੇਵਾ ਸਕੂਲ, ਰਾਜ ਦੇ ਪ੍ਰਚਾਰਕਾਂ ਲਈ ਸਕੂਲ, ਗਿਲਿਅਡ ਸਕੂਲ, ਬੈਥਲ ਦੇ ਨਵੇਂ ਮੈਂਬਰਾਂ ਲਈ ਸਕੂਲ, ਸਰਕਟ ਓਵਰਸੀਅਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਲਈ ਸਕੂਲ, ਮੰਡਲੀ ਦੇ ਬਜ਼ੁਰਗਾਂ ਲਈ ਸਕੂਲ, ਕਿੰਗਡਮ ਮਿਨਿਸਟ੍ਰੀ ਸਕੂਲ ਅਤੇ ਬ੍ਰਾਂਚ ਕਮੇਟੀ ਦੇ ਮੈਂਬਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਲਈ ਸਕੂਲ। ਸਾਨੂੰ ਆਪਣੀ ਵੈੱਬਸਾਈਟ jw.org ’ਤੇ ਵੀ ਬਾਈਬਲ ਦੀ ਸਿੱਖਿਆ ਮਿਲਦੀ ਹੈ ਜਿੱਥੇ ਸੈਂਕੜੇ ਹੀ ਭਾਸ਼ਾਵਾਂ ਵਿਚ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਉਪਲਬਧ ਹਨ। ਅੰਗ੍ਰੇਜ਼ੀ ਦੀ ਵੈੱਬਸਾਈਟ ਉੱਤੇ ਬੱਚਿਆਂ ਅਤੇ ਪਰਿਵਾਰਾਂ ਲਈ ਵੀ ਜਾਣਕਾਰੀ ਹੈ। ਨਾਲੇ ਇਸ ’ਤੇ ਸਾਡੇ ਸੰਗਠਨ ਦੀਆਂ ਖ਼ਬਰਾਂ ਵੀ ਹੁੰਦੀਆਂ ਹਨ। ਕੀ ਤੁਸੀਂ ਪ੍ਰਚਾਰ ਅਤੇ ਆਪਣੀ ਪਰਿਵਾਰਕ ਸਟੱਡੀ ਵਿਚ jw.org ਵਰਤਦੇ ਹੋ?

ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਓ ਅਤੇ ਉਸ ਦੇ ਸੰਗਠਨ ਦੇ ਨਾਲ-ਨਾਲ ਚੱਲੋ

13. ਯਹੋਵਾਹ ਦੇ ਲੋਕਾਂ ਉੱਤੇ ਕਿਹੜੀ ਜ਼ਿੰਮੇਵਾਰੀ ਆਉਂਦੀ ਹੈ?

13 ਸਾਡੇ ਲਈ ਇਹ ਕਿੰਨਾ ਹੀ ਵੱਡਾ ਸਨਮਾਨ ਹੈ ਕਿ ਅਸੀਂ ਯਹੋਵਾਹ ਦੇ ਸੰਗਠਨ ਦਾ ਹਿੱਸਾ ਹਾਂ ਅਤੇ ਉਸ ਦੀਆਂ ਮੰਗਾਂ ਜਾਣਦੇ ਹਾਂ! ਯਹੋਵਾਹ ਦੀਆਂ ਮੰਗਾਂ ਜਾਣ ਕੇ ਸਾਡੇ ਉੱਤੇ ਇਹ ਬਹੁਤ ਹੀ ਭਾਰੀ ਜ਼ਿੰਮੇਵਾਰੀ ਆਉਂਦੀ ਹੈ ਕਿ ਅਸੀਂ ਉਨ੍ਹਾਂ ਮੰਗਾਂ ’ਤੇ ਖਰੇ ਉੱਤਰੀਏ। ਭਾਵੇਂ ਕਿ ਦੁਨੀਆਂ ਅਨੈਤਿਕਤਾ ਦੀ ਦਲਦਲ ਵਿਚ ਧੱਸੀ ਜਾ ਰਹੀ ਹੈ, ਪਰ ਸਾਨੂੰ ਯਹੋਵਾਹ ਵਾਂਗ “ਬੁਰਿਆਈ ਤੋਂ ਘਿਣ” ਕਰਨੀ ਚਾਹੀਦੀ ਹੈ। (ਜ਼ਬੂ. 97:10) ਸਾਨੂੰ ਉਨ੍ਹਾਂ ਵਰਗੇ ਨਹੀਂ ਬਣਨਾ ਚਾਹੀਦਾ “ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ!” (ਯਸਾ. 5:20) ਅਸੀਂ ਹਰ ਪੱਖੋਂ ਸ਼ੁੱਧ ਰਹਿਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। (1 ਕੁਰਿੰ. 6:9-11) ਯਹੋਵਾਹ ਸਾਨੂੰ ਬਾਈਬਲ ਰਾਹੀਂ ਜੋ ਵੀ ਦੱਸਦਾ ਹੈ, ਉਹ ਸਾਡੇ ਭਲੇ ਲਈ ਹੁੰਦਾ ਹੈ। ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ਪ੍ਰਤੀ ਵਫ਼ਾਦਾਰ ਰਹਿਣਾ ਚਾਹੁੰਦੇ ਹਾਂ। ਇਸ ਲਈ ਅਸੀਂ ਉਸ ਦੀਆਂ ਹਿਦਾਇਤਾਂ ਮੁਤਾਬਕ ਚੱਲਦੇ ਹਾਂ ਚਾਹੇ ਅਸੀਂ ਘਰ ਵਿਚ, ਸਕੂਲ ਵਿਚ, ਮੰਡਲੀ ਵਿਚ, ਕੰਮ ’ਤੇ ਜਾਂ ਕਿਤੇ ਵੀ ਹੁੰਦੇ ਹਾਂ। (ਕਹਾ. 15:3) ਸੋਚੋ ਕਿ ਸਾਨੂੰ ਕਿਹੜੇ ਮਾਮਲਿਆਂ ਵਿਚ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ।

14. ਮਾਪੇ ਯਹੋਵਾਹ ਪ੍ਰਤੀ ਵਫ਼ਾਦਾਰ ਕਿਵੇਂ ਰਹਿ ਸਕਦੇ ਹਨ?

14 ਬੱਚਿਆਂ ਦੀ ਪਰਵਰਿਸ਼। ਯਹੋਵਾਹ ਨੇ ਬਾਈਬਲ ਵਿਚ ਮਾਪਿਆਂ ਨੂੰ ਬੱਚਿਆਂ ਦੀ ਪਰਵਰਿਸ਼ ਕਰਨ ਬਾਰੇ ਹਿਦਾਇਤਾਂ ਦਿੱਤੀਆਂ ਹਨ। ਮਸੀਹੀ ਮਾਪਿਆਂ ਨੂੰ ਇਸ ਗੱਲੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਦੁਨੀਆਂ ਦੀ ਸੋਚ ਉਨ੍ਹਾਂ ਉੱਤੇ ਹਾਵੀ ਨਾ ਹੋ ਜਾਵੇ। (ਅਫ਼. 2:2) ਮਿਸਾਲ ਲਈ, ਕੁਝ ਦੇਸ਼ਾਂ ਵਿਚ ਸ਼ਾਇਦ ਆਦਮੀ ਸੋਚਦੇ ਹਨ, ‘ਸਾਡੇ ਸਮਾਜ ਵਿਚ ਆਦਮੀ ਨਹੀਂ, ਸਗੋਂ ਔਰਤਾਂ ਬੱਚਿਆਂ ਨੂੰ ਸਿੱਖਿਆ ਦਿੰਦੀਆਂ ਹਨ।’ ਪਰ ਬਾਈਬਲ ਵਿਚ ਇਹ ਹੁਕਮ ਦਿੱਤਾ ਗਿਆ ਹੈ: “ਪਿਤਾਓ, ਆਪਣੇ ਬੱਚਿਆਂ ਨੂੰ . . . ਯਹੋਵਾਹ ਦੀ ਤਾੜਨਾ ਅਤੇ ਸਿੱਖਿਆ ਦਿੰਦੇ ਹੋਏ ਉਨ੍ਹਾਂ ਦੀ ਪਰਵਰਿਸ਼ ਕਰੋ।” (ਅਫ਼. 6:4) ਯਹੋਵਾਹ ਦਾ ਭੈ ਰੱਖਣ ਵਾਲੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਸਮੂਏਲ ਵਾਂਗ ਬਣਨ ਕਿਉਂਕਿ ਯਹੋਵਾਹ ਸਮੂਏਲ ਦੇ ਬਚਪਨ ਤੋਂ ਹੀ ਉਹ ਦੇ ਸੰਗ ਸੀ।​—1 ਸਮੂ. 3:19.

15. ਗੰਭੀਰ ਫ਼ੈਸਲੇ ਕਰਦਿਆਂ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰੀ ਕਿਵੇਂ ਦਿਖਾ ਸਕਦੇ ਹਾਂ?

15 ਫ਼ੈਸਲੇ ਕਰਨੇ। ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਕੋਈ ਵੀ ਗੰਭੀਰ ਫ਼ੈਸਲਾ ਕਰਨ ਤੋਂ ਪਹਿਲਾਂ ਅਸੀਂ ਬਾਈਬਲ ਅਤੇ ਯਹੋਵਾਹ ਦੇ ਸੰਗਠਨ ਤੋਂ ਮਦਦ ਲਈਏ। ਮਿਸਾਲ ਲਈ, ਕੁਝ ਲੋਕ ਪੈਸੇ ਕਮਾਉਣ ਲਈ ਵਿਦੇਸ਼ ਚਲੇ ਜਾਂਦੇ ਹਨ। ਜਦੋਂ ਉਨ੍ਹਾਂ ਦੇ ਬੱਚੇ ਹੁੰਦੇ ਹਨ, ਤਾਂ ਉਹ ਆਪਣੇ ਬੱਚਿਆਂ ਨੂੰ ਆਪਣੇ ਦੇਸ਼ ਵਿਚ ਰਹਿੰਦੇ ਰਿਸ਼ਤੇਦਾਰਾਂ ਕੋਲ ਘੱਲ ਦਿੰਦੇ ਹਨ ਤਾਂਕਿ ਉਹ ਪੈਸੇ ਕਮਾਉਂਦੇ ਰਹਿ ਸਕਣ। ਇਹ ਸੱਚ ਹੈ ਕਿ ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ। ਪਰ ਇਹ ਮਾਪੇ ਆਪਣੇ ਆਪ ਤੋਂ ਪੁੱਛ ਸਕਦੇ ਹਨ, ‘ਯਹੋਵਾਹ ਸਾਡੇ ਫ਼ੈਸਲੇ ਬਾਰੇ ਕੀ ਸੋਚੇਗਾ?’ (ਰੋਮੀਆਂ 14:12 ਪੜ੍ਹੋ।) ਕੀ ਇਹ ਸਮਝਦਾਰੀ ਦੀ ਗੱਲ ਹੋਵੇਗੀ ਜੇ ਅਸੀਂ ਬਾਈਬਲ ਦੀ ਸਲਾਹ ਲਏ ਬਿਨਾਂ ਆਪਣੇ ਪਰਿਵਾਰ ਅਤੇ ਕੰਮ ਸੰਬੰਧੀ ਕੋਈ ਵੀ ਅਹਿਮ ਫ਼ੈਸਲਾ ਕਰੀਏ? ਬਿਲਕੁਲ ਨਹੀਂ! ਸਾਨੂੰ ਆਪਣੇ ਸਵਰਗੀ ਪਿਤਾ ਦੀ ਬਹੁਤ ਮਦਦ ਚਾਹੀਦੀ ਹੈ ਕਿਉਂਕਿ ਅਸੀਂ ਆਪਣੇ ਕਦਮਾਂ ਨੂੰ ਸੇਧ ਨਹੀਂ ਦੇ ਸਕਦੇ।​—ਯਿਰ. 10:23.

16. ਇਕ ਮਾਂ ਨੂੰ ਕੀ ਫ਼ੈਸਲਾ ਕਰਨਾ ਪਿਆ? ਉਹ ਸਹੀ ਫ਼ੈਸਲਾ ਕਿਵੇਂ ਕਰ ਸਕੀ?

16 ਇਕ ਜੋੜੇ ਦੇ ਵਿਦੇਸ਼ ਜਾਣ ਤੋਂ ਬਾਅਦ ਉਨ੍ਹਾਂ ਦੇ ਮੁੰਡਾ ਪੈਦਾ ਹੋਇਆ। ਉਨ੍ਹਾਂ ਨੇ ਬੱਚੇ ਨੂੰ ਆਪਣੇ ਦੇਸ਼ ਵਿਚ ਰਹਿੰਦੇ ਦਾਦਕਿਆਂ ਕੋਲ ਭੇਜਣ ਦਾ ਫ਼ੈਸਲਾ ਕੀਤਾ। ਪਰ ਉਸ ਸਮੇਂ ਦੌਰਾਨ ਉਹ ਔਰਤ ਯਹੋਵਾਹ ਦੇ ਗਵਾਹ ਨਾਲ ਸਟੱਡੀ ਕਰਨ ਲੱਗ ਪਈ। ਉਸ ਨੇ ਸਿੱਖਿਆ ਕਿ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਖ਼ੁਦ ਆਪਣੇ ਬੱਚੇ ਨੂੰ ਯਹੋਵਾਹ ਬਾਰੇ ਸਿਖਾਵੇ। (ਜ਼ਬੂ. 127:3; ਕਹਾ. 22:6) ਬਾਈਬਲ ਦੇ ਕਹੇ ਅਨੁਸਾਰ ਉਸ ਔਰਤ ਨੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਿਆ ਅਤੇ ਤਰਲੇ ਕੀਤੇ ਕਿ ਯਹੋਵਾਹ ਸਹੀ ਫ਼ੈਸਲਾ ਕਰਨ ਵਿਚ ਉਸ ਦੀ ਮਦਦ ਕਰੇ। (ਜ਼ਬੂ. 62:7, 8) ਉਸ ਨੇ ਆਪਣੀ ਸਟੱਡੀ ਕਰਾਉਣ ਵਾਲੀ ਭੈਣ ਅਤੇ ਮੰਡਲੀ ਦੇ ਹੋਰ ਭੈਣਾਂ-ਭਰਾਵਾਂ ਨਾਲ ਵੀ ਗੱਲ ਕੀਤੀ। ਉਸ ਦੇ ਰਿਸ਼ਤੇਦਾਰ ਅਤੇ ਦੋਸਤ ਉਸ ’ਤੇ ਦਬਾਅ ਪਾਉਂਦੇ ਰਹੇ ਕਿ ਉਹ ਬੱਚੇ ਨੂੰ ਦਾਦਕਿਆਂ ਕੋਲ ਭੇਜੇ। ਪਰ ਉਸ ਨੇ ਆਪਣੇ ਬੱਚੇ ਨੂੰ ਨਾ ਭੇਜਣ ਦਾ ਫ਼ੈਸਲਾ ਕੀਤਾ ਕਿਉਂਕਿ ਉਸ ਨੂੰ ਲੱਗਾ ਕਿ ਬੱਚੇ ਨੂੰ ਭੇਜਣਾ ਸਹੀ ਫ਼ੈਸਲਾ ਨਹੀਂ ਹੈ। ਉਸ ਦੇ ਪਤੀ ਨੇ ਦੇਖਿਆ ਕਿ ਭੈਣਾਂ-ਭਰਾਵਾਂ ਨੇ ਉਸ ਦੀ ਪਤਨੀ ਤੇ ਬੱਚੇ ਦੀ ਕਿੰਨੀ ਦੇਖ-ਭਾਲ ਕੀਤੀ। ਉਹ ਇਸ ਗੱਲ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਸ ਨੇ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਪਰਿਵਾਰ ਨਾਲ ਸਭਾਵਾਂ ’ਤੇ ਜਾਣ ਲੱਗ ਪਿਆ। ਸੋਚੋ ਕਿ ਉਹ ਮਾਂ ਕਿੰਨੀ ਖ਼ੁਸ਼ ਹੋਈ ਹੋਣੀ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਉਸ ਦੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ।

17. ਕਿਸੇ ਨਾਲ ਸਟੱਡੀ ਕਰਦਿਆਂ ਸਾਨੂੰ ਕਿਹੜੀ ਹਿਦਾਇਤ ਮੰਨਣੀ ਚਾਹੀਦੀ ਹੈ?

17 ਹਿਦਾਇਤਾਂ ਮੰਨਣੀਆਂ। ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਦਾ ਇਕ ਅਹਿਮ ਤਰੀਕਾ ਇਹ ਹੈ ਕਿ ਅਸੀਂ ਉਸ ਦੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਮੰਨੀਏ। ਮਿਸਾਲ ਲਈ, ਕਿਸੇ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਸਟੱਡੀ ਸ਼ੁਰੂ ਕਰਨ ਤੋਂ ਜਲਦੀ ਬਾਅਦ ਸਾਨੂੰ ਕੀ ਕਰਨ ਦੀ ਹਿਦਾਇਤ ਮਿਲੀ ਹੈ? ਸਾਨੂੰ ਇਹ ਹਿਦਾਇਤ ਮਿਲੀ ਹੈ ਕਿ ਹਰ ਸਟੱਡੀ ਤੋਂ ਬਾਅਦ ਸਾਨੂੰ ਕੁਝ ਮਿੰਟਾਂ ਲਈ ਉਨ੍ਹਾਂ ਨੂੰ ਯਹੋਵਾਹ ਦੇ ਸੰਗਠਨ ਬਾਰੇ ਸਿਖਾਉਣ ਲਈ ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ? ਨਾਂ ਦੇ ਬਰੋਸ਼ਰ ਤੋਂ ਚਰਚਾ ਕਰਨੀ ਚਾਹੀਦੀ ਹੈ। ਨਾਲੇ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਨਾਂ ਦਾ ਵੀਡੀਓ ਵੀ ਦਿਖਾ ਸਕਦੇ ਹਾਂ। ਚਾਹੇ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਖ਼ਤਮ ਕਰਨ ਤਕ ਉਸ ਵਿਅਕਤੀ ਦਾ ਬਪਤਿਸਮਾ ਹੋ ਜਾਂਦਾ ਹੈ, ਫਿਰ ਵੀ ਸਾਨੂੰ ਉਸ ਨਾਲ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਵਿੱਚੋਂ ਸਟੱਡੀ ਕਰਨੀ ਚਾਹੀਦੀ ਹੈ। ਸੰਗਠਨ ਨੇ ਸਾਨੂੰ ਇਹ ਹਿਦਾਇਤ ਇਸ ਲਈ ਦਿੱਤੀ ਹੈ ਤਾਂਕਿ ਨਵੇਂ ਭੈਣ-ਭਰਾ “ਮਸੀਹੀ ਸਿੱਖਿਆਵਾਂ ਉੱਤੇ” ਪੱਕਾ ਰਹਿ ਸਕਣ। (ਕੁਲੁ. 2:7) ਕੀ ਤੁਸੀਂ ਯਹੋਵਾਹ ਦੇ ਸੰਗਠਨ ਵੱਲੋਂ ਮਿਲੀ ਇਹ ਹਿਦਾਇਤ ਮੰਨ ਰਹੇ ਹੋ?

18, 19. ਯਹੋਵਾਹ ਦੇ ਧੰਨਵਾਦੀ ਹੋਣ ਦੇ ਸਾਡੇ ਕੋਲ ਕਿਹੜੇ ਕੁਝ ਕਾਰਨ ਹਨ?

18 ਯਹੋਵਾਹ ਦੇ ਧੰਨਵਾਦੀ ਹੋਣ ਦੇ ਸਾਡੇ ਕੋਲ ਅਣਗਿਣਤ ਕਾਰਨ ਹਨ। ਇਕ ਕਾਰਨ ਇਹ ਹੈ ਕਿ “ਉਸੇ ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ, ਉਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ ਤੇ ਉਸੇ ਕਰਕੇ ਅਸੀਂ ਹੋਂਦ ਵਿਚ ਹਾਂ।” (ਰਸੂ. 17:27, 28) ਨਾਲੇ ਉਸ ਨੇ ਸਾਨੂੰ ਆਪਣੀ ਅਨਮੋਲ ਕਿਤਾਬ ਯਾਨੀ ਬਾਈਬਲ ਦਿੱਤੀ ਹੈ। ਥੱਸਲੁਨੀਕਾ ਦੇ ਮਸੀਹੀਆਂ ਵਾਂਗ ਅਸੀਂ ਇਸ ਵਰਦਾਨ ਦੀ ਬਹੁਤ ਕਦਰ ਕਰਦੇ ਹਾਂ ਕਿਉਂਕਿ ਇਹ ਪਰਮੇਸ਼ੁਰ ਵੱਲੋਂ ਸਾਡੇ ਲਈ ਇਕ ਚਿੱਠੀ ਹੈ।​—1 ਥੱਸ. 2:13.

19 ਯਹੋਵਾਹ ਦੇ ਨੇੜੇ ਜਾਣ ਵਿਚ ਬਾਈਬਲ ਨੇ ਸਾਡੀ ਮਦਦ ਕੀਤੀ ਅਤੇ ਯਹੋਵਾਹ ਨੇ ਸਾਨੂੰ ਆਪਣੇ ਵੱਲ ਖਿੱਚਿਆ ਹੈ। (ਯਾਕੂ. 4:8) ਨਾਲੇ ਅਸੀਂ ਇਸ ਗੱਲ ਲਈ ਵੀ ਧੰਨਵਾਦੀ ਹਾਂ ਕਿ ਸਾਡੇ ਸਵਰਗੀ ਪਿਤਾ ਨੇ ਸਾਨੂੰ ਆਪਣੇ ਸੰਗਠਨ ਦਾ ਹਿੱਸਾ ਬਣਨ ਦਾ ਸਨਮਾਨ ਦਿੱਤਾ ਹੈ। ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਦੇ ਹਾਂ ਜਿਸ ਨੇ ਲਿਖਿਆ: “ਯਹੋਵਾਹ ਦਾ ਧੰਨਵਾਦ ਕਰੋ ਜੋ ਉਹ ਭਲਾ ਹੈ, ਤੇ ਉਹ ਦੀ ਦਯਾ ਸਦਾ ਦੀ ਹੈ।” (ਜ਼ਬੂ. 136:1) ਉਸ ਜ਼ਬੂਰ ਦੀ ਹਰ ਇਕ ਆਇਤ ਵਿਚ ਇਸ ਦੇ ਲਿਖਾਰੀ ਨੇ ਇਹ ਸ਼ਬਦ ਵਾਰ-ਵਾਰ ਲਿਖੇ: “ਉਹ ਦੀ ਦਯਾ ਸਦਾ ਦੀ ਹੈ।” ਜੀ ਹਾਂ, ਜੇ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਾਂਗੇ ਅਤੇ ਉਸ ਦੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਮੰਨਾਂਗੇ, ਤਾਂ ਉਹ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਬਖ਼ਸ਼ੇਗਾ ਅਤੇ ਸਦਾ ਸਾਡੇ ’ਤੇ ਦਇਆ ਕਰੇਗਾ।