Skip to content

Skip to table of contents

ਪਰਮੇਸ਼ੁਰ ਦੀ ਕਿਤਾਬ ਅਨੁਸਾਰ ਸੰਗਠਿਤ ਕੀਤੇ ਲੋਕ

ਪਰਮੇਸ਼ੁਰ ਦੀ ਕਿਤਾਬ ਅਨੁਸਾਰ ਸੰਗਠਿਤ ਕੀਤੇ ਲੋਕ

“ਯਹੋਵਾਹ ਨੇ ਬੁੱਧ ਨਾਲ ਧਰਤੀ ਦੀ ਨਿਉਂ ਧਰੀ, ਅਤੇ ਸਮਝ ਨਾਲ ਅਕਾਸ਼ ਨੂੰ ਕਾਇਮ ਕੀਤਾ।”—ਕਹਾ. 3:19.

ਗੀਤ: 6, 24

1, 2. (ੳ) ਕੀ ਲੋਕ ਇਸ ਗੱਲ ਨੂੰ ਮੰਨਦੇ ਹਨ ਕਿ ਰੱਬ ਦਾ ਕੋਈ ਸੰਗਠਨ ਹੈ? (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?

ਕੀ ਪਰਮੇਸ਼ੁਰ ਦਾ ਕੋਈ ਸੰਗਠਨ ਹੈ? ਕੁਝ ਲੋਕ ਕਹਿੰਦੇ ਹਨ: “ਸਾਨੂੰ ਕਿਸੇ ਸੰਗਠਨ ਦੀ ਲੋੜ ਨਹੀਂ। ਅਸੀਂ ਘਰੇ ਬਹਿ ਕੇ ਹੀ ਰੱਬ ਦੀ ਭਗਤੀ ਕਰ ਸਕਦੇ ਹਾਂ।” ਪਰ ਕੀ ਇਹ ਸੱਚ ਹੈ? ਇਸ ਗੱਲ ਬਾਰੇ ਸਬੂਤਾਂ ਤੋਂ ਕੀ ਪਤਾ ਲੱਗਦਾ ਹੈ?

2 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਹਰ ਕੰਮ ਸਲੀਕੇ ਨਾਲ ਕਰਦਾ ਹੈ ਅਤੇ ਉਹ ਆਪਣੇ ਲੋਕਾਂ ਨੂੰ ਸੰਗਠਿਤ ਕਰ ਕੇ ਉਨ੍ਹਾਂ ਤੋਂ ਵੀ ਸਹੀ ਢੰਗ ਨਾਲ ਕੰਮ ਕਰਾਉਂਦਾ ਹੈ। ਅਸੀਂ ਇਹ ਵੀ ਦੇਖਾਂਗੇ ਕਿ ਜਦੋਂ ਸਾਨੂੰ ਯਹੋਵਾਹ ਦੇ ਸੰਗਠਨ ਤੋਂ ਹਿਦਾਇਤਾਂ ਮਿਲਦੀਆਂ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ। (1 ਕੁਰਿੰ. 14:33, 40) ਪਹਿਲੀ ਸਦੀ ਵਿਚ ਯਹੋਵਾਹ ਦੇ ਲੋਕ ਬਾਈਬਲ ਦੀਆਂ ਹਿਦਾਇਤਾਂ ਮੰਨ ਕੇ ਬਹੁਤ ਸਾਰੇ ਦੇਸ਼ਾਂ ਵਿਚ ਪ੍ਰਚਾਰ ਕਰ ਸਕੇ। ਉਨ੍ਹਾਂ ਵਾਂਗ ਅਸੀਂ ਵੀ ਬਾਈਬਲ ਦੀਆਂ ਹਿਦਾਇਤਾਂ ਮੁਤਾਬਕ ਚੱਲਦੇ ਹਾਂ। ਨਾਲੇ ਅਸੀਂ ਪਰਮੇਸ਼ੁਰ ਦੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਵੀ ਮੰਨਦੇ ਹਾਂ। ਇੱਦਾਂ ਕਰਨ ਨਾਲ ਅਸੀਂ ਪੂਰੀ ਦੁਨੀਆਂ ਵਿਚ ਪ੍ਰਚਾਰ ਕਰ ਸਕਦੇ ਹਾਂ। ਇਸ ਦੇ ਨਾਲ-ਨਾਲ ਅਸੀਂ ਮੰਡਲੀ ਦੀ ਸ਼ੁੱਧਤਾ, ਸ਼ਾਂਤੀ ਅਤੇ ਏਕਤਾ ਬਣਾਈ ਰੱਖਦੇ ਹਾਂ।

ਯਹੋਵਾਹ ਗੜਬੜੀ ਦਾ ਪਰਮੇਸ਼ੁਰ ਨਹੀਂ ਹੈ

3. ਤੁਹਾਨੂੰ ਕਿਸ ਗੱਲ ਤੋਂ ਯਕੀਨ ਹੁੰਦਾ ਹੈ ਕਿ ਯਹੋਵਾਹ ਗੜਬੜੀ ਦਾ ਪਰਮੇਸ਼ੁਰ ਨਹੀਂ ਹੈ?

3 ਯਹੋਵਾਹ ਦੀ ਪੂਰੀ ਸ੍ਰਿਸ਼ਟੀ ਵੱਲ ਦੇਖ ਕੇ ਸਾਨੂੰ ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਪਰਮੇਸ਼ੁਰ ਆਪਣਾ ਹਰ ਕੰਮ ਵਧੀਆ ਢੰਗ ਨਾਲ ਕਰਦਾ ਹੈ। ਉਸ ਨੇ “ਬੁੱਧ ਨਾਲ ਧਰਤੀ ਦੀ ਨਿਉਂ ਧਰੀ, ਅਤੇ ਸਮਝ ਨਾਲ ਅਕਾਸ਼ ਨੂੰ ਕਾਇਮ ਕੀਤਾ।” (ਕਹਾ. 3:19) ਯਹੋਵਾਹ ਦੀ ਸ੍ਰਿਸ਼ਟੀ ਵਿਚ ਅਜੇ ਵੀ ਬਹੁਤ ਸਾਰੀਆਂ ਗੱਲਾਂ ਭੇਤ ਭਰੀਆਂ ਹਨ। ਅਸੀਂ ਸਿਰਫ਼ “ਉਹ ਦੇ ਰਾਹਾਂ ਦੇ ਕੰਢੇ” ਬਾਰੇ ਹੀ ਜਾਣਦੇ ਹਾਂ ਅਤੇ “ਅਸੀਂ ਉਹ ਦੀ ਕਿੰਨੀ ਹੌਲੀ ਅਵਾਜ਼ ਸੁਣਦੇ ਹਾਂ!” (ਅੱਯੂ. 26:14) ਅਸੀਂ ਜੋ ਵੀ ਬ੍ਰਹਿਮੰਡ ਬਾਰੇ ਥੋੜ੍ਹਾ-ਬਹੁਤਾ ਜਾਣਦੇ ਹਾਂ, ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਵਿਚ ਕਿੰਨਾ ਤਾਲਮੇਲ ਹੈ। (ਜ਼ਬੂ. 8:3, 4) ਜ਼ਰਾ ਗਲੈਕਸੀਆਂ ਵਿਚ ਅਰਬਾਂ-ਖਰਬਾਂ ਤਾਰਿਆਂ ਅਤੇ ਸੂਰਜ ਦੇ ਆਲੇ-ਦੁਆਲੇ ਘੁੰਮਣ ਵਾਲੇ ਗ੍ਰਹਿਆਂ ਬਾਰੇ ਸੋਚੋ। ਇਹ ਕਦੀ ਵੀ ਇਕ-ਦੂਜੇ ਨਾਲ ਨਹੀਂ ਟਕਰਾਉਂਦੇ। ਇਹ ਸਾਰਾ ਕੁਝ ਸਿਰਫ਼ ਇਸ ਕਰਕੇ ਹੀ ਮੁਮਕਿਨ ਹੈ ਕਿਉਂਕਿ ਯਹੋਵਾਹ ਨੇ ਸਾਰੇ ਤਾਰਿਆਂ ਅਤੇ ਗ੍ਰਹਿਆਂ ਨੂੰ ਆਪਣੀ-ਆਪਣੀ ਜਗ੍ਹਾ ’ਤੇ ਰੱਖਿਆ ਹੈ। ਜਦੋਂ ਅਸੀਂ ਸੋਚਦੇ ਹਾਂ ਕਿ ਯਹੋਵਾਹ ਨੇ ਆਕਾਸ਼ ਅਤੇ ਧਰਤੀ ਨੂੰ ਕਿੰਨੀ ਹੀ “ਬੁੱਧ ਨਾਲ ਬਣਾਇਆ ਹੈ,” ਤਾਂ ਅਸੀਂ ਦੰਗ ਰਹਿ ਜਾਂਦੇ ਹਾਂ। ਸਾਡਾ ਦਿਲ ਕਰਦਾ ਹੈ ਕਿ ਅਸੀਂ ਯਹੋਵਾਹ ਦੀ ਮਹਿਮਾ ਅਤੇ ਭਗਤੀ ਕਰੀਏ ਅਤੇ ਹਮੇਸ਼ਾ ਉਸ ਪ੍ਰਤੀ ਵਫ਼ਾਦਾਰ ਰਹੀਏ।​—ਜ਼ਬੂ. 136:1, 5-9.

4. ਵਿਗਿਆਨੀ ਅਜੇ ਤਕ ਜ਼ਰੂਰੀ ਸਵਾਲਾਂ ਦੇ ਜਵਾਬ ਕਿਉਂ ਨਹੀਂ ਦੇ ਸਕੇ?

4 ਵਿਗਿਆਨੀਆਂ ਨੇ ਬ੍ਰਹਿਮੰਡ ਅਤੇ ਧਰਤੀ ਬਾਰੇ ਬਹੁਤ ਕੁਝ ਸਿੱਖਿਆ ਹੈ। ਇਸ ਜਾਣਕਾਰੀ ਨਾਲ ਉਨ੍ਹਾਂ ਨੇ ਸਾਡੀ ਜ਼ਿੰਦਗੀ ਹੋਰ ਆਰਾਮਦਾਇਕ ਬਣਾਈ ਹੈ। ਪਰ ਉਹ ਅਜੇ ਤਕ ਬਹੁਤ ਸਾਰੇ ਅਹਿਮ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ। ਮਿਸਾਲ ਲਈ, ਖਗੋਲ-ਵਿਗਿਆਨੀਆਂ ਨੂੰ ਨਾ ਤਾਂ ਇਹ ਪਤਾ ਹੈ ਕਿ ਬ੍ਰਹਿਮੰਡ ਦੀ ਸ਼ੁਰੂਆਤ ਕਿੱਦਾਂ ਹੋਈ ਤੇ ਨਾ ਹੀ ਇਹ ਪਤਾ ਹੈ ਕਿ ਇਨਸਾਨ, ਜਾਨਵਰ ਅਤੇ ਪੇੜ-ਪੌਦੇ ਧਰਤੀ ’ਤੇ ਕਿਉਂ ਹਨ। ਨਾਲੇ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਮਰਨਾ ਕਿਉਂ ਨਹੀਂ ਚਾਹੁੰਦੇ। (ਉਪ. 3:11) ਲੋਕਾਂ ਨੂੰ ਅਜੇ ਤਕ ਇਸ ਤਰ੍ਹਾਂ ਦੇ ਬਹੁਤ ਸਾਰੇ ਜ਼ਰੂਰੀ ਸਵਾਲਾਂ ਦੇ ਜਵਾਬ ਕਿਉਂ ਨਹੀਂ ਮਿਲੇ? ਇਕ ਕਾਰਨ ਇਹ ਹੈ ਕਿ ਵਿਗਿਆਨੀ ਅਤੇ ਹੋਰ ਲੋਕ ਕਹਿੰਦੇ ਹਨ ਕਿ ਰੱਬ ਹੈ ਹੀ ਨਹੀਂ ਅਤੇ ਵਿਕਾਸਵਾਦ ਦੀ ਸਿੱਖਿਆ ਫੈਲਾਉਂਦੇ ਹਨ। ਪਰ ਯਹੋਵਾਹ ਨੇ ਆਪਣੀ ਕਿਤਾਬ ਯਾਨੀ ਬਾਈਬਲ ਵਿਚ ਇਸ ਤਰ੍ਹਾਂ ਦੇ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਹਨ।

5. ਅਸੀਂ ਕੁਦਰਤ ਦੇ ਨਿਯਮਾਂ ਤੋਂ ਬਿਨਾਂ ਆਪਣਾ ਕੰਮ ਕਿਉਂ ਨਹੀਂ ਕਰ ਸਕਦੇ?

5 ਯਹੋਵਾਹ ਨੇ ਕੁਦਰਤ ਦੇ ਬਹੁਤ ਸਾਰੇ ਨਿਯਮ ਬਣਾਏ ਹਨ। ਇਹ ਨਿਯਮ ਕਦੀ ਨਹੀਂ ਬਦਲਦੇ। ਡਾਕਟਰ, ਪਲੰਬਰ, ਇਲੈਕਟ੍ਰੀਸ਼ੀਅਨ, ਇੰਜੀਨੀਅਰ, ਪਾਇਲਟ ਅਤੇ ਹੋਰ ਵੀ ਬਹੁਤ ਸਾਰੇ ਲੋਕ ਇਨ੍ਹਾਂ ਨਿਯਮਾਂ ਤੋਂ ਬਿਨਾਂ ਆਪਣਾ ਕੰਮ ਨਹੀਂ ਕਰ ਸਕਦੇ। ਮਿਸਾਲ ਲਈ, ਡਾਕਟਰਾਂ ਨੂੰ ਪਤਾ ਹੈ ਕਿ ਇਨਸਾਨਾਂ ਦੇ ਸਰੀਰ ਵਿਚ ਦਿਲ ਇੱਕੋ ਜਗ੍ਹਾ ’ਤੇ ਹੁੰਦਾ ਹੈ। ਇਸ ਕਰਕੇ ਇਲਾਜ ਵੇਲੇ ਡਾਕਟਰਾਂ ਨੂੰ ਕਿਸੇ ਦਾ ਦਿਲ ਲੱਭਣ ਦੀ ਲੋੜ ਨਹੀਂ ਪੈਂਦੀ। ਨਾਲੇ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਜੇ ਕੋਈ ਉੱਚੀ ਜਗ੍ਹਾ ਤੋਂ ਛਾਲ ਮਾਰੇ, ਤਾਂ ਉਹ ਮਰ ਸਕਦਾ ਹੈ। ਅਸੀਂ ਜੀਉਣਾ ਚਾਹੁੰਦੇ ਹਾਂ, ਇਸ ਲਈ ਅਸੀਂ ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਦੇ ਹਾਂ, ਜਿਵੇਂ ਕਿ ਗੁਰੂਤਾ ਸ਼ਕਤੀ।

ਸਹੀ ਢੰਗ ਨਾਲ ਕੀਤੇ ਯਹੋਵਾਹ ਦੇ ਕੰਮ

6. ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਲੋਕ ਸਹੀ ਢੰਗ ਨਾਲ ਉਸ ਦੀ ਭਗਤੀ ਕਰਨ?

6 ਵਾਕਈ, ਯਹੋਵਾਹ ਵੱਲੋਂ ਬਣਾਈਆਂ ਬ੍ਰਹਿਮੰਡ ਵਿਚ ਸਾਰੀਆਂ ਚੀਜ਼ਾਂ ਬਹੁਤ ਹੀ ਵਧੀਆ ਢੰਗ ਨਾਲ ਕੰਮ ਕਰਦੀਆਂ ਹਨ। ਫਿਰ ਜੇ ਬ੍ਰਹਿਮੰਡ ਵਿਚ ਸਾਰੇ ਕੰਮ ਸਹੀ ਢੰਗ ਨਾਲ ਹੁੰਦੇ ਹਨ, ਤਾਂ ਕੀ ਉਹ ਨਹੀਂ ਚਾਹੇਗਾ ਕਿ ਉਸ ਦੇ ਲੋਕ ਵੀ ਉਸ ਦੀ ਭਗਤੀ ਸਹੀ ਢੰਗ ਨਾਲ ਕਰਨ? ਇਸ ਲਈ ਯਹੋਵਾਹ ਨੇ ਸਾਨੂੰ ਬਾਈਬਲ ਦਿੱਤੀ ਹੈ ਜਿਸ ਤੋਂ ਅਸੀਂ ਪਰਮੇਸ਼ੁਰ ਦੀ ਭਗਤੀ ਕਰਨੀ ਸਿੱਖ ਸਕਦੇ ਹਾਂ। ਬਾਈਬਲ ਅਤੇ ਉਸ ਦੇ ਸੰਗਠਨ ਵੱਲੋਂ ਦਿੱਤੀਆਂ ਹਿਦਾਇਤਾਂ ਮੰਨ ਕੇ ਹੀ ਅਸੀਂ ਖ਼ੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰ ਸਕਦੇ ਹਾਂ।

7. ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਬਾਈਬਲ ਨੂੰ ਸਹੀ ਢੰਗ ਨਾਲ ਲਿਖਵਾਇਆ ਹੈ?

7 ਬਾਈਬਲ ਸੱਚ-ਮੁੱਚ ਪਰਮੇਸ਼ੁਰ ਤੋਂ ਇਕ ਅਨਮੋਲ ਦਾਤ ਹੈ। ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਕੁਝ ਯਹੂਦੀਆਂ ਅਤੇ ਈਸਾਈਆਂ ਦੀਆਂ ਆਮ ਕਿਤਾਬ ਲੈ ਕੇ ਬਾਈਬਲ ਬਣਾ ਦਿੱਤੀ। ਪਰ ਸੱਚ ਤਾਂ ਇਹ ਹੈ ਕਿ ਪਰਮੇਸ਼ੁਰ ਨੇ ਹੀ ਤੈਅ ਕੀਤਾ ਸੀ ਕਿ ਬਾਈਬਲ ਦੀਆਂ ਕਿਤਾਬਾਂ ਕੌਣ ਤੇ ਕਦੋਂ ਲਿਖੇਗਾ ਅਤੇ ਇਸ ਵਿਚ ਕੀ ਲਿਖਿਆ ਜਾਵੇਗਾ। ਇਸ ਕਰਕੇ ਬਾਈਬਲ ਦੀ ਹਰ ਇਕ ਕਿਤਾਬ ਸਾਨੂੰ ਪਰਮੇਸ਼ੁਰ ਦਾ ਸੰਦੇਸ਼ ਸਮਝਣ ਵਿਚ ਮਦਦ ਕਰਦੀ ਹੈ। ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਕਿਤਾਬ ਤਕ ਦੱਸਿਆ ਗਿਆ ਹੈ ਕਿ ਇਕ “ਸੰਤਾਨ” ਆਵੇਗੀ ਜੋ ਸਾਰੀ ਧਰਤੀ ਨੂੰ ਦੁਬਾਰਾ ਬਾਗ਼ ਵਰਗੀ ਬਣਾਵੇਗੀ। ਨਾਲੇ ਅਸੀਂ ਸਿੱਖ ਚੁੱਕੇ ਹਾਂ ਕਿ ਇਹ “ਸੰਤਾਨ” ਮਸੀਹ ਯਿਸੂ ਹੈ ਅਤੇ ਉਸ ਦਾ ਰਾਜ ਇਹ ਗੱਲ ਸੱਚ ਸਾਬਤ ਕਰੇਗਾ ਕਿ ਸਿਰਫ਼ ਯਹੋਵਾਹ ਕੋਲ ਹੀ ਰਾਜ ਕਰਨ ਦਾ ਹੱਕ ਹੈ।​—ਉਤਪਤ 3:15; ਮੱਤੀ 6:10; ਪ੍ਰਕਾਸ਼ ਦੀ ਕਿਤਾਬ 11:15 ਪੜ੍ਹੋ।

8. ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਇਜ਼ਰਾਈਲੀਆਂ ਤੋਂ ਸਾਰੇ ਕੰਮ ਸਹੀ ਢੰਗ ਨਾਲ ਕਰਾਉਣ ਲਈ ਹਿਦਾਇਤਾਂ ਦਿੱਤੀਆਂ ਸਨ?

8 ਇਜ਼ਰਾਈਲੀਆਂ ਨੇ ਪਰਮੇਸ਼ੁਰ ਵੱਲੋਂ ਮਿਲੇ ਮੂਸਾ ਦੇ ਕਾਨੂੰਨ ਦੀ ਪਾਲਣਾ ਕੀਤੀ। ਯਹੋਵਾਹ ਨੇ ਸਾਰੇ ਕੰਮ ਸਹੀ ਢੰਗ ਨਾਲ ਕਰਾਉਣ ਲਈ ਉਨ੍ਹਾਂ ਨੂੰ ਹਿਦਾਇਤਾਂ ਦਿੱਤੀਆਂ ਸਨ। ਮਿਸਾਲ ਲਈ, ਕੁਝ ਸੇਵਾਦਾਰਨੀਆਂ ਨੂੰ “ਮੰਡਲੀ ਦੇ ਤੰਬੂ ਦੇ ਦਰਵੱਜੇ” ’ਤੇ ਸਹੀ ਢੰਗ ਨਾਲ ਸੇਵਾ ਕਰਨ ਲਈ ਹਿਦਾਇਤਾਂ ਮਿਲੀਆਂ ਸਨ। (ਕੂਚ 38:8) ਇਜ਼ਰਾਈਲੀਆਂ ਨੂੰ ਆਪਣੇ ਡੇਹਰੇ ਅਤੇ ਤੰਬੂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣ ਲਈ ਵੀ ਹਿਦਾਇਤਾਂ ਮਿਲੀਆਂ ਸਨ ਤਾਂਕਿ ਉਹ ਕੰਮ ਹਫੜਾ-ਦਫੜੀ ਨਾਲ ਨਹੀਂ, ਸਗੋਂ ਢੰਗ ਨਾਲ ਕਰਨ। ਸਾਲਾਂ ਬਾਅਦ ਦਾਊਦ ਨੇ ਮੰਦਰ ਦੇ ਕੁਝ ਖ਼ਾਸ ਕੰਮ ਕਰਾਉਣ ਲਈ ਪੁਜਾਰੀਆਂ ਅਤੇ ਲੇਵੀਆਂ ਨੂੰ ਹਿਦਾਇਤਾਂ ਦਿੱਤੀਆਂ ਤਾਂਕਿ ਉਹ ਆਪੋ-ਆਪਣਾ ਕੰਮ ਸਲੀਕੇ ਨਾਲ ਕਰ ਸਕਣ। (1 ਇਤ. 23:1-6; 24:1-3) ਜਦੋਂ ਇਜ਼ਰਾਈਲੀ ਯਹੋਵਾਹ ਦਾ ਕਹਿਣਾ ਮੰਨਦੇ ਸਨ, ਤਾਂ ਉਸ ਦੀ ਕਿਰਪਾ ਉਨ੍ਹਾਂ ’ਤੇ ਹੁੰਦੀ ਸੀ। ਸਾਰੇ ਕੰਮ ਸਹੀ ਢੰਗ ਨਾਲ ਕਰਾਉਣ ਲਈ ਯਹੋਵਾਹ ਨੇ ਅਲੱਗ-ਅਲੱਗ ਪ੍ਰਬੰਧ ਕੀਤੇ ਸਨ ਜਿਸ ਕਰਕੇ ਕੌਮ ਵਿਚ ਸ਼ਾਂਤੀ ਅਤੇ ਏਕਤਾ ਸੀ।​—ਬਿਵ. 11:26, 27; 28:1-14.

9. ਪਹਿਲੀ ਸਦੀ ਦੀਆਂ ਮੰਡਲੀਆਂ ਨੂੰ ਕਿਸ ਤਰੀਕੇ ਨਾਲ ਸੰਗਠਿਤ ਕੀਤਾ ਗਿਆ ਸੀ?

9 ਯਹੋਵਾਹ ਨੇ ਪਹਿਲੀ ਸਦੀ ਦੀਆਂ ਮੰਡਲੀਆਂ ਨੂੰ ਵੀ ਸੰਗਠਿਤ ਕੀਤਾ ਸੀ। ਉਸ ਜ਼ਮਾਨੇ ਵਿਚ ਪ੍ਰਬੰਧਕ ਸਭਾ ਸੀ ਯਾਨੀ ਕੁਝ ਚੁਣੇ ਹੋਏ ਮਸੀਹੀ ਭਰਾਵਾਂ ਦਾ ਸਮੂਹ ਜੋ ਮੰਡਲੀਆਂ ਨੂੰ ਹਿਦਾਇਤਾਂ ਦਿੰਦਾ ਸੀ। ਇਸ ਸਮੂਹ ਵਿਚ ਪਹਿਲਾਂ ਸਿਰਫ਼ ਰਸੂਲ ਸਨ। ਪਰ ਬਾਅਦ ਵਿਚ ਹੋਰ ਬਜ਼ੁਰਗਾਂ ਨੂੰ ਵੀ ਇਸ ਸਮੂਹ ਵਿਚ ਸੇਵਾ ਕਰਨ ਲਈ ਚੁਣਿਆ ਗਿਆ। (ਰਸੂ. 6:1-6; 15:6) ਪ੍ਰਬੰਧਕ ਸਭਾ ਅਤੇ ਇਸ ਨਾਲ ਸੇਵਾ ਕਰਨ ਵਾਲੇ ਹੋਰ ਭਰਾ ਯਹੋਵਾਹ ਦੀ ਅਗਵਾਈ ਅਧੀਨ ਕੰਮ ਕਰਦੇ ਸਨ। ਇਨ੍ਹਾਂ ਵਿੱਚੋਂ ਕੁਝ ਭਰਾਵਾਂ ਨੇ ਮੰਡਲੀਆਂ ਨੂੰ ਸਲਾਹਾਂ ਅਤੇ ਹਿਦਾਇਤਾਂ ਦੇਣ ਲਈ ਚਿੱਠੀਆਂ ਲਿਖੀਆਂ। (1 ਤਿਮੋ. 3:1-13; ਤੀਤੁ. 1:5-9) ਪ੍ਰਬੰਧਕ ਸਭਾ ਵੱਲੋਂ ਮਿਲੀਆਂ ਹਿਦਾਇਤਾਂ ਮੰਨ ਕੇ ਮੰਡਲੀਆਂ ਨੂੰ ਕੀ ਫ਼ਾਇਦਾ ਹੋਇਆ?

10. ਪ੍ਰਬੰਧਕ ਸਭਾ ਵੱਲੋਂ ਮਿਲੀਆਂ ਹਿਦਾਇਤਾਂ ਮੰਨਣ ਕਰਕੇ ਪਹਿਲੀ ਸਦੀ ਦੀਆਂ ਮੰਡਲੀਆਂ ਨੂੰ ਕੀ ਫ਼ਾਇਦਾ ਹੋਇਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

10 ਰਸੂਲਾਂ ਦੇ ਕੰਮ 16:4, 5 ਪੜ੍ਹੋ। ਪਹਿਲੀ ਸਦੀ ਵਿਚ ਕੁਝ ਭਰਾ ਮੰਡਲੀਆਂ ਦਾ ਦੌਰਾ ਕਰਦੇ ਸਨ। ਉਹ ਮੰਡਲੀਆਂ ਨੂੰ “ਯਰੂਸ਼ਲਮ ਦੇ ਰਸੂਲਾਂ ਅਤੇ ਬਜ਼ੁਰਗਾਂ [ਯਾਨੀ ਪ੍ਰਬੰਧਕ ਸਭਾ] ਦੇ ਫ਼ੈਸਲੇ ਸੁਣਾਉਂਦੇ ਸਨ ਜਿਨ੍ਹਾਂ ’ਤੇ ਚੱਲਣਾ ਉਨ੍ਹਾਂ ਲਈ ਜ਼ਰੂਰੀ ਸੀ।” ਇਹ ਹਿਦਾਇਤਾਂ ਮੰਨਣ ਕਰਕੇ “ਮੰਡਲੀਆਂ ਦੀ ਨਿਹਚਾ ਪੱਕੀ ਹੁੰਦੀ ਗਈ ਅਤੇ ਇਨ੍ਹਾਂ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਵੀ ਦਿਨ-ਬਦਿਨ ਵਧਦੀ ਗਈ।” ਅਸੀਂ ਇਨ੍ਹਾਂ ਮੰਡਲੀਆਂ ਤੋਂ ਕੀ ਸਿੱਖ ਸਕਦੇ ਹਾਂ ਤਾਂਕਿ ਸਾਡੀਆਂ ਮੰਡਲੀਆਂ ਨੂੰ ਫ਼ਾਇਦਾ ਹੋਵੇ?

ਕੀ ਤੁਸੀਂ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਮੰਨਦੇ ਹੋ?

11. ਸੰਗਠਨ ਵੱਲੋਂ ਹਿਦਾਇਤਾਂ ਮਿਲਣ ’ਤੇ ਜ਼ਿੰਮੇਵਾਰ ਭਰਾਵਾਂ ਨੂੰ ਕੀ ਕਰਨਾ ਚਾਹੀਦਾ ਹੈ?

11 ਬ੍ਰਾਂਚ ਕਮੇਟੀਆਂ, ਦੇਸ਼ਾਂ ਦੀਆਂ ਕਮੇਟੀਆਂ, ਸਫ਼ਰੀ ਨਿਗਾਹਬਾਨਾਂ ਅਤੇ ਮੰਡਲੀਆਂ ਦੇ ਬਜ਼ੁਰਗਾਂ ਨੂੰ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਮੰਨਣੀਆਂ ਬਹੁਤ ਜ਼ਰੂਰੀ ਹਨ। ਦਰਅਸਲ, ਯਹੋਵਾਹ ਦੀ ਆਪਣੀ ਕਿਤਾਬ ਕਹਿੰਦੀ ਹੈ ਕਿ ਸਾਨੂੰ ਸਾਰਿਆਂ ਨੂੰ ਅਗਵਾਈ ਕਰਨ ਵਾਲਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। (ਬਿਵ. 30:16; ਇਬ. 13:7, 17) ਪਰਮੇਸ਼ੁਰ ਦੇ ਸੰਗਠਨ ਵਿਚ ਉਨ੍ਹਾਂ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੈ ਜੋ ਇਸ ਸੰਗਠਨ ਦੇ ਖ਼ਿਲਾਫ਼ ਬੁੜ-ਬੁੜ ਜਾਂ ਬਗਾਵਤ ਕਰਦੇ ਹਨ। ਇੱਦਾਂ ਦੇ ਲੋਕ ਸਾਡੀ ਸ਼ਾਂਤੀ ਅਤੇ ਏਕਤਾ ਭੰਗ ਕਰ ਸਕਦੇ ਹਨ। ਸਾਡੇ ਵਿੱਚੋਂ ਕੋਈ ਵੀ ਦਿਉਤ੍ਰਿਫੇਸ ਵਰਗਾ ਨਹੀਂ ਬਣਨਾ ਚਾਹੁੰਦਾ ਜੋ ਅਗਵਾਈ ਕਰਨ ਵਾਲੇ ਭਰਾਵਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ। (3 ਯੂਹੰਨਾ 9, 10 ਪੜ੍ਹੋ।) ਹਿਦਾਇਤਾਂ ਮੰਨ ਕੇ ਅਸੀਂ ਮੰਡਲੀ ਦੀ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਵਿਚ ਯੋਗਦਾਨ ਪਾਉਂਦੇ ਹਾਂ। ਸੋ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ ਆਪਣੇ ਭੈਣਾਂ-ਭਰਾਵਾਂ ਨੂੰ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੀ ਹੱਲਾਸ਼ੇਰੀ ਦਿੰਦਾ ਹਾਂ? ਕੀ ਮੈਂ ਉਸੇ ਵੇਲੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਮੰਨਦਾ ਹਾਂ?’

12. ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਕਿਵੇਂ ਨਿਯੁਕਤ ਕੀਤਾ ਜਾਂਦਾ ਹੈ?

12 ਹਾਲ ਹੀ ਵਿਚ ਪ੍ਰਬੰਧਕ ਸਭਾ ਨੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਨਿਯੁਕਤ ਕਰਨ ਦੇ ਤਰੀਕੇ ਵਿਚ ਬਦਲਾਅ ਕੀਤਾ ਹੈ। ਪਹਿਰਾਬੁਰਜ 15 ਨਵੰਬਰ 2014 ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਛਪਿਆ ਸੀ। ਇਸ ਵਿਚ ਸਮਝਾਇਆ ਗਿਆ ਸੀ ਕਿ ਪਹਿਲੀ ਸਦੀ ਵਿਚ ਪ੍ਰਬੰਧਕ ਸਭਾ ਨੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਨਿਯੁਕਤ ਕਰਨ ਦਾ ਅਧਿਕਾਰ ਸਫ਼ਰੀ ਨਿਗਾਹਬਾਨਾਂ ਨੂੰ ਦਿੱਤਾ ਸੀ। ਸਤੰਬਰ 2014 ਤੋਂ ਸਫ਼ਰੀ ਨਿਗਾਹਬਾਨਾਂ ਨੇ ਇਸ ਤਰੀਕੇ ਅਨੁਸਾਰ ਮੰਡਲੀਆਂ ਵਿਚ ਭਰਾਵਾਂ ਨੂੰ ਨਿਯੁਕਤ ਕਰਨਾ ਸ਼ੁਰੂ ਕੀਤਾ। ਜਦੋਂ ਮੰਡਲੀ ਦੇ ਬਜ਼ੁਰਗ ਕਿਸੇ ਭਰਾ ਦੀ ਸਿਫਾਰਸ਼ ਸਫ਼ਰੀ ਨਿਗਾਹਬਾਨ ਨੂੰ ਕਰਦੇ ਹਨ, ਤਾਂ ਸਫ਼ਰੀ ਨਿਗਾਹਬਾਨ ਉਸ ਭਰਾ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਜੇ ਹੋ ਸਕੇ, ਤਾਂ ਉਹ ਉਸ ਭਰਾ ਨਾਲ ਪ੍ਰਚਾਰ ’ਤੇ ਜਾਂਦਾ ਹੈ। ਨਾਲੇ ਸਫ਼ਰੀ ਨਿਗਾਹਬਾਨ ਉਸ ਦੇ ਪਰਿਵਾਰ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਦਾ ਹੈ। (1 ਤਿਮੋ. 3:4, 5) ਫਿਰ ਸਫ਼ਰੀ ਨਿਗਾਹਬਾਨ ਅਤੇ ਮੰਡਲੀ ਦੇ ਬਜ਼ੁਰਗ ਬਾਈਬਲ ਵਿਚ ਦਿੱਤੀਆਂ ਸਹਾਇਕ ਸੇਵਕਾਂ ਅਤੇ ਬਜ਼ੁਰਗਾਂ ਲਈ ਰੱਖੀਆਂ ਮੰਗਾਂ ਦੀ ਧਿਆਨ ਨਾਲ ਜਾਂਚ ਕਰਦੇ ਹਨ ਅਤੇ ਦੇਖਦੇ ਹਨ ਕਿ ਉਹ ਭਰਾ ਕਿਸ ਹੱਦ ਤਕ ਇਨ੍ਹਾਂ ਮੰਗਾਂ ’ਤੇ ਖਰਾ ਉਤਰਦਾ ਹੈ।​—1 ਤਿਮੋ. 3:1-10, 12, 13; 1 ਪਤ. 5:1-3.

13. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਬਜ਼ੁਰਗਾਂ ਦਾ ਕਹਿਣਾ ਮੰਨਦੇ ਹਾਂ?

13 ਮੰਡਲੀਆਂ ਦੀ ਦੇਖ-ਭਾਲ ਅਤੇ ਰਾਖੀ ਕਰਨ ਲਈ ਬਜ਼ੁਰਗ ਸਾਨੂੰ ਬਾਈਬਲ ਤੋਂ ਹਿਦਾਇਤਾਂ ਦਿੰਦੇ ਹਨ। ਸਾਨੂੰ ਉਨ੍ਹਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਕਿਉਂਕਿ ਇਹ ਹਿਦਾਇਤਾਂ ਸਾਡੇ ਹੀ ਫ਼ਾਇਦੇ ਲਈ ਹੁੰਦੀਆਂ ਹਨ। (1 ਤਿਮੋ. 6:3) ਪਹਿਲੀ ਸਦੀ ਵਿਚ ਕੁਝ ਜਣੇ “ਗ਼ਲਤ ਤਰੀਕੇ ਨਾਲ” ਚੱਲ ਰਹੇ ਸਨ। ਉਹ ਕੋਈ ਕੰਮ ਨਹੀਂ ਕਰ ਰਹੇ ਸਨ, ਸਗੋਂ ਦੂਜਿਆਂ ਦੇ ਮਾਮਲਿਆਂ ਵਿਚ ਲੱਤ ਅੜਾ ਰਹੇ ਸਨ। ਬਜ਼ੁਰਗਾਂ ਨੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਢੀਠ ਸਨ। ਪੌਲੁਸ ਨੇ ਮੰਡਲੀਆਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਵਿਅਕਤੀ ਨਾਲ ਕੀ ਕਰਨਾ ਚਾਹੀਦਾ ਹੈ। ਉਸ ਨੇ ਕਿਹਾ: “ਉਸ ਉੱਤੇ ਨਜ਼ਰ ਰੱਖੋ ਅਤੇ ਉਸ ਨਾਲ ਮਿਲਣਾ-ਗਿਲਣਾ ਛੱਡ ਦਿਓ।” ਪੌਲੁਸ ਇੱਥੇ ਇਹ ਨਹੀਂ ਕਹਿ ਰਿਹਾ ਸੀ ਕਿ ਉਸ ਨੂੰ ਆਪਣਾ ਦੁਸ਼ਮਣ ਸਮਝੋ, ਸਗੋਂ ਉਸ ਨਾਲ ਸੰਗਤੀ ਕਰਨ ਤੋਂ ਮਨ੍ਹਾ ਕਰ ਰਿਹਾ ਸੀ। (2 ਥੱਸ. 3:11-15) ਅੱਜ ਵੀ ਮੰਡਲੀ ਦੇ ਬਜ਼ੁਰਗ ਉਸ ਵਿਅਕਤੀ ਦੀ ਮਦਦ ਕਰਦੇ ਹਨ ਜੋ ਪਰਮੇਸ਼ੁਰ ਦੇ ਮਿਆਰਾਂ ਖ਼ਿਲਾਫ਼ ਚੱਲਦਾ ਹੈ, ਜਿਵੇਂ ਕਿ ਕਿਸੇ ਅਵਿਸ਼ਵਾਸੀ ਨਾਲ ਵਿਆਹ ਦੇ ਇਰਾਦੇ ਨਾਲ ਮਿਲਣਾ-ਗਿਲਣਾ। (1 ਕੁਰਿੰ. 7:39) ਜੇ ਉਹ ਵਿਅਕਤੀ ਆਪਣੇ ਰਾਹਾਂ ਤੋਂ ਨਹੀਂ ਮੁੜਦਾ, ਤਾਂ ਮੰਡਲੀ ਦੇ ਬਜ਼ੁਰਗ ਸ਼ਾਇਦ ਇਕ ਭਾਸ਼ਣ ਦੁਆਰਾ ਮੰਡਲੀ ਨੂੰ ਖ਼ਬਰਦਾਰ ਕਰਨ ਕਿ ਇਸ ਤਰ੍ਹਾਂ ਦਾ ਚਾਲ-ਚਲਣ ਮੰਡਲੀ ਨੂੰ ਕਿਵੇਂ ਬਦਨਾਮ ਕਰ ਸਕਦਾ ਹੈ। ਜੇ ਤੁਹਾਡੀ ਮੰਡਲੀ ਵਿਚ ਬਜ਼ੁਰਗ ਇਸ ਤਰ੍ਹਾਂ ਦਾ ਭਾਸ਼ਣ ਦੇਣ, ਤਾਂ ਤੁਸੀਂ ਕੀ ਕਰੋਗੇ? ਜੇ ਤੁਹਾਨੂੰ ਪਤਾ ਹੈ ਕਿ ਉਹ ਵਿਅਕਤੀ ਕੌਣ ਹੈ, ਤਾਂ ਕੀ ਤੁਸੀਂ ਸਭਾਵਾਂ ਤੇ ਪ੍ਰਚਾਰ ਵਗੈਰਾ ਵਿਚ ਉਸ ਨੂੰ ਬੁਲਾਉਣ ਤੋਂ ਇਲਾਵਾ ਉਸ ਨਾਲ ਮਿਲਣਾ-ਗਿਲਣਾ ਛੱਡ ਦਿਓਗੇ? ਇਸ ਤਰ੍ਹਾਂ ਕਰਨ ਨਾਲ ਉਸ ਵਿਅਕਤੀ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਹੋਵੇ ਕਿ ਉਹ ਨਾ ਸਿਰਫ਼ ਆਪਣਾ ਨੁਕਸਾਨ ਕਰ ਰਿਹਾ ਹੈ, ਸਗੋਂ ਯਹੋਵਾਹ ਨੂੰ ਵੀ ਨਾਰਾਜ਼ ਕਰ ਰਿਹਾ ਹੈ। ਇਸ ਕਰਕੇ ਉਹ ਸ਼ਾਇਦ ਆਪਣੇ ਰਾਹ ਤੋਂ ਮੁੜ ਆਵੇ।  [1]

ਮੰਡਲੀ ਦੀ ਸ਼ੁੱਧਤਾ, ਸ਼ਾਂਤੀ ਅਤੇ ਏਕਤਾ ਬਣਾਈ ਰੱਖੋ

14. ਅਸੀਂ ਮੰਡਲੀ ਦੀ ਸ਼ੁੱਧਤਾ ਬਣਾਈ ਰੱਖਣ ਵਿਚ ਕਿਵੇਂ ਯੋਗਦਾਨ ਪਾ ਸਕਦੇ ਹਾਂ?

14 ਸਾਨੂੰ ਸਾਰਿਆਂ ਨੂੰ ਮੰਡਲੀ ਦੀ ਸ਼ੁੱਧਤਾ ਬਣਾਈ ਰੱਖਣ ਲਈ ਬਾਈਬਲ ਦੀ ਸਲਾਹ ਮੰਨਣੀ ਚਾਹੀਦੀ ਹੈ। ਕੁਰਿੰਥੁਸ ਦੀ ਮੰਡਲੀ ਦੀ ਮਿਸਾਲ ਲਓ। ਪੌਲੁਸ ਉੱਥੇ ਦੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਸੀ। ਉਸ ਨੇ ਕਈਆਂ ਦੀ ਸੱਚਾਈ ਸਿੱਖਣ ਵਿਚ ਮਦਦ ਕੀਤੀ। (1 ਕੁਰਿੰ. 1:1, 2) ਜ਼ਰਾ ਸੋਚੋ ਕਿ ਪੌਲੁਸ ’ਤੇ ਕੀ ਬੀਤੀ ਹੋਵੇਗੀ ਜਦੋਂ ਉਸ ਨੂੰ ਪਤਾ ਲੱਗਾ ਕਿ ਉਨ੍ਹਾਂ ਵਿੱਚੋਂ ਇਕ ਜਣਾ ਹਰਾਮਕਾਰੀ ਕਰ ਰਿਹਾ ਸੀ ਅਤੇ ਬਜ਼ੁਰਗਾਂ ਨੇ ਇਹ ਗੱਲ ਜਾਣਦੇ ਹੋਏ ਵੀ ਉਸ ਨੂੰ ਮੰਡਲੀ ਵਿੱਚੋਂ ਛੇਕਿਆ ਨਹੀਂ ਸੀ। ਪੌਲੁਸ ਨੇ ਉਨ੍ਹਾਂ ਬਜ਼ੁਰਗਾਂ ਨੂੰ ਕਿਹਾ ਕਿ “ਉਸ ਆਦਮੀ ਨੂੰ ਸ਼ੈਤਾਨ ਦੇ ਹਵਾਲੇ ਕਰ ਦਿਓ।” ਇਹ ਬਹੁਤ ਜ਼ਰੂਰੀ ਸੀ ਕਿ ਬਜ਼ੁਰਗ ਉਸ ਆਦਮੀ ਨੂੰ ਮੰਡਲੀ ਵਿੱਚੋਂ ਛੇਕ ਦੇਣ। (1 ਕੁਰਿੰ. 5:1, 5-7, 12) ਅੱਜ ਸ਼ਾਇਦ ਬਜ਼ੁਰਗ ਕਿਸੇ ਨੂੰ ਛੇਕ ਦੇਣ ਕਿਉਂਕਿ ਉਸ ਨੇ ਆਪਣੇ ਪਾਪਾਂ ਤੋਂ ਤੋਬਾ ਨਹੀਂ ਕੀਤੀ। ਜੇ ਇੱਦਾਂ ਹੁੰਦਾ ਹੈ, ਤਾਂ ਕੀ ਅਸੀਂ ਉਸ ਛੇਕੇ ਹੋਏ ਵਿਅਕਤੀ ਨਾਲ ਉਸ ਤਰ੍ਹਾਂ ਪੇਸ਼ ਆਵਾਂਗੇ ਜਿਸ ਤਰ੍ਹਾਂ ਬਾਈਬਲ ਸਾਨੂੰ ਕਹਿੰਦੀ ਹੈ? ਬਾਈਬਲ ਦੀ ਸਲਾਹ ਮੰਨ ਕੇ ਅਸੀਂ ਮੰਡਲੀ ਦੀ ਸ਼ੁੱਧਤਾ ਬਣਾਈ ਰੱਖਣ ਵਿਚ ਯੋਗਦਾਨ ਪਾ ਰਹੇ ਹੋਵਾਂਗੇ। ਨਾਲੇ ਸਾਡੇ ਇਹ ਕਦਮ ਚੁੱਕਣ ਕਰਕੇ ਉਹ ਵਿਅਕਤੀ ਸ਼ਾਇਦ ਆਪਣੇ ਹੋਸ਼ ਵਿਚ ਆ ਜਾਵੇ ਅਤੇ ਯਹੋਵਾਹ ਤੋਂ ਦਿਲੋਂ ਮਾਫ਼ੀ ਮੰਗੇ।

15. ਅਸੀਂ ਮੰਡਲੀ ਦੀ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ?

15 ਕੁਰਿੰਥੁਸ ਦੀ ਮੰਡਲੀ ਵਿਚ ਇਕ ਹੋਰ ਸਮੱਸਿਆ ਸੀ। ਕੁਝ ਜਣੇ ਆਪਣੇ ਭਰਾਵਾਂ ਨੂੰ ਅਦਾਲਤਾਂ ਵਿਚ ਘੜੀਸ ਰਹੇ ਸਨ। ਪੌਲੁਸ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਆਪ ਹੀ ਬੇਇਨਸਾਫ਼ੀ ਕਿਉਂ ਨਹੀਂ ਸਹਿ ਲੈਂਦੇ?” (1 ਕੁਰਿੰ. 6:1-8) ਅੱਜ ਮੰਡਲੀ ਵਿਚ ਕੁਝ ਜਣਿਆਂ ਨੇ ਇਕ-ਦੂਜੇ ਨਾਲ ਕਾਰੋਬਾਰੀ ਮਾਮਲੇ ਵਿਚ ਇਕਰਾਰਨਾਮਾ ਕੀਤਾ। ਪਰ ਬਾਅਦ ਵਿਚ ਉਨ੍ਹਾਂ ਦੇ ਪੈਸੇ ਡੁੱਬ ਗਏ ਜਾਂ ਉਨ੍ਹਾਂ ਨੇ ਇਕ-ਦੂਜੇ ’ਤੇ ਹੇਰਾ-ਫੇਰੀ ਦਾ ਇਲਜ਼ਾਮ ਲਾਇਆ। ਇਸ ਲਈ ਉਨ੍ਹਾਂ ਨੇ ਆਪਣੇ ਭਰਾਵਾਂ ਨੂੰ ਅਦਾਲਤ ਵਿਚ ਘੜੀਸਿਆ। ਜਦੋਂ ਇਸ ਤਰ੍ਹਾਂ ਹੁੰਦਾ ਹੈ, ਤਾਂ ਸ਼ਾਇਦ ਲੋਕ ਯਹੋਵਾਹ ਅਤੇ ਉਸ ਦੇ ਲੋਕਾਂ ਬਾਰੇ ਬੁਰਾ-ਭਲਾ ਕਹਿਣ। ਨਾਲੇ ਮੰਡਲੀ ਵਿਚ ਵੀ ਫੁੱਟ ਪੈ ਸਕਦੀ ਹੈ। ਪਰ ਪਰਮੇਸ਼ੁਰ ਦੀ ਕਿਤਾਬ ਕਹਿੰਦੀ ਹੈ ਕਿ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਕਰਨ ਜਾਂ ਮੰਡਲੀ ਦੀ ਸ਼ਾਂਤੀ ਭੰਗ ਕਰਨ ਦੀ ਬਜਾਇ, ਕੀ ਇਹ ਚੰਗਾ ਨਹੀਂ ਕਿ ਤੁਸੀਂ ਹੀ ਘਾਟਾ ਸਹਿ ਲਓ?  [2] ਕਿਸੇ ਗੰਭੀਰ ਮਾਮਲੇ ਜਾਂ ਲੜਾਈ ਨੂੰ ਖ਼ਤਮ ਕਰਨ ਲਈ ਸਾਨੂੰ ਯਿਸੂ ਦੀ ਸਲਾਹ ਮੰਨਣੀ ਚਾਹੀਦੀ ਹੈ। (ਮੱਤੀ 5:23, 24; 18:15-17 ਪੜ੍ਹੋ।) ਜਦੋਂ ਅਸੀਂ ਯਿਸੂ ਦੀ ਸਲਾਹ ਮੰਨਦੇ ਹਾਂ, ਤਾਂ ਅਸੀਂ ਮੰਡਲੀ ਦੀ ਸ਼ਾਂਤੀ ਅਤੇ ਏਕਤਾ ਬਣਾਈ ਰੱਖਦੇ ਹਾਂ।

16. ਪਰਮੇਸ਼ੁਰ ਦੇ ਲੋਕਾਂ ਵਿਚ ਏਕਤਾ ਕਿਉਂ ਹੈ?

16 ਯਹੋਵਾਹ ਦੀ ਕਿਤਾਬ ਸਾਨੂੰ ਦੱਸਦੀ ਹੈ: “ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!” (ਜ਼ਬੂ. 133:1) ਜਦੋਂ ਇਜ਼ਰਾਈਲੀ ਯਹੋਵਾਹ ਦਾ ਕਹਿਣਾ ਮੰਨਦੇ ਸਨ, ਤਾਂ ਉਨ੍ਹਾਂ ਵਿਚ ਏਕਤਾ ਹੁੰਦੀ ਸੀ ਅਤੇ ਉਹ ਸਾਰੇ ਕੰਮ ਸਹੀ ਢੰਗ ਨਾਲ ਕਰਦੇ ਸਨ। ਪਰਮੇਸ਼ੁਰ ਨੇ ਆਪਣੇ ਲੋਕਾਂ ਬਾਰੇ ਪਹਿਲਾਂ ਹੀ ਦੱਸਿਆ ਸੀ: ‘ਮੈਂ ਓਹਨਾਂ ਨੂੰ ਭੇਡਾਂ ਵਾਂਙੁ ਰਲਾ ਕੇ ਰੱਖਾਂਗਾ।’ (ਮੀਕਾ. 2:12) ਯਹੋਵਾਹ ਨੇ ਇਹ ਵੀ ਦੱਸਿਆ ਸੀ ਕਿ ਉਸ ਦੇ ਲੋਕ ਬਾਈਬਲ ਤੋਂ ਸੱਚਾਈ ਸਿੱਖਣਗੇ ਅਤੇ ਇਕਮੁੱਠ ਹੋ ਕੇ ਉਸ ਦੀ ਭਗਤੀ ਕਰਨਗੇ। ਉਸ ਨੇ ਕਿਹਾ: “ਮੈਂ, ਲੋਕਾਂ ਦੀ ਭਾਸ਼ਾ ਬਦਲ ਦੇਵਾਂਗਾ, ਕਿ ਉਹ ਪਵਿੱਤਰ ਬੋਲ ਬੋਲਣ, ਅਤੇ ਸਭ ਕੇਵਲ ਪ੍ਰਭੂ [ਯਹੋਵਾਹ] ਦਾ ਨਾਂ ਲੈਣ, ਅਤੇ ਇਕ ਮਨ ਹੋ ਕੇ ਉਸ ਦੀ ਉਪਾਸਨਾ ਕਰਨ।” (ਸਫ਼. 3:9, CL) ਅਸੀਂ ਕਿੰਨੇ ਹੀ ਮੁਬਾਰਕ ਲੋਕ ਹਾਂ ਕਿ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਯਹੋਵਾਹ ਦੀ ਭਗਤੀ ਕਰ ਸਕਦੇ ਹਾਂ।

ਜੇ ਕੋਈ “ਅਣਜਾਣੇ ਵਿਚ ਗ਼ਲਤ ਕਦਮ ਉਠਾ ਲਵੇ,” ਤਾਂ ਬਜ਼ੁਰਗ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ (ਪੈਰਾ 17 ਦੇਖੋ)

17. ਜੇ ਕੋਈ ਗੰਭੀਰ ਪਾਪ ਕਰਦਾ ਹੈ, ਤਾਂ ਮੰਡਲੀ ਦੇ ਬਜ਼ੁਰਗਾਂ ਨੂੰ ਕੀ ਕਰਨਾ ਚਾਹੀਦਾ ਹੈ?

17 ਜੇ ਕੋਈ ਗੰਭੀਰ ਪਾਪ ਕਰਦਾ ਹੈ, ਤਾਂ ਮੰਡਲੀ ਦੇ ਬਜ਼ੁਰਗਾਂ ਨੂੰ ਜਲਦੀ ਤੋਂ ਜਲਦੀ ਉਸ ਵਿਅਕਤੀ ਦੀ ਪਿਆਰ ਨਾਲ ਮਦਦ ਕਰਨੀ ਚਾਹੀਦੀ ਹੈ। ਬਜ਼ੁਰਗ ਜਾਣਦੇ ਹਨ ਕਿ ਯਹੋਵਾਹ ਚਾਹੁੰਦਾ ਹੈ ਕਿ ਉਹ ਮੰਡਲੀ ਨੂੰ ਅਸ਼ੁੱਧ ਅਤੇ ਅਪਵਿੱਤਰ ਹੋਣ ਤੋਂ ਬਚਾ ਕੇ ਰੱਖਣ। (ਕਹਾ. 15:3) ਪੌਲੁਸ ਕੁਰਿੰਥ ਦੇ ਮਸੀਹੀਆਂ ਨੂੰ ਪਿਆਰ ਕਰਨ ਦੇ ਨਾਲ-ਨਾਲ ਲੋੜੀਂਦੀ ਤਾੜਨਾ ਵੀ ਦਿੰਦਾ ਸੀ। ਇਸ ਗੱਲ ਬਾਰੇ ਅਸੀਂ ਕੁਰਿੰਥੀਆਂ ਦੀ ਮੰਡਲੀ ਨੂੰ ਲਿਖੀ ਪੌਲੁਸ ਦੀ ਪਹਿਲੀ ਚਿੱਠੀ ਵਿਚ ਪੜ੍ਹ ਸਕਦੇ ਹਾਂ। ਕੁਝ ਮਹੀਨਿਆਂ ਬਾਅਦ ਪੌਲੁਸ ਨੇ ਕੁਰਿੰਥੀਆਂ ਦੀ ਮੰਡਲੀ ਨੂੰ ਦੂਜੀ ਚਿੱਠੀ ਲਿਖੀ ਜਿਸ ਵਿਚ ਉਸ ਨੇ ਉਨ੍ਹਾਂ ਦੀ ਤਾਰੀਫ਼ ਕੀਤੀ। ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਉੱਥੇ ਦੇ ਬਜ਼ੁਰਗਾਂ ਨੇ ਝੱਟ ਪੌਲੁਸ ਦੀ ਸਲਾਹ ਮੰਨੀ। ਜੇ ਕੋਈ ਭਰਾ “ਅਣਜਾਣੇ ਵਿਚ ਗ਼ਲਤ ਕਦਮ ਉਠਾ ਲਵੇ,” ਤਾਂ ਬਜ਼ੁਰਗ ਉਸ ਨੂੰ ਨਰਮਾਈ ਨਾਲ ਸੁਧਾਰਨ।​—ਗਲਾ. 6:1.

18. (ੳ) ਪਰਮੇਸ਼ੁਰ ਦੇ ਬਚਨ ਤੋਂ ਮਿਲਦੀਆਂ ਹਿਦਾਇਤਾਂ ਨੇ ਪਹਿਲੀ ਸਦੀ ਦੇ ਮਸੀਹੀਆਂ ਦੀ ਕਿਵੇਂ ਮਦਦ ਕੀਤੀ? (ਅ) ਅਗਲੇ ਲੇਖ ਵਿਚ ਕਿਸ ਗੱਲ ਬਾਰੇ ਹੋਰ ਸਮਝਾਇਆ ਜਾਵੇਗਾ?

18 ਇਹ ਗੱਲ ਸਾਫ਼ ਹੈ ਕਿ ਜਦੋਂ ਪਹਿਲੀ ਸਦੀ ਦੀਆਂ ਮੰਡਲੀਆਂ ਪਰਮੇਸ਼ੁਰ ਦੀ ਕਿਤਾਬ ਅਨੁਸਾਰ ਚੱਲਦੀਆਂ ਸਨ, ਤਾਂ ਮੰਡਲੀਆਂ ਵਿਚ ਸ਼ੁੱਧਤਾ, ਸ਼ਾਂਤੀ ਅਤੇ ਏਕਤਾ ਬਣੀ ਰਹਿੰਦੀ ਸੀ। (1 ਕੁਰਿੰ. 1:10; ਅਫ਼. 4:11-13; 1 ਪਤ. 3:8) ਨਤੀਜੇ ਵਜੋਂ, ਉਹ ਮਸੀਹੀ “ਆਕਾਸ਼ ਹੇਠ ਪੂਰੀ ਦੁਨੀਆਂ ਵਿਚ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕੇ। (ਕੁਲੁ. 1:23) ਅੱਜ ਵੀ ਯਹੋਵਾਹ ਦੇ ਗਵਾਹਾਂ ਵਿਚ ਏਕਤਾ ਹੈ ਅਤੇ ਉਹ ਮਿਲ ਕੇ ਸਹੀ ਢੰਗ ਨਾਲ ਪੂਰੀ ਦੁਨੀਆਂ ਵਿਚ ਪ੍ਰਚਾਰ ਕਰ ਰਹੇ ਹਨ। ਅਗਲੇ ਲੇਖ ਵਿਚ ਇਸ ਗੱਲ ਬਾਰੇ ਹੋਰ ਸਮਝਾਇਆ ਜਾਵੇਗਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਇਹੀ ਇੱਛਾ ਹੈ ਕਿ ਉਹ ਪੂਰੀ ਕਾਇਨਾਤ ਦੇ ਮਾਲਕ ਦੀ ਵਡਿਆਈ ਕਰਨ ਅਤੇ ਉਸ ਦੀ ਕਿਤਾਬ ਯਾਨੀ ਬਾਈਬਲ ਅਨੁਸਾਰ ਚੱਲਣ।​—ਜ਼ਬੂ. 71:15, 16.

^ [1] (ਪੈਰਾ 13) ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ੇ 134-137 ਦੇਖੋ।

^ [2] (ਪੈਰਾ 15) ਕੁਝ ਅਜਿਹੇ ਹਾਲਾਤ ਹਨ ਜਿਨ੍ਹਾਂ ਵਿਚ ਇਕ ਮਸੀਹੀ ਸ਼ਾਇਦ ਦੂਜੇ ਮਸੀਹੀ ਨੂੰ ਅਦਾਲਤ ਵਿਚ ਲਿਜਾਣ ਦਾ ਫ਼ੈਸਲਾ ਕਰੇ। ਇਨ੍ਹਾਂ ਹਾਲਾਤਾਂ ਬਾਰੇ ਜਾਣਕਾਰੀ ਲੈਣ ਲਈ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਨਾਂ ਦੀ ਕਿਤਾਬ ਦੇ ਸਫ਼ੇ 223 ਉੱਤੇ ਦਿੱਤਾ ਫੁਟਨੋਟ ਦੇਖੋ।