Skip to content

Skip to table of contents

ਹਨੇਰੇ ਵਿੱਚੋਂ ਕੱਢਿਆ

ਹਨੇਰੇ ਵਿੱਚੋਂ ਕੱਢਿਆ

“[ਯਹੋਵਾਹ] ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿਚ ਲਿਆਇਆ ਹੈ।”​—1 ਪਤ. 2:9.

ਗੀਤ: 1, 14

1. ਯਰੂਸ਼ਲਮ ਦੇ ਨਾਸ਼ ਵੇਲੇ ਕੀ ਹੋਇਆ?

607 ਈਸਵੀ ਪੂਰਵ ਵਿਚ ਰਾਜਾ ਨਬੂਕਦਨੱਸਰ ਦੂਜੇ ਅਤੇ ਉਸ ਦੀ ਵਿਸ਼ਾਲ ਬਾਬਲੀ ਫ਼ੌਜ ਨੇ ਯਰੂਸ਼ਲਮ ’ਤੇ ਹਮਲਾ ਕੀਤਾ। ਬਾਈਬਲ ਦੱਸਦੀ ਹੈ ਕਿ ਰਾਜੇ ਨੇ ਜੁਆਨਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ। “ਉਹ ਨੇ ਨਾ ਜੁਆਨ ਨਾ ਕੁਆਰੀ, ਨਾ ਬੁਢਾ ਨਾ ਵੱਡੀ ਉਮਰ ਵਾਲੇ ਉੱਤੇ ਤਰਸ ਖਾਧਾ।” ਆਖ਼ਰ ਵਿਚ “ਉਹ ਨੇ ਪਰਮੇਸ਼ੁਰ ਦੇ ਭਵਨ ਨੂੰ ਸਾੜ ਦਿੱਤਾ ਅਤੇ ਯਰੂਸ਼ਲਮ ਦੀ ਕੰਧ ਨੂੰ ਢਾਹ ਸੁੱਟਿਆ ਅਤੇ ਉਹ ਦੇ ਸਾਰੇ ਮਹਿਲ ਅੱਗ ਨਾਲ ਸਾੜ ਦਿੱਤੇ, ਅਤੇ ਉਹ ਦੇ ਸਾਰੇ ਬਹੁ ਮੁੱਲੇ ਭਾਂਡਿਆਂ ਨੂੰ ਬਰਬਾਦ ਕੀਤਾ।”​—2 ਇਤ. 36:17, 19.

2. ਯਹੋਵਾਹ ਨੇ ਯਹੂਦੀਆਂ ਨੂੰ ਕਿਹੜੀ ਚੇਤਾਵਨੀ ਦਿੱਤੀ ਸੀ ਅਤੇ ਉਨ੍ਹਾਂ ਨਾਲ ਕੀ ਹੋਣਾ ਸੀ?

2 ਯਰੂਸ਼ਲਮ ਦੇ ਨਾਸ਼ ਵੇਲੇ ਯਹੂਦੀਆਂ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਸੀ। ਬਹੁਤ ਸਾਲਾਂ ਤਕ ਪਰਮੇਸ਼ੁਰ ਆਪਣੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਨਬੀ ਘੱਲਦਾ ਰਿਹਾ ਕਿ ਜੇ ਲੋਕ ਉਸ ਦਾ ਕਹਿਣਾ ਨਹੀਂ ਮੰਨਣਗੇ, ਤਾਂ ਉਨ੍ਹਾਂ ਦਾ ਬਾਬਲੀਆਂ ਦੁਆਰਾ ਨਾਸ਼ ਕੀਤਾ ਜਾਵੇਗਾ। ਬਹੁਤ ਸਾਰੇ ਯਹੂਦੀਆਂ ਨੂੰ ਤਲਵਾਰ ਨਾਲ ਵੱਢਿਆ ਜਾਣਾ ਸੀ ਅਤੇ ਜਿਹੜੇ ਬਚ ਜਾਣੇ ਸਨ, ਉਨ੍ਹਾਂ ਨੂੰ ਬਾਬਲ ਵਿਚ ਗ਼ੁਲਾਮ ਬਣਾ ਕੇ ਲਿਜਾਇਆ ਜਾਣਾ ਸੀ। (ਯਿਰ. 15:2) ਗ਼ੁਲਾਮੀ ਵਿਚ ਰਹਿਣਾ ਕਿੱਦਾਂ ਦਾ ਹੋਣਾ ਸੀ? ਜਿੱਦਾਂ ਇਜ਼ਰਾਈਲੀ ਬਾਬਲ ਵਿਚ ਗ਼ੁਲਾਮ ਸਨ, ਕੀ ਮਸੀਹੀ ਵੀ ਕਦੇ ਗ਼ੁਲਾਮ ਬਣੇ ਸਨ? ਜੇ ਹਾਂ, ਤਾਂ ਕਦੋਂ?

ਗ਼ੁਲਾਮੀ ਦੀ ਜ਼ਿੰਦਗੀ

3. ਬਾਬਲ ਦੀ ਗ਼ੁਲਾਮੀ ਮਿਸਰ ਦੀ ਗ਼ੁਲਾਮੀ ਤੋਂ ਕਿਵੇਂ ਵੱਖਰੀ ਸੀ?

3 ਯਹੋਵਾਹ ਨੇ ਯਹੂਦੀਆਂ ਨੂੰ ਦੱਸਿਆ ਸੀ ਕਿ ਜਦੋਂ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਜਾਣਾ ਸੀ, ਤਾਂ ਉਨ੍ਹਾਂ ਨੂੰ ਆਮ ਜ਼ਿੰਦਗੀ ਜੀਉਣ ਲਈ ਉੱਥੇ ਦੇ ਹਾਲਾਤਾਂ ਮੁਤਾਬਕ ਢਲ਼ਣ ਦੀ ਲੋੜ ਸੀ। ਉਸ ਨੇ ਉਨ੍ਹਾਂ ਨੂੰ ਯਿਰਮਿਯਾਹ ਰਾਹੀਂ ਦੱਸਿਆ: “ਤੁਸੀਂ ਘਰ ਬਣਾਓ ਅਤੇ ਓਹਨਾਂ ਵਿੱਚ ਵੱਸੋ ਅਤੇ ਬਾਗ ਲਾਓ ਅਤੇ ਓਹਨਾਂ ਦੇ ਮੇਵੇ ਖਾਓ। ਅਤੇ ਉਸ ਸ਼ਹਿਰ ਲਈ ਸ਼ਾਂਤੀ ਭਾਲੋ ਜਿੱਥੇ ਮੈਂ ਤੁਹਾਨੂੰ ਅਸੀਰ ਕਰ ਕੇ ਘੱਲਿਆ ਹੈ ਅਤੇ ਉਸ ਦੇ ਕਾਰਨ ਯਹੋਵਾਹ ਅੱਗੇ ਪ੍ਰਾਰਥਨਾ ਕਰੋ ਕਿਉਂ ਜੋ ਉਹ ਦੀ ਸ਼ਾਂਤੀ ਵਿੱਚ ਤੁਹਾਡੀ ਸ਼ਾਂਤੀ ਹੈ।” (ਯਿਰ. 29:5, 7) ਜਿਹੜੇ ਯਹੂਦੀਆਂ ਨੇ ਯਹੋਵਾਹ ਦੀਆਂ ਹਿਦਾਇਤਾਂ ਮੰਨੀਆਂ, ਉਨ੍ਹਾਂ ਨੇ ਗ਼ੁਲਾਮੀ ਵਿਚ ਕਾਫ਼ੀ ਹੱਦ ਤਕ ਆਮ ਜ਼ਿੰਦਗੀ ਗੁਜ਼ਾਰੀ। ਬਾਬਲੀਆਂ ਨੇ ਯਹੂਦੀਆਂ ਨੂੰ ਜ਼ਿਆਦਾਤਰ ਆਪਣੇ ਮਾਮਲੇ ਆਪ ਨਿਪਟਾਉਣ ਦੇ ਨਾਲ-ਨਾਲ ਖੁੱਲ੍ਹੇ-ਆਮ ਦੇਸ਼ ਵਿਚ ਕਿਤੇ ਵੀ ਘੁੰਮਣ ਦੀ ਇਜਾਜ਼ਤ ਦਿੱਤੀ ਸੀ। ਉਸ ਸਮੇਂ ਵਿਚ ਬਾਬਲ ਵਣਜ-ਵਪਾਰ ਦਾ ਕੇਂਦਰ ਸੀ। ਖੁਦਾਈ ਕਰਨ ’ਤੇ ਮਿਲੀਆਂ ਪੁਰਾਣੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਯਹੂਦੀਆਂ ਨੇ ਵਪਾਰ ਕਰਨ ਦੀ ਕਲਾ ਸਿੱਖੀ ਸੀ ਅਤੇ ਹੋਰ ਯਹੂਦੀ ਨਿਪੁੰਨ ਕਾਰੀਗਰ ਬਣ ਗਏ ਸਨ। ਕੁਝ ਯਹੂਦੀ ਤਾਂ ਅਮੀਰ ਹੋ ਗਏ ਸਨ। ਗ਼ੁਲਾਮਾਂ ਵਜੋਂ ਉਨ੍ਹਾਂ ਦੀ ਜ਼ਿੰਦਗੀ ਇੰਨੀ ਜ਼ਿਆਦਾ ਔਖੀ ਨਹੀਂ ਸੀ, ਜਿੰਨੀ ਜ਼ਿਆਦਾ ਸਦੀਆਂ ਪਹਿਲਾਂ ਇਜ਼ਰਾਈਲੀਆਂ ਦੀ ਮਿਸਰ ਵਿਚ ਸੀ।​—ਕੂਚ 2:23-25 ਪੜ੍ਹੋ।

4. ਬੇਵਫ਼ਾ ਯਹੂਦੀਆਂ ਨਾਲ ਕਿਨ੍ਹਾਂ ਨੂੰ ਸਜ਼ਾ ਭੁਗਤਣੀ ਪਈ ਅਤੇ ਉਹ ਕਾਨੂੰਨ ਵਿਚ ਦੱਸੀ ਹਰ ਮੰਗ ਪੂਰੀ ਕਿਉਂ ਨਹੀਂ ਕਰ ਸਕਦੇ ਸਨ?

4 ਗ਼ੁਲਾਮ ਬਣਾਏ ਗਏ ਯਹੂਦੀਆਂ ਵਿਚ ਕਈ ਜਣੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਸਨ। ਭਾਵੇਂ ਕਿ ਇਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਸੀ, ਫਿਰ ਵੀ ਇਨ੍ਹਾਂ ਨੂੰ ਬਾਕੀ ਕੌਮ ਨਾਲ ਇਹ ਸਜ਼ਾ ਭੁਗਤਣੀ ਪਈ। ਯਹੂਦੀ ਆਪਣੀਆਂ ਰੋਜ਼ ਦੀਆਂ ਲੋੜ ਪੂਰੀਆਂ ਕਰ ਰਹੇ ਸਨ, ਪਰ ਉਹ ਯਹੋਵਾਹ ਦੀ ਭਗਤੀ ਸਹੀ ਢੰਗ ਨਾਲ ਨਹੀਂ ਕਰ ਸਕਦੇ ਸਨ। ਕਿਉਂ? ਕਿਉਂਕਿ ਯਹੋਵਾਹ ਦੇ ਮੰਦਰ ਅਤੇ ਜਗਵੇਦੀ ਨੂੰ ਨਾਸ਼ ਕਰ ਦਿੱਤਾ ਗਿਆ ਸੀ ਅਤੇ ਪੁਜਾਰੀਆਂ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਪਰ ਵਫ਼ਾਦਾਰ ਯਹੂਦੀਆਂ ਨੇ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਪੂਰਾ ਕਰਨ ਲਈ ਉਹ ਸਭ ਕੁਝ ਕੀਤਾ ਜੋ ਉਹ ਕਰ ਸਕਦੇ ਸਨ। ਮਿਸਾਲ ਲਈ, ਦਾਨੀਏਲ, ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨੇ ਉਹ ਖਾਣਾ ਖਾਣ ਤੋਂ ਇਨਕਾਰ ਕੀਤਾ ਜੋ ਯਹੂਦੀਆਂ ਲਈ ਮਨ੍ਹਾ ਸੀ। ਨਾਲੇ ਬਾਈਬਲ ਦੱਸਦੀ ਹੈ ਕਿ ਦਾਨੀਏਲ ਬਾਕਾਇਦਾ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਰਿਹਾ। (ਦਾਨੀ. 1:8; 6:10) ਵਫ਼ਾਦਾਰ ਯਹੂਦੀਆਂ ਲਈ ਮੂਸਾ ਦੇ ਕਾਨੂੰਨ ਦੀ ਹਰ ਗੱਲ ਪੂਰੀ ਕਰਨੀ ਨਾਮੁਮਕਿਨ ਸੀ ਕਿਉਂਕਿ ਉਹ ਝੂਠੀ ਭਗਤੀ ਕਰਨ ਵਾਲੀ ਕੌਮ ਦੇ ਗ਼ੁਲਾਮ ਸਨ।

5. ਯਹੋਵਾਹ ਨੇ ਆਪਣੇ ਲੋਕਾਂ ਨਾਲ ਕਿਹੜਾ ਵਾਅਦਾ ਕੀਤਾ ਸੀ ਅਤੇ ਇਹ ਵਾਅਦਾ ਇੰਨਾ ਹੈਰਾਨੀਜਨਕ ਕਿਉਂ ਸੀ?

5 ਕੀ ਇਜ਼ਰਾਈਲੀਆਂ ਲਈ ਦੁਬਾਰਾ ਕਦੇ ਪਰਮੇਸ਼ੁਰ ਦੀ ਮਨਜ਼ੂਰਯੋਗ ਭਗਤੀ ਕਰਨੀ ਮੁਮਕਿਨ ਹੋਣੀ ਸੀ? ਉਸ ਸਮੇਂ ਇਸ ਤਰ੍ਹਾਂ ਹੋਣਾ ਨਾਮੁਮਕਿਨ ਲੱਗਦਾ ਸੀ ਕਿਉਂਕਿ ਬਾਬਲੀ ਆਪਣੇ ਗ਼ੁਲਾਮ ਕਦੇ ਵੀ ਆਜ਼ਾਦ ਨਹੀਂ ਕਰਦੇ ਸਨ। ਪਰ ਬਾਬਲੀ ਲੋਕ ਯਹੋਵਾਹ ਪਰਮੇਸ਼ੁਰ ਦੇ ਹੱਥ ਨਹੀਂ ਬੰਨ੍ਹ ਸਕਦੇ ਸਨ। ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਉਸ ਦੇ ਲੋਕ ਆਜ਼ਾਦ ਕੀਤੇ ਜਾਣਗੇ ਅਤੇ ਅਖ਼ੀਰ ਇੱਦਾਂ ਹੀ ਹੋਇਆ। ਪਰਮੇਸ਼ੁਰ ਨੂੰ ਆਪਣੇ ਵਾਅਦੇ ਪੂਰੇ ਕਰਨ ਤੋਂ ਕੋਈ ਨਹੀਂ ਰੋਕ ਸਕਦਾ।—ਯਸਾ. 55:11.

ਕੀ ਮਸੀਹੀ ਕਦੇ ਮਹਾਂ ਬਾਬਲ ਦੇ ਗ਼ੁਲਾਮ ਸਨ?

6, 7. ਮਹਾਂ ਬਾਬਲ ਦੀ ਗ਼ੁਲਾਮੀ ਸੰਬੰਧੀ ਸਾਨੂੰ ਆਪਣੀ ਸਮਝ ਵਿਚ ਸੁਧਾਰ ਕਰਨ ਦੀ ਲੋੜ ਕਿਉਂ ਪਈ?

6 ਜਿੱਦਾਂ ਇਜ਼ਰਾਈਲੀ ਬਾਬਲ ਵਿਚ ਗ਼ੁਲਾਮ ਸਨ, ਕੀ ਮਸੀਹੀ ਵੀ ਕਦੇ ਕਿਸੇ ਦੇ ਗ਼ੁਲਾਮ ਬਣੇ ਸਨ? ਬਹੁਤ ਸਾਲਾਂ ਤਕ ਪਹਿਰਾਬੁਰਜ ਵਿਚ ਸਮਝਾਇਆ ਗਿਆ ਸੀ ਕਿ ਵਫ਼ਾਦਾਰ ਮਸੀਹੀ 1918 ਵਿਚ ਮਹਾਂ ਬਾਬਲ ਦੇ ਗ਼ੁਲਾਮ ਬਣੇ ਸਨ ਅਤੇ 1919 ਵਿਚ ਇਸ ਤੋਂ ਆਜ਼ਾਦ ਹੋਏ ਸਨ। ਪਰ ਅਸੀਂ ਇਸ ਅਤੇ ਅਗਲੇ ਲੇਖ ਵਿਚ ਦੇਖਾਂਗੇ ਕਿ ਸਾਨੂੰ ਇਸ ਸਮਝ ਵਿਚ ਸੁਧਾਰ ਕਰਨ ਦੀ ਲੋੜ ਕਿਉਂ ਪਈ?

7 ਗੌਰ ਕਰੋ: ਮਹਾਂ ਬਾਬਲ ਝੂਠੇ ਧਰਮਾਂ ਦਾ ਸਾਮਰਾਜ ਹੈ। ਜੇ ਪਰਮੇਸ਼ੁਰ ਦੇ ਲੋਕ 1918 ਵਿਚ ਮਹਾਂ ਬਾਬਲ ਦੇ ਗ਼ੁਲਾਮ ਬਣੇ ਸਨ, ਤਾਂ ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਨੇ ਉਸ ਸਮੇਂ ਝੂਠੀ ਭਗਤੀ ਕਰਨੀ ਸ਼ੁਰੂ ਕੀਤੀ ਸੀ। ਪਰ ਸੱਚ ਤਾਂ ਇਹ ਹੈ ਕਿ ਪਹਿਲੇ ਵਿਸ਼ਵ ਯੁੱਧ ਤੋਂ ਕਈ ਦਹਾਕੇ ਪਹਿਲਾਂ ਹੀ ਪਰਮੇਸ਼ੁਰ ਦੇ ਚੁਣੇ ਹੋਏ ਸੇਵਕ ਮਹਾਂ ਬਾਬਲ ਦੇ ਗ਼ੁਲਾਮ ਬਣਨ ਦੀ ਬਜਾਇ ਉਸ ਤੋਂ ਆਜ਼ਾਦ ਹੋਣੇ ਸ਼ੁਰੂ ਹੋ ਗਏ ਸਨ। ਇਹ ਸੱਚ ਹੈ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਚੁਣੇ ਹੋਏ ਮਸੀਹੀਆਂ ਨੂੰ ਸਤਾਇਆ ਗਿਆ ਸੀ। ਪਰ ਉਨ੍ਹਾਂ ਨੂੰ ਜਿੰਨਾ ਸਰਕਾਰਾਂ ਨੇ ਸਤਾਇਆ ਸੀ, ਉੱਨਾ ਮਹਾਂ ਬਾਬਲ ਨੇ ਨਹੀਂ ਸਤਾਇਆ ਸੀ। ਸੋ ਲੱਗਦਾ ਨਹੀਂ ਕਿ ਯਹੋਵਾਹ ਦੇ ਲੋਕ 1918 ਵਿਚ ਮਹਾਂ ਬਾਬਲ ਦੇ ਗ਼ੁਲਾਮ ਬਣੇ ਸਨ।

ਮਸੀਹੀ ਕਦੋਂ ਮਹਾਂ ਬਾਬਲ ਦੇ ਗ਼ੁਲਾਮ ਬਣੇ?

8. ਰਸੂਲਾਂ ਦੀ ਮੌਤ ਤੋਂ ਬਾਅਦ ਕੀ ਹੋਇਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

8 ਪੰਤੇਕੁਸਤ 33 ਈਸਵੀ ਵਿਚ ਹਜ਼ਾਰਾਂ ਹੀ ਨਵੇਂ ਮਸੀਹੀਆਂ ’ਤੇ ਪਵਿੱਤਰ ਸ਼ਕਤੀ ਆਈ ਸੀ। ਇਹ ਮਸੀਹੀ “ਚੁਣਿਆ ਹੋਇਆ ਵੰਸ, ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ, ਪਵਿੱਤਰ ਕੌਮ ਅਤੇ ਪਰਮੇਸ਼ੁਰ ਦੇ ਖ਼ਾਸ ਲੋਕ” ਬਣ ਗਏ ਸਨ। (1 ਪਤਰਸ 2:9, 10 ਪੜ੍ਹੋ।) ਰਸੂਲਾਂ ਨੇ ਆਪਣੇ ਜੀਉਂਦੇ ਜੀ ਮੰਡਲੀਆਂ ਦੀ ਧਿਆਨ ਨਾਲ ਦੇਖ-ਭਾਲ ਕੀਤੀ। ਪਰ ਖ਼ਾਸ ਕਰਕੇ ਰਸੂਲਾਂ ਦੀ ਮੌਤ ਤੋਂ ਬਾਅਦ ਮੰਡਲੀ ਵਿਚ ਅਜਿਹੇ ਆਦਮੀ ਉੱਠ ਖੜ੍ਹੇ ਹੋਏ ਜਿਨ੍ਹਾਂ ਨੇ “ਚੇਲਿਆਂ ਨੂੰ ਆਪਣੇ ਮਗਰ” ਲਾਉਣ ਲਈ “ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼” ਕੀਤਾ। (ਰਸੂ. 20:30; 2 ਥੱਸ. 2:6-8) ਇਨ੍ਹਾਂ ਵਿੱਚੋਂ ਬਹੁਤ ਸਾਰੇ ਆਦਮੀ ਮੰਡਲੀਆਂ ਵਿਚ ਮੰਨੇ-ਪ੍ਰਮੰਨੇ ਸਨ ਅਤੇ ਜ਼ਿੰਮੇਵਾਰੀਆਂ ਸੰਭਾਲਦੇ ਸਨ। ਸੋ ਭਾਵੇਂ ਕਿ ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ “ਸਾਰੇ ਜਣੇ ਭਰਾ” ਹਨ, ਪਰ ਉਸ ਵੇਲੇ ਮੰਡਲੀਆਂ ਵਿਚ ਪਾਦਰੀ-ਵਰਗ ਦੀ ਸ਼ੁਰੂਆਤ ਹੋਈ। (ਮੱਤੀ 23:8) ਇਹ ਆਦਮੀ ਅਰਸਤੂ ਅਤੇ ਪਲੈਟੋ ਦੇ ਫ਼ਲਸਫ਼ਿਆਂ ਨੂੰ ਪਸੰਦ ਕਰਦੇ ਸਨ ਅਤੇ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਦੀ ਬਜਾਇ ਇਨ੍ਹਾਂ ਦੀਆਂ ਸਿੱਖਿਆਵਾਂ ਦੇਣ ਲੱਗ ਪਏ। ਇਸ ਤਰ੍ਹਾਂ ਇਨ੍ਹਾਂ ਨੇ ਹੌਲੀ-ਹੌਲੀ ਸੱਚੇ ਮਸੀਹੀ ਧਰਮ ਨੂੰ ਭ੍ਰਿਸ਼ਟ ਕਰ ਦਿੱਤਾ।

9. ਸਮਝਾਓ ਕਿ ਰੋਮੀ ਸਰਕਾਰ ਨੇ ਝੂਠੇ ਮਸੀਹੀ ਧਰਮ ਦਾ ਸਮਰਥਨ ਕਿਵੇਂ ਕੀਤਾ। ਇਸ ਦਾ ਕੀ ਨਤੀਜਾ ਨਿਕਲਿਆ?

9 ਫਿਰ ਸਾਲ 313 ਈਸਵੀ ਵਿਚ ਝੂਠੇ ਧਰਮ ਨੂੰ ਮੰਨਣ ਵਾਲੇ ਰਾਜਾ ਕਾਂਸਟੰਟੀਨ ਨੇ ਰੋਮੀ ਸਾਮਰਾਜ ਵਿਚ ਇਸ ਝੂਠੇ ਮਸੀਹੀ ਧਰਮ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ। ਇਸ ਤੋਂ ਬਾਅਦ ਚਰਚ ਤੇ ਸਿਆਸਤ ਨੇ ਹੱਥ ਮਿਲਾ ਲਿਆ। ਮਿਸਾਲ ਲਈ, ਰਾਜਾ ਕਾਂਸਟੰਟੀਨ ਨੇ ਧਾਰਮਿਕ ਆਗੂਆਂ ਨਾਲ ਨਾਈਸੀਆ ਸ਼ਹਿਰ ਵਿਚ ਇਕ ਸਭਾ ਰੱਖੀ। ਇਸ ਸਭਾ ਤੋਂ ਬਾਅਦ ਉਸ ਨੇ ਏਰੀਅਸ ਨਾਂ ਦੇ ਪਾਦਰੀ ਨੂੰ ਦੇਸ਼-ਨਿਕਾਲਾ ਦੇ ਦਿੱਤਾ ਕਿਉਂਕਿ ਉਸ ਨੇ ਯਿਸੂ ਨੂੰ ਰੱਬ ਮੰਨਣ ਤੋਂ ਇਨਕਾਰ ਕੀਤਾ ਸੀ। ਬਾਅਦ ਵਿਚ ਜਦੋਂ ਥੀਓਡੋਸ਼ਸ ਰੋਮ ਦਾ ਰਾਜਾ ਬਣਿਆ, ਤਾਂ ਉਸ ਨੇ ਕੈਥੋਲਿਕ ਚਰਚ ਨੂੰ ਕੌਮੀ ਧਰਮ ਵਜੋਂ ਮਾਨਤਾ ਦੇ ਦਿੱਤੀ। ਇਤਿਹਾਸਕਾਰ ਕਹਿੰਦੇ ਹਨ ਕਿ ਚੌਥੀ ਸਦੀ ਵਿਚ ਥੀਓਡੋਸ਼ਸ ਦੇ ਰਾਜ ਦੌਰਾਨ ਰੋਮ ਨੇ ਆਪਣਾ ਧਰਮ ਛੱਡ ਕੇ ਮਸੀਹੀ ਧਰਮ ਅਪਣਾ ਲਿਆ। ਪਰ ਸੱਚ ਤਾਂ ਇਹ ਹੈ ਕਿ ਉਸ ਸਮੇਂ ਤਕ ਝੂਠੇ ਮਸੀਹੀ ਆਪ ਹੋਰ ਧਰਮਾਂ ਦੀਆਂ ਝੂਠੀਆਂ ਸਿੱਖਿਆਵਾਂ ਉੱਤੇ ਚੱਲ ਰਹੇ ਸਨ। ਇਸ ਤਰ੍ਹਾਂ ਝੂਠਾ ਮਸੀਹੀ ਧਰਮ ਪਹਿਲਾਂ ਹੀ ਮਹਾਂ ਬਾਬਲ ਦਾ ਹਿੱਸਾ ਬਣ ਚੁੱਕਾ ਸੀ। ਪਰ ਉਸ ਸਮੇਂ ਅਜੇ ਵੀ ਕੁਝ ਚੁਣੇ ਹੋਏ ਵਫ਼ਾਦਾਰ ਮਸੀਹੀ ਸਨ। ਉਹ ਕਣਕ ਵਰਗੇ ਸਨ ਜਿਸ ਬਾਰੇ ਯਿਸੂ ਨੇ ਦੱਸਿਆ ਸੀ। ਇਹ ਵਫ਼ਾਦਾਰ ਮਸੀਹੀ ਪਰਮੇਸ਼ੁਰ ਦੀ ਭਗਤੀ ਕਰਨ ਲਈ ਆਪਣੀ ਪੂਰੀ ਵਾਹ ਲਾ ਰਹੇ ਸਨ। ਉਹ ਸੱਚਾਈ ਦੱਸਣੀ ਚਾਹੁੰਦੇ ਸਨ, ਪਰ ਸੁਣਨ ਵਾਲਾ ਕੋਈ ਨਹੀਂ ਸੀ। (ਮੱਤੀ 13:24, 25, 37-39 ਪੜ੍ਹੋ।) ਵਫ਼ਾਦਾਰ ਮਸੀਹੀ ਵਾਕਈ ਹੀ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਸਨ।

10. ਲੋਕ ਚਰਚ ਦੀਆਂ ਸਿੱਖਿਆਵਾਂ ’ਤੇ ਸਵਾਲ ਕਿਉਂ ਕਰਨ ਲੱਗ ਪਏ?

10 ਮਸੀਹ ਦੀ ਮੌਤ ਤੋਂ ਕੁਝ ਸਦੀਆਂ ਬਾਅਦ ਵੀ ਬਹੁਤ ਸਾਰੇ ਲੋਕ ਯੂਨਾਨੀ ਜਾਂ ਲਾਤੀਨੀ ਭਾਸ਼ਾ ਵਿਚ ਬਾਈਬਲ ਪੜ੍ਹ ਸਕਦੇ ਸਨ। ਉਹ ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ਦੀ ਤੁਲਨਾ ਚਰਚ ਦੀਆਂ ਸਿੱਖਿਆਵਾਂ ਨਾਲ ਕਰ ਸਕਦੇ ਸਨ। ਜਦੋਂ ਕੁਝ ਲੋਕਾਂ ਨੂੰ ਪਤਾ ਲੱਗਾ ਕਿ ਚਰਚ ਦੀਆਂ ਸਿੱਖਿਆਵਾਂ ਗ਼ਲਤ ਹਨ, ਤਾਂ ਉਨ੍ਹਾਂ ਨੇ ਇਨ੍ਹਾਂ ਸਿੱਖਿਆਵਾਂ ਨੂੰ ਮੰਨਣ ਤੋਂ ਇਨਕਾਰ ਕੀਤਾ। ਪਰ ਇਨ੍ਹਾਂ ਲਈ ਦੂਜਿਆਂ ਨੂੰ ਆਪਣੇ ਵਿਚਾਰ ਦੱਸਣੇ ਖ਼ਤਰਨਾਕ ਸਨ, ਇੱਥੋਂ ਤਕ ਕਿ ਇਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ।

11. ਚਰਚ ਦੇ ਆਗੂਆਂ ਨੇ ਲੋਕਾਂ ਤੋਂ ਬਾਈਬਲ ਕਿੱਦਾਂ ਦੂਰ ਰੱਖੀ?

11 ਸਮੇਂ ਦੇ ਬੀਤਣ ਨਾਲ ਯੂਨਾਨੀ ਅਤੇ ਲਾਤੀਨੀ ਭਾਸ਼ਾਵਾਂ ਅਲੋਪ ਹੁੰਦੀਆਂ ਗਈਆਂ। ਨਾਲੇ ਚਰਚ ਦੇ ਆਗੂਆਂ ਨੇ ਲੋਕਾਂ ਦੀ ਆਮ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਨਤੀਜੇ ਵਜੋਂ, ਸਿਰਫ਼ ਪਾਦਰੀ ਅਤੇ ਕੁਝ ਪੜ੍ਹੇ-ਲਿਖੇ ਲੋਕ ਹੀ ਬਾਈਬਲ ਪੜ੍ਹ ਸਕਦੇ ਸਨ ਅਤੇ ਇਨ੍ਹਾਂ ਵਿੱਚੋਂ ਕਈ ਪਾਦਰੀਆਂ ਨੂੰ ਚੰਗੀ ਤਰ੍ਹਾਂ ਪੜ੍ਹਨਾ-ਲਿਖਣਾ ਵੀ ਨਹੀਂ ਆਉਂਦਾ ਸੀ। ਜਿਹੜਾ ਵੀ ਚਰਚ ਦੀਆਂ ਸਿੱਖਿਆਵਾਂ ਖ਼ਿਲਾਫ਼ ਬੋਲਦਾ ਸੀ, ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ। ਵਫ਼ਾਦਾਰ ਚੁਣੇ ਹੋਏ ਮਸੀਹੀ ਛੋਟੇ-ਛੋਟੇ ਸਮੂਹਾਂ ਵਿਚ ਲੁਕ-ਛਿਪ ਕੇ ਮਿਲਦੇ ਸਨ ਅਤੇ ਕਈ ਤਾਂ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਕਰ ਸਕਦੇ ਸਨ। ਬਾਬਲ ਦੀ ਗ਼ੁਲਾਮੀ ਵਿਚ ਯਹੂਦੀਆਂ ਦੀ ਤਰ੍ਹਾਂ, ਇਹ “ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ” ਸਹੀ ਢੰਗ ਨਾਲ ਪਰਮੇਸ਼ੁਰ ਦੀ ਭਗਤੀ ਨਹੀਂ ਕਰ ਸਕਦੀ ਸੀ। ਮਹਾਂ ਬਾਬਲ ਨੇ ਲੋਕਾਂ ਨੂੰ ਪੂਰੀ ਤਰ੍ਹਾਂ ਆਪਣੇ ਸ਼ਿਕੰਜੇ ਵਿਚ ਲਿਆ ਹੋਇਆ ਸੀ।

ਉਮੀਦ ਦੀ ਕਿਰਨ

12, 13. ਕਿਹੜੇ ਦੋ ਕਾਰਨਾਂ ਕਰਕੇ ਸੱਚੇ ਮਸੀਹੀਆਂ ਨੂੰ ਆਜ਼ਾਦੀ ਦੀ ਉਮੀਦ ਮਿਲੀ? ਸਮਝਾਓ?

12 ਕੀ ਸੱਚੇ ਮਸੀਹੀ ਕਦੇ ਪਰਮੇਸ਼ੁਰ ਨੂੰ ਮਨਜ਼ੂਰਯੋਗ ਅਤੇ ਉਸ ਦੀ ਖੁੱਲ੍ਹੇ-ਆਮ ਭਗਤੀ ਕਰ ਸਕਦੇ ਸਨ? ਜੀ ਹਾਂ। ਲਗਭਗ ਸਾਲ 1450 ਵਿਚ ਉਨ੍ਹਾਂ ਨੂੰ ਉਮੀਦ ਰੱਖਣ ਦੇ ਦੋ ਅਹਿਮ ਕਾਰਨ ਮਿਲੇ। ਪਹਿਲਾ, ਛਪਾਈ ਦੀਆਂ ਮਸ਼ੀਨਾਂ (ਜਿਵੇਂ ਕਿ ਮੂਵਏਬਲ ਟਾਈਪ) ਦੀ ਕਾਢ ਹੋਈ। ਇਨ੍ਹਾਂ ਦੀ ਕਾਢ ਤੋਂ ਪਹਿਲਾਂ ਬਾਈਬਲ ਦੀਆਂ ਕਾਪੀਆਂ ਹੱਥ ਨਾਲ ਬਣਾਈਆਂ ਜਾਂਦੀਆਂ ਸਨ ਜੋ ਸੌਖਾ ਕੰਮ ਨਹੀਂ ਸੀ। ਇਸ ਕੰਮ ਵਿਚ ਇਕ ਮਾਹਰ ਵਿਅਕਤੀ ਨੂੰ ਬਾਈਬਲ ਦੀ ਸਿਰਫ਼ ਇਕ ਕਾਪੀ ਬਣਾਉਣ ਲਈ 10 ਮਹੀਨੇ ਲੱਗ ਜਾਂਦੇ ਸਨ। ਨਾਲੇ ਕਾਪੀ ਬਣਾਉਣ ਵਾਲਾ ਚੰਮ-ਪੱਤਰ ’ਤੇ ਲਿਖਦਾ ਸੀ। ਇਸ ਕਰਕੇ ਬਾਈਬਲ ਦੀਆਂ ਬਹੁਤ ਥੋੜ੍ਹੀਆਂ ਕਾਪੀਆਂ ਹੁੰਦੀਆਂ ਸਨ ਅਤੇ ਉਹ ਬਹੁਤ ਮਹਿੰਗੀਆਂ ਵਿਕਦੀਆਂ ਸਨ। ਪਰ ਛਪਾਈ ਦੀਆਂ ਮਸ਼ੀਨਾਂ ਅਤੇ ਕਾਗਜ਼ ਆਉਣ ਕਰਕੇ ਇਕ ਮਾਹਰ ਵਿਅਕਤੀ ਹਰ ਦਿਨ 1,300 ਤੋਂ ਜ਼ਿਆਦਾ ਸਫ਼ੇ ਛਾਪ ਸਕਦਾ ਸੀ।

ਛਪਾਈ ਦੀਆਂ ਮਸ਼ੀਨਾਂ ਦੀ ਕਾਢ ਅਤੇ ਦਲੇਰ ਬਾਈਬਲ ਅਨੁਵਾਦਕਾਂ ਕਰਕੇ ਝੂਠੇ ਧਰਮਾਂ ਤੋਂ ਆਜ਼ਾਦ ਹੋਣ ਦੀ ਉਮੀਦ ਨਜ਼ਰ ਆਈ (ਪੈਰੇ 12, 13 ਦੇਖੋ)

13 ਦੂਜਾ, ਬਾਈਬਲ ਦਾ ਅਨੁਵਾਦ। ਸੋਲ੍ਹਵੀਂ ਸਦੀ ਦੇ ਸ਼ੁਰੂ ਵਿਚ ਕੁਝ ਦਲੇਰ ਆਦਮੀਆਂ ਨੇ ਲੋਕਾਂ ਦੀ ਆਮ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕਰਨ ਲਈ ਆਪਣੀਆਂ ਜਾਨਾਂ ਦਾਅ ’ਤੇ ਲਾ ਦਿੱਤੀਆਂ। ਬਾਈਬਲ ਦਾ ਅਨੁਵਾਦ ਹੋਣ ਕਰਕੇ ਚਰਚ ਦੇ ਆਗੂਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਕਿਉਂ? ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਜਦੋਂ ਨੇਕਦਿਲ ਲੋਕ ਆਪਣੀ ਭਾਸ਼ਾ ਵਿਚ ਬਾਈਬਲ ਪੜ੍ਹਨਗੇ, ਤਾਂ ਉਹ ਇਸ ਤਰ੍ਹਾਂ ਦੇ ਸਵਾਲ ਕਰਨਗੇ, ਜਿਵੇਂ: ‘ਬਾਈਬਲ ਵਿਚ ਕਿੱਥੇ ਲਿਖਿਆ ਹੈ ਕਿ ਮਰਨ ਤੋਂ ਬਾਅਦ ਆਤਮਾਵਾਂ ਨੂੰ ਹੋਰ ਥਾਵਾਂ ’ਤੇ ਤੜਫ਼ਾਇਆ ਜਾਂਦਾ ਹੈ? ਬਾਈਬਲ ਵਿਚ ਕਿੱਥੇ ਦੱਸਿਆ ਗਿਆ ਹੈ ਕਿ ਸੰਸਕਾਰ ਵੇਲੇ ਪ੍ਰਾਰਥਨਾ ਕਰਾਉਣ ਲਈ ਪੈਸੇ ਦੇਣੇ ਚਾਹੀਦੇ ਹਨ? ਬਾਈਬਲ ਵਿਚ ਕਿੱਥੇ ਲਿਖਿਆ ਹੈ ਕਿ ਸਾਡੇ ਵਿਚ ਪਾਦਰੀਆਂ ਵਰਗੀਆਂ ਪਦਵੀਆਂ ਹੋਣੀਆਂ ਚਾਹੀਦੀਆਂ ਹਨ?’ ਚਰਚ ਦੀਆਂ ਬਹੁਤ ਸਾਰੀਆਂ ਸਿੱਖਿਆਵਾਂ ਅਰਸਤੂ ਅਤੇ ਪਲੈਟੋ ਦੀਆਂ ਸਿੱਖਿਆਵਾਂ ’ਤੇ ਆਧਾਰਿਤ ਸਨ ਜੋ ਯਿਸੂ ਦੇ ਆਉਣ ਤੋਂ ਸਦੀਆਂ ਪਹਿਲਾਂ ਰਹਿੰਦੇ ਸਨ। ਚਰਚ ਦੇ ਆਗੂ ਲੋਕਾਂ ਵੱਲੋਂ ਸਵਾਲ ਪੁੱਛਣ ’ਤੇ ਅੱਗ ਬਬੂਲੇ ਹੋ ਜਾਂਦੇ ਸਨ। ਜਿਹੜੇ ਲੋਕ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਨਹੀਂ ਮੰਨਦੇ ਸਨ, ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ। ਚਰਚ ਦੇ ਆਗੂ ਨਹੀਂ ਚਾਹੁੰਦੇ ਸਨ ਕਿ ਲੋਕ ਬਾਈਬਲ ਪੜ੍ਹਨ ਅਤੇ ਸਵਾਲ ਪੁੱਛਣ। ਬਹੁਤ ਵਾਰ ਉਹ ਆਪਣੇ ਇਸ ਇਰਾਦੇ ਵਿਚ ਕਾਮਯਾਬ ਵੀ ਹੋਏ। ਪਰ ਕੁਝ ਦਲੇਰ ਲੋਕਾਂ ਨੇ ਮਹਾਂ ਬਾਬਲ ਦੇ ਅਧੀਨ ਆਉਣ ਤੋਂ ਇਨਕਾਰ ਕੀਤਾ। ਹੁਣ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਸੱਚਾਈ ਲੱਭ ਗਈ ਸੀ ਜਿਸ ਨੂੰ ਉਹ ਕਿਸੇ ਵੀ ਕੀਮਤ ’ਤੇ ਛੱਡਣੀ ਨਹੀਂ ਚਾਹੁੰਦੇ ਸਨ। ਝੂਠੇ ਧਰਮਾਂ ਦੀਆਂ ਜ਼ੰਜੀਰਾਂ ਬੱਸ ਟੁੱਟਣ ਹੀ ਵਾਲੀਆਂ ਸਨ!

14. (ੳ) ਬਾਈਬਲ ਦੀ ਸਟੱਡੀ ਕਰਨ ਵਾਲੇ ਲੋਕਾਂ ਨੇ ਕੀ ਕੀਤਾ? (ਅ) ਦੱਸੋ ਕਿ ਭਰਾ ਰਸਲ ਨੇ ਸੱਚਾਈ ਦੀ ਖੋਜ ਕਿਵੇਂ ਕੀਤੀ?

14 ਬਹੁਤ ਸਾਰੇ ਲੋਕ ਬਾਈਬਲ ਪੜ੍ਹਨੀ ਅਤੇ ਇਸ ਦੀ ਸਟੱਡੀ ਕਰਨੀ ਚਾਹੁੰਦੇ ਸਨ। ਨਾਲੇ ਉਹ ਸਿੱਖੀਆਂ ਗੱਲਾਂ ਬਾਰੇ ਦੂਜਿਆਂ ਨੂੰ ਦੱਸਣਾ ਵੀ ਚਾਹੁੰਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਚਰਚ ਦੇ ਆਗੂ ਉਨ੍ਹਾਂ ਨੂੰ ਦੱਸਣ ਕਿ ਉਨ੍ਹਾਂ ਨੂੰ ਕਿਹੜੀਆਂ ਗੱਲਾਂ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਇਸ ਲਈ ਉਹ ਉਨ੍ਹਾਂ ਦੇਸ਼ਾਂ ਨੂੰ ਭੱਜ ਗਏ ਜਿੱਥੇ ਉਹ ਬਿਨਾਂ ਰੋਕ-ਟੋਕ ਬਾਈਬਲ ਦੀ ਸਟੱਡੀ ਕਰ ਸਕਦੇ ਸਨ। ਉਨ੍ਹਾਂ ਵਿੱਚੋਂ ਇਕ ਦੇਸ਼ ਅਮਰੀਕਾ ਸੀ। ਉੱਥੇ 1870 ਵਿਚ ਚਾਰਲਜ਼ ਟੇਜ਼ ਰਸਲ ਅਤੇ ਕੁਝ ਹੋਰ ਆਦਮੀਆਂ ਨੇ ਬਾਈਬਲ ਦੀ ਡੂੰਘੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਭਰਾ ਰਸਲ ਪਹਿਲਾਂ ਇਹ ਜਾਣਨਾ ਚਾਹੁੰਦਾ ਸੀ ਕਿ ਕਿਹੜਾ ਧਰਮ ਸੱਚਾਈ ਸਿਖਾ ਰਿਹਾ ਸੀ। ਉਸ ਨੇ ਬੜੇ ਧਿਆਨ ਨਾਲ ਬਹੁਤ ਸਾਰੇ ਈਸਾਈ ਧਰਮਾਂ ਅਤੇ ਇੱਥੋਂ ਤਕ ਕਿ ਗ਼ੈਰ ਈਸਾਈ ਧਰਮਾਂ ਦੀਆਂ ਸਿੱਖਿਆਵਾਂ ਦੀ ਤੁਲਨਾ ਵੀ ਬਾਈਬਲ ਦੀਆਂ ਸਿੱਖਿਆਵਾਂ ਨਾਲ ਕੀਤੀ। ਉਸ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਕੋਈ ਵੀ ਧਰਮ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਬਚਨ ਨੂੰ ਨਹੀਂ ਮੰਨ ਰਿਹਾ ਸੀ। ਇਕ ਵਾਰ ਉਸ ਨੇ ਅਲੱਗ-ਅਲੱਗ ਚਰਚ ਦੇ ਪਾਦਰੀਆਂ ਨਾਲ ਗੱਲ ਕੀਤੀ। ਭਰਾ ਰਸਲ ਨੂੰ ਉਮੀਦ ਸੀ ਕਿ ਪਾਦਰੀ ਸੱਚਾਈ ਨੂੰ ਸਵੀਕਾਰ ਕਰਨਗੇ ਜੋ ਉਸ ਨੇ ਅਤੇ ਉਸ ਦੇ ਗਰੁੱਪ ਨੇ ਬਾਈਬਲ ਵਿੱਚੋਂ ਲੱਭੀ ਸੀ। ਨਾਲੇ ਉਸ ਨੂੰ ਉਮੀਦ ਸੀ ਕਿ ਉਹ ਆਪਣੇ ਚਰਚਾਂ ਵਿਚ ਇਹ ਸੱਚਾਈ ਸਿਖਾਉਣਗੇ। ਪਰ ਧਾਰਮਿਕ ਆਗੂਆਂ ਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ ਸੀ। ਬਾਈਬਲ ਵਿਦਿਆਰਥੀਆਂ ਨੂੰ ਜਲਦੀ ਹੀ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਉਹ ਉਨ੍ਹਾਂ ਲੋਕਾਂ ਨਾਲ ਮਿਲ ਕੇ ਸੱਚੇ ਪਰਮੇਸ਼ੁਰ ਦੀ ਭਗਤੀ ਨਹੀਂ ਕਰ ਸਕਦੇ ਸਨ ਜੋ ਝੂਠੇ ਧਰਮਾਂ ਦਾ ਹਿੱਸਾ ਸਨ।​—2 ਕੁਰਿੰਥੀਆਂ 6:14 ਪੜ੍ਹੋ।

15. (ੳ) ਸੱਚੇ ਮਸੀਹੀ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਕਦੋਂ ਆਏ? (ਅ) ਅਗਲੇ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?

15 ਇਸ ਲੇਖ ਵਿਚ ਅਸੀਂ ਸਿੱਖਿਆ ਹੈ ਕਿ ਰਸੂਲਾਂ ਦੀ ਮੌਤ ਤੋਂ ਬਾਅਦ ਸੱਚੇ ਮਸੀਹੀ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਆ ਗਏ ਸਨ। ਪਰ ਸਾਨੂੰ ਅਜੇ ਵੀ ਅੱਗੇ ਦਿੱਤੇ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਹੈ: ਅਸੀਂ ਕਿਵੇਂ ਜਾਣਦੇ ਹਾਂ ਕਿ ਚੁਣੇ ਹੋਏ ਮਸੀਹੀ 1914 ਤੋਂ ਪਹਿਲਾਂ ਹੀ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਰਹੇ ਸਨ? ਕੀ ਇਹ ਸੱਚ ਹੈ ਕਿ ਯਹੋਵਾਹ ਆਪਣੇ ਸੇਵਕਾਂ ਤੋਂ ਖ਼ੁਸ਼ ਨਹੀਂ ਸੀ ਕਿਉਂਕਿ ਉਹ ਪਹਿਲੇ ਵਿਸ਼ਵ ਯੁੱਧ ਦੌਰਾਨ ਪ੍ਰਚਾਰ ਦੇ ਕੰਮ ਵਿਚ ਢਿੱਲੇ ਪੈ ਚੁੱਕੇ ਸਨ? ਕੀ ਉਸ ਸਮੇਂ ਕੁਝ ਭਰਾਵਾਂ ਨੇ ਆਪਣੇ ਵਿਸ਼ਵਾਸਾਂ ਨਾਲ ਸਮਝੌਤਾ ਕਰ ਲਿਆ ਸੀ ਜਿਸ ਕਰਕੇ ਉਹ ਯਹੋਵਾਹ ਦੀ ਮਿਹਰ ਗੁਆ ਬੈਠੇ ਸਨ? ਆਖ਼ਰੀ ਸਵਾਲ, ਜੇ ਰਸੂਲਾਂ ਦੀ ਮੌਤ ਤੋਂ ਬਾਅਦ ਮਸੀਹੀ ਝੂਠੇ ਧਰਮਾਂ ਦੀ ਗ਼ੁਲਾਮੀ ਵਿਚ ਚਲੇ ਗਏ ਸਨ, ਤਾਂ ਉਹ ਇਸ ਦੇ ਚੁੰਗਲ਼ ਤੋਂ ਆਜ਼ਾਦ ਕਦੋਂ ਹੋਏ? ਇਹ ਬਹੁਤ ਵਧੀਆ ਸਵਾਲ ਹਨ ਜਿਨ੍ਹਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।