Skip to content

Skip to table of contents

ਕਿਸੇ ਵੀ ਚੀਜ਼ ਕਰਕੇ ਇਨਾਮ ਤੋਂ ਵਾਂਝੇ ਨਾ ਰਹੋ

ਕਿਸੇ ਵੀ ਚੀਜ਼ ਕਰਕੇ ਇਨਾਮ ਤੋਂ ਵਾਂਝੇ ਨਾ ਰਹੋ

‘ਧਿਆਨ ਰੱਖੋ ਕਿ ਕੋਈ ਵੀ ਇਨਸਾਨ ਤੁਹਾਨੂੰ ਇਨਾਮ ਤੋਂ ਵਾਂਝਾ ਨਾ ਕਰ ਦੇਵੇ।’​—ਕੁਲੁ. 2:18.

ਗੀਤ: 32, 55

1, 2. (ੳ) ਪਰਮੇਸ਼ੁਰ ਦੇ ਸੇਵਕ ਕਿਹੜੇ ਇਨਾਮ ਦੀ ਉਮੀਦ ਰੱਖਦੇ ਹਨ? (ਅ) ਅਸੀਂ ਆਪਣੀ ਨਜ਼ਰ ਇਨਾਮ ’ਤੇ ਕਿਵੇਂ ਟਿਕਾਈ ਰੱਖ ਸਕਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਚੁਣੇ ਹੋਏ ਮਸੀਹੀਆਂ ਕੋਲ ਬਹੁਤ ਹੀ ਸ਼ਾਨਦਾਰ ਉਮੀਦ ਹੈ। ਉਹ ਸਵਰਗੀ ਜ਼ਿੰਦਗੀ ਦੀ ਉਮੀਦ ਰੱਖਦੇ ਹਨ। ਪੌਲੁਸ ਰਸੂਲ ਨੇ ਕਿਹਾ ਕਿ ਇਹ ਉਮੀਦ “ਪਰਮੇਸ਼ੁਰ ਦੇ ਸਵਰਗੀ ਸੱਦੇ ਦਾ ਇਨਾਮ” ਹੈ। (ਫ਼ਿਲਿ. 3:14) ਉਹ ਸਵਰਗ ਵਿਚ ਯਿਸੂ ਮਸੀਹ ਨਾਲ ਰਾਜ ਕਰਨਗੇ ਅਤੇ ਇਨਸਾਨਾਂ ਨੂੰ ਮੁਕੰਮਲ ਬਣਾਉਣ ਵਿਚ ਉਸ ਦਾ ਸਾਥ ਦੇਣਗੇ। (ਪ੍ਰਕਾ. 20:6) ਕਿੰਨੀ ਹੀ ਸ਼ਾਨਦਾਰ ਉਮੀਦ! ਹੋਰ ਭੇਡਾਂ ਇਕ ਵੱਖਰੇ ਇਨਾਮ ਦੀ ਉਡੀਕ ਕਰ ਰਹੀਆਂ ਹਨ। ਉਹ ਸੁੰਦਰ ਧਰਤੀ ’ਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਰੱਖਦੀਆਂ ਹਨ ਅਤੇ ਉਹ ਇਸ ਉਮੀਦ ਕਰਕੇ ਬਹੁਤ ਖ਼ੁਸ਼ ਹਨ।​—2 ਪਤ. 3:13.

2 ਪੌਲੁਸ ਬਾਕੀ ਚੁਣੇ ਹੋਏ ਮਸੀਹੀਆਂ ਦੀ ਮਦਦ ਕਰਨੀ ਚਾਹੁੰਦਾ ਸੀ, ਤਾਂਕਿ ਉਹ ਵਫ਼ਾਦਾਰ ਰਹਿ ਸਕਣ ਅਤੇ ਇਨਾਮ ਹਾਸਲ ਕਰ ਸਕਣ। ਉਸ ਨੇ ਉਨ੍ਹਾਂ ਨੂੰ ਕਿਹਾ: “ਸਵਰਗੀ ਗੱਲਾਂ ਉੱਤੇ ਆਪਣਾ ਧਿਆਨ ਲਾਈ ਰੱਖੋ।” (ਕੁਲੁ. 3:2) ਉਨ੍ਹਾਂ ਨੂੰ ਆਪਣਾ ਧਿਆਨ ਸਵਰਗੀ ਉਮੀਦ ’ਤੇ ਲਾਈ ਰੱਖਣ ਦੀ ਲੋੜ ਸੀ। (ਕੁਲੁ. 1:4, 5) ਸਵਰਗੀ ਉਮੀਦ ਵਾਲੇ ਅਤੇ ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਰੱਖਣ ਵਾਲਿਆਂ ਨੂੰ ਯਹੋਵਾਹ ਦੀਆਂ ਬਰਕਤਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਉਹ ਆਪਣੀ ਨਜ਼ਰ ਇਨਾਮ ’ਤੇ ਟਿਕਾਈ ਰੱਖ ਸਕਦੇ ਹਨ।​—1 ਕੁਰਿੰ. 9:24.

3. ਪੌਲੁਸ ਨੇ ਮਸੀਹੀਆਂ ਨੂੰ ਕਿਹੜੀ ਚੇਤਾਵਨੀ ਦਿੱਤੀ ਸੀ?

3 ਪੌਲੁਸ ਨੇ ਮਸੀਹੀਆਂ ਨੂੰ ਉਨ੍ਹਾਂ ਖ਼ਤਰਿਆਂ ਤੋਂ ਆਗਾਹ ਕੀਤਾ ਜਿਨ੍ਹਾਂ ਕਰਕੇ ਉਹ ਇਨਾਮ ਪਾਉਣ ਤੋਂ ਵਾਂਝੇ ਰਹਿ ਸਕਦੇ ਸਨ। ਮਿਸਾਲ ਲਈ, ਉਸ ਨੇ ਕੁਲੁੱਸੈ ਦੇ ਭੈਣਾਂ-ਭਰਾਵਾਂ ਨੂੰ ਝੂਠੇ ਮਸੀਹੀਆਂ ਬਾਰੇ ਲਿਖਿਆ ਜੋ ਮੂਸਾ ਦੇ ਕਾਨੂੰਨ ਨੂੰ ਮੰਨ ਕੇ ਹੀ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਦਕਿ ਉਨ੍ਹਾਂ ਨੂੰ ਮਸੀਹ ’ਤੇ ਨਿਹਚਾ ਕਰਨੀ ਚਾਹੀਦੀ ਸੀ। (ਕੁਲੁ. 2:16-18) ਪੌਲੁਸ ਨੇ ਕੁਝ ਹੋਰ ਖ਼ਤਰਿਆਂ ਬਾਰੇ ਵੀ ਗੱਲ ਕੀਤੀ ਜਿਨ੍ਹਾਂ ਵਿਚ ਫੱਸ ਕੇ ਅਸੀਂ ਇਨਾਮ ਪਾਉਣ ਤੋਂ ਵਾਂਝੇ ਰਹਿ ਸਕਦੇ ਹਾਂ। ਉਸ ਨੇ ਦੱਸਿਆ ਕਿ ਅਸੀਂ ਗ਼ਲਤ ਇੱਛਾਵਾਂ ਤੋਂ ਕਿਵੇਂ ਬਚ ਸਕਦੇ ਹਾਂ ਅਤੇ ਭੈਣਾਂ-ਭਰਾਵਾਂ ਜਾਂ ਪਰਿਵਾਰ ਵਿਚ ਮੁਸ਼ਕਲਾਂ ਆਉਣ ’ਤੇ ਅਸੀਂ ਕੀ ਸਕਦੇ ਹਾਂ। ਪੌਲੁਸ ਦੀ ਵਧੀਆ ਸਲਾਹ ਅੱਜ ਵੀ ਸਾਡੀ ਮਦਦ ਕਰ ਸਕਦੀ ਹੈ। ਸੋ ਆਓ ਆਪਾਂ ਕੁਲੁੱਸੈ ਨੂੰ ਲਿਖੀ ਚਿੱਠੀ ਵਿਚ ਦਿੱਤੀਆਂ ਕੁਝ ਚੇਤਾਵਨੀਆਂ ਵੱਲ ਧਿਆਨ ਦੇਈਏ।

ਗੰਦੇ ਖ਼ਿਆਲਾਂ ਨੂੰ ਕੱਢ ਸੁੱਟੋ

4. ਗੰਦੇ ਖ਼ਿਆਲ ਸਾਨੂੰ ਇਨਾਮ ਜਿੱਤਣ ਤੋਂ ਕਿਵੇਂ ਰੋਕ ਸਕਦੇ ਹਨ?

4 ਭੈਣਾਂ-ਭਰਾਵਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਉਮੀਦ ਯਾਦ ਕਰਾਉਣ ਤੋਂ ਬਾਅਦ ਪੌਲੁਸ ਨੇ ਲਿਖਿਆ: “ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ, ਗੰਦ-ਮੰਦ, ਕਾਮ-ਵਾਸ਼ਨਾ, ਬੁਰੀ ਇੱਛਾ ਅਤੇ ਲੋਭ।” (ਕੁਲੁ. 3:5) ਗੰਦੇ ਖ਼ਿਆਲਾਂ ਤੋਂ ਬਚਣਾ ਬਹੁਤ ਔਖਾ ਹੋ ਸਕਦਾ ਹੈ। ਇਨ੍ਹਾਂ ਖ਼ਿਆਲਾਂ ਕਰਕੇ ਯਹੋਵਾਹ ਨਾਲ ਸਾਡਾ ਰਿਸ਼ਤਾ ਟੁੱਟ ਸਕਦਾ ਹੈ ਤੇ ਭਵਿੱਖ ਲਈ ਸਾਡੀ ਉਮੀਦ ਗੁਆਚ ਸਕਦੀ ਹੈ। ਇਕ ਭਰਾ ਨੇ ਹਰਾਮਕਾਰੀ ਕੀਤੀ ਸੀ। ਪਰ ਜਦੋਂ ਉਹ ਮੰਡਲੀ ਵਿਚ ਵਾਪਸ ਆਇਆ, ਤਾਂ ਉਸ ਨੇ ਦੱਸਿਆ ਕਿ “ਮੇਰੇ ਖ਼ਿਆਲ ਮੇਰੇ ’ਤੇ ਇੰਨੇ ਜ਼ਿਆਦਾ ਹਾਵੀ ਹੋ ਗਏ ਸਨ ਕਿ ਮੈਨੂੰ ਉਦੋਂ ਤਕ ਹੋਸ਼ ਨਹੀਂ ਆਈ ਜਦੋਂ ਤਕ ਮੈਂ ਗ਼ਲਤ ਕੰਮ ਕਰ ਨਹੀਂ ਲਿਆ।”

5. ਖ਼ਤਰਨਾਕ ਹਾਲਾਤਾਂ ਵਿਚ ਅਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਹਾਂ?

5 ਸਾਨੂੰ ਖ਼ਾਸ ਕਰ ਕੇ ਉਨ੍ਹਾਂ ਹਾਲਾਤਾਂ ਵਿਚ ਧਿਆਨ ਰੱਖਣਾ ਚਾਹੀਦਾ ਹੈ ਜਿਨ੍ਹਾਂ ਵਿਚ ਯਹੋਵਾਹ ਦੇ ਨੈਤਿਕ ਮਿਆਰ ਟੁੱਟਣ ਦਾ ਖ਼ਤਰਾ ਹੁੰਦਾ ਹੈ। ਮਿਸਾਲ ਲਈ, ਵਿਆਹ ਤੋਂ ਪਹਿਲਾਂ ਦੀਆਂ ਮੁਲਾਕਾਤਾਂ ਵਿਚ ਮੁੰਡੇ-ਕੁੜੀ ਨੂੰ ਛੂੰਹਣ, ਚੁੰਮਣ ਅਤੇ ਇਕੱਲਿਆਂ ਮਿਲਣ ਬਾਰੇ ਪਹਿਲਾਂ ਹੀ ਹੱਦਾਂ ਠਹਿਰਾਉਣੀਆਂ ਚਾਹੀਦੀਆਂ ਹਨ। (ਕਹਾ. 22:3) ਕਦੇ-ਕਦੇ ਕੰਮ ਦੇ ਸਿਲਸਿਲੇ ਵਿਚ ਘਰ ਤੋਂ ਦੂਰ ਹੁੰਦਿਆਂ ਜਾਂ ਕੰਮ ਦੀ ਥਾਂ ’ਤੇ ਕਿਸੇ ਆਦਮੀ ਜਾਂ ਔਰਤ ਨਾਲ ਕੰਮ ਕਰਦਿਆਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਇਨ੍ਹਾਂ ਹਾਲਾਤਾਂ ਵਿਚ ਵੀ ਖ਼ਤਰੇ ਹੋ ਸਕਦੇ ਹਨ। (ਕਹਾ. 2:10-12, 16) ਅਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ? ਦੂਜਿਆਂ ਨੂੰ ਪਹਿਲਾਂ ਹੀ ਦੱਸੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ। ਸਮਝਦਾਰੀ ਨਾਲ ਪੇਸ਼ ਆਓ ਅਤੇ ਯਾਦ ਰੱਖੋ ਕਿ ਅੱਖ-ਮਟੱਕਾ ਕਰਨ ਦੇ ਭੈੜੇ ਨਤੀਜੇ ਨਿਕਲ ਸਕਦੇ ਹਨ। ਸਾਨੂੰ ਉਦੋਂ ਵੀ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਉਦਾਸ ਜਾਂ ਇਕੱਲਾਪਣ ਮਹਿਸੂਸ ਕਰਦੇ ਹਾਂ। ਉਸ ਸਮੇਂ ਸ਼ਾਇਦ ਅਸੀਂ ਕਿਸੇ ਦਾ ਸਹਾਰਾ ਭਾਲੀਏ। ਅਸੀਂ ਇੰਨੇ ਉਦਾਸ ਹੋ ਜਾਈਏ ਕਿ ਅਸੀਂ ਸ਼ਾਇਦ ਕਿਸੇ ਤੋਂ ਵੀ ਮਦਦ ਲੈਣ ਲਈ ਤਿਆਰ ਹੋ ਜਾਈਏ। ਇੱਦਾਂ ਕਰਨਾ ਖ਼ਤਰਨਾਕ ਹੈ। ਜੇ ਤੁਸੀਂ ਇੱਦਾਂ ਮਹਿਸੂਸ ਕਰਦੇ ਹੋ, ਤਾਂ ਕਦੀ ਵੀ ਕੁਝ ਅਜਿਹਾ ਨਾ ਕਰੋ ਜਿਸ ਨਾਲ ਤੁਸੀਂ ਇਨਾਮ ਪਾਉਣ ਤੋਂ ਵਾਂਝੇ ਰਹਿ ਜਾਓ। ਹਮੇਸ਼ਾ ਯਹੋਵਾਹ ਅਤੇ ਭੈਣਾਂ-ਭਰਾਵਾਂ ਤੋਂ ਮਦਦ ਲਵੋ।​—ਜ਼ਬੂਰਾਂ ਦੀ ਪੋਥੀ 34:18; ਕਹਾਉਤਾਂ 13:20 ਪੜ੍ਹੋ।

6. ਮਨੋਰੰਜਨ ਦੀ ਚੋਣ ਕਰਦਿਆਂ ਸਾਨੂੰ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦਾ ਹੈ?

6 ਗ਼ਲਤ ਇੱਛਾਵਾਂ ਨੂੰ ਮਾਰ ਸੁੱਟਣ ਲਈ ਜ਼ਰੂਰੀ ਹੈ ਕਿ ਅਸੀਂ ਗ਼ਲਤ ਮਨੋਰੰਜਨ ਤੋਂ ਦੂਰ ਰਹੀਏ। ਅੱਜ ਦੇ ਮਨੋਰੰਜਨ ਤੋਂ ਸਾਨੂੰ ਸਦੂਮ ਅਤੇ ਗਮੋਰਾ ਦੀ ਯਾਦ ਆਉਂਦੀ ਹੈ। (ਯਹੂ. 7) ਮਨੋਰੰਜਨ ਦੀ ਦੁਨੀਆਂ ਦਿਖਾਉਂਦੀ ਹੈ ਕਿ ਆਪਣੀਆਂ ਕਾਮ-ਵਾਸ਼ਨਾਵਾਂ ਨੂੰ ਪੂਰਿਆਂ ਕਰਨ ਵਿਚ ਕੋਈ ਬੁਰਾਈ ਨਹੀਂ ਹੈ। ਇਸ ਲਈ ਸਾਨੂੰ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ। ਸਾਨੂੰ ਅੱਖਾਂ ਬੰਦ ਕਰ ਕੇ ਮਨੋਰੰਜਨ ਨਹੀਂ ਚੁਣਨਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਧਿਆਨ ਨਾਲ ਮਨੋਰੰਜਨ ਦੀ ਚੋਣ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਇਨਾਮ ਹਾਸਲ ਕਰ ਸਕੀਏ।​—ਕਹਾ. 4:23.

ਪਿਆਰ ਅਤੇ ਦਇਆ ਨੂੰ “ਕੱਪੜਿਆਂ ਵਾਂਗ ਪਹਿਨ ਲਓ”

7. ਮੰਡਲੀ ਵਿਚ ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ?

7 ਮਸੀਹੀ ਮੰਡਲੀ ਦਾ ਹਿੱਸਾ ਬਣ ਕੇ ਅਸੀਂ ਬਹੁਤ ਖ਼ੁਸ਼ ਹਾਂ। ਸਭਾਵਾਂ ਵਿਚ ਅਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹਾਂ ਤੇ ਪਿਆਰ ਨਾਲ ਇਕ-ਦੂਜੇ ਦਾ ਹੌਸਲਾ ਵਧਾਉਂਦੇ ਹਾਂ। ਇੱਦਾਂ ਕਰਨ ਨਾਲ ਸਾਡੀ ਨਜ਼ਰ ਇਨਾਮ ’ਤੇ ਟਿਕੀ ਰਹਿੰਦੀ ਹੈ। ਪਰ ਕਦੇ-ਕਦੇ ਗ਼ਲਤ-ਫ਼ਹਿਮੀਆਂ ਕਰਕੇ ਭੈਣ-ਭਰਾਵਾਂ ਵਿਚ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਜੇ ਅਸੀਂ ਮੁਸ਼ਕਲਾਂ ਨੂੰ ਛੇਤੀ ਨਹੀਂ ਸੁਲਝਾਉਂਦੇ, ਤਾਂ ਸਾਡੇ ਦਿਲ ਵਿਚ ਨਾਰਾਜ਼ਗੀ ਜੜ੍ਹ ਫੜ੍ਹ ਸਕਦੀ ਹੈ।​—1 ਪਤਰਸ 3:8, 9 ਪੜ੍ਹੋ।

8, 9. (ੳ) ਕਿਹੜੇ ਗੁਣਾਂ ਕਰਕੇ ਅਸੀਂ ਇਨਾਮ ਹਾਸਲ ਕਰ ਸਕਦੇ ਹਾਂ? (ਅ) ਕਿਸੇ ਮਸੀਹੀ ਵੱਲੋਂ ਨਾਰਾਜ਼ ਕਰਨ ’ਤੇ ਅਸੀਂ ਸ਼ਾਂਤੀ ਕਿਵੇਂ ਬਣਾਈ ਰੱਖ ਸਕਦੇ ਹਾਂ?

8 ਕਦੇ ਵੀ ਨਾਰਾਜ਼ਗੀ ਕਰਕੇ ਆਪਣੇ ਆਪ ਨੂੰ ਇਨਾਮ ਤੋਂ ਵਾਂਝੇ ਨਾ ਹੋਣ ਦਿਓ। ਪੌਲੁਸ ਨੇ ਕੁਲੁੱਸੈ ਦੇ ਮਸੀਹੀਆਂ ਨੂੰ ਕਿਹਾ: “ਪਰਮੇਸ਼ੁਰ ਦੇ ਚੁਣੇ ਹੋਏ ਪਵਿੱਤਰ ਤੇ ਪਿਆਰੇ ਸੇਵਕਾਂ ਵਜੋਂ, ਹਮਦਰਦੀ, ਦਇਆ, ਨਿਮਰਤਾ, ਨਰਮਾਈ ਤੇ ਧੀਰਜ ਨੂੰ ਕੱਪੜਿਆਂ ਵਾਂਗ ਪਹਿਨ ਲਓ। ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ। ਪਰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।”​—ਕੁਲੁ. 3:12-14.

9 ਜੇ ਸਾਡੇ ਵਿਚ ਪਿਆਰ ਅਤੇ ਦਇਆ ਵਰਗੇ ਗੁਣ ਹਨ, ਤਾਂ ਸਾਡੇ ਲਈ ਦੂਸਰਿਆਂ ਨੂੰ ਮਾਫ਼ ਕਰਨਾ ਸੌਖਾ ਹੋਵੇਗਾ। ਜਦੋਂ ਕੋਈ ਸਾਨੂੰ ਨਾਰਾਜ਼ ਕਰਦਾ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ? ਅਸੀਂ ਉਸ ਸਮੇਂ ਨੂੰ ਯਾਦ ਕਰ ਸਕਦੇ ਹਾਂ ਜਦੋਂ ਅਸੀਂ ਕਿਸੇ ਨੂੰ ਨਾਰਾਜ਼ ਕੀਤਾ ਸੀ ਅਤੇ ਉਸ ਨੇ ਸਾਨੂੰ ਮਾਫ਼ ਕੀਤਾ ਸੀ। ਅਸੀਂ ਉਨ੍ਹਾਂ ਦੇ ਪਿਆਰ ਅਤੇ ਦਇਆ ਲਈ ਕਿੰਨੇ ਸ਼ੁਕਰਗੁਜ਼ਾਰ ਸੀ! (ਉਪਦੇਸ਼ਕ ਦੀ ਪੋਥੀ 7:21, 22 ਪੜ੍ਹੋ।) ਅਸੀਂ ਮਸੀਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਏਕਤਾ ਦੇ ਬੰਧਨ ਵਿਚ ਬੰਨ੍ਹਿਆ ਹੈ। (ਕੁਲੁ. 3:15) ਅਸੀਂ ਸਾਰੇ ਇੱਕੋ ਪਰਮੇਸ਼ੁਰ ਨੂੰ ਮੰਨਦੇ ਹਾਂ, ਇੱਕੋ ਸੰਦੇਸ਼ ਦਾ ਪ੍ਰਚਾਰ ਕਰਦੇ ਹਾਂ ਅਤੇ ਲਗਭਗ ਇੱਕੋ ਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ। ਜੇ ਅਸੀਂ ਦਇਆ ਤੇ ਪਿਆਰ ਦਿਖਾਵਾਂਗੇ ਅਤੇ ਇਕ-ਦੂਜੇ ਨੂੰ ਮਾਫ਼ ਕਰਾਂਗੇ, ਤਾਂ ਮੰਡਲੀ ਦੀ ਏਕਤਾ ਹੋਰ ਵਧੇਗੀ ਅਤੇ ਅਸੀਂ ਆਪਣਾ ਧਿਆਨ ਇਨਾਮ ’ਤੇ ਲਾਈ ਰੱਖ ਸਕਾਂਗੇ।

10, 11. (ੳ) ਈਰਖਾ ਕਰਨੀ ਖ਼ਤਰਨਾਕ ਕਿਉਂ ਹੈ? (ਅ) ਅਸੀਂ ਕਿਵੇਂ ਧਿਆਨ ਰੱਖ ਸਕਦੇ ਹਾਂ ਕਿ ਈਰਖਾ ਕਰਕੇ ਕਿਤੇ ਅਸੀਂ ਇਨਾਮ ਤੋਂ ਵਾਂਝੇ ਨਾ ਰਹਿ ਜਾਈਏ?

10 ਈਰਖਾ ਕਰਕੇ ਅਸੀਂ ਇਨਾਮ ਤੋਂ ਵਾਂਝੇ ਰਹਿ ਸਕਦੇ ਹਾਂ। ਬਾਈਬਲ ਦੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਈਰਖਾ ਕਰਨੀ ਕਿੰਨੀ ਖ਼ਤਰਨਾਕ ਹੈ। ਮਿਸਾਲ ਲਈ, ਹਾਬਲ ਨਾਲ ਈਰਖਾ ਹੋਣ ਕਰਕੇ ਕਾਇਨ ਨੇ ਉਸ ਦੀ ਹੱਤਿਆ ਕਰ ਦਿੱਤੀ। ਕੋਰਹ, ਦਾਥਾਨ ਅਤੇ ਅਬੀਰਾਮ ਨੇ ਮੂਸਾ ਖ਼ਿਲਾਫ਼ ਬਗਾਵਤ ਕੀਤੀ ਕਿਉਂਕਿ ਉਹ ਮੂਸਾ ਨਾਲ ਈਰਖਾ ਕਰਦੇ ਸਨ। ਰਾਜਾ ਸ਼ਾਊਲ ਨੇ ਦਾਊਦ ਨਾਲ ਇੰਨੀ ਈਰਖਾ ਕੀਤੀ ਕਿ ਉਸ ਨੇ ਦਾਊਦ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਪਰਮੇਸ਼ੁਰ ਦਾ ਬਚਨ ਸੱਚ ਕਹਿੰਦਾ ਹੈ: “ਜਿੱਥੇ ਈਰਖਾ ਅਤੇ ਲੜਾਈ-ਝਗੜਾ ਹੁੰਦਾ ਹੈ, ਉੱਥੇ ਗੜਬੜ ਅਤੇ ਹਰ ਤਰ੍ਹਾਂ ਦੀ ਬੁਰਾਈ ਵੀ ਹੁੰਦੀ ਹੈ।”​—ਯਾਕੂ. 3:16.

11 ਜੇ ਅਸੀਂ ਦਿਲੋਂ ਪਿਆਰ ਅਤੇ ਦਇਆ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਈਰਖਾ ਕਰਨ ਤੋਂ ਬਚਾਂਗੇ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਪਿਆਰ ਧੀਰਜਵਾਨ ਅਤੇ ਦਿਆਲੂ ਹੈ। ਪਿਆਰ ਈਰਖਾ ਨਹੀਂ ਕਰਦਾ।” (1 ਕੁਰਿੰ. 13:4) ਜੇ ਅਸੀਂ ਈਰਖਾਲੂ ਨਹੀਂ ਬਣਨਾ ਚਾਹੁੰਦੇ, ਤਾਂ ਸਾਨੂੰ ਯਹੋਵਾਹ ਵਰਗਾ ਨਜ਼ਰੀਆ ਅਪਣਾਉਣਾ ਚਾਹੀਦਾ ਹੈ। ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਅਸੀਂ ਸਾਰੇ ਭੈਣ-ਭਰਾ ਇੱਕੋ ਸਰੀਰ ਦੇ ਅੰਗ ਹਾਂ ਯਾਨੀ ਇੱਕੋ ਮੰਡਲੀ ਦਾ ਹਿੱਸਾ ਹਾਂ। ਬਾਈਬਲ ਕਹਿੰਦੀ ਹੈ: “ਜੇ ਇਕ ਅੰਗ ਦੀ ਵਡਿਆਈ ਹੁੰਦੀ ਹੈ, ਤਾਂ ਦੂਸਰੇ ਅੰਗ ਵੀ ਉਸ ਨਾਲ ਖ਼ੁਸ਼ ਹੁੰਦੇ ਹਨ।” (1 ਕੁਰਿੰ. 12:16-18, 26) ਜਦੋਂ ਸਾਡੇ ਭੈਣਾਂ-ਭਰਾਵਾਂ ਨੂੰ ਕੋਈ ਖ਼ਾਸ ਸਨਮਾਨ ਮਿਲਦਾ ਹੈ, ਤਾਂ ਅਸੀਂ ਈਰਖਾ ਕਰਨ ਦੀ ਬਜਾਇ ਖ਼ੁਸ਼ ਹੁੰਦੇ ਹਾਂ। ਜ਼ਰਾ ਰਾਜਾ ਸ਼ਾਊਲ ਦੇ ਪੁੱਤਰ ਯੋਨਾਥਾਨ ਬਾਰੇ ਸੋਚੋ। ਯੋਨਾਥਾਨ ਨੇ ਦਾਊਦ ਨਾਲ ਈਰਖਾ ਨਹੀਂ ਕੀਤੀ, ਜਦੋਂ ਉਸ ਦੀ ਜਗ੍ਹਾ ਦਾਊਦ ਨੂੰ ਰਾਜਾ ਚੁਣਿਆ ਗਿਆ। ਉਸ ਨੇ ਦਾਊਦ ਦਾ ਹੌਸਲਾ ਵਧਾਉਣ ਦੇ ਨਾਲ-ਨਾਲ ਉਸ ਦੀ ਮਦਦ ਵੀ ਕੀਤੀ ਸੀ। (1 ਸਮੂ. 23:16-18) ਕੀ ਅਸੀਂ ਵੀ ਯੋਨਾਥਾਨ ਵਾਂਗ ਪਿਆਰ ਅਤੇ ਦਇਆ ਦਿਖਾ ਸਕਦੇ ਹਾਂ?

ਪੂਰਾ ਪਰਿਵਾਰ ਮਿਲ ਕੇ ਇਨਾਮ ਜਿੱਤੋ

12. ਬਾਈਬਲ ਦੀ ਕਿਹੜੀ ਸਲਾਹ ’ਤੇ ਚੱਲ ਕੇ ਤੁਹਾਡਾ ਪਰਿਵਾਰ ਇਨਾਮ ਹਾਸਲ ਕਰ ਸਕਦਾ ਹੈ?

12 ਜਦੋਂ ਪਰਿਵਾਰ ਦਾ ਹਰ ਜੀਅ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਦਾ ਹੈ, ਤਾਂ ਪਰਿਵਾਰ ਵਿਚ ਸ਼ਾਂਤੀ ਅਤੇ ਖ਼ੁਸ਼ੀ ਹੁੰਦੀ ਹੈ। ਨਾਲੇ ਪਰਿਵਾਰ ਮਿਲ ਕੇ ਇਨਾਮ ਵੀ ਜਿੱਤ ਸਕੇਗਾ। ਪੌਲੁਸ ਨੇ ਪਰਿਵਾਰਾਂ ਨੂੰ ਫ਼ਾਇਦੇਮੰਦ ਸਲਾਹ ਦਿੰਦਿਆਂ ਕਿਹਾ: “ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ ਕਿਉਂਕਿ ਮਸੀਹ ਦੇ ਸੇਵਕਾਂ ਲਈ ਇਹੋ ਯੋਗ ਹੈ। ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ ਅਤੇ ਗੁੱਸੇ ਵਿਚ ਉਨ੍ਹਾਂ ਉੱਤੇ ਨਾ ਭੜਕੋ। ਬੱਚਿਓ, ਹਰ ਗੱਲ ਵਿਚ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨੋ, ਕਿਉਂਕਿ ਇਸ ਤੋਂ ਪ੍ਰਭੂ ਨੂੰ ਖ਼ੁਸ਼ੀ ਹੁੰਦੀ ਹੈ। ਪਿਤਾਓ, ਆਪਣੇ ਬੱਚਿਆਂ ਨੂੰ ਨਾ ਖਿਝਾਓ ਤਾਂਕਿ ਉਹ ਦਿਲ ਨਾ ਹਾਰ ਬੈਠਣ।” (ਕੁਲੁ. 3:18-21) ਬਿਨਾਂ ਸ਼ੱਕ ਪੌਲੁਸ ਦੀ ਇਸ ਸਲਾਹ ਤੋਂ ਤੁਹਾਡੇ ਪਰਿਵਾਰ ਨੂੰ ਜ਼ਰੂਰ ਫ਼ਾਇਦਾ ਹੋਵੇਗਾ।

13. ਯਹੋਵਾਹ ਦੀ ਸੇਵਾ ਕਰਨ ਵਿਚ ਇਕ ਭੈਣ ਆਪਣੇ ਅਵਿਸ਼ਵਾਸੀ ਪਤੀ ਦੀ ਕਿਵੇਂ ਮਦਦ ਕਰ ਸਕਦੀ ਹੈ?

13 ਸ਼ਾਇਦ ਤੁਹਾਡਾ ਪਤੀ ਯਹੋਵਾਹ ਦਾ ਗਵਾਹ ਨਾ ਹੋਵੇ। ਤੁਸੀਂ ਕੀ ਕਰੋਗੇ ਜੇ ਤੁਹਾਡਾ ਪਤੀ ਤੁਹਾਡੇ ਨਾਲ ਚੰਗੇ ਤਰੀਕੇ ਨਾਲ ਪੇਸ਼ ਨਹੀਂ ਆਉਂਦਾ? ਸ਼ਾਇਦ ਤੁਸੀਂ ਗੁੱਸੇ ਹੋ ਜਾਵੋ ਅਤੇ ਉਸ ਨਾਲ ਬਹਿਸ ਕਰੋ। ਪਰ ਕੀ ਇਸ ਤਰ੍ਹਾਂ ਕਰਨ ਨਾਲ ਹਾਲਾਤ ਸੁਧਰਨਗੇ? ਜੇ ਤੁਸੀਂ ਬਹਿਸ ਜਿੱਤ ਵੀ ਲਵੋ, ਤਾਂ ਕੀ ਇਸ ਦਾ ਕੋਈ ਫ਼ਾਇਦਾ ਹੋਵੇਗਾ? ਕੀ ਤੁਹਾਡਾ ਪਤੀ ਯਹੋਵਾਹ ਦੀ ਸੇਵਾ ਕਰਨੀ ਚਾਹੇਗਾ? ਸ਼ਾਇਦ ਨਹੀਂ। ਪਰ ਜੇ ਤੁਸੀਂ ਪਤੀ ਨੂੰ ਆਪਣਾ ਮੁਖੀਆਂ ਮੰਨੋਗੇ ਅਤੇ ਉਸ ਦੀ ਕਦਰ ਕਰੋਗੇ, ਤਾਂ ਤੁਸੀਂ ਆਪਣੇ ਪਰਿਵਾਰ ਵਿਚ ਸ਼ਾਂਤੀ ਬਣਾਈ ਰੱਖ ਸਕੋਗੇ ਅਤੇ ਇਸ ਨਾਲ ਯਹੋਵਾਹ ਦੀ ਮਹਿਮਾ ਵੀ ਹੋਵੇਗੀ। ਤੁਹਾਡੀ ਚੰਗੀ ਮਿਸਾਲ ਦੇਖ ਕੇ ਸ਼ਾਇਦ ਤੁਹਾਡਾ ਪਤੀ ਵੀ ਯਹੋਵਾਹ ਦੀ ਸੇਵਾ ਕਰਨੀ ਚਾਹੇਗਾ ਅਤੇ ਤੁਸੀਂ ਮਿਲ ਕੇ ਇਨਾਮ ਜਿੱਤ ਸਕੋਗੇ।​—1 ਪਤਰਸ 3:1, 2 ਪੜ੍ਹੋ।

14. ਜੇ ਅਵਿਸ਼ਵਾਸੀ ਪਤਨੀ ਤੁਹਾਡਾ ਆਦਰ ਨਹੀਂ ਕਰਦੀ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

14 ਸ਼ਾਇਦ ਤੁਹਾਡੀ ਪਤਨੀ ਯਹੋਵਾਹ ਦੀ ਸੇਵਾ ਨਾ ਕਰਦੀ ਹੋਵੇ। ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪਤਨੀ ਤੁਹਾਡਾ ਆਦਰ ਨਹੀਂ ਕਰਦੀ? ਜੇ ਤੁਸੀਂ ਆਪਣੀ ਪਤਨੀ ’ਤੇ ਚਿਲਾਉਗੇ ਅਤੇ ਰੋਹਬ ਜਮਾਉਗੇ, ਤਾਂ ਕੀ ਉਹ ਤੁਹਾਡਾ ਆਦਰ ਕਰੇਗੀ? ਕਦੇ ਵੀ ਨਹੀਂ! ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਯਿਸੂ ਦੀ ਰੀਸ ਕਰਦਿਆਂ ਆਪਣੀ ਪਤਨੀ ਨਾਲ ਪਿਆਰ ਨਾਲ ਪੇਸ਼ ਆਓ। (ਅਫ਼. 5:23) ਮੰਡਲੀ ਦਾ ਸਿਰ ਯਾਨੀ ਯਿਸੂ ਹਮੇਸ਼ਾ ਪਿਆਰ ਅਤੇ ਦਇਆ ਨਾਲ ਪੇਸ਼ ਆਉਂਦਾ ਹੈ। (ਲੂਕਾ 9:46-48) ਜੇ ਤੁਸੀਂ ਯਿਸੂ ਦੀ ਰੀਸ ਕਰੋਗੇ, ਤਾਂ ਸ਼ਾਇਦ ਇਕ ਦਿਨ ਤੁਹਾਡੀ ਪਤਨੀ ਵੀ ਯਹੋਵਾਹ ਦੀ ਸੇਵਾ ਕਰਨੀ ਚਾਹੇ।

15. ਮਸੀਹੀ ਪਤੀ ਕਿਵੇਂ ਦਿਖਾ ਸਕਦਾ ਹੈ ਕਿ ਉਹ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ?

15 ਯਹੋਵਾਹ ਪਤੀਆਂ ਨੂੰ ਕਹਿੰਦਾ ਹੈ: “ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ ਅਤੇ ਗੁੱਸੇ ਵਿਚ ਉਨ੍ਹਾਂ ਉੱਤੇ ਨਾ ਭੜਕੋ।” (ਕੁਲੁ. 3:19) ਪਿਆਰ ਕਰਨ ਵਾਲਾ ਪਤੀ ਆਪਣੀ ਪਤਨੀ ਦੀ ਇੱਜ਼ਤ ਕਰਦਾ ਹੈ। ਕਿਵੇਂ? ਉਹ ਉਸ ਦੀ ਰਾਇ ਸੁਣਦਾ ਹੈ ਅਤੇ ਦਿਖਾਉਂਦਾ ਹੈ ਕਿ ਉਸ ਲਈ ਪਤਨੀ ਦੀ ਰਾਇ ਮਾਅਨੇ ਰੱਖਦੀ ਹੈ। (1 ਪਤ. 3:7) ਚਾਹੇ ਉਹ ਹਮੇਸ਼ਾ ਪਤਨੀ ਦੀ ਰਾਇ ਮੁਤਾਬਕ ਫ਼ੈਸਲੇ ਨਾ ਵੀ ਕਰੇ, ਪਰ ਫਿਰ ਵੀ ਉਸ ਦੀ ਰਾਇ ਸੁਣ ਕੇ ਪਤੀ ਵਧੀਆ ਫ਼ੈਸਲੇ ਕਰ ਸਕਦਾ ਹੈ। (ਕਹਾ. 15:22) ਪਿਆਰ ਕਰਨ ਵਾਲਾ ਪਤੀ ਧੱਕੇ ਨਾਲ ਪਤਨੀ ਤੋਂ ਆਪਣੀ ਇੱਜ਼ਤ ਨਹੀਂ ਕਰਾਉਂਦਾ। ਇਸ ਦੀ ਬਜਾਇ, ਉਹ ਆਪਣੀ ਪਤਨੀ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਪਤੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਿਆਰ ਕਰਦਾ ਹੈ, ਤਾਂ ਪਰਿਵਾਰ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਦਾ ਹੈ ਅਤੇ ਮਿਲ ਕੇ ਇਨਾਮ ਜਿੱਤ ਸਕਦਾ ਹੈ।

ਪਰਿਵਾਰ ਦੀਆਂ ਮੁਸ਼ਕਲਾਂ ਨੂੰ ਇਨਾਮ ਪਾਉਣ ਦੇ ਰਾਹ ਵਿਚ ਰੋੜਾ ਨਾ ਬਣਨ ਦਿਓ (ਪੈਰੇ 13-15 ਦੇਖੋ)

ਨੌਜਵਾਨੋ, ਇਨਾਮ ਪਾਉਣ ਤੋਂ ਵਾਂਝੇ ਨਾ ਰਹੋ

16, 17. ਨੌਜਵਾਨੋ, ਤੁਸੀਂ ਆਪਣੇ ਮਾਪਿਆਂ ਨਾਲ ਨਾਰਾਜ਼ ਹੋਣ ਤੋਂ ਕਿਵੇਂ ਬਚ ਸਕਦੇ ਹੋ?

16 ਨੌਜਵਾਨੋ, ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮਾਪੇ ਤੁਹਾਨੂੰ ਨਹੀਂ ਸਮਝਦੇ ਜਾਂ ਤੁਹਾਡੇ ’ਤੇ ਬਹੁਤ ਪਾਬੰਦੀਆਂ ਲਾਉਂਦੇ ਹਨ? ਸ਼ਾਇਦ ਇਸ ਕਰਕੇ ਤੁਸੀਂ ਇੰਨੇ ਪਰੇਸ਼ਾਨ ਹੋ ਜਾਵੋ ਕਿ ਯਹੋਵਾਹ ਦੀ ਸੇਵਾ ਕਰਨ ਨੂੰ ਤੁਹਾਡਾ ਦਿਲ ਹੀ ਨਾ ਕਰੇ। ਪਰ ਜੇ ਤੁਸੀਂ ਯਹੋਵਾਹ ਨੂੰ ਛੱਡ ਵੀ ਦਿੰਦੇ ਹੋ, ਤਾਂ ਇਹ ਗੱਲ ਅਜ਼ਮਾ ਕੇ ਦੇਖ ਲਵੋ ਕਿ ਦੁਨੀਆਂ ਵਿਚ ਤੁਹਾਨੂੰ ਉਹ ਪਿਆਰ ਨਹੀਂ ਮਿਲਣਾ ਜੋ ਤੁਹਾਨੂੰ ਆਪਣੇ ਮਸੀਹੀ ਮਾਪਿਆਂ ਅਤੇ ਮੰਡਲੀ ਤੋਂ ਮਿਲਦਾ ਹੈ।

17 ਜ਼ਰਾ ਸੋਚੋ, ਜੇ ਤੁਹਾਡੇ ਮਾਪੇ ਤੁਹਾਨੂੰ ਅਨੁਸ਼ਾਸਨ ਨਾ ਦੇਣ, ਤਾਂ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਉਹ ਤੁਹਾਡੀ ਪਰਵਾਹ ਕਰਦੇ ਹਨ? (ਇਬ. 12:8) ਸ਼ਾਇਦ ਤੁਹਾਨੂੰ ਉਨ੍ਹਾਂ ਦੇ ਅਨੁਸ਼ਾਸਨ ਦੇਣ ਦੇ ਤਰੀਕੇ ’ਤੇ ਗੁੱਸਾ ਆਵੇ। ਪਰ ਆਪਣਾ ਧਿਆਨ ਅਨੁਸ਼ਾਸਨ ਦੇਣ ਦੇ ਤਰੀਕੇ ’ਤੇ ਨਾ ਲਾਓ। ਇਸ ਦੀ ਬਜਾਇ, ਉਹ ਜੋ ਵੀ ਕਹਿੰਦੇ ਜਾਂ ਕਰਦੇ ਹਨ ਉਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੋ। ਸ਼ਾਂਤ ਰਹੋ ਅਤੇ ਛੇਤੀ ਗੁੱਸੇ ਨਾ ਹੋਵੋ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਗਿਆਨਵਾਨ ਘੱਟ ਬੋਲਦਾ ਹੈ, ਅਤੇ ਸਮਝ ਵਾਲਾ ਸ਼ੀਲ ਸੁਭਾਉ ਹੁੰਦਾ ਹੈ।” (ਕਹਾ. 17:27) ਸਮਝਦਾਰ ਇਨਸਾਨ ਬਣੋ ਅਤੇ ਅਨੁਸ਼ਾਸਨ ਨੂੰ ਸਵੀਕਾਰ ਕਰੋ, ਭਾਵੇਂ ਉਹ ਕਿਸੇ ਵੀ ਤਰੀਕੇ ਨਾਲ ਕਿਉਂ ਨਾ ਦਿੱਤਾ ਜਾਵੇ। (ਕਹਾ. 1:8) ਹਮੇਸ਼ਾ ਯਾਦ ਰੱਖੋ ਕਿ ਯਹੋਵਾਹ ਨੂੰ ਪਿਆਰ ਕਰਨ ਵਾਲੇ ਮਾਪੇ ਤੁਹਾਡੇ ਲਈ ਸੱਚ-ਮੁੱਚ ਇਕ ਬਰਕਤ ਹਨ। ਉਹ ਤੁਹਾਡੀ ਮਦਦ ਕਰਨੀ ਚਾਹੁੰਦੇ ਹਨ ਤਾਂਕਿ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਪਾ ਸਕੋ।

18. ਇਨਾਮ ’ਤੇ ਨਜ਼ਰ ਲਾਈ ਰੱਖਣ ਲਈ ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?

18 ਚਾਹੇ ਸਾਡੀ ਆਸ ਸਵਰਗ ਜਾਣ ਦੀ ਹੈ ਜਾਂ ਧਰਤੀ ’ਤੇ ਰਹਿਣ ਦੀ, ਅਸੀਂ ਸਾਰੇ ਆਪਣੇ ਸ਼ਾਨਦਾਰ ਭਵਿੱਖ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਸਾਡੀ ਉਮੀਦ ਪੱਕੀ ਹੈ ਕਿਉਂਕਿ ਇਹ ਵਾਅਦਾ ਪੂਰੀ ਕਾਇਨਾਤ ਦੇ ਸਿਰਜਣਹਾਰ ਦਾ ਹੈ। ਸਾਡਾ ਸਿਰਜਣਹਾਰ ਕਹਿੰਦਾ ਹੈ: “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ।” (ਯਸਾ. 11:9) ਬਹੁਤ ਜਲਦ ਹਰ ਇਨਸਾਨ ਪਰਮੇਸ਼ੁਰ ਵੱਲੋਂ ਸਿਖਾਇਆ ਜਾਵੇਗਾ। ਕੀ ਸਾਨੂੰ ਇਸ ਇਨਾਮ ਨੂੰ ਪਾਉਣ ਲਈ ਪੂਰੀ ਵਾਹ ਨਹੀਂ ਲਾਉਣੀ ਚਾਹੀਦੀ? ਹਮੇਸ਼ਾ ਯਹੋਵਾਹ ਦੇ ਵਾਅਦਿਆਂ ਨੂੰ ਯਾਦ ਰੱਖੋ ਅਤੇ ਕਿਸੇ ਵੀ ਚੀਜ਼ ਕਰਕੇ ਇਸ ਇਨਾਮ ਨੂੰ ਹਾਸਲ ਕਰਨ ਤੋਂ ਵਾਂਝੇ ਨਾ ਰਹਿ ਜਾਓ।