Skip to content

Skip to table of contents

ਦੁਨਿਆਵੀ ਸੋਚ ਤੋਂ ਬਚੋ

ਦੁਨਿਆਵੀ ਸੋਚ ਤੋਂ ਬਚੋ

“ਧਿਆਨ ਰੱਖੋ ਕਿ ਕੋਈ ਤੁਹਾਨੂੰ ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ ਵਿਚ ਫਸਾ ਨਾ ਲਵੇ।”​—ਕੁਲੁ. 2:8.

ਗੀਤ: 60, 26

1. ਪੌਲੁਸ ਰਸੂਲ ਨੇ ਕੁਲੁੱਸੈ ਦੇ ਮਸੀਹੀਆਂ ਨੂੰ ਚਿੱਠੀ ਵਿਚ ਕੀ ਲਿਖਿਆ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਪੌਲੁਸ ਰਸੂਲ ਨੇ ਲਗਭਗ 60-61 ਈਸਵੀ ਵਿਚ ਕੁਲੁੱਸੈ ਦੇ ਮਸੀਹੀਆਂ ਨੂੰ ਚਿੱਠੀ ਲਿਖੀ ਸੀ। ਉਸ ਵੇਲੇ ਉਹ ਰੋਮ ਵਿਚ ਕੈਦ ਸੀ। ਉਸ ਨੇ ਸਮਝਾਇਆ ਕਿ ਉਨ੍ਹਾਂ ਨੂੰ ਪਰਮੇਸ਼ੁਰ ਵਰਗੀ “ਸਮਝ” ਰੱਖਣ ਦੀ ਲੋੜ ਕਿਉਂ ਸੀ “ਜੋ ਪਵਿੱਤਰ ਸ਼ਕਤੀ ਰਾਹੀਂ ਮਿਲਦੀ ਹੈ।” (ਕੁਲੁ. 1:9) ਪੌਲੁਸ ਨੇ ਕਿਹਾ: “ਮੈਂ ਇਹ ਇਸ ਕਰਕੇ ਕਹਿ ਰਿਹਾ ਹਾਂ ਤਾਂਕਿ ਕੋਈ ਤੁਹਾਨੂੰ ਆਪਣੀਆਂ ਕਾਇਲ ਕਰਨ ਵਾਲੀਆਂ ਦਲੀਲਾਂ ਨਾਲ ਭਰਮਾ ਨਾ ਲਵੇ। ਧਿਆਨ ਰੱਖੋ ਕਿ ਕੋਈ ਤੁਹਾਨੂੰ ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ ਵਿਚ ਫਸਾ ਨਾ ਲਵੇ। ਇਹ ਗਿਆਨ ਅਤੇ ਗੱਲਾਂ ਇਨਸਾਨਾਂ ਦੇ ਰੀਤਾਂ-ਰਿਵਾਜਾਂ ਅਤੇ ਦੁਨੀਆਂ ਦੇ ਬੁਨਿਆਦੀ ਅਸੂਲਾਂ ਉੱਤੇ ਆਧਾਰਿਤ ਹਨ, ਨਾ ਕਿ ਮਸੀਹ ਦੀਆਂ ਸਿੱਖਿਆਵਾਂ ਉੱਤੇ।” (ਕੁਲੁ. 2:4, 8) ਫਿਰ ਉਸ ਨੇ ਸਮਝਾਇਆ ਕਿ ਦੁਨੀਆਂ ਦੇ ਲੋਕਾਂ ਦੇ ਕੁਝ ਵਿਚਾਰ ਗ਼ਲਤ ਕਿਉਂ ਹਨ ਅਤੇ ਲੋਕ ਇਸ ਤਰ੍ਹਾਂ ਦੀ ਸੋਚ ਕਿਉਂ ਪਸੰਦ ਕਰਦੇ ਹਨ। ਮਿਸਾਲ ਲਈ, ਇੱਦਾਂ ਦੇ ਕੁਝ ਵਿਚਾਰਾਂ ਕਰਕੇ ਲੋਕ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਜ਼ਿਆਦਾ ਬੁੱਧੀਮਾਨ ਅਤੇ ਬਿਹਤਰ ਸਮਝਦੇ ਹਨ। ਇਸ ਲਈ ਪੌਲੁਸ ਨੇ ਮਸੀਹੀਆਂ ਨੂੰ ਇਹ ਚਿੱਠੀ ਲਿਖੀ ਤਾਂਕਿ ਉਹ ਦੁਨਿਆਵੀ ਸੋਚ ਅਤੇ ਗ਼ਲਤ ਕੰਮਾਂ ਤੋਂ ਬਚਨ।​—ਕੁਲੁ. 2:16, 17, 23.

2. ਅਸੀਂ ਦੁਨਿਆਵੀ ਸੋਚ ਬਾਰੇ ਕਿਉਂ ਗੱਲ ਕਰਾਂਗੇ?

2 ਦੁਨਿਆਵੀ ਸੋਚ ਰੱਖਣ ਵਾਲੇ ਲੋਕ ਯਹੋਵਾਹ ਦੇ ਅਸੂਲਾਂ ਦੀ ਪਰਵਾਹ ਨਹੀਂ ਕਰਦੇ। ਜੇ ਅਸੀਂ ਖ਼ਬਰਦਾਰ ਨਾ ਰਹੀਏ, ਤਾਂ ਉਨ੍ਹਾਂ ਦੀ ਸੋਚ ਹੌਲੀ-ਹੌਲੀ ਸਾਡੀ ਨਿਹਚਾ ਕਮਜ਼ੋਰ ਕਰ ਸਕਦੀ ਹੈ। ਇਹ ਸੋਚ ਕਿਸੇ ’ਤੇ ਵੀ ਹਾਵੀ ਹੋ ਸਕਦੀ ਹੈ ਕਿਉਂਕਿ ਇਹ ਸੋਚ ਟੀ. ਵੀ., ਇੰਟਰਨੈੱਟ, ਸਕੂਲ ਅਤੇ ਕੰਮ ਦੀ ਜਗ੍ਹਾ ’ਤੇ ਸਾਫ਼ ਦੇਖੀ ਜਾ ਸਕਦੀ ਹੈ। ਪਰ ਅਸੀਂ ਇਸ ਸੋਚ ਤੋਂ ਕਿਵੇਂ ਬਚੇ ਰਹਿ ਸਕਦੇ ਹਾਂ? ਇਸ ਲੇਖ ਵਿਚ ਅਸੀਂ ਪੰਜ ਵਿਚਾਰਾਂ ਉੱਤੇ ਗੌਰ ਕਰਾਂਗੇ ਜੋ ਦੁਨੀਆਂ ਵਿਚ ਆਮ ਹਨ ਅਤੇ ਦੇਖਾਂਗੇ ਕਿ ਅਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ।

ਕੀ ਸਾਨੂੰ ਰੱਬ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ?

3. ਬਹੁਤ ਸਾਰੇ ਲੋਕ ਕਿਸ ਤਰ੍ਹਾਂ ਦੀ ਸੋਚ ਰੱਖਦੇ ਹਨ ਅਤੇ ਕਿਉਂ?

3 “ਚੰਗਾ ਇਨਸਾਨ ਬਣਨ ਲਈ ਰੱਬ ’ਤੇ ਵਿਸ਼ਵਾਸ ਕਰਨਾ ਜ਼ਰੂਰੀ ਨਹੀਂ।” ਬਹੁਤ ਸਾਰੇ ਦੇਸ਼ਾਂ ਵਿਚ ਲੋਕ ਇੱਦਾਂ ਹੀ ਸੋਚਦੇ ਹਨ ਕਿਉਂਕਿ ਸ਼ਾਇਦ ਉਹ ਪਰਮੇਸ਼ੁਰ ਦੀ ਹੋਂਦ ਬਾਰੇ ਗਹਿਰਾਈ ਨਾਲ ਸੋਚ-ਵਿਚਾਰ ਨਹੀਂ ਕਰਦੇ। ਉਹ ਆਪਣੀ ਮਰਜ਼ੀ ਦੇ ਮਾਲਕ ਹਨ ਅਤੇ ਸੋਚਦੇ ਹਨ ਕਿ ਉਨ੍ਹਾਂ ਨੂੰ ਪੁੱਛ-ਗਿੱਛ ਕਰਨ ਵਾਲਾ ਕੋਈ ਨਹੀਂ। (ਜ਼ਬੂਰਾਂ ਦੀ ਪੋਥੀ 10:4 ਪੜ੍ਹੋ।) ਹੋਰ ਲੋਕ ਆਪਣੇ ਆਪ ਨੂੰ ਸਮਝਦਾਰ ਸਮਝਦੇ ਹੋਏ ਕਹਿੰਦੇ ਹਨ ਕਿ “ਮੈਂ ਰੱਬ ਤੋਂ ਬਗੈਰ ਉੱਚੇ-ਸੁੱਚੇ ਅਸੂਲਾਂ ’ਤੇ ਚੱਲ ਸਕਦਾ ਹਾਂ।”

4. ਸ੍ਰਿਸ਼ਟੀਕਰਤਾ ’ਤੇ ਵਿਸ਼ਵਾਸ ਨਾ ਕਰਨ ਵਾਲੇ ਨੂੰ ਅਸੀਂ ਕਿਵੇਂ ਜਵਾਬ ਦੇ ਸਕਦੇ ਹਾਂ?

4 ਕੀ ਸ੍ਰਿਸ਼ਟੀਕਰਤਾ ਦੀ ਹੋਂਦ ’ਤੇ ਵਿਸ਼ਵਾਸ ਨਾ ਕਰਨ ਦਾ ਕੋਈ ਆਧਾਰ ਹੈ? ਇਸ ਦਾ ਜਵਾਬ ਪਾਉਣ ਲਈ ਕਈਆਂ ਨੇ ਵਿਗਿਆਨ ਤੋਂ ਖੋਜਬੀਨ ਕੀਤੀ, ਪਰ ਉਹ ਹੋਰ ਵੀ ਬੌਂਦਲ ਗਏ। ਪਰ ਸਿੱਧੀ ਜਿਹੀ ਗੱਲ ਹੈ, ਕੀ ਇੱਦਾਂ ਕਦੀ ਹੋਇਆ ਕਿ ਕੋਈ ਘਰ ਆਪੇ ਹੀ ਬਣ ਗਿਆ? ਬਿਲਕੁਲ ਨਹੀਂ! ਘਰ ਨੂੰ ਬਣਾਉਣ ਵਾਲਾ ਕੋਈ-ਨਾ-ਕੋਈ ਤਾਂ ਹੁੰਦਾ ਹੀ ਹੈ। ਪਰ ਕਿਸੇ ਵੀ ਘਰ ਨਾਲੋਂ ਜੀਉਂਦੀਆਂ ਚੀਜ਼ਾਂ ਕਿਤੇ ਜ਼ਿਆਦਾ ਗੁੰਝਲਦਾਰ ਹਨ। ਇੱਥੋਂ ਤਕ ਕਿ ਛੋਟੇ ਤੋਂ ਛੋਟਾ ਸੈੱਲ ਵੀ। ਉਹ ਆਪੇ ਹੀ ਆਪਣੇ ਵਰਗੇ ਹੋਰ ਸੈੱਲ ਬਣਾ ਸਕਦਾ ਹੈ ਅਤੇ ਆਪਣੇ ਵਿਚਲੀ ਜਾਣਕਾਰੀ ਉਨ੍ਹਾਂ ਸੈੱਲਾਂ ਨੂੰ ਦੇ ਸਕਦਾ ਹੈ ਤਾਂਕਿ ਉਹ ਵੀ ਹੋਰ ਸੈੱਲ ਬਣਾ ਸਕਣ। ਪਰ ਕੀ ਕੋਈ ਘਰ ਇੱਦਾਂ ਕਰ ਸਕਦਾ? ਸੋ ਸੈੱਲ ਕਿਸ ਦੇ ਹੱਥਾਂ ਦਾ ਕਮਾਲ ਹੈ? ਬਾਈਬਲ ਜਵਾਬ ਦਿੰਦੀ ਹੈ: “ਬੇਸ਼ੱਕ ਹਰ ਘਰ ਨੂੰ ਕਿਸੇ-ਨਾ-ਕਿਸੇ ਨੇ ਬਣਾਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁਝ ਬਣਾਇਆ ਹੈ, ਉਹ ਪਰਮੇਸ਼ੁਰ ਹੈ।”​—ਇਬ. 3:4.

5. ਉਨ੍ਹਾਂ ਲੋਕਾਂ ਬਾਰੇ ਕੀ ਕਿਹਾ ਜਾ ਸਕਦਾ ਹੈ ਜੋ ਮੰਨਦੇ ਹਨ ਕਿ ਉਹ ਰੱਬ ਤੋਂ ਬਿਨਾਂ ਚੰਗੇ-ਬੁਰੇ ਦਾ ਫ਼ੈਸਲਾ ਖ਼ੁਦ ਕਰ ਸਕਦੇ ਹਨ?

5 ਸੋ ਉਨ੍ਹਾਂ ਲੋਕਾਂ ਬਾਰੇ ਕੀ ਕਿਹਾ ਜਾ ਸਕਦਾ ਹੈ ਜੋ ਮੰਨਦੇ ਹਨ ਕਿ ਉਹ ਰੱਬ ਤੋਂ ਬਿਨਾਂ ਚੰਗੇ-ਬੁਰੇ ਦਾ ਫ਼ੈਸਲਾ ਖ਼ੁਦ ਕਰ ਸਕਦੇ ਹਨ? ਇਹ ਗੱਲ ਸੱਚ ਹੈ ਕਿ ਬਾਈਬਲ ਕਹਿੰਦੀ ਹੈ ਪਰਮੇਸ਼ੁਰ ਨੂੰ ਨਾ ਮੰਨਣ ਵਾਲੇ ਵੀ ਚੰਗੇ ਅਸੂਲਾਂ ’ਤੇ ਚੱਲਦੇ ਹਨ। (ਰੋਮੀ. 2:14, 15) ਮਿਸਾਲ ਲਈ, ਅਜਿਹੇ ਲੋਕ ਸ਼ਾਇਦ ਆਪਣੇ ਮਾਪਿਆਂ ਦਾ ਆਦਰ ਕਰਦੇ ਹਨ। ਪਰ ਜੇ ਉਹ ਮੰਨਦੇ ਹੀ ਨਹੀਂ ਕਿ ਰੱਬ ਹੈ, ਜਿਸ ਨੇ ਸਹੀ-ਗ਼ਲਤ ਦੇ ਅਸੂਲ ਠਹਿਰਾਏ ਹਨ, ਤਾਂ ਉਨ੍ਹਾਂ ਦੇ ਅਸੂਲ ਕਿੰਨੇ ਕੁ ਉੱਚੇ ਹੋ ਸਕਦੇ ਹਨ? (ਯਸਾ. 33:22) ਅੱਜ ਕਈ ਪੜ੍ਹੇ-ਲਿਖੇ ਤੇ ਸਮਝਦਾਰ ਲੋਕ ਵੀ ਮੰਨਦੇ ਹਨ ਕਿ ਦੁਨੀਆਂ ਦੀਆਂ ਕਠਿਨ ਸਮੱਸਿਆਵਾਂ ਨੂੰ ਸੁਲਝਾਉਣ ਲਈ ਸਾਨੂੰ ਰੱਬ ਦੀ ਲੋੜ ਹੈ। (ਯਿਰਮਿਯਾਹ 10:23 ਪੜ੍ਹੋ।) ਕਦੀ ਵੀ ਨਾ ਸੋਚੋ ਕਿ ਰੱਬ ’ਤੇ ਵਿਸ਼ਵਾਸ ਕੀਤੇ ਬਿਨਾਂ ਜਾਂ ਉਸ ਦੇ ਅਸੂਲਾਂ ’ਤੇ ਚੱਲੇ ਬਿਨਾਂ ਇਨਸਾਨ ਖ਼ੁਦ ਚੰਗੇ-ਬੁਰੇ ਦਾ ਫ਼ੈਸਲਾ ਕਰ ਸਕਦਾ ਹੈ।​—ਜ਼ਬੂ. 146:3.

ਕੀ ਸਾਨੂੰ ਧਰਮ ਦੀ ਲੋੜ ਹੈ?

6. ਬਹੁਤ ਸਾਰੇ ਲੋਕ ਧਰਮਾਂ ਬਾਰੇ ਕੀ ਸੋਚਦੇ ਹਨ?

6 “ਤੁਸੀਂ ਕਿਸੇ ਧਰਮ ਨੂੰ ਮੰਨੇ ਬਿਨਾਂ ਵੀ ਖ਼ੁਸ਼ ਰਹਿ ਸਕਦੇ ਹੋ।” ਬਹੁਤ ਸਾਰੇ ਲੋਕਾਂ ਨੂੰ ਧਰਮਾਂ ਵਿਚ ਕੋਈ ਦਿਲਚਸਪੀ ਨਹੀਂ ਹੈ ਅਤੇ ਲੋਕ ਕਹਿੰਦੇ ਹਨ ਕਿ ਇਨ੍ਹਾਂ ਨੂੰ ਮੰਨਣ ਦਾ ਕੋਈ ਫ਼ਾਇਦਾ ਨਹੀਂ। ਬਹੁਤ ਸਾਰੇ ਧਰਮ ਲੋਕਾਂ ਨੂੰ ਰੱਬ ਤੋਂ ਦੂਰ ਕਰਦੇ ਹਨ ਕਿਉਂਕਿ ਇਹ ਨਰਕ ਦੀ ਸਿੱਖਿਆ ਦਿੰਦੇ ਹਨ, ਲੋਕਾਂ ਨੂੰ ਪੈਸੇ ਦੇਣ ਲਈ ਮਜਬੂਰ ਕਰਦੇ ਹਨ ਅਤੇ ਰਾਜਨੀਤੀ ਦਾ ਸਮਰਥਨ ਕਰਦੇ ਹਨ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਜ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਧਰਮ ਤੋਂ ਬਿਨਾਂ ਹੀ ਖ਼ੁਸ਼ ਹਨ। ਉਹ ਸ਼ਾਇਦ ਕਹਿਣ, “ਅਸੀਂ ਮੰਨਦਾ ਹਾਂ ਕਿ ਰੱਬ ਹੈ, ਪਰ ਅਸੀਂ ਕਿਸੇ ਧਰਮ ਨਾਲ ਨਹੀਂ ਜੁੜਨਾ ਚਾਹੁੰਦੇ।”

7. ਸੱਚੇ ਧਰਮ ਨੂੰ ਮੰਨਣ ਨਾਲ ਤੁਹਾਨੂੰ ਕਿਵੇਂ ਖ਼ੁਸ਼ੀ ਮਿਲ ਸਕਦੀ ਹੈ?

7 ਕੀ ਅਸੀਂ ਧਰਮ ਤੋਂ ਬਿਨਾਂ ਸੱਚ-ਮੁੱਚ ਖ਼ੁਸ਼ ਰਹਿ ਸਕਦੇ ਹਾਂ? ਇਹ ਗੱਲ ਸੱਚ ਹੈ ਕਿ ਝੂਠੇ ਧਰਮ ਤੋਂ ਬਿਨਾਂ ਖ਼ੁਸ਼ ਰਿਹਾ ਜਾ ਸਕਦਾ ਹੈ। ਪਰ ਸੱਚੀ ਖ਼ੁਸ਼ੀ ਸਿਰਫ਼ “ਖ਼ੁਸ਼ਦਿਲ ਪਰਮੇਸ਼ੁਰ” ਯਹੋਵਾਹ ਨਾਲ ਦੋਸਤੀ ਕਰ ਕੇ ਹੀ ਮਿਲ ਸਕਦੀ ਹੈ। (1 ਤਿਮੋ. 1:11) ਯਹੋਵਾਹ ਜੋ ਵੀ ਕਰਦਾ ਹੈ ਉਹ ਦੂਸਰਿਆਂ ਦੇ ਭਲੇ ਲਈ ਕਰਦਾ ਹੈ। ਅਸੀਂ ਖ਼ੁਸ਼ ਹਾਂ ਕਿਉਂਕਿ ਅਸੀਂ ਉਸ ਦੀ ਰੀਸ ਕਰਦਿਆਂ ਦੂਸਰਿਆਂ ਦੀ ਮਦਦ ਕਰਦੇ ਹਾਂ। (ਰਸੂ. 20:35) ਮਿਸਾਲ ਲਈ, ਸੋਚੋ ਕਿ ਸੱਚੀ ਭਗਤੀ ਕਰਨ ਨਾਲ ਪਰਿਵਾਰ ਕਿਵੇਂ ਖ਼ੁਸ਼ ਰਹਿ ਸਕਦੇ ਹਨ। ਅਸੀਂ ਆਪਣੇ ਜੀਵਨ ਸਾਥੀ ਦਾ ਆਦਰ ਕਰਨਾ ਤੇ ਉਸ ਦੇ ਵਫ਼ਾਦਾਰ ਰਹਿਣਾ, ਬੱਚਿਆਂ ਦੀ ਵਧੀਆ ਪਰਵਰਿਸ਼ ਕਰਨੀ ਅਤੇ ਪਰਿਵਾਰ ਦੇ ਜੀਆਂ ਨਾਲ ਸੱਚਾ ਪਿਆਰ ਕਰਨਾ ਸਿੱਖਦੇ ਹਾਂ। ਯਹੋਵਾਹ ਦੇ ਗਵਾਹ ਸੱਚੀ ਭਗਤੀ ਕਰਕੇ ਦੁਨੀਆਂ ਭਰ ਵਿਚ ਮਿਲ ਕੇ ਸ਼ਾਂਤੀ ਨਾਲ ਕੰਮ ਕਰਦੇ ਹਨ ਅਤੇ ਮੰਡਲੀ ਵਿਚ ਇਕ-ਦੂਜੇ ਨੂੰ ਪਿਆਰ ਦਿਖਾਉਂਦੇ ਹਨ।​—ਯਸਾਯਾਹ 65:13, 14 ਪੜ੍ਹੋ।

8. ਮੱਤੀ 5:3 ਤੋਂ ਸੱਚੀ ਖ਼ੁਸ਼ੀ ਪਾਉਣ ਬਾਰੇ ਕੀ ਪਤਾ ਲੱਗਦਾ ਹੈ?

8 ਕੀ ਇਨਸਾਨ ਪਰਮੇਸ਼ੁਰ ਦੀ ਭਗਤੀ ਕੀਤੇ ਬਿਨਾਂ ਸੱਚ-ਮੁੱਚ ਖ਼ੁਸ਼ ਰਹਿ ਸਕਦੇ ਹਨ? ਇਨਸਾਨਾਂ ਨੂੰ ਕਿਹੜੀਆਂ ਗੱਲਾਂ ਤੋਂ ਖ਼ੁਸ਼ੀ ਮਿਲਦੀ ਹੈ? ਕੁਝ ਲੋਕਾਂ ਨੂੰ ਖੇਡਾਂ, ਆਪਣੀ ਨੌਕਰੀ ਅਤੇ ਸ਼ੌਕ ਪੂਰੇ ਕਰਨ ਤੋਂ ਖ਼ੁਸ਼ੀ ਮਿਲਦੀ ਹੈ। ਹੋਰ ਲੋਕਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਦਾ ਖ਼ਿਆਲ ਰੱਖ ਕੇ ਖ਼ੁਸ਼ੀ ਮਿਲਦੀ ਹੈ। ਪਰ ਕੀ ਇਨ੍ਹਾਂ ਤੋਂ ਇਲਾਵਾ ਵੀ ਕੁਝ ਹੈ ਜਿਸ ਤੋਂ ਸਾਨੂੰ ਸੱਚੀ ਖ਼ੁਸ਼ੀ ਮਿਲ ਸਕਦੀ ਹੈ? ਸਾਡੇ ਸ੍ਰਿਸ਼ਟੀਕਰਤਾ ਨੇ ਸਾਨੂੰ ਇੰਨੇ ਵਧੀਆ ਢੰਗ ਨਾਲ ਬਣਾਇਆ ਹੈ ਕਿ ਜਾਨਵਰਾਂ ਤੋਂ ਉਲਟ ਅਸੀਂ ਉਸ ਨੂੰ ਜਾਣ ਸਕਦੇ ਹਾਂ ਅਤੇ ਉਸ ਦੀ ਭਗਤੀ ਕਰ ਸਕਦੇ ਹਾਂ। ਪਰਮੇਸ਼ੁਰ ਨੇ ਸਾਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਇਹ ਕੰਮ ਕਰ ਕੇ ਹੀ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ। (ਮੱਤੀ 5:3 ਪੜ੍ਹੋ।) ਮਿਸਾਲ ਲਈ, ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ ਜਦੋਂ ਅਸੀਂ ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਾਂ। (ਜ਼ਬੂ. 133:1) ਸਾਨੂੰ ਦੁਨੀਆਂ ਭਰ ਦੇ ਭਾਈਚਾਰੇ ਦਾ ਹਿੱਸਾ ਬਣ ਕੇ, ਸਾਫ਼-ਸੁਥਰੀ ਜ਼ਿੰਦਗੀ ਜੀ ਕੇ ਅਤੇ ਭਵਿੱਖ ਲਈ ਸ਼ਾਨਦਾਰ ਆਸ ਪਾ ਕੇ ਵੀ ਖ਼ੁਸ਼ੀ ਮਿਲਦੀ ਹੈ।

ਕੀ ਸਾਨੂੰ ਨੈਤਿਕ ਮਿਆਰਾਂ ਦੀ ਲੋੜ ਹੈ?

9. (ੳ) ਸਰੀਰਕ ਸੰਬੰਧ ਬਾਰੇ ਅੱਜ ਕਿਹੜੀ ਸੋਚ ਆਮ ਹੈ? (ਅ) ਬਾਈਬਲ ਕਿਉਂ ਕਹਿੰਦੀ ਹੈ ਕਿ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸ ਹੋਰ ਨਾਲ ਸੰਬੰਧ ਰੱਖਣਾ ਗ਼ਲਤ ਹੈ?

9 ਆਪਣੇ ਜੀਵਨ-ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਸਰੀਰਕ ਸੰਬੰਧ ਬਣਾਉਣ ਵਿਚ ਕੋਈ ਹਰਜ਼ ਨਹੀਂ। ਲੋਕ ਸ਼ਾਇਦ ਸਾਨੂੰ ਕਹਿਣ: “ਤੁਹਾਡਾ ਧਰਮ ਇੰਨਾ ਸਖ਼ਤ ਕਿਉਂ ਹੈ? ਛੱਡੋ ਪਰੇ, ਜ਼ਿੰਦਗੀ ਦਾ ਮਜ਼ਾ ਲਓ!” ਪਰ ਪਰਮੇਸ਼ੁਰ ਦਾ ਬਚਨ ਹਰਾਮਕਾਰੀ ਕਰਨ ਤੋਂ ਸਖ਼ਤ ਮਨ੍ਹਾ ਕਰਦਾ ਹੈ। * (1 ਥੱਸਲੁਨੀਕੀਆਂ 4:3-8 ਪੜ੍ਹੋ।) ਸਾਡਾ ਸ੍ਰਿਸ਼ਟੀਕਰਤਾ ਹੋਣ ਦੇ ਨਾਤੇ ਉਸ ਕੋਲ ਸਾਡੇ ਲਈ ਕਾਨੂੰਨ ਬਣਾਉਣ ਦਾ ਹੱਕ ਹੈ। ਉਸ ਦੇ ਕਾਨੂੰਨ ਮੁਤਾਬਕ ਸਿਰਫ਼ ਪਤੀ-ਪਤਨੀ ਹੀ ਇਕ-ਦੂਜੇ ਨਾਲ ਸਰੀਰਕ ਸੰਬੰਧ ਬਣਾ ਸਕਦੇ ਹਨ। ਸਾਡੇ ਨਾਲ ਪਿਆਰ ਹੋਣ ਕਰਕੇ ਯਹੋਵਾਹ ਨੇ ਸਾਨੂੰ ਕਾਨੂੰਨ ਦਿੱਤੇ ਹਨ। ਉਹ ਜਾਣਦਾ ਹੈ ਕਿ ਉਸ ਦੇ ਕਾਨੂੰਨਾਂ ’ਤੇ ਚੱਲ ਕੇ ਸਾਡੀ ਜ਼ਿੰਦਗੀ ਬਿਹਤਰ ਹੋਵੇਗੀ। ਜੇ ਪਰਿਵਾਰ ਦੇ ਸਾਰੇ ਜੀਅ ਪਰਮੇਸ਼ੁਰ ਦੇ ਕਾਨੂੰਨਾਂ ਦੀ ਪਾਲਣਾ ਕਰਨਗੇ, ਤਾਂ ਉਹ ਇਕ-ਦੂਜੇ ਨਾਲ ਜ਼ਿਆਦਾ ਪਿਆਰ ਤੇ ਇੱਜ਼ਤ ਨਾਲ ਪੇਸ਼ ਆਉਣਗੇ ਅਤੇ ਉਨ੍ਹਾਂ ਦੀ ਖ਼ੁਸ਼ੀ ਵਧੇਗੀ। ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਜ਼ਰਾ ਵੀ ਬਰਦਾਸ਼ਤ ਨਹੀਂ ਕਰੇਗਾ ਜੋ ਜਾਣ-ਬੁੱਝ ਕੇ ਉਸ ਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ।​—ਇਬ. 13:4.

10. ਮਸੀਹੀ ਹਰਾਮਕਾਰੀ ਤੋਂ ਕਿਵੇਂ ਬਚੇ ਰਹਿ ਸਕਦੇ ਹਨ?

10 ਬਾਈਬਲ ਦੱਸਦੀ ਹੈ ਕਿ ਅਸੀਂ ਹਰਾਮਕਾਰੀ ਤੋਂ ਕਿਵੇਂ ਬਚੇ ਰਹਿ ਸਕਦੇ ਹਾਂ। ਧਿਆਨ ਦਿਓ ਕਿ ਤੁਸੀਂ ਕੀ ਦੇਖਦੇ ਹੋ। ਯਿਸੂ ਨੇ ਕਿਹਾ: “ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ, ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ। ਤਾਂ ਫਿਰ, ਜੇ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਵਾ ਰਹੀ ਹੈ, ਤਾਂ ਉਸ ਨੂੰ ਕੱਢ ਕੇ ਆਪਣੇ ਤੋਂ ਦੂਰ ਸੁੱਟ ਦੇ।” (ਮੱਤੀ 5:28, 29) ਇਸ ਲਈ ਗੰਦੀਆਂ ਤਸਵੀਰਾਂ, ਫ਼ਿਲਮਾਂ ਅਤੇ ਸੰਗੀਤ ਤੋਂ ਦੂਰ ਰਹੋ। ਪੌਲੁਸ ਨੇ ਲਿਖਿਆ: ‘ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ ਜਿਨ੍ਹਾਂ ਵਿਚ ਹਰਾਮਕਾਰੀ ਵਰਗੀਆਂ ਲਾਲਸਾਵਾਂ ਪੈਦਾ ਹੁੰਦੀਆਂ ਹਨ।’ (ਕੁਲੁ. 3:5) ਇਸ ਗੱਲ ਦਾ ਵੀ ਧਿਆਨ ਰੱਖੋਂ ਕਿ ਤੁਸੀਂ ਕੀ ਸੋਚਦੇ ਹੋ ਅਤੇ ਕਿਹੜੀਆਂ ਗੱਲਾਂ ਕਰਦੇ ਹੋ।​—ਅਫ਼. 5:3-5.

ਕੀ ਸਾਨੂੰ ਦੁਨੀਆਂ ਵਿਚ ਵੱਡਾ ਨਾਂ ਕਮਾਉਣਾ ਚਾਹੀਦਾ ਹੈ?

11. ਅਸੀਂ ਸ਼ਾਇਦ ਵੱਡਾ ਨਾਂ ਕਿਉਂ ਕਮਾਉਣਾ ਚਾਹੀਏ?

11 “ਵੱਡਾ ਨਾਂ ਕਮਾ ਕੇ ਹੀ ਖ਼ੁਸ਼ੀ ਮਿਲਦੀ ਹੈ।” ਲੋਕ ਸ਼ਾਇਦ ਸਾਨੂੰ ਕਹਿਣ ਕਿ ਦੁਨੀਆਂ ਵਿਚ ਵੱਡਾ ਨਾਂ ਕਮਾਉਣ ਲਈ ਸਾਨੂੰ ਪੂਰੀ ਵਾਹ ਲਾਉਣੀ ਚਾਹੀਦੀ ਹੈ। ਉਹ ਸਾਨੂੰ ਸ਼ਾਇਦ ਉਹ ਨੌਕਰੀ ਕਰਨ ਲਈ ਕਹਿਣ ਜਿਸ ਨਾਲ ਅਸੀਂ ਨਾਂ, ਪੈਸਾ ਅਤੇ ਉੱਚਾ ਰੁਤਬਾ ਹਾਸਲ ਕਰ ਸਕੀਏ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਵੱਡਾ ਨਾਂ ਕਮਾਉਣ ਨਾਲ ਹੀ ਸੱਚੀ ਖ਼ੁਸ਼ੀ ਮਿਲਦੀ ਹੈ। ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਇਹ ਸੋਚ ਸਾਡੇ ਉੱਤੇ ਵੀ ਹਾਵੀ ਹੋ ਸਕਦੀ ਹੈ।

12. ਕੀ ਵੱਡਾ ਨਾਂ ਕਮਾ ਕੇ ਖ਼ੁਸ਼ੀ ਮਿਲ ਸਕਦੀ ਹੈ?

12 ਜੇ ਅਸੀਂ ਵੱਡਾ ਨਾਂ, ਤਾਕਤ ਅਤੇ ਸ਼ੌਹਰਤ ਹਾਸਲ ਕਰ ਵੀ ਲੈਂਦੇ ਹਾਂ, ਤਾਂ ਕੀ ਇਨ੍ਹਾਂ ਚੀਜ਼ਾਂ ਤੋਂ ਸਾਨੂੰ ਸੱਚੀ ਖ਼ੁਸ਼ੀ ਮਿਲ ਸਕਦੀ ਹੈ? ਨਹੀਂ। ਜ਼ਰਾ ਸੋਚੋ, ਸ਼ੈਤਾਨ ਵੀ ਤਾਕਤ ਅਤੇ ਸ਼ੌਹਰਤ ਚਾਹੁੰਦਾ ਸੀ। ਇਕ ਤਰੀਕੇ ਨਾਲ ਉਸ ਨੂੰ ਉਹ ਸਭ ਕੁਝ ਮਿਲ ਵੀ ਗਿਆ। ਪਰ ਅੱਜ ਸ਼ੈਤਾਨ ਖ਼ੁਸ਼ ਨਹੀਂ, ਸਗੋਂ ਗੁੱਸੇ ਦੀ ਅੱਗ ਵਿਚ ਸੜ ਰਿਹਾ ਹੈ। (ਮੱਤੀ 4:8, 9; ਪ੍ਰਕਾ. 12:12) ਸ਼ੈਤਾਨ ਦੇ ਉਲਟ, ਅਸੀਂ ਕਿੰਨੇ ਖ਼ੁਸ਼ ਹੁੰਦੇ ਹਾਂ ਜਦੋਂ ਅਸੀਂ ਲੋਕਾਂ ਨੂੰ ਪਰਮੇਸ਼ੁਰ ਬਾਰੇ ਅਤੇ ਆਉਣ ਵਾਲੇ ਸ਼ਾਨਦਾਰ ਭਵਿੱਖ ਬਾਰੇ ਸਿਖਾਉਂਦੇ ਹਾਂ। ਦੁਨੀਆਂ ਵਿਚ ਵੱਡਾ ਨਾਂ ਕਮਾ ਕੇ ਵੀ ਸਾਨੂੰ ਇੰਨੀ ਖ਼ੁਸ਼ੀ ਨਹੀਂ ਮਿਲਣੀ! ਵੱਡਾ ਨਾਂ ਕਮਾਉਣ ਦੀ ਦੌੜ ਵਿਚ ਲੋਕ ਅਕਸਰ ਮੁਕਾਬਲੇਬਾਜ਼, ਝਗੜਾਲੂ ਅਤੇ ਈਰਖਾਲੂ ਬਣ ਜਾਂਦੇ ਹਨ। ਪਰ ਉਹ ਫਿਰ ਵੀ ਅੰਦਰੋਂ- ਅੰਦਰ ਖਾਲੀਪਣ ਮਹਿਸੂਸ ਕਰਦੇ ਹਨ। ਬਾਈਬਲ ਕਹਿੰਦੀ ਹੈ ਕਿ ਉਨ੍ਹਾਂ ਦੇ ਕੰਮ “ਹਵਾ ਦਾ ਫੱਕਣਾ ਹੈ।”​—ਉਪ. 4:4.

13. (ੳ) ਕੰਮ-ਕਾਜ ਬਾਰੇ ਸਾਡਾ ਕਿਹੋ ਜਿਹਾ ਨਜ਼ਰੀਆ ਹੋਣਾ ਚਾਹੀਦਾ ਹੈ? (ਅ) ਪੌਲੁਸ ਨੂੰ ਕਿਸ ਕੰਮ ਤੋਂ ਸੱਚੀ ਖ਼ੁਸ਼ੀ ਮਿਲੀ?

13 ਹਾਂ, ਇਹ ਸੱਚ ਹੈ ਕਿ ਜ਼ਿੰਦਗੀ ਦਾ ਗੁਜ਼ਾਰਾ ਤੋਰਨ ਲਈ ਸਾਨੂੰ ਕੰਮ ਕਰਨਾ ਪੈਂਦਾ ਹੈ ਅਤੇ ਆਪਣੇ ਪਸੰਦ ਦਾ ਕੰਮ ਕਰਨਾ ਕੋਈ ਗ਼ਲਤ ਗੱਲ ਨਹੀਂ। ਪਰ ਧਿਆਨ ਰੱਖੋ ਕਿ ਕਿਤੇ ਤੁਹਾਡਾ ਕੰਮ ਹੀ ਤੁਹਾਡੇ ਲਈ ਸਭ ਤੋਂ ਅਹਿਮ ਨਾ ਬਣ ਜਾਵੇ। ਯਿਸੂ ਨੇ ਕਿਹਾ: “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ, ਉਹ ਇਕ ਨੂੰ ਪਿਆਰ ਤੇ ਦੂਜੇ ਨੂੰ ਨਫ਼ਰਤ ਕਰੇਗਾ, ਜਾਂ ਉਹ ਇਕ ਦੀ ਦਿਲੋਂ ਸੇਵਾ ਕਰੇਗਾ ਅਤੇ ਦੂਜੇ ਨਾਲ ਘਿਰਣਾ ਕਰੇਗਾ। ਇਸੇ ਤਰ੍ਹਾਂ, ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਵਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।” (ਮੱਤੀ 6:24) ਸਭ ਤੋਂ ਜ਼ਿਆਦਾ ਖ਼ੁਸ਼ੀ ਯਹੋਵਾਹ ਦੀ ਸੇਵਾ ਕਰ ਕੇ ਅਤੇ ਦੂਜਿਆਂ ਨੂੰ ਬਾਈਬਲ ਬਾਰੇ ਸਿਖਾ ਕੇ ਹੀ ਮਿਲਦੀ ਹੈ। ਪੌਲੁਸ ਰਸੂਲ ਨੇ ਆਪਣੀ ਜ਼ਿੰਦਗੀ ਵਿਚ ਇਹ ਗੱਲ ਸੱਚ ਸਾਬਤ ਹੁੰਦੇ ਦੇਖੀ। ਜਵਾਨੀ ਵਿਚ ਉਸ ਦਾ ਸਾਰਾ ਧਿਆਨ ਚੰਗੀ ਨੌਕਰੀ ਹਾਸਲ ਕਰਨ ਵੱਲ ਲੱਗਾ ਹੋਇਆ ਸੀ। ਪਰ ਬਾਅਦ ਵਿਚ ਉਸ ਨੂੰ ਸੱਚੀ ਖ਼ੁਸ਼ੀ ਮਿਲੀ। ਕਿਵੇਂ? ਉਸ ਨੇ ਦੇਖਿਆ ਕਿ ਪਰਮੇਸ਼ੁਰ ਦੇ ਬਚਨ ਨੇ ਉਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕਿਵੇਂ ਬਦਲਿਆ ਜਿਨ੍ਹਾਂ ਨੂੰ ਉਸ ਨੇ ਪ੍ਰਚਾਰ ਕੀਤਾ ਸੀ। (1 ਥੱਸਲੁਨੀਕੀਆਂ 2:13, 19, 20 ਪੜ੍ਹੋ।) ਜਿੰਨੀ ਜ਼ਿਆਦਾ ਖ਼ੁਸ਼ੀ ਸਾਨੂੰ ਯਹੋਵਾਹ ਦੀ ਸੇਵਾ ਕਰ ਕੇ ਅਤੇ ਦੂਜਿਆਂ ਨੂੰ ਉਸ ਬਾਰੇ ਸਿਖਾ ਕੇ ਮਿਲਦੀ ਹੈ, ਉੱਨੀ ਖ਼ੁਸ਼ੀ ਸਾਨੂੰ ਕਿਸੇ ਹੋਰ ਕੰਮ ਜਾਂ ਨੌਕਰੀ ਤੋਂ ਨਹੀਂ ਮਿਲ ਸਕਦੀ!

ਦੂਸਰਿਆਂ ਨੂੰ ਪਰਮੇਸ਼ੁਰ ਬਾਰੇ ਸਿਖਾ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ (ਪੈਰੇ 12, 13 ਦੇਖੋ)

ਕੀ ਇਨਸਾਨ ਦੁਨੀਆਂ ਦੀਆਂ ਮੁਸ਼ਕਲਾਂ ਨੂੰ ਸੁਲਝਾ ਸਕਦੇ ਹਨ?

14. ਲੋਕਾਂ ਨੂੰ ਇਹ ਵਿਚਾਰ ਕਿਉਂ ਚੰਗਾ ਲੱਗਦਾ ਹੈ ਕਿ ਇਨਸਾਨ ਖ਼ੁਦ ਮੁਸ਼ਕਲਾਂ ਨੂੰ ਸੁਲਝਾ ਸਕਦੇ ਹਨ?

14 “ਇਨਸਾਨ ਖ਼ੁਦ ਮੁਸ਼ਕਲਾਂ ਨੂੰ ਸੁਲਝਾ ਸਕਦੇ ਹਨ।” ਬਹੁਤ ਸਾਰੇ ਲੋਕਾਂ ਨੂੰ ਇਹ ਵਿਚਾਰ ਵਧੀਆ ਲੱਗਦਾ ਹੈ। ਪਰ ਜੇ ਇਹ ਗੱਲ ਸੱਚ ਵੀ ਹੈ, ਤਾਂ ਇਸ ਦਾ ਮਤਲਬ ਹੈ ਕਿ ਇਨਸਾਨ ਪਰਮੇਸ਼ੁਰ ਦੀ ਅਗਵਾਈ ਨਹੀਂ ਚਾਹੁੰਦੇ ਅਤੇ ਉਹ ਆਪਣੀ ਹੀ ਮਨ-ਮਰਜ਼ੀ ਕਰਨੀ ਚਾਹੁੰਦੇ ਹਨ। ਲੋਕਾਂ ਨੂੰ ਇਹ ਵਿਚਾਰ ਇਸ ਲਈ ਵੀ ਪਸੰਦ ਹੈ ਕਿਉਂਕਿ ਕੁਝ ਖੋਜਕਾਰ ਕਹਿੰਦੇ ਹਨ ਕਿ ਯੁੱਧ, ਅਪਰਾਧ, ਗ਼ਰੀਬੀ ਅਤੇ ਬੀਮਾਰੀਆਂ ਅੱਗੇ ਨਾਲੋਂ ਘੱਟ ਗਈਆਂ ਹਨ। ਇਕ ਰਿਪੋਰਟ ਮੁਤਾਬਕ: “ਦੁਨੀਆਂ ਦੇ ਹਾਲਾਤ ਇਸ ਲਈ ਸੁਧਰ ਰਹੇ ਹਨ ਕਿਉਂਕਿ ਲੋਕਾਂ ਨੇ ਇਨ੍ਹਾਂ ਨੂੰ ਸੁਧਾਰਨ ਦਾ ਫ਼ੈਸਲਾ ਕੀਤਾ ਹੈ।” ਭਾਵੇਂ ਲੋਕ ਇਹ ਗੱਲਾਂ ਕਹਿੰਦੇ ਹਨ, ਪਰ ਕੀ ਹਾਲਾਤ ਸੱਚ-ਮੁੱਚ ਸੁਧਰ ਗਏ ਹਨ? ਕੀ ਇਨਸਾਨ ਵਾਕਈ ਦੁਨੀਆਂ ਦੀਆਂ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਹੱਲ ਕੱਢ ਸਕੇ ਹਨ? ਜਵਾਬ ਲੈਣ ਲਈ ਚੱਲੋ ਆਓ ਆਪਾਂ ਕੁਝ ਅੰਕੜਿਆਂ ’ਤੇ ਗੌਰ ਕਰੀਏ।

15. ਕਿਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਦੇ ਹਾਲਾਤ ਇਨਸਾਨਾਂ ਦੇ ਵੱਸੋਂ ਬਾਹਰ ਹਨ?

15 ਯੁੱਧ: ਦੋ ਵੱਡੇ ਵਿਸ਼ਵ ਯੁੱਧਾਂ ਵਿਚ 6 ਕਰੋੜ ਤੋਂ ਜ਼ਿਆਦਾ ਜਾਨਾਂ ਗਈਆਂ ਸਨ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵੀ ਲੋਕਾਂ ਨੇ ਸਬਕ ਨਹੀਂ ਸਿੱਖਿਆ। ਯੁੱਧ ਜਾਂ ਅਤਿਆਚਾਰ ਕਰਕੇ ਲੱਖਾਂ ਹੀ ਲੋਕਾਂ ਨੂੰ ਆਪਣੇ ਘਰਾਂ ਤੋਂ ਭੱਜਣਾ ਪਿਆ। 2015 ਤਕ ਇਨ੍ਹਾਂ ਦੀ ਗਿਣਤੀ ਵੱਧ ਕੇ 6 ਕਰੋੜ 50 ਲੱਖ ਤਕ ਪਹੁੰਚ ਗਈ ਸੀ। ਸਿਰਫ਼ ਸਾਲ 2015 ਵਿਚ ਲਗਭਗ 1 ਕਰੋੜ 24 ਲੱਖ ਲੋਕ ਬੇਘਰ ਹੋ ਗਏ। ਅਪਰਾਧ: ਇਹ ਗੱਲ ਸੱਚ ਹੈ ਕਿ ਕਈ ਦੇਸ਼ਾਂ ਵਿਚ ਕੁਝ ਅਪਰਾਧ ਘਟੇ ਹਨ। ਪਰ ਉੱਥੇ ਹੋਰ ਅਪਰਾਧ ਸਿਖਰ ’ਤੇ ਪਹੁੰਚ ਗਏ ਹਨ, ਜਿਵੇਂ ਕਿ ਘਰੇਲੂ ਹਿੰਸਾ, ਆਤੰਕਵਾਦ ਅਤੇ ਇੰਟਰਨੈੱਟ ਰਾਹੀਂ ਗ਼ੈਰ-ਕਾਨੂੰਨੀ ਕੰਮ ਕਰਨੇ। ਨਾਲੇ ਬਹੁਤ ਲੋਕ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਦੁਨੀਆਂ ਭਰ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਇਨਸਾਨ ਅਪਰਾਧ ਨੂੰ ਖ਼ਤਮ ਨਹੀਂ ਕਰ ਸਕਦੇ। ਬੀਮਾਰੀਆਂ: ਕੁਝ ਬੀਮਾਰੀਆਂ ਦੇ ਇਲਾਜ ਹਨ। ਪਰ 2013 ਦੀ ਇਕ ਰਿਪੋਰਟ ਮੁਤਾਬਕ ਹਰ ਸਾਲ 90 ਲੱਖ ਲੋਕ 60 ਸਾਲ ਤੋਂ ਵੀ ਘਟ ਉਮਰ ਵਿਚ ਦੌਰੇ, ਕੈਂਸਰ, ਦਿਲ, ਫੇਫੜਿਆਂ ਅਤੇ ਸ਼ੂਗਰ ਦੀ ਬੀਮਾਰੀ ਕਰਕੇ ਮਰ ਰਹੇ ਹਨ। ਗ਼ਰੀਬੀ: ਜੇ ਅਸੀਂ ਸਿਰਫ਼ ਅਫ਼ਰੀਕਾ ਦੀ ਗੱਲ ਕਰੀਏ, ਤਾਂ ਵਿਸ਼ਵ ਬੈਂਕ ਮੁਤਾਬਕ ਉੱਥੇ ਇੰਨੀ ਗ਼ਰੀਬੀ ਹੈ ਕਿ 1990 ਵਿਚ 28 ਕਰੋੜ ਲੋਕਾਂ ਨੇ ਭੁੱਖ ਦੀ ਮਾਰ ਝੱਲੀ। ਪਰ 2012 ਵਿਚ ਉੱਥੇ 33 ਕਰੋੜ ਲੋਕਾਂ ਨੇ ਅੱਤ ਦੀ ਗ਼ਰੀਬੀ ਝੱਲੀ।

16. (ੳ) ਦੁਨੀਆਂ ਦੀਆਂ ਮੁਸ਼ਕਲਾਂ ਨੂੰ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਕਿਉਂ ਹੱਲ ਕਰ ਸਕਦਾ? (ਅ) ਪਰਮੇਸ਼ੁਰ ਦੇ ਰਾਜ ਬਾਰੇ ਯਸਾਯਾਹ ਅਤੇ ਜ਼ਬੂਰਾਂ ਦੇ ਲਿਖਾਰੀ ਨੇ ਕੀ ਦੱਸਿਆ?

16 ਇਨ੍ਹਾਂ ਅੰਕੜਿਆਂ ਤੋਂ ਸਾਨੂੰ ਹੈਰਾਨੀ ਨਹੀਂ ਹੁੰਦੀ। ਅੱਜ ਵਪਾਰਕ ਅਤੇ ਰਾਜਨੀਤਿਕ ਸੰਗਠਨ ਲਾਲਚੀ ਇਨਸਾਨਾਂ ਦੀ ਮੁੱਠੀ ਵਿਚ ਹਨ। ਇਹ ਲੋਕ ਯੁੱਧ, ਅਪਰਾਧ, ਬੀਮਾਰੀਆਂ ਅਤੇ ਗ਼ਰੀਬੀ ਨੂੰ ਖ਼ਤਮ ਨਹੀਂ ਕਰ ਸਕਦੇ। ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਕਰ ਸਕਦਾ ਹੈ। ਜ਼ਰਾ ਸੋਚੋ ਕਿ ਯਹੋਵਾਹ ਇਨਸਾਨਾਂ ਲਈ ਕੀ ਕਰੇਗਾ। ਉਸ ਦਾ ਰਾਜ ਯੁੱਧ ਦੇ ਸਾਰੇ ਕਾਰਨਾਂ ਨੂੰ ਮਿਟਾ ਦੇਵੇਗਾ, ਜਿਵੇਂ ਕਿ ਸੁਆਰਥ, ਭ੍ਰਿਸ਼ਟਾਚਾਰ, ਦੇਸ਼ ਭਗਤੀ ਦੀ ਭਾਵਨਾ, ਝੂਠੇ ਧਰਮ ਅਤੇ ਸ਼ੈਤਾਨ ਨੂੰ ਵੀ। (ਜ਼ਬੂ. 46:8, 9) ਪਰਮੇਸ਼ੁਰ ਦਾ ਰਾਜ ਅਪਰਾਧ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। ਅੱਜ ਪਰਮੇਸ਼ੁਰ ਦਾ ਰਾਜ ਲੱਖਾਂ ਹੀ ਲੋਕਾਂ ਨੂੰ ਇਕ-ਦੂਜੇ ਨਾਲ ਪਿਆਰ ਕਰਨਾ ਅਤੇ ਇਕ-ਦੂਜੇ ’ਤੇ ਭਰੋਸਾ ਰੱਖਣਾ ਸਿਖਾ ਰਿਹਾ ਹੈ। ਹੋਰ ਕਿਹੜੀ ਸਰਕਾਰ ਹੈ ਜੋ ਇਹ ਸਭ ਕੁਝ ਕਰ ਸਕਦੀ ਹੈ? (ਯਸਾ. 11:9) ਯਹੋਵਾਹ ਜਲਦੀ ਹੀ ਸਾਰੀਆਂ ਬੀਮਾਰੀਆਂ ਦਾ ਇਲਾਜ ਕਰੇਗਾ ਅਤੇ ਸਾਰਿਆਂ ਨੂੰ ਚੰਗੀ ਸਿਹਤ ਬਖ਼ਸ਼ੇਗਾ। (ਯਸਾ. 35:5, 6) ਉਹ ਗ਼ਰੀਬੀ ਦਾ ਅੰਤ ਕਰੇਗਾ, ਸਾਰਿਆਂ ਦੀ ਝੋਲ਼ੀ ਖ਼ੁਸ਼ੀਆਂ ਨਾਲ ਭਰੇਗਾ ਅਤੇ ਸਾਰਿਆਂ ਦਾ ਉਸ ਨਾਲ ਕਰੀਬੀ ਰਿਸ਼ਤਾ ਹੋਵੇਗਾ। ਇਹ ਬਰਕਤਾਂ ਦੁਨੀਆਂ ਦੀ ਸਾਰੀ ਧਨ-ਦੌਲਤ ਨਾਲੋਂ ਕਿਤੇ ਵੱਧ ਕੇ ਹਨ!​—ਜ਼ਬੂ. 72:12, 13.

‘ਤੁਹਾਨੂੰ ਪਤਾ ਰਹੇਗਾ ਕਿ ਕਿਵੇਂ ਜਵਾਬ ਦੇਣਾ ਹੈ’

17. ਅਸੀਂ ਦੁਨਿਆਵੀ ਸੋਚ ਤੋਂ ਕਿਵੇਂ ਬਚ ਸਕਦੇ ਹਾਂ?

17 ਜੇ ਤੁਸੀਂ ਇੱਦਾਂ ਦਾ ਕੋਈ ਦੁਨਿਆਵੀ ਵਿਚਾਰ ਸੁਣਦੇ ਹੋ ਜਿਸ ਨਾਲ ਤੁਹਾਡੀ ਨਿਹਚਾ ਨੂੰ ਖ਼ਤਰਾ ਹੈ, ਤਾਂ ਬਾਈਬਲ ਵਿੱਚੋਂ ਉਸ ਬਾਰੇ ਖੋਜਬੀਨ ਕਰੋ। ਨਾਲੇ ਉਸ ਬਾਰੇ ਕਿਸੇ ਸਮਝਦਾਰ ਭੈਣ ਜਾਂ ਭਰਾ ਨਾਲ ਗੱਲ ਕਰੋ। ਸੋਚੋ, ਲੋਕ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਕਿਉਂ ਮੰਨਦੇ ਹਨ, ਇਹ ਵਿਚਾਰ ਗ਼ਲਤ ਕਿਉਂ ਹਨ ਅਤੇ ਤੁਸੀਂ ਇਨ੍ਹਾਂ ਵਿਚਾਰਾਂ ਤੋਂ ਕਿਵੇਂ ਬਚ ਸਕਦੇ ਹੋ। ਦੁਨਿਆਵੀ ਸੋਚ ਤੋਂ ਬਚਣ ਲਈ ਪੌਲੁਸ ਦੀ ਇਸ ਸਲਾਹ ’ਤੇ ਚੱਲੋ: “ਜਿਹੜੇ ਲੋਕ ਮੰਡਲੀ ਦਾ ਹਿੱਸਾ ਨਹੀਂ ਹਨ, ਉਨ੍ਹਾਂ ਨਾਲ ਪੇਸ਼ ਆਉਂਦੇ ਵੇਲੇ ਸਮਝਦਾਰੀ ਤੋਂ ਕੰਮ ਲਓ . . . ਫਿਰ ਤੁਹਾਨੂੰ ਪਤਾ ਰਹੇਗਾ ਕਿ ਤੁਸੀਂ ਹਰੇਕ ਨੂੰ ਕਿਵੇਂ ਜਵਾਬ ਦੇਣਾ ਹੈ।”​—ਕੁਲੁ. 4:5, 6.

^ ਪੈਰਾ 9 ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਕਿ ਯੂਹੰਨਾ 7:53 ਤੋਂ ਲੈ ਕੇ 8:11 ਤਕ ਦੀਆਂ ਆਇਤਾਂ ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਦਾ ਹਿੱਸਾ ਨਹੀਂ ਹਨ। ਪਰ ਅੱਜ ਇਹ ਆਇਤਾਂ ਬਾਈਬਲ ਦੇ ਕਈ ਤਰਜਮਿਆਂ ਵਿਚ ਹਨ। ਕੁਝ ਲੋਕਾਂ ਨੇ ਇਨ੍ਹਾਂ ਆਇਤਾਂ ਨੂੰ ਪੜ੍ਹ ਕੇ ਇਹ ਗ਼ਲਤ ਸਿੱਟਾ ਕੱਢਿਆ ਹੈ ਕਿ ਜਿਸ ਇਨਸਾਨ ਵਿਚ ਪਾਪ ਨਹੀਂ, ਸਿਰਫ਼ ਉਹ ਹੀ ਕਿਸੇ ’ਤੇ ਹਰਾਮਕਾਰੀ ਕਰਨ ਦਾ ਦੋਸ਼ ਲਾ ਸਕਦਾ ਹੈ। ਪਰ ਇਜ਼ਰਾਈਲ ਨੂੰ ਦਿੱਤੇ ਪਰਮੇਸ਼ੁਰ ਦੇ ਕਾਨੂੰਨ ਵਿਚ ਲਿਖਿਆ ਸੀ: “ਜੇ ਕੋਈ ਮਨੁੱਖ ਕਿਸੇ ਵਿਆਹੀ ਹੋਈ ਤੀਵੀਂ ਨਾਲ ਸੰਗ ਕਰਦਾ ਹੋਇਆ ਪਾਇਆ ਜਾਵੇ ਤਾਂ ਓਹ ਦੋਨੋਂ ਮਾਰ ਸੁੱਟੇ ਜਾਣ।”​—ਬਿਵ. 22:22.