Skip to content

Skip to table of contents

ਨਵੀਂ ਮੰਡਲੀ ਵਿਚ ਕਿਵੇਂ ਘੁਲੀਏ-ਮਿਲੀਏ?

ਨਵੀਂ ਮੰਡਲੀ ਵਿਚ ਕਿਵੇਂ ਘੁਲੀਏ-ਮਿਲੀਏ?

ਐਲਨ * ਨਾਂ ਦਾ ਭਰਾ ਕਹਿੰਦਾ ਹੈ: “ਮੈਂ ਨਵੀਂ ਮੰਡਲੀ ਵਿਚ ਜਾਣ ਤੋਂ ਡਰਦਾ ਸੀ ਕਿਉਂਕਿ ਮੈਨੂੰ ਪਤਾ ਨਹੀਂ ਸੀ ਕਿ ਉੱਥੇ ਮੈਂ ਦੋਸਤ ਬਣਾ ਪਾਵਾਂਗਾ ਕਿ ਨਹੀਂ ਜਾਂ ਕੋਈ ਮੈਨੂੰ ਆਪਣਾ ਦੋਸਤ ਬਣਾਵੇਗਾ।” ਐਲਨ ਦੀ ਨਵੀਂ ਮੰਡਲੀ ਉਸ ਦੇ ਘਰ ਤੋਂ 1,400 ਕਿਲੋਮੀਟਰ ਤੋਂ ਜ਼ਿਆਦਾ (ਲਗਭਗ 900 ਮੀਲ) ਦੂਰ ਹੈ ਅਤੇ ਉਸ ਲਈ ਉੱਥੇ ਘੁਲਣਾ-ਮਿਲਣਾ ਔਖਾ ਹੋ ਰਿਹਾ ਹੈ।

ਜੇ ਤੁਸੀਂ ਕਿਸੇ ਨਵੀਂ ਮੰਡਲੀ ਵਿਚ ਗਏ ਹੋ, ਤਾਂ ਸ਼ਾਇਦ ਤੁਹਾਨੂੰ ਵੀ ਡਰ ਲੱਗ ਰਿਹਾ ਹੋਵੇ। ਸ਼ਾਇਦ ਤੁਸੀਂ ਸੋਚਿਆ ਨਹੀਂ ਸੀ ਕਿ ਨਵੀਂ ਮੰਡਲੀ ਵਿਚ ਘੁਲਣਾ-ਮਿਲਣਾ ਇੰਨਾ ਔਖਾ ਹੋਵੇਗਾ! ਸੋ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ? ਚਾਹੇ ਤੁਸੀਂ ਕਿਸੇ ਨਵੀਂ ਮੰਡਲੀ ਵਿਚ ਨਹੀਂ ਗਏ, ਪਰ ਫਿਰ ਵੀ ਤੁਸੀਂ ਆਪਣੀ ਮੰਡਲੀ ਵਿਚ ਆਏ ਨਵੇਂ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹੋ?

ਕਿਵੇਂ ਘੁਲੀਏ-ਮਿਲੀਏ?

ਇਸ ਮਿਸਾਲ ’ਤੇ ਗੌਰ ਕਰੋ: ਜਦੋਂ ਇਕ ਦਰਖ਼ਤ ਨੂੰ ਪੁੱਟ ਕੇ ਕਿਸੇ ਹੋਰ ਜਗ੍ਹਾ ਲਗਾਇਆ ਜਾਂਦਾ ਹੈ, ਤਾਂ ਉਸ ਦਰਖ਼ਤ ਲਈ ਨਵੀਂ ਮਿੱਟੀ ਵਿਚ ਜੜ੍ਹ ਫੜਨੀ ਔਖੀ ਹੋ ਸਕਦੀ ਹੈ। ਪੁੱਟਣ ਵੇਲੇ ਉਸ ਦੀਆਂ ਕਾਫ਼ੀ ਜੜ੍ਹਾਂ ਮਿੱਟੀ ਵਿਚ ਰਹਿ ਜਾਂਦੀਆਂ ਹਨ। ਇਸ ਤਰ੍ਹਾਂ ਦਰਖ਼ਤ ਨੂੰ ਨਵੀਂ ਜਗ੍ਹਾ ਲੈ ਜਾਣਾ ਸੌਖਾ ਹੋ ਜਾਂਦਾ ਹੈ। ਪਰ ਜਦੋਂ ਉਸ ਨੂੰ ਨਵੀਂ ਮਿੱਟੀ ਵਿਚ ਲਗਾਇਆ ਜਾਂਦਾ ਹੈ, ਤਾਂ ਬਹੁਤ ਜ਼ਰੂਰੀ ਹੈ ਕਿ ਦਰਖ਼ਤ ਨਵੀਆਂ ਜੜ੍ਹਾਂ ਫੜੇ। ਉਸੇ ਤਰ੍ਹਾਂ, ਸ਼ਾਇਦ ਤੁਹਾਡੇ ਲਈ ਨਵੀਂ ਮੰਡਲੀ ਵਿਚ ਜਾਣਾ ਸੌਖਾ ਨਹੀਂ ਸੀ। ਸ਼ਾਇਦ ਤੁਹਾਡੀਆਂ ਵੀ “ਜੜ੍ਹਾਂ” ਪੁਰਾਣੀ ਮੰਡਲੀ ਵਿਚ ਰਹਿ ਗਈਆਂ ਹੋਣ, ਜਿਵੇਂ ਕਿ ਤੁਹਾਡੇ ਕਰੀਬੀ ਦੋਸਤ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਤੁਹਾਡੇ ਕੰਮ। ਪਰ ਹੁਣ ਤੁਹਾਨੂੰ ਨਵੀਂ ਮੰਡਲੀ ਵਿਚ ਵਧਣ-ਫੁੱਲਣ ਲਈ ਨਵੀਆਂ “ਜੜ੍ਹਾਂ” ਫੜਨ ਦੀ ਲੋੜ ਹੈ। ਇੱਦਾਂ ਕਰਨ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ? ਬਾਈਬਲ ਦੇ ਅਸੂਲ। ਆਓ ਆਪਾਂ ਕੁਝ ਅਸੂਲਾਂ ਵੱਲ ਧਿਆਨ ਦੇਈਏ।

ਬਾਕਾਇਦਾ ਬਾਈਬਲ ਪੜ੍ਹਨ ਵਾਲਾ ਵਿਅਕਤੀ “ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।”​ਜ਼ਬੂ. 1:1-3.

ਇਕ ਦਰਖ਼ਤ ਤਾਂ ਹੀ ਹਰਿਆ-ਭਰਿਆ ਰਹਿ ਸਕਦਾ ਹੈ ਜੇ ਉਸ ਨੂੰ ਲਗਾਤਾਰ ਪਾਣੀ ਮਿਲਦਾ ਰਹੇ। ਉਸੇ ਤਰ੍ਹਾਂ ਇਕ ਮਸੀਹੀ ਦਾ ਪਰਮੇਸ਼ੁਰ ਨਾਲ ਰਿਸ਼ਤਾ ਤਾਂ ਹੀ ਮਜ਼ਬੂਤ ਬਣਿਆ ਰਹੇਗਾ ਜੇ ਉਹ ਲਗਾਤਾਰ ਪਰਮੇਸ਼ੁਰ ਦੇ ਬਚਨ ਦਾ ਗਿਆਨ ਲੈਂਦਾ ਰਹੇ। ਇਸ ਲਈ ਰੋਜ਼ ਬਾਈਬਲ ਪੜ੍ਹਦੇ ਰਹੋ ਅਤੇ ਬਿਨਾਂ ਨਾਗਾਂ ਸਭਾਵਾਂ ਵਿਚ ਜਾਂਦੇ ਰਹੋ। ਪਰਿਵਾਰਕ ਸਟੱਡੀ ਅਤੇ ਬਾਈਬਲ ਅਧਿਐਨ ਕਰਨ ਦੀ ਆਪਣੀ ਚੰਗੀ ਆਦਤ ਨਾ ਛੱਡੋ। ਯਹੋਵਾਹ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖਣ ਲਈ ਤੁਹਾਨੂੰ ਨਵੀਂ ਮੰਡਲੀ ਵਿਚ ਉਹ ਸਭ ਕੰਮ ਕਰਨੇ ਚਾਹੀਦੇ ਹਨ ਜੋ ਤੁਸੀਂ ਪੁਰਾਣੀ ਮੰਡਲੀ ਵਿਚ ਕਰਦੇ ਸੀ।

“ਜੋ ਸਿੰਜਦਾ ਹੈ ਉਹ ਆਪ ਵੀ ਸਿੰਜਿਆ ਜਾਵੇਗਾ।”​ਕਹਾ. 11:25.

ਵਧ-ਚੜ੍ਹ ਕੇ ਪ੍ਰਚਾਰ ਕਰਨ ਨਾਲ ਤੁਹਾਨੂੰ ਖ਼ੁਸ਼ੀ ਮਿਲੇਗੀ ਅਤੇ ਤੁਸੀਂ ਨਵੀਂ ਮੰਡਲੀ ਵਿਚ ਜਲਦੀ ਹੀ ਘੁਲ-ਮਿਲ ਜਾਓਗੇ। ਇਕ ਮੰਡਲੀ ਦਾ ਬਜ਼ੁਰਗ ਕੈਵਿਨ ਦੱਸਦਾ ਹੈ: “ਨਵੀਂ ਮੰਡਲੀ ਵਿਚ ਜਾਣ ਤੋਂ ਬਾਅਦ ਜਲਦੀ ਹੀ ਮੈਂ ਤੇ ਮੇਰੀ ਪਤਨੀ ਨੇ ਔਗਜ਼ੀਲਰੀ ਪਾਇਨੀਅਰ ਕਰਨੀ ਸ਼ੁਰੂ ਕੀਤੀ। ਇਸ ਤਰ੍ਹਾਂ ਕਰ ਕੇ ਸਾਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਹੋਇਆ। ਅਸੀਂ ਜਲਦੀ ਹੀ ਭੈਣਾਂ-ਭਰਾਵਾਂ, ਪਾਇਨੀਅਰਾਂ ਅਤੇ ਪ੍ਰਚਾਰ ਦੇ ਇਲਾਕੇ ਤੋਂ ਵਾਕਫ਼ ਹੋ ਗਏ।” ਰੌਜਰ ਆਪਣੇ ਘਰ ਤੋਂ 1,600 ਕਿਲੋਮੀਟਰ ਤੋਂ ਜ਼ਿਆਦਾ (1,000 ਮੀਲ ਤੋਂ ਜ਼ਿਆਦਾ) ਦੂਰ ਕਿਸੇ ਹੋਰ ਮੰਡਲੀ ਵਿਚ ਚਲਾ ਗਿਆ। ਉਹ ਦੱਸਦਾ ਹੈ: “ਨਵੀਂ ਮੰਡਲੀ ਵਿਚ ਘੁਲਣ-ਮਿਲਣ ਦਾ ਸਭ ਤੋਂ ਵਧੀਆ ਤਰੀਕਾ ਵੱਧ ਤੋਂ ਵੱਧ ਪ੍ਰਚਾਰ ਵਿਚ ਹਿੱਸਾ ਲੈਣਾ ਹੈ। ਨਾਲੇ ਨਵੀਂ ਮੰਡਲੀ ਦੇ ਬਜ਼ੁਰਗਾਂ ਨੂੰ ਦੱਸੋ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੋ, ਜਿਵੇਂ ਕਿ ਕਿੰਗਡਮ ਹਾਲ ਦੀ ਸਫ਼ਾਈ ਕਰਨੀ, ਗ਼ੈਰ-ਹਾਜ਼ਰ ਵਿਦਿਆਰਥੀ ਦੀ ਜਗ੍ਹਾ ਭਾਸ਼ਣ ਦੇਣਾ ਜਾਂ ਸਭਾਵਾਂ ਵਿਚ ਕਿਸੇ ਨੂੰ ਆਪਣੀ ਗੱਡੀ ਵਿਚ ਲੈ ਜਾਣਾ। ਜਦੋਂ ਭੈਣ-ਭਰਾ ਤੁਹਾਡੀ ਮਿਹਨਤ ਅਤੇ ਕੁਰਬਾਨੀਆਂ ਦੇਖਣਗੇ, ਤਾਂ ਉਹ ਤੁਹਾਨੂੰ ਆਪਣਾ ਦੋਸਤ ਬਣਾਉਣਾ ਚਾਹੁਣਗੇ।

“ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੋ।”​2 ਕੁਰਿੰ. 6:13.

ਭੈਣਾਂ-ਭਰਾਵਾਂ ਲਈ ਆਪਣੇ ਦਿਲ ਵੱਡੇ ਕਰੋ। ਨਵੀਂ ਮੰਡਲੀ ਵਿਚ ਜਾ ਕੇ ਮਲਿਸਾ ਅਤੇ ਉਸ ਦੇ ਪਰਿਵਾਰ ਨੇ ਨਵੇਂ ਦੋਸਤ ਬਣਾਉਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੀ ਹੈ: “ਸਭਾਵਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਅਸੀਂ ਸਾਰਿਆਂ ਨੂੰ ਮਿਲਦੇ ਸੀ। ਇੱਦਾਂ ਕਰ ਕੇ ਅਸੀਂ ਇਕ-ਦੂਜੇ ਦਾ ਸਿਰਫ਼ ਹਾਲ-ਚਾਲ ਹੀ ਨਹੀਂ ਪੁੱਛਦੇ ਸੀ, ਸਗੋਂ ਸਾਡੇ ਕੋਲ ਖੁੱਲ੍ਹ ਕੇ ਗੱਲਾਂ ਕਰਨ ਦਾ ਮੌਕਾ ਹੁੰਦਾ ਸੀ।” ਇੱਦਾਂ ਕਰ ਕੇ ਉਨ੍ਹਾਂ ਨੂੰ ਭੈਣਾਂ-ਭਰਾਵਾਂ ਦੇ ਨਾਂ ਛੇਤੀ ਯਾਦ ਹੋ ਗਏ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਰਾਹੁਣਚਾਰੀ ਦਿਖਾ ਕੇ ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੋ। ਨਤੀਜੇ ਵਜੋਂ, ਉਨ੍ਹਾਂ ਦੇ ਵਧੀਆ ਦੋਸਤ ਬਣੇ। ਮਲਿਸਾ ਇਹ ਵੀ ਕਹਿੰਦੀ ਹੈ: “ਮੰਡਲੀ ਦੇ ਅਤੇ ਹੋਰ ਕੰਮਾਂ ਵਿਚ ਸ਼ਾਮਲ ਹੋਣ ਲਈ ਅਸੀਂ ਇਕ-ਦੂਜੇ ਦਾ ਮੋਬਾਇਲ ਨੰਬਰ ਵੀ ਲਿਆ।”

ਜੇ ਤੁਹਾਡੇ ਲਈ ਨਵੇਂ ਲੋਕਾਂ ਨਾਲ ਗੱਲ ਕਰਨੀ ਔਖੀ ਹੈ, ਤਾਂ ਆਪਣੀ ਝਿਜਕ ਦੂਰ ਕਰਨ ਲਈ ਛੋਟੇ-ਛੋਟੇ ਕਦਮ ਚੁੱਕੋ। ਮਿਸਾਲ ਲਈ, ਚਾਹੇ ਤੁਹਾਡੇ ਲਈ ਮੁਸਕਰਾਉਣਾ ਔਖਾ ਹੀ ਕਿਉਂ ਨਾ ਹੋਵੇਂ, ਫਿਰ ਵੀ ਮੁਸਕਰਾਓ। ਤੁਹਾਡੀ ਮੁਸਕਾਨ ਦੇਖ ਕੇ ਲੋਕ ਤਹਾਡੇ ਵੱਲ ਖਿੱਚੇ ਆਉਣਗੇ। ਆਖ਼ਰਕਾਰ “ਅੱਖਾਂ ਦਾ ਚਾਨਣ ਦਿਲ ਨੂੰ ਖੁਸ਼ ਕਰਦਾ ਹੈ।” (ਕਹਾ. 15:30) ਰੇਚਲ ਨਾਂ ਦੀ ਭੈਣ ਜੱਦੀ ਜਗ੍ਹਾ ਨੂੰ ਛੱਡ ਕੇ ਦੂਰ ਰਹਿਣ ਚੱਲੀ ਗਈ। ਉਹ ਕਹਿੰਦੀ ਹੈ: “ਮੈਂ ਬਹੁਤ ਸ਼ਰਮਾਕਲ ਹਾਂ। ਕਦੀ-ਕਦੀ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਗੱਲ ਕਰਨ ਲਈ ਮੈਨੂੰ ਆਪਣੇ ਆਪ ਨੂੰ ਧੱਕਾ ਲਾਉਣਾ ਪੈਂਦਾ ਹੈ। ਮੈਂ ਕਿੰਗਡਮ ਹਾਲ ਵਿਚ ਦੇਖਦੀ ਹਾਂ ਕਿ ਕੌਣ ਇਕੱਲਾ ਬੈਠਾ ਹੈ। ਸ਼ਾਇਦ ਉਹ ਵੀ ਮੇਰੇ ਵਾਂਗ ਸ਼ਰਮਾਕਲ ਹੋਵੇ।” ਹਰ ਸਭਾ ਤੋਂ ਪਹਿਲਾਂ ਅਤੇ ਬਾਅਦ ਵਿਚ ਕਿਸੇ ਨਵੇਂ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ।

ਦੂਜੇ ਪਾਸੇ, ਸ਼ਾਇਦ ਤੁਸੀਂ ਸ਼ੁਰੂ-ਸ਼ੁਰੂ ਵਿਚ ਨਵੇਂ ਲੋਕਾਂ ਨੂੰ ਜੋਸ਼ ਨਾਲ ਮਿਲੋ। ਪਰ ਸਮੇਂ ਦੇ ਬੀਤਣ ਨਾਲ ਸ਼ਾਇਦ ਇਹ ਚਾਅ ਲਿਥ ਜਾਵੇ। ਜੇ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਹੈ, ਤਾਂ ਸ਼ਾਇਦ ਤੁਹਾਨੂੰ ਨਵੇਂ ਦੋਸਤ ਬਣਾਉਣ ਲਈ ਦੁਬਾਰਾ ਕੋਸ਼ਿਸ਼ ਕਰਨ ਦੀ ਲੋੜ ਹੈ।

ਦਰਖ਼ਤ ਨੂੰ ਪੁੱਟਣ ਵੇਲੇ ਕਾਫ਼ੀ ਜੜ੍ਹਾਂ ਮਿੱਟੀ ਵਿਚ ਹੀ ਰਹਿ ਜਾਂਦੀਆਂ ਹਨ। ਪਰ ਨਵੀਂ ਮਿੱਟੀ ਵਿਚ ਦਰਖ਼ਤ ਨਵੀਆਂ ਜੜ੍ਹਾਂ ਫੜਦਾ ਹੈ

ਆਪਣੇ ਆਪ ਨੂੰ ਸਮਾਂ ਦਿਓ

ਕੁਝ ਦਰਖ਼ਤ ਨਵੀਂ ਮਿੱਟੀ ਵਿਚ ਛੇਤੀ ਜੜ੍ਹ ਫੜ ਲੈਂਦੇ ਹਨ ਅਤੇ ਕਈਆਂ ਨੂੰ ਸਮਾਂ ਲੱਗਦਾ ਹੈ। ਇਸੇ ਤਰ੍ਹਾਂ ਕੁਝ ਲੋਕ ਨਵੀਂ ਮੰਡਲੀ ਵਿਚ ਛੇਤੀ ਘੁਲ-ਮਿਲ ਜਾਂਦੇ ਹਨ ਅਤੇ ਕਈਆਂ ਨੂੰ ਸਮਾਂ ਲੱਗਦਾ ਹੈ। ਜੇ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਤੁਸੀਂ ਆਪਣੀ ਨਵੀਂ ਮੰਡਲੀ ਵਿਚ ਨਹੀਂ ਘੁਲ-ਮਿਲ ਸਕੇ, ਤਾਂ ਬਾਈਬਲ ਦੇ ਇਨ੍ਹਾਂ ਕੁਝ ਅਸੂਲਾਂ ਨੂੰ ਲਾਗੂ ਕਰ ਕੇ ਤੁਹਾਡੀ ਮਦਦ ਹੋਵੇਗੀ:

“ਆਓ ਆਪਾਂ ਚੰਗੇ ਕੰਮ ਕਰਨੇ ਨਾ ਛੱਡੀਏ ਕਿਉਂਕਿ ਜੇ ਅਸੀਂ ਹਿੰਮਤ ਨਹੀਂ ਹਾਰਾਂਗੇ, ਤਾਂ ਸਮਾਂ ਆਉਣ ਤੇ ਅਸੀਂ ਫ਼ਸਲ ਜ਼ਰੂਰ ਵੱਢਾਂਗੇ।”​ਗਲਾ. 6:9.

ਜੇ ਤੁਹਾਨੂੰ ਘੁਲਣ-ਮਿਲਣ ਵਿਚ ਕਾਫ਼ੀ ਸਮਾਂ ਲੱਗ ਰਿਹਾ ਹੈ ਜਾਂ ਮੁਸ਼ਕਲ ਆ ਰਹੀ ਹੈ, ਤਾਂ ਨਿਰਾਸ਼ ਨਾ ਹੋਵੋ। ਜ਼ਰਾ ਗਿਲਿਅਡ ਦੀ ਸਿਖਲਾਈ ਲੈਣ ਵਾਲੇ ਭੈਣਾਂ-ਭਰਾਵਾਂ ਬਾਰੇ ਸੋਚੋ ਜਿਨ੍ਹਾਂ ਨੂੰ ਕਿਸੇ ਦੂਰ ਦੇਸ਼ ਘੱਲਿਆ ਜਾਂਦਾ ਹੈ। ਉਹ ਕਾਫ਼ੀ ਸਾਲਾਂ ਤਕ ਆਪਣੇ ਪਰਿਵਾਰ ਨੂੰ ਮਿਲਣ ਲਈ ਆਪਣੇ ਦੇਸ਼ ਵਾਪਸ ਨਹੀਂ ਜਾਂਦੇ। ਇਸ ਤਰ੍ਹਾਂ ਕਰ ਕੇ ਉਹ ਨਵੇਂ ਦੇਸ਼ ਦੇ ਭੈਣਾਂ-ਭਰਾਵਾਂ ਦੇ ਨਜ਼ਦੀਕ ਆਉਂਦੇ ਹਨ ਅਤੇ ਉੱਥੇ ਦੇ ਸਭਿਆਚਾਰ ਮੁਤਾਬਕ ਢਲ਼ਣ ਵਿਚ ਉਨ੍ਹਾਂ ਦੀ ਮਦਦ ਹੁੰਦੀ ਹੈ।

ਆਲੇਹਾਂਦਰੋ ਨੇ ਕਾਫ਼ੀ ਮੰਡਲੀਆਂ ਵਿਚ ਸੇਵਾ ਕੀਤੀ ਹੈ। ਉਹ ਜਾਣਦਾ ਹੈ ਕਿ ਸਾਰਿਆਂ ਲਈ ਨਵੀਂ ਜਗ੍ਹਾ ’ਤੇ ਦਿਲ ਲਾਉਣਾ ਸੌਖਾ ਨਹੀਂ ਹੁੰਦਾ। ਉਹ ਦੱਸਦਾ ਹੈ: “ਜਦੋਂ ਅਸੀਂ ਪਿਛਲੀ ਵਾਰ ਨਵੀਂ ਮੰਡਲੀ ਵਿਚ ਗਏ ਸੀ, ਤਾਂ ਮੇਰੀ ਪਤਨੀ ਨੇ ਕਿਹਾ,‘ਮੇਰੇ ਸਾਰੇ ਦੋਸਤ ਮੇਰੀ ਪੁਰਾਣੀ ਮੰਡਲੀ ਵਿਚ ਹੀ ਹਨ।’” ਆਲੇਹਾਂਦਰੋ ਨੇ ਆਪਣੀ ਪਤਨੀ ਨੂੰ ਯਾਦ ਕਰਾਇਆ ਕਿ ਦੋ ਸਾਲ ਪਹਿਲਾਂ ਜਦੋਂ ਉਹ ਨਵੀਂ ਮੰਡਲੀ ਵਿਚ ਗਏ ਸਨ, ਤਾਂ ਉਦੋਂ ਵੀ ਉਸ ਨੇ ਇਹੀ ਗੱਲ ਕਹੀ ਸੀ। ਪਰ ਉਨ੍ਹਾਂ ਦੋ ਸਾਲਾਂ ਦੌਰਾਨ ਉਸ ਦੀ ਪਤਨੀ ਨੇ ਅਜਨਬੀਆਂ ਵਿਚ ਦਿਲਚਸਪੀ ਲਈ ਜਿਸ ਕਰਕੇ ਉਹ ਅੱਜ ਉਸ ਦੇ ਚੰਗੇ ਦੋਸਤ ਹਨ।

“ਇਹ ਨਾ ਆਖ ਜੋ ਪਿੱਛਲੇ ਦਿਨ ਏਹਨਾਂ ਨਾਲੋਂ ਕਿੱਕਰ ਚੰਗੇ ਸਨ? ਕਿਉਂ ਜੋ ਤੂੰ ਬੁੱਧ ਨਾਲ ਇਸ ਦੇ ਵਿਖੇ ਨਹੀਂ ਪੁੱਛਿਆ।”​ਉਪ. 7:10.

ਨਵੀਂ ਮੰਡਲੀ ਦੀ ਤੁਲਨਾ ਆਪਣੀ ਪੁਰਾਣੀ ਮੰਡਲੀ ਨਾਲ ਨਾ ਕਰੋ। ਮਿਸਾਲ ਲਈ, ਸ਼ਾਇਦ ਤੁਹਾਡੀ ਆਦਤ ਤੋਂ ਉਲਟ ਨਵੀਂ ਮੰਡਲੀ ਦੇ ਭੈਣ-ਭਰਾ ਬਹੁਤ ਖੁੱਲ੍ਹ ਕੇ ਗੱਲ ਕਰਦੇ ਹੋਣ ਜਾਂ ਬਹੁਤ ਘੱਟ ਗੱਲ ਕਰਦੇ ਹੋਣ। ਜਿਵੇਂ ਤੁਸੀਂ ਚਾਹੁੰਦੇ ਹੋ, ਉਵੇਂ ਤੁਸੀਂ ਵੀ ਉਨ੍ਹਾਂ ਦੀਆਂ ਚੰਗੀਆਂ ਗੱਲਾਂ ਵੱਲ ਧਿਆਨ ਦਿਓ। ਨਵੀਂ ਮੰਡਲੀ ਵਿਚ ਜਾਣ ਤੋਂ ਬਾਅਦ ਹੀ ਕੁਝ ਭੈਣ-ਭਰਾ ਆਪਣੇ ਆਪ ਤੋਂ ਇਹ ਸਵਾਲ ਪੁੱਛਣ ਲਈ ਮਜਬੂਰ ਹੋਏ, ‘ਕੀ ਮੈਂ ਸੱਚ-ਮੁੱਚ “ਸਾਰੇ ਭਰਾਵਾਂ ਨਾਲ ਪਿਆਰ” ਕਰਦਾ ਹਾਂ?’​—1 ਪਤ. 2:17.

“ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ।”​ਲੂਕਾ 11:9.

ਮਦਦ ਲਈ ਲਗਾਤਾਰ ਪ੍ਰਾਰਥਨਾ ਕਰੋ। ਡੇਵਿਡ ਨਾਂ ਦਾ ਬਜ਼ੁਰਗ ਕਹਿੰਦਾ ਹੈ: “ਆਪਣੇ ਆਪ ਹੀ ਸਭ ਕੁਝ ਨਾ ਸਹੀ ਜਾਓ। ਅਸੀਂ ਬਹੁਤ ਸਾਰੇ ਕੰਮ ਯਹੋਵਾਹ ਦੀ ਮਦਦ ਤੋਂ ਬਿਨਾਂ ਨਹੀਂ ਕਰ ਸਕਦੇ। ਇਸ ਕਰਕੇ ਕਦੀ ਪ੍ਰਾਰਥਨਾ ਕਰਨੀ ਨਾ ਭੁੱਲਿਓ!” ਰੇਚਲ, ਜਿਸ ਬਾਰੇ ਪਹਿਲਾਂ ਵੀ ਗੱਲ ਕੀਤੀ ਸੀ, ਉਹ ਵੀ ਇਸ ਭਰਾ ਵਾਂਗ ਸੋਚਦੀ ਹੈ। ਉਹ ਕਹਿੰਦੀ ਹੈ: “ਜੇ ਮੈਨੂੰ ਤੇ ਮੇਰੇ ਪਤੀ ਨੂੰ ਲੱਗਦਾ ਹੈ ਕਿ ਅਸੀਂ ਮੰਡਲੀ ਤੋਂ ਦੂਰ ਹੋ ਗਏ ਹਾਂ, ਤਾਂ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ। ਅਸੀਂ ਉਸ ਨੂੰ ਖ਼ਾਸ ਕਰਕੇ ਇਹ ਕਹਿੰਦੇ ਹਾਂ ‘ਹੇ ਯਹੋਵਾਹ ਸਾਨੂੰ ਦੱਸ ਕਿ ਸਾਡੀ ਕਿਹੜੀ ਕਮੀ ਕਰਕੇ ਭੈਣ-ਭਰਾ ਸਾਡੇ ਤੋਂ ਦੂਰ-ਦੂਰ ਰਹਿੰਦੇ ਹਨ?’ ਫਿਰ ਅਸੀਂ ਭੈਣਾਂ-ਭਰਾਵਾਂ ਨਾਲ ਹੋਰ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰਦੇ ਹਾਂ।”

ਮਾਪਿਓ, ਜੇ ਤੁਹਾਡੇ ਬੱਚਿਆਂ ਲਈ ਨਵੀਂ ਮੰਡਲੀ ਵਿਚ ਘੁਲਣਾ-ਮਿਲਣਾ ਔਖਾ ਹੋ ਰਿਹਾ ਹੈ, ਤਾਂ ਉਨ੍ਹਾਂ ਨਾਲ ਮਿਲ ਕੇ ਇਸ ਮਾਮਲੇ ਬਾਰੇ ਪ੍ਰਾਰਥਨਾ ਕਰੋ। ਕਿਉਂ ਨਾ ਕੁਝ ਭੈਣਾਂ-ਭਰਾਵਾਂ ਨੂੰ ਆਪਣੇ ਘਰੇ ਬੁਲਾਓ। ਇਸ ਤਰ੍ਹਾਂ ਕਰ ਕੇ ਤੁਹਾਡੇ ਬੱਚਿਆਂ ਲਈ ਦੋਸਤੀ ਕਰਨੀ ਸੌਖੀ ਹੋ ਜਾਵੇਗੀ।

ਨਵੇਂ ਭੈਣਾਂ-ਭਰਾਵਾਂ ਦੀ ਮਦਦ ਕਰੋ

ਤੁਸੀਂ ਮੰਡਲੀ ਵਿਚ ਆਏ ਨਵੇਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹੋ? ਸ਼ੁਰੂ ਤੋਂ ਹੀ ਉਨ੍ਹਾਂ ਵੱਲ ਦੋਸਤੀ ਦਾ ਹੱਥ ਵਧਾਓ। ਆਪਣੇ ਆਪ ਨੂੰ ਉਨ੍ਹਾਂ ਦੀ ਜਗ੍ਹਾ ਰੱਖ ਕੇ ਸੋਚੋ ਕਿ ਜੇ ਤੁਸੀਂ ਮੰਡਲੀ ਵਿਚ ਨਵੇਂ ਹੁੰਦੇ, ਤਾਂ ਤੁਸੀਂ ਦੂਜੇ ਭੈਣਾਂ-ਭਰਾਵਾਂ ਤੋਂ ਕੀ ਉਮੀਦ ਰੱਖਦੇ। ਫਿਰ ਇਸ ਮੁਤਾਬਕ ਨਵੇਂ ਭੈਣਾਂ-ਭਰਾਵਾਂ ਦੀ ਮਦਦ ਕਰੋ। (ਮੱਤੀ 7:12) ਕੀ ਤੁਸੀਂ ਉਨ੍ਹਾਂ ਨੂੰ ਆਪਣੀ ਪਰਿਵਾਰਕ ਸਟੱਡੀ ਜਾਂ JW ਬ੍ਰਾਡਕਾਸਟਿੰਗ ਦੇਖਣ ਲਈ ਆਪਣੇ ਘਰੇ ਸੱਦ ਸਕਦੇ ਹੋ? ਕੀ ਤੁਸੀਂ ਪ੍ਰਚਾਰ ਵਿਚ ਉਨ੍ਹਾਂ ਨੂੰ ਆਪਣੇ ਨਾਲ ਲੈ ਜਾ ਸਕਦੇ ਹੋ? ਜੇ ਤੁਸੀਂ ਉਨ੍ਹਾਂ ਨੂੰ ਸਿਰਫ਼ ਚਾਹ-ਪਾਣੀ ’ਤੇ ਬੁਲਾਉਂਦੇ ਹੋ, ਤਾਂ ਵੀ ਉਹ ਹਮੇਸ਼ਾ ਤੁਹਾਡੀ ਪਰਾਹੁਣਚਾਰੀ ਨੂੰ ਯਾਦ ਰੱਖਣਗੇ। ਤੁਸੀਂ ਹੋਰ ਕਿਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕਰ ਸਕਦੇ ਹੋ?

ਕਾਰਲੋਸ ਨਾਂ ਦਾ ਭਰਾ ਕਹਿੰਦਾ ਹੈ: “ਜਦੋਂ ਅਸੀਂ ਨਵੀਂ ਮੰਡਲੀ ਵਿਚ ਗਏ, ਤਾਂ ਇਕ ਭੈਣ ਨੇ ਸਾਨੂੰ ਕੁਝ ਦੁਕਾਨਾਂ ਦੀ ਸੂਚੀ ਦਿੱਤੀ ਜਿੱਥੇ ਸਸਤਾ ਸਾਮਾਨ ਮਿਲਦਾ ਸੀ। ਇਸ ਨਾਲ ਸਾਡੀ ਬਹੁਤ ਮਦਦ ਹੋਈ।” ਸ਼ਾਇਦ ਕੁਝ ਭੈਣ-ਭਰਾ ਉਨ੍ਹਾਂ ਥਾਵਾਂ ਤੋਂ ਆਉਣ ਜਿੱਥੇ ਦਾ ਮੌਸਮ ਤੁਹਾਡੇ ਇਲਾਕੇ ਨਾਲੋਂ ਬਹੁਤ ਵੱਖਰਾ ਹੈ। ਕਿਉਂ ਨਾ ਤੁਸੀਂ ਆਪਣੇ ਇਲਾਕੇ ਮੁਤਾਬਕ ਗਰਮੀ, ਸਰਦੀ ਅਤੇ ਬਰਸਾਤ ਦੇ ਕੱਪੜਿਆਂ ਬਾਰੇ ਉਨ੍ਹਾਂ ਨੂੰ ਦੱਸੋ। ਨਾਲੇ ਤੁਸੀਂ ਉਨ੍ਹਾਂ ਨੂੰ ਆਲੇ-ਦੁਆਲੇ ਦੇ ਲੋਕਾਂ ਦੇ ਪਿਛੋਕੜ ਅਤੇ ਵਿਸ਼ਵਾਸਾਂ ਤੋਂ ਵੀ ਜਾਣੂ ਕਰਵਾ ਸਕਦੇ ਹੋ ਤਾਂਕਿ ਉਹ ਵਧੀਆ ਤਰੀਕੇ ਨਾਲ ਪ੍ਰਚਾਰ ਕਰ ਸਕਣ।

ਕੋਸ਼ਿਸ਼ਾਂ ਰੰਗ ਲਿਆਉਂਦੀਆਂ ਹਨ

ਐਲਨ, ਜਿਸ ਬਾਰੇ ਸ਼ੁਰੂ ਵਿਚ ਦੱਸਿਆ ਗਿਆ ਸੀ, ਨੂੰ ਆਪਣੀ ਨਵੀਂ ਮੰਡਲੀ ਵਿਚ ਸਾਲ ਤੋਂ ਉੱਪਰ ਹੋ ਗਿਆ ਹੈ। ਉਹ ਯਾਦ ਕਰਦਿਆਂ ਕਹਿੰਦਾ ਹੈ: “ਸ਼ੁਰੂ-ਸ਼ੁਰੂ ਵਿਚ ਭੈਣਾਂ-ਭਰਵਾਂ ਨਾਲ ਗੱਲ ਕਰਨ ਲਈ ਮੈਨੂੰ ਆਪਣੇ ਆਪ ਨੂੰ ਧੱਕਾ ਲਾਉਣਾ ਪੈਂਦਾ ਸੀ। ਪਰ ਹੁਣ ਉਹ ਮੈਨੂੰ ਆਪਣੇ ਹੀ ਲੱਗਦੇ ਹਨ।” ਐਲਨ ਨੂੰ ਅਹਿਸਾਸ ਹੋਇਆ ਕਿ ਨਵੀਂ ਮੰਡਲੀ ਵਿਚ ਜਾ ਕੇ ਉਸ ਨੇ ਆਪਣੇ ਪੁਰਾਣੇ ਦੋਸਤ ਵੀ ਨਹੀਂ ਗੁਆਏ, ਸਗੋਂ ਨਵੇਂ ਦੋਸਤ ਵੀ ਬਣਾਏ ਹਨ ਜੋ ਜ਼ਿੰਦਗੀ ਭਰ ਉਸ ਦੇ ਦੋਸਤ ਰਹਿਣਗੇ।

^ ਪੈਰਾ 2 ਕੁਝ ਨਾਂ ਬਦਲੇ ਗਏ ਹਨ।