ਯਹੋਵਾਹ ਦੀ ਦਇਆ ਅਤੇ ਨਿਆਂ ਦੀ ਰੀਸ ਕਰੋ
“ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਸਚਿਆਈ ਨਾਲ ਨਿਆਉਂ ਕਰੋ ਅਤੇ ਹਰ ਮਨੁੱਖ ਆਪਣੇ ਭਰਾ ਉੱਤੇ ਦਯਾ ਅਤੇ ਰਹਮ ਕਰੇ।”—ਜ਼ਕ. 7:9.
ਗੀਤ: 21, 11
1, 2. (ੳ) ਯਿਸੂ ਲਈ ਪਰਮੇਸ਼ੁਰ ਦਾ ਕਾਨੂੰਨ ਕਿੰਨਾ ਕੁ ਮਾਅਨੇ ਰੱਖਦਾ ਸੀ? (ਅ) ਗ੍ਰੰਥੀ ਅਤੇ ਫ਼ਰੀਸੀ ਕਾਨੂੰਨ ਨੂੰ ਤੋੜ-ਮਰੋੜ ਕੇ ਕਿਵੇਂ ਪੇਸ਼ ਕਰਦੇ ਸਨ?
ਯਿਸੂ ਲਈ ਮੂਸਾ ਦਾ ਕਾਨੂੰਨ ਬਹੁਤ ਅਹਿਮ ਸੀ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਕਿਉਂ? ਕਿਉਂਕਿ ਇਹ ਕਾਨੂੰਨ ਉਸ ਦੇ ਪਿਤਾ ਯਹੋਵਾਹ ਵੱਲੋਂ ਸੀ ਜਿਸ ਨੂੰ ਉਹ ਬਹੁਤ ਪਿਆਰ ਕਰਦਾ ਹੈ। ਜ਼ਬੂਰ 40:8 ਵਿਚ ਯਿਸੂ ਬਾਰੇ ਇਹ ਭਵਿੱਖਬਾਣੀ ਕੀਤੀ ਗਈ ਸੀ: “ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।” ਯਿਸੂ ਨੇ ਆਪਣੀ ਕਹਿਣੀ ਤੇ ਕਰਨੀ ਤੋਂ ਦਿਖਾਇਆ ਕਿ ਮੂਸਾ ਦੇ ਕਾਨੂੰਨ ਵਿਚ ਕੋਈ ਕਮੀ ਨਹੀਂ ਸੀ, ਉਹ ਫ਼ਾਇਦੇ ਲਈ ਸੀ ਅਤੇ ਉਹ ਜ਼ਰੂਰ ਪੂਰਾ ਹੋਣਾ ਸੀ।—ਮੱਤੀ 5:17-19.
2 ਯਿਸੂ ਨੂੰ ਕਿੰਨਾ ਦੁੱਖ ਲੱਗਾ ਹੋਣਾ ਜਦੋਂ ਗ੍ਰੰਥੀ ਅਤੇ ਫ਼ਰੀਸੀ ਉਸ ਦੇ ਪਿਤਾ ਦੇ ਕਾਨੂੰਨ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਸਨ। ਉਨ੍ਹਾਂ ਨੇ ਪਰਮੇਸ਼ੁਰ ਦੇ ਕਾਨੂੰਨ ਨੂੰ ਲੋਕਾਂ ਲਈ ਬੋਝ ਬਣਾ ਦਿੱਤਾ ਸੀ। ਯਿਸੂ ਨੇ ਫ਼ਰੀਸੀਆਂ ਨੂੰ ਕਿਹਾ: “ਤੁਸੀਂ ਪੁਦੀਨੇ, ਕੌੜੀ ਸੌਂਫ ਅਤੇ ਜੀਰੇ ਦਾ ਦਸਵਾਂ ਹਿੱਸਾ ਤਾਂ ਦਿੰਦੇ ਹੋ, ਪਰ ਮੂਸਾ ਦੇ ਕਾਨੂੰਨ ਦੀਆਂ ਜ਼ਿਆਦਾ ਜ਼ਰੂਰੀ ਗੱਲਾਂ, ਜਿਵੇਂ ਕਿ ਨਿਆਂ, ਦਇਆ ਅਤੇ ਵਫ਼ਾਦਾਰੀ ਨੂੰ ਨਜ਼ਰਅੰਦਾਜ਼ ਕਰਦੇ ਹੋ।” (ਮੱਤੀ 23:23) ਫ਼ਰੀਸੀਆਂ ਤੋਂ ਉਲਟ ਯਿਸੂ ਇਸ ਕਾਨੂੰਨ ਪਿੱਛੇ ਦਿੱਤੇ ਅਸੂਲ ਨੂੰ ਸਮਝਦਾ ਸੀ। ਯਿਸੂ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਨਹੀਂ ਸੀ ਸਮਝਦਾ ਅਤੇ ਉਸ ਨੂੰ ਪਤਾ ਸੀ ਕਿ ਇਸ ਕਾਨੂੰਨ ਤੋਂ ਯਹੋਵਾਹ ਦੇ ਗੁਣ ਜ਼ਾਹਰ ਹੁੰਦੇ ਹਨ।
3. ਅਸੀਂ ਇਸ ਲੇਖ ਵਿਚ ਕੀ ਸਿੱਖਾਂਗੇ?
ਰੋਮੀ. 7:6) ਫਿਰ ਯਹੋਵਾਹ ਨੇ ਮੂਸਾ ਦੇ ਕਾਨੂੰਨ ਨੂੰ ਆਪਣੇ ਬਚਨ ਵਿਚ ਦਰਜ ਕਿਉਂ ਕਰਾਇਆ? ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ “ਜ਼ਿਆਦਾ ਜ਼ਰੂਰੀ ਗੱਲਾਂ” ਯਾਨੀ ਕਾਨੂੰਨ ਪਿੱਛੇ ਦਿੱਤੇ ਅਸੂਲਾਂ ਨੂੰ ਸਮਝੀਏ ਤੇ ਉਨ੍ਹਾਂ ਨੂੰ ਲਾਗੂ ਕਰੀਏ। ਮਿਸਾਲ ਲਈ, ਪਨਾਹ ਨਗਰ ਦੇ ਪ੍ਰਬੰਧ ਪਿੱਛੇ ਦਿੱਤੇ ਅਸੂਲ ਤੋਂ ਅਸੀਂ ਕੀ ਸਿੱਖਿਆ ਸੀ? ਪਿਛਲੇ ਲੇਖ ਵਿਚ ਅਸੀਂ ਸਿੱਖਿਆ ਸੀ ਕਿ ਭਗੌੜੇ ਨੂੰ ਆਪਣੀ ਜਾਣ ਬਚਾਉਣ ਲਈ ਕੀ ਕਰਨਾ ਪੈਂਦਾ ਸੀ। ਇਸ ਲੇਖ ਵਿਚ ਦੇਖਾਂਗੇ ਕਿ ਅਸੀਂ ਪਨਾਹ ਨਗਰਾਂ ਤੋਂ ਯਹੋਵਾਹ ਬਾਰੇ ਕੀ ਸਿੱਖ ਸਕਦੇ ਹਾਂ ਅਤੇ ਅਸੀਂ ਉਸ ਦੇ ਗੁਣਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ। ਅਸੀਂ ਤਿੰਨ ਸਵਾਲਾਂ ’ਤੇ ਗੌਰ ਕਰਾਂਗੇ: ਪਨਾਹ ਨਗਰ ਦੇ ਪ੍ਰਬੰਧ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਦਇਆਵਾਨ ਹੈ? ਇਸ ਪ੍ਰਬੰਧ ਤੋਂ ਸਾਨੂੰ ਜ਼ਿੰਦਗੀ ਪ੍ਰਤੀ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਕੀ ਪਤਾ ਲੱਗਦਾ ਹੈ? ਨਾਲੇ ਇਸ ਪ੍ਰਬੰਧ ਤੋਂ ਯਹੋਵਾਹ ਦੇ ਨਿਆਂ ਬਾਰੇ ਕੀ ਪਤਾ ਲੱਗਦਾ ਹੈ? ਇਨ੍ਹਾਂ ਬਾਰੇ ਸਿੱਖਦਿਆਂ ਸੋਚੋ ਕਿ ਤੁਸੀਂ ਆਪਣੇ ਸਵਰਗੀ ਪਿਤਾ ਦੀ ਰੀਸ ਕਿਵੇਂ ਕਰ ਸਕਦੇ ਹੋ।—ਅਫ਼ਸੀਆਂ 5:1 ਪੜ੍ਹੋ।
3 ਅੱਜ ਮਸੀਹੀ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹਨ। (ਪਨਾਹ ਨਗਰਾਂ ਤੋਂ ਯਹੋਵਾਹ ਦੀ ਦਇਆ ਦਾ ਸਬੂਤ
4, 5. (ੳ) ਭਗੌੜੇ ਲਈ ਪਨਾਹ ਨਗਰ ਤਕ ਪਹੁੰਚਣਾ ਸੌਖਾ ਕਿਉਂ ਸੀ? (ਅ) ਭਗੌੜੇ ਦੀ ਜਾਨ ਬਚਾਉਣ ਦੇ ਪ੍ਰਬੰਧ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?
4 ਛੇ ਪਨਾਹ ਨਗਰਾਂ ਤਕ ਸੌਖਿਆਂ ਹੀ ਪਹੁੰਚਿਆ ਜਾ ਸਕਦਾ ਸੀ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਯਰਦਨ ਦਰਿਆ ਦੇ ਦੋਨੋਂ ਪਾਸੇ ਤਿੰਨ-ਤਿੰਨ ਪਨਾਹ ਨਗਰ ਠਹਿਰਾਉਣ ਦਾ ਹੁਕਮ ਦਿੱਤਾ ਸੀ। ਕਿਉਂ? ਤਾਂਕਿ ਭਗੌੜਾ ਜਲਦੀ ਅਤੇ ਸੌਖਿਆਂ ਹੀ ਕਿਸੇ ਵੀ ਪਨਾਹ ਨਗਰ ਤਕ ਪਹੁੰਚ ਸਕੇ। (ਗਿਣ. 35:11-14) ਪਨਾਹ ਨਗਰ ਤਕ ਪਹੁੰਚਣ ਦੇ ਰਾਹਾਂ ਨੂੰ ਚੰਗੀ ਹਾਲਤ ਵਿਚ ਰੱਖਿਆ ਜਾਂਦਾ ਸੀ। (ਬਿਵ. 19:3) ਯਹੂਦੀਆਂ ਮੁਤਾਬਕ ਪਨਾਹ ਨਗਰਾਂ ਨੂੰ ਜਾਣ ਵਾਲੇ ਰਾਹਾਂ ’ਤੇ ਨਿਸ਼ਾਨ ਵੀ ਲਾਏ ਜਾਂਦੇ ਸਨ ਤਾਂਕਿ ਭਗੌੜੇ ਲਈ ਪਨਾਹ ਨਗਰ ਤਕ ਪਹੁੰਚਣਾ ਸੌਖਾ ਹੋਵੇ। ਪਨਾਹ ਨਗਰ ਹੋਣ ਕਰਕੇ ਜੇ ਕਿਸੇ ਕੋਲੋਂ ਅਣਜਾਣੇ ਵਿਚ ਖ਼ੂਨ ਹੋ ਜਾਂਦਾ ਸੀ, ਤਾਂ ਉਸ ਨੂੰ ਦੂਸਰੇ ਦੇਸ਼ ਭੱਜਣ ਦੀ ਲੋੜ ਨਹੀਂ ਸੀ ਪੈਂਦੀ, ਜਿੱਥੇ ਝੂਠੀ ਭਗਤੀ ਵਿਚ ਫਸਣ ਦਾ ਖ਼ਤਰਾ ਹੁੰਦਾ ਸੀ।
5 ਜ਼ਰਾ ਸੋਚੋ: ਯਹੋਵਾਹ ਦੇ ਕਾਨੂੰਨ ਮੁਤਾਬਕ ਖ਼ੂਨੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ। ਪਰ ਅਣਜਾਣੇ ਵਿਚ ਕਿਸੇ ਦਾ ਖ਼ੂਨ ਕਰਨ ਵਾਲੇ ਨੂੰ ਦਇਆ ਦਿਖਾਉਣ ਅਤੇ ਪਨਾਹ ਦੇਣ ਦਾ ਵੀ ਹੁਕਮ ਦਿੱਤਾ ਗਿਆ ਸੀ। ਬਾਈਬਲ ਦੇ ਇਕ ਵਿਦਵਾਨ ਮੁਤਾਬਕ: “ਜੋ ਵੀ ਪ੍ਰਬੰਧ ਕੀਤੇ ਗਏ ਸਨ ਬਹੁਤ ਵਧੀਆ ਸਨ। ਹਰੇਕ ਇਸ ਪ੍ਰਬੰਧ ਤੋਂ ਵਾਕਫ਼ ਸੀ ਅਤੇ ਲੋੜ ਪੈਣ ਤੇ ਇਸ ਤੋਂ ਫ਼ਾਇਦਾ ਲੈ ਸਕਦਾ ਸੀ।” ਯਹੋਵਾਹ ਜ਼ਾਲਮ ਨਿਆਂਕਾਰ ਨਹੀਂ ਹੈ ਜੋ ਸਿਰਫ਼ ਆਪਣੇ ਸੇਵਕਾਂ ਨੂੰ ਸਜ਼ਾ ਦਿੰਦਾ ਹੈ। ਇਸ ਦੀ ਬਜਾਇ, ਉਹ “ਦਇਆ ਦਾ ਸਾਗਰ ਹੈ।”—ਅਫ਼. 2:4.
6. ਕੀ ਫ਼ਰੀਸੀ ਯਹੋਵਾਹ ਦੀ ਦਇਆ ਦੀ ਰੀਸ ਕਰਦੇ ਸਨ? ਸਮਝਾਓ।
6 ਪਰ ਫ਼ਰੀਸੀ ਦੂਜਿਆਂ ਨੂੰ ਜ਼ਰਾ ਵੀ ਦਇਆ ਨਹੀਂ ਸੀ ਦਿਖਾਉਂਦੇ। ਮਿਸਾਲ ਲਈ, ਯਹੂਦੀਆਂ ਮੁਤਾਬਕ ਫ਼ਰੀਸੀ ਕਿਸੇ ਦੀ ਗ਼ਲਤੀ ਤਿੰਨ ਤੋਂ ਜ਼ਿਆਦਾ ਵਾਰ ਮਾਫ਼ ਨਹੀਂ ਸੀ ਕਰਦੇ। ਇਸ ਗ਼ਲਤ ਸੋਚ ਨੂੰ ਜ਼ਾਹਰ ਕਰਨ ਲਈ ਯਿਸੂ ਨੇ ਇਕ ਫ਼ਰੀਸੀ ਦੀ ਮਿਸਾਲ ਦਿੱਤੀ। ਉਹ ਫ਼ਰੀਸੀ ਟੈਕਸ ਵਸੂਲਣ ਵਾਲੇ ਆਦਮੀ ਦੇ ਨੇੜੇ ਖੜ੍ਹਾ ਪ੍ਰਾਰਥਨਾ ਕਰ ਰਿਹਾ ਹੈ। ਫ਼ਰੀਸੀ ਨੇ ਕਿਹਾ: “ਰੱਬਾ, ਸ਼ੁਕਰ ਹੈ ਤੇਰਾ ਕਿ ਮੈਂ ਬਾਕੀ ਲੋਕਾਂ ਵਰਗਾ ਨਹੀਂ ਹਾਂ ਜਿਹੜੇ ਲੁਟੇਰੇ, ਕੁਧਰਮੀ ਤੇ ਹਰਾਮਕਾਰ ਹਨ, ਨਾ ਹੀ ਮੈਂ ਇਸ ਟੈਕਸ ਵਸੂਲਣ ਵਾਲੇ ਵਰਗਾ ਹਾਂ।” ਫ਼ਰੀਸੀ ਦੂਜਿਆਂ ਲੂਕਾ 18:9-14.
ਨੂੰ ਦਇਆ ਕਿਉਂ ਨਹੀਂ ਦਿਖਾਉਂਦੇ ਸਨ? ਕਿਉਂਕਿ ਬਾਈਬਲ ਕਹਿੰਦੀ ਹੈ ਕਿ ਉਹ “ਦੂਜਿਆਂ ਨੂੰ ਤੁੱਛ ਸਮਝਦੇ ਸਨ।”—7, 8. (ੳ) ਅਸੀਂ ਯਹੋਵਾਹ ਦੀ ਦਇਆ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਅ) ਦੂਜਿਆਂ ਨੂੰ ਮਾਫ਼ ਕਰਨ ਲਈ ਨਿਮਰ ਬਣਨਾ ਕਿਉਂ ਜ਼ਰੂਰੀ ਹੈ?
7 ਫ਼ਰੀਸੀਆਂ ਦੀ ਨਹੀਂ, ਸਗੋਂ ਯਹੋਵਾਹ ਦੀ ਰੀਸ ਕਰੋ। ਦੂਜਿਆਂ ਨਾਲ ਦਇਆ ਤੇ ਹਮਦਰਦੀ ਨਾਲ ਪੇਸ਼ ਆਓ। (ਕੁਲੁੱਸੀਆਂ 3:13 ਪੜ੍ਹੋ।) ਆਪਣੇ ਆਪ ਨੂੰ ਬਦਲੋ ਤਾਂਕਿ ਲੋਕ ਸੌਖਿਆਂ ਹੀ ਤੁਹਾਡੇ ਕੋਲ ਆ ਕੇ ਮਾਫ਼ੀ ਮੰਗ ਸਕਣ। (ਲੂਕਾ 17:3, 4) ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਸੌਖਿਆਂ ਹੀ ਦੂਜਿਆਂ ਨੂੰ ਮਾਫ਼ ਕਰਦਾ ਹਾਂ, ਚਾਹੇ ਉਹ ਮੈਨੂੰ ਵਾਰ-ਵਾਰ ਨਾਰਾਜ਼ ਕਰਨ? ਕੀ ਮੈਂ ਉਸ ਵਿਅਕਤੀ ਨਾਲ ਜਲਦੀ ਹੀ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਜਿਸ ਨੇ ਮੈਨੂੰ ਨਾਰਾਜ਼ ਕੀਤਾ ਜਾਂ ਮੇਰਾ ਦਿਲ ਦੁਖਾਇਆ ਹੈ?’
8 ਦੂਜਿਆਂ ਨੂੰ ਮਾਫ਼ ਕਰਨ ਲਈ ਨਿਮਰ ਬਣਨਾ ਜ਼ਰੂਰੀ ਹੈ। ਫ਼ਰੀਸੀ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਸਮਝਦੇ ਸਨ, ਇਸ ਲਈ ਉਹ ਦੂਜਿਆਂ ਨੂੰ ਮਾਫ਼ ਨਹੀਂ ਸੀ ਕਰਦੇ। ਪਰ ਨਿਮਰ ਮਸੀਹੀ ‘ਦੂਸਰਿਆਂ ਨੂੰ ਆਪਣੇ ਨਾਲੋਂ ਚੰਗਾ’ ਸਮਝਦੇ ਹਨ ਅਤੇ ਦਿਲੋਂ ਮਾਫ਼ ਕਰਦੇ ਹਨ। (ਫ਼ਿਲਿ. 2:3) ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਂ ਯਹੋਵਾਹ ਦੀ ਰੀਸ ਕਰਦਿਆਂ ਦੂਜਿਆਂ ਨਾਲ ਨਿਮਰਤਾ ਨਾਲ ਪੇਸ਼ ਆਉਂਦਾ ਹਾਂ?’ ਜੇ ਅਸੀਂ ਨਿਮਰ ਹਾਂ, ਤਾਂ ਦੂਜਿਆਂ ਲਈ ਸਾਡੇ ਤੋਂ ਮਾਫ਼ੀ ਮੰਗਣੀ ਸੌਖੀ ਹੋਵੇਗੀ ਅਤੇ ਸਾਡੇ ਲਈ ਦੂਜਿਆਂ ਨੂੰ ਮਾਫ਼ ਕਰਨਾ ਸੌਖਾ ਹੋਵੇਗਾ। ਨਾਰਾਜ਼ ਹੋਣ ਵਿਚ ਨਹੀਂ, ਸਗੋਂ ਦਇਆ ਦਿਖਾਉਣ ਵਿਚ ਕਾਹਲੀ ਕਰੋ।—ਉਪ. 7:8, 9.
ਜ਼ਿੰਦਗੀ ਦੀ ਕਦਰ ਕਰ ਕੇ “ਖ਼ੂਨ” ਦੇ ਦੋਸ਼ ਤੋਂ ਬਚੋ
9. ਯਹੋਵਾਹ ਨੇ ਇਜ਼ਰਾਈਲੀਆਂ ਨੂੰ ਜ਼ਿੰਦਗੀ ਦੀ ਪਵਿੱਤਰਤਾ ਬਾਰੇ ਕਿਵੇਂ ਸਿਖਾਇਆ?
9 ਪਨਾਹ ਨਗਰ ਦੇ ਪ੍ਰਬੰਧ ਦਾ ਇਕ ਮੁੱਖ ਕਾਰਨ ਇਹ ਸੀ ਕਿ ਜੇ ਕਿਸੇ ਇਜ਼ਰਾਈਲੀ ਕੋਲੋਂ ਕਿਸੇ ਬੇਦੋਸ਼ੇ ਦਾ ਖ਼ੂਨ ਹੋ ਜਾਂਦਾ ਸੀ, ਤਾਂ ਉਹ ਖ਼ੂਨ ਦੇ ਦੋਸ਼ ਤੋਂ ਬਚ ਸਕਦਾ ਸੀ। (ਬਿਵ. 19:10) ਯਹੋਵਾਹ ਜ਼ਿੰਦਗੀ ਨਾਲ ਪਿਆਰ ਕਰਦਾ ਹੈ, ਪਰ ਖ਼ੂਨੀਆਂ ਤੋਂ ਨਫ਼ਰਤ ਕਰਦਾ ਹੈ। (ਕਹਾ. 6:16, 17) ਪਰਮੇਸ਼ੁਰ ਧਰਮੀ ਅਤੇ ਨਿਆਂ ਕਰਨ ਵਾਲਾ ਹੈ, ਇਸ ਲਈ ਉਹ ਅਣਜਾਣੇ ਵਿਚ ਹੋਏ ਖ਼ੂਨ ਨੂੰ ਐਵੇਂ ਨਹੀਂ ਸਮਝਦਾ। ਇਹ ਗੱਲ ਸੱਚ ਹੈ ਕਿ ਉਸ ਵਿਅਕਤੀ ਨੂੰ ਦਇਆ ਦਿਖਾਈ ਜਾ ਸਕਦੀ ਸੀ, ਪਰ ਪਹਿਲਾਂ ਉਸ ਨੂੰ ਆਪਣੀ ਸਾਰੀ ਗੱਲ ਬਜ਼ੁਰਗਾਂ ਨੂੰ ਦੱਸਣੀ ਪੈਂਦੀ ਸੀ। ਜੇ ਬਜ਼ੁਰਗ ਫ਼ੈਸਲਾ ਕਰਦੇ ਸਨ ਕਿ ਖ਼ੂਨ ਅਣਜਾਣੇ ਵਿਚ ਹੋਇਆ ਸੀ, ਤਾਂ ਉਸ ਨੂੰ ਮਹਾਂ ਪੁਜਾਰੀ ਦੀ ਮੌਤ ਤਕ ਪਨਾਹ ਨਗਰ ਵਿਚ ਰਹਿਣਾ ਪੈਂਦਾ ਸੀ। ਇਸ ਦਾ ਇਹ ਮਤਲਬ ਸੀ ਕਿ ਉਸ ਨੂੰ ਸ਼ਾਇਦ ਉਮਰ ਭਰ ਪਨਾਹ ਨਗਰ ਵਿਚ ਰਹਿਣਾ ਪੈਣਾ ਸੀ। ਇਸ ਪ੍ਰਬੰਧ ਰਾਹੀਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਜ਼ਿੰਦਗੀ ਦੀ ਪਵਿੱਤਰਤਾ ਦੀ ਅਹਿਮੀਅਤ ਸਮਝਾਈ। ਜੀਵਨਦਾਤੇ ਦਾ ਆਦਰ ਕਰਨ ਲਈ ਉਨ੍ਹਾਂ ਨੂੰ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਸੀ ਜਿਸ ਨਾਲ ਕਿਸੇ ਦੀ ਜਾਨ ਖ਼ਤਰੇ ਵਿਚ ਪੈ ਜਾਵੇ।
10. ਯਿਸੂ ਨੇ ਕਿਵੇਂ ਦਿਖਾਇਆ ਕਿ ਗ੍ਰੰਥੀਆਂ ਤੇ ਫ਼ਰੀਸੀਆਂ ਨੂੰ ਲੋਕਾਂ ਦੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਸੀ?
10 ਯਹੋਵਾਹ ਤੋਂ ਉਲਟ, ਗ੍ਰੰਥੀਆਂ ਤੇ ਫ਼ਰੀਸੀਆਂ ਨੂੰ ਦੂਜਿਆਂ ਦੀ ਜ਼ਿੰਦਗੀ ਦੀ ਕੋਈ ਕਦਰ ਨਹੀਂ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਪਰਮੇਸ਼ੁਰ ਦੇ ਗਿਆਨ ਦੇ ਦਰਵਾਜ਼ੇ ਦੀ ਚਾਬੀ ਦੱਬੀ ਬੈਠੇ ਹੋ; ਤੁਸੀਂ ਆਪ ਤਾਂ ਅੰਦਰ ਗਏ ਨਹੀਂ, ਸਗੋਂ ਤੁਸੀਂ ਉਨ੍ਹਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜਿਹੜੇ ਅੰਦਰ ਜਾ ਰਹੇ ਸਨ!” (ਲੂਕਾ 11:52) ਯਿਸੂ ਦੇ ਕਹਿਣ ਦਾ ਕੀ ਮਤਲਬ ਸੀ? ਗ੍ਰੰਥੀਆਂ ਤੇ ਫ਼ਰੀਸੀਆਂ ਦਾ ਫ਼ਰਜ਼ ਬਣਦਾ ਸੀ ਕਿ ਉਹ ਲੋਕਾਂ ਨੂੰ ਪਰਮੇਸ਼ੁਰ ਦਾ ਬਚਨ ਸਮਝਾਉਣ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ’ਤੇ ਪਾਉਣ। ਪਰ ਉਹ ਲੋਕਾਂ ਨੂੰ ਯਿਸੂ ਦੇ ਮਗਰ-ਮਗਰ ਚੱਲਣ ਤੋਂ ਰੋਕਦੇ ਸਨ ਜਿਸ ਨੂੰ “ਇਨਸਾਨਾਂ ਨੂੰ ਜੀਵਨ ਦੇਣ ਲਈ ਨਿਯੁਕਤ ਕੀਤਾ ਗਿਆ ਹੈ।” (ਰਸੂ. 3:15) ਇੱਦਾਂ ਕਰ ਕੇ ਉਹ ਲੋਕਾਂ ਨੂੰ ਨਾਸ਼ ਵੱਲ ਲੈ ਜਾ ਰਹੇ ਸਨ। ਗ੍ਰੰਥੀ ਅਤੇ ਫ਼ਰੀਸੀ ਘਮੰਡੀ ਤੇ ਮਤਲਬੀ ਸਨ ਅਤੇ ਉਨ੍ਹਾਂ ਨੂੰ ਲੋਕਾਂ ਦੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਸੀ। ਕਿੰਨੇ ਹੀ ਬੇਰਹਿਮ ਤੇ ਪੱਥਰ ਦਿਲ!
11. (ੳ) ਪੌਲੁਸ ਰਸੂਲ ਨੇ ਕਿਵੇਂ ਦਿਖਾਇਆ ਕਿ ਉਹ ਜ਼ਿੰਦਗੀ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਦਾ ਸੀ? (ਅ) ਅਸੀਂ ਪ੍ਰਚਾਰ ਵਿਚ ਪੌਲੁਸ ਵਰਗਾ ਜੋਸ਼ ਕਿਵੇਂ ਦਿਖਾ ਸਕਦੇ ਹਾਂ?
11 ਜੇ ਅਸੀਂ ਯਹੋਵਾਹ ਦੀ ਰੀਸ ਕਰਨੀ ਚਾਹੁੰਦੇ ਹਾਂ ਅਤੇ ਗ੍ਰੰਥੀਆਂ ਤੇ ਫ਼ਰੀਸੀਆਂ ਵਾਂਗ ਨਹੀਂ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਕਿਹੜੀ ਗੱਲ ਸਮਝਣੀ ਚਾਹੀਦੀ ਹੈ? ਸਾਨੂੰ ਜ਼ਿੰਦਗੀ ਦੀ ਪਵਿੱਤਰਤਾ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ। ਪੌਲੁਸ ਰਸੂਲ ਨੇ ਵੱਧ ਤੋਂ ਵੱਧ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੇ ਕੇ ਦਿਖਾਇਆ ਕਿ ਉਹ ਜ਼ਿੰਦਗੀ ਦੀ ਕਦਰ ਕਰਦਾ ਸੀ। ਇਸ ਕਰਕੇ ਉਹ ਕਹਿ ਸਕਿਆ: “ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ।” (ਰਸੂਲਾਂ ਦੇ ਕੰਮ 20:26, 27 ਪੜ੍ਹੋ।) ਉਹ ਫ਼ਰਜ਼ ਸਮਝ ਕੇ ਜਾਂ ਦੋਸ਼ ਦੀਆਂ ਭਾਵਨਾਵਾਂ ਤੋਂ ਬਚਣ ਲਈ ਪ੍ਰਚਾਰ ਨਹੀਂ ਸੀ ਕਰਦਾ, ਸਗੋਂ ਪਿਆਰ ਹੋਣ ਕਰਕੇ ਉਹ ਲੋਕਾਂ ਦੀਆਂ ਜਾਨਾਂ ਨੂੰ ਕੀਮਤੀ ਸਮਝਦਾ ਸੀ। (1 ਕੁਰਿੰ. 9:19-23) ਸਾਨੂੰ ਵੀ ਜ਼ਿੰਦਗੀ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ ਸਾਰੇ ਤੋਬਾ ਕਰ ਕੇ ਜ਼ਿੰਦਗੀ ਹਾਸਲ ਕਰਨ। (2 ਪਤ. 3:9) ਯਹੋਵਾਹ ਦੀ ਰੀਸ ਕਰਦਿਆਂ ਸਾਨੂੰ ਲੋਕਾਂ ਨੂੰ ਪਿਆਰ ਕਰਨਾ ਚਾਹੀਦਾ ਹੈ। ਦਇਆ ਹੋਣ ਕਰਕੇ ਅਸੀਂ ਜੋਸ਼ ਨਾਲ ਪ੍ਰਚਾਰ ਕਰਾਂਗੇ ਜਿਸ ਤੋਂ ਸਾਨੂੰ ਖ਼ੁਸ਼ੀ ਮਿਲੇਗੀ।
12. ਯਹੋਵਾਹ ਦੇ ਲੋਕ ਸੁਰੱਖਿਆ ਨੂੰ ਇੰਨੀ ਅਹਿਮੀਅਤ ਕਿਉਂ ਦਿੰਦੇ ਹਨ?
12 ਜ਼ਿੰਦਗੀ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਅਤੇ ਦੂਸਰਿਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖੀਏ। ਸਾਨੂੰ ਪੂਰੀ ਸਾਵਧਾਨੀ ਨਾਲ ਗੱਡੀ ਚਲਾਉਣੀ ਚਾਹੀਦੀ ਹੈ ਅਤੇ ਕੰਮ ਕਰਨੇ ਚਾਹੀਦੇ ਹਨ। ਚਾਹੇ ਅਸੀਂ ਸਭਾਵਾਂ ਨੂੰ ਜਾ ਰਹੇ ਹੁੰਦੇ ਹਾਂ, ਕਿੰਗਡਮ ਹਾਲ ਦੀ ਉਸਾਰੀ ਜਾਂ ਮੁਰੰਮਤ ਕਰ ਰਹੇ ਹੁੰਦੇ ਹਾਂ, ਸਾਨੂੰ ਹਮੇਸ਼ਾ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ। ਸਾਡੇ ਲਈ ਪੈਸੇ ਅਤੇ ਸਮੇਂ ਨਾਲੋਂ ਲੋਕ, ਉਨ੍ਹਾਂ ਦੀ ਸੁਰੱਖਿਆ ਅਤੇ ਸਿਹਤ ਜ਼ਿਆਦਾ ਮਾਅਨੇ ਰੱਖਦੇ ਹਨ। ਸਾਡਾ ਪਰਮੇਸ਼ੁਰ ਹਮੇਸ਼ਾ ਸਹੀ ਕੰਮ ਕਰਦਾ ਹੈ ਅਤੇ ਅਸੀਂ ਉਸ ਦੀ ਰੀਸ ਕਰਨੀ ਚਾਹੁੰਦੇ ਹਾਂ। ਮੰਡਲੀ ਦੇ ਬਜ਼ੁਰਗਾਂ ਨੂੰ ਕੰਮ ਕਰਦਿਆਂ ਆਪਣੀ ਅਤੇ ਦੂਸਰਿਆਂ ਦੀ ਜਾਨ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। (ਕਹਾ. 22:3) ਜੇਕਰ ਬਜ਼ੁਰਗ ਤੁਹਾਨੂੰ ਸੁਰੱਖਿਆ ਸੰਬੰਧੀ ਹਿਦਾਇਤਾਂ ਯਾਦ ਕਰਾਉਂਦੇ ਹਨ, ਤਾਂ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੋ। (ਗਲਾ. 6:1) ਜ਼ਿੰਦਗੀ ਪ੍ਰਤੀ ਯਹੋਵਾਹ ਵਰਗਾਂ ਨਜ਼ਰੀਆ ਰੱਖਣ ਨਾਲ ਤੁਸੀਂ “ਖ਼ੂਨ” ਦੇ ਦੋਸ਼ ਤੋਂ ਬਚੋਗੇ।
“ਇਨ੍ਹਾਂ ਨਿਆਵਾਂ ਅਨੁਸਾਰ ਫ਼ੈਸਲਾ” ਕਰੋ
13, 14. ਇਜ਼ਰਾਈਲ ਦੇ ਬਜ਼ੁਰਗ ਯਹੋਵਾਹ ਦੇ ਨਿਆਂ ਦੀ ਰੀਸ ਕਿਵੇਂ ਕਰ ਸਕਦੇ ਸਨ?
13 ਯਹੋਵਾਹ ਨੇ ਇਜ਼ਰਾਈਲ ਦੇ ਬਜ਼ੁਰਗਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਉਸ ਦੇ ਨਿਆਂ ਦੀ ਰੀਸ ਕਰਨ। ਪਹਿਲਾ, ਬਜ਼ੁਰਗਾਂ ਨੂੰ ਸਾਰੀ ਗੱਲ ਜਾਣਨੀ ਚਾਹੀਦੀ ਸੀ। ਫਿਰ ਉਨ੍ਹਾਂ ਨੂੰ ਖ਼ੂਨੀ ਦੇ ਇਰਾਦੇ, ਰਵੱਈਏ ਅਤੇ ਉਸ ਦੇ ਪਿਛਲੇ ਕੁਝ ਕੰਮਾਂ ਬਾਰੇ ਜਾਣਨ ਦੀ ਲੋੜ ਹੁੰਦੀ ਸੀ ਤਾਂਕਿ ਉਹ ਦੇਖ ਸਕਣ ਕਿ ਖ਼ੂਨੀ ਦਇਆ ਦੇ ਲਾਇਕ ਸੀ ਜਾਂ ਨਹੀਂ। ਬਜ਼ੁਰਗ ਇਹ ਵੀ ਦੇਖਦੇ ਸੀ ਕਿ ਭਗੌੜਾ ਮਾਰੇ ਗਏ ਵਿਅਕਤੀ ਨਾਲ ਨਫ਼ਰਤ ਤਾਂ ਨਹੀਂ ਕਰਦਾ ਸੀ ਅਤੇ ਉਸ ਨੂੰ ਜਾਨੋਂ ਮਾਰਨਾ ਤਾਂ ਨਹੀਂ ਚਾਹੁੰਦਾ ਸੀ। (ਗਿਣਤੀ 35:20-24 ਪੜ੍ਹੋ।) ਭਗੌੜੇ ਨੂੰ ਖ਼ੂਨੀ ਕਰਾਰ ਦੇਣ ਤੋਂ ਪਹਿਲਾਂ ਘੱਟੋ-ਘੱਟ ਦੋ ਗਵਾਹਾਂ ਦੀ ਗਵਾਹੀ ਜ਼ਰੂਰੀ ਹੁੰਦੀ ਸੀ।—ਗਿਣ. 35:30.
14 ਪੂਰੀ ਜਾਣਕਾਰੀ ਲੈਣ ਤੋਂ ਬਾਅਦ ਬਜ਼ੁਰਗਾਂ ਨੂੰ ਸਿਰਫ਼ ਭਗੌੜੇ ਦੇ ਅਪਰਾਧ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਭਗੌੜੇ ਬਾਰੇ ਵੀ ਸੋਚਣਾ ਚਾਹੀਦਾ ਸੀ ਕਿ ਉਹ ਕਿਸ ਤਰ੍ਹਾਂ ਦਾ ਇਨਸਾਨ ਸੀ। ਬਜ਼ੁਰਗਾਂ ਨੂੰ ਮਾਮਲੇ ਨੂੰ ਉੱਪਰੋਂ-ਉੱਪਰੋਂ ਨਹੀਂ, ਸਗੋਂ ਮਾਮਲੇ ਦੀ ਤਹਿ ਤਕ ਜਾਣਾ ਚਾਹੀਦਾ ਸੀ। ਸਭ ਤੋਂ ਜ਼ਿਆਦਾ ਉਨ੍ਹਾਂ ਨੂੰ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਲੋੜ ਸੀ ਤਾਂਕਿ ਉਹ ਉਸ ਦੀ ਦਇਆ, ਨਿਆਂ ਅਤੇ ਸਮਝ ਦੀ ਰੀਸ ਕਰ ਸਕਣ।—ਕੂਚ 34:6, 7.
15. ਪਾਪੀਆਂ ਪ੍ਰਤੀ ਯਿਸੂ ਦਾ ਨਜ਼ਰੀਆ ਫ਼ਰੀਸੀਆਂ ਤੋਂ ਕਿਵੇਂ ਵੱਖਰਾ ਸੀ?
15 ਫ਼ਰੀਸੀ ਨਿਆਂ ਕਰਦੇ ਵੇਲੇ ਦਇਆ ਨਹੀਂ ਸੀ ਦਿਖਾਉਂਦੇ। ਉਹ ਗ਼ਲਤੀ ਵੱਲ ਜ਼ਿਆਦਾ ਧਿਆਨ ਦਿੰਦੇ ਸਨ ਨਾ ਕਿ ਇਹ ਦੇਖਦੇ ਸਨ ਕਿ ਗ਼ਲਤੀ ਕਰਨ ਵਾਲਾ ਕਿਹੋ ਜਿਹਾ ਇਨਸਾਨ ਹੈ। ਜਦੋਂ ਫ਼ਰੀਸੀਆਂ ਨੇ ਯਿਸੂ ਨੂੰ ਮੱਤੀ ਦੇ ਘਰ ਖਾਣਾ ਖਾਂਦੇ ਦੇਖਿਆ, ਤਾਂ ਉਨ੍ਹਾਂ ਨੇ ਚੇਲਿਆਂ ਨੂੰ ਪੁੱਛਿਆ: “ਤੁਹਾਡਾ ਗੁਰੂ ਟੈਕਸ ਵਸੂਲਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦਾ-ਪੀਂਦਾ ਹੈ?” ਉਨ੍ਹਾਂ ਦੀ ਗੱਲ ਸੁਣ ਕੇ ਯਿਸੂ ਨੇ ਕਿਹਾ: “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ। ਜਾਓ ਤੇ ਪਹਿਲਾਂ ਇਸ ਦਾ ਮਤਲਬ ਜਾਣੋ: ‘ਮੈਂ ਦਇਆ ਚਾਹੁੰਦਾ ਹਾਂ, ਬਲੀਦਾਨ ਨਹੀਂ।’ ਕਿਉਂਕਿ ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆ ਹਾਂ।” (ਮੱਤੀ 9:9-13) ਕੀ ਯਿਸੂ ਪਾਪੀਆਂ ਦੀਆਂ ਗ਼ਲਤੀਆਂ ਉੱਤੇ ਪਰਦਾ ਪਾ ਰਿਹਾ ਸੀ? ਬਿਲਕੁਲ ਵੀ ਨਹੀਂ। ਉਹ ਚਾਹੁੰਦਾ ਸੀ ਕਿ ਪਾਪੀ ਤੋਬਾ ਕਰਨ। ਇਹ ਉਸ ਦੇ ਪ੍ਰਚਾਰ ਦਾ ਇਕ ਅਹਿਮ ਹਿੱਸਾ ਸੀ। (ਮੱਤੀ 4:17) ਯਿਸੂ ਨੇ ਦੇਖਿਆ ਕਿ ਕੁਝ “ਟੈਕਸ ਵਸੂਲ ਕਰਨ ਵਾਲੇ ਅਤੇ ਪਾਪੀ” ਆਪਣੇ ਆਪ ਨੂੰ ਬਦਲਣਾ ਚਾਹੁੰਦੇ ਸਨ। ਉਹ ਮੱਤੀ ਦੇ ਘਰ ਸਿਰਫ਼ ਖਾਣਾ ਖਾਣ ਨਹੀਂ ਸੀ ਆਏ, ਸਗੋਂ “ਉਨ੍ਹਾਂ ਵਿੱਚੋਂ ਕਈ ਜਣੇ [ਯਿਸੂ] ਦੇ ਚੇਲੇ” ਸਨ। (ਮਰ. 2:15) ਅਫ਼ਸੋਸ ਦੀ ਗੱਲ ਹੈ ਕਿ ਫ਼ਰੀਸੀਆਂ ਦਾ ਲੋਕਾਂ ਪ੍ਰਤੀ ਯਿਸੂ ਵਰਗਾ ਨਜ਼ਰੀਆ ਨਹੀਂ ਸੀ। ਉਹ ਸੋਚਦੇ ਸਨ ਕਿ ਲੋਕ ਕਦੀ ਨਹੀਂ ਬਦਲਣਗੇ ਅਤੇ ਹਮੇਸ਼ਾ ਪਾਪੀ ਰਹਿਣਗੇ। ਯਹੋਵਾਹ ਦੇ ਨਿਆਂ ਅਤੇ ਦਇਆ ਤੋਂ ਕਿੰਨਾ ਉਲਟ ਰਵੱਈਆ!
16. ਨਿਆਂ ਕਮੇਟੀ ਕੀ ਜਾਣਨ ਦੀ ਕੋਸ਼ਿਸ਼ ਕਰਦੀ ਹੈ?
16 ਅੱਜ ਬਜ਼ੁਰਗਾਂ ਨੂੰ ਯਹੋਵਾਹ ਦੀ ਰੀਸ ਕਰਨੀ ਚਾਹੀਦੀ ਹੈ ਜੋ “ਨਿਆਉਂ ਨਾਲ ਪ੍ਰੇਮ” ਰੱਖਣ ਵਾਲਾ ਹੈ। (ਜ਼ਬੂ. 37:28) ਪਹਿਲਾ, ਉਨ੍ਹਾਂ ਨੂੰ ਪੂਰੀ ਗੱਲ ਦਾ “ਪੱਕਾ ਪਤਾ” ਲਗਾਉਣਾ ਚਾਹੀਦਾ ਹੈ ਕਿ ਪਾਪ ਕੀਤਾ ਵੀ ਗਿਆ ਹੈ ਕਿ ਨਹੀਂ। ਜੇ ਪਾਪ ਕੀਤਾ ਗਿਆ ਹੈ, ਤਾਂ ਉਨ੍ਹਾਂ ਨੂੰ ਬਾਈਬਲ ਦੀਆਂ ਹਿਦਾਇਤਾਂ ਅਨੁਸਾਰ ਕਦਮ ਚੁੱਕਣੇ ਚਾਹੀਦੇ ਹਨ। (ਬਿਵ. 13:12-14) ਜਦੋਂ ਬਜ਼ੁਰਗ ਨਿਆਂ ਕਮੇਟੀ * ਵਿਚ ਹੁੰਦੇ ਹਨ, ਤਾਂ ਬਹੁਤ ਜ਼ਰੂਰੀ ਹੈ ਕਿ ਉਹ ਇਹ ਜਾਣਨ ਦੀ ਕੋਸ਼ਿਸ਼ ਕਰਨ ਕਿ ਪਾਪੀ ਸੱਚੇ ਦਿਲੋਂ ਪਛਤਾਵਾ ਕਰ ਰਿਹਾ ਹੈ ਜਾਂ ਕਿ ਉਹ ਸਿਰਫ਼ ਢੌਂਗ ਕਰ ਰਿਹਾ ਹੈ। ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਬਜ਼ੁਰਗ ਦੇਖਦੇ ਹਨ ਕਿ ਗ਼ਲਤੀ ਕਰਨ ਵਾਲੇ ਦਾ ਆਪਣੀ ਗ਼ਲਤੀ ਪ੍ਰਤੀ ਨਜ਼ਰੀਆ ਕਿਹੋ ਜਿਹਾ ਹੈ ਅਤੇ ਉਸ ਦੇ ਦਿਲ ਵਿਚ ਕੀ ਹੈ। (ਪ੍ਰਕਾ. 3:3) ਦਇਆ ਹਾਸਲ ਕਰਨ ਲਈ ਪਾਪੀ ਨੂੰ ਤੋਬਾ ਕਰਨ ਦੀ ਲੋੜ ਹੁੰਦੀ ਹੈ। *
17, 18. ਬਜ਼ੁਰਗ ਕਿਵੇਂ ਜਾਣ ਸਕਦੇ ਹਨ ਕਿ ਕਿਸੇ ਨੇ ਸੱਚੇ ਦਿਲੋਂ ਤੋਬਾ ਕੀਤੀ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
17 ਯਹੋਵਾਹ ਅਤੇ ਯਿਸੂ ਇਨਸਾਨਾਂ ਦੇ ਦਿਲ ਪੜ੍ਹ ਸਕਦੇ ਹਨ ਇਸ ਲਈ ਉਹ ਜਾਣਦੇ ਹਨ ਕਿ ਗ਼ਲਤੀ ਕਰਨ ਵਾਲਾ ਕੀ ਸੋਚਦਾ ਅਤੇ ਕਿਵੇਂ ਮਹਿਸੂਸ ਕਰਦਾ ਹੈ। ਪਰ ਬਜ਼ੁਰਗ ਕਿਸੇ ਦਾ ਦਿਲ ਨਹੀਂ ਪੜ੍ਹ ਸਕਦੇ। ਇਸ ਲਈ ਜੇ ਤੁਸੀਂ ਬਜ਼ੁਰਗ ਹੋ, ਤਾਂ ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਗ਼ਲਤੀ ਕਰਨ ਵਾਲੇ ਨੂੰ ਦਿਲੋਂ ਪਛਤਾਵਾ ਹੈ? ਪਹਿਲਾ, ਬੁੱਧ ਅਤੇ ਸਮਝ ਲਈ ਪ੍ਰਾਰਥਨਾ ਕਰੋ। (1 ਰਾਜ. 3:9) ਦੂਜਾ, ਪਰਮੇਸ਼ੁਰ ਦੇ ਬਚਨ ਅਤੇ ਵਫ਼ਾਦਾਰ ਨੌਕਰ ਵੱਲੋਂ ਤਿਆਰ ਕੀਤੇ ਪ੍ਰਕਾਸ਼ਨਾਂ ਤੋਂ ਜਾਣੋ ਕਿ “ਦੁਨਿਆਵੀ ਤਰੀਕੇ ਨਾਲ ਉਦਾਸ ਹੋਣ” ਅਤੇ “ਪਰਮੇਸ਼ੁਰ ਦੀ ਇੱਛਾ ਅਨੁਸਾਰ ਉਦਾਸ ਹੋਣ” ਵਿਚ ਕੀ ਫ਼ਰਕ ਹੈ। (2 ਕੁਰਿੰ. 7:10, 11) ਦੇਖੋ ਕਿ ਬਾਈਬਲ ਵਿਚ ਤੋਬਾ ਕਰਨ ਵਾਲਿਆਂ ਅਤੇ ਨਾ ਕਰਨ ਵਾਲਿਆਂ ਬਾਰੇ ਕੀ ਦੱਸਿਆ ਗਿਆ ਹੈ। ਨਾਲੇ ਇਹ ਵੀ ਜਾਣੋ ਕਿ ਉਹ ਕੀ ਮਹਿਸੂਸ ਕਰਦੇ ਸਨ, ਕੀ ਸੋਚਦੇ ਸਨ ਅਤੇ ਕਿਹੜੇ ਕੰਮ ਕਰਦੇ ਸਨ।
18 ਤੀਜਾ, ਇਨਸਾਨ ਬਾਰੇ ਸੋਚੋ ਨਾ ਕਿ ਉਸ ਦੀ ਗ਼ਲਤੀ ਬਾਰੇ। ਉਹ ਕਿਸ ਤਰ੍ਹਾਂ ਦਾ ਇਨਸਾਨ ਹੈ? ਉਸ ਨੇ ਇਹ ਫ਼ੈਸਲੇ ਕਿਉਂ ਕੀਤੇ? ਉਸ ਦੇ ਹਾਲਾਤ ਕਿਹੋ ਜਿਹੇ ਹਨ? ਉਸ ਨੂੰ ਕਿਹੜੀਆਂ ਮੁਸ਼ਕਲਾਂ ਜਾਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? ਮੰਡਲੀ ਦੇ ਮੁਖੀ ਯਿਸੂ ਮਸੀਹ ਬਾਰੇ ਬਾਈਬਲ ਕਹਿੰਦੀ ਹੈ: “ਉਹ ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਉਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ ਦੇਵੇਗਾ। ਪਰ ਉਹ ਧਰਮ ਨਾਲ ਗਰੀਬਾਂ ਦਾ ਨਿਆਉਂ ਕਰੇਗਾ, ਅਤੇ ਰਾਸਤੀ ਨਾਲ ਧਰਤੀ ਦੇ ਮਸਕੀਨਾਂ ਦਾ ਫ਼ੈਸਲਾ ਦੇਵੇਗਾ।” (ਯਸਾ. 11:3, 4) ਬਜ਼ੁਰਗੋ, ਯਿਸੂ ਨੇ ਤੁਹਾਨੂੰ ਮੰਡਲੀ ਦੀ ਦੇਖ-ਭਾਲ ਕਰਨ ਲਈ ਨਿਯੁਕਤ ਕੀਤਾ ਹੈ ਅਤੇ ਉਹ ਨਿਆਂ ਅਤੇ ਦਇਆ ਅਨੁਸਾਰ ਫ਼ੈਸਲੇ ਲੈਣ ਵਿਚ ਤੁਹਾਡੀ ਮਦਦ ਕਰੇਗਾ। (ਮੱਤੀ 18:18-20) ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਬਜ਼ੁਰਗ ਸਾਡੀ ਕਿੰਨੀ ਪਰਵਾਹ ਕਰਦੇ ਹਨ! ਉਹ ਸਾਡੀ ਮਦਦ ਕਰਦੇ ਹਨ ਤਾਂਕਿ ਅਸੀਂ ਵੀ ਉਨ੍ਹਾਂ ਵਾਂਗ ਨਿਆਂ ਕਰੀਏ ਅਤੇ ਦਇਆ ਦਿਖਾਈਏ।
19. ਤੁਸੀਂ ਪਨਾਹ ਨਗਰਾਂ ਤੋਂ ਸਿੱਖੇ ਕਿਹੜੇ ਸਬਕ ਲਾਗੂ ਕਰਨਾ ਚਾਹੋਗੇ?
19 ਮੂਸਾ ਦੇ ਕਾਨੂੰਨ ਵਿਚ “ਗਿਆਨ ਅਤੇ ਸੱਚਾਈ ਦੀਆਂ ਬੁਨਿਆਦੀ ਗੱਲਾਂ” ਸਨ। ਇਹ ਸਾਨੂੰ ਯਹੋਵਾਹ ਅਤੇ ਉਸ ਦੇ ਅਸੂਲਾਂ ਬਾਰੇ ਸਿਖਾਉਂਦਾ ਹੈ। (ਰੋਮੀ. 2:20) ਮਿਸਾਲ ਲਈ, ਪਨਾਹ ਨਗਰਾਂ ਦੇ ਪ੍ਰਬੰਧ ਤੋਂ ਬਜ਼ੁਰਗ “ਸਚਿਆਈ ਨਾਲ ਨਿਆਉਂ” ਕਰਨਾ ਸਿੱਖ ਸਕਦੇ ਹਨ। ਨਾਲੇ ਬਾਕੀ ਭੈਣ-ਭਰਾ ਵੀ ਇਕ-ਦੂਜੇ ਨਾਲ “ਦਯਾ ਅਤੇ ਰਹਮ” ਨਾਲ ਪੇਸ਼ ਆਉਣਾ ਸਿੱਖਦੇ ਹਨ। (ਜ਼ਕ. 7:9) ਚਾਹੇ ਅਸੀਂ ਅੱਜ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹਾਂ, ਪਰ ਇਸ ਕਾਨੂੰਨ ਨੂੰ ਦੇਣ ਵਾਲਾ ਯਹੋਵਾਹ ਹਾਲੇ ਵੀ ਬਦਲਿਆ ਨਹੀਂ। ਉਸ ਲਈ ਨਿਆਂ ਅਤੇ ਦਇਆ ਹਾਲੇ ਵੀ ਬਹੁਤ ਮਾਅਨੇ ਰੱਖਦੇ ਹਨ। ਇਹੋ ਜਿਹੇ ਪਰਮੇਸ਼ੁਰ ਦੀ ਭਗਤੀ ਕਰਨੀ ਸੱਚ-ਮੁੱਚ ਸਨਮਾਨ ਹੈ! ਆਓ ਆਪਾਂ ਉਸ ਦੇ ਬੇਮਿਸਾਲ ਗੁਣਾਂ ਦੀ ਰੀਸ ਕਰੀਏ ਅਤੇ ਉਸ ਵਿਚ ਪਨਾਹ ਲਈਏ।
^ ਪੈਰਾ 16 ਨਿਆਂ ਕਮੇਟੀ (ਜੁਡੀਸ਼ਲ ਕਮੇਟੀ) ਵਿਚ ਘੱਟੋ-ਘੱਟ ਤਿੰਨ ਬਜ਼ੁਰਗ ਹੁੰਦੇ ਹਨ। ਜਦੋਂ ਕੋਈ ਮਸੀਹੀ ਗੰਭੀਰ ਪਾਪ ਕਰਦਾ ਹੈ, ਤਾਂ ਇਹ ਬਜ਼ੁਰਗ ਯਹੋਵਾਹ ਨਾਲ ਉਸ ਦਾ ਰਿਸ਼ਤਾ ਦੁਬਾਰਾ ਜੋੜਨ ਵਿਚ ਮਦਦ ਕਰਦੇ ਹਨ। ਯਹੋਵਾਹ ਦੇ ਨਿਆਂ ਦੀ ਰੀਸ ਕਰਦਿਆਂ ਬਜ਼ੁਰਗ ਨਾ ਸਿਰਫ਼ ਉਸ ਵਿਅਕਤੀ ਦੇ ਪਾਪ ਨੂੰ, ਸਗੋਂ ਉਸ ਦੇ ਇਰਾਦੇ ਅਤੇ ਰਵੱਈਏ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਨ।
^ ਪੈਰਾ 16 ਹੋਰ ਜਾਣਕਾਰੀ ਲਈ 15 ਸਤੰਬਰ 2006 ਦੇ ਪਹਿਰਾਬੁਰਜ ਦਾ ਸਫ਼ਾ 30 ਉੱਤੇ “ਪਾਠਕਾਂ ਵੱਲੋਂ ਸਵਾਲ” ਦੇਖੋ।