Skip to content

Skip to table of contents

ਕੀ ਤੁਸੀਂ ਯਹੋਵਾਹ ਵਿਚ ਪਨਾਹ ਲੈਂਦੇ ਹੋ?

ਕੀ ਤੁਸੀਂ ਯਹੋਵਾਹ ਵਿਚ ਪਨਾਹ ਲੈਂਦੇ ਹੋ?

“ਯਹੋਵਾਹ ਆਪਣੇ ਸੇਵਕਾਂ ਦੀ ਜਾਨ ਦਾ ਮੁੱਲ ਦਿੰਦਾ ਹੈ, ਅਤੇ ਉਸ ਦੇ ਸਾਰੇ ਸ਼ਰਨਾਰਥੀਆਂ ਵਿੱਚੋਂ ਕੋਈ ਦੋਸ਼ੀ ਨਹੀਂ ਠਹਿਰੇਗਾ।”​—ਜ਼ਬੂ. 34:22.

ਗੀਤ: 49, 32

1. ਪਾਪੀ ਹੋਣ ਕਰਕੇ ਪਰਮੇਸ਼ੁਰ ਦੇ ਕਈ ਵਫ਼ਾਦਾਰ ਸੇਵਕ ਆਪਣੇ ਬਾਰੇ ਕਿਵੇਂ ਮਹਿਸੂਸ ਕਰਦੇ ਹਨ?

ਪੌਲੁਸ ਰਸੂਲ ਨੇ ਲਿਖਿਆ: “ਮੈਂ ਕਿੰਨਾ ਬੇਬੱਸ ਇਨਸਾਨ ਹਾਂ!” (ਰੋਮੀ. 7:24) ਅੱਜ ਪਰਮੇਸ਼ੁਰ ਦੇ ਬਹੁਤ ਸਾਰੇ ਵਫ਼ਾਦਾਰ ਸੇਵਕ ਪੌਲੁਸ ਵਾਂਗ ਨਿਰਾਸ਼ ਅਤੇ ਬੇਬੱਸ ਮਹਿਸੂਸ ਕਰਦੇ ਹਨ। ਪਰ ਕਿਉਂ? ਕਿਉਂਕਿ ਅਸੀਂ ਸਾਰੇ ਯਹੋਵਾਹ ਨੂੰ ਖ਼ੁਸ਼ ਤਾਂ ਕਰਨਾ ਚਾਹੁੰਦੇ ਹਾਂ, ਪਰ ਗ਼ਲਤੀਆਂ ਦੇ ਪੁਤਲੇ ਹੋਣ ਕਰਕੇ ਅਸੀਂ ਬਹੁਤ ਵਾਰ ਉਸ ਨੂੰ ਖ਼ੁਸ਼ ਨਹੀਂ ਕਰ ਪਾਉਂਦੇ। ਇੱਥੋਂ ਤਕ ਕਿ ਕੁਝ ਗੰਭੀਰ ਪਾਪ ਕਰਨ ਵਾਲੇ ਮਸੀਹੀਆਂ ਨੂੰ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਨੂੰ ਕਦੀ ਮਾਫ਼ ਨਹੀਂ ਕਰੇਗਾ।

2. (ੳ) ਪਾਪ ਦੇ ਬੋਝ ਹੇਠ ਦੱਬੇ ਮਸੀਹੀਆਂ ਨੂੰ ਜ਼ਬੂਰ 34:22 ਤੋਂ ਕਿਹੜੀ ਤਸੱਲੀ ਮਿਲਦੀ ਹੈ? (ਅ) ਅਸੀਂ ਇਸ ਲੇਖ ਵਿਚ ਕੀ ਸਿੱਖਾਂਗੇ? (“ ਕੀ ਪਨਾਹ ਨਗਰ ਭਵਿੱਖ ਵਿਚ ਕਿਸੇ ਉੱਤਮ ਚੀਜ਼ ਨੂੰ ਦਰਸਾਉਂਦੇ ਹਨ?” ਨਾਂ ਦੀ ਡੱਬੀ ਦੇਖੋ।)

2 ਬਾਈਬਲ ਸਾਨੂੰ ਤਸੱਲੀ ਦਿੰਦੀ ਹੈ ਕਿ ਯਹੋਵਾਹ ਵਿਚ ਪਨਾਹ ਲੈਣ ਵਾਲਿਆਂ ਨੂੰ ਆਪਣੇ ਪਾਪਾਂ ਦੇ ਬੋਝ ਹੇਠ ਦੱਬੇ ਹੋਏ ਮਹਿਸੂਸ ਨਹੀਂ ਕਰਨਾ ਚਾਹੀਦਾ। (ਜ਼ਬੂਰਾਂ ਦੀ ਪੋਥੀ 34:22 ਪੜ੍ਹੋ।) ਪਰ ਯਹੋਵਾਹ ਵਿਚ ਪਨਾਹ ਲੈਣ ਦਾ ਕੀ ਮਤਲਬ ਹੈ? ਯਹੋਵਾਹ ਤੋਂ ਦਇਆ ਅਤੇ ਮਾਫ਼ੀ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਅਸੀਂ ਪਨਾਹ ਨਗਰਾਂ ਦੇ ਪ੍ਰਬੰਧ ਬਾਰੇ ਜਾਣ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਪਾ ਸਕਦੇ ਹਾਂ। ਇਹ ਪ੍ਰਬੰਧ ਪੁਰਾਣੇ ਸਮੇਂ ਵਿਚ ਇਜ਼ਰਾਈਲੀਆਂ ਲਈ ਕੀਤਾ ਗਿਆ ਸੀ ਜੋ ਮੂਸਾ ਦੇ ਕਾਨੂੰਨ ਵਿਚ ਸ਼ਾਮਲ ਸੀ। ਪਰ ਪੰਤੇਕੁਸਤ 33 ਈਸਵੀ ਵਿਚ ਇਸ ਕਾਨੂੰਨ ਦੀ ਜਗ੍ਹਾ ਮਸੀਹ ਦਾ ਕਾਨੂੰਨ ਦਿੱਤਾ ਗਿਆ। ਪਰ ਯਾਦ ਰੱਖੋ ਕਿ ਇਹ ਕਾਨੂੰਨ ਯਹੋਵਾਹ ਵੱਲੋਂ ਸੀ। ਇਸ ਲਈ ਪਨਾਹ ਨਗਰਾਂ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਯਹੋਵਾਹ ਪਾਪ, ਪਾਪੀਆਂ, ਅਤੇ ਤੋਬਾ ਕਰਨ ਵਾਲਿਆਂ ਬਾਰੇ ਕੀ ਸੋਚਦਾ ਹੈ। ਪਹਿਲਾਂ ਆਓ ਆਪਾਂ ਦੇਖੀਏ ਕਿ ਇਜ਼ਰਾਈਲ ਵਿਚ ਪਨਾਹ ਨਗਰ ਕਿਉਂ ਸਨ ਅਤੇ ਉਨ੍ਹਾਂ ਵਿਚ ਕਿਹੜੇ ਇੰਤਜ਼ਾਮ ਸਨ।

“ਤੁਸੀਂ ਆਪਣੇ ਲਈ ਪਨਾਹ ਨਗਰ ਠਹਿਰਾਓ”

3. ਇਜ਼ਰਾਈਲ ਵਿਚ ਖ਼ੂਨੀ ਨੂੰ ਕਿਹੜੀ ਸਜ਼ਾ ਮਿਲਦੀ ਸੀ?

3 ਜਦੋਂ ਕਿਸੇ ਦਾ ਖ਼ੂਨ ਕੀਤਾ ਜਾਂਦਾ ਸੀ, ਤਾਂ ਯਹੋਵਾਹ ਉਸ ਨੂੰ ਹਲਕੇ ਵਿਚ ਨਹੀਂ ਸੀ ਲੈਂਦਾ। ਜੇ ਕੋਈ ਇਜ਼ਰਾਈਲੀ ਜਾਣ-ਬੁੱਝ ਕੇ ਕਿਸੇ ਦਾ ਖ਼ੂਨ ਕਰਦਾ ਸੀ, ਤਾਂ ਉਸ ਨੂੰ ਜਾਨੋਂ ਮਾਰਿਆ ਜਾਂਦਾ ਸੀ। ਬਦਲਾ ਲੈਣ ਦਾ ਹੱਕ ਮਰ ਚੁੱਕੇ ਵਿਅਕਤੀ ਦੇ ਖ਼ਾਨਦਾਨ ਵਿੱਚੋਂ ਸਭ ਤੋਂ ਕਰੀਬੀ ਆਦਮੀ ਦਾ ਬਣਦਾ ਸੀ। ਬਾਈਬਲ ਉਸ ਵਿਅਕਤੀ ਨੂੰ “ਖੂਨ ਦਾ ਬਦਲਾ ਲੈਣ ਵਾਲਾ” ਕਹਿੰਦੀ ਹੈ। (ਗਿਣ. 35:19) ਇਸ ਤਰੀਕੇ ਨਾਲ ਖ਼ੂਨੀ ਨੂੰ ਬਦਲੇ ਵਿਚ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਸੀ। ਜੇ ਖ਼ੂਨੀ ਨੂੰ ਜਲਦੀ ਨਹੀਂ ਮਾਰਿਆ ਜਾਂਦਾ ਸੀ, ਤਾਂ ਵਾਅਦਾ ਕੀਤਾ ਦੇਸ਼ ਭਰਿਸ਼ਟ ਹੋ ਸਕਦਾ ਸੀ। ਯਹੋਵਾਹ ਨੇ ਹੁਕਮ ਦਿੱਤਾ ਸੀ: “ਤੁਸੀਂ ਉਸ ਧਰਤੀ ਨੂੰ ਭਰਿਸ਼ਟ ਨਾ ਕਰੋ ਜਿਹ ਦੇ ਵਿੱਚ ਤੁਸੀਂ ਹੋ, ਕਿਉਂ ਜੋ [ਬੇਦੋਸ਼ੇ ਦਾ] ਖੂਨ ਧਰਤੀ ਨੂੰ ਭਰਿਸ਼ਟ ਕਰਦਾ ਹੈ।”​—ਗਿਣ. 35:33, 34.

4. ਅਣਜਾਣੇ ਵਿਚ ਕਿਸੇ ਦਾ ਖ਼ੂਨ ਕਰਨ ਵਾਲਾ ਕੀ ਕਰ ਸਕਦਾ ਸੀ?

4 ਪਰ ਉਦੋਂ ਕੀ ਜੇ ਕਿਸੇ ਕੋਲੋਂ ਅਣਜਾਣੇ ਵਿਚ ਕਿਸੇ ਦਾ ਖ਼ੂਨ ਹੋ ਜਾਂਦਾ ਸੀ? ਅਣਜਾਣੇ ਵਿਚ ਖ਼ੂਨ ਕਰਨ ਤੇ ਵੀ ਉਹ ਆਦਮੀ ਖ਼ੂਨੀ ਹੁੰਦਾ ਸੀ। (ਉਤ. 9:5) ਪਰ ਇਸ ਮਾਮਲੇ ਵਿਚ ਯਹੋਵਾਹ ਨੇ ਕਿਹਾ ਕਿ ਉਸ ਵਿਅਕਤੀ ’ਤੇ ਦਇਆ ਦਿਖਾਈ ਜਾ ਸਕਦੀ ਸੀ। ਖ਼ੂਨ ਦਾ ਬਦਲਾ ਲੈਣ ਵਾਲੇ ਤੋਂ ਬਚਣ ਲਈ ਉਹ ਵਿਅਕਤੀ ਕਿਸੇ ਵੀ ਪਨਾਹ ਨਗਰ ਨੂੰ ਭੱਜ ਸਕਦਾ ਸੀ। ਇਜ਼ਰਾਈਲ ਵਿਚ ਛੇ ਪਨਾਹ ਨਗਰ ਸਨ। ਜੇ ਉਸ ਨੂੰ ਪਨਾਹ ਨਗਰ ਵਿਚ ਰਹਿਣ ਦੀ ਇਜਾਜ਼ਤ ਮਿਲਦੀ ਸੀ, ਤਾਂ ਉਹ ਮਹਿਫੂਜ਼ ਸੀ। ਪਰ ਉਸ ਨੂੰ ਮਹਾਂ ਪੁਜਾਰੀ ਦੀ ਮੌਤ ਤਕ ਪਨਾਹ ਨਗਰ ਵਿਚ ਰਹਿਣਾ ਪੈਂਦਾ ਸੀ।​—ਗਿਣ. 35:15, 28.

5. ਪਨਾਹ ਨਗਰਾਂ ਦਾ ਪ੍ਰਬੰਧ ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਵਿਚ ਸਾਡੀ ਕਿਵੇਂ ਮਦਦ ਕਰ ਸਕਦਾ ਹੈ?

5 ਯਹੋਵਾਹ ਨੇ ਹੀ ਪਨਾਹ ਨਗਰਾਂ ਦਾ ਪ੍ਰਬੰਧ ਕੀਤਾ ਸੀ। ਉਸ ਨੇ ਯਹੋਸ਼ੁਆ ਨੂੰ ਹੁਕਮ ਦਿੱਤਾ: “ਇਸਰਏਲੀਆਂ ਨਾਲ ਗੱਲ ਕਰ ਭਈ ਤੁਸੀਂ ਆਪਣੇ ਲਈ ਪਨਾਹ ਨਗਰ ਠਹਿਰਾਓ।” ਯਹੋਵਾਹ ਨੇ ਇਨ੍ਹਾਂ ਸ਼ਹਿਰਾਂ ਨੂੰ “ਵੱਖਰਾ” ਯਾਨੀ ਪਵਿੱਤਰ ਠਹਿਰਾਇਆ ਸੀ। (ਯਹੋ. 20:1, 2, 7, 8) ਸੋ ਜੇ ਇਸ ਪ੍ਰਬੰਧ ਪਿੱਛੇ ਯਹੋਵਾਹ ਦਾ ਹੱਥ ਸੀ, ਤਾਂ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ਇਸ ਪ੍ਰਬੰਧ ਤੋਂ ਮੈਂ ਯਹੋਵਾਹ ਦੀ ਦਇਆ ਬਾਰੇ ਹੋਰ ਕੀ ਸਿੱਖ ਸਕਦਾ ਹਾਂ? ਇਸ ਪ੍ਰਬੰਧ ਤੋਂ ਮੈਂ ਯਹੋਵਾਹ ਵਿਚ ਪਨਾਹ ਲੈਣ ਬਾਰੇ ਕੀ ਸਿੱਖ ਸਕਦਾ ਹਾਂ?

ਉਹ ਬਜ਼ੁਰਗਾਂ ਸਾਮ੍ਹਣੇ “ਆਪਣੀ ਗੱਲ ਕਰੇ”

6, 7. (ੳ) ਅਣਜਾਣੇ ਵਿਚ ਖ਼ੂਨ ਕਰਨ ਵਾਲੇ ਵਿਅਕਤੀ ਨਾਲ ਬਜ਼ੁਰਗ ਕਿਵੇਂ ਪੇਸ਼ ਆਉਂਦੇ ਸਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਭਗੌੜੇ ਲਈ ਸਮਝਦਾਰੀ ਦੀ ਗੱਲ ਕਿਉਂ ਸੀ ਕਿ ਉਹ ਬਜ਼ੁਰਗਾਂ ਨਾਲ ਗੱਲ ਕਰੇ?

6 ਜੇ ਕੋਈ ਇਜ਼ਰਾਈਲੀ ਅਣਜਾਣੇ ਵਿਚ ਕਿਸੇ ਦਾ ਖ਼ੂਨ ਕਰ ਦਿੰਦਾ ਸੀ, ਤਾਂ ਜ਼ਰੂਰੀ ਸੀ ਕਿ ਉਹ ਕਿਸੇ ਪਨਾਹ ਨਗਰ ਨੂੰ ਭੱਜ ਜਾਵੇ। ਉਸ ਨੂੰ “ਆਪਣੀ ਗੱਲ” ਨਗਰ ਦੇ ਫਾਟਕ ਤੋਂ ਹੀ ਬਜ਼ੁਰਗਾਂ ਨੂੰ ਦੱਸਣੀ ਪੈਂਦੀ ਸੀ। ਨਗਰ ਦੇ ਬਜ਼ੁਰਗ ਉਸ ਵਿਅਕਤੀ ਦਾ ਪਿਆਰ ਨਾਲ ਸੁਆਗਤ ਕਰਦੇ ਸਨ। (ਯਹੋ. 20:4) ਕੁਝ ਸਮੇਂ ਬਾਅਦ ਬਜ਼ੁਰਗ ਉਸ ਨੂੰ ਵਾਪਸ ਉਸ ਸ਼ਹਿਰ ਭੇਜਦੇ ਸਨ ਜਿੱਥੇ ਖ਼ੂਨ ਹੋਇਆ ਸੀ। ਉਸ ਸ਼ਹਿਰ ਦੇ ਬਜ਼ੁਰਗ ਉਸ ਦਾ ਨਿਆਂ ਕਰਦੇ ਸਨ। (ਗਿਣਤੀ 35:24, 25 ਪੜ੍ਹੋ।) ਜੇ ਬਜ਼ੁਰਗਾਂ ਨੂੰ ਲੱਗਦਾ ਸੀ ਕਿ ਖ਼ੂਨ ਅਣਜਾਣੇ ਵਿਚ ਹੋਇਆ ਸੀ, ਤਾਂ ਉਹ ਭਗੌੜੇ ਨੂੰ ਪਨਾਹ ਨਗਰ ਵਾਪਸ ਭੇਜ ਦਿੰਦੇ ਸਨ।

7 ਭਗੌੜੇ ਨੂੰ ਬਜ਼ੁਰਗਾਂ ਨੂੰ ਦੱਸਣ ਦੀ ਲੋੜ ਕਿਉਂ ਸੀ? ਕਿਉਂਕਿ ਇਜ਼ਰਾਈਲ ਦੀ ਮੰਡਲੀ ਨੂੰ ਸ਼ੁੱਧ ਰੱਖਣ ਦੀ ਜ਼ਿੰਮੇਵਾਰੀ ਬਜ਼ੁਰਗਾਂ ਦੀ ਸੀ ਅਤੇ ਉਹ ਭਗੌੜੇ ਨੂੰ ਯਹੋਵਾਹ ਦੀ ਦਇਆ ਹਾਸਲ ਕਰਨ ਵਿਚ ਮਦਦ ਕਰਦੇ ਸਨ। ਬਾਈਬਲ ਦੇ ਇਕ ਵਿਦਵਾਨ ਨੇ ਲਿਖਿਆ ਕਿ ਜੇ ਭਗੌੜਾ ਬਜ਼ੁਰਗਾਂ ਕੋਲ ਨਹੀਂ ਜਾਂਦਾ ਸੀ, ਤਾਂ ਉਸ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਸੀ। ਯਹੋਵਾਹ ਦੇ ਹੁਕਮ ਦੀ ਉਲੰਘਣਾ ਕਰ ਕੇ ਉਹ ਆਪਣੀ ਮੌਤ ਦਾ ਜ਼ਿੰਮੇਵਾਰ ਆਪ ਹੁੰਦਾ ਸੀ। ਜੀਉਂਦਾ ਰਹਿਣ ਲਈ ਜ਼ਰੂਰੀ ਸੀ ਕਿ ਉਹ ਵਿਅਕਤੀ ਬਜ਼ੁਰਗਾਂ ਤੋਂ ਮਦਦ ਲਵੇ ਅਤੇ ਉਨ੍ਹਾਂ ਦੀ ਗੱਲ ਮੰਨੇ। ਜੇ ਉਹ ਕਿਸੇ ਪਨਾਹ ਨਗਰ ਨੂੰ ਨਹੀਂ ਭੱਜਦਾ ਸੀ, ਤਾਂ ਖ਼ੂਨ ਦਾ ਬਦਲਾ ਲੈਣ ਵਾਲਾ ਉਸ ਨੂੰ ਕਦੇ ਵੀ ਮਾਰ ਸਕਦਾ ਸੀ।

8, 9. ਗੰਭੀਰ ਪਾਪ ਕਰਨ ਵਾਲੇ ਮਸੀਹੀ ਨੂੰ ਬਜ਼ੁਰਗਾਂ ਨਾਲ ਗੱਲ ਕਿਉਂ ਕਰਨੀ ਚਾਹੀਦੀ ਹੈ?

8 ਅੱਜ ਗੰਭੀਰ ਪਾਪ ਕਰਨ ਵਾਲੇ ਮਸੀਹੀ ਲਈ ਬਜ਼ੁਰਗਾਂ ਕੋਲ ਜਾਣਾ ਬਹੁਤ ਜ਼ਰੂਰੀ ਹੈ। ਬਜ਼ੁਰਗ ਉਸ ਦਾ ਦੁਬਾਰਾ ਯਹੋਵਾਹ ਨਾਲ ਰਿਸ਼ਤਾ ਜੋੜਨ ਵਿਚ ਮਦਦ ਕਰ ਸਕਦੇ ਹਨ। ਬਜ਼ੁਰਗਾਂ ਕੋਲ ਜਾਣਾ ਇੰਨਾ ਜ਼ਰੂਰੀ ਕਿਉਂ ਹੈ? ਪਹਿਲੀ ਗੱਲ, ਯਹੋਵਾਹ ਨੇ ਹੀ ਇਹ ਪ੍ਰਬੰਧ ਕੀਤਾ ਹੈ ਕਿ ਬਜ਼ੁਰਗ ਗੰਭੀਰ ਪਾਪ ਕਰਨ ਵਾਲੇ ਵਿਅਕਤੀ ਦਾ ਨਿਆਂ ਕਰਨ। (ਯਾਕੂ. 5:14-16) ਦੂਸਰੀ ਗੱਲ, ਬਜ਼ੁਰਗ ਪਸ਼ਚਾਤਾਪੀ ਦੀ ਮਦਦ ਕਰਦੇ ਹਨ ਤਾਂਕਿ ਉਹ ਦੁਬਾਰਾ ਯਹੋਵਾਹ ਦੀ ਮਿਹਰ ਪ੍ਰਾਪਤ ਕਰੇ ਅਤੇ ਪਾਪ ਦੁਹਰਾਉਣ ਤੋਂ ਬਚੇ। (ਗਲਾ. 6:1; ਇਬ. 12:11) ਤੀਜੀ ਗੱਲ, ਬਜ਼ੁਰਗਾਂ ਨੂੰ ਸਿਖਲਾਈ ਮਿਲਦੀ ਹੈ ਕਿ ਉਨ੍ਹਾਂ ਨੇ ਕਿਵੇਂ ਪਸ਼ਚਾਤਾਪੀ ਨੂੰ ਦਿਲਾਸਾ ਦੇਣਾ ਹੈ ਅਤੇ ਕਿਵੇਂ ਉਸ ਨੂੰ ਦੋਸ਼ੀ ਭਾਵਨਾਵਾਂ ਵਿੱਚੋਂ ਬਾਹਰ ਕੱਢਣਾ ਹੈ। ਯਹੋਵਾਹ ਇਨ੍ਹਾਂ ਬਜ਼ੁਰਗਾਂ ਨੂੰ “ਵਾਛੜ ਤੋਂ ਓਟ” * ਕਹਿੰਦਾ ਹੈ। (ਯਸਾ. 32:1, 2) ਕੀ ਇਸ ਪ੍ਰਬੰਧ ਤੋਂ ਯਹੋਵਾਹ ਦੀ ਦਇਆ ਨਹੀਂ ਝਲਕਦੀ?

9 ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕਾਂ ਨੇ ਬਜ਼ੁਰਗਾਂ ਨਾਲ ਗੱਲ ਕਰ ਕੇ ਅਤੇ ਉਨ੍ਹਾਂ ਤੋਂ ਮਦਦ ਹਾਸਲ ਕਰ ਕੇ ਬਹੁਤ ਹਲਕਾ ਮਹਿਸੂਸ ਕੀਤਾ। ਮਿਸਾਲ ਲਈ, ਡਾਨੀਏਲ ਨਾਂ ਦੇ ਭਰਾ ਨੇ ਗੰਭੀਰ ਪਾਪ ਕੀਤਾ ਸੀ, ਪਰ ਉਸ ਨੇ ਆਪਣਾ ਪਾਪ ਕਈ ਮਹੀਨਿਆਂ ਤਕ ਬਜ਼ੁਰਗਾਂ ਤੋਂ ਲੁਕੋ ਕੇ ਰੱਖਿਆ। ਉਹ ਕਹਿੰਦਾ ਹੈ: “ਮੈਨੂੰ ਲੱਗਾ ਕਿ ਇੰਨਾ ਸਮਾਂ ਲੰਘ ਗਿਆ, ਹੁਣ ਬਜ਼ੁਰਗ ਮੇਰੀ ਕੀ ਮਦਦ ਕਰਨਗੇ?” ਫਿਰ ਵੀ ਉਸ ਨੂੰ ਆਪਣੀ ਗ਼ਲਤੀ ਫੜੇ ਜਾਣ ਦਾ ਡਰ ਰਹਿੰਦਾ ਸੀ। ਉਸ ਨੂੰ ਲੱਗਦਾ ਸੀ ਕਿ ਪ੍ਰਾਰਥਨਾ ਕਰਦਿਆਂ ਉਸ ਨੂੰ ਹਰ ਛੋਟੀ-ਛੋਟੀ ਗੱਲ ਕਹਿਣ ਤੋਂ ਪਹਿਲਾਂ ਆਪਣੀ ਗ਼ਲਤੀ ਲਈ ਮਾਫ਼ੀ ਮੰਗਣੀ ਚਾਹੀਦੀ ਸੀ। ਅਖ਼ੀਰ ਉਸ ਨੇ ਬਜ਼ੁਰਗਾਂ ਤੋਂ ਮਦਦ ਲਈ। ਉਸ ਸਮੇਂ ਨੂੰ ਯਾਦ ਕਰਦਿਆਂ ਉਹ ਕਹਿੰਦਾ ਹੈ: “ਇਹ ਗੱਲ ਸੱਚ ਕਿ ਮੈਂ ਬਜ਼ੁਰਗਾਂ ਕੋਲ ਜਾਣ ਤੋਂ ਡਰਦਾ ਸੀ। ਪਰ ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਇੱਦਾਂ ਲੱਗਾ ਜਿਵੇਂ ਕਿਸੇ ਨੇ ਮੇਰੇ ਮੋਢਿਆਂ ਤੋਂ ਭਾਰ ਚੁੱਕ ਲਿਆ ਹੋਵੇ।” ਡਾਨੀਏਲ ਹੁਣ ਖ਼ੁਲ੍ਹ ਕੇ ਯਹੋਵਾਹ ਨਾਲ ਗੱਲ ਕਰ ਸਕਦਾ ਹੈ। ਹੁਣ ਉਸ ਦੀ ਜ਼ਮੀਰ ਸਾਫ਼ ਹੈ ਅਤੇ ਹਾਲ ਹੀ ਵਿਚ ਉਸ ਨੂੰ ਸਹਾਇਕ ਸੇਵਕ ਨਿਯੁਕਤ ਕੀਤਾ ਗਿਆ ਹੈ।

“ਉਹ ਏਹਨਾਂ ਨਗਰਾਂ ਵਿੱਚੋਂ ਇੱਕ ਨੂੰ ਨੱਠ ਜਾਵੇ”

10. ਅਣਜਾਣੇ ਵਿਚ ਖ਼ੂਨ ਕਰਨ ਵਾਲੇ ਵਿਅਕਤੀ ਨੂੰ ਮਾਫ਼ੀ ਪਾਉਣ ਲਈ ਕੀ ਕਰਨ ਦੀ ਲੋੜ ਸੀ?

10 ਜੇ ਅਣਜਾਣੇ ਵਿਚ ਖ਼ੂਨ ਕਰਨ ਵਾਲਾ ਵਿਅਕਤੀ ਮਾਫ਼ੀ ਚਾਹੁੰਦਾ ਸੀ, ਤਾਂ ਜ਼ਰੂਰੀ ਸੀ ਕਿ ਉਹ ਕਿਸੇ ਨੇੜੇ ਦੇ ਪਨਾਹ ਨਗਰ ਨੂੰ ਭੱਜ ਜਾਵੇ। (ਯਹੋਸ਼ੁਆ 20:4 ਪੜ੍ਹੋ।) ਨਗਰ ਤਕ ਪਹੁੰਚਣਾ ਅਤੇ ਉਸ ਵਿਚ ਰਹਿਣਾ ਉਸ ਲਈ ਜ਼ਿੰਦਗੀ ਅਤੇ ਮੌਤ ਦਾ ਸਵਾਲ ਸੀ। ਮਹਾਂ ਪੁਜਾਰੀ ਦੀ ਮੌਤ ਤਕ ਉਸ ਨੂੰ ਉੱਥੇ ਹੀ ਰਹਿਣਾ ਪੈਣਾ ਸੀ। ਉੱਥੇ ਰਹਿਣ ਕਰਕੇ ਉਸ ਨੂੰ ਕਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਸਨ। ਉਸ ਨੂੰ ਆਪਣਾ ਕੰਮ-ਧੰਦਾ, ਆਰਾਮਦਾਇਕ ਘਰ ਅਤੇ ਆਪਣੀ ਆਜ਼ਾਦੀ ਵੀ ਗੁਆਉਣੀ ਪੈਂਦੀ ਸੀ। * (ਗਿਣ. 35:25) ਪਰ ਇਹ ਸਭ ਕੁਝ ਉਸ ਦੇ ਭਲੇ ਲਈ ਸੀ। ਜੇ ਉਹ ਕਦੇ ਵੀ ਨਗਰ ਤੋਂ ਬਾਹਰ ਜਾਂਦਾ, ਤਾਂ ਉਹ ਦਿਖਾਉਂਦਾ ਸੀ ਕਿ ਉਸ ਨੂੰ ਖ਼ੂਨ ਕਰਨ ਦਾ ਕੋਈ ਪਛਤਾਵਾ ਨਹੀਂ ਅਤੇ ਉਹ ਆਪਣੀ ਜਾਨ ਨੂੰ ਵੀ ਖ਼ਤਰੇ ਵਿਚ ਪਾਉਂਦਾ ਸੀ।

11. ਪਸ਼ਚਾਤਾਪੀ ਮਸੀਹੀ ਪਰਮੇਸ਼ੁਰ ਦੀ ਦਇਆ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦਾ ਹੈ?

11 ਅੱਜ ਵੀ ਪਸ਼ਚਾਤਾਪੀ ਨੂੰ ਪਰਮੇਸ਼ੁਰ ਤੋਂ ਮਾਫ਼ੀ ਪਾਉਣ ਲਈ ਕੁਝ ਕਦਮ ਚੁੱਕਣ ਦੀ ਲੋੜ ਹੈ। ਉਸ ਨੂੰ ਗ਼ਲਤ ਕੰਮ ਕਰਨੇ ਛੱਡਣੇ ਚਾਹੀਦੇ ਹਨ। ਇਸ ਵਿਚ ਕੋਈ ਵੀ ਛੋਟਾ-ਮੋਟਾ ਕੰਮ ਹੋ ਸਕਦਾ ਹੈ ਜੋ ਉਸ ਨੂੰ ਦੁਬਾਰਾ ਗੰਭੀਰ ਪਾਪ ਕਰਨ ਵੱਲ ਲੈ ਜਾ ਸਕਦਾ ਹੈ। ਪੌਲੁਸ ਰਸੂਲ ਨੇ ਦੱਸਿਆ ਕਿ ਕੁਰਿੰਥ ਦੇ ਪਸ਼ਚਾਤਾਪੀ ਮਸੀਹੀਆਂ ਨੇ ਕੀ ਕੀਤਾ। ਉਸ ਨੇ ਲਿਖਿਆ: “ਪਰਮੇਸ਼ੁਰ ਦੀ ਇੱਛਾ ਅਨੁਸਾਰ ਉਦਾਸ ਹੋਣ ਕਰਕੇ ਤੁਸੀਂ ਕਿੰਨੀ ਛੇਤੀ ਆਪਣੇ ਆਪ ਨੂੰ ਬੇਦਾਗ਼ ਸਾਬਤ ਕੀਤਾ, ਗ਼ਲਤ ਕੰਮ ਪ੍ਰਤੀ ਗੁੱਸਾ ਜ਼ਾਹਰ ਕੀਤਾ, ਪਰਮੇਸ਼ੁਰ ਦੇ ਡਰ ਦਾ ਸਬੂਤ ਦਿੱਤਾ, ਤੋਬਾ ਕਰਨ ਦੀ ਦਿਲੀ ਇੱਛਾ ਜ਼ਾਹਰ ਕੀਤੀ ਅਤੇ ਗ਼ਲਤੀ ਨੂੰ ਸੁਧਾਰਨ ਵਿਚ ਜੋਸ਼ ਦਿਖਾਇਆ!” (2 ਕੁਰਿੰ. 7:10, 11) ਜੇ ਅਸੀਂ ਗ਼ਲਤ ਕੰਮ ਛੱਡਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਯਹੋਵਾਹ ਨੂੰ ਦਿਖਾਉਂਦੇ ਹਾਂ ਕਿ ਸਾਨੂੰ ਦਿਲੋਂ ਪਛਤਾਵਾ ਹੈ ਅਤੇ ਅਸੀਂ ਉਸ ਦੀ ਦਇਆ ਨੂੰ ਐਵੇਂ ਨਹੀਂ ਸਮਝਦੇ।

12. ਯਹੋਵਾਹ ਦੀ ਦਇਆ ਪਾਉਣ ਲਈ ਮਸੀਹੀਆਂ ਨੂੰ ਸ਼ਾਇਦ ਕੀ ਕਰਨ ਦੀ ਲੋੜ ਪਵੇ?

12 ਜੇ ਇਕ ਮਸੀਹੀ ਚਾਹੁੰਦਾ ਹੈ ਕਿ ਪਰਮੇਸ਼ੁਰ ਦੀ ਦਇਆ ਉਸ ’ਤੇ ਬਣੀ ਰਹੇ, ਤਾਂ ਉਸ ਨੂੰ ਕਿਹੜੇ ਕੰਮ ਛੱਡਣੇ ਚਾਹੀਦੇ ਹਨ? ਜੇ ਉਸ ਦੇ ਮਨ-ਪਸੰਦ ਕੰਮ ਉਸ ਨੂੰ ਪਾਪ ਕਰਨ ਵੱਲ ਲੈ ਜਾਂਦੇ ਹਨ, ਤਾਂ ਉਸ ਨੂੰ ਉਹ ਵੀ ਛੱਡਣੇ ਚਾਹੀਦੇ ਹਨ। (ਮੱਤੀ 18:8, 9) ਮਿਸਾਲ ਲਈ, ਜੇ ਤੁਹਾਡੇ ਦੋਸਤ ਤੁਹਾਨੂੰ ਉਹ ਕੰਮ ਕਰਨ ਨੂੰ ਕਹਿਣ ਜਿਸ ਨਾਲ ਯਹੋਵਾਹ ਨਾਰਾਜ਼ ਹੋ ਸਕਦਾ ਹੈ, ਤਾਂ ਕੀ ਤੁਸੀਂ ਉਨ੍ਹਾਂ ਨਾਲ ਦੋਸਤੀ ਰੱਖੋਗੇ? ਜੇ ਤੁਸੀਂ ਹੱਦੋਂ ਵੱਧ ਸ਼ਰਾਬ ਪੀਣ ਦੀ ਆਦਤ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਕੀ ਤੁਸੀਂ ਉਸ ਜਗ੍ਹਾ ਜਾਓਗੇ ਜਿੱਥੇ ਤੁਸੀਂ ਸੌਖਿਆਂ ਹੀ ਇਸ ਫੰਦੇ ਵਿਚ ਫਸ ਸਕਦੇ ਹੋ? ਜੇ ਤੁਸੀਂ ਗੰਦੇ ਖ਼ਿਆਲਾਂ ’ਤੇ ਕਾਬੂ ਪਾਉਣ ਲਈ ਲੜ ਰਹੇ ਹੋ, ਤਾਂ ਕੀ ਤੁਸੀਂ ਅਜਿਹੀਆਂ ਫ਼ਿਲਮਾਂ, ਵੈੱਬਸਾਈਟਾਂ ਜਾਂ ਕੰਮਾਂ ਤੋਂ ਦੂਰ ਰਹੋਗੇ ਜਿਨ੍ਹਾਂ ਕਰਕੇ ਤੁਹਾਡੇ ਮਨ ਵਿਚ ਗੰਦੇ ਖ਼ਿਆਲ ਆਉਣ? ਯਾਦ ਰੱਖੋ ਕਿ ਜੇ ਅਸੀਂ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਸੇ ਵੀ ਚੀਜ਼ ਦੀ ਕੁਰਬਾਨੀ ਕਰਦੇ ਹਾਂ, ਤਾਂ ਉਸ ਵਿਚ ਸਾਡਾ ਹੀ ਭਲਾ ਹੈ। ਯਹੋਵਾਹ ਸਾਨੂੰ ਛੱਡ ਦੇਵੇ, ਇਸ ਤੋਂ ਵੱਡੀ ਦੁੱਖ ਦੀ ਗੱਲ ਹੋਰ ਕਿਹੜੀ ਹੋ ਸਕਦੀ ਹੈ? ਯਹੋਵਾਹ ਦੀ “ਸਦੀਪਕ ਦਯਾ” ਨਾਲੋਂ ਹੋਰ ਕੋਈ ਚੀਜ਼ ਵਧੀਆ ਹੋ ਹੀ ਨਹੀਂ ਸਕਦੀ।​—ਯਸਾ. 54:7, 8.

‘ਓਹ ਤੁਹਾਡੇ ਪਨਾਹ ਲਈ ਹੋਣਗੇ’

13. ਸਮਝਾਓ ਕਿ ਨਗਰ ਵਿਚ ਭਗੌੜਾ ਬਿਨਾਂ ਡਰੇ ਖ਼ੁਸ਼ੀਆਂ ਭਰੀ ਜ਼ਿੰਦਗੀ ਕਿਉਂ ਜੀ ਸਕਦਾ ਸੀ।

13 ਜਦ ਤਕ ਭਗੌੜਾ ਨਗਰ ਵਿਚ ਹੁੰਦਾ ਸੀ, ਤਦ ਤਕ ਉਸ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਸੀ ਹੁੰਦਾ। ਯਹੋਵਾਹ ਨੇ ਉਨ੍ਹਾਂ ਨਗਰਾਂ ਬਾਰੇ ਕਿਹਾ: ‘ਓਹ ਤੁਹਾਡੀ ਪਨਾਹ ਲਈ ਹੋਣਗੇ।’ (ਯਹੋ. 20:2, 3) ਯਹੋਵਾਹ ਨਹੀਂ ਚਾਹੁੰਦਾ ਸੀ ਕਿ ਭਗੌੜੇ ’ਤੇ ਕਾਰਵਾਈ ਵਾਰ-ਵਾਰ ਕੀਤੀ ਜਾਵੇ। ਨਾਲੇ ਪਰਮੇਸ਼ੁਰ ਨੇ ਖ਼ੂਨ ਦਾ ਬਦਲਾ ਲੈਣ ਵਾਲੇ ਨੂੰ ਨਗਰ ਅੰਦਰ ਪੈਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਜਦ ਤਕ ਭਗੌੜਾ ਨਗਰ ਦੇ ਅੰਦਰ ਹੁੰਦਾ ਸੀ ਤਦ ਤਕ ਉਹ ਯਹੋਵਾਹ ਦੀ ਸੁਰੱਖਿਆ ਹੇਠ ਹੁੰਦਾ ਸੀ। ਉਹ ਕਿਸੇ ਕੈਦ ਵਿਚ ਨਹੀਂ ਸੀ ਹੁੰਦਾ, ਸਗੋਂ ਉਹ ਵਧੀਆ ਜ਼ਿੰਦਗੀ ਜੀ ਸਕਦਾ ਸੀ। ਨਗਰ ਵਿਚ ਉਹ ਆਪਣਾ ਕੰਮ ਕਰ ਸਕਦਾ ਸੀ, ਦੂਜਿਆਂ ਦੀ ਮਦਦ ਕਰ ਸਕਦਾ ਸੀ ਅਤੇ ਸ਼ਾਂਤੀ ਨਾਲ ਯਹੋਵਾਹ ਦੀ ਭਗਤੀ ਕਰ ਸਕਦਾ ਸੀ।

ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਮਾਫ਼ ਕਰਦਾ ਹੈ (ਪੈਰੇ 14-16 ਦੇਖੋ)

14. ਤੋਬਾ ਕਰਨ ਵਾਲਾ ਕਿਸ ਗੱਲ ਦਾ ਭਰੋਸਾ ਰੱਖ ਸਕਦਾ ਹੈ?

14 ਯਹੋਵਾਹ ਦੇ ਕੁਝ ਲੋਕ ਆਪਣੇ ਗੰਭੀਰ ਪਾਪਾਂ ਤੋਂ ਤੋਬਾ ਕਰਨ ਤੋਂ ਬਾਅਦ ਵੀ ਦੋਸ਼ੀ ਮਹਿਸੂਸ ਕਰਦੇ ਹਨ। ਕਈਆਂ ਨੂੰ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਦੇ ਪਾਪ ਕਦੇ ਨਹੀਂ ਭੁੱਲੇਗਾ। ਜੇ ਤੁਹਾਨੂੰ ਵੀ ਇਸੇ ਤਰ੍ਹਾਂ ਲੱਗਦਾ ਹੈ, ਤਾਂ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜਦੋਂ ਯਹੋਵਾਹ ਮਾਫ਼ ਕਰਦਾ ਹੈ, ਤਾਂ ਉਹ ਪੂਰੀ ਤਰ੍ਹਾਂ ਮਾਫ਼ ਕਰ ਦਿੰਦਾ ਹੈ। ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਨਾ ਛੱਡ ਦਿਓ। ਡਾਨੀਏਲ ਨਾਲ ਵੀ ਇਸੇ ਤਰ੍ਹਾਂ ਹੋਇਆ ਜਿਸ ਬਾਰੇ ਆਪਾਂ ਪਹਿਲਾਂ ਗੱਲ ਕੀਤੀ ਸੀ। ਜਦੋਂ ਬਜ਼ੁਰਗਾਂ ਨੇ ਸੁਧਾਰ ਕਰਨ ਅਤੇ ਦੁਬਾਰਾ ਸਾਫ਼ ਜ਼ਮੀਰ ਹਾਸਲ ਕਰਨ ਵਿਚ ਉਸ ਦੀ ਮਦਦ ਕੀਤੀ, ਤਾਂ ਉਸ ਨੇ ਬਹੁਤ ਹਲਕਾ ਮਹਿਸੂਸ ਕੀਤਾ। ਉਹ ਕਹਿੰਦਾ ਹੈ: “ਹੁਣ ਮੈਂ ਆਪਣੇ ਆਪ ਵਿਚ ਦੋਸ਼ੀ ਮਹਿਸੂਸ ਕਰਨਾ ਛੱਡ ਦਿੱਤਾ ਹੈ। ਜਦੋਂ ਯਹੋਵਾਹ ਸਾਡੇ ਪਾਪ ਮਾਫ਼ ਕਰਦਾ ਹੈ, ਤਾਂ ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਦਿੰਦਾ ਹੈ। ਯਹੋਵਾਹ ਕਹਿੰਦਾ ਹੈ ਕਿ ਉਹ ਸਾਡੇ ਪਾਪਾਂ ਨੂੰ ਚੁੱਕ ਕੇ ਦੂਰ ਸੁੱਟ ਦਿੰਦਾ ਹੈ। ਉਹ ਕਦੀ ਵੀ ਸਾਡੇ ਪਾਪ ਦੁਬਾਰਾ ਸਾਡੇ ਸਾਮ੍ਹਣੇ ਨਹੀਂ ਲਿਆਉਂਦਾ।” ਪਨਾਹ ਨਗਰ ਵਿਚ ਦਾਖ਼ਲ ਹੋਣ ਤੋਂ ਬਾਅਦ ਭਗੌੜੇ ਨੂੰ ਡਰ ਨਹੀਂ ਸੀ ਹੁੰਦਾ ਕਿ ਬਦਲਾ ਲੈਣ ਵਾਲਾ ਉਸ ਨੂੰ ਮਾਰ ਦੇਵੇਗਾ। ਉਸੇ ਤਰ੍ਹਾਂ ਜਦੋਂ ਯਹੋਵਾਹ ਮਾਫ਼ ਕਰ ਦਿੰਦਾ ਹੈ, ਤਾਂ ਸਾਨੂੰ ਡਰ ਨਹੀਂ ਹੁੰਦਾ ਕਿ ਉਹ ਸਾਡੀ ਗ਼ਲਤੀ ਦਾ ਸਾਨੂੰ ਵਾਰ-ਵਾਰ ਅਹਿਸਾਸ ਕਰਾਵੇਗਾ ਜਾਂ ਸਜ਼ਾ ਦੇਵੇਗਾ।​—ਜ਼ਬੂਰਾਂ ਦੀ ਪੋਥੀ 103:8-12 ਪੜ੍ਹੋ।

15, 16. ਅਸੀਂ ਯਹੋਵਾਹ ਦੀ ਦਇਆ ’ਤੇ ਭਰੋਸਾ ਕਿਉਂ ਰੱਖ ਸਕਦੇ ਹਾਂ?

15 ਇਜ਼ਰਾਈਲੀਆਂ ਨਾਲੋਂ ਅੱਜ ਸਾਡੇ ਕੋਲ ਯਹੋਵਾਹ ਦੀ ਦਇਆ ’ਤੇ ਭਰੋਸਾ ਰੱਖਣ ਦੇ ਜ਼ਿਆਦਾ ਕਾਰਨ ਹਨ। ਪੌਲੁਸ ਨੇ ਆਪਣੇ ਆਪ ਨੂੰ “ਬੇਬੱਸ” ਇਸ ਲਈ ਕਿਹਾ ਕਿਉਂਕਿ ਉਹ ਯਹੋਵਾਹ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਮੰਨਣ ਵਿਚ ਨਾਕਾਮ ਹੋ ਰਿਹਾ ਸੀ। ਪਰ ਉਸ ਨੇ ਬਾਅਦ ਵਿਚ ਇਹ ਵੀ ਕਿਹਾ: “ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜੋ ਮੈਨੂੰ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਬਚਾਏਗਾ।” (ਰੋਮੀ. 7:25) ਇਸ ਦਾ ਕੀ ਮਤਲਬ ਸੀ? ਚਾਹੇ ਪੌਲੁਸ ਨੇ ਤੋਬਾ ਕੀਤੀ ਸੀ, ਪਰ ਫਿਰ ਵੀ ਉਹ ਆਪਣੀਆਂ ਪਿਛਲੀਆਂ ਗ਼ਲਤੀਆਂ ਅਤੇ ਪਾਪੀ ਇੱਛਾਵਾਂ ਨਾਲ ਲੜ ਰਿਹਾ ਸੀ। ਪਰ ਉਸ ਨੂੰ ਭਰੋਸਾ ਸੀ ਕਿ ਯਹੋਵਾਹ ਨੇ ਉਸ ਨੂੰ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਮਾਫ਼ ਕੀਤਾ ਸੀ। ਯਿਸੂ ਵੱਲੋਂ ਰਿਹਾਈ ਦੀ ਕੀਮਤ ਦੇਣ ਕਰਕੇ ਸਾਡੇ ਕੋਲ ਸਾਫ਼ ਜ਼ਮੀਰ ਅਤੇ ਮਨ ਦੀ ਸ਼ਾਂਤੀ ਹੈ। (ਇਬ. 9:13, 14) ਯਿਸੂ ਸਾਡਾ ਮਹਾਂ ਪੁਜਾਰੀ ਹੈ “ਇਸ ਕਰਕੇ ਉਹ ਉਨ੍ਹਾਂ ਸਾਰਿਆਂ ਨੂੰ ਪੂਰੀ ਤਰ੍ਹਾਂ ਬਚਾਉਣ ਦੇ ਕਾਬਲ ਹੈ ਜਿਹੜੇ ਉਸ ਰਾਹੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਨ ਕਿਉਂਕਿ ਉਹ ਉਨ੍ਹਾਂ ਵਾਸਤੇ ਬੇਨਤੀ ਕਰਨ ਲਈ ਹਮੇਸ਼ਾ ਜੀਉਂਦਾ ਰਹਿੰਦਾ ਹੈ।” (ਇਬ. 7:24, 25) ਪੁਰਾਣੇ ਸਮੇਂ ਵਿਚ ਮਹਾਂ ਪੁਜਾਰੀ ਯਹੋਵਾਹ ਤੋਂ ਮਾਫ਼ੀ ਹਾਸਲ ਕਰਨ ਵਿਚ ਇਜ਼ਰਾਈਲੀਆਂ ਦੀ ਮਦਦ ਕਰਦਾ ਸੀ। ਅੱਜ ਯਿਸੂ ਸਾਡਾ ਮਹਾਂ ਪੁਜਾਰੀ ਹੈ, ਇਸ ਲਈ ਸਾਡੇ ਕੋਲ ਭਰੋਸਾ ਰੱਖਣ ਦੇ ਹੋਰ ਵੀ ਜ਼ਿਆਦਾ ਕਾਰਨ ਹਨ ਕਿ “ਜਦੋਂ ਸਾਨੂੰ ਮਦਦ ਦੀ ਲੋੜ ਹੋਵੇ, ਤਾਂ ਉਹ ਸਾਡੇ ਉੱਤੇ ਦਇਆ ਅਤੇ ਅਪਾਰ ਕਿਰਪਾ” ਕਰੇਗਾ।​—ਇਬ. 4:15, 16.

16 ਯਹੋਵਾਹ ਵਿਚ ਪਨਾਹ ਲੈਣ ਲਈ ਜ਼ਰੂਰੀ ਹੈ ਕਿ ਅਸੀਂ ਯਿਸੂ ਦੀ ਕੁਰਬਾਨੀ ’ਤੇ ਨਿਹਚਾ ਕਰੀਏ। ਇਹ ਨਾ ਸੋਚੋ ਕਿ ਰਿਹਾਈ ਦੀ ਕੀਮਤ ਬਾਕੀਆਂ ਲਈ ਦਿੱਤੀ ਗਈ ਹੈ, ਸਗੋਂ ਨਿਹਚਾ ਰੱਖੋ ਇਹ ਕੀਮਤ ਤੁਹਾਡੇ ਲਈ ਵੀ ਦਿੱਤੀ ਗਈ ਹੈ। (ਗਲਾ. 2:20, 21) ਨਿਹਚਾ ਰੱਖੋ ਕਿ ਰਿਹਾਈ ਦੀ ਕੀਮਤ ਕਰਕੇ ਯਹੋਵਾਹ ਤੁਹਾਡੇ ਪਾਪ ਮਾਫ਼ ਕਰਦਾ ਹੈ। ਨਿਹਚਾ ਰੱਖੋ ਕਿ ਰਿਹਾਈ ਦੀ ਕੀਮਤ ਕਰਕੇ ਤੁਹਾਡੇ ਕੋਲ ਹਮੇਸ਼ਾ ਲਈ ਜੀਉਣ ਦੀ ਆਸ ਹੈ। ਯਿਸੂ ਦੀ ਕੁਰਬਾਨੀ ਯਹੋਵਾਹ ਵੱਲੋਂ ਤੁਹਾਡੇ ਲਈ ਇਕ ਤੋਹਫ਼ਾ ਹੈ।

17. ਸਾਨੂੰ ਯਹੋਵਾਹ ਵਿਚ ਪਨਾਹ ਕਿਉਂ ਲੈਣੀ ਚਾਹੀਦੀ ਹੈ?

17 ਪਨਾਹ ਨਗਰਾਂ ਤੋਂ ਅਸੀਂ ਯਹੋਵਾਹ ਦੀ ਦਇਆ ਨੂੰ ਸਮਝ ਸਕਦੇ ਹਾਂ। ਇਸ ਪ੍ਰਬੰਧ ਤੋਂ ਪਰਮੇਸ਼ੁਰ ਸਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ਪਵਿੱਤਰ ਹੈ। ਨਾਲੇ ਇਹ ਵੀ ਪਤਾ ਲੱਗਦਾ ਹੈ ਕਿ ਬਜ਼ੁਰਗ ਸਾਡੀ ਮਦਦ ਕਿਵੇਂ ਕਰਦੇ ਹਨ, ਦਿਲੋਂ ਤੋਬਾ ਕਰਨ ਦਾ ਕੀ ਮਤਲਬ ਹੈ ਅਤੇ ਯਹੋਵਾਹ ਸਾਨੂੰ ਪੂਰੀ ਤਰ੍ਹਾਂ ਮਾਫ਼ ਕਿਵੇਂ ਕਰਦਾ ਹੈ। ਕੀ ਤੁਸੀਂ ਯਹੋਵਾਹ ਵਿਚ ਪਨਾਹ ਲੈਂਦੇ ਹੋ? ਇਸ ਤੋਂ ਮਹਿਫੂਜ਼ ਜਗ੍ਹਾ ਕੋਈ ਹੋਰ ਹੋਈ ਨਹੀਂ ਸਕਦੀ! (ਜ਼ਬੂ. 91:1, 2) ਅਸੀਂ ਅਗਲੇ ਲੇਖ ਵਿਚ ਪਨਾਹ ਨਗਰਾਂ ਬਾਰੇ ਹੋਰ ਜਾਣ ਕੇ ਸਿੱਖਾਂਗੇ ਕਿ ਅਸੀਂ ਯਹੋਵਾਹ ਦੀ ਦਇਆ ਅਤੇ ਨਿਆਂ ਦੀ ਰੀਸ ਕਿਵੇਂ ਕਰ ਸਕਦੇ ਹਾਂ।

^ ਪੈਰਾ 8 ਮੂਲ ਭਾਸ਼ਾ ਵਿਚ ਜਿਹੜਾ ਸ਼ਬਦ “ਓਟ” ਲਈ ਵਰਤਿਆ ਗਿਆ ਹੈ ਉਸ ਦਾ ਅਨੁਵਾਦ “ਪਨਾਹ” ਵੀ ਕੀਤਾ ਜਾ ਸਕਦਾ ਹੈ।

^ ਪੈਰਾ 10 ਯਹੂਦੀ ਵਿਦਵਾਨਾਂ ਦੇ ਮੁਤਾਬਕ ਸ਼ਾਇਦ ਭਗੌੜੇ ਦਾ ਪਰਿਵਾਰ ਉਸ ਨਾਲ ਪਨਾਹ ਨਗਰ ਵਿਚ ਰਹਿਣ ਚਲਾ ਜਾਂਦਾ ਸੀ।