ਅਧਿਐਨ ਲਈ ਸੁਝਾਅ
ਅਧਿਐਨ ਕਰਨ ਲਈ ਵਧੀਆ ਮਾਹੌਲ ਬਣਾਓ
ਕੀ ਤੁਸੀਂ ਆਪਣੇ ਨਿੱਜੀ ਅਧਿਐਨ ਤੋਂ ਪੂਰਾ-ਪੂਰਾ ਫ਼ਾਇਦਾ ਪਾਉਣਾ ਚਾਹੁੰਦੇ ਹੋ? ਇਨ੍ਹਾਂ ਸੁਝਾਵਾਂ ਦੀ ਮਦਦ ਨਾਲ ਤੁਸੀਂ ਇੱਦਾਂ ਕਰ ਸਕਦੇ ਹੋ:
-
ਚੰਗੀ ਜਗ੍ਹਾ ਲੱਭੋ। ਜੇ ਹੋ ਸਕੇ, ਤਾਂ ਅਧਿਐਨ ਕਰਨ ਲਈ ਅਜਿਹੀ ਜਗ੍ਹਾ ਲੱਭੋ ਜੋ ਸਾਫ਼-ਸੁਥਰੀ ਹੋਵੇ ਅਤੇ ਜਿੱਥੇ ਵਧੀਆ ਰੌਸ਼ਨੀ ਹੋਵੇ। ਤੁਸੀਂ ਮੇਜ਼-ਕੁਰਸੀ ਵਗੈਰਾ ʼਤੇ ਬੈਠ ਕੇ ਜਾਂ ਕਿਤੇ ਬਾਹਰ ਬੈਠ ਕੇ ਅਧਿਐਨ ਕਰ ਸਕਦੇ ਹੋ।
-
ਅਜਿਹੀ ਜਗ੍ਹਾ ਲੱਭੋ ਜਿੱਥੇ ਤੁਸੀਂ ਇਕੱਲੇ ਹੋਵੋ। ਯਿਸੂ ਪ੍ਰਾਰਥਨਾ ਕਰਨ ਲਈ “ਸਵੇਰੇ-ਸਵੇਰੇ” ਕਿਸੇ “ਇਕਾਂਤ ਥਾਂ” ਜਾਂਦਾ ਸੀ। (ਮਰ. 1:35) ਜੇ ਤੁਸੀਂ ਅਜਿਹੀ ਜਗ੍ਹਾ ਨਹੀਂ ਲੱਭ ਸਕਦੇ ਜਿੱਥੇ ਤੁਸੀਂ ਇਕੱਲੇ ਹੋਵੋ, ਤਾਂ ਆਪਣੇ ਪਰਿਵਾਰ ਜਾਂ ਆਪਣੇ ਨਾਲ ਰਹਿਣ ਵਾਲਿਆਂ ਨੂੰ ਦੱਸੋ ਕਿ ਤੁਸੀਂ ਕਦੋਂ ਅਧਿਐਨ ਕਰਦੇ ਹੋ। ਉਨ੍ਹਾਂ ਨੂੰ ਕਹੋ ਕਿ ਉਹ ਉਸ ਸਮੇਂ ਦੌਰਾਨ ਤੁਹਾਨੂੰ ਤੰਗ ਨਾ ਕਰਨ।
-
ਆਪਣਾ ਧਿਆਨ ਨਾ ਭਟਕਣ ਦਿਓ। ਜੇ ਤੁਸੀਂ ਅਧਿਐਨ ਕਰਨ ਲਈ ਫ਼ੋਨ ਜਾਂ ਟੈਬਲੇਟ ਵਗੈਰਾ ਵਰਤਦੇ ਹੋ, ਤਾਂ ਉਸ ਨੂੰ ਸਾਇਲੈਂਟ ਜਾਂ ਏਅਰ-ਪਲੇਨ ਮੋਡ ʼਤੇ ਲਾ ਦਿਓ। ਇੱਦਾਂ ਕਰਨ ਨਾਲ ਤੁਹਾਡਾ ਧਿਆਨ ਨਹੀਂ ਭਟਕੇਗਾ। ਜੇ ਅਧਿਐਨ ਕਰਦਿਆਂ ਤੁਹਾਨੂੰ ਯਾਦ ਆਉਂਦਾ ਹੈ ਕਿ ਤੁਸੀਂ ਕੋਈ ਕੰਮ ਕਰਨਾ ਹੈ, ਤਾਂ ਅਧਿਐਨ ਨਾ ਰੋਕੋ। ਇਸ ਦੀ ਬਜਾਇ, ਉਸ ਨੂੰ ਲਿਖ ਲਓ ਅਤੇ ਬਾਅਦ ਵਿਚ ਉਹ ਕੰਮ ਕਰੋ। ਜੇ ਤੁਹਾਨੂੰ ਧਿਆਨ ਲਾਉਣਾ ਔਖਾ ਲੱਗਦਾ ਹੈ, ਤਾਂ ਸਮੇਂ-ਸਮੇਂ ʼਤੇ ਬ੍ਰੇਕ ਲਓ।