Skip to content

Skip to table of contents

ਬਾਕਾਇਦਾ ਸਟੱਡੀ ਕਰਨ ਲਈ ਸੁਝਾਅ

ਬਾਕਾਇਦਾ ਸਟੱਡੀ ਕਰਨ ਲਈ ਸੁਝਾਅ

ਕੀ ਤੁਹਾਨੂੰ ਬਾਕਾਇਦਾ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰਨਾ ਅਤੇ ਇਸ ਨੂੰ ਮਜ਼ੇਦਾਰ ਬਣਾਉਣਾ ਔਖਾ ਲੱਗਦਾ ਹੈ? ਸਾਨੂੰ ਸਾਰਿਆਂ ਨੂੰ ਕਦੇ-ਨਾ-ਕਦੇ ਇੱਦਾਂ ਲੱਗ ਸਕਦਾ ਹੈ। ਪਰ ਜ਼ਰਾ ਉਨ੍ਹਾਂ ਕੰਮਾਂ ਬਾਰੇ ਸੋਚੋ ਜੋ ਅਸੀਂ ਬਾਕਾਇਦਾ ਕਰਦੇ ਹਾਂ, ਜਿਵੇਂ ਕਿ ਨਹਾਉਣਾ-ਧੋਣਾ। ਇਸ ਵਿਚ ਸਮਾਂ ਲੱਗਦਾ ਹੈ ਤੇ ਜਤਨ ਕਰਨਾ ਪੈਂਦਾ ਹੈ, ਪਰ ਨਹਾਉਣ ਤੋਂ ਬਾਅਦ ਕਿੰਨੀ ਤਾਜ਼ਗੀ ਮਹਿਸੂਸ ਹੁੰਦੀ ਹੈ! ਇਸੇ ਤਰ੍ਹਾਂ ਜਦੋਂ ਅਸੀਂ ਬਾਈਬਲ ਦਾ ਅਧਿਐਨ ਕਰਦੇ ਹਾਂ, ਤਾਂ ਅਸੀਂ “ਪਰਮੇਸ਼ੁਰ ਦੇ ਬਚਨ ਦੇ ਪਾਣੀ ਨਾਲ” ਨਹਾ ਕੇ ਤਰੋ-ਤਾਜ਼ਾ ਹੋ ਜਾਂਦੇ ਹਾਂ। (ਅਫ਼. 5:26) ਇੱਦਾਂ ਕਰਨ ਲਈ ਕੁਝ ਸੁਝਾਵਾਂ ʼਤੇ ਗੌਰ ਕਰੋ:

  • ਸ਼ਡਿਉਲ ਬਣਾਓ। ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰਨਾ “ਜ਼ਿਆਦਾ ਜ਼ਰੂਰੀ ਗੱਲਾਂ” ਵਿਚ ਸ਼ਾਮਲ ਹੈ। (ਫ਼ਿਲਿ. 1:10) ਇਸ ਲਈ ਹਰ ਮਸੀਹੀ ਨੂੰ ਬਾਕਾਇਦਾ ਅਧਿਐਨ ਕਰਨਾ ਚਾਹੀਦਾ ਹੈ। ਆਪਣੇ ਸ਼ਡਿਉਲ ਮੁਤਾਬਕ ਚੱਲਣ ਲਈ ਕਿਉਂ ਨਾ ਇਸ ਨੂੰ ਇੱਦਾਂ ਦੀ ਜਗ੍ਹਾ ʼਤੇ ਲਗਾਓ ਜਿੱਥੇ ਤੁਸੀਂ ਇਸ ਨੂੰ ਆਸਾਨੀ ਨਾਲ ਦੇਖ ਸਕੋ, ਜਿਵੇਂ ਕਿ ਨੋਟਿਸ ਬੋਰਡ ਜਾਂ ਫਰਿੱਜ ʼਤੇ? ਜਾਂ ਤੁਸੀਂ ਆਪਣੇ ਫ਼ੋਨ ʼਤੇ ਅਲਾਰਮ ਲਗਾ ਸਕਦੇ ਹੋ ਜੋ ਤੁਹਾਨੂੰ ਯਾਦ ਕਰਾਵੇਗਾ ਕਿ ਅਧਿਐਨ ਕਰਨ ਦਾ ਸਮਾਂ ਹੋ ਗਿਆ ਹੈ।

  • ਆਪਣੇ ਹਾਲਾਤਾਂ ਮੁਤਾਬਕ ਸਮਾਂ ਤੈਅ ਕਰੋ। ਕੀ ਤੁਹਾਡੇ ਲਈ ਲੰਬੇ ਸਮੇਂ ਤਕ ਧਿਆਨ ਲਾ ਕੇ ਅਧਿਐਨ ਕਰਨਾ ਸੌਖਾ ਹੈ ਜਾਂ ਥੋੜ੍ਹਾ ਰੁਕ-ਰੁਕ ਕੇ? ਤੁਸੀਂ ਆਪਣੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਇਸ ਲਈ ਆਪਣੇ ਹਾਲਾਤਾਂ ਮੁਤਾਬਕ ਅਧਿਐਨ ਕਰਨ ਦਾ ਸਮਾਂ ਤੈਅ ਕਰੋ। ਜੇ ਤੈਅ ਕੀਤੇ ਗਏ ਸਮੇਂ ਤੇ ਤੁਹਾਡਾ ਸਟੱਡੀ ਕਰਨ ਨੂੰ ਮਨ ਨਾ ਕਰੇ, ਤਾਂ ਕਿਉਂ ਨਾ ਤੁਸੀਂ ਸਿਰਫ਼ 10 ਮਿੰਟਾਂ ਲਈ ਅਧਿਐਨ ਕਰੋ? ਕੁਝ ਨਾ ਪੜ੍ਹਨ ਨਾਲੋਂ ਚੰਗਾ ਹੈ ਕਿ ਤੁਸੀਂ ਥੋੜ੍ਹੀ ਦੇਰ ਹੀ ਪੜ੍ਹੋ। ਨਾਲੇ ਕੀ ਪਤਾ ਥੋੜ੍ਹੀ ਦੇਰ ਅਧਿਐਨ ਕਰਨ ਤੋਂ ਬਾਅਦ ਤੁਹਾਡਾ ਹੋਰ ਵੀ ਜ਼ਿਆਦਾ ਸਮੇਂ ਲਈ ਅਧਿਐਨ ਕਰਨ ਦਾ ਮਨ ਕਰੇ!​—ਫ਼ਿਲਿ. 2:13.

  • ਪਹਿਲਾਂ ਤੋਂ ਹੀ ਵਿਸ਼ੇ ਸੋਚ ਕੇ ਰੱਖੋ। ਜੇ ਤੁਸੀਂ ਅਧਿਐਨ ਕਰਨ ਲਈ ਬੈਠਣ ਤੋਂ ਬਾਅਦ ਸੋਚਦੇ ਹੋ ਕਿ ਤੁਸੀਂ ਕਿਸ ਵਿਸ਼ੇ ʼਤੇ ਅਧਿਐਨ ਕਰੋਗੇ, ਤਾਂ ਤੁਸੀਂ “ਆਪਣੇ ਸਮੇਂ ਨੂੰ ਚੰਗੀ ਤਰ੍ਹਾਂ” ਨਹੀਂ ਵਰਤ ਰਹੇ ਹੋਵੋਗੇ। (ਅਫ਼. 5:16) ਕਿਉਂ ਨਾ ਤੁਸੀਂ ਉਨ੍ਹਾਂ ਲੇਖਾਂ ਜਾਂ ਵਿਸ਼ਿਆਂ ਦੀ ਲਿਸਟ ਬਣਾਓ ਜਿਨ੍ਹਾਂ ਬਾਰੇ ਤੁਸੀਂ ਅਧਿਐਨ ਕਰਨਾ ਚਾਹੁੰਦੇ ਹੋ? ਜਦੋਂ ਵੀ ਤੁਹਾਡੇ ਮਨ ਵਿਚ ਕੋਈ ਸਵਾਲ ਆਵੇ, ਤਾਂ ਉਸ ਨੂੰ ਲਿਖ ਲਓ। ਨਾਲੇ ਹਰ ਵਾਰ ਅਧਿਐਨ ਕਰਨ ਤੋਂ ਬਾਅਦ ਸ਼ਾਇਦ ਤੁਹਾਡੇ ਮਨ ਵਿਚ ਹੋਰ ਵੀ ਖ਼ਿਆਲ ਆਉਣ ਜਿਨ੍ਹਾਂ ਨੂੰ ਤੁਸੀਂ ਇਸ ਲਿਸਟ ਵਿਚ ਸ਼ਾਮਲ ਕਰ ਸਕਦੇ ਹੋ।

  • ਫੇਰ-ਬਦਲ ਕਰੋ। ਹੋ ਸਕਦਾ ਹੈ ਕਿ ਤੁਸੀਂ ਜਿਸ ਸਮੇਂ ਜਾਂ ਜਿਸ ਵਿਸ਼ੇ ਬਾਰੇ ਅਧਿਐਨ ਕਰਨ ਦੀ ਸੋਚੀ ਹੈ, ਤੁਸੀਂ ਉੱਦਾਂ ਨਾ ਕਰ ਸਕੋ। ਇਸ ਤਰ੍ਹਾਂ ਹੋਣ ਤੇ ਫੇਰ-ਬਦਲ ਕਰਨ ਲਈ ਤਿਆਰ ਰਹੋ। ਹਾਂ, ਇਹ ਤਾਂ ਜ਼ਰੂਰੀ ਹੈ ਕਿ ਤੁਸੀਂ ਕਦੋਂ, ਕਿੰਨੇ ਸਮੇਂ ਲਈ ਜਾਂ ਕੀ ਅਧਿਐਨ ਕਰੋਗੇ, ਪਰ ਇਸ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਬਾਕਾਇਦਾ ਅਧਿਐਨ ਕਰੋ।

ਬਾਕਾਇਦਾ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰ ਕੇ ਸਾਨੂੰ ਸੱਚ-ਮੁੱਚ ਫ਼ਾਇਦਾ ਹੁੰਦਾ ਹੈ। ਅਸੀਂ ਯਹੋਵਾਹ ਦੇ ਨੇੜੇ ਜਾਂਦੇ ਹਾਂ, ਅਸੀਂ ਸਮਝਦਾਰੀ ਤੋਂ ਕੰਮ ਲੈਣਾ ਸਿੱਖਦੇ ਹਾਂ ਅਤੇ ਅਸੀਂ ਤਰੋ-ਤਾਜ਼ਾ ਮਹਿਸੂਸ ਕਰਦੇ ਹਾਂ।​—ਯਹੋ. 1:8.