Skip to content

Skip to table of contents

ਅਧਿਐਨ ਲੇਖ 44

ਗੀਤ 33 ਆਪਣਾ ਬੋਝ ਯਹੋਵਾਹ ʼਤੇ ਸੁੱਟੋ

ਬੇਇਨਸਾਫ਼ੀ ਹੋਣ ʼਤੇ ਕੀ ਕਰੀਏ?

ਬੇਇਨਸਾਫ਼ੀ ਹੋਣ ʼਤੇ ਕੀ ਕਰੀਏ?

“ਬੁਰਾਈ ਤੋਂ ਹਾਰ ਨਾ ਮੰਨੋ, ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤਦੇ ਰਹੋ।” ​—ਰੋਮੀ. 12:21.

ਕੀ ਸਿੱਖਾਂਗੇ?

ਜਦੋਂ ਸਾਡੇ ਨਾਲ ਕੋਈ ਬੇਇਨਸਾਫ਼ੀ ਹੁੰਦੀ ਹੈ, ਉਦੋਂ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਗੱਲ ਹੋਰ ਨਾ ਵਿਗੜੇ।

1-2. ਸ਼ਾਇਦ ਕਿਨ੍ਹਾਂ ਤਰੀਕਿਆਂ ਨਾਲ ਸਾਡੇ ਨਾਲ ਬੇਇਨਸਾਫ਼ੀ ਕੀਤੀ ਜਾਵੇ?

 ਇਕ ਮੌਕੇ ʼਤੇ ਯਿਸੂ ਨੇ ਇਕ ਵਿਧਵਾ ਦੀ ਮਿਸਾਲ ਦਿੱਤੀ ਜੋ ਵਾਰ-ਵਾਰ ਜੱਜ ਕੋਲ ਆ ਕੇ ਇਨਸਾਫ਼ ਮੰਗਦੀ ਸੀ। ਯਿਸੂ ਦੇ ਚੇਲੇ ਸਮਝ ਸਕਦੇ ਸਨ ਕਿ ਮਿਸਾਲ ਵਿਚ ਦੱਸੀ ਔਰਤ ਨੂੰ ਕਿੱਦਾਂ ਲੱਗ ਰਿਹਾ ਹੋਣਾ ਕਿਉਂਕਿ ਉਸ ਸਮੇਂ ਦੇ ਬਹੁਤ ਸਾਰੇ ਲੋਕਾਂ ਨਾਲ ਬੇਇਨਸਾਫ਼ੀ ਹੁੰਦੀ ਸੀ। (ਲੂਕਾ 18:1-5) ਅੱਜ ਅਸੀਂ ਵੀ ਮਿਸਾਲ ਵਿਚ ਦੱਸੀ ਔਰਤ ਦਾ ਦਰਦ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿਉਂਕਿ ਅਸੀਂ ਸਾਰਿਆਂ ਨੇ ਕਦੇ-ਨਾ-ਕਦੇ ਬੇਇਨਸਾਫ਼ੀ ਸਹੀ ਹੈ।

2 ਅੱਜ ਦੁਨੀਆਂ ਵਿਚ ਬਹੁਤ ਸਾਰੇ ਲੋਕ ਪੱਖਪਾਤ ਕਰਦੇ ਹਨ, ਆਪਣੇ ਆਪ ਨੂੰ ਦੂਜਿਆਂ ਤੋਂ ਵਧੀਆ ਸਮਝਦੇ ਹਨ ਅਤੇ ਬੁਰੇ ਤਰੀਕੇ ਨਾਲ ਪੇਸ਼ ਆਉਂਦੇ ਹਨ। ਇਸ ਲਈ ਜਦੋਂ ਦੁਨੀਆਂ ਦੇ ਲੋਕ ਸਾਡੇ ਨਾਲ ਇੱਦਾਂ ਪੇਸ਼ ਆਉਂਦੇ ਹਨ, ਤਾਂ ਸਾਨੂੰ ਇੰਨੀ ਹੈਰਾਨੀ ਨਹੀਂ ਹੁੰਦੀ। (ਉਪ. 5:8) ਪਰ ਸ਼ਾਇਦ ਸਾਨੂੰ ਉਦੋਂ ਬਹੁਤ ਜ਼ਿਆਦਾ ਦੁੱਖ ਲੱਗੇ ਜਦੋਂ ਕੋਈ ਭੈਣ ਜਾਂ ਭਰਾ ਸਾਡੇ ਨਾਲ ਇੱਦਾਂ ਕਰਦਾ ਹੈ ਕਿਉਂਕਿ ਅਸੀਂ ਉਨ੍ਹਾਂ ਤੋਂ ਇਹ ਉਮੀਦ ਨਹੀਂ ਕੀਤੀ ਹੁੰਦੀ। ਬਿਨਾਂ ਸ਼ੱਕ, ਸਾਡੇ ਵਿਰੋਧੀਆਂ ਵਾਂਗ ਸਾਡੇ ਭੈਣ-ਭਰਾ ਜਾਣ-ਬੁੱਝ ਕੇ ਸਾਡੇ ਨਾਲ ਬੁਰੇ ਤਰੀਕੇ ਨਾਲ ਪੇਸ਼ ਨਹੀਂ ਆਉਂਦੇ। ਉਹ ਨਾਮੁਕੰਮਲ ਹਨ। ਇਸ ਬਾਰੇ ਅਸੀਂ ਯਿਸੂ ਦੀ ਮਿਸਾਲ ਤੋਂ ਸਿੱਖਾਂਗੇ ਕਿ ਬੇਇਨਸਾਫ਼ੀ ਹੋਣ ʼਤੇ ਉਹ ਕਿੱਦਾਂ ਪੇਸ਼ ਆਇਆ। ਜੇ ਅਸੀਂ ਬੇਇਨਸਾਫ਼ੀ ਕਰਨ ਵਾਲੇ ਵਿਰੋਧੀਆਂ ਨਾਲ ਧੀਰਜ ਰੱਖਦੇ ਹਾਂ, ਤਾਂ ਇਹ ਕਿੰਨਾ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਹੋਰ ਵੀ ਜ਼ਿਆਦਾ ਧੀਰਜ ਰੱਖੀਏ! ਜਦੋਂ ਸਾਡੇ ਨਾਲ ਮੰਡਲੀ ਵਿਚ ਜਾਂ ਮੰਡਲੀ ਤੋਂ ਬਾਹਰ ਬੇਇਨਸਾਫ਼ੀ ਹੁੰਦੀ ਹੈ, ਤਾਂ ਯਹੋਵਾਹ ਨੂੰ ਕਿੱਦਾਂ ਲੱਗਦਾ ਹੈ? ਕੀ ਉਸ ਨੂੰ ਕੋਈ ਫ਼ਰਕ ਪੈਂਦਾ ਹੈ?

3. ਜਦੋਂ ਸਾਡੇ ਨਾਲ ਬੇਇਨਸਾਫ਼ੀ ਹੁੰਦੀ ਹੈ, ਤਾਂ ਕੀ ਯਹੋਵਾਹ ਨੂੰ ਫ਼ਰਕ ਪੈਂਦਾ ਹੈ ਅਤੇ ਕਿਉਂ?

3 ਯਹੋਵਾਹ ਨੂੰ ਇਸ ਗੱਲ ਨਾਲ ਫ਼ਰਕ ਪੈਂਦਾ ਹੈ ਕਿ ਲੋਕ ਸਾਡੇ ਨਾਲ ਕਿੱਦਾਂ ਪੇਸ਼ ਆਉਂਦੇ ਹਨ। ਕਿਉਂ? ਕਿਉਂਕਿ “ਯਹੋਵਾਹ ਨਿਆਂ-ਪਸੰਦ ਪਰਮੇਸ਼ੁਰ ਹੈ।” (ਜ਼ਬੂ. 37:28) ਯਿਸੂ ਨੇ ਯਕੀਨ ਦਿਵਾਇਆ ਸੀ ਕਿ ਯਹੋਵਾਹ ਸਹੀ ਸਮੇਂ ʼਤੇ ‘ਫਟਾਫਟ ਇਨਸਾਫ਼ ਕਰੇਗਾ।’ (ਲੂਕਾ 18:7, 8) ਨਾਲੇ ਯਹੋਵਾਹ ਜਲਦੀ ਹੀ ਉਨ੍ਹਾਂ ਸਾਰੇ ਨੁਕਸਾਨਾਂ ਦੀ ਭਰਪਾਈ ਕਰੇਗਾ ਜੋ ਅੱਜ ਸਾਨੂੰ ਹੁੰਦੇ ਹਨ। ਨਾਲੇ ਉਹ ਹਰ ਤਰ੍ਹਾਂ ਦੀ ਬੇਇਨਸਾਫ਼ੀ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।​—ਜ਼ਬੂ. 72:1, 2.

4. ਯਹੋਵਾਹ ਅੱਜ ਸਾਡੀ ਕਿੱਦਾਂ ਮਦਦ ਕਰਦਾ ਹੈ?

4 ਅਸੀਂ ਉਸ ਸਮੇਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਦੋਂ ਯਹੋਵਾਹ ਹਰ ਤਰ੍ਹਾਂ ਦੀ ਬੇਇਨਸਾਫ਼ੀ ਨੂੰ ਖ਼ਤਮ ਕਰ ਦੇਵੇਗਾ। ਪਰ ਉਹ ਅੱਜ ਵੀ ਬੇਇਨਸਾਫ਼ੀ ਹੋਣ ʼਤੇ ਸਾਡੀ ਮਦਦ ਕਰਦਾ ਹੈ। (2 ਪਤ. 3:13) ਮਿਸਾਲ ਲਈ, ਉਹ ਸਾਨੂੰ ਸਿਖਾਉਂਦਾ ਹੈ ਕਿ ਬੇਇਨਸਾਫ਼ੀ ਹੋਣ ʼਤੇ ਅਸੀਂ ਕੀ ਕਰ ਸਕਦੇ ਹਾਂ ਤਾਂਕਿ ਗੱਲ ਹੋਰ ਨਾ ਵਿਗੜੇ। ਯਹੋਵਾਹ ਨੇ ਬਾਈਬਲ ਵਿਚ ਸਾਨੂੰ ਦੱਸਿਆ ਹੈ ਕਿ ਬੇਇਨਸਾਫ਼ੀ ਹੋਣ ʼਤੇ ਉਸ ਦੇ ਪੁੱਤਰ ਯਿਸੂ ਨੇ ਕੀ ਕੀਤਾ। ਨਾਲੇ ਉਸ ਨੇ ਸਾਨੂੰ ਬਾਈਬਲ ਵਿਚ ਵਧੀਆ ਸਲਾਹਾਂ ਵੀ ਦਿੱਤੀਆਂ ਹਨ ਕਿ ਬੇਇਨਸਾਫ਼ੀ ਹੋਣ ʼਤੇ ਅਸੀਂ ਕੀ ਕਰ ਸਕਦੇ ਹਾਂ।

ਧਿਆਨ ਰੱਖੋ ਕਿ ਬੇਇਨਸਾਫ਼ੀ ਹੋਣ ʼਤੇ ਤੁਸੀਂ ਕਿੱਦਾਂ ਪੇਸ਼ ਆਉਂਦੇ ਹੋ

5. ਬੇਇਨਸਾਫ਼ੀ ਹੋਣ ʼਤੇ ਸਾਨੂੰ ਆਪਣੇ ਪੇਸ਼ ਆਉਣ ਦੇ ਤਰੀਕੇ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ?

5 ਬੇਇਨਸਾਫ਼ੀ ਹੋਣ ʼਤੇ ਸ਼ਾਇਦ ਸਾਨੂੰ ਬਹੁਤ ਬੁਰਾ ਲੱਗੇ ਅਤੇ ਅਸੀਂ ਨਿਰਾਸ਼ ਹੋ ਜਾਈਏ। (ਉਪ. 7:7) ਅੱਯੂਬ ਅਤੇ ਹੱਬਕੂਕ ਵਰਗੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਵੀ ਇੱਦਾਂ ਹੀ ਲੱਗਾ ਸੀ। (ਅੱਯੂ. 6:2, 3; ਹੱਬ. 1:1-3) ਇੱਦਾਂ ਮਹਿਸੂਸ ਕਰਨਾ ਕੁਦਰਤੀ ਹੈ। ਪਰ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਬੇਇਨਸਾਫ਼ੀ ਹੋਣ ʼਤੇ ਅਸੀਂ ਕਿੱਦਾਂ ਪੇਸ਼ ਆਉਂਦੇ ਹਾਂ ਤਾਂਕਿ ਅਸੀਂ ਕੁਝ ਗ਼ਲਤ ਨਾ ਕਰ ਬੈਠੀਏ।

6. ਅਬਸ਼ਾਲੋਮ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ? (ਤਸਵੀਰ ਵੀ ਦੇਖੋ।)

6 ਬੇਇਨਸਾਫ਼ੀ ਹੋਣ ʼਤੇ ਸ਼ਾਇਦ ਅਸੀਂ ਮਾਮਲਾ ਆਪਣੇ ਹੱਥਾਂ ਵਿਚ ਲੈਣਾ ਚਾਹੀਏ। ਪਰ ਇੱਦਾਂ ਕਰਨ ਨਾਲ ਗੱਲ ਹੋਰ ਵਿਗੜ ਸਕਦੀ ਹੈ। ਜ਼ਰਾ ਦਾਊਦ ਦੇ ਪੁੱਤਰ ਅਬਸ਼ਾਲੋਮ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਉਸ ਦੇ ਮਤਰੇਏ ਭਰਾ ਅਮਨੋਨ ਨੇ ਉਸ ਦੀ ਭੈਣ ਤਾਮਾਰ ਦਾ ਬਲਾਤਕਾਰ ਕੀਤਾ, ਤਾਂ ਉਸ ਨੂੰ ਬਹੁਤ ਗੁੱਸਾ ਆਇਆ। ਮੂਸਾ ਦੇ ਕਾਨੂੰਨ ਮੁਤਾਬਕ ਅਮਨੋਨ ਨੂੰ ਮੌਤ ਦੀ ਸਜ਼ਾ ਮਿਲਣੀ ਸੀ। (ਲੇਵੀ. 20:17) ਭਾਵੇਂ ਕਿ ਅਬਸ਼ਾਲੋਮ ਦਾ ਗੁੱਸੇ ਹੋਣਾ ਜਾਇਜ਼ ਸੀ, ਪਰ ਗੁੱਸੇ ਵਿਚ ਭੜਕ ਕੇ ਆਪਣੇ ਭਰਾ ਦਾ ਕਤਲ ਕਰਨਾ ਗ਼ਲਤ ਸੀ।​—2 ਸਮੂ. 13:20-23, 28, 29.

ਜਦੋਂ ਅਬਸ਼ਾਲੋਮ ਦੀ ਭੈਣ ਤਾਮਾਰ ਨਾਲ ਬੇਇਨਸਾਫ਼ੀ ਹੋਈ, ਤਾਂ ਉਹ ਗੁੱਸੇ ਵਿਚ ਭੜਕ ਉੱਠਿਆ (ਪੈਰਾ 6 ਦੇਖੋ)


7. ਬੇਇਨਸਾਫ਼ੀ ਹੁੰਦੀ ਦੇਖ ਕੇ ਜ਼ਬੂਰਾਂ ਦੇ ਲਿਖਾਰੀ ਨੂੰ ਕਿੱਦਾਂ ਲੱਗਾ?

7 ਜਦੋਂ ਬੇਇਨਸਾਫ਼ੀ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲਦੀ, ਤਾਂ ਸ਼ਾਇਦ ਸਾਡੇ ਮਨ ਵਿਚ ਆਵੇ ਕਿ ਚੰਗੇ ਕੰਮ ਕਰਨ ਦਾ ਕੀ ਫ਼ਾਇਦਾ। ਜ਼ਰਾ ਜ਼ਬੂਰਾਂ ਦੇ ਲਿਖਾਰੀ ʼਤੇ ਗੌਰ ਕਰੋ। ਉਸ ਨੇ ਦੇਖਿਆ ਕਿ ਦੁਸ਼ਟ ਲੋਕ ਚੰਗੇ ਲੋਕਾਂ ਨਾਲ ਮਾੜਾ ਸਲੂਕ ਕਰਦੇ ਹਨ, ਪਰ ਫਿਰ ਵੀ ਉਹ ਵਧ-ਫੁੱਲ ਰਹੇ ਹਨ। ਉਸ ਨੇ ਕਿਹਾ: “ਇਹ ਸਾਰੇ ਦੁਸ਼ਟ ਹਨ ਜਿਨ੍ਹਾਂ ਦੀ ਜ਼ਿੰਦਗੀ ਅਕਸਰ ਆਰਾਮ ਨਾਲ ਗੁਜ਼ਰਦੀ ਹੈ।” (ਜ਼ਬੂ. 73:12) ਬੇਇਨਸਾਫ਼ੀ ਹੁੰਦੀ ਦੇਖ ਕੇ ਉਹ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ ਸੋਚਿਆ ਕਿ ਯਹੋਵਾਹ ਦੀ ਸੇਵਾ ਕਰਨ ਦਾ ਕੋਈ ਫ਼ਾਇਦਾ ਨਹੀਂ। ਉਸ ਨੇ ਕਿਹਾ: “ਜਦੋਂ ਮੈਂ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਤਾਂ ਮੈਂ ਪਰੇਸ਼ਾਨ ਹੋ ਉੱਠਿਆ।” (ਜ਼ਬੂ. 73:14, 16) ਉਸ ਨੇ ਤਾਂ ਇਹ ਵੀ ਕਿਹਾ: “ਮੇਰੇ ਕਦਮ ਗ਼ਲਤ ਰਾਹ ਪੈਣ ਹੀ ਵਾਲੇ ਸਨ; ਮੇਰੇ ਪੈਰ ਤਿਲਕਣ ਹੀ ਲੱਗੇ ਸਨ।” (ਜ਼ਬੂ. 73:2) ਇੱਦਾਂ ਦਾ ਹੀ ਕੁਝ ਭਰਾ ਐਲਬਰਟੋ ਨਾਲ ਵੀ ਹੋਇਆ।

8. ਬੇਇਨਸਾਫ਼ੀ ਦਾ ਇਕ ਭਰਾ ʼਤੇ ਕੀ ਅਸਰ ਪਿਆ?

8 ਐਲਬਰਟੋ ʼਤੇ ਮੰਡਲੀ ਦੇ ਪੈਸੇ ਚੋਰੀ ਕਰਨ ਦਾ ਝੂਠਾ ਇਲਜ਼ਾਮ ਲਾਇਆ ਗਿਆ। ਨਤੀਜੇ ਵਜੋਂ, ਮੰਡਲੀ ਵਿਚ ਉਸ ਤੋਂ ਬਜ਼ੁਰਗ ਦੀ ਜ਼ਿੰਮੇਵਾਰੀ ਵਾਪਸ ਲੈ ਲਈ ਗਈ। ਜਦੋਂ ਬਾਕੀ ਭੈਣਾਂ-ਭਰਾਵਾਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਵੀ ਭਰਾ ਨੂੰ ਗ਼ਲਤ ਸਮਝਣ ਲੱਗ ਪਏ ਅਤੇ ਉਨ੍ਹਾਂ ਨੇ ਉਸ ਦੀ ਇੱਜ਼ਤ ਕਰਨੀ ਛੱਡ ਦਿੱਤੀ। ਭਰਾ ਕਹਿੰਦਾ ਹੈ: “ਮੈਨੂੰ ਬਹੁਤ ਬੁਰਾ ਲੱਗਾ ਤੇ ਮੈਂ ਗੁੱਸੇ ਤੇ ਕੁੜੱਤਣ ਨਾਲ ਭਰ ਗਿਆ।” ਉਹ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ ਮੀਟਿੰਗਾਂ ਵਿਚ ਜਾਣਾ ਛੱਡ ਦਿੱਤਾ। ਉਹ ਪੰਜ ਸਾਲਾਂ ਤਕ ਮੀਟਿੰਗਾਂ ʼਤੇ ਨਹੀਂ ਗਿਆ। ਇਸ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਬੇਇਨਸਾਫ਼ੀ ਹੋਣ ʼਤੇ ਜੇ ਅਸੀਂ ਗੁੱਸੇ ਨੂੰ ਖ਼ੁਦ ʼਤੇ ਹਾਵੀ ਹੋਣ ਦਿੰਦੇ ਹਾਂ, ਤਾਂ ਕੀ ਹੋ ਸਕਦਾ ਹੈ।

ਬੇਇਨਸਾਫ਼ੀ ਹੋਣ ʼਤੇ ਯਿਸੂ ਦੀ ਰੀਸ ਕਰੋ

9. ਯਿਸੂ ਨੇ ਕੀ ਕੁਝ ਸਹਿਆ? (ਤਸਵੀਰ ਵੀ ਦੇਖੋ।)

9 ਬੇਇਨਸਾਫ਼ੀ ਸਹਿਣ ਦੇ ਮਾਮਲੇ ਵਿਚ ਯਿਸੂ ਨੇ ਸਭ ਤੋਂ ਵਧੀਆ ਮਿਸਾਲ ਰੱਖੀ। ਬਹੁਤ ਸਾਰੇ ਲੋਕਾਂ ਨੇ ਯਿਸੂ ਨਾਲ ਬੁਰਾ ਸਲੂਕ ਕੀਤਾ, ਇੱਥੋਂ ਤਕ ਕਿ ਉਸ ਦੇ ਘਰਦਿਆਂ ਨੇ ਵੀ ਉਸ ਨੂੰ ਬੁਰਾ-ਭਲਾ ਕਿਹਾ। ਮਿਸਾਲ ਲਈ, ਉਸ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਪਾਗਲ ਹੋ ਗਿਆ ਹੈ। ਧਾਰਮਿਕ ਆਗੂਆਂ ਨੇ ਉਸ ʼਤੇ ਦੋਸ਼ ਲਾਇਆ ਕਿ ਉਹ ਦੁਸ਼ਟ ਦੂਤਾਂ ਦੀ ਮਦਦ ਨਾਲ ਸਾਰੇ ਚਮਤਕਾਰ ਕਰਦਾ ਹੈ। ਰੋਮੀ ਫ਼ੌਜੀਆਂ ਨੇ ਉਸ ਦਾ ਮਜ਼ਾਕ ਉਡਾਇਆ, ਉਸ ਨੂੰ ਮਾਰਿਆ-ਕੁੱਟਿਆ ਅਤੇ ਅਖ਼ੀਰ ਉਸ ਨੂੰ ਜਾਨੋਂ ਮਾਰ ਦਿੱਤਾ। (ਮਰ. 3:21, 22; 14: 55; 15:16-20, 35-37) ਪਰ ਯਿਸੂ ਨੇ ਇਹ ਸਭ ਕੁਝ ਚੁੱਪ-ਚਾਪ ਸਹਿ ਲਿਆ ਅਤੇ ਬਦਲਾ ਨਹੀਂ ਲਿਆ। ਯਿਸੂ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਬੇਇਨਸਾਫ਼ੀ ਸਹਿਣ ਦੇ ਮਾਮਲੇ ਵਿਚ ਯਿਸੂ ਨੇ ਸਭ ਤੋਂ ਵਧੀਆ ਮਿਸਾਲ ਰੱਖੀ (ਪੈਰੇ 9-10 ਦੇਖੋ)


10. ਬੇਇਨਸਾਫ਼ੀ ਹੋਣ ʼਤੇ ਯਿਸੂ ਕਿਵੇਂ ਪੇਸ਼ ਆਇਆ? (1 ਪਤਰਸ 2:21-23)

10 1 ਪਤਰਸ 2:21-23 ਪੜ੍ਹੋ। a ਯਿਸੂ ਨੇ ਇਸ ਮਾਮਲੇ ਵਿਚ ਸਾਡੇ ਲਈ ਵਧੀਆ ਮਿਸਾਲ ਰੱਖੀ ਕਿ ਬੇਇਨਸਾਫ਼ੀ ਹੋਣ ʼਤੇ ਸਾਨੂੰ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਯਿਸੂ ਨੂੰ ਪਤਾ ਸੀ ਕਿ ਕਿਹੜਾ ਚੁੱਪ ਰਹਿਣ ਦਾ ਵੇਲਾ ਹੈ ਅਤੇ ਕਿਹੜਾ ਬੋਲਣ ਦਾ। (ਮੱਤੀ 26:62-64) ਉਸ ਨੇ ਆਪਣੇ ʼਤੇ ਲੱਗੇ ਹਰ ਝੂਠੇ ਦੋਸ਼ ਦਾ ਜਵਾਬ ਨਹੀਂ ਦਿੱਤਾ। (ਮੱਤੀ 11:19) ਜਦੋਂ ਉਹ ਬੋਲਿਆ, ਤਾਂ ਉਸ ਨੇ ਆਪਣੇ ਵਿਰੋਧੀਆਂ ਦੀ ਨਾ ਤਾਂ ਬੇਇੱਜ਼ਤੀ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਡਰਾਇਆ-ਧਮਕਾਇਆ। ਯਿਸੂ ਨੇ “ਆਪਣੇ ਆਪ ਨੂੰ ਸੱਚਾ ਨਿਆਂ ਕਰਨ ਵਾਲੇ ਦੇ ਹੱਥਾਂ ਵਿਚ ਸੌਂਪ ਦਿੱਤਾ।” ਇਸ ਲਈ ਉਹ ਖ਼ੁਦ ʼਤੇ ਕਾਬੂ ਰੱਖ ਸਕਿਆ। ਯਿਸੂ ਜਾਣਦਾ ਸੀ ਕਿ ਯਹੋਵਾਹ ਇਹ ਸਭ ਕੁਝ ਦੇਖ ਰਿਹਾ ਹੈ ਅਤੇ ਉਸ ਨੂੰ ਭਰੋਸਾ ਸੀ ਕਿ ਸਹੀ ਸਮਾਂ ਆਉਣ ਤੇ ਯਹੋਵਾਹ ਇਨਸਾਫ਼ ਜ਼ਰੂਰ ਕਰੇਗਾ।

11. ਅਸੀਂ ਕਿਨ੍ਹਾਂ ਕੁਝ ਤਰੀਕਿਆਂ ਨਾਲ ਆਪਣੀ ਜ਼ਬਾਨ ʼਤੇ ਕਾਬੂ ਰੱਖ ਸਕਦੇ ਹਾਂ? (ਤਸਵੀਰਾਂ ਵੀ ਦੇਖੋ।)

11 ਬੁਰਾ ਸਲੂਕ ਹੋਣ ʼਤੇ ਅਸੀਂ ਧਿਆਨ ਰੱਖ ਸਕਦੇ ਹਾਂ ਕਿ ਅਸੀਂ ਕੀ ਕਹਾਂਗੇ। ਇੱਦਾਂ ਕਰ ਕੇ ਅਸੀਂ ਯਿਸੂ ਦੀ ਰੀਸ ਕਰ ਸਕਦੇ ਹਾਂ। ਕਈ ਵਾਰ ਸ਼ਾਇਦ ਅਸੀਂ ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਦਾ ਫ਼ੈਸਲਾ ਕਰੀਏ ਕਿਉਂਕਿ ਸ਼ਾਇਦ ਉਹ ਗੱਲਾਂ ਇੰਨੀਆਂ ਵੱਡੀਆਂ ਨਾ ਹੋਣ। ਜਾਂ ਫਿਰ ਸ਼ਾਇਦ ਅਸੀਂ ਚੁੱਪ ਰਹਿਣ ਦਾ ਫ਼ੈਸਲਾ ਕਰੀਏ ਤਾਂਕਿ ਗੱਲ ਹੋਰ ਨਾ ਵਿਗੜੇ। (ਉਪ. 3:7; ਯਾਕੂ. 1:19, 20) ਪਰ ਕਈ ਵਾਰ ਸ਼ਾਇਦ ਸਾਨੂੰ ਬੋਲਣ ਦੀ ਲੋੜ ਪਵੇ, ਜਿਵੇਂ ਜਦੋਂ ਅਸੀਂ ਦੇਖਦੇ ਹਾਂ ਕਿ ਕਿਸੇ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਹੈ ਜਾਂ ਜਦੋਂ ਸਾਨੂੰ ਸੱਚਾਈ ਦਾ ਪੱਖ ਲੈਣਾ ਪਵੇ। (ਰਸੂ. 6:1, 2) ਪਰ ਇੱਦਾਂ ਦੇ ਹਾਲਾਤਾਂ ਵਿਚ ਸਾਨੂੰ ਸ਼ਾਂਤੀ ਨਾਲ ਅਤੇ ਪੂਰੇ ਆਦਰ ਨਾਲ ਗੱਲ ਕਰਨੀ ਚਾਹੀਦੀ ਹੈ।​—1 ਪਤ. 3:15. b

ਬੇਇਨਸਾਫ਼ੀ ਹੋਣ ʼਤੇ ਅਸੀਂ ਧਿਆਨ ਰੱਖ ਸਕਦੇ ਹਾਂ ਕਿ ਅਸੀਂ ਕਦੋਂ ਬੋਲਣਾ ਹੈ ਅਤੇ ਕਿਵੇਂ ਬੋਲਣਾ ਹੈ। ਇੱਦਾਂ ਕਰ ਕੇ ਅਸੀਂ ਯਿਸੂ ਦੀ ਰੀਸ ਕਰ ਸਕਦੇ ਹਾਂ (ਪੈਰੇ 11-12 ਦੇਖੋ)


12. ਅਸੀਂ “ਆਪਣੇ ਆਪ ਨੂੰ ਸੱਚਾ ਨਿਆਂ ਕਰਨ ਵਾਲੇ ਦੇ ਹੱਥਾਂ ਵਿਚ” ਕਿਵੇਂ ਸੌਂਪਦੇ ਹਾਂ?

12 ਅਸੀਂ “ਆਪਣੇ ਆਪ ਨੂੰ ਸੱਚਾ ਨਿਆਂ ਕਰਨ ਵਾਲੇ ਦੇ ਹੱਥਾਂ ਵਿਚ ਸੌਂਪ” ਕੇ ਵੀ ਯਿਸੂ ਦੀ ਰੀਸ ਕਰ ਸਕਦੇ ਹਾਂ। ਜਦੋਂ ਦੂਜੇ ਸਾਡੇ ਨਾਲ ਬੁਰਾ ਸਲੂਕ ਕਰਦੇ ਹਨ ਜਾਂ ਸਾਨੂੰ ਗ਼ਲਤ ਸਮਝਦੇ ਹਨ, ਤਾਂ ਅਸੀਂ ਭਰੋਸਾ ਰੱਖਦੇ ਹਾਂ ਕਿ ਯਹੋਵਾਹ ਸੱਚਾਈ ਜਾਣਦਾ ਹੈ। ਅਸੀਂ ਜਾਣਦੇ ਹਾਂ ਕਿ ਅਖ਼ੀਰ ਵਿਚ ਯਹੋਵਾਹ ਹਰ ਮਾਮਲੇ ਨੂੰ ਸੁਲਝਾਵੇਗਾ। ਇਸ ਕਰਕੇ ਅਸੀਂ ਬੁਰਾ ਸਲੂਕ ਸਹਿ ਪਾਉਂਦੇ ਹਾਂ। ਜਦੋਂ ਅਸੀਂ ਸਾਰਾ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੰਦੇ ਹਾਂ, ਤਾਂ ਅਸੀਂ ਨਾ ਤਾਂ ਗੁੱਸੇ ਹੁੰਦੇ ਹਾਂ ਅਤੇ ਨਾ ਹੀ ਆਪਣੇ ਦਿਲ ਵਿਚ ਨਾਰਾਜ਼ਗੀ ਪਾਲਦੇ ਹਾਂ। ਜੇ ਅਸੀਂ ਦੂਜਿਆਂ ਨਾਲ ਗੁੱਸੇ ਰਹਿੰਦੇ ਹਾਂ, ਤਾਂ ਅਸੀਂ ਕੁਝ ਗ਼ਲਤ ਕਰ ਸਕਦੇ ਹਾਂ, ਸਾਡੀ ਖ਼ੁਸ਼ੀ ਗੁਆਚ ਸਕਦੀ ਹੈ ਅਤੇ ਇੱਥੋਂ ਤਕ ਕਿ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ।​—ਜ਼ਬੂ. 37:8.

13. ਬੇਇਨਸਾਫ਼ੀ ਦਾ ਸਾਮ੍ਹਣਾ ਕਰਦੇ ਰਹਿਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

13 ਇਹ ਗੱਲ ਸੱਚ ਹੈ ਕਿ ਅਸੀਂ ਕਦੇ ਵੀ ਪੂਰੀ ਤਰ੍ਹਾਂ ਨਾਲ ਯਿਸੂ ਦੀ ਰੀਸ ਨਹੀਂ ਕਰ ਸਕਾਂਗੇ। ਕਦੇ-ਕਦੇ ਸ਼ਾਇਦ ਅਸੀਂ ਇੱਦਾਂ ਦਾ ਕੁਝ ਕਹਿ ਦੇਈਏ ਜਾਂ ਕਰ ਦੇਈਏ ਜਿਸ ਦਾ ਸਾਨੂੰ ਬਾਅਦ ਵਿਚ ਪਛਤਾਵਾ ਹੋਵੇ। (ਯਾਕੂ. 3:2) ਨਾਲੇ ਕਦੇ-ਕਦਾਈਂ ਸ਼ਾਇਦ ਲੋਕ ਸਾਡੇ ਨਾਲ ਇੰਨਾ ਬੁਰਾ ਸਲੂਕ ਕਰਨ ਕਿ ਅਸੀਂ ਆਪਣੀ ਪੂਰੀ ਜ਼ਿੰਦਗੀ ਦੁਖੀ ਅਤੇ ਪਰੇਸ਼ਾਨ ਰਹੀਏ। ਜੇ ਤੁਹਾਡੇ ਨਾਲ ਇੱਦਾਂ ਹੋਇਆ ਹੈ, ਤਾਂ ਭਰੋਸਾ ਰੱਖੋ ਕਿ ਯਹੋਵਾਹ ਜਾਣਦਾ ਹੈ ਕਿ ਤੁਸੀਂ ਕਿੱਦਾਂ ਮਹਿਸੂਸ ਕਰ ਰਹੇ ਹੋ। ਨਾਲੇ ਯਿਸੂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ ਕਿਉਂਕਿ ਉਸ ਨੇ ਵੀ ਬੇਇਨਸਾਫ਼ੀ ਦਾ ਸਾਮ੍ਹਣਾ ਕੀਤਾ ਸੀ। (ਇਬ. 4:15, 16) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਯਿਸੂ ਨੂੰ ਧਰਤੀ ʼਤੇ ਭੇਜਿਆ ਤਾਂਕਿ ਅਸੀਂ ਉਸ ਤੋਂ ਸਿੱਖ ਸਕੀਏ। ਇਸ ਤੋਂ ਇਲਾਵਾ, ਉਸ ਨੇ ਬਾਈਬਲ ਵਿਚ ਵਧੀਆ ਸਲਾਹਾਂ ਵੀ ਦਿੱਤੀਆਂ ਹਨ ਜਿਨ੍ਹਾਂ ਨੂੰ ਮੰਨ ਕੇ ਅਸੀਂ ਬੇਇਨਸਾਫ਼ੀ ਦਾ ਸਾਮ੍ਹਣਾ ਕਰ ਸਕਦੇ ਹਾਂ। ਆਓ ਆਪਾਂ ਰੋਮੀਆਂ ਦੀ ਕਿਤਾਬ ਵਿੱਚੋਂ ਦੋ ਆਇਤਾਂ ʼਤੇ ਗੌਰ ਕਰੀਏ।

“ਪਰਮੇਸ਼ੁਰ ਦੇ ਕ੍ਰੋਧ ਨੂੰ ਮੌਕਾ ਦਿਓ”

14. “ਪਰਮੇਸ਼ੁਰ ਦੇ ਕ੍ਰੋਧ ਨੂੰ ਮੌਕਾ ਦਿਓ” ਸ਼ਬਦਾਂ ਦਾ ਕੀ ਮਤਲਬ ਹੈ? (ਰੋਮੀਆਂ 12:19)

14 ਰੋਮੀਆਂ 12:19 ਪੜ੍ਹੋ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹਾ ਕਿ “ਪਰਮੇਸ਼ੁਰ ਦੇ ਕ੍ਰੋਧ ਨੂੰ ਮੌਕਾ ਦਿਓ।” ਅਸੀਂ ਉਦੋਂ ਯਹੋਵਾਹ ਦੇ ਕ੍ਰੋਧ ਨੂੰ ਮੌਕਾ ਦਿੰਦੇ ਹਾਂ ਜਦੋਂ ਅਸੀਂ ਉਸ ਨੂੰ ਉਸ ਦੇ ਸਮੇਂ ʼਤੇ ਅਤੇ ਉਸ ਦੇ ਤਰੀਕੇ ਮੁਤਾਬਕ ਇਨਸਾਫ਼ ਕਰਨ ਦਿੰਦੇ ਹਾਂ। ਭਰਾ ਜੌਨ ਦੇ ਨਾਲ ਵੀ ਬੇਇਨਸਾਫ਼ੀ ਹੋਈ ਸੀ। ਭਰਾ ਨੇ ਕਿਹਾ: “ਮੈਨੂੰ ਇਸ ਝੁਕਾਅ ਨਾਲ ਲੜਨ ਦੀ ਲੋੜ ਸੀ ਕਿ ਮੈਂ ਆਪਣੇ ਤਰੀਕੇ ਨਾਲ ਮਾਮਲੇ ਨੂੰ ਨਾ ਸੁਲਝਾਵਾਂ। ਰੋਮੀਆਂ 12:19 ਨੇ ਯਹੋਵਾਹ ਦੀ ਉਡੀਕ ਕਰਨ ਅਤੇ ਉਸ ʼਤੇ ਭਰੋਸਾ ਰੱਖਣ ਵਿਚ ਮੇਰੀ ਮਦਦ ਕੀਤੀ।”

15. ਕਿਸੇ ਮਾਮਲੇ ਨੂੰ ਸੁਲਝਾਉਣ ਲਈ ਯਹੋਵਾਹ ਦੀ ਉਡੀਕ ਕਰਨੀ ਸਭ ਤੋਂ ਵਧੀਆ ਕਿਉਂ ਹੈ?

15 ਜਦੋਂ ਅਸੀਂ ਕਿਸੇ ਮਾਮਲੇ ਨੂੰ ਸੁਲਝਾਉਣ ਲਈ ਯਹੋਵਾਹ ਦੀ ਉਡੀਕ ਕਰਦੇ ਹਾਂ, ਤਾਂ ਸਾਨੂੰ ਹੀ ਫ਼ਾਇਦਾ ਹੁੰਦਾ ਹੈ। ਇੱਦਾਂ ਕਰਨ ਕਰਕੇ ਅਸੀਂ ਚਿੰਤਾ ਅਤੇ ਨਿਰਾਸ਼ਾ ਤੋਂ ਬਚ ਸਕਦੇ ਹਾਂ ਜੋ ਅਕਸਰ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੇ ਤਰੀਕੇ ਨਾਲ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਯਹੋਵਾਹ ਸਾਡੀ ਮਦਦ ਕਰਨੀ ਚਾਹੁੰਦਾ ਹੈ। ਇਹ ਇੱਦਾਂ ਹੈ, ਜਿੱਦਾਂ ਉਹ ਕਹਿ ਰਿਹਾ ਹੋਵੇ: ‘ਬੇਇਨਸਾਫ਼ੀ ਨੂੰ ਮੇਰੇ ʼਤੇ ਛੱਡ ਦਿਓ। ਮੈਂ ਸਾਰਾ ਕੁਝ ਸੰਭਾਲ ਲਵਾਂਗਾ।’ ਜੇ ਅਸੀਂ ਯਹੋਵਾਹ ਦੇ ਇਸ ਵਾਅਦੇ ʼਤੇ ਭਰੋਸਾ ਰੱਖਾਂਗੇ ਕਿ “ਮੈਂ ਹੀ ਉਨ੍ਹਾਂ ਨੂੰ ਸਜ਼ਾ ਦਿਆਂਗਾ,” ਤਾਂ ਅਸੀਂ ਮਾਮਲੇ ਨੂੰ ਉਸ ʼਤੇ ਛੱਡ ਸਕਾਂਗੇ ਅਤੇ ਭਰੋਸਾ ਰੱਖ ਸਕਾਂਗੇ ਕਿ ਉਹੀ ਸਭ ਤੋਂ ਵਧੀਆ ਤਰੀਕੇ ਨਾਲ ਉਸ ਮਾਮਲੇ ਨੂੰ ਸੁਲਝਾਵੇਗਾ। ਜੌਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੇ ਕਿਹਾ: “ਜੇ ਮੈਂ ਯਹੋਵਾਹ ਦੀ ਉਡੀਕ ਕਰਾਂ, ਤਾਂ ਉਹ ਮਾਮਲੇ ਨੂੰ ਮੇਰੇ ਤੋਂ ਕਿਤੇ ਵਧੀਆ ਤਰੀਕੇ ਨਾਲ ਸੁਲਝਾਵੇਗਾ।”

“ਬੁਰਾਈ ਨੂੰ ਭਲਾਈ ਨਾਲ ਜਿੱਤਦੇ ਰਹੋ”

16-17. “ਬੁਰਾਈ ਨੂੰ ਭਲਾਈ ਨਾਲ ਜਿੱਤਦੇ” ਰਹਿਣ ਵਿਚ ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰਦੀ ਹੈ? (ਰੋਮੀਆਂ 12:21)

16 ਰੋਮੀਆਂ 12:21 ਪੜ੍ਹੋ। ਪੌਲੁਸ ਨੇ ਮਸੀਹੀਆਂ ਨੂੰ ਇਹ ਵੀ ਕਿਹਾ ਕਿ “ਬੁਰਾਈ ਨੂੰ ਭਲਾਈ ਨਾਲ ਜਿੱਤਦੇ ਰਹੋ।” ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਕਿਹਾ: “ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ ਅਤੇ ਜੋ ਤੁਹਾਨੂੰ ਸਤਾਉਂਦੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੋ।” (ਮੱਤੀ 5:44) ਯਿਸੂ ਨੇ ਇੱਦਾਂ ਹੀ ਕੀਤਾ। ਅਸੀਂ ਸੋਚ ਵੀ ਨਹੀਂ ਸਕਦੇ ਕਿ ਯਿਸੂ ਨੂੰ ਕਿੰਨੀ ਤਕਲੀਫ਼ ਹੋਈ ਹੋਣੀ ਜਦੋਂ ਰੋਮੀ ਫ਼ੌਜੀਆਂ ਨੇ ਉਸ ਦੇ ਹੱਥਾਂ ਵਿਚ ਕਿੱਲ ਠੋਕ ਕੇ ਉਸ ਨੂੰ ਸੂਲ਼ੀ ʼਤੇ ਟੰਗਿਆ ਹੋਣਾ। ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਯਿਸੂ ਨੇ ਕਿੰਨਾ ਦਰਦ ਸਹਿਆ ਹੋਣਾ, ਲੋਕਾਂ ਨੇ ਉਸ ਦੀ ਕਿੰਨੀ ਬੇਇੱਜ਼ਤੀ ਕੀਤੀ ਹੋਣੀ ਅਤੇ ਉਸ ਨੇ ਕਿੰਨੀ ਬੇਇਨਸਾਫ਼ੀ ਝੱਲੀ ਹੋਣੀ।

17 ਭਾਵੇਂ ਕਿ ਯਿਸੂ ਨੂੰ ਇੰਨਾ ਕੁਝ ਝੱਲਣਾ ਪਿਆ, ਪਰ ਫਿਰ ਵੀ ਉਸ ਨੇ ਬੁਰਾਈ ਤੋਂ ਹਾਰ ਨਹੀਂ ਮੰਨੀ। ਫ਼ੌਜੀਆਂ ਨੂੰ ਸਰਾਪ ਦੇਣ ਦੀ ਬਜਾਇ ਉਸ ਨੇ ਪ੍ਰਾਰਥਨਾ ਕੀਤੀ: “ਹੇ ਪਿਤਾ, ਇਨ੍ਹਾਂ ਨੂੰ ਮਾਫ਼ ਕਰ ਦੇ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।” (ਲੂਕਾ 23:34) ਜਦੋਂ ਅਸੀਂ ਉਨ੍ਹਾਂ ਲਈ ਪ੍ਰਾਰਥਨਾ ਕਰਦੇ ਹਾਂ ਜੋ ਸਾਡੇ ਨਾਲ ਬੁਰਾ ਸਲੂਕ ਕਰਦੇ ਹਨ, ਤਾਂ ਅਸੀਂ ਆਪਣੇ ਮਨ ਵਿਚ ਕੁੜੱਤਣ ਅਤੇ ਗੁੱਸਾ ਨਹੀਂ ਪਾਲ਼ੀ ਰੱਖਦੇ। ਇੰਨਾ ਹੀ ਨਹੀਂ, ਸਾਡੀ ਉਨ੍ਹਾਂ ਲੋਕਾਂ ਪ੍ਰਤੀ ਸੋਚ ਬਦਲ ਜਾਂਦੀ ਹੈ ਜੋ ਸਾਨੂੰ ਦੁੱਖ ਪਹੁੰਚਾਉਂਦੇ ਹਨ।

18. ਪ੍ਰਾਰਥਨਾ ਨੇ ਬੇਇਨਸਾਫ਼ੀ ਦਾ ਸਾਮ੍ਹਣਾ ਕਰਨ ਵਿਚ ਐਲਬਰਟੋ ਅਤੇ ਜੌਨ ਦੀ ਕਿਵੇਂ ਮਦਦ ਕੀਤੀ?

18 ਪ੍ਰਾਰਥਨਾ ਨੇ ਬੇਇਨਸਾਫ਼ੀ ਝੱਲਣ ਵਿਚ ਉਨ੍ਹਾਂ ਦੋ ਭਰਾਵਾਂ ਦੀ ਮਦਦ ਕੀਤੀ ਜਿਨ੍ਹਾਂ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ। ਐਲਬਰਟੋ ਦੱਸਦਾ ਹੈ: “ਮੈਂ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਜਿਨ੍ਹਾਂ ਨੇ ਮੇਰੇ ਨਾਲ ਬੇਇਨਸਾਫ਼ੀ ਕੀਤੀ ਸੀ। ਮੈਂ ਵਾਰ-ਵਾਰ ਯਹੋਵਾਹ ਤੋਂ ਮਦਦ ਮੰਗੀ ਕਿ ਮੇਰੇ ਨਾਲ ਜੋ ਵੀ ਹੋਇਆ ਸੀ, ਉਸ ਕਰਕੇ ਮੈਂ ਗੁੱਸੇ ਨਾ ਰਹਾਂ।” ਖ਼ੁਸ਼ੀ ਦੀ ਗੱਲ ਹੈ ਕਿ ਐਲਬਰਟੋ ਹੁਣ ਫਿਰ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹੈ। ਜੌਨ ਦੱਸਦਾ ਹੈ: “ਮੈਂ ਕਿੰਨੀ ਵਾਰ ਉਸ ਭਰਾ ਲਈ ਪ੍ਰਾਰਥਨਾ ਕੀਤੀ ਜਿਸ ਨੇ ਮੈਨੂੰ ਠੇਸ ਪਹੁੰਚਾਈ ਸੀ। ਪ੍ਰਾਰਥਨਾਵਾਂ ਕਰਕੇ ਮੈਂ ਉਸ ਭਰਾ ਨਾਲ ਗੁੱਸੇ ਨਹੀਂ ਰਿਹਾ ਅਤੇ ਉਸ ਨੂੰ ਦਿਲੋਂ ਮਾਫ਼ ਕਰ ਸਕਿਆ। ਨਾਲੇ ਪ੍ਰਾਰਥਨਾਵਾਂ ਕਰਕੇ ਮੈਨੂੰ ਮਨ ਦੀ ਸ਼ਾਂਤੀ ਮਿਲੀ।”

19. ਇਸ ਦੁਨੀਆਂ ਦਾ ਅੰਤ ਆਉਣ ਤਕ ਸਾਨੂੰ ਕੀ ਕਰਦੇ ਰਹਿਣਾ ਚਾਹੀਦਾ ਹੈ? (1 ਪਤਰਸ 3:8, 9)

19 ਇਸ ਦੁਨੀਆਂ ਦਾ ਅੰਤ ਆਉਣ ਤੋਂ ਪਹਿਲਾਂ ਸ਼ਾਇਦ ਸਾਨੂੰ ਬੇਇਨਸਾਫ਼ੀ ਝੱਲਣੀ ਪਵੇ। ਭਾਵੇਂ ਸਾਨੂੰ ਕੁਝ ਵੀ ਝੱਲਣਾ ਪਵੇ, ਪਰ ਆਓ ਆਪਾਂ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਕਦੇ ਨਾ ਛੱਡੀਏ, ਯਿਸੂ ਦੀ ਰੀਸ ਕਰਦੇ ਰਹੀਏ ਅਤੇ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਦੇ ਰਹੀਏ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਜ਼ਰੂਰ ਬਰਕਤਾਂ ਦੇਵੇਗਾ।​—1 ਪਤਰਸ 3:8, 9 ਪੜ੍ਹੋ।

ਗੀਤ 38 ਉਹ ਤੁਹਾਨੂੰ ਤਕੜਾ ਕਰੇਗਾ

a ਪਤਰਸ ਰਸੂਲ ਨੇ ਆਪਣੀ ਪਹਿਲੀ ਚਿੱਠੀ ਦੇ ਦੂਜੇ ਅਤੇ ਤੀਜੇ ਅਧਿਆਵਾਂ ਵਿਚ ਉਨ੍ਹਾਂ ਹਾਲਾਤਾਂ ਬਾਰੇ ਦੱਸਿਆ ਜਿਨ੍ਹਾਂ ਵਿਚ ਪਹਿਲੀ ਸਦੀ ਦੇ ਮਸੀਹੀਆਂ ਨੂੰ ਆਪਣੇ ਬੁਰੇ ਮਾਲਕਾਂ ਜਾਂ ਆਪਣੇ ਅਵਿਸ਼ਵਾਸੀ ਪਤੀਆਂ ਦੇ ਹੱਥੋਂ ਬੇਇਨਸਾਫ਼ੀ ਝੱਲਣੀ ਪਈ।​—1 ਪਤ. 2:18-20; 3:1-6, 8, 9.

b jw.org/pa ʼਤੇ ਪਿਆਰ ਕਰਕੇ ਜ਼ਿੰਦਗੀ ਵਿਚ ਸ਼ਾਂਤੀ ਆਉਂਦੀ ਹੈ ਨਾਂ ਦੀ ਵੀਡੀਓ ਦੇਖੋ।