Skip to content

Skip to table of contents

ਅਧਿਐਨ ਲੇਖ 46

ਗੀਤ 49 ਯਹੋਵਾਹ ਦਾ ਜੀਅ ਖ਼ੁਸ਼ ਕਰੋ

ਭਰਾਵੋ​​—ਕੀ ਤੁਸੀਂ ਸਹਾਇਕ ਸੇਵਕ ਬਣਨ ਲਈ ਮਿਹਨਤ ਕਰ ਰਹੇ ਹੋ?

ਭਰਾਵੋ​​—ਕੀ ਤੁਸੀਂ ਸਹਾਇਕ ਸੇਵਕ ਬਣਨ ਲਈ ਮਿਹਨਤ ਕਰ ਰਹੇ ਹੋ?

“ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”​—ਰਸੂ. 20:35.

ਕੀ ਸਿੱਖਾਂਗੇ?

ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਹੱਲਾਸ਼ੇਰੀ ਦੇਣੀ ਕਿ ਉਹ ਸਹਾਇਕ ਸੇਵਕ ਬਣਨ ਲਈ ਮਿਹਨਤ ਕਰਨ।

1. ਪੌਲੁਸ ਰਸੂਲ ਸਹਾਇਕ ਸੇਵਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ?

 ਸਹਾਇਕ ਸੇਵਕ ਮੰਡਲੀਆਂ ਵਿਚ ਬਹੁਤ ਸਾਰੇ ਕੰਮ ਕਰਦੇ ਹਨ। ਪੌਲੁਸ ਰਸੂਲ ਨੇ ਵੀ ਇਨ੍ਹਾਂ ਵਫ਼ਾਦਾਰ ਭਰਾਵਾਂ ਦੀ ਤਾਰੀਫ਼ ਕੀਤੀ। ਮਿਸਾਲ ਲਈ, ਜਦੋਂ ਉਸ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਚਿੱਠੀ ਲਿਖੀ, ਤਾਂ ਉਸ ਨੇ ਬਜ਼ੁਰਗਾਂ ਦੇ ਨਾਲ-ਨਾਲ ਸਹਾਇਕ ਸੇਵਕਾਂ ਦਾ ਵੀ ਖ਼ਾਸ ਤੌਰ ਤੇ ਜ਼ਿਕਰ ਕੀਤਾ।​—ਫ਼ਿਲਿ. 1:1.

2. ਭਰਾ ਲੁਇਸ ਸਹਾਇਕ ਸੇਵਕ ਵਜੋਂ ਸੇਵਾ ਕਰਨ ਬਾਰੇ ਕਿੱਦਾਂ ਮਹਿਸੂਸ ਕਰਦਾ ਹੈ?

2 ਕਈ ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਸਹਾਇਕ ਸੇਵਕ ਵਜੋਂ ਸੇਵਾ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਹੈ, ਫਿਰ ਚਾਹੇ ਉਹ ਜਵਾਨ ਹਨ ਜਾਂ ਬਜ਼ੁਰਗ। ਮਿਸਾਲ ਲਈ, ਡੇਵਨ ਨੂੰ 18 ਸਾਲ ਦੀ ਉਮਰ ਵਿਚ ਸਹਾਇਕ ਸੇਵਕ ਬਣਾਇਆ ਗਿਆ। ਦੂਜੇ ਪਾਸੇ, ਭਰਾ ਲੁਇਸ ਉਦੋਂ ਸਹਾਇਕ ਸੇਵਕ ਬਣਿਆ ਜਦੋਂ ਉਸ ਦੀ ਉਮਰ 50 ਤੋਂ ਵੀ ਜ਼ਿਆਦਾ ਸੀ। ਸਹਾਇਕ ਸੇਵਕ ਵਜੋਂ ਸੇਵਾ ਕਰਨ ਬਾਰੇ ਭਰਾ ਲੁਇਸ ਕਿੱਦਾਂ ਮਹਿਸੂਸ ਕਰਦਾ ਹੈ? ਉਹ ਕਹਿੰਦਾ ਹੈ: “ਸਹਾਇਕ ਸੇਵਕ ਵਜੋਂ ਮੰਡਲੀ ਦੇ ਭੈਣਾਂ-ਭਰਾਵਾਂ ਦੀ ਸੇਵਾ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਉਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿਖਾਇਆ ਹੈ ਤੇ ਹੁਣ ਮੇਰੇ ਕੋਲ ਉਨ੍ਹਾਂ ਨੂੰ ਆਪਣਾ ਪਿਆਰ ਦਿਖਾਉਣ ਦਾ ਮੌਕਾ ਹੈ।” ਬਹੁਤ ਸਾਰੇ ਸਹਾਇਕ ਸੇਵਕ ਵੀ ਇੱਦਾਂ ਹੀ ਮਹਿਸੂਸ ਕਰਦੇ ਹਨ।

3. ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ?

3 ਜੇ ਤੁਸੀਂ ਬਪਤਿਸਮਾ-ਪ੍ਰਾਪਤ ਭਰਾ ਹੋ, ਪਰ ਅਜੇ ਸਹਾਇਕ ਸੇਵਕ ਵਜੋਂ ਸੇਵਾ ਨਹੀਂ ਕਰ ਰਹੇ, ਤਾਂ ਕੀ ਤੁਸੀਂ ਸਹਾਇਕ ਸੇਵਕ ਬਣਨ ਦਾ ਟੀਚਾ ਰੱਖ ਸਕਦੇ ਹੋ? ਸਹਾਇਕ ਸੇਵਕ ਬਣਨ ਪਿੱਛੇ ਤੁਹਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ? ਬਾਈਬਲ ਅਨੁਸਾਰ ਸਹਾਇਕ ਸੇਵਕ ਬਣਨ ਲਈ ਤੁਹਾਡੇ ਵਿਚ ਕਿਹੜੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ? ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ। ਪਰ ਆਓ ਆਪਾਂ ਪਹਿਲਾਂ ਦੇਖੀਏ ਕਿ ਸਹਾਇਕ ਸੇਵਕ ਮੰਡਲੀ ਵਿਚ ਕਿਹੜੇ ਕੰਮ ਕਰਦੇ ਹਨ।

ਸਹਾਇਕ ਸੇਵਕ ਮੰਡਲੀ ਵਿਚ ਕਿਹੜੇ ਕੰਮ ਕਰਦੇ ਹਨ?

4. ਸਹਾਇਕ ਸੇਵਕ ਕਿਹੜੇ ਕੰਮ ਕਰਦੇ ਹਨ? (ਤਸਵੀਰ ਵੀ ਦੇਖੋ।)

4 ਸਹਾਇਕ ਸੇਵਕ ਬਪਤਿਸਮਾ-ਪ੍ਰਾਪਤ ਭਰਾ ਹੁੰਦੇ ਹਨ ਜਿਨ੍ਹਾਂ ਨੂੰ ਪਵਿੱਤਰ ਸ਼ਕਤੀ ਨਾਲ ਨਿਯੁਕਤ ਕੀਤਾ ਜਾਂਦਾ ਹੈ। ਇਹ ਭਰਾ ਮੰਡਲੀਆਂ ਵਿਚ ਕਈ ਕੰਮ ਸੰਭਾਲਣ ਵਿਚ ਬਜ਼ੁਰਗਾਂ ਦੀ ਮਦਦ ਕਰਦੇ ਹਨ। ਕੁਝ ਸਹਾਇਕ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਭੈਣਾਂ-ਭਰਾਵਾਂ ਕੋਲ ਪ੍ਰਚਾਰ ਕਰਨ ਲਈ ਇਲਾਕਾ ਅਤੇ ਪ੍ਰਕਾਸ਼ਨ ਹੋਣ। ਹੋਰ ਸਹਾਇਕ ਸੇਵਕ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਅਤੇ ਉਸ ਦੀ ਸਾਂਭ-ਸੰਭਾਲ ਵਿਚ ਮਦਦ ਕਰਦੇ ਹਨ। ਸਭਾਵਾਂ ਦੌਰਾਨ ਉਹ ਅਟੈਂਡੈਂਟ ਵਜੋਂ ਸੇਵਾ ਕਰਦੇ ਹਨ ਅਤੇ ਆਡੀਓ-ਵੀਡੀਓ ਦਾ ਕੰਮ ਸੰਭਾਲਦੇ ਹਨ। ਇਹ ਸਾਰੇ ਕੰਮ ਬਹੁਤ ਜ਼ਰੂਰੀ ਹਨ। ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਭਰਾ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਧਰਮੀ ਮਿਆਰਾਂ ਮੁਤਾਬਕ ਜੀਉਂਦੇ ਹਨ। ਉਹ ਭੈਣਾਂ-ਭਰਾਵਾਂ ਨੂੰ ਵੀ ਬਹੁਤ ਪਿਆਰ ਕਰਦੇ ਹਨ। (ਮੱਤੀ 22:37-39) ਇਕ ਬਪਤਿਸਮਾ-ਪ੍ਰਾਪਤ ਭਰਾ ਸਹਾਇਕ ਸੇਵਕ ਬਣਨ ਲਈ ਮਿਹਨਤ ਕਿਵੇਂ ਕਰ ਸਕਦਾ ਹੈ?

ਜੀ-ਜਾਨ ਨਾਲ ਦੂਜਿਆਂ ਦੀ ਸੇਵਾ ਕਰ ਕੇ ਸਹਾਇਕ ਸੇਵਕ ਯਿਸੂ ਦੀ ਰੀਸ ਕਰਦੇ ਹਨ (ਪੈਰਾ 4 ਦੇਖੋ)


5. ਸਹਾਇਕ ਸੇਵਕ ਬਣਨ ਲਈ ਇਕ ਭਰਾ ਨੂੰ ਕੀ ਕਰਨ ਦੀ ਲੋੜ ਹੈ?

5 ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਸਹਾਇਕ ਸੇਵਕ ਬਣਨ ਲਈ ਇਕ ਭਰਾ ਵਿਚ ਕਿਹੜੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ। (1 ਤਿਮੋ. 3:8-10, 12, 13) ਸਹਾਇਕ ਸੇਵਕ ਬਣਨ ਲਈ ਤੁਸੀਂ ਇਨ੍ਹਾਂ ਯੋਗਤਾਵਾਂ ਬਾਰੇ ਅਧਿਐਨ ਕਰ ਸਕਦੇ ਹੋ ਅਤੇ ਇਨ੍ਹਾਂ ʼਤੇ ਖਰੇ ਉਤਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਪਰ ਪਹਿਲਾਂ ਤੁਹਾਨੂੰ ਇਹ ਸੋਚਣ ਦੀ ਲੋੜ ਹੈ ਕਿ ਸਹਾਇਕ ਸੇਵਕ ਬਣਨ ਪਿੱਛੇ ਤੁਹਾਡਾ ਇਰਾਦਾ ਕੀ ਹੈ।

ਸਹਾਇਕ ਸੇਵਕ ਬਣਨ ਪਿੱਛੇ ਤੁਹਾਡਾ ਇਰਾਦਾ ਕੀ ਹੈ?

6. ਭੈਣਾਂ-ਭਰਾਵਾਂ ਦੀ ਸੇਵਾ ਕਰਨ ਪਿੱਛੇ ਤੁਹਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ? (ਮੱਤੀ 20:28; ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਵੀ ਦੇਖੋ।)

6 ਜ਼ਰਾ ਯਿਸੂ ਬਾਰੇ ਸੋਚੋ ਜੋ ਸਾਡੇ ਲਈ ਸਭ ਤੋਂ ਵਧੀਆ ਮਿਸਾਲ ਹੈ। ਉਸ ਨੇ ਜੋ ਕੁਝ ਵੀ ਕੀਤਾ, ਉਹ ਆਪਣੇ ਪਿਤਾ ਅਤੇ ਲੋਕਾਂ ਨਾਲ ਪਿਆਰ ਹੋਣ ਕਰਕੇ ਕੀਤਾ। ਇਸੇ ਪਿਆਰ ਕਰਕੇ ਉਸ ਨੇ ਸਖ਼ਤ ਮਿਹਨਤ ਕੀਤੀ ਅਤੇ ਦੂਜਿਆਂ ਲਈ ਉਹ ਕੰਮ ਕੀਤੇ ਜਿਨ੍ਹਾਂ ਨੂੰ ਮਾਮੂਲੀ ਸਮਝਿਆ ਜਾਂਦਾ ਸੀ। (ਮੱਤੀ 20:28 ਪੜ੍ਹੋ; ਯੂਹੰ. 13:5, 14, 15) ਜੇ ਸਹਾਇਕ ਸੇਵਕ ਬਣਨ ਪਿੱਛੇ ਤੁਹਾਡਾ ਇਰਾਦਾ ਪਿਆਰ ਹੈ, ਤਾਂ ਯਹੋਵਾਹ ਤੁਹਾਨੂੰ ਬਰਕਤ ਦੇਵੇਗਾ ਅਤੇ ਇਸ ਟੀਚੇ ਨੂੰ ਹਾਸਲ ਕਰਨ ਵਿਚ ਤੁਹਾਡੀ ਮਦਦ ਕਰੇਗਾ।​—1 ਕੁਰਿੰ. 16:14; 1 ਪਤ. 5:5.

ਯਿਸੂ ਨੇ ਆਪਣੀ ਮਿਸਾਲ ਰਾਹੀਂ ਰਸੂਲਾਂ ਨੂੰ ਸਿਖਾਇਆ ਕਿ ਉਨ੍ਹਾਂ ਨੂੰ ਅਹੁਦਾ ਹਾਸਲ ਕਰਨ ਦੀ ਬਜਾਇ ਨਿਮਰਤਾ ਨਾਲ ਦੂਜਿਆਂ ਦੀ ਸੇਵਾ ਕਰਨੀ ਚਾਹੀਦੀ ਹੈ। (ਪੈਰਾ 6 ਦੇਖੋ)


7. ਦੂਜਿਆਂ ਤੋਂ ਵਾਹ-ਵਾਹ ਖੱਟਣ ਲਈ ਸਹਾਇਕ ਬਣਨ ਦੀ ਇੱਛਾ ਰੱਖਣੀ ਗ਼ਲਤ ਕਿਉਂ ਹੈ?

7 ਅੱਜ ਦੁਨੀਆਂ ਵਿਚ ਉਨ੍ਹਾਂ ਲੋਕਾਂ ਦੀ ਤਾਰੀਫ਼ ਕੀਤੀ ਜਾਂਦੀ ਹੈ ਜੋ ਆਪਣੇ ਆਪ ਨੂੰ ਉੱਚਾ ਚੁੱਕਦੇ ਹਨ। ਪਰ ਯਹੋਵਾਹ ਦੇ ਸੰਗਠਨ ਵਿਚ ਇੱਦਾਂ ਨਹੀਂ ਹੁੰਦਾ। ਜਿਹੜਾ ਭਰਾ ਯਿਸੂ ਵਾਂਗ ਦੂਜਿਆਂ ਨੂੰ ਪਿਆਰ ਕਰਦਾ ਹੈ, ਉਹ ਵੱਡਾ ਅਹੁਦਾ ਪਾਉਣ ਜਾਂ ਦੂਜਿਆਂ ʼਤੇ ਹੁਕਮ ਚਲਾਉਣ ਦੀ ਕੋਸ਼ਿਸ਼ ਨਹੀਂ ਕਰੇਗਾ। ਜੇ ਇਕ ਅਜਿਹੇ ਭਰਾ ਨੂੰ ਮੰਡਲੀ ਵਿਚ ਨਿਯੁਕਤ ਕਰ ਦਿੱਤਾ ਜਾਵੇ ਜਿਸ ਵਿਚ ਦੂਜਿਆਂ ਤੋਂ ਵੱਡਾ ਬਣਨ ਦੀ ਇੱਛਾ ਹੈ, ਤਾਂ ਸ਼ਾਇਦ ਉਹ ਛੋਟੇ-ਮੋਟੇ ਕੰਮ ਕਰਨ ਤੋਂ ਇਨਕਾਰ ਕਰੇ ਜੋ ਯਹੋਵਾਹ ਦੀਆਂ ਅਨਮੋਲ ਭੇਡਾਂ ਦੀ ਦੇਖ-ਭਾਲ ਕਰਨ ਲਈ ਜ਼ਰੂਰੀ ਹਨ। ਉਹ ਸ਼ਾਇਦ ਸੋਚੇ ਕਿ ਇਹ ਕੰਮ ਉਸ ਲਈ ਨਹੀਂ ਬਣੇ। (ਯੂਹੰ. 10:12) ਯਹੋਵਾਹ ਇੱਦਾਂ ਦੇ ਘਮੰਡੀ ਵਿਅਕਤੀ ਦੀਆਂ ਕੋਸ਼ਿਸ਼ਾਂ ʼਤੇ ਬਰਕਤ ਨਹੀਂ ਪਾਵੇਗਾ।​—1 ਕੁਰਿੰ. 10:24, 33; 13:4, 5.

8. ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹੜੀ ਸਲਾਹ ਦਿੱਤੀ?

8 ਕਦੀ-ਕਦਾਈਂ ਯਿਸੂ ਦੇ ਸਭ ਤੋਂ ਕਰੀਬੀ ਦੋਸਤਾਂ ਨੇ ਵੀ ਗ਼ਲਤ ਇਰਾਦੇ ਨਾਲ ਸਨਮਾਨ ਪਾਉਣ ਦੀ ਕੋਸ਼ਿਸ਼ ਕੀਤੀ। ਜ਼ਰਾ ਸੋਚੋ ਕਿ ਯਿਸੂ ਦੇ ਦੋ ਰਸੂਲਾਂ ਨੇ ਕੀ ਕੀਤਾ। ਇਕ ਵਾਰ ਯਾਕੂਬ ਤੇ ਯੂਹੰਨਾ ਨੇ ਯਿਸੂ ਨੂੰ ਕਿਹਾ ਕਿ ਉਹ ਆਪਣੇ ਰਾਜ ਵਿਚ ਉਨ੍ਹਾਂ ਨੂੰ ਖ਼ਾਸ ਜ਼ਿੰਮੇਵਾਰੀ ਦੇਵੇ। ਇਸ ਗੱਲ ਲਈ ਯਿਸੂ ਨੇ ਉਨ੍ਹਾਂ ਦੀ ਤਾਰੀਫ਼ ਨਹੀਂ ਕੀਤੀ। ਇਸ ਦੀ ਬਜਾਇ, ਉਸ ਨੇ ਆਪਣੇ 12 ਰਸੂਲਾਂ ਨੂੰ ਸਮਝਾਇਆ: “ਤੁਹਾਡੇ ਵਿੱਚੋਂ ਜਿਹੜਾ ਵੱਡਾ ਬਣਨਾ ਚਾਹੁੰਦਾ ਹੈ, ਉਹ ਤੁਹਾਡਾ ਸੇਵਕ ਬਣੇ ਅਤੇ ਜਿਹੜਾ ਤੁਹਾਡੇ ਵਿੱਚੋਂ ਮੋਹਰੀ ਬਣਨਾ ਚਾਹੁੰਦਾ ਹੈ ਉਹ ਸਾਰਿਆਂ ਦਾ ਨੌਕਰ ਬਣੇ।” (ਮਰ. 10:35-37, 43, 44) ਜਿਹੜੇ ਭਰਾ ਸਹੀ ਇਰਾਦੇ ਯਾਨੀ ਦੂਜਿਆਂ ਦੀ ਸੇਵਾ ਕਰਨ ਦੇ ਇਰਾਦੇ ਨਾਲ ਸਹਾਇਕ ਸੇਵਕ ਬਣਨ ਦੀ ਕੋਸ਼ਿਸ਼ ਕਰਦੇ ਹਨ, ਉਹ ਮੰਡਲੀ ਲਈ ਬਰਕਤ ਸਾਬਤ ਹੋਣਗੇ।​—1 ਥੱਸ. 2:8.

ਸਹਾਇਕ ਸੇਵਕ ਬਣਨ ਦੀ ਇੱਛਾ ਪੈਦਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

9. ਸਹਾਇਕ ਸੇਵਕ ਬਣਨ ਦੀ ਇੱਛਾ ਪੈਦਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?

9 ਬਿਨਾਂ ਸ਼ੱਕ, ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ ਅਤੇ ਦੂਸਰਿਆਂ ਦੀ ਸੇਵਾ ਕਰਨੀ ਚਾਹੁੰਦੇ ਹੋ। ਪਰ ਸ਼ਾਇਦ ਤੁਹਾਡੇ ਵਿਚ ਉਹ ਕੰਮ ਕਰਨ ਦੀ ਇੱਛਾ ਨਾ ਹੋਵੇ ਜੋ ਸਹਾਇਕ ਸੇਵਕ ਕਰਦੇ ਹਨ। ਤੁਸੀਂ ਕਿਵੇਂ ਸਹਾਇਕ ਸੇਵਕ ਬਣਨ ਦੀ ਇੱਛਾ ਪੈਦਾ ਕਰ ਸਕਦੇ ਹੋ? ਕਿਉਂ ਨਾ ਤੁਸੀਂ ਉਸ ਖ਼ੁਸ਼ੀ ਬਾਰੇ ਸੋਚੋ ਜੋ ਭੈਣਾਂ-ਭਰਾਵਾਂ ਦੀ ਸੇਵਾ ਕਰ ਕੇ ਮਿਲਦੀ ਹੈ। ਯਿਸੂ ਨੇ ਕਿਹਾ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” (ਰਸੂ. 20:35) ਯਿਸੂ ਨੇ ਜਿੱਦਾਂ ਕਿਹਾ, ਉੱਦਾਂ ਕੀਤਾ ਵੀ। ਉਸ ਨੂੰ ਦੂਜਿਆਂ ਦੀ ਸੇਵਾ ਕਰ ਕੇ ਸੱਚੀ ਖ਼ੁਸ਼ੀ ਮਿਲੀ ਅਤੇ ਇਹ ਖ਼ੁਸ਼ੀ ਤੁਹਾਨੂੰ ਵੀ ਮਿਲ ਸਕਦੀ ਹੈ।

10. ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਦੂਜਿਆਂ ਦੀ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਸੀ? (ਮਰਕੁਸ 6:31-34)

10 ਜ਼ਰਾ ਇਕ ਮਿਸਾਲ ʼਤੇ ਗੌਰ ਕਰੋ ਕਿ ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਦੂਜਿਆਂ ਦੀ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਸੀ। (ਮਰਕੁਸ 6:31-34 ਪੜ੍ਹੋ।) ਇਕ ਵਾਰ ਯਿਸੂ ਅਤੇ ਉਸ ਦੇ ਚੇਲੇ ਥੱਕੇ ਹੋਏ ਸਨ। ਉਹ ਆਰਾਮ ਕਰਨ ਲਈ ਕਿਸੇ ਏਕਾਂਤ ਜਗ੍ਹਾ ʼਤੇ ਜਾ ਰਹੇ ਸਨ। ਪਰ ਇਕ ਭੀੜ ਉਨ੍ਹਾਂ ਤੋਂ ਪਹਿਲਾਂ ਹੀ ਉੱਥੇ ਪਹੁੰਚ ਗਈ ਕਿਉਂਕਿ ਉਹ ਯਿਸੂ ਤੋਂ ਗੱਲਾਂ ਸਿੱਖਣੀਆਂ ਚਾਹੁੰਦੀ ਸੀ। ਯਿਸੂ ਲੋਕਾਂ ਨੂੰ ਨਾ ਕਹਿ ਸਕਦਾ ਸੀ ਕਿਉਂਕਿ ਉਸ ਨੂੰ ਅਤੇ ਉਸ ਦੇ ਚੇਲਿਆਂ ਨੂੰ ‘ਖਾਣਾ ਖਾਣ ਦੀ ਵੀ ਵਿਹਲ ਨਹੀਂ ਮਿਲੀ ਸੀ।’ ਜਾਂ ਯਿਸੂ ਸਿਰਫ਼ ਇਕ ਜਾਂ ਦੋ ਗੱਲਾਂ ਸਿਖਾ ਕੇ ਹੀ ਉਨ੍ਹਾਂ ਨੂੰ ਉੱਥੋਂ ਭੇਜ ਸਕਦਾ ਸੀ। ਪਰ ਪਿਆਰ ਹੋਣ ਕਰਕੇ ਉਹ “ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣ ਲੱਗ ਪਿਆ” ਅਤੇ “ਦੁਪਹਿਰੋਂ ਬਾਅਦ” ਵੀ ਉਹ ਉਨ੍ਹਾਂ ਨੂੰ ਸਿਖਾਉਂਦਾ ਰਿਹਾ। (ਮਰ. 6:35) ਉਸ ਨੇ ਮਜਬੂਰੀ ਕਰਕੇ ਇੱਦਾਂ ਨਹੀਂ ਕੀਤਾ, ਸਗੋਂ “ਉਸ ਨੂੰ ਲੋਕਾਂ ਤੇ ਤਰਸ ਆਇਆ।” ਉਹ ਲੋਕਾਂ ਨੂੰ ਇਸ ਲਈ ਸਿਖਾਉਣਾ ਚਾਹੁੰਦਾ ਸੀ ਕਿਉਂਕਿ ਉਹ ਉਨ੍ਹਾਂ ਨੂੰ ਪਿਆਰ ਕਰਦਾ ਸੀ। ਦੂਜਿਆਂ ਦੀ ਸੇਵਾ ਕਰ ਕੇ ਯਿਸੂ ਨੂੰ ਖ਼ੁਸ਼ੀ ਮਿਲਦੀ ਸੀ।

11. ਯਿਸੂ ਨੇ ਲੋਕਾਂ ਦੀ ਕਿਵੇਂ ਮਦਦ ਕੀਤੀ? (ਤਸਵੀਰ ਵੀ ਦੇਖੋ।)

11 ਯਿਸੂ ਨੇ ਭੀੜ ਨੂੰ ਪਰਮੇਸ਼ੁਰ ਬਾਰੇ ਸਿਖਾਉਣ ਦੇ ਨਾਲ-ਨਾਲ ਭੀੜ ਦੀਆਂ ਲੋੜਾਂ ਵੀ ਪੂਰੀਆਂ ਕੀਤੀਆਂ। ਉਸ ਨੇ ਲੋਕਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਅਤੇ ਫਿਰ ਚੇਲਿਆਂ ਨੂੰ ਖਾਣਾ ਵੰਡਣ ਲਈ ਕਿਹਾ। (ਮਰ. 6:41) ਇੱਦਾਂ ਕਰਕੇ ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਦੂਜਿਆਂ ਦੀ ਸੇਵਾ ਕਿੱਦਾਂ ਕਰ ਸਕਦੇ ਹਨ। ਨਾਲੇ ਇਹ ਵੀ ਸਿਖਾਇਆ ਕਿ ਖਾਣਾ ਵਗੈਰਾ ਵੰਡਣ ਦਾ ਕੰਮ ਵੀ ਜ਼ਰੂਰੀ ਹੈ। ਕੁਝ ਇੱਦਾਂ ਦੇ ਕੰਮ ਸਹਾਇਕ ਸੇਵਕ ਵੀ ਕਰਦੇ ਹਨ। ਬਾਈਬਲ ਵਿਚ ਲਿਖਿਆ ਹੈ ਕਿ “ਸਾਰਿਆਂ ਨੇ ਰੱਜ ਕੇ ਖਾਧਾ।” (ਮਰ. 6:42) ਜ਼ਰਾ ਕਲਪਨਾ ਕਰੋ ਕਿ ਇਸ ਚਮਤਕਾਰ ਵਿਚ ਯਿਸੂ ਦਾ ਹੱਥ ਵਟਾ ਕੇ ਚੇਲਿਆਂ ਨੂੰ ਕਿੰਨੀ ਖ਼ੁਸ਼ੀ ਹੋਈ ਹੋਣੀ! ਬਿਨਾਂ ਸ਼ੱਕ, ਹੋਰ ਵੀ ਕਈ ਮੌਕਿਆਂ ʼਤੇ ਯਿਸੂ ਨੇ ਆਪਣੀਆਂ ਲੋੜਾਂ ਤੋਂ ਪਹਿਲਾਂ ਦੂਜਿਆਂ ਦੀਆਂ ਲੋੜਾਂ ਦਾ ਧਿਆਨ ਰੱਖਿਆ। ਧਰਤੀ ʼਤੇ ਰਹਿੰਦਿਆਂ ਉਸ ਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੀ ਸੇਵਾ ਕੀਤੀ। (ਮੱਤੀ 4:23; 8:16) ਦੂਜਿਆਂ ਨੂੰ ਸਿਖਾ ਕੇ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰ ਕੇ ਯਿਸੂ ਨੂੰ ਖ਼ੁਸ਼ੀ ਮਿਲੀ। ਬਿਨਾਂ ਸ਼ੱਕ, ਜੇ ਤੁਸੀਂ ਵੀ ਦੂਜਿਆਂ ਬਾਰੇ ਸੋਚੋਗੇ ਅਤੇ ਸਹਾਇਕ ਸੇਵਕ ਬਣਨ ਦੀ ਕੋਸ਼ਿਸ਼ ਕਰੋਗੇ, ਤਾਂ ਤੁਸੀਂ ਵੀ ਇਹੀ ਖ਼ੁਸ਼ੀ ਪਾ ਸਕੋਗੇ।

ਯਹੋਵਾਹ ਲਈ ਪਿਆਰ ਅਤੇ ਭੈਣਾਂ-ਭਰਾਵਾਂ ਦੀ ਸੇਵਾ ਕਰਨ ਦੀ ਇੱਛਾ ਹੋਣ ਕਰਕੇ ਤੁਸੀਂ ਮੰਡਲੀ ਲਈ ਕੁਝ ਵੀ ਕਰਨ ਲਈ ਤਿਆਰ ਹੋਵੋਗੇ (ਪੈਰਾ 11 ਦੇਖੋ) a


12. ਸਾਡੇ ਵਿੱਚੋਂ ਕਿਸੇ ਨੂੰ ਵੀ ਇਹ ਕਿਉਂ ਨਹੀਂ ਸੋਚਣਾ ਚਾਹੀਦਾ ਕਿ ਸਾਡੇ ਵਿਚ ਕੋਈ ਕਾਬਲੀਅਤ ਨਹੀਂ ਹੈ?

12 ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਿਚ ਕੋਈ ਵੀ ਸ਼ਾਨਦਾਰ ਕਾਬਲੀਅਤ ਨਹੀਂ ਹੈ, ਤਾਂ ਨਿਰਾਸ਼ ਨਾ ਹੋਵੋ। ਬਿਨਾਂ ਸ਼ੱਕ, ਤੁਹਾਡੇ ਵਿਚ ਜ਼ਰੂਰ ਕੁਝ ਇੱਦਾਂ ਦੇ ਗੁਣ ਹੋਣੇ ਜੋ ਮੰਡਲੀ ਲਈ ਫ਼ਾਇਦੇਮੰਦ ਸਾਬਤ ਹੋ ਸਕਦੇ ਹਨ। ਜ਼ਰਾ ਸੋਚੋ, ਪੌਲੁਸ ਨੇ 1 ਕੁਰਿੰਥੀਆਂ 12:12-30 ਵਿਚ ਕੀ ਕਿਹਾ। ਫਿਰ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੀ ਇਹ ਦੇਖਣ ਵਿਚ ਮਦਦ ਕਰੇ ਕਿ ਇਹ ਆਇਤਾਂ ਤੁਹਾਡੇ ʼਤੇ ਕਿੱਦਾਂ ਲਾਗੂ ਹੁੰਦੀਆਂ ਹਨ। ਪੌਲੁਸ ਦੇ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਹਰ ਸੇਵਕ ਵਾਂਗ ਤੁਹਾਡੀ ਵੀ ਮੰਡਲੀ ਵਿਚ ਲੋੜ ਹੈ ਅਤੇ ਤੁਸੀਂ ਮੰਡਲੀ ਲਈ ਅਨਮੋਲ ਹੋ। ਜੇ ਤੁਹਾਡੇ ਵਿਚ ਹਾਲੇ ਸਹਾਇਕ ਸੇਵਕ ਬਣਨ ਲਈ ਕੁਝ ਯੋਗਤਾਵਾਂ ਨਹੀਂ ਹਨ, ਤਾਂ ਹਾਰ ਨਾ ਮੰਨੋ। ਇਸ ਦੀ ਬਜਾਇ, ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰੋ ਅਤੇ ਭੈਣਾਂ-ਭਰਾਵਾਂ ਦੀ ਮਦਦ ਕਰੋ। ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਬਜ਼ੁਰਗ ਤੁਹਾਡੇ ਬਾਰੇ ਜ਼ਰੂਰ ਸੋਚਣਗੇ ਅਤੇ ਤੁਹਾਨੂੰ ਉਹ ਜ਼ਿੰਮੇਵਾਰੀਆਂ ਦੇਣਗੇ ਜੋ ਤੁਸੀਂ ਪੂਰੀਆਂ ਕਰ ਸਕਦੇ ਹੋ।​—ਰੋਮੀ. 12:4-8.

13. ਸਹਾਇਕ ਸੇਵਕ ਬਣਨ ਲਈ ਜ਼ਿਆਦਾਤਰ ਯੋਗਤਾਵਾਂ ਬਾਰੇ ਕਿਹੜੀ ਗੱਲ ਸੱਚ ਹੈ?

13 ਜ਼ਰਾ ਇਕ ਹੋਰ ਕਾਰਨ ਉੱਤੇ ਗੌਰ ਕਰੋ ਕਿ ਤੁਹਾਨੂੰ ਕਿਉਂ ਸਹਾਇਕ ਸੇਵਕ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਾਈਬਲ ਵਿਚ ਸਹਾਇਕ ਸੇਵਕ ਬਣਨ ਲਈ ਜਿਹੜੀਆਂ ਯੋਗਤਾਵਾਂ ਦੱਸੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਯੋਗਤਾਵਾਂ ਸਾਰੇ ਮਸੀਹੀਆਂ ਵਿਚ ਹੋਣੀਆਂ ਚਾਹੀਦੀਆਂ ਹਨ। ਸਾਰੇ ਮਸੀਹੀਆਂ ਨੂੰ ਯਹੋਵਾਹ ਦੇ ਨੇੜੇ ਜਾਣਾ ਚਾਹੀਦਾ ਹੈ, ਦੂਜਿਆਂ ਨੂੰ ਦੇ ਕੇ ਖ਼ੁਸ਼ੀ ਹੋਣੀ ਚਾਹੀਦੀ ਹੈ ਅਤੇ ਆਪਣੀ ਜ਼ਿੰਦਗੀ ਉਸ ਤਰੀਕੇ ਨਾਲ ਜੀਉਣੀ ਚਾਹੀਦੀ ਹੈ ਜਿਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ। ਸੋ ਸ਼ਾਇਦ ਤੁਹਾਡੇ ਵਿਚ ਪਹਿਲਾਂ ਤੋਂ ਹੀ ਜ਼ਿਆਦਾਤਰ ਉਹ ਯੋਗਤਾਵਾਂ ਹਨ ਜੋ ਸਹਾਇਕ ਸੇਵਕ ਬਣਨ ਲਈ ਜ਼ਰੂਰੀ ਹਨ। ਪਰ ਸਹਾਇਕ ਸੇਵਕ ਬਣਨ ਲਈ ਤੁਹਾਨੂੰ ਹੋਰ ਕੀ ਕਰਨ ਦੀ ਲੋੜ ਹੈ?

ਸਹਾਇਕ ਸੇਵਕ ਬਣਨ ਲਈ ਤੁਸੀਂ ਕੀ ਕਰ ਸਕਦੇ ਹੋ?

14. “ਗੰਭੀਰ ਹੋਣ” ਦਾ ਕੀ ਮਤਲਬ ਹੈ? (1 ਤਿਮੋਥਿਉਸ 3:8-10, 12)

14 ਹੁਣ ਆਓ ਆਪਾਂ 1 ਤਿਮੋਥਿਉਸ 3:8-10, 12 ਵਿਚ ਦੱਸੀਆਂ ਕੁਝ ਯੋਗਤਾਵਾਂ ʼਤੇ ਗੌਰ ਕਰੀਏ। (ਪੜ੍ਹੋ।) ਇਕ ਸਹਾਇਕ ਸੇਵਕ ਨੂੰ ‘ਗੰਭੀਰ ਹੋਣਾ’ ਚਾਹੀਦਾ ਹੈ। ਗੰਭੀਰ ਹੋਣ ਦਾ ਅਨੁਵਾਦ “ਜ਼ਿੰਮੇਵਾਰ ਹੋਣਾ” ਅਤੇ “ਆਦਰ ਨਾਲ ਪੇਸ਼ ਆਉਣਾ” ਵੀ ਕੀਤਾ ਜਾ ਸਕਦਾ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਕਦੇ ਹਾਸਾ-ਮਜ਼ਾਕ ਹੀ ਨਹੀਂ ਕਰ ਸਕਦੇ। (ਉਪ. 3:1, 4) ਪਰ ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੇ ਤੁਸੀਂ ਹਮੇਸ਼ਾ ਆਪਣੇ ਸਾਰੇ ਕੰਮ ਚੰਗੀ ਤਰ੍ਹਾਂ ਅਤੇ ਸਮੇਂ ਸਿਰ ਪੂਰੇ ਕਰੋ, ਤਾਂ ਮੰਡਲੀ ਵਿਚ ਭੈਣ-ਭਰਾ ਤੁਹਾਡੇ ਉੱਤੇ ਭਰੋਸਾ ਕਰ ਸਕਣਗੇ ਅਤੇ ਤੁਹਾਡੀ ਇੱਜ਼ਤ ਕਰਨਗੇ।

15. “ਦੋਗਲੀਆਂ ਗੱਲਾਂ ਨਾ ਕਰਨ” ਅਤੇ “ਲਾਲਚ ਨਾਲ ਦੂਸਰਿਆਂ ਦਾ ਫ਼ਾਇਦਾ ਨਾ ਉਠਾਉਣ” ਦਾ ਕੀ ਮਤਲਬ ਹੈ?

15 “ਦੋਗਲੀਆਂ ਗੱਲਾਂ ਨਾ ਕਰਨ” ਦਾ ਮਤਲਬ ਹੈ ਕਿ ਤੁਸੀਂ ਸੱਚ ਬੋਲਦੇ ਹੋ, ਈਮਾਨਦਾਰ ਹੋ ਅਤੇ ਭਰੋਸੇਯੋਗ ਹੋ। ਤੁਸੀਂ ਆਪਣੀ ਜ਼ਬਾਨ ਦੇ ਪੱਕੇ ਹੋ ਅਤੇ ਕਿਸੇ ਨੂੰ ਧੋਖਾ ਨਹੀਂ ਦਿੰਦੇ। (ਕਹਾ. 3:32) “ਲਾਲਚ ਨਾਲ ਦੂਸਰਿਆਂ ਦਾ ਫ਼ਾਇਦਾ ਨਾ ਉਠਾਉਣ” ਦਾ ਮਤਲਬ ਹੈ ਕਿ ਤੁਸੀਂ ਬਿਜ਼ਨਿਸ ਅਤੇ ਪੈਸੇ ਦੇ ਮਾਮਲੇ ਵਿਚ ਈਮਾਨਦਾਰ ਹੋ। ਤੁਸੀਂ ਪੈਸੇ ਕਮਾਉਣ ਲਈ ਆਪਣੇ ਭੈਣਾਂ-ਭਰਾਵਾਂ ਦਾ ਫ਼ਾਇਦਾ ਨਹੀਂ ਉਠਾਉਂਦੇ।

16. (ੳ) “ਹੱਦੋਂ ਵੱਧ ਸ਼ਰਾਬ ਨਾ ਪੀਣ” ਦਾ ਕੀ ਮਤਲਬ ਹੈ? (ਅ) “ਸ਼ੁੱਧ ਜ਼ਮੀਰ” ਹੋਣ ਦਾ ਕੀ ਮਤਲਬ ਹੈ?

16 “ਹੱਦੋਂ ਵੱਧ ਸ਼ਰਾਬ ਨਾ ਪੀਣ” ਦਾ ਮਤਲਬ ਹੈ ਕਿ ਤੁਸੀਂ ਹੱਦ ਵਿਚ ਰਹਿ ਕੇ ਸ਼ਰਾਬ ਪੀਂਦੇ ਹੋ। ਨਾਲੇ ਤੁਸੀਂ ਉਸ ਵਿਅਕਤੀ ਵਜੋਂ ਨਹੀਂ ਜਾਣੇ ਜਾਂਦੇ ਜੋ ਜ਼ਿਆਦਾ ਸ਼ਰਾਬ ਪੀਂਦਾ ਹੈ। “ਸ਼ੁੱਧ ਜ਼ਮੀਰ” ਨਾਲ ਜੀਉਣ ਦਾ ਮਤਲਬ ਹੈ ਕਿ ਤੁਸੀਂ ਯਹੋਵਾਹ ਦੇ ਮਿਆਰਾਂ ਮੁਤਾਬਕ ਆਪਣੀ ਜ਼ਿੰਦਗੀ ਜੀਉਂਦੇ ਹੋ। ਭਾਵੇਂ ਕਿ ਤੁਸੀਂ ਨਾਮੁਕੰਮਲ ਹੋ, ਫਿਰ ਵੀ ਤੁਹਾਡਾ ਯਹੋਵਾਹ ਨਾਲ ਇਕ ਚੰਗਾ ਰਿਸ਼ਤਾ ਹੈ ਅਤੇ ਇਸ ਕਰਕੇ ਤੁਹਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ।

17. ‘ਪਰਖੇ ਜਾਣ’ ਤੇ ਇਕ ਭਰਾ ਖ਼ੁਦ ਨੂੰ ਭਰੋਸੇਮੰਦ ਕਿਵੇਂ ਸਾਬਤ ਕਰ ਸਕਦਾ ਹੈ? (1 ਤਿਮੋਥਿਉਸ 3:10; ਤਸਵੀਰ ਵੀ ਦੇਖੋ।)

17 ‘ਪਰਖੇ ਜਾਣ’ ਦਾ ਮਤਲਬ ਹੈ ਕਿ ਬਜ਼ੁਰਗ ਤੁਹਾਡੇ ਵਿਚ ਦੇਖਦੇ ਹਨ ਕਿ ਤੁਸੀਂ ਜ਼ਿੰਮੇਵਾਰੀਆਂ ਕਿਵੇਂ ਪੂਰੀਆਂ ਕਰਦੇ ਹੋ ਅਤੇ ਉਹ ਤੁਹਾਡੇ ʼਤੇ ਭਰੋਸਾ ਕਰ ਸਕਦੇ ਹਨ ਜਾਂ ਨਹੀਂ। ਇਸ ਲਈ ਜਦੋਂ ਬਜ਼ੁਰਗ ਤੁਹਾਨੂੰ ਕੋਈ ਜ਼ਿੰਮੇਵਾਰੀ ਦੇਣ, ਤਾਂ ਉਹ ਜ਼ਿੰਮੇਵਾਰੀ ਪੂਰੀ ਕਰਨ ਲਈ ਉਨ੍ਹਾਂ ਵੱਲੋਂ ਅਤੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਚੰਗੀ ਤਰ੍ਹਾਂ ਮੰਨੋ। ਇਹ ਚੰਗੀ ਤਰ੍ਹਾਂ ਸਮਝੋ ਕਿ ਤੁਸੀਂ ਕੀ ਕਰਨਾ ਹੈ ਅਤੇ ਕਦੋਂ ਤਕ ਖ਼ਤਮ ਕਰਨਾ ਹੈ। ਜਦੋਂ ਤੁਸੀਂ ਚੰਗੀ ਤਰ੍ਹਾਂ ਅਤੇ ਪੂਰੇ ਜੋਸ਼ ਨਾਲ ਹਰ ਜ਼ਿੰਮੇਵਾਰੀ ਪੂਰੀ ਕਰਦੇ ਹੋ, ਤਾਂ ਮੰਡਲੀ ਦੇ ਸਾਰੇ ਭੈਣ-ਭਰਾ ਇਹ ਦੇਖ ਸਕਣਗੇ ਕਿ ਤੁਸੀਂ ਇਕ ਭਰੋਸੇਮੰਦ ਭਰਾ ਬਣ ਰਹੇ ਹੋ। ਬਜ਼ੁਰਗੋ, ਧਿਆਨ ਰੱਖੋ ਕਿ ਤੁਸੀਂ ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਟ੍ਰੇਨਿੰਗ ਦੇ ਰਹੇ ਹੋ। (1 ਤਿਮੋਥਿਉਸ 3:10 ਪੜ੍ਹੋ।) ਕੀ ਤੁਹਾਡੀ ਮੰਡਲੀ ਵਿਚ 10-14 ਜਾਂ ਇਸ ਤੋਂ ਵੀ ਛੋਟੀ ਉਮਰ ਦੇ ਬਪਤਿਸਮਾ-ਪ੍ਰਾਪਤ ਭਰਾ ਹਨ? ਕੀ ਉਹ ਸਭਾਵਾਂ ਦੀ ਵਧੀਆ ਤਿਆਰੀ ਕਰਦੇ ਹਨ? ਕੀ ਉਨ੍ਹਾਂ ਦੀ ਨਿੱਜੀ ਅਧਿਐਨ ਕਰਨ ਦੀ ਵਧੀਆ ਆਦਤ ਹੈ? ਕੀ ਉਹ ਸਭਾਵਾਂ ਵਿਚ ਬਾਕਾਇਦਾ ਜਵਾਬ ਦਿੰਦੇ ਹਨ ਅਤੇ ਕੀ ਉਹ ਲਗਾਤਾਰ ਪ੍ਰਚਾਰ ʼਤੇ ਜਾਂਦੇ ਹਨ? ਜੇ ਹਾਂ, ਤਾਂ ਉਨ੍ਹਾਂ ਦੀ ਉਮਰ ਅਤੇ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਕੁਝ ਜ਼ਿੰਮੇਵਾਰੀਆਂ ਦਿਓ। ਇੱਦਾਂ ਕਰ ਕੇ ਇਹ ਛੋਟੀ ਉਮਰ ਦੇ ਭਰਾ ‘ਪਰਖੇ ਜਾ’ ਸਕਦੇ ਹਨ। ਫਿਰ ਸਮੇਂ ਦੇ ਬੀਤਣ ਨਾਲ ਜਦੋਂ ਉਹ 17-19 ਸਾਲਾਂ ਦੇ ਹੋਣਗੇ, ਤਾਂ ਸ਼ਾਇਦ ਉਹ ਸਹਾਇਕ ਸੇਵਕ ਵਜੋਂ ਸੇਵਾ ਕਰ ਸਕਣਗੇ।

ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਜ਼ਿੰਮੇਵਾਰੀਆਂ ਦੇ ਕੇ ਬਜ਼ੁਰਗ ਉਨ੍ਹਾਂ ਨੂੰ “ਪਰਖ” ਸਕਦੇ ਹਨ (ਪੈਰਾ 17 ਦੇਖੋ)


18. “ਨਿਰਦੋਸ਼ ਸਾਬਤ ਹੋਣ” ਦਾ ਕੀ ਮਤਲਬ ਹੈ?

18 “ਨਿਰਦੋਸ਼ ਸਾਬਤ ਹੋਣ” ਦਾ ਮਤਲਬ ਹੈ ਕਿ ਤੁਹਾਡੇ ʼਤੇ ਕਿਸੇ ਵੀ ਤਰ੍ਹਾਂ ਦੇ ਗੰਭੀਰ ਪਾਪ ਦਾ ਦੋਸ਼ ਨਾ ਲੱਗਾ ਹੋਵੇ। ਬਿਨਾਂ ਸ਼ੱਕ, ਮਸੀਹੀਆਂ ʼਤੇ ਝੂਠੇ ਦੋਸ਼ ਲਾਏ ਜਾਂਦੇ ਹਨ। ਯਿਸੂ ʼਤੇ ਝੂਠੇ ਦੋਸ਼ ਲਾਏ ਗਏ ਸਨ ਅਤੇ ਉਸ ਨੇ ਕਿਹਾ ਸੀ ਕਿ ਲੋਕ ਉਸ ਦੇ ਚੇਲਿਆਂ ʼਤੇ ਵੀ ਝੂਠੇ ਦੋਸ਼ ਲਾਉਣਗੇ। (ਯੂਹੰ. 15:20) ਪਰ ਜੇ ਤੁਸੀਂ ਯਿਸੂ ਵਾਂਗ ਸ਼ੁੱਧ ਚਾਲ-ਚਲਣ ਬਣਾਈ ਰੱਖੋਗੇ, ਤਾਂ ਤੁਸੀਂ ਮੰਡਲੀ ਵਿਚ ਚੰਗਾ ਨਾਂ ਕਮਾ ਸਕੋਗੇ।​—ਮੱਤੀ 11:19.

19. “ਇੱਕੋ ਪਤਨੀ ਦਾ ਪਤੀ” ਹੋਣ ਵਿਚ ਕੀ ਕੁਝ ਸ਼ਾਮਲ ਹੈ?

19 “ਇੱਕੋ ਪਤਨੀ ਦਾ ਪਤੀ ਹੋਵੇ।” ਜਦੋਂ ਸ਼ੁਰੂ ਵਿਚ ਯਹੋਵਾਹ ਨੇ ਪਹਿਲੇ ਜੋੜੇ ਦਾ ਵਿਆਹ ਕਰਵਾਇਆ ਸੀ, ਤਾਂ ਉਸ ਨੇ ਕਿਹਾ ਸੀ ਕਿ ਵਿਆਹ ਇੱਕੋ ਆਦਮੀ ਤੇ ਔਰਤ ਵਿਚ ਹੋਵੇ। (ਮੱਤੀ 19:3-9) ਇਹੀ ਗੱਲ ਅੱਜ ਸਾਰੇ ਮਸੀਹੀਆਂ ਨੂੰ ਮੰਨਣ ਦੀ ਲੋੜ ਹੈ। ਇਕ ਮਸੀਹੀ ਆਦਮੀ ਨੂੰ ਕਦੇ ਵੀ ਨਾਜਾਇਜ਼ ਸਰੀਰਕ ਸੰਬੰਧ ਨਹੀਂ ਬਣਾਉਣੇ ਚਾਹੀਦੇ। (ਇਬ. 13:4) ਇਸ ਵਿਚ ਇਹ ਵੀ ਸ਼ਾਮਲ ਹੈ ਕਿ ਉਸ ਨੂੰ ਆਪਣੀ ਪਤਨੀ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ ਅਤੇ ਕਿਸੇ ਹੋਰ ਔਰਤ ਵਿਚ ਦਿਲਚਸਪੀ ਨਹੀਂ ਲੈਣੀ ਚਾਹੀਦੀ।​—ਅੱਯੂ. 31:1.

20. ਇਕ ਭਰਾ ਆਪਣੇ “ਘਰ ਦੀ ਚੰਗੀ ਤਰ੍ਹਾਂ ਅਗਵਾਈ” ਕਿਵੇਂ ਕਰ ਸਕਦਾ ਹੈ?

20 “ਆਪਣੇ ਬੱਚਿਆਂ ਅਤੇ ਘਰ ਦੀ ਚੰਗੀ ਤਰ੍ਹਾਂ ਅਗਵਾਈ ਕਰੇ।” ਜੇ ਤੁਸੀਂ ਪਰਿਵਾਰ ਦੇ ਮੁਖੀ ਹੋ, ਤਾਂ ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਬਾਕਾਇਦਾ ਪਰਿਵਾਰਕ ਸਟੱਡੀ ਕਰੋ, ਪਰਿਵਾਰ ਦੇ ਹਰ ਮੈਂਬਰ ਨਾਲ ਅਕਸਰ ਪ੍ਰਚਾਰ ʼਤੇ ਜਾਓ ਅਤੇ ਆਪਣੇ ਬੱਚਿਆਂ ਦਾ ਯਹੋਵਾਹ ਨਾਲ ਨਿੱਜੀ ਰਿਸ਼ਤਾ ਬਣਾਉਣ ਵਿਚ ਮਦਦ ਕਰੋ। (ਅਫ਼. 6:4) ਜਿਹੜਾ ਭਰਾ ਆਪਣੇ ਪਰਿਵਾਰ ਦੀ ਦੇਖ-ਭਾਲ ਕਰਦਾ ਹੈ, ਉਹ ਦਿਖਾਉਂਦਾ ਹੈ ਕਿ ਉਹ ਮੰਡਲੀ ਦੀ ਵੀ ਦੇਖ-ਭਾਲ ਕਰ ਸਕਦਾ ਹੈ।​—1 ਤਿਮੋਥਿਉਸ 3:5 ਵਿਚ ਨੁਕਤਾ ਦੇਖੋ।

21. ਜੇ ਤੁਸੀਂ ਅਜੇ ਸਹਾਇਕ ਸੇਵਕ ਵਜੋਂ ਸੇਵਾ ਨਹੀਂ ਕਰ ਰਹੇ, ਤਾਂ ਤੁਸੀਂ ਕੀ ਕਰ ਸਕਦੇ ਹੋ?

21 ਭਰਾਵੋ, ਜੇ ਤੁਸੀਂ ਅਜੇ ਸਹਾਇਕ ਸੇਵਕ ਵਜੋਂ ਸੇਵਾ ਨਹੀਂ ਕਰ ਰਹੇ, ਤਾਂ ਪ੍ਰਾਰਥਨਾ ਕਰ ਕੇ ਇਸ ਲੇਖ ʼਤੇ ਸੋਚ-ਵਿਚਾਰ ਕਰੋ। ਸਹਾਇਕ ਸੇਵਕ ਬਣਨ ਲਈ ਦਿੱਤੀਆਂ ਯੋਗਤਾਵਾਂ ਬਾਰੇ ਅਧਿਐਨ ਕਰੋ ਅਤੇ ਉਨ੍ਹਾਂ ʼਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰੋ। ਸੋਚੋ ਕਿ ਤੁਸੀਂ ਯਹੋਵਾਹ ਅਤੇ ਭੈਣਾਂ-ਭਰਾਵਾਂ ਨੂੰ ਕਿੰਨਾ ਪਿਆਰ ਕਰਦੇ ਹੋ। ਨਾਲੇ ਉਨ੍ਹਾਂ ਦੀ ਸੇਵਾ ਕਰਨ ਦੀ ਆਪਣੀ ਇੱਛਾ ਨੂੰ ਹੋਰ ਵਧਾਓ। (1 ਪਤ. 4:8, 10) ਜੇ ਤੁਸੀਂ ਸਹਾਇਕ ਸੇਵਕ ਬਣਨ ਦੀ ਕੋਸ਼ਿਸ਼ ਕਰੋਗੇ, ਤਾਂ ਤੁਹਾਨੂੰ ਉਹ ਖ਼ੁਸ਼ੀ ਮਿਲੇਗੀ ਜੋ ਭੈਣਾਂ-ਭਰਾਵਾਂ ਦੀ ਸੇਵਾ ਕਰ ਕੇ ਮਿਲਦੀ ਹੈ। ਸਹਾਇਕ ਸੇਵਕ ਬਣਨ ਲਈ ਤੁਸੀਂ ਜੋ ਮਿਹਨਤ ਕਰ ਰਹੇ ਹੋ, ਯਹੋਵਾਹ ਉਸ ʼਤੇ ਜ਼ਰੂਰ ਬਰਕਤ ਪਾਵੇਗਾ।​—ਫ਼ਿਲਿ. 2:13.

ਗੀਤ 17 “ਮੈਂ ਚਾਹੁੰਦਾ ਹਾਂ”

a ਤਸਵੀਰਾਂ ਬਾਰੇ ਜਾਣਕਾਰੀ: ਖੱਬੇ ਪਾਸੇ, ਯਿਸੂ ਨਿਮਰਤਾ ਨਾਲ ਦੂਜਿਆਂ ਦੀ ਸੇਵਾ ਕਰ ਰਿਹਾ ਹੈ। ਸੱਜੇ ਪਾਸੇ, ਇਕ ਸਹਾਇਕ ਸੇਵਕ ਮੰਡਲੀ ਦੇ ਸਿਆਣੀ ਉਮਰ ਦੇ ਭਰਾ ਦੀ ਮਦਦ ਕਰ ਰਿਹਾ ਹੈ।