Skip to content

Skip to table of contents

ਅਧਿਐਨ ਲੇਖ 45

ਗੀਤ 138 ਧੌਲ਼ਾ ਸਿਰ ਹੈ ਤਾਜ

ਵਫ਼ਾਦਾਰ ਆਦਮੀਆਂ ਦੇ ਆਖ਼ਰੀ ਸ਼ਬਦਾਂ ਤੋਂ ਸਿੱਖੋ ਸਬਕ

ਵਫ਼ਾਦਾਰ ਆਦਮੀਆਂ ਦੇ ਆਖ਼ਰੀ ਸ਼ਬਦਾਂ ਤੋਂ ਸਿੱਖੋ ਸਬਕ

“ਕੀ ਬੁੱਧ ਸਿਆਣੀ ਉਮਰ ਵਾਲਿਆਂ ਵਿਚ ਨਹੀਂ ਪਾਈ ਜਾਂਦੀ? ਕੀ ਸਮਝ ਲੰਬੀ ਉਮਰ ਜੀਉਣ ਵਾਲਿਆਂ ਵਿਚ ਨਹੀਂ ਹੁੰਦੀ?”​—ਅੱਯੂ. 12:12.

ਕੀ ਸਿੱਖਾਂਗੇ?

ਯਹੋਵਾਹ ਪਰਮੇਸ਼ੁਰ ਦਾ ਕਹਿਣਾ ਮੰਨਣ ਕਰਕੇ ਸਾਨੂੰ ਅੱਜ ਬਰਕਤਾਂ ਮਿਲਦੀਆਂ ਹਨ ਅਤੇ ਭਵਿੱਖ ਵਿਚ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।

1. ਸਾਨੂੰ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਤੋਂ ਕਿਉਂ ਸਿੱਖਣਾ ਚਾਹੀਦਾ ਹੈ?

 ਜ਼ਿੰਦਗੀ ਦੇ ਅਹਿਮ ਫ਼ੈਸਲੇ ਲੈਣ ਲਈ ਸਾਨੂੰ ਸਾਰਿਆਂ ਨੂੰ ਸਲਾਹ ਦੀ ਲੋੜ ਪੈਂਦੀ ਹੈ। ਅਸੀਂ ਮੰਡਲੀ ਦੇ ਬਜ਼ੁਰਗਾਂ ਅਤੇ ਹੋਰ ਸਮਝਦਾਰ ਭੈਣਾਂ-ਭਰਾਵਾਂ ਤੋਂ ਸਲਾਹ ਲੈ ਸਕਦੇ ਹਾਂ। ਪਰ ਜੇ ਉਹ ਸਾਡੇ ਤੋਂ ਉਮਰ ਵਿਚ ਕਾਫ਼ੀ ਵੱਡੇ ਹਨ, ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਦੀ ਸਲਾਹ ਅੱਜ ਸਾਡੇ ਕਿਸੇ ਕੰਮ ਦੀ ਨਹੀਂ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਤੋਂ ਸਿੱਖੀਏ। ਉਨ੍ਹਾਂ ਕੋਲ ਸਾਡੇ ਨਾਲੋਂ ਜ਼ਿੰਦਗੀ ਦਾ ਜ਼ਿਆਦਾ ਤਜਰਬਾ, ਬੁੱਧ ਤੇ ਸਮਝ ਹੈ।​—ਅੱਯੂ. 12:12.

2. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

2 ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਸੇਧ ਅਤੇ ਹੱਲਾਸ਼ੇਰੀ ਦੇਣ ਲਈ ਵਫ਼ਾਦਾਰ ਸਿਆਣੀ ਉਮਰ ਦੇ ਆਦਮੀਆਂ ਨੂੰ ਵਰਤਿਆ। ਮਿਸਾਲ ਲਈ, ਉਸ ਨੇ ਮੂਸਾ, ਦਾਊਦ ਤੇ ਯੂਹੰਨਾ ਰਸੂਲ ਨੂੰ ਵਰਤਿਆ। ਉਹ ਅਲੱਗ-ਅਲੱਗ ਸਮੇਂ ਵਿਚ ਜੀਉਂਦੇ ਸਨ ਅਤੇ ਉਨ੍ਹਾਂ ਦੇ ਹਾਲਾਤ ਇਕ-ਦੂਜੇ ਤੋਂ ਕਾਫ਼ੀ ਵੱਖਰੇ ਸਨ। ਆਪਣੀ ਮੌਤ ਤੋਂ ਕੁਝ ਚਿਰ ਪਹਿਲਾਂ ਇਨ੍ਹਾਂ ਆਦਮੀਆਂ ਨੇ ਨੌਜਵਾਨਾਂ ਨੂੰ ਕੁਝ ਫ਼ਾਇਦੇਮੰਦ ਤੇ ਵਧੀਆ ਸਲਾਹਾਂ ਦਿੱਤੀਆਂ। ਇਨ੍ਹਾਂ ਤਿੰਨਾਂ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਪਰਮੇਸ਼ੁਰ ਦੇ ਕਹਿਣੇ ਵਿਚ ਰਹਿਣਾ ਕਿੰਨਾ ਜ਼ਰੂਰੀ ਹੈ। ਯਹੋਵਾਹ ਨੇ ਅੱਜ ਸਾਡੇ ਫ਼ਾਇਦੇ ਲਈ ਇਨ੍ਹਾਂ ਆਦਮੀਆਂ ਦੇ ਆਖ਼ਰੀ ਸ਼ਬਦ ਬਾਈਬਲ ਵਿਚ ਦਰਜ ਕਰਾਏ ਹਨ। ਚਾਹੇ ਅਸੀਂ ਛੋਟੇ ਹੋਈਏ ਜਾਂ ਵੱਡੇ, ਪਰ ਇਨ੍ਹਾਂ ਦੀਆਂ ਸਲਾਹਾਂ ʼਤੇ ਧਿਆਨ ਦੇਣ ਨਾਲ ਸਾਨੂੰ ਫ਼ਾਇਦਾ ਹੋ ਸਕਦਾ ਹੈ। (ਰੋਮੀ. 15:4; 2 ਤਿਮੋ. 3:16) ਇਸ ਲੇਖ ਵਿਚ ਅਸੀਂ ਇਨ੍ਹਾਂ ਆਦਮੀਆਂ ਦੇ ਆਖ਼ਰੀ ਸ਼ਬਦਾਂ ʼਤੇ ਧਿਆਨ ਦੇਵਾਂਗੇ ਅਤੇ ਜਾਣਾਂਗੇ ਕਿ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ।

‘ਤੁਸੀਂ ਲੰਬੇ ਸਮੇਂ ਤਕ ਰਹਿ ਸਕੋਗੇ’

3. ਮੂਸਾ ਨੇ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਦੀ ਸੇਵਾ ਕਿਵੇਂ ਕੀਤੀ?

3 ਮੂਸਾ ਦਿਲੋਂ ਯਹੋਵਾਹ ਦੀ ਭਗਤੀ ਕਰਦਾ ਸੀ। ਉਸ ਨੇ ਨਬੀ, ਨਿਆਂਕਾਰ, ਅਗਵਾਈ ਕਰਨ ਵਾਲੇ ਅਤੇ ਲੇਖਕ ਵਜੋਂ ਸੇਵਾ ਕੀਤੀ। ਮੂਸਾ ਨੂੰ ਜ਼ਿੰਦਗੀ ਦਾ ਕਾਫ਼ੀ ਤਜਰਬਾ ਸੀ। ਉਸ ਨੇ ਇਜ਼ਰਾਈਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਉਣ ਵਿਚ ਉਨ੍ਹਾਂ ਦੀ ਅਗਵਾਈ ਕੀਤੀ। ਨਾਲੇ ਉਸ ਨੇ ਆਪਣੀ ਅੱਖੀਂ ਕਈ ਚਮਤਕਾਰ ਹੁੰਦੇ ਦੇਖੇ ਸਨ। ਯਹੋਵਾਹ ਨੇ ਉਸ ਨੂੰ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ, ਜ਼ਬੂਰ 90 ਅਤੇ ਸ਼ਾਇਦ 91 ਵੀ ਲਿਖਣ ਲਈ ਵਰਤਿਆ। ਲੱਗਦਾ ਹੈ ਕਿ ਉਸ ਨੇ ਅੱਯੂਬ ਦੀ ਕਿਤਾਬ ਵੀ ਲਿਖੀ ਸੀ।

4. ਮੂਸਾ ਨੇ ਕਿਨ੍ਹਾਂ ਨੂੰ ਸਲਾਹ ਦਿੱਤੀ ਅਤੇ ਕਿਉਂ?

4 ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਯਾਨੀ 120 ਸਾਲ ਦੀ ਉਮਰ ਵਿਚ ਮੂਸਾ ਨੇ ਸਾਰੇ ਇਜ਼ਰਾਈਲੀਆਂ ਨੂੰ ਇਕੱਠਾ ਕੀਤਾ। ਉਸ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੇ ਆਪਣੀ ਅੱਖੀਂ ਦੇਖਿਆ ਸੀ ਕਿ ਯਹੋਵਾਹ ਨੇ ਉਨ੍ਹਾਂ ਲਈ ਕੀ ਕੁਝ ਕੀਤਾ ਸੀ। ਜਿਹੜੇ ਇਜ਼ਰਾਈਲੀ ਉਸ ਦੀ ਗੱਲ ਸੁਣ ਰਹੇ ਸਨ, ਉਨ੍ਹਾਂ ਵਿੱਚੋਂ ਕੁਝ ਜਣਿਆਂ ਨੇ ਛੋਟੇ ਹੁੰਦਿਆਂ ਆਪਣੀ ਅੱਖੀਂ ਯਹੋਵਾਹ ਦੇ ਚਮਤਕਾਰ ਦੇਖੇ ਸਨ। ਨਾਲੇ ਇਹ ਵੀ ਦੇਖਿਆ ਸੀ ਕਿ ਕਿਵੇਂ ਯਹੋਵਾਹ ਨੇ ਮਿਸਰੀਆਂ ਨੂੰ ਸਜ਼ਾ ਦਿੱਤੀ। (ਕੂਚ 7:3, 4) ਉਨ੍ਹਾਂ ਨੇ ਇਹ ਵੀ ਦੇਖਿਆ ਕਿ ਯਹੋਵਾਹ ਨੇ ਕਿਵੇਂ ਲਾਲ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਕਰ ਕੇ ਉਨ੍ਹਾਂ ਨੂੰ ਬਚਾਇਆ ਅਤੇ ਫਿਰਊਨ ਦੀ ਫ਼ੌਜ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। (ਕੂਚ 14:29-31) ਨਾਲੇ ਉਨ੍ਹਾਂ ਨੇ ਉਜਾੜ ਵਿਚ ਇਹ ਵੀ ਦੇਖਿਆ ਸੀ ਕਿ ਕਿਵੇਂ ਯਹੋਵਾਹ ਨੇ ਉਨ੍ਹਾਂ ਦੀ ਹਿਫਾਜ਼ਤ ਕੀਤੀ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। (ਬਿਵ. 8:3, 4) ਹੁਣ ਇਜ਼ਰਾਈਲੀ ਜਲਦੀ ਹੀ ਵਾਅਦਾ ਕੀਤੇ ਹੋਏ ਦੇਸ਼ ਵਿਚ ਪਹੁੰਚਣ ਵਾਲੇ ਸਨ। ਇਸ ਲਈ ਆਪਣੀ ਮੌਤ ਤੋਂ ਪਹਿਲਾਂ ਮੂਸਾ ਆਖ਼ਰੀ ਵਾਰ ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਚਾਹੁੰਦਾ ਸੀ। a

5. ਬਿਵਸਥਾ ਸਾਰ 30:19, 20 ਵਿਚ ਦਰਜ ਮੂਸਾ ਦੇ ਆਖ਼ਰੀ ਸ਼ਬਦਾਂ ਤੋਂ ਇਜ਼ਰਾਈਲੀਆਂ ਨੂੰ ਕਿਸ ਗੱਲ ਦਾ ਭਰੋਸਾ ਮਿਲਿਆ?

5 ਮੂਸਾ ਨੇ ਕੀ ਕਿਹਾ? (ਬਿਵਸਥਾ ਸਾਰ 30:19, 20 ਪੜ੍ਹੋ।) ਉਸ ਨੇ ਇਜ਼ਰਾਈਲ ਕੌਮ ਨੂੰ ਯਾਦ ਕਰਾਇਆ ਕਿ ਉਨ੍ਹਾਂ ਦਾ ਭਵਿੱਖ ਸ਼ਾਨਦਾਰ ਹੋਵੇਗਾ। ਯਹੋਵਾਹ ਦੀ ਮਿਹਰ ਨਾਲ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਲੰਬੇ ਸਮੇਂ ਤਕ ਰਹਿ ਸਕਦੇ ਸਨ। ਉਹ ਦੇਸ਼ ਬਹੁਤ ਸੋਹਣਾ ਤੇ ਉਪਜਾਊ ਸੀ। ਮੂਸਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ: “ਉਹ ਤੁਹਾਨੂੰ ਵੱਡੇ-ਵੱਡੇ ਅਤੇ ਵਧੀਆ ਸ਼ਹਿਰ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਉਸਾਰਿਆ ਅਤੇ ਤੁਹਾਨੂੰ ਹਰ ਤਰ੍ਹਾਂ ਦੀਆਂ ਵਧੀਆ-ਵਧੀਆ ਚੀਜ਼ਾਂ ਨਾਲ ਭਰੇ ਘਰ ਦੇਵੇਗਾ ਜਿਨ੍ਹਾਂ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ, ਉਹ ਹੌਦ ਦੇਵੇਗਾ ਜਿਹੜੇ ਤੁਸੀਂ ਨਹੀਂ ਪੁੱਟੇ ਅਤੇ ਉਹ ਅੰਗੂਰਾਂ ਦੇ ਬਾਗ਼ ਅਤੇ ਜ਼ੈਤੂਨ ਦੇ ਦਰਖ਼ਤ ਦੇਵੇਗਾ ਜਿਹੜੇ ਤੁਸੀਂ ਨਹੀਂ ਲਾਏ।”​—ਬਿਵ. 6:10, 11.

6. ਯਹੋਵਾਹ ਨੇ ਦੂਜੀਆਂ ਕੌਮਾਂ ਨੂੰ ਇਜ਼ਰਾਈਲੀਆਂ ʼਤੇ ਹਮਲਾ ਕਿਉਂ ਕਰਨ ਦਿੱਤਾ?

6 ਮੂਸਾ ਨੇ ਇਜ਼ਰਾਈਲੀਆਂ ਨੂੰ ਚੇਤਾਵਨੀ ਵੀ ਦਿੱਤੀ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਹਮੇਸ਼ਾ ਲਈ ਰਹਿਣਾ ਚਾਹੁੰਦੇ ਹਨ, ਤਾਂ ਜ਼ਰੂਰੀ ਹੈ ਕਿ ਉਹ ਯਹੋਵਾਹ ਦਾ ਕਹਿਣਾ ਮੰਨਣ। ਮੂਸਾ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਯਹੋਵਾਹ ਦੀ ਗੱਲ ਸੁਣ ਕੇ ਅਤੇ “ਉਸ ਨਾਲ ਚਿੰਬੜੇ ਰਹਿ ਕੇ” ‘ਜ਼ਿੰਦਗੀ ਨੂੰ ਚੁਣਨ।’ ਪਰ ਇਜ਼ਰਾਈਲੀਆਂ ਨੇ ਇੱਦਾਂ ਨਹੀਂ ਕੀਤਾ। ਇਸ ਲਈ ਯਹੋਵਾਹ ਨੇ ਪਹਿਲਾਂ ਅੱਸ਼ੂਰੀਆਂ ਅਤੇ ਫਿਰ ਬਾਬਲੀਆਂ ਨੂੰ ਉਨ੍ਹਾਂ ʼਤੇ ਹਮਲਾ ਕਰਨ ਦਿੱਤਾ ਜੋ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਬਾਬਲ ਲੈ ਗਏ।​—2 ਰਾਜ. 17:6-8, 13, 14; 2 ਇਤਿ. 36:15-17, 20.

7. ਅਸੀਂ ਮੂਸਾ ਦੇ ਸ਼ਬਦਾਂ ਤੋਂ ਕੀ ਸਿੱਖ ਸਕਦੇ ਹਾਂ? (ਤਸਵੀਰ ਵੀ ਦੇਖੋ।)

7 ਅਸੀਂ ਕੀ ਸਿੱਖਦੇ ਹਾਂ? ਕਹਿਣਾ ਮੰਨਣ ਨਾਲ ਸਾਡੀਆਂ ਜਾਨਾਂ ਬਚਣਗੀਆਂ। ਜਿੱਦਾਂ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਦੀ ਦਹਿਲੀਜ਼ ʼਤੇ ਸਨ, ਬਿਲਕੁਲ ਉਸੇ ਤਰ੍ਹਾਂ ਅਸੀਂ ਵੀ ਨਵੀਂ ਦੁਨੀਆਂ ਦੀ ਦਹਿਲੀਜ਼ ʼਤੇ ਖੜ੍ਹੇ ਹਾਂ। ਜਲਦੀ ਹੀ ਅਸੀਂ ਇਸ ਧਰਤੀ ਨੂੰ ਨਵੀਂ ਦੁਨੀਆਂ ਵਿਚ ਬਦਲਦੇ ਦੇਖਾਂਗੇ। (ਯਸਾ. 35:1; ਲੂਕਾ 23:43) ਉੱਥੇ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਦਾ ਨਾਮੋ-ਨਿਸ਼ਾਨ ਨਹੀਂ ਹੋਵੇਗਾ। (ਪ੍ਰਕਾ. 20:2, 3) ਨਾ ਹੀ ਉੱਥੇ ਯਹੋਵਾਹ ਬਾਰੇ ਗ਼ਲਤ ਗੱਲਾਂ ਫੈਲਾਉਣ ਵਾਲੇ ਝੂਠੇ ਧਰਮ ਹੋਣਗੇ। (ਪ੍ਰਕਾ. 17:16) ਉੱਥੇ ਸਾਡਾ ਵਿਰੋਧ ਕਰਨ ਵਾਲੀਆਂ ਇਨਸਾਨੀ ਸਰਕਾਰਾਂ ਵੀ ਨਹੀਂ ਹੋਣਗੀਆਂ। (ਪ੍ਰਕਾ. 19:19, 20) ਨਵੀਂ ਦੁਨੀਆਂ ਵਿਚ ਦੁਸ਼ਟ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੋਵੇਗੀ। (ਜ਼ਬੂ. 37:10, 11) ਧਰਤੀ ʼਤੇ ਰਹਿਣ ਵਾਲਾ ਹਰ ਇਨਸਾਨ ਯਹੋਵਾਹ ਦੇ ਕਾਨੂੰਨਾਂ ਨੂੰ ਮੰਨੇਗਾ ਜਿਸ ਕਰਕੇ ਉਨ੍ਹਾਂ ਵਿਚ ਸ਼ਾਂਤੀ ਤੇ ਏਕਤਾ ਹੋਵੇਗੀ। ਸਾਰਿਆਂ ਵਿਚ ਪਿਆਰ ਹੋਵੇਗਾ ਅਤੇ ਉਹ ਇਕ-ਦੂਜੇ ʼਤੇ ਭਰੋਸਾ ਕਰਨਗੇ। (ਯਸਾ. 11:9) ਉਹ ਕਿੰਨਾ ਹੀ ਸ਼ਾਨਦਾਰ ਸਮਾਂ ਹੋਵੇਗਾ! ਜੇ ਅਸੀਂ ਯਹੋਵਾਹ ਦਾ ਕਹਿਣਾ ਮੰਨਾਂਗੇ, ਤਾਂ ਅਸੀਂ ਨਵੀਂ ਦੁਨੀਆਂ ਵਿਚ ਜਾ ਸਕਾਂਗੇ। ਉੱਥੇ ਅਸੀਂ ਨਾ ਸਿਰਫ਼ ਹਜ਼ਾਰਾਂ ਸਾਲਾਂ ਲਈ, ਸਗੋਂ ਹਮੇਸ਼ਾ-ਹਮੇਸ਼ਾ ਲਈ ਜੀ ਸਕਾਂਗੇ।​—ਜ਼ਬੂ. 37:29; ਯੂਹੰ. 3:16.

ਜੇ ਅਸੀਂ ਯਹੋਵਾਹ ਦਾ ਕਹਿਣਾ ਮੰਨਾਂਗੇ, ਤਾਂ ਅਸੀਂ ਨਵੀਂ ਦੁਨੀਆਂ ਵਿਚ ਨਾ ਸਿਰਫ਼ ਹਜ਼ਾਰਾਂ ਸਾਲਾਂ ਲਈ, ਸਗੋਂ ਹਮੇਸ਼ਾ-ਹਮੇਸ਼ਾ ਲਈ ਜੀ ਸਕਾਂਗੇ (ਪੈਰਾ 7 ਦੇਖੋ)


8. ਹਮੇਸ਼ਾ ਦੀ ਜ਼ਿੰਦਗੀ ਦੇ ਵਾਅਦੇ ਕਰਕੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਇਕ ਮਿਸ਼ਨਰੀ ਭਰਾ ਦੀ ਕਿਵੇਂ ਮਦਦ ਹੋਈ? (ਯਹੂਦਾਹ 20, 21)

8 ਜੇ ਅਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਵਾਅਦੇ ʼਤੇ ਸੋਚ-ਵਿਚਾਰ ਕਰਦੇ ਰਹਾਂਗੇ, ਤਾਂ ਅਸੀਂ ਕਿਸੇ ਵੀ ਮੁਸ਼ਕਲ ਦੇ ਬਾਵਜੂਦ ਯਹੋਵਾਹ ਨਾਲ ਚਿੰਬੜੇ ਰਹਿ ਸਕਾਂਗੇ। (ਯਹੂਦਾਹ 20, 21 ਪੜ੍ਹੋ।) ਇਸ ਵਾਅਦੇ ਕਰਕੇ ਸਾਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨ ਦੀ ਤਾਕਤ ਮਿਲ ਸਕਦੀ ਹੈ। ਜ਼ਰਾ ਇਕ ਭਰਾ ਵੱਲ ਧਿਆਨ ਦਿਓ ਜੋ ਅਫ਼ਰੀਕਾ ਵਿਚ ਲੰਬੇ ਸਮੇਂ ਤੋਂ ਮਿਸ਼ਨਰੀ ਸੇਵਾ ਕਰ ਰਿਹਾ ਹੈ। ਉਸ ਨੂੰ ਕਾਫ਼ੀ ਸਮੇਂ ਤਕ ਆਪਣੀ ਇਕ ਕਮਜ਼ੋਰੀ ਨਾਲ ਲੜਨਾ ਪਿਆ। ਉਹ ਦੱਸਦਾ ਹੈ: “ਮੈਨੂੰ ਅਹਿਸਾਸ ਹੋਇਆ ਕਿ ਜੇ ਮੈਂ ਯਹੋਵਾਹ ਦਾ ਕਹਿਣਾ ਨਾ ਮੰਨਿਆ, ਤਾਂ ਮੈਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲਣੀ। ਇਸ ਲਈ ਮੈਂ ਯਹੋਵਾਹ ਨੂੰ ਹੋਰ ਵੀ ਜ਼ਿਆਦਾ ਪ੍ਰਾਰਥਨਾ ਕਰਨ ਲੱਗ ਪਿਆ ਕਿ ਉਹ ਇਸ ਕਮਜ਼ੋਰੀ ਨਾਲ ਲੜਨ ਵਿਚ ਮੇਰੀ ਮਦਦ ਕਰੇ। ਯਹੋਵਾਹ ਦੀ ਮਦਦ ਨਾਲ ਹੁਣ ਮੈਂ ਸਾਫ਼ ਜ਼ਮੀਰ ਨਾਲ ਉਸ ਦੀ ਸੇਵਾ ਕਰ ਰਿਹਾ ਹਾਂ।”

“ਤੂੰ ਸਫ਼ਲ ਹੋਵੇਂਗਾ”

9. ਦਾਊਦ ਨੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ?

9 ਦਾਊਦ ਇਕ ਮਹਾਨ ਰਾਜਾ ਸੀ। ਉਹ ਇਕ ਸੰਗੀਤਕਾਰ, ਕਵੀ, ਯੋਧਾ ਤੇ ਨਬੀ ਵੀ ਸੀ। ਉਸ ਨੇ ਕਈ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। ਰਾਜਾ ਸ਼ਾਊਲ ਉਸ ਨੂੰ ਮਾਰਨਾ ਚਾਹੁੰਦਾ ਸੀ। ਇਸ ਲਈ ਉਸ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪਿਆ ਤੇ ਕਈ ਸਾਲ ਲੁਕ ਕੇ ਰਹਿਣਾ ਪਿਆ। ਦਾਊਦ ਦੇ ਰਾਜਾ ਬਣਨ ਤੋਂ ਬਾਅਦ ਜਦੋਂ ਉਸ ਦੇ ਪੁੱਤਰ ਨੇ ਉਸ ਦਾ ਰਾਜ ਹਥਿਆਉਣ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਦੋਂ ਵੀ ਉਸ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪਿਆ। ਇੰਨੀਆਂ ਸਾਰੀਆਂ ਮੁਸ਼ਕਲਾਂ ਅਤੇ ਆਪਣੀਆਂ ਗ਼ਲਤੀਆਂ ਦੇ ਬਾਵਜੂਦ ਵੀ ਦਾਊਦ ਆਪਣੀ ਮੌਤ ਤਕ ਪਰਮੇਸ਼ੁਰ ਦਾ ਵਫ਼ਾਦਾਰ ਰਿਹਾ। ਯਹੋਵਾਹ ਨੇ ਦਾਊਦ ਬਾਰੇ ਕਿਹਾ ਕਿ ‘ਉਹ ਉਸ ਦੇ ਦਿਲ ਨੂੰ ਭਾਉਂਦਾ ਹੈ।’ ਇਸ ਲਈ ਸਾਨੂੰ ਦਾਊਦ ਦੀ ਸਲਾਹ ਜ਼ਰੂਰ ਸੁਣਨੀ ਚਾਹੀਦੀ ਹੈ।​—ਰਸੂ. 13:22; 1 ਰਾਜ. 15:5.

10. ਦਾਊਦ ਨੇ ਆਪਣੇ ਪੁੱਤਰ ਅਤੇ ਇਜ਼ਰਾਈਲ ਦੇ ਅਗਲੇ ਰਾਜੇ ਸੁਲੇਮਾਨ ਨੂੰ ਸਲਾਹ ਕਿਉਂ ਦਿੱਤੀ?

10 ਗੌਰ ਕਰੋ ਕਿ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਕਿਹੜੀ ਸਲਾਹ ਦਿੱਤੀ ਜੋ ਇਜ਼ਰਾਈਲ ਦਾ ਅਗਲਾ ਰਾਜਾ ਬਣਨ ਵਾਲਾ ਸੀ। ਯਹੋਵਾਹ ਨੇ ਸੁਲੇਮਾਨ ਨੂੰ ਮੰਦਰ ਬਣਾਉਣ ਲਈ ਚੁਣਿਆ ਜਿੱਥੇ ਲੋਕਾਂ ਨੇ ਯਹੋਵਾਹ ਦੀ ਭਗਤੀ ਕਰਨੀ ਸੀ। (1 ਇਤਿ. 22:5) ਉਸ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਣਾ ਸੀ। ਦਾਊਦ ਨੇ ਉਸ ਨੂੰ ਕੀ ਕਿਹਾ? ਆਓ ਦੇਖੀਏ।

11. ਪਹਿਲਾ ਰਾਜਿਆਂ 2:2, 3 ਮੁਤਾਬਕ ਦਾਊਦ ਨੇ ਸੁਲੇਮਾਨ ਨੂੰ ਕਿਹੜੀ ਸਲਾਹ ਦਿੱਤੀ ਸੀ ਅਤੇ ਉਸ ਦੇ ਸ਼ਬਦ ਕਿਵੇਂ ਪੂਰੇ ਹੋਏ? (ਤਸਵੀਰ ਵੀ ਦੇਖੋ।)

11 ਦਾਊਦ ਨੇ ਕੀ ਕਿਹਾ? (1 ਰਾਜਿਆਂ 2:2, 3 ਪੜ੍ਹੋ।) ਦਾਊਦ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਜੇ ਉਹ ਯਹੋਵਾਹ ਦਾ ਕਹਿਣਾ ਮੰਨੇਗਾ, ਤਾਂ ਉਹ ਆਪਣੀ ਜ਼ਿੰਦਗੀ ਵਿਚ ਸਫ਼ਲ ਹੋਵੇਗਾ। ਕਈ ਸਾਲਾਂ ਤਕ ਸੁਲੇਮਾਨ ਨੂੰ ਆਪਣੀ ਜ਼ਿੰਦਗੀ ਵਿਚ ਸਫ਼ਲਤਾ ਮਿਲੀ। (1 ਇਤਿ. 29:23-25) ਉਸ ਨੇ ਸ਼ਾਨਦਾਰ ਮੰਦਰ ਬਣਾਇਆ ਅਤੇ ਬਾਈਬਲ ਦੀਆਂ ਕੁਝ ਕਿਤਾਬਾਂ ਵੀ ਲਿਖੀਆਂ। ਬਾਈਬਲ ਦੀਆਂ ਹੋਰ ਕਿਤਾਬਾਂ ਵਿਚ ਉਸ ਦੀਆਂ ਕੁਝ ਗੱਲਾਂ ਵੀ ਦਰਜ ਹਨ। ਉਹ ਆਪਣੀ ਬੁੱਧ ਅਤੇ ਧਨ-ਦੌਲਤ ਲਈ ਮਸ਼ਹੂਰ ਸੀ। (1 ਰਾਜ. 4:34) ਪਰ ਦਾਊਦ ਨੇ ਉਸ ਨੂੰ ਦੱਸਿਆ ਸੀ ਕਿ ਉਹ ਸਿਰਫ਼ ਉਦੋਂ ਤਕ ਹੀ ਸਫ਼ਲ ਹੋਵੇਗਾ ਜਦੋਂ ਤਕ ਉਹ ਯਹੋਵਾਹ ਪਰਮੇਸ਼ੁਰ ਦਾ ਕਹਿਣਾ ਮੰਨੇਗਾ। ਅਫ਼ਸੋਸ ਦੀ ਗੱਲ ਹੈ ਕਿ ਅੱਗੇ ਚੱਲ ਕੇ ਸੁਲੇਮਾਨ ਹੋਰ ਦੇਵਤਿਆਂ ਦੀ ਭਗਤੀ ਕਰਨ ਲੱਗ ਪਿਆ। ਇਸ ਕਰਕੇ ਯਹੋਵਾਹ ਨੇ ਸੁਲੇਮਾਨ ਤੋਂ ਆਪਣੀ ਮਿਹਰ ਅਤੇ ਬੁੱਧ ਵਾਪਸ ਲੈ ਲਈ ਜਿਸ ਕਰਕੇ ਉਹ ਲੋਕਾਂ ʼਤੇ ਬਿਨਾਂ ਪੱਖਪਾਤ ਕੀਤਿਆਂ ਤੇ ਪਿਆਰ ਨਾਲ ਰਾਜ ਨਹੀਂ ਕਰ ਸਕਿਆ।​—1 ਰਾਜ. 11:9, 10; 12:4.

ਦਾਊਦ ਨੇ ਸੁਲੇਮਾਨ ਨੂੰ ਜੋ ਆਖ਼ਰੀ ਸ਼ਬਦ ਕਹੇ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜੇ ਅਸੀਂ ਯਹੋਵਾਹ ਦਾ ਕਹਿਣਾ ਮੰਨਾਂਗੇ, ਤਾਂ ਉਹ ਸਾਨੂੰ ਬੁੱਧ ਦੇਵੇਗਾ ਜਿਸ ਕਰਕੇ ਅਸੀਂ ਚੰਗੇ ਫ਼ੈਸਲੇ ਕਰ ਸਕਾਂਗੇ (ਪੈਰੇ 11-12 ਦੇਖੋ) b


12. ਅਸੀਂ ਦਾਊਦ ਦੇ ਸ਼ਬਦਾਂ ਤੋਂ ਕੀ ਸਿੱਖ ਸਕਦੇ ਹਾਂ?

12 ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਕਹਿਣਾ ਮੰਨਣ ਨਾਲ ਸਫ਼ਲਤਾ ਮਿਲੇਗੀ। (ਜ਼ਬੂ. 1:1-3) ਯਹੋਵਾਹ ਨੇ ਸੁਲੇਮਾਨ ਵਾਂਗ ਸਾਨੂੰ ਧਨ-ਦੌਲਤ ਤੇ ਸ਼ਾਨੋ-ਸ਼ੌਕਤ ਦੇਣ ਦਾ ਵਾਅਦਾ ਨਹੀਂ ਕੀਤਾ। ਪਰ ਜੇ ਅਸੀਂ ਪਰਮੇਸ਼ੁਰ ਦਾ ਕਹਿਣਾ ਮੰਨਾਂਗੇ, ਤਾਂ ਉਹ ਸਾਨੂੰ ਬੁੱਧ ਦੇਵੇਗਾ ਜਿਸ ਕਰਕੇ ਅਸੀਂ ਸਹੀ ਫ਼ੈਸਲੇ ਕਰ ਸਕਾਂਗੇ। (ਕਹਾ. 2:6, 7; ਯਾਕੂ. 1:5) ਜਦੋਂ ਅਸੀਂ ਕੰਮ, ਸਕੂਲ, ਪੈਸੇ ਅਤੇ ਮਨੋਰੰਜਨ ਸੰਬੰਧੀ ਫ਼ੈਸਲੇ ਕਰਦੇ ਹਾਂ, ਤਾਂ ਉਸ ਦੀ ਸਲਾਹ ਸਾਡੀ ਮਦਦ ਕਰ ਸਕਦੀ ਹੈ। ਜੇ ਅਸੀਂ ਯਹੋਵਾਹ ਦੀ ਸਲਾਹ ਮੰਨਾਂਗੇ, ਤਾਂ ਉਸ ਨਾਲ ਸਾਡਾ ਵਧੀਆ ਰਿਸ਼ਤਾ ਬਣਿਆ ਰਹੇਗਾ ਅਤੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਕਹਾ. 2:10, 11) ਸਾਡੇ ਵਧੀਆ ਦੋਸਤ ਹੋਣਗੇ ਅਤੇ ਸਾਡੇ ਪਰਿਵਾਰ ਵਿਚ ਵੀ ਖ਼ੁਸ਼ੀਆਂ ਹੋਣੀਆਂ।

13. ਭੈਣ ਕਾਰਮਨ ਨੂੰ ਆਪਣੀ ਜ਼ਿੰਦਗੀ ਵਿਚ ਸਫ਼ਲਤਾ ਕਿਵੇਂ ਮਿਲੀ?

13 ਮੋਜ਼ਾਮਬੀਕ ਵਿਚ ਰਹਿਣ ਵਾਲੀ ਭੈਣ ਕਾਰਮਨ ਸੋਚਦੀ ਸੀ ਕਿ ਉੱਚ ਪੜ੍ਹਾਈ-ਲਿਖਾਈ ਨਾਲ ਹੀ ਉਸ ਨੂੰ ਸਫ਼ਲਤਾ ਮਿਲੇਗੀ। ਉਸ ਨੇ ਯੂਨੀਵਰਸਿਟੀ ਵਿਚ ਦਾਖ਼ਲਾ ਲੈ ਲਿਆ ਅਤੇ ਆਰਕੀਟੈਕਚਰ ਦੀ ਪੜ੍ਹਾਈ ਕਰਨ ਲੱਗ ਪਈ। ਉਸ ਨੇ ਕਿਹਾ: “ਮੈਨੂੰ ਆਰਕੀਟੈਕਚਰ ਦੀ ਪੜ੍ਹਾਈ ਬਹੁਤ ਪਸੰਦ ਸੀ। ਪਰ ਇਸ ਵਿਚ ਮੇਰਾ ਸਾਰਾ ਸਮਾਂ ਤੇ ਤਾਕਤ ਲੱਗ ਜਾਂਦੀ ਸੀ। ਮੈਂ ਸਵੇਰੇ 7:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤਕ ਯੂਨੀਵਰਸਿਟੀ ਵਿਚ ਹੀ ਰਹਿੰਦੀ ਸੀ। ਮੇਰੇ ਲਈ ਮੀਟਿੰਗਾਂ ʼਤੇ ਜਾਣਾ ਔਖਾ ਹੋ ਗਿਆ ਸੀ ਜਿਸ ਕਰਕੇ ਯਹੋਵਾਹ ਨਾਲ ਮੇਰਾ ਰਿਸ਼ਤਾ ਕਮਜ਼ੋਰ ਹੋ ਗਿਆ। ਮੈਨੂੰ ਅਹਿਸਾਸ ਹੋਇਆ ਕਿ ਮੈਂ ਦੋ ਮਾਲਕਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।” (ਮੱਤੀ 6:24) ਉਸ ਨੇ ਆਪਣੇ ਹਾਲਾਤਾਂ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕੀਤੀ। ਉਸ ਨੇ ਅੱਗੇ ਕਿਹਾ: “ਬਜ਼ੁਰਗਾਂ ਅਤੇ ਆਪਣੀ ਮੰਮੀ ਤੋਂ ਵਧੀਆ ਸਲਾਹ ਮਿਲਣ ਕਰਕੇ ਮੈਂ ਯੂਨੀਵਰਸਿਟੀ ਛੱਡਣ ਅਤੇ ਪੂਰੇ ਸਮੇਂ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫ਼ੈਸਲਾ ਹੈ ਅਤੇ ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ।”

14. ਮੂਸਾ ਅਤੇ ਦਾਊਦ ਨੇ ਕਿਹੜੀ ਖ਼ਾਸ ਗੱਲ ਦੱਸੀ?

14 ਮੂਸਾ ਅਤੇ ਦਾਊਦ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਜਾਣਦੇ ਸਨ ਕਿ ਉਸ ਦਾ ਕਹਿਣਾ ਮੰਨਣਾ ਕਿੰਨਾ ਜ਼ਰੂਰੀ ਹੈ। ਆਪਣੀ ਮੌਤ ਤੋਂ ਪਹਿਲਾਂ ਉਨ੍ਹਾਂ ਨੇ ਦੂਜਿਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਉਨ੍ਹਾਂ ਦੀ ਰੀਸ ਕਰਨ ਅਤੇ ਯਹੋਵਾਹ ਦੇ ਵਫ਼ਾਦਾਰ ਬਣੇ ਰਹਿਣ। ਪਰ ਦੋਵਾਂ ਨੇ ਇਹ ਚੇਤਵਾਨੀ ਵੀ ਦਿੱਤੀ ਕਿ ਜੇ ਉਹ ਯਹੋਵਾਹ ਦੇ ਵਫ਼ਾਦਾਰ ਨਹੀਂ ਰਹਿਣਗੇ, ਤਾਂ ਉਹ ਉਸ ਦੇ ਦੋਸਤ ਬਣੇ ਨਹੀਂ ਰਹਿ ਸਕਣਗੇ ਅਤੇ ਉਨ੍ਹਾਂ ਨੂੰ ਬਰਕਤਾਂ ਨਹੀਂ ਮਿਲਣਗੀਆਂ। ਇਹ ਸਲਾਹ ਅੱਜ ਵੀ ਸਾਡੇ ਲਈ ਫ਼ਾਇਦੇਮੰਦ ਹੈ। ਸਦੀਆਂ ਬਾਅਦ, ਯਹੋਵਾਹ ਦੇ ਇਕ ਹੋਰ ਸੇਵਕ ਨੇ ਸਮਝਾਇਆ ਕਿ ਸਾਡੇ ਲਈ ਯਹੋਵਾਹ ਦੇ ਵਫ਼ਾਦਾਰ ਬਣੇ ਰਹਿਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ।

“ਇਸ ਤੋਂ ਜ਼ਿਆਦਾ ਖ਼ੁਸ਼ੀ ਦੀ ਗੱਲ ਹੋਰ ਕੋਈ ਨਹੀਂ”

15. ਯੂਹੰਨਾ ਰਸੂਲ ਨੇ ਆਪਣੀ ਜ਼ਿੰਦਗੀ ਵਿਚ ਕੀ-ਕੀ ਦੇਖਿਆ?

15 ਯਿਸੂ ਯੂਹੰਨਾ ਰਸੂਲ ਨੂੰ ਬਹੁਤ ਪਿਆਰ ਕਰਦਾ ਸੀ। (ਮੱਤੀ 10:2; ਯੂਹੰ. 19:26) ਯੂਹੰਨਾ ਨੇ ਯਿਸੂ ਨਾਲ ਪ੍ਰਚਾਰ ਵਿਚ ਕਾਫ਼ੀ ਸਮਾਂ ਬਿਤਾਇਆ। ਉਸ ਨੇ ਯਿਸੂ ਨੂੰ ਚਮਤਕਾਰ ਕਰਦਿਆਂ ਦੇਖਿਆ ਅਤੇ ਉਸ ਨੇ ਔਖੀਆਂ ਘੜੀਆਂ ਦੌਰਾਨ ਵੀ ਯਿਸੂ ਦਾ ਸਾਥ ਦਿੱਤਾ। ਜਦੋਂ ਯਿਸੂ ਸੂਲ਼ੀ ʼਤੇ ਆਖ਼ਰੀ ਸਾਹ ਲੈ ਰਿਹਾ ਸੀ, ਤਾਂ ਉਹ ਉਸ ਵੇਲੇ ਵੀ ਉੱਥੇ ਸੀ। ਫਿਰ ਜਦੋਂ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ, ਤਾਂ ਯੂਹੰਨਾ ਉਦੋਂ ਵੀ ਉਸ ਨੂੰ ਮਿਲਿਆ। ਉਸ ਨੇ ਮਸੀਹੀ ਮੰਡਲੀ ਵਿਚ ਵਾਧਾ ਹੁੰਦਾ ਦੇਖਿਆ ਅਤੇ ਉਹ ਦੌਰ ਵੀ ਦੇਖਿਆ ਜਦੋਂ “ਆਕਾਸ਼ ਹੇਠ ਪੂਰੀ ਦੁਨੀਆਂ” ਵਿਚ ਪ੍ਰਚਾਰ ਕੀਤਾ ਜਾ ਚੁੱਕਾ ਸੀ।​—ਕੁਲੁ. 1:23.

16. ਯੂਹੰਨਾ ਦੀਆਂ ਚਿੱਠੀਆਂ ਤੋਂ ਕਿਨ੍ਹਾਂ ਨੂੰ ਫ਼ਾਇਦਾ ਹੋਇਆ ਹੈ?

16 ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਦੌਰਾਨ ਯੂਹੰਨਾ ਨੂੰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਕੁਝ ਕਿਤਾਬਾਂ ਲਿਖਣ ਦਾ ਸਨਮਾਨ ਮਿਲਿਆ। ਉਸ ਨੇ ਪ੍ਰਕਾਸ਼ ਦੀ ਕਿਤਾਬ ਵਿਚ ਉਹ ਹੈਰਾਨੀਜਨਕ ਗੱਲਾਂ ਲਿਖੀਆਂ ਜੋ ‘ਯਿਸੂ ਮਸੀਹ ਨੇ ਉਸ ʼਤੇ ਪ੍ਰਗਟ ਕੀਤੀਆਂ ਸਨ।’ (ਪ੍ਰਕਾ. 1:1) ਯੂਹੰਨਾ ਨੇ ਆਪਣੇ ਨਾਂ ʼਤੇ ਇਕ ਇੰਜੀਲ ਵੀ ਲਿਖੀ। ਨਾਲੇ ਉਸ ਨੇ ਤਿੰਨ ਹੋਰ ਚਿੱਠੀਆਂ ਵੀ ਲਿਖੀਆਂ। ਉਸ ਨੇ ਤੀਜੀ ਚਿੱਠੀ ਗਾਯੁਸ ਨਾਂ ਦੇ ਇਕ ਵਫ਼ਾਦਾਰ ਮਸੀਹੀ ਨੂੰ ਲਿਖੀ ਜਿਸ ਨੂੰ ਉਹ ਆਪਣੇ ਮੁੰਡੇ ਵਾਂਗ ਪਿਆਰ ਕਰਦਾ ਸੀ। (3 ਯੂਹੰ. 1) ਗਾਯੁਸ ਤੋਂ ਇਲਾਵਾ ਇੱਦਾਂ ਦੇ ਕਈ ਮਸੀਹੀ ਹੋਣੇ ਜਿਨ੍ਹਾਂ ਨੂੰ ਯੂਹੰਨਾ ਆਪਣੇ ਬੱਚਿਆਂ ਵਾਂਗ ਪਿਆਰ ਕਰਦਾ ਹੋਣਾ। ਇਸ ਵਫ਼ਾਦਾਰ ਸਿਆਣੀ ਉਮਰ ਦੇ ਆਦਮੀ ਨੇ ਜੋ ਲਿਖਿਆ, ਉਸ ਤੋਂ ਯਿਸੂ ਦੇ ਚੇਲਿਆਂ ਨੂੰ ਉਦੋਂ ਤੋਂ ਲੈ ਕੇ ਹੁਣ ਤਕ ਬਹੁਤ ਫ਼ਾਇਦਾ ਹੋਇਆ ਹੈ।

17. ਤੀਜਾ ਯੂਹੰਨਾ 4 ਮੁਤਾਬਕ ਕਿਸ ਗੱਲ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ?

17 ਯੂਹੰਨਾ ਨੇ ਕੀ ਲਿਖਿਆ? (3 ਯੂਹੰਨਾ 4 ਪੜ੍ਹੋ।) ਯੂਹੰਨਾ ਨੇ ਉਸ ਖ਼ੁਸ਼ੀ ਬਾਰੇ ਦੱਸਿਆ ਜੋ ਪਰਮੇਸ਼ੁਰ ਦਾ ਕਹਿਣਾ ਮੰਨਣ ਕਰਕੇ ਮਿਲਦੀ ਹੈ। ਜਦੋਂ ਯੂਹੰਨਾ ਨੇ ਤੀਜੀ ਚਿੱਠੀ ਲਿਖੀ, ਉਸ ਸਮੇਂ ਮੰਡਲੀ ਵਿਚ ਕੁਝ ਜਣੇ ਝੂਠੀਆਂ ਸਿੱਖਿਆਵਾਂ ਫੈਲਾ ਰਹੇ ਸਨ ਅਤੇ ਮੰਡਲੀਆਂ ਵਿਚ ਫੁੱਟ ਪਾ ਰਹੇ ਸਨ। ਪਰ ਬਾਕੀ ਜਣੇ ‘ਸੱਚਾਈ ਦੇ ਰਾਹ ਉੱਤੇ ਚੱਲਦੇ’ ਰਹੇ। ਉਨ੍ਹਾਂ ਨੇ ਯਹੋਵਾਹ ਦਾ ਕਹਿਣਾ ਮੰਨਿਆ ਅਤੇ ਉਹ “ਪਰਮੇਸ਼ੁਰ ਦੇ ਹੁਕਮਾਂ ਅਨੁਸਾਰ” ਚੱਲਦੇ ਰਹੇ। (2 ਯੂਹੰ. 4, 6) ਇਨ੍ਹਾਂ ਵਫ਼ਾਦਾਰ ਮਸੀਹੀਆਂ ਕਰਕੇ ਨਾ ਸਿਰਫ਼ ਯੂਹੰਨਾ ਨੂੰ, ਸਗੋਂ ਯਹੋਵਾਹ ਪਰਮੇਸ਼ੁਰ ਨੂੰ ਵੀ ਖ਼ੁਸ਼ ਹੋਈ।​—ਕਹਾ. 27:11.

18. ਅਸੀਂ ਯੂਹੰਨਾ ਦੇ ਸ਼ਬਦਾਂ ਤੋਂ ਕੀ ਸਿੱਖ ਸਕਦੇ ਹਾਂ?

18 ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਵਫ਼ਾਦਾਰ ਰਹਿਣ ਨਾਲ ਖ਼ੁਸ਼ੀ ਮਿਲਦੀ ਹੈ। (1 ਯੂਹੰ. 5:3) ਮਿਸਾਲ ਲਈ, ਸਾਨੂੰ ਇਹ ਜਾਣ ਕੇ ਖ਼ੁਸ਼ੀ ਮਿਲਦੀ ਹੈ ਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ। ਜਦੋਂ ਅਸੀਂ ਬੁਰੇ ਕੰਮਾਂ ਤੋਂ ਦੂਰ ਰਹਿੰਦੇ ਹਾਂ ਅਤੇ ਯਹੋਵਾਹ ਦਾ ਕਹਿਣਾ ਮੰਨਦੇ ਹਾਂ, ਤਾਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ। (ਕਹਾ. 23:15) ਸਵਰਗ ਵਿਚ ਦੂਤ ਵੀ ਖ਼ੁਸ਼ ਹੁੰਦੇ ਹਨ। (ਲੂਕਾ 15:10) ਜਦੋਂ ਭੈਣ-ਭਰਾ ਅਜ਼ਮਾਇਸ਼ਾਂ ਆਉਣ ਤੇ ਜਾਂ ਬੁਰੇ ਕੰਮ ਕਰਨ ਲਈ ਭਰਮਾਏ ਜਾਣ ਤੇ ਵੀ ਵਫ਼ਾਦਾਰ ਰਹਿੰਦੇ ਹਨ, ਤਾਂ ਉਨ੍ਹਾਂ ਦੀ ਵਫ਼ਾਦਾਰੀ ਦੇਖ ਕੇ ਸਾਨੂੰ ਵੀ ਖ਼ੁਸ਼ੀ ਹੁੰਦੀ ਹੈ। (2 ਥੱਸ. 1:4) ਨਾਲੇ ਜਦੋਂ ਸ਼ੈਤਾਨ ਦੀ ਇਸ ਦੁਨੀਆਂ ਦਾ ਨਾਸ਼ ਹੋ ਜਾਵੇਗਾ, ਤਾਂ ਸਾਨੂੰ ਇਹ ਸੋਚ ਕੇ ਖ਼ੁਸ਼ੀ ਹੋਵੇਗੀ ਕਿ ਅਸੀਂ ਯਹੋਵਾਹ ਦੇ ਵਫ਼ਾਦਾਰ ਰਹੇ।

19. ਦੂਜਿਆਂ ਨੂੰ ਸੱਚਾਈ ਸਿਖਾਉਣ ਬਾਰੇ ਭੈਣ ਰੇਚਲ ਕਿੱਦਾਂ ਮਹਿਸੂਸ ਕਰਦੀ ਹੈ? (ਤਸਵੀਰ ਵੀ ਦੇਖੋ।)

19 ਸਾਨੂੰ ਖ਼ਾਸ ਕਰਕੇ ਉਦੋਂ ਸਭ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ ਜਦੋਂ ਅਸੀਂ ਦੂਜਿਆਂ ਨੂੰ ਸੱਚਾਈ ਬਾਰੇ ਦੱਸਦੇ ਹਾਂ। ਡਮਿਨੀਕਨ ਗਣਰਾਜ ਵਿਚ ਰਹਿਣ ਵਾਲੀ ਭੈਣ ਰੇਚਲ ਵੀ ਇੱਦਾਂ ਹੀ ਮਹਿਸੂਸ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਦੂਜਿਆਂ ਨੂੰ ਯਹੋਵਾਹ ਪਰਮੇਸ਼ੁਰ ਬਾਰੇ ਦੱਸਣਾ ਉਹ ਸਨਮਾਨ ਹੈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦੀ ਹੈ: “ਜਦੋਂ ਮੈਂ ਆਪਣੇ ਵਿਦਿਆਰਥੀਆਂ ਨੂੰ ਦੇਖਦੀ ਹਾਂ ਕਿ ਉਨ੍ਹਾਂ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਵਧ ਰਿਹਾ ਹੈ, ਉਸ ʼਤੇ ਭਰੋਸਾ ਵਧ ਰਿਹਾ ਹੈ ਅਤੇ ਉਹ ਉਸ ਨੂੰ ਖ਼ੁਸ਼ ਕਰਨ ਲਈ ਆਪਣੀ ਜ਼ਿੰਦਗੀ ਵਿਚ ਵੱਡੇ-ਵੱਡੇ ਬਦਲਾਅ ਕਰ ਰਹੇ ਹਨ, ਤਾਂ ਮੈਂ ਦੱਸ ਨਹੀਂ ਸਕਦੀ ਕਿ ਮੈਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ। ਇਸ ਖ਼ੁਸ਼ੀ ਅੱਗੇ ਮੇਰੀ ਉਹ ਸਾਰੀ ਮਿਹਨਤ ਅਤੇ ਕੁਰਬਾਨੀਆਂ ਕੁਝ ਵੀ ਨਹੀਂ ਹਨ ਜੋ ਮੈਂ ਉਨ੍ਹਾਂ ਨੂੰ ਸਿਖਾਉਣ ਲਈ ਕੀਤੀਆਂ ਸਨ।”

ਸਾਨੂੰ ਦੂਜਿਆਂ ਨੂੰ ਇਹ ਸਿਖਾ ਕੇ ਬਹੁਤ ਖ਼ੁਸ਼ੀ ਮਿਲਦੀ ਹੈ ਕਿ ਉਹ ਯਹੋਵਾਹ ਨੂੰ ਪਿਆਰ ਕਰਨ ਅਤੇ ਉਸ ਦਾ ਕਹਿਣਾ ਮੰਨਣ (ਪੈਰਾ 19 ਦੇਖੋ)


ਵਫ਼ਾਦਾਰ ਆਦਮੀਆਂ ਦੇ ਆਖ਼ਰੀ ਸ਼ਬਦਾਂ ਤੋਂ ਫ਼ਾਇਦਾ ਪਾਓ

20. ਮੂਸਾ, ਦਾਊਦ ਅਤੇ ਯੂਹੰਨਾ ਨਾਲ ਸਾਡੀਆਂ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ?

20 ਮੂਸਾ, ਦਾਊਦ ਅਤੇ ਯੂਹੰਨਾ ਸਦੀਆਂ ਪਹਿਲਾਂ ਰਹਿੰਦੇ ਸਨ ਅਤੇ ਉਨ੍ਹਾਂ ਦੇ ਹਾਲਾਤ ਸਾਡੇ ਤੋਂ ਬਹੁਤ ਵੱਖਰੇ ਸਨ। ਪਰ ਉਨ੍ਹਾਂ ਦੀਆਂ ਕੁਝ ਗੱਲਾਂ ਸਾਡੇ ਨਾਲ ਮਿਲਦੀਆਂ-ਜੁਲਦੀਆਂ ਹਨ। ਉਨ੍ਹਾਂ ਵਾਂਗ ਅੱਜ ਅਸੀਂ ਵੀ ਸੱਚੇ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ। ਅਸੀਂ ਵੀ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਉਸ ਉੱਤੇ ਭਰੋਸਾ ਕਰਦੇ ਹਾਂ ਅਤੇ ਉਸ ਦੀ ਸੇਧ ਭਾਲਦੇ ਹਾਂ। ਨਾਲੇ ਇਨ੍ਹਾਂ ਸਿਆਣੀ ਉਮਰ ਦੇ ਆਦਮੀਆਂ ਵਾਂਗ ਸਾਨੂੰ ਵੀ ਇਸ ਗੱਲ ਦਾ ਭਰੋਸਾ ਹੈ ਕਿ ਯਹੋਵਾਹ ਕਹਿਣਾ ਮੰਨਣ ਵਾਲਿਆਂ ਨੂੰ ਬੇਸ਼ੁਮਾਰ ਬਰਕਤਾਂ ਦੇਵੇਗਾ।

21. ਮੂਸਾ, ਦਾਊਦ ਅਤੇ ਯੂਹੰਨਾ ਦੀ ਸਲਾਹ ਮੰਨ ਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

21 ਆਓ ਆਪਾਂ ਇਨ੍ਹਾਂ ਵਫ਼ਾਦਾਰ ਆਦਮੀਆਂ ਦੀ ਸਲਾਹ ਮੰਨਦਿਆਂ ਯਹੋਵਾਹ ਦਾ ਕਹਿਣਾ ਮੰਨੀਏ। ਫਿਰ ਸਾਨੂੰ ਆਪਣੇ ਹਰ ਕੰਮ ਵਿਚ ਸਫ਼ਲਤਾ ਮਿਲੇਗੀ। ਨਾਲੇ ਅਸੀਂ “ਲੰਬੇ ਸਮੇਂ ਤਕ” ਜੀ ਸਕਾਂਗੇ ਯਾਨੀ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਬਿਵ. 30:20) ਇੰਨਾ ਹੀ ਨਹੀਂ, ਸਾਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੋਵੇਗੀ ਕਿ ਅਸੀਂ ਆਪਣੇ ਸਵਰਗੀ ਪਿਤਾ ਦੇ ਦਿਲ ਨੂੰ ਖ਼ੁਸ਼ ਕੀਤਾ ਜੋ ਆਪਣਾ ਹਰ ਵਾਅਦਾ ਪੂਰਾ ਕਰਦਾ ਹੈ, ਉਹ ਵੀ ਇੱਦਾਂ ਜਿੱਦਾਂ ਅਸੀਂ ਸੋਚ ਵੀ ਨਹੀਂ ਸਕਦੇ।​—ਅਫ਼. 3:20.

ਗੀਤ 129 ਅਸੀਂ ਧੀਰਜ ਨਾਲ ਸਹਿੰਦੇ ਰਹਾਂਗੇ

a ਜਿਨ੍ਹਾਂ ਇਜ਼ਰਾਈਲੀਆਂ ਨੇ ਲਾਲ ਸਮੁੰਦਰ ʼਤੇ ਯਹੋਵਾਹ ਦਾ ਚਮਤਕਾਰ ਦੇਖਿਆ ਸੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਜਣੇ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਜਾ ਸਕੇ। (ਗਿਣ. 14:22, 23) ਯਹੋਵਾਹ ਨੇ ਕਿਹਾ ਸੀ ਕਿ ਜਿਹੜੇ ਲੋਕਾਂ ਦੀ ਉਮਰ 20 ਸਾਲ ਜਾਂ ਉਸ ਤੋਂ ਜ਼ਿਆਦਾ ਹੈ, ਉਹ ਸਭ ਉਜਾੜ ਵਿਚ ਹੀ ਮਰ ਜਾਣਗੇ। (ਗਿਣ. 14:29) ਪਰ 20 ਸਾਲ ਤੋਂ ਘੱਟ ਉਮਰ ਵਾਲਿਆਂ ਨੇ ਯਹੋਸ਼ੁਆ, ਕਾਲੇਬ, ਲੇਵੀ ਗੋਤ ਅਤੇ ਕਈ ਹੋਰ ਲੋਕਾਂ ਨਾਲ ਯਰਦਨ ਦਰਿਆ ਪਾਰ ਕੀਤਾ ਅਤੇ ਵਾਅਦਾ ਕੀਤੇ ਹੋਏ ਦੇਸ਼ ਵਿਚ ਗਏ।​—ਬਿਵ. 1:24-40.

b ਤਸਵੀਰਾਂ ਬਾਰੇ ਜਾਣਕਾਰੀ​—: ਖੱਬੇ ਪਾਸੇ: ਆਪਣੀ ਮੌਤ ਤੋਂ ਪਹਿਲਾਂ ਦਾਊਦ ਆਪਣੇ ਪੁੱਤਰ ਸੁਲੇਮਾਨ ਨੂੰ ਸਲਾਹ ਦੇ ਰਿਹਾ ਹੈ। ਸੱਜੇ ਪਾਸੇ: ਪਾਇਨੀਅਰ ਸੇਵਾ ਸਕੂਲ ਦੇ ਵਿਦਿਆਰਥੀ ਪਰਮੇਸ਼ੁਰ ਤੋਂ ਮਿਲਣ ਵਾਲੀ ਸਿੱਖਿਆ ਦਾ ਫ਼ਾਇਦਾ ਲੈ ਰਹੇ ਹਨ।