Skip to content

Skip to table of contents

ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ

ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ

“ਯਹੋਵਾਹ ਤੇਰੀ ਅਗਵਾਈ ਸਦਾ ਕਰਦਾ ਰਹੇਗਾ।”ਯਸਾ. 58:11.

ਗੀਤ: 23, 22

1, 2. (ੳ) ਯਹੋਵਾਹ ਦੇ ਗਵਾਹ ਦੂਜੇ ਧਰਮਾਂ ਤੋਂ ਵੱਖਰੇ ਕਿਵੇਂ ਹਨ? (ਅ) ਅਸੀਂ ਇਸ ਅਤੇ ਅਗਲੇ ਲੇਖ ਵਿਚ ਕੀ ਦੇਖਾਂਗੇ?

ਯਹੋਵਾਹ ਦੇ ਗਵਾਹਾਂ ਤੋਂ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ: “ਤੁਹਾਡਾ ਆਗੂ ਕੌਣ ਹੈ?” ਲੋਕ ਇਹ ਸਵਾਲ ਇਸ ਲਈ ਪੁੱਛਦੇ ਹਨ ਕਿਉਂਕਿ ਬਹੁਤ ਸਾਰੇ ਧਰਮਾਂ ਦੇ ਆਗੂ ਆਦਮੀ ਜਾਂ ਔਰਤ ਹੁੰਦੇ ਹਨ। ਪਰ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਸਾਡਾ ਆਗੂ ਕੋਈ ਨਾਮੁਕੰਮਲ ਇਨਸਾਨ ਨਹੀਂ। ਇਸ ਦੀ ਬਜਾਇ, ਸਾਡਾ ਆਗੂ ਯਿਸੂ ਮਸੀਹ ਹੈ! ਉਹ ਆਪਣੇ ਪਿਤਾ ਅਤੇ ਆਗੂ ਯਹੋਵਾਹ ਦਾ ਕਹਿਣਾ ਮੰਨਦਾ ਹੈ।ਮੱਤੀ 23:10.

2 ਪਰ ਪਰਮੇਸ਼ੁਰ ਦੇ ਲੋਕਾਂ ਵਿਚ ਆਦਮੀਆਂ ਦਾ ਇਕ ਸਮੂਹ ਵੀ ਹੈ ਜਿਸ ਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਕਿਹਾ ਜਾਂਦਾ ਹੈ ਜੋ ਅੱਜ ਧਰਤੀ ’ਤੇ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰਦਾ ਹੈ। (ਮੱਤੀ 24:45) ਪਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਯਹੋਵਾਹ ਹੀ ਆਪਣੇ ਪੁੱਤਰ ਰਾਹੀਂ ਸਾਡੀ ਅਗਵਾਈ ਕਰ ਰਿਹਾ ਹੈ? ਅਸੀਂ ਤਿੰਨ ਕਾਰਨ ਦੇਖਾਂਗੇ ਕਿ ਅਸੀਂ ਇਸ ਗੱਲ ’ਤੇ ਭਰੋਸਾ ਕਿਉਂ ਰੱਖ ਸਕਦੇ ਹਾਂ। ਭਾਵੇਂ ਕਿ ਯਹੋਵਾਹ ਕੁਝ ਇਨਸਾਨਾਂ ਨੂੰ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਵਰਤਦਾ ਆ ਰਿਹਾ ਹੈ, ਪਰ ਅਸੀਂ ਇਸ ਗੱਲ ਦਾ ਵੀ ਪੱਕਾ ਸਬੂਤ ਦੇਖਾਂਗੇ ਕਿ ਯਹੋਵਾਹ ਹੀ ਆਪਣੇ ਲੋਕਾਂ ਦਾ ਆਗੂ ਸੀ ਅਤੇ ਅੱਜ ਵੀ ਹੈ।ਯਸਾ. 58:11.

ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਤਾਕਤ ਦਿੱਤੀ

3. ਇਜ਼ਰਾਈਲ ਕੌਮ ਦੀ ਅਗਵਾਈ ਕਰਨ ਵਿਚ ਕਿਸ ਚੀਜ਼ ਨੇ ਮੂਸਾ ਦੀ ਮਦਦ ਕੀਤੀ?

3 ਪਵਿੱਤਰ ਸ਼ਕਤੀ ਨੇ ਪਰਮੇਸ਼ੁਰ ਦੇ ਚੁਣੇ ਹੋਏ ਆਗੂਆਂ ਨੂੰ ਤਾਕਤ ਦਿੱਤੀ। ਯਹੋਵਾਹ ਨੇ ਮੂਸਾ ਨੂੰ ਇਜ਼ਰਾਈਲੀਆਂ ਦੀ ਅਗਵਾਈ ਕਰਨ ਲਈ ਚੁਣਿਆ। ਇਹ ਭਾਰੀ ਜ਼ਿੰਮੇਵਾਰੀ ਨਿਭਾਉਣ ਵਿਚ ਕਿਸ ਚੀਜ਼ ਨੇ ਮੂਸਾ ਦੀ ਮਦਦ ਕੀਤੀ? ਯਹੋਵਾਹ ਨੇ ਉਸ ਨੂੰ ਆਪਣੀ ਪਵਿੱਤਰ ਸ਼ਕਤੀ ਦਿੱਤੀ। (ਯਸਾਯਾਹ 63:11-14 ਪੜ੍ਹੋ।) ਸੋ ਯਹੋਵਾਹ ਹੀ ਆਪਣੇ ਲੋਕਾਂ ਦੀ ਅਗਵਾਈ ਕਰ ਰਿਹਾ ਸੀ ਕਿਉਂਕਿ ਉਸ ਦੀ ਪਵਿੱਤਰ ਸ਼ਕਤੀ ਮੂਸਾ ਦੀ ਮਦਦ ਕਰ ਰਹੀ ਸੀ।

4. ਇਜ਼ਰਾਈਲੀਆਂ ਨੂੰ ਕਿਵੇਂ ਪਤਾ ਲੱਗਾ ਕਿ ਮੂਸਾ ’ਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

4 ਕੀ ਇਜ਼ਰਾਈਲੀਆਂ ਨੇ ਦੇਖਿਆ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਮੂਸਾ ਦੇ ਨਾਲ ਸੀ? ਜੀ ਹਾਂ! ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ਮੂਸਾ ਦੀ ਚਮਤਕਾਰ ਕਰਨ ਅਤੇ ਮਿਸਰ ਦੇ ਸ਼ਕਤੀਸ਼ਾਲੀ ਰਾਜੇ ਫ਼ਿਰਊਨ ਨੂੰ ਪਰਮੇਸ਼ੁਰ ਦਾ ਨਾਂ ਦੱਸਣ ਵਿਚ ਮਦਦ ਕੀਤੀ। (ਕੂਚ 7:1-3) ਨਾਲੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਮੂਸਾ ਪਿਆਰ ਅਤੇ ਧੀਰਜ ਨਾਲ ਲੋਕਾਂ ਦੀ ਅਗਵਾਈ ਕਰ ਸਕਿਆ। ਉਹ ਦੂਜੇ ਦੇਸ਼ਾਂ ਦੇ ਰੁੱਖੇ ਅਤੇ ਸੁਆਰਥੀ ਆਗੂਆਂ ਤੋਂ ਬਹੁਤ ਵੱਖਰਾ ਸੀ। (ਕੂਚ 5:2, 6-9) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਹੀ ਮੂਸਾ ਨੂੰ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਚੁਣਿਆ ਸੀ।

5. ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਯਹੋਵਾਹ ਨੇ ਹੋਰ ਕਿਨ੍ਹਾਂ ਨੂੰ ਪਵਿੱਤਰ ਸ਼ਕਤੀ ਦਿੱਤੀ ਸੀ?

5 ਯਹੋਵਾਹ ਨੇ ਹੋਰ ਕਿਹੜੇ ਆਗੂਆਂ ਨੂੰ ਪਵਿੱਤਰ ਸ਼ਕਤੀ ਦਿੱਤੀ ਸੀ? ਬਾਈਬਲ ਕਹਿੰਦੀ ਹੈ: “ਨੂਨ ਦਾ ਪੁੱਤ੍ਰ ਯਹੋਸ਼ੁਆ ਬੁੱਧੀ ਦੇ ਆਤਮਾ ਨਾਲ ਭਰਪੂਰ ਸੀ।” (ਬਿਵ. 34:9) “ਯਹੋਵਾਹ ਦਾ ਆਤਮਾ ਗਿਦਾਊਨ ਉੱਤੇ ਆਇਆ।” (ਨਿਆ. 6:34) ਅਤੇ “ਯਹੋਵਾਹ ਦਾ ਆਤਮਾ ਸਦਾ ਦਾਊਦ ਉੱਤੇ ਆਉਂਦਾ ਰਿਹਾ।” (1 ਸਮੂ. 16:13) ਇਨ੍ਹਾਂ ਆਦਮੀਆਂ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ’ਤੇ ਭਰੋਸਾ ਰੱਖ ਕੇ ਉਹ ਕੰਮ ਕੀਤੇ ਜੋ ਉਹ ਆਪਣੇ ਬਲਬੂਤੇ ’ਤੇ ਨਹੀਂ ਕਰ ਸਕਦੇ ਸਨ। (ਯਹੋ. 11:16, 17; ਨਿਆ. 7:7, 22; 1 ਸਮੂ. 17:37, 50) ਇਸ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਯਹੋਵਾਹ ਨੇ ਹੀ ਉਨ੍ਹਾਂ ਨੂੰ ਵੱਡੇ-ਵੱਡੇ ਕੰਮ ਕਰਨ ਦੀ ਤਾਕਤ ਦਿੱਤੀ ਸੀ ਜਿਸ ਕਰਕੇ ਸਿਰਫ਼ ਉਹੀ ਵਡਿਆਈ ਦਾ ਹੱਕਦਾਰ ਸੀ।

6. ਯਹੋਵਾਹ ਕਿਉਂ ਚਾਹੁੰਦਾ ਸੀ ਕਿ ਇਜ਼ਰਾਈਲ ਕੌਮ ਆਪਣੇ ਆਗੂਆਂ ਦਾ ਆਦਰ ਕਰੇ?

6 ਇਜ਼ਰਾਈਲੀਆਂ ਨੂੰ ਕੀ ਕਰਨਾ ਚਾਹੀਦਾ ਸੀ ਜਦੋਂ ਉਨ੍ਹਾਂ ਨੇ ਦੇਖਿਆ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਮੂਸਾ, ਯਹੋਸ਼ੁਆ, ਗਿਦਾਊਨ ਅਤੇ ਦਾਊਦ ਨੂੰ ਤਾਕਤ ਦਿੱਤੀ ਸੀ? ਇਜ਼ਰਾਈਲੀਆਂ ਨੂੰ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਸੀ। ਜਦੋਂ ਲੋਕਾਂ ਨੇ ਮੂਸਾ ਖ਼ਿਲਾਫ਼ ਸ਼ਿਕਾਇਤ ਕੀਤੀ, ਤਾਂ ਜ਼ਰਾ ਦੇਖੋ ਕਿ ਯਹੋਵਾਹ ਨੇ ਕੀ ਕਿਹਾ: “ਏਹ ਪਰਜਾ ਕਦ ਤੀਕ ਮੇਰੀ ਨਿਰਾਦਰੀ ਕਰਦੀ ਰਹੇਗੀ?” (ਗਿਣ. 14:2, 11) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਹੀ ਉਨ੍ਹਾਂ ਆਦਮੀਆਂ ਨੂੰ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਚੁਣਿਆ ਸੀ। ਜਦੋਂ ਲੋਕ ਉਨ੍ਹਾਂ ਦਾ ਕਹਿਣਾ ਮੰਨਦੇ ਸਨ, ਤਾਂ ਅਸਲ ਵਿਚ ਉਹ ਆਪਣੇ ਆਗੂ ਯਹੋਵਾਹ ਦੇ ਮਗਰ ਚੱਲ ਰਹੇ ਹੁੰਦੇ ਸਨ।

ਦੂਤਾਂ ਨੇ ਉਨ੍ਹਾਂ ਦੀ ਮਦਦ ਕੀਤੀ

7. ਦੂਤਾਂ ਨੇ ਮੂਸਾ ਦੀ ਮਦਦ ਕਿਵੇਂ ਕੀਤੀ?

7 ਦੂਤਾਂ ਨੇ ਪਰਮੇਸ਼ੁਰ ਦੇ ਚੁਣੇ ਹੋਏ ਆਗੂਆਂ ਦੀ ਮਦਦ ਕੀਤੀ। (ਇਬਰਾਨੀਆਂ 1:7, 14 ਪੜ੍ਹੋ।) ਮੂਸਾ ਨੂੰ ਸੇਧ ਦੇਣ ਲਈ ਪਰਮੇਸ਼ੁਰ ਨੇ ਦੂਤਾਂ ਨੂੰ ਵਰਤਿਆ। ਪਹਿਲਾ, ਪਰਮੇਸ਼ੁਰ ਨੇ ਮੂਸਾ ਨੂੰ “ਦੂਤ ਦੇ ਰਾਹੀਂ ਹਾਕਮ ਅਤੇ ਮੁਕਤੀਦਾਤੇ ਦੇ ਤੌਰ ਤੇ ਘੱਲਿਆ ਜਿਹੜਾ ਦੂਤ ਬਲ਼ਦੀ ਝਾੜੀ ਰਾਹੀਂ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ।” (ਰਸੂ. 7:35) ਦੂਜਾ, ਯਹੋਵਾਹ ਨੇ “ਦੂਤਾਂ ਦੇ ਜ਼ਰੀਏ” ਮੂਸਾ ਨੂੰ ਕਾਨੂੰਨ ਦਿੱਤਾ ਤਾਂਕਿ ਉਹ ਇਜ਼ਰਾਈਲੀਆਂ ਨੂੰ ਹਿਦਾਇਤਾਂ ਦੇ ਸਕੇ। (ਗਲਾ. 3:19) ਤੀਜਾ, ਯਹੋਵਾਹ ਨੇ ਉਸ ਨੂੰ ਕਿਹਾ: “ਲੋਕਾਂ ਨੂੰ ਉੱਥੇ ਲੈ ਜਾਹ ਜਿਹ ਦੇ ਲਈ ਮੈਂ ਤੈਨੂੰ ਬੋਲਿਆ ਸੀ ਅਤੇ ਵੇਖ ਮੇਰਾ ਦੂਤ ਤੇਰੇ ਅੱਗੇ ਤੁਰੇਗਾ।” (ਕੂਚ 32:34) ਬਾਈਬਲ ਇਹ ਨਹੀਂ ਦੱਸਦੀ ਕਿ ਇਜ਼ਰਾਈਲੀਆਂ ਨੇ ਦੂਤਾਂ ਨੂੰ ਇਹ ਸਭ ਕਰਦਿਆਂ ਦੇਖਿਆ ਸੀ। ਪਰ ਮੂਸਾ ਨੇ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਹਿਦਾਇਤਾਂ ਅਤੇ ਸੇਧ ਦਿੱਤੀ, ਉਸ ਤੋਂ ਸਾਫ਼ ਸੀ ਕਿ ਦੂਤਾਂ ਨੇ ਉਸ ਦੀ ਮਦਦ ਕੀਤੀ ਸੀ।

8. ਦੂਤਾਂ ਨੇ ਯਹੋਸ਼ੁਆ ਅਤੇ ਹਿਜ਼ਕੀਯਾਹ ਦੀ ਮਦਦ ਕਿਵੇਂ ਕੀਤੀ?

8 ਦੂਤਾਂ ਨੇ ਹੋਰ ਕਿਨ੍ਹਾਂ ਦੀ ਮਦਦ ਕੀਤੀ? ਬਾਈਬਲ ਕਹਿੰਦੀ ਹੈ ਕਿ ‘ਯਹੋਵਾਹ ਦੇ ਸੈਨਾ ਪਤੀ’ ਯਾਨੀ ਇਕ ਦੂਤ ਨੇ ਕਨਾਨੀਆਂ ਵਿਰੁੱਧ ਯੁੱਧ ਜਿੱਤਣ ਵਿਚ ਯਹੋਸ਼ੁਆ ਦੀ ਮਦਦ ਕੀਤੀ। (ਯਹੋ. 5:13-15; 6:2, 21) ਬਾਅਦ ਵਿਚ ਰਾਜਾ ਹਿਜ਼ਕੀਯਾਹ ਦੇ ਸਮੇਂ ਵਿਚ ਅੱਸ਼ੂਰੀਆਂ ਦੀ ਵੱਡੀ ਫ਼ੌਜ ਨੇ ਯਰੂਸ਼ਲਮ ਨੂੰ ਨਾਸ਼ ਕਰਨ ਦੀ ਧਮਕੀ ਦਿੱਤੀ। ਪਰ ਇਕ ਹੀ ਰਾਤ ਵਿਚ “ਯਹੋਵਾਹ ਦੇ ਦੂਤ ਨੇ ਨਿੱਕਲ ਕੇ ਅੱਸ਼ੂਰੀਆਂ ਦੇ ਡੇਰੇ ਵਿੱਚ ਇੱਕ ਲੱਖ ਪਚਾਸੀ ਹਜ਼ਾਰ ਮਾਰ ਛੱਡੇ।”2 ਰਾਜ. 19:35.

9. ਭਾਵੇਂ ਕਿ ਪਰਮੇਸ਼ੁਰ ਦੇ ਚੁਣੇ ਹੋਏ ਆਗੂ ਨਾਮੁਕੰਮਲ ਸਨ, ਫਿਰ ਵੀ ਇਜ਼ਰਾਈਲੀਆਂ ਤੋਂ ਕੀ ਉਮੀਦ ਰੱਖੀ ਜਾਂਦੀ ਸੀ?

9 ਦੂਤ ਮੁਕੰਮਲ ਹਨ। ਪਰ ਉਹ ਆਦਮੀ ਮੁਕੰਮਲ ਨਹੀਂ ਸਨ ਜਿਨ੍ਹਾਂ ਦੀ ਮਦਦ ਦੂਤਾਂ ਨੇ ਕੀਤੀ ਸੀ। ਮਿਸਾਲ ਲਈ, ਇਕ ਵਾਰ ਮੂਸਾ ਨੇ ਪਰਮੇਸ਼ੁਰ ਦੀ ਮਹਿਮਾ ਨਹੀਂ ਕੀਤੀ। (ਗਿਣ. 20:12) ਜਦੋਂ ਗਿਬਓਨੀ ਯਹੋਸ਼ੁਆ ਨਾਲ ਸਮਝੌਤਾ ਕਰਨਾ ਚਾਹੁੰਦੇ ਸਨ, ਤਾਂ ਉਸ ਨੇ ਇਸ ਬਾਰੇ ਪਰਮੇਸ਼ੁਰ ਕੋਲੋਂ ਨਹੀਂ ਪੁੱਛਿਆ। (ਯਹੋ. 9:14, 15) ਇਕ ਸਮੇਂ ’ਤੇ ਹਿਜ਼ਕੀਯਾਹ ਦੇ “ਮਨ ਵਿੱਚ ਹੰਕਾਰ ਸਮਾ ਗਿਆ।” (2 ਇਤ. 32:25, 26) ਭਾਵੇਂ ਕਿ ਇਹ ਆਦਮੀ ਨਾਮੁਕੰਮਲ ਸਨ, ਫਿਰ ਵੀ ਇਜ਼ਰਾਈਲੀਆਂ ਤੋਂ ਉਮੀਦ ਰੱਖੀ ਜਾਂਦੀ ਸੀ ਕਿ ਉਹ ਉਨ੍ਹਾਂ ਦੀ ਅਗਵਾਈ ਵਿਚ ਚੱਲਣ। ਇਜ਼ਰਾਈਲੀ ਦੇਖ ਸਕਦੇ ਸਨ ਕਿ ਯਹੋਵਾਹ ਦੂਤਾਂ ਰਾਹੀਂ ਇਨ੍ਹਾਂ ਆਦਮੀਆਂ ਦੀ ਮਦਦ ਕਰ ਰਿਹਾ ਸੀ। ਵਾਕਈ, ਯਹੋਵਾਹ ਹੀ ਆਪਣੇ ਲੋਕਾਂ ਦੀ ਅਗਵਾਈ ਕਰ ਰਿਹਾ ਸੀ।

ਪਰਮੇਸ਼ੁਰ ਦੇ ਬਚਨ ਤੋਂ ਉਨ੍ਹਾਂ ਨੂੰ ਸੇਧ ਮਿਲੀ

10. ਮੂਸਾ ਨੂੰ ਪਰਮੇਸ਼ੁਰ ਦੇ ਕਾਨੂੰਨ ਤੋਂ ਸੇਧ ਕਿਵੇਂ ਮਿਲੀ?

10 ਪਰਮੇਸ਼ੁਰ ਦੇ ਬਚਨ ਨੇ ਉਸ ਦੇ ਚੁਣੇ ਹੋਏ ਆਗੂਆਂ ਨੂੰ ਸੇਧ ਦਿੱਤੀ। ਬਾਈਬਲ ਵਿਚ ਇਜ਼ਰਾਈਲ ਕੌਮ ਨੂੰ ਦਿੱਤੇ ਕਾਨੂੰਨ ਨੂੰ “ਮੂਸਾ ਦੀ ਬਿਵਸਥਾ” ਕਿਹਾ ਗਿਆ ਹੈ। (1 ਰਾਜ. 2:3) ਪਰ ਬਾਈਬਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਹੀ ਉਨ੍ਹਾਂ ਨੂੰ ਇਹ ਕਾਨੂੰਨ ਦਿੱਤਾ ਸੀ ਅਤੇ ਮੂਸਾ ਨੂੰ ਵੀ ਇਹ ਕਾਨੂੰਨ ਮੰਨਣਾ ਪੈਣਾ ਸੀ। (2 ਇਤ. 34:14) ਮਿਸਾਲ ਲਈ, ਜਦੋਂ ਯਹੋਵਾਹ ਨੇ ਮੂਸਾ ਨੂੰ ਦੱਸਿਆ ਕਿ ਤੰਬੂ ਕਿਵੇਂ ਬਣਾਉਣਾ ਹੈ, ਤਾਂ “ਮੂਸਾ ਨੇ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਤਿਵੇਂ ਹੀ ਸਭ ਕੁਝ ਕੀਤਾ।”ਕੂਚ 40:1-16.

11, 12. (ੳ) ਯੋਸੀਯਾਹ ਅਤੇ ਹੋਰ ਇਜ਼ਰਾਈਲੀ ਰਾਜਿਆਂ ਤੋਂ ਕੀ ਮੰਗ ਕੀਤੀ ਗਈ ਸੀ? (ਅ) ਅਗਵਾਈ ਲੈਣ ਵਾਲਿਆਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸੇਧ ਕਿਵੇਂ ਮਿਲੀ?

11 ਜਦੋਂ ਯਹੋਸ਼ੁਆ ਨੂੰ ਇਜ਼ਰਾਈਲ ਕੌਮ ਦਾ ਆਗੂ ਬਣਾਇਆ ਗਿਆ, ਤਾਂ ਉਸ ਕੋਲ ਪਰਮੇਸ਼ੁਰ ਦਾ ਬਚਨ ਸੀ। ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇਂ।” (ਯਹੋ. 1:8) ਜਿਨ੍ਹਾਂ ਰਾਜਿਆਂ ਨੇ ਭਵਿੱਖ ਵਿਚ ਰਾਜ ਕਰਨਾ ਸੀ, ਉਨ੍ਹਾਂ ਨੂੰ ਵੀ ਹਰ ਰੋਜ਼ ਪਰਮੇਸ਼ੁਰ ਦੇ ਕਾਨੂੰਨ ਨੂੰ ਪੜ੍ਹਨ, ਇਸ ਦੀ ਨਕਲ ਉਤਾਰਨ ਅਤੇ ‘ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਅਤੇ ਇਨ੍ਹਾਂ ਬਿਧੀਆਂ ਨੂੰ ਪੂਰਾ ਕਰਨ’ ਦੀ ਲੋੜ ਸੀ।ਬਿਵਸਥਾ ਸਾਰ 17:18-20 ਪੜ੍ਹੋ।

12 ਅਗਵਾਈ ਲੈਣ ਵਾਲਿਆਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸੇਧ ਕਿਵੇਂ ਮਿਲੀ? ਰਾਜਾ ਯੋਸੀਯਾਹ ਦੀ ਮਿਸਾਲ ’ਤੇ ਗੌਰ ਕਰੋ। ਮੂਸਾ ਦਾ ਕਾਨੂੰਨ ਲੱਭਣ ਤੋਂ ਬਾਅਦ ਯੋਸੀਯਾਹ ਦੇ ਸੈਕਟਰੀ ਨੇ ਉਸ ਦੇ ਸਾਮ੍ਹਣੇ ਇਸ ਨੂੰ ਪੜ੍ਹਿਆ। * “ਤਾਂ ਐਉਂ ਹੋਇਆ ਭਈ ਜਦ ਪਾਤਸ਼ਾਹ ਨੇ ਬਿਵਸਥਾ ਦੀ ਪੋਥੀ ਦੀਆਂ ਗੱਲਾਂ ਸੁਣੀਆਂ ਤਾਂ ਉਹ ਨੇ ਆਪਣੇ ਬਸਤਰ ਪਾੜੇ।” ਫਿਰ ਪਰਮੇਸ਼ੁਰ ਦੇ ਬਚਨ ਨੇ ਯੋਸੀਯਾਹ ਨੂੰ ਦੇਸ਼ ਵਿੱਚੋਂ ਮੂਰਤੀਆਂ ਦਾ ਨਾਸ਼ ਕਰਨ ਅਤੇ ਪਸਾਹ ਦਾ ਤਿਉਹਾਰ ਮਨਾਉਣ ਲਈ ਪ੍ਰੇਰਿਤ ਕੀਤਾ। ਪਹਿਲਾਂ ਕਦੀ ਵੀ ਇੰਨੇ ਵੱਡੇ ਪੱਧਰ ’ਤੇ ਪਸਾਹ ਦਾ ਤਿਉਹਾਰ ਨਹੀਂ ਮਨਾਇਆ ਗਿਆ ਸੀ। (2 ਰਾਜ. 22:11; 23:1-23) ਯੋਸੀਯਾਹ ਅਤੇ ਹੋਰ ਵਫ਼ਾਦਾਰ ਆਗੂ ਪਰਮੇਸ਼ੁਰ ਦੇ ਬਚਨ ਅਨੁਸਾਰ ਚੱਲਦੇ ਸਨ। ਇਸ ਲਈ ਜਦੋਂ ਵੀ ਉਨ੍ਹਾਂ ਨੂੰ ਪਤਾ ਲੱਗਦਾ ਸੀ ਕਿ ਉਨ੍ਹਾਂ ਨੂੰ ਕਿਸੇ ਮਾਮਲੇ ਵਿਚ ਫੇਰ-ਬਦਲ ਕਰਨ ਦੀ ਲੋੜ ਸੀ, ਤਾਂ ਉਹ ਇਸ ਤਰ੍ਹਾਂ ਕਰਨ ਤੋਂ ਝਿਜਕਦੇ ਨਹੀਂ ਸਨ। ਉਨ੍ਹਾਂ ਦੀ ਮਿਸਾਲ ਦੇਖ ਕੇ ਲੋਕ ਵੀ ਪਰਮੇਸ਼ੁਰ ਦੇ ਬਚਨ ਨੂੰ ਮੰਨਦੇ ਸਨ।

13. ਇਜ਼ਰਾਈਲ ਕੌਮ ਦੇ ਆਗੂ ਦੂਜੀਆਂ ਕੌਮਾਂ ਦੇ ਆਗੂਆਂ ਤੋਂ ਕਿਵੇਂ ਵੱਖਰੇ ਸਨ?

13 ਦੂਸਰੀਆਂ ਕੌਮਾਂ ਦੇ ਆਗੂ ਇਨਸਾਨੀ ਬੁੱਧ ਦੀ ਸੇਧ ਵਿਚ ਚੱਲਦੇ ਸਨ। ਮਿਸਾਲ ਲਈ, ਕਨਾਨ ਦੇ ਆਗੂ ਅਤੇ ਉੱਥੇ ਦੇ ਲੋਕ ਬਹੁਤ ਭੈੜੇ-ਭੈੜੇ ਕੰਮ ਕਰਦੇ ਸਨ, ਜਿਵੇਂ ਕਿ ਨਜ਼ਦੀਕੀ ਸਾਕ-ਸੰਬੰਧੀਆਂ ਨਾਲ ਜਿਨਸੀ ਸੰਬੰਧ, ਆਦਮੀ-ਆਦਮੀ ਅਤੇ ਔਰਤਾਂ-ਔਰਤਾਂ ਨਾਲ ਨਾਜਾਇਜ਼ ਸੰਬੰਧ, ਪਸ਼ੂਆਂ ਨਾਲ ਸੰਭੋਗ, ਬੱਚਿਆਂ ਦੀ ਬਲ਼ੀ ਅਤੇ ਮੂਰਤੀ ਪੂਜਾ। (ਲੇਵੀ. 18:6, 21-25) ਨਾਲੇ ਬਾਬਲ ਅਤੇ ਮਿਸਰ ਦੇ ਆਗੂਆਂ ਕੋਲ ਪਰਮੇਸ਼ੁਰ ਦੇ ਲੋਕਾਂ ਵਾਂਗ ਸਾਫ਼-ਸਫ਼ਾਈ ਸੰਬੰਧੀ ਨਿਯਮ ਨਹੀਂ ਸਨ। (ਗਿਣ. 19:13) ਪਰ ਪਰਮੇਸ਼ੁਰ ਦੇ ਲੋਕ ਦੇਖ ਸਕਦੇ ਸਨ ਕਿ ਉਨ੍ਹਾਂ ਦੇ ਵਫ਼ਾਦਾਰ ਆਗੂ ਉਨ੍ਹਾਂ ਨੂੰ ਸ਼ੁੱਧ ਭਗਤੀ ਕਰਨ, ਸਰੀਰਕ ਤੌਰ ’ਤੇ ਸ਼ੁੱਧ ਰਹਿਣ ਅਤੇ ਅਸ਼ੁੱਧ ਜਿਨਸੀ ਸੰਬੰਧਾਂ ਤੋਂ ਦੂਰ ਰਹਿਣ ਦੀ ਹੱਲਾਸ਼ੇਰੀ ਦਿੰਦੇ ਸਨ। ਵਾਕਈ, ਯਹੋਵਾਹ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ।

14. ਯਹੋਵਾਹ ਨੇ ਆਪਣੇ ਲੋਕਾਂ ਦੇ ਕੁਝ ਆਗੂਆਂ ਨੂੰ ਤਾੜਨਾ ਕਿਉਂ ਦਿੱਤੀ ਸੀ?

14 ਇਸ ਤਰ੍ਹਾਂ ਨਹੀਂ ਸੀ ਕਿ ਪਰਮੇਸ਼ੁਰ ਦੇ ਲੋਕਾਂ ’ਤੇ ਰਾਜ ਕਰਨ ਵਾਲੇ ਸਾਰੇ ਆਗੂਆਂ ਨੇ ਉਸ ਦੀਆਂ ਹਿਦਾਇਤਾਂ ਮੰਨੀਆਂ। ਉਨ੍ਹਾਂ ਨੇ ਉਸ ਦੀ ਪਵਿੱਤਰ ਸ਼ਕਤੀ, ਦੂਤਾਂ ਅਤੇ ਉਸ ਦੇ ਬਚਨ ਦੀ ਅਗਵਾਈ ਵਿਚ ਚੱਲਣ ਤੋਂ ਸਾਫ਼ ਇਨਕਾਰ ਕੀਤਾ। ਕੁਝ ਮਾਮਲਿਆਂ ਵਿਚ ਯਹੋਵਾਹ ਨੇ ਇਨ੍ਹਾਂ ਨੂੰ ਤਾੜਨਾ ਦਿੱਤੀ ਜਾਂ ਇਨ੍ਹਾਂ ਦੀ ਜਗ੍ਹਾ ਹੋਰ ਆਗੂ ਠਹਿਰਾਏ। (1 ਸਮੂ. 13:13, 14) ਸਮਾਂ ਆਉਣ ’ਤੇ ਯਹੋਵਾਹ ਨੇ ਇਕ ਮੁਕੰਮਲ ਆਗੂ ਚੁਣਨਾ ਸੀ।

ਯਹੋਵਾਹ ਨੇ ਇਕ ਮੁਕੰਮਲ ਆਗੂ ਚੁਣਿਆ

15. (ੳ) ਨਬੀਆਂ ਨੇ ਕਿਵੇਂ ਦਿਖਾਇਆ ਕਿ ਮੁਕੰਮਲ ਆਗੂ ਨੇ ਆਉਣਾ ਸੀ? (ਅ) ਮੁਕੰਮਲ ਆਗੂ ਕੌਣ ਸੀ?

15 ਸੈਂਕੜੇ ਸਾਲਾਂ ਤਕ ਯਹੋਵਾਹ ਨੇ ਭਵਿੱਖਬਾਣੀਆਂ ਰਾਹੀਂ ਦੱਸਿਆ ਸੀ ਕਿ ਉਹ ਆਪਣੇ ਲੋਕਾਂ ਲਈ ਇਕ ਮੁਕੰਮਲ ਆਗੂ ਚੁਣੇਗਾ। ਮਿਸਾਲ ਲਈ, ਮੂਸਾ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਤੁਹਾਡੇ ਵਿੱਚੋਂ ਅਰਥਾਤ ਤੁਹਾਡੇ ਭਰਾਵਾਂ ਵਿੱਚੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਮੇਰੇ ਵਰਗਾ ਤੁਹਾਡੇ ਲਈ ਇੱਕ ਨਬੀ ਖੜਾ ਕਰੇਗਾ, ਤੁਸੀਂ ਉਸ ਦੀ ਸੁਣਿਓ।” (ਬਿਵ. 18:15) ਯਸਾਯਾਹ ਨੇ ਕਿਹਾ ਸੀ ਕਿ ਉਹ ਇਕ “ਪਰਧਾਨ ਅਤੇ ਹਾਕਮ” ਬਣੇਗਾ। (ਯਸਾ. 55:4) ਨਾਲੇ ਦਾਨੀਏਲ ਨੇ ਮਸੀਹ ਬਾਰੇ ਲਿਖਿਆ ਜਿਸ ਨੇ “ਆਗੂ” ਬਣਨਾ ਸੀ। (ਦਾਨੀ. 9:25, CL.) ਅਖ਼ੀਰ ਯਿਸੂ ਨੇ ਖ਼ੁਦ ਆਪਣੀ ਪਛਾਣ ਇਕ “ਆਗੂ” ਵਜੋਂ ਕਰਾਈ। (ਮੱਤੀ 23:10 ਪੜ੍ਹੋ।) ਉਸ ਦੇ ਚੇਲੇ ਉਸ ਦੀ ਅਗਵਾਈ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰਦੇ ਸਨ ਅਤੇ ਉਹ ਵਿਸ਼ਵਾਸ ਕਰਦੇ ਸਨ ਕਿ ਯਹੋਵਾਹ ਨੇ ਉਸ ਨੂੰ ਚੁਣਿਆ ਹੈ। (ਯੂਹੰ. 6:68, 69) ਕਿਹੜੀਆਂ ਗੱਲਾਂ ਕਰਕੇ ਉਹ ਵਿਸ਼ਵਾਸ ਕਰਦੇ ਸਨ ਕਿ ਯਹੋਵਾਹ ਨੇ ਯਿਸੂ ਮਸੀਹ ਨੂੰ ਆਪਣੇ ਲੋਕਾਂ ਦੀ ਅਗਵਾਈ ਕਰਨ ਲਈ ਚੁਣਿਆ ਸੀ?

16. ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਕੋਲ ਪਵਿੱਤਰ ਸ਼ਕਤੀ ਸੀ?

16 ਪਵਿੱਤਰ ਸ਼ਕਤੀ ਰਾਹੀਂ ਯਿਸੂ ਨੂੰ ਤਾਕਤ ਮਿਲੀ। ਯਿਸੂ ਦੇ ਬਪਤਿਸਮੇ ਵੇਲੇ ਯੂਹੰਨਾ ਨੇ “ਆਕਾਸ਼ ਨੂੰ ਖੁੱਲ੍ਹਦਿਆਂ ਅਤੇ ਪਵਿੱਤਰ ਸ਼ਕਤੀ ਨੂੰ ਕਬੂਤਰ ਦੇ ਰੂਪ ਵਿਚ [ਯਿਸੂ] ਉੱਤੇ ਉੱਤਰਦਿਆਂ ਦੇਖਿਆ।” ਇਸ ਤੋਂ ਜਲਦੀ ਬਾਅਦ “ਪਵਿੱਤਰ ਸ਼ਕਤੀ ਨੇ ਤੁਰੰਤ [ਯਿਸੂ] ਨੂੰ ਉਜਾੜ ਵਿਚ ਜਾਣ ਲਈ ਪ੍ਰੇਰਿਆ।” (ਮਰ. 1:10-12) ਆਪਣੀ ਸੇਵਕਾਈ ਦੌਰਾਨ ਯਿਸੂ ਨੇ ਪਵਿੱਤਰ ਸ਼ਕਤੀ ਦੀ ਤਾਕਤ ਨਾਲ ਲੋਕਾਂ ਨੂੰ ਰਾਜ ਬਾਰੇ ਸਿਖਾਇਆ ਅਤੇ ਚਮਤਕਾਰ ਕੀਤੇ। (ਰਸੂ. 10:38) ਨਾਲੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਯਿਸੂ ਪਿਆਰ, ਖ਼ੁਸ਼ੀ ਅਤੇ ਮਜ਼ਬੂਤ ਨਿਹਚਾ ਵਰਗੇ ਗੁਣ ਦਿਖਾ ਸਕਿਆ। (ਯੂਹੰ. 15:9; ਇਬ. 12:2) ਕਿਸੇ ਵੀ ਆਗੂ ਕੋਲ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਸੀ ਕਿ ਉਸ ਕੋਲ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸੀ। ਵਾਕਈ, ਯਹੋਵਾਹ ਨੇ ਯਿਸੂ ਨੂੰ ਆਗੂ ਵਜੋਂ ਚੁਣਿਆ।

ਯਿਸੂ ਦੇ ਬਪਤਿਸਮੇ ਤੋਂ ਥੋੜ੍ਹੀ ਦੇਰ ਬਾਅਦ ਦੂਤਾਂ ਨੇ ਉਸ ਦੀ ਕਿਵੇਂ ਮਦਦ ਕੀਤੀ? (ਪੈਰਾ 17 ਦੇਖੋ)

17. ਦੂਤਾਂ ਨੇ ਯਿਸੂ ਦੀ ਮਦਦ ਕਿਵੇਂ ਕੀਤੀ?

17 ਦੂਤਾਂ ਨੇ ਯਿਸੂ ਦੀ ਮਦਦ ਕੀਤੀ। ਯਿਸੂ ਦੇ ਬਪਤਿਸਮੇ ਤੋਂ ਥੋੜ੍ਹੀ ਦੇਰ ਬਾਅਦ “ਦੂਤ ਆ ਕੇ ਉਸ ਦੀ ਸੇਵਾ ਕਰਨ ਲੱਗ ਪਏ।” (ਮੱਤੀ 4:11) ਉਸ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ “ਸਵਰਗੋਂ ਇਕ ਦੂਤ ਨੇ ਪ੍ਰਗਟ ਹੋ ਕੇ ਉਸ ਨੂੰ ਹੌਸਲਾ ਦਿੱਤਾ।” (ਲੂਕਾ 22:43) ਯਿਸੂ ਜਾਣਦਾ ਸੀ ਕਿ ਯਹੋਵਾਹ ਲੋੜ ਪੈਣ ਤੇ ਦੂਤਾਂ ਨੂੰ ਉਸ ਦੀ ਮਦਦ ਲਈ ਭੇਜੇਗਾ।ਮੱਤੀ 26:53.

18, 19. ਪਰਮੇਸ਼ੁਰ ਦੇ ਬਚਨ ਨੇ ਯਿਸੂ ਨੂੰ ਜ਼ਿੰਦਗੀ ਅਤੇ ਦੂਸਰਿਆਂ ਨੂੰ ਸਿੱਖਿਆ ਦੇਣ ਵਿਚ ਕਿਵੇਂ ਸੇਧ ਦਿੱਤੀ?

18 ਯਿਸੂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸੇਧ ਮਿਲੀ। ਆਪਣੀ ਸੇਵਕਾਈ ਦੀ ਸ਼ੁਰੂਆਤ ਤੋਂ ਲੈ ਕੇ ਆਪਣੀ ਮੌਤ ਤਕ ਯਿਸੂ ਨੇ ਹਮੇਸ਼ਾ ਪਰਮੇਸ਼ੁਰ ਦੇ ਬਚਨ ਤੋਂ ਸੇਧ ਲਈ। ਉਸ ਨੇ ਆਪਣੀ ਮੌਤ ਦੇ ਸਮੇਂ ਆਪਣੇ ਬਾਰੇ ਕੀਤੀਆਂ ਭਵਿੱਖਬਾਣੀਆਂ ਦਾ ਜ਼ਿਕਰ ਕੀਤਾ। (ਮੱਤੀ 4:4; 27:46; ਲੂਕਾ 23:46) ਉਸ ਵੇਲੇ ਦੇ ਧਾਰਮਿਕ ਆਗੂ ਯਿਸੂ ਤੋਂ ਬਹੁਤ ਵੱਖਰੇ ਸਨ। ਜਦੋਂ ਉਹ ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ਨਾਲ ਸਹਿਮਤ ਨਹੀਂ ਹੁੰਦੇ ਸਨ, ਤਾਂ ਉਹ ਇਨ੍ਹਾਂ ਨੂੰ ਅਣਗੌਲਿਆਂ ਕਰ ਦਿੰਦੇ ਸਨ। ਉਨ੍ਹਾਂ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਪਰਮੇਸ਼ੁਰ ਦੇ ਬਚਨ ਦਾ ਹਵਾਲਾ ਦਿੰਦੇ ਹੋਏ ਕਿਹਾ: “ਇਹ ਲੋਕ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ। ਇਹ ਬੇਕਾਰ ਵਿਚ ਹੀ ਮੇਰੀ ਭਗਤੀ ਕਰਦੇ ਹਨ ਕਿਉਂਕਿ ਇਹ ਇਨਸਾਨਾਂ ਦੇ ਬਣਾਏ ਹੁਕਮਾਂ ਦੀ ਹੀ ਸਿੱਖਿਆ ਦਿੰਦੇ ਹਨ।” (ਮੱਤੀ 15:7-9) ਪਰਮੇਸ਼ੁਰ ਨੇ ਉਸ ਇਨਸਾਨ ਨੂੰ ਕਦੀ ਆਗੂ ਨਹੀਂ ਚੁਣਿਆ ਜੋ ਉਸ ਦੇ ਬਚਨ ਅਨੁਸਾਰ ਨਹੀਂ ਚੱਲਿਆ।

19 ਯਿਸੂ ਨੇ ਦੂਸਰਿਆਂ ਨੂੰ ਸਿਖਾਉਂਦਿਆਂ ਪਰਮੇਸ਼ੁਰ ਦਾ ਬਚਨ ਵਰਤਿਆ। ਜਦੋਂ ਧਾਰਮਿਕ ਆਗੂਆਂ ਨੇ ਉਸ ਨੂੰ ਪਰਖਣ ਲਈ ਸਵਾਲ ਪੁੱਛੇ, ਤਾਂ ਯਿਸੂ ਨੇ ਉਨ੍ਹਾਂ ਨੂੰ ਆਪਣੀ ਬੁੱਧ ਜਾਂ ਤਜਰਬੇ ਤੋਂ ਜਵਾਬ ਨਹੀਂ ਦਿੱਤਾ। ਇਸ ਦੀ ਬਜਾਇ, ਉਸ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸਿਖਾਇਆ। (ਮੱਤੀ 22:33-40) ਯਿਸੂ ਮਸੀਹ ਲੋਕਾਂ ਨੂੰ ਆਪਣੀ ਸਵਰਗੀ ਜ਼ਿੰਦਗੀ ਜਾਂ ਬ੍ਰਹਿਮੰਡ ਦੀ ਸ੍ਰਿਸ਼ਟੀ ਬਾਰੇ ਕਹਾਣੀਆਂ ਸੁਣਾ ਕੇ ਪ੍ਰਭਾਵਿਤ ਕਰ ਸਕਦਾ ਸੀ। ਪਰ ਪਰਮੇਸ਼ੁਰ ਦੇ ਬਚਨ ਨਾਲ ਪਿਆਰ ਹੋਣ ਕਰਕੇ ਉਹ ਦੂਸਰਿਆਂ ਨੂੰ ਇਸ ਬਾਰੇ ਦੱਸਣ ਲਈ ਉਤਾਵਲਾ ਸੀ ਅਤੇ “ਉਸ ਨੇ ਧਰਮ-ਗ੍ਰੰਥ ਦਾ ਮਤਲਬ ਸਮਝਣ ਲਈ ਉਨ੍ਹਾਂ ਦੇ ਮਨ ਪੂਰੀ ਤਰ੍ਹਾਂ ਖੋਲ੍ਹ ਦਿੱਤੇ।”ਲੂਕਾ 24:32, 45.

20. (ੳ) ਯਿਸੂ ਨੇ ਯਹੋਵਾਹ ਦੀ ਮਹਿਮਾ ਕਿਵੇਂ ਕੀਤੀ? (ਅ) ਯਿਸੂ ਅਤੇ ਹੇਰੋਦੇਸ ਅਗ੍ਰਿੱਪਾ ਪਹਿਲੇ ਵਿਚ ਕੀ ਫ਼ਰਕ ਸੀ?

20 ਚਾਹੇ ਯਿਸੂ ਦੀਆਂ ‘ਦਿਲ ਜਿੱਤ ਲੈਣ ਵਾਲੀਆਂ ਗੱਲਾਂ ਸੁਣ ਕੇ ਲੋਕ ਹੈਰਾਨ ਰਹਿ’ ਜਾਂਦੇ ਸਨ, ਪਰ ਯਿਸੂ ਨੇ ਹਮੇਸ਼ਾ ਆਪਣੇ ਗੁਰੂ ਯਹੋਵਾਹ ਦੀ ਮਹਿਮਾ ਕੀਤੀ। (ਲੂਕਾ 4:22) ਜਦੋਂ ਇਕ ਅਮੀਰ ਆਦਮੀ ਨੇ ਯਿਸੂ ਨੂੰ ‘ਚੰਗਾ ਗੁਰੂ ਜੀ’ ਕਹਿ ਕੇ ਮਹਿਮਾ ਦੇਣੀ ਚਾਹੀ, ਤਾਂ ਯਿਸੂ ਨੇ ਬੜੀ ਨਿਮਰਤਾ ਨਾਲ ਕਿਹਾ: “ਤੂੰ ਮੈਨੂੰ ਚੰਗਾ ਕਿਉਂ ਕਹਿੰਦਾ ਹੈਂ? ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ।” (ਮਰ. 10:17, 18) ਇਸ ਤੋਂ ਲਗਭਗ ਅੱਠ ਸਾਲ ਬਾਅਦ ਹੇਰੋਦੇਸ ਅਗ੍ਰਿੱਪਾ ਪਹਿਲਾ, ਯਹੂਦਾਹ ਦਾ ਆਗੂ ਬਣਿਆ। ਉਸ ਦਾ ਰਵੱਈਆ ਯਿਸੂ ਨਾਲੋਂ ਬਹੁਤ ਹੀ ਵੱਖਰਾ ਸੀ। ਇਕ ਖ਼ਾਸ ਸਭਾ ਦੌਰਾਨ ਹੇਰੋਦੇਸ ਅਗ੍ਰਿੱਪਾ ਨੇ “ਸ਼ਾਹੀ ਲਿਬਾਸ” ਪਾਇਆ ਹੋਇਆ ਸੀ। ਜਦੋਂ ਲੋਕਾਂ ਨੇ ਉਸ ਨੂੰ ਦੇਖਿਆ ਅਤੇ ਸੁਣਿਆ, ਤਾਂ ਉਹ ਉੱਚੀ-ਉੱਚੀ ਬੋਲੇ: “ਇਹ ਇਨਸਾਨ ਦੀ ਆਵਾਜ਼ ਨਹੀਂ, ਸਗੋਂ ਦੇਵਤੇ ਦੀ ਆਵਾਜ਼ ਹੈ!” ਹੇਰੋਦੇਸ ਨੂੰ ਆਪਣੀ ਪ੍ਰਸ਼ੰਸਾ ਸੁਣ ਕੇ ਬਹੁਤ ਚੰਗਾ ਲੱਗਾ। ਇਸ ਤੋਂ ਬਾਅਦ ਕੀ ਹੋਇਆ? “ਉਸੇ ਵੇਲੇ ਯਹੋਵਾਹ ਦੇ ਦੂਤ ਨੇ ਉਸ ਨੂੰ ਸਜ਼ਾ ਦਿੱਤੀ ਕਿਉਂਕਿ ਉਸ ਨੇ ਉਹ ਮਹਿਮਾ ਕਬੂਲ ਕੀਤੀ ਜੋ ਪਰਮੇਸ਼ੁਰ ਨੂੰ ਮਿਲਣੀ ਚਾਹੀਦੀ ਸੀ ਅਤੇ ਉਹ ਕੀੜੇ ਪੈ ਕੇ ਮਰ ਗਿਆ।” (ਰਸੂ. 12:21-23) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਹੇਰੋਦੇਸ ਨੂੰ ਆਗੂ ਨਹੀਂ ਚੁਣਿਆ ਸੀ। ਯਿਸੂ ਮਸੀਹ ਨੇ ਆਪਣੇ ਬਾਰੇ ਸਾਬਤ ਕੀਤਾ ਕਿ ਯਹੋਵਾਹ ਨੇ ਉਸ ਨੂੰ ਚੁਣਿਆ ਸੀ। ਨਾਲੇ ਉਸ ਨੇ ਹਮੇਸ਼ਾ ਯਹੋਵਾਹ ਨੂੰ ਆਪਣੇ ਲੋਕਾਂ ਦਾ ਸਰਬ ਮਹਾਨ ਆਗੂ ਹੋਣ ਦੀ ਮਹਿਮਾ ਦਿੱਤੀ।

21. ਅਗਲੇ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ?

21 ਯਹੋਵਾਹ ਕੁਝ ਸਾਲਾਂ ਦੀ ਬਜਾਇ ਯਿਸੂ ਨੂੰ ਜ਼ਿਆਦਾ ਸਮੇਂ ਲਈ ਆਗੂ ਬਣਾਉਣਾ ਚਾਹੁੰਦਾ ਸੀ। ਦੁਬਾਰਾ ਜੀ ਉੱਠਣ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। ਅਤੇ ਦੇਖੋ! ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।” (ਮੱਤੀ 28:18-20) ਸਵਰਗ ਵਿਚ ਇਕ ਅਦਿੱਖ ਦੂਤ ਵਜੋਂ ਯਿਸੂ ਨੇ ਧਰਤੀ ’ਤੇ ਯਹੋਵਾਹ ਦੇ ਲੋਕਾਂ ਦੀ ਅਗਵਾਈ ਕਿਵੇਂ ਕਰਨੀ ਸੀ? ਯਹੋਵਾਹ ਨੇ ਧਰਤੀ ਉੱਤੇ ਕਿਨ੍ਹਾਂ ਨੂੰ ਚੁਣਿਆ ਜੋ ਯਿਸੂ ਦੇ ਅਧੀਨ ਰਹਿ ਕੇ ਉਸ ਦੇ ਲੋਕਾਂ ਦੀ ਅਗਵਾਈ ਕਰਦੇ ਰਹੇ? ਨਾਲੇ ਮਸੀਹੀਆਂ ਨੇ ਇਨ੍ਹਾਂ ਆਗੂਆਂ ਦੀ ਪਛਾਣ ਕਿਵੇਂ ਕਰਨੀ ਸੀ? ਅਗਲੇ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ।

^ ਪੈਰਾ 12 ਹੋ ਸਕਦਾ ਹੈ ਕਿ ਇਹ ਮੂਸਾ ਦੁਆਰਾ ਲਿਖੀਆਂ ਅਸਲੀ ਲਿਖਤਾਂ ਸਨ।