Skip to content

Skip to table of contents

ਨੂਹ, ਦਾਨੀਏਲ ਅਤੇ ਅੱਯੂਬ ਦੀ ਆਗਿਆਕਾਰੀ ਅਤੇ ਨਿਹਚਾ ਦੀ ਰੀਸ ਕਰੋ

ਨੂਹ, ਦਾਨੀਏਲ ਅਤੇ ਅੱਯੂਬ ਦੀ ਆਗਿਆਕਾਰੀ ਅਤੇ ਨਿਹਚਾ ਦੀ ਰੀਸ ਕਰੋ

“ਨੂਹ, ਦਾਨੀਏਲ ਅਤੇ ਅੱਯੂਬ . . . ਆਪਣੇ ਧਰਮ ਦੇ ਕਾਰਨ ਕੇਵਲ ਆਪਣੀਆਂ ਹੀ ਜਾਨਾਂ ਛੁਡਾਉਣਗੇ।”​—ਹਿਜ਼. 14:14.

ਗੀਤ: 6, 54

1, 2. (ੳ) ਨੂਹ, ਦਾਨੀਏਲ ਅਤੇ ਅੱਯੂਬ ਦੀਆਂ ਮਿਸਾਲਾਂ ਦੀ ਜਾਂਚ ਕਰ ਕੇ ਸਾਨੂੰ ਹੌਸਲਾ ਕਿਉਂ ਮਿਲ ਸਕਦਾ ਹੈ? (ਅ) ਹਿਜ਼ਕੀਏਲ ਨੇ ਕਿਹੜੇ ਹਾਲਾਤਾਂ ਵਿਚ ਹਿਜ਼ਕੀਏਲ 14:14 ਦੇ ਸ਼ਬਦ ਲਿਖੇ?

ਕੀ ਤੁਸੀਂ ਬੀਮਾਰੀ, ਪੈਸੇ ਦੀ ਤੰਗੀ, ਅਤਿਆਚਾਰ ਜਾਂ ਹੋਰ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹੋ? ਕੀ ਤੁਹਾਡੇ ਲਈ ਕਦੀ-ਕਦੀ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣਾ ਮੁਸ਼ਕਲ ਹੁੰਦਾ ਹੈ? ਜੇ ਤੁਸੀਂ ਇੱਦਾਂ ਮਹਿਸੂਸ ਕਰਦੇ ਹੋ, ਤਾਂ ਨੂਹ, ਦਾਨੀਏਲ ਅਤੇ ਅੱਯੂਬ ਦੀਆਂ ਮਿਸਾਲਾਂ ਦੀ ਜਾਂਚ ਕਰੋ ਅਤੇ ਉਨ੍ਹਾਂ ਤੋਂ ਹੌਸਲਾ ਪਾਓ। ਉਨ੍ਹਾਂ ਵਿਚ ਕਮੀਆਂ ਸਨ ਅਤੇ ਉਨ੍ਹਾਂ ਨੇ ਵੀ ਸਾਡੇ ਵਰਗੀਆਂ ਕਈ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ, ਇੱਥੋਂ ਤਕ ਕਿ ਕਈ ਵਾਰ ਉਨ੍ਹਾਂ ਨੇ ਮੌਤ ਦਾ ਸਾਮ੍ਹਣਾ ਵੀ ਕੀਤਾ। ਪਰ ਫਿਰ ਵੀ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ ਅਤੇ ਉਸ ਦੀਆਂ ਨਜ਼ਰਾਂ ਵਿਚ ਉਹ ਨਿਹਚਾ ਅਤੇ ਆਗਿਆਕਾਰੀ ਦੀ ਵਧੀਆ ਮਿਸਾਲ ਸਨ।​—ਹਿਜ਼ਕੀਏਲ 14:12-14 ਪੜ੍ਹੋ।

2 ਇਸ ਲੇਖ ਦੇ ਮੁੱਖ ਹਵਾਲੇ ਦੇ ਸ਼ਬਦ ਹਿਜ਼ਕੀਏਲ ਨੇ ਉਦੋਂ ਲਿਖੇ ਸਨ ਜਦੋਂ ਉਹ 612 ਈਸਵੀ ਪੂਰਵ ਵਿਚ ਬੈਬੀਲੋਨੀਆ ਵਿਚ ਸੀ। * (ਹਿਜ਼. 1:1; 8:1) ਬਹੁਤ ਜਲਦ 607 ਈਸਵੀ ਪੂਰਵ ਵਿਚ ਯਰੂਸ਼ਲਮ ਦਾ ਨਾਸ਼ ਹੋਣ ਵਾਲਾ ਸੀ। ਉਸ ਵੇਲੇ ਯਰੂਸ਼ਲਮ ਵਿਚ ਨੂਹ, ਦਾਨੀਏਲ ਅਤੇ ਅੱਯੂਬ ਵਰਗੇ ਵਫ਼ਾਦਾਰ ਅਤੇ ਆਗਿਆਕਾਰ ਲੋਕ ਮੁੱਠੀ ਭਰ ਹੀ ਸਨ। ਸਿਰਫ਼ ਇਹੀ ਲੋਕ ਉਸ ਨਾਸ਼ ਤੋਂ ਬਚੇ। (ਹਿਜ਼. 9:1-5) ਬਚਣ ਵਾਲਿਆਂ ਵਿਚ ਯਿਰਮਿਯਾਹ, ਬਾਰੂਕ, ਅਬਦ-ਮਲਕ ਅਤੇ ਰੇਕਾਬੀ ਵੀ ਸਨ।

3. ਅਸੀਂ ਇਸ ਲੇਖ ਤੋਂ ਕੀ ਸਿੱਖਾਂਗੇ?

3 ਇਸੇ ਤਰ੍ਹਾਂ ਇਸ ਦੁਸ਼ਟ ਦੁਨੀਆਂ ਦੇ ਨਾਸ਼ ਵਿੱਚੋਂ ਯਹੋਵਾਹ ਸਿਰਫ਼ ਉਨ੍ਹਾਂ ਨੂੰ ਹੀ ਬਚਾਏਗਾ ਜੋ ਨੂਹ, ਦਾਨੀਏਲ ਅਤੇ ਅੱਯੂਬ ਵਾਂਗ ਧਰਮੀ ਸਾਬਤ ਹੋਣਗੇ। (ਪ੍ਰਕਾ. 7:9, 14) ਸੋ ਆਓ ਆਪਾਂ ਦੇਖੀਏ ਕਿ ਯਹੋਵਾਹ ਨੇ ਇਨ੍ਹਾਂ ਤਿੰਨ ਧਰਮੀ ਆਦਮੀਆਂ ਦੀਆਂ ਮਿਸਾਲਾਂ ਬਾਈਬਲ ਵਿਚ ਕਿਉਂ ਦਰਜ ਕਰਾਈਆਂ। ਅਸੀਂ ਸਿੱਖਾਂਗੇ ਕਿ (1) ਇਨ੍ਹਾਂ ਨੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਅਤੇ (2) ਅਸੀਂ ਇਨ੍ਹਾਂ ਦੀ ਨਿਹਚਾ ਅਤੇ ਆਗਿਆਕਾਰੀ ਦੀ ਰੀਸ ਕਿਵੇਂ ਕਰ ਸਕਦੇ ਹਾਂ।

ਨੂਹ, 900 ਤੋਂ ਜ਼ਿਆਦਾ ਸਾਲ ਤਕ ਵਫ਼ਾਦਾਰ ਅਤੇ ਆਗਿਆਕਾਰ

4, 5. ਨੂਹ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ? ਉਸ ਬਾਰੇ ਕਿਹੜੀ ਗੱਲ ਗੌਰ ਕਰਨ ਦੇ ਲਾਇਕ ਹੈ?

4 ਨੂਹ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ? ਨੂਹ ਦੇ ਪੜਦਾਦੇ ਹਨੋਕ ਦੇ ਸਮੇਂ ਵਿਚ ਲੋਕ ਬਹੁਤ ਬੁਰੇ ਸਨ। ਉਹ ਯਹੋਵਾਹ “ਖ਼ਿਲਾਫ਼ ਘਟੀਆ ਗੱਲਾਂ” ਕਰਦੇ ਸਨ। (ਯਹੂ. 14, 15) ਲੋਕ ਹਿੰਸਕ ਤੋਂ ਹਿੰਸਕ ਹੁੰਦੇ ਗਏ। ਨੂਹ ਦੇ ਸਮੇਂ “ਧਰਤੀ ਜ਼ੁਲਮ ਨਾਲ ਭਰੀ ਹੋਈ ਸੀ।” ਦੁਸ਼ਟ ਦੂਤਾਂ ਨੇ ਸਵਰਗੋਂ ਉੱਤਰ ਕੇ ਇਨਸਾਨੀ ਸਰੀਰ ਧਾਰੇ ਅਤੇ ਔਰਤਾਂ ਨਾਲ ਵਿਆਹ ਕਰਾਏ। ਉਨ੍ਹਾਂ ਦੀ ਔਲਾਦ ਜ਼ਾਲਮ ਅਤੇ ਹਿੰਸਕ ਸੀ। (ਉਤ. 6:2-4, 11, 12) ਪਰ ਨੂਹ ਉਨ੍ਹਾਂ ਵਰਗਾ ਨਹੀਂ ਸੀ। ਬਾਈਬਲ ਕਹਿੰਦੀ ਹੈ ਕਿ “ਨੂਹ ਉੱਤੇ ਯਹੋਵਾਹ ਦੀ ਕਿਰਪਾ ਦੀ ਨਿਗਾਹ” ਸੀ। ਲੋਕਾਂ ਤੋਂ ਉਲਟ ਉਸ ਨੇ ਸਹੀ ਕੰਮ ਕੀਤੇ ਅਤੇ ਉਹ “ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।”​—ਉਤ. 6:8, 9.

5 ਇਨ੍ਹਾਂ ਸ਼ਬਦਾਂ ਤੋਂ ਸਾਨੂੰ ਨੂਹ ਬਾਰੇ ਕੀ ਪਤਾ ਲੱਗਦਾ ਹੈ? ਪਹਿਲਾ, ਸੋਚੋ ਕਿ ਜਲ-ਪਰਲੋ ਤਕ ਨੂਹ ਕਿੰਨੇ ਲੰਬੇ ਸਮੇਂ ਲਈ ਯਹੋਵਾਹ ਪ੍ਰਤੀ ਵਫ਼ਾਦਾਰ ਰਿਹਾ? ਸਿਰਫ਼ 70-80 ਸਾਲਾਂ ਤਕ ਨਹੀਂ, ਸਗੋਂ ਲਗਭਗ 600 ਸਾਲਾਂ ਤਕ। (ਉਤ. 7:11) ਦੂਜਾ, ਯਾਦ ਰੱਖੋ ਕਿ ਉਸ ਵੇਲੇ ਅੱਜ ਵਾਂਗ ਕੋਈ ਮੰਡਲੀ ਨਹੀਂ ਸੀ ਜਿਸ ਤੋਂ ਉਹ ਮਦਦ ਅਤੇ ਹੌਸਲਾ ਪਾ ਸਕਦਾ ਸੀ। ਲੱਗਦਾ ਹੈ ਕਿ ਉਸ ਦੇ ਸਕੇ ਭੈਣਾਂ-ਭਰਾਵਾਂ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ। *

6. ਨੂਹ ਨੇ ਦਲੇਰੀ ਕਿੱਦਾਂ ਦਿਖਾਈ?

6 ਨੂਹ ਇਹ ਨਹੀਂ ਸੋਚਦਾ ਸੀ ਕਿ ਸਿਰਫ਼ ਚੰਗਾ ਇਨਸਾਨ ਹੋਣਾ ਹੀ ਕਾਫ਼ੀ ਹੈ। ਬਾਈਬਲ ਕਹਿੰਦੀ ਹੈ ਕਿ ਨੂਹ ‘ਧਾਰਮਿਕਤਾ ਦਾ ਪ੍ਰਚਾਰਕ’ ਬਣ ਕੇ ਦਲੇਰੀ ਨਾਲ ਦੂਜਿਆਂ ਨੂੰ ਯਹੋਵਾਹ ਬਾਰੇ ਦੱਸਦਾ ਸੀ। (2 ਪਤ. 2:5) ਪੌਲੁਸ ਨੇ ਕਿਹਾ ਕਿ ਨੂਹ ਨੇ “ਆਪਣੀ ਨਿਹਚਾ ਦੇ ਰਾਹੀਂ ਦਿਖਾਇਆ ਕਿ ਉਸ ਸਮੇਂ ਦੀ ਦੁਨੀਆਂ ਸਜ਼ਾ ਦੇ ਲਾਇਕ ਸੀ।” (ਇਬ. 11:7) ਜ਼ਰੂਰ ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ ਹੋਣਾ, ਰੋਕਣ ਦੀ ਕੋਸ਼ਿਸ਼ ਕੀਤੀ ਹੋਣੀ ਅਤੇ ਸ਼ਾਇਦ ਉਸ ਨੂੰ ਮਾਰਨ ਦੀ ਵੀ ਧਮਕੀ ਦਿੱਤੀ ਹੋਣੀ। ਪਰ ਨੂਹ ਲੋਕਾਂ ਤੋਂ ਡਰਦਾ ਨਹੀਂ ਸੀ। (ਕਹਾ. 29:25) ਇਸ ਦੀ ਬਜਾਇ, ਯਹੋਵਾਹ ਨੇ ਆਪਣੇ ਬਾਕੀ ਵਫ਼ਾਦਾਰ ਸੇਵਕਾਂ ਵਾਂਗ ਨੂਹ ਨੂੰ ਵੀ ਦਲੇਰ ਬਣਾਇਆ।

7. ਕਿਸ਼ਤੀ ਬਣਾਉਣ ਵੇਲੇ ਨੂਹ ਨੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ?

7 ਨੂਹ ਨੂੰ ਯਹੋਵਾਹ ਦੇ ਨਾਲ ਚੱਲਦਿਆਂ 500 ਤੋਂ ਜ਼ਿਆਦਾ ਸਾਲ ਹੋ ਗਏ ਸਨ ਜਦੋਂ ਯਹੋਵਾਹ ਨੇ ਜਾਨਵਰਾਂ ਅਤੇ ਇਨਸਾਨਾਂ ਦੇ ਬਚਾਅ ਲਈ ਉਸ ਨੂੰ ਕਿਸ਼ਤੀ ਬਣਾਉਣ ਲਈ ਕਿਹਾ। (ਉਤ. 5:32; 6:14) ਜ਼ਰੂਰ ਨੂਹ ਲਈ ਇੰਨੀ ਵੱਡੀ ਕਿਸ਼ਤੀ ਬਣਾਉਣੀ ਔਖੀ ਹੋਈ ਹੋਣੀ। ਉਹ ਜਾਣਦਾ ਸੀ ਕਿ ਲੋਕ ਉਸ ਦਾ ਹੋਰ ਵੀ ਜ਼ਿਆਦਾ ਮਜ਼ਾਕ ਉਡਾਉਣਗੇ ਅਤੇ ਉਸ ਦਾ ਜੀਉਣਾ ਮੁਸ਼ਕਲ ਕਰ ਦੇਣਗੇ। ਪਰ ਨੂਹ ਨੇ ਯਹੋਵਾਹ ਉੱਤੇ ਨਿਹਚਾ ਰੱਖੀ ਅਤੇ ਉਸ ਦੇ ਆਗਿਆਕਾਰ ਰਿਹਾ। “ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।”​—ਉਤ. 6:22.

8. ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਨੂਹ ਨੇ ਯਹੋਵਾਹ ’ਤੇ ਭਰੋਸਾ ਕਿਵੇਂ ਰੱਖਿਆ?

8 ਨੂਹ ਲਈ ਇਕ ਹੋਰ ਵੀ ਮੁਸ਼ਕਲ ਸੀ। ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਸਨ। ਜਲ-ਪਰਲੋ ਤੋਂ ਪਹਿਲਾਂ ਲੋਕਾਂ ਨੂੰ ਖੇਤੀ-ਬਾੜੀ ਕਰਨ ਲਈ ਹੱਡ-ਤੋੜ ਮਿਹਨਤ ਕਰਨੀ ਪੈਂਦੀ ਸੀ। ਜ਼ਰੂਰ ਨੂਹ ਨੇ ਵੀ ਸਖ਼ਤ ਮਿਹਨਤ ਕੀਤੀ ਹੋਣੀ। (ਉਤ. 5:28, 29) ਉਸ ਨੇ ਆਪਣਾ ਸਾਰਾ ਧਿਆਨ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ’ਤੇ ਹੀ ਨਹੀਂ ਲਾ ਦਿੱਤਾ, ਸਗੋਂ ਉਸ ਨੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲ ਦਿੱਤੀ। ਭਾਵੇਂ ਕਿਸ਼ਤੀ ਬਣਾਉਣ ਲਈ 40-50 ਸਾਲ ਲੱਗ ਗਏ, ਪਰ ਫਿਰ ਵੀ ਨੂਹ ਦਾ ਧਿਆਨ ਯਹੋਵਾਹ ਵੱਲ ਲੱਗਾ ਰਿਹਾ। ਪਰਲੋ ਤੋਂ ਬਾਅਦ ਵੀ ਉਹ 350 ਸਾਲ ਤਕ ਯਹੋਵਾਹ ਦੇ ਨਾਲ-ਨਾਲ ਚੱਲਦਾ ਰਿਹਾ। (ਉਤ. 9:28) ਨੂਹ ਨਿਹਚਾ ਅਤੇ ਆਗਿਆਕਾਰੀ ਦੀ ਕਿੰਨੀ ਵਧੀਆ ਮਿਸਾਲ!

9, 10. (ੳ) ਅਸੀਂ ਨੂਹ ਦੀ ਨਿਹਚਾ ਅਤੇ ਆਗਿਆਕਾਰੀ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਅ) ਪਰਮੇਸ਼ੁਰ ਦੇ ਕਾਨੂੰਨ ਮੰਨ ਕੇ ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ?

9 ਅਸੀਂ ਨੂਹ ਦੀ ਨਿਹਚਾ ਅਤੇ ਆਗਿਆਕਾਰੀ ਦੀ ਰੀਸ ਕਿਵੇਂ ਕਰ ਸਕਦੇ ਹਾਂ? ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਦੀ ਪਾਲਣਾ ਕਰ ਕੇ, ਸ਼ੈਤਾਨ ਦੀ ਦੁਨੀਆਂ ਤੋਂ ਦੂਰ ਰਹਿ ਕੇ ਅਤੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲ ਦੇ ਕੇ ਅਸੀਂ ਨੂਹ ਦੀ ਰੀਸ ਕਰ ਸਕਦੇ ਹਾਂ। (ਮੱਤੀ 6:33; ਯੂਹੰ. 15:19) ਇਨ੍ਹਾਂ ਕਾਰਨਾਂ ਕਰਕੇ ਲੋਕ ਸਾਨੂੰ ਪਸੰਦ ਨਹੀਂ ਕਰਦੇ। ਮਿਸਾਲ ਲਈ, ਅਸੀਂ ਵਿਆਹ ਅਤੇ ਸਰੀਰਕ ਸੰਬੰਧਾਂ ਬਾਰੇ ਯਹੋਵਾਹ ਦੇ ਕਾਨੂੰਨ ਮੰਨਦੇ ਹਾਂ। ਇਸ ਲਈ ਸ਼ਾਇਦ ਲੋਕ ਅਖ਼ਬਾਰਾਂ, ਟੀ. ਵੀ. ਜਾਂ ਇੰਟਰਨੈੱਟ ਰਾਹੀਂ ਸਾਨੂੰ ਬਦਨਾਮ ਕਰਨ। (ਮਲਾਕੀ 3:17, 18 ਪੜ੍ਹੋ।) ਨੂਹ ਵਾਂਗ ਅਸੀਂ ਲੋਕਾਂ ਤੋਂ ਨਹੀਂ ਡਰਦੇ। ਅਸੀਂ ਯਹੋਵਾਹ ਤੋਂ ਡਰਦੇ ਹਾਂ ਯਾਨੀ ਉਸ ਲਈ ਗਹਿਰਾ ਆਦਰ ਰੱਖਦੇ ਹਾਂ ਅਤੇ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਅਸੀਂ ਜਾਣਦੇ ਹਾਂ ਕਿ ਸਿਰਫ਼ ਉਹੀ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇ ਸਕਦਾ ਹੈ।​—ਲੂਕਾ 12:4, 5.

10 ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਪਰਮੇਸ਼ੁਰ ਨੂੰ ਉਦੋਂ ਵੀ ਖ਼ੁਸ਼ ਕਰਦਾ ਹਾਂ, ਜਦੋਂ ਲੋਕ ਮੇਰਾ ਮਜ਼ਾਕ ਉਡਾਉਂਦੇ ਹਨ ਜਾਂ ਮੇਰੀ ਨੁਕਤਾ-ਚੀਨੀ ਕਰਦੇ ਹਨ? ਜੇ ਘਰ ਦਾ ਗੁਜ਼ਾਰਾ ਤੋਰਨਾ ਔਖਾ ਹੁੰਦਾ ਹੈ, ਤਾਂ ਕੀ ਮੈਂ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਯਹੋਵਾਹ ’ਤੇ ਪੂਰਾ ਭਰੋਸਾ ਰੱਖਦਾ ਹਾਂ?’ ਜੇ ਤੁਸੀਂ ਨੂਹ ਦੀ ਨਿਹਚਾ ਅਤੇ ਆਗਿਆਕਾਰੀ ਦੀ ਰੀਸ ਕਰਦੇ ਹੋ, ਤਾਂ ਤੁਸੀਂ ਪੂਰਾ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੀ ਦੇਖ-ਭਾਲ ਕਰੇਗਾ।​—ਫ਼ਿਲਿ. 4:6, 7.

ਦਾਨੀਏਲ, ਦੁਸ਼ਟ ਸ਼ਹਿਰ ਵਿਚ ਆਗਿਆਕਾਰ ਅਤੇ ਵਫ਼ਾਦਾਰ

11. ਦਾਨੀਏਲ ਅਤੇ ਉਸ ਦੇ ਸਾਥੀਆਂ ਨੂੰ ਕਿਹੜੀਆਂ ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

11 ਦਾਨੀਏਲ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ? ਬਾਬਲ ਵਿਚ ਦਾਨੀਏਲ ਗ਼ੁਲਾਮ ਸੀ ਅਤੇ ਇਸ ਸ਼ਹਿਰ ਵਿਚ ਹਰ ਪਾਸੇ ਮੂਰਤੀ-ਪੂਜਾ ਅਤੇ ਜਾਦੂ-ਟੂਣਾ ਹੁੰਦਾ ਸੀ। ਇੱਥੋਂ ਦੇ ਲੋਕ ਯਹੂਦੀਆਂ ਨੂੰ ਨਾਪਸੰਦ ਕਰਦੇ ਸਨ ਅਤੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਦਾ ਮਜ਼ਾਕ ਉਡਾਉਂਦੇ ਸਨ। (ਜ਼ਬੂ. 137:1, 3) ਇਸ ਗੱਲ ਦਾ ਦਾਨੀਏਲ ਅਤੇ ਵਫ਼ਾਦਾਰ ਯਹੂਦੀਆਂ ਨੂੰ ਬਹੁਤ ਦੁੱਖ ਲੱਗਾ ਹੋਣਾ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੀ ਨਜ਼ਰ ਦਾਨੀਏਲ ਅਤੇ ਉਸ ਦੇ ਤਿੰਨ ਸਾਥੀਆਂ ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ’ਤੇ ਟਿਕੀ ਹੋਈ ਸੀ। ਲੋਕ ਜਾਣਦੇ ਸਨ ਕਿ ਇਨ੍ਹਾਂ ਨੂੰ ਬਾਬਲ ਦੇ ਰਾਜੇ ਦੀ ਸੇਵਾ ਕਰਨ ਲਈ ਸਿਖਲਾਈ ਮਿਲਣੀ ਸੀ। ਉਨ੍ਹਾਂ ਨੂੰ ਰਾਜੇ ਦੇ ਭੋਜਨ ਵਿੱਚੋਂ ਖਾਣਾ ਮਿਲਦਾ ਸੀ। ਇਸ ਵਿਚ ਉਹ ਖਾਣਾ ਵੀ ਸ਼ਾਮਲ ਸੀ ਜੋ ਯਹੋਵਾਹ ਦੇ ਕਾਨੂੰਨ ਵਿਚ ਮਨ੍ਹਾ ਕੀਤਾ ਗਿਆ ਸੀ। ਇਸ ਲਈ ਦਾਨੀਏਲ ਨੇ “ਰਾਜੇ ਦੇ ਸੁਆਦਲੇ ਭੋਜਨ ਨਾਲ ਅਤੇ ਉਹ ਦੀ ਸ਼ਰਾਬ ਨਾਲ ਜਿਹੜੀ ਉਹ ਪੀਂਦਾ ਸੀ ਨਪਾਕ” ਨਾ ਕਰਨ ਦਾ ਪੱਕਾ ਇਰਾਦਾ ਕੀਤਾ ਸੀ।​—ਦਾਨੀ. 1:5-8, 14-17.

12. (ੳ) ਦਾਨੀਏਲ ਕਿਹੋ ਜਿਹਾ ਇਨਸਾਨ ਸੀ? (ਅ) ਯਹੋਵਾਹ ਦਾਨੀਏਲ ਬਾਰੇ ਕੀ ਸੋਚਦਾ ਸੀ?

12 ਦਾਨੀਏਲ ਲਈ ਸ਼ਾਇਦ ਇਕ ਹੋਰ ਮੁਸ਼ਕਲ ਖੜ੍ਹੀ ਹੋ ਸਕਦੀ ਸੀ। ਦਾਨੀਏਲ ਬਹੁਤ ਕਾਬਲ ਸੀ ਜਿਸ ਕਰਕੇ ਰਾਜੇ ਨੇ ਉਸ ਨੂੰ ਖ਼ਾਸ ਜ਼ਿੰਮੇਵਾਰੀਆਂ ਦਿੱਤੀਆਂ। (ਦਾਨੀ. 1:19, 20) ਪਰ ਦਾਨੀਏਲ ਘਮੰਡ ਨਾਲ ਨਹੀਂ ਫੁੱਲਿਆ ਅਤੇ ਨਾ ਹੀ ਇਹ ਸੋਚਦਾ ਸੀ ਕਿ ਸਿਰਫ਼ ਉਸ ਦੀ ਹੀ ਰਾਇ ਸਹੀ ਹੁੰਦੀ ਸੀ। ਉਹ ਨਿਮਰ ਸੀ ਅਤੇ ਆਪਣੀਆਂ ਹੱਦਾਂ ਵਿਚ ਰਹਿੰਦਾ ਸੀ। ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਹਮੇਸ਼ਾ ਯਹੋਵਾਹ ਨੂੰ ਦਿੱਤਾ। (ਦਾਨੀ. 2:30) ਜ਼ਰਾ ਸੋਚੋ: ਜਦੋਂ ਦਾਨੀਏਲ ਹਾਲੇ ਨੌਜਵਾਨ ਹੀ ਸੀ, ਤਾਂ ਯਹੋਵਾਹ ਨੇ ਉਸ ਬਾਰੇ ਕਿਹਾ ਕਿ ਉਹ ਨੂਹ ਅਤੇ ਅੱਯੂਬ ਵਾਂਗ ਧਰਮੀ ਸੀ। ਵਾਕਈ, ਇਨ੍ਹਾਂ ਤਿੰਨਾਂ ਦੀਆਂ ਮਿਸਾਲਾਂ ਰੀਸ ਕਰਨ ਦੇ ਲਾਇਕ ਹਨ। ਪਰ ਕੀ ਯਹੋਵਾਹ ਨੂੰ ਦਾਨੀਏਲ ’ਤੇ ਕੁਝ ਜ਼ਿਆਦਾ ਹੀ ਭਰੋਸਾ ਸੀ? ਬਿਲਕੁਲ ਨਹੀਂ! ਦਾਨੀਏਲ ਨੇ ਮਰਦੇ ਦਮ ਤਕ ਯਹੋਵਾਹ ’ਤੇ ਨਿਹਚਾ ਰੱਖੀ ਅਤੇ ਉਸ ਦਾ ਆਗਿਆਕਾਰ ਰਿਹਾ। ਦਾਨੀਏਲ ਲਗਭਗ 100 ਸਾਲਾਂ ਦਾ ਸੀ ਜਦੋਂ ਇਕ ਦੂਤ ਨੇ ਉਸ ਨੂੰ “ਅੱਤ ਪਿਆਰੇ ਮਨੁੱਖ” ਕਹਿ ਕੇ ਬੁਲਾਇਆ।​—ਦਾਨੀ. 10:11.

13. ਯਹੋਵਾਹ ਨੇ ਦਾਨੀਏਲ ਨੂੰ ਉੱਚੀ ਪਦਵੀ ਸ਼ਾਇਦ ਕਿਉਂ ਦਿਵਾਈ?

13 ਯਹੋਵਾਹ ਦੀ ਮਦਦ ਸਦਕਾ ਦਾਨੀਏਲ ਨੂੰ ਬਾਬਲੀ ਅਤੇ ਫਿਰ ਮਾਦੀ-ਫਾਰਸੀ ਸਾਮਰਾਜ ਵਿਚ ਬਹੁਤ ਉੱਚੀ ਪਦਵੀ ਮਿਲੀ। (ਦਾਨੀ. 1:21; 6:1, 2) ਸ਼ਾਇਦ ਯਹੋਵਾਹ ਨੇ ਦਾਨੀਏਲ ਨੂੰ ਇਸ ਲਈ ਉੱਚੀ ਪਦਵੀ ਦਿਵਾਈ ਤਾਂਕਿ ਉਹ ਆਪਣੇ ਲੋਕਾਂ ਦੀ ਮਦਦ ਕਰ ਸਕੇ, ਜਿਵੇਂ ਯੂਸੁਫ਼ ਨੇ ਮਿਸਰ ਵਿਚ ਅਤੇ ਅਸਤਰ ਤੇ ਮਾਰਦਕਈ ਨੇ ਫਾਰਸ ਵਿਚ ਕੀਤੀ ਸੀ। * (ਦਾਨੀ. 2:48) ਸੋਚੋ ਕਿ ਹਿਜ਼ਕੀਏਲ ਅਤੇ ਗ਼ੁਲਾਮ ਯਹੂਦੀਆਂ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ ਜਦੋਂ ਉਨ੍ਹਾਂ ਨੇ ਦੇਖਿਆ ਕਿ ਯਹੋਵਾਹ ਨੇ ਦਾਨੀਏਲ ਨੂੰ ਵਰਤ ਕੇ ਉਨ੍ਹਾਂ ਦੀ ਮਦਦ ਕੀਤੀ!

ਯਹੋਵਾਹ ਵਫ਼ਾਦਾਰ ਸੇਵਕਾਂ ਨੂੰ ਅਨਮੋਲ ਸਮਝਦਾ ਹੈ (ਪੈਰੇ 14, 15 ਦੇਖੋ)

14, 15. (ੳ) ਸਾਡੇ ਹਾਲਾਤ ਦਾਨੀਏਲ ਵਰਗੇ ਕਿਵੇਂ ਹਨ? (ਅ) ਅੱਜ ਮਸੀਹੀ ਮਾਪੇ ਦਾਨੀਏਲ ਦੇ ਮਾਪਿਆਂ ਤੋਂ ਕੀ ਸਿੱਖ ਸਕਦੇ ਹਨ?

14 ਅਸੀਂ ਦਾਨੀਏਲ ਦੀ ਨਿਹਚਾ ਅਤੇ ਆਗਿਆਕਾਰੀ ਦੀ ਰੀਸ ਕਿਵੇਂ ਕਰ ਸਕਦੇ ਹਾਂ? ਅੱਜ ਦੁਨੀਆਂ ਵਿਚ ਹਰ ਪਾਸੇ ਬਦਚਲਣੀ ਅਤੇ ਝੂਠੀ ਭਗਤੀ ਫੈਲੀ ਹੋਈ ਹੈ। ਲੋਕ ਮਹਾਂ ਬਾਬਲ ਯਾਨੀ ਝੂਠੇ ਧਰਮਾਂ ਦੇ ਪ੍ਰਭਾਵ ਹੇਠ ਹਨ। ਬਾਈਬਲ ਵਿਚ ਇਸ ਸ਼ਹਿਰ ਨੂੰ “ਦੁਸ਼ਟ ਦੂਤਾਂ ਦਾ ਠਿਕਾਣਾ” ਕਿਹਾ ਗਿਆ ਹੈ। (ਪ੍ਰਕਾ. 18:2) ਲੋਕ ਸ਼ਾਇਦ ਸਾਡਾ ਮਜ਼ਾਕ ਇਸ ਲਈ ਉਡਾਉਣ ਕਿਉਂਕਿ ਅਸੀਂ ਉਨ੍ਹਾਂ ਵਰਗੇ ਨਹੀਂ ਹਾਂ ਅਤੇ ਅਸੀਂ ਇਸ ਦੁਨੀਆਂ ਵਿਚ ਪਰਦੇਸੀਆਂ ਵਾਂਗ ਰਹਿੰਦੇ ਹਾਂ। (ਮਰ. 13:13) ਚਾਹੇ ਜੋ ਵੀ ਹੋਵੇ, ਆਓ ਆਪਾਂ ਦਾਨੀਏਲ ਵਾਂਗ ਯਹੋਵਾਹ ਪਰਮੇਸ਼ੁਰ ਦੇ ਨੇੜੇ ਰਹੀਏ। ਜਦੋਂ ਅਸੀਂ ਨਿਮਰ ਅਤੇ ਆਗਿਆਕਾਰ ਰਹਿ ਕੇ ਯਹੋਵਾਹ ’ਤੇ ਭਰੋਸਾ ਰੱਖਦੇ ਹਾਂ, ਤਾਂ ਉਹ ਸਾਨੂੰ ਵੀ ਅਨਮੋਲ ਸਮਝਦਾ ਹੈ।​—ਹੱਜ. 2:7.

15 ਅੱਜ ਮਸੀਹੀ ਮਾਪੇ ਦਾਨੀਏਲ ਦੇ ਮਾਪਿਆਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਛੋਟੇ ਹੁੰਦਿਆਂ ਦਾਨੀਏਲ ਯਹੂਦੀਆਂ ਵਿਚ ਰਹਿੰਦਾ ਸੀ ਅਤੇ ਉੱਥੋਂ ਦੇ ਜ਼ਿਆਦਾਤਰ ਲੋਕ ਬਹੁਤ ਹੀ ਦੁਸ਼ਟ ਸਨ। ਇਸ ਦੇ ਬਾਵਜੂਦ ਵੀ ਦਾਨੀਏਲ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਸੀ। ਪਰ ਕੀ ਉਸ ਦੇ ਦਿਲ ਵਿਚ ਇਹ ਪਿਆਰ ਆਪਣੇ ਆਪ ਹੀ ਪੈਦਾ ਹੋ ਗਿਆ? ਨਹੀਂ। ਉਸ ਦੇ ਮਾਪਿਆਂ ਨੇ ਜ਼ਰੂਰ ਉਸ ਨੂੰ ਯਹੋਵਾਹ ਬਾਰੇ ਸਿਖਾਇਆ ਹੋਣਾ। (ਕਹਾ. 22:6) ਦਾਨੀਏਲ ਦੇ ਨਾਂ ਤੋਂ ਵੀ ਪਤਾ ਲੱਗਦਾ ਹੈ ਕਿ ਉਸ ਦੇ ਮਾਪੇ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਸੀ ਕਿਉਂਕਿ ਉਸ ਦੇ ਨਾਂ ਦਾ ਮਤਲਬ ਹੈ “ਪਰਮੇਸ਼ੁਰ ਮੇਰਾ ਨਿਆਂਕਾਰ ਹੈ।” (ਦਾਨੀ. 1:6) ਮਾਪਿਓ, ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਂਦਿਆਂ ਧੀਰਜ ਤੋਂ ਕੰਮ ਲਵੋ ਅਤੇ ਕਦੇ ਹਾਰ ਨਾ ਮੰਨੋ। (ਅਫ਼. 6:4) ਉਨ੍ਹਾਂ ਨਾਲ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰੋ। ਮਾਪਿਓ, ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਨ ਲਈ ਪੂਰੀ ਵਾਹ ਲਾਓ ਅਤੇ ਯਹੋਵਾਹ ਤੋਂ ਬਰਕਤਾਂ ਪਾਓ।​—ਜ਼ਬੂ. 37:5.

ਅੱਯੂਬ, ਅਮੀਰੀ-ਗ਼ਰੀਬੀ ਵਿਚ ਵਫ਼ਾਦਾਰ

16, 17. ਅੱਯੂਬ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ?

16 ਅੱਯੂਬ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ? ਅੱਯੂਬ ਦੀ ਜ਼ਿੰਦਗੀ ਵਿਚ ਕਈ ਮੋੜ ਆਏ। ਪਹਿਲਾਂ ਅੱਯੂਬ “ਪੂਰਬ ਦੇ ਸਾਰੇ ਲੋਕਾਂ ਵਿੱਚ ਸਭ ਤੋਂ ਵੱਡਾ ਮਨੁੱਖ ਸੀ।” (ਅੱਯੂ. 1:3) ਉਹ ਬਹੁਤ ਅਮੀਰ, ਮੰਨਿਆ-ਪ੍ਰਮੰਨਿਆ ਅਤੇ ਇੱਜ਼ਤ-ਮਾਣ ਵਾਲਾ ਆਦਮੀ ਸੀ। (ਅੱਯੂ. 29:7-16) ਇਨ੍ਹਾਂ ਗੱਲਾਂ ਦੇ ਬਾਵਜੂਦ, ਅੱਯੂਬ ਨੇ ਇਹ ਨਹੀਂ ਸੋਚਿਆ ਕਿ ਉਹ ਦੂਜਿਆਂ ਨਾਲੋਂ ਬਿਹਤਰ ਸੀ ਜਾਂ ਉਸ ਨੂੰ ਪਰਮੇਸ਼ੁਰ ਦੀ ਕੋਈ ਲੋੜ ਨਹੀਂ ਸੀ। ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਯਹੋਵਾਹ ਨੇ ਉਸ ਨੂੰ ‘ਮੇਰਾ ਦਾਸ’ ਬੁਲਾਇਆ ਅਤੇ ਕਿਹਾ ਕਿ “ਉਹ ਖਰਾ ਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ।”​—ਅੱਯੂ. 1:8.

17 ਪਰ ਅੱਯੂਬ ਦੀ ਜ਼ਿੰਦਗੀ ਪਲਾਂ ਵਿਚ ਹੀ ਬਦਲ ਗਈ। ਰਾਤੋ-ਰਾਤ ਉਸ ਦਾ ਸਭ ਕੁਝ ਉਜੜ ਗਿਆ ਅਤੇ ਉਹ ਇੰਨਾ ਨਿਰਾਸ਼ ਹੋ ਗਿਆ ਕਿ ਉਸ ਨੇ ਮੌਤ ਦੀ ਭੀਖ ਮੰਗੀ। ਅਸੀਂ ਜਾਣਦੇ ਹਾਂ ਕਿ ਉਸ ਦੀਆਂ ਸਾਰੀਆਂ ਮੁਸੀਬਤਾਂ ਪਿੱਛੇ ਸ਼ੈਤਾਨ ਦਾ ਹੱਥ ਸੀ। ਸ਼ੈਤਾਨ ਨੇ ਅੱਯੂਬ ’ਤੇ ਦੋਸ਼ ਲਾਇਆ ਕਿ ਉਹ ਸੁਆਰਥ ਕਰਕੇ ਹੀ ਯਹੋਵਾਹ ਦੀ ਭਗਤੀ ਕਰਦਾ ਸੀ। (ਅੱਯੂਬ 1:9, 10 ਪੜ੍ਹੋ।) ਯਹੋਵਾਹ ਦੀਆਂ ਨਜ਼ਰਾਂ ਵਿਚ ਇਹ ਦੋਸ਼ ਬਹੁਤ ਗੰਭੀਰ ਸੀ। ਪਰਮੇਸ਼ੁਰ ਨੇ ਅੱਯੂਬ ਨੂੰ ਇਹ ਮੌਕਾ ਦਿੱਤਾ ਕਿ ਉਹ ਖ਼ੁਦ ਆਪਣੀ ਵਫ਼ਾਦਾਰੀ ਦਾ ਸਬੂਤ ਦੇਵੇ ਅਤੇ ਦਿਖਾਵੇ ਕਿ ਉਹ ਦਿਲੋਂ ਪਰਮੇਸ਼ੁਰ ਦੀ ਭਗਤੀ ਕਰਦਾ ਸੀ।

18. (ੳ) ਤੁਹਾਨੂੰ ਅੱਯੂਬ ਦੀ ਕਿਹੜੀ ਗੱਲ ਚੰਗੀ ਲੱਗਦੀ ਹੈ? (ਅ) ਅੱਯੂਬ ਨਾਲ ਪੇਸ਼ ਆਉਣ ਦੇ ਤਰੀਕੇ ਤੋਂ ਸਾਨੂੰ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?

18 ਸ਼ੈਤਾਨ ਹੱਥ ਧੋ ਕੇ ਅੱਯੂਬ ਪਿੱਛੇ ਪਿਆ ਹੋਇਆ ਸੀ। ਅੱਯੂਬ ਨੂੰ ਦੁਖੀ ਕਰਨ ਲਈ ਸ਼ੈਤਾਨ ਨੇ ਬੜੀਆਂ ਭੈੜੀਆਂ ਸਾਜ਼ਸ਼ਾਂ ਘੜੀਆਂ ਤਾਂਕਿ ਉਸ ਨੂੰ ਲੱਗੇ ਕਿ ਇਨ੍ਹਾਂ ਪਿੱਛੇ ਪਰਮੇਸ਼ੁਰ ਦਾ ਹੱਥ ਸੀ। (ਅੱਯੂ. 1:13-21) ਫਿਰ ਅੱਯੂਬ ਦੇ ਤਿੰਨ ਝੂਠੇ ਦੋਸਤਾਂ ਨੇ ਕੌੜੀਆਂ ਗੱਲਾਂ ਕਹਿ ਕੇ ਉਸ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਆਪਣੀ ਕੀਤੀ ਦਾ ਫਲ ਮਿਲ ਰਿਹਾ ਸੀ। (ਅੱਯੂ. 2:11; 22:1, 5-10) ਫਿਰ ਵੀ ਅੱਯੂਬ ਨੇ ਆਪਣੀ ਵਫ਼ਾਦਾਰੀ ਬਣਾਈ ਰੱਖੀ। ਹਾਂ, ਇਹ ਗੱਲ ਤਾਂ ਸੱਚ ਹੈ ਕਿ ਅੱਯੂਬ ਨੇ ਕੁਝ ਮੂਰਖਤਾਈ ਵਾਲੀਆਂ ਗੱਲਾਂ ਕਹੀਆਂ। (ਅੱਯੂ. 6:1-3) ਪਰ ਯਹੋਵਾਹ ਸਮਝਦਾ ਸੀ ਕਿ ਅੱਯੂਬ ’ਤੇ ਕੀ ਬੀਤ ਰਹੀ ਸੀ। ਚਾਹੇ ਸ਼ੈਤਾਨ ਨੇ ਅੱਯੂਬ ਉੱਤੇ ਲੱਖ ਵਾਰ ਕਰ ਕੇ ਉਸ ਨੂੰ ਸਤਾਇਆ, ਪਰ ਅੱਯੂਬ ਨੇ ਯਹੋਵਾਹ ਦਾ ਲੜ ਕਦੀ ਨਹੀਂ ਛੱਡਿਆ। ਇਸ ਔਖੇ ਮੰਜ਼ਰ ਵਿੱਚੋਂ ਨਿਕਲਣ ਤੋਂ ਬਾਅਦ ਯਹੋਵਾਹ ਨੇ ਅੱਯੂਬ ਨੂੰ ਪਹਿਲਾਂ ਨਾਲੋਂ ਦੁਗਣਾ ਦਿੱਤਾ ਅਤੇ ਉਸ ਦੀ ਉਮਰ 140 ਸਾਲ ਹੋਰ ਵਧਾ ਦਿੱਤੀ। (ਯਾਕੂ. 5:11) ਇਸ ਸਮੇਂ ਦੌਰਾਨ ਉਹ ਬਿਨਾਂ ਕਿਸੇ ਸੁਆਰਥ ਦਿਲੋਂ ਯਹੋਵਾਹ ਦੀ ਭਗਤੀ ਕਰਦਾ ਰਿਹਾ। ਅਸੀਂ ਇਹ ਕਿੱਦਾਂ ਜਾਣਦੇ ਹਾਂ? ਕਿਉਂਕਿ ਇਸ ਲੇਖ ਦੇ ਮੁੱਖ ਹਵਾਲੇ ਦੇ ਸ਼ਬਦ ਅੱਯੂਬ ਦੇ ਮਰਨ ਤੋਂ ਕਈ ਸਦੀਆਂ ਬਾਅਦ ਹਿਜ਼ਕੀਏਲ ਦੁਆਰਾ ਲਿਖੇ ਗਏ ਸਨ।

19, 20. (ੳ) ਅਸੀਂ ਅੱਯੂਬ ਦੀ ਨਿਹਚਾ ਅਤੇ ਆਗਿਆਕਾਰੀ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਅ) ਅਸੀਂ ਯਹੋਵਾਹ ਵਾਂਗ ਹਮਦਰਦੀ ਕਿਵੇਂ ਦਿਖਾ ਸਕਦੇ ਹਾਂ?

19 ਅਸੀਂ ਅੱਯੂਬ ਦੀ ਨਿਹਚਾ ਅਤੇ ਆਗਿਆਕਾਰੀ ਦੀ ਰੀਸ ਕਿਵੇਂ ਕਰ ਸਕਦੇ ਹਾਂ? ਸਾਡੇ ਹਾਲਾਤ ਚਾਹੇ ਜਿੱਦਾਂ ਦੇ ਮਰਜ਼ੀ ਹੋਣ ਸਾਨੂੰ ਯਹੋਵਾਹ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਨਾ ਚਾਹੀਦਾ ਹੈ। ਸਾਨੂੰ ਪੂਰੇ ਦਿਲ ਨਾਲ ਉਸ ’ਤੇ ਭਰੋਸਾ ਰੱਖਣਾ ਅਤੇ ਉਸ ਦੀ ਆਗਿਆ ਮੰਨਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਦੇ ਸਾਡੇ ਕੋਲ ਅੱਯੂਬ ਨਾਲੋਂ ਵੀ ਜ਼ਿਆਦਾ ਕਾਰਨ ਹਨ ਕਿਉਂਕਿ ਅਸੀਂ ਸ਼ੈਤਾਨ ਅਤੇ ਉਸ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ। (2 ਕੁਰਿੰ. 2:11) ਬਾਈਬਲ ਅਤੇ ਖ਼ਾਸ ਕਰਕੇ ਅੱਯੂਬ ਦੀ ਕਿਤਾਬ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ। ਦਾਨੀਏਲ ਦੀ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਰਾਜ ਇਕ ਅਸਲੀ ਸਰਕਾਰ ਹੈ ਜਿਸ ਦਾ ਰਾਜਾ ਯਿਸੂ ਮਸੀਹ ਹੈ। (ਦਾਨੀ. 7:13, 14) ਅਸੀਂ ਇਹ ਵੀ ਜਾਣਦੇ ਹਾਂ ਕਿ ਬਹੁਤ ਜਲਦ ਪਰਮੇਸ਼ੁਰ ਆਪਣੇ ਰਾਜ ਦੇ ਜ਼ਰੀਏ ਦੁੱਖ-ਤਕਲੀਫ਼ਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।

20 ਅੱਯੂਬ ਦੇ ਤਜਰਬੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਨੂੰ ਦੁੱਖ ਝੱਲ ਰਹੇ ਮਸੀਹੀਆਂ ਨੂੰ ਹਮਦਰਦੀ ਦਿਖਾਉਣੀ ਚਾਹੀਦੀ ਹੈ। ਅੱਯੂਬ ਵਾਂਗ ਸ਼ਾਇਦ ਕਈ ਵਾਰ ਉਹ ਵੀ ਮੂਰਖਤਾਈ ਵਾਲੀਆਂ ਗੱਲਾਂ ਕਹਿਣ। (ਉਪ. 7:7) ਪਰ ਸਾਨੂੰ ਉਨ੍ਹਾਂ ’ਤੇ ਦੋਸ਼ ਲਾਉਣ ਦਾ ਬਜਾਇ ਉਨ੍ਹਾਂ ਨਾਲ ਹਮਦਰਦੀ ਅਤੇ ਸਮਝਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਆਪਣੇ ਪਿਆਰੇ ਅਤੇ ਹਮਦਰਦ ਪਿਤਾ ਯਹੋਵਾਹ ਦੀ ਰੀਸ ਕਰ ਰਹੇ ਹੋਵਾਂਗੇ।​—ਜ਼ਬੂ. 103:8.

ਯਹੋਵਾਹ “ਤੁਹਾਨੂੰ ਮਜ਼ਬੂਤ ਕਰੇਗਾ”

21. ਪਹਿਲਾ ਪਤਰਸ 5:10 ਦੇ ਸ਼ਬਦ ਸਾਨੂੰ ਨੂਹ, ਦਾਨੀਏਲ ਅਤੇ ਅੱਯੂਬ ਦੀ ਯਾਦ ਕਿਵੇਂ ਦਿਵਾਉਂਦੇ ਹਨ?

21 ਨੂਹ, ਦਾਨੀਏਲ ਅਤੇ ਅੱਯੂਬ ਅਲੱਗ-ਅਲੱਗ ਜ਼ਮਾਨੇ ਵਿਚ ਰਹਿੰਦੇ ਸਨ ਅਤੇ ਉਨ੍ਹਾਂ ਦੇ ਹਾਲਾਤ ਵੀ ਵੱਖੋ-ਵੱਖਰੇ ਸਨ। ਉਨ੍ਹਾਂ ਨੇ ਧੀਰਜ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। ਉਨ੍ਹਾਂ ਦੀ ਜ਼ਿੰਦਗੀ ਤੋਂ ਸਾਨੂੰ ਪਤਰਸ ਦੇ ਸ਼ਬਦ ਯਾਦ ਆਉਂਦੇ ਹਨ: “ਜਦੋਂ ਤੁਸੀਂ ਥੋੜ੍ਹੇ ਚਿਰ ਲਈ ਦੁੱਖ ਝੱਲ ਲਵੋਗੇ, ਤਾਂ ਸਾਰੀ ਅਪਾਰ ਕਿਰਪਾ ਦਾ ਪਰਮੇਸ਼ੁਰ . . . ਆਪ ਤੁਹਾਡੀ ਸਿਖਲਾਈ ਪੂਰੀ ਕਰੇਗਾ, ਉਹੀ ਤੁਹਾਨੂੰ ਮਜ਼ਬੂਤ ਕਰੇਗਾ ਅਤੇ ਉਹੀ ਤੁਹਾਨੂੰ ਤਕੜਾ ਕਰੇਗਾ।”​—1 ਪਤ. 5:10.

22. ਅਸੀਂ ਅਗਲੇ ਲੇਖ ਤੋਂ ਕੀ ਸਿੱਖਾਂਗੇ?

22 ਪਹਿਲਾ ਪਤਰਸ 5:10 ਦੇ ਸ਼ਬਦਾਂ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਤਕੜਾ ਅਤੇ ਮਜ਼ਬੂਤ ਕਰੇਗਾ। ਅਸੀਂ ਸਾਰੇ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਤਕੜਾ ਕਰੇ ਅਤੇ ਅਸੀਂ ਉਸ ਦੀ ਸੇਵਾ ਕਰਦਿਆਂ ਵਫ਼ਾਦਾਰ ਰਹੀਏ। ਇਸ ਲਈ ਅਸੀਂ ਨੂਹ, ਦਾਨੀਏਲ ਅਤੇ ਅੱਯੂਬ ਦੀ ਨਿਹਚਾ ਅਤੇ ਆਗਿਆਕਾਰੀ ਦੀ ਰੀਸ ਕਰਨੀ ਚਾਹੁੰਦੇ ਹਾਂ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਕਰਕੇ ਉਨ੍ਹਾਂ ਨੇ ਆਪਣੀ ਵਫ਼ਾਦਾਰੀ ਕਿਵੇਂ ਬਣਾਈ ਰੱਖੀ। ਉਹ “ਸਭ ਕੁਝ ਸਮਝਦੇ” ਸਨ ਯਾਨੀ ਉਹ ਯਹੋਵਾਹ ਦੀ ਇੱਛਾ ਜਾਣਦੇ ਸਨ। (ਕਹਾ. 28:5) ਅਸੀਂ ਉਨ੍ਹਾਂ ਦੀ ਰੀਸ ਕਰ ਸਕਦੇ ਹਾਂ।

^ ਪੈਰਾ 2 617 ਈਸਵੀ ਪੂਰਵ ਵਿਚ ਹਿਜ਼ਕੀਏਲ ਨੂੰ ਬੈਬੀਲੋਨੀਆ ਵਿਚ ਗ਼ੁਲਾਮ ਵਜੋਂ ਲੈ ਜਾਇਆ ਗਿਆ। ਆਪਣੀ ਗ਼ੁਲਾਮੀ ਦੇ “ਛੇਵੇਂ ਵਰ੍ਹੇ” ਯਾਨੀ 612 ਈਸਵੀ ਪੂਰਵ ਵਿਚ ਉਸ ਨੇ ਹਿਜ਼ਕੀਏਲ 8:1–19:14 ਤਕ ਦੀਆਂ ਆਇਤਾਂ ਲਿਖੀਆਂ ਸਨ।

^ ਪੈਰਾ 5 ਨੂਹ ਦਾ ਪਿਤਾ ਲਾਮਕ ਪਰਮੇਸ਼ੁਰ ਨੂੰ ਮੰਨਣ ਵਾਲਾ ਸੀ। ਪਰ ਜਲ-ਪਰਲੋ ਆਉਣ ਤੋਂ ਪੰਜ ਸਾਲ ਪਹਿਲਾਂ ਉਹ ਮਰ ਗਿਆ। ਜੇ ਜਲ-ਪਰਲੋ ਆਉਣ ਤਕ ਨੂਹ ਦੇ ਭੈਣ-ਭਰਾ ਤੇ ਮਾਂ ਜੀਉਂਦੇ ਸਨ, ਫਿਰ ਵੀ ਜਲ-ਪਰਲੋ ਵਿਚ ਉਨ੍ਹਾਂ ਦਾ ਬਚਾਅ ਨਹੀਂ ਹੋਇਆ।

^ ਪੈਰਾ 13 ਸ਼ਾਇਦ ਯਹੋਵਾਹ ਨੇ ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਨੂੰ ਵੀ ਉੱਚੀਆਂ ਪਦਵੀਆਂ ਦਿਵਾਈਆਂ ਸਨ ਤਾਂਕਿ ਉਹ ਵੀ ਯਹੂਦੀਆਂ ਦੀ ਮਦਦ ਕਰ ਸਕਣ।​—ਦਾਨੀ. 2:49.