ਇਤਿਹਾਸ ਦੇ ਪੰਨਿਆਂ ਤੋਂ
ਪਬਲਿਕ ਭਾਸ਼ਣਾਂ ਰਾਹੀਂ ਆਇਰਲੈਂਡ ਵਿਚ ਖ਼ੁਸ਼ ਖ਼ਬਰੀ ਫੈਲੀ
ਇਹ ਮਈ 1910 ਦਾ ਦਿਨ ਸੀ। ਤੜਕੇ-ਤੜਕੇ ਇਕ ਕਿਸ਼ਤੀ ’ਤੇ ਸਵਾਰ ਕੁਝ ਮੁੱਠੀ ਭਰ ਲੋਕਾਂ ਨੂੰ ਹਰੇ-ਭਰੇ ਪਹਾੜ ਨਜ਼ਰ ਆਏ ਜੋ ਸੂਰਜ ਦੀਆਂ ਕਿਰਨਾਂ ਕਰਕੇ ਚਮਕ ਰਹੇ ਸਨ। ਉਹ ਮੂੰਹ-ਹਨੇਰੇ ਹੀ ਆਇਰਲੈਂਡ ਦੇਸ਼ ਦੇ ਬੇਲਫ਼ਾਸਟ ਸ਼ਹਿਰ ਦੀ ਬੰਦਰਗਾਹ ’ਤੇ ਪਹੁੰਚ ਗਏ। ਉਨ੍ਹਾਂ ਨਾਲ ਚਾਰਲਜ਼ ਟੀ. ਰਸਲ ਵੀ ਸੀ ਅਤੇ ਆਇਰਲੈਂਡ ਵਿਚ ਇਹ ਉਸ ਦਾ ਪੰਜਵਾਂ ਗੇੜਾ ਸੀ। ਭਰਾ ਰਸਲ ਸਾਮ੍ਹਣੇ ਇਕ ਕਮਾਲ ਦਾ ਨਜ਼ਾਰਾ ਸੀ। ਬੰਦਰਗਾਹ ’ਤੇ ਦੋ ਬਹੁਤ ਹੀ ਵਿਸ਼ਾਲ ਸਮੁੰਦਰੀ ਜਹਾਜ਼ ਤਿਆਰ ਕੀਤੇ ਜਾ ਰਹੇ ਸਨ। ਇਕ ਸੀ ਸਮੁੰਦਰ ਦੀ ਝਪੇਟ ਵਿਚ ਆਉਣ ਵਾਲਾ ਟਾਈਟੈਨਿਕ ਅਤੇ ਦੂਜਾ ਸੀ ਓਲੰਪਕ। * ਬੰਦਰਗਾਹ ’ਤੇ ਲਗਭਗ 12 ਕੁ ਬਾਈਬਲ ਸਟੂਡੈਂਟਸ ਉਸ ਦਾ ਇੰਤਜ਼ਾਰ ਕਰ ਰਹੇ ਸਨ।
ਇਸ ਤੋਂ ਲਗਭਗ 20 ਸਾਲ ਪਹਿਲਾਂ ਭਰਾ ਰਸਲ ਨੇ ਅਮਰੀਕਾ ਤੋਂ ਬਾਹਰ ਜਾ ਕੇ ਪ੍ਰਚਾਰ ਕਰਨ ਦੀਆਂ ਕਈ ਯੋਜਨਾਵਾਂ ਬਣਾਈਆਂ। ਉਹ ਚਾਹੁੰਦਾ ਸੀ ਕਿ ਪੂਰੀ ਦੁਨੀਆਂ ਵਿਚ ਵੱਧ-ਤੋਂ-ਵੱਧ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚੇ। ਇਸ ਲਈ ਜੁਲਾਈ 1891 ਵਿਚ ਉਸ ਨੇ ਆਪਣਾ ਪਹਿਲਾ ਦੌਰਾ ਆਇਰਲੈਂਡ ਤੋਂ ਸ਼ੁਰੂ ਕੀਤਾ। ਉਹ ਅਮਰੀਕਾ ਤੋਂ ਸਿਟੀ ਆਫ਼ ਸ਼ਿਕਾਗੋ ਨਾਂ ਦੀ ਕਿਸ਼ਤੀ ’ਤੇ ਸਵਾਰ ਹੋ ਕੇ ਆਇਰਲੈਂਡ ਲਈ ਰਵਾਨਾ ਹੋ ਗਿਆ। ਕੁਇਨਜ਼ਟਾਊਨ ਕਸਬੇ ਦੇ ਸਮੁੰਦਰੀ ਕੰਢੇ ’ਤੇ ਪਹੁੰਚਦਿਆਂ ਉਸ ਨੇ ਜਹਾਜ਼ ਤੋਂ ਸੂਰਜ ਡੁੱਬਣ ਦਾ ਖੂਬਸੂਰਤ ਨਜ਼ਾਰਾ ਦੇਖਿਆ। ਸ਼ਾਇਦ ਉਸ ਵੇਲੇ ਉਸ ਨੂੰ ਆਪਣੇ ਮਾਪਿਆਂ ਦੀਆਂ ਦੱਸੀਆਂ ਉਨ੍ਹਾਂ ਦੇ ਜੱਦੀ ਦੇਸ਼ ਦੀਆਂ ਗੱਲਾਂ ਯਾਦ ਆਈਆਂ ਹੋਣੀਆਂ। ਭਰਾ ਰਸਲ ਅਤੇ ਉਸ ਦੇ ਸਾਥੀਆਂ ਨੂੰ ਸਾਫ਼-ਸੁਥਰੇ ਅਤੇ ਸੋਹਣੇ ਪਿੰਡਾਂ ਅਤੇ ਕਸਬਿਆਂ ਵਿੱਚੋਂ ਦੀ ਲੰਘਦਿਆਂ ਅਹਿਸਾਸ ਹੋਇਆ ਕਿ ਖੇਤ “ਵਾਢੀ ਲਈ ਪੱਕ ਕੇ ਤਿਆਰ ਹੋ ਚੁੱਕੇ ਹਨ” ਯਾਨੀ ਬਹੁਤ ਸਾਰੇ ਲੋਕਾਂ ਨੂੰ ਸੱਚਾਈ ਜਾਣਨ ਦੀ ਲੋੜ ਹੈ।
ਭਰਾ ਰਸਲ ਸੱਤ ਵਾਰੀ ਆਇਰਲੈਂਡ ਗਿਆ। ਭਰਾ ਰਸਲ ਨੇ ਆਪਣੇ ਪਹਿਲੇ ਦੌਰੇ ’ਤੇ ਹੀ ਕਾਫ਼ੀ ਲੋਕਾਂ ਵਿਚ ਸੱਚਾਈ ਲਈ ਦਿਲਚਸਪੀ ਜਗਾਈ। ਉਸ ਦੇ ਹਰ ਦੌਰੇ ’ਤੇ ਸੁਣਨ ਵਾਲਿਆਂ ਦੀ ਗਿਣਤੀ ਸੈਂਕੜੇ ਅਤੇ ਕਈ ਵਾਰ ਹਜ਼ਾਰਾਂ ਵਿਚ ਹੁੰਦੀ ਸੀ। ਮਈ 1903 ਵਿਚ ਭਰਾ ਰਸਲ ਨੇ ਆਪਣਾ ਦੂਜਾ ਦੌਰਾ ਕੀਤਾ। ਉਸ ਦੇ ਆਉਣ ਤੋਂ ਪਹਿਲਾਂ ਹੀ ਬੇਲਫ਼ਾਸਟ ਅਤੇ ਡਬਲਿਨ ਸ਼ਹਿਰਾਂ ਦੀਆਂ ਅਖ਼ਬਾਰਾਂ ਨੇ ਉਸ ਦੇ ਪਬਲਿਕ ਭਾਸ਼ਣਾਂ ਦੀ ਘੋਸ਼ਣਾ ਕਰਨੀ ਸ਼ੁਰੂ ਕਰ ਦਿੱਤੀ। ਰਸਲ ਨੂੰ ਯਾਦ ਹੈ ਕਿ ਲੋਕਾਂ ਨੇ “ਪਰਮੇਸ਼ੁਰ ਦਾ ਵਾਅਦਾ” ਨਾਂ ਦਾ ਪਬਲਿਕ ਭਾਸ਼ਣ “ਬੜੇ ਧਿਆਨ ਨਾਲ ਸੁਣਿਆ।” ਭਰਾ ਰਸਲ ਨੇ ਇਸ ਭਾਸ਼ਣ ਵਿਚ ਅਬਰਾਹਾਮ ਦੀ ਨਿਹਚਾ ਅਤੇ ਭਵਿੱਖ ਵਿਚ ਮਨੁੱਖਜਾਤੀ ਨੂੰ ਮਿਲਣ ਵਾਲੀਆਂ ਬਰਕਤਾਂ ਬਾਰੇ ਸਮਝਾਇਆ।
ਭਰਾ ਰਸਲ ਜਾਣਦਾ ਸੀ ਕਿ ਆਇਰਲੈਂਡ ਵਿਚ ਬਹੁਤ ਸਾਰੇ ਲੋਕ ਸੱਚਾਈ ਬਾਰੇ ਹੋਰ ਜਾਣਨਾ ਚਾਹੁੰਦੇ ਸਨ। ਇਸ ਲਈ ਯੂਰਪ ਦੇ ਤੀਜੇ ਦੌਰੇ ਦੌਰਾਨ ਉਹ ਆਇਰਲੈਂਡ ਨੂੰ ਦੁਬਾਰਾ ਗਿਆ। ਅਪ੍ਰੈਲ 1908 ਦੀ ਇਕ ਸਵੇਰ ਬੇਲਫ਼ਾਸਟ ਦੀ ਬੰਦਰਗਾਹ ’ਤੇ ਪੰਜ ਭਰਾਵਾਂ ਨੇ ਉਸ ਦਾ ਸੁਆਗਤ ਕੀਤਾ। ਭਰਾ ਰਸਲ ਦੇ ਪਬਲਿਕ ਭਾਸ਼ਣ “ਸ਼ੈਤਾਨ ਦੇ ਰਾਜ ਦਾ ਖ਼ਾਤਮਾ” ਬਾਰੇ ਅਖ਼ਬਾਰਾਂ ਵਿਚ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ। ਇਸ ਕਰਕੇ ਉਸ ਸ਼ਾਮ “ਦਿਲਚਸਪੀ ਰੱਖਣ ਵਾਲੇ ਲਗਭਗ 300 ਲੋਕ ਹਾਜ਼ਰ ਹੋਏ।” ਭੀੜ ਵਿਚ ਇਕ ਵਿਰੋਧੀ ਆਦਮੀ ਨੇ ਪੁੱਠੇ-ਸਿੱਧੇ ਸਵਾਲ ਪੁੱਛੇ, ਪਰ ਭਰਾ ਰਸਲ ਨੇ ਸਮਝਦਾਰੀ ਨਾਲ ਬਾਈਬਲ ਵਿੱਚੋਂ ਉਸ ਦੇ ਸਵਾਲਾਂ ਦਾ ਮੂੰਹ-ਤੋੜ ਜਵਾਬ ਦਿੱਤਾ। ਡਬਲਿਨ ਵਿਚ ਮਿਸਟਰ ਓਕੌਂਨਰ ਨਾਂ ਦਾ ਇਕ ਹੋਰ ਤਕੜਾ ਵਿਰੋਧੀ ਸੀ ਜੋ ਇਸਾਈ ਜਗਤ ਦੇ ਇਕ ਸੰਗਠਨ (YMCA) ਦਾ ਸੈਕਟਰੀ ਸੀ। ਇਕ ਭਾਸ਼ਣ ’ਤੇ ਉਸ ਨੇ ਆ ਕੇ ਕਾਫ਼ੀ ਰੌਲ਼ਾ-ਰੱਪਾ ਪਾਇਆ ਅਤੇ 1,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਬਾਈਬਲ ਸਟੂਡੈਂਟਸ ਦੇ ਖ਼ਿਲਾਫ਼ ਕਰਨ ਦੀ ਕੋਸ਼ਿਸ਼ ਕੀਤੀ। ਪਰ ਹੋਇਆ ਕੀ?
ਆਓ ਆਪਾਂ ਇਕ ਵਾਰ ਪਿੱਛੇ ਝਾਤੀ ਮਾਰੀਏ ਅਤੇ ਆਪਣੇ ਮਨ ਵਿਚ ਇਸ ਘਟਨਾ ਦੀ ਕਲਪਨਾ ਕਰੀਏ। ਇਕ ਦਿਲਚਸਪੀ ਰੱਖਣ ਵਾਲੇ ਆਦਮੀ ਨੇ ਦ ਆਇਰਿਸ਼ ਟਾਈਮਜ਼ ਨਾਂ ਦੀ ਅਖ਼ਬਾਰ ਵਿਚ ਭਰਾ ਰਸਲ ਦੇ ਭਾਸ਼ਣ ਦੀ ਘੋਸ਼ਣਾ ਬਾਰੇ ਪੜ੍ਹ ਕੇ ਉੱਥੇ ਹਾਜ਼ਰ ਹੋਣ ਦਾ ਫ਼ੈਸਲਾ ਕੀਤਾ। ਹਾਲ ਖਚਾਖਚ ਭਰਿਆ ਹੋਣ ਕਰਕੇ ਉਸ ਆਦਮੀ ਨੂੰ ਮਸਾਂ ਹੀ ਸੀਟ ਮਿਲੀ। ਉਸ ਦਾ ਸਾਰਾ ਧਿਆਨ ਚਿੱਟੇ ਵਾਲ਼ਾਂ ਅਤੇ ਦਾੜ੍ਹੀ ਵਾਲੇ ਆਦਮੀ ਵੱਲ ਸੀ ਜਿਸ ਨੇ ਕਾਲਾ ਲੰਬਾ ਕੋਟ ਪਾਇਆ ਹੋਇਆ ਸੀ। ਭਾਸ਼ਣ
ਦਿੰਦਿਆਂ ਭਰਾ ਰਸਲ ਸਟੇਜ ’ਤੇ ਇੱਧਰ-ਉੱਧਰ ਘੁੰਮ ਰਿਹਾ ਸੀ ਅਤੇ ਸਾਰੇ ਉਸ ਦੇ ਹਾਵ-ਭਾਵ ਦੇਖ ਸਕਦੇ ਸਨ। ਭਰਾ ਨੇ ਇਕ ਤੋਂ ਬਾਅਦ ਇਕ ਆਇਤ ਵਰਤ ਕੇ ਬਾਈਬਲ ਦੀਆਂ ਸੱਚਾਈਆਂ ਬੜੇ ਵਧੀਆ ਢੰਗ ਨਾਲ ਸਮਝਾਈਆਂ। ਇਨ੍ਹਾਂ ਸੱਚਾਈਆਂ ਨੇ ਦਿਲਚਸਪੀ ਰੱਖਣ ਵਾਲੇ ਆਦਮੀ ਦੇ ਦਿਲ ਨੂੰ ਛੂਹ ਲਿਆ। ਭਰਾ ਦੀ ਆਵਾਜ਼ ਇੰਨੀ ਦਮਦਾਰ ਸੀ ਕਿ ਬਿਨਾਂ ਕਿਸੇ ਮਾਈਕ ਜਾਂ ਸਪੀਕਰ ਤੋਂ ਉਸ ਦੀ ਆਵਾਜ਼ ਪੂਰੇ ਹਾਲ ਵਿਚ ਗੂੰਜ ਰਹੀ ਸੀ। ਪੂਰਾ ਡੇਢ ਘੰਟਾ ਭਰਾ ਨੇ ਸੁਣਨ ਵਾਲਿਆਂ ਦਾ ਧਿਆਨ ਬੰਨ੍ਹੀ ਰੱਖਿਆ। ਉਸ ਤੋਂ ਬਾਅਦ ਹਾਜ਼ਰੀਨ ਨੂੰ ਭਰਾ ਤੋਂ ਸਵਾਲ ਪੁੱਛਣ ਦਾ ਮੌਕਾ ਦਿੱਤਾ ਗਿਆ। ਪਰ ਓਕੌਂਨਰ ਅਤੇ ਉਸ ਦੇ ਸਾਥੀਆਂ ਨੇ ਭਰਾ ਨੂੰ ਔਖੇ-ਔਖੇ ਸਵਾਲ ਪੁੱਛ ਕੇ ਉਸ ਨੂੰ ਚੁਣੌਤੀ ਦਿੱਤੀ। ਪਰ ਉਹ ਗ਼ਲਤ ਬੰਦੇ ਨਾਲ ਪੰਗਾ ਲੈ ਰਹੇ ਸਨ। ਬਾਈਬਲ ਵਿੱਚੋਂ ਜਵਾਬ ਦੇਣੇ ਭਰਾ ਲਈ ਖੱਬੇ ਹੱਥ ਦੀ ਖੇਡ ਸੀ। ਭਰਾ ਦੇ ਜਵਾਬ ਸੁਣ ਕੇ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਮਾਹੌਲ ਸ਼ਾਂਤ ਹੋਣ ਤੇ ਦਿਲਚਸਪੀ ਰੱਖਣ ਵਾਲਾ ਉਹ ਆਦਮੀ ਹੋਰ ਸਿੱਖਣ ਲਈ ਭਰਾਵਾਂ ਕੋਲ ਆਇਆ। ਉੱਥੇ ਹਾਜ਼ਰ ਹੋਣ ਵਾਲੇ ਕਈ ਲੋਕਾਂ ਨੇ ਦੱਸਿਆ ਕਿ ਬਹੁਤ ਸਾਰਿਆਂ ਨੇ ਇਸੇ ਤਰ੍ਹਾਂ ਸੱਚਾਈ ਸਿੱਖੀ।ਮਈ 1909 ਵਿਚ ਭਰਾ ਰਸਲ ਆਪਣਾ ਚੌਥਾਂ ਦੌਰਾ ਕਰਨ ਲਈ ਮੌਰੇਟਾਨੀਆ ਨਾਂ ਦੀ ਸਮੁੰਦਰੀ ਜਹਾਜ਼ ’ਤੇ ਸਵਾਰ ਹੋ ਕੇ ਨਿਊਯਾਰਕ ਤੋਂ ਰਵਾਨਾ ਹੋਇਆ। ਇਸ ਵਾਰ ਉਹ ਆਪਣੇ ਨਾਲ ਇਕ ਟਾਈਪ-ਰਾਈਟਰ ਅਤੇ ਭਰਾ ਹੰਟਸਿੰਗਰ ਨੂੰ ਲੈ ਕੇ ਗਿਆ। ਉਸ ਨੇ ਸੋਚਿਆ ਕਿ ਇੰਨੇ ਲੰਬੇ ਸਫ਼ਰ ਦੌਰਾਨ ਖਾਲੀ ਹੱਥ ਬੈਠਣ ਦੀ ਬਜਾਇ ਉਹ ਪਹਿਰਾਬੁਰਜ ਦੇ ਨਵੇਂ ਲੇਖ ਤਿਆਰ ਕਰ ਸਕਦਾ ਸੀ। ਭਰਾ ਰਸਲ ਜੋ-ਜੋ ਬੋਲਦਾ ਸੀ, ਭਰਾ ਹੰਟਸਿੰਗਰ ਉਸ ਨੂੰ ਟਾਈਪ ਕਰਦਾ ਸੀ। ਬੇਲਫ਼ਾਸਟ ਸ਼ਹਿਰ ਵਿਚ ਭਰਾ ਰਸਲ ਦਾ ਭਾਸ਼ਣ ਸੁਣਨ ਲਈ ਉੱਥੋਂ ਦੇ 450 ਲੋਕ ਆਏ। ਜਗ੍ਹਾ ਨਾ ਹੋਣ ਕਰਕੇ ਲਗਭਗ 100 ਜਣਿਆਂ ਨੂੰ ਖੜ੍ਹਨਾ ਪਿਆ।
ਸ਼ੁਰੂ ਵਿਚ ਦੱਸੇ ਰਸਲ ਦੇ ਪੰਜਵੇਂ ਦੌਰੇ ਦੌਰਾਨ ਵੀ ਉਸ ਨੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ। ਡਬਲਿਨ ਵਿਚ ਭਰਾ ਰਸਲ ਦੇ ਪਬਲਿਕ ਭਾਸ਼ਣ ’ਤੇ ਮਿਸਟਰ ਓਕੌਂਨਰ ਨੇ ਫਿਰ ਤੋਂ ਰੌਲ਼ਾ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਇਸ ਵਾਰ ਉਹ ਆਪਣੇ ਨਾਲ ਇਕ ਮਸ਼ਹੂਰ ਧਰਮ-ਸ਼ਾਸਤਰੀ ਨੂੰ ਲੈ ਕੇ ਆਇਆ। ਭਾਸ਼ਣ ਤੋਂ ਬਾਅਦ ਭਰਾ ਰਸਲ ਨੇ ਧਰਮ-ਸ਼ਾਸਤਰੀ ਦੇ ਸਵਾਲਾਂ ਦੇ ਜਵਾਬ ਦਿੱਤੇ। ਭਰਾ ਰਸਲ ਦੇ ਜਵਾਬ ਸੁਣ ਕੇ ਲੋਕ ਬਹੁਤ ਖ਼ੁਸ਼ ਸਨ। ਅਗਲੇ ਦਿਨ, ਮੁੱਠੀ ਭਰ ਮੁਸਾਫ਼ਰ ਅਤੇ ਭਰਾ ਰਸਲ ਨੇ ਲਿਵਰਪੂਲ ਸ਼ਹਿਰ ਜਾਣ ਲਈ ਡਾਕ ਪਹੁੰਚਾਉਣ ਵਾਲੀ ਕਿਸ਼ਤੀ ਫੜੀ। ਫਿਰ ਉੱਥੋਂ ਨਿਊਯਾਰਕ ਜਾਣ ਲਈ ਉਹ ਲੂਸਿਟੇਨੀਆ ਨਾਂ ਦੇ ਮਸ਼ਹੂਰ ਸਮੁੰਦਰੀ ਜਹਾਜ਼ ’ਤੇ ਚੜ੍ਹ ਗਏ। *
1911 ਵਿਚ ਰਸਲ ਦੇ ਛੇਵੇਂ ਅਤੇ ਸੱਤਵੇਂ ਦੌਰੇ ਦੌਰਾਨ ਵੀ ਅਖ਼ਬਾਰਾਂ ਨੇ ਉਸ ਦੇ ਪਬਲਿਕ ਭਾਸ਼ਣਾਂ ਦੀ ਘੋਸ਼ਣਾ ਕੀਤੀ। ਬਸੰਤ ਰੁੱਤੇ ਬੇਲਫ਼ਾਸਟ ਵਿਚ 20 ਬਾਈਬਲ ਸਟੂਡੈਂਟਸ ਨੇ ਭਾਸ਼ਣ ਲਈ ਪ੍ਰਬੰਧ ਕੀਤੇ ਅਤੇ “ਮਰਨ ਤੋਂ ਬਾਅਦ ਕੀ ਹੁੰਦਾ ਹੈ” ਨਾਂ ਦਾ ਭਾਸ਼ਣ ਸੁਣਨ ਲਈ 2,000 ਲੋਕ ਆਏ। ਡਬਲਿਨ ਵਿਚ ਭਾਸ਼ਣ ਦੌਰਾਨ ਇਕ ਵਾਰ ਫਿਰ ਤੋਂ ਓਕੌਂਨਰ ਉੱਥੇ ਆ ਗਿਆ ਅਤੇ ਸਵਾਲ ਪੁੱਛਣ ਲਈ ਇਕ ਪਾਦਰੀ ਨੂੰ ਲੈ ਕੇ ਆਇਆ। ਪਰ ਬਾਈਬਲ ਤੋਂ ਰਸਲ ਦੇ ਜਵਾਬਾਂ ਨੂੰ ਸੁਣ ਕੇ ਹਾਜ਼ਰੀਨ ਨੇ ਜ਼ੋਰਦਾਰ ਤਾੜੀਆਂ ਵਜਾਈਆਂ। ਉਸੇ ਸਾਲ ਪਤਝੜ ਦੌਰਾਨ ਭਰਾ ਰਸਲ ਨੇ ਹੋਰ ਵੀ ਕਸਬਿਆਂ ਵਿਚ ਭਾਸ਼ਣ ਦਿੱਤੇ ਅਤੇ ਕਾਫ਼ੀ ਲੋਕ ਸੁਣਨ ਲਈ ਆਏ। ਡਬਲਿਨ ਵਿਚ ਰਸਲ ਦੇ ਭਾਸ਼ਣ ਨੂੰ ਭੰਗ ਕਰਨ ਲਈ ਓਕੌਂਨਰ ਫਿਰ ਤੋਂ ਆ ਗਿਆ, ਪਰ ਇਸ ਵਾਰ ਉਹ ਆਪਣੇ ਨਾਲ 100 ਗੁੰਡੇ ਲੈ ਕੇ ਆਇਆ। ਪਰ ਇਸ ਵਾਰ ਵੀ ਸਾਰੇ ਹਾਜ਼ਰ ਹੋਏ ਲੋਕਾਂ ਨੇ ਜੋਸ਼ ਨਾਲ ਭਰਾ ਰਸਲ ਦਾ ਸਾਥ ਦਿੱਤਾ।
ਚਾਹੇ ਉਸ ਸਮੇਂ ਜ਼ਿਆਦਾਤਰ ਪਬਲਿਕ ਭਾਸ਼ਣ ਭਰਾ ਰਸਲ ਹੀ ਦਿੰਦਾ ਸੀ, ਪਰ ਫਿਰ ਵੀ ਉਹ ਇਹ ਗੱਲ ਜਾਣਦਾ ਸੀ ਕਿ “ਇਹ ਕੰਮ ਕਿਸੇ ਇਕ ਇਨਸਾਨ ਦੇ ਸਿਰ ’ਤੇ ਨਹੀਂ ਚੱਲਦਾ ਕਿਉਂਕਿ ਇਹ ਕੰਮ ਇਨਸਾਨਾਂ ਦਾ ਨਹੀਂ, ਸਗੋਂ ਪਰਮੇਸ਼ੁਰ ਦਾ ਹੈ।” ਅਖ਼ਬਾਰਾਂ ਵਿਚ ਪਬਲਿਕ ਭਾਸ਼ਣਾਂ ਦੀ ਘੋਸ਼ਣਾ ਕਰਨ ਨਾਲ ਸਭਾਵਾਂ ਲਈ ਰਾਹ ਖੁੱਲ੍ਹਿਆ। ਇਨ੍ਹਾਂ ਰਾਹੀਂ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਪਤਾ ਲੱਗੀਆਂ। ਨਤੀਜੇ ਵਜੋਂ, ਪਬਲਿਕ ਭਾਸ਼ਣਾਂ ਕਰਕੇ ਖ਼ੁਸ਼ ਖ਼ਬਰੀ ਦੂਰ-ਦੂਰ ਤਕ ਫੈਲੀ ਅਤੇ ਆਇਰਲੈਂਡ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਮੰਡਲੀਆਂ ਸ਼ੁਰੂ ਹੋਈਆਂ।—ਬ੍ਰਿਟੇਨ ਵਿਚ ਸਾਡੇ ਇਤਿਹਾਸਕ ਰਿਕਾਰਡ ਤੋਂ।