ਇਕ ਸੌਖਾ ਜਿਹਾ ਸਵਾਲ ਪੁੱਛੋ
ਮੈਰੀ ਅਤੇ ਉਸ ਦਾ ਪਤੀ ਜੌਨ a ਜਿਸ ਦੇਸ਼ ਵਿਚ ਰਹਿੰਦੇ ਹਨ, ਉੱਥੇ ਫ਼ਿਲਪੀਨ ਤੋਂ ਕਈ ਲੋਕ ਕੰਮ ਕਰਨ ਅਤੇ ਰਹਿਣ ਆਉਂਦੇ ਹਨ। ਇਨ੍ਹਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਮੈਰੀ ਨੇ ਬਹੁਤ ਸਾਰੀਆਂ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ। ਉਸ ਦੇ ਵਿਦਿਆਰਥੀ ਨਾ ਸਿਰਫ਼ ਉਸ ਦੇਸ਼ ਵਿਚ ਹਨ, ਸਗੋਂ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਵੀ ਹਨ। ਮੈਰੀ ਨੂੰ ਇੰਨੀਆਂ ਸਾਰੀਆਂ ਬਾਈਬਲ ਸਟੱਡੀਆਂ ਕਿੱਦਾਂ ਮਿਲੀਆਂ?
ਮੈਰੀ ਅਕਸਰ ਆਪਣੇ ਵਿਦਿਆਰਥੀਆਂ ਨੂੰ ਪੁੱਛਦੀ ਸੀ: “ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜੋ ਬਾਈਬਲ ਸਟੱਡੀ ਕਰਨੀ ਚਾਹੁੰਦਾ ਹੈ?” ਜੇ ਉਹ ਹਾਂ ਕਹਿੰਦੇ ਸਨ, ਤਾਂ ਉਹ ਉਨ੍ਹਾਂ ਨੂੰ ਪੁੱਛਦੀ ਸੀ ਕਿ ਕੀ ਉਹ ਉਨ੍ਹਾਂ ਨਾਲ ਉਸ ਦੀ ਗੱਲ ਕਰਵਾ ਸਕਦੇ ਹਨ। ਅਕਸਰ ਦੇਖਿਆ ਗਿਆ ਹੈ ਕਿ ਬੱਸ ਇਹ ਸੌਖਾ ਜਿਹਾ ਸਵਾਲ ਕਰਨ ਨਾਲ ਕਮਾਲ ਦੇ ਨਤੀਜੇ ਨਿਕਲਦੇ ਹਨ। ਉਹ ਕਿੱਦਾਂ? ਜਿੱਦਾਂ-ਜਿੱਦਾਂ ਇਕ ਵਿਅਕਤੀ ਸੱਚਾਈ ਸਿੱਖਦਾ ਹੈ, ਉਸ ਦਾ ਮਨ ਕਰਦਾ ਹੈ ਕਿ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਅਤੇ ਦੋਸਤਾਂ ਨੂੰ ਵੀ ਇਸ ਬਾਰੇ ਦੱਸੇ। ਜਦੋਂ ਵੀ ਮੈਰੀ ਨੇ ਇਹ ਸਵਾਲ ਪੁੱਛਿਆ, ਤਾਂ ਇਸ ਦਾ ਕੀ ਨਤੀਜਾ ਨਿਕਲਿਆ?
ਮੈਰੀ ਦੀ ਵਿਦਿਆਰਥੀ ਜਾਸਮੀਨ ਨੇ ਆਪਣੀਆਂ ਚਾਰ ਸਹੇਲੀਆਂ ਨਾਲ ਉਸ ਦੀ ਗੱਲ ਕਰਵਾਈ। ਉਨ੍ਹਾਂ ਵਿੱਚੋਂ ਇਕ ਸੀ, ਕ੍ਰਿਸਟੀਨ। ਕ੍ਰਿਸਟੀਨ ਨੂੰ ਸਟੱਡੀ ਕਰਨੀ ਇੰਨਾ ਵਧੀਆ ਲੱਗੀ ਕਿ ਉਸ ਨੇ ਮੈਰੀ ਨੂੰ ਕਿਹਾ ਕਿ ਉਹ ਹਫ਼ਤੇ ਵਿਚ ਦੋ ਵਾਰ ਸਟੱਡੀ ਕਰਨੀ ਚਾਹੁੰਦੀ ਹੈ। ਜਦੋਂ ਮੈਰੀ ਨੇ ਉਸ ਨੂੰ ਪੁੱਛਿਆ ਕਿ ਕੀ ਕੋਈ ਹੋਰ ਸਟੱਡੀ ਕਰਨੀ ਚਾਹੁੰਦਾ, ਤਾਂ ਕ੍ਰਿਸਟੀਨ ਨੇ ਜਵਾਬ ਦਿੱਤਾ: “ਹਾਂ, ਮੇਰੀਆਂ ਕੁਝ ਸਹੇਲੀਆਂ ਹਨ। ਮੈਂ ਉਨ੍ਹਾਂ ਨਾਲ ਤੁਹਾਡੀ ਗੱਲ ਕਰਾਵਾਂਗੀ।” ਕੁਝ ਹਫ਼ਤਿਆਂ ਦੇ ਅੰਦਰ-ਅੰਦਰ ਕ੍ਰਿਸਟੀਨ ਨੇ ਆਪਣੀਆਂ ਚਾਰ ਸਹੇਲੀਆਂ ਨਾਲ ਮੈਰੀ ਦੀ ਗੱਲ ਕਰਾਈ ਜੋ ਸਟੱਡੀ ਕਰਨੀ ਚਾਹੁੰਦੀਆਂ ਸਨ। ਅੱਗੇ ਚੱਲ ਕੇ ਕ੍ਰਿਸਟੀਨ ਨੇ ਆਪਣੀਆਂ ਹੋਰ ਸਹੇਲੀਆਂ ਦੀ ਵੀ ਮੈਰੀ ਨਾਲ ਗੱਲ ਕਰਾਈ। ਫਿਰ ਇਨ੍ਹਾਂ ਸਹੇਲੀਆਂ ਨੇ ਵੀ ਮੈਰੀ ਨੂੰ ਕੁਝ ਹੋਰ ਲੋਕਾਂ ਦੇ ਨਾਂ ਦਿੱਤੇ।
ਕ੍ਰਿਸਟੀਨ ਦਾ ਪਰਿਵਾਰ ਫ਼ਿਲਪੀਨ ਵਿਚ ਰਹਿੰਦਾ ਹੈ। ਉਹ ਚਾਹੁੰਦੀ ਸੀ ਕਿ ਉਹ ਵੀ ਬਾਈਬਲ ਬਾਰੇ ਸਿੱਖਣ। ਇਸ ਲਈ ਉਸ ਨੇ ਆਪਣੀ ਕੁੜੀ ਆਂਡ੍ਰੇਆ ਨਾਲ ਗੱਲ ਕੀਤੀ। ਆਂਡ੍ਰੇਆ ਨੂੰ ਲੱਗਦਾ ਸੀ ਕਿ ਯਹੋਵਾਹ ਦੇ ਗਵਾਹ ਅਜੀਬੋ-ਗ਼ਰੀਬ ਲੋਕ ਹਨ। ਉਹ ਯਿਸੂ ਨੂੰ ਨਹੀਂ ਮੰਨਦੇ ਅਤੇ ਸਿਰਫ਼ ਪੁਰਾਣਾ ਨੇਮ ਹੀ ਪੜ੍ਹਦੇ ਹਨ। ਪਰ ਪਹਿਲੀ ਵਾਰ ਸਟੱਡੀ ਕਰਨ ਤੇ ਹੀ ਉਸ ਨੂੰ ਪਤਾ ਲੱਗ ਗਿਆ ਕਿ ਯਹੋਵਾਹ ਦੇ ਗਵਾਹਾਂ ਬਾਰੇ ਉਸ ਦੀ ਸੋਚ ਕਿੰਨੀ ਗ਼ਲਤ ਸੀ। ਜਦੋਂ ਵੀ ਉਹ ਸਟੱਡੀ ਦੌਰਾਨ ਬਾਈਬਲ ਵਿੱਚੋਂ ਕੁਝ ਨਵਾਂ ਸਿੱਖਦੀ ਸੀ, ਤਾਂ ਉਹ ਕਹਿੰਦੀ ਸੀ: “ਇਹ ਗੱਲ ਬਾਈਬਲ ਵਿੱਚੋਂ ਹੈ, ਇਸ ਲਈ ਇਹ ਜ਼ਰੂਰ ਸੱਚ ਹੋਣੀ!”
ਕੁਝ ਸਮੇਂ ਦੇ ਅੰਦਰ ਆਂਡ੍ਰੇਆ ਨੇ ਆਪਣੀਆਂ ਦੋ ਸਹੇਲੀਆਂ ਅਤੇ ਨਾਲ ਕੰਮ ਕਰਨ ਵਾਲੀ ਇਕ ਔਰਤ ਬਾਰੇ ਮੈਰੀ ਨੂੰ ਦੱਸਿਆ। ਉਹ ਵੀ ਸਟੱਡੀ ਕਰਨ ਲੱਗ ਪਈਆਂ। ਆਂਡ੍ਰੇਆ ਦੀ ਇਕ ਭੂਆ ਹੈ, ਐਂਜਲਾ। ਉਹ ਦੇਖ ਨਹੀਂ ਸਕਦੀ। ਜਦੋਂ ਮੈਰੀ ਆਂਡ੍ਰੇਆ ਨਾਲ ਸਟੱਡੀ ਕਰਦੀ ਸੀ, ਤਾਂ ਉਹ ਵੀ ਉੱਥੇ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਦੀ ਹੁੰਦੀ ਸੀ। ਪਰ ਮੈਰੀ ਨੂੰ ਇਸ ਬਾਰੇ ਨਹੀਂ ਪਤਾ ਸੀ। ਇਕ ਦਿਨ ਐਂਜਲਾ ਨੇ ਆਂਡ੍ਰੇਆ ਨੂੰ ਕਿਹਾ ਕਿ ਉਹ ਮੈਰੀ ਨਾਲ ਉਸ ਦੀ ਗੱਲ ਕਰਾਵੇ। ਫਿਰ ਉਸ ਦੀ ਵੀ ਬਾਈਬਲ ਸਟੱਡੀ ਸ਼ੁਰੂ ਹੋ ਗਈ। ਐਂਜਲਾ ਨੂੰ ਬਾਈਬਲ ਸਟੱਡੀ ਕਰ ਕੇ ਬਹੁਤ ਮਜ਼ਾ ਆਉਂਦਾ ਸੀ। ਇਕ ਹੀ ਮਹੀਨੇ ਵਿਚ ਉਸ ਨੇ ਬਾਈਬਲ ਦੀਆਂ ਬਹੁਤ ਸਾਰੀਆਂ ਆਇਤਾਂ ਮੂੰਹ ਜ਼ਬਾਨੀ ਯਾਦ ਕਰ ਲਈਆਂ। ਉਹ ਹਫ਼ਤੇ ਵਿਚ ਚਾਰ ਵਾਰ ਸਟੱਡੀ ਕਰਨੀ ਚਾਹੁੰਦੀ ਸੀ। ਫਿਰ ਆਂਡ੍ਰੇਆ ਦੀ ਮਦਦ
ਨਾਲ ਐਂਜਲਾ ਵੀਡੀਓ ਕਾਨਫ਼ਰੰਸ ਰਾਹੀਂ ਹਰ ਹਫ਼ਤੇ ਸਭਾਵਾਂ ਵਿਚ ਹਾਜ਼ਰ ਹੋਣ ਲੱਗੀ।ਮੈਰੀ ਨੇ ਦੇਖਿਆ ਕਿ ਜਦੋਂ ਉਹ ਕ੍ਰਿਸਟੀਨ ਦੀ ਸਟੱਡੀ ਕਰਾਉਂਦੀ ਸੀ, ਤਾਂ ਉਸ ਦਾ ਪਤੀ ਜੋਸ਼ੁਆ ਉਸ ਦੇ ਆਲੇ-ਦੁਆਲੇ ਹੀ ਹੁੰਦਾ ਸੀ। ਇਕ ਦਿਨ ਮੈਰੀ ਨੇ ਉਸ ਨੂੰ ਪੁੱਛਿਆ, ‘ਕੀ ਤੁਸੀਂ ਵੀ ਸਾਡੇ ਨਾਲ ਬੈਠਣਾ ਚਾਹੋਗੇ?’ ਜੋਸ਼ੁਆ ਨੇ ਕਿਹਾ: “ਮੈਂ ਸਿਰਫ਼ ਬੈਠ ਕੇ ਸੁਣਾਂਗਾ, ਪਰ ਮੈਨੂੰ ਕੋਈ ਸਵਾਲ ਨਾ ਪੁੱਛਿਓ। ਜੇ ਤੁਸੀਂ ਮੈਨੂੰ ਕੋਈ ਸਵਾਲ ਪੁੱਛਿਆ, ਤਾਂ ਮੈਂ ਉੱਠ ਕੇ ਚਲਾ ਜਾਵਾਂਗਾ।” ਹਾਲੇ ਸਟੱਡੀ ਸ਼ੁਰੂ ਹੋਈ ਨੂੰ ਪੰਜ ਮਿੰਟ ਵੀ ਨਹੀਂ ਹੋਏ ਸੀ ਕਿ ਜੋਸ਼ੁਆ ਨੇ ਬਹੁਤ ਸਾਰੇ ਸਵਾਲ ਪੁੱਛੇ। ਉਸ ਨੇ ਤਾਂ ਆਪਣੀ ਪਤਨੀ ਨਾਲੋਂ ਵੀ ਜ਼ਿਆਦਾ ਸਵਾਲ ਪੁੱਛੇ ਤੇ ਕਿਹਾ ਕਿ ਉਹ ਵੀ ਸਟੱਡੀ ਕਰਨੀ ਚਾਹੁੰਦਾ ਹੈ।
ਇਕ ਸੌਖਾ ਜਿਹਾ ਸਵਾਲ ਪੁੱਛਣ ਕਰਕੇ ਮੈਰੀ ਨੂੰ ਬਹੁਤ ਸਾਰੀਆਂ ਬਾਈਬਲ ਸਟੱਡੀਆਂ ਮਿਲੀਆਂ। ਉਸ ਨੇ ਕੁਝ ਸਟੱਡੀਆਂ ਦੂਜੇ ਭੈਣਾਂ-ਭਰਾਵਾਂ ਨੂੰ ਦੇ ਦਿੱਤੀਆਂ। ਉਸ ਨੇ ਕੁੱਲ 28 ਲੋਕਾਂ ਨੂੰ ਬਾਈਬਲ ਸਟੱਡੀ ਸ਼ੁਰੂ ਕਰਾਈ ਜੋ ਚਾਰ ਅਲੱਗ-ਅਲੱਗ ਦੇਸ਼ਾਂ ਵਿਚ ਰਹਿੰਦੇ ਹਨ।
ਇਸ ਤਜਰਬੇ ਵਿਚ ਦੱਸੀ ਮੈਰੀ ਦੀ ਪਹਿਲੀ ਸਟੱਡੀ ਜਾਸਮੀਨ ਨੇ ਅਪ੍ਰੈਲ 2021 ਵਿਚ ਬਪਤਿਸਮਾ ਲਿਆ। ਕ੍ਰਿਸਟੀਨ ਦਾ ਬਪਤਿਸਮਾ ਮਈ 2022 ਵਿਚ ਹੋਇਆ। ਇਸ ਤੋਂ ਬਾਅਦ, ਉਹ ਆਪਣੇ ਪਰਿਵਾਰ ਨਾਲ ਰਹਿਣ ਲਈ ਫ਼ਿਲਪੀਨ ਚਲੀ ਗਈ। ਕ੍ਰਿਸਟੀਨ ਦਾ ਪਤੀ ਜੋਸ਼ੁਆ ਅਤੇ ਉਸ ਦੀ ਕੁੜੀ ਆਂਡ੍ਰੇਆ ਚੰਗੀ ਤਰੱਕੀ ਕਰ ਰਹੇ ਹਨ। ਕ੍ਰਿਸਟੀਨ ਨੇ ਜਿਨ੍ਹਾਂ ਦੋ ਲੋਕਾਂ ਨੂੰ ਮੈਰੀ ਨਾਲ ਮਿਲਾਇਆ ਸੀ, ਉਨ੍ਹਾਂ ਨੇ ਵੀ ਬਪਤਿਸਮਾ ਲੈ ਲਿਆ। ਇਸ ਤੋਂ ਕੁਝ ਮਹੀਨਿਆਂ ਬਾਅਦ ਐਂਜਲਾ ਦਾ ਬਪਤਿਸਮਾ ਹੋ ਗਿਆ। ਹੁਣ ਉਹ ਇਕ ਪਾਇਨੀਅਰ ਹੈ। ਮੈਰੀ ਦੀਆਂ ਹੋਰ ਸਟੱਡੀਆਂ ਵੀ ਲਗਾਤਾਰ ਸਿੱਖ ਰਹੀਆਂ ਹਨ ਅਤੇ ਉਨ੍ਹਾਂ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਵਧ ਰਿਹਾ ਹੈ।
ਪਹਿਲੀ ਸਦੀ ਵਿਚ ਜਦੋਂ ਲੋਕਾਂ ਨੇ ਖ਼ੁਸ਼ ਖ਼ਬਰੀ ਦਾ ਸੰਦੇਸ਼ ਸੁਣਿਆ, ਤਾਂ ਉਨ੍ਹਾਂ ਨੇ ਇਸ ਨੂੰ ਸਿਰਫ਼ ਆਪਣੇ ਤਕ ਹੀ ਨਹੀਂ ਰੱਖਿਆ, ਸਗੋਂ ਆਪਣੇ ਘਰਦਿਆਂ ਅਤੇ ਦੋਸਤਾਂ ਨੂੰ ਵੀ ਦੱਸਿਆ। (ਯੂਹੰ. 1:41, 42ੳ; ਰਸੂ. 10:24, 27, 48; 16:25-33) ਕਿਉਂ ਨਾ ਤੁਸੀਂ ਵੀ ਆਪਣੀਆਂ ਬਾਈਬਲ ਸਟੱਡੀਆਂ ਅਤੇ ਦਿਲਚਸਪੀ ਰੱਖਣ ਵਾਲਿਆਂ ਤੋਂ ਇਹੀ ਸਵਾਲ ਪੁੱਛੋ: “ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜੋ ਬਾਈਬਲ ਸਟੱਡੀ ਕਰਨਾ ਚਾਹੁੰਦਾ ਹੈ?” ਕੀ ਪਤਾ ਇਸ ਇਕ ਸੌਖੇ ਜਿਹੇ ਸਵਾਲ ਕਰਕੇ ਤੁਹਾਨੂੰ ਬਹੁਤ ਸਾਰੀਆਂ ਸਟੱਡੀਆਂ ਮਿਲ ਜਾਣ?
a ਨਾਂ ਬਦਲੇ ਗਏ ਹਨ।