Skip to content

Skip to table of contents

ਇਕ ਸੱਚਾ ਦੋਸਤ ਕਿੱਦਾਂ ਬਣੀਏ?

ਇਕ ਸੱਚਾ ਦੋਸਤ ਕਿੱਦਾਂ ਬਣੀਏ?

ਕੀ ਤੁਹਾਨੂੰ ਕਦੇ ਇਕੱਲਿਆਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੈ? ਅੱਜ ਅਸੀਂ “ਮੁਸੀਬਤਾਂ ਨਾਲ ਭਰੇ” ਅਜਿਹੇ ਸਮੇਂ ਵਿਚ ਰਹਿੰਦੇ ਹਾਂ ‘ਜਿਸ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੈ।’ (2 ਤਿਮੋ. 3:1) ਕਦੇ-ਕਦੇ ਅਸੀਂ ਬਹੁਤ ਨਿਰਾਸ਼ ਹੋ ਜਾਂਦੇ ਹਾਂ ਤੇ ਇਕੱਲਾ ਮਹਿਸੂਸ ਕਰਦੇ ਹਾਂ। ਪਰ ਘਬਰਾਓ ਨਾ। ਬਾਈਬਲ ਦੱਸਦੀ ਹੈ ਕਿ ਅਜਿਹੇ ਵੀ ਦੋਸਤ ਹਨ ਜੋ “ਦੁੱਖ ਦੀ ਘੜੀ” ਵਿਚ ਤੁਹਾਡੀ ਮਦਦ ਕਰ ਸਕਦੇ ਹਨ।​—ਕਹਾ. 17:17.

ਸੱਚੇ ਦੋਸਤ ਕਿੱਦਾਂ ਮਦਦ ਕਰ ਸਕਦੇ ਹਨ?

ਭਾਵੇਂ ਪੌਲੁਸ ਇਕ ਘਰ ਵਿਚ ਕੈਦ ਸੀ, ਪਰ ਆਪਣੇ ਦੋਸਤਾਂ ਦੀ ਮਦਦ ਨਾਲ ਉਹ ਯਹੋਵਾਹ ਦੀ ਸੇਵਾ ਕਰਦਾ ਰਹਿ ਸਕਿਆ

ਪੌਲੁਸ ਰਸੂਲ ਨੂੰ ਆਪਣੇ ਉਨ੍ਹਾਂ ਦੋਸਤਾਂ ਤੋਂ ਬਹੁਤ ਮਦਦ ਮਿਲੀ ਜੋ ਮਿਸ਼ਨਰੀ ਦੌਰੇ ਦੌਰਾਨ ਉਸ ਦੇ ਨਾਲ ਸਨ। (ਕੁਲੁ. 4:7-11) ਜਦੋਂ ਪੌਲੁਸ ਰੋਮ ਵਿਚ ਕੈਦ ਸੀ, ਤਾਂ ਉਸ ਦੇ ਦੋਸਤਾਂ ਨੇ ਉਸ ਲਈ ਕੁਝ ਅਜਿਹੇ ਕੰਮ ਕੀਤੇ ਜੋ ਉਹ ਖ਼ੁਦ ਨਹੀਂ ਕਰ ਸਕਦਾ ਸੀ। ਮਿਸਾਲ ਲਈ, ਇਪਾਫ੍ਰੋਦੀਤੁਸ ਪੌਲੁਸ ਲਈ ਉਹ ਚੀਜ਼ਾਂ ਲੈ ਕੇ ਆਇਆ ਜੋ ਫ਼ਿਲਿੱਪੈ ਦੀ ਮੰਡਲੀ ਦੇ ਭੈਣਾਂ-ਭਰਾਵਾਂ ਨੇ ਉਸ ਲਈ ਦਿੱਤੀਆਂ ਸਨ। (ਫ਼ਿਲਿ. 4:18) ਤੁਖੀਕੁਸ ਨੇ ਉਸ ਦੀਆਂ ਲਿਖੀਆਂ ਚਿੱਠੀਆਂ ਅਲੱਗ-ਅਲੱਗ ਮੰਡਲੀਆਂ ਤਕ ਪਹੁੰਚਾਈਆਂ। (ਕੁਲੁ. 4:7) ਆਪਣੇ ਦੋਸਤਾਂ ਦੀ ਮਦਦ ਨਾਲ ਹੀ ਪੌਲੁਸ ਉਸ ਸਮੇਂ ਵੀ ਯਹੋਵਾਹ ਦੀ ਸੇਵਾ ਕਰਦਾ ਰਹਿ ਸਕਿਆ ਜਦੋਂ ਉਹ ਇਕ ਘਰ ਵਿਚ ਕੈਦ ਸੀ ਅਤੇ ਬਾਅਦ ਵਿਚ ਜਦੋਂ ਉਹ ਜੇਲ੍ਹ ਵਿਚ ਸੀ। ਅਸੀਂ ਦੂਜਿਆਂ ਦੇ ਸੱਚੇ ਦੋਸਤ ਕਿੱਦਾਂ ਬਣ ਸਕਦੇ ਹਾਂ?

ਅੱਜ ਵੀ ਭੈਣ-ਭਰਾ ਸੱਚੇ ਦੋਸਤਾਂ ਵਾਂਗ ਇਕ-ਦੂਜੇ ਦੀ ਮਦਦ ਕਰਦੇ ਹਨ। ਇਕ ਉਦਾਹਰਣ ʼਤੇ ਧਿਆਨ ਦਿਓ। ਭੈਣ ਏਲੀਜ਼ਾਬੇਥ ਸਪੇਨ ਵਿਚ ਪਾਇਨੀਅਰਿੰਗ ਕਰਦੀ ਹੈ। ਜਦੋਂ ਉਸ ਦੀ ਮੰਮੀ ਨੂੰ ਕੈਂਸਰ ਹੋਇਆ, ਤਾਂ ਇਕ ਭੈਣ ਨੇ ਇਕ ਸੱਚੇ ਦੋਸਤ ਵਾਂਗ ਉਸ ਦਾ ਸਾਥ ਦਿੱਤਾ। ਉਹ ਭੈਣ ਏਲੀਜ਼ਾਬੇਥ ਨੂੰ ਅਕਸਰ ਹੌਸਲਾ ਵਧਾਉਣ ਵਾਲੇ ਮੈਸਿਜ ਭੇਜਦੀ ਸੀ। ਉਹ ਇਨ੍ਹਾਂ ਵਿਚ ਬਾਈਬਲ ਦੀਆਂ ਆਇਤਾਂ ਵੀ ਲਿਖਦੀ ਸੀ। ਏਲੀਜ਼ਾਬੇਥ ਕਹਿੰਦੀ ਹੈ: “ਇਨ੍ਹਾਂ ਮੈਸਿਜਾਂ ਕਰਕੇ ਮੈਂ ਕਦੇ ਵੀ ਖ਼ੁਦ ਨੂੰ ਇਕੱਲਾ ਮਹਿਸੂਸ ਨਹੀਂ ਕੀਤਾ ਤੇ ਮੈਨੂੰ ਹਰ ਰੋਜ਼ ਮੁਸ਼ਕਲਾਂ ਸਹਿਣ ਦੀ ਹਿੰਮਤ ਮਿਲੀ।”​—ਕਹਾ. 18:24.

ਜੇ ਅਸੀਂ ਭਗਤੀ ਨਾਲ ਜੁੜੇ ਕੰਮ ਕਰਨ ਵਿਚ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ, ਤਾਂ ਉਨ੍ਹਾਂ ਨਾਲ ਸਾਡੀ ਦੋਸਤੀ ਹੋਰ ਵੀ ਗੂੜ੍ਹੀ ਹੋ ਸਕਦੀ ਹੈ। ਮਿਸਾਲ ਲਈ, ਤੁਸੀਂ ਕਿਸੇ ਬਜ਼ੁਰਗ ਭੈਣ ਜਾਂ ਭਰਾ ਨੂੰ ਆਪਣੇ ਨਾਲ ਸਭਾ ਜਾਂ ਪ੍ਰਚਾਰ ʼਤੇ ਲਿਜਾ ਸਕਦੇ ਹੋ। ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਹਾਡਾ ਦੋਹਾਂ ਦਾ ਹੌਸਲਾ ਜ਼ਰੂਰ ਵਧੇਗਾ। (ਰੋਮੀ. 1:12) ਪਰ ਕੁਝ ਭੈਣ-ਭਰਾ ਅਜਿਹੇ ਹਨ ਜੋ ਆਪਣੇ ਘਰੋਂ ਬਾਹਰ ਨਹੀਂ ਜਾ ਸਕਦੇ। ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਦੇ ਸੱਚੇ ਦੋਸਤ ਕਿੱਦਾਂ ਬਣ ਸਕਦੇ ਹੋ?

ਜਿਹੜੇ ਭੈਣ-ਭਰਾ ਘਰੋਂ ਬਾਹਰ ਨਹੀਂ ਜਾ ਸਕਦੇ, ਉਨ੍ਹਾਂ ਦੇ ਸੱਚੇ ਦੋਸਤ ਬਣੋ

ਕੁਝ ਭੈਣ-ਭਰਾ ਖ਼ਰਾਬ ਸਿਹਤ ਜਾਂ ਹੋਰ ਕਾਰਨਾਂ ਕਰਕੇ ਸਭਾਵਾਂ ਲਈ ਕਿੰਗਡਮ ਹਾਲ ਵਿਚ ਨਹੀਂ ਜਾ ਪਾਉਂਦੇ। ਜ਼ਰਾ ਭਰਾ ਡੇਵਿਡ ਦੀ ਉਦਾਹਰਣ ʼਤੇ ਗੌਰ ਕਰੋ। ਉਸ ਨੂੰ ਕੈਂਸਰ ਹੋ ਗਿਆ। ਇਸ ਲਈ ਉਸ ਨੂੰ ਲਗਭਗ ਛੇ ਮਹੀਨਿਆਂ ਤਕ ਕੀਮੋਥੈਰੇਪੀ ਕਰਾਉਣੀ ਪਈ। ਇਸ ਦੌਰਾਨ ਉਹ ਅਤੇ ਉਸ ਦੀ ਪਤਨੀ ਲੀਡੀਆ ਘਰੋਂ ਹੀ ਸਭਾਵਾਂ ਲਈ ਜੁੜਦੇ ਸਨ।

ਮੰਡਲੀ ਦੇ ਭੈਣਾਂ-ਭਰਾਵਾਂ ਯਾਨੀ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦਾ ਸਾਥ ਕਿੱਦਾਂ ਦਿੱਤਾ? ਹਰ ਸਭਾ ਤੋਂ ਬਾਅਦ ਜਿਹੜੇ ਭੈਣ-ਭਰਾ ਕਿੰਗਡਮ ਹਾਲ ਵਿਚ ਹੁੰਦੇ ਸਨ, ਉਹ ਸਮਾਂ ਕੱਢ ਕੇ ਭਰਾ ਡੇਵਿਡ ਅਤੇ ਭੈਣ ਲੀਡੀਆ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਗੱਲ ਕਰਦੇ ਸਨ। ਨਾਲੇ ਜਦੋਂ ਉਨ੍ਹਾਂ ਦੋਹਾਂ ਵਿੱਚੋਂ ਕੋਈ ਜਵਾਬ ਦਿੰਦਾ ਸੀ, ਤਾਂ ਬਾਅਦ ਵਿਚ ਭੈਣ-ਭਰਾ ਮੈਸਿਜ ਕਰ ਕੇ ਉਨ੍ਹਾਂ ਦੀ ਤਾਰੀਫ਼ ਕਰਦੇ ਸਨ। ਇਸ ਕਰਕੇ ਡੇਵਿਡ ਅਤੇ ਲੀਡੀਆ ਨੂੰ ਇੱਦਾਂ ਨਹੀਂ ਲੱਗਾ ਕਿ ਉਹ ਭੈਣਾਂ-ਭਰਾਵਾਂ ਤੋਂ ਦੂਰ ਹਨ ਜਾਂ ਇਕੱਲੇ ਹਨ।

ਉਨ੍ਹਾਂ ਭੈਣਾਂ-ਭਰਾਵਾਂ ਨਾਲ ਮਿਲ ਕੇ ਪ੍ਰਚਾਰ ਕਰੋ ਜੋ ਘਰੋਂ ਬਾਹਰ ਨਹੀਂ ਜਾ ਸਕਦੇ

ਕੀ ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰਨ ਦੀ ਯੋਜਨਾ ਬਣਾ ਸਕਦੇ ਹੋ ਜੋ ਘਰੋਂ ਬਾਹਰ ਨਹੀਂ ਜਾ ਸਕਦੇ? ਇੱਦਾਂ ਕਰਨ ਲਈ ਸ਼ਾਇਦ ਤੁਹਾਨੂੰ ਆਪਣੇ ਸ਼ਡਿਉਲ ਵਿਚ ਕੁਝ ਫੇਰ-ਬਦਲ ਕਰਨੇ ਪੈਣ। ਪਰ ਜੇ ਤੁਸੀਂ ਇੱਦਾਂ ਕਰੋਗੇ, ਤਾਂ ਭੈਣ-ਭਰਾ ਦੇਖ ਸਕਣਗੇ ਕਿ ਤੁਸੀਂ ਉਨ੍ਹਾਂ ਨੂੰ ਭੁੱਲੇ ਨਹੀਂ ਹੋ। (ਕਹਾ. 3:27) ਕੀ ਤੁਸੀਂ ਉਨ੍ਹਾਂ ਨਾਲ ਚਿੱਠੀਆਂ ਜਾਂ ਫ਼ੋਨ ਰਾਹੀਂ ਗਵਾਹੀ ਦੇ ਸਕਦੇ ਹੋ? ਜਿਹੜੇ ਭੈਣ-ਭਰਾ ਘਰੋਂ ਬਾਹਰ ਨਹੀਂ ਜਾ ਸਕਦੇ, ਉਹ ਸ਼ਾਇਦ ਆਨ-ਲਾਈਨ ਪ੍ਰਚਾਰ ਦੀ ਸਭਾ ਲਈ ਜੁੜ ਸਕਦੇ ਹਨ। ਡੇਵਿਡ ਅਤੇ ਲੀਡੀਆ ਇਸ ਪ੍ਰਬੰਧ ਦੇ ਬਹੁਤ ਸ਼ੁਕਰਗੁਜ਼ਾਰ ਸਨ। ਡੇਵਿਡ ਦੱਸਦਾ ਹੈ: “ਚਾਹੇ ਥੋੜ੍ਹੀ ਦੇਰ ਲਈ ਹੀ ਸਹੀ, ਪਰ ਉਸ ਸਭਾ ਵਿਚ ਭੈਣਾਂ-ਭਰਾਵਾਂ ਨੂੰ ਮਿਲ ਕੇ ਤੇ ਇਕੱਠਿਆਂ ਪ੍ਰਾਰਥਨਾ ਕਰ ਕੇ ਸਾਨੂੰ ਬਹੁਤ ਹੌਸਲਾ ਮਿਲਦਾ ਸੀ।” ਇਸ ਤੋਂ ਇਲਾਵਾ, ਜਿਹੜੇ ਭੈਣ-ਭਰਾ ਘਰੋਂ ਬਾਹਰ ਨਹੀਂ ਜਾ ਸਕਦੇ, ਉਨ੍ਹਾਂ ਨੂੰ ਪੁੱਛੋ ਕਿ ਕੀ ਤੁਸੀਂ ਕਦੇ-ਕਦਾਈਂ ਆਪਣੇ ਬਾਈਬਲ ਵਿਦਿਆਰਥੀ ਨੂੰ ਉਨ੍ਹਾਂ ਦੇ ਘਰ ਬੁਲਾ ਸਕਦੇ ਹੋ। ਜੇ ਉਹ ਇਜਾਜ਼ਤ ਦੇਣ, ਤਾਂ ਤੁਸੀਂ ਉਨ੍ਹਾਂ ਦੇ ਨਾਲ ਉੱਥੇ ਹੀ ਅਧਿਐਨ ਕਰ ਸਕਦੇ ਹੋ।

ਜਦੋਂ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਵਾਂਗੇ ਜੋ ਘਰੋਂ ਬਾਹਰ ਨਹੀਂ ਜਾ ਸਕਦੇ, ਤਾਂ ਅਸੀਂ ਦੇਖ ਸਕਾਂਗੇ ਕਿ ਉਨ੍ਹਾਂ ਵਿਚ ਕਿੰਨੇ ਚੰਗੇ ਗੁਣ ਹਨ। ਇੱਦਾਂ ਅਸੀਂ ਉਨ੍ਹਾਂ ਦੇ ਹੋਰ ਵੀ ਚੰਗੇ ਦੋਸਤ ਬਣ ਸਕਾਂਗੇ। ਮਿਸਾਲ ਲਈ, ਜਦੋਂ ਤੁਸੀਂ ਉਨ੍ਹਾਂ ਨਾਲ ਪ੍ਰਚਾਰ ਕਰੋਗੇ, ਤਾਂ ਤੁਸੀਂ ਦੇਖ ਸਕੋਗੇ ਕਿ ਉਹ ਕਿਵੇਂ ਬਾਈਬਲ ਦਾ ਵਧੀਆ ਇਸਤੇਮਾਲ ਕਰਦੇ ਹਨ ਅਤੇ ਯਹੋਵਾਹ ਦੇ ਨੇੜੇ ਆਉਣ ਵਿਚ ਲੋਕਾਂ ਦੀ ਮਦਦ ਕਰਦੇ ਹਨ। ਇੱਦਾਂ ਤੁਹਾਡੇ ਦਿਲ ਵਿਚ ਉਨ੍ਹਾਂ ਲਈ ਇੱਜ਼ਤ ਹੋਰ ਵਧ ਜਾਵੇਗੀ। ਜਦੋਂ ਤੁਸੀਂ ਇੱਦਾਂ ਦੇ ਭੈਣਾਂ-ਭਰਾਵਾਂ ਦੀ ਭਗਤੀ ਨਾਲ ਜੁੜੇ ਕੰਮ ਕਰਨ ਵਿਚ ਮਦਦ ਕਰੋਗੇ, ਤਾਂ ਤੁਸੀਂ ਹੋਰ ਵੀ ਚੰਗੇ ਦੋਸਤ ਬਣਾ ਸਕੋਗੇ।​—2 ਕੁਰਿੰ. 6:13.

ਜਦੋਂ ਪੌਲੁਸ ਔਖੇ ਹਾਲਾਤਾਂ ਵਿਚ ਸੀ, ਤਾਂ ਉਸ ਦਾ ਦੋਸਤ ਤੀਤੁਸ ਉਸ ਨੂੰ ਮਿਲਣ ਆਇਆ। ਇਸ ਤੋਂ ਪੌਲੁਸ ਨੂੰ ਬਹੁਤ ਦਿਲਾਸਾ ਮਿਲਿਆ। (2 ਕੁਰਿੰ. 7:5-7) ਇਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਜਦੋਂ ਭੈਣ-ਭਰਾ ਮੁਸ਼ਕਲਾਂ ਵਿਚ ਹੁੰਦੇ ਹਨ, ਤਾਂ ਸਾਨੂੰ ਸਿਰਫ਼ ਗੱਲਾਂ ਨਾਲ ਹੀ ਨਹੀਂ, ਸਗੋਂ ਉਨ੍ਹਾਂ ਨਾਲ ਸਮਾਂ ਬਿਤਾ ਕੇ ਵੀ ਉਨ੍ਹਾਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ। ਨਾਲੇ ਸਾਡੇ ਤੋਂ ਜੋ ਹੋ ਸਕੇ, ਉਹ ਕਰ ਕੇ ਵੀ ਸਾਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।​—1 ਯੂਹੰ. 3:18.

ਜਿਹੜੇ ਭੈਣ-ਭਰਾ ਜ਼ੁਲਮ ਸਹਿੰਦੇ ਹਨ, ਉਨ੍ਹਾਂ ਦੇ ਸੱਚੇ ਦੋਸਤ ਬਣੋ

ਰੂਸ ਵਿਚ ਸਾਡੇ ਭੈਣ-ਭਰਾ ਇਕ-ਦੂਜੇ ਦੀ ਮਦਦ ਕਰਨ ਦੇ ਮਾਮਲੇ ਵਿਚ ਸਾਡੇ ਲਈ ਇਕ ਵਧੀਆ ਮਿਸਾਲ ਹਨ। ਭਰਾ ਸਰਗੇ ਅਤੇ ਉਨ੍ਹਾਂ ਦੀ ਪਤਨੀ ਤਾਤੀਯਾਨਾ ਦੇ ਤਜਰਬੇ ʼਤੇ ਗੌਰ ਕਰੋ। ਪੁਲਿਸ ਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਅਤੇ ਫਿਰ ਪੁੱਛ-ਗਿੱਛ ਕਰਨ ਲਈ ਉਨ੍ਹਾਂ ਨੂੰ ਫੜ ਕੇ ਲੈ ਗਈ। ਭੈਣ ਤਾਤੀਯਾਨਾ ਨੂੰ ਪਹਿਲਾਂ ਰਿਹਾ ਕਰ ਦਿੱਤਾ ਗਿਆ ਅਤੇ ਉਹ ਘਰ ਆ ਗਈ। ਭਰਾ ਸਰਗੇ ਦੱਸਦਾ ਹੈ: “ਜਿੱਦਾਂ ਹੀ ਤਾਤੀਯਾਨਾ ਘਰ ਪਹੁੰਚੀ, ਇਕ ਭੈਣ ਹਿੰਮਤ ਕਰ ਕੇ ਉਸ ਨੂੰ ਮਿਲਣ ਆਈ। ਫਿਰ ਕੁਝ ਹੋਰ ਦੋਸਤ ਸਾਡੇ ਘਰੇ ਆਏ ਅਤੇ ਉਨ੍ਹਾਂ ਨੇ ਘਰ ਸੁਆਰਨ ਵਿਚ ਸਾਡੀ ਮਦਦ ਕੀਤੀ।”

ਭਰਾ ਸਰਗੇ ਨੇ ਇਹ ਵੀ ਕਿਹਾ: “ਮੈਨੂੰ ਕਹਾਉਤਾਂ 17:17 ਹਮੇਸ਼ਾ ਤੋਂ ਪਸੰਦ ਸੀ। ਇੱਥੇ ਲਿਖਿਆ ਹੈ ਕਿ ‘ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।’ ਜ਼ੁਲਮਾਂ ਦੇ ਇਸ ਸਮੇਂ ਦੌਰਾਨ ਮੈਨੂੰ ਸੱਚੇ ਦੋਸਤਾਂ ਦੀ ਬਹੁਤ ਲੋੜ ਸੀ ਅਤੇ ਮੈਂ ਦੇਖ ਸਕਿਆ ਕਿ ਇਸ ਆਇਤ ਵਿਚ ਲਿਖੀ ਗੱਲ ਕਿੰਨੀ ਸੱਚ ਹੈ! ਯਹੋਵਾਹ ਨੇ ਮੈਨੂੰ ਅਜਿਹੇ ਦੋਸਤ ਦਿੱਤੇ ਹਨ ਜਿਨ੍ਹਾਂ ਨੇ ਦਲੇਰੀ ਨਾਲ ਮੇਰਾ ਸਾਥ ਦਿੱਤਾ।”

ਅੱਜ ਮੁਸ਼ਕਲਾਂ ਦੇ ਇਸ ਦੌਰ ਵਿਚ ਸਾਨੂੰ ਸੱਚੇ ਦੋਸਤਾਂ ਦੀ ਬਹੁਤ ਲੋੜ ਹੈ। ਨਾਲੇ ਅੱਗੇ ਚੱਲ ਕੇ ਮਹਾਂਕਸ਼ਟ ਦੌਰਾਨ ਸਾਨੂੰ ਉਨ੍ਹਾਂ ਦੀ ਹੋਰ ਵੀ ਜ਼ਿਆਦਾ ਲੋੜ ਹੋਵੇਗੀ। ਇਸ ਲਈ ਆਓ ਆਪਾਂ ਹੁਣ ਤੋਂ ਹੀ ਇਕ-ਦੂਜੇ ਦੇ ਸੱਚੇ ਦੋਸਤ ਬਣਨ ਦੀ ਪੂਰੀ ਕੋਸ਼ਿਸ਼ ਕਰੀਏ।​—1 ਪਤ. 4:7, 8.