Skip to content

Skip to table of contents

ਦੁਨੀਆਂ ਦੇ ਲੋਕਾਂ ਵਾਂਗ ਸੁਆਰਥੀ ਨਾ ਬਣੋ

ਦੁਨੀਆਂ ਦੇ ਲੋਕਾਂ ਵਾਂਗ ਸੁਆਰਥੀ ਨਾ ਬਣੋ

ਕੀ ਤੁਸੀਂ ਧਿਆਨ ਦਿੱਤਾ ਕਿ ਅੱਜ ਜ਼ਿਆਦਾਤਰ ਲੋਕ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਨ? ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਦੂਜਿਆਂ ਨਾਲੋਂ ਖ਼ਾਸ ਸਮਝਿਆ ਜਾਣਾ ਚਾਹੀਦਾ ਹੈ ਅਤੇ ਹਰ ਚੀਜ਼ ʼਤੇ ਉਨ੍ਹਾਂ ਦਾ ਹੱਕ ਬਣਦਾ ਹੈ। ਉਨ੍ਹਾਂ ਨੂੰ ਚਾਹੇ ਜਿੰਨਾ ਮਰਜ਼ੀ ਦਿੱਤਾ ਜਾਵੇ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਹੋਰ ਮਿਲਣਾ ਚਾਹੀਦਾ ਹੈ। ਇੱਦਾਂ ਦੇ ਲੋਕ ਸੁਆਰਥੀ ਹੁੰਦੇ ਹਨ ਅਤੇ ਉਨ੍ਹਾਂ ਕੋਲ ਜੋ ਹੁੰਦਾ ਹੈ, ਉਸ ਲਈ ਉਹ ਸ਼ੁਕਰਗੁਜ਼ਾਰ ਨਹੀਂ ਹੁੰਦੇ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਆਖ਼ਰੀ ਦਿਨਾਂ ਵਿਚ ਅਜਿਹੇ ਲੋਕ ਹੋਣਗੇ।​—2 ਤਿਮੋ. 3:2.

ਦਰਅਸਲ, ਲੋਕ ਸ਼ੁਰੂ ਤੋਂ ਹੀ ਸੁਆਰਥੀ ਹਨ। ਮਿਸਾਲ ਲਈ, ਆਦਮ ਤੇ ਹੱਵਾਹ ਨੇ ਖ਼ੁਦ ਇਹ ਚੁਣਨ ਦਾ ਫ਼ੈਸਲਾ ਕੀਤਾ ਕਿ ਉਨ੍ਹਾਂ ਲਈ ਕੀ ਸਹੀ ਹੈ ਅਤੇ ਕੀ ਗ਼ਲਤ। ਉਨ੍ਹਾਂ ਦੇ ਇਸ ਫ਼ੈਸਲੇ ਕਰਕੇ ਅਸੀਂ ਅੱਜ ਤਕ ਇਸ ਦੇ ਬੁਰੇ ਅੰਜਾਮ ਭੁਗਤ ਰਹੇ ਹਾਂ। ਸਦੀਆਂ ਬਾਅਦ, ਯਹੂਦਾਹ ਦੇ ਰਾਜਾ ਉਜ਼ੀਯਾਹ ਨੇ ਯਹੋਵਾਹ ਦੇ ਮੰਦਰ ਵਿਚ ਧੂਪ ਧੁਖਾਉਣ ਦੀ ਜੁਰਅਤ ਕੀਤੀ ਜਦ ਕਿ ਇਹ ਪੁਜਾਰੀਆਂ ਦਾ ਕੰਮ ਸੀ। (2 ਇਤਿ. 26:18, 19) ਫ਼ਰੀਸੀਆਂ ਅਤੇ ਸਦੂਕੀਆਂ ਨੂੰ ਲੱਗਦਾ ਸੀ ਕਿ ਉਨ੍ਹਾਂ ਕੋਲ ਯਹੋਵਾਹ ਤੋਂ ਖ਼ਾਸ ਮਿਹਰ ਪਾਉਣ ਦਾ ਹੱਕ ਹੈ ਕਿਉਂਕਿ ਉਹ ਅਬਰਾਹਾਮ ਦੇ ਵੰਸ਼ ਵਿੱਚੋਂ ਸਨ।​—ਮੱਤੀ 3:9.

ਅੱਜ ਅਸੀਂ ਸੁਆਰਥੀ ਅਤੇ ਘਮੰਡੀ ਲੋਕਾਂ ਨਾਲ ਘਿਰੇ ਹੋਏ ਹਾਂ। ਸਾਡੇ ʼਤੇ ਉਨ੍ਹਾਂ ਦੀ ਸੋਚ ਦਾ ਅਸਰ ਪੈ ਸਕਦਾ ਹੈ। (ਗਲਾ. 5:26) ਸ਼ਾਇਦ ਅਸੀਂ ਸੋਚਣ ਲੱਗ ਪਈਏ ਕਿ ਸਾਨੂੰ ਦੂਜਿਆਂ ਨਾਲੋਂ ਖ਼ਾਸ ਸਮਝਿਆ ਜਾਣਾ ਚਾਹੀਦਾ ਹੈ ਜਾਂ ਸਾਨੂੰ ਹੋਰ ਜ਼ਿਆਦਾ ਇੱਜ਼ਤ ਮਿਲਣੀ ਚਾਹੀਦੀ ਹੈ। ਅਸੀਂ ਇਸ ਤਰ੍ਹਾਂ ਦੀ ਸੋਚ ਤੋਂ ਕਿਵੇਂ ਬਚ ਸਕਦੇ ਹਾਂ? ਇਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਯਹੋਵਾਹ ਦੀ ਸੋਚ ਜਾਣਨ ਦੀ ਲੋੜ ਹੈ। ਆਓ ਆਪਾਂ ਬਾਈਬਲ ਦੇ ਦੋ ਅਸੂਲਾਂ ਤੋਂ ਉਸ ਦੀ ਸੋਚ ਜਾਣਨ ਦੀ ਕੋਸ਼ਿਸ਼ ਕਰੀਏ।

ਯਹੋਵਾਹ ਨੂੰ ਹੀ ਇਹ ਤੈਅ ਕਰਨ ਦਾ ਹੱਕ ਹੈ ਕਿ ਸਾਨੂੰ ਕੀ ਮਿਲਣਾ ਚਾਹੀਦਾ ਹੈ। ਜ਼ਰਾ ਕੁਝ ਮਾਮਲਿਆਂ ʼਤੇ ਧਿਆਨ ਦਿਓ:

  • ਪਰਿਵਾਰ ਵਿਚ ਇਕ ਪਤੀ ਨੂੰ ਆਪਣੀ ਪਤਨੀ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਪਤਨੀ ਨੂੰ ਆਪਣੇ ਪਤੀ ਦਾ ਆਦਰ ਕਰਨਾ ਚਾਹੀਦਾ ਹੈ। (ਅਫ਼. 5:33) ਵਿਆਹ ਤੋਂ ਬਾਅਦ ਪਤੀ-ਪਤਨੀ ਨੂੰ ਸਿਰਫ਼ ਇਕ-ਦੂਜੇ ਤੋਂ ਪਿਆਰ ਪਾਉਣ ਦਾ ਹੱਕ ਹੈ। (1 ਕੁਰਿੰ. 7:3) ਮਾਪਿਆਂ ਨੂੰ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਲਈ ਆਪਣਾ ਪਿਆਰ ਜ਼ਾਹਰ ਕਰਨਾ ਚਾਹੀਦਾ ਹੈ। ਨਾਲੇ ਬੱਚਿਆਂ ਨੂੰ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ।​—2 ਕੁਰਿੰ. 12:14; ਅਫ਼. 6:2.

  • ਮੰਡਲੀ ਵਿਚ ਭੈਣਾਂ-ਭਰਾਵਾਂ ਨੂੰ ਬਜ਼ੁਰਗਾਂ ਦਾ ਆਦਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਉਨ੍ਹਾਂ ਦੀ ਖ਼ਾਤਰ ਸਖ਼ਤ ਮਿਹਨਤ ਕਰਦੇ ਹਨ। (1 ਥੱਸ. 5:12) ਪਰ ਬਜ਼ੁਰਗਾਂ ਕੋਲ ਆਪਣੇ ਭੈਣਾਂ-ਭਰਾਵਾਂ ʼਤੇ ਹੁਕਮ ਚਲਾਉਣ ਦਾ ਹੱਕ ਨਹੀਂ ਹੈ।​—1 ਪਤ. 5:2, 3.

  • ਪਰਮੇਸ਼ੁਰ ਨੇ ਸਰਕਾਰਾਂ ਨੂੰ ਇਹ ਹੱਕ ਦਿੱਤਾ ਹੈ ਕਿ ਉਹ ਲੋਕਾਂ ਤੋਂ ਟੈਕਸ ਵਸੂਲ ਕਰਨ ਅਤੇ ਉਨ੍ਹਾਂ ਤੋਂ ਆਦਰ ਪਾਉਣ।​—ਰੋਮੀ. 13:1, 6, 7.

ਯਹੋਵਾਹ ਸਾਨੂੰ ਪਹਿਲਾਂ ਤੋਂ ਹੀ ਇੰਨਾ ਕੁਝ ਦੇ ਰਿਹਾ ਹੈ ਜਿਸ ਦੇ ਅਸੀਂ ਲਾਇਕ ਵੀ ਨਹੀਂ ਹਾਂ। ਪਾਪੀ ਹੋਣ ਕਰਕੇ ਅਸੀਂ ਤਾਂ ਬੱਸ ਮੌਤ ਦੇ ਲਾਇਕ ਹੀ ਹਾਂ। (ਰੋਮੀ. 6:23) ਪਰ ਆਪਣੇ ਅਟੱਲ ਪਿਆਰ ਕਰਕੇ ਯਹੋਵਾਹ ਸਾਨੂੰ ਬੇਸ਼ੁਮਾਰ ਬਰਕਤਾਂ ਦਿੰਦਾ ਹੈ। (ਜ਼ਬੂ. 103:10, 11) ਉਸ ਤੋਂ ਮਿਲੀ ਹਰ ਬਰਕਤ ਜਾਂ ਜ਼ਿੰਮੇਵਾਰੀ ਉਸ ਦੀ ਅਪਾਰ ਕਿਰਪਾ ਦਾ ਸਬੂਤ ਹੈ ਜਿਸ ਦੇ ਅਸੀਂ ਬਿਲਕੁਲ ਵੀ ਲਾਇਕ ਨਹੀਂ।​—ਰੋਮੀ. 12:6-8; ਅਫ਼. 2:8.

ਸੁਆਰਥੀ ਅਤੇ ਘਮੰਡੀ ਰਵੱਈਏ ਤੋਂ ਕਿਵੇਂ ਬਚੀਏ?

ਦੁਨੀਆਂ ਦੀ ਸੋਚ ਤੋਂ ਬਚ ਕੇ ਰਹੋ। ਸ਼ਾਇਦ ਸਾਨੂੰ ਅਹਿਸਾਸ ਹੀ ਨਾ ਹੋਵੇ ਤੇ ਅਸੀਂ ਦੁਨੀਆਂ ਦੇ ਲੋਕਾਂ ਵਾਂਗ ਇਹ ਸੋਚਣ ਲੱਗ ਪਈਏ ਕਿ ਸਾਡੇ ਕੋਲ ਦੂਜਿਆਂ ਤੋਂ ਜ਼ਿਆਦਾ ਪਾਉਣ ਦਾ ਹੱਕ ਹੈ। ਯਿਸੂ ਨੇ ਇਹੀ ਗੱਲ ਸਮਝਾਉਣ ਲਈ ਇਕ ਮਿਸਾਲ ਦਿੱਤੀ। ਉਸ ਨੇ ਦੱਸਿਆ ਕਿ ਅੰਗੂਰਾਂ ਦੇ ਬਾਗ਼ ਦੇ ਮਾਲਕ ਨੇ ਸਵੇਰੇ-ਸਵੇਰੇ ਕੁਝ ਮਜ਼ਦੂਰਾਂ ਨੂੰ ਆਪਣੇ ਬਾਗ਼ ਵਿਚ ਕੰਮ ਕਰਨ ਲਈ ਬੁਲਾਇਆ। ਉਹ ਮਜ਼ਦੂਰ ਇਕ ਦੀਨਾਰ ਲੈਣ ਲਈ ਰਾਜ਼ੀ ਹੋ ਗਏ। ਪਰ ਬਾਅਦ ਵਿਚ ਮਾਲਕ ਨੇ ਕੁਝ ਹੋਰ ਮਜ਼ਦੂਰਾਂ ਨੂੰ ਵੀ ਕੰਮ ਕਰਨ ਲਈ ਬੁਲਾਇਆ ਜਿਨ੍ਹਾਂ ਨੇ ਸਿਰਫ਼ ਇਕ ਘੰਟਾ ਹੀ ਕੰਮ ਕੀਤਾ। ਸ਼ਾਮ ਨੂੰ ਜਦੋਂ ਮਜ਼ਦੂਰੀ ਦੇਣ ਦਾ ਸਮਾਂ ਆਇਆ, ਤਾਂ ਸਾਰਿਆਂ ਨੂੰ ਇਕ-ਇਕ ਦੀਨਾਰ ਮਿਲਿਆ। ਉਸ ਵੇਲੇ ਜੋ ਮਜ਼ਦੂਰ ਸਵੇਰ ਤੋਂ ਧੁੱਪੇ ਕੰਮ ਕਰ ਰਹੇ ਸਨ, ਉਹ ਬੁੜ-ਬੁੜ ਕਰਨ ਲੱਗੇ ਕਿ ਉਨ੍ਹਾਂ ਨੰ ਬਾਕੀ ਮਜ਼ਦੂਰਾਂ ਨਾਲੋਂ ਜ਼ਿਆਦਾ ਮਜ਼ਦੂਰੀ ਮਿਲਣੀ ਚਾਹੀਦੀ ਸੀ। (ਮੱਤੀ 20:1-16) ਇਸ ਮਿਸਾਲ ਤੋਂ ਯਿਸੂ ਨੇ ਸਿਖਾਇਆ ਕਿ ਸਾਨੂੰ ਯਹੋਵਾਹ ਤੋਂ ਜੋ ਮਿਲਿਆ ਹੈ, ਉਸ ਵਿਚ ਖ਼ੁਸ਼ ਰਹਿਣਾ ਚਾਹੀਦਾ ਹੈ।

ਜਿਨ੍ਹਾਂ ਮਜ਼ਦੂਰਾਂ ਨੇ ਪੂਰਾ ਦਿਨ ਕੰਮ ਕੀਤਾ, ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਕੋਲ ਜ਼ਿਆਦਾ ਮਜ਼ਦੂਰੀ ਪਾਉਣ ਦਾ ਹੱਕ ਹੈ

ਸ਼ੁਕਰਗੁਜ਼ਾਰ ਹੋਵੋ ਤੇ ਜ਼ਿਆਦਾ ਪਾਉਣ ਦੀ ਉਮੀਦ ਨਾ ਰੱਖੋ। (1 ਥੱਸ. 5:18) ਜੇ ਪੌਲੁਸ ਰਸੂਲ ਚਾਹੁੰਦਾ, ਤਾਂ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਹੱਕ ਨਾਲ ਕਹਿ ਸਕਦਾ ਸੀ ਕਿ ਉਹ ਉਸ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨ, ਪਰ ਉਸ ਨੇ ਉਨ੍ਹਾਂ ਤੋਂ ਇੱਦਾਂ ਦੀ ਕੋਈ ਮੰਗ ਨਹੀਂ ਕੀਤੀ। (1 ਕੁਰਿੰ. 9:11-14) ਪੌਲੁਸ ਰਸੂਲ ਵਾਂਗ ਸਾਨੂੰ ਵੀ ਉਨ੍ਹਾਂ ਸਾਰੀਆਂ ਚੀਜ਼ਾਂ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜੋ ਸਾਡੇ ਕੋਲ ਹਨ ਅਤੇ ਲੋਕਾਂ ਤੋਂ ਕੁਝ ਪਾਉਣ ਦੀ ਉਮੀਦ ਨਹੀਂ ਰੱਖਣੀ ਚਾਹੀਦੀ।

ਪੌਲੁਸ ਨੇ ਇਹ ਉਮੀਦ ਨਹੀਂ ਰੱਖੀ ਕਿ ਭੈਣ-ਭਰਾ ਉਸ ਦੀਆਂ ਲੋੜਾਂ ਪੂਰੀਆਂ ਕਰਨ

ਨਿਮਰ ਰਹੋ। ਜਿਹੜਾ ਵਿਅਕਤੀ ਖ਼ੁਦ ਨੂੰ ਕੁਝ ਜ਼ਿਆਦਾ ਹੀ ਸਮਝਦਾ ਹੈ, ਉਸ ਨੂੰ ਲੱਗ ਸਕਦਾ ਹੈ ਕਿ ਉਸ ਕੋਲ ਜੋ ਹੈ, ਉਸ ਨੂੰ ਉਸ ਤੋਂ ਵੀ ਜ਼ਿਆਦਾ ਮਿਲਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਜ਼ਹਿਰੀਲੀ ਸੋਚ ਤੋਂ ਬਚਣ ਲਈ ਨਿਮਰ ਹੋਣਾ ਬਹੁਤ ਜ਼ਰੂਰੀ ਹੈ।

ਦਾਨੀਏਲ ਨਬੀ ਆਪਣੀ ਨਿਮਰਤਾ ਕਰਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਸੀ

ਨਿਮਰ ਰਹਿਣ ਦੇ ਮਾਮਲੇ ਵਿਚ ਦਾਨੀਏਲ ਨਬੀ ਨੇ ਸਾਡੇ ਲਈ ਇਕ ਵਧੀਆ ਮਿਸਾਲ ਰੱਖੀ। ਉਹ ਉੱਚੇ ਖ਼ਾਨਦਾਨ ਤੋਂ ਸੀ, ਸੋਹਣਾ-ਸੁਨੱਖਾ ਸੀ, ਬੁੱਧੀਮਾਨ ਸੀ ਤੇ ਉਸ ਵਿਚ ਬਹੁਤ ਸਾਰੀਆਂ ਕਾਬਲੀਅਤਾਂ ਵੀ ਸਨ। ਇਸ ਕਰਕੇ ਉਹ ਸੋਚ ਸਕਦਾ ਸੀ ਕਿ ਉਸ ਨੂੰ ਹੋਰ ਇੱਜ਼ਤ-ਮਾਣ ਮਿਲਣਾ ਚਾਹੀਦਾ ਹੈ ਜਾਂ ਉਸ ਨੂੰ ਦੂਜਿਆਂ ਤੋਂ ਖ਼ਾਸ ਸਮਝਿਆ ਜਾਣਾ ਚਾਹੀਦਾ ਹੈ। (ਦਾਨੀ. 1:3, 4, 19, 20) ਪਰ ਉਸ ਨੇ ਇੱਦਾਂ ਨਹੀਂ ਸੋਚਿਆ। ਇਸ ਦੀ ਬਜਾਇ, ਉਹ ਨਿਮਰ ਰਿਹਾ ਜਿਸ ਕਰਕੇ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਸੀ।​—ਦਾਨੀ. 2:30; 10:11, 12.

ਤਾਂ ਫਿਰ ਆਓ ਆਪਾਂ ਦੁਨੀਆਂ ਦੇ ਲੋਕਾਂ ਵਾਂਗ ਸੁਆਰਥੀ ਤੇ ਘਮੰਡੀ ਨਾ ਬਣੀਏ। ਇਸ ਦੀ ਬਜਾਇ, ਸਾਡੇ ਕੋਲ ਜੋ ਕੁਝ ਹੈ, ਉਸ ਵਿਚ ਖ਼ੁਸ਼ ਰਹੀਏ ਤੇ ਯਾਦ ਰੱਖੀਏ ਕਿ ਸਾਨੂੰ ਇਹ ਸਾਰਾ ਕੁਝ ਯਹੋਵਾਹ ਦੀ ਅਪਾਰ ਕਿਰਪਾ ਕਰਕੇ ਹੀ ਮਿਲਿਆ ਹੈ।