Skip to content

Skip to table of contents

ਅਧਿਐਨ ਲੇਖ 8

ਗੀਤ 130 ਦਿਲੋਂ ਮਾਫ਼ ਕਰੋ

ਮਾਫ਼ ਕਰਨ ਦੇ ਮਾਮਲੇ ਵਿਚ ਯਹੋਵਾਹ ਦੀ ਰੀਸ ਕਰੋ

ਮਾਫ਼ ਕਰਨ ਦੇ ਮਾਮਲੇ ਵਿਚ ਯਹੋਵਾਹ ਦੀ ਰੀਸ ਕਰੋ

“ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।” ​—ਕੁਲੁ. 3:13.

ਕੀ ਸਿੱਖਾਂਗੇ?

ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਜਦੋਂ ਕੋਈ ਸਾਡਾ ਦਿਲ ਦੁਖਾਉਂਦਾ ਹੈ, ਤਾਂ ਅਸੀਂ ਉਸ ਨੂੰ ਮਾਫ਼ ਕਰਨ ਲਈ ਕੀ ਕਰ ਸਕਦੇ ਹਾਂ।

1-2. (ੳ) ਸਾਨੂੰ ਖ਼ਾਸ ਕਰਕੇ ਕਦੋਂ ਦੂਜਿਆਂ ਨੂੰ ਮਾਫ਼ ਕਰਨਾ ਔਖਾ ਲੱਗ ਸਕਦਾ ਹੈ? (ਅ) ਮਾਫ਼ ਕਰਨ ਦੇ ਮਾਮਲੇ ਵਿਚ ਭੈਣ ਡਨੀਸ ਨੇ ਕਿਹੜੀ ਜ਼ਬਰਦਸਤ ਮਿਸਾਲ ਕਾਇਮ ਕੀਤੀ?

 ਕੀ ਤੁਹਾਨੂੰ ਦੂਜਿਆਂ ਨੂੰ ਮਾਫ਼ ਕਰਨਾ ਔਖਾ ਲੱਗਦਾ ਹੈ? ਸਾਡੇ ਵਿੱਚੋਂ ਬਹੁਤ ਜਣਿਆਂ ਨੂੰ ਇੱਦਾਂ ਕਰਨਾ ਔਖਾ ਲੱਗਦਾ ਹੈ। ਖ਼ਾਸ ਕਰਕੇ ਉਦੋਂ ਜਦੋਂ ਕੋਈ ਸਾਨੂੰ ਇੱਦਾਂ ਦੀ ਗੱਲ ਕਹਿ ਦਿੰਦਾ ਹੈ ਜਾਂ ਇੱਦਾਂ ਦਾ ਕੁਝ ਕਰ ਦਿੰਦਾ ਹੈ ਜਿਸ ਕਰਕੇ ਸਾਨੂੰ ਬਹੁਤ ਦੁੱਖ ਲੱਗਦਾ ਹੈ। ਕੀ ਅਸੀਂ ਉਸ ਸਮੇਂ ਆਪਣੀ ਨਾਰਾਜ਼ਗੀ ਨੂੰ ਛੱਡ ਕੇ ਦੂਜਿਆਂ ਨੂੰ ਮਾਫ਼ ਕਰ ਸਕਦੇ ਹਾਂ? ਬਿਲਕੁਲ ਕਰ ਸਕਦੇ ਹਾਂ। ਜ਼ਰਾ ਭੈਣ ਡਨੀਸ a ਦੀ ਮਿਸਾਲ ਉੱਤੇ ਧਿਆਨ ਦਿਓ ਜਿਸ ਨੇ ਮਾਫ਼ ਕਰਨ ਦੇ ਮਾਮਲੇ ਵਿਚ ਸਾਡੇ ਲਈ ਜ਼ਬਰਦਸਤ ਮਿਸਾਲ ਰੱਖੀ। 2017 ਵਿਚ ਭੈਣ ਆਪਣੇ ਪਰਿਵਾਰ ਦੇ ਨਾਲ ਯਹੋਵਾਹ ਦੇ ਗਵਾਹਾਂ ਦਾ ਮੁੱਖ ਦਫ਼ਤਰ ਦੇਖਣ ਗਈ। ਵਾਪਸ ਆਉਂਦੇ ਵੇਲੇ ਇਕ ਆਦਮੀ ਕੋਲੋਂ ਆਪਣੀ ਕਾਰ ਸੰਭਾਲੀ ਨਹੀਂ ਗਈ ਅਤੇ ਉਸ ਦੀ ਕਾਰ ਭੈਣ ਦੀ ਕਾਰ ਨਾਲ ਟਕਰਾ ਗਈ। ਭੈਣ ਬੇਹੋਸ਼ ਹੋ ਗਈ ਤੇ ਜਦੋਂ ਉਸ ਨੂੰ ਹੋਸ਼ ਆਇਆ, ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਬੱਚੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ ਅਤੇ ਉਸ ਦੇ ਪਤੀ ਬ੍ਰਾਈਅਨ ਦੀ ਮੌਤ ਹੋ ਗਈ ਹੈ। ਉਸ ਸਮੇਂ ਨੂੰ ਯਾਦ ਕਰਦਿਆਂ ਭੈਣ ਕਹਿੰਦੀ ਹੈ: “ਮੈਂ ਪੂਰੀ ਤਰ੍ਹਾਂ ਟੁੱਟ ਗਈ ਤੇ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ।” ਬਾਅਦ ਵਿਚ ਭੈਣ ਨੂੰ ਪਤਾ ਲੱਗਾ ਕਿ ਐਕਸੀਡੈਂਟ ਅਣਜਾਣੇ ਵਿਚ ਹੋਇਆ ਸੀ। ਉਸ ਆਦਮੀ ਨੇ ਨਾ ਤਾਂ ਨਸ਼ਾ ਕੀਤਾ ਸੀ ਤੇ ਨਾ ਹੀ ਹੋਰ ਕਿਸੇ ਗੱਲ ਕਰਕੇ ਉਸ ਦਾ ਧਿਆਨ ਭਟਕਿਆ ਸੀ। ਭੈਣ ਨੇ ਪ੍ਰਾਰਥਨਾ ਵਿਚ ਯਹੋਵਾਹ ਤੋਂ ਮਨ ਦੀ ਸ਼ਾਂਤੀ ਮੰਗੀ ਤਾਂਕਿ ਉਹ ਖ਼ੁਦ ਨੂੰ ਸੰਭਾਲ ਸਕੇ।

2 ਉਸ ਆਦਮੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਕਿਉਂਕਿ ਉਹ ਖ਼ੂਨ ਦਾ ਦੋਸ਼ੀ ਸੀ। ਉਸ ਉੱਤੇ ਮੁਕੱਦਮਾ ਚਲਾਇਆ ਗਿਆ। ਜੇ ਉਹ ਦੋਸ਼ੀ ਸਾਬਤ ਹੋ ਜਾਂਦਾ, ਤਾਂ ਉਸ ਨੂੰ ਜੇਲ੍ਹ ਹੋ ਸਕਦੀ ਸੀ। ਭੈਣ ਨੂੰ ਦੱਸਿਆ ਗਿਆ ਕਿ ਉਸ ਆਦਮੀ ਨੂੰ ਸਜ਼ਾ ਮਿਲੇਗੀ ਜਾਂ ਨਹੀਂ, ਇਹ ਉਸ ਦੀ ਗਵਾਹੀ ʼਤੇ ਨਿਰਭਰ ਕਰਦਾ ਹੈ। ਭੈਣ ਡਨੀਸ ਦੱਸਦੀ ਹੈ: “ਮੈਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਦਰਦਨਾਕ ਘੜੀ ਨੂੰ ਦੁਬਾਰਾ ਯਾਦ ਕਰਨਾ ਪੈਣਾ ਸੀ। ਮੈਨੂੰ ਇੱਦਾਂ ਲੱਗਾ ਜਿੱਦਾਂ ਕਿਸੇ ਨੇ ਮੇਰੇ ਜ਼ਖ਼ਮਾਂ ʼਤੇ ਲੱਗੇ ਟਾਂਕੇ ਖੋਲ੍ਹ ਦਿੱਤੇ ਹੋਣ ਅਤੇ ਉਸ ਉੱਤੇ ਬਹੁਤ ਸਾਰਾ ਲੂਣ ਛਿੜਕ ਦਿੱਤਾ ਹੋਵੇ।” ਕੁਝ ਹਫ਼ਤਿਆਂ ਬਾਅਦ, ਭੈਣ ਅਦਾਲਤ ਵਿਚ ਬੈਠੀ ਸੀ ਅਤੇ ਉਸ ਨੇ ਉਸ ਆਦਮੀ ਸਾਮ੍ਹਣੇ ਗਵਾਹੀ ਦੇਣੀ ਸੀ ਜਿਸ ਕਰਕੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਉਜੜ ਗਈ ਸੀ। ਭੈਣ ਨੇ ਜੱਜ ਨੂੰ ਬੇਨਤੀ ਕੀਤੀ ਕਿ ਉਹ ਉਸ ਆਦਮੀ ʼਤੇ ਦਇਆ ਕਰੇ। b ਇਹ ਸੁਣ ਕੇ ਜੱਜ ਰੋਣ ਲੱਗ ਪਿਆ ਅਤੇ ਉਸ ਨੇ ਕਿਹਾ: “ਮੈਂ ਪਿਛਲੇ 25 ਸਾਲਾਂ ਤੋਂ ਜੱਜ ਹਾਂ, ਪਰ ਮੈਂ ਕਦੇ ਨਹੀਂ ਦੇਖਿਆ ਕਿ ਇਕ ਪੀੜਿਤ ਪਰਿਵਾਰ ਇਕ ਦੋਸ਼ੀ ਲਈ ਦਇਆ ਦੀ ਭੀਖ ਮੰਗ ਰਿਹਾ ਹੋਵੇ। ਕਿਸੇ ਦੋਸ਼ੀ ਲਈ ਇੰਨਾ ਪਿਆਰ ਤਾਂ ਮੈਂ ਪਹਿਲੀ ਵਾਰ ਦੇਖ ਰਿਹਾ ਹਾਂ।”

3. ਭੈਣ ਡਨੀਸ ਉਸ ਆਦਮੀ ਨੂੰ ਕਿਉਂ ਮਾਫ਼ ਕਰ ਸਕੀ?

3 ਕਿਹੜੀ ਗੱਲ ਕਰਕੇ ਭੈਣ ਡਨੀਸ ਉਸ ਆਦਮੀ ਨੂੰ ਮਾਫ਼ ਕਰ ਸਕੀ? ਉਸ ਨੇ ਇਸ ਬਾਰੇ ਸੋਚਿਆ ਕਿ ਯਹੋਵਾਹ ਨੇ ਸਾਨੂੰ ਕਿਸ ਹੱਦ ਤਕ ਮਾਫ਼ ਕੀਤਾ ਹੈ। (ਮੀਕਾ. 7:18) ਜਦੋਂ ਅਸੀਂ ਵੀ ਇਸ ਬਾਰੇ ਸੋਚਾਂਗੇ ਕਿ ਯਹੋਵਾਹ ਨੇ ਸਾਨੂੰ ਕਿਸ ਹੱਦ ਤਕ ਮਾਫ਼ ਕੀਤਾ ਹੈ, ਤਾਂ ਅਸੀਂ ਵੀ ਦੂਜਿਆਂ ਨੂੰ ਮਾਫ਼ ਕਰਨ ਲਈ ਪ੍ਰੇਰਿਤ ਹੋਵਾਂਗੇ।

4. ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ? (ਅਫ਼ਸੀਆਂ 4:32)

4 ਯਹੋਵਾਹ ਨੇ ਸਾਨੂੰ ਦਿਲੋਂ ਮਾਫ਼ ਕੀਤਾ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਵੀ ਦੂਜਿਆਂ ਨੂੰ ਇਸੇ ਤਰ੍ਹਾਂ ਮਾਫ਼ ਕਰੀਏ। (ਅਫ਼ਸੀਆਂ 4:32 ਪੜ੍ਹੋ।) ਉਹ ਚਾਹੁੰਦਾ ਹੈ ਕਿ ਅਸੀਂ ਉਨ੍ਹਾਂ ਨੂੰ ਮਾਫ਼ ਕਰਨ ਲਈ ਤਿਆਰ ਰਹੀਏ ਜੋ ਸਾਨੂੰ ਦੁੱਖ ਪਹੁੰਚਾਉਂਦੇ ਹਨ। (ਜ਼ਬੂ. 86:5; ਲੂਕਾ 17:4) ਇਸ ਲੇਖ ਵਿਚ ਅਸੀਂ ਤਿੰਨ ਗੱਲਾਂ ਉੱਤੇ ਚਰਚਾ ਕਰਾਂਗੇ ਜਿਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਅਸੀਂ ਦੂਜਿਆਂ ਨੂੰ ਦਿਲੋਂ ਮਾਫ਼ ਕਰ ਸਕਾਂਗੇ।

ਆਪਣੇ ਦੁੱਖ ਨੂੰ ਨਜ਼ਰਅੰਦਾਜ਼ ਨਾ ਕਰੋ

5. ਕਹਾਉਤਾਂ 12:18 ਅਨੁਸਾਰ ਜਦੋਂ ਸਾਨੂੰ ਕੋਈ ਦੁੱਖ ਪਹੁੰਚਾਉਂਦਾ ਹੈ, ਤਾਂ ਸਾਨੂੰ ਕਿੱਦਾਂ ਲੱਗਦਾ ਹੈ?

5 ਕਈ ਵਾਰ ਲੋਕ ਸਾਨੂੰ ਕੁਝ ਅਜਿਹਾ ਕਹਿ ਜਾਂ ਕਰ ਦਿੰਦੇ ਹਨ ਜਿਸ ਕਰਕੇ ਸਾਨੂੰ ਬਹੁਤ ਦੁੱਖ ਲੱਗਦਾ ਹੈ। ਨਾਲੇ ਜੇ ਉਹ ਵਿਅਕਤੀ ਸਾਡਾ ਦੋਸਤ ਜਾਂ ਪਰਿਵਾਰ ਦਾ ਮੈਂਬਰ ਹੋਵੇ, ਤਾਂ ਸਾਨੂੰ ਹੋਰ ਵੀ ਜ਼ਿਆਦਾ ਦੁੱਖ ਲੱਗਦਾ ਹੈ। (ਜ਼ਬੂ. 55:12-14) ਕਦੇ-ਕਦਾਈਂ ਸਾਡਾ ਦੁੱਖ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ। ਇੱਦਾਂ ਲੱਗਦਾ ਹੈ ਜਿੱਦਾਂ ਕਿਸੇ ਨੇ ਸਾਡੇ ਚਾਕੂ ਖੋਭ ਦਿੱਤਾ ਹੋਵੇ। (ਕਹਾਉਤਾਂ 12:18 ਪੜ੍ਹੋ।) ਸ਼ਾਇਦ ਅਸੀਂ ਆਪਣੇ ਦੁੱਖ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰੀਏ ਅਤੇ ਸੋਚੀਏ ਕਿ ਕੁਝ ਹੋਇਆ ਹੀ ਨਹੀਂ। ਇਹ ਤਾਂ ਇੱਦਾਂ ਹੋਵੇਗਾ ਕਿ ਸਾਡੇ ਜੋ ਚਾਕੂ ਖੋਭਿਆ ਗਿਆ ਹੈ, ਅਸੀਂ ਉਸ ਨੂੰ ਕੱਢ ਹੀ ਨਹੀਂ ਰਹੇ। ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਦੁੱਖ ਨੂੰ ਨਜ਼ਰਅੰਦਾਜ਼ ਕਰਨ ਨਾਲ ਸਾਡਾ ਦਰਦ ਘੱਟ ਨਹੀਂ ਹੋਵੇਗਾ।

6. ਜਦੋਂ ਕੋਈ ਸਾਡਾ ਦਿਲ ਦੁਖਾਉਂਦਾ ਹੈ, ਤਾਂ ਕੀ ਹੋ ਸਕਦਾ ਹੈ?

6 ਜਦੋਂ ਕੋਈ ਸਾਡਾ ਦਿਲ ਦੁਖਾਉਂਦਾ ਹੈ, ਤਾਂ ਸ਼ਾਇਦ ਅਸੀਂ ਉਸ ਨਾਲ ਗੁੱਸੇ ਹੋ ਜਾਈਏ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਸਾਨੂੰ ਗੁੱਸਾ ਆ ਸਕਦਾ ਹੈ। ਪਰ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਾਨੂੰ ਆਪਣੀਆਂ ਭਾਵਨਾਵਾਂ ʼਤੇ ਕਾਬੂ ਰੱਖਣਾ ਚਾਹੀਦਾ ਹੈ। (ਜ਼ਬੂ. 4:4; ਅਫ਼. 4:26) ਕਿਉਂ? ਕਿਉਂਕਿ ਅਸੀਂ ਜਿਸ ਤਰ੍ਹਾਂ ਸੋਚਦੇ ਹਾਂ ਜਾਂ ਮਹਿਸੂਸ ਕਰਦੇ ਹਾਂ, ਅਕਸਰ ਉਸ ਮੁਤਾਬਕ ਕੰਮ ਕਰਦੇ ਹਾਂ। ਇਸ ਲਈ ਜੇ ਅਸੀਂ ਦਿਲ ਵਿਚ ਗੁੱਸਾ ਰੱਖਾਂਗੇ, ਤਾਂ ਇਸ ਦੇ ਚੰਗੇ ਅੰਜਾਮ ਨਹੀਂ ਨਿਕਲਣਗੇ। (ਯਾਕੂ. 1:20) ਯਾਦ ਰੱਖੋ, ਸਾਨੂੰ ਗੁੱਸਾ ਆ ਸਕਦਾ ਹੈ, ਪਰ ਅਸੀਂ ਗੁੱਸੇ ਰਹਾਂਗੇ ਜਾਂ ਨਹੀਂ, ਇਹ ਸਾਡੇ ʼਤੇ ਹੈ।

ਸਾਨੂੰ ਗੁੱਸਾ ਆ ਸਕਦਾ ਹੈ, ਪਰ ਅਸੀਂ ਗੁੱਸੇ ਰਹਾਂਗੇ ਜਾਂ ਨਹੀਂ, ਇਹ ਸਾਡੇ ʼਤੇ ਹੈ

7. ਜਦੋਂ ਕੋਈ ਸਾਨੂੰ ਦੁੱਖ ਪਹੁੰਚਾਉਂਦਾ ਹੈ, ਤਾਂ ਅਸੀਂ ਹੋਰ ਕਿੱਦਾਂ ਮਹਿਸੂਸ ਕਰਦੇ ਹਾਂ?

7 ਜਦੋਂ ਕੋਈ ਸਾਨੂੰ ਦੁੱਖ ਪਹੁੰਚਾਉਂਦਾ ਹੈ, ਤਾਂ ਅਸੀਂ ਹੋਰ ਕਿੱਦਾਂ ਮਹਿਸੂਸ ਕਰਦੇ ਹਾਂ? ਜ਼ਰਾ ਇਨ੍ਹਾਂ ਤਜਰਬਿਆਂ ʼਤੇ ਗੌਰ ਕਰੋ। ਭੈਣ ਐੱਨ ਦੱਸਦੀ ਹੈ: “ਜਦੋਂ ਮੈਂ ਛੋਟੀ ਸੀ, ਤਾਂ ਮੇਰੇ ਡੈਡੀ ਮੇਰੇ ਮੰਮੀ ਨੂੰ ਛੱਡ ਕੇ ਚਲੇ ਗਏ ਤੇ ਉਨ੍ਹਾਂ ਨੇ ਦੂਜਾ ਵਿਆਹ ਕਰਾ ਲਿਆ। ਮੈਂ ਬਿਲਕੁਲ ਇਕੱਲੀ ਮਹਿਸੂਸ ਕਰਨ ਲੱਗੀ। ਨਾਲੇ ਜਦੋਂ ਮੇਰੇ ਡੈਡੀ ਦੇ ਹੋਰ ਬੱਚੇ ਹੋਏ, ਤਾਂ ਮੈਨੂੰ ਲੱਗਾ ਕਿ ਉਨ੍ਹਾਂ ਨੇ ਮੇਰੀ ਜਗ੍ਹਾ ਲੈ ਲਈ ਹੈ। ਮੈਂ ਸੋਚਣ ਲੱਗੀ ਕਿ ਕਿਸੇ ਨੂੰ ਮੇਰੀ ਲੋੜ ਨਹੀਂ ਤੇ ਮੈਂ ਇਕਦਮ ਬੇਕਾਰ ਹਾਂ।” ਭੈਣ ਜੌਰਜਟ ਦੱਸਦੀ ਹੈ ਕਿ ਜਦੋਂ ਉਸ ਦੇ ਪਤੀ ਨੇ ਉਸ ਨਾਲ ਬੇਵਫ਼ਾਈ ਕੀਤੀ, ਤਾਂ ਉਸ ਨੂੰ ਕਿਵੇਂ ਲੱਗਾ: “ਸਾਡੀ ਦੋਸਤੀ ਬਚਪਨ ਤੋਂ ਸੀ ਤੇ ਅਸੀਂ ਇਕੱਠਿਆਂ ਪਾਇਨੀਅਰਿੰਗ ਕੀਤੀ ਸੀ। ਪਰ ਜਦੋਂ ਉਨ੍ਹਾਂ ਨੇ ਇੱਦਾਂ ਕੀਤਾ, ਤਾਂ ਮੈਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਈ।” ਭੈਣ ਨਾਓਮੀ ਦੱਸਦੀ ਹੈ: “ਮੈਂ ਕਦੇ ਸੋਚਿਆ ਨਹੀਂ ਸੀ ਕਿ ਮੇਰੇ ਪਤੀ ਮੇਰੇ ਨਾਲ ਇੱਦਾਂ ਕਰਨਗੇ। ਜਦੋਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਚੋਰੀ-ਛਿਪੇ ਗੰਦੀਆਂ ਤਸਵੀਰਾਂ ਤੇ ਵੀਡੀਓ ਦੇਖਦੇ ਸਨ, ਤਾਂ ਮੈਨੂੰ ਇੱਦਾਂ ਲੱਗਾ ਜਿੱਦਾਂ ਮੇਰੇ ਨਾਲ ਧੋਖਾ ਹੋਇਆ ਹੋਵੇ ਅਤੇ ਉਨ੍ਹਾਂ ਨੇ ਮੇਰਾ ਭਰੋਸਾ ਤੋੜਿਆ ਹੋਵੇ।”

8. (ੳ) ਸਾਨੂੰ ਦੂਜਿਆਂ ਨੂੰ ਕਿਉਂ ਮਾਫ਼ ਕਰਨਾ ਚਾਹੀਦਾ ਹੈ? (ਅ) ਦੂਜਿਆਂ ਨੂੰ ਮਾਫ਼ ਕਰਨ ਦੇ ਕਿਹੜੇ ਫ਼ਾਇਦੇ ਹੁੰਦੇ ਹਨ? (“ ਜਦੋਂ ਕੋਈ ਸਾਨੂੰ ਡੂੰਘੇ ਜ਼ਖ਼ਮ ਦੇਵੇ, ਤਾਂ ਕੀ ਕਰੀਏ?” ਨਾਂ ਦੀ ਡੱਬੀ ਦੇਖੋ।)

8 ਦੂਜੇ ਕੀ ਕਹਿੰਦੇ ਜਾਂ ਕਰਦੇ ਹਨ, ਇਸ ʼਤੇ ਸਾਡਾ ਵੱਸ ਨਹੀਂ ਚੱਲਦਾ। ਪਰ ਅਸੀਂ ਉਸ ਸਮੇਂ ਕੀ ਕਰਾਂਗੇ, ਇਹ ਸਾਡੇ ਹੱਥ-ਵੱਸ ਹੈ। ਸਭ ਤੋਂ ਵਧੀਆ ਇਹੀ ਹੋਵੇਗਾ ਕਿ ਅਸੀਂ ਉਨ੍ਹਾਂ ਨੂੰ ਮਾਫ਼ ਕਰ ਦੇਈਏ। ਕਿਉਂ? ਕਿਉਂਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਨੂੰ ਮਾਫ਼ ਕਰੀਏ। ਪਰ ਜੇ ਅਸੀਂ ਗੁੱਸੇ ਵਿਚ ਹੀ ਰਹਿੰਦੇ ਹਾਂ ਤੇ ਮਾਫ਼ ਨਹੀਂ ਕਰਦੇ, ਤਾਂ ਸ਼ਾਇਦ ਅਸੀਂ ਕੋਈ ਮੂਰਖਤਾ ਭਰਿਆ ਕੰਮ ਕਰ ਬੈਠੀਏ ਅਤੇ ਇੱਥੋਂ ਤਕ ਕਿ ਆਪਣੇ ਆਪ ਨੂੰ ਵੀ ਨੁਕਸਾਨ ਪਹੁੰਚਾਈਏ। (ਕਹਾ. 14:17, 29, 30) ਜ਼ਰਾ ਭੈਣ ਕ੍ਰਿਸਟੀਨ ਦੀ ਮਿਸਾਲ ʼਤੇ ਗੌਰ ਕਰੋ। ਉਹ ਕਹਿੰਦੀ ਹੈ: “ਜਦੋਂ ਮੈਂ ਗੁੱਸੇ ਜਾਂ ਨਾਰਾਜ਼ ਹੁੰਦੀ ਹਾਂ, ਤਾਂ ਮੇਰਾ ਹਾਸਾ ਗਾਇਬ ਹੋ ਜਾਂਦਾ ਹੈ। ਮੈਂ ਆਪਣੀ ਸਿਹਤ ਦਾ ਖ਼ਿਆਲ ਨਹੀਂ ਰੱਖਦੀ ਤੇ ਕੁਝ ਵੀ ਖਾ-ਪੀ ਲੈਂਦੀ ਹਾਂ। ਮੈਨੂੰ ਚੰਗੀ ਤਰ੍ਹਾਂ ਨੀਂਦ ਵੀ ਨਹੀਂ ਆਉਂਦੀ। ਮੈਂ ਬਿਨਾਂ ਸੋਚੇ-ਸਮਝੇ ਕੁਝ ਵੀ ਕਹਿ ਦਿੰਦੀ ਹਾਂ ਜਾਂ ਕਰ ਦਿੰਦੀ ਹਾਂ। ਇਸ ਕਰਕੇ ਬਿਨਾਂ ਵਜ੍ਹਾ ਮੇਰਾ ਆਪਣੇ ਪਤੀ ਤੇ ਦੂਜਿਆਂ ਨਾਲ ਰਿਸ਼ਤਾ ਵਿਗੜ ਜਾਂਦਾ ਹੈ।”

9. ਸਾਨੂੰ ਆਪਣੇ ਮਨ ਵਿਚ ਨਾਰਾਜ਼ਗੀ ਕਿਉਂ ਨਹੀਂ ਪਾਲ਼ੀ ਰੱਖਣੀ ਚਾਹੀਦੀ?

9 ਹੋ ਸਕਦਾ ਹੈ ਕਿ ਜਿਸ ਨੇ ਸਾਨੂੰ ਦੁੱਖ ਪਹੁੰਚਾਇਆ ਹੈ, ਉਹ ਸਾਡੇ ਤੋਂ ਮਾਫ਼ੀ ਨਾ ਮੰਗੇ। ਉਸ ਵੇਲੇ ਅਸੀਂ ਕੀ ਕਰ ਸਕਦੇ ਹਾਂ? ਜੇ ਅਸੀਂ ਉਸ ਨੂੰ ਮਾਫ਼ ਕਰ ਦਿੰਦੇ ਹਾਂ, ਤਾਂ ਇਸ ਨਾਲ ਸਾਨੂੰ ਹੀ ਫ਼ਾਇਦਾ ਹੋਵੇਗਾ। ਜ਼ਰਾ ਇਕ ਵਾਰ ਫਿਰ ਤੋਂ ਭੈਣ ਜੌਰਜਟ ਦੀ ਮਿਸਾਲ ʼਤੇ ਗੌਰ ਕਰੋ। ਭੈਣ ਦੱਸਦੀ ਹੈ: “ਤਲਾਕ ਤੋਂ ਬਾਅਦ ਵੀ ਮੇਰੇ ਮਨ ਵਿਚ ਬਹੁਤ ਗੁੱਸਾ ਸੀ ਅਤੇ ਮੈਂ ਆਪਣੇ ਦਿਲ ਵਿਚ ਨਾਰਾਜ਼ਗੀ ਪਾਲ਼ੀ ਰੱਖੀ। ਇਸ ਕਰਕੇ ਮੈਂ ਬੇਚੈਨ ਰਹਿੰਦੀ ਸੀ। ਮੈਨੂੰ ਥੋੜ੍ਹਾ ਸਮਾਂ ਲੱਗਾ, ਪਰ ਮੈਂ ਆਪਣੇ ਮਨ ਵਿੱਚੋਂ ਗੁੱਸਾ ਕੱਢ ਦਿੱਤਾ। ਇੱਦਾਂ ਕਰ ਕੇ ਮੈਨੂੰ ਬਹੁਤ ਸਕੂਨ ਮਿਲਿਆ।” ਜੇ ਅਸੀਂ ਆਪਣੇ ਮਨ ਵਿਚ ਨਾਰਾਜ਼ਗੀ ਪਾਲ਼ੀ ਰੱਖੀਏ, ਤਾਂ ਸਾਡਾ ਦਿਲ ਕੁੜੱਤਣ ਨਾਲ ਭਰ ਜਾਵੇਗਾ ਅਤੇ ਸਾਡਾ ਹੀ ਨੁਕਸਾਨ ਹੋਵੇਗਾ। ਪਰ ਦੂਜਿਆਂ ਨੂੰ ਮਾਫ਼ ਕਰ ਕੇ ਸਾਨੂੰ ਹੀ ਫ਼ਾਇਦਾ ਹੁੰਦਾ ਹੈ। ਅਸੀਂ ਪੁਰਾਣੀਆਂ ਗੱਲਾਂ ਭੁੱਲ ਜਾਂਦੇ ਹਾਂ, ਜ਼ਿੰਦਗੀ ਵਿਚ ਅੱਗੇ ਵਧ ਪਾਉਂਦੇ ਹਾਂ ਅਤੇ ਸਾਡੀ ਖ਼ੁਸ਼ੀ ਵਾਪਸ ਆ ਜਾਂਦੀ ਹੈ। (ਕਹਾ. 11:17) ਪਰ ਜੇ ਇਸ ਤੋਂ ਬਾਅਦ ਵੀ ਤੁਹਾਨੂੰ ਮਾਫ਼ ਕਰਨਾ ਔਖਾ ਲੱਗ ਰਿਹਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?

ਮਨ ਵਿੱਚੋਂ ਗੁੱਸਾ ਕੱਢ ਦਿਓ

10. ਕਿਸੇ ਨੂੰ ਦਿਲੋਂ ਮਾਫ਼ ਕਰਨ ਲਈ ਸਾਨੂੰ ਕਿਹੜੀ ਗੱਲ ਸਮਝਣ ਦੀ ਲੋੜ ਹੈ? (ਤਸਵੀਰਾਂ ਵੀ ਦੇਖੋ।)

10 ਆਪਣੇ ਮਨ ਵਿੱਚੋਂ ਗੁੱਸਾ ਕੱਢਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ? ਇਸ ਗੱਲ ਨੂੰ ਸਮਝੋ ਕਿ ਕਿਸੇ ਨੂੰ ਦਿਲੋਂ ਮਾਫ਼ ਕਰਨ ਵਿਚ ਸਮਾਂ ਲੱਗ ਸਕਦਾ ਹੈ। ਜਿੱਦਾਂ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਵਿਅਕਤੀ ਦੇ ਜ਼ਖ਼ਮ ਠੀਕ ਹੋਣ ਨੂੰ ਸਮਾਂ ਲੱਗਦਾ ਹੈ, ਉੱਦਾਂ ਹੀ ਦਿਲ ʼਤੇ ਲੱਗੇ ਜ਼ਖ਼ਮ ਭਰਨ ਵਿਚ ਸਮਾਂ ਲੱਗ ਸਕਦਾ ਹੈ। ਇਸ ਤੋਂ ਬਾਅਦ ਹੀ ਅਸੀਂ ਕਿਸੇ ਨੂੰ ਮਾਫ਼ ਕਰ ਪਾਉਂਦੇ ਹਾਂ।​—ਉਪ. 3:3; 1 ਪਤ. 1:22.

ਜਦੋਂ ਇਕ ਵਿਅਕਤੀ ਦੇ ਸੱਟ ਲੱਗਦੀ ਹੈ, ਤਾਂ ਉਸ ਨੂੰ ਦੇਖ-ਭਾਲ ਦੀ ਲੋੜ ਹੁੰਦੀ ਹੈ ਅਤੇ ਉਸ ਦੇ ਜ਼ਖ਼ਮਾਂ ਨੂੰ ਠੀਕ ਹੋਣ ਵਿਚ ਸਮਾਂ ਲੱਗਦਾ ਹੈ। ਇਸੇ ਤਰ੍ਹਾਂ ਦਿਲ ʼਤੇ ਲੱਗੇ ਜ਼ਖ਼ਮ ਭਰਨ ਵਿਚ ਵੀ ਸਮਾਂ ਲੱਗਦਾ ਹੈ (ਪੈਰਾ 10 ਦੇਖੋ)


11. ਦੂਜਿਆਂ ਨੂੰ ਮਾਫ਼ ਕਰਨ ਲਈ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ?

11 ਮਾਫ਼ ਕਰਨ ਲਈ ਪ੍ਰਾਰਥਨਾ ਕਰਨੀ ਵੀ ਜ਼ਰੂਰੀ ਹੈ। c ਇਕ ਵਾਰ ਦੁਬਾਰਾ ਤੋਂ ਭੈਣ ਐੱਨ ਦੇ ਤਜਰਬੇ ʼਤੇ ਧਿਆਨ ਦਿਓ। ਉਹ ਦੱਸਦੀ ਹੈ ਕਿ ਪ੍ਰਾਰਥਨਾ ਕਰਨ ਨਾਲ ਉਸ ਦੀ ਕਿਵੇਂ ਮਦਦ ਹੋਈ: “ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਮੈਂ ਤੇ ਮੇਰੇ ਪਰਿਵਾਰ ਨੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਜੋ ਵੀ ਗ਼ਲਤ ਕੀਤਾ ਹੈ, ਉਸ ਲਈ ਉਹ ਸਾਨੂੰ ਮਾਫ਼ ਕਰ ਦੇਵੇ। ਫਿਰ ਮੈਂ ਆਪਣੇ ਡੈਡੀ ਤੇ ਉਨ੍ਹਾਂ ਦੀ ਪਤਨੀ ਨੂੰ ਚਿੱਠੀ ਲਿਖੀ ਅਤੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਹੈ।” ਭੈਣ ਐੱਨ ਲਈ ਇੱਦਾਂ ਕਰਨਾ ਬਹੁਤ ਔਖਾ ਸੀ, ਪਰ ਫਿਰ ਵੀ ਉਸ ਨੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। ਉਹ ਦੱਸਦੀ ਹੈ: “ਯਹੋਵਾਹ ਹਮੇਸ਼ਾ ਸਾਨੂੰ ਮਾਫ਼ ਕਰਦਾ ਹੈ। ਇਸ ਲਈ ਮੈਂ ਆਪਣੇ ਡੈਡੀ ਤੇ ਉਨ੍ਹਾਂ ਦੀ ਪਤਨੀ ਨੂੰ ਮਾਫ਼ ਕਰ ਦਿੱਤਾ। ਹੋ ਸਕਦਾ ਹੈ ਕਿ ਉਹ ਦੋਵੇਂ ਜਣੇ ਯਹੋਵਾਹ ਬਾਰੇ ਸਿੱਖਣ ਲੱਗ ਪੈਣ।”

12. ਆਪਣੇ ਦਿਲ ʼਤੇ ਭਰੋਸਾ ਰੱਖਣ ਦੀ ਬਜਾਇ ਸਾਨੂੰ ਯਹੋਵਾਹ ʼਤੇ ਕਿਉਂ ਭਰੋਸਾ ਰੱਖਣਾ ਚਾਹੀਦਾ ਹੈ? (ਕਹਾਉਤਾਂ 3:5, 6)

12 ਯਹੋਵਾਹ ʼਤੇ ਭਰੋਸਾ ਰੱਖੋ, ਨਾ ਕਿ ਆਪਣੇ ਦਿਲ ʼਤੇ। (ਕਹਾਉਤਾਂ 3:5, 6 ਪੜ੍ਹੋ।) ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਡਾ ਭਲਾ ਕਿਸ ਵਿਚ ਹੈ। (ਯਸਾ. 55:8, 9) ਉਹ ਸਾਨੂੰ ਅਜਿਹਾ ਕੁਝ ਵੀ ਕਰਨ ਨੂੰ ਨਹੀਂ ਕਹੇਗਾ ਜਿਸ ਨਾਲ ਸਾਡਾ ਨੁਕਸਾਨ ਹੋਵੇ। ਇਸ ਲਈ ਜਦੋਂ ਉਹ ਸਾਨੂੰ ਦੂਜਿਆਂ ਨੂੰ ਮਾਫ਼ ਕਰਨ ਲਈ ਕਹਿੰਦਾ ਹੈ, ਤਾਂ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਇਸ ਤੋਂ ਸਾਨੂੰ ਹੀ ਫ਼ਾਇਦਾ ਹੋਵੇਗਾ। (ਜ਼ਬੂ. 40:4; ਯਸਾ. 48:17, 18) ਪਰ ਜੇ ਅਸੀਂ ਆਪਣੇ ਦਿਲ ਦੀ ਸੁਣਦੇ ਹਾਂ, ਤਾਂ ਸ਼ਾਇਦ ਅਸੀਂ ਦੂਜਿਆਂ ਨੂੰ ਕਦੀ ਵੀ ਮਾਫ਼ ਨਾ ਕਰ ਸਕੀਏ। (ਕਹਾ. 14:12; ਯਿਰ. 17:9) ਭੈਣ ਨਾਓਮੀ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦੀ ਹੈ: “ਪਹਿਲਾਂ ਤਾਂ ਮੈਂ ਸੋਚ ਲਿਆ ਸੀ ਕਿ ਚਾਹੇ ਜੋ ਮਰਜ਼ੀ ਹੋ ਜਾਵੇ, ਮੈਂ ਆਪਣੇ ਪਤੀ ਨੂੰ ਮਾਫ਼ ਨਹੀਂ ਕਰਾਂਗੀ ਕਿਉਂਕਿ ਜੇ ਮੈਂ ਇੱਦਾਂ ਕੀਤਾ, ਤਾਂ ਉਹ ਕਦੀ ਨਹੀਂ ਸੁਧਰਨਗੇ। ਉਹ ਦੁਬਾਰਾ ਉਹੀ ਗ਼ਲਤੀ ਕਰਨਗੇ ਅਤੇ ਭੁੱਲ ਜਾਣਗੇ ਕਿ ਉਨ੍ਹਾਂ ਨੇ ਮੈਨੂੰ ਕਿੰਨਾ ਦੁੱਖ ਪਹੁੰਚਾਇਆ ਸੀ। ਮੈਂ ਸੋਚ ਰਹੀ ਸੀ ਕਿ ਇੱਦਾਂ ਕਰਨਾ ਸਹੀ ਹੈ, ਯਹੋਵਾਹ ਤਾਂ ਸਮਝਦਾ ਹੀ ਹੈ। ਫਿਰ ਮੈਨੂੰ ਅਹਿਸਾਸ ਹੋਇਆ ਕਿ ਭਾਵੇਂ ਯਹੋਵਾਹ ਮੇਰੀਆਂ ਭਾਵਨਾਵਾਂ ਨੂੰ ਸਮਝਦਾ ਹੈ, ਪਰ ਜ਼ਰੂਰੀ ਨਹੀਂ ਕਿ ਉਹ ਇਨ੍ਹਾਂ ਨਾਲ ਸਹਿਮਤ ਵੀ ਹੋਵੇ। ਉਹ ਜਾਣਦਾ ਹੈ ਕਿ ਮੇਰੇ ʼਤੇ ਕੀ ਬੀਤ ਰਹੀ ਹੈ ਅਤੇ ਮੇਰੇ ਜ਼ਖ਼ਮਾਂ ਨੂੰ ਭਰਨ ਵਿਚ ਸਮਾਂ ਲੱਗੇਗਾ। ਪਰ ਉਹ ਇਹ ਵੀ ਚਾਹੁੰਦਾ ਹੈ ਕਿ ਮੈਂ ਆਪਣੇ ਪਤੀ ਨੂੰ ਮਾਫ਼ ਕਰ ਦੇਵਾਂ।” d

ਆਪਣਾ ਨਜ਼ਰੀਆ ਬਦਲੋ

13. ਰੋਮੀਆਂ 12:18-21 ਮੁਤਾਬਕ ਸਾਨੂੰ ਕੀ ਕਰਨ ਦੀ ਲੋੜ ਹੈ?

13 ਹੋ ਸਕਦਾ ਹੈ ਕਿ ਜਿਸ ਵਿਅਕਤੀ ਨੇ ਸਾਨੂੰ ਦੁੱਖ ਪਹੁੰਚਾਇਆ ਹੈ, ਅਸੀਂ ਉਸ ਨੂੰ ਮਾਫ਼ ਕਰ ਦੇਈਏ ਤੇ ਉਸ ਬਾਰੇ ਦੁਬਾਰਾ ਕਦੇ ਗੱਲ ਨਾ ਕਰੀਏ। ਪਰ ਸਾਨੂੰ ਇਸ ਤੋਂ ਵੀ ਵੱਧ ਕੁਝ ਕਰਨ ਦੀ ਲੋੜ ਹੈ। ਸਾਨੂੰ ਉਸ ਨਾਲ ਸ਼ਾਂਤੀ ਕਾਇਮ ਕਰਨ ਦੀ ਲੋੜ ਹੈ। ਖ਼ਾਸ ਕਰਕੇ ਜੇ ਉਹ ਵਿਅਕਤੀ ਸਾਡਾ ਮਸੀਹੀ ਭਰਾ ਜਾਂ ਭੈਣ ਹੈ, ਤਾਂ ਅਸੀਂ ਉਸ ਨਾਲ ਸ਼ਾਂਤੀ ਕਾਇਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। (ਮੱਤੀ 5:23, 24) ਗੁੱਸੇ ਰਹਿਣ ਦੀ ਬਜਾਇ ਅਸੀਂ ਉਸ ʼਤੇ ਦਇਆ ਕਰਾਂਗੇ ਅਤੇ ਨਾਰਾਜ਼ਗੀ ਪਾਲ਼ੀ ਰੱਖਣ ਦੀ ਬਜਾਇ ਅਸੀਂ ਉਸ ਨੂੰ ਮਾਫ਼ ਕਰ ਦੇਵਾਂਗੇ। (ਰੋਮੀਆਂ 12:18-21 ਪੜ੍ਹੋ; 1 ਪਤ. 3:9) ਇੱਦਾਂ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

14. ਸਾਨੂੰ ਕੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਿਉਂ?

14 ਯਹੋਵਾਹ ਲੋਕਾਂ ਵਿਚ ਚੰਗੇ ਗੁਣ ਦੇਖਦਾ ਹੈ। (2 ਇਤਿ. 16:9; ਜ਼ਬੂ. 130:3) ਸਾਨੂੰ ਵੀ ਯਹੋਵਾਹ ਦੀ ਰੀਸ ਕਰਦਿਆਂ ਉਸ ਵਿਅਕਤੀ ਵਿਚ ਚੰਗੇ ਗੁਣ ਦੇਖਣੇ ਚਾਹੀਦੇ ਹਨ ਜਿਸ ਨੇ ਸਾਨੂੰ ਦੁੱਖ ਪਹੁੰਚਾਇਆ ਹੈ। ਜੇ ਅਸੀਂ ਕਿਸੇ ਵਿਚ ਚੰਗੇ ਗੁਣ ਲੱਭੀਏ, ਤਾਂ ਸਾਨੂੰ ਚੰਗੇ ਗੁਣ ਹੀ ਨਜ਼ਰ ਆਉਣਗੇ, ਪਰ ਜੇ ਅਸੀਂ ਕਿਸੇ ਵਿਚ ਔਗੁਣ ਲੱਭੀਏ, ਤਾਂ ਸਾਨੂੰ ਔਗੁਣ ਹੀ ਨਜ਼ਰ ਆਉਣਗੇ। ਸੋ ਜਦੋਂ ਅਸੀਂ ਦੂਜਿਆਂ ਵਿਚ ਚੰਗੇ ਗੁਣ ਦੇਖਦੇ ਹਾਂ, ਤਾਂ ਸਾਡੇ ਲਈ ਉਨ੍ਹਾਂ ਨੂੰ ਮਾਫ਼ ਕਰਨਾ ਸੌਖਾ ਹੋ ਜਾਂਦਾ ਹੈ। ਭਰਾ ਜੈਰਡ ਦੱਸਦਾ ਹੈ: “ਜਦੋਂ ਮੈਨੂੰ ਕੋਈ ਠੇਸ ਪਹੁੰਚਾਉਂਦਾ ਹੈ, ਤਾਂ ਮੈਂ ਉਸ ਦੇ ਬਹੁਤ ਸਾਰੇ ਚੰਗੇ ਗੁਣਾਂ ਬਾਰੇ ਸੋਚਦਾ ਹਾਂ, ਨਾ ਕਿ ਉਸ ਦੀ ਇਕ ਗ਼ਲਤੀ ਬਾਰੇ। ਇਸ ਤਰ੍ਹਾਂ ਮੇਰੇ ਲਈ ਉਸ ਨੂੰ ਮਾਫ਼ ਕਰਨਾ ਸੌਖਾ ਹੋ ਜਾਂਦਾ ਹੈ।”

15. ਇਕ ਵਿਅਕਤੀ ਨੂੰ ਇਹ ਦੱਸਣਾ ਜ਼ਰੂਰੀ ਕਿਉਂ ਹੈ ਕਿ ਤੁਸੀਂ ਉਸ ਨੂੰ ਮਾਫ਼ ਕਰ ਦਿੱਤਾ ਹੈ?

15 ਜਿਸ ਭੈਣ ਜਾਂ ਭਰਾ ਨੇ ਸਾਡਾ ਦਿਲ ਦੁਖਾਇਆ ਹੈ, ਸਾਨੂੰ ਉਸ ਨਾਲ ਦੁਬਾਰਾ ਸ਼ਾਂਤੀ ਕਾਇਮ ਕਰਨ ਲਈ ਇਕ ਹੋਰ ਕੰਮ ਕਰਨਾ ਪਵੇਗਾ। ਸਾਨੂੰ ਉਸ ਨੂੰ ਦੱਸਣਾ ਪਵੇਗਾ ਕਿ ਅਸੀਂ ਉਸ ਨੂੰ ਮਾਫ਼ ਕਰ ਦਿੱਤਾ ਹੈ। ਇੱਦਾਂ ਕਰਨਾ ਕਿਉਂ ਜ਼ਰੂਰੀ ਹੈ? ਧਿਆਨ ਦਿਓ ਕਿ ਭੈਣ ਨਾਓਮੀ ਨੇ ਕੀ ਕਿਹਾ: “ਜਦੋਂ ਮੇਰੇ ਪਤੀ ਨੇ ਮੈਨੂੰ ਪੁੱਛਿਆ, ‘ਕੀ ਤੂੰ ਮੈਨੂੰ ਮਾਫ਼ ਕਰ ਦਿੱਤਾ ਹੈ?,’ ਤਾਂ ਮੇਰੇ ਮੂੰਹੋਂ ਇਕ ਵੀ ਸ਼ਬਦ ਨਾ ਨਿਕਲਿਆ। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਉਨ੍ਹਾਂ ਨੂੰ ਦਿਲੋਂ ਮਾਫ਼ ਨਹੀਂ ਕੀਤਾ ਸੀ। ਪਰ ਕੁਝ ਸਮੇਂ ਬਾਅਦ ਮੈਂ ਦਿਲੋਂ ਉਨ੍ਹਾਂ ਨੂੰ ਇਹ ਕਹਿ ਸਕੀ, ‘ਮੈਂ ਤੁਹਾਨੂੰ ਮਾਫ਼ ਕਰ ਦਿੱਤਾ ਹੈ।’ ਇਹ ਸੁਣ ਕੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ ਅਤੇ ਉਨ੍ਹਾਂ ਦੇ ਮਨ ਤੋਂ ਭਾਰੀ ਬੋਝ ਉੱਤਰ ਗਿਆ। ਨਾਲੇ ਮੈਨੂੰ ਵੀ ਮਨ ਦੀ ਸ਼ਾਂਤੀ ਮਿਲੀ। ਮੈਂ ਦੁਬਾਰਾ ਉਨ੍ਹਾਂ ʼਤੇ ਭਰੋਸਾ ਕਰਨ ਲੱਗੀ ਅਤੇ ਅਸੀਂ ਫਿਰ ਤੋਂ ਵਧੀਆ ਦੋਸਤ ਬਣ ਗਏ।”

16. ਦੂਜਿਆਂ ਨੂੰ ਮਾਫ਼ ਕਰਨ ਲਈ ਸਾਨੂੰ ਕੀ ਕਰਨਾ ਪਵੇਗਾ?

16 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਨੂੰ ਮਾਫ਼ ਕਰੀਏ। (ਕੁਲੁ. 3:13) ਕਈ ਵਾਰ ਇੱਦਾਂ ਕਰਨਾ ਸੌਖਾ ਨਹੀਂ ਹੁੰਦਾ, ਪਰ ਅਸੀਂ ਇਹ ਕਰ ਸਕਦੇ ਹਾਂ। ਕਿਵੇਂ? ਜਦੋਂ ਕੋਈ ਤੁਹਾਨੂੰ ਦੁੱਖ ਪਹੁੰਚਾਉਂਦਾ ਹੈ, ਤਾਂ ਆਪਣੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਕੋਸ਼ਿਸ਼ ਕਰੋ ਕਿ ਤੁਸੀਂ ਉਸ ਵਿਅਕਤੀ ਨਾਲ ਗੁੱਸੇ ਨਾ ਰਹੋ ਅਤੇ ਆਪਣਾ ਨਜ਼ਰੀਆ ਬਦਲਣ ਦੀ ਵੀ ਕੋਸ਼ਿਸ਼ ਕਰੋ।​—“ ਦੂਜਿਆਂ ਨੂੰ ਮਾਫ਼ ਕਰਨ ਲਈ ਤਿੰਨ ਸੁਝਾਅ” ਨਾਂ ਦੀ ਡੱਬੀ ਦੇਖੋ।

ਮਾਫ਼ ਕਰਨ ਦੇ ਫ਼ਾਇਦਿਆਂ ਬਾਰੇ ਸੋਚੋ

17. ਸਾਨੂੰ ਦੂਜਿਆਂ ਨੂੰ ਕਿਉਂ ਮਾਫ਼ ਕਰਨਾ ਚਾਹੀਦਾ ਹੈ?

17 ਦੂਜਿਆਂ ਨੂੰ ਮਾਫ਼ ਕਰਨ ਦੇ ਸਾਡੇ ਕੋਲ ਕਈ ਕਾਰਨ ਹਨ। ਜ਼ਰਾ ਉਨ੍ਹਾਂ ਵਿੱਚੋਂ ਕੁਝ ʼਤੇ ਧਿਆਨ ਦਿਓ। ਜਦੋਂ ਅਸੀਂ ਦੂਜਿਆਂ ਨੂੰ ਮਾਫ਼ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਇਆ ਕਰਨ ਵਾਲੇ ਪਿਤਾ ਦੀ ਰੀਸ ਕਰਦੇ ਹਾਂ ਅਤੇ ਉਸ ਦਾ ਦਿਲ ਖ਼ੁਸ਼ ਕਰਦੇ ਹਾਂ। (ਲੂਕਾ 6:36) ਦੂਜਾ, ਅਸੀਂ ਯਹੋਵਾਹ ਲਈ ਸ਼ੁਕਰਗੁਜ਼ਾਰੀ ਦਿਖਾਉਂਦੇ ਹਾਂ ਕਿ ਉਸ ਨੇ ਸਾਨੂੰ ਮਾਫ਼ ਕੀਤਾ ਹੈ। (ਮੱਤੀ 6:12) ਤੀਜਾ, ਸਾਡੀ ਸਿਹਤ ਵਧੀਆ ਰਹਿੰਦੀ ਹੈ ਅਤੇ ਦੂਜਿਆਂ ਨਾਲ ਸਾਡਾ ਚੰਗਾ ਰਿਸ਼ਤਾ ਬਣਿਆ ਰਹਿੰਦਾ ਹੈ।

18-19. ਜੇ ਅਸੀਂ ਮਾਫ਼ ਕਰਦੇ ਹਾਂ, ਤਾਂ ਇਸ ਦਾ ਕੀ ਨਤੀਜਾ ਨਿਕਲ ਸਕਦਾ ਹੈ?

18 ਦੂਜਿਆਂ ਨੂੰ ਮਾਫ਼ ਕਰਨ ਕਰਕੇ ਸਾਨੂੰ ਉਹ ਬਰਕਤਾਂ ਮਿਲਦੀਆਂ ਹਨ ਜਿਨ੍ਹਾਂ ਦੀ ਅਸੀਂ ਉਮੀਦ ਵੀ ਨਹੀਂ ਕੀਤੀ ਹੁੰਦੀ। ਆਓ ਦੁਬਾਰਾ ਭੈਣ ਡਨੀਸ ਦੇ ਤਜਰਬੇ ʼਤੇ ਗੌਰ ਕਰੀਏ। ਜਿਸ ਆਦਮੀ ਕਰਕੇ ਭੈਣ ਦੀ ਕਾਰ ਦਾ ਐਕਸੀਡੈਂਟ ਹੋਇਆ ਸੀ, ਉਸ ਨੇ ਸੋਚਿਆ ਸੀ ਕਿ ਮੁਕੱਦਮੇ ਤੋਂ ਬਾਅਦ ਉਹ ਖ਼ੁਦਕੁਸ਼ੀ ਕਰ ਲਵੇਗਾ। ਭੈਣ ਡਨੀਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਪਰ ਜਦੋਂ ਭੈਣ ਨੇ ਉਸ ਨੂੰ ਮਾਫ਼ ਕਰ ਦਿੱਤਾ, ਤਾਂ ਇਹ ਗੱਲ ਉਸ ਆਦਮੀ ਦੇ ਦਿਲ ਨੂੰ ਛੂਹ ਗਈ ਅਤੇ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਿਆ।

19 ਸ਼ਾਇਦ ਸਾਨੂੰ ਵੀ ਦੂਜਿਆਂ ਨੂੰ ਮਾਫ਼ ਕਰਨਾ ਔਖਾ ਲੱਗੇ। ਪਰ ਇੱਦਾਂ ਕਰਨ ਕਰਕੇ ਸਾਨੂੰ ਬੇਸ਼ੁਮਾਰ ਬਰਕਤਾਂ ਮਿਲ ਸਕਦੀਆਂ ਹਨ। (ਮੱਤੀ 5:7) ਇਸ ਲਈ ਆਓ ਆਪਾਂ ਆਪਣੇ ਪਿਤਾ ਯਹੋਵਾਹ ਦੀ ਰੀਸ ਕਰਦਿਆਂ ਦੂਜਿਆਂ ਨੂੰ ਮਾਫ਼ ਕਰੀਏ।

ਗੀਤ 125 “ਖ਼ੁਸ਼ ਹਨ ਦਇਆਵਾਨ!”

a ਕੁਝ ਨਾਂ ਬਦਲੇ ਗਏ ਹਨ।

b ਅਜਿਹੇ ਮਾਮਲਿਆਂ ਵਿਚ ਹਰ ਮਸੀਹੀ ਨੇ ਖ਼ੁਦ ਫ਼ੈਸਲਾ ਕਰਨਾ ਹੁੰਦਾ ਹੈ ਕਿ ਉਹ ਕੀ ਕਰੇਗਾ।

c jw.org/pa ʼਤੇ ਬ੍ਰਾਡਕਾਸਟਿੰਗ ਦੇ ਗੀਤਾਂ ਦੀ ਵੀਡੀਓ ਦੇਖੋ, “ਦਿਲੋਂ ਮਾਫ਼ ਕਰੋ,” ਅਤੇ “ਦੋਸਤੀ ਬਣੀ ਰਹੇ।

d ਪੋਰਨੋਗ੍ਰਾਫੀ ਦੇਖਣੀ ਇਕ ਗੰਭੀਰ ਪਾਪ ਹੈ ਅਤੇ ਇਸ ਕਰਕੇ ਬੇਕਸੂਰ ਜੀਵਨ ਸਾਥੀ ਨੂੰ ਬਹੁਤ ਦੁੱਖ ਪਹੁੰਚਦਾ ਹੈ। ਪਰ ਬਾਈਬਲ ਅਨੁਸਾਰ ਇਸ ਆਧਾਰ ʼਤੇ ਬੇਕਸੂਰ ਜੀਵਨ ਸਾਥੀ ਤਲਾਕ ਨਹੀਂ ਲੈ ਸਕਦਾ।