Skip to content

Skip to table of contents

ਜੀਵਨੀ

“ਮੈਂ ਕਦੇ ਵੀ ਇਕੱਲਾ ਨਹੀਂ ਸੀ”

“ਮੈਂ ਕਦੇ ਵੀ ਇਕੱਲਾ ਨਹੀਂ ਸੀ”

ਜ਼ਿੰਦਗੀ ਵਿਚ ਬਹੁਤ ਵਾਰ ਇੱਦਾਂ ਦੇ ਹਾਲਾਤ ਆਉਂਦੇ ਹਨ ਜਦੋਂ ਅਸੀਂ ਇਕੱਲੇ ਮਹਿਸੂਸ ਕਰਦੇ ਹਾਂ, ਜਿਵੇਂ ਜਦੋਂ ਸਾਡੇ ਕਿਸੇ ਆਪਣੇ ਦੀ ਮੌਤ ਹੋ ਜਾਂਦੀ ਹੈ, ਜਦੋਂ ਅਸੀਂ ਕਿਸੇ ਨਵੀਂ ਜਗ੍ਹਾ ਜਾਂਦੇ ਹਾਂ ਜਾਂ ਜਦੋਂ ਸਾਡੇ ਨਾਲ ਕੋਈ ਨਹੀਂ ਹੁੰਦਾ। ਮੇਰੇ ਨਾਲ ਇਹ ਸਾਰਾ ਕੁਝ ਹੋਇਆ ਹੈ। ਪਰ ਆਪਣੀ ਜ਼ਿੰਦਗੀ ʼਤੇ ਝਾਤ ਮਾਰਦਿਆਂ ਮੈਨੂੰ ਹੁਣ ਅਹਿਸਾਸ ਹੁੰਦਾ ਹੈ ਕਿ ਮੈਂ ਕਦੇ ਵੀ ਇਕੱਲਾ ਨਹੀਂ ਸੀ। ਆਓ ਮੈਂ ਤੁਹਾਨੂੰ ਦੱਸਦਾ ਕਿ ਮੈਂ ਇੱਦਾਂ ਕਿਉਂ ਸੋਚਦਾ ਹਾਂ।

ਮੇਰੇ ਮਾਪਿਆਂ ਦੀ ਵਧੀਆ ਮਿਸਾਲ

ਮੇਰੇ ਮੰਮੀ-ਡੈਡੀ ਕੈਥੋਲਿਕ ਸਨ ਤੇ ਰੱਬ ਨੂੰ ਬਹੁਤ ਮੰਨਦੇ ਸਨ। ਪਰ ਜਦੋਂ ਉਨ੍ਹਾਂ ਨੇ ਬਾਈਬਲ ਤੋਂ ਸਿੱਖਿਆ ਕਿ ਰੱਬ ਦਾ ਨਾਂ ਯਹੋਵਾਹ ਹੈ, ਤਾਂ ਉਹ ਯਹੋਵਾਹ ਦੇ ਗਵਾਹ ਬਣ ਗਏ ਤੇ ਜੋਸ਼ ਨਾਲ ਉਸ ਦੀ ਸੇਵਾ ਕਰਨ ਲੱਗ ਪਏ। ਮੇਰੇ ਡੈਡੀ ਤਰਖਾਣ ਸਨ। ਸੱਚਾਈ ਸਿੱਖਣ ਤੋਂ ਬਾਅਦ ਉਨ੍ਹਾਂ ਨੇ ਯਿਸੂ ਦੀਆਂ ਮੂਰਤੀਆਂ ਬਣਾਉਣੀਆਂ ਛੱਡ ਦਿੱਤੀਆਂ। ਉਨ੍ਹਾਂ ਨੇ ਆਪਣਾ ਹੁਨਰ ਵਰਤ ਕੇ ਸਾਡੇ ਘਰ ਦੀ ਹੇਠਲੀ ਮੰਜ਼ਲ ਨੂੰ ਕਿੰਗਡਮ ਹਾਲ ਵਿਚ ਬਦਲ ਦਿੱਤਾ। ਇਹ ਸਾਨ ਹੁਆਨ ਡੇਲ ਮੋਂਟੋ ਵਿਚ ਪਹਿਲਾ ਕਿੰਗਡਮ ਹਾਲ ਸੀ। ਇਹ ਸ਼ਹਿਰ ਫ਼ਿਲਪੀਨ ਦੀ ਰਾਜਧਾਨੀ ਮਨੀਲਾ ਕੋਲ ਹੈ।

ਆਪਣੇ ਮੰਮੀ-ਡੈਡੀ ਤੇ ਪਰਿਵਾਰ ਦੇ ਮੈਂਬਰਾਂ ਨਾਲ

ਮੇਰਾ ਜਨਮ 1952 ਵਿਚ ਹੋਇਆ ਸੀ। ਮੇਰੇ ਚਾਰ ਵੱਡੇ ਭਰਾ ਤੇ ਤਿੰਨ ਵੱਡੀਆਂ ਭੈਣਾਂ ਸਨ। ਬਚਪਨ ਤੋਂ ਹੀ ਮੇਰੇ ਮਾਪਿਆਂ ਨੇ ਸਾਨੂੰ ਯਹੋਵਾਹ ਬਾਰੇ ਸਿਖਾਇਆ। ਜਦੋਂ ਮੈਂ ਥੋੜ੍ਹਾ ਵੱਡਾ ਹੋਇਆ, ਤਾਂ ਮੇਰੇ ਡੈਡੀ ਨੇ ਮੈਨੂੰ ਕਿਹਾ ਕਿ ਮੈਂ ਰੋਜ਼ ਬਾਈਬਲ ਦਾ ਇਕ ਅਧਿਆਇ ਪੜ੍ਹਾਂ। ਉਨ੍ਹਾਂ ਨੇ ਅਲੱਗ-ਅਲੱਗ ਪ੍ਰਕਾਸ਼ਨਾਂ ਰਾਹੀਂ ਮੈਨੂੰ ਯਹੋਵਾਹ ਬਾਰੇ ਬਹੁਤ ਕੁਝ ਸਿਖਾਇਆ। ਕਦੀ-ਕਦਾਈਂ ਮੇਰੇ ਮਾਪੇ ਸਫ਼ਰੀ ਨਿਗਾਹਬਾਨਾਂ ਅਤੇ ਬ੍ਰਾਂਚ ਆਫ਼ਿਸ ਤੋਂ ਆਏ ਭਰਾਵਾਂ ਨੂੰ ਘਰ ਵਿਚ ਠਹਿਰਾਉਂਦੇ ਸਨ। ਉਨ੍ਹਾਂ ਦੇ ਤਜਰਬੇ ਸੁਣ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਸੀ ਤੇ ਸਾਡਾ ਹੌਸਲਾ ਵਧਦਾ ਸੀ। ਇਸ ਕਰਕੇ ਸਾਨੂੰ ਸਾਰਿਆਂ ਨੂੰ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਣ ਦੀ ਹੱਲਾਸ਼ੇਰੀ ਮਿਲੀ।

ਮੇਰੇ ਮਾਪਿਆਂ ਨੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਅਤੇ ਉਹ ਮੇਰੇ ਲਈ ਵਧੀਆ ਮਿਸਾਲ ਸਨ। ਫਿਰ ਇਕ ਬੀਮਾਰੀ ਕਰਕੇ ਮੇਰੇ ਮੰਮੀ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ 1971 ਵਿਚ ਮੈਂ ਤੇ ਮੇਰੇ ਡੈਡੀ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪਰ 1973 ਵਿਚ ਮੇਰੇ ਡੈਡੀ ਦੀ ਮੌਤ ਹੋ ਗਈ। ਉਸ ਵੇਲੇ ਮੈਂ ਸਿਰਫ਼ 20 ਸਾਲਾਂ ਦਾ ਸੀ। ਮਾਪਿਆਂ ਦੀ ਮੌਤ ਤੋਂ ਬਾਅਦ ਮੈਂ ਬਹੁਤ ਦੁਖੀ ਤੇ ਇਕੱਲਾ ਮਹਿਸੂਸ ਕਰ ਰਿਹਾ ਸੀ। ਪਰ ਬਾਈਬਲ ਵਿਚ ਸਾਨੂੰ ਜੋ “ਪੱਕੀ ਅਤੇ ਮਜ਼ਬੂਤ” ਉਮੀਦ ਮਿਲਦੀ ਹੈ, ਉਸ ਕਰਕੇ ਮੈਂ ਆਪਣੇ ਆਪ ਨੂੰ ਸੰਭਾਲ ਸਕਿਆ। (ਇਬ. 6:19) ਮੈਂ ਚੰਗੀਆਂ ਗੱਲਾਂ ʼਤੇ ਧਿਆਨ ਲਗਾ ਸਕਿਆ ਅਤੇ ਯਹੋਵਾਹ ਦੇ ਨੇੜੇ ਰਹਿ ਸਕਿਆ। ਡੈਡੀ ਦੀ ਮੌਤ ਤੋਂ ਕੁਝ ਹੀ ਸਮੇਂ ਬਾਅਦ ਮੈਨੂੰ ਸਪੈਸ਼ਲ ਪਾਇਨੀਅਰ ਬਣਨ ਦਾ ਸੱਦਾ ਮਿਲਿਆ। ਮੈਨੂੰ ਦੂਰ-ਦੁਰਾਡੇ ਕੋਰੋਨ ਟਾਪੂ ਭੇਜਿਆ ਗਿਆ ਜੋ ਪਾਲਾਵਨ ਸੂਬੇ ਵਿਚ ਸੀ।

ਔਖੀਆਂ ਜ਼ਿੰਮੇਵਾਰੀਆਂ ਦੌਰਾਨ ਇਕੱਲਾਪਣ

21 ਸਾਲਾਂ ਦੀ ਉਮਰ ਵਿਚ ਮੈਂ ਕੋਰੋਨ ਪਹੁੰਚਿਆ। ਮੈਂ ਸ਼ਹਿਰ ਵਿਚ ਵੱਡਾ ਹੋਇਆ ਸੀ ਅਤੇ ਪਹਿਲੀ ਵਾਰ ਮੈਂ ਕੋਈ ਅਜਿਹੀ ਥਾਂ ਦੇਖੀ ਸੀ ਜਿੱਥੇ ਬਿਜਲੀ-ਪਾਣੀ ਦੀ ਇੰਨੀ ਸੁਵਿਧਾ ਨਹੀਂ ਸੀ ਤੇ ਗੱਡੀਆਂ ਵਗੈਰਾ ਵੀ ਬਹੁਤ ਘੱਟ ਸੀ। ਉੱਥੇ ਕੁਝ ਭੈਣ-ਭਰਾ ਤਾਂ ਸਨ, ਪਰ ਮੇਰੇ ਨਾਲ ਪ੍ਰਚਾਰ ਕਰਨ ਲਈ ਕੋਈ ਪਾਇਨੀਅਰ ਸਾਥੀ ਨਹੀਂ ਸੀ। ਇਸ ਲਈ ਮੈਂ ਕਦੇ-ਕਦੇ ਇਕੱਲਾ ਹੀ ਪ੍ਰਚਾਰ ਕਰਦਾ ਸੀ। ਪਹਿਲਾ ਮਹੀਨਾ ਮੇਰੇ ਲਈ ਬਹੁਤ ਔਖਾ ਸੀ। ਮੈਨੂੰ ਆਪਣੇ ਪਰਿਵਾਰ ਤੇ ਦੋਸਤਾਂ ਦੀ ਬਹੁਤ ਯਾਦ ਆਉਂਦੀ ਸੀ। ਮੈਂ ਰਾਤ ਨੂੰ ਇਕੱਲਿਆਂ ਬੈਠ ਕੇ ਤਾਰਿਆਂ ਨਾਲ ਭਰੇ ਆਸਮਾਨ ਨੂੰ ਦੇਖਦਾ ਸੀ ਅਤੇ ਮੈਨੂੰ ਰੋਣਾ ਆਉਂਦਾ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਸਾਰਾ ਕੁਝ ਛੱਡ-ਛੁਡ ਕੇ ਘਰ ਚਲਾ ਜਾਵਾਂ।

ਜਦੋਂ ਮੈਂ ਇਕੱਲਾਪਣ ਮਹਿਸੂਸ ਕਰਦਾ ਸੀ, ਤਾਂ ਮੈਂ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਦਾ ਸੀ। ਮੈਂ ਉਨ੍ਹਾਂ ਹੌਸਲਾ ਵਧਾਉਣ ਵਾਲੀਆਂ ਗੱਲਾਂ ਨੂੰ ਯਾਦ ਕਰਦਾ ਸੀ ਜੋ ਮੈਂ ਬਾਈਬਲ ਅਤੇ ਪ੍ਰਕਾਸ਼ਨਾਂ ਵਿੱਚੋਂ ਪੜ੍ਹੀਆਂ ਸਨ। ਮੈਂ ਅਕਸਰ ਜ਼ਬੂਰ 19:14 ਬਾਰੇ ਸੋਚਦਾ ਹੁੰਦਾ ਸੀ। ਇਸ ਤੋਂ ਮੈਂ ਸਮਝ ਸਕਿਆ ਕਿ ਜੇ ਮੈਂ ਉਨ੍ਹਾਂ ਗੱਲਾਂ ਬਾਰੇ ਸੋਚਦਾ ਹਾਂ ਜਿਨ੍ਹਾਂ ਤੋਂ ਯਹੋਵਾਹ ਦਾ ਦਿਲ ਖ਼ੁਸ਼ ਹੁੰਦਾ ਹੈ, ਜਿਵੇਂ ਉਸ ਦੇ ਕੰਮਾਂ ਤੇ ਗੁਣਾਂ ਬਾਰੇ, ਤਾਂ ਯਹੋਵਾਹ ‘ਮੇਰੀ ਚਟਾਨ ਅਤੇ ਮੇਰਾ ਮੁਕਤੀਦਾਤਾ’ ਬਣ ਜਾਵੇਗਾ। ਮੈਨੂੰ ਪਹਿਰਾਬੁਰਜ ਦੇ ਇਕ ਲੇਖ ਤੋਂ ਵੀ ਬਹੁਤ ਮਦਦ ਮਿਲੀ ਜਿਸ ਦਾ ਵਿਸ਼ਾ ਸੀ, “ਤੁਸੀਂ ਇਕੱਲੇ ਨਹੀਂ ਹੋ।” a ਮੈਂ ਇਸ ਲੇਖ ਨੂੰ ਵਾਰ-ਵਾਰ ਪੜ੍ਹਿਆ। ਜਦੋਂ ਮੈਂ ਇਕੱਲਾ ਹੁੰਦਾ ਸੀ, ਤਾਂ ਮੈਨੂੰ ਅਹਿਸਾਸ ਹੁੰਦਾ ਸੀ ਕਿ ਯਹੋਵਾਹ ਮੇਰੇ ਨਾਲ ਹੈ। ਇਸ ਦੌਰਾਨ ਮੈਂ ਪ੍ਰਾਰਥਨਾ ਕਰਦਾ ਸੀ, ਅਧਿਐਨ ਕਰਦਾ ਸੀ ਅਤੇ ਸੋਚ-ਵਿਚਾਰ ਕਰਦਾ ਸੀ।

ਕੋਰੋਨ ਪਹੁੰਚਣ ਤੋਂ ਕੁਝ ਸਮੇਂ ਬਾਅਦ ਮੈਨੂੰ ਬਜ਼ੁਰਗ ਵਜੋਂ ਨਿਯੁਕਤ ਕੀਤਾ ਗਿਆ। ਉੱਥੇ ਮੈਂ ਹੀ ਇਕੱਲਾ ਬਜ਼ੁਰਗ ਸੀ। ਇਸ ਕਰਕੇ ਮੈਨੂੰ ਹਰ ਹਫ਼ਤੇ ਬਾਈਬਲ ਸਿਖਲਾਈ ਸਕੂਲ, ਸੇਵਾ ਸਭਾ, ਮੰਡਲੀ ਦੀ ਬਾਈਬਲ ਸਟੱਡੀ ਅਤੇ ਪਹਿਰਾਬੁਰਜ ਚਲਾਉਣਾ ਪੈਂਦਾ ਸੀ। ਮੈਂ ਹਰ ਹਫ਼ਤੇ ਪਬਲਿਕ ਭਾਸ਼ਣ ਵੀ ਦਿੰਦਾ ਹੁੰਦਾ ਸੀ। ਹੁਣ ਮੇਰੇ ਕੋਲ ਇਕੱਲਾ ਮਹਿਸੂਸ ਕਰਨ ਦਾ ਸਮਾਂ ਨਹੀਂ ਸੀ ਹੁੰਦਾ।

ਕੋਰੋਨ ਵਿਚ ਪ੍ਰਚਾਰ ਕਰ ਕੇ ਮੈਨੂੰ ਬਹੁਤ ਮਜ਼ਾ ਆਇਆ। ਮੇਰੀਆਂ ਕੁਝ ਬਾਈਬਲ ਸਟੱਡੀਆਂ ਨੇ ਬਪਤਿਸਮਾ ਲਿਆ। ਪਰ ਮੈਨੂੰ ਕੁਝ ਮੁਸ਼ਕਲਾਂ ਵੀ ਆਈਆਂ। ਮੈਂ ਤੁਰ ਕੇ ਪ੍ਰਚਾਰ ਦੇ ਇਲਾਕੇ ਵਿਚ ਜਾਂਦਾ ਸੀ। ਕਈ ਵਾਰ ਤਾਂ ਮੈਂ ਸਵੇਰੇ ਨਿਕਲਦਾ ਸੀ ਤੇ ਪ੍ਰਚਾਰ ਦੇ ਇਲਾਕੇ ਵਿਚ ਦੁਪਹਿਰ ਨੂੰ ਪਹੁੰਚਦਾ ਸੀ। ਮੈਨੂੰ ਇਹ ਵੀ ਨਹੀਂ ਪਤਾ ਹੁੰਦਾ ਸੀ ਕਿ ਉੱਥੇ ਪਹੁੰਚ ਕੇ ਮੈਂ ਰਾਤ ਕਿੱਥੇ ਰਹਾਂਗਾ। ਸਾਡੀ ਮੰਡਲੀ ਦੇ ਪ੍ਰਚਾਰ ਦੇ ਇਲਾਕੇ ਵਿਚ ਕਾਫ਼ੀ ਟਾਪੂ ਵੀ ਸਨ। ਮੈਂ ਅਕਸਰ ਉਨ੍ਹਾਂ ਟਾਪੂਆਂ ʼਤੇ ਪਹੁੰਚਣ ਲਈ ਮੋਟਰ ਵਾਲੀ ਕਿਸ਼ਤੀ ʼਤੇ ਸਫ਼ਰ ਕਰਦਾ ਸੀ। ਕਈ ਵਾਰ ਸਮੁੰਦਰ ਵਿਚ ਤੂਫ਼ਾਨ ਆ ਜਾਂਦਾ ਸੀ ਤੇ ਮੈਨੂੰ ਤੈਰਨਾ ਵੀ ਨਹੀਂ ਆਉਂਦਾ ਸੀ। ਪਰ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੌਰਾਨ ਯਹੋਵਾਹ ਨੇ ਮੇਰੀ ਹਿਫਾਜ਼ਤ ਕੀਤੀ ਅਤੇ ਮੈਨੂੰ ਸੰਭਾਲੀ ਰੱਖਿਆ। ਅੱਗੇ ਚੱਲ ਕੇ ਮੈਨੂੰ ਅਹਿਸਾਸ ਹੋਇਆ ਕਿ ਅਸਲ ਵਿਚ ਯਹੋਵਾਹ ਮੈਨੂੰ ਪਹਿਲਾਂ ਹੀ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਕਰ ਰਿਹਾ ਸੀ।

ਪਾਪੂਆ ਨਿਊ ਗਿਨੀ

1978 ਵਿਚ ਮੈਨੂੰ ਸੇਵਾ ਕਰਨ ਲਈ ਪਾਪੂਆ ਨਿਊ ਗਿਨੀ ਭੇਜਿਆ ਗਿਆ। ਇਹ ਆਸਟ੍ਰੇਲੀਆ ਦੇ ਉੱਤਰ ਵਿਚ ਹੈ। ਪਾਪੂਆ ਨਿਊ ਗਿਨੀ ਇਕ ਪਹਾੜੀ ਦੇਸ਼ ਹੈ। ਉੱਥੇ ਦੀ ਆਬਾਦੀ ਲਗਭਗ ਤੀਹ ਲੱਖ ਹੈ। ਮੈਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਉੱਥੇ 800 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਵਧੀਆ ਗੱਲ ਇਹ ਸੀ ਕਿ ਜ਼ਿਆਦਾਤਰ ਲੋਕ ਮੈਲਾਨੇਸ਼ੀਆਈ ਪਿਜਨ ਭਾਸ਼ਾ ਬੋਲਦੇ ਸਨ ਜਿਸ ਨੂੰ ਟਾਕ ਪਿਸਿਨ ਵੀ ਕਿਹਾ ਜਾਂਦਾ ਹੈ।

ਕੁਝ ਸਮੇਂ ਲਈ ਮੈਨੂੰ ਅੰਗ੍ਰੇਜ਼ੀ ਬੋਲਣ ਵਾਲੀ ਇਕ ਮੰਡਲੀ ਵਿਚ ਭੇਜਿਆ ਗਿਆ। ਇਹ ਮੰਡਲੀ ਪਾਪੂਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੌਰਸਬੀ ਵਿਚ ਸੀ। ਪਰ ਕੁਝ ਸਮੇਂ ਬਾਅਦ ਮੈਂ ਟਾਕ ਪਿਸਿਨ ਭਾਸ਼ਾ ਬੋਲਣ ਵਾਲੀ ਮੰਡਲੀ ਵਿਚ ਜਾਣ ਲੱਗਾ। ਇਹ ਭਾਸ਼ਾ ਸਿੱਖਣ ਲਈ ਮੈਂ ਇਕ ਕੋਰਸ ਵੀ ਕੀਤਾ। ਮੈਂ ਜੋ ਵੀ ਸਿੱਖਦਾ ਸੀ, ਉਸ ਨੂੰ ਪ੍ਰਚਾਰ ਵਿਚ ਵਰਤਦਾ ਸੀ। ਇਸ ਤਰ੍ਹਾਂ ਮੈਂ ਇਹ ਭਾਸ਼ਾ ਜਲਦੀ ਸਿੱਖ ਸਕਿਆ। ਥੋੜ੍ਹੇ ਸਮੇਂ ਬਾਅਦ, ਮੈਂ ਟਾਕ ਪਿਸਿਨ ਭਾਸ਼ਾ ਵਿਚ ਆਪਣਾ ਪਹਿਲਾ ਪਬਲਿਕ ਭਾਸ਼ਣ ਦਿੱਤਾ। ਫਿਰ ਮੈਨੂੰ ਇਕ ਅਜਿਹੀ ਖ਼ਬਰ ਮਿਲੀ ਜਿਸ ਨੂੰ ਸੁਣ ਕੇ ਮੈਂ ਹੈਰਾਨ ਹੀ ਰਹਿ ਗਿਆ। ਮੈਨੂੰ ਪਾਪੂਆ ਨਿਊ ਗਿਨੀ ਵਿਚ ਆਏ ਨੂੰ ਹਾਲੇ ਇਕ ਸਾਲ ਵੀ ਨਹੀਂ ਹੋਇਆ ਸੀ ਕਿ ਮੈਨੂੰ ਟਾਕ ਪਿਸਿਨ ਮੰਡਲੀਆਂ ਦਾ ਸਰਕਟ ਓਵਰਸੀਅਰ ਨਿਯੁਕਤ ਕੀਤਾ ਗਿਆ। ਇਹ ਮੰਡਲੀਆਂ ਇਕ-ਦੂਜੇ ਤੋਂ ਬਹੁਤ ਦੂਰ ਸਨ ਅਤੇ ਕਈ ਅਲੱਗ-ਅਲੱਗ ਸੂਬਿਆਂ ਵਿਚ ਫੈਲੀਆਂ ਹੋਈਆਂ ਸਨ।

ਮੰਡਲੀਆਂ ਦੂਰ-ਦੂਰ ਹੋਣ ਕਰਕੇ ਮੈਨੂੰ ਕਈ ਸਾਰੇ ਸਰਕਟ ਸੰਮੇਲਨਾਂ ਦਾ ਪ੍ਰਬੰਧ ਕਰਨਾ ਪੈਂਦਾ ਸੀ ਅਤੇ ਕਾਫ਼ੀ ਸਫ਼ਰ ਕਰਨਾ ਪੈਂਦਾ ਸੀ। ਸ਼ੁਰੂ-ਸ਼ੁਰੂ ਵਿਚ ਮੇਰੇ ਲਈ ਸਾਰਾ ਕੁਝ ਨਵਾਂ ਸੀ। ਨਵਾਂ ਦੇਸ਼, ਨਵੀਂ ਭਾਸ਼ਾ ਅਤੇ ਲੋਕਾਂ ਦਾ ਰਹਿਣ-ਸਹਿਣ ਤੇ ਤੌਰ-ਤਰੀਕੇ ਇਕਦਮ ਅਲੱਗ ਸਨ। ਇਸ ਲਈ ਮੈਂ ਬਹੁਤ ਇਕੱਲਾ ਮਹਿਸੂਸ ਕਰਦਾ ਸੀ। ਇਕ ਤਾਂ ਪਹਾੜੀ ਇਲਾਕਾ ਸੀ ਅਤੇ ਸੜਕਾਂ ਵੀ ਨਹੀਂ ਸਨ। ਇਸ ਲਈ ਇਕ ਮੰਡਲੀ ਤੋਂ ਦੂਜੀ ਮੰਡਲੀ ਤਕ ਜਾਣ ਲਈ ਸਿਰਫ਼ ਹਵਾਈ ਜਹਾਜ਼ ਰਾਹੀਂ ਹੀ ਸਫ਼ਰ ਕੀਤਾ ਜਾ ਸਕਦਾ ਸੀ। ਇਸ ਕਰਕੇ ਮੈਂ ਲਗਭਗ ਹਰ ਹਫ਼ਤੇ ਹਵਾਈ ਜਹਾਜ਼ ਵਿਚ ਸਫ਼ਰ ਕਰਦਾ ਸੀ। ਕਈ ਵਾਰ ਤਾਂ ਮੈਂ ਇਕ ਛੋਟੇ ਜਿਹੇ ਜਹਾਜ਼ ਵਿਚ ਇਕੱਲਾ ਹੀ ਹੁੰਦਾ ਸੀ ਤੇ ਜਹਾਜ਼ ਦੀ ਹਾਲਤ ਬਹੁਤ ਖ਼ਸਤਾ ਹੁੰਦੀ ਸੀ। ਉਸ ਵਿਚ ਸਫ਼ਰ ਕਰਨਾ ਉੱਨਾ ਹੀ ਡਰਾਉਣਾ ਸੀ ਜਿੰਨਾ ਫ਼ਿਲਪੀਨ ਵਿਚ ਇਕ ਕਿਸ਼ਤੀ ਰਾਹੀਂ ਸਫ਼ਰ ਕਰਨਾ।

ਉਸ ਜ਼ਮਾਨੇ ਵਿਚ ਬਹੁਤ ਘੱਟ ਲੋਕਾਂ ਕੋਲ ਟੈਲੀਫ਼ੋਨ ਹੁੰਦੇ ਸਨ। ਇਸ ਲਈ ਮੈਂ ਮੰਡਲੀਆਂ ਨੂੰ ਚਿੱਠੀਆਂ ਲਿਖਦਾ ਸੀ। ਅਕਸਰ ਇੱਦਾਂ ਹੁੰਦਾ ਸੀ ਕਿ ਮੇਰੀਆਂ ਚਿੱਠੀਆਂ ਪਹੁੰਚਣ ਤੋਂ ਪਹਿਲਾਂ ਮੈਂ ਉੱਥੇ ਪਹੁੰਚ ਜਾਂਦਾ ਸੀ ਅਤੇ ਗਵਾਹਾਂ ਦਾ ਘਰ ਲੱਭਣ ਲਈ ਮੈਨੂੰ ਉੱਥੇ ਦੇ ਲੋਕਾਂ ਨੂੰ ਪੁੱਛਣਾ ਪੈਂਦਾ ਸੀ। ਪਰ ਹਰ ਵਾਰ ਜਦੋਂ ਮੈਨੂੰ ਭਰਾ ਮਿਲ ਜਾਂਦੇ ਸਨ, ਤਾਂ ਉਹ ਪਿਆਰ ਨਾਲ ਮੇਰਾ ਸੁਆਗਤ ਕਰਦੇ ਸਨ। ਉਨ੍ਹਾਂ ਨੂੰ ਦੇਖ ਕੇ ਮੈਨੂੰ ਲੱਗਦਾ ਸੀ ਕਿ ਮੇਰੀ ਮਿਹਨਤ ਬੇਕਾਰ ਨਹੀਂ ਗਈ। ਮੈਂ ਦੇਖਿਆ ਕਿ ਯਹੋਵਾਹ ਨੇ ਅਲੱਗ-ਅਲੱਗ ਤਰੀਕਿਆਂ ਨਾਲ ਮੇਰੀ ਮਦਦ ਕੀਤੀ ਅਤੇ ਉਸ ਨਾਲ ਮੇਰਾ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਗਿਆ।

ਜਦੋਂ ਮੈਂ ਪਹਿਲੀ ਵਾਰ ਬੋਗੇਨਵਿਲ ਟਾਪੂ ʼਤੇ ਸਭਾ ਲਈ ਗਿਆ, ਤਾਂ ਇਕ ਜੋੜਾ ਮੁਸਕਰਾਉਂਦਾ ਹੋਇਆ ਮੇਰੇ ਕੋਲ ਆਇਆ। ਉਨ੍ਹਾਂ ਨੇ ਮੈਨੂੰ ਪੁੱਛਿਆ: “ਤੁਸੀਂ ਸਾਨੂੰ ਪਛਾਣਿਆ?” ਮੈਨੂੰ ਯਾਦ ਆਇਆ ਕਿ ਜਦੋਂ ਮੈਂ ਪੋਰਟ ਮੌਰਸਬੀ ਟਾਪੂ ʼਤੇ ਆਇਆ ਸੀ, ਤਾਂ ਮੈਂ ਉਨ੍ਹਾਂ ਨੂੰ ਗਵਾਹੀ ਦਿੱਤੀ ਸੀ ਅਤੇ ਉਨ੍ਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਸੀ। ਪਰ ਉੱਥੋਂ ਜਾਣ ਤੋਂ ਪਹਿਲਾਂ ਮੈਂ ਉਹ ਸਟੱਡੀ ਉੱਥੇ ਦੇ ਇਕ ਭਰਾ ਨੂੰ ਦੇ ਦਿੱਤੀ ਸੀ। ਹੁਣ ਉਨ੍ਹਾਂ ਦੋਹਾਂ ਦਾ ਬਪਤਿਸਮਾ ਹੋ ਚੁੱਕਾ ਸੀ। ਮੈਂ ਪਾਪੂਆ ਨਿਊ ਗਿਨੀ ਵਿਚ ਤਿੰਨ ਸਾਲ ਸੇਵਾ ਕੀਤੀ। ਉਸ ਸਮੇਂ ਦੌਰਾਨ ਯਹੋਵਾਹ ਨੇ ਮੈਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ ਤੇ ਉਨ੍ਹਾਂ ਵਿੱਚੋਂ ਇਕ ਬਰਕਤ ਇਹ ਸੀ।

ਸਾਡੇ ਛੋਟੇ ਜਿਹੇ ਪਰਿਵਾਰ ਨੇ ਕੀਤੀ ਜੋਸ਼ ਨਾਲ ਸੇਵਾ

ਮੈਂ ਅਤੇ ਅਡੇਲ

1978 ਵਿਚ ਕੋਰੋਨ ਛੱਡਣ ਤੋਂ ਪਹਿਲਾਂ ਮੇਰੀ ਮੁਲਾਕਾਤ ਇਕ ਭੈਣ ਨਾਲ ਹੋਈ। ਉਸ ਦਾ ਨਾਂ ਸੀ, ਅਡੇਲ। ਉਹ ਬਹੁਤ ਪਿਆਰੀ ਸੀ ਅਤੇ ਖ਼ੁਦ ਨਾਲੋਂ ਜ਼ਿਆਦਾ ਦੂਜਿਆਂ ਦੀ ਫ਼ਿਕਰ ਕਰਦੀ ਸੀ। ਉਹ ਪਾਇਨੀਅਰਿੰਗ ਕਰਨ ਦੇ ਨਾਲ-ਨਾਲ ਆਪਣੇ ਦੋ ਬੱਚਿਆਂ ਦੀ ਪਰਵਰਿਸ਼ ਵੀ ਕਰ ਰਹੀ ਸੀ। ਉਨ੍ਹਾਂ ਦੇ ਨਾਂ ਸਨ, ਸੈਮੂਏਲ ਅਤੇ ਸ਼ਰਲੀ। ਨਾਲੇ ਉਹ ਆਪਣੀ ਸਿਆਣੀ ਉਮਰ ਦੀ ਮਾਂ ਦੀ ਵੀ ਦੇਖ-ਭਾਲ ਕਰਦੀ ਸੀ। ਮੈਂ ਅਡੇਲ ਨਾਲ ਵਿਆਹ ਕਰਨ ਲਈ ਮਈ 1981 ਵਿਚ ਫ਼ਿਲਪੀਨ ਵਾਪਸ ਚਲਾ ਗਿਆ। ਵਿਆਹ ਤੋਂ ਬਾਅਦ ਅਸੀਂ ਦੋਹਾਂ ਨੇ ਇਕੱਠੇ ਮਿਲ ਕੇ ਪਾਇਨੀਅਰਿੰਗ ਕੀਤੀ ਅਤੇ ਆਪਣੇ ਪਰਿਵਾਰ ਦੀ ਦੇਖ-ਭਾਲ ਕੀਤੀ।

ਅਡੇਲ ਅਤੇ ਆਪਣੇ ਬੱਚਿਆਂ ਸੈਮੂਏਲ ਤੇ ਸ਼ਰਲੀ ਨਾਲ ਪਾਲਾਵਨ ਵਿਚ ਸੇਵਾ ਕਰਦੇ ਹੋਏ

ਭਾਵੇਂ ਕਿ ਹੁਣ ਮੇਰਾ ਇਕ ਪਰਿਵਾਰ ਸੀ, ਪਰ ਫਿਰ ਵੀ 1983 ਵਿਚ ਮੈਨੂੰ ਦੁਬਾਰਾ ਸਪੈਸ਼ਲ ਪਾਇਨੀਅਰ ਵਜੋਂ ਨਿਯੁਕਤ ਕੀਤਾ ਗਿਆ ਅਤੇ ਪਾਲਾਵਨ ਸੂਬੇ ਦੇ ਲਿਨਾਪਾਕਨ ਟਾਪੂ ਭੇਜਿਆ ਗਿਆ। ਸਾਡਾ ਪੂਰਾ ਪਰਿਵਾਰ ਉਸ ਦੂਰ-ਦੁਰਾਡੇ ਇਲਾਕੇ ਵਿਚ ਚਲਾ ਗਿਆ ਜਿੱਥੇ ਕੋਈ ਗਵਾਹ ਨਹੀਂ ਸੀ। ਉੱਥੇ ਪਹੁੰਚਣ ਤੋਂ ਲਗਭਗ ਇਕ ਸਾਲ ਬਾਅਦ ਅਡੇਲ ਦੀ ਮੰਮੀ ਦੀ ਮੌਤ ਹੋ ਗਈ। ਪਰ ਪ੍ਰਚਾਰ ਵਿਚ ਰੁੱਝੇ ਰਹਿਣ ਕਰਕੇ ਅਸੀਂ ਇਹ ਗਮ ਸਹਿ ਸਕੇ। ਲਿਨਾਪਾਕਨ ਵਿਚ ਅਸੀਂ ਕਈ ਲੋਕਾਂ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਅਤੇ ਉਹ ਸਭਾਵਾਂ ਵਿਚ ਵੀ ਆਉਂਦੇ ਹੁੰਦੇ ਸਨ। ਇਸ ਕਰਕੇ ਥੋੜ੍ਹੇ ਸਮੇਂ ਬਾਅਦ ਸਾਨੂੰ ਇਕ ਛੋਟੇ ਜਿਹੇ ਕਿੰਗਡਮ ਹਾਲ ਦੀ ਜ਼ਰੂਰਤ ਪਈ। ਇਸ ਲਈ ਅਸੀਂ ਖ਼ੁਦ ਇਕ ਕਿੰਗਡਮ ਹਾਲ ਬਣਾ ਲਿਆ। ਉੱਥੇ ਸੇਵਾ ਸ਼ੁਰੂ ਕਰਨ ਤੋਂ ਤਿੰਨ ਸਾਲ ਬਾਅਦ ਯਿਸੂ ਦੀ ਮੌਤ ਦੀ ਯਾਦਗਾਰ ਵਿਚ 110 ਜਣੇ ਆਏ। ਇਹ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ। ਸਾਡੇ ਲਿਨਾਪਾਕਨ ਛੱਡਣ ਤੋਂ ਬਾਅਦ ਉਨ੍ਹਾਂ ਵਿੱਚੋਂ ਕਈ ਜਣਿਆਂ ਨੇ ਬਪਤਿਸਮਾ ਲੈ ਲਿਆ।

1986 ਵਿਚ ਮੈਨੂੰ ਕੂਲੀਓਨ ਟਾਪੂ ਭੇਜਿਆ ਗਿਆ ਜਿੱਥੇ ਕੋੜ੍ਹੀ ਲੋਕਾਂ ਦੀ ਕਲੋਨੀ ਸੀ। ਉੱਥੇ ਪਹੁੰਚਣ ਤੋਂ ਕੁਝ ਸਾਲਾਂ ਬਾਅਦ ਅਡੇਲ ਨੂੰ ਵੀ ਸਪੈਸ਼ਲ ਪਾਇਨੀਅਰ ਵਜੋਂ ਨਿਯੁਕਤ ਕੀਤਾ ਗਿਆ। ਸ਼ੁਰੂ-ਸ਼ੁਰੂ ਵਿਚ ਸਾਨੂੰ ਕੋੜ੍ਹੀ ਲੋਕਾਂ ਨੂੰ ਪ੍ਰਚਾਰ ਕਰਨ ਵਿਚ ਘਬਰਾਹਟ ਹੁੰਦੀ ਸੀ। ਪਰ ਫਿਰ ਉੱਥੇ ਦੇ ਭੈਣਾਂ-ਭਰਾਵਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਇਨ੍ਹਾਂ ਦਾ ਇਲਾਜ ਹੋ ਚੁੱਕਾ ਹੈ ਅਤੇ ਉਨ੍ਹਾਂ ਤੋਂ ਬੀਮਾਰੀ ਲੱਗਣ ਦਾ ਇੰਨਾ ਜ਼ਿਆਦਾ ਖ਼ਤਰਾ ਨਹੀਂ ਹੈ। ਉਨ੍ਹਾਂ ਵਿੱਚੋਂ ਕੁਝ ਲੋਕ ਇਕ ਭੈਣ ਦੇ ਘਰੇ ਸਭਾਵਾਂ ਲਈ ਆਉਂਦੇ ਸਨ। ਫਿਰ ਜਲਦੀ ਸਾਨੂੰ ਇੱਦਾਂ ਦੇ ਲੋਕਾਂ ਨੂੰ ਪ੍ਰਚਾਰ ਕਰਨ ਵਿਚ ਮਜ਼ਾ ਆਉਣ ਲੱਗ ਪਿਆ ਜਿਨ੍ਹਾਂ ਨੂੰ ਲੱਗਦਾ ਸੀ ਕਿ ਨਾ ਇਨਸਾਨਾਂ ਨੂੰ ਅਤੇ ਨਾ ਹੀ ਰੱਬ ਨੂੰ ਉਨ੍ਹਾਂ ਦੀ ਕੋਈ ਪਰਵਾਹ ਹੈ। ਪਰ ਜਦੋਂ ਉਨ੍ਹਾਂ ਨੂੰ ਬਾਈਬਲ ਤੋਂ ਪਤਾ ਲੱਗਾ ਕਿ ਇਕ ਇੱਦਾਂ ਦਾ ਸਮਾਂ ਆਉਣ ਵਾਲਾ ਹੈ ਜਦੋਂ ਉਹ ਪੂਰੀ ਤਰ੍ਹਾਂ ਠੀਕ ਹੋ ਜਾਣਗੇ, ਤਾਂ ਉਨ੍ਹਾਂ ਦੇ ਚਿਹਰੇ ʼਤੇ ਖ਼ੁਸ਼ੀ ਦੀ ਬਹਾਰ ਆ ਗਈ। ਉਨ੍ਹਾਂ ਦੀ ਖ਼ੁਸ਼ੀ ਦੇਖ ਕੇ ਸਾਨੂੰ ਵੀ ਬਹੁਤ ਖ਼ੁਸ਼ੀ ਹੋਈ।​—ਲੂਕਾ 5:12, 13.

ਕੂਲੀਓਨ ਵਿਚ ਸਾਡੇ ਬੱਚਿਆਂ ਦਾ ਤਜਰਬਾ ਕਿੱਦਾਂ ਦਾ ਰਿਹਾ? ਮੈਂ ਅਤੇ ਅਡੇਲ ਨੇ ਕੋਰੋਨ ਤੋਂ ਦੋ ਜਵਾਨ ਭੈਣਾਂ ਨੂੰ ਬੁਲਾਇਆ ਤਾਂਕਿ ਉਹ ਸੈਮੂਏਲ ਅਤੇ ਸ਼ਰਲੀ ਨਾਲ ਸਮਾਂ ਬਿਤਾ ਸਕਣ। ਮੈਂ ਅਤੇ ਅਡੇਲ ਜਿਨ੍ਹਾਂ ਲੋਕਾਂ ਨੂੰ ਸਟੱਡੀ ਕਰਾਉਂਦੇ ਸੀ, ਸਾਡੇ ਬੱਚੇ ਉਨ੍ਹਾਂ ਦੇ ਬੱਚਿਆਂ ਨੂੰ ਸਟੱਡੀ ਕਰਾਉਂਦੇ ਸੀ। ਇਕ ਸਮੇਂ ਤੇ ਅਸੀਂ 11 ਪਰਿਵਾਰਾਂ ਨਾਲ ਸਟੱਡੀ ਕਰ ਰਹੇ ਸੀ। ਜਲਦੀ ਹੀ ਬਹੁਤ ਸਾਰੇ ਲੋਕ ਸੱਚਾਈ ਵਿਚ ਤਰੱਕੀ ਕਰਨ ਲੱਗ ਪਏ। ਇਸ ਕਰਕੇ ਉੱਥੇ ਇਕ ਮੰਡਲੀ ਬਣ ਗਈ।

ਕੂਲੀਓਨ ਵਿਚ ਅੱਠ ਪ੍ਰਚਾਰਕ ਤੇ ਉਸ ਦੇ ਨਾਲ ਦੇ ਪਿੰਡ ਮੈਰਿਲੀ ਵਿਚ ਨੌਂ ਪ੍ਰਚਾਰਕ ਸਨ। ਉਸ ਪੂਰੇ ਇਲਾਕੇ ਵਿਚ ਮੈਂ ਇਕੱਲਾ ਸੀ ਜੋ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਸੀ। ਇਸ ਕਰਕੇ ਬ੍ਰਾਂਚ ਆਫ਼ਿਸ ਨੇ ਮੈਨੂੰ ਕਿਹਾ ਕਿ ਮੈਂ ਉਨ੍ਹਾਂ ਦੋਹਾਂ ਥਾਵਾਂ ʼਤੇ ਸਭਾਵਾਂ ਚਲਾਵਾਂ। ਕੂਲੀਓਨ ਤੋਂ ਮੈਰਿਲੀ ਜਾਣ ਲਈ ਸਾਨੂੰ ਤਿੰਨ ਘੰਟੇ ਕਿਸ਼ਤੀ ਵਿਚ ਸਫ਼ਰ ਕਰਨਾ ਪੈਂਦਾ ਸੀ। ਸਭਾਵਾਂ ਤੋਂ ਬਾਅਦ, ਬਾਈਬਲ ਸਟੱਡੀਆਂ ਕਰਾਉਣ ਲਈ ਸਾਡਾ ਪੂਰਾ ਪਰਿਵਾਰ ਕਈ ਘੰਟੇ ਪਹਾੜੀ ਰਸਤਿਆਂ ʼਤੇ ਤੁਰ ਕੇ ਹੈਲਸੀ ਪਿੰਡ ਵਿਚ ਪਹੁੰਚਦਾ ਸੀ।

ਅੱਗੇ ਚੱਲ ਕੇ ਮੈਰਿਲੀ ਅਤੇ ਹੈਲਸੀ ਵਿਚ ਇੰਨੇ ਲੋਕ ਸੱਚਾਈ ਵਿਚ ਆਏ ਕਿ ਅਸੀਂ ਦੋਹਾਂ ਥਾਵਾਂ ʼਤੇ ਕਿੰਗਡਮ ਹਾਲ ਬਣਾਏ। ਲਿਨਾਪਾਕਨ ਦੇ ਭੈਣਾਂ-ਭਰਾਵਾਂ ਵਾਂਗ ਇੱਥੇ ਦੇ ਭੈਣਾਂ-ਭਰਾਵਾਂ ਅਤੇ ਦਿਲਚਸਪੀ ਰੱਖਣ ਵਾਲਿਆਂ ਨੇ ਉਸਾਰੀ ਦੇ ਕੰਮ ਵਿਚ ਹੱਥ ਵਟਾਇਆ ਤੇ ਉਸਾਰੀ ਲਈ ਬਹੁਤ ਸਾਰਾ ਸਾਮਾਨ ਦਿੱਤਾ। ਮੈਰਿਲੀ ਦੇ ਕਿੰਗਡਮ ਹਾਲ ਵਿਚ 200 ਲੋਕ ਬੈਠ ਸਕਦੇ ਸਨ ਅਤੇ ਅਸੀਂ ਇਸ ਨੂੰ ਵੱਡਾ ਵੀ ਕਰ ਸਕਦੇ ਸੀ। ਇਸ ਕਰਕੇ ਅਸੀਂ ਉੱਥੇ ਸੰਮੇਲਨ ਵੀ ਰੱਖ ਸਕੇ।

ਦੁੱਖ ਅਤੇ ਇਕੱਲਾਪਣ, ਪਰ ਖ਼ੁਸ਼ੀ ਵਾਪਸ ਆਈ

ਜਦੋਂ ਬੱਚੇ ਵੱਡੇ ਹੋ ਗਏ, ਤਾਂ 1993 ਵਿਚ ਮੈਂ ਅਤੇ ਅਡੇਲ ਫ਼ਿਲਪੀਨ ਵਿਚ ਸਰਕਟ ਕੰਮ ਕਰਨ ਲੱਗ ਪਏ। ਫਿਰ 2000 ਵਿਚ ਮੈਂ ਸੇਵਕਾਈ ਸਿਖਲਾਈ ਸਕੂਲ ਵਿਚ ਗਿਆ ਜਿੱਥੇ ਮੈਨੂੰ ਇਸ ਸਕੂਲ ਵਿਚ ਸਿਖਲਾਈ ਦੇਣ ਦੀ ਟ੍ਰੇਨਿੰਗ ਦਿੱਤੀ ਗਈ। ਮੈਨੂੰ ਲੱਗਦਾ ਸੀ ਕਿ ਮੈਂ ਇਹ ਜ਼ਿੰਮੇਵਾਰੀ ਨਹੀਂ ਨਿਭਾ ਸਕਾਂਗਾ। ਪਰ ਅਡੇਲ ਨੇ ਮੈਨੂੰ ਹਮੇਸ਼ਾ ਹੱਲਾਸ਼ੇਰੀ ਦਿੱਤੀ। ਉਸ ਨੇ ਕਿਹਾ ਕਿ ਇਸ ਨਵੀਂ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਯਹੋਵਾਹ ਮੈਨੂੰ ਤਾਕਤ ਦੇਵੇਗਾ। (ਫ਼ਿਲਿ. 4:13) ਅਡੇਲ ਨੇ ਖ਼ੁਦ ਇਸ ਗੱਲ ਦਾ ਤਜਰਬਾ ਕੀਤਾ ਸੀ। ਕੁਝ ਸਮੇਂ ਤੋਂ ਉਸ ਦੀ ਸਿਹਤ ਠੀਕ ਨਹੀਂ ਸੀ। ਪਰ ਯਹੋਵਾਹ ਦੀ ਤਾਕਤ ਨਾਲ ਹੀ ਉਹ ਉਸ ਦੀ ਸੇਵਾ ਕਰ ਰਹੀ ਸੀ।

2006 ਵਿਚ ਸਾਨੂੰ ਇਕ ਅਜਿਹੀ ਖ਼ਬਰ ਮਿਲੀ ਜਿਸ ਨੂੰ ਸੁਣ ਕੇ ਸਾਨੂੰ ਬਹੁਤ ਧੱਕਾ ਲੱਗਾ। ਡਾਕਟਰ ਨੇ ਸਾਨੂੰ ਦੱਸਿਆ ਕਿ ਅਡੇਲ ਨੂੰ ਪਾਰਕਿਨਸਨਜ਼ ਨਾਂ ਦੀ ਬੀਮਾਰੀ ਸੀ। ਉਸ ਸਮੇਂ ਮੈਂ ਸੰਗਠਨ ਦੇ ਇਕ ਸਕੂਲ ਵਿਚ ਸਿਖਾਉਂਦਾ ਹੁੰਦਾ ਸੀ। ਮੈਂ ਅਡੇਲ ਨੂੰ ਕਿਹਾ ਕਿ ਮੈਂ ਜ਼ਿੰਮੇਵਾਰੀ ਛੱਡ ਦਿੰਦਾ ਹਾਂ ਤਾਂਕਿ ਮੈਂ ਉਸ ਦੀ ਹੋਰ ਵੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਾਂ। ਪਰ ਅਡੇਲ ਨੇ ਕਿਹਾ: “ਤੁਸੀਂ ਇਕ ਡਾਕਟਰ ਲੱਭ ਲਓ ਜੋ ਮੇਰਾ ਚੰਗੀ ਤਰ੍ਹਾਂ ਇਲਾਜ ਕਰ ਸਕੇ। ਨਾਲੇ ਯਹੋਵਾਹ ਹੈ ਨਾ। ਉਹ ਸਾਡੀ ਮਦਦ ਕਰੇਗਾ ਤਾਂਕਿ ਅਸੀਂ ਉਸ ਦੀ ਸੇਵਾ ਵਿਚ ਲੱਗੇ ਰਹੀਏ।” ਅਗਲੇ ਛੇ ਸਾਲਾਂ ਤਕ ਅਡੇਲ ਬਿਨਾਂ ਸ਼ਿਕਾਇਤ ਕੀਤਿਆਂ ਯਹੋਵਾਹ ਦੀ ਸੇਵਾ ਵਿਚ ਲੱਗੀ ਰਹੀ। ਜਦੋਂ ਉਸ ਲਈ ਤੁਰਨਾ-ਫਿਰਨਾ ਔਖਾ ਹੋ ਗਿਆ, ਤਾਂ ਉਹ ਵੀਲ੍ਹ ਚੇਅਰ ʼਤੇ ਬੈਠ ਕੇ ਪ੍ਰਚਾਰ ਕਰਦੀ ਸੀ। ਜਦੋਂ ਉਸ ਲਈ ਬੋਲਣਾ ਔਖਾ ਹੋ ਗਿਆ, ਤਾਂ ਉਹ ਸਭਾਵਾਂ ਵਿਚ ਇਕ ਜਾਂ ਦੋ ਸ਼ਬਦਾਂ ਵਿਚ ਜਵਾਬ ਦਿੰਦੀ ਸੀ। ਅਡੇਲ ਨੇ ਸਾਰਾ ਕੁਝ ਬਹੁਤ ਹਿੰਮਤ ਨਾਲ ਸਹਿਆ। ਭੈਣ-ਭਰਾ ਅਕਸਰ ਉਸ ਨੂੰ ਕਾਰਡ ਅਤੇ ਮੈਸਿਜ ਭੇਜ ਕੇ ਦੱਸਦੇ ਸਨ ਕਿ ਉਹ ਉਨ੍ਹਾਂ ਲਈ ਇਕ ਵਧੀਆ ਮਿਸਾਲ ਹੈ। ਫਿਰ 2013 ਵਿਚ ਅਡੇਲ ਦੀ ਮੌਤ ਹੋ ਗਈ। ਮੈਂ ਆਪਣੀ ਪਿਆਰੀ ਪਤਨੀ ਨਾਲ 30 ਸਾਲ ਬਿਤਾਏ ਸਨ। ਉਸ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਉਸ ਦੀ ਮੌਤ ਤੋਂ ਬਾਅਦ ਮੈਂ ਇਕ ਵਾਰ ਫਿਰ ਤੋਂ ਦੁੱਖ ਵਿਚ ਚਲਾ ਗਿਆ ਤੇ ਮੈਨੂੰ ਇਕੱਲੇਪਣ ਨੇ ਸਤਾਇਆ।

ਅਡੇਲ ਚਾਹੁੰਦੀ ਸੀ ਕਿ ਮੈਂ ਆਪਣੀ ਸੇਵਾ ਜਾਰੀ ਰੱਖਾਂ ਅਤੇ ਮੈਂ ਇੱਦਾਂ ਹੀ ਕੀਤਾ। ਮੈਂ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਦਾ ਰਿਹਾ। ਇਸ ਕਰਕੇ ਮੈਂ ਇਕੱਲੇਪਣ ਨਾਲ ਲੜ ਸਕਿਆ। 2014 ਤੋਂ 2017 ਦੌਰਾਨ ਮੈਨੂੰ ਟਾਗਾਲੋਗ ਭਾਸ਼ਾ ਬੋਲਣ ਵਾਲੀਆਂ ਮੰਡਲੀਆਂ ਦਾ ਦੌਰਾ ਕਰਨ ਲਈ ਭੇਜਿਆ ਗਿਆ। ਇਹ ਉਨ੍ਹਾਂ ਦੇਸ਼ਾਂ ਵਿਚ ਸਨ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਸੀ। ਇਸ ਤੋਂ ਬਾਅਦ ਮੈਂ ਤਾਈਵਾਨ, ਅਮਰੀਕਾ ਅਤੇ ਕੈਨੇਡਾ ਵਿਚ ਟਾਗਾਲੋਗ ਭਾਸ਼ਾ ਬੋਲਣ ਵਾਲੀਆਂ ਮੰਡਲੀਆਂ ਦਾ ਦੌਰਾ ਕੀਤਾ। 2019 ਵਿਚ ਮੈਂ ਭਾਰਤ ਅਤੇ ਥਾਈਲੈਂਡ ਵਿਚ ਅੰਗ੍ਰੇਜ਼ੀ ਭਾਸ਼ਾ ਵਿਚ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਦੀ ਕਲਾਸ ਚਲਾਈ। ਇਨ੍ਹਾਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਕੇ ਮੈਨੂੰ ਬਹੁਤ ਖ਼ੁਸ਼ੀ ਮਿਲੀ। ਮੈਂ ਦੇਖਿਆ ਕਿ ਜਦੋਂ ਮੈਂ ਪੂਰੀ ਤਰ੍ਹਾਂ ਯਹੋਵਾਹ ਦੀ ਸੇਵਾ ਵਿਚ ਰੁੱਝਿਆ ਰਹਿੰਦਾ ਹਾਂ, ਤਾਂ ਮੈਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ।

ਮਦਦ ਦੂਰ ਨਹੀਂ

ਮੈਨੂੰ ਯਹੋਵਾਹ ਦੀ ਸੇਵਾ ਕਰਨ ਲਈ ਜਿੱਥੇ ਕਿਤੇ ਵੀ ਭੇਜਿਆ ਗਿਆ, ਉੱਥੇ ਦੇ ਭੈਣਾਂ-ਭਰਾਵਾਂ ਨਾਲ ਮੇਰੀ ਵਧੀਆ ਦੋਸਤੀ ਹੋ ਗਈ। ਇਸ ਲਈ ਉਨ੍ਹਾਂ ਨੂੰ ਛੱਡ ਕੇ ਜਾਣਾ ਮੇਰੇ ਲਈ ਕਦੇ ਵੀ ਸੌਖਾ ਨਹੀਂ ਰਿਹਾ। ਪਰ ਮੈਂ ਸਿੱਖਿਆ ਹੈ ਕਿ ਅਜਿਹੇ ਸਮੇਂ ਵਿਚ ਮੈਨੂੰ ਯਹੋਵਾਹ ʼਤੇ ਭਰੋਸਾ ਰੱਖਣਾ ਚਾਹੀਦਾ ਹੈ। ਜਦੋਂ ਵੀ ਮੇਰੀ ਜ਼ਿੰਦਗੀ ਵਿਚ ਕੋਈ ਬਦਲਾਅ ਹੋਇਆ, ਤਾਂ ਉਸ ਮੁਤਾਬਕ ਢਲ਼ਣ ਵਿਚ ਯਹੋਵਾਹ ਨੇ ਮੇਰੀ ਮਦਦ ਕੀਤੀ ਅਤੇ ਹਰ ਵਾਰ ਮੇਰਾ ਸਾਥ ਦਿੱਤਾ। ਅੱਜ ਮੈਂ ਫ਼ਿਲਪੀਨ ਵਿਚ ਸਪੈਸ਼ਲ ਪਾਇਨੀਅਰਿੰਗ ਕਰ ਰਿਹਾ ਹਾਂ। ਮੈਂ ਆਪਣੀ ਨਵੀਂ ਮੰਡਲੀ ਵਿਚ ਪੂਰੀ ਤਰ੍ਹਾਂ ਢਲ਼ ਚੁੱਕਾ ਹਾਂ ਅਤੇ ਇੱਥੋਂ ਦੇ ਭੈਣ-ਭਰਾ ਮੇਰਾ ਪਰਿਵਾਰ ਬਣ ਗਏ ਹਨ। ਉਹ ਮੇਰਾ ਬਹੁਤ ਖ਼ਿਆਲ ਰੱਖਦੇ ਹਨ। ਸੈਮੂਏਲ ਅਤੇ ਸ਼ਰਲੀ ਵੀ ਆਪਣੀ ਮਾਂ ਵਾਂਗ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਵਿਚ ਲੱਗੇ ਹੋਏ ਹਨ। ਮੈਨੂੰ ਉਨ੍ਹਾਂ ʼਤੇ ਬਹੁਤ ਮਾਣ ਹੈ।​—3 ਯੂਹੰ. 4.

ਮੰਡਲੀ ਦੇ ਭੈਣ-ਭਰਾ ਮੇਰਾ ਪਰਿਵਾਰ ਬਣ ਗਏ ਹਨ

ਮੇਰੀ ਜ਼ਿੰਦਗੀ ਵਿਚ ਕਈ ਮੁਸ਼ਕਲਾਂ ਆਈਆਂ। ਮੈਂ ਆਪਣੀ ਪਿਆਰੀ ਪਤਨੀ ਨੂੰ ਇਕ ਦਰਦਨਾਕ ਬੀਮਾਰੀ ਨਾਲ ਲੜਦਿਆਂ ਅਤੇ ਮੌਤ ਦੇ ਮੂੰਹ ਵਿਚ ਜਾਂਦਿਆਂ ਦੇਖਿਆ। ਮੈਨੂੰ ਕਈ ਵਾਰ ਨਵੇਂ ਹਾਲਾਤਾਂ ਮੁਤਾਬਕ ਖ਼ੁਦ ਨੂੰ ਢਾਲ਼ਣਾ ਵੀ ਪਿਆ। ਪਰ ਮੈਂ ਹਮੇਸ਼ਾ ਮਹਿਸੂਸ ਕੀਤਾ ਕਿ ਯਹੋਵਾਹ “ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।” (ਰਸੂ. 17:27) ਉਸ ਦਾ “ਹੱਥ ਇੰਨਾ ਛੋਟਾ ਨਹੀਂ” ਕਿ ਉਹ ਆਪਣੇ ਸੇਵਕਾਂ ਨੂੰ ਬਚਾ ਨਾ ਸਕੇ ਅਤੇ ਉਨ੍ਹਾਂ ਵਿਚ ਤਾਕਤ ਨਾ ਭਰ ਸਕੇ, ਫਿਰ ਚਾਹੇ ਉਹ ਕਿਸੇ ਦੂਰ-ਦੁਰਾਡੇ ਇਲਾਕੇ ਵਿਚ ਹੀ ਕਿਉਂ ਨਾ ਹੋਣ। (ਯਸਾ. 59:1) ਮੇਰੀ ਪੂਰੀ ਜ਼ਿੰਦਗੀ ਯਹੋਵਾਹ ਨੇ ਮੇਰਾ ਸਾਥ ਦਿੱਤਾ। ਉਹ ਮੇਰੀ ਚਟਾਨ ਹੈ ਅਤੇ ਮੈਂ ਉਸ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਸੱਚ-ਮੁੱਚ, ਮੈਂ ਕਦੇ ਵੀ ਇਕੱਲਾ ਨਹੀਂ ਸੀ!

a ਪਹਿਰਾਬੁਰਜ 1 ਸਤੰਬਰ 1972 ਦੇ ਸਫ਼ੇ 521-527 (ਅੰਗ੍ਰੇਜ਼ੀ) ਦੇਖੋ।