ਅਧਿਐਨ ਲੇਖ 7
ਗੀਤ 15 ਯਹੋਵਾਹ ਦੇ ਜੇਠੇ ਦੀ ਤਾਰੀਫ਼ ਕਰੋ!
ਯਹੋਵਾਹ ਦੀ ਮਾਫ਼ੀ ਤੋਂ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?
“ਤੂੰ ਦਿਲੋਂ ਮਾਫ਼ ਕਰਦਾ ਹੈਂ।”—ਜ਼ਬੂ. 130:4.
ਕੀ ਸਿੱਖਾਂਗੇ?
ਬਾਈਬਲ ਵਿਚ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਦਿਲੋਂ ਮਾਫ਼ ਕਰਦਾ ਹੈ। ਇਸ ਲੇਖ ਵਿਚ ਅਸੀਂ ਇਨ੍ਹਾਂ ਵਿੱਚੋਂ ਕੁਝ ਮਿਸਾਲਾਂ ʼਤੇ ਗੌਰ ਕਰਾਂਗੇ। ਇਸ ਕਰਕੇ ਯਹੋਵਾਹ ਲਈ ਸਾਡੇ ਦਿਲ ਵਿਚ ਹੋਰ ਵੀ ਕਦਰ ਵਧ ਜਾਵੇਗੀ।
1. ਜੇ ਤੁਹਾਡਾ ਦੋਸਤ ਤੁਹਾਨੂੰ ਮਾਫ਼ ਕਰ ਵੀ ਦਿੰਦਾ ਹੈ, ਤਾਂ ਵੀ ਕੀ ਹੋ ਸਕਦਾ ਹੈ?
ਮੰਨ ਲਓ, ਤੁਸੀਂ ਆਪਣੇ ਦੋਸਤ ਦਾ ਦਿਲ ਦੁਖਾਇਆ ਹੈ। ਪਰ ਫਿਰ ਤੁਸੀਂ ਉਸ ਤੋਂ ਮਾਫ਼ੀ ਮੰਗਦੇ ਹੋ। ਉਹ ਕਹਿੰਦਾ ਹੈ, “ਮੈਂ ਤੈਨੂੰ ਮਾਫ਼ ਕਰ ਦਿੱਤਾ।” ਇਹ ਸੁਣ ਕੇ ਤੁਹਾਨੂੰ ਕਿੱਦਾਂ ਲੱਗੇਗਾ? ਤੁਹਾਨੂੰ ਸੁੱਖ ਦਾ ਸਾਹ ਆਵੇਗਾ ਅਤੇ ਤੁਹਾਡੇ ਦਿਲ ਤੋਂ ਇਕ ਭਾਰੀ ਬੋਝ ਉੱਤਰ ਜਾਵੇਗਾ। ਪਰ ਜ਼ਰਾ ਸੋਚੋ, ਕੀ ਤੁਹਾਡੀ ਦੋਸਤੀ ਪਹਿਲਾਂ ਵਰਗੀ ਰਹੇਗੀ? ਜਾਂ ਕੀ ਤੁਹਾਡੇ ਰਿਸ਼ਤੇ ਵਿਚ ਦਰਾੜ ਆ ਜਾਵੇਗੀ?
2. ਯਹੋਵਾਹ ਜਿਸ ਤਰੀਕੇ ਨਾਲ ਮਾਫ਼ ਕਰਦਾ ਹੈ, ਉਸ ਬਾਰੇ ਬਾਈਬਲ ਵਿਚ ਕੀ ਦੱਸਿਆ ਗਿਆ ਹੈ? (ਫੁਟਨੋਟ ਵੀ ਦੇਖੋ।)
2 ਮਾਫ਼ ਕਰਨ ਦੇ ਮਾਮਲੇ ਵਿਚ ਯਹੋਵਾਹ ਸਾਡੇ ਨਾਲੋਂ ਬਿਲਕੁਲ ਅਲੱਗ ਹੈ। ਜਿੱਦਾਂ ਯਹੋਵਾਹ ਮਾਫ਼ ਕਰਦਾ ਹੈ, ਉੱਦਾਂ ਕੋਈ ਵੀ ਮਾਫ਼ ਨਹੀਂ ਕਰ ਸਕਦਾ। ਜ਼ਬੂਰਾਂ ਦੇ ਇਕ ਲਿਖਾਰੀ ਨੇ ਯਹੋਵਾਹ ਬਾਰੇ ਲਿਖਿਆ: “ਤੂੰ ਦਿਲੋਂ ਮਾਫ਼ ਕਰਦਾ ਹੈਂ ਤਾਂਕਿ ਇਨਸਾਨ ਤੇਰੇ ਪ੍ਰਤੀ ਸ਼ਰਧਾ ਰੱਖਣ।” a (ਜ਼ਬੂ. 130:4) ਜੀ ਹਾਂ, ਜਦੋਂ ਯਹੋਵਾਹ ਕਿਸੇ ਨੂੰ ਮਾਫ਼ ਕਰਦਾ ਹੈ, ਤਾਂ ਉਹ ਉਸ ਨੂੰ “ਦਿਲੋਂ ਮਾਫ਼” ਕਰ ਦਿੰਦਾ ਹੈ। ਅਸੀਂ ਉਸ ਤੋਂ ਸਿੱਖ ਸਕਦੇ ਹਾਂ ਕਿ ਮਾਫ਼ ਕਰਨ ਦਾ ਅਸਲ ਵਿਚ ਕੀ ਮਤਲਬ ਹੁੰਦਾ ਹੈ। ਇਬਰਾਨੀ ਲਿਖਤਾਂ ਦੇ ਲਿਖਾਰੀਆਂ ਨੇ ਜਦੋਂ ਯਹੋਵਾਹ ਦੇ ਮਾਫ਼ ਕਰਨ ਬਾਰੇ ਗੱਲ ਕੀਤੀ, ਤਾਂ ਉਨ੍ਹਾਂ ਨੇ ਕੁਝ ਥਾਵਾਂ ʼਤੇ ਇਕ ਖ਼ਾਸ ਸ਼ਬਦ ਦਾ ਇਸਤੇਮਾਲ ਕੀਤਾ। ਉਨ੍ਹਾਂ ਨੇ ਇਹ ਸ਼ਬਦ ਕਦੇ ਵੀ ਇਨਸਾਨਾਂ ਦੇ ਮਾਫ਼ ਕਰਨ ਬਾਰੇ ਗੱਲ ਕਰਦਿਆਂ ਇਸਤੇਮਾਲ ਨਹੀਂ ਕੀਤਾ।
3. ਯਹੋਵਾਹ ਦਾ ਮਾਫ਼ ਕਰਨ ਦਾ ਤਰੀਕਾ ਇਨਸਾਨਾਂ ਦੇ ਮਾਫ਼ ਕਰਨ ਦੇ ਤਰੀਕੇ ਨਾਲੋਂ ਅਲੱਗ ਕਿਵੇਂ ਹੈ? (ਯਸਾਯਾਹ 55:6, 7)
3 ਜਦੋਂ ਯਹੋਵਾਹ ਕਿਸੇ ਇਨਸਾਨ ਨੂੰ ਮਾਫ਼ ਕਰਦਾ ਹੈ, ਤਾਂ ਉਹ ਉਸ ਦਾ ਪਾਪ ਪੂਰੀ ਤਰ੍ਹਾਂ ਮਿਟਾ ਦਿੰਦਾ ਹੈ ਅਤੇ ਰਿਸ਼ਤੇ ਵਿਚ ਆਈ ਦਰਾੜ ਨੂੰ ਭਰ ਦਿੰਦਾ ਹੈ। ਇਸ ਕਰਕੇ ਉਸ ਦਾ ਰਿਸ਼ਤਾ ਪਰਮੇਸ਼ੁਰ ਨਾਲ ਦੁਬਾਰਾ ਤੋਂ ਪਹਿਲਾਂ ਵਰਗਾ ਹੋ ਜਾਂਦਾ ਹੈ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਹਰ ਵਾਰ ਸਾਨੂੰ ਪੂਰੀ ਤਰ੍ਹਾਂ ਮਾਫ਼ ਕਰਦਾ ਹੈ।—ਯਸਾਯਾਹ 55:6, 7 ਪੜ੍ਹੋ।
4. ਦਿਲੋਂ ਮਾਫ਼ ਕਰਨ ਦਾ ਮਤਲਬ ਸਮਝਣ ਵਿਚ ਯਹੋਵਾਹ ਨੇ ਸਾਡੀ ਮਦਦ ਕਿਵੇਂ ਕੀਤੀ ਹੈ?
4 ਯਹੋਵਾਹ ਦਿਲੋਂ ਮਾਫ਼ ਕਰਦਾ ਹੈ, ਕੀ ਅਸੀਂ ਇਨਸਾਨ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝ ਸਕਦੇ ਹਾਂ? ਬਿਲਕੁਲ। ਯਹੋਵਾਹ ਨੇ ਬਹੁਤ ਵਧੀਆ ਮਿਸਾਲਾਂ ਰਾਹੀਂ ਸਾਡੀ ਇਹ ਸਮਝਣ ਵਿਚ ਮਦਦ ਕੀਤੀ ਹੈ ਕਿ ਉਹ ਸਾਨੂੰ ਕਿਵੇਂ ਮਾਫ਼ ਕਰਦਾ ਹੈ। ਇਸ ਲੇਖ ਵਿਚ ਅਸੀਂ ਇਨ੍ਹਾਂ ਕੁਝ ਮਿਸਾਲਾਂ ʼਤੇ ਗੌਰ ਕਰਾਂਗੇ। ਅਸੀਂ ਦੇਖਾਂਗੇ ਕਿ ਯਹੋਵਾਹ ਕਿਵੇਂ ਸਾਡੇ ਪਾਪ ਪੂਰੀ ਤਰ੍ਹਾਂ ਮਾਫ਼ ਕਰਦਾ ਹੈ ਅਤੇ ਪਾਪ ਕਰਕੇ ਉਸ ਨਾਲ ਸਾਡਾ ਜੋ ਰਿਸ਼ਤਾ ਖ਼ਰਾਬ ਹੋਇਆ ਹੈ, ਉਹ ਉਸ ਨੂੰ ਦੁਬਾਰਾ ਕਿਵੇਂ ਠੀਕ ਕਰਦਾ ਹੈ। ਇਨ੍ਹਾਂ ਮਿਸਾਲਾਂ ʼਤੇ ਗੌਰ ਕਰ ਕੇ ਸਾਡੇ ਦਿਲ ਵਿਚ ਆਪਣੇ ਪਿਆਰੇ ਪਿਤਾ ਲਈ ਕਦਰ ਹੋਰ ਵੀ ਵਧ ਜਾਵੇਗੀ।
ਯਹੋਵਾਹ ਸਾਡੇ ਪਾਪ ਸਾਡੇ ਤੋਂ ਦੂਰ ਕਰ ਦਿੰਦਾ ਹੈ
5. ਯਹੋਵਾਹ ਸਾਡੇ ਪਾਪ ਮਾਫ਼ ਕਰਦਾ ਹੈ, ਇਸ ਦਾ ਕੀ ਮਤਲਬ ਹੈ?
5 ਬਾਈਬਲ ਵਿਚ ਅਕਸਰ ਪਾਪਾਂ ਦੀ ਤੁਲਨਾ ਇਕ ਭਾਰੀ ਬੋਝ ਨਾਲ ਕੀਤੀ ਗਈ ਹੈ। ਰਾਜਾ ਦਾਊਦ ਨੇ ਆਪਣੇ ਪਾਪਾਂ ਬਾਰੇ ਕਿਹਾ: “ਮੇਰੀਆਂ ਗ਼ਲਤੀਆਂ ਦਾ ਢੇਰ ਮੇਰੇ ਸਿਰ ਤੋਂ ਵੀ ਉੱਚਾ ਹੋ ਗਿਆ ਹੈ; ਉਨ੍ਹਾਂ ਦਾ ਬੋਝ ਚੁੱਕਣਾ ਮੇਰੇ ਵੱਸੋਂ ਬਾਹਰ ਹੈ।” (ਜ਼ਬੂ. 38:4) ਪਰ ਦਿਲੋਂ ਤੋਬਾ ਕਰਨ ਵਾਲੇ ਵਿਅਕਤੀ ਨੂੰ ਯਹੋਵਾਹ ਮਾਫ਼ ਕਰ ਦਿੰਦਾ ਹੈ। (ਜ਼ਬੂ. 25:18; 32:5) ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਮਾਫ਼” ਕਰਨਾ ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਚੁੱਕਣਾ” ਜਾਂ “ਚੁੱਕ ਕੇ ਲੈ ਜਾਣਾ।” ਇਹ ਇੱਦਾਂ ਹੈ ਜਿੱਦਾਂ ਯਹੋਵਾਹ ਇਕ ਤਾਕਤਵਰ ਆਦਮੀ ਵਾਂਗ ਹੈ ਜੋ ਸਾਡੇ ਪਾਪਾਂ ਦਾ ਬੋਝ ਆਪਣੇ ਮੋਢਿਆਂ ʼਤੇ ਚੁੱਕ ਲੈਂਦਾ ਹੈ ਅਤੇ ਇਸ ਨੂੰ ਸਾਡੇ ਤੋਂ ਦੂਰ ਲੈ ਜਾਂਦਾ ਹੈ।
6. ਯਹੋਵਾਹ ਸਾਡੇ ਪਾਪ ਸਾਡੇ ਤੋਂ ਕਿੰਨੀ ਦੂਰ ਲੈ ਜਾਂਦਾ ਹੈ?
6 ਯਹੋਵਾਹ ਸਾਡੇ ਪਾਪ ਸਾਡੇ ਤੋਂ ਕਿੰਨੀ ਦੂਰ ਲੈ ਜਾਂਦਾ ਹੈ? ਇਹ ਸਮਝਣ ਲਈ ਆਓ ਆਪਾਂ ਬਾਈਬਲ ਵਿਚ ਦਿੱਤੀ ਇਕ ਹੋਰ ਮਿਸਾਲ ʼਤੇ ਗੌਰ ਕਰੀਏ। ਜ਼ਬੂਰ 103:12 ਵਿਚ ਲਿਖਿਆ ਹੈ: “ਜਿੰਨਾ ਪੂਰਬ ਪੱਛਮ ਤੋਂ ਦੂਰ ਹੈ, ਉੱਨੇ ਹੀ ਉਸ ਨੇ ਸਾਡੇ ਅਪਰਾਧ ਸਾਡੇ ਤੋਂ ਦੂਰ ਸੁੱਟ ਦਿੱਤੇ ਹਨ।” ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਪੂਰਬ ਪੱਛਮ ਤੋਂ ਕਿੰਨਾ ਦੂਰ ਹੈ। ਇਸੇ ਤਰ੍ਹਾਂ ਯਹੋਵਾਹ ਸਾਡੇ ਪਾਪਾਂ ਨੂੰ ਸਾਡੇ ਤੋਂ ਇੰਨੀ ਦੂਰ ਲੈ ਜਾਂਦਾ ਹੈ ਕਿ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਸਾਨੂੰ ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਸਾਨੂੰ ਪੂਰੀ ਤਰ੍ਹਾਂ ਮਾਫ਼ ਕਰ ਦਿੰਦਾ ਹੈ!
7. ਯਹੋਵਾਹ ਸਾਡੇ ਪਾਪਾਂ ਦਾ ਕੀ ਕਰਦਾ ਹੈ, ਇਸ ਬਾਰੇ ਬਾਈਬਲ ਵਿਚ ਕੀ ਦੱਸਿਆ ਗਿਆ ਹੈ? (ਮੀਕਾਹ 7:18, 19)
7 ਯਹੋਵਾਹ ਸਾਡੇ ਪਾਪ ਸਾਡੇ ਤੋਂ ਦੂਰ ਲੈ ਜਾਂਦਾ ਹੈ। ਪਰ ਫਿਰ ਉਹ ਇਨ੍ਹਾਂ ਦਾ ਕੀ ਕਰਦਾ ਹੈ? ਕੀ ਉਹ ਇਨ੍ਹਾਂ ਨੂੰ ਸੰਭਾਲ ਕੇ ਰੱਖਦਾ ਹੈ? ਜੀ ਨਹੀਂ। ਰਾਜਾ ਹਿਜ਼ਕੀਯਾਹ ਨੇ ਯਹੋਵਾਹ ਬਾਰੇ ਲਿਖਿਆ: “ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ।” ਜਾਂ ਜਿੱਦਾਂ ਫੁਟਨੋਟ ਵਿਚ ਲਿਖਿਆ ਹੈ: “ਤੂੰ ਮੇਰੇ ਸਾਰੇ ਪਾਪ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤੇ।” (ਯਸਾ. 38:9, 17; ਫੁਟਨੋਟ) ਇਸ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਜਦੋਂ ਇਕ ਇਨਸਾਨ ਦਿਲੋਂ ਤੋਬਾ ਕਰਦਾ ਹੈ, ਤਾਂ ਯਹੋਵਾਹ ਉਸ ਦੇ ਪਾਪ ਪਿੱਛੇ ਸੁੱਟ ਦਿੰਦਾ ਹੈ। ਇਸ ਤੋਂ ਬਾਅਦ ਯਹੋਵਾਹ ਨਾ ਤਾਂ ਇਨ੍ਹਾਂ ਨੂੰ ਪਿੱਛੇ ਮੁੜ ਕੇ ਦੇਖਦਾ ਹੈ ਅਤੇ ਨਾ ਹੀ ਇਨ੍ਹਾਂ ਵੱਲ ਕੋਈ ਧਿਆਨ ਦਿੰਦਾ ਹੈ। ਇਸ ਗੱਲ ਦਾ ਅਨੁਵਾਦ ਕੁਝ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ: “ਤੂੰ ਮੇਰੇ ਪਾਪਾਂ ਨੂੰ ਇੱਦਾਂ ਕਰ ਦਿੱਤਾ, ਜਿਵੇਂ ਮੈਂ ਉਹ ਕਦੇ ਕੀਤੇ ਹੀ ਨਾ ਹੋਣ।” ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਾਉਣ ਲਈ ਬਾਈਬਲ ਵਿਚ ਇਕ ਹੋਰ ਮਿਸਾਲ ਦਿੱਤੀ ਗਈ ਹੈ ਜੋ ਮੀਕਾਹ 7:18, 19 ਵਿਚ ਦਰਜ ਹੈ। (ਪੜ੍ਹੋ।) ਇੱਥੇ ਦੱਸਿਆ ਹੈ ਕਿ ਯਹੋਵਾਹ ਸਾਡੇ ਪਾਪ ਸਮੁੰਦਰ ਦੀਆਂ ਗਹਿਰਾਈਆਂ ਵਿਚ ਸੁੱਟ ਦਿੰਦਾ ਹੈ। ਪੁਰਾਣੇ ਜ਼ਮਾਨੇ ਵਿਚ ਜਦੋਂ ਕੋਈ ਚੀਜ਼ ਸਮੁੰਦਰ ਵਿਚ ਸੁੱਟ ਦਿੱਤੀ ਜਾਂਦੀ ਸੀ, ਤਾਂ ਉਸ ਨੂੰ ਦੁਬਾਰਾ ਕੱਢਣਾ ਨਾਮੁਮਕਿਨ ਹੁੰਦਾ ਸੀ। ਸਾਡੇ ਪਾਪਾਂ ਨਾਲ ਵੀ ਯਹੋਵਾਹ ਕੁਝ ਇੱਦਾਂ ਹੀ ਕਰਦਾ ਹੈ।
8. ਹੁਣ ਤਕ ਅਸੀਂ ਕੀ ਸਿੱਖਿਆ?
8 ਇਨ੍ਹਾਂ ਮਿਸਾਲਾਂ ਤੋਂ ਅਸੀਂ ਸਿੱਖਿਆ ਕਿ ਜਦੋਂ ਯਹੋਵਾਹ ਸਾਨੂੰ ਮਾਫ਼ ਕਰਦਾ ਹੈ, ਤਾਂ ਉਹ ਸਾਡੇ ਪਾਪਾਂ ਦਾ ਬੋਝ ਚੁੱਕ ਲੈਂਦਾ ਹੈ। ਫਿਰ ਅਸੀਂ ਦੋਸ਼ੀ ਮਹਿਸੂਸ ਨਹੀਂ ਕਰਦੇ ਰਹਿੰਦੇ। ਦਾਊਦ ਨੇ ਬਿਲਕੁਲ ਸਹੀ ਲਿਖਿਆ: “ਖ਼ੁਸ਼ ਹਨ ਉਹ ਜਿਨ੍ਹਾਂ ਦੇ ਗ਼ਲਤ ਕੰਮ ਮਾਫ਼ ਕਰ ਦਿੱਤੇ ਗਏ ਹਨ ਅਤੇ ਜਿਨ੍ਹਾਂ ਦੇ ਪਾਪ ਢਕ ਲਏ ਗਏ ਹਨ; ਖ਼ੁਸ਼ ਹੈ ਉਹ ਇਨਸਾਨ ਜਿਸ ਦੇ ਪਾਪਾਂ ਦਾ ਹਿਸਾਬ ਯਹੋਵਾਹ ਨਹੀਂ ਰੱਖੇਗਾ।” (ਰੋਮੀ. 4:6-8) ਯਹੋਵਾਹ ਕਿੰਨਾ ਚੰਗਾ ਪਰਮੇਸ਼ੁਰ ਹੈ! ਉਹ ਸਾਨੂੰ ਦਿਲੋਂ ਮਾਫ਼ ਕਰਦਾ ਹੈ।
ਯਹੋਵਾਹ ਸਾਡੇ ਪਾਪ ਮਿਟਾ ਦਿੰਦਾ ਹੈ
9. ਯਹੋਵਾਹ ਨੇ ਕਿਹੜੀ ਮਿਸਾਲ ਦੇ ਕੇ ਸਮਝਾਇਆ ਕਿ ਉਹ ਕਿਸ ਹੱਦ ਤਕ ਸਾਡੇ ਪਾਪ ਮਾਫ਼ ਕਰਦਾ ਹੈ?
9 ਰਿਹਾਈ ਦੀ ਕੀਮਤ ਦੇ ਜ਼ਰੀਏ ਯਹੋਵਾਹ ਤੋਬਾ ਕਰਨ ਵਾਲਿਆਂ ਦੇ ਪਾਪ ਪੂਰੀ ਤਰ੍ਹਾਂ ਮਿਟਾ ਦਿੰਦਾ ਹੈ। ਇਹ ਗੱਲ ਸਮਝਾਉਣ ਲਈ ਯਹੋਵਾਹ ਨੇ ਬਾਈਬਲ ਵਿਚ ਕੁਝ ਹੋਰ ਮਿਸਾਲਾਂ ਵੀ ਦਿੱਤੀਆਂ ਹਨ। ਮਿਸਾਲ ਲਈ, ਇਸ ਵਿਚ ਲਿਖਿਆ ਹੈ ਕਿ ਉਹ ਸਾਡੇ ਪਾਪ ਧੋ ਦਿੰਦਾ ਹੈ ਅਤੇ ਇਨ੍ਹਾਂ ਨੂੰ ਸਾਫ਼ ਕਰ ਦਿੰਦਾ ਹੈ। ਇਸ ਤਰ੍ਹਾਂ ਇਕ ਪਾਪੀ ਇਨਸਾਨ ਸ਼ੁੱਧ ਹੋ ਜਾਂਦਾ ਹੈ। (ਜ਼ਬੂ. 51:7; ਯਸਾ. 4:4; ਯਿਰ. 33:8) ਯਹੋਵਾਹ ਕਿਸ ਹੱਦ ਤਕ ਸਾਡੇ ਪਾਪ ਧੋ ਦਿੰਦਾ ਹੈ? ਇਸ ਬਾਰੇ ਉਸ ਨੇ ਕਿਹਾ: “ਭਾਵੇਂ ਤੁਹਾਡੇ ਪਾਪ ਸੁਰਖ਼ ਲਾਲ ਹੋਣ, ਉਹ ਬਰਫ਼ ਜਿੰਨੇ ਚਿੱਟੇ ਹੋ ਜਾਣਗੇ; ਭਾਵੇਂ ਉਹ ਗੂੜ੍ਹੇ ਲਾਲ ਕੱਪੜੇ ਵਰਗੇ ਹੋਣ, ਉਹ ਉੱਨ ਵਰਗੇ ਹੋ ਜਾਣਗੇ।” (ਯਸਾ. 1:18) ਜੇ ਇਕ ਕੱਪੜੇ ʼਤੇ ਗੂੜ੍ਹੇ ਲਾਲ ਰੰਗ ਦਾ ਦਾਗ਼ ਲੱਗ ਜਾਵੇ, ਤਾਂ ਉਸ ਨੂੰ ਮਿਟਾਉਣਾ ਬਹੁਤ ਔਖਾ ਹੁੰਦਾ ਹੈ। ਇਹ ਮਿਸਾਲ ਦੇ ਕੇ ਯਹੋਵਾਹ ਨੇ ਸਾਨੂੰ ਯਕੀਨ ਦਿਵਾਇਆ ਕਿ ਉਹ ਸਾਡੇ ਪਾਪ ਇਸ ਹੱਦ ਤਕ ਸਾਫ਼ ਕਰ ਦਿੰਦਾ ਹੈ ਕਿ ਇਨ੍ਹਾਂ ਦੇ ਦਾਗ਼ ਦੁਬਾਰਾ ਨਜ਼ਰ ਹੀ ਨਹੀਂ ਆਉਂਦੇ।
10. ਯਹੋਵਾਹ ਨੇ ਹੋਰ ਕਿਸ ਮਿਸਾਲ ਰਾਹੀਂ ਸਮਝਾਇਆ ਕਿ ਉਹ ਸਾਨੂੰ ਦਿਲ ਖੋਲ੍ਹ ਕੇ ਮਾਫ਼ ਕਰਦਾ ਹੈ?
10 ਜਿਵੇਂ ਪਿਛਲੇ ਲੇਖ ਵਿਚ ਦੱਸਿਆ ਗਿਆ ਸੀ ਕਿ ਪਾਪ “ਕਰਜ਼” ਵਾਂਗ ਹਨ। (ਮੱਤੀ 6:12, ਫੁਟਨੋਟ; ਲੂਕਾ 11:4) ਇਸ ਲਈ ਅਸੀਂ ਜਦੋਂ ਵੀ ਯਹੋਵਾਹ ਖ਼ਿਲਾਫ਼ ਪਾਪ ਕਰਦੇ ਹਾਂ, ਤਾਂ ਅਸੀਂ ਇਕ ਤਰ੍ਹਾਂ ਨਾਲ ਕਰਜ਼ੇ ʼਤੇ ਕਰਜ਼ਾ ਲੈ ਰਹੇ ਹੁੰਦੇ ਹਾਂ ਅਤੇ ਸਾਡਾ ਕਰਜ਼ਾ ਵਧਦਾ ਹੀ ਜਾਂਦਾ ਹੈ। ਪਰ ਜਦੋਂ ਯਹੋਵਾਹ ਸਾਨੂੰ ਮਾਫ਼ ਕਰ ਦਿੰਦਾ ਹੈ, ਤਾਂ ਸਾਡੇ ਪਾਪਾਂ ਦਾ ਕਰਜ਼ ਮਾਫ਼ ਹੋ ਜਾਂਦਾ ਹੈ। ਫਿਰ ਉਹ ਸਾਡੇ ਤੋਂ ਸਾਡੇ ਪਾਪਾਂ ਦਾ ਹਿਸਾਬ ਨਹੀਂ ਮੰਗਦਾ। ਜਦੋਂ ਇਕ ਇਨਸਾਨ ਦਾ ਕਰਜ਼ਾ ਮਾਫ਼ ਹੋ ਜਾਂਦਾ ਹੈ, ਤਾਂ ਉਹ ਸੁੱਖ ਦਾ ਸਾਹ ਲੈਂਦਾ ਹੈ। ਉਸੇ ਤਰ੍ਹਾਂ ਜਦੋਂ ਯਹੋਵਾਹ ਸਾਨੂੰ ਮਾਫ਼ ਕਰ ਦਿੰਦਾ ਹੈ, ਤਾਂ ਸਾਨੂੰ ਵੀ ਸੁੱਖ ਦਾ ਸਾਹ ਆਉਂਦਾ ਹੈ।
11. ਬਾਈਬਲ ਵਿਚ ਲਿਖਿਆ ਹੈ ਕਿ ਸਾਡੇ “ਪਾਪ ਮਿਟਾਏ” ਜਾਂਦੇ ਹਨ, ਇਸ ਦਾ ਕੀ ਮਤਲਬ ਹੈ? (ਰਸੂਲਾਂ ਦੇ ਕੰਮ 3:19)
11 ਯਹੋਵਾਹ ਸਾਡੇ ਕਰਜ਼ ਜਾਂ ਪਾਪ ਸਿਰਫ਼ ਮਾਫ਼ ਹੀ ਨਹੀਂ ਕਰਦਾ, ਸਗੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਦਿੰਦਾ ਹੈ। (ਰਸੂਲਾਂ ਦੇ ਕੰਮ 3:19 ਪੜ੍ਹੋ।) ਜ਼ਰਾ ਸੋਚੋ, ਜਦੋਂ ਕਰਜ਼ਾ ਮਾਫ਼ ਕੀਤਾ ਜਾਂਦਾ ਹੈ, ਤਾਂ ਦਸਤਾਵੇਜ਼ ʼਤੇ ਲਿਖੀ ਰਕਮ ਨੂੰ ਪੈੱਨ ਨਾਲ ਕੱਟ ਦਿੱਤਾ ਜਾਂਦਾ ਹੈ। ਭਾਵੇਂ ਕਿ ਰਕਮ ਕੱਟ ਦਿੱਤੀ ਜਾਂਦੀ ਹੈ, ਪਰ ਫਿਰ ਵੀ ਉਹ ਰਕਮ ਦਿਖਾਈ ਦਿੰਦੀ ਰਹਿੰਦੀ ਹੈ। ਪਰ ਕਰਜ਼ੇ ਨੂੰ ਪੂਰੀ ਤਰ੍ਹਾਂ ਮਿਟਾਉਣ ਵਿਚ ਫ਼ਰਕ ਹੈ। ਇਸ ਨੂੰ ਸਮਝਣ ਲਈ ਇਸ ਗੱਲ ʼਤੇ ਧਿਆਨ ਦਿਓ। ਪੁਰਾਣੇ ਜ਼ਮਾਨੇ ਵਿਚ ਲਿਖਣ ਲਈ ਜੋ ਸਿਆਹੀ ਵਰਤੀ ਜਾਂਦੀ ਸੀ, ਉਹ ਕੋਲੇ, ਗੂੰਦ ਅਤੇ ਪਾਣੀ ਨੂੰ ਮਿਲਾ ਕੇ ਬਣਾਈ ਜਾਂਦੀ ਸੀ। ਇਕ ਵਿਅਕਤੀ ਇਕ ਕੱਪੜੇ ਜਾਂ ਸਪੰਜ ਨੂੰ ਪਾਣੀ ਨਾਲ ਗਿੱਲਾ ਕਰ ਕੇ ਇਸ ਸਿਆਹੀ ਨਾਲ ਲਿਖੀ ਲਿਖਾਈ ਨੂੰ ਮਿਟਾ ਸਕਦਾ ਸੀ। ਇਸ ਲਈ ਜਦੋਂ ਕਿਸੇ ਕਰਜ਼ੇ ਨੂੰ “ਮਿਟਾ” ਦਿੱਤਾ ਜਾਂਦਾ ਸੀ, ਤਾਂ ਉਹ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਸੀ। ਜੋ ਲਿਖਿਆ ਹੁੰਦਾ ਸੀ, ਉਹ ਦਿਖਾਈ ਨਹੀਂ ਦਿੰਦਾ ਸੀ। ਇਹ ਇੱਦਾਂ ਸੀ ਜਿੱਦਾਂ ਕੋਈ ਕਰਜ਼ਾ ਸੀ ਹੀ ਨਹੀਂ। ਇਹ ਜਾਣ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਨਾ ਸਿਰਫ਼ ਸਾਡੇ ਪਾਪਾਂ ਦਾ ਕਰਜ਼ ਮਾਫ਼ ਕਰ ਦਿੰਦਾ ਹੈ, ਸਗੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਦਿੰਦਾ ਹੈ।—ਜ਼ਬੂ. 51:9.
12. ਬਾਈਬਲ ਵਿਚ ਦਿੱਤੀ ਸੰਘਣੇ ਬੱਦਲਾਂ ਦੀ ਮਿਸਾਲ ਤੋਂ ਕੀ ਪਤਾ ਲੱਗਦਾ ਹੈ?
12 ਯਹੋਵਾਹ ਸਾਡੇ ਪਾਪ ਕਿੱਦਾਂ ਮਿਟਾਉਂਦਾ ਹੈ, ਇਹ ਸਮਝਾਉਣ ਲਈ ਉਸ ਨੇ ਬਾਈਬਲ ਵਿਚ ਇਕ ਹੋਰ ਮਿਸਾਲ ਦਰਜ ਕਰਵਾਈ ਹੈ। ਯਹੋਵਾਹ ਕਹਿੰਦਾ ਹੈ: “ਮੈਂ ਤੇਰੇ ਅਪਰਾਧ ਇਵੇਂ ਮਿਟਾ ਦਿਆਂਗਾ ਜਿਵੇਂ ਉਹ ਬੱਦਲ ਨਾਲ ਢਕ ਦਿੱਤੇ ਗਏ ਹੋਣ ਅਤੇ ਤੇਰੇ ਪਾਪਾਂ ਨੂੰ ਇਵੇਂ ਜਿਵੇਂ ਸੰਘਣੇ ਬੱਦਲ ਨਾਲ ਢਕੇ ਹੋਣ।” (ਯਸਾ. 44:22) ਜਦੋਂ ਯਹੋਵਾਹ ਸਾਨੂੰ ਮਾਫ਼ ਕਰਦਾ ਹੈ, ਤਾਂ ਇਹ ਇੱਦਾਂ ਹੈ ਜਿੱਦਾਂ ਉਸ ਨੇ ਸੰਘਣੇ ਬੱਦਲਾਂ ਨਾਲ ਸਾਡੇ ਅਪਰਾਧ ਢੱਕ ਦਿੱਤੇ ਹੋਣ ਤਾਂਕਿ ਨਾ ਤਾਂ ਅਸੀਂ ਆਪਣੇ ਪਾਪ ਦੇਖ ਸਕੀਏ ਤੇ ਨਾ ਹੀ ਯਹੋਵਾਹ।
13. ਜਦੋਂ ਯਹੋਵਾਹ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਤਾਂ ਅਸੀਂ ਕਿੱਦਾਂ ਮਹਿਸੂਸ ਕਰਦੇ ਹਾਂ?
13 ਹੁਣ ਤਕ ਅਸੀਂ ਜਿਨ੍ਹਾਂ ਮਿਸਾਲਾਂ ʼਤੇ ਗੌਰ ਕੀਤਾ, ਉਨ੍ਹਾਂ ਤੋਂ ਅਸੀਂ ਕੀ ਸਿੱਖਦੇ ਹਾਂ? ਜਦੋਂ ਯਹੋਵਾਹ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਾਪਾਂ ਦਾ ਦਾਗ਼ ਸਾਡੇ ʼਤੇ ਜ਼ਿੰਦਗੀ ਭਰ ਲੱਗਾ ਰਹੇਗਾ। ਯਿਸੂ ਮਸੀਹ ਦੇ ਲਹੂ ਦੁਆਰਾ ਸਾਡੇ ਸਾਰੇ ਪਾਪਾਂ ਦਾ ਕਰਜ਼ਾ ਪੂਰੀ ਤਰ੍ਹਾਂ ਮਿਟਾ ਦਿੱਤਾ ਗਿਆ ਹੈ। ਇਹ ਇੱਦਾਂ ਹੈ ਜਿੱਦਾਂ ਅਸੀਂ ਕਦੇ ਕੋਈ ਪਾਪ ਕੀਤਾ ਹੀ ਨਾ ਹੋਵੇ। ਜਦੋਂ ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਦਿਲੋਂ ਮਾਫ਼ ਕਰ ਦਿੰਦਾ ਹੈ।
ਯਹੋਵਾਹ ਸਾਡੇ ਨਾਲ ਦੁਬਾਰਾ ਰਿਸ਼ਤਾ ਜੋੜਦਾ ਹੈ
14. ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਪਾਪ ਪੂਰੀ ਤਰ੍ਹਾਂ ਮਾਫ਼ ਕਰ ਦਿੰਦਾ ਹੈ? (ਤਸਵੀਰਾਂ ਵੀ ਦੇਖੋ।)
14 ਯਹੋਵਾਹ ਸਾਨੂੰ ਦਿਲੋਂ ਮਾਫ਼ ਕਰਦਾ ਹੈ। ਇਸ ਕਰਕੇ ਅਸੀਂ ਉਸ ਨਾਲ ਦੁਬਾਰਾ ਰਿਸ਼ਤਾ ਜੋੜ ਪਾਉਂਦੇ ਹਾਂ। ਅਸੀਂ ਦੋਸ਼ੀ ਮਹਿਸੂਸ ਨਹੀਂ ਕਰਦੇ ਰਹਿੰਦੇ। ਅਸੀਂ ਇਹ ਨਹੀਂ ਸੋਚਦੇ ਕਿ ਯਹੋਵਾਹ ਹਾਲੇ ਵੀ ਸਾਡੇ ਨਾਲ ਗੁੱਸੇ ਹੈ ਅਤੇ ਸਾਨੂੰ ਸਜ਼ਾ ਦੇਣੀ ਚਾਹੁੰਦਾ ਹੈ। ਮਾਫ਼ ਕਰਨ ਤੋਂ ਬਾਅਦ ਉਹ ਕਦੇ ਵੀ ਇੱਦਾਂ ਨਹੀਂ ਕਰੇਗਾ। ਅਸੀਂ ਇਸ ਗੱਲ ਦਾ ਯਕੀਨ ਕਿਉਂ ਰੱਖ ਸਕਦੇ ਹਾਂ? ਯਿਰਮਿਯਾਹ ਨਬੀ ਨੇ ਲਿਖਿਆ: ‘ਯਹੋਵਾਹ ਕਹਿੰਦਾ ਹੈ, “ਮੈਂ ਉਨ੍ਹਾਂ ਦੀ ਗ਼ਲਤੀ ਮਾਫ਼ ਕਰਾਂਗਾ ਅਤੇ ਮੈਂ ਉਨ੍ਹਾਂ ਦਾ ਪਾਪ ਦੁਬਾਰਾ ਯਾਦ ਨਹੀਂ ਕਰਾਂਗਾ।”’ (ਯਿਰ. 31:34) ਪੌਲੁਸ ਰਸੂਲ ਨੇ ਵੀ ਯਿਰਮਿਯਾਹ ਦੇ ਇਨ੍ਹਾਂ ਸ਼ਬਦਾਂ ਨੂੰ ਦੁਹਰਾਉਂਦੇ ਹੋਏ ਕਿਹਾ: “ਮੈਂ ਉਨ੍ਹਾਂ ਦੇ ਪਾਪਾਂ ਨੂੰ ਦੁਬਾਰਾ ਯਾਦ ਨਹੀਂ ਕਰਾਂਗਾ।” (ਇਬ. 8:12) ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ?
15. ਜਦੋਂ ਯਹੋਵਾਹ ਕਹਿੰਦਾ ਹੈ ਕਿ ਉਹ ਸਾਡੇ ਪਾਪ ਯਾਦ ਨਹੀਂ ਕਰੇਗਾ, ਤਾਂ ਇਸ ਦਾ ਕੀ ਮਤਲਬ ਹੈ?
15 ਬਾਈਬਲ ਵਿਚ ਸ਼ਬਦ ‘ਯਾਦ ਕਰਨ’ ਦਾ ਮਤਲਬ ਹਮੇਸ਼ਾ ਕਿਸੇ ਘਟਨਾ ਜਾਂ ਕਿਸੇ ਵਿਅਕਤੀ ਬਾਰੇ ਸੋਚਣਾ ਜਾਂ ਉਸ ਨੂੰ ਯਾਦ ਕਰਨਾ ਨਹੀਂ ਹੁੰਦਾ। ਇਸ ਦਾ ਮਤਲਬ ਉਸ ਲਈ ਕੁਝ ਕਰਨਾ ਵੀ ਹੋ ਸਕਦਾ ਹੈ। ਯਿਸੂ ਨਾਲ ਜਿਸ ਅਪਰਾਧੀ ਨੂੰ ਸੂਲ਼ੀ ʼਤੇ ਟੰਗਿਆ ਗਿਆ ਸੀ, ਉਸ ਨੇ ਯਿਸੂ ਨੂੰ ਕਿਹਾ ਸੀ: “ਹੇ ਯਿਸੂ, ਜਦੋਂ ਤੂੰ ਰਾਜਾ ਬਣੇਂਗਾ, ਤਾਂ ਮੈਨੂੰ ਯਾਦ ਰੱਖੀਂ।” (ਲੂਕਾ 23:42, 43) ਕੀ ਉਹ ਅਪਰਾਧੀ ਯਿਸੂ ਨੂੰ ਸਿਰਫ਼ ਉਸ ਨੂੰ ਯਾਦ ਰੱਖਣ ਲਈ ਕਹਿ ਰਿਹਾ ਸੀ? ਯਿਸੂ ਦੇ ਜਵਾਬ ਤੋਂ ਪਤਾ ਲੱਗਦਾ ਹੈ ਕਿ ਉਹ ਅਪਰਾਧੀ ਚਾਹੁੰਦਾ ਸੀ ਕਿ ਯਿਸੂ ਉਸ ਲਈ ਕੁਝ ਕਰੇ। ਇਸ ਲਈ ਯਿਸੂ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਦੁਬਾਰਾ ਜੀਉਂਦਾ ਕਰੇਗਾ। ਉਸੇ ਤਰ੍ਹਾਂ ਜਦੋਂ ਯਹੋਵਾਹ ਕਹਿੰਦਾ ਹੈ ਕਿ ਉਹ ਸਾਡੇ ਪਾਪ ਯਾਦ ਨਹੀਂ ਕਰੇਗਾ, ਤਾਂ ਇਸ ਦਾ ਮਤਲਬ ਹੈ ਕਿ ਉਹ ਸਾਡੇ ਖ਼ਿਲਾਫ਼ ਕੁਝ ਨਹੀਂ ਕਰੇਗਾ। ਯਹੋਵਾਹ ਭਵਿੱਖ ਵਿਚ ਵੀ ਸਾਨੂੰ ਉਨ੍ਹਾਂ ਪਾਪਾਂ ਦੀ ਸਜ਼ਾ ਨਹੀਂ ਦੇਵੇਗਾ ਜੋ ਉਸ ਨੇ ਮਾਫ਼ ਕਰ ਦਿੱਤੇ ਹਨ।
16. ਬਾਈਬਲ ਇਸ ਗੱਲ ਨੂੰ ਕਿੱਦਾਂ ਸਮਝਾਉਂਦੀ ਹੈ ਕਿ ਦਿਲੋਂ ਮਾਫ਼ੀ ਮਿਲਣ ਕਰਕੇ ਅਸੀਂ ਆਜ਼ਾਦ ਹੋ ਜਾਂਦੇ ਹਾਂ?
16 ਜਦੋਂ ਯਹੋਵਾਹ ਸਾਨੂੰ ਦਿਲੋਂ ਮਾਫ਼ ਕਰਦਾ ਹੈ, ਤਾਂ ਅਸੀਂ ਆਜ਼ਾਦ ਹੋ ਜਾਂਦੇ ਹਾਂ। ਇਸ ਗੱਲ ਨੂੰ ਸਮਝਾਉਣ ਲਈ ਬਾਈਬਲ ਵਿਚ ਇਕ ਹੋਰ ਮਿਸਾਲ ਦਿੱਤੀ ਗਈ ਹੈ। ਬਾਈਬਲ ਦੱਸਦੀ ਹੈ ਕਿ ਪਾਪੀ ਹੋਣ ਕਰਕੇ ਅਸੀਂ “ਪਾਪ ਦੇ ਗ਼ੁਲਾਮ” ਹਾਂ। ਪਰ ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਮਾਫ਼ ਕੀਤਾ ਹੈ ਅਤੇ “ਪਾਪ ਦੀ ਗ਼ੁਲਾਮੀ ਤੋਂ ਆਜ਼ਾਦ” ਕੀਤਾ ਹੈ! (ਰੋਮੀ. 6:17, 18; ਪ੍ਰਕਾ. 1:5) ਜਦੋਂ ਯਹੋਵਾਹ ਸਾਨੂੰ ਮਾਫ਼ ਕਰਦਾ ਹੈ, ਤਾਂ ਅਸੀਂ ਉਸ ਗ਼ੁਲਾਮ ਵਾਂਗ ਬਹੁਤ ਖ਼ੁਸ਼ ਹੁੰਦੇ ਹਾਂ ਜਿਸ ਨੂੰ ਸਾਲਾਂ ਬਾਅਦ ਆਜ਼ਾਦ ਕੀਤਾ ਗਿਆ ਹੋਵੇ।
17. ਯਸਾਯਾਹ 53:5 ਮੁਤਾਬਕ ਯਹੋਵਾਹ ਸਾਨੂੰ ਕਿੱਦਾਂ ਚੰਗਾ ਕਰਦਾ ਹੈ?
17 ਯਸਾਯਾਹ 53:5 ਪੜ੍ਹੋ। ਆਓ ਹੁਣ ਆਪਾਂ ਆਖ਼ਰੀ ਮਿਸਾਲ ʼਤੇ ਗੌਰ ਕਰੀਏ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਅਸੀਂ ਉਸ ਵਿਅਕਤੀ ਵਾਂਗ ਹਾਂ ਜਿਸ ਨੂੰ ਇਕ ਜਾਨਲੇਵਾ ਬੀਮਾਰੀ ਹੈ। ਪਰ ਯਹੋਵਾਹ ਨੇ ਆਪਣੇ ਪੁੱਤਰ ਦੀ ਰਿਹਾਈ ਦੀ ਕੀਮਤ ਦੇ ਕੇ ਸਾਨੂੰ ਚੰਗਾ ਕੀਤਾ ਹੈ। (1 ਪਤ. 2:24) ਪਾਪ ਕਰਨ ਨਾਲ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਜਾਂਦਾ ਹੈ। ਪਰ ਰਿਹਾਈ ਦੀ ਕੀਮਤ ਕਰਕੇ ਯਹੋਵਾਹ ਸਾਨੂੰ ਮਾਫ਼ ਕਰ ਸਕਦਾ ਹੈ ਅਤੇ ਅਸੀਂ ਉਸ ਨਾਲ ਦੁਬਾਰਾ ਕਰੀਬੀ ਰਿਸ਼ਤਾ ਬਣਾ ਸਕਦੇ ਹਾਂ। ਜ਼ਰਾ ਸੋਚੋ ਕਿ ਉਹ ਵਿਅਕਤੀ ਕਿੰਨਾ ਖ਼ੁਸ਼ ਹੁੰਦਾ ਹੈ ਜਿਸ ਦੀ ਜਾਨਲੇਵਾ ਬੀਮਾਰੀ ਠੀਕ ਹੋ ਗਈ ਹੈ! ਉਸੇ ਤਰ੍ਹਾਂ ਸਾਨੂੰ ਵੀ ਉਦੋਂ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਯਹੋਵਾਹ ਤੋਂ ਮਾਫ਼ੀ ਮਿਲਣ ਕਰਕੇ ਅਸੀਂ ਚੰਗੇ ਹੋ ਜਾਂਦੇ ਹਾਂ ਯਾਨੀ ਸਾਡਾ ਉਸ ਨਾਲ ਦੁਬਾਰਾ ਰਿਸ਼ਤਾ ਜੁੜ ਜਾਂਦਾ ਹੈ।
ਯਹੋਵਾਹ ਦੀ ਮਾਫ਼ੀ ਦੇ ਫ਼ਾਇਦੇ
18. ਅਸੀਂ ਯਹੋਵਾਹ ਦੀ ਮਾਫ਼ੀ ਬਾਰੇ ਜਿਨ੍ਹਾਂ ਮਿਸਾਲਾਂ ʼਤੇ ਗੌਰ ਕੀਤਾ, ਉਨ੍ਹਾਂ ਤੋਂ ਅਸੀਂ ਕੀ ਸਿੱਖਦੇ ਹਾਂ? (“ਯਹੋਵਾਹ ਸਾਨੂੰ ਕਿੱਦਾਂ ਮਾਫ਼ ਕਰਦਾ ਹੈ?” ਨਾਂ ਦੀ ਡੱਬੀ ਵੀ ਦੇਖੋ।)
18 ਅਸੀਂ ਯਹੋਵਾਹ ਦੀ ਮਾਫ਼ੀ ਬਾਰੇ ਜਿਨ੍ਹਾਂ ਮਿਸਾਲਾਂ ʼਤੇ ਗੌਰ ਕੀਤਾ, ਉਨ੍ਹਾਂ ਤੋਂ ਅਸੀਂ ਕੀ ਸਿੱਖਦੇ ਹਾਂ? ਜਦੋਂ ਯਹੋਵਾਹ ਮਾਫ਼ ਕਰਦਾ ਹੈ, ਤਾਂ ਉਹ ਸਾਨੂੰ ਪੂਰੀ ਤਰ੍ਹਾਂ ਮਾਫ਼ ਕਰਦਾ ਹੈ। ਉਹ ਸਾਨੂੰ ਉਨ੍ਹਾਂ ਪਾਪਾਂ ਦੀ ਸਜ਼ਾ ਨਾ ਤਾਂ ਹੁਣ ਦਿੰਦਾ ਹੈ ਅਤੇ ਨਾ ਹੀ ਭਵਿੱਖ ਵਿਚ ਦੇਵੇਗਾ। ਇਸ ਕਰਕੇ ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਨਾਲ ਵਧੀਆ ਰਿਸ਼ਤਾ ਬਣਾ ਪਾਉਂਦੇ ਹਾਂ। ਨਾਲੇ ਅਸੀਂ ਇਹ ਵੀ ਯਾਦ ਰੱਖਦੇ ਹਾਂ ਕਿ ਯਹੋਵਾਹ ਦੀ ਮਾਫ਼ੀ ਸਾਡੇ ਲਈ ਇਕ ਵਰਦਾਨ ਹੈ। ਸਾਨੂੰ ਇਹ ਵਰਦਾਨ ਇਸ ਲਈ ਨਹੀਂ ਮਿਲਿਆ ਕਿ ਅਸੀਂ ਇਸ ਦੇ ਲਾਇਕ ਸੀ, ਸਗੋਂ ਇਸ ਲਈ ਮਿਲਿਆ ਕਿਉਂਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਅਤੇ ਇਹ ਉਸ ਦੀ ਅਪਾਰ ਕਿਰਪਾ ਹੈ।—ਰੋਮੀ. 3:24.
19. (ੳ) ਸਾਨੂੰ ਕਿਸ ਗੱਲ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ? (ਰੋਮੀਆਂ 4:8) (ਅ) ਅਗਲੇ ਲੇਖ ਵਿਚ ਅਸੀਂ ਕੀ ਜਾਣਾਂਗੇ?
19 ਰੋਮੀਆਂ 4:8 ਪੜ੍ਹੋ। ਯਹੋਵਾਹ ਸਾਨੂੰ “ਦਿਲੋਂ ਮਾਫ਼” ਕਰਦਾ ਹੈ। ਇਸ ਲਈ ਸਾਨੂੰ ਉਸ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। (ਜ਼ਬੂ. 130:4) ਪਰ ਜੇ ਅਸੀਂ ਯਹੋਵਾਹ ਤੋਂ ਮਾਫ਼ੀ ਪਾਉਣੀ ਚਾਹੁੰਦੇ ਹਾਂ, ਤਾਂ ਸਾਨੂੰ ਇਕ ਜ਼ਰੂਰੀ ਕੰਮ ਕਰਨਾ ਪੈਣਾ। ਉਹ ਕੰਮ ਕਿਹੜਾ ਹੈ? ਯਿਸੂ ਨੇ ਦੱਸਿਆ: “ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਨਹੀਂ ਕਰਦੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਨਹੀਂ ਕਰੇਗਾ।” (ਮੱਤੀ 6:14, 15) ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਵਾਂਗ ਦੂਜਿਆਂ ਨੂੰ ਮਾਫ਼ ਕਰੀਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਅਗਲੇ ਲੇਖ ਵਿਚ ਅਸੀਂ ਇਸ ਬਾਰੇ ਜਾਣਾਂਗੇ।
ਗੀਤ 46 ਯਹੋਵਾਹ ਤੇਰਾ ਧੰਨਵਾਦ
a ਭਾਵੇਂ ਕਿ ਅਸੀਂ ਸਾਰੇ ਇਕ-ਦੂਜੇ ਨੂੰ ਮਾਫ਼ ਕਰਦੇ ਹਾਂ, ਪਰ ਜ਼ਬੂਰ 130:4 ਵਿਚ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਦਿਲੋਂ ਮਾਫ਼” ਕਰਨਾ ਕੀਤਾ ਗਿਆ ਹੈ, ਉਹ ਬਹੁਤ ਹੀ ਅਨੋਖਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਹੀ ਸਾਡੇ ਪਾਪ ਪੂਰੀ ਤਰ੍ਹਾਂ ਮਾਫ਼ ਕਰ ਸਕਦਾ ਹੈ। ਬਾਈਬਲ ਦੇ ਕਈ ਅਨੁਵਾਦਾਂ ਵਿਚ ਇਸ ਅਹਿਮ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਪਰ ਨਵੀਂ ਦੁਨੀਆਂ ਅਨੁਵਾਦ ਬਾਈਬਲ ਵਿਚ ਇਸ ਇਬਰਾਨੀ ਸ਼ਬਦ ਦੇ ਸਹੀ ਮਤਲਬ ਨੂੰ ਧਿਆਨ ਵਿਚ ਰੱਖ ਕੇ ਅਨੁਵਾਦ ਕੀਤਾ ਗਿਆ ਹੈ।