Skip to content

Skip to table of contents

ਇਤਿਹਾਸ ਦੇ ਪੰਨਿਆਂ ਤੋਂ

“ਇਹ ਕੰਮ ਕਿਨ੍ਹਾਂ ਨੂੰ ਸੌਂਪਿਆ ਗਿਆ ਹੈ”

“ਇਹ ਕੰਮ ਕਿਨ੍ਹਾਂ ਨੂੰ ਸੌਂਪਿਆ ਗਿਆ ਹੈ”

ਮੀਂਹ-ਹਨੇਰੀ ਤੋਂ ਕਈ ਦਿਨਾਂ ਬਾਅਦ 1 ਸਤੰਬਰ 1919 ਨੂੰ ਸੋਮਵਾਰ ਵਾਲੇ ਦਿਨ ਧੁੱਪ ਨਿਕਲੀ। ਉਸ ਦੁਪਹਿਰ ਨੂੰ ਸ਼ੁਰੂ ਹੋਏ ਵੱਡੇ ਸੰਮੇਲਨ ਲਈ ਸੀਡਰ ਪਾਇੰਟ, ਓਹੀਓ, ਅਮਰੀਕਾ ਦੇ 2,500 ਸੀਟਾਂ ਵਾਲੇ ਹਾਲ ਵਿਚ ਲਗਭਗ 1,000 ਭੈਣ-ਭਰਾ ਇਕੱਠੇ ਹੋਏ। ਸ਼ਾਮ ਤਕ ਹੋਰ 2,000 ਜਣੇ ਕਿਸ਼ਤੀਆਂ, ਕਾਰਾਂ ਅਤੇ ਰੇਲ ਗੱਡੀਆਂ ਰਾਹੀਂ ਉੱਥੇ ਪਹੁੰਚ ਗਏ। ਮੰਗਲਵਾਰ ਵਾਲੇ ਦਿਨ ਇੰਨੇ ਜਣੇ ਹੋ ਗਏ ਕਿ ਵੱਡੇ ਸੰਮੇਲਨ ਦਾ ਪ੍ਰੋਗ੍ਰਾਮ ਸੁਣਨ ਲਈ ਕਈਆਂ ਨੂੰ ਬਾਹਰ ਵੱਡੇ-ਵੱਡੇ ਦਰਖ਼ਤਾਂ ਥੱਲੇ ਬੈਠਣਾ ਪਿਆ।

ਸੂਰਜ ਦੀਆਂ ਕਿਰਨਾਂ ਪੱਤਿਆਂ ਵਿੱਚੋਂ ਦੀ ਆ ਰਹੀਆਂ ਸਨ ਅਤੇ ਆਦਮੀਆਂ ਦੇ ਕੱਪੜਿਆਂ ’ਤੇ ਪੈਂਦੇ ਪਰਛਾਵੇਂ ਲੈਸ ਵਾਂਗ ਲੱਗ ਰਹੇ ਸਨ। ਏਅਰੀ ਝੀਲ ਤੋਂ ਵਗਣ ਵਾਲੀ ਹਲਕੀ-ਹਲਕੀ ਹਵਾ ਨਾਲ ਔਰਤਾਂ ਦੀਆਂ ਟੋਪੀਆਂ ’ਤੇ ਲੱਗੇ ਖੰਭ ਹਿਲ ਰਹੇ ਸਨ। ਇਕ ਭਰਾ ਯਾਦ ਕਰਦਾ ਹੈ: “ਆਲਾ-ਦੁਆਲਾ ਖੂਬਸੂਰਤ, ਸ਼ਾਂਤਮਈ ਮਾਹੌਲ ਅਤੇ ਦੁਨੀਆਂ ਦੇ ਬੁਰੇ ਹਾਲਾਤਾਂ ਤੋਂ ਦੂਰ ਹੋਣ ਕਰਕੇ ਇੱਦਾਂ ਲੱਗ ਰਿਹਾ ਸੀ ਜਿੱਦਾਂ ਅਸੀਂ ਸੱਚੀਂ-ਮੁੱਚੀ ਨਵੀਂ ਦੁਨੀਆਂ ਵਿਚ ਹੋਈਏ।”

ਉੱਥੇ ਹਾਜ਼ਰ ਲੋਕਾਂ ਦੇ ਚਿਹਰਿਆਂ ’ਤੇ ਜੋ ਖ਼ੁਸ਼ੀ ਸੀ, ਉਸ ਦੇ ਮੁਕਾਬਲੇ ਆਲੇ-ਦੁਆਲੇ ਦੀ ਖ਼ੂਬਸੂਰਤੀ ਤਾਂ ਕੁਝ ਵੀ ਨਹੀਂ ਸੀ। ਉੱਥੇ ਦੀ ਇਕ ਅਖ਼ਬਾਰ ਵਿਚ ਕਿਹਾ ਗਿਆ: “ਸਾਰੇ ਜਣੇ ਰੱਬ ਨੂੰ ਪੂਰੀ ਸ਼ਰਧਾ ਨਾਲ ਮੰਨਣ ਵਾਲੇ ਸਨ ਅਤੇ ਬਹੁਤ ਜ਼ਿਆਦਾ ਖ਼ੁਸ਼ ਸਨ।” ਬਾਈਬਲ ਸਟੂਡੈਂਟਸ ਨੇ ਪਿਛਲੇ ਕਈ ਸਾਲਾਂ ਤੋਂ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਸੀ, ਜਿਵੇਂ ਯੁੱਧ ਦੌਰਾਨ ਵਿਰੋਧਤਾ, ਮੰਡਲੀਆਂ ਵਿਚ ਫੁੱਟ, ਬਰੁਕਲਿਨ ਬੈਥਲ ਦਾ ਬੰਦ ਹੋਣਾ ਅਤੇ ਰਾਜ ਦੀ ਖ਼ਾਤਰ ਬਹੁਤ ਸਾਰਿਆਂ ਨੂੰ ਕੈਦ। ਜਿਨ੍ਹਾਂ ਨੂੰ ਕੈਦ ਦੀ ਸਜ਼ਾ ਮਿਲੀ, ਉਨ੍ਹਾਂ ਵਿਚ ਸੰਗਠਨ ਦੀ ਅਗਵਾਈ ਕਰਨ ਵਾਲੇ ਅੱਠ ਭਰਾ ਵੀ ਸਨ। ਇਨ੍ਹਾਂ ਵਿੱਚੋਂ ਕਈਆਂ ਨੂੰ 20-20 ਸਾਲਾਂ ਦੀ ਕੈਦ ਹੋਈ। * ਇਨ੍ਹਾਂ ਔਖੇ ਹਾਲਾਤਾਂ ਤੋਂ ਬਾਅਦ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਮਿਲਣਾ ਕਿੰਨਾ ਹੀ ਖ਼ੁਸ਼ੀ ਭਰਿਆ ਸੀ!

ਉਨ੍ਹਾਂ ਮੁਸ਼ਕਲ ਸਾਲਾਂ ਦੌਰਾਨ ਬਹੁਤ ਸਾਰੇ ਭੈਣ-ਭਰਾ ਨਿਰਾਸ਼ ਹੋਣ ਦੇ ਨਾਲ-ਨਾਲ ਉਲਝਣ ਵਿਚ ਪੈ ਗਏ। ਇਸ ਕਰਕੇ ਕੁਝ ਭੈਣਾਂ-ਭਰਾਵਾਂ ਨੇ ਗਵਾਹੀ ਦੇਣੀ ਛੱਡ ਦਿੱਤੀ। ਪਰ ਜ਼ਿਆਦਾਤਰ ਭੈਣ-ਭਰਾ ਸਰਕਾਰੀ ਅਧਿਕਾਰੀਆਂ ਦੀ ਵਿਰੋਧਤਾ ਦੇ ਬਾਵਜੂਦ ਵੀ ਆਪਣੀ ਪੂਰੀ ਵਾਹ ਲਾ ਕੇ ਪ੍ਰਚਾਰ ਕਰਦੇ ਰਹੇ। ਇਕ ਅਫ਼ਸਰ ਨੇ ਦੱਸਿਆ ਕਿ ਉਸ ਦੇ ਸਖ਼ਤ ਚੇਤਾਵਨੀਆਂ ਦੇਣ ਦੇ ਬਾਵਜੂਦ ਵੀ ਜ਼ਿਆਦਾਤਰ ਬਾਈਬਲ ਸਟੂਡੈਂਟਸ ਨੇ ਕਿਹਾ ਕਿ ਉਹ “ਅੰਤ ਤਕ ਪ੍ਰਚਾਰ ਦਾ ਕੰਮ ਕਰਦੇ ਰਹਿਣਗੇ।”

ਪਰੀਖਿਆ ਦੇ ਸਮੇਂ ਦੌਰਾਨ ਵਫ਼ਾਦਾਰ ਬਾਈਬਲ ਸਟੂਡੈਂਟਸ ਨੇ ਦੇਖਿਆ ਕਿ “ਪ੍ਰਭੂ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ, . . . ਉਹ ਹਰ ਸਮੇਂ ਪਿਤਾ ਤੋਂ ਸੇਧ ਲਈ ਪ੍ਰਾਰਥਨਾ ਕਰ ਰਹੇ ਸਨ।” ਹੁਣ ਉਹ ਸੀਡਰ ਪਾਇੰਟ ਵਿਚ ਸੰਮੇਲਨ ਵਾਲੇ ਦਿਨ ਆਪਣੇ ਭੈਣਾਂ-ਭਰਾਵਾਂ ਨਾਲ ਇਕੱਠੇ ਹੋ ਕੇ ਖ਼ੁਸ਼ ਸਨ। ਬਹੁਤ ਸਾਰੇ ਭੈਣ-ਭਰਾ ਇਸ ਭੈਣ ਵਾਂਗ ਮਹਿਸੂਸ ਕਰਦੇ ਸਨ, ਜਿਸ ਨੇ ਕਿਹਾ: “ਅਸੀਂ ਦੁਬਾਰਾ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਿਵੇਂ ਕਰ ਸਕਾਂਗੇ?” ਸਾਰੇ ਜਣੇ ਹੋਰ ਕਿਸੇ ਵੀ ਕੰਮ ਨਾਲੋਂ ਜ਼ਿਆਦਾ ਪ੍ਰਚਾਰ ਕਰਨਾ ਚਾਹੁੰਦੇ ਸਨ।

“GA”—ਇਕ ਨਵਾਂ ਔਜ਼ਾਰ!

ਸੰਮੇਲਨ ’ਤੇ ਆਏ ਭੈਣਾਂ-ਭਰਾਵਾਂ ਲਈ “GA” ਅੱਖਰ ਪੂਰਾ ਹਫ਼ਤਾ ਬੁਝਾਰਤ ਬਣੇ ਹੋਏ ਸਨ। ਇਹ ਅੱਖਰ ਸੁਆਗਤੀ ਕਾਰਡਾਂ, ਸੰਮੇਲਨ ਦੇ ਪ੍ਰੋਗ੍ਰਾਮ ਅਤੇ ਸੰਮੇਲਨ ਦੀ ਜਗ੍ਹਾ ’ਤੇ ਲੱਗੇ ਬੋਰਡਾਂ ’ਤੇ ਲਿਖੇ ਹੋਏ ਸਨ। ਅਖ਼ੀਰ ਸ਼ੁੱਕਰਵਾਰ ਵਾਲੇ ਦਿਨ ਭਰਾ ਜੇ. ਐੱਫ਼. ਰਦਰਫ਼ਰਡ ਨੇ 6,000 ਭੈਣਾਂ-ਭਰਾਵਾਂ ਸਾਮ੍ਹਣੇ ਇਹ ਬੁਝਾਰਤ ਸੁਲਝਾਈ। “GA” ਦਾ ਮਤਲਬ ਸੀ, “The Golden Age.”  * ਇਹ ਪ੍ਰਚਾਰ ਲਈ ਇਕ ਨਵਾਂ ਰਸਾਲਾ ਸੀ।

ਆਪਣੇ ਚੁਣੇ ਹੋਏ ਭਰਾਵਾਂ ਬਾਰੇ ਗੱਲ ਕਰਦਿਆਂ ਭਰਾ ਰਦਰਫ਼ਰਡ ਨੇ ਕਿਹਾ: ‘ਇਨ੍ਹਾਂ ਔਖੇ ਸਮਿਆਂ ਦੌਰਾਨ ਉਹ ਨਿਹਚਾ ਦੀਆਂ ਅੱਖਾਂ ਨਾਲ ਉਸ ਸਮੇਂ ਨੂੰ ਦੇਖ ਸਕੇ ਜਦੋਂ ਮਸੀਹ ਦੇ ਰਾਜ ਅਧੀਨ ਸਾਰੀਆਂ ਮੁਸ਼ਕਲਾਂ ਖ਼ਤਮ ਹੋ ਜਾਣਗੀਆਂ ਅਤੇ ਉਹ ਵਧੀਆ ਮਾਹੌਲ ਵਿਚ ਰਹਿ ਸਕਣਗੇ। ਉਹ ਮਸੀਹ ਦੇ ਰਾਜ ਬਾਰੇ ਗਵਾਹੀ ਦੇਣ ਨੂੰ ਆਪਣੀ ਮੁੱਖ ਜ਼ਿੰਮੇਵਾਰੀ ਅਤੇ ਮਾਣ ਦੀ ਗੱਲ ਸਮਝਦੇ ਹਨ। ਉਨ੍ਹਾਂ ਲਈ ਇਹ ਪਰਮੇਸ਼ੁਰ ਵੱਲੋਂ ਮਿਲਿਆ ਕੰਮ ਸੀ।’

ਦ ਗੋਲਡਨ ਏਜ “ਰਸਾਲਾ ਸੱਚਾਈ ਦੱਸਦਾ ਹੈ, ਉਮੀਦ ਦਿੰਦਾ ਹੈ ਅਤੇ ਯਕੀਨ ਦਿਵਾਉਂਦਾ ਹੈ।” ਇਸ ਰਸਾਲੇ ਦੁਆਰਾ ਨਵੇਂ ਤਰੀਕੇ ਨਾਲ ਪ੍ਰਚਾਰ ਕੀਤਾ ਜਾਣਾ ਸੀ। ਗਵਾਹਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਪੁੱਛਣਾ ਸੀ ਕਿ ਉਹ ਇਹ ਰਸਾਲਾ ਆਪਣੇ ਘਰ ਮੰਗਵਾਉਣਾ ਚਾਹੁੰਦੇ ਸਨ। ਭਾਸ਼ਣ ਦੌਰਾਨ ਜਦੋਂ ਇਹ ਪੁੱਛਿਆ ਗਿਆ ਕਿ ਕਿੰਨੇ ਲੋਕ ਇਹ ਕੰਮ ਕਰਨਾ ਚਾਹੁਣਗੇ, ਤਾਂ ਸਾਰੇ ਲੋਕ ਇਕਦਮ ਖੜ੍ਹੇ ਹੋ ਗਏ। ਫਿਰ “ਯਿਸੂ ਦੇ ਨਕਸ਼ੇ ਕਦਮਾਂ ’ਤੇ ਚੱਲਣ ਵਾਲੇ ਜੋਸ਼ੀਲੇ ਭੈਣਾਂ-ਭਰਾਵਾਂ ਨੇ ਅੰਗ੍ਰੇਜ਼ੀ ਵਿਚ ਇਹ ਗਾਣਾ ਗਾਇਆ, ‘ਹੇ ਪਰਮੇਸ਼ੁਰ, ਆਪਣਾ ਚਾਨਣ ਘੱਲ।’” ਭਰਾ ਜੇ. ਐੱਮ. ਨੌਰਿਸ ਯਾਦ ਕਰਦਾ ਹੈ: “ਉਨ੍ਹਾਂ ਨੇ ਇੰਨੀ ਉੱਚੀ ਗਾਣਾ ਗਾਇਆ, ਇੱਦਾਂ ਲੱਗ ਰਿਹਾ ਸੀ ਕਿ ਜਿੱਦਾਂ ਦਰਖ਼ਤ ਹਿਲ ਰਹੇ ਹੋਣ।”

ਪ੍ਰੋਗ੍ਰਾਮ ਤੋਂ ਬਾਅਦ ਭੈਣ-ਭਰਾ ਘੰਟਿਆਂ ਬੱਧੀ ਲਾਈਨ ਵਿਚ ਲੱਗੇ ਰਹੇ ਤਾਂਕਿ ਉਹ ਪਹਿਲਾਂ ਆਪਣੇ ਘਰ ਇਹ ਰਸਾਲਾ ਲਗਵਾ ਸਕਣ ਤੇ ਫਿਰ ਲੋਕਾਂ ਨੂੰ ਇਹ ਰਸਾਲਾ ਮੰਗਵਾਉਣ ਲਈ ਪੁੱਛ ਸਕਣ। ਬਹੁਤ ਸਾਰਿਆਂ ਨੇ ਮੇਬਲ ਫ਼ਿਲਬਰਿਕ ਵਾਂਗ ਮਹਿਸੂਸ ਕੀਤਾ, ਜਿਸ ਨੇ ਕਿਹਾ: “ਇਹ ਜਾਣ ਕੇ ਸਾਨੂੰ ਕਿੰਨੀ ਖ਼ੁਸ਼ੀ ਹੋਈ ਕਿ ਅਸੀਂ ਫਿਰ ਤੋਂ ਪ੍ਰਚਾਰ ਕਰ ਸਕਾਂਗੇ!”

“ਇਹ ਕੰਮ ਕਿਨ੍ਹਾਂ ਨੂੰ ਸੌਂਪਿਆ ਗਿਆ ਹੈ”

ਲਗਭਗ 7,000 ਬਾਈਬਲ ਸਟੂਡੈਂਟਸ ਇਸ ਕੰਮ ਨੂੰ ਕਰਨ ਲਈ ਤਿਆਰ-ਬਰ-ਤਿਆਰ ਸਨ। ਪ੍ਰਚਾਰ ਲਈ ਹਿਦਾਇਤਾਂ (ਅੰਗ੍ਰੇਜ਼ੀ) ਨਾਂ ਦੇ ਇਕ ਪਰਚੇ ਅਤੇ ਇਹ ਕੰਮ ਕਿਨ੍ਹਾਂ ਨੂੰ ਸੌਂਪਿਆ ਗਿਆ ਹੈ (ਅੰਗ੍ਰੇਜ਼ੀ) ਨਾਂ ਦੀ ਪੁਸਤਿਕਾ ਵਿਚ ਸਮਝਾਇਆ ਗਿਆ: ਹੈੱਡ-ਕੁਆਰਟਰ ਤੋਂ ਇਕ ਨਵੇਂ ਸੇਵਾ ਵਿਭਾਗ ਨੇ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਨੀ ਸੀ। ਮੰਡਲੀ ਵਿਚ ਪ੍ਰਚਾਰ ਸੇਵਾ ਕਮੇਟੀ ਬਣਾਈ ਜਾਣੀ ਸੀ ਅਤੇ ਹਿਦਾਇਤਾਂ ਦੇਣ ਲਈ ਇਕ ਨਿਰਦੇਸ਼ਕ ਨੂੰ ਨਿਯੁਕਤ ਕੀਤਾ ਜਾਣਾ ਸੀ। ਪ੍ਰਚਾਰ ਦੇ ਇਲਾਕਿਆਂ ਨੂੰ ਹਿੱਸਿਆਂ ਵਿਚ ਵੰਡਿਆ ਜਾਣਾ ਸੀ। ਇਕ ਹਿੱਸੇ ਵਿਚ 150-200 ਘਰ ਹੋਣੇ ਸਨ। ਵੀਰਵਾਰ ਸ਼ਾਮ ਨੂੰ ਸੇਵਾ ਸਭਾ ਹੋਣੀ ਸੀ ਜਿਸ ਵਿਚ ਭੈਣਾਂ-ਭਰਾਵਾਂ ਨੇ ਆਪਣੇ ਤਜਰਬੇ ਸਾਂਝੇ ਕਰਨੇ ਸਨ ਅਤੇ ਆਪਣੀ ਪ੍ਰਚਾਰ ਦੀ ਰਿਪੋਰਟ ਦੇਣੀ ਸੀ।

ਹਰਮਨ ਫ਼ਿਲਬਰਿਕ ਨੇ ਕਿਹਾ: “ਘਰ ਪਹੁੰਚਣ ਤੇ ਅਸੀਂ ਲੋਕਾਂ ਨੂੰ ਦੱਸਣ ਵਿਚ ਰੁੱਝ ਗਏ ਕਿ ਜੇ ਉਹ ਇਹ ਰਸਾਲਾ ਮੰਗਵਾਉਣਾ ਚਾਹੁੰਦੇ ਹਨ, ਤਾਂ ਅਸੀਂ ਉਨ੍ਹਾਂ ਲਈ ਮੰਗਵਾ ਸਕਦੇ ਹਾਂ।” ਉਨ੍ਹਾਂ ਨੇ ਦੇਖਿਆ ਕਿ ਜ਼ਿਆਦਾਤਰ ਲੋਕ ਉਨ੍ਹਾਂ ਦੀ ਗੱਲ ਸੁਣਨੀ ਚਾਹੁੰਦੇ ਸਨ। ਬਾਊਲਾਹ ਕਓਵੇ ਨੇ ਕਿਹਾ: “ਯੁੱਧ ਅਤੇ ਦੁੱਖਾਂ ਨੂੰ ਦੇਖਣ ਤੋਂ ਬਾਅਦ ਜ਼ਿਆਦਾਤਰ ਲੋਕ ਬੱਸ ਇਹੀ ਸੁਣ ਕੇ ਖ਼ੁਸ਼ ਹੋ ਜਾਂਦੇ ਸਨ ਕਿ ਆਉਣ ਵਾਲੇ ਸਮੇਂ ਵਿਚ ਸਾਰੇ ਦੁੱਖਾਂ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਸਾਰੇ ਆਪਣੀ ਜ਼ਿੰਦਗੀ ਦਾ ਆਨੰਦ ਮਾਣਨਗੇ।” ਆਰਥਰ ਕਲਾਊਸ ਨੇ ਲਿਖਿਆ: “ਪੂਰੀ ਮੰਡਲੀ ਇਸ ਗੱਲ ਤੋਂ ਹੈਰਾਨ ਸੀ ਕਿ ਕਿੰਨੇ ਲੋਕ ਇਸ ਰਸਾਲੇ ਨੂੰ ਮੰਗਵਾਉਣਾ ਚਾਹੁੰਦੇ ਸਨ।” ਜਦੋਂ ਪਹਿਲਾਂ ਅੰਕ ਆਇਆ, ਤਾਂ ਦੋ ਮਹੀਨਿਆਂ ਦੇ ਅੰਦਰ-ਅੰਦਰ ਲਗਭਗ ਇਸ ਦੀਆਂ 5 ਲੱਖ ਕਾਪੀਆਂ ਵੰਡੀਆਂ ਗਈਆਂ ਅਤੇ 50,000 ਜਣਿਆਂ ਨੇ ਇਹ ਰਸਾਲਾ ਮੰਗਵਾਉਣਾ ਸ਼ੁਰੂ ਕੀਤਾ।

1 ਜੁਲਾਈ 1920 ਦੇ ਪਹਿਰਾਬੁਰਜ ਵਿਚ “ਰਾਜ ਦੀ ਖ਼ੁਸ਼ ਖ਼ਬਰੀ” ਨਾਂ ਦਾ ਲੇਖ ਛਾਪਿਆ ਗਿਆ। ਇਸ ਬਾਰੇ ਭਰਾ ਏ. ਐੱਚ. ਮੈਕਮਿਲਨ ਨੇ ਬਾਅਦ ਵਿਚ ਕਿਹਾ ਕਿ “ਸੰਗਠਨ ਨੇ ਪਹਿਲੀ ਵਾਰ ਇਸ ਲੇਖ ਵਿਚ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦਿੱਤੀ।” ਉਸ ਲੇਖ ਵਿਚ ਸਾਰੇ ਚੁਣੇ ਹੋਏ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਗਈ ਕਿ ਉਹ “ਇਸ ਗੱਲ ਦੀ ਗਵਾਹੀ ਦੇਣ ਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ।” ਅੱਜ ਮਸੀਹ ਦੇ ਭਰਾਵਾਂ ਨੂੰ ‘ਇਹ ਕੰਮ ਸੌਂਪਿਆ ਗਿਆ ਹੈ’ ਅਤੇ ਇਨ੍ਹਾਂ ਨਾਲ ਮਿਲ ਕੇ ਲੱਖਾਂ ਹੀ ਲੋਕ ਜੋਸ਼ ਨਾਲ ਉਦੋਂ ਤਕ ਪ੍ਰਚਾਰ ਕਰਦੇ ਰਹਿਣਗੇ ਜਦ ਤਕ ਮਸੀਹ ਦਾ ਰਾਜ ਨਹੀਂ ਆ ਜਾਂਦਾ।

^ ਪੈਰਾ 5 ਯਹੋਵਾਹ ਦੇ ਗਵਾਹ​—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ) ਨਾਮਕ ਕਿਤਾਬ ਦਾ ਛੇਵਾਂ ਅਧਿਆਇ “ਪਰੀਖਿਆ ਦਾ ਸਮਾਂ (1914-1918)” ਦੇਖੋ।

^ ਪੈਰਾ 9 1937 ਵਿਚ ਦ ਗੋਲਡਨ ਏਜ (The Golden Age) ਦਾ ਨਾਂ ਬਦਲ ਕੇ ਕੌਨਸੋਲੇਸ਼ਨ ਰੱਖਿਆ ਗਿਆ ਅਤੇ 1946 ਵਿਚ ਇਸ ਦਾ ਨਾਂ ਅਵੇਕ! (ਜਾਗਰੂਕ ਬਣੋ!) ਰੱਖਿਆ ਗਿਆ।