Skip to content

Skip to table of contents

“ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ”

“ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ”

‘ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ, ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।’​—ਮੱਤੀ 28:19, 20.

ਗੀਤ: 47, 17

1, 2. ਮੱਤੀ 24:14 ਵਿਚ ਦਰਜ ਯਿਸੂ ਦੇ ਸ਼ਬਦਾਂ ਤੋਂ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?

ਭਾਵੇਂ ਲੋਕ ਸਾਡੀ ਗੱਲ ਸੁਣਨ ਜਾਂ ਨਾ ਸੁਣਨ, ਫਿਰ ਵੀ ਜ਼ਿਆਦਾਤਰ ਲੋਕ ਮੰਨਦੇ ਹਨ ਕਿ ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਆਪਣੇ ਪ੍ਰਚਾਰ ਦੇ ਕੰਮ ਲਈ ਜਾਣੇ ਜਾਂਦੇ ਹਨ। ਸ਼ਾਇਦ ਪ੍ਰਚਾਰ ਵਿਚ ਤੁਹਾਨੂੰ ਵੀ ਅਜਿਹੇ ਲੋਕ ਮਿਲੇ ਹੋਣ ਜੋ ਸਾਡੇ ਵਿਸ਼ਵਾਸਾਂ ਨਾਲ ਸਹਿਮਤ ਨਹੀਂ ਸਨ, ਫਿਰ ਵੀ ਉਹ ਸਾਡੇ ਪ੍ਰਚਾਰ ਦੇ ਕੰਮ ਦੀ ਕਦਰ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ। (ਮੱਤੀ 24:14) ਪਰ ਅਸੀਂ ਕਿਵੇਂ ਜਾਣਦੇ ਹਾਂ ਕਿ ਪ੍ਰਚਾਰ ਕਰ ਕੇ ਅਸੀਂ ਯਿਸੂ ਵੱਲੋਂ ਕੀਤੀ ਭਵਿੱਖਬਾਣੀ ਪੂਰੀ ਕਰ ਰਹੇ ਹਾਂ? ਨਾਲੇ ਕੀ ਇਹ ਸੋਚਣਾ ਸਹੀ ਹੈ ਕਿ ਸਿਰਫ਼ ਅਸੀਂ ਹੀ ਯਿਸੂ ਵੱਲੋਂ ਦਿੱਤਾ ਕੰਮ ਕਰ ਰਹੇ ਹਾਂ?

2 ਚਰਚ ਦੇ ਬਹੁਤ ਸਾਰੇ ਫ਼ਿਰਕੇ ਮੰਨਦੇ ਹਨ ਕਿ ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। ਪਰ ਉਹ ਸਿਰਫ਼ ਚਰਚ ਵਿਚ ਭਾਸ਼ਣਾਂ, ਆਪਣੀਆਂ ਗਵਾਹੀਆਂ, ਟੈਲੀਵਿਯਨ ਜਾਂ ਇੰਟਰਨੈੱਟ ਰਾਹੀਂ ਪ੍ਰਚਾਰ ਕਰਦੇ ਹਨ। ਕੁਝ ਲੋਕ ਮੰਨਦੇ ਹਨ ਕਿ ਉਹ ਲੋੜਵੰਦ ਲੋਕਾਂ ਦੀ ਮਦਦ ਕਰ ਕੇ ਜਾਂ ਡਾਕਟਰ, ਨਰਸ ਜਾਂ ਟੀਚਰ ਵਜੋਂ ਸੇਵਾ ਕਰ ਕੇ ਪ੍ਰਚਾਰ ਕਰ ਰਹੇ ਹਨ। ਪਰ ਕੀ ਯਿਸੂ ਨੇ ਇੱਦਾਂ ਦੇ ਕੰਮ ਕਰ ਕੇ ਪ੍ਰਚਾਰ ਕਰਨ ਲਈ ਕਿਹਾ ਸੀ?

3. ਮੱਤੀ 28:19, 20 ਦੇ ਹੁਕਮ ਮੁਤਾਬਕ ਯਿਸੂ ਦੇ ਚੇਲਿਆਂ ਨੂੰ ਕਿਹੜੇ ਚਾਰ ਕੰਮ ਕਰਨ ਦੀ ਲੋੜ ਹੈ?

3 ਕੀ ਯਿਸੂ ਦੇ ਕਹਿਣ ਦਾ ਇਹ ਮਤਲਬ ਸੀ ਕਿ ਚੇਲੇ ਹੱਥ ’ਤੇ ਹੱਥ ਧਰ ਕੇ ਇਸ ਗੱਲ ਦਾ ਇੰਤਜ਼ਾਰ ਕਰਨ ਕਿ ਲੋਕ ਉਨ੍ਹਾਂ ਕੋਲ ਆਉਣ? ਬਿਲਕੁਲ ਨਹੀਂ! ਯਿਸੂ ਨੇ ਜੀਉਂਦੇ ਹੋਣ ਤੋਂ ਬਾਅਦ ਆਪਣੇ ਸੈਂਕੜੇ ਚੇਲਿਆਂ ਨੂੰ ਕਿਹਾ: ‘ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ, ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।’ (ਮੱਤੀ 28:19, 20) ਸੋ ਯਿਸੂ ਦੇ ਚੇਲਿਆਂ ਨੂੰ ਚਾਰ ਕੰਮ ਕਰਨ ਦੀ ਲੋੜ ਹੈ। ਸਾਨੂੰ ਲੋਕਾਂ ਨੂੰ ਚੇਲੇ ਬਣਾਉਣ, ਬਪਤਿਸਮਾ ਦੇਣ ਅਤੇ ਸਿਖਾਉਣ ਦਾ ਕੰਮ ਕਰਨਾ ਚਾਹੀਦਾ ਹੈ, ਪਰ ਸਭ ਤੋਂ ਪਹਿਲਾਂ ਸਾਨੂੰ ਕੀ ਕਰਨ ਦੀ ਲੋੜ ਹੈ? ਯਿਸੂ ਨੇ ਕਿਹਾ: “ਜਾਓ”! ਇਸ ਹੁਕਮ ਬਾਰੇ ਬਾਈਬਲ ਦੇ ਇਕ ਵਿਦਵਾਨ ਨੇ ਕਿਹਾ: “ਹਰ ਚੇਲੇ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਕੋਲ ‘ਜਾਵੇ’ ਭਾਵੇਂ ਉਹ ਧਰਤੀ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਹੋਣ।”​—ਮੱਤੀ 10:7; ਲੂਕਾ 10:3.

4. ਯਿਸੂ ਨੇ ਕਿਹਾ ਸੀ ਕਿ “ਮੈਂ ਤੁਹਾਨੂੰ ਇਨਸਾਨਾਂ ਨੂੰ ਫੜਨਾ ਸਿਖਾਵਾਂਗਾ ਜਿਵੇਂ ਤੁਸੀਂ ਮੱਛੀਆਂ ਫੜਦੇ ਹੋ।” ਇਸ ਕੰਮ ਵਿਚ ਕੀ ਕੁਝ ਸ਼ਾਮਲ ਹੈ?

4 ਕੀ ਯਿਸੂ ਦੇ ਕਹਿਣ ਦਾ ਇਹ ਮਤਲਬ ਸੀ ਕਿ ਉਸ ਦੇ ਚੇਲੇ ਇਕੱਲੇ-ਇਕੱਲੇ ਪ੍ਰਚਾਰ ਕਰਨ ਜਾਂ ਚੰਗੇ ਪ੍ਰਬੰਧ ਕਰ ਕੇ ਇਕ ਸਮੂਹ ਵਜੋਂ ਪ੍ਰਚਾਰ ਕਰਨ? ਇਕੱਲਾ ਵਿਅਕਤੀ “ਸਾਰੀਆਂ ਕੌਮਾਂ” ਨੂੰ ਪ੍ਰਚਾਰ ਨਹੀਂ ਕਰ ਸਕਦਾ, ਇਸ ਕਰਕੇ ਯਿਸੂ ਦੇ ਚੇਲਿਆਂ ਨੂੰ ਸਮੂਹ ਵਜੋਂ ਪ੍ਰਚਾਰ ਕਰਨ ਦੀ ਲੋੜ ਹੈ। ਦਰਅਸਲ ਯਿਸੂ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਉਸ ਨੇ ਆਪਣੇ ਚੇਲਿਆਂ ਨੂੰ ਇਹ ਸੱਦਾ ਦਿੱਤਾ ਕਿ “ਮੈਂ ਤੁਹਾਨੂੰ ਇਨਸਾਨਾਂ ਨੂੰ ਫੜਨਾ ਸਿਖਾਵਾਂਗਾ ਜਿਵੇਂ ਤੁਸੀਂ ਮੱਛੀਆਂ ਫੜਦੇ ਹੋ।” (ਮੱਤੀ 4:18-22 ਪੜ੍ਹੋ।) ਯਿਸੂ ਇੱਥੇ ਉਸ ਤਰੀਕੇ ਨਾਲ ਮੱਛੀਆਂ ਫੜਨ ਦੀ ਗੱਲ ਨਹੀਂ ਕਰ ਰਿਹਾ ਸੀ ਜਿਸ ਵਿਚ ਇਕ ਮਛੇਰਾ ਉਦੋਂ ਤਕ ਕੁੰਡੀ ਪਾ ਕੇ ਬੈਠਾ ਰਹਿੰਦਾ ਹੈ ਜਦੋਂ ਤਕ ਮੱਛੀ ਕੁੰਡੀ ਵਿਚ ਫਸ ਨਹੀਂ ਜਾਂਦੀ। ਇਸ ਦੀ ਬਜਾਇ, ਇੱਥੇ ਯਿਸੂ ਜਾਲ਼ ਪਾ ਕੇ ਮੱਛੀਆਂ ਫੜਨ ਦੀ ਗੱਲ ਕਰ ਰਿਹਾ ਸੀ। ਇਸ ਤਰੀਕੇ ਨਾਲ ਮੱਛੀਆਂ ਫੜਨ ਦੇ ਕੰਮ ਵਿਚ ਸਖ਼ਤ ਮਿਹਨਤ ਅਤੇ ਚੰਗੇ ਪ੍ਰਬੰਧ ਕਰਨ ਦੇ ਨਾਲ-ਨਾਲ ਮਿਲ ਕੇ ਕੰਮ ਕਰਨ ਦੀ ਵੀ ਲੋੜ ਹੈ।​—ਲੂਕਾ 5:1-11.

5. ਕਿਹੜੇ ਚਾਰ ਸਵਾਲਾਂ ਦੇ ਜਵਾਬ ਲੈਣੇ ਜ਼ਰੂਰੀ ਹਨ ਅਤੇ ਕਿਉਂ?

5 ਇਹ ਜਾਣਨ ਲਈ ਕਿ ਯਿਸੂ ਦੀ ਭਵਿੱਖਬਾਣੀ ਅਨੁਸਾਰ ਅੱਜ ਕੌਣ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ, ਸਾਡੇ ਲਈ ਇਨ੍ਹਾਂ ਚਾਰ ਸਵਾਲਾਂ ਦੇ ਜਵਾਬ ਲੈਣੇ ਜ਼ਰੂਰੀ ਹਨ:

  • ਕਿਹੜੇ ਸੰਦੇਸ਼ ਦਾ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ?

  • ਪ੍ਰਚਾਰ ਕਰਨ ਦਾ ਕੀ ਮਕਸਦ ਹੋਣ ਚਾਹੀਦਾ ਹੈ?

  • ਕਿਹੜੇ ਤਰੀਕਿਆਂ ਨਾਲ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ?

  • ਕਿਸ ਪੱਧਰ ’ਤੇ ਅਤੇ ਕਦੋਂ ਤਕ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ?

ਇਨ੍ਹਾਂ ਸਵਾਲਾਂ ਦੇ ਜਵਾਬ ਸਾਡੀ ਇਹ ਜਾਣਨ ਵਿਚ ਮਦਦ ਕਰਨਗੇ ਕਿ ਅੱਜ ਕੌਣ ਜ਼ਿੰਦਗੀਆਂ ਬਚਾਉਣ ਵਾਲਾ ਕੰਮ ਕਰ ਰਹੇ ਹਨ। ਨਾਲੇ ਇਨ੍ਹਾਂ ਦੇ ਜਵਾਬ ਜਾਣ ਕੇ ਪ੍ਰਚਾਰ ਕਰਨ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ।—1 ਤਿਮੋ. 4:16.

ਕਿਹੜੇ ਸੰਦੇਸ਼ ਦਾ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ?

6. ਤੁਸੀਂ ਪੂਰੇ ਭਰੋਸੇ ਨਾਲ ਕਿਉਂ ਕਹਿ ਸਕਦੇ ਹੋ ਕਿ ਯਹੋਵਾਹ ਦੇ ਗਵਾਹ ਹੀ ਉਹ ਸੰਦੇਸ਼ ਸੁਣਾ ਰਹੇ ਹਨ ਜੋ ਯਿਸੂ ਨੇ ਸੁਣਾਉਣ ਲਈ ਕਿਹਾ ਸੀ?

6 ਲੂਕਾ 8:1 ਪੜ੍ਹੋ। ਯਿਸੂ ਨੇ “ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕੀਤਾ ਅਤੇ ਉਹ ਆਪਣੇ ਚੇਲਿਆਂ ਤੋਂ ਵੀ ਇਹੀ ਚਾਹੁੰਦਾ ਹੈ। ਅੱਜ ਕੌਣ “ਸਾਰੀਆਂ ਕੌਮਾਂ” ਨੂੰ ਰਾਜ ਦਾ ਸੰਦੇਸ਼ ਸੁਣਾ ਰਹੇ ਹਨ? ਜਵਾਬ ਬਿਲਕੁਲ ਸਾਫ਼ ਹੈ, ਸਿਰਫ਼ ਯਹੋਵਾਹ ਦੇ ਗਵਾਹ। ਇੱਥੋਂ ਤਕ ਕਿ ਸਾਡੇ ਕੁਝ ਵਿਰੋਧੀ ਵੀ ਇਸ ਗੱਲ ਨੂੰ ਮੰਨਦੇ ਹਨ। ਮਿਸਾਲ ਲਈ, ਬਹੁਤ ਸਾਰੇ ਦੇਸ਼ਾਂ ਵਿਚ ਰਹਿ ਚੁੱਕੇ ਇਕ ਪਾਦਰੀ ਨੇ ਗਵਾਹ ਨੂੰ ਦੱਸਿਆ ਕਿ ਉਹ ਜਿੱਥੇ ਵੀ ਗਿਆ ਉਸ ਨੇ ਗਵਾਹਾਂ ਤੋਂ ਪੁੱਛਿਆ ਕਿ ਉਹ ਕਿਹੜੇ ਸੰਦੇਸ਼ ਦਾ ਪ੍ਰਚਾਰ ਕਰਦੇ ਹਨ। ਉਸ ਨੂੰ ਕੀ ਜਵਾਬ ਮਿਲਿਆ? ਪਾਦਰੀ ਨੇ ਕਿਹਾ: “ਸਾਰੇ ਬੇਵਕੂਫ਼ ਹਨ, ਇੱਕੋ ਹੀ ਜਵਾਬ ਦਿੰਦੇ ਹਨ, ‘ਰਾਜ ਦੀ ਖ਼ੁਸ਼ ਖ਼ਬਰੀ’।” ਪਰ ਉਹ “ਬੇਵਕੂਫ਼” ਨਹੀਂ ਹਨ, ਸਗੋਂ ਉਨ੍ਹਾਂ ਦੇ ਜਵਾਬ ਤੋਂ ਪਤਾ ਲੱਗਦਾ ਹੈ ਕਿ ਮਸੀਹੀਆਂ ਦੀ ਇੱਕੋ ਹੀ ਸਿੱਖਿਆ ਹੈ। (1 ਕੁਰਿੰ. 1:10) ਉਹ ਉਹੀ ਸੰਦੇਸ਼ ਸੁਣਾ ਰਹੇ ਹਨ ਜੋ ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ ਵਿਚ ਹੈ। ਇਹ ਰਸਾਲਾ 254 ਭਾਸ਼ਾਵਾਂ ਵਿਚ ਉਪਲਬਧ ਹੈ। ਇਸ ਰਸਾਲੇ ਦੀਆਂ ਲਗਭਗ 5 ਕਰੋੜ 90 ਲੱਖ ਕਾਪੀਆਂ ਛਾਪੀਆਂ ਜਾਂਦੀਆਂ ਹਨ। ਇਹ ਦੁਨੀਆਂ ਭਰ ਵਿਚ ਸਭ ਤੋਂ ਵੱਧ ਵੰਡਿਆ ਜਾਣ ਵਾਲਾ ਰਸਾਲਾ ਹੈ।

7. ਅਸੀਂ ਇਹ ਕਿਵੇਂ ਜਾਣਦੇ ਹਾਂ ਕਿ ਪਾਦਰੀ ਉਹ ਸੰਦੇਸ਼ ਨਹੀਂ ਸੁਣਾ ਰਹੇ ਜੋ ਯਿਸੂ ਨੇ ਸੁਣਾਉਣ ਲਈ ਕਿਹਾ ਸੀ?

7 ਚਰਚ ਦੇ ਪਾਦਰੀ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਨਹੀਂ ਕਰਦੇ। ਜੇ ਉਹ ਲੋਕਾਂ ਨੂੰ ਰਾਜ ਬਾਰੇ ਦੱਸਦੇ ਵੀ ਹਨ, ਤਾਂ ਜ਼ਿਆਦਾਤਰ ਪਾਦਰੀ ਇਹੀ ਕਹਿੰਦੇ ਹਨ ਕਿ ਪਰਮੇਸ਼ੁਰ ਦਾ ਰਾਜ ਸਾਡੇ ਦਿਲਾਂ ਵਿਚ ਹੈ। (ਲੂਕਾ 17:21) ਉਹ ਲੋਕਾਂ ਦੀ ਇਹ ਸਮਝਣ ਵਿਚ ਮਦਦ ਨਹੀਂ ਕਰਦੇ ਕਿ ਪਰਮੇਸ਼ੁਰ ਦਾ ਰਾਜ ਇਕ ਸਵਰਗੀ ਸਰਕਾਰ ਹੈ ਜਿਸ ਦਾ ਰਾਜਾ ਯਿਸੂ ਮਸੀਹ ਹੈ। ਉਹ ਇਹ ਵੀ ਨਹੀਂ ਦੱਸਦੇ ਕਿ ਇਹ ਰਾਜ ਸਾਰੀਆਂ ਸਮੱਸਿਆਵਾਂ ਦਾ ਹੱਲ ਕਰੇਗਾ ਅਤੇ ਜਲਦੀ ਹੀ ਇਸ ਧਰਤੀ ਤੋਂ ਸਾਰੀ ਬੁਰਾਈ ਖ਼ਤਮ ਕਰੇਗਾ। (ਪ੍ਰਕਾ. 19:11-21) ਉਹ ਯਿਸੂ ਨੂੰ ਸਿਰਫ਼ ਕ੍ਰਿਸਮਸ ਵੇਲੇ ਇਕ ਬੱਚੇ ਵਜੋਂ ਅਤੇ ਈਸਟਰ ਵੇਲੇ ਇਕ ਮਰੇ ਹੋਏ ਇਨਸਾਨ ਵਜੋਂ ਯਾਦ ਕਰਦੇ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਾਦਰੀ ਨਹੀਂ ਜਾਣਦੇ ਕਿ ਯਿਸੂ ਧਰਤੀ ’ਤੇ ਕੀ ਕੁਝ ਕਰੇਗਾ। ਉਨ੍ਹਾਂ ਨੂੰ ਯਿਸੂ ਦੇ ਸੰਦੇਸ਼ ਬਾਰੇ ਪਤਾ ਨਹੀਂ ਹੈ। ਇਸ ਕਰਕੇ ਉਹ ਨਹੀਂ ਸਮਝ ਪਾਉਂਦੇ ਕਿ ਉਨ੍ਹਾਂ ਨੂੰ ਪ੍ਰਚਾਰ ਕਿਉਂ ਕਰਨਾ ਚਾਹੀਦਾ ਹੈ।

ਪ੍ਰਚਾਰ ਕਰਨ ਦਾ ਕੀ ਮਕਸਦ ਹੋਣਾ ਚਾਹੀਦਾ ਹੈ?

8. ਕਿਸ ਮਕਸਦ ਨਾਲ ਪ੍ਰਚਾਰ ਨਹੀਂ ਕੀਤਾ ਜਾਣਾ ਚਾਹੀਦਾ?

8 ਪ੍ਰਚਾਰ ਕਰਨ ਦਾ ਕੀ ਮਕਸਦ ਹੋਣਾ ਚਾਹੀਦਾ ਹੈ? ਪ੍ਰਚਾਰ ਕਰਨ ਦਾ ਮਕਸਦ ਪੈਸਾ ਇਕੱਠਾ ਕਰਨਾ ਜਾਂ ਵੱਡੀਆਂ ਇਮਾਰਤਾਂ ਬਣਾਉਣਾ ਨਹੀਂ ਹੋਣਾ ਚਾਹੀਦਾ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਹਾਨੂੰ ਮੁਫ਼ਤ ਮਿਲਿਆ ਹੈ, ਤੁਸੀਂ ਵੀ ਮੁਫ਼ਤ ਦਿਓ।” (ਮੱਤੀ 10:8) ਪਰਮੇਸ਼ੁਰ ਦੇ ਬਚਨ ਦਾ ਸੌਦਾ ਨਹੀਂ ਕੀਤਾ ਜਾਣਾ ਚਾਹੀਦਾ। (2 ਕੁਰਿੰ. 2:17) ਕਿਸੇ ਨੂੰ ਵੀ ਪ੍ਰਚਾਰ ਨੂੰ ਪੈਸੇ ਕਮਾਉਣ ਦਾ ਜ਼ਰੀਆ ਨਹੀਂ ਬਣਾਉਣਾ ਚਾਹੀਦਾ। (ਰਸੂਲਾਂ ਦੇ ਕੰਮ 20:33-35 ਪੜ੍ਹੋ।) ਯਿਸੂ ਦੀ ਇਸ ਹਿਦਾਇਤ ਦੇ ਬਾਵਜੂਦ ਵੀ ਜ਼ਿਆਦਾਤਰ ਚਰਚਾਂ ਦੇ ਆਗੂ ਪੈਸਾ ਇਕੱਠਾ ਕਰਨ ਵਿਚ ਲੱਗੇ ਹੋਏ ਹਨ ਤਾਂਕਿ ਉਹ ਚਰਚਾਂ ਦੇ ਦਰਵਾਜ਼ੇ ਖੁੱਲ੍ਹੇ ਰੱਖ ਸਕਣ ਅਤੇ ਪਾਦਰੀਆਂ ਤੇ ਹੋਰਨਾਂ ਨੂੰ ਤਨਖ਼ਾਹਾਂ ਦੇ ਸਕਣ। ਇਸ ਕਰਕੇ ਚਰਚਾਂ ਦੇ ਬਹੁਤ ਸਾਰੇ ਆਗੂ ਮਾਲਾ-ਮਾਲ ਹੋ ਗਏ ਹਨ।​—ਪ੍ਰਕਾ. 17:4, 5.

9. ਯਹੋਵਾਹ ਦੇ ਗਵਾਹਾਂ ਨੇ ਕਿਵੇਂ ਦਿਖਾਇਆ ਹੈ ਕਿ ਉਹ ਸਹੀ ਮਕਸਦ ਨਾਲ ਪ੍ਰਚਾਰ ਕਰਦੇ ਹਨ?

9 ਕੀ ਯਹੋਵਾਹ ਦੇ ਗਵਾਹ ਚੰਦਾ ਇਕੱਠਾ ਕਰਦੇ ਹਨ? ਨਹੀਂ। ਉਨ੍ਹਾਂ ਦਾ ਕੰਮ ਖ਼ੁਸ਼ੀ ਨਾਲ ਦਿੱਤੇ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ। (2 ਕੁਰਿੰ. 9:7) ਉਹ ਆਪਣੇ ਕਿੰਗਡਮ ਹਾਲਾਂ ਜਾਂ ਸੰਮੇਲਨਾਂ ਵਿਚ ਚੰਦਾ ਇਕੱਠਾ ਨਹੀਂ ਕਰਦੇ। ਇਸ ਦੇ ਬਾਵਜੂਦ ਵੀ ਯਹੋਵਾਹ ਦੇ ਗਵਾਹਾਂ ਨੇ ਪਿਛਲੇ ਸਾਲ 1 ਅਰਬ 93 ਕਰੋੜ ਘੰਟੇ ਪ੍ਰਚਾਰ ਕਰਨ ਵਿਚ ਲਾਏ ਅਤੇ ਬਿਨਾਂ ਕੋਈ ਪੈਸੇ ਲਏ ਹਰ ਮਹੀਨੇ 90 ਲੱਖ ਤੋਂ ਜ਼ਿਆਦਾ ਬਾਈਬਲ ਸਟੱਡੀਆਂ ਕਰਵਾਈਆਂ। ਇਹ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਉਹ ਇਹ ਕੰਮ ਨਾ ਸਿਰਫ਼ ਮੁਫ਼ਤ ਵਿਚ ਕਰਦੇ ਹਨ, ਸਗੋਂ ਖ਼ੁਦ ਇਸ ਕੰਮ ਦਾ ਖ਼ਰਚਾ ਵੀ ਚੁੱਕਦੇ ਹਨ। ਇਕ ਖੋਜਕਾਰ ਨੇ ਯਹੋਵਾਹ ਦੇ ਗਵਾਹਾਂ ਦੇ ਕੰਮ ਬਾਰੇ ਕਿਹਾ: “ਯਹੋਵਾਹ ਦੇ ਗਵਾਹਾਂ ਦਾ ਸਭ ਤੋਂ ਜ਼ਰੂਰੀ ਕੰਮ ਲੋਕਾਂ ਨੂੰ ਪ੍ਰਚਾਰ ਕਰਨਾ ਅਤੇ ਸਿਖਾਉਣਾ ਹੈ।” ਉਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਵਿਚ ਕੋਈ ਵੀ ਪਾਦਰੀ ਨਹੀਂ ਹੁੰਦਾ ਜਿਸ ਕਰਕੇ ਉਨ੍ਹਾਂ ਦੇ ਕਾਫ਼ੀ ਪੈਸੇ ਬਚਦੇ ਹਨ। ਤਾਂ ਫਿਰ, ਯਹੋਵਾਹ ਦੇ ਗਵਾਹ ਪ੍ਰਚਾਰ ਕਿਉਂ ਕਰਦੇ ਹਨ? ਯਹੋਵਾਹ ਅਤੇ ਆਪਣੇ ਗੁਆਂਢੀ ਨਾਲ ਪਿਆਰ ਹੋਣ ਕਰਕੇ ਉਹ ਆਪਣੀ ਮਰਜ਼ੀ ਨਾਲ ਇਹ ਕੰਮ ਕਰਦੇ ਹਨ। ਉਹ ਖ਼ੁਸ਼ੀ ਨਾਲ ਇਹ ਕੰਮ ਕਰ ਕੇ ਜ਼ਬੂਰਾਂ ਦੀ ਪੋਥੀ 110:3 (ਪੜ੍ਹੋ।) ਵਿਚ ਦਰਜ ਭਵਿੱਖਬਾਣੀ ਨੂੰ ਪੂਰਾ ਕਰ ਰਹੇ ਹਨ।

ਕਿਹੜੇ ਤਰੀਕਿਆਂ ਨਾਲ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ?

ਸਾਨੂੰ ਜਿੱਥੇ ਕਿਤੇ ਵੀ ਲੋਕ ਮਿਲਦੇ ਹਨ, ਅਸੀਂ ਉਨ੍ਹਾਂ ਨੂੰ ਪ੍ਰਚਾਰ ਕਰਦੇ ਹਾਂ (ਪੈਰਾ 10 ਦੇਖੋ)

10. ਯਿਸੂ ਅਤੇ ਉਸ ਦੇ ਚੇਲੇ ਕਿਹੜੇ ਤਰੀਕਿਆਂ ਨਾਲ ਪ੍ਰਚਾਰ ਕਰਦੇ ਸਨ?

10 ਯਿਸੂ ਅਤੇ ਉਸ ਦੇ ਚੇਲੇ ਕਿਹੜੇ ਤਰੀਕਿਆਂ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਸਨ? ਉਨ੍ਹਾਂ ਨੂੰ ਜਿੱਥੇ ਵੀ ਲੋਕ ਮਿਲਦੇ ਸਨ, ਉਹ ਉਨ੍ਹਾਂ ਨੂੰ ਪ੍ਰਚਾਰ ਕਰਦੇ ਸਨ, ਜਿਵੇਂ ਕਿ ਗਲੀਆਂ ਅਤੇ ਬਾਜ਼ਾਰਾਂ ਵਿਚ। ਉਹ ਲੋਕਾਂ ਨੂੰ ਘਰ-ਘਰ ਜਾ ਕੇ ਵੀ ਪ੍ਰਚਾਰ ਕਰਦੇ ਸਨ। (ਮੱਤੀ 10:11; ਲੂਕਾ 8:1; ਰਸੂ. 5:42; 20:20) ਇਸ ਤਰੀਕੇ ਨਾਲ ਪ੍ਰਚਾਰ ਦਾ ਵਧੀਆ ਪ੍ਰਬੰਧ ਕਰ ਕੇ ਉਹ ਹਰ ਤਰ੍ਹਾਂ ਦੇ ਲੋਕਾਂ ਨੂੰ ਮਿਲ ਸਕਦੇ ਸਨ।

11, 12. ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਚਰਚ ਦੇ ਲੋਕਾਂ ਅਤੇ ਯਹੋਵਾਹ ਦੇ ਗਵਾਹਾਂ ਵਿਚ ਕੀ ਫ਼ਰਕ ਹੈ?

11 ਕੀ ਚਰਚਾਂ ਦੇ ਲੋਕ ਯਿਸੂ ਵਾਂਗ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ? ਅਕਸਰ ਪਾਦਰੀ ਹੀ ਚਰਚ ਵਿਚ ਭਾਸ਼ਣ ਦਿੰਦੇ ਹਨ ਜਿਨ੍ਹਾਂ ਨੂੰ ਇਸ ਕੰਮ ਦੇ ਪੈਸੇ ਮਿਲਦੇ ਹਨ। ਚਰਚ ਦੇ ਆਗੂ ਹੋਰ ਚੇਲੇ ਬਣਾਉਣ ਦੀ ਬਜਾਇ ਉਨ੍ਹਾਂ ਨੂੰ ਹੀ ਸਿਖਾਉਂਦੇ ਹਨ ਜੋ ਪਹਿਲਾਂ ਹੀ ਚਰਚ ਦੇ ਮੈਂਬਰ ਹਨ। ਕਈ ਵਾਰ ਚਰਚ ਦੇ ਆਗੂਆਂ ਨੇ ਆਪਣੇ ਮੈਂਬਰਾਂ ਨੂੰ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦਿੱਤੀ ਹੈ। ਮਿਸਾਲ ਲਈ, ਸਾਲ 2001 ਵਿਚ ਪੋਪ ਜੌਨ ਪੌਲ ਦੂਜੇ ਨੇ ਇਕ ਚਿੱਠੀ ਵਿਚ ਕਿਹਾ ਕਿ ਚਰਚ ਦੇ ਮੈਂਬਰਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਪੌਲੁਸ ਰਸੂਲ ਵਾਂਗ ਜੋਸ਼ ਦਿਖਾਉਣਾ ਚਾਹੀਦਾ ਹੈ, ਜਿਸ ਨੇ ਕਿਹਾ: “ਲਾਹਨਤ ਹੈ ਮੇਰੇ ’ਤੇ ਜੇ ਮੈਂ ਖ਼ੁਸ਼ ਖ਼ਬਰੀ ਨਾ ਸੁਣਾਵਾਂ!” ਪੋਪ ਨੇ ਇਹ ਵੀ ਕਿਹਾ ਕਿ ਸਿਰਫ਼ ਉਨ੍ਹਾਂ ਨੂੰ ਹੀ ਪ੍ਰਚਾਰ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੂੰ ਪ੍ਰਚਾਰ ਕਰਨ ਦੀ ਸਿਖਲਾਈ ਦਿੱਤੀ ਗਈ ਹੈ, ਬਲਕਿ ਸਾਰੇ ਚਰਚ ਦੇ ਮੈਂਬਰਾਂ ਨੂੰ ਕਰਨਾ ਚਾਹੀਦਾ ਹੈ। ਪਰ ਕਿੰਨੇ ਕੁ ਲੋਕਾਂ ਨੇ ਉਸ ਦੀ ਇਹ ਗੱਲ ਸੁਣੀ?

12 ਪਰ ਪ੍ਰਚਾਰ ਕਰਨ ਦੇ ਮਾਮਲੇ ਵਿਚ ਯਹੋਵਾਹ ਦੇ ਗਵਾਹਾਂ ਬਾਰੇ ਕੀ? ਸਿਰਫ਼ ਉਹੀ ਹਨ ਜੋ ਪ੍ਰਚਾਰ ਕਰਦੇ ਹਨ ਕਿ ਯਿਸੂ 1914 ਤੋਂ ਰਾਜ ਕਰ ਰਿਹਾ ਹੈ। ਉਹ ਯਿਸੂ ਦੇ ਹੁਕਮ ਨੂੰ ਮੰਨਦੇ ਹੋਏ ਪ੍ਰਚਾਰ ਦੇ ਕੰਮ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਨ। (ਮਰ. 13:10) ਅਮਰੀਕਾ ਦੇ ਚਰਚਾਂ ਬਾਰੇ ਇਕ ਕਿਤਾਬ ਦੱਸਦੀ ਹੈ: “ਯਹੋਵਾਹ ਦੇ ਗਵਾਹਾਂ ਲਈ ਪ੍ਰਚਾਰ ਦਾ ਕੰਮ ਬਾਕੀ ਸਾਰੇ ਕੰਮਾਂ ਨਾਲੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ।” ਇਕ ਗਵਾਹ ਵੱਲੋਂ ਦਿੱਤੀ ਟਿੱਪਣੀ ਦਾ ਹਵਾਲਾ ਦਿੰਦੇ ਹੋਏ ਇਸ ਕਿਤਾਬ ਦੀ ਲੇਖਕਾ ਨੇ ਅੱਗੇ ਦੱਸਿਆ: “ਜਦੋਂ ਉਹ ਕਿਸੇ ਨੂੰ ਭੁੱਖਾ, ਇਕੱਲਾ ਜਾਂ ਬੀਮਾਰ ਦੇਖਦੇ ਹਨ, ਤਾਂ ਉਹ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ . . . ਪਰ ਉਹ ਇਹ ਗੱਲ ਨਹੀਂ ਭੁੱਲਦੇ ਕਿ ਉਨ੍ਹਾਂ ਲਈ ਸਭ ਤੋਂ ਜ਼ਰੂਰੀ ਕੰਮ ਦੁਨੀਆਂ ਦੇ ਆਉਣ ਵਾਲੇ ਅੰਤ ਅਤੇ ਲੋਕਾਂ ਨੂੰ ਮੁਕਤੀ ਪਾਉਣ ਦਾ ਸੰਦੇਸ਼ ਦੇਣਾ ਹੈ।” ਯਹੋਵਾਹ ਦੇ ਗਵਾਹ ਉਹੀ ਸੰਦੇਸ਼ ਸੁਣਾਉਂਦੇ ਹਨ ਜੋ ਯਿਸੂ ਅਤੇ ਉਸ ਦੇ ਚੇਲਿਆਂ ਨੇ ਸੁਣਾਇਆ ਸੀ ਅਤੇ ਉਹੀ ਤਰੀਕੇ ਵਰਤਦੇ ਹਨ ਜੋ ਉਨ੍ਹਾਂ ਨੇ ਵਰਤੇ ਸਨ।

ਕਿਸ ਪੱਧਰ ’ਤੇ ਅਤੇ ਕਿੰਨੀ ਦੇਰ ਤਕ ਪ੍ਰਚਾਰ ਦਾ ਕੰਮ ਕੀਤਾ ਜਾਣਾ ਚਾਹੀਦਾ ਹੈ?

13. ਪ੍ਰਚਾਰ ਦਾ ਕੰਮ ਕਿਸ ਪੱਧਰ ’ਤੇ ਕੀਤਾ ਜਾਣਾ ਚਾਹੀਦਾ ਹੈ?

13 ਪ੍ਰਚਾਰ ਦਾ ਕੰਮ ਕਿਸ ਪੱਧਰ ’ਤੇ ਕੀਤਾ ਜਾਣਾ ਚਾਹੀਦਾ ਹੈ? ਇਸ ਬਾਰੇ ਯਿਸੂ ਨੇ ਦੱਸਿਆ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।” (ਮੱਤੀ 24:14) ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ “ਸਾਰੀਆਂ ਕੌਮਾਂ ਦੇ ਲੋਕਾਂ” ਵਿੱਚੋਂ ਚੇਲੇ ਬਣਾਉਣ। (ਮੱਤੀ 28:19, 20) ਸੋ ਇਹ ਕੰਮ ਪੂਰੀ ਦੁਨੀਆਂ ਵਿਚ ਕੀਤਾ ਜਾਣਾ ਹੈ।

14, 15. ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਗਵਾਹਾਂ ਨੇ ਯਿਸੂ ਵੱਲੋਂ ਕੀਤੀ ਭਵਿੱਖਬਾਣੀ ਨੂੰ ਪੂਰਾ ਕੀਤਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

14 ਇਹ ਦੇਖਣ ਲਈ ਕਿ ਯਹੋਵਾਹ ਦੇ ਗਵਾਹਾਂ ਨੇ ਕਿਵੇਂ ਯਿਸੂ ਵੱਲੋਂ ਕੀਤੀ ਭਵਿੱਖਬਾਣੀ ਨੂੰ ਪੂਰਾ ਕੀਤਾ ਹੈ, ਆਓ ਆਪਾਂ ਕੁਝ ਗੱਲਾਂ ’ਤੇ ਗੌਰ ਕਰੀਏ। ਅਮਰੀਕਾ ਵਿਚ ਅਲੱਗ-ਅਲੱਗ ਫ਼ਿਰਕਿਆਂ ਦੇ ਲਗਭਗ 6 ਲੱਖ ਪਾਦਰੀ ਹਨ ਜਦ ਕਿ ਉੱਥੇ ਲਗਭਗ 12 ਲੱਖ ਯਹੋਵਾਹ ਦੇ ਗਵਾਹ ਹਨ। ਪੂਰੀ ਦੁਨੀਆਂ ਵਿਚ ਰੋਮਨ ਕੈਥੋਲਿਕ ਚਰਚ ਦੇ ਲਗਭਗ 4 ਲੱਖ ਪਾਦਰੀ ਹਨ। ਹੁਣ ਜ਼ਰਾ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਬਾਰੇ ਸੋਚੋ। ਅੱਜ ਪੂਰੀ ਦੁਨੀਆਂ ਵਿਚ 80 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹ 240 ਦੇਸ਼ਾਂ ਵਿਚ ਪ੍ਰਚਾਰ ਕਰ ਰਹੇ ਹਨ। ਸੋ ਇੰਨੇ ਵੱਡੇ ਪੱਧਰ ’ਤੇ ਹੋ ਰਹੇ ਪ੍ਰਚਾਰ ਦੇ ਕੰਮ ਕਰਕੇ ਯਹੋਵਾਹ ਦੀ ਮਹਿਮਾ ਤੇ ਆਦਰ ਹੁੰਦਾ ਹੈ।​—ਜ਼ਬੂ. 34:1; 51:15.

15 ਯਹੋਵਾਹ ਦੇ ਗਵਾਹਾਂ ਵਜੋਂ ਸਾਡੀ ਦਿਲੀ ਇੱਛਾ ਹੈ ਕਿ ਅਸੀਂ ਅੰਤ ਆਉਣ ਤੋਂ ਪਹਿਲਾਂ-ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੀਏ। ਇਸ ਕਰਕੇ ਅਸੀਂ ਬਾਈਬਲ-ਆਧਾਰਿਤ ਪ੍ਰਕਾਸ਼ਨ ਅਨੁਵਾਦ ਕਰਨ ਅਤੇ ਛਾਪਣ ਦਾ ਕੰਮ ਕਰਨ ਕਰਕੇ ਬਾਕੀਆਂ ਤੋਂ ਅਲੱਗ ਨਜ਼ਰ ਆਉਂਦੇ ਹਾਂ। ਅਸੀਂ ਲੱਖਾਂ ਹੀ ਕਿਤਾਬਾਂ, ਰਸਾਲੇ, ਟ੍ਰੈਕਟ, ਵੱਡੇ ਸੰਮੇਲਨ ਅਤੇ ਮੈਮੋਰੀਅਲ ਦੇ ਸੱਦਾ-ਪੱਤਰ ਮੁਫ਼ਤ ਵਿਚ ਵੰਡਦੇ ਹਾਂ। ਅਸੀਂ 700 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਪ੍ਰਕਾਸ਼ਨ ਤਿਆਰ ਕੀਤੇ ਹਨ। ਅਸੀਂ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਦੀਆਂ 20 ਕਰੋੜ ਤੋਂ ਜ਼ਿਆਦਾ ਕਾਪੀਆਂ 130 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਛਾਪੀਆਂ ਹਨ। ਪਿਛਲੇ ਸਾਲ ਅਸੀਂ ਲਗਭਗ 4 ਅਰਬ 50 ਕਰੋੜ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪੇ ਹਨ। ਸਾਡੀ ਵੈੱਬਸਾਈਟ ’ਤੇ 750 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਜਾਣਕਾਰੀ ਉਪਲਬਧ ਹੈ। ਕੀ ਕੋਈ ਹੋਰ ਹੈ ਜੋ ਇੰਨੇ ਵੱਡੇ ਪੱਧਰ ’ਤੇ ਇਹ ਕੰਮ ਕਰ ਰਿਹਾ ਹੈ?

16. ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਦੇ ਗਵਾਹਾਂ ਕੋਲ ਹੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਹੈ?

16 ਪ੍ਰਚਾਰ ਦਾ ਕੰਮ ਕਦੋਂ ਤਕ ਚੱਲਦਾ ਰਹੇਗਾ? ਯਿਸੂ ਨੇ ਕਿਹਾ ਕਿ ਇਹ ਕੰਮ ਅੰਤ ਦੇ ਦਿਨਾਂ ਦੌਰਾਨ ਵੀ ਚੱਲਦਾ ਰਹੇਗਾ “ਅਤੇ ਫਿਰ ਅੰਤ ਆਵੇਗਾ।” ਕੀ ਕੋਈ ਹੈ ਜੋ ਸਾਡੇ ਵਾਂਗ ਅੰਤ ਦੇ ਦਿਨਾਂ ਦੌਰਾਨ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਿਹਾ ਹੈ? ਪ੍ਰਚਾਰ ਵਿਚ ਮਿਲਣ ਵਾਲੇ ਕੁਝ ਲੋਕ ਸ਼ਾਇਦ ਸਾਨੂੰ ਕਹਿਣ, “ਸਾਡੇ ਕੋਲ ਪਵਿੱਤਰ ਸ਼ਕਤੀ ਹੈ, ਪਰ ਪ੍ਰਚਾਰ ਤੁਸੀਂ ਲੋਕ ਕਰ ਰਹੇ ਹੋ।” ਪਰ ਕੀ ਇਹ ਕੰਮ ਵਫ਼ਾਦਾਰੀ ਨਾਲ ਕਰਦੇ ਰਹਿਣ ਕਰ ਕੇ ਇਹ ਸਬੂਤ ਨਹੀਂ ਮਿਲਦਾ ਕਿ ਸਾਡੇ ਕੋਲ ਹੀ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਹੈ? (ਰਸੂ. 1:8; 1 ਪਤ. 4:14) ਕਈ ਵਾਰ ਚਰਚ ਦੇ ਕੁਝ ਲੋਕਾਂ ਨੇ ਯਹੋਵਾਹ ਦੇ ਗਵਾਹਾਂ ਵਾਂਗ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਅਕਸਰ ਨਾਕਾਮ ਰਹੇ। ਕਈ ਚਰਚ ਦੇ ਮੈਂਬਰ ਦੂਜੇ ਦੇਸ਼ਾਂ ਵਿਚ ਜਾ ਕੇ ਕੁਝ ਸਮੇਂ ਲਈ ਪ੍ਰਚਾਰ ਕਰਦੇ ਹਨ, ਪਰ ਬਾਅਦ ਵਿਚ ਉਹ ਪ੍ਰਚਾਰ ਕਰਨ ਦੀ ਬਜਾਇ ਆਪਣੀ ਜ਼ਿੰਦਗੀ ਦੇ ਕੰਮਾਂ ਵਿਚ ਰੁੱਝ ਜਾਂਦੇ ਹਨ। ਭਾਵੇਂ ਕਿ ਕੁਝ ਲੋਕ ਘਰ-ਘਰ ਜਾ ਕੇ ਪ੍ਰਚਾਰ ਕਰਦੇ ਹਨ, ਪਰ ਉਹ ਕਿਹੜਾ ਸੰਦੇਸ਼ ਸੁਣਾ ਰਹੇ ਹਨ? ਇਸ ਸਵਾਲ ਦੇ ਜਵਾਬ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਯਿਸੂ ਵੱਲੋਂ ਸ਼ੁਰੂ ਕੀਤਾ ਗਿਆ ਕੰਮ ਨਹੀਂ ਕਰ ਰਹੇ।

ਅੱਜ ਕੌਣ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ?

17, 18. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦੇ ਗਵਾਹ ਹੀ ਅੱਜ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ? (ਅ) ਅਸੀਂ ਕਿਸ ਦੀ ਮਦਦ ਨਾਲ ਇਹ ਕੰਮ ਕਰ ਰਹੇ ਹਾਂ?

17 ਸੋ ਅੱਜ ਕੌਣ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ? “ਯਹੋਵਾਹ ਦੇ ਗਵਾਹ!” ਅਸੀਂ ਇਹ ਗੱਲ ਇੰਨੇ ਯਕੀਨ ਨਾਲ ਕਿਉਂ ਕਹਿ ਸਕਦੇ ਹਾਂ? ਕਿਉਂਕਿ ਅਸੀਂ ਸਹੀ ਸੰਦੇਸ਼ ਸੁਣਾ ਰਹੇ ਹਾਂ ਯਾਨੀ ਰਾਜ ਦੀ ਖ਼ੁਸ਼ ਖ਼ਬਰੀ। ਅਸੀਂ ਲੋਕਾਂ ਨੂੰ ਜਾ ਕੇ ਮਿਲਦੇ ਹਾਂ ਜੋ ਪ੍ਰਚਾਰ ਕਰਨ ਦਾ ਸਹੀ ਤਰੀਕਾ ਹੈ। ਅਸੀਂ ਪੈਸਾ ਕਮਾਉਣ ਦੇ ਮਕਸਦ ਨਾਲ ਨਹੀਂ, ਸਗੋਂ ਲੋਕਾਂ ਨਾਲ ਪਿਆਰ ਹੋਣ ਕਰਕੇ ਪ੍ਰਚਾਰ ਕਰਦੇ ਹਾਂ। ਅਸੀਂ ਸਭ ਤੋਂ ਵੱਡੇ ਪੱਧਰ ’ਤੇ ਇਹ ਕੰਮ ਕਰਦੇ ਹਾਂ ਜਿਸ ਕਰਕੇ ਅਸੀਂ ਸਾਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ। ਨਾਲੇ ਜਦੋਂ ਤਕ ਅੰਤ ਨਹੀਂ ਆਉਂਦਾ, ਉਦੋਂ ਤਕ ਅਸੀਂ ਇਹ ਕੰਮ ਕਰਦੇ ਰਹਾਂਗੇ।

18 ਸਾਨੂੰ ਇਹ ਦੇਖ ਕੇ ਕਿੰਨੀ ਹੈਰਾਨੀ ਹੁੰਦੀ ਹੈ ਕਿ ਯਹੋਵਾਹ ਦੇ ਗਵਾਹ ਇਨ੍ਹਾਂ ਅੰਤ ਦੇ ਦਿਨਾਂ ਵਿਚ ਇਹ ਸ਼ਾਨਦਾਰ ਕੰਮ ਕਰ ਰਹੇ ਹਨ। ਪਰ ਅਸੀਂ ਕਿਸ ਦੀ ਮਦਦ ਨਾਲ ਇਹ ਕੰਮ ਕਰ ਰਹੇ ਹਾਂ? ਪੌਲੁਸ ਰਸੂਲ ਨੇ ਫ਼ਿਲਿੱਪੀਆਂ ਦੀ ਮੰਡਲੀ ਨੂੰ ਆਪਣੀ ਚਿੱਠੀ ਵਿਚ ਇਸ ਦਾ ਜਵਾਬ ਦਿੱਤਾ: “ਪਰਮੇਸ਼ੁਰ ਹੀ ਹੈ ਜਿਹੜਾ ਆਪਣੀ ਖ਼ੁਸ਼ੀ ਲਈ ਤੁਹਾਨੂੰ ਤਕੜਾ ਕਰਦਾ ਹੈ ਅਤੇ ਤੁਹਾਡੇ ਵਿਚ ਕੰਮ ਕਰਨ ਦੀ ਇੱਛਾ ਪੈਦਾ ਕਰਦਾ ਹੈ ਅਤੇ ਤੁਹਾਨੂੰ ਕੰਮ ਕਰਨ ਦੀ ਤਾਕਤ ਬਖ਼ਸ਼ਦਾ ਹੈ।” (ਫ਼ਿਲਿ. 2:13) ਸਾਡੀ ਦੁਆ ਹੈ ਕਿ ਸਾਡਾ ਪਿਆਰਾ ਪਿਤਾ ਸਾਨੂੰ ਤਕੜਾ ਕਰਦਾ ਰਹੇ ਤਾਂਕਿ ਅਸੀਂ ਪੂਰੀ ਵਾਹ ਲਾ ਕੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੀਏ।​—2 ਤਿਮੋ. 4:5.