Skip to content

Skip to table of contents

ਜੀਵਨੀ

ਬੋਲ਼ੇ ਹੁੰਦਿਆਂ ਵੀ ਦੂਸਰਿਆਂ ਨੂੰ ਸੱਚਾਈ ਸਿਖਾਉਣ ਤੋਂ ਪਿੱਛੇ ਨਹੀਂ ਹਟਿਆ

ਬੋਲ਼ੇ ਹੁੰਦਿਆਂ ਵੀ ਦੂਸਰਿਆਂ ਨੂੰ ਸੱਚਾਈ ਸਿਖਾਉਣ ਤੋਂ ਪਿੱਛੇ ਨਹੀਂ ਹਟਿਆ

ਮੇਰਾ ਬਪਤਿਸਮਾ 1941 ਵਿਚ ਹੋਇਆ। ਉਦੋਂ ਮੈਂ ਸਿਰਫ਼ 12 ਸਾਲਾਂ ਦਾ ਸੀ। ਪਰ 1946 ਤੋਂ ਬਾਅਦ ਹੀ ਮੈਨੂੰ ਬਾਈਬਲ ਦੀਆਂ ਸੱਚਾਈਆਂ ਚੰਗੀ ਤਰ੍ਹਾਂ ਸਮਝ ਆਈਆਂ। ਇਸ ਤਰ੍ਹਾਂ ਕਿਉਂ ਹੋਇਆ? ਆਓ ਮੈਂ ਤੁਹਾਨੂੰ ਆਪਣੀ ਕਹਾਣੀ ਦੱਸਾਂ।

ਲਗਭਗ 1910 ਵਿਚ ਮੇਰੇ ਮਾਪੇ ਜਾਰਜੀਆ ਦੇ ਤਬਿਲਿਸੀ ਸ਼ਹਿਰ ਤੋਂ ਕੈਨੇਡਾ ਚਲੇ ਗਏ। ਉਹ ਪੱਛਮੀ ਕੈਨੇਡਾ ਦੇ ਸਸਕੈਚਵਾਨ ਵਿਚ ਪੈਲੀ ਨਾਂ ਦੇ ਪਿੰਡ ਵਿਚ ਰਹਿੰਦੇ ਸੀ। ਮੇਰਾ ਜਨਮ 1928 ਵਿਚ ਹੋਇਆ ਅਤੇ ਮੈਂ ਆਪਣੇ ਛੇ ਭੈਣਾਂ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਮੇਰੇ ਜਨਮ ਤੋਂ ਛੇ ਮਹੀਨੇ ਪਹਿਲਾਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਮੇਰੇ ਮੰਮੀ ਜੀ ਮੇਰੇ ਬਚਪਨ ਵਿਚ ਹੀ ਗੁਜ਼ਰ ਗਏ। ਥੋੜ੍ਹੇ ਸਮੇਂ ਬਾਅਦ ਮੇਰੀ ਸਭ ਤੋਂ ਵੱਡੀ ਭੈਣ ਲੂਸੀ ਦੀ ਮੌਤ ਹੋ ਗਈ ਜੋ ਸਿਰਫ਼ 17 ਸਾਲਾਂ ਦੀ ਸੀ। ਇਸ ਲਈ ਸਾਡੇ ਮਾਮਾ ਜੀ ਨਿਕ ਨੇ ਸਾਡੀ ਪਰਵਰਿਸ਼ ਕੀਤੀ।

ਜਦੋਂ ਮੈਂ ਹਾਲੇ ਤੁਰਨਾ ਸਿੱਖਿਆ ਸੀ ਕਿ ਇਕ ਦਿਨ ਮੈਂ ਆਪਣੇ ਘਰ ਦੇ ਬਾਹਰ ਜਾ ਕੇ ਇਕ ਘੋੜੇ ਦੀ ਪੂਛ ਖਿੱਚਣ ਲੱਗਾ। ਜਦੋਂ ਮੇਰੇ ਘਰਦਿਆਂ ਨੇ ਦੇਖਿਆ, ਤਾਂ ਉਹ ਬਹੁਤ ਡਰ ਗਏ ਕਿਉਂਕਿ ਘੋੜਾ ਮੈਨੂੰ ਲੱਤ ਮਾਰ ਸਕਦਾ ਸੀ। ਮੈਨੂੰ ਹਟਾਉਣ ਲਈ ਉਨ੍ਹਾਂ ਨੇ ਉੱਚੀ-ਉੱਚੀ ਆਵਾਜ਼ਾਂ ਮਾਰੀਆਂ। ਉਨ੍ਹਾਂ ਵੱਲ ਮੇਰੀ ਪਿੱਠ ਸੀ ਅਤੇ ਮੈਨੂੰ ਉਨ੍ਹਾਂ ਦੀ ਕੋਈ ਚੀਕ ਸੁਣਾਈ ਨਹੀਂ ਦਿੱਤੀ। ਸ਼ੁਕਰ ਕਰੋ ਕਿ ਮੈਨੂੰ ਕੋਈ ਸੱਟ ਨਹੀਂ ਲੱਗੀ। ਉਸ ਦਿਨ ਮੇਰੇ ਘਰਦਿਆਂ ਨੂੰ ਪਤਾ ਲੱਗਾ ਕਿ ਮੈਂ ਸੁਣ ਨਹੀਂ ਸਕਦਾ ਸੀ।

ਇਕ ਜਾਣ-ਪਛਾਣ ਵਾਲੇ ਨੇ ਮਾਮਾ ਜੀ ਨੂੰ ਕਿਹਾ ਕਿ ਉਹ ਮੈਨੂੰ ਗੁੰਗੇ-ਬੋਲ਼ਿਆਂ ਦੇ ਸਕੂਲ ਦਾਖ਼ਲ ਕਰਵਾ ਦੇਣ। ਸੋ ਮਾਮਾ ਜੀ ਨੇ ਸਸਕੈਚਵਾਨ ਰਾਜ ਦੇ ਸਸਕਟੂਨ ਸ਼ਹਿਰ ਵਿਚ ਮੈਨੂੰ ਗੁੰਗੇ-ਬੋਲ਼ਿਆਂ ਦੇ ਸਕੂਲ ਦਾਖ਼ਲ ਕਰਵਾ ਦਿੱਤਾ। ਇਹ ਸਕੂਲ ਮੇਰੇ ਘਰ ਤੋਂ ਬਹੁਤ ਦੂਰ ਸੀ। ਉਸ ਵੇਲੇ ਮੈਂ ਸਿਰਫ਼ ਪੰਜ ਸਾਲਾਂ ਦਾ ਸੀ ਤੇ ਬਹੁਤ ਡਰਿਆ ਹੋਇਆ ਸੀ। ਮੈਂ ਆਪਣੇ ਪਰਿਵਾਰ ਨੂੰ ਸਿਰਫ਼ ਛੁੱਟੀਆਂ ਵਿਚ ਹੀ ਮਿਲਣ ਜਾ ਸਕਦਾ ਸੀ। ਹੌਲੀ-ਹੌਲੀ ਮੈਂ ਸੈਨਤ ਭਾਸ਼ਾ ਸਿੱਖ ਲਈ ਅਤੇ ਦੂਸਰੇ ਬੱਚਿਆਂ ਨਾਲ ਖੇਡ ਕੇ ਮੈਂ ਖ਼ੁਸ਼ ਰਹਿਣ ਲੱਗ ਪਿਆ।

ਸੱਚਾਈ ਜਾਣੀ

1939 ਵਿਚ ਮੇਰੀ ਸਭ ਤੋਂ ਵੱਡੀ ਭੈਣ ਮੈਰੀਅਨ ਦਾ ਵਿਆਹ ਬਿਲ ਡਾਨੀਅਲਚੂਕ ਨਾਲ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰੀ ਅਤੇ ਮੇਰੀ ਭੈਣ ਫਰਾਂਸਿਸ ਦੀ ਦੇਖ-ਭਾਲ ਕੀਤੀ। ਸਾਡੇ ਪਰਿਵਾਰ ਵਿੱਚੋਂ ਸਭ ਤੋਂ ਪਹਿਲਾ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨੀ ਸ਼ੁਰੂ ਕੀਤੀ। ਜਦੋਂ ਗਰਮੀ ਦੀਆਂ ਛੁੱਟੀਆਂ ਵਿਚ ਮੈਂ ਘਰ ਆਉਂਦਾ ਸੀ, ਤਾਂ ਉਹ ਮੈਨੂੰ ਬਾਈਬਲ ਦੀਆਂ ਸੱਚਾਈਆਂ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਦੇ ਸਨ। ਉਨ੍ਹਾਂ ਲਈ ਮੇਰੇ ਨਾਲ ਗੱਲ ਕਰਨੀ ਸੌਖੀ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਸੈਨਤ ਭਾਸ਼ਾ ਨਹੀਂ ਆਉਂਦੀ ਸੀ। ਪਰ ਉਹ ਦੇਖ ਸਕਦੇ ਸਨ ਕਿ ਯਹੋਵਾਹ ਬਾਰੇ ਸਿੱਖ ਕੇ ਮੈਨੂੰ ਕਿੰਨਾ ਮਜ਼ਾ ਆਉਂਦਾ ਸੀ। ਮੈਂ ਇਸ ਗੱਲ ਨੂੰ ਸਮਝਣ ਲੱਗਾ ਕਿ ਉਹ ਜੋ ਵੀ ਕਰ ਰਹੇ ਸਨ, ਉਹ ਬਾਈਬਲ ਦੇ ਮੁਤਾਬਕ ਸੀ। ਇਸ ਲਈ ਮੈਂ ਵੀ ਉਨ੍ਹਾਂ ਨਾਲ ਪ੍ਰਚਾਰ ’ਤੇ ਜਾਣ ਲੱਗਾ। ਇਸ ਤੋਂ ਜਲਦੀ ਬਾਅਦ ਮੈਂ ਬਪਤਿਸਮਾ ਲੈਣ ਚਾਹੁੰਦਾ ਸੀ। ਇਸ ਲਈ 5 ਸਤੰਬਰ 1941 ਵਿਚ ਮੇਰੇ ਜੀਜਾ ਜੀ ਨੇ ਖੂਹ ਵਿੱਚੋਂ ਪਾਣੀ ਕੱਢ ਕੇ ਸਟੀਲ ਦੇ ਡਰੰਮ ਵਿਚ ਮੈਨੂੰ ਬਪਤਿਸਮਾ ਦਿੱਤਾ। ਪਾਣੀ ਹੱਦ ਨਾਲੋਂ ਵੱਧ ਠੰਢਾ ਸੀ।

1946 ਵਿਚ ਕਲੀਵਲੈਂਡ, ਓਹੀਓ ਦੇ ਵੱਡੇ ਸੰਮੇਲਨ ’ਤੇ ਗੁੰਗੇ-ਬੋਲ਼ੇ ਲੋਕਾਂ ਨਾਲ

ਜਦੋਂ 1946 ਵਿਚ ਮੈਂ ਗਰਮੀਆਂ ਦੀਆਂ ਛੁੱਟੀਆਂ ਵਿਚ ਘਰ ਆਇਆ, ਤਾਂ ਅਸੀਂ ਅਮਰੀਕਾ ਦੇ ਓਹੀਓ ਰਾਜ ਦੇ ਕਲੀਵਲੈਂਡ ਸ਼ਹਿਰ ਵਿਚ ਵੱਡੇ ਸੰਮੇਲਨ ’ਤੇ ਗਏ। ਸੰਮੇਲਨ ਦੇ ਪਹਿਲੇ ਦਿਨ ਮੇਰੀਆਂ ਭੈਣਾਂ ਨੇ ਵਾਰੀ-ਵਾਰੀ ਸਾਰਾ ਕੁਝ ਲਿਖ-ਲਿਖ ਕੇ ਮੈਨੂੰ ਸਮਝਾਇਆ। ਪਰ ਦੂਜੇ ਦਿਨ ਮੈਨੂੰ ਪਤਾ ਲੱਗਾ ਕਿ ਉੱਥੇ ਗੁੰਗੇ-ਬੋਲ਼ਿਆਂ ਦਾ ਇਕ ਸਮੂਹ ਸੀ, ਜਿੱਥੇ ਇਕ ਭਰਾ ਸੈਨਤ ਭਾਸ਼ਾ ਵਿਚ ਸਾਰੇ ਭਾਸ਼ਣ ਸਮਝਾ ਰਿਹਾ ਸੀ। ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਆਖ਼ਰਕਾਰ ਹੁਣ ਮੈਂ ਬਾਈਬਲ ਦੀਆਂ ਸੱਚਾਈਆਂ ਨੂੰ ਚੰਗੀ ਤਰ੍ਹਾਂ ਸਮਝ ਪਾਇਆ। ਸੰਮੇਲਨ ਵਿਚ ਜਾ ਕੇ ਮੈਨੂੰ ਬਹੁਤ ਮਜ਼ਾ ਆਇਆ।

ਸੱਚਾਈ ਸਿਖਾਉਣੀ

ਦੂਸਰਾ ਵਿਸ਼ਵ ਯੁੱਧ ਖ਼ਤਮ ਹੋਣ ਤੋਂ ਬਾਅਦ ਵੀ ਲੋਕਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਠੰਢਾ ਨਹੀਂ ਸੀ ਹੋਇਆ। ਪਰ ਸੰਮੇਲਨ ਤੋਂ ਬਾਅਦ ਮੈਂ ਯਹੋਵਾਹ ਦੇ ਵਫ਼ਾਦਾਰ ਬਣੇ ਰਹਿਣ ਦਾ ਪੱਕਾ ਇਰਾਦਾ ਕੀਤਾ। ਇਸ ਲਈ ਮੈਂ ਸਕੂਲੇ ਝੰਡੇ ਨੂੰ ਸਲਾਮੀ ਦੇਣੀ, ਰਾਸ਼ਟਰੀ ਗੀਤ ਗਾਉਣਾ ਅਤੇ ਦਿਨ-ਤਿਉਹਾਰ ਮਨਾਉਣੇ ਬੰਦ ਕਰ ਦਿੱਤੇ। ਮੈਂ ਬਾਕੀ ਬੱਚਿਆਂ ਨਾਲ ਸਕੂਲ ਦੇ ਚਰਚ ਜਾਣਾ ਵੀ ਬੰਦ ਕਰ ਦਿੱਤਾ। ਮੇਰੇ ਅਧਿਆਪਕ ਮੇਰੇ ਤੋਂ ਖ਼ੁਸ਼ ਨਹੀਂ ਸੀ। ਉਨ੍ਹਾਂ ਨੇ ਮੈਨੂੰ ਡਰਾਇਆ-ਧਮਕਾਇਆ ਅਤੇ ਝੂਠ ਬੋਲ ਕੇ ਮੇਰਾ ਮਨ ਬਦਲਣ ਦੀ ਕੋਸ਼ਿਸ਼ ਕੀਤੀ। ਸਕੂਲ ਵਿਚ ਜੋ ਵੀ ਮੇਰੇ ਨਾਲ ਹੁੰਦਾ ਸੀ ਬਾਕੀ ਸਾਰੇ ਬੱਚੇ ਸਭ ਕੁਝ ਦੇਖਦੇ ਸਨ, ਇਸ ਕਰਕੇ ਮੈਨੂੰ ਗਵਾਹੀ ਦੇਣ ਦੇ ਕਾਫ਼ੀ ਮੌਕੇ ਮਿਲੇ। ਮੇਰੇ ਕੁਝ ਦੋਸਤਾਂ ਨੇ ਸੱਚਾਈ ਸਿੱਖੀ, ਜਿਵੇਂ ਕਿ ਲੈਰੀ ਆਂਡ੍ਰੋਸੋਫ, ਨੋਰਮਨ ਡੀਟਰਿਕ ਅਤੇ ਐਮਲ ਸ਼ਨਾਇਡਰ। ਉਹ ਹਾਲੇ ਵੀ ਯਹੋਵਾਹ ਦੀ ਸੇਵਾ ਕਰ ਰਹੇ ਹਨ।

ਜਦੋਂ ਮੈਂ ਦੂਸਰੇ ਸ਼ਹਿਰਾਂ ਵਿਚ ਜਾਂਦਾ ਹੁੰਦਾ ਸੀ, ਤਾਂ ਮੈਂ ਹਮੇਸ਼ਾ ਗੁੰਗੇ-ਬੋਲ਼ਿਆਂ ਨੂੰ ਗਵਾਹੀ ਦੇਣ ਦੀ ਪੂਰੀ ਕੋਸ਼ਿਸ਼ ਕਰਦਾ ਸੀ। ਮਿਸਾਲ ਲਈ, ਮਾਂਟ੍ਰੀਆਲ ਵਿਚ ਮੈਂ ਉਸ ਜਗ੍ਹਾ ਗਿਆ ਜਿੱਥੇ ਗੁੰਗੇ-ਬੋਲ਼ੇ ਲੋਕ ਇਕੱਠੇ ਹੁੰਦੇ ਸਨ। ਉੱਥੇ ਮੈਂ ਐਡੀ ਟੇਗਰ ਨਾਂ ਦੇ ਇਕ ਨੌਜਵਾਨ ਨੂੰ ਗਵਾਹੀ ਦਿੱਤੀ। ਜੋ ਗੁੰਗੇ-ਬੋਲ਼ਿਆਂ ਦੇ ਗਰੁੱਪ ਦਾ ਪ੍ਰਧਾਨ ਸੀ। ਪਰ ਪਿਛਲੇ ਸਾਲ ਉਹ ਮੌਤ ਦੀ ਨੀਂਦ ਸੌਂ ਗਿਆ। ਆਪਣੀ ਮੌਤ ਤਕ ਉਹ ਲਾਵਲ, ਕਿਊਬੈੱਕ ਵਿਚ ਸੈਨਤ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਦਾ ਰਿਹਾ। ਮੈਂ ਇਕ ਹੋਰ ਨੌਜਵਾਨ ਨਾਲ ਗੱਲ ਕੀਤੀ ਜਿਸ ਦਾ ਨਾਂ ਹੁਆਨ ਅਰਦਾਨੇਜ਼ ਸੀ। ਉਹ ਪੁਰਾਣੇ ਸਮੇਂ ਦੇ ਬਰੀਆ ਦੇ ਲੋਕਾਂ ਵਾਂਗ ਬਾਈਬਲ ਦੀ ਜਾਂਚ ਕਰਦਾ ਸੀ ਕਿ ਉਹ ਜੋ ਵੀ ਸਿੱਖ ਰਿਹਾ ਸੀ ਉਹ ਬਾਈਬਲ ਵਿੱਚੋਂ ਸੀ ਜਾਂ ਨਹੀਂ। (ਰਸੂ. 17:10, 11) ਉਹ ਵੀ ਸੱਚਾਈ ਵਿਚ ਆ ਗਿਆ ਅਤੇ ਉਹ ਮਰਦੇ ਦਮ ਤਕ ਆਂਟੇਰੀਓ ਦੇ ਓਟਾਵਾ ਸ਼ਹਿਰ ਵਿਚ ਬਜ਼ੁਰਗ ਵਜੋਂ ਸੇਵਾ ਕਰਦਾ ਰਿਹਾ।

1950 ਵਿਚ ਸੜਕ ’ਤੇ ਗਵਾਹੀ ਦਿੰਦਿਆਂ

ਮੈਂ 1950 ਵਿਚ ਵੈਨਕੂਵਰ ਚਲਾ ਗਿਆ। ਮੈਨੂੰ ਬੋਲ਼ੇ ਲੋਕਾਂ ਨੂੰ ਪ੍ਰਚਾਰ ਕਰਨਾ ਵਧੀਆ ਲੱਗਦਾ ਸੀ। ਇਕ ਦਿਨ ਮੇਰੇ ਨਾਲ ਬਹੁਤ ਹੀ ਵਧੀਆ ਤਜਰਬਾ ਹੋਇਆ ਜੋ ਮੈਂ ਕਦੀ ਨਹੀਂ ਭੁੱਲਿਆ। ਸੜਕ ’ਤੇ ਪ੍ਰਚਾਰ ਕਰਦਿਆਂ ਮੈਂ ਕ੍ਰਿਸ ਸਪਾਈਸਰ ਨਾਂ ਦੀ ਔਰਤ ਨੂੰ ਗਵਾਹੀ ਦਿੱਤੀ। ਪਰ ਉਹ ਔਰਤ ਸੁਣ ਸਕਦੀ ਸੀ। ਉਹ ਹਰ ਮਹੀਨੇ ਸਾਡੇ ਰਸਾਲੇ ਲੈਣ ਨੂੰ ਮੰਨ ਗਈ ਅਤੇ ਉਸ ਨੇ ਕਿਹਾ ਕਿ ਮੈਂ ਉਸ ਦੇ ਪਤੀ ਗੈਰੀ ਨੂੰ ਵੀ ਆ ਕੇ ਮਿਲਾਂ। ਮੈਂ ਉਨ੍ਹਾਂ ਦੇ ਘਰ ਗਿਆ ਅਤੇ ਅਸੀਂ ਕਾਫ਼ੀ ਘੰਟੇ ਲਿਖ-ਲਿਖ ਕੇ ਗੱਲਾਂ ਕੀਤੀਆਂ। ਉਸ ਤੋਂ ਬਾਅਦ ਅਸੀਂ ਇਕ-ਦੂਜੇ ਨੂੰ ਕਈ ਸਾਲਾਂ ਤਕ ਨਹੀਂ ਮਿਲੇ। ਫਿਰ ਇਕ ਦਿਨ ਟੋਰੌਂਟੋ, ਆਂਟੇਰੀਓ ਦੇ ਵੱਡੇ ਸੰਮੇਲਨ ’ਤੇ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਉਨ੍ਹਾਂ ਦੋਨਾਂ ਨੂੰ ਦੁਬਾਰਾ ਮਿਲਿਆ। ਉਸ ਦਿਨ ਗੈਰੀ ਦਾ ਬਪਤਿਸਮਾ ਹੋਣਾ ਸੀ। ਉਸ ਤਜਰਬੇ ਤੋਂ ਮੈਂ ਸਿੱਖਿਆ ਕਿ ਸਾਡੇ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਸਾਰਿਆਂ ਨੂੰ ਪ੍ਰਚਾਰ ਕਰੀਏ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਵਿੱਚੋਂ ਕੌਣ ਸੱਚਾਈ ਵਿਚ ਆਵੇਗਾ।

ਇਸ ਤੋਂ ਬਾਅਦ ਮੈਂ ਸਸਕਟੂਨ ਵਾਪਸ ਚਲਾ ਗਿਆ। ਉੱਥੇ ਮੈਨੂੰ ਇਕ ਔਰਤ ਮਿਲੀ ਜਿਸ ਦੀਆਂ ਦੋ ਕੁੜੀਆਂ ਜੀਨ ਅਤੇ ਜੋਨ ਰੌਥਨਬਰਗਰ ਸਨ। ਉਹ ਦੋਨੋਂ ਬੋਲ਼ੀਆਂ ਸਨ ਅਤੇ ਉਨ੍ਹਾਂ ਦੀ ਮੰਮੀ ਚਾਹੁੰਦੀ ਸੀ ਕਿ ਮੈਂ ਉਨ੍ਹਾਂ ਨੂੰ ਬਾਈਬਲ ਸਟੱਡੀ ਕਰਾਵਾਂ। ਉਹ ਉਸੇ ਸਕੂਲ ਪੜ੍ਹਦੀਆਂ ਸਨ ਜਿੱਥੇ ਮੈਂ ਪੜ੍ਹਿਆ ਸੀ। ਜਲਦੀ ਹੀ ਉਨ੍ਹਾਂ ਨੇ ਆਪਣੇ ਨਾਲ ਪੜ੍ਹਨ ਵਾਲੇ ਬੱਚਿਆਂ ਨੂੰ ਸਿੱਖੀਆਂ ਗੱਲਾਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਥੋੜ੍ਹੇ ਹੀ ਸਮੇਂ ਬਾਅਦ ਉਨ੍ਹਾਂ ਦੀ ਜਮਾਤ ਵਿੱਚੋਂ ਪੰਜ ਜਣੇ ਯਹੋਵਾਹ ਦੇ ਗਵਾਹ ਬਣ ਗਏ। ਯੂਨਸ ਕੌਲਿਨ ਉਨ੍ਹਾਂ ਵਿੱਚੋਂ ਇਕ ਸੀ। ਮੈਂ ਪਹਿਲੀ ਵਾਰ ਯੂਨਸ ਨੂੰ ਉਦੋਂ ਮਿਲਿਆ ਜਦੋਂ ਮੇਰਾ ਸਕੂਲ ਵਿਚ ਆਖ਼ਰੀ ਸਾਲ ਸੀ। ਉਸ ਨੇ ਮੈਨੂੰ ਟਾਫ਼ੀ ਦਿੰਦੇ ਹੋਏ ਪੁੱਛਿਆ ‘ਕੀ ਤੂੰ ਮੇਰਾ ਦੋਸਤ ਬਣੇਗਾ?’

1960 ਅਤੇ 1989 ਵਿਚ ਯੂਨਸ ਨਾਲ

ਜਦ ਯੂਨਸ ਦੀ ਮੰਮੀ ਜੀ ਨੂੰ ਪਤਾ ਲੱਗਾ ਕਿ ਉਹ ਬਾਈਬਲ ਸਟੱਡੀ ਕਰ ਰਹੀ ਸੀ, ਤਾਂ ਉਸ ਦੀ ਮੰਮੀ ਨੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ। ਉਹ ਚਾਹੁੰਦੇ ਸਨ ਕਿ ਸਕੂਲ ਦਾ ਪ੍ਰਿੰਸੀਪਲ ਯੂਨਸ ਨੂੰ ਬਾਈਬਲ ਸਟੱਡੀ ਕਰਨ ਤੋਂ ਰੋਕੇ। ਪ੍ਰਿੰਸੀਪਲ ਨੇ ਕਈ ਕੋਸ਼ਿਸ਼ਾਂ ਕੀਤੀਆਂ ਅਤੇ ਉਸ ਦੀਆਂ ਕਿਤਾਬਾਂ ਵੀ ਖੋਹ ਲਈਆਂ। ਪਰ ਯੂਨਸ ਨੇ ਯਹੋਵਾਹ ਦੇ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਜਦੋਂ ਯੂਨਸ ਬਪਤਿਸਮਾ ਲੈਣ ਚਾਹੁੰਦੀ ਸੀ, ਤਾਂ ਉਸ ਦੇ ਮਾਪਿਆਂ ਨੇ ਕਿਹਾ: “ਜੇ ਤੂੰ ਯਹੋਵਾਹ ਦੀ ਗਵਾਹ ਬਣੀ, ਤਾਂ ਇਸ ਘਰ ਵਿਚ ਕਦੀ ਪੈਰ ਨਾ ਰੱਖੀ!” ਇਸ ਲਈ 17 ਸਾਲਾਂ ਦੀ ਉਮਰ ਵਿਚ ਯੂਨਸ ਨੂੰ ਆਪਣਾ ਘਰ ਛੱਡਣਾ ਪਿਆ। ਪਰ ਗਵਾਹਾਂ ਦੇ ਇਕ ਪਰਿਵਾਰ ਨੇ ਉਸ ਨੂੰ ਆਪਣੇ ਘਰ ਰੱਖ ਲਿਆ। ਉਸ ਨੇ ਸਟੱਡੀ ਜਾਰੀ ਰੱਖੀ ਅਤੇ ਬਪਤਿਸਮਾ ਲੈ ਲਿਆ। 1960 ਵਿਚ ਸਾਡਾ ਵਿਆਹ ਹੋ ਗਿਆ। ਯੂਨਸ ਦੇ ਮਾਪੇ ਵਿਆਹ ’ਤੇ ਨਹੀਂ ਆਏ। ਪਰ ਸਮੇਂ ਦੇ ਬੀਤਣ ਨਾਲ ਯੂਨਸ ਦੇ ਮਾਪੇ ਇਸ ਗੱਲ ਦੀ ਕਦਰ ਕਰਨ ਲੱਗੇ ਕਿ ਅਸੀਂ ਆਪਣੇ ਵਿਸ਼ਵਾਸਾਂ ’ਤੇ ਚੱਲਦੇ ਹਾਂ ਅਤੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਵੀ ਵਧੀਆ ਤਰੀਕੇ ਨਾਲ ਕਰਦੇ ਹਾਂ।

ਯਹੋਵਾਹ ਨੇ ਮੇਰਾ ਖ਼ਿਆਲ ਰੱਖਿਆ

ਮੇਰੇ ਨੂੰਹ-ਪੁੱਤ, ਡੈਬਰਾ ਅਤੇ ਨਿਕੋਲਸ, ਲੰਡਨ ਬੈਥਲ ਵਿਚ ਸੇਵਾ ਕਰਦੇ ਹਨ

ਸਾਡੇ ਲਈ ਸੱਤ ਮੁੰਡਿਆਂ ਦੀ ਪਰਵਰਿਸ਼ ਕਰਨੀ ਕੋਈ ਸੌਖੀ ਗੱਲ ਨਹੀਂ ਸੀ ਕਿਉਂਕਿ ਉਹ ਸੱਤੇ ਸੁਣ ਸਕਦੇ ਹਨ। ਅਸੀਂ ਉਨ੍ਹਾਂ ਨੂੰ ਸੈਨਤ ਭਾਸ਼ਾ ਸਿਖਾਈ ਤਾਂਕਿ ਅਸੀਂ ਉਨ੍ਹਾਂ ਨਾਲ ਗੱਲਬਾਤ ਕਰ ਸਕੀਏ ਅਤੇ ਉਨ੍ਹਾਂ ਨੂੰ ਸੱਚਾਈ ਸਿਖਾ ਸਕੀਏ। ਮੰਡਲੀ ਦੇ ਭੈਣਾਂ-ਭਰਾਵਾਂ ਨੇ ਸਾਡੀ ਬਹੁਤ ਮਦਦ ਕੀਤੀ। ਮਿਸਾਲ ਲਈ, ਇਕ ਪਿਤਾ ਨੇ ਸਾਨੂੰ ਲਿਖ ਕੇ ਦੱਸਿਆ ਕਿ ਸਾਡਾ ਮੁੰਡਾ ਮੰਡਲੀ ਵਿਚ ਗਾਲ਼ਾਂ ਕੱਢ ਰਿਹਾ ਸੀ। ਅਸੀਂ ਉੱਥੇ ਹੀ ਆਪਣੇ ਮੁੰਡੇ ਨੂੰ ਤਾੜਨਾ ਦਿੱਤੀ। ਮੇਰੇ ਚਾਰ ਮੁੰਡੇ ਜੇਮਜ਼, ਜੈਰੀ, ਨਿਕੋਲਸ ਅਤੇ ਸਟੀਵਨ ਮੰਡਲੀ ਵਿਚ ਬਜ਼ੁਰਗ ਹਨ ਅਤੇ ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚੇ ਵੀ ਸੱਚਾਈ ਵਿਚ ਹਨ। ਨਿਕੋਲਸ ਅਤੇ ਉਸ ਦੀ ਪਤਨੀ ਡੈਬਰਾ ਇੰਗਲੈਂਡ ਦੇ ਸ਼ਾਖ਼ਾ ਦਫ਼ਤਰ ਵਿਚ ਸੈਨਤ ਭਾਸ਼ਾ ਦੇ ਅਨੁਵਾਦਕਾਂ ਦੀ ਮਦਦ ਕਰਦੇ ਹਨ। ਸਟੀਵਨ ਅਤੇ ਉਸ ਦੀ ਪਤਨੀ ਸ਼ੈਨਨ ਅਮਰੀਕਾ ਦੇ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰਦੇ ਹਨ। ਉਹ ਸੈਨਤ ਭਾਸ਼ਾ ਵਿਚ ਅਨੁਵਾਦ ਦਾ ਕੰਮ ਕਰਦੇ ਹਨ।

ਮੇਰੀਆਂ ਨੂੰਹਾਂ ਅਤੇ ਪੁੱਤ ਅਲੱਗ-ਅਲੱਗ ਤਰੀਕਿਆਂ ਨਾਲ ਗੁੰਗੇ-ਬੋਲ਼ੇ ਲੋਕਾਂ ਦੀ ਮਦਦ ਕਰਦੇ ਹਨ

ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਵਿਆਹ ਦੀ 40ਵੀਂ ਸਾਲ-ਗਿਰ੍ਹਾ ਤੋਂ ਇਕ ਮਹੀਨਾ ਪਹਿਲਾਂ ਯੂਨਸ ਕੈਂਸਰ ਨਾਲ ਲੜਦੀ-ਲੜਦੀ ਮੌਤ ਦੀ ਨੀਂਦ ਸੌਂ ਗਈ। ਮੁੜ ਜੀਉਂਦੇ ਹੋਣ ਦੀ ਆਸ ਕਰਕੇ ਉਨ੍ਹਾਂ ਮੁਸ਼ਕਲਾਂ ਹਾਲਾਤਾਂ ਵਿਚ ਵੀ ਯੂਨਸ ਨੂੰ ਹਿੰਮਤ ਮਿਲੀ। ਮੈਂ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਮੈਂ ਆਪਣੀ ਪਤਨੀ ਨੂੰ ਦੁਬਾਰਾ ਮਿਲਾਂਗਾ।

ਫੇਅ ਅਤੇ ਜੇਮਜ਼, ਜੈਰੀ ਅਤੇ ਈਵਲੀਨ, ਸ਼ੈਨਨ ਅਤੇ ਸਟੀਵਨ

ਫਰਵਰੀ 2012 ਵਿਚ ਮੈਂ ਡਿਗ ਗਿਆ ਅਤੇ ਮੇਰਾ ਚੂਲਾ ਟੁੱਟ ਗਿਆ। ਮੈਨੂੰ ਲੱਗਾ ਕਿ ਹੁਣ ਮੈਂ ਆਪਣੇ ਕੰਮ ਖ਼ੁਦ ਨਹੀਂ ਕਰ ਸਕਦਾ। ਇਸ ਲਈ ਮੈਂ ਆਪਣੇ ਮੁੰਡੇ ਨਾਲ ਰਹਿਣ ਚਲਾ ਗਿਆ। ਫਿਰ ਮੈਂ ਉਨ੍ਹਾਂ ਨਾਲ ਕੈਲਗਰੀ ਦੀ ਸੈਨਤ ਭਾਸ਼ਾ ਵਾਲੀ ਮੰਡਲੀ ਵਿਚ ਜਾਣ ਲੱਗਾ ਅਤੇ ਮੈਂ ਉੱਥੇ ਅਜੇ ਵੀ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹਾਂ। ਸੱਚ ਦੱਸਾਂ, ਮੈਂ ਇਸ ਤੋਂ ਪਹਿਲਾਂ ਕਦੀ ਵੀ ਸੈਨਤ ਭਾਸ਼ਾ ਵਾਲੀ ਮੰਡਲੀ ਵਿਚ ਸੇਵਾ ਨਹੀਂ ਕੀਤੀ। ਜ਼ਰਾ ਸੋਚੋ, ਇੰਨੇ ਸਾਲ ਅੰਗ੍ਰੇਜ਼ੀ ਮੰਡਲੀ ਰਹਿ ਕੇ ਮੈਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਿੱਦਾਂ ਰੱਖ ਪਾਇਆ? ਯਹੋਵਾਹ ਨੇ ਮੇਰੀ ਮਦਦ ਕੀਤੀ। ਉਸ ਨੇ ਯਤੀਮਾਂ ਦਾ ਖ਼ਿਆਲ ਰੱਖਣ ਦਾ ਆਪਣਾ ਵਾਅਦਾ ਨਿਭਾਇਆ। (ਜ਼ਬੂ. 10:14) ਮੈਂ ਉਨ੍ਹਾਂ ਸਾਰੇ ਭੈਣਾਂ-ਭਰਾਵਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਲਿਖ ਕੇ ਮੈਨੂੰ ਗੱਲਾਂ ਸਮਝਾਈਆਂ, ਮੇਰੇ ਲਈ ਸੈਨਤ ਭਾਸ਼ਾ ਸਿੱਖੀ ਅਤੇ ਦੂਸਰਿਆਂ ਦੀ ਗੱਲ ਮੈਨੂੰ ਸੈਨਤ ਭਾਸ਼ਾ ਵਿਚ ਸਮਝਾਈ।

79 ਸਾਲਾਂ ਦੀ ਉਮਰੇ ਮੈਂ ਸੈਨਤ ਭਾਸ਼ਾ ਦੇ ਪਾਇਨੀਅਰ ਸਕੂਲ ਵਿਚ

ਇਕ ਉਹ ਵੀ ਜ਼ਮਾਨਾ ਸੀ ਜਦੋਂ ਮੈਨੂੰ ਕਿਸੇ ਦੀ ਗੱਲ ਸਮਝ ਨਹੀਂ ਸੀ ਆਉਂਦੀ ਅਤੇ ਮੈਨੂੰ ਲੱਗਦਾ ਸੀ ਕਿ ਮੇਰੇ ਵਰਗੇ ਲੋਕਾਂ ਦੀ ਕੋਈ ਵੀ ਮਦਦ ਨਹੀਂ ਕਰ ਸਕਦਾ। ਜਦੋਂ ਮੈਂ ਪਰੇਸ਼ਾਨ ਹੋ ਜਾਂਦਾ ਸੀ ਅਤੇ ਆਪਣਾ ਦਿਲ ਹਾਰ ਬੈਠਦਾ ਸੀ, ਤਾਂ ਮੈਂ ਪਤਰਸ ਦੇ ਸ਼ਬਦ ਯਾਦ ਕਰਦਾ ਸੀ ਜੋ ਉਸ ਨੇ ਯਿਸੂ ਨੂੰ ਕਹੇ ਸਨ: “ਪ੍ਰਭੂ, ਅਸੀਂ ਹੋਰ ਕਿਹਦੇ ਕੋਲ ਜਾਈਏ? ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲੀਆਂ ਗੱਲਾਂ ਤਾਂ ਤੇਰੇ ਕੋਲ ਹਨ।” (ਯੂਹੰ. 6:66-68) ਕਾਫ਼ੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਗੁੰਗੇ-ਬੋਲ਼ੇ ਭੈਣਾਂ-ਭਰਾਵਾਂ ਵਾਂਗ ਮੈਂ ਵੀ ਧੀਰਜ ਰੱਖਣਾ ਸਿੱਖਿਆ। ਮੈਂ ਯਹੋਵਾਹ ਅਤੇ ਉਸ ਦੇ ਸੰਗਠਨ ਉੱਤੇ ਭਰੋਸਾ ਰੱਖਣਾ ਸਿੱਖਿਆ ਜਿਸ ਦੇ ਮੈਨੂੰ ਬਹੁਤ ਸਾਰੇ ਫ਼ਾਇਦੇ ਹੋਏ। ਹੁਣ ਸਾਡੀ ਭਾਸ਼ਾ ਵਿਚ ਪ੍ਰਕਾਸ਼ਨਾਂ ਦੀ ਕੋਈ ਕਮੀ ਨਹੀਂ ਰਹੀ। ਮੈਨੂੰ ਹੋਰ ਵੀ ਖ਼ੁਸ਼ੀ ਹੈ ਕਿ ਮੈਂ ਅਮਰੀਕੀ ਸੈਨਤ ਭਾਸ਼ਾ ਵਿਚ ਸਭਾਵਾਂ ਅਤੇ ਸੰਮੇਲਨਾਂ ਵਿਚ ਜਾ ਸਕਦਾ ਹਾਂ। ਸੱਚੀਂ, ਆਪਣੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰ ਕੇ ਮੈਨੂੰ ਬਹੁਤ ਜ਼ਿਆਦਾ ਖ਼ੁਸ਼ ਹੋਈ ਹੈ ਅਤੇ ਮੈਨੂੰ ਬਹੁਤ ਜ਼ਿਆਦਾ ਬਰਕਤਾਂ ਮਿਲੀਆਂ ਹਨ।