ਜੀਵਨੀ
ਕੱਖਾਂ ਤੋਂ ਲੱਖਾਂ ਤਕ ਦਾ ਸਫ਼ਰ
ਮੇਰਾ ਜਨਮ ਅਮਰੀਕਾ ਦੇ ਇੰਡੀਆਨਾ ਪ੍ਰਾਂਤ ਦੇ ਲਿਬਰਟੀ ਕਸਬੇ ਵਿਚ ਹੋਇਆ। ਸਾਡਾ ਘਰ ਲੱਕੜ ਦਾ ਬਣਿਆ ਇਕ ਕਮਰਾ ਹੀ ਸੀ। ਮੇਰਾ ਇਕ ਵੱਡਾ ਭਰਾ ਤੇ ਦੋ ਵੱਡੀਆਂ ਭੈਣਾਂ ਸਨ। ਮੇਰੇ ਤੋਂ ਬਾਅਦ, ਮੇਰੇ ਦੋ ਹੋਰ ਭਰਾ ਅਤੇ ਇਕ ਭੈਣ ਦਾ ਜਨਮ ਹੋਇਆ।
ਸਕੂਲ ਦੀ ਪਹਿਲੀ ਜਮਾਤ ਵਿਚ ਜੋ ਬੱਚੇ ਮੇਰੇ ਨਾਲ ਪੜ੍ਹਦੇ ਸਨ, ਉਹੀ ਬੱਚੇ ਸਕੂਲ ਦੀ ਆਖ਼ਰੀ ਜਮਾਤ ਤਕ ਮੇਰੇ ਨਾਲ ਸਨ। ਮੇਰੇ ਇਨ੍ਹਾਂ ਸਕੂਲ ਦੇ ਸਾਲਾਂ ਦੌਰਾਨ ਕੁਝ ਨਹੀਂ ਬਦਲਿਆ। ਸਾਡਾ ਛੋਟਾ ਜਿਹਾ ਕਸਬਾ ਸੀ ਅਤੇ ਜ਼ਿਆਦਾਤਰ ਲੋਕ ਇਕ-ਦੂਜੇ ਨੂੰ ਜਾਣਦੇ ਸਨ।
ਲਿਬਰਟੀ ਕਸਬੇ ਦੇ ਆਲੇ-ਦੁਆਲੇ ਛੋਟੇ-ਛੋਟੇ ਖੇਤ ਸਨ ਅਤੇ ਉਨ੍ਹਾਂ ਵਿਚ ਖ਼ਾਸ ਤੌਰ ’ਤੇ ਮੱਕੀ ਦੀ ਖੇਤੀ ਕੀਤੀ ਜਾਂਦੀ ਸੀ। ਮੇਰੇ ਜਨਮ ਵੇਲੇ ਮੇਰੇ ਡੈਡੀ ਜੀ ਉੱਥੋਂ ਦੇ ਇਕ ਕਿਸਾਨ ਦੇ ਖੇਤ ਵਿਚ ਖੇਤੀ ਕਰਦੇ ਸਨ। ਅੱਲੜ੍ਹ ਉਮਰ ਵਿਚ ਮੈਂ ਟਰੈਕਟਰ ਚਲਾਉਣਾ ਅਤੇ ਹੋਰ ਵੀ ਕਈ ਖੇਤੀ-ਬਾੜੀ ਦੇ ਕੰਮ ਸਿੱਖੇ।
ਮੈਂ ਆਪਣੇ ਡੈਡੀ ਜੀ ਨੂੰ ਕਦੇ ਜਵਾਨ ਨਹੀਂ ਸੀ ਦੇਖਿਆ ਕਿਉਂਕਿ ਜਦੋਂ ਮੇਰਾ ਜਨਮ ਹੋਇਆ ਉਦੋਂ ਮੇਰੇ ਡੈਡੀ ਜੀ ਦੀ ਉਮਰ 56 ਸਾਲ ਸੀ ਅਤੇ ਮੇਰੀ ਮੰਮੀ ਜੀ ਦੀ ਉਮਰ 35 ਸਾਲ ਸੀ। ਇੰਨੀ ਉਮਰ ਵਿਚ ਵੀ ਉਹ ਸਿਹਤਮੰਦ, ਦਮਖਮ ਰੱਖਣ ਵਾਲੇ ਅਤੇ ਸਖ਼ਤ ਮਿਹਨਤ ਕਰਨ ਵਾਲੇ ਇਨਸਾਨ ਸਨ। ਨਾਲੇ ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਵੀ ਮਿਹਨਤ ਕਰਨੀ ਸਿਖਾਈ। ਚਾਹੇ ਉਨ੍ਹਾਂ ਦੀ ਕਮਾਈ ਜ਼ਿਆਦਾ ਨਹੀਂ ਸੀ, ਪਰ ਫਿਰ ਵੀ ਉਨ੍ਹਾਂ ਨੇ ਸਾਡੇ ਸਿਰ ’ਤੇ ਛੱਤ, ਤਨ ਢੱਕਣ ਲਈ ਕੱਪੜਿਆਂ ਅਤੇ ਭਰ ਪੇਟ ਖਾਣੇ ਦੀ ਕਮੀ ਨਹੀਂ ਆਉਣ ਦਿੱਤੀ। ਉਹ ਹਮੇਸ਼ਾ ਸਾਡੇ ਨਾਲ ਸਮਾਂ ਬਿਤਾਉਂਦੇ ਸਨ। 93 ਸਾਲ ਦੀ ਉਮਰ ਵਿਚ ਮੇਰੇ ਡੈਡੀ ਜੀ ਦੀ ਅਤੇ 86 ਸਾਲ ਦੀ ਉਮਰ ਵਿਚ ਮੇਰੇ ਮੰਮੀ ਜੀ ਮੌਤ ਹੋ ਗਈ। ਮੇਰੇ ਮਾਪੇ ਯਹੋਵਾਹ ਦੀ ਭਗਤੀ ਨਹੀਂ ਕਰਦੇ ਸਨ। 1972 ਵਿੱਚ ਮੰਡਲੀ ਵਿਚ ਬਜ਼ੁਰਗ ਨਿਯੁਕਤ ਕੀਤੇ ਜਾਣ ਲੱਗੇ, ਉਦੋਂ ਤੋਂ ਹੀ ਮੇਰਾ ਛੋਟਾ ਭਰਾ ਮੰਡਲੀ ਵਿਚ ਬਜ਼ੁਰਗ ਵਜੋਂ ਵਫ਼ਾਦਾਰੀ ਨਾਲ ਸੇਵਾ ਕਰਦਾ ਹੈ।
ਮੇਰੀ ਜ਼ਿੰਦਗੀ ਦੇ ਸਫ਼ਰ ਦੀ ਸ਼ੁਰੂਆਤ
ਮੇਰੀ ਮੰਮੀ ਜੀ ਧਾਰਮਿਕ ਖ਼ਿਆਲਾਂ ਵਾਲੇ ਸਨ। ਹਰੇਕ ਐਤਵਾਰ ਉਹ ਸਾਨੂੰ ਬੈਪਟਿਸਟ ਚਰਚ ਲੈ ਕੇ ਜਾਂਦੇ ਸਨ। 12 ਸਾਲਾਂ ਦੀ ਉਮਰ ਵਿਚ ਮੈਂ ਪਹਿਲੀ ਵਾਰ ਤ੍ਰਿਏਕ ਬਾਰੇ ਸੁਣਿਆ। ਮੈਂ ਬੜੀ ਉਤਸੁਕਤਾ ਨਾਲ ਮੰਮੀ ਜੀ ਨੂੰ ਪੁੱਛਿਆ: “ਯਿਸੂ ਪਿਤਾ ਤੇ ਪੁੱਤਰ ਦੋਵੇਂ ਹੋਵੇ, ਇਹ ਕਿਵੇਂ ਹੋ ਸਕਦਾ ਹੈ?” ਮੈਨੂੰ ਮੰਮੀ ਜੀ ਦਾ ਜਵਾਬ ਹਾਲੇ ਵੀ ਯਾਦ ਹੈ: “ਪੁੱਤ, ਇਹ ਇਕ ਬਹੁਤ ਡੂੰਘਾ ਭੇਤ ਹੈ। ਅਸੀਂ ਇਸ ਨੂੰ ਸਮਝ ਨਹੀਂ ਸਕਦੇ।” ਚਾਹੇ ਇਹ ਗੱਲ ਮੇਰੇ ਪੱਲੇ ਨਹੀਂ ਪਈ, ਪਰ ਫਿਰ ਵੀ ਮੈਂ 14 ਸਾਲ ਦੀ ਉਮਰ ਵਿਚ ਆਪਣੇ ਪਿੰਡ ਦੀ ਇਕ ਨਦੀ ਵਿਚ ਬਪਤਿਸਮਾ ਲੈ ਲਿਆ। ਤ੍ਰਿਏਕ ’ਤੇ ਵਿਸ਼ਵਾਸ ਰੱਖਣ ਕਰਕੇ ਮੈਨੂੰ ਪਾਣੀ ਵਿਚ ਤਿੰਨ ਵਾਰੀ ਗੋਤਾ ਦਿੱਤਾ ਗਿਆ।
ਹਾਈ ਸਕੂਲ ਵਿਚ ਮੇਰਾ ਇਕ ਦੋਸਤ ਮੁੱਕੇਬਾਜ਼ ਸੀ। ਉਸ ਨੇ ਮੈਨੂੰ ਮੁੱਕੇਬਾਜ਼ੀ ਕਰਨ ਲਈ ਮਨਾ ਲਿਆ। ਮੈਂ ਇਕ ਮੁੱਕੇਬਾਜ਼ੀ ਸਿਖਾਉਣ ਵਾਲੇ ਇਕ ਸੰਗਠਨ ਦਾ ਮੈਂਬਰ ਬਣ ਗਿਆ ਤੇ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਮੈਂ ਵਧੀਆ ਮੁੱਕੇਬਾਜ਼ ਨਹੀਂ ਸੀ ਇਸ ਕਰਕੇ ਕੁਝ ਮੁਕਾਬਲਿਆਂ ਬਾਅਦ ਹੀ ਮੈਂ ਹੱਥ ਖੜ੍ਹੇ ਕਰ ਦਿੱਤੇ। ਇਸ ਤੋਂ ਬਾਅਦ, ਮੈਂ ਅਮਰੀਕੀ ਸੈਨਾ ਵਿਚ ਭਰਤੀ ਹੋ ਗਿਆ ਅਤੇ ਮੈਨੂੰ ਜਰਮਨੀ ਭੇਜਿਆ ਗਿਆ। ਉੱਥੇ ਨੌਕਰੀ ਕਰਦਿਆਂ ਮੇਰੇ ਅਫ਼ਸਰਾਂ ਨੇ ਮੈਨੂੰ ਉੱਚੇ ਅਹੁਦੇ ਦੇ ਅਫ਼ਸਰ ਦੀ ਸਿਖਲਾਈ ਲੈਣ ਲਈ ਮਿਲਟਰੀ ਅਕੈਡਮੀ ਭੇਜ ਦਿੱਤਾ ਕਿਉਂਕਿ ਉਹ ਸੋਚਦੇ ਸਨ ਕਿ ਮੇਰੇ ਵਿਚ ਕੁਦਰਤੀ ਹੀ ਵਧੀਆ ਆਗੂ ਬਣਨ ਦੇ ਗੁਣ ਸਨ। ਉਹ ਚਾਹੁੰਦੇ ਸਨ ਕਿ ਮੈਂ ਮਿਲਟਰੀ ਦੀ ਹੀ ਨੌਕਰੀ ਕਰਾ, ਪਰ ਮੈਂ ਮਿਲਟਰੀ ਵਿਚ ਨਹੀਂ ਰਹਿਣਾ ਚਾਹੁੰਦਾ ਸੀ। ਇਸ ਲਈ ਦੋ ਸਾਲ ਨੌਕਰੀ ਕਰਨ ਤੋਂ ਬਾਅਦ, 1956 ਵਿਚ ਮੈਂ ਖ਼ੁਦ ਨੌਕਰੀ ਛੱਡ ਦਿੱਤੀ। ਕੁਝ ਹੀ ਸਮੇਂ ਬਾਅਦ, ਮੈਂ ਇਕ ਅਲੱਗ ਹੀ ਕਿਸਮ ਦੀ ਫ਼ੌਜ ਵਿਚ ਭਰਤੀ ਹੋਇਆ।
ਜ਼ਿੰਦਗੀ ਦੇ ਸਫ਼ਰ ਵਿਚ ਇਕ ਨਵਾਂ ਮੋੜ
ਹੁਣ ਤਕ ਮੈਂ ਜ਼ਿੰਦਗੀ ਵਿਚ ਦੂਜਿਆਂ ’ਤੇ ਰੋਅਬ ਪਾ ਕੇ ਆਪਣੀ ਮਰਦਾਨਗੀ ਦਿਖਾਉਣ ਬਾਰੇ ਹੀ ਸਿੱਖਿਆ ਸੀ। ਫ਼ਿਲਮਾਂ ਅਤੇ ਆਲੇ-ਦੁਆਲੇ ਦੇ ਮਾਹੌਲ ਵਿਚ ਇਹੀ ਦੇਖਣ ਨੂੰ ਮਿਲਿਆ ਕਿ ਅਸਲੀ ਮਰਦ ਕਿਹੋ ਜਿਹਾ ਹੁੰਦਾ ਹੈ ਅਤੇ ਇਸ ਦਾ ਮੇਰੇ ’ਤੇ ਬਹੁਤ ਗਹਿਰਾ ਅਸਰ ਪਿਆ। ਮੇਰਾ ਮੰਨਣਾ ਸੀ ਕਿ ਪ੍ਰਚਾਰ ਕਰਨਾ ਮਰਦਾਂ ਦਾ ਕੰਮ ਨਹੀਂ। ਪਰ ਮੈਂ ਕੁਝ ਅਜਿਹੀਆਂ ਗੱਲਾਂ ਸਿੱਖਣੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਨਾਲ ਮੇਰੀ ਜ਼ਿੰਦਗੀ ਬਦਲ ਗਈ। ਇਕ ਦਿਨ ਜਦੋਂ ਮੈਂ ਆਪਣੀ ਲਾਲ ਰੰਗ ਦੀ ਗੱਡੀ ਵਿਚ ਜਾ ਰਿਹਾ ਸੀ, ਤਾਂ ਦੋ ਕੁੜੀਆਂ ਨੇ ਹੱਥ ਹਿਲਾ ਕੇ ਮੇਰੀ ਗੱਡੀ ਨੂੰ ਰੋਕਿਆ। ਮੈਂ ਉਨ੍ਹਾਂ ਨੂੰ ਜਾਣਦਾ ਸੀ ਕਿਉਂਕਿ ਇਹ ਮੇਰੇ ਜੀਜੇ ਦੀਆਂ ਭੈਣਾਂ ਸਨ। ਇਹ ਦੋ ਕੁੜੀਆਂ ਯਹੋਵਾਹ ਦੀਆਂ ਗਵਾਹ ਸਨ। ਮੈਂ ਪਹਿਲਾਂ ਵੀ ਇਨ੍ਹਾਂ ਤੋਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲਏ ਸਨ, ਪਰ ਮੈਨੂੰ ਪਹਿਰਾਬੁਰਜ ਬਹੁਤ ਘੱਟ ਸਮਝ ਆਉਂਦਾ ਸੀ। ਇਸ ਵਾਰ ਉਨ੍ਹਾਂ ਨੇ ਮੈਨੂੰ ਕਲੀਸਿਯਾ ਪੁਸਤਕ ਅਧਿਐਨ ਲਈ ਬੁਲਾਇਆ ਜੋ ਇਨ੍ਹਾਂ ਦੇ ਘਰ ਵਿਚ ਕੀਤਾ ਜਾਂਦਾ ਸੀ। ਇਸ ਵਿਚ ਥੋੜ੍ਹੇ ਭੈਣ-ਭਰਾ ਇਕੱਠੇ ਹੁੰਦੇ ਸਨ ਅਤੇ ਬਾਈਬਲ ਅਧਿਐਨ ਅਤੇ ਚਰਚਾ ਕਰਦੇ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਸੋਚਾਂਗਾ। ਕੁੜੀਆਂ ਨੇ ਮੁਸਕਰਾਉਂਦੇ ਹੋਏ ਕਿਹਾ, “ਵਾਅਦਾ ਕਰੋ।” ਮੈਂ ਕਿਹਾ, “ਵਾਅਦਾ ਰਿਹਾ ਮੈਂ ਆਵਾਂਗਾ।”
ਮੈਂ ਵਾਅਦਾ ਕਰ ਕੇ ਪਛਤਾ ਰਿਹਾ ਸੀ, ਪਰ ਮੈਂ ਵਾਅਦਾ ਕਰਕੇ ਮੁੱਕਰ ਨਹੀਂ ਸੀ ਸਕਦਾ। ਇਸ ਲਈ ਉਸ ਰਾਤ ਮੈਂ ਸਭਾ ’ਤੇ ਗਿਆ। ਮੈਂ ਬੱਚਿਆਂ ਤੋਂ ਬਹੁਤ ਪ੍ਰਭਾਵਿਤ ਹੋਇਆ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਬੱਚਿਆਂ ਨੂੰ ਬਾਈਬਲ ਬਾਰੇ ਇੰਨਾ ਗਿਆਨ ਸੀ! ਜਿੰਨੇ ਐਤਵਾਰ ਮੈਂ ਆਪਣੀ ਮੰਮੀ ਜੀ ਨਾਲ ਚਰਚ ਗਿਆ ਸੀ ਉਸ ਹਿਸਾਬ ਨਾਲ ਮੈਨੂੰ ਕੁਝ ਵੀ ਨਹੀਂ ਸੀ ਪਤਾ। ਪਰ ਹੁਣ ਮੈਂ ਹੋਰ ਸਿੱਖਣ ਦਾ ਪੱਕਾ ਇਰਾਦਾ ਕੀਤਾ। ਮੈਂ ਬਾਈਬਲ ਅਧਿਐਨ ਕਰਨ ਲਈ ਮੰਨ ਗਿਆ। ਮੈਂ ਸਭ ਤੋਂ ਪਹਿਲਾਂ ਸਿੱਖਿਆ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। ਕਈ ਸਾਲ ਪਹਿਲਾਂ, ਜਦੋਂ ਮੈਂ ਮੰਮੀ ਜੀ ਕੋਲੋਂ ਯਹੋਵਾਹ ਦੇ ਗਵਾਹਾਂ ਬਾਰੇ ਪੁੱਛਿਆ ਸੀ, ਤਾਂ ਉਨ੍ਹਾਂ ਨੇ ਕਿਹਾ, “ਔਹ, ਉਹ ਕਿਸੇ ਬੁੱਢੇ ਆਦਮੀ ਯਹੋਵਾਹ ਦੀ ਭਗਤੀ ਕਰਦੇ ਹਨ।” ਪਰ ਹੁਣ ਜਾ ਕੇ ਮੇਰੀਆਂ ਅੱਖਾਂ ਖੁੱਲ੍ਹੀਆਂ!
ਮੈਂ ਜਾਣ ਗਿਆ ਸੀ ਕਿ ਇਹੀ ਸੱਚਾਈ ਹੈ ਇਸ ਲਈ ਮੈਂ ਜਲਦੀ ਤਰੱਕੀ ਕੀਤੀ। ਪਹਿਲੀ ਵਾਰ ਸਭਾ ’ਤੇ ਜਾਣ ਤੋਂ ਬਾਅਦ ਨੌਂ ਮਹੀਨਿਆਂ ਦੇ ਅੰਦਰ-ਅੰਦਰ ਮਾਰਚ 1957 ਵਿਚ ਮੈਂ ਬਪਤਿਸਮਾ ਲੈ ਲਿਆ। ਜ਼ਿੰਦਗੀ ਬਾਰੇ ਮੇਰਾ ਨਜ਼ਰੀਆ ਬਦਲ ਗਿਆ। ਜਦੋਂ ਮੈਂ ਆਪਣੇ ਪੁਰਾਣੇ ਰਵੱਈਏ ਰੋਅਬ ਪਾ ਕੇ ਆਪਣੀ ਮਰਦਾਨਗੀ ਦਿਖਾਉਣ ਬਾਰੇ ਯਸਾ. 53:2, 7) ਮੈਂ ਸਿੱਖਿਆ ਕਿ ਯਿਸੂ ਦੇ ਸੱਚੇ ਚੇਲੇ ਨੂੰ “ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ।”—2 ਤਿਮੋ. 2:24.
ਸੋਚਦਾ ਹਾਂ, ਤਾਂ ਮੈਨੂੰ ਖ਼ੁਸ਼ੀ ਹੁੰਦੀ ਹੈ ਕਿ ਬਾਈਬਲ ਨੇ ਮੈਨੂੰ ਸਿਖਾਇਆ ਕਿ ਅਸਲੀ ਮਰਦ ਕੌਣ ਹੁੰਦਾ ਹੈ। ਯਿਸੂ ਮੁਕੰਮਲ ਆਦਮੀ ਸੀ। ਉਸ ਕੋਲ ਇੰਨਾ ਜ਼ੋਰ ਤੇ ਤਾਕਤ ਸੀ ਕਿ ਉਸ ਸਾਮ੍ਹਣੇ ਆਪਣੇ ਆਪ ਨੂੰ ਮਰਦ ਸਮਝਣ ਵਾਲਾ ਹਰ ਆਦਮੀ ਕੁਝ ਵੀ ਨਹੀਂ ਸੀ। ਫਿਰ ਵੀ ਉਸ ਨੇ ਕਿਸੇ ਨਾਲ ਲੜਾਈ ਨਹੀਂ ਕੀਤੀ, ਸਗੋਂ ਬਾਈਬਲ ਦੀਆਂ ਭਵਿੱਖਬਾਣੀਆਂ ਮੁਤਾਬਕ ਉਸ ਨੇ ਦੁੱਖ ਝੱਲੇ। (1958 ਵਿਚ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਪਰ ਜਲਦੀ ਬਾਅਦ, ਮੈਂ ਕੁਝ ਸਮੇਂ ਲਈ ਪਾਇਨੀਅਰਿੰਗ ਕਰਨੀ ਛੱਡ ਦਿੱਤੀ। ਕਿਉਂ? ਮੈਂ ਗਲੋਰੀਆ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਇਹ ਉਨ੍ਹਾਂ ਦੋ ਕੁੜੀਆਂ ਵਿੱਚੋਂ ਇਕ ਸੀ ਜਿਨ੍ਹਾਂ ਨੇ ਮੈਨੂੰ ਪੁਸਤਕ ਅਧਿਐਨ ’ਤੇ ਬੁਲਾਇਆ ਸੀ। ਗਲੋਰੀਆ ਨਾਲ ਵਿਆਹ ਕਰਾ ਕੇ ਮੈਨੂੰ ਕਦੇ ਪਛਤਾਵਾ ਨਹੀਂ ਹੋਇਆ। ਗਲੋਰੀਆ ਮੇਰੇ ਲਈ ਇਕ ਬੇਸ਼ਕੀਮਤੀ ਖ਼ਜ਼ਾਨੇ ਵਾਂਗ ਸੀ ਅਤੇ ਅੱਜ ਵੀ ਹੈ। ਉਹ ਮੇਰੇ ਲਈ ਇਕ ਬੇਸ਼ਕੀਮਤੀ ਹੀਰੇ ਨਾਲੋਂ ਵੀ ਕਿਤੇ ਜ਼ਿਆਦਾ ਕੀਮਤੀ ਹੈ। ਮੈਨੂੰ ਬਹੁਤ ਖ਼ੁਸ਼ੀ ਹੈ ਕਿ ਉਹ ਮੇਰੀ ਪਤਨੀ ਹੈ। ਚਲੋ, ਗਲੋਰੀਆ ਤੁਹਾਨੂੰ ਆਪਣੇ ਬਾਰੇ ਕੁਝ ਦੱਸਦੀ:
“ਅਸੀਂ 17 ਭੈਣ-ਭਰਾ ਸੀ। ਮੇਰੇ ਮੰਮੀ ਜੀ ਯਹੋਵਾਹ ਦੇ ਵਫ਼ਾਦਾਰ ਗਵਾਹ ਸਨ। ਜਦੋਂ ਮੈਂ 14 ਸਾਲ ਦੀ ਸੀ, ਤਾਂ ਮੇਰੇ ਮੰਮੀ ਜੀ ਦੀ ਮੌਤ ਹੋ ਗਈ। ਉਸ ਤੋਂ ਬਾਅਦ ਮੇਰੇ ਡੈਡੀ ਜੀ ਨੇ ਬਾਈਬਲ ਅਧਿਐਨ ਕਰਨਾ ਸ਼ੁਰੂ ਕੀਤਾ ਸੀ। ਮੰਮੀ ਜੀ ਦੀ ਮੌਤ ਤੋਂ ਬਾਅਦ ਮੇਰੇ ਡੈਡੀ ਜੀ ਨੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ। ਮੇਰੀ ਵੱਡੀ ਭੈਣ ਦਾ ਸੀਨੀਅਰ ਸਕੂਲ ਵਿਚ ਆਖ਼ਰੀ ਸਾਲ ਸੀ। ਮੇਰੇ ਡੈਡੀ ਜੀ ਨੇ ਪ੍ਰਿੰਸੀਪਲ ਤੋਂ ਪੁੱਛਿਆ ਕਿ ਜੇ ਅਸੀਂ ਦੋਨੋਂ ਭੈਣਾਂ ਵਾਰੀ ਸਿਰ ਸਕੂਲ ਆ ਸਕਦੀਆਂ ਸੀ। ਵਾਰੀ ਸਿਰ ਸਾਡੇ ਵਿੱਚੋਂ ਇਕ ਸਕੂਲ ਜਾ ਸਕਦੀ ਸੀ ਅਤੇ ਦੂਜੀ ਘਰ ਰਹਿ ਕੇ ਛੋਟੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰ ਸਕਦੀ ਸੀ। ਪਿਤਾ ਜੀ ਦੇ ਕੰਮ ਤੋਂ ਘਰ ਆਉਣ ਤਕ ਅਸੀਂ ਪਰਿਵਾਰ ਲਈ ਰਾਤ ਦਾ ਖਾਣਾ ਤਿਆਰ ਕਰ ਸਕਦੀਆਂ ਸੀ। ਸਕੂਲ ਦੇ ਪ੍ਰਿੰਸੀਪਲ ਨੇ ਇਜਾਜ਼ਤ ਦੇ ਦਿੱਤੀ ਅਤੇ ਮੇਰੀ ਭੈਣ ਦੀ ਪੜ੍ਹਾਈ ਖ਼ਤਮ ਹੋਣ ਤਕ ਅਸੀਂ ਇਸੇ ਤਰ੍ਹਾਂ ਕਰਦੇ ਰਹੇ। ਦੋ ਪਰਿਵਾਰਾਂ ਨੇ ਸਾਨੂੰ ਬਾਈਬਲ ਅਧਿਐਨ ਕਰਵਾਇਆ ਅਤੇ ਵੱਡੇ ਹੋ ਕੇ ਸਾਡੇ ਵਿੱਚੋਂ 11 ਜਣੇ ਯਹੋਵਾਹ ਦੇ ਗਵਾਹ ਬਣੇ। ਚਾਹੇ ਮੈਂ ਸ਼ਰਮੀਲੇ ਸੁਭਾਅ ਦੀ ਸੀ, ਪਰ ਫਿਰ ਵੀ ਮੈਨੂੰ ਪ੍ਰਚਾਰ ਕਰ ਕੇ ਮਜ਼ਾ ਆਉਂਦਾ ਸੀ। ਇਨ੍ਹਾਂ ਸਾਲਾਂ ਦੌਰਾਨ ਮੇਰੇ ਪਤੀ ਸੈਮੂਏਲ ਨੇ ਮੇਰੀ ਬਹੁਤ ਮਦਦ ਕੀਤੀ।”
1959 ਵਿਚ ਗਲੋਰੀਆ ਨਾਲ ਮੇਰਾ ਵਿਆਹ ਹੋ ਗਿਆ। ਸਾਨੂੰ ਇਕੱਠਿਆ ਪਾਇਨੀਅਰਿੰਗ ਕਰ ਕੇ ਬਹੁਤ ਮਜ਼ਾ ਆਉਂਦਾ ਸੀ। ਸਾਡੀ ਦਿਲੀ ਤਮੰਨਾ ਸੀ ਕਿ ਅਸੀਂ ਵਰਲਡ ਹੈੱਡ-ਕੁਆਟਰ ਵਿਚ ਜਾ ਕੇ ਸੇਵਾ ਕਰੀਏ। ਇਸ ਲਈ ਅਸੀਂ ਜੁਲਾਈ 1959 ਵਿਚ ਬੈਥਲ ਵਿਚ ਸੇਵਾ ਕਰਨ ਲਈ ਅਰਜ਼ੀ ਭਰੀ। ਭਰਾ ਸਾਈਮਨ ਕ੍ਰੇਕਰ ਨੇ ਸਾਡਾ ਇੰਟਰਵਿਊ ਲਿਆ। ਉਸ ਨੇ ਸਾਨੂੰ ਦੱਸਿਆ ਕਿ ਇਸ ਵੇਲੇ ਬੈਥਲ ਵਿਚ ਵਿਆਹੇ ਜੋੜਿਆ ਦੀ ਲੋੜ ਨਹੀਂ ਸੀ। ਬੈਥਲ ਵਿਚ ਸੇਵਾ ਕਰਨ ਦੀ ਆਪਣੀ ਇੱਛਾ ਨੂੰ ਅਸੀਂ ਕਦੀ ਮਰਨ ਨਹੀਂ ਦਿੱਤਾ। ਪਰ ਸਾਡੀ ਇਹ ਇੱਛਾ ਬਹੁਤ ਲੰਬੇ ਸਮੇਂ ਬਾਅਦ ਜਾ ਕੇ ਪੂਰੀ ਹੋਈ।
ਅਸੀਂ ਵਰਲਡ ਹੈੱਡ-ਕੁਆਟਰ ਨੂੰ ਚਿੱਠੀ ਲਿਖੀ ਕਿ ਉਹ ਸਾਨੂੰ ਉੱਥੇ ਭੇਜਣ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਜਵਾਬ ਵਿਚ ਸਾਨੂੰ ਪਾਈਨ ਬਲੱਫ, ਅਰਕਾਂਸਾਸ ਜਾਣ ਲਈ ਕਿਹਾ ਗਿਆ। ਉਸ ਵੇਲੇ ਪਾਈਨ ਬਲੱਫ ਵਿਚ ਸਿਰਫ਼ ਦੋ ਹੀ ਮੰਡਲੀਆਂ ਸਨ। ਇਕ ਕਾਲੇ ਭੈਣਾਂ-ਭਰਾਵਾਂ ਅਤੇ ਦੂਜੀ ਗੋਰੇ ਭੈਣਾਂ-ਭਰਾਵਾਂ ਦੀ ਮੰਡਲੀ। ਸਾਨੂੰ ਕਾਲੇ ਭੈਣਾਂ-ਭਰਾਵਾਂ ਦੀ ਮੰਡਲੀ ਵਿਚ ਭੇਜਿਆ ਜਿੱਥੇ ਸਿਰਫ਼ 14 ਪ੍ਰਚਾਰਕ ਸਨ।
ਨਸਲੀ ਮਤਭੇਦ ਕਰਕੇ ਆਈਆਂ ਮੁਸ਼ਕਲਾਂ
ਤੁਸੀਂ ਸ਼ਾਇਦ ਸੋਚ ਰਹੇ ਹੋ ਕਿ ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਵਿਚ ਇਸ ਤਰ੍ਹਾਂ ਦਾ ਮਤਭੇਦ ਕਿਉਂ ਸੀ। ਜਵਾਬ ਬਹੁਤ ਸਰਲ ਹੈ ਕਿ ਉਨ੍ਹਾਂ ਦਿਨਾਂ ਵਿਚ ਭੈਣਾਂ-ਭਰਾਵਾਂ ਦੇ ਹੱਥ-ਵੱਸ ਕੁਝ ਨਹੀਂ ਸੀ। ਕਾਨੂੰਨ ਦੇ ਮੁਤਾਬਕ ਉਸ ਵੇਲੇ ਕਾਲੇ-ਗੋਰੇ ਲੋਕਾਂ ਦਾ ਇਕ-ਦੂਜੇ ਨਾਲ ਮਿਲਣਾ-ਗਿਲ਼ਣਾ ਗ਼ੈਰ-ਕਾਨੂੰਨੀ ਸੀ। ਅਸਲ ਵਿਚ ਇਸ ਕਰਕੇ ਹਿੰਸਾ ਭੜਕਣ ਦਾ ਡਰ ਵੀ ਸੀ। ਕਈ ਥਾਵਾਂ ’ਤੇ ਜੇ ਗੋ ਕਾਲੇ-ਗੋਰੇ ਭੈਣ-ਭਰਾ ਇਕੱਠੇ ਮਿਲ ਕੇ ਭਗਤੀ ਕਰਦੇ ਸਨ, ਤਾਂ ਉਨ੍ਹਾਂ ਦੇ ਕਿੰਗਡਮ ਹਾਲਾਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਸੀ। ਉਸ ਵੇਲੇ ਇਹੋ ਜਿਹੀਆਂ ਗੱਲਾਂ ਵਾਪਰਦੀਆਂ ਸਨ। ਜੇ ਕਾਲੇ ਗਵਾਹ, ਗੋਰੇ ਲੋਕਾਂ ਦੇ ਇਲਾਕੇ ਵਿਚ ਘਰ-ਘਰ ਗਵਾਹੀ ਦਿੰਦੇ ਸਨ, ਤਾਂ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਜਾਂਦਾ ਸੀ ਅਤੇ ਕਈ ਵਾਰ ਪੁਲਿਸ ਵਾਲੇ ਉਨ੍ਹਾਂ ਨੂੰ ਕੁੱਟਦੇ ਵੀ ਸਨ। ਸੋ ਪ੍ਰਚਾਰ ਕਰਨ ਲਈ ਅਸੀਂ ਕਾਨੂੰਨ ਦੀ ਪਾਲਣਾ ਕਰਦੇ ਸੀ ਅਤੇ ਹਾਲਾਤ ਸੁਧਰਨ ਦੀ ਆਸ ਰੱਖਦੇ ਸੀ।
ਪ੍ਰਚਾਰ ਕਰਨਾ ਸੌਖਾ ਨਹੀਂ ਸੀ। ਕਾਲੇ ਲੋਕਾਂ ਦੇ ਇਲਾਕੇ ਵਿਚ ਪ੍ਰਚਾਰ ਕਰਦਿਆਂ ਕਦੀ-ਕਦੀ ਅਸੀਂ ਅਣਜਾਣੇ ਵਿਚ ਗੋਰਿਆਂ ਦੇ ਘਰ ਦਾ ਦਰਵਾਜ਼ਾ ਖੜਕਾ ਦਿੰਦੇ ਸੀ। ਸਾਨੂੰ ਉਸੇ ਵੇਲੇ ਸੋਚਣਾ ਪੈਂਦਾ ਸੀ ਕਿ ਅਸੀਂ ਬਾਈਬਲ ਵਿੱਚੋਂ ਛੋਟਾ ਜਿਹਾ ਸੰਦੇਸ਼ ਦੇਵਾਂਗੇ ਜਾਂ ਮਾਫ਼ੀ ਮੰਗ ਕੇ ਅੱਗੇ ਚਲੇ ਜਾਵਾਂਗੇ। ਉਸ ਸਮੇਂ, ਕਈ ਥਾਵਾਂ ’ਤੇ ਇਸ ਤਰ੍ਹਾਂ ਹੁੰਦਾ ਸੀ।
ਪਾਇਨੀਅਰਿੰਗ ਕਰਨ ਦੇ ਨਾਲ-ਨਾਲ ਆਪਣਾ ਗੁਜ਼ਾਰਾ ਤੋਰਨ ਲਈ ਅਸੀਂ ਕੰਮ-ਧੰਦਾ ਵੀ ਕਰਦੇ ਸੀ। ਜ਼ਿਆਦਾਤਰ ਕੰਮਾਂ ਦੇ ਸਾਨੂੰ ਬਹੁਤ ਥੋੜ੍ਹੇ ਪੈਸੇ ਮਿਲਦੇ ਸੀ, ਦਿਨ ਦੇ ਸਿਰਫ਼ ਤਿੰਨ ਡਾਲਰ। ਗਲੋਰੀਆ ਸਫ਼ਾਈ ਦਾ ਕੰਮ ਕਰਦੀ ਸੀ। ਇਕ ਘਰ ਦੀ ਸਫ਼ਾਈ ਕਰਨ ਲਈ ਮੈਨੂੰ ਵੀ ਗਲੋਰੀਆ ਨਾਲ ਜਾਣ ਦੀ ਇਜਾਜ਼ਤ ਮਿਲੀ ਜਿਸ ਕਰਕੇ ਅੱਧੇ ਦਿਨ ਵਿਚ ਹੀ ਖ਼ਤਮ ਹੋ ਜਾਂਦਾ ਸੀ। ਇਸ ਘਰ ਦਾ ਮਾਲਕ ਸਾਨੂੰ ਬਣਿਆ-ਬਣਾਇਆ ਖਾਣਾ ਦੇ ਦਿੰਦਾ ਸੀ ਅਤੇ ਮੈਂ ਤੇ ਗਲੋਰੀਆ ਇਕੱਠੇ ਮਿਲ ਕੇ ਖਾਂਦੇ ਸੀ। ਹਰੇਕ ਹਫ਼ਤੇ ਗਲੋਰੀਆ ਇਕ
ਪਰਿਵਾਰ ਦੇ ਕੱਪੜੇ ਪ੍ਰੈੱਸ ਕਰਦੀ ਸੀ। ਮੈਂ ਵਿਹੜਾ ਤੇ ਖਿੜਕੀਆਂ ਸਾਫ਼ ਕਰਦਾ ਸੀ ਅਤੇ ਘਰ ਦੇ ਹੋਰ ਛੋਟੇ-ਮੋਟੇ ਕੰਮ ਕਰਦਾ ਸੀ। ਅਸੀਂ ਇਕ ਹੋਰ ਗੋਰੇ ਪਰਿਵਾਰ ਦੇ ਘਰ ਦੀਆਂ ਖਿੜਕੀਆਂ ਸਾਫ਼ ਕਰਦੇ ਸੀ। ਗਲੋਰੀਆ ਅੰਦਰੋਂ ਸਾਫ਼ ਕਰਦੀ ਸੀ ਤੇ ਮੈਂ ਬਾਹਰੋਂ। ਸਾਨੂੰ ਸਾਫ਼ ਕਰਨ ਨੂੰ ਸਾਰਾ ਹੀ ਦਿਨ ਲੱਗ ਜਾਂਦਾ ਸੀ ਜਿਸ ਕਰਕੇ ਉਹ ਸਾਨੂੰ ਦੁਪਹਿਰ ਦਾ ਖਾਣਾ ਦੇ ਦਿੰਦੇ ਸੀ। ਗਲੋਰੀਆ ਗੋਰੇ ਪਰਿਵਾਰ ਤੋਂ ਅਲੱਗ ਬੈਠ ਕੇ ਘਰ ਦੇ ਅੰਦਰ ਖਾਣਾ ਖਾਂਦੀ ਸੀ, ਪਰ ਮੈਂ ਘਰ ਦੇ ਬਾਹਰ ਗਰਾਜ ਵਿਚ ਬੈਠ ਕੇ ਖਾਣਾ ਖਾਂਦਾ ਸੀ। ਇਸ ਗੱਲ ਦਾ ਮੈਨੂੰ ਬੁਰਾ ਨਹੀਂ ਸੀ ਲੱਗਦਾ। ਖਾਣਾ ਬਹੁਤ ਵਧੀਆ ਹੁੰਦਾ ਸੀ! ਪਰਿਵਾਰ ਬਹੁਤ ਚੰਗਾ ਸੀ, ਪਰ ਉਹ ਵੀ ਸਮਾਜਕ ਬੰਦਸ਼ਾਂ ਵਿਚ ਬੱਝਾ ਹੋਇਆ ਸੀ। ਮੈਨੂੰ ਯਾਦ ਹੈ, ਜਦੋਂ ਇਕ ਵਾਰ ਅਸੀਂ ਗੱਡੀ ਵਿਚ ਤੇਲ ਭਰਵਾਉਣ ਲਈ ਗਏ, ਤਾਂ ਗਲੋਰੀਆ ਨੇ ਉੱਥੇ ਕੰਮ ਕਰਨ ਵਾਲੇ ਗੋਰੇ ਆਦਮੀ ਨੂੰ ਬਾਥਰੂਮ ਇਸਤੇਮਾਲ ਕਰਨ ਬਾਰੇ ਪੁੱਛਿਆ। ਉਸ ਆਦਮੀ ਨੇ ਗੁੱਸੇ ਨਾਲ ਮੇਰੇ ਵੱਲ ਟਿਕਟਿਕੀ ਲਾ ਕੇ ਦੇਖਦਿਆਂ ਕਿਹਾ: “ਬਾਥਰੂਮ ਨੂੰ ਜਿੰਦਾ ਲੱਗਾ।”ਨਾ ਭੁੱਲਣ ਵਾਲਾ ਪਿਆਰ
ਦੂਜੇ ਪਾਸੇ, ਅਸੀਂ ਭੈਣਾਂ-ਭਰਾਵਾਂ ਨਾਲ ਬਹੁਤ ਵਧੀਆ ਸਮਾਂ ਵੀ ਬਿਤਾਇਆ। ਨਾਲੇ ਸਾਨੂੰ ਪ੍ਰਚਾਰ ਕਰਨਾ ਬਹੁਤ ਪਸੰਦ ਸੀ। ਜਦੋਂ ਅਸੀਂ ਪਾਈਨ ਬਲੱਫ ਪਹੁੰਚੇ, ਤਾਂ ਅਸੀਂ ਇਕ ਭਰਾ ਦੇ ਘਰ ਰੁਕੇ। ਉਹ ਭਰਾ ਮੰਡਲੀ ਦਾ ਸੇਵਕ (ਹੁਣ ਮੰਡਲੀ ਦੇ ਸੇਵਕ ਨੂੰ ਬਜ਼ੁਰਗਾਂ ਦੇ ਸਮੂਹ ਦਾ ਸਹਾਇਕ ਬਜ਼ੁਰਗ ਕਿਹਾ ਜਾਂਦਾ ਹੈ) ਸੀ। ਉਸ ਭਰਾ ਦੀ ਅਵਿਸ਼ਵਾਸੀ ਪਤਨੀ ਨਾਲ ਗਲੋਰੀਆ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਉਸੇ ਦੌਰਾਨ ਮੈਂ ਉਨ੍ਹਾਂ ਦੀ ਬੇਟੀ ਅਤੇ ਜਵਾਈ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ। ਮਾਂ-ਧੀ ਨੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਅਤੇ ਬਪਤਿਸਮਾ ਲੈ ਲਿਆ।
ਗੋਰੇ ਭੈਣਾਂ-ਭਰਾਵਾਂ ਦੀ ਮੰਡਲੀ ਵਿਚ ਵੀ ਸਾਡੇ ਦੋਸਤ ਸਨ ਅਤੇ ਉਹ ਸਾਨੂੰ ਆਪਣੇ ਘਰ ਖਾਣੇ ’ਤੇ ਬੁਲਾਉਂਦੇ ਸਨ। ਪਰ ਹਨੇਰਾ ਹੋਣ ਤੋਂ ਬਾਅਦ ਤਾਂਕਿ ਕੋਈ ਸਾਨੂੰ ਇਕੱਠਿਆਂ ਨੂੰ ਨਾ ਦੇਖ ਲਵੇ। ਕੁ ਕਲਕਸ ਕਲੈਨ (KKK) ਨਾਂ ਦਾ ਸੰਗਠਨ ਨਸਲੀ ਪੱਖਪਾਤ ਦਾ ਜ਼ਹਿਰ ਘੋਲਦਾ ਤੇ ਹਿੰਸਾ ਫੈਲਾਉਂਦਾ ਹੈ। ਉਸ ਵੇਲੇ ਇਸ ਸੰਗਠਨ ਦਾ ਬਹੁਤ ਪ੍ਰਭਾਵ ਸੀ। ਮਰਿਆਂ ਲੋਕਾਂ ਦੇ ਤਿਉਹਾਰ, ਹਾਲੋਈਨ, ਵਾਲੇ ਦਿਨ ਇਕ ਆਦਮੀ ਇਸ ਸੰਗਠਨ ਦੀ ਚਿੱਟੀ ਪੁਸ਼ਾਕ ਪਾਈ ਬੜੇ ਰੋਹਬ ਨਾਲ ਆਪਣੇ ਵਿਹੜੇ ਵਿਚ ਬੈਠਾ ਸੀ। ਇਸ ਤਰ੍ਹਾਂ ਦੀਆਂ ਗੱਲਾਂ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਣ ਤੋਂ ਨਹੀਂ ਰੋਕ ਸਕੀਆਂ। ਗਰਮੀਆਂ ਦੀ ਗੱਲ ਹੈ, ਸਾਨੂੰ ਸੰਮੇਲਨ ’ਤੇ ਜਾਣ ਲਈ ਪੈਸੇ ਚਾਹੀਦੇ ਸਨ। ਇਕ ਭਰਾ ਸਾਡੀ ਮਦਦ ਕਰਨ ਲਈ ਸਾਡੀ ਗੱਡੀ ਖ਼ਰੀਦਣ ਲਈ ਤਿਆਰ ਹੋ ਗਿਆ। ਇਕ ਮਹੀਨੇ ਬਾਅਦ, ਇਕ ਦਿਨ ਅਸੀਂ ਧੁੱਪੇ ਘਰ-ਘਰ ਪ੍ਰਚਾਰ ਕਰ ਕੇ ਅਤੇ ਸਟੱਡੀਆਂ ਕਰਾ ਕੇ ਥੱਕੇ-ਟੁੱਟੇ ਘਰ ਆਏ। ਘਰ ਪਹੁੰਚ ਕੇ ਅਸੀਂ ਹੈਰਾਨ ਰਹਿ ਗਏ। ਘਰ ਦੇ ਸਾਮ੍ਹਣੇ ਸਾਡੀ ਗੱਡੀ ਖੜ੍ਹੀ ਸੀ ਜਿਸ ਦੇ ਸ਼ੀਸ਼ੇ ’ਤੇ ਇਕ ਕਾਗਜ਼ ’ਤੇ ਲਿਖਿਆ ਸੀ, “ਮੇਰੇ ਵੱਲੋਂ ਤੁਹਾਡੇ ਲਈ ਤੋਹਫ਼ਾ। ਤੁਹਾਡਾ ਭਰਾ।”
ਇਕ ਹੋਰ ਮੌਕੇ ’ਤੇ ਕਿਸੇ ਦੇ ਪਿਆਰ ਨੇ ਮੇਰੇ ਦਿਲ ’ਤੇ ਗਹਿਰੀ ਛਾਪ ਛੱਡੀ। 1962 ਵਿਚ ਸਾਊਥ ਲੈਂਸਿੰਗ, ਨਿਊਯਾਰਕ ਵਿਚ ਮੈਨੂੰ ਰਾਜ ਸੇਵਕਾਈ ਸਕੂਲ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਇਸ ਵਿਚ ਮੰਡਲੀ ਦੇ ਬਜ਼ੁਰਗਾਂ, ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨਾਂ ਨੂੰ ਇਕ ਮਹੀਨੇ ਲਈ ਸਿਖਲਾਈ ਮਿਲਦੀ ਸੀ। ਜਦੋਂ ਮੈਨੂੰ ਇਹ ਸੱਦਾ ਮਿਲਿਆ ਉਸ ਵੇਲੇ ਮੈਂ ਬੇਰੋਜ਼ਗਾਰ ਸੀ ਅਤੇ ਪੈਸਿਆਂ ਦੀ ਵੀ ਤੰਗੀ ਸੀ। ਪਾਈਨ ਬਲੱਫ ਦੀ ਇਕ ਟੈਲੀਫ਼ੋਨ ਕੰਪਨੀ ਨੇ ਮੇਰਾ ਇੰਟਰਵਿਊ ਲਿਆ ਸੀ। ਜੇ ਉਹ ਮੈਨੂੰ ਕੰਮ ’ਤੇ ਰੱਖ ਲੈਂਦੇ, ਤਾਂ ਮੈਂ ਉੱਥੇ ਕੰਮ ਕਰਨ ਵਾਲਾ ਪਹਿਲਾ ਕਾਲਾ ਆਦਮੀ ਹੋਣਾ ਸੀ। ਅਖ਼ੀਰ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਮੈਨੂੰ ਕੰਮ ’ਤੇ ਰੱਖ ਲਿਆ ਹੈ। ਮੈਂ ਕੀ ਕਰਦਾ? ਮੇਰੇ ਕੋਲ ਨਿਊਯਾਰਕ ਜਾਣ ਲਈ ਪੈਸੇ ਨਹੀਂ ਸਨ। ਮੈਂ ਸੋਚ ਰਿਹਾ ਸੀ ਕਿ ਮੈਂ ਇਹ ਨੌਕਰੀ ਕਰ ਲਵਾਂ ਅਤੇ ਸਕੂਲ ਨਾ ਜਾਵਾਂ। ਮੈਂ ਸਕੂਲ ਵਿਚ ਹਾਜ਼ਰ ਨਾ ਹੋਣ ਲਈ ਬੈਥਲ ਨੂੰ ਚਿੱਠੀ ਲਿਖਣ ਹੀ ਵਾਲਾ ਸੀ ਕਿ ਕੁਝ ਅਜਿਹਾ ਵਾਪਰਿਆ ਜੋ ਮੈਂ ਕਦੇ ਨਹੀਂ ਭੁੱਲਾਂਗਾ।
ਸਾਡੀ ਮੰਡਲੀ ਦੀ ਇਕ ਭੈਣ ਸੀ ਜਿਸ ਦਾ ਪਤੀ ਸੱਚਾਈ ਵਿਚ ਨਹੀਂ ਸੀ। ਉਹ ਸਵੇਰੇ-ਸਵੇਰੇ ਸਾਡੇ ਘਰ ਆਈ ਅਤੇ ਇਕ ਲਿਫ਼ਾਫ਼ਾ ਦੇ ਕੇ ਚਲੀ ਗਈ। ਉਹ ਲਿਫ਼ਾਫ਼ਾ ਪੈਸਿਆਂ ਨਾਲ ਭਰਿਆ ਸੀ। ਉਹ ਅਤੇ ਉਸ ਦੇ ਕਈ ਛੋਟੇ ਬੱਚੇ ਪੈਸੇ ਕਮਾਉਣ ਲਈ ਤੜਕੇ-ਤੜਕੇ ਕਪਾਹ ਦੇ ਖੇਤਾਂ ਵਿਚ ਜਾ ਕੇ ਜੰਗਲੀ ਬੂਟੀ ਪੁੱਟਦੇ ਸਨ। ਉਹ ਇਹ ਪੈਸੇ ਇਸ ਲਈ ਕਮਾ ਰਹੇ ਸਨ ਤਾਂਕਿ ਮੈਂ ਨਿਊਯਾਰਕ ਜਾ ਸਕਾਂ। ਉਸ ਭੈਣ ਨੇ ਕਿਹਾ: “ਤੂੰ ਸਕੂਲ ਜਾ ਕੇ ਜਿੰਨਾ ਹੋ ਸਕੇ ਸਿੱਖੀ ਅਤੇ ਵਾਪਸ ਆ ਕੇ ਸਾਨੂੰ ਵੀ ਸਿਖਾਈ।” ਬਾਅਦ ਵਿਚ ਮੈਂ ਟੈਲੀਫ਼ੋਨ ਕੰਪਨੀ ਨੂੰ ਪੁੱਛਿਆ ਕਿ ਕੀ ਮੈਂ ਪੰਜ ਹਫ਼ਤਿਆਂ ਬਾਅਦ ਕੰਮ ਸ਼ੁਰੂ ਕਰ ਸਕਦਾ। ਉਨ੍ਹਾਂ ਨੇ ਸਾਫ਼-ਸਾਫ਼ ਜਵਾਬ ਦਿੱਤਾ, “ਨਹੀਂ।” ਪਰ ਕੋਈ ਗੱਲ ਨਹੀਂ, ਮੈਂ ਸਕੂਲ ਵਿਚ ਹਾਜ਼ਰ ਹੋਣ ਦਾ ਪੱਕਾ ਮਨ ਬਣਾ ਲਿਆ ਸੀ। ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਉਹ ਕੰਮ ਸਵੀਕਾਰ ਨਹੀਂ ਕੀਤਾ!
ਹੁਣ ਗਲੋਰੀਆ ਪਾਈਨ ਬਲੱਫ ਵਿਚ ਹੋਈਆਂ ਗੱਲਾਂ ਬਾਰੇ ਦੱਸੇਗੀ: “ਮੈਨੂੰ ਉੱਥੇ ਪ੍ਰਚਾਰ ਕਰਨਾ ਬਹੁਤ ਵਧੀਆ ਲੱਗਦਾ ਸੀ। ਮੇਰੇ ਕੋਲ 15-20 ਸਟੱਡੀਆਂ ਸਨ। ਅਸੀਂ ਸਵੇਰੇ ਘਰ-ਘਰ ਪ੍ਰਚਾਰ ਕਰਦੇ ਸੀ, ਫਿਰ ਬਾਕੀ ਸਾਰਾ ਦਿਨ ਬਾਈਬਲ ਸਟੱਡੀਆਂ ਕਰਾਉਂਦੇ ਸੀ। ਅਸੀਂ ਕਦੀ-ਕਦੀ ਰਾਤ ਨੂੰ 11 ਵਜੇ ਘਰ ਵਾਪਸ ਆਉਂਦੇ ਸੀ। ਸੱਚੀ ਪ੍ਰਚਾਰ ਕਰਨ ਵਿਚ ਸਾਨੂੰ ਬਹੁਤ ਮਜ਼ਾ ਆਉਂਦਾ ਸੀ! ਜੇ ਮੈਂ ਸੱਚ ਦੱਸਾਂ, ਤਾਂ ਮੈਂ ਨਹੀਂ ਚਾਹੁੰਦੀ ਸੀ ਕਿ ਸੈਮੂਏਲ ਨੂੰ ਸਫ਼ਰੀ ਨਿਗਾਹਬਾਨ ਬਣਾ ਦਿੱਤਾ ਜਾਵੇ ਕਿਉਂਕਿ ਮੈਂ ਇੱਥੇ ਹੀ ਰਹਿਣਾ ਚਾਹੁੰਦੀ ਸੀ। ਪਰ ਯਹੋਵਾਹ ਨੇ ਸਾਡੇ ਲਈ ਕੁਝ ਹੋਰ ਹੀ ਸੋਚਿਆ ਸੀ।” ਆਓ ਮੈਂ ਤੁਹਾਨੂੰ ਦੱਸਾਂ।
ਸਫ਼ਰੀ ਨਿਗਾਹਬਾਨ ਵਜੋਂ ਜ਼ਿੰਦਗੀ
ਪਾਈਨ ਬਲੱਫ ਵਿਚ ਪਾਇਨੀਅਰਿੰਗ ਕਰਦਿਆਂ ਅਸੀਂ ਸਪੈਸ਼ਲ ਪਾਇਨੀਅਰਿੰਗ ਕਰਨ ਲਈ ਅਰਜ਼ੀ ਭਰੀ। ਸਾਨੂੰ ਪੂਰੀ ਉਮੀਦ ਸੀ ਕਿ ਸਾਨੂੰ ਹਾਂ ਵਿਚ ਹੀ ਜਵਾਬ ਮਿਲੇਗਾ। ਕਿਉਂ? ਕਿਉਂਕਿ ਸਾਡਾ ਜ਼ਿਲ੍ਹਾ ਨਿਗਾਹਬਾਨ ਚਾਹੁੰਦਾ ਸੀ ਕਿ ਅਸੀਂ ਟੈਕਸਸ ਪ੍ਰਾਂਤ ਵਿਚ ਜਾ ਕੇ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰੀਏ। ਸਾਨੂੰ ਵੀ ਇਹ ਵਿਚਾਰ ਚੰਗਾ ਲੱਗਾ। ਅਸੀਂ ਸੰਗਠਨ ਦੇ ਜਵਾਬ ਦਾ ਬਹੁਤ ਇੰਤਜ਼ਾਰ ਕੀਤਾ, ਪਰ ਕੋਈ ਚਿੱਠੀ ਨਹੀਂ ਆਈ। ਅਖ਼ੀਰ ਇਕ ਦਿਨ ਚਿੱਠੀ ਆ ਹੀ ਗਈ। ਚਿੱਠੀ ਵਿਚ ਸਰਕਟ ਨਿਗਾਹਬਾਨ ਦੀ ਜ਼ਿੰਮੇਵਾਰੀ ਬਾਰੇ ਪੜ੍ਹ ਕੇ ਅਸੀਂ ਹੱਕੇ-ਬੱਕੇ ਰਹਿ ਗਏ! ਉਸੇ ਸਾਲ ਜਨਵਰੀ 1965 ਵਿਚ ਭਰਾ ਲੀਓਨ ਵੀਵਰ ਨੂੰ ਵੀ ਸਫ਼ਰੀ ਨਿਗਾਹਬਾਨ ਨਿਯੁਕਤ ਕੀਤਾ ਗਿਆ, ਜੋ ਹੁਣ ਅਮਰੀਕਾ ਦੀ ਬ੍ਰਾਂਚ ਕਮੇਟੀ ਦੇ ਕੋਆਰਡੀਨੇਟਰ ਹਨ।
ਮੈਨੂੰ ਸਫ਼ਰੀ ਨਿਗਾਹਬਾਨ ਦਾ ਕੰਮ ਕਰਨ ਤੋਂ ਡਰ ਲੱਗਦਾ ਸੀ। ਲਗਭਗ ਇਕ ਸਾਲ ਪਹਿਲਾਂ ਸਾਡੇ ਜ਼ਿਲ੍ਹਾ ਨਿਗਾਹਬਾਨ ਜੇਮਸ ਏ. ਟੌਮਸਨ ਨੇ ਮੇਰੀਆਂ ਯੋਗਤਾਵਾਂ ਦੇਖੀਆਂ। ਉਸ ਨੇ ਮੈਨੂੰ ਪਿਆਰ ਨਾਲ ਦੱਸਿਆ ਕਿ ਮੈਂ ਕਿਹੜੀਆਂ ਗੱਲਾਂ ਵਿਚ ਸੁਧਾਰ ਕਰ ਸਕਦਾ ਸੀ। ਉਸ ਨੇ ਮੈਨੂੰ ਦੱਸਿਆ ਕਿ ਇਕ ਚੰਗੇ ਸਫ਼ਰੀ ਨਿਗਾਹਬਾਨ ਵਿਚ ਕਿਹੜੇ ਗੁਣ ਹੋਣੇ ਜ਼ਰੂਰੀ ਹਨ। ਸਰਕਟ ਕੰਮ ਸ਼ੁਰੂ ਕਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਭਰਾ ਦੀ ਦਿੱਤੀ ਸਲਾਹ ਕੰਮ ਆਈ। ਮੇਰੀ ਨਿਯੁਕਤੀ ਤੋਂ ਜਲਦੀ ਬਾਅਦ, ਭਰਾ ਟੌਮਸਨ ਪਹਿਲਾ ਜ਼ਿਲ੍ਹਾ ਨਿਗਾਹਬਾਨ ਸੀ ਜਿਸ ਨਾਲ ਮੈਂ ਕੰਮ ਕੀਤਾ। ਉਸ ਭਰਾ ਦੀ ਨਿਹਚਾ ਬਹੁਤ ਪੱਕੀ ਸੀ ਅਤੇ ਮੈਂ ਉਸ ਵਫ਼ਾਦਾਰ ਭਰਾ ਤੋਂ ਬਹੁਤ ਕੁਝ ਸਿੱਖਿਆ।
ਉਨ੍ਹਾਂ ਦਿਨਾਂ ਵਿਚ ਸਫ਼ਰੀ ਨਿਗਾਹਬਾਨਾਂ ਨੂੰ ਬਹੁਤ ਘੱਟ ਸਿਖਲਾਈ ਮਿਲਦੀ ਸੀ। ਇਕ ਸਫ਼ਰੀ ਨਿਗਾਹਬਾਨ ਮੰਡਲੀ ਦਾ ਦੌਰਾ ਕਰਨ ਲਈ ਮੈਨੂੰ ਆਪਣੇ ਨਾਲ ਲੈ ਗਿਆ ਤਾਂਕਿ ਮੈਂ ਉਸ ਤੋਂ ਸਿੱਖ ਸਕਾਂ। ਇਸ ਤੋਂ ਅਗਲੇ ਹਫ਼ਤੇ ਦੂਸਰੀ ਮੰਡਲੀ ਦਾ ਦੌਰਾ ਮੈਨੂੰ ਕਰਨ ਲਈ ਕਿਹਾ ਅਤੇ ਉਸ ਨੇ ਮੇਰੇ ਉੱਤੇ ਧਿਆਨ ਰੱਖਿਆ। ਉਸ ਨੇ ਮੇਰੀ ਮਦਦ ਕਰਨ ਦੇ ਨਾਲ-ਨਾਲ ਕੁਝ ਸਲਾਹਾਂ ਵੀ ਦਿੱਤੀਆਂ। ਪਰ ਇਸ
ਤੋਂ ਬਾਅਦ ਮੈਂ ਇਕੱਲੇ ਹੀ ਇਹ ਕੰਮ ਕਰਨਾ ਸੀ। ਇਕ ਦਿਨ ਮੈਂ ਗਲੋਰੀਆ ਨੂੰ ਕਿਹਾ, “ਕੀ ਇਹ ਹੋਰ ਸਾਡੇ ਨਾਲ ਨਹੀਂ ਰੁਕਣਗੇ?” ਸਮੇਂ ਦੇ ਬੀਤਣ ਨਾਲ ਮੈਂ ਇਕ ਜ਼ਰੂਰੀ ਸਬਕ ਸਿੱਖਿਆ। ਜੇ ਤੁਸੀਂ ਮਦਦ ਸਵੀਕਾਰ ਕਰਦੇ ਹੋ, ਤਾਂ ਕੋਈ-ਨਾ-ਕੋਈ ਭਰਾ ਤੁਹਾਡੀ ਮਦਦ ਜ਼ਰੂਰ ਕਰੇਗਾ। ਮੈਂ ਤਜਰਬੇਕਾਰ ਭਰਾਵਾਂ ਤੋਂ ਮਦਦ ਪਾ ਕੇ ਬਹੁਤ ਖ਼ੁਸ਼ ਸੀ, ਜਿਵੇਂ ਕਿ ਭਰਾ ਜੇ. ਆਰ. ਬਰਾਊਨ ਜੋ ਉਸ ਵੇਲੇ ਸਫ਼ਰੀ ਨਿਗਾਹਬਾਨ ਸੀ ਅਤੇ ਫਰੈਡ ਰਸਕ ਜੋ ਬੈਥਲ ਵਿਚ ਸੇਵਾ ਕਰਦਾ ਸੀ।ਉਨ੍ਹਾਂ ਦਿਨਾਂ ਵਿਚ ਨਸਲੀ ਪੱਖਪਾਤ ਬਹੁਤ ਜ਼ੋਰਾਂ ’ਤੇ ਸੀ। ਇਕ ਵਾਰ ਜਦੋਂ ਮੈਂ ਟੈਨਿਸੀ ਪ੍ਰਾਂਤ ਵਿਚ ਦੌਰਾ ਕਰਨ ਗਿਆ, ਤਾਂ KKK ਸੰਗਠਨ ਨੇ ਕਸਬੇ ਵਿਚ ਜਲੂਸ ਕੱਢਿਆ। ਇਕ ਹੋਰ ਮੌਕੇ ’ਤੇ ਪ੍ਰਚਾਰ ਕਰਨ ਤੋਂ ਬਾਅਦ ਭੈਣ-ਭਰਾ ਰੋਟੀ ਖਾਣ ਲਈ ਇਕ ਢਾਬੇ ’ਤੇ ਰੁਕੇ। ਬਾਥਰੂਮ ਜਾਣ ਵੇਲੇ ਇਕ ਹੱਟਾ-ਕੱਟਾ, ਡਰਾਉਣਾ ਗੋਰਾ ਆਦਮੀ ਜਿਸ ਨੇ ਆਪਣੇ ਸਰੀਰ ’ਤੇ KKK ਦੇ ਨਿਸ਼ਾਨ (ਟੈਟੂ) ਗੁੰਦਵਾਏ ਸਨ ਮੇਰੇ ਪਿੱਛੇ-ਪਿੱਛੇ ਆ ਰਿਹਾ ਸੀ। ਪਰ ਸਾਡੇ ਦੋਹਾਂ ਤੋਂ ਵੀ ਉੱਚਾ-ਲੰਬਾ ਗੋਰਾ ਭਰਾ ਸਾਡੇ ਪਿੱਛੇ-ਪਿੱਛੇ ਬਾਥਰੂਮ ਵਿਚ ਆਇਆ ਤੇ ਉਸ ਨੇ ਮੈਨੂੰ ਪੁੱਛਿਆ, “ਭਰਾ ਹਰਡ ਸਭ ਕੁਝ ਠੀਕ ਹੈ?” ਉਹ ਆਦਮੀ ਬਾਥਰੂਮ ਇਸਤੇਮਾਲ ਕੀਤੇ ਬਿਨਾਂ ਹੀ ਉੱਥੋਂ ਚਲਾ ਗਿਆ। ਮੈਂ ਦੇਖਿਆ ਕਿ ਅਸਲ ਵਿਚ ਪੱਖਪਾਤ ਦੀ ਜੜ੍ਹ ਚਮੜੀ ਦਾ ਰੰਗ ਨਹੀਂ, ਸਗੋਂ ਪਾਪ ਹੈ ਜੋ ਆਦਮ ਕਰਕੇ ਸਾਰਿਆਂ ਵਿਚ ਫੈਲਿਆ ਹੈ। ਮੈਂ ਸਿੱਖਿਆ ਕਿ ਸਾਡੇ ਭਰਾ ਚਾਹੇ ਗੋਰੇ ਹੋਣ ਜਾਂ ਕਾਲੇ, ਹੈਂ ਤਾਂ ਸਾਡੇ ਭਰਾ ਹੀ। ਵਕਤ ਆਉਣ ’ਤੇ ਉਹ ਆਪਣੀ ਜਾਨ ਵਾਰਨ ਲਈ ਵੀ ਤਿਆਰ ਹੁੰਦੇ ਹਨ।
ਅਖ਼ੀਰ ਲੱਖਾਂ ਬਰਕਤਾਂ
ਅਸੀਂ 12 ਸਾਲ ਸਫ਼ਰੀ ਨਿਗਾਹਬਾਨ ਦਾ ਕੰਮ ਕੀਤਾ ਅਤੇ 21 ਸਾਲ ਜ਼ਿਲ੍ਹਾ ਨਿਗਾਹਬਾਨ ਦਾ। ਸਾਨੂੰ ਇਨ੍ਹਾਂ ਸਾਲਾਂ ਦੌਰਾਨ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਅਤੇ ਹੌਸਲਾ ਵਧਾਉਣ ਵਾਲੇ ਤਜਰਬੇ ਹੋਏ। ਇਕ ਹੋਰ ਬਰਕਤ ਹਾਲੇ ਮਿਲਣੀ ਬਾਕੀ ਸੀ। ਅਗਸਤ 1997 ਵਿਚ ਸਾਡਾ ਕਈ ਸਾਲ ਪੁਰਾਣਾ ਸੁਪਨਾ ਪੂਰਾ ਹੋ ਗਿਆ। ਅਰਜ਼ੀ ਭਰਨ ਤੋਂ 38 ਸਾਲ ਬਾਅਦ ਜਾ ਕੇ ਸਾਨੂੰ ਅਮਰੀਕਾ ਦੇ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਅਗਲੇ ਮਹੀਨੇ ਤੋਂ ਹੀ ਅਸੀਂ ਬੈਥਲ ਸੇਵਾ ਕਰਨੀ ਸ਼ੁਰੂ ਕੀਤੀ। ਮੈਨੂੰ ਇੱਦਾਂ ਲੱਗਦਾ ਸੀ ਕਿ ਬੈਥਲ ਦੇ ਜ਼ਿੰਮੇਵਾਰ ਭਰਾਵਾਂ ਨੇ ਮੈਨੂੰ ਬੱਸ ਥੋੜ੍ਹੇ ਸਮੇਂ ਲਈ ਬੁਲਾਇਆ ਹੋਣਾ। ਪਰ ਕੁਝ ਹੋਰ ਹੀ ਹੋਇਆ।
ਮੈਨੂੰ ਸਭ ਤੋਂ ਪਹਿਲਾ ਸੇਵਾ ਵਿਭਾਗ ਵਿਚ ਕੰਮ ਕਰਨ ਲਈ ਕਿਹਾ ਗਿਆ। ਮੈਨੂੰ ਉੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸ ਵਿਭਾਗ ਦੇ ਭਰਾ ਮੰਡਲੀ ਦੇ ਬਜ਼ੁਰਗਾਂ ਅਤੇ ਸਫ਼ਰੀ ਨਿਗਾਹਬਾਨਾਂ ਵੱਲੋਂ ਗੁੰਝਲਦਾਰ ਅਤੇ ਗੰਭੀਰ ਸਵਾਲਾਂ ਦੇ ਜਵਾਬ ਦਿੰਦੇ ਹਨ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਭਰਾਵਾਂ ਨੇ ਧੀਰਜ ਰੱਖ ਕੇ ਮੈਨੂੰ ਸਿਖਲਾਈ ਦਿੱਤੀ। ਮੈਨੂੰ ਇੱਦਾਂ ਲੱਗਦਾ ਹੈ ਕਿ ਜੇ ਮੈਨੂੰ ਦੁਬਾਰਾ ਇਸ ਵਿਭਾਗ ਵਿਚ ਕੰਮ ਕਰਨ ਦਾ ਮੌਕਾ ਮਿਲਿਆ, ਫਿਰ ਵੀ ਮੈਨੂੰ ਬਹੁਤ ਕੁਝ ਸਿੱਖਣਾ ਪਵੇਗਾ।
ਮੈਨੂੰ ਤੇ ਗਲੋਰੀਆ ਨੂੰ ਬੈਥਲ ਸੇਵਾ ਬਹੁਤ ਪਸੰਦ ਹੈ। ਅਸੀਂ ਹਮੇਸ਼ਾ ਸਵੇਰੇ ਤੜਕੇ ਉੱਠਦੇ ਸੀ ਅਤੇ ਬੈਥਲ ਵਿਚ ਇਹ ਆਦਤ ਸਾਡੇ ਬਹੁਤ ਕੰਮ ਆਈ। ਲਗਭਗ ਇਕ ਸਾਲ ਬਾਅਦ, ਮੈਨੂੰ ਪ੍ਰਬੰਧਕ ਸਭਾ ਦੀ ਪ੍ਰਚਾਰ ਸੇਵਾ ਕਮੇਟੀ ਦਾ ਸਹਾਇਕ ਨਿਯੁਕਤ ਕੀਤਾ ਗਿਆ। 1999 ਵਿਚ ਮੈਨੂੰ ਪ੍ਰਬੰਧਕ ਸਭਾ ਦਾ ਮੈਂਬਰ ਬਣਾਇਆ ਗਿਆ। ਇਹ ਜ਼ਿੰਮੇਵਾਰੀ ਸੰਭਾਲਦਿਆਂ ਮੈਂ ਬਹੁਤ ਕੁਝ ਸਿੱਖਿਆ, ਪਰ ਸਭ ਤੋਂ ਜ਼ਰੂਰੀ ਗੱਲ ਮੈਂ ਇਹ ਸਿੱਖੀ ਕਿ ਮਸੀਹੀ ਮੰਡਲੀ ਦਾ ਸਿਰ ਕੋਈ ਆਦਮੀ ਨਹੀਂ, ਸਗੋਂ ਯਿਸੂ ਮਸੀਹ ਹੈ।
ਜਦੋਂ ਮੈਂ ਆਪਣੀ ਜ਼ਿੰਦਗੀ ’ਤੇ ਨਜ਼ਰ ਮਾਰਦਾ ਹਾਂ, ਤਾਂ ਮੈਂ ਕਦੀ-ਕਦੀ ਆਮੋਸ ਨਬੀ ਵਾਂਗ ਮਹਿਸੂਸ ਕਰਦਾ ਹਾਂ। ਯਹੋਵਾਹ ਨੇ ਉਸ ਨਿਮਰ ਚਰਵਾਹੇ ਵੱਲ ਧਿਆਨ ਦਿੱਤਾ ਜੋ ਰੁੱਤ ਆਉਣ ’ਤੇ ਅੰਜੀਰਾਂ ਛਾਂਗਣ ਦਾ ਕੰਮ ਕਰਦਾ ਸੀ। ਇਸ ਕੰਮ ਨੂੰ ਘਟੀਆ ਸਮਝਿਆ ਜਾਂਦਾ ਸੀ ਅਤੇ ਅੰਜੀਰਾਂ ਨੂੰ ਗ਼ਰੀਬਾਂ ਦਾ ਖਾਣਾ ਮੰਨਿਆ ਜਾਂਦਾ ਸੀ। ਯਹੋਵਾਹ ਨੇ ਆਮੋਸ ਨੂੰ ਆਪਣਾ ਨਬੀ ਚੁਣ ਕੇ ਉਸ ਨੂੰ ਲੱਖਾਂ ਬਰਕਤਾਂ ਦਿੱਤੀਆਂ। (ਆਮੋ. 7:14, 15) ਇਸੇ ਤਰ੍ਹਾਂ ਯਹੋਵਾਹ ਨੇ ਲਿਬਰਟੀ, ਇੰਡੀਆਨਾ ਦੇ ਗ਼ਰੀਬ ਕਿਸਾਨ ਦੇ ਪੁੱਤਰ ਯਾਨੀ ਮੇਰੇ ਵੱਲ ਧਿਆਨ ਦਿੱਤਾ ਅਤੇ ਮੈਨੂੰ ਕਈ ਬਰਕਤਾਂ ਦਿੱਤੀਆਂ। ਜੇ ਮੈਂ ਇਹ ਬਰਕਤਾਂ ਗਿਣਨੀਆਂ ਸ਼ੁਰੂ ਕਰਾ, ਤਾਂ ਮੈਂ ਗਿਣ ਵੀ ਨਹੀਂ ਸਕਦਾ। (ਕਹਾ. 10:22) ਚਾਹੇ ਮੇਰਾ ਬਚਪਨ ਗ਼ਰੀਬੀ ਵਿਚ ਬੀਤਿਆ, ਪਰ ਪਰਮੇਸ਼ੁਰ ਨੇ ਮੈਨੂੰ ਅੱਜ ਆਪਣੇ ਕੰਮਾਂ ਵਿਚ ਬੇਸ਼ੁਮਾਰ ਬਰਕਤਾਂ ਦਿੱਤੀਆਂ ਹਨ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਕਦੇ ਕੱਖਾਂ ਤੋਂ ਲੱਖਾਂ ਵਿਚ ਹੋਵਾਂਗਾ।