Skip to content

Skip to table of contents

ਨੌਜਵਾਨੋ—ਸ਼ੈਤਾਨ ਦਾ ਡਟ ਕੇ ਸਾਮ੍ਹਣਾ ਕਰੋ

ਨੌਜਵਾਨੋ—ਸ਼ੈਤਾਨ ਦਾ ਡਟ ਕੇ ਸਾਮ੍ਹਣਾ ਕਰੋ

“ਪਰਮੇਸ਼ੁਰ ਦੁਆਰਾ ਦਿੱਤੇ ਗਏ ਸਾਰੇ ਹਥਿਆਰ ਚੁੱਕ ਲਓ ਅਤੇ ਬਸਤਰ ਪਹਿਨ ਲਓ ਤਾਂਕਿ ਤੁਸੀਂ ਸ਼ੈਤਾਨ ਦੀਆਂ ਚਾਲਾਂ ਦਾ ਡਟ ਕੇ ਮੁਕਾਬਲਾ ਕਰ ਸਕੋ।”​—ਅਫ਼. 6:11.

ਗੀਤ: 7, 55

1, 2. (ੳ) ਨੌਜਵਾਨ ਮਸੀਹੀ ਸ਼ੈਤਾਨ ਅਤੇ ਦੁਸ਼ਟ ਦੂਤਾਂ ’ਤੇ ਕਿਉਂ ਜਿੱਤ ਪ੍ਰਾਪਤ ਕਰ ਰਹੇ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?

ਪੌਲੁਸ ਨੇ ਮਸੀਹੀਆਂ ਦੀ ਤੁਲਨਾ ਫ਼ੌਜੀਆਂ ਨਾਲ ਕੀਤੀ। ਅਸੀਂ ਇਕ ਯੁੱਧ ਲੜ ਰਹੇ ਹਾਂ ਅਤੇ ਸਾਡੇ ਦੁਸ਼ਮਣ ਅਸਲੀ ਹਨ। ਪਰ ਇਹ ਲੜਾਈ ਇਨਸਾਨਾਂ ਨਾਲ ਨਹੀਂ, ਬਲਕਿ ਸ਼ੈਤਾਨ ਅਤੇ ਦੁਸ਼ਟ ਦੂਤਾਂ ਨਾਲ ਹੈ। ਉਹ ਹਜ਼ਾਰਾਂ ਸਾਲਾਂ ਤੋਂ ਇਹ ਯੁੱਧ ਲੜਦੇ ਆ ਰਹੇ ਹਨ ਅਤੇ ਉਹ ਲੜਾਈ ਲੜਨ ਵਿਚ ਮਾਹਰ ਹਨ। ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਜਿੱਤਣ ਦੀ ਕੋਈ ਆਸ ਨਹੀਂ ਹੈ, ਖ਼ਾਸ ਕਰਕੇ ਨੌਜਵਾਨਾਂ ਦੀ। ਕੀ ਨੌਜਵਾਨ ਇਨ੍ਹਾਂ ਤਾਕਤਵਰ ਦੁਸ਼ਮਣਾਂ ’ਤੇ ਜਿੱਤ ਹਾਸਲ ਕਰ ਸਕਦੇ ਹਨ? ਹਾਂ, ਬਿਲਕੁਲ! ਉਹ ਜਿੱਤ ਸਕਦੇ ਹਨ ਅਤੇ ਉਹ ਜਿੱਤ ਵੀ ਰਹੇ ਹਨ। ਕਿਉਂ? ਕਿਉਂਕਿ ਯਹੋਵਾਹ ਉਨ੍ਹਾਂ ਨੂੰ ਸ਼ਕਤੀ ਦਿੰਦਾ ਹੈ। ਨਾਲੇ ਇਕ ਮਾਹਰ ਫ਼ੌਜੀ ਵਾਂਗ ਯੁੱਧ ਲਈ ਤਿਆਰ ਰਹਿਣ ਵਾਸਤੇ ਉਨ੍ਹਾਂ ਨੇ ‘ਪਰਮੇਸ਼ੁਰ ਦੁਆਰਾ ਦਿੱਤੇ ਸਾਰੇ ਹਥਿਆਰ ਚੁੱਕੇ ਅਤੇ ਬਸਤਰ ਪਹਿਨੇ’ ਹਨ।​—ਅਫ਼ਸੀਆਂ 6:10-12 ਪੜ੍ਹੋ।

2 ਜਦੋਂ ਪੌਲੁਸ ਨੇ ਇਹ ਮਿਸਾਲ ਦਿੱਤੀ ਸੀ, ਤਾਂ ਉਹ ਸ਼ਾਇਦ ਰੋਮੀ ਫ਼ੌਜੀਆਂ ਦੇ ਹਥਿਆਰਾਂ ਅਤੇ ਬਸਤਰਾਂ ਬਾਰੇ ਸੋਚ ਰਿਹਾ ਸੀ। (ਰਸੂ. 28:16) ਇਸ ਲੇਖ ਵਿਚ ਅਸੀਂ ਇਸ ਜ਼ਬਰਦਸਤ ਮਿਸਾਲ ’ਤੇ ਗੌਰ ਕਰਾਂਗੇ। ਅਸੀਂ ਨੌਜਵਾਨਾਂ ਤੋਂ ਵੀ ਸਿੱਖਾਂਗੇ ਕਿ ਉਹ ਸਾਰੇ ਹਥਿਆਰਾਂ ਅਤੇ ਬਸਤਰਾਂ ਬਾਰੇ ਕੀ ਸੋਚਦੇ ਹਨ। ਗੌਰ ਕਰੋ ਕਿ ਨੌਜਵਾਨ ਇਨ੍ਹਾਂ ਦੇ ਫ਼ਾਇਦਿਆਂ ਬਾਰੇ ਕੀ ਦੱਸਦੇ ਹਨ ਅਤੇ ਹਥਿਆਰ ਚੁੱਕਣ ਅਤੇ ਬਸਤਰ ਪਾਉਣ ਵਿਚ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ।

ਕੀ ਤੁਸੀਂ ਸਾਰੇ ਹਥਿਆਰ ਚੁੱਕੇ ਅਤੇ ਬਸਤਰ ਪਹਿਨੇ ਹਨ?

“ਸੱਚਾਈ ਦੀ ਬੈੱਲਟ”

3, 4. ਬਾਈਬਲ ਦੀਆਂ ਸੱਚਾਈਆਂ ਰੋਮੀ ਫ਼ੌਜੀ ਦੀ ਬੈੱਲਟ ਵਾਂਗ ਕਿਵੇਂ ਹਨ?

3 ਅਫ਼ਸੀਆਂ 6:14 ਪੜ੍ਹੋ। ਰੋਮੀ ਫ਼ੌਜੀ ਦੀ ਬੈੱਲਟ ਉੱਤੇ ਲੋਹੇ ਦੀਆਂ ਪੱਤੀਆਂ ਲੱਗੀਆਂ ਹੁੰਦੀਆਂ ਸਨ। ਇਸ ਦੇ ਨਾਲ ਨਾ ਸਿਰਫ਼ ਫ਼ੌਜੀ ਦੇ ਲੱਕ ਦੀ ਰਾਖੀ ਹੁੰਦੀ ਸੀ, ਸਗੋਂ ਭਾਰੀ ਸੀਨਾਬੰਦ ਦਾ ਭਾਰ ਵੀ ਹਲਕਾ ਲੱਗਦਾ ਸੀ ਅਤੇ ਸੀਨਾਬੰਦ ਟਿਕਿਆ ਵੀ ਰਹਿੰਦਾ ਸੀ। ਕੁਝ ਬੈੱਲਟਾਂ ਉੱਤੇ ਤਲਵਾਰ ਅਤੇ ਛੁਰਾ ਟੰਗਣ ਲਈ ਮਜ਼ਬੂਤ ਕੁੰਡੀਆਂ ਵੀ ਲੱਗੀਆਂ ਹੁੰਦੀਆਂ ਸਨ। ਲੱਕ ਦੁਆਲੇ ਕੱਸ ਕੇ ਬੈੱਲਟ ਬਣਨ ਨਾਲ ਫ਼ੌਜੀ ਡਟ ਕੇ ਲੜਾਈ ਲੜ ਸਕਦਾ ਸੀ।

4 ਇਕ ਬੈੱਲਟ ਵਾਂਗ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖੀਆਂ ਸੱਚਾਈਆਂ ਸਾਡੀ ਝੂਠੀਆਂ ਸਿੱਖਿਆਵਾਂ ਤੋਂ ਰਾਖੀ ਕਰਦੀਆਂ ਹਨ। (ਯੂਹੰ. 8:31, 32; 1 ਯੂਹੰ. 4:1) ਜਿੰਨਾ ਜ਼ਿਆਦਾ ਅਸੀਂ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਲਈ ਪਿਆਰ ਪੈਦਾ ਕਰਾਂਗੇ ਸਾਡੇ ਲਈ “ਸੀਨਾਬੰਦ” ਪਹਿਨਣਾ ਯਾਨੀ ਪਰਮੇਸ਼ੁਰ ਦੇ ਧਰਮੀ ਮਿਆਰਾਂ ਮੁਤਾਬਕ ਚੱਲਣਾ ਉੱਨਾ ਜ਼ਿਆਦਾ ਸੌਖਾ ਹੋਵੇਗਾ। (ਜ਼ਬੂ. 111:7, 8; 1 ਯੂਹੰ. 5:3) ਨਾਲੇ ਜਿੰਨੀ ਚੰਗੀ ਤਰ੍ਹਾਂ ਅਸੀਂ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਨੂੰ ਸਮਝਾਂਗੇ, ਉੱਨੀ ਚੰਗੀ ਤਰ੍ਹਾਂ ਅਸੀਂ ਸੱਚਾਈ ਦੇ ਪੱਖ ਵਿਚ ਖੜ੍ਹ ਕੇ ਦੁਸ਼ਮਣਾਂ ਦਾ ਸਾਮ੍ਹਣਾ ਕਰ ਸਕਾਂਗੇ।​—1 ਪਤ. 3:15.

5. ਸਾਨੂੰ ਹਮੇਸ਼ਾ ਸੱਚ ਕਿਉਂ ਬੋਲਣਾ ਚਾਹੀਦਾ ਹੈ?

5 ਜਦੋਂ ਅਸੀਂ ਬਾਈਬਲ ਦੀਆਂ ਸੱਚਾਈਆਂ ਨੂੰ ਘੁੱਟ ਕੇ ਫੜੀ ਰੱਖਦੇ ਹਾਂ, ਤਾਂ ਅਸੀਂ ਇਨ੍ਹਾਂ ਅਨੁਸਾਰ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਹਮੇਸ਼ਾ ਸੱਚ ਬੋਲਦੇ ਹਾਂ। ਸਾਨੂੰ ਝੂਠ ਕਿਉਂ ਨਹੀਂ ਬੋਲਣਾ ਚਾਹੀਦਾ? ਕਿਉਂਕਿ ਝੂਠ ਸ਼ੈਤਾਨ ਦਾ ਇਕ ਬਹੁਤ ਹੀ ਖ਼ਤਰਨਾਕ ਹਥਿਆਰ ਹੈ। ਝੂਠ ਬੋਲ ਕੇ ਨਾ ਸਿਰਫ਼ ਸਾਡਾ ਨੁਕਸਾਨ ਹੁੰਦਾ, ਸਗੋਂ ਝੂਠ ’ਤੇ ਵਿਸ਼ਵਾਸ ਕਰਨ ਵਾਲੇ ਦਾ ਵੀ ਨੁਕਸਾਨ ਹੁੰਦਾ ਹੈ। (ਯੂਹੰ. 8:44) ਸੋ ਚਾਹੇ ਅਸੀਂ ਗ਼ਲਤੀਆਂ ਕਰਦੇ ਹਾਂ, ਪਰ ਫਿਰ ਵੀ ਅਸੀਂ ਸੱਚ ਬੋਲਣ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। (ਅਫ਼. 4:25) ਪਰ ਇਸ ਤਰ੍ਹਾਂ ਕਰਨਾ ਔਖਾ ਹੋ ਸਕਦਾ ਹੈ। 18 ਸਾਲ ਦੀ ਅਮੀਤਾ * ਦੱਸਦੀ ਹੈ: “ਸੱਚ ਬੋਲਣ ਦਾ ਸ਼ਾਇਦ ਸਾਨੂੰ ਕੋਈ ਫ਼ਾਇਦਾ ਨਾ ਲੱਗੇ, ਖ਼ਾਸ ਕਰਕੇ ਉਦੋਂ ਜਦੋਂ ਸਾਨੂੰ ਲੱਗੇ ਕਿ ਝੂਠ ਬੋਲ ਕੇ ਅਸੀਂ ਆਸਾਨੀ ਨਾਲ ਕਿਸੇ ਮੁਸੀਬਤ ਤੋਂ ਬਚ ਸਕਦੇ ਹਾਂ।” ਪਰ ਇਹ ਭੈਣ ਹਮੇਸ਼ਾ ਸੱਚ ਬੋਲਣ ਦੀ ਕੋਸ਼ਿਸ਼ ਕਿਉਂ ਕਰਦੀ ਹੈ? ਉਹ ਦੱਸਦੀ ਹੈ: “ਜਦੋਂ ਮੈਂ ਸੱਚ ਬੋਲਦੀ ਹਾਂ, ਤਾਂ ਯਹੋਵਾਹ ਸਾਮ੍ਹਣੇ ਮੇਰੀ ਜ਼ਮੀਰ ਸਾਫ਼ ਰਹਿੰਦੀ ਹੈ। ਨਾਲੇ ਮੇਰੇ ਮਾਪੇ ਅਤੇ ਦੋਸਤ ਮੇਰੇ ’ਤੇ ਭਰੋਸਾ ਕਰਦੇ ਹਨ।” 23 ਸਾਲ ਦੀ ਵਿਕਟੋਰੀਆ ਕਹਿੰਦੀ ਹੈ: “ਸੱਚ ਬੋਲਣ ਜਾਂ ਆਪਣੇ ਵਿਸ਼ਵਾਸਾਂ ’ਤੇ ਟਿਕੇ ਰਹਿਣ ਕਰਕੇ ਲੋਕ ਸ਼ਾਇਦ ਸਾਡਾ ਮਜ਼ਾਕ ਉਡਾਉਣ। ਪਰ ਸੱਚ ਬੋਲਣ ਦਾ ਹਮੇਸ਼ਾ ਫ਼ਾਇਦਾ ਹੁੰਦਾ ਹੈ, ਜਿਵੇਂ ਕਿ ਤੁਹਾਡਾ ਭਰੋਸਾ ਵਧਦਾ ਹੈ, ਤੁਸੀਂ ਯਹੋਵਾਹ ਦੇ ਹੋਰ ਨੇੜੇ ਜਾਂਦੇ ਹੋ ਅਤੇ ਤੁਸੀਂ ਆਪਣੇ ਪਿਆਰਿਆਂ ਤੋਂ ਆਦਰ ਪਾਉਂਦੇ ਹੋ।” ਕੀ ਤੁਸੀਂ ਧਿਆਨ ਦਿੱਤਾ ਕਿ “ਸੱਚਾਈ ਦੀ ਬੈੱਲਟ” ਪਾਈ ਰੱਖਣੀ ਜ਼ਰੂਰੀ ਕਿਉਂ ਹੈ?

ਸੱਚਾਈ ਦੀ ਬੈੱਲਟ (ਪੈਰੇ 3-5 ਦੇਖੋ)

“ਧਾਰਮਿਕਤਾ ਦਾ ਸੀਨਾਬੰਦ”

6, 7. ਧਾਰਮਿਕਤਾ ਦੀ ਤੁਲਨਾ ਸੀਨਾਬੰਦ ਨਾਲ ਕਿਉਂ ਕੀਤੀ ਗਈ ਹੈ?

6 ਰੋਮੀ ਫ਼ੌਜੀ ਦਾ ਸੀਨਾਬੰਦ ਸ਼ਾਇਦ ਲੋਹੇ ਦੀਆਂ ਪੱਤੀਆਂ ਦਾ ਬਣਿਆ ਹੁੰਦਾ ਸੀ। ਇਨ੍ਹਾਂ ਪੱਤੀਆਂ ਨੂੰ ਆਡੇ ਰੁਖ ਜੋੜਿਆ ਜਾਂਦਾ ਸੀ। ਪੱਤੀਆਂ ਨੂੰ ਛਾਤੀ ਦੇ ਆਕਾਰ ਮੁਤਾਬਕ ਮੋੜਿਆ ਜਾਂਦਾ ਸੀ। ਇਨ੍ਹਾਂ ਪੱਤੀਆਂ ਨੂੰ ਕੁੰਡੀਆਂ ਅਤੇ ਬੱਕਲ ਲੱਗੇ ਹੁੰਦੇ ਸਨ ਅਤੇ ਚਮੜੇ ਦੀਆਂ ਫੀਤੀਆਂ ਨਾਲ ਇਨ੍ਹਾਂ ਨੂੰ ਜੋੜਿਆ ਜਾਂਦਾ ਸੀ। ਫ਼ੌਜੀ ਦੇ ਮੋਢੇ ’ਤੇ ਵੀ ਲੋਹੇ ਦੀਆਂ ਪੱਤੀਆਂ ਲੱਗੀਆਂ ਹੁੰਦੀਆਂ ਸਨ ਅਤੇ ਇਨ੍ਹਾਂ ਨੂੰ ਵੀ ਚਮੜੇ ਦੀਆਂ ਫੀਤੀਆਂ ਨਾਲ ਜੋੜਿਆ ਜਾਂਦਾ ਸੀ। ਸੀਨਾਬੰਦ ਪਾ ਕੇ ਫ਼ੌਜੀ ਜ਼ਿਆਦਾ ਹਿਲ-ਜੁਲ ਨਹੀਂ ਸਕਦਾ ਸੀ ਅਤੇ ਉਸ ਨੂੰ ਅਕਸਰ ਦੇਖਣਾ ਪੈਂਦਾ ਸੀ ਕਿ ਸੀਨਾਬੰਦ ਦੀਆਂ ਪੱਤੀਆਂ ਢਿੱਲੀਆਂ ਤਾਂ ਨਹੀਂ ਹੋ ਗਈਆਂ। ਪਰ ਸੀਨਾਬੰਦ ਪਾਉਣ ਕਰਕੇ ਫ਼ੌਜੀ ਦੇ ਦਿਲ ਅਤੇ ਹੋਰ ਅੰਗਾਂ ਦੀ ਤਲਵਾਰ ਦੇ ਵਾਰ ਅਤੇ ਨੁਕੀਲੇ ਤੀਰਾਂ ਤੋਂ ਰਾਖੀ ਹੁੰਦੀ ਸੀ।

7 ਸੀਨਾਬੰਦ ਯਾਨੀ ਯਹੋਵਾਹ ਦੇ ਧਰਮੀ ਮਿਆਰ ਸਾਡੇ “ਮਨ” ਯਾਨੀ ਸਾਡੇ ਅੰਦਰਲੇ ਇਨਸਾਨ ਦੀ ਰਾਖੀ ਕਰਦੇ ਹਨ। (ਕਹਾ. 4:23) ਇਕ ਫ਼ੌਜੀ ਆਪਣੇ ਲੋਹੇ ਦੇ ਸੀਨਾਬੰਦ ਦੇ ਬਦਲੇ ਕਦੇ ਵੀ ਘਟੀਆ ਧਾਤ ਦਾ ਸੀਨਾਬੰਦ ਨਹੀਂ ਲਵੇਗਾ। ਬਿਲਕੁਲ ਇਸੇ ਤਰ੍ਹਾਂ ਅਸੀਂ ਯਹੋਵਾਹ ਦੇ ਮਿਆਰਾਂ ਦੇ ਬਦਲੇ ਕਦੇ ਵੀ ਆਪਣੇ ਵਿਚਾਰਾਂ ਨੂੰ ਪਹਿਲ ਨਹੀਂ ਦੇਵਾਂਗੇ। ਅਸੀਂ ਇੰਨੇ ਬੁੱਧੀਮਾਨ ਨਹੀਂ ਹਾਂ ਕਿ ਅਸੀਂ ਖ਼ੁਦ ਆਪਣੇ ਦਿਲ ਦੀ ਰਾਖੀ ਕਰ ਸਕੀਏ। (ਕਹਾ. 3:5, 6) ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਲਗਾਤਾਰ ਆਪਣੇ “ਸੀਨਾਬੰਦ” ਦੀ ਜਾਂਚ ਕਰਦੇ ਰਹੀਏ ਕਿ ਉਹ ਹਾਲੇ ਵੀ ਸਾਡੇ ਦਿਲ ਦੀ ਰਾਖੀ ਕਰ ਰਿਹਾ ਹੈ ਕਿ ਨਹੀਂ।

8. ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਣਾ ਜ਼ਰੂਰੀ ਕਿਉਂ ਹੈ?

8 ਕੀ ਕਦੇ-ਕਦੇ ਤੁਹਾਨੂੰ ਲੱਗਦਾ ਹੈ ਕਿ ਯਹੋਵਾਹ ਦੇ ਮਿਆਰ ਤੁਹਾਡੇ ਲਈ ਬੋਝ ਹਨ ਜਾਂ ਤੁਹਾਡੇ ’ਤੇ ਬੰਦਸ਼ ਲਾਉਂਦੇ ਹਨ? 21 ਸਾਲਾਂ ਦਾ ਡਾਨੀਏਲ ਕਹਿੰਦਾ ਹੈ: “ਬਾਈਬਲ ਦੇ ਅਸੂਲਾਂ ’ਤੇ ਚੱਲਣ ਕਰਕੇ ਮੇਰੇ ਅਧਿਆਪਕ ਅਤੇ ਮੇਰੇ ਹਾਣੀ ਮੇਰਾ ਮਜ਼ਾਕ ਉਡਾਉਂਦੇ ਹਨ। ਕੁਝ ਸਮੇਂ ਲਈ ਮੈਨੂੰ ਆਪਣੇ ਆਪ ’ਤੇ ਭਰੋਸਾ ਨਹੀਂ ਰਿਹਾ ਅਤੇ ਮੈਂ ਨਿਰਾਸ਼ ਰਹਿਣ ਲੱਗਾ।” ਪਰ ਹੁਣ ਉਹ ਕਿਵੇਂ ਮਹਿਸੂਸ ਕਰਦਾ ਹੈ? ਉਹ ਕਹਿੰਦਾ ਹੈ: “ਅਖ਼ੀਰ, ਮੈਨੂੰ ਯਹੋਵਾਹ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਣ ਦੇ ਫ਼ਾਇਦੇ ਪਤਾ ਲੱਗੇ। ਮੇਰੇ ਕੁਝ ਹਾਣੀ ਨਸ਼ੇ ਕਰਨ ਲੱਗ ਪਏ ਅਤੇ ਕੁਝ ਜਣਿਆਂ ਨੇ ਸਕੂਲ ਜਾਣਾ ਬੰਦ ਕਰ ਦਿੱਤਾ। ਉਨ੍ਹਾਂ ਦਾ ਇਹ ਹਾਲ ਦੇਖ ਕੇ ਮੈਨੂੰ ਬਹੁਤ ਦੁੱਖ ਲੱਗਦਾ ਹੈ। ਸੱਚ-ਮੁੱਚ ਯਹੋਵਾਹ ਸਾਡੀ ਰਾਖੀ ਕਰਦਾ ਹੈ।” 15 ਸਾਲਾਂ ਦੀ ਮੀਨਾ ਦੱਸਦੀ ਹੈ: “ਕਦੇ-ਕਦੇ ਮੇਰੇ ਲਈ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਣਾ ਔਖਾ ਹੁੰਦਾ ਹੈ। ਨਾਲੇ ਮੇਰੇ ਲਈ ਇਹ ਵੀ ਔਖਾ ਹੁੰਦਾ ਕਿ ਮੈਂ ਉਨ੍ਹਾਂ ਕੰਮਾਂ ਤੋਂ ਦੂਰ ਰਹਾਂ ਜਿਹੜੇ ਮੇਰੇ ਹਾਣੀਆਂ ਨੂੰ ਮਜ਼ੇਦਾਰ ਲੱਗਦੇ ਹਨ।” ਤਾਂ ਫਿਰ ਉਹ ਕੀ ਕਰਦੀ ਹੈ? “ਮੈਂ ਆਪਣੇ ਆਪ ਨੂੰ ਯਾਦ ਕਰਾਉਂਦੀ ਹਾਂ ਕਿ ਮੇਰੇ ਨਾਲ ਯਹੋਵਾਹ ਦਾ ਨਾਂ ਜੁੜਿਆ ਹੋਇਆ ਹੈ। ਨਾਲੇ ਇਹ ਪਰੀਖਿਆ ਸ਼ੈਤਾਨ ਵੱਲੋਂ ਮੇਰੇ ’ਤੇ ਕੀਤੇ ਇਕ ਵਾਰ ਵਾਂਗ ਹੈ। ਜਦੋਂ ਮੈਂ ਇਸ ਜੱਦੋ-ਜਹਿਦ ਵਿਚ ਸਫ਼ਲ ਹੁੰਦੀ ਹਾਂ, ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ।”

ਧਾਰਮਿਕਤਾ ਦਾ ਸੀਨਾਬੰਦ (ਪੈਰੇ 6-8 ਦੇਖੋ)

“ਸ਼ਾਂਤੀ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੇ ਪੈਰੀਂ ਜੁੱਤੀ ਪਾਓ”

9-11. (ੳ) ਮਸੀਹੀ ਕਿਸ ਤਰ੍ਹਾਂ ਦੀ ਜੁੱਤੀ ਪਾਉਂਦੇ ਹਨ? (ਅ) ਸੌਖੇ ਤਰੀਕੇ ਨਾਲ ਪ੍ਰਚਾਰ ਕਰਨ ਲਈ ਕਿਹੜੀ ਗੱਲ ਸਾਡੀ ਮਦਦ ਕਰੇਗੀ?

9 ਅਫ਼ਸੀਆਂ 6:15 ਪੜ੍ਹੋ। ਰੋਮੀ ਫ਼ੌਜੀ ਜੁੱਤੀ ਪਾਏ ਬਿਨਾਂ ਯੁੱਧ ਵਿਚ ਨਹੀਂ ਜਾਂਦਾ ਸੀ। ਚਮੜੇ ਦੀਆਂ ਤਿੰਨ ਪਰਤਾਂ ਨਾਲ ਬਣੀ ਇਹ ਜੁੱਤੀ ਬਹੁਤ ਮਜ਼ਬੂਤ ਹੁੰਦੀ ਸੀ। ਇਹ ਜੁੱਤੀ ਬਹੁਤ ਆਰਾਮਦਾਇਕ ਹੁੰਦੀ ਸੀ ਜਿਸ ਕਰਕੇ ਫ਼ੌਜੀ ਆਸਾਨੀ ਨਾਲ ਤੁਰ ਸਕਦਾ ਸੀ ਤੇ ਤਿਲਕਦਾ ਵੀ ਨਹੀਂ ਸੀ।

10 ਜੁੱਤੀ ਪਾ ਕੇ ਰੋਮੀ ਫ਼ੌਜੀ ਯੁੱਧ ਵਿਚ ਸਫ਼ਲ ਹੋ ਸਕਦਾ ਸੀ। ਇਸੇ ਤਰ੍ਹਾਂ ਮਸੀਹੀ ਪ੍ਰਚਾਰ ਵਿਚ ਸਫ਼ਲ ਹੋਣ ਲਈ “ਸ਼ਾਂਤੀ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੇ ਪੈਰੀਂ ਜੁੱਤੀ” ਪਾਉਂਦੇ ਹਨ। (ਯਸਾ. 52:7; ਰੋਮੀ. 10:15) ਪਰ ਫਿਰ ਵੀ ਪ੍ਰਚਾਰ ਕਰਨ ਲਈ ਸਾਨੂੰ ਦਲੇਰੀ ਦੀ ਲੋੜ ਹੁੰਦੀ ਹੈ। 20 ਸਾਲ ਦਾ ਬੌਬੀ ਕਹਿੰਦਾ: “ਸਕੂਲ ਵਿਚ ਮੈਨੂੰ ਆਪਣੇ ਹਾਣੀਆਂ ਨੂੰ ਪ੍ਰਚਾਰ ਕਰਨ ਤੋਂ ਡਰ ਲੱਗਦਾ ਸੀ। ਮੈਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ। ਪਰ ਜਦੋਂ ਮੈਂ ਉਨ੍ਹਾਂ ਦਿਨਾਂ ਨੂੰ ਯਾਦ ਕਰਦਾ ਹਾਂ, ਤਾਂ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ ‘ਪਤਾ ਨਹੀਂ ਮੈਨੂੰ ਇੰਨੀ ਸ਼ਰਮ ਕਿਉਂ ਆਉਂਦੀ ਸੀ?’ ਪਰ ਹੁਣ ਮੈਂ ਬੇਝਿਜਕ ਆਪਣੇ ਹਾਣੀਆਂ ਨੂੰ ਪ੍ਰਚਾਰ ਕਰਦਾ ਹਾਂ।”

11 ਬਹੁਤ ਸਾਰੇ ਨੌਜਵਾਨ ਮਸੀਹੀਆਂ ਨੂੰ ਪ੍ਰਚਾਰ ਕਰਨਾ ਉਦੋਂ ਸੌਖਾ ਲੱਗਦਾ ਹੈ, ਜਦੋਂ ਉਨ੍ਹਾਂ ਨੇ ਪਹਿਲਾਂ ਤੋਂ ਹੀ ਚੰਗੀ ਤਿਆਰੀ ਕੀਤੀ ਹੁੰਦੀ ਹੈ। ਤੁਸੀਂ ਤਿਆਰੀ ਕਿਵੇਂ ਕਰ ਸਕਦੇ ਹੋ? 16 ਸਾਲਾਂ ਦੀ ਜੂਲੀਆ ਕਹਿੰਦੀ ਹੈ: “ਮੈਂ ਆਪਣੇ ਸਕੂਲ ਦੇ ਬਸਤੇ ਵਿਚ ਪ੍ਰਕਾਸ਼ਨ ਰੱਖਦੀ ਹਾਂ ਅਤੇ ਮੈਂ ਆਪਣੇ ਹਾਣੀਆਂ ਦੇ ਵਿਚਾਰ ਅਤੇ ਵਿਸ਼ਵਾਸਾਂ ਨੂੰ ਧਿਆਨ ਨਾਲ ਸੁਣਦੀ ਹਾਂ। ਫਿਰ ਮੈਂ ਸੋਚਦੀ ਹਾਂ ਕਿ ਕਿਹੜੀ ਗੱਲ ਉਨ੍ਹਾਂ ਦੀ ਮਦਦ ਕਰੇਗੀ। ਤਿਆਰੀ ਕਰ ਕੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਫ਼ਾਇਦੇ ਦੀਆਂ ਗੱਲਾਂ ਦੱਸ ਸਕਦੀ ਹਾਂ।” 23 ਸਾਲਾਂ ਦੀ ਮਨਪ੍ਰੀਤ ਕਹਿੰਦੀ ਹੈ: “ਚੰਗੇ ਤਰੀਕੇ ਨਾਲ ਪੇਸ਼ ਆ ਕੇ ਅਤੇ ਦੂਜਿਆਂ ਦੀ ਗੱਲ ਧਿਆਨ ਨਾਲ ਸੁਣ ਕੇ ਅਸੀਂ ਜਾਣ ਸਕਦੇ ਹਾਂ ਕਿ ਸਾਡੇ ਹਾਣੀ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਨ। ਮੈਂ ਕੋਸ਼ਿਸ਼ ਕਰਦੀ ਹਾਂ ਕਿ ਸੰਗਠਨ ਵੱਲੋਂ ਨੌਜਵਾਨਾਂ ਲਈ ਤਿਆਰ ਕੀਤੀ ਸਾਰੀ ਜਾਣਕਾਰੀ ਪੜ੍ਹਾ। ਇਸ ਤਰ੍ਹਾਂ ਮੈਂ ਆਪਣੇ ਹਾਣੀਆਂ ਦਾ ਧਿਆਨ ਬਾਈਬਲ ਜਾਂ jw.org ਵੱਲ ਖਿੱਚ ਸਕਦੀ ਹਾਂ।” ਜਿਵੇਂ ਫ਼ੌਜੀ ਜੁੱਤੀ ਪਾ ਕੇ ਯੁੱਧ ਲਈ ਤਿਆਰ ਹੁੰਦਾ ਸੀ, ਉਸੇ ਤਰ੍ਹਾਂ ਅਸੀਂ ਚੰਗੀ ਤਿਆਰੀ ਕਰ ਕੇ ਪ੍ਰਚਾਰ ਲਈ ਤਿਆਰ ਹੁੰਦੇ ਹਾਂ।

ਤਿਆਰੀ ਦੀ ਜੁੱਤੀ (ਪੈਰੇ 9-11 ਦੇਖੋ)

“ਨਿਹਚਾ ਦੀ ਵੱਡੀ ਢਾਲ਼”

12, 13. ਸ਼ੈਤਾਨ ਦੇ ਕੁਝ ‘ਬਲ਼ਦੇ ਹੋਏ ਤੀਰ’ ਕਿਹੜੇ ਹਨ?

12 ਅਫ਼ਸੀਆਂ 6:16 ਪੜ੍ਹੋ। ਰੋਮੀ ਫ਼ੌਜੀ ਦੀ ਢਾਲ਼ ਚੌਰਸ ਤੇ ਲੰਬੀ ਹੁੰਦੀ ਸੀ। ਫ਼ੌਜੀ ਦੀ ਢਾਲ਼ ਮੋਢਿਆਂ ਤੋਂ ਲੈ ਕੇ ਗੋਡਿਆਂ ਤਕ ਲੰਬੀ ਹੁੰਦੀ ਸੀ ਜੋ ਉਸ ਦੀ ਤਲਵਾਰਾਂ, ਬਰਛਿਆਂ ਤੇ ਤੀਰਾਂ ਤੋਂ ਰਾਖੀ ਕਰਦੀ ਸੀ।

13 ਸ਼ੈਤਾਨ ਸਾਡੇ ’ਤੇ ਕਿਹੜੇ ‘ਬਲ਼ਦੇ ਹੋਏ ਤੀਰ’ ਚਲਾਉਂਦਾ ਹੈ? ਉਹ ਯਹੋਵਾਹ ਬਾਰੇ ਝੂਠ ਬੋਲ ਕੇ ਸ਼ਾਇਦ ਤੁਹਾਡੇ ’ਤੇ ਹਮਲਾ ਕਰੇ। ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਸੋਚੀਏ ਕਿ ਨਾ ਤਾਂ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਤੇ ਨਾ ਹੀ ਕਿਸੇ ਨੂੰ ਸਾਡੀ ਪਰਵਾਹ ਹੈ। 19 ਸਾਲਾਂ ਦੀ ਅਮਨੀਤ ਕਹਿੰਦੀ ਹੈ: “ਮੈਨੂੰ ਕਦੀ ਕਦਾਈਂ ਲੱਗਦਾ ਹੈ ਕਿ ਯਹੋਵਾਹ ਮੇਰੇ ਨੇੜੇ ਨਹੀਂ ਹੈ ਤੇ ਉਹ ਮੈਨੂੰ ਆਪਣਾ ਦੋਸਤ ਨਹੀਂ ਬਣਾਉਣਾ ਚਾਹੁੰਦਾ।” ਇਸ ਤਰ੍ਹਾਂ ਮਹਿਸੂਸ ਕਰਨ ’ਤੇ ਉਹ ਕੀ ਕਰਦੀ ਹੈ? “ਸਭਾਵਾਂ ’ਤੇ ਜਾ ਕੇ ਮੇਰੀ ਨਿਹਚਾ ਮਜ਼ਬੂਤ ਹੁੰਦੀ ਹੈ। ਮੈਂ ਸਭਾਵਾਂ ਵਿਚ ਕੋਈ ਜਵਾਬ ਨਹੀਂ ਦਿੰਦੀ ਸੀ ਅਤੇ ਸੋਚਦੀ ਸੀ ਕਿ ਮੇਰੇ ਜਵਾਬ ਵੱਲ ਕਿਹਨੇ ਧਿਆਨ ਦੇਣਾ। ਹੁਣ ਮੈਂ ਸਭਾਵਾਂ ਦੀ ਤਿਆਰੀ ਕਰ ਕੇ ਜਾਂਦੀ ਹਾਂ ਅਤੇ ਦੋ ਜਾਂ ਤਿੰਨ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਹਾਂ। ਭਾਵੇਂ ਇਸ ਤਰ੍ਹਾਂ ਕਰਨਾ ਔਖਾ ਹੈ, ਪਰ ਕੋਸ਼ਿਸ਼ ਕਰ ਕੇ ਮੈਨੂੰ ਚੰਗਾ ਲੱਗਦਾ ਹੈ। ਇਕ ਵੀ ਸਭਾ ਇੱਦਾਂ ਦੀ ਨਹੀਂ ਹੁੰਦੀ ਜਿਸ ਤੋਂ ਮੈਨੂੰ ਯਹੋਵਾਹ ਦੇ ਪਿਆਰ ਦਾ ਅਹਿਸਾਸ ਨਹੀਂ ਹੁੰਦਾ।”

14. ਅਮਨੀਤ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ?

14 ਰੋਮੀ ਫ਼ੌਜੀ ਦੀ ਢਾਲ਼ ਦਾ ਆਕਾਰ ਹਮੇਸ਼ਾ ਉੱਨਾ ਹੀ ਰਹਿੰਦਾ ਸੀ ਕਦੀ ਵੀ ਘੱਟਦਾ-ਵਧਦਾ ਨਹੀਂ ਸੀ। ਪਰ ਅਸੀਂ ਅਮਨੀਤ ਦੀ ਮਿਸਾਲ ਤੋਂ ਦੇਖਿਆ ਹੈ ਕਿ ਸਾਡੀ ਨਿਹਚਾ ਨਾਲ ਇਸ ਤਰ੍ਹਾਂ ਨਹੀਂ ਹੁੰਦਾ। ਸਾਡੀ ਨਿਹਚਾ ਵਧ ਵੀ ਸਕਦੀ ਹੈ, ਘੱਟ ਵੀ ਸਕਦੀ ਹੈ, ਮਜ਼ਬੂਤ ਵੀ ਹੋ ਸਕਦੀ ਹੈ ਅਤੇ ਕਮਜ਼ੋਰ ਵੀ ਹੋ ਸਕਦੀ ਹੈ। ਇਹ ਗੱਲ ਸਾਡੇ ’ਤੇ ਨਿਰਭਰ ਕਰਦੀ ਹੈ। (ਮੱਤੀ 14:31; 2 ਥੱਸ. 1:3) ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ‘ਨਿਹਚਾ ਦੀ ਢਾਲ਼’ ਸਾਡੀ ਰਾਖੀ ਕਰੇ, ਤਾਂ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਵੱਡੀ ਅਤੇ ਮਜ਼ਬੂਤ ਬਣਾਈ ਰੱਖੀਏ।

ਨਿਹਚਾ ਦੀ ਵੱਡੀ ਢਾਲ਼ (ਪੈਰੇ 12-14 ਦੇਖੋ)

“ਮੁਕਤੀ ਦਾ ਟੋਪ”

15, 16. ਸਾਡੀ ਉਮੀਦ ਇਕ ਟੋਪ ਵਾਂਗ ਕਿਵੇਂ ਹੈ?

15 ਅਫ਼ਸੀਆਂ 6:17 ਪੜ੍ਹੋ। ਰੋਮੀ ਫ਼ੌਜੀ ਆਪਣੇ ਸਿਰ, ਗਰਦਨ ਅਤੇ ਚਿਹਰੇ ਨੂੰ ਬਚਾਉਣ ਲਈ ਟੋਪ ਪਾਉਂਦਾ ਸੀ। ਕਈ ਵਾਰ ਟੋਪ ਨੂੰ ਵੱਧਰੀਆਂ ਲੱਗੀਆਂ ਹੁੰਦੀਆਂ ਸਨ ਜਿਸ ਕਰਕੇ ਫ਼ੌਜੀ ਇਸ ਨੂੰ ਹੱਥ ਵਿਚ ਫੜ੍ਹ ਸਕਦਾ ਸੀ।

16 ਜਿਵੇਂ ਟੋਪ ਫ਼ੌਜੀ ਦੇ ਦਿਮਾਗ਼ ਦੀ ਰਾਖੀ ਕਰਦਾ ਸੀ, ਉਸੇ ਤਰ੍ਹਾਂ “ਮੁਕਤੀ ਦੀ ਉਮੀਦ ਦਾ ਟੋਪ” ਸਾਡੀਆਂ ਸੋਚਾਂ ਦੀ ਰਾਖੀ ਕਰਦਾ ਹੈ। (1 ਥੱਸ. 5:8; ਕਹਾ. 3:21) ਉਮੀਦ ਕਰਕੇ ਅਸੀਂ ਆਪਣਾ ਧਿਆਨ ਮੁਸ਼ਕਲਾਂ ’ਤੇ ਲਾਉਣ ਦੀ ਬਜਾਇ ਯਹੋਵਾਹ ਦੇ ਵਾਅਦਿਆਂ ’ਤੇ ਲਾਈ ਰੱਖ ਸਕਦੇ ਹਾਂ। ਇਸ ਕਰਕੇ ਅਸੀਂ ਨਿਰਾਸ਼ ਨਹੀਂ ਹੁੰਦੇ। (ਜ਼ਬੂ. 27:1, 14; ਰਸੂ. 24:15) ਪਰ ਜੇ ਅਸੀਂ ਚਾਹੁੰਦੇ ਹਾਂ ਕਿ ਇਹ “ਟੋਪ” ਸਾਡੀ ਰਾਖੀ ਕਰੇ, ਤਾਂ ਸਾਨੂੰ ਇਸ ਨੂੰ ਸਿਰ ’ਤੇ ਪਾਈ ਰੱਖਣਾ ਚਾਹੀਦਾ ਨਾ ਕਿ ਹੱਥ ਵਿਚ ਫੜੀ ਰੱਖਣਾ ਚਾਹੀਦਾ ਹੈ।

17, 18. (ੳ) ਸ਼ੈਤਾਨ ਕਿਵੇਂ ਕੋਸ਼ਿਸ਼ ਕਰਦਾ ਹੈ ਕਿ ਅਸੀਂ ਆਪਣਾ ਟੋਪ ਲਾਹ ਦੇਈਏ? (ਅ) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸ਼ੈਤਾਨ ਦੀਆਂ ਚਾਲਾਂ ਵਿਚ ਨਹੀਂ ਫਸਦੇ?

17 ਸ਼ੈਤਾਨ ਕਿਵੇਂ ਕੋਸ਼ਿਸ਼ ਕਰਦਾ ਹੈ ਕਿ ਅਸੀਂ ਆਪਣਾ ਟੋਪ ਲਾਹ ਦੇਈਏ? ਸੋਚੋ ਕਿ ਉਸ ਨੇ ਯਿਸੂ ਨਾਲ ਕੀ ਕਰਨ ਦੀ ਕੋਸ਼ਿਸ਼ ਕੀਤੀ। ਸ਼ੈਤਾਨ ਜਾਣਦਾ ਸੀ ਕਿ ਯਿਸੂ ਮਨੁੱਖਜਾਤੀ ਦਾ ਰਾਜਾ ਬਣੇਗਾ। ਪਰ ਇਸ ਤੋਂ ਪਹਿਲਾਂ ਯਿਸੂ ਨੂੰ ਕਸ਼ਟ ਸਹਿ ਕੇ ਮਰਨਾ ਪੈਣਾ ਸੀ। ਨਾਲੇ ਉਸ ਨੂੰ ਪਰਮੇਸ਼ੁਰ ਦੇ ਤੈਅ ਕੀਤੇ ਸਮੇਂ ਤਕ ਇੰਤਜ਼ਾਰ ਕਰਨਾ ਪੈਣਾ ਸੀ। ਸ਼ੈਤਾਨ ਨੇ ਯਿਸੂ ਨਾਲ ਵਾਅਦਾ ਕੀਤਾ ਕਿ ਜੇ ਉਹ ਉਸ ਨੂੰ ਇਕ ਵਾਰ ਮੱਥਾ ਟੇਕੇ, ਤਾਂ ਉਹ ਉਸੇ ਵੇਲੇ ਯਿਸੂ ਨੂੰ ਦੁਨੀਆਂ ਦਾ ਰਾਜਾ ਬਣਾ ਦੇਵੇਗਾ। (ਲੂਕਾ 4:5-7) ਸ਼ੈਤਾਨ ਇਹ ਵੀ ਜਾਣਦਾ ਹੈ ਕਿ ਯਹੋਵਾਹ ਨੇ ਸਾਨੂੰ ਨਵੀਂ ਦੁਨੀਆਂ ਵਿਚ ਬਹੁਤ ਸ਼ਾਨਦਾਰ ਬਰਕਤਾਂ ਦੇਣ ਦਾ ਵਾਅਦਾ ਕੀਤਾ ਹੈ। ਪਰ ਇਸ ਵਾਅਦੇ ਦੇ ਪੂਰਾ ਹੋਣ ਤਕ ਸਾਨੂੰ ਇੰਤਜ਼ਾਰ ਕਰਨਾ ਪੈਣਾ ਅਤੇ ਸ਼ਾਇਦ ਕਈ ਮੁਸ਼ਕਲਾਂ ਸਹਿਣੀਆਂ ਪੈਣੀਆਂ। ਪਰ ਸ਼ੈਤਾਨ ਸਾਨੂੰ ਹੁਣੇ ਹੀ ਆਰਾਮਦਾਇਕ ਜ਼ਿੰਦਗੀ ਦੀ ਪੇਸ਼ਕਸ਼ ਕਰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਐਸ਼ੋ-ਆਰਾਮ ਨੂੰ ਪਹਿਲੀ ਥਾਂ ਦੇਈਏ ਅਤੇ ਪਰਮੇਸ਼ੁਰ ਦੇ ਰਾਜ ਨੂੰ ਦੂਜੀ ਥਾਂ।​—ਮੱਤੀ 6:31-33.

18 ਬਹੁਤ ਸਾਰੇ ਨੌਜਵਾਨ ਮਸੀਹੀ ਸ਼ੈਤਾਨ ਦੀਆਂ ਚਾਲਾਂ ਵਿਚ ਨਹੀਂ ਫਸਦੇ। ਮਿਸਾਲ ਲਈ, 20 ਸਾਲਾਂ ਦੀ ਕੀਆਨਾ ਕਹਿੰਦੀ ਹੈ: “ਮੈਨੂੰ ਪਤਾ ਹੈ ਕਿ ਸਾਡੀਆਂ ਸਾਰੀਆਂ ਮੁਸ਼ਕਲਾਂ ਦਾ ਇੱਕੋ-ਇਕ ਹੱਲ ਪਰਮੇਸ਼ੁਰ ਦਾ ਰਾਜ ਹੈ।” ਇਸ ਉਮੀਦ ਨੇ ਉਸ ਦੀ ਸੋਚ ਅਤੇ ਜ਼ਿੰਦਗੀ ਜੀਉਣ ਦੀ ਤਰੀਕੇ ’ਤੇ ਕਿਵੇਂ ਅਸਰ ਪਾਇਆ? ਇਸ ਉਮੀਦ ਕਰਕੇ ਉਹ ਯਾਦ ਰੱਖਦੀ ਹੈ ਕਿ ਦੁਨੀਆਂ ਦੀਆਂ ਚੀਜ਼ਾਂ ਬਸ ਥੋੜ੍ਹੇ ਸਮੇਂ ਲਈ ਹਨ। ਕੀਆਨਾ ਇਸ ਦੁਨੀਆਂ ਵਿਚ ਕੈਰੀਅਰ ਬਣਾਉਣ ਦੀ ਬਜਾਇ ਆਪਣੀ ਤਾਕਤ ਤੇ ਸਮਾਂ ਯਹੋਵਾਹ ਦੇ ਕੰਮਾਂ ਵਿਚ ਲਾਉਂਦੀ ਹੈ।

ਮੁਕਤੀ ਦਾ ਟੋਪ (ਪੈਰੇ 15-18 ਦੇਖੋ)

“ਪਵਿੱਤਰ ਸ਼ਕਤੀ ਦੀ ਤਲਵਾਰ ਯਾਨੀ ਪਰਮੇਸ਼ੁਰ ਦਾ ਬਚਨ”

19, 20. ਅਸੀਂ ਪਰਮੇਸ਼ੁਰ ਦੇ ਬਚਨ ਨੂੰ ਹੋਰ ਚੰਗੀ ਤਰ੍ਹਾਂ ਵਰਤਣ ਵਿਚ ਮਹਾਰਤ ਕਿਵੇਂ ਹਾਸਲ ਕਰ ਸਕਦੇ ਹਾਂ?

19 ਰੋਮੀ ਫ਼ੌਜੀਆਂ ਦੀਆਂ ਤਲਵਾਰਾਂ ਲਗਭਗ 20 ਇੰਚ (50 ਸੈਂਟੀਮੀਟਰ) ਲੰਬੀਆਂ ਹੁੰਦੀਆਂ ਸਨ। ਉਹ ਤਲਵਾਰ ਚਲਾਉਣ ਵਿਚ ਬਹੁਤ ਮਾਹਰ ਸਨ ਕਿਉਂਕਿ ਉਹ ਰੋਜ਼ ਇਸ ਨੂੰ ਚਲਾਉਣ ਦਾ ਅਭਿਆਸ ਕਰਦੇ ਸਨ।

20 ਪੌਲੁਸ ਰਸੂਲ ਨੇ ਕਿਹਾ ਕਿ ਪਰਮੇਸ਼ੁਰ ਦਾ ਬਚਨ ਤਲਵਾਰ ਵਾਂਗ ਹੈ। ਇਹ ਤਲਵਾਰ ਯਹੋਵਾਹ ਨੇ ਸਾਨੂੰ ਦਿੱਤੀ ਹੈ। ਪਰ ਇਸ ਨੂੰ ਚਲਾਉਣ ਵਿਚ ਸਾਨੂੰ ਮਹਾਰਤ ਹਾਸਲ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਆਪਣੇ ਵਿਸ਼ਵਾਸਾਂ ਦੀ ਰਾਖੀ ਕਰ ਸਕੀਏ ਅਤੇ ਆਪਣੀ ਸੋਚ ਨੂੰ ਸੁਧਾਰ ਸਕੀਏ। (2 ਕੁਰਿੰ. 10:4, 5; 2 ਤਿਮੋ. 2:15) ਤੁਸੀਂ ਮਹਾਰਤ ਕਿਵੇਂ ਹਾਸਲ ਕਰ ਸਕਦੇ ਹੋ? 21 ਸਾਲਾਂ ਦਾ ਸੰਜੀਵ ਕਹਿੰਦਾ ਹੈ: “ਮੈਂ ਬਾਈਬਲ ਪੜ੍ਹਦਿਆਂ ਹਰੇਕ ਅਧਿਆਇ ਵਿੱਚੋਂ ਇਕ ਆਇਤ ਲਿਖ ਲੈਂਦਾ ਹਾਂ। ਮੈਂ ਆਪਣੀਆਂ ਮਨ-ਪਸੰਦ ਆਇਤਾਂ ਦੀ ਸੂਚੀ ਬਣਾ ਰਿਹਾ ਹਾਂ। ਇਸ ਨਾਲ ਮੇਰੀ ਸੋਚ ਯਹੋਵਾਹ ਦੀ ਸੋਚ ਨਾਲ ਹੋਰ ਵੀ ਜ਼ਿਆਦਾ ਮੇਲ ਖਾਂਦੀ ਹੈ।” ਡਾਨੀਏਲ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਕਹਿੰਦਾ ਹੈ: “ਬਾਈਬਲ ਪੜ੍ਹਦਿਆਂ ਮੈਂ ਕੁਝ ਆਇਤਾਂ ਚੁਣਦਾ ਹਾਂ ਜਿਨ੍ਹਾਂ ਨੂੰ ਮੈਂ ਪ੍ਰਚਾਰ ਵਿਚ ਲੋਕਾਂ ਦੀ ਮਦਦ ਕਰਨ ਵਾਸਤੇ ਵਰਤ ਸਕਦਾ ਹਾਂ। ਮੈਂ ਦੇਖਿਆ ਕਿ ਲੋਕ ਉਦੋਂ ਚੰਗਾ ਹੁੰਗਾਰਾ ਭਰਦੇ ਹਨ ਜਦੋਂ ਉਹ ਬਾਈਬਲ ਲਈ ਤੁਹਾਡਾ ਜੋਸ਼ ਦੇਖਦੇ ਹਨ ਅਤੇ ਦੇਖਦੇ ਹਨ ਕਿ ਤੁਸੀਂ ਉਨ੍ਹਾਂ ਦੀ ਮਦਦ ਕਰਨ ਲਈ ਪੂਰੀ ਵਾਹ ਲਾ ਰਹੇ ਹੋ।”

ਪਵਿੱਤਰ ਸ਼ਕਤੀ ਦੀ ਤਲਵਾਰ (ਪੈਰੇ 19-20 ਦੇਖੋ)

21. ਸਾਨੂੰ ਸ਼ੈਤਾਨ ਅਤੇ ਦੁਸ਼ਟ ਦੂਤਾਂ ਤੋਂ ਕਿਉਂ ਨਹੀਂ ਡਰਨਾ ਚਾਹੀਦਾ?

21 ਇਸ ਲੇਖ ਵਿਚ ਅਸੀਂ ਨੌਜਵਾਨਾਂ ਦੀਆਂ ਮਿਸਾਲਾਂ ਤੋਂ ਸਿੱਖਿਆ ਹੈ ਕਿ ਸਾਨੂੰ ਸ਼ੈਤਾਨ ਤੇ ਦੁਸ਼ਟ ਦੂਤਾਂ ਤੋਂ ਡਰਨ ਦੀ ਕੋਈ ਲੋੜ ਨਹੀਂ। ਇਹ ਗੱਲ ਸੱਚ ਹੈ ਕਿ ਉਹ ਸ਼ਕਤੀਸ਼ਾਲੀ ਹਨ ਪਰ ਉਹ ਯਹੋਵਾਹ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਹਨ। ਨਾਲੇ ਉਹ ਹਮੇਸ਼ਾ ਲਈ ਜੀਉਂਦੇ ਨਹੀਂ ਰਹਿਣਗੇ। ਉਨ੍ਹਾਂ ਨੂੰ ਕੈਦ ਕੀਤਾ ਜਾਵੇਗਾ ਅਤੇ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਉਹ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾ ਸਕਣਗੇ। ਉਸ ਤੋਂ ਬਾਅਦ ਉਨ੍ਹਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ। (ਪ੍ਰਕਾ. 20:1-3, 7-10) ਅਸੀਂ ਆਪਣੇ ਦੁਸ਼ਮਣ, ਉਸ ਦੀਆਂ ਚਾਲਾਂ ਅਤੇ ਉਸ ਦੇ ਇਰਾਦਿਆਂ ਨੂੰ ਜਾਣਦੇ ਹਾਂ। ਯਹੋਵਾਹ ਦੀ ਮਦਦ ਨਾਲ ਅਸੀਂ ਡਟ ਕੇ ਉਸ ਦਾ ਸਾਮ੍ਹਣਾ ਕਰ ਸਕਦੇ ਹਾਂ।

^ ਪੈਰਾ 5 ਕੁਝ ਨਾਂ ਬਦਲੇ ਗਏ ਹਨ।