ਅੰਤ ਦੇ ਸਮੇਂ ਵਿਚ ਵਿਰੋਧੀ ਰਾਜੇ
ਇਸ ਚਾਰਟ ਵਿਚ ਦੱਸੀਆਂ ਕੁਝ ਭਵਿੱਖਬਾਣੀਆਂ ਇੱਕੋ ਸਮੇਂ ’ਤੇ ਪੂਰੀਆਂ ਹੋਈਆਂ ਸਨ। ਇਨ੍ਹਾਂ ਤੋਂ ਸਬੂਤ ਮਿਲਦਾ ਹੈ ਕਿ ਅਸੀਂ “ਓੜਕ ਦੇ ਸਮੇਂ” ਵਿਚ ਜੀ ਰਹੇ ਹਾਂ।—ਦਾਨੀ. 12:4.
ਆਇਤਾਂ: ਪ੍ਰਕਾ. 11:7; 12:13, 17; 13:1-8, 12
ਭਵਿੱਖਬਾਣੀ: “ਵਹਿਸ਼ੀ ਦਰਿੰਦਾ” ਕਈ ਸਦੀਆਂ ਤਕ ਧਰਤੀ ਦੇ ਲੋਕਾਂ ’ਤੇ ਰਾਜ ਕਰੇਗਾ। ਅੰਤ ਦੇ ਸਮੇਂ ਵਿਚ ਉਸ ਦਾ ਸੱਤਵਾਂ ਸਿਰ ਜ਼ਖ਼ਮੀ ਹੋਵੇਗਾ। ਬਾਅਦ ਵਿਚ ਉਸ ਦਾ ਸਿਰ ਠੀਕ ਹੋਵੇਗਾ ਅਤੇ “ਧਰਤੀ ਦੇ ਸਾਰੇ ਵਾਸੀ” ਉਸ ਦੇ ਮਗਰ ਲੱਗ ਜਾਣਗੇ। ਸ਼ੈਤਾਨ ਇਸ ਦਰਿੰਦੇ ਨੂੰ ਤੀਵੀਂ ਦੀ “ਸੰਤਾਨ ਵਿੱਚੋਂ ਬਾਕੀਆਂ ਨਾਲ ਲੜਨ ਲਈ” ਉਕਸਾਵੇਗਾ।
ਪੂਰਤੀ: ਜਲ-ਪਰਲੋ ਤੋਂ ਬਾਅਦ ਯਹੋਵਾਹ ਦਾ ਵਿਰੋਧ ਕਰਨ ਵਾਲੀਆਂ ਮਨੁੱਖੀ ਸਰਕਾਰਾਂ ਉੱਠੀਆਂ। ਕਈ ਸਦੀਆਂ ਬਾਅਦ ਪਹਿਲੇ ਵਿਸ਼ਵ ਯੁੱਧ ਦੌਰਾਨ ਬਰਤਾਨਵੀ ਸਾਮਰਾਜ ਕਾਫ਼ੀ ਕਮਜ਼ੋਰ ਹੋ ਗਿਆ। ਅਮਰੀਕਾ ਨਾਲ ਰਲ਼ਣ ਤੋਂ ਬਾਅਦ ਇਹ ਫਿਰ ਤੋਂ ਤਾਕਤਵਰ ਬਣਿਆ। ਅੰਤ ਦੇ ਸਮੇਂ ਵਿਚ ਸ਼ੈਤਾਨ ਧਰਤੀ ਦੀਆਂ ਸਾਰੀਆਂ ਸਰਕਾਰਾਂ ਨੂੰ ਪਰਮੇਸ਼ੁਰ ਦੇ ਲੋਕਾਂ ’ਤੇ ਜ਼ੁਲਮ ਢਾਹੁਣ ਲਈ ਵਰਤ ਰਿਹਾ ਹੈ।
ਆਇਤਾਂ: ਦਾਨੀ. 11:25-45
ਭਵਿੱਖਬਾਣੀ: ਅੰਤ ਦੇ ਸਮੇਂ ਵਿਚ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਵਿਚ ਦੁਸ਼ਮਣੀ।
ਪੂਰਤੀ: ਜਰਮਨੀ ਨੇ ਐਂਗਲੋ-ਅਮਰੀਕੀ ਵਿਸ਼ਵ-ਸ਼ਕਤੀ ਨਾਲ ਲੜਾਈ ਕੀਤੀ। 1945 ਵਿਚ ਸੋਵੀਅਤ ਸੰਘ ਅਤੇ ਇਸ ਦੇ ਸਾਥੀ ਉੱਤਰ ਦਾ ਰਾਜਾ ਬਣੇ। 1991 ਵਿਚ ਸੋਵੀਅਤ ਸੰਘ ਢਹਿ-ਢੇਰੀ ਹੋ ਗਿਆ ਅਤੇ ਬਾਅਦ ਵਿਚ ਰੂਸ ਅਤੇ ਇਸ ਦੇ ਮਿੱਤਰ ਦੇਸ਼ ਉੱਤਰ ਦਾ ਰਾਜਾ ਬਣੇ।
ਆਇਤਾਂ: ਯਸਾ. 61:1; ਮਲਾ. 3:1; ਲੂਕਾ 4:18
ਭਵਿੱਖਬਾਣੀ: ਮਸੀਹ ਦਾ ਰਾਜ ਸਥਾਪਿਤ ਕਰਨ ਤੋਂ ਪਹਿਲਾਂ ਯਹੋਵਾਹ “ਰਾਹ ਨੂੰ ਤਿਆਰ” ਕਰਨ ਲਈ ਆਪਣੇ “ਦੂਤ” ਯਾਨੀ ਸੰਦੇਸ਼ ਦੇਣ ਵਾਲੇ ਨੂੰ ਘੱਲੇਗਾ। ਇਹ ਸਮੂਹ “ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ” ਸੁਣਾਉਣੀ ਸ਼ੁਰੂ ਕਰੇਗਾ।
ਪੂਰਤੀ: 1870 ਤੋਂ ਭਰਾ ਸੀ. ਟੀ. ਰਸਲ ਅਤੇ ਉਸ ਦੇ ਸਾਥੀਆਂ ਨੇ ਬਾਈਬਲ ਦੀ ਸਹੀ ਸਮਝ ਦੇਣ ਲਈ ਜੋਸ਼ ਦਿਖਾਇਆ। 1881 ਤੋਂ ਉਨ੍ਹਾਂ ਨੇ ਪਰਮੇਸ਼ੁਰ ਦੇ ਸੇਵਕਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਪ੍ਰਚਾਰ ਕਰਨ। ਉਨ੍ਹਾਂ ਨੇ “1,000 ਪ੍ਰਚਾਰਕਾਂ ਦੀ ਲੋੜ” ਅਤੇ “ਪ੍ਰਚਾਰ ਕਰਨ ਲਈ ਚੁਣੇ ਗਏ” ਨਾਂ ਦੇ ਲੇਖ ਛਾਪੇ।
ਆਇਤਾਂ: ਮੱਤੀ 13:24-30, 36-43
ਭਵਿੱਖਬਾਣੀ: ਇਕ ਦੁਸ਼ਮਣ ਨੇ ਕਣਕ ਦੇ ਖੇਤ ਵਿਚ ਜੰਗਲੀ ਬੂਟੀ ਦੇ ਬੀ ਬੀਜ ਦਿੱਤੇ ਜਿਨ੍ਹਾਂ ਕਰਕੇ ਕਣਕ ਦੇ ਬੂਟੇ ਦਿਖਾਈ ਨਹੀਂ ਦੇਣਗੇ। ਫਿਰ ਵਾਢੀ ਦੇ ਸਮੇਂ ਜੰਗਲੀ ਬੂਟੀ ਨੂੰ ਕਣਕ ਤੋਂ ਵੱਖ ਕੀਤਾ ਜਾਵੇਗਾ।
ਪੂਰਤੀ: 1870 ਤੋਂ ਸੱਚੇ ਮਸੀਹੀਆਂ ਅਤੇ ਝੂਠੇ ਮਸੀਹੀਆਂ ਵਿਚ ਫ਼ਰਕ ਦੇਖਣਾ ਸੌਖਾ ਹੁੰਦਾ ਗਿਆ। ਅੰਤ ਦੇ ਸਮੇਂ ਦੌਰਾਨ ਸੱਚੇ ਮਸੀਹੀਆਂ ਨੂੰ ਇਕੱਠਾ ਕਰ ਕੇ ਝੂਠੇ ਮਸੀਹੀਆਂ ਤੋਂ ਵੱਖ ਕੀਤਾ ਗਿਆ।
ਆਇਤਾਂ: ਦਾਨੀ. 2:31-33, 41-43
ਭਵਿੱਖਬਾਣੀ: ਵੱਖੋ-ਵੱਖਰੀਆਂ ਧਾਤਾਂ ਤੋਂ ਬਣੀ ਹੋਈ ਮੂਰਤ ਦੇ ਪੈਰ ਲੋਹੇ ਤੇ ਮਿੱਟੀ ਦੇ ਹਨ।
ਪੂਰਤੀ: ਮਿੱਟੀ ਉਨ੍ਹਾਂ ਆਮ ਲੋਕਾਂ ਨੂੰ ਦਰਸਾਉਂਦੀ ਹੈ ਜਿਨ੍ਹਾਂ ’ਤੇ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਹਕੂਮਤ ਚਲਾਉਂਦੀ ਹੈ। ਪਰ ਲੋਕ ਇਨ੍ਹਾਂ ਸਰਕਾਰਾਂ ਦਾ ਵਿਰੋਧ ਕਰਦੇ ਹਨ ਜਿਸ ਕਰਕੇ ਇਹ ਵਿਸ਼ਵ ਸ਼ਕਤੀ ਆਪਣੀ ਪੂਰੀ ਤਾਕਤ ਨਾਲ ਰਾਜ ਨਹੀਂ ਕਰ ਸਕਦੀ।
ਆਇਤਾਂ: ਮੱਤੀ 13:30; 24:14, 45; 28:19, 20
ਭਵਿੱਖਬਾਣੀ: “ਕਣਕ” ਨੂੰ “ਕੋਠੀ” ਵਿਚ ਇਕੱਠਾ ਕੀਤਾ ਜਾਵੇਗਾ ਅਤੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਨੂੰ “ਨੌਕਰਾਂ-ਚਾਕਰਾਂ” ਦਾ ਮੁਖਤਿਆਰ ਬਣਾਇਆ ਜਾਵੇਗਾ। ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ “ਪੂਰੀ ਦੁਨੀਆਂ ਵਿਚ” ਹੋਣਾ ਸ਼ੁਰੂ ਹੋਵੇਗਾ।
ਪੂਰਤੀ: 1919 ਵਿਚ ਵਫ਼ਾਦਾਰ ਨੌਕਰ ਨੂੰ ਪਰਮੇਸ਼ੁਰ ਦੇ ਲੋਕਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਮਿਲੀ। ਇਸ ਸਮੇਂ ਤੋਂ ਬਾਈਬਲ ਸਟੂਡੈਂਟਸ ਪ੍ਰਚਾਰ ਦਾ ਕੰਮ ਹੋਰ ਜ਼ੋਰ-ਸ਼ੋਰ ਨਾਲ ਕਰਨ ਲੱਗੇ। ਅੱਜ ਯਹੋਵਾਹ ਦੇ ਗਵਾਹ 200 ਤੋਂ ਵੱਧ ਦੇਸ਼ਾਂ ਵਿਚ ਪ੍ਰਚਾਰ ਕਰਦੇ ਹਨ ਅਤੇ 1,000 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪਦੇ ਹਨ।
ਆਇਤਾਂ: ਦਾਨੀ. 12:11; ਪ੍ਰਕਾ. 13:11, 14, 15
ਭਵਿੱਖਬਾਣੀ: ਦੋ ਸਿੰਗਾਂ ਵਾਲਾ ਵਹਿਸ਼ੀ ਦਰਿੰਦਾ ਧਰਤੀ ਉੱਤੇ ਰਹਿੰਦੇ ਸਾਰੇ ਲੋਕਾਂ ਨੂੰ “ਵਹਿਸ਼ੀ ਦਰਿੰਦੇ ਦੀ ਮੂਰਤੀ” ਬਣਾਉਣ ਲਈ ਕਹੇਗਾ ਅਤੇ ਆਪ “ਮੂਰਤੀ ਵਿਚ ਜਾਨ” ਪਾਵੇਗਾ।
ਪੂਰਤੀ: ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੇ ਰਾਸ਼ਟਰ-ਸੰਘ ਨੂੰ ਬਣਾਉਣ ਵਿਚ ਪਹਿਲ ਕੀਤੀ। ਹੋਰ ਕੌਮਾਂ ਵੀ ਰਾਸ਼ਟਰ-ਸੰਘ ਦਾ ਹਿੱਸਾ ਬਣ ਗਈਆਂ। 1926 ਤੋਂ 1933 ਤਕ ਉੱਤਰ ਦਾ ਰਾਜਾ ਵੀ ਰਾਸ਼ਟਰ-ਸੰਘ ਦਾ ਹਿੱਸਾ ਰਿਹਾ। ਰਾਸ਼ਟਰ-ਸੰਘ ਵਾਂਗ ਸੰਯੁਕਤ ਰਾਸ਼ਟਰ-ਸੰਘ (UN) ਨੂੰ ਉਹ ਮਹਿਮਾ ਦਿੱਤੀ ਜਾਂਦੀ ਹੈ ਜੋ ਸਿਰਫ਼ ਪਰਮੇਸ਼ੁਰ ਦੇ ਰਾਜ ਨੂੰ ਮਿਲਣੀ ਚਾਹੀਦੀ ਹੈ।
ਆਇਤਾਂ: ਦਾਨੀ. 8:23, 24
ਭਵਿੱਖਬਾਣੀ: ਇਕ ਜ਼ਾਲਮ ਰਾਜਾ “ਅਚਰਜ ਡੌਲ ਨਾਲ ਮਾਰ ਸੁੱਟੇਗਾ।”
ਪੂਰਤੀ: ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੇ ਬਹੁਤ ਤਬਾਹੀ ਮਚਾਈ ਹੈ। ਮਿਸਾਲ ਲਈ, ਦੂਸਰੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਨੇ ਦੁਸ਼ਮਣ ਦੇਸ਼ ਉੱਤੇ ਦੋ ਪ੍ਰਮਾਣੂ ਬੰਬ ਸੁੱਟ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ।
ਆਇਤਾਂ: ਦਾਨੀ. 11:31; ਪ੍ਰਕਾ. 17:3, 7-11
ਭਵਿੱਖਬਾਣੀ: ਦਸ ਸਿੰਗਾਂ ਵਾਲਾ “ਗੂੜ੍ਹੇ ਲਾਲ ਰੰਗ” ਦਾ ਦਰਿੰਦਾ ਅਥਾਹ ਕੁੰਡ ਵਿੱਚੋਂ ਨਿਕਲੇਗਾ ਅਤੇ ਉਹ ਅੱਠਵਾਂ ਰਾਜਾ ਹੋਵੇਗਾ। ਦਾਨੀਏਲ ਦੀ ਕਿਤਾਬ ਵਿਚ ਇਸ ਰਾਜੇ ਨੂੰ “ਵਿਗਾੜਨ ਵਾਲੀ ਘਿਣਾਉਣੀ ਵਸਤ” ਕਿਹਾ ਗਿਆ ਹੈ।
ਪੂਰਤੀ: ਰਾਸ਼ਟਰ-ਸੰਘ ਦੂਸਰੇ ਵਿਸ਼ਵ ਯੁੱਧ ਦੌਰਾਨ ਕਮਜ਼ੋਰ ਪੈ ਗਿਆ। ਯੁੱਧ ਤੋਂ ਬਾਅਦ ਸੰਯੁਕਤ ਰਾਸ਼ਟਰ-ਸੰਘ ਨੂੰ ਉਸ ਦੀ ਜਗ੍ਹਾ ‘ਰੱਖਿਆ’ ਗਿਆ। ਰਾਸ਼ਟਰ-ਸੰਘ ਵਾਂਗ ਸੰਯੁਕਤ ਰਾਸ਼ਟਰ-ਸੰਘ ਨੂੰ ਉਹ ਮਹਿਮਾ ਦਿੱਤੀ ਜਾਂਦੀ ਹੈ ਜੋ ਪਰਮੇਸ਼ੁਰ ਦੇ ਰਾਜ ਨੂੰ ਮਿਲਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ-ਸੰਘ ਧਰਮਾਂ ’ਤੇ ਹਮਲਾ ਕਰੇਗਾ।
ਆਇਤਾਂ: 1 ਥੱਸ. 5:3; ਪ੍ਰਕਾ. 17:16
ਭਵਿੱਖਬਾਣੀ: ਕੌਮਾਂ “ਸ਼ਾਂਤੀ ਅਤੇ ਸੁਰੱਖਿਆ” ਦਾ ਐਲਾਨ ਕਰਨਗੀਆਂ ਅਤੇ “ਦਸ ਸਿੰਗ” ਤੇ “ਵਹਿਸ਼ੀ ਦਰਿੰਦਾ” ਉਸ “ਕੰਜਰੀ” ’ਤੇ ਹਮਲਾ ਕਰ ਕੇ ਉਸ ਨੂੰ ਨਾਸ਼ ਕਰਨਗੇ। ਇਸ ਤੋਂ ਬਾਅਦ ਕੌਮਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।
ਪੂਰਤੀ: ਕੌਮਾਂ ਦਾਅਵਾ ਕਰਨਗੀਆਂ ਕਿ ਉਨ੍ਹਾਂ ਨੇ ਸ਼ਾਂਤੀ ਅਤੇ ਸੁਰੱਖਿਆ ਕਾਇਮ ਕਰ ਲਈ ਹੈ। ਫਿਰ ਸੰਯੁਕਤ ਰਾਸ਼ਟਰ-ਸੰਘ ਦਾ ਸਾਥ ਦੇਣ ਵਾਲੀਆਂ ਕੌਮਾਂ ਝੂਠੇ ਧਰਮਾਂ ਦਾ ਨਾਸ਼ ਕਰਨਗੀਆਂ। ਇਸ ਨਾਲ ਮਹਾਂਕਸ਼ਟ ਸ਼ੁਰੂ ਹੋ ਜਾਵੇਗਾ। ਇਹ ਕਸ਼ਟ ਉਦੋਂ ਖ਼ਤਮ ਹੋਵੇਗਾ ਜਦੋਂ ਆਰਮਾਗੇਡਨ ਵੇਲੇ ਸ਼ੈਤਾਨ ਦੀ ਦੁਨੀਆਂ ਦਾ ਨਾਸ਼ ਹੋਵੇਗਾ।
ਆਇਤਾਂ: ਹਿਜ਼. 38:11, 14-17; ਮੱਤੀ 24:31
ਭਵਿੱਖਬਾਣੀ: ਗੋਗ ਪਰਮੇਸ਼ੁਰ ਦੇ ਲੋਕਾਂ ’ਤੇ ਹਮਲਾ ਕਰੇਗਾ। ਫਿਰ ਦੂਤ ‘ਚੁਣੇ ਹੋਇਆਂ’ ਨੂੰ ਇਕੱਠਾ ਕਰਨਗੇ।
ਪੂਰਤੀ: ਉੱਤਰ ਦਾ ਰਾਜਾ ਅਤੇ ਹੋਰ ਸਰਕਾਰਾਂ ਪਰਮੇਸ਼ੁਰ ਦੇ ਲੋਕਾਂ ’ਤੇ ਹਮਲਾ ਕਰਨਗੀਆਂ। ਇਸ ਹਮਲੇ ਦੇ ਸ਼ੁਰੂ ਹੋਣ ਤੋਂ ਬਾਅਦ ਧਰਤੀ ’ਤੇ ਬਾਕੀ ਬਚੇ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਲਿਜਾਇਆ ਜਾਵੇਗਾ।
ਆਇਤਾਂ: ਹਿਜ਼. 38:18-23; ਦਾਨੀ. 2:34, 35, 44, 45; ਪ੍ਰਕਾ. 6:2; 16:14, 16; 17:14; 19:20
ਭਵਿੱਖਬਾਣੀ: ‘ਚਿੱਟੇ ਘੋੜੇ ਦਾ ਸਵਾਰ,’ ਗੋਗ ਅਤੇ ਉਸ ਦੀਆਂ ਫ਼ੌਜਾਂ ਨੂੰ ਖ਼ਤਮ ਕਰ ਕੇ “ਪੂਰੀ ਤਰ੍ਹਾਂ ਜਿੱਤ ਹਾਸਲ” ਕਰੇਗਾ। “ਵਹਿਸ਼ੀ ਦਰਿੰਦੇ” ਨੂੰ “ਗੰਧਕ ਨਾਲ ਬਲ਼ਦੀ ਅੱਗ ਦੀ ਝੀਲ ਵਿਚ ਸੁੱਟ ਦਿੱਤਾ” ਜਾਵੇਗਾ ਅਤੇ ਵੱਡੀ ਮੂਰਤ ਨੂੰ ਤਬਾਹ ਕਰ ਦਿੱਤਾ ਜਾਵੇਗਾ।
ਪੂਰਤੀ: ਯਿਸੂ ਮਸੀਹ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਆਪਣੇ ਲੋਕਾਂ ਨੂੰ ਬਚਾਵੇਗਾ। ਉਹ 1,44,000 ਚੁਣੇ ਹੋਏ ਰਾਜਿਆਂ ਅਤੇ ਦੂਤਾਂ ਨਾਲ ਰਲ਼ ਕੇ ਕੌਮਾਂ ਦੇ ਗੱਠਜੋੜ ਯਾਨੀ ਸ਼ੈਤਾਨ ਅਧੀਨ ਸਾਰੀ ਸਿਆਸਤ ਦਾ ਨਾਸ਼ ਕਰੇਗਾ।