Skip to content

Skip to table of contents

ਅਧਿਐਨ ਲੇਖ 21

ਕੀ ਤੁਸੀਂ ਪਰਮੇਸ਼ੁਰ ਤੋਂ ਮਿਲੇ ਤੋਹਫ਼ਿਆਂ ਦੀ ਕਦਰ ਕਰਦੇ ਹੋ?

ਕੀ ਤੁਸੀਂ ਪਰਮੇਸ਼ੁਰ ਤੋਂ ਮਿਲੇ ਤੋਹਫ਼ਿਆਂ ਦੀ ਕਦਰ ਕਰਦੇ ਹੋ?

“ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ, ਨਾਲੇ ਤੇਰੇ ਉਪਾਓ ਜਿਹੜੇ ਸਾਡੇ ਲਈ ਹਨ।”—ਜ਼ਬੂ. 40:5.

ਗੀਤ 15 ਸ੍ਰਿਸ਼ਟੀ ਵਧਾਉਂਦੀ ਯਹੋਵਾਹ ਦੀ ਸ਼ਾਨ

ਖ਼ਾਸ ਗੱਲਾਂ *

1-2. ਜ਼ਬੂਰ 40:5 ਅਨੁਸਾਰ ਯਹੋਵਾਹ ਨੇ ਸਾਨੂੰ ਕਿਹੜੇ ਤੋਹਫ਼ੇ ਦਿੱਤੇ ਹਨ ਅਤੇ ਅਸੀਂ ਇਨ੍ਹਾਂ ’ਤੇ ਕਿਉਂ ਗੌਰ ਕਰਾਂਗੇ?

ਯਹੋਵਾਹ ਖੁੱਲ੍ਹੇ ਦਿਲ ਵਾਲਾ ਪਰਮੇਸ਼ੁਰ ਹੈ। ਉਸ ਵੱਲੋਂ ਦਿੱਤੇ ਕੁਝ ਤੋਹਫ਼ਿਆਂ ਬਾਰੇ ਸੋਚੋ: ਸਾਡੀ ਖੂਬਸੂਰਤ ਤੇ ਅਨੋਖੀ ਧਰਤੀ, ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਸਾਡਾ ਦਿਮਾਗ਼ ਅਤੇ ਉਸ ਦਾ ਅਨਮੋਲ ਬਚਨ ਬਾਈਬਲ। ਇਨ੍ਹਾਂ ਤਿੰਨ ਤੋਹਫ਼ਿਆਂ ਰਾਹੀਂ ਯਹੋਵਾਹ ਨੇ ਸਾਨੂੰ ਰਹਿਣ ਲਈ ਜਗ੍ਹਾ, ਸੋਚਣ ਤੇ ਗੱਲਬਾਤ ਕਰਨ ਦੀ ਕਾਬਲੀਅਤ ਅਤੇ ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਦਿੱਤੇ ਹਨ।—ਜ਼ਬੂਰ 40:5 ਪੜ੍ਹੋ।

2 ਇਸ ਲੇਖ ਵਿਚ ਅਸੀਂ ਇਨ੍ਹਾਂ ਤਿੰਨ ਤੋਹਫ਼ਿਆਂ ’ਤੇ ਗੌਰ ਕਰਾਂਗੇ। ਜਿੰਨਾ ਜ਼ਿਆਦਾ ਅਸੀਂ ਇਨ੍ਹਾਂ ’ਤੇ ਸੋਚ-ਵਿਚਾਰ ਕਰਾਂਗੇ, ਉੱਨੀ ਜ਼ਿਆਦਾ ਇਨ੍ਹਾਂ ਲਈ ਸਾਡੀ ਕਦਰ ਵਧੇਗੀ ਅਤੇ ਸਾਡੇ ਪਿਆਰੇ ਸਿਰਜਣਹਾਰ ਯਹੋਵਾਹ ਨੂੰ ਖ਼ੁਸ਼ ਕਰਨ ਦੀ ਸਾਡੀ ਇੱਛਾ ਮਜ਼ਬੂਤ ਹੋਵੇਗੀ। (ਪ੍ਰਕਾ. 4:11) ਅਸੀਂ ਉਨ੍ਹਾਂ ਨਾਲ ਵੀ ਵਧੀਆ ਤਰੀਕੇ ਨਾਲ ਤਰਕ ਕਰ ਸਕਾਂਗੇ ਜੋ ਵਿਕਾਸਵਾਦ ਦੀ ਸਿੱਖਿਆ ਕਰਕੇ ਕੁਰਾਹੇ ਪਏ ਹਨ।

ਸਾਡੀ ਅਨੋਖੀ ਧਰਤੀ

3. ਸਾਡੀ ਧਰਤੀ ਅਨੋਖੀ ਕਿਉਂ ਹੈ?

3 ਅਸੀਂ ਧਰਤੀ ਦੀ ਬਣਤਰ ਤੋਂ ਪਰਮੇਸ਼ੁਰ ਦੀ ਬੁੱਧ ਸਾਫ਼ ਦੇਖ ਸਕਦੇ ਹਾਂ। (ਰੋਮੀ. 1:20; ਇਬ. 3:4) ਭਾਵੇਂ ਧਰਤੀ ਤੋਂ ਇਲਾਵਾ ਹੋਰ ਵੀ ਗ੍ਰਹਿ ਸੂਰਜ ਦੇ ਆਲੇ-ਦੁਆਲੇ ਘੁੰਮਦੇ ਹਨ, ਪਰ ਸਿਰਫ਼ ਧਰਤੀ ਉੱਤੇ ਹੀ ਉਹ ਸਾਰੀਆਂ ਚੀਜ਼ਾਂ ਮੌਜੂਦ ਹਨ ਜੋ ਇਨਸਾਨਾਂ ਦੇ ਜੀਉਣ ਲਈ ਜ਼ਰੂਰੀ ਹਨ।

4. ਅਸੀਂ ਧਰਤੀ ਦੀ ਬਣਤਰ ਤੋਂ ਪਰਮੇਸ਼ੁਰ ਦੀ ਬੁੱਧ ਕਿਵੇਂ ਦੇਖ ਸਕਦੇ ਹਾਂ? ਇਕ ਮਿਸਾਲ ਦਿਓ।

4 ਅਸੀਂ ਬ੍ਰਹਿਮੰਡ ਵਿਚ ਘੁੰਮ ਰਹੀਂ ਧਰਤੀ ਦੀ ਤੁਲਨਾ ਸਮੁੰਦਰ ਵਿਚ ਤੈਰ ਰਹੀ ਕਿਸ਼ਤੀ ਨਾਲ ਕਰ ਸਕਦੇ ਹਾਂ। ਪਰ ਲੋਕਾਂ ਨਾਲ ਭਰੀ ਕਿਸ਼ਤੀ ਅਤੇ ਸਾਡੀ ਧਰਤੀ ਵਿਚ ਕੁਝ ਅਹਿਮ ਫ਼ਰਕ ਹਨ। ਮਿਸਾਲ ਲਈ, ਜ਼ਰਾ ਸੋਚੋ ਕਿ ਜੇ ਇਕ ਕਿਸ਼ਤੀ ਅੰਦਰ ਬੈਠੇ ਲੋਕਾਂ ਨੂੰ ਆਪਣੇ ਲਈ ਆਕਸੀਜਨ, ਭੋਜਨ ਅਤੇ ਪਾਣੀ ਤਿਆਰ ਕਰਨਾ ਪਵੇ ਅਤੇ ਉਨ੍ਹਾਂ ਨੂੰ ਕਿਸ਼ਤੀ ਤੋਂ ਬਾਹਰ ਕੂੜਾ ਸੁੱਟਣ ਦੀ ਇਜਾਜ਼ਤ ਨਾ ਹੋਵੇ, ਤਾਂ ਉਹ ਕਿੰਨੀ ਕੁ ਦੇਰ ਜੀਉਂਦੇ ਰਹਿਣਗੇ? ਉਹ ਛੇਤੀ ਮਰ ਜਾਣਗੇ। ਪਰ ਧਰਤੀ ਅਰਬਾਂ ਲੋਕਾਂ ਅਤੇ ਜੀਵ-ਜੰਤੂਆਂ ਨੂੰ ਜੀਉਂਦਾ ਰੱਖ ਰਹੀ ਹੈ। ਇਹ ਸਾਡੀ ਲੋੜ ਅਨੁਸਾਰ ਆਕਸੀਜਨ, ਭੋਜਨ ਅਤੇ ਪਾਣੀ ਤਿਆਰ ਕਰਦੀ ਹੈ ਅਤੇ ਸਾਨੂੰ ਇਨ੍ਹਾਂ ਦੀ ਕਦੇ ਵੀ ਘਾਟ ਨਹੀਂ ਹੁੰਦੀ। ਧਰਤੀ ਦਾ ਕੂੜਾ-ਕਰਕਟ ਪੁਲਾੜ ਵਿਚ ਨਹੀਂ ਭੇਜਿਆ ਜਾਂਦਾ, ਪਰ ਫਿਰ ਵੀ ਇਹ ਖ਼ੂਬਸੂਰਤ ਅਤੇ ਸਾਡੇ ਰਹਿਣਯੋਗ ਹੈ। ਇਹ ਕਿਵੇਂ ਮੁਮਕਿਨ ਹੁੰਦਾ ਹੈ? ਯਹੋਵਾਹ ਨੇ ਧਰਤੀ ਨੂੰ ਇਸ ਤਰੀਕੇ ਨਾਲ ਬਣਾਇਆ ਤਾਂਕਿ ਇਹ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਵਾਰ-ਵਾਰ ਇਸਤੇਮਾਲ ਕਰ ਸਕੇ। ਅਸੀਂ ਹੁਣ ਚਰਚਾ ਕਰਾਂਗੇ ਕਿ ਆਕਸੀਜਨ ਦੇ ਚੱਕਰ ਅਤੇ ਪਾਣੀ ਦੇ ਚੱਕਰ ਤੋਂ ਪਰਮੇਸ਼ੁਰ ਦੀ ਬੁੱਧ ਕਿਵੇਂ ਦੇਖੀ ਜਾ ਸਕਦੀ ਹੈ।

5. ਆਕਸੀਜਨ ਦਾ ਚੱਕਰ ਕੀ ਹੈ ਅਤੇ ਇਸ ਤੋਂ ਕਿਹੜੀ ਗੱਲ ਦੀ ਪੁਸ਼ਟੀ ਹੁੰਦੀ ਹੈ?

5 ਆਕਸੀਜਨ ਇਕ ਗੈਸ ਹੈ ਜਿਸ ਦੀ ਬਦੌਲਤ ਹੀ ਇਨਸਾਨ ਅਤੇ ਜਾਨਵਰ ਜੀਉਂਦੇ ਰਹਿ ਸਕਦੇ ਹਨ। ਅਨੁਮਾਨ ਲਗਾਇਆ ਗਿਆ ਹੈ ਕਿ ਇਨਸਾਨ ਤੇ ਜੀਵ-ਜੰਤੂ ਹਰ ਸਾਲ ਇਕ ਖਰਬ ਟਨ ਆਕਸੀਜਨ ਲੈਂਦੇ ਹਨ ਅਤੇ ਕਾਰਬਨ ਡਾਈਆਕਸਾਈਡ ਛੱਡਦੇ ਹਨ। ਫਿਰ ਵੀ ਨਾ ਤਾਂ ਕਦੇ ਆਕਸੀਜਨ ਮੁਕਦੀ ਹੈ ਅਤੇ ਨਾ ਹੀ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਦੀ ਹੈ। ਕਿਉਂ ਨਹੀਂ? ਕਿਉਂਕਿ ਯਹੋਵਾਹ ਨੇ ਤਰ੍ਹਾਂ-ਤਰ੍ਹਾਂ ਦੇ ਪੇੜ-ਪੌਦੇ ਬਣਾਏ ਹਨ ਜੋ ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਪੈਦਾ ਕਰਦੇ ਹਨ। ਇਹ ਚੱਕਰ ਰਸੂਲਾਂ ਦੇ ਕੰਮ 17:24, 25 ਵਿਚ ਲਿਖੀ ਇਸ ਸੱਚਾਈ ਦੀ ਪੁਸ਼ਟੀ ਕਰਦਾ ਹੈ: ‘ਪਰਮੇਸ਼ੁਰ ਸਾਰੇ ਇਨਸਾਨਾਂ ਨੂੰ ਜ਼ਿੰਦਗੀ ਅਤੇ ਸਾਹ ਬਖ਼ਸ਼ਦਾ ਹੈ।’

6. ਪਾਣੀ ਦਾ ਚੱਕਰ ਕੀ ਹੈ ਅਤੇ ਇਸ ਤੋਂ ਕੀ ਸਾਬਤ ਹੁੰਦਾ ਹੈ? (“ ਪਾਣੀ ਦਾ ਚੱਕਰ—ਯਹੋਵਾਹ ਵੱਲੋਂ ਇਕ ਤੋਹਫ਼ਾ” ਨਾਂ ਦੀ ਡੱਬੀ ਦੇਖੋ।)

6 ਧਰਤੀ ਉੱਤੇ ਪਾਣੀ ਇਸ ਲਈ ਹੈ ਕਿਉਂਕਿ ਸਾਡੀ ਧਰਤੀ ਸੂਰਜ ਤੋਂ ਐਨ ਸਹੀ ਫ਼ਾਸਲੇ ’ਤੇ ਟਿਕੀ ਹੋਈ ਹੈ। ਜੇ ਧਰਤੀ ਸੂਰਜ ਦੇ ਥੋੜ੍ਹਾ ਨੇੜੇ ਹੁੰਦੀ, ਤਾਂ ਸਾਰਾ ਪਾਣੀ ਭਾਫ਼ ਬਣ ਕੇ ਉੱਡ ਜਾਣਾ ਸੀ ਅਤੇ ਧਰਤੀ ਨੇ ਤਪ ਕੇ ਸੁੱਕ ਜਾਣਾ ਸੀ। ਇਸ ਕਰਕੇ ਇਸ ਉੱਤੇ ਰਹਿਣਾ ਨਾਮੁਮਕਿਨ ਹੋ ਜਾਣਾ ਸੀ। ਜੇ ਧਰਤੀ ਸੂਰਜ ਤੋਂ ਥੋੜ੍ਹਾ ਦੂਰ ਹੁੰਦੀ, ਤਾਂ ਸਾਰਾ ਪਾਣੀ ਜੰਮ ਜਾਣਾ ਸੀ ਅਤੇ ਧਰਤੀ ਨੇ ਬਰਫ਼ ਦਾ ਗੋਲਾ ਬਣ ਜਾਣਾ ਸੀ। ਪਰ ਯਹੋਵਾਹ ਨੇ ਧਰਤੀ ਨੂੰ ਬਿਲਕੁਲ ਸਹੀ ਜਗ੍ਹਾ ’ਤੇ ਰੱਖਿਆ ਹੈ ਜਿਸ ਕਰਕੇ ਪਾਣੀ ਦੇ ਚੱਕਰ ਰਾਹੀਂ ਜੀਵਨ ਕਾਇਮ ਰਹਿ ਸਕਦਾ ਹੈ। ਸੂਰਜ ਰਾਹੀਂ ਸਮੁੰਦਰਾਂ ਅਤੇ ਜ਼ਮੀਨ ਦਾ ਪਾਣੀ ਭਾਫ਼ ਬਣ ਕੇ ਉੱਪਰ ਉੱਠਦਾ ਹੈ ਜਿਸ ਦੇ ਬੱਦਲ ਬਣਦੇ ਹਨ। ਹਰ ਸਾਲ ਸੂਰਜ ਧਰਤੀ ਤੋਂ ਤਕਰੀਬਨ ਉਨ੍ਹਾਂ ਪਾਣੀ ਭਾਫ਼ ਬਣਾ ਕੇ ਉੱਪਰ ਉਠਾਉਂਦਾ ਹੈ, ਜਿੰਨੀ ਇਕ 80 ਕਿਲੋਮੀਟਰ ਲੰਬੀ, ਚੌੜੀ ਅਤੇ ਉੱਚੀ ਟੈਂਕੀ ਵਿਚ ਰੱਖਿਆ ਜਾ ਸਕਦਾ ਹੈ। ਇਹ ਪਾਣੀ ਲਗਭਗ 10 ਦਿਨਾਂ ਲਈ ਵਾਯੂਮੰਡਲ ਵਿਚ ਰਹਿੰਦਾ ਹੈ ਤੇ ਫਿਰ ਮੀਂਹ ਜਾਂ ਬਰਫ਼ ਦੇ ਰੂਪ ਵਿਚ ਥੱਲੇ ਡਿੱਗਦਾ ਹੈ। ਅਖ਼ੀਰ ਇਹ ਪਾਣੀ ਸਮੁੰਦਰਾਂ, ਨਦੀਆਂ, ਝੀਲਾਂ ਵਿਚ ਮਿਲ ਜਾਂਦਾ ਹੈ ਅਤੇ ਇਹ ਚੱਕਰ ਦੁਬਾਰਾ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਚੱਕਰ ਤੋਂ ਸਾਬਤ ਹੁੰਦਾ ਹੈ ਕਿ ਯਹੋਵਾਹ ਕਿੰਨਾ ਬੁੱਧੀਮਾਨ ਅਤੇ ਸ਼ਕਤੀਸ਼ਾਲੀ ਹੈ।—ਅੱਯੂ. 36:27, 28; ਉਪ. 1:7.

7. ਅਸੀਂ ਜ਼ਬੂਰ 115:16 ਵਿਚ ਦੱਸੇ ਤੋਹਫ਼ੇ ਲਈ ਆਪਣੀ ਕਦਰ ਕਿਵੇਂ ਦਿਖਾ ਸਕਦੇ ਹਾਂ?

7 ਅਸੀਂ ਆਪਣੀ ਅਨੋਖੀ ਧਰਤੀ ਅਤੇ ਇਸ ਦੀ ਹਰ ਚੰਗੀ ਚੀਜ਼ ਲਈ ਆਪਣੀ ਕਦਰ ਕਿਵੇਂ ਵਧਾ ਸਕਦੇ ਹਾਂ? (ਜ਼ਬੂਰ 115:16 ਪੜ੍ਹੋ।) ਇਕ ਤਰੀਕਾ ਹੈ ਕਿ ਅਸੀਂ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ’ਤੇ ਸੋਚ-ਵਿਚਾਰ ਕਰੀਏ। ਇਸ ਨਾਲ ਅਸੀਂ ਯਹੋਵਾਹ ਵੱਲੋਂ ਮਿਲੀਆਂ ਚੰਗੀਆਂ ਚੀਜ਼ਾਂ ਲਈ ਰੋਜ਼ ਉਸ ਦਾ ਧੰਨਵਾਦ ਕਰਨ ਲਈ ਪ੍ਰੇਰਿਤ ਹੋਵਾਂਗੇ। ਨਾਲੇ ਅਸੀਂ ਆਪਣੀ ਰਹਿਣ ਦੀ ਜਗ੍ਹਾ ਨੂੰ ਸਾਫ਼ ਰੱਖ ਕੇ ਧਰਤੀ ਲਈ ਆਪਣੀ ਕਦਰ ਦਿਖਾਵਾਂਗੇ।

ਸਾਡਾ ਸ਼ਾਨਦਾਰ ਦਿਮਾਗ਼

8. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਾਡਾ ਦਿਮਾਗ਼ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਹੈ?

8 ਸਾਡਾ ਦਿਮਾਗ਼ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਹੈ। ਜਦੋਂ ਤੁਸੀਂ ਆਪਣੀ ਮਾਂ ਦੀ ਕੁੱਖ ਵਿਚ ਸੀ, ਤਾਂ ਹੌਲੀ-ਹੌਲੀ ਤੁਹਾਡੇ ਦਿਮਾਗ਼ ਦੀ ਬਣਤਰ ਉਸੇ ਤਰ੍ਹਾਂ ਹੋਈ ਜਿਵੇਂ ਇਸ ਨੂੰ ਡੀਜ਼ਾਈਨ ਕੀਤਾ ਗਿਆ ਸੀ ਅਤੇ ਹਰ ਮਿੰਟ ਹਜ਼ਾਰਾਂ ਨਵੇਂ ਸੈੱਲ ਬਣ ਰਹੇ ਸਨ। ਖੋਜਕਾਰਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਕ ਵਿਅਕਤੀ ਦੇ ਦਿਮਾਗ਼ ਵਿਚ ਲਗਭਗ ਇਕ ਖਰਬ ਨਿਊਰਾਨ ਸੈੱਲ ਹੁੰਦੇ ਹਨ। ਇਨ੍ਹਾਂ ਸੈੱਲਾਂ ਤੋਂ ਸਾਡਾ ਦਿਮਾਗ਼ ਬਣਦਾ ਹੈ ਜਿਸ ਦਾ ਭਾਰ ਲਗਭਗ 1.5 ਕਿਲੋ (3.3 ਪੌਂਡ) ਹੁੰਦਾ ਹੈ। ਆਓ ਆਪਾਂ ਦਿਮਾਗ਼ ਦੀਆਂ ਕੁਝ ਖ਼ਾਸ ਕਾਬਲੀਅਤਾਂ ’ਤੇ ਗੌਰ ਕਰੀਏ।

9. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਾਡੀ ਬੋਲਣ ਦੀ ਕਾਬਲੀਅਤ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ?

9 ਸਾਡੀ ਬੋਲਣ ਦੀ ਕਾਬਲੀਅਤ ਇਕ ਚਮਤਕਾਰ ਹੈ। ਜ਼ਰਾ ਸੋਚੋ ਕਿ ਜਦੋਂ ਅਸੀਂ ਬੋਲਦੇ ਹਾਂ, ਤਾਂ ਕੀ ਹੁੰਦਾ ਹੈ। ਕੋਈ ਵੀ ਸ਼ਬਦ ਬੋਲਣ ਵੇਲੇ ਸਾਡੇ ਦਿਮਾਗ਼ ਨੂੰ ਜੀਭ, ਗਲ਼ੇ, ਬੁੱਲ੍ਹਾਂ, ਜਬਾੜੇ ਅਤੇ ਛਾਤੀ ਦੀਆਂ ਤਕਰੀਬਨ 100 ਮਾਸਪੇਸ਼ੀਆਂ ਨਾਲ ਮਿਲ ਕੇ ਕੰਮ ਕਰਨਾ ਪੈਂਦਾ ਹੈ। ਹਰ ਸ਼ਬਦ ਦਾ ਸਹੀ ਉਚਾਰਣ ਕਰਨ ਲਈ ਇਨ੍ਹਾਂ ਮਾਸਪੇਸ਼ੀਆਂ ਨੂੰ ਇਕ ਤਰਤੀਬ ਵਿਚ ਕੰਮ ਕਰਨਾ ਪੈਂਦਾ ਹੈ। ਭਾਸ਼ਾਵਾਂ ਬੋਲਣ ਦੀ ਕਾਬਲੀਅਤ ਬਾਰੇ 2019 ਵਿਚ ਆਏ ਇਕ ਅਧਿਐਨ ਤੋਂ ਪਤਾ ਲੱਗਾ ਕਿ ਨਵਜੰਮੇ ਬੱਚੇ ਅਲੱਗ-ਅਲੱਗ ਸ਼ਬਦਾਂ ਨੂੰ ਪਛਾਣ ਸਕਦੇ ਹਨ। ਇਸ ਅਧਿਐਨ ਕਰਕੇ ਕਈ ਖੋਜਕਾਰਾਂ ਦੀ ਇਹ ਗੱਲ ਹੋਰ ਵੀ ਪੱਕੀ ਹੋ ਜਾਂਦੀ ਹੈ ਕਿ ਸਾਨੂੰ ਭਾਸ਼ਾਵਾਂ ਨੂੰ ਪਛਾਣਨ ਅਤੇ ਸਿੱਖਣ ਦੀ ਕਾਬਲੀਅਤ ਨਾਲ ਬਣਾਇਆ ਗਿਆ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਾਡੀ ਬੋਲਣ ਦੀ ਕਾਬਲੀਅਤ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਹੈ।—ਕੂਚ 4:11.

10. ਅਸੀਂ ਬੋਲਣ ਦੀ ਕਾਬਲੀਅਤ ਲਈ ਕਦਰਦਾਨੀ ਕਿਵੇਂ ਦਿਖਾ ਸਕਦੇ ਹਾਂ?

10 ਆਪਣੀ ਬੋਲਣ ਦੀ ਕਾਬਲੀਅਤ ਲਈ ਕਦਰ ਦਿਖਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਵਿਕਾਸਵਾਦ ਦੀ ਸਿੱਖਿਆ ਮੰਨਣ ਵਾਲਿਆਂ ਨੂੰ ਦੱਸੀਏ ਕਿ ਅਸੀਂ ਸ੍ਰਿਸ਼ਟੀਕਰਤਾ ਵਿਚ ਕਿਉਂ ਵਿਸ਼ਵਾਸ ਕਰਦੇ ਹਾਂ। (ਜ਼ਬੂ. 9:1; 1 ਪਤ. 3:15) ਵਿਕਾਸਵਾਦ ਦੀ ਸਿੱਖਿਆ ਨੂੰ ਮੰਨਣ ਵਾਲੇ ਕਹਿੰਦੇ ਹਨ ਕਿ ਧਰਤੀ ਅਤੇ ਇਸ ਦੇ ਜੀਵ-ਜੰਤੂ ਅਚਾਨਕ ਆਪਣੇ ਆਪ ਹੀ ਬਣ ਗਏ। ਬਾਈਬਲ ਅਤੇ ਇਸ ਲੇਖ ਵਿਚ ਚਰਚਾ ਕੀਤੀਆਂ ਗਈਆਂ ਗੱਲਾਂ ਨੂੰ ਵਰਤ ਕੇ ਅਸੀਂ ਆਪਣੇ ਸਵਰਗੀ ਪਿਤਾ ਦਾ ਪੱਖ ਲੈ ਸਕਦੇ ਹਾਂ। ਜਿਹੜੇ ਲੋਕ ਸੁਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਅਸੀਂ ਦੱਸ ਸਕਦੇ ਹਾਂ ਕਿ ਅਸੀਂ ਯਹੋਵਾਹ ਨੂੰ ਸਵਰਗ ਅਤੇ ਧਰਤੀ ਦਾ ਸ੍ਰਿਸ਼ਟੀਕਰਤਾ ਕਿਉਂ ਮੰਨਦੇ ਹਾਂ।—ਜ਼ਬੂ. 102:25; ਯਸਾ. 40:25, 26.

11. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸਾਡਾ ਦਿਮਾਗ਼ ਕਮਾਲ ਦਾ ਹੈ?

11 ਸਾਡੇ ਦਿਮਾਗ਼ ਦੀ ਯਾਦਾਸ਼ਤ ਵੀ ਕਮਾਲ ਦੀ ਹੈ। ਇਕ ਖੋਜਕਾਰ ਨੇ ਅਨੁਮਾਨ ਲਗਾਇਆ ਕਿ ਇਨਸਾਨ ਦਾ ਦਿਮਾਗ਼ 2 ਕਰੋੜ ਕਿਤਾਬਾਂ ਜਿੰਨੀ ਜਾਣਕਾਰੀ ਯਾਦ ਰੱਖਣ ਦੇ ਕਾਬਲ ਹੈ। ਪਰ ਹੁਣ ਇਹ ਮੰਨਿਆ ਜਾਂਦਾ ਹੈ ਕਿ ਸਾਡੀ ਯਾਦ ਰੱਖਣ ਦੀ ਯੋਗਤਾ ਇਸ ਤੋਂ ਵੀ ਜ਼ਿਆਦਾ ਹੈ। ਸਾਡੀ ਯਾਦਾਸ਼ਤ ਕਰਕੇ ਸਾਡੇ ਕੋਲ ਕਿਹੜੀ ਖ਼ਾਸ ਕਾਬਲੀਅਤ ਹੈ?

12. ਸਾਡੀ ਸਿੱਖਣ ਦੀ ਕਾਬਲੀਅਤ ਸਾਨੂੰ ਜੀਵ-ਜੰਤੂਆਂ ਤੋਂ ਕਿਵੇਂ ਵੱਖਰਾ ਕਰਦੀ ਹੈ?

12 ਧਰਤੀ ਉੱਤੇ ਰਹਿੰਦੇ ਸਾਰੇ ਜੀਵ-ਜੰਤੂਆਂ ਵਿੱਚੋਂ ਸਿਰਫ਼ ਇਨਸਾਨਾਂ ਕੋਲ ਹੀ ਪਿਛਲੀਆਂ ਗੱਲਾਂ ਨੂੰ ਯਾਦ ਕਰ ਕੇ ਉਨ੍ਹਾਂ ਤੋਂ ਸਿੱਖਣ ਦੀ ਕਾਬਲੀਅਤ ਹੈ। ਇਸ ਕਰਕੇ ਅਸੀਂ ਹੋਰ ਵਧੀਆ ਮਿਆਰ ਸਿੱਖ ਸਕਦੇ ਹਾਂ ਅਤੇ ਆਪਣੀ ਸੋਚ ਤੇ ਰਹਿਣ-ਸਹਿਣ ਦੇ ਤਰੀਕੇ ਨੂੰ ਬਦਲ ਸਕਦੇ ਹਾਂ। (1 ਕੁਰਿੰ. 6:9-11; ਕੁਲੁ. 3:9, 10) ਇਸ ਨਾਲ ਅਸੀਂ ਆਪਣੀ ਜ਼ਮੀਰ ਨੂੰ ਸਹੀ-ਗ਼ਲਤ ਵਿਚ ਪਛਾਣ ਕਰਨ ਦੀ ਸਿਖਲਾਈ ਦੇ ਸਕਦੇ ਹਾਂ। (ਇਬ. 5:14) ਅਸੀਂ ਪਿਆਰ, ਹਮਦਰਦੀ ਅਤੇ ਦਇਆ ਦਿਖਾਉਣੀ ਸਿੱਖ ਸਕਦੇ ਹਾਂ। ਨਾਲੇ ਅਸੀਂ ਯਹੋਵਾਹ ਦੇ ਨਿਆਂ ਦੇ ਗੁਣ ਦੀ ਰੀਸ ਕਰਨੀ ਵੀ ਸਿੱਖ ਸਕਦੇ ਹਾਂ।

13. ਜ਼ਬੂਰ 77:11, 12 ਅਨੁਸਾਰ ਸਾਨੂੰ ਆਪਣੀ ਯਾਦਾਸ਼ਤ ਨੂੰ ਕਿਵੇਂ ਵਰਤਣਾ ਚਾਹੀਦਾ ਹੈ?

13 ਸਾਡੀ ਯਾਦਾਸ਼ਤ ਯਹੋਵਾਹ ਵੱਲੋਂ ਇਕ ਤੋਹਫ਼ਾ ਹੈ। ਇਸ ਤੋਹਫ਼ੇ ਲਈ ਕਦਰ ਦਿਖਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਉਨ੍ਹਾਂ ਸਮਿਆਂ ਨੂੰ ਯਾਦ ਕਰੀਏ ਜਦੋਂ ਯਹੋਵਾਹ ਨੇ ਸਾਡੀ ਮਦਦ ਕੀਤੀ ਅਤੇ ਸਾਨੂੰ ਦਿਲਾਸਾ ਦਿੱਤਾ ਸੀ। ਇਸ ਨਾਲ ਸਾਡਾ ਭਰੋਸਾ ਹੋਰ ਵਧੇਗਾ ਕਿ ਉਹ ਭਵਿੱਖ ਵਿਚ ਵੀ ਸਾਡੀ ਮਦਦ ਕਰੇਗਾ। (ਜ਼ਬੂਰ 77:11, 12 ਪੜ੍ਹੋ; 78:4, 7) ਅਸੀਂ ਦੂਸਰਿਆਂ ਵੱਲੋਂ ਕੀਤੇ ਭਲੇ ਕੰਮਾਂ ਨੂੰ ਯਾਦ ਰੱਖਣ ਦੇ ਨਾਲ-ਨਾਲ ਉਨ੍ਹਾਂ ਲਈ ਸ਼ੁਕਰਗੁਜ਼ਾਰੀ ਦਿਖਾ ਕੇ ਵੀ ਆਪਣੀ ਕਦਰਦਾਨੀ ਦਿਖਾ ਸਕਦੇ ਹਾਂ। ਖੋਜਕਾਰਾਂ ਨੇ ਦੇਖਿਆ ਹੈ ਕਿ ਸ਼ੁਕਰਗੁਜ਼ਾਰੀ ਦਿਖਾਉਣ ਵਾਲੇ ਲੋਕ ਅਕਸਰ ਖ਼ੁਸ਼ ਰਹਿੰਦੇ ਹਨ। ਨਾਲੇ ਚੰਗਾ ਹੋਵੇਗਾ ਕਿ ਯਹੋਵਾਹ ਦੀ ਰੀਸ ਕਰਦਿਆਂ ਅਸੀਂ ਕੁਝ ਗੱਲਾਂ ਨੂੰ ਭੁੱਲ ਜਾਈਏ। ਮਿਸਾਲ ਲਈ, ਭਾਵੇਂ ਕਿ ਯਹੋਵਾਹ ਦੀ ਯਾਦਾਸ਼ਤ ਮੁਕੰਮਲ ਹੈ, ਪਰ ਫਿਰ ਵੀ ਸਾਡੇ ਵੱਲੋਂ ਤੋਬਾ ਕਰਨ ’ਤੇ ਉਹ ਸਾਡੀਆਂ ਗ਼ਲਤੀਆਂ ਨੂੰ ਮਾਫ਼ ਕਰਨ ਅਤੇ ਭੁੱਲਣ ਲਈ ਤਿਆਰ ਹੈ। (ਜ਼ਬੂ. 25:7; 130:3, 4) ਉਹ ਚਾਹੁੰਦਾ ਹੈ ਕਿ ਅਸੀਂ ਵੀ ਦੂਸਰਿਆਂ ਨੂੰ ਮਾਫ਼ ਕਰੀਏ ਜਦੋਂ ਉਨ੍ਹਾਂ ਦੀਆਂ ਗ਼ਲਤੀਆਂ ਕਰਕੇ ਸਾਨੂੰ ਠੇਸ ਪਹੁੰਚਦੀ ਹੈ।—ਮੱਤੀ 6:14; ਲੂਕਾ 17:3, 4.

ਅਸੀਂ ਆਪਣੇ ਦਿਮਾਗ਼ ਨੂੰ ਪਰਮੇਸ਼ੁਰ ਦੀ ਮਹਿਮਾ ਲਈ ਵਰਤ ਕੇ ਇਸ ਲਈ ਕਦਰ ਦਿਖਾਉਂਦੇ ਹਾਂ (ਪੈਰਾ 14 ਦੇਖੋ) *

14. ਅਸੀਂ ਯਹੋਵਾਹ ਵੱਲੋਂ ਦਿੱਤੇ ਸ਼ਾਨਦਾਰ ਦਿਮਾਗ਼ ਲਈ ਆਪਣੀ ਕਦਰ ਕਿਵੇਂ ਦਿਖਾ ਸਕਦੇ ਹਾਂ?

14 ਅਸੀਂ ਆਪਣੇ ਦਿਮਾਗ਼ ਨੂੰ ਸ੍ਰਿਸ਼ਟੀਕਰਤਾ ਦੀ ਮਹਿਮਾ ਲਈ ਵਰਤ ਕੇ ਇਸ ਸ਼ਾਨਦਾਰ ਤੋਹਫ਼ੇ ਲਈ ਕਦਰ ਦਿਖਾ ਸਕਦੇ ਹਾਂ। ਕੁਝ ਲੋਕ ਆਪਣੇ ਲਈ ਸਹੀ ਤੇ ਗ਼ਲਤ ਦੇ ਮਿਆਰ ਤੈਅ ਕਰ ਕੇ ਇਸ ਤੋਹਫ਼ੇ ਨੂੰ ਆਪਣੇ ਸੁਆਰਥ ਲਈ ਵਰਤਦੇ ਹਨ। ਪਰ ਯਹੋਵਾਹ ਨੇ ਸਾਨੂੰ ਬਣਾਇਆ ਹੈ, ਇਸ ਲਈ ਉਸ ਦੇ ਮਿਆਰ ਸਾਡੇ ਮਿਆਰਾਂ ਨਾਲੋਂ ਕਿਤੇ ਵਧੀਆ ਹਨ। (ਰੋਮੀ. 12:1, 2) ਯਹੋਵਾਹ ਦੇ ਮਿਆਰਾਂ ’ਤੇ ਚੱਲ ਕੇ ਸਾਡੀ ਜ਼ਿੰਦਗੀ ਵਿਚ ਸ਼ਾਂਤੀ ਰਹਿੰਦੀ ਹੈ। (ਯਸਾ. 48:17, 18) ਨਾਲੇ ਅਸੀਂ ਸਿੱਖਦੇ ਹਾਂ ਕਿ ਸਾਡਾ ਸਿਰਜਣਹਾਰ ਅਤੇ ਪਿਤਾ ਹੋਣ ਦੇ ਨਾਤੇ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਮਹਿਮਾ ਕਰੀਏ ਤੇ ਉਸ ਦਾ ਦਿਲ ਖ਼ੁਸ਼ ਕਰੀਏ।—ਕਹਾ. 27:11.

ਬਾਈਬਲ—ਇਕ ਅਨਮੋਲ ਤੋਹਫ਼ਾ

15. ਬਾਈਬਲ ਤੋਂ ਯਹੋਵਾਹ ਦਾ ਪਿਆਰ ਕਿਵੇਂ ਝਲਕਦਾ ਹੈ?

15 ਬਾਈਬਲ ਪਰਮੇਸ਼ੁਰ ਵੱਲੋਂ ਇਕ ਪਿਆਰਾ ਤੋਹਫ਼ਾ ਹੈ। ਸਾਡੇ ਸਵਰਗੀ ਪਿਤਾ ਨੇ ਇਸ ਨੂੰ ਲਿਖਵਾਇਆ ਹੈ ਕਿਉਂਕਿ ਉਹ ਸਾਡੀ ਬਹੁਤ ਪਰਵਾਹ ਕਰਦਾ ਹੈ। ਬਾਈਬਲ ਰਾਹੀਂ ਯਹੋਵਾਹ ਅਹਿਮ ਸਵਾਲਾਂ ਦੇ ਜਵਾਬ ਦਿੰਦਾ ਹੈ, ਜਿਵੇਂ: ਇਨਸਾਨ ਦੀ ਜ਼ਿੰਦਗੀ ਕਿਵੇਂ ਸ਼ੁਰੂ ਹੋਈ? ਜ਼ਿੰਦਗੀ ਦਾ ਮਕਸਦ ਕੀ ਹੈ? ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ? ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸਾਰੇ ਬੱਚੇ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ। ਇਸ ਲਈ ਸਦੀਆਂ ਤੋਂ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕਰਨ ਲਈ ਉਸ ਨੇ ਕਈ ਆਦਮੀਆਂ ਨੂੰ ਪ੍ਰੇਰਿਆ। ਅੱਜ ਬਾਈਬਲ ਜਾਂ ਇਸ ਦੇ ਕੁਝ ਹਿੱਸੇ 3,000 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹਨ! ਹੁਣ ਤਕ ਬਾਈਬਲ ਦੁਨੀਆਂ ਦੀ ਸਭ ਤੋਂ ਵੱਧ ਅਨੁਵਾਦ ਕੀਤੀ ਗਈ ਅਤੇ ਵੰਡੀ ਗਈ ਕਿਤਾਬ ਹੈ। ਭਾਵੇਂ ਲੋਕ ਜਿੱਥੇ ਵੀ ਰਹਿੰਦੇ ਜਾਂ ਜਿਹੜੀ ਵੀ ਭਾਸ਼ਾ ਬੋਲਦੇ ਹੋਣ, ਜ਼ਿਆਦਾਤਰ ਲੋਕ ਆਪਣੀ ਮਾਂ-ਬੋਲੀ ਵਿਚ ਬਾਈਬਲ ਪੜ੍ਹ ਸਕਦੇ ਹਨ।—“ ਅਫ਼ਰੀਕੀ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ” ਨਾਂ ਦੀ ਡੱਬੀ ਦੇਖੋ।

16. ਮੱਤੀ 28:19, 20 ਮੁਤਾਬਕ ਅਸੀਂ ਬਾਈਬਲ ਲਈ ਆਪਣੀ ਕਦਰਦਾਨੀ ਕਿਵੇਂ ਦਿਖਾ ਸਕਦੇ ਹਾਂ?

16 ਅਸੀਂ ਹਰ ਰੋਜ਼ ਬਾਈਬਲ ਪੜ੍ਹ ਕੇ, ਇਸ ਦੀਆਂ ਸਿੱਖਿਆਵਾਂ ਉੱਤੇ ਸੋਚ-ਵਿਚਾਰ ਕਰ ਕੇ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰ ਕੇ ਇਸ ਤੋਹਫ਼ੇ ਲਈ ਆਪਣੀ ਕਦਰਦਾਨੀ ਦਿਖਾ ਸਕਦੇ ਹਾਂ। ਨਾਲੇ ਆਪਣੀ ਪੂਰੀ ਵਾਹ ਲਾ ਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਾਈਬਲ ਦਾ ਸੰਦੇਸ਼ ਸੁਣਾ ਕੇ ਅਸੀਂ ਪਰਮੇਸ਼ੁਰ ਲਈ ਸ਼ੁਕਰਗੁਜ਼ਾਰੀ ਦਿਖਾਉਂਦੇ ਹਾਂ।—ਜ਼ਬੂ. 1:1-3; ਮੱਤੀ 24:14; ਮੱਤੀ 28:19, 20 ਪੜ੍ਹੋ।

17. ਇਸ ਲੇਖ ਵਿਚ ਅਸੀਂ ਕਿਨ੍ਹਾਂ ਤੋਹਫ਼ਿਆਂ ’ਤੇ ਗੌਰ ਕੀਤਾ ਅਤੇ ਅਗਲੇ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

17 ਇਸ ਲੇਖ ਵਿਚ ਅਸੀਂ ਆਪਣੀ ਅਨੋਖੀ ਧਰਤੀ, ਸ਼ਾਨਦਾਰ ਦਿਮਾਗ਼ ਅਤੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੇ ਉਸ ਦੇ ਬਚਨ ਬਾਰੇ ਗੱਲ ਕੀਤੀ ਸੀ। ਇਨ੍ਹਾਂ ਤੋਹਫ਼ਿਆਂ ਤੋਂ ਇਲਾਵਾ ਯਹੋਵਾਹ ਨੇ ਸਾਨੂੰ ਕੁਝ ਅਜਿਹੇ ਤੋਹਫ਼ੇ ਵੀ ਦਿੱਤੇ ਹਨ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ। ਅਗਲੇ ਲੇਖ ਵਿਚ ਅਸੀਂ ਇਨ੍ਹਾਂ ’ਤੇ ਚਰਚਾ ਕਰਾਂਗੇ।

ਗੀਤ 2 ਯਹੋਵਾਹ ਤੇਰਾ ਧੰਨਵਾਦ

^ ਪੈਰਾ 5 ਇਹ ਲੇਖ ਯਹੋਵਾਹ ਅਤੇ ਉਸ ਵੱਲੋਂ ਦਿੱਤੇ ਤਿੰਨ ਤੋਹਫ਼ਿਆਂ ਲਈ ਕਦਰ ਵਧਾਉਣ ਵਿਚ ਸਾਡੀ ਮਦਦ ਕਰੇਗਾ। ਇਹ ਸਾਡੀ ਉਨ੍ਹਾਂ ਲੋਕਾਂ ਨਾਲ ਤਰਕ ਕਰਨ ਵਿਚ ਵੀ ਮਦਦ ਕਰੇਗਾ ਜੋ ਰੱਬ ਦੀ ਹੋਂਦ ’ਤੇ ਸ਼ੱਕ ਕਰਦੇ ਹਨ।

^ ਪੈਰਾ 64 ਤਸਵੀਰ ਬਾਰੇ ਜਾਣਕਾਰੀ: ਇਕ ਭੈਣ ਹੋਰ ਭਾਸ਼ਾ ਸਿੱਖਦੀ ਹੋਈ ਤਾਂਕਿ ਉਹ ਕਿਸੇ ਹੋਰ ਦੇਸ਼ ਤੋਂ ਆਏ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਦੱਸ ਸਕੇ।