Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਕੀ ਬਾਈਬਲ ਦੇ ਜ਼ਮਾਨੇ ਵਿਚ ਲੋਕ ਪਪਾਇਰਸ ਤੋਂ ਕਿਸ਼ਤੀਆਂ ਬਣਾਉਂਦੇ ਸਨ?

ਪਪਾਇਰਸ ਦਾ ਪੌਦਾ

ਬਹੁਤ ਸਾਰੇ ਲੋਕ ਜਾਣਦੇ ਹਨ ਕਿ ਪੁਰਾਣੇ ਜ਼ਮਾਨੇ ਵਿਚ ਮਿਸਰ ਦੇ ਲੋਕ ਲਿਖਣ ਲਈ ਮੁੱਖ ਤੌਰ ਤੇ ਪਪਾਇਰਸ * ਨਾਂ ਦੇ ਪੌਦੇ ਤੋਂ ਬਣਿਆ ਕਾਗਜ਼ ਵਰਤਦੇ ਸਨ। ਯੂਨਾਨੀ ਅਤੇ ਰੋਮੀ ਲੋਕ ਵੀ ਪਪਾਇਰਸ ’ਤੇ ਲਿਖਦੇ ਸਨ। ਪਰ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਕਿਸ਼ਤੀਆਂ ਬਣਾਉਣ ਲਈ ਵੀ ਪਪਾਇਰਸ ਵਰਤਿਆ ਜਾਂਦਾ ਸੀ।

ਮਿਸਰ ਦੇ ਮਕਬਰੇ ਅੰਦਰ ਪਪਾਇਰਸ ਤੋਂ ਬਣੀਆਂ ਕਿਸ਼ਤੀਆਂ ਦੇ ਦੋ ਢਾਂਚੇ ਮਿਲੇ

ਲਗਭਗ 2,500 ਸਾਲ ਪਹਿਲਾਂ ਯਸਾਯਾਹ ਨਬੀ ਨੇ ਲਿਖਿਆ ਕਿ “ਇਥੋਪੀਆ ਦੀਆਂ ਨਦੀਆਂ ਦੇ ਇਲਾਕੇ ਵਿਚ” ਰਹਿਣ ਵਾਲੇ ਲੋਕ “ਸੰਦੇਸ਼ ਦੇਣ ਵਾਲਿਆਂ ਨੂੰ ਸਮੁੰਦਰ ਰਾਹੀਂ ਸਰਕੰਡੇ ਦੀਆਂ ਕਿਸ਼ਤੀਆਂ ਵਿਚ ਪਾਣੀਆਂ ਦੇ ਪਾਰ” ਘੱਲਦੇ ਸਨ। ਬਾਅਦ ਵਿਚ ਯਿਰਮਿਯਾਹ ਨਬੀ ਨੇ ਭਵਿੱਖਬਾਣੀ ਕੀਤੀ ਕਿ ਮਾਦੀ ਅਤੇ ਫਾਰਸੀ ਬਾਬਲ ਸ਼ਹਿਰ ਉੱਤੇ ਹਮਲਾ ਕਰਨਗੇ ਅਤੇ ਉਹ ਉਨ੍ਹਾਂ ਦੀਆਂ “ਸਰਕੰਡਿਆਂ ਦੀਆਂ ਕਿਸ਼ਤੀਆਂ” ਸਾੜ ਦੇਣਗੇ ਤਾਂਕਿ ਕੋਈ ਉੱਥੋਂ ਬਚ ਕੇ ਭੱਜ ਨਾ ਸਕੇ।—ਯਸਾ. 18:1, 2; ਯਿਰ. 51:32.

ਬਾਈਬਲ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਗਈ ਹੈ। ਇਸ ਲਈ ਬਾਈਬਲ ਵਿਦਿਆਰਥੀਆਂ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਜਦੋਂ ਪੁਰਾਤੱਤਵ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਬਾਈਬਲ ਜ਼ਮਾਨੇ ਵਿਚ ਕਿਸ਼ਤੀ ਬਣਾਉਣ ਲਈ ਸੱਚ-ਮੁੱਚ ਪਪਾਇਰਸ ਵਰਤਿਆ ਜਾਂਦਾ ਸੀ। (2 ਤਿਮੋ. 3:16) ਇਨ੍ਹਾਂ ਖੋਜਾਂ ਤੋਂ ਕੀ ਪਤਾ ਲੱਗਾ? ਪੁਰਾਤੱਤਵ ਵਿਗਿਆਨੀਆਂ ਨੂੰ ਮਿਸਰ ਵਿਚ ਪਪਾਇਰਸ ਤੋਂ ਕਿਸ਼ਤੀਆਂ ਬਣਾਉਣ ਦੇ ਪੱਕੇ ਸਬੂਤ ਮਿਲੇ ਹਨ।

ਪਪਾਇਰਸ ਦੀਆਂ ਕਿਸ਼ਤੀਆਂ ਕਿਵੇਂ ਬਣਾਈਆਂ ਜਾਂਦੀਆਂ ਸਨ?

ਮਿਸਰ ਵਿਚ ਮਕਬਰਿਆਂ ਦੀ ਨਕਾਸ਼ੀ ਵਿਚ ਦਿਖਾਇਆ ਗਿਆ ਹੈ ਕਿ ਲੋਕ ਪਪਾਇਰਸ ਇਕੱਠਾ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਕਿਸ਼ਤੀਆਂ ਬਣਾ ਰਹੇ ਹਨ। ਆਦਮੀ ਪਪਾਇਰਸ ਦੀਆਂ ਡੰਡਲਾਂ ਨੂੰ ਕੱਟਦੇ ਸਨ, ਫਿਰ ਉਨ੍ਹਾਂ ਨੂੰ ਇਕੱਠਾ ਕਰ ਕੇ ਭਰੀਆਂ ਬਣਾਉਂਦੇ ਸਨ ਅਤੇ ਫਿਰ ਸਾਰੀਆਂ ਭਰੀਆਂ ਨੂੰ ਇਕੱਠੀਆਂ ਬੰਨ੍ਹ ਦਿੰਦੇ ਸਨ। ਪਪਾਇਰਸ ਦੀਆਂ ਡੰਡਲਾਂ ਤਿਕੋਣੀਆਂ ਹੁੰਦੀਆਂ ਹਨ। ਇਸ ਲਈ ਜਦੋਂ ਉਨ੍ਹਾਂ ਨੂੰ ਕੱਸ ਕੇ ਚੰਗੀ ਤਰ੍ਹਾਂ ਬੰਨ੍ਹਿਆ ਜਾਂਦਾ ਹੈ, ਤਾਂ ਭਰੀਆਂ ਬਹੁਤ ਮਜ਼ਬੂਤ ਹੋ ਜਾਂਦੀਆਂ ਹਨ। ਮਿਸਰ ਦੇ ਇਤਿਹਾਸ ਬਾਰੇ ਇਕ ਕਿਤਾਬ ਕਹਿੰਦੀ ਹੈ ਕਿ ਪਪਾਇਰਸ ਦੀਆਂ ਕਿਸ਼ਤੀਆਂ 55 ਫੁੱਟ (17 ਮੀਟਰ) ਤਕ ਲੰਬੀਆਂ ਬਣਾਈਆਂ ਜਾ ਸਕਦੀਆਂ ਸਨ। ਇਨ੍ਹਾਂ ਵਿਚ ਇੰਨੀ ਜਗ੍ਹਾ ਹੁੰਦੀ ਸੀ ਕਿ ਇਕ ਪਾਸੇ 10-12 ਲੋਕ ਚੱਪੂ ਮਾਰ ਸਕਦੇ ਸਨ।

ਮਿਸਰ ਦੀ ਨਕਾਸ਼ੀ ਵਿਚ ਦਿਖਾਇਆ ਗਿਆ ਹੈ ਕਿ ਪਪਾਇਰਸ ਤੋਂ ਕਿਸ਼ਤੀ ਕਿਵੇਂ ਬਣਦੀ ਸੀ

ਕਿਸ਼ਤੀਆਂ ਬਣਾਉਣ ਲਈ ਪਪਾਇਰਸ ਕਿਉਂ ਵਰਤਿਆ ਜਾਂਦਾ ਸੀ?

ਮਿਸਰ ਵਿਚ ਪਪਾਇਰਸ ਦੇ ਪੌਦੇ ਜ਼ਿਆਦਾਤਰ ਉਸ ਘਾਟੀ ਵਿਚ ਉੱਗਦੇ ਸਨ ਜਿੱਥੇ ਨੀਲ ਨਦੀ ਵਗਦੀ ਸੀ। ਇਸ ਤੋਂ ਇਲਾਵਾ, ਹੋਰ ਲੱਕੜਾਂ ਨਾਲੋਂ ਪਪਾਇਰਸ ਤੋਂ ਕਿਸ਼ਤੀਆਂ ਬਣਾਉਣੀਆਂ ਜ਼ਿਆਦਾ ਸੌਖੀਆਂ ਹੁੰਦੀਆਂ ਸਨ। ਇੱਥੋਂ ਤਕ ਕਿ ਜਦੋਂ ਲੋਕਾਂ ਨੇ ਲੱਕੜਾਂ ਤੋਂ ਵੱਡੇ-ਵੱਡੇ ਜਹਾਜ਼ ਬਣਾਉਣੇ ਸ਼ੁਰੂ ਕੀਤੇ, ਉਦੋਂ ਵੀ ਸ਼ਿਕਾਰੀ ਅਤੇ ਮਛਿਆਰੇ ਛੋਟੀਆਂ ਕਿਸ਼ਤੀਆਂ ਅਤੇ ਬੇੜੇ ਬਣਾਉਣ ਲਈ ਪਪਾਇਰਸ ਵਰਤਦੇ ਸਨ।

ਪੁਰਾਣੇ ਜ਼ਮਾਨੇ ਵਿਚ ਲੋਕਾਂ ਨੇ ਲੰਬੇ ਸਮੇਂ ਤਕ ਪਪਾਇਰਸ ਦੀਆਂ ਕਿਸ਼ਤੀਆਂ ਵਰਤੀਆਂ ਸਨ। ਯੂਨਾਨੀ ਲੇਖਕ ਪਲੂਟਾਰਕ, ਜੋ ਰਸੂਲਾਂ ਦੇ ਸਮੇਂ ਵਿਚ ਜੀਉਂਦਾ ਸੀ, ਨੇ ਦੱਸਿਆ ਕਿ ਉਸ ਦੇ ਸਮੇਂ ਵਿਚ ਵੀ ਲੋਕ ਪਪਾਇਰਸ ਤੋਂ ਬਣੀਆਂ ਕਿਸ਼ਤੀਆਂ ਵਰਤਦੇ ਸਨ।

^ ਪੈਰਾ 3 ਪਪਾਇਰਸ ਦਾ ਪੌਦਾ ਦਲਦਲੀ ਅਤੇ ਘੱਟ ਵਹਾਅ ਵਾਲੇ ਪਾਣੀ ਵਿਚ ਉੱਗਦਾ ਹੈ। ਇਹ ਪੌਦੇ ਜਾਂ ਸਰਕੰਡੇ ਵਧ ਕੇ 16 ਫੁੱਟ (5 ਮੀਟਰ) ਲੰਬੇ ਹੋ ਸਕਦੇ ਹਨ ਅਤੇ ਇਨ੍ਹਾਂ ਦੀ ਡੰਡਲ ਹੇਠਾਂ ਤੋਂ 6 ਇੰਚ (15 ਸੈਂਟੀਮੀਟਰ) ਤਕ ਮੋਟੀ ਹੋ ਸਕਦੀ ਹੈ।