Skip to content

Skip to table of contents

ਅਧਿਐਨ ਲੇਖ 21

ਯਹੋਵਾਹ ਤੁਹਾਨੂੰ ਤਾਕਤ ਦੇਵੇਗਾ

ਯਹੋਵਾਹ ਤੁਹਾਨੂੰ ਤਾਕਤ ਦੇਵੇਗਾ

“ਜਦੋਂ ਮੈਂ ਕਮਜ਼ੋਰ ਹੁੰਦਾ ਹਾਂ, ਉਦੋਂ ਮੈਂ ਤਾਕਤਵਰ ਹੁੰਦਾ ਹਾਂ।”​—2 ਕੁਰਿੰ. 12:10.

ਗੀਤ 55 ਉਨ੍ਹਾਂ ਤੋਂ ਨਾ ਡਰੋ!

ਖ਼ਾਸ ਗੱਲਾਂ *

1-2. ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਕਿਹੜੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪੈਂਦਾ ਹੈ?

ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਆਪਣੀ ਸੇਵਾ ਦਾ ਕੰਮ ਚੰਗੀ ਤਰ੍ਹਾਂ ਕਰਨ ਦਾ ਹੌਸਲਾ ਦਿੱਤਾ। (2 ਤਿਮੋ. 4:5) ਅੱਜ ਵੀ ਅਸੀਂ ਪੌਲੁਸ ਰਸੂਲ ਦੀ ਇਸ ਸਲਾਹ ਨੂੰ ਮੰਨਦੇ ਹਾਂ ਅਤੇ ਪਰਮੇਸ਼ੁਰ ਦੀ ਸੇਵਾ ਚੰਗੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਇੱਦਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਸਾਡੇ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਨ ਤੋਂ ਡਰ ਲੱਗਦਾ ਹੈ। (2 ਤਿਮੋ. 4:2) ਕਿਉਂ? ਕਿਉਂਕਿ ਕਈ ਦੇਸ਼ਾਂ ਵਿਚ ਪ੍ਰਚਾਰ ਦੇ ਕੰਮ ’ਤੇ ਪਾਬੰਦੀ ਲਾਈ ਗਈ ਹੈ ਜਾਂ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਹੈ। ਭਾਵੇਂ ਸਾਡੇ ਭੈਣਾਂ-ਭਰਾਵਾਂ ਨੂੰ ਪਤਾ ਹੈ ਕਿ ਇਨ੍ਹਾਂ ਹਾਲਾਤਾਂ ਵਿਚ ਪ੍ਰਚਾਰ ਕਰਨ ਨਾਲ ਉਨ੍ਹਾਂ ਨੂੰ ਜੇਲ੍ਹ ਹੋ ਸਕਦੀ ਹੈ, ਫਿਰ ਵੀ ਉਹ ਇਸ ਕੰਮ ਵਿਚ ਲੱਗੇ ਰਹਿੰਦੇ ਹਨ।

2 ਯਹੋਵਾਹ ਦੇ ਲੋਕ ਅਲੱਗ-ਅਲੱਗ ਮੁਸ਼ਕਲਾਂ ਵਿੱਚੋਂ ਲੰਘਦੇ ਹਨ ਜਿਨ੍ਹਾਂ ਕਰਕੇ ਉਹ ਨਿਰਾਸ਼ ਹੋ ਸਕਦੇ ਹਨ। ਉਦਾਹਰਣ ਲਈ, ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਤੋਰਨ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਹ ਪ੍ਰਚਾਰ ਵਿਚ ਜ਼ਿਆਦਾ ਸਮਾਂ ਤਾਂ ਲਾਉਣਾ ਚਾਹੁੰਦੇ ਹਨ, ਪਰ ਹਫ਼ਤੇ ਦੇ ਅਖ਼ੀਰ ਤਕ ਉਨ੍ਹਾਂ ਵਿਚ ਤਾਕਤ ਹੀ ਨਹੀਂ ਬਚਦੀ। ਕੁਝ ਭੈਣ-ਭਰਾ ਬਹੁਤ ਬੀਮਾਰ ਰਹਿੰਦੇ ਹਨ ਜਾਂ ਉਹ ਬਜ਼ੁਰਗ ਹਨ ਜਾਂ ਉਹ ਆਪਣੇ ਘਰੋਂ ਬਾਹਰ ਨਹੀਂ ਜਾ ਸਕਦੇ। ਨਾਲੇ ਕਈ ਹੋਰ ਭੈਣਾਂ-ਭਰਾਵਾਂ ਨੂੰ ਲੱਗਦਾ ਹੈ ਕਿ ਯਹੋਵਾਹ ਦੀਆਂ ਨਜ਼ਰ ਵਿਚ ਉਨ੍ਹਾਂ ਦੀ ਕੋਈ ਕਦਰ ਨਹੀਂ ਹੈ। ਮਾਰੀਆ * ਨਾਂ ਦੀ ਭੈਣ ਕਹਿੰਦੀ ਹੈ, “ਕਦੀ-ਕਦੀ ਮੈਂ ਇੰਨੀ ਜ਼ਿਆਦਾ ਨਿਰਾਸ਼ ਹੋ ਜਾਂਦੀ ਹਾਂ ਕਿ ਆਪਣੀਆਂ ਭਾਵਨਾਵਾਂ ਨਾਲ ਲੜਦੇ-ਲੜਦੇ ਹੀ ਮੇਰੀ ਬਸ ਹੋ ਜਾਂਦੀ ਹੈ। ਬਾਅਦ ਵਿਚ ਮੈਨੂੰ ਬਹੁਤ ਬੁਰਾ ਲੱਗਦਾ ਹੈ ਕਿਉਂਕਿ ਜਿਹੜਾ ਸਮਾਂ ਤੇ ਤਾਕਤ ਮੈਂ ਪ੍ਰਚਾਰ ਵਿਚ ਲਗਾ ਸਕਦੀ ਸੀ, ਉਹ ਇੱਦਾਂ ਬਰਬਾਦ ਹੋ ਗਿਆ।”

3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਸਾਡੇ ਹਾਲਾਤ ਭਾਵੇਂ ਜਿੱਦਾਂ ਦੇ ਮਰਜ਼ੀ ਹੋਣ, ਯਹੋਵਾਹ ਸਾਨੂੰ ਤਾਕਤ ਦੇ ਸਕਦਾ ਹੈ ਤਾਂਕਿ ਸਾਡੇ ਤੋਂ ਜਿੰਨਾ ਹੋ ਸਕੇ ਅਸੀਂ ਉਸ ਦੀ ਸੇਵਾ ਕਰਦੇ ਰਹੀਏ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਸਾਨੂੰ ਕਿਵੇਂ ਤਾਕਤ ਦਿੰਦਾ ਹੈ। ਪਰ ਆਓ ਪਹਿਲਾਂ ਦੇਖੀਏ ਕਿ ਯਹੋਵਾਹ ਨੇ ਪੌਲੁਸ ਅਤੇ ਤਿਮੋਥਿਉਸ ਦੀ ਮੁਸ਼ਕਲਾਂ ਦੇ ਬਾਵਜੂਦ ਸੇਵਾ ਦਾ ਕੰਮ ਪੂਰਾ ਕਰਨ ਵਿਚ ਕਿਵੇਂ ਮਦਦ ਕੀਤੀ।

ਯਹੋਵਾਹ ਸਾਨੂੰ ਪ੍ਰਚਾਰ ਕਰਦੇ ਰਹਿਣ ਦੀ ਤਾਕਤ ਦਿੰਦਾ ਹੈ

4. ਪੌਲੁਸ ਨੇ ਕਿਹੜੀਆਂ ਮੁਸ਼ਕਲਾਂ ਝੱਲੀਆਂ?

4 ਪੌਲੁਸ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਝੱਲੀਆਂ। ਉਸ ਨੂੰ ਯਹੋਵਾਹ ਦੀ ਤਾਕਤ ਦੀ ਉਦੋਂ ਜ਼ਿਆਦਾ ਲੋੜ ਸੀ, ਜਦੋਂ ਉਸ ਦੇ ਦੁਸ਼ਮਣਾਂ ਨੇ ਉਸ ਨੂੰ ਕੁੱਟਿਆ, ਜੇਲ੍ਹ ਵਿਚ ਸੁੱਟ ਦਿੱਤਾ ਅਤੇ ਇੱਥੋਂ ਤਕ ਕਿ ਉਸ ਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ। (2 ਕੁਰਿੰ. 11:23-25) ਪੌਲੁਸ ਕਈ ਵਾਰ ਆਪਣੀਆਂ ਕਮਜ਼ੋਰੀਆਂ ਕਰਕੇ ਨਿਰਾਸ਼ ਹੋ ਜਾਂਦਾ ਸੀ। ਉਸ ਨੇ ਖੁੱਲ੍ਹ ਕੇ ਦੱਸਿਆ ਕਿ ਉਸ ਲਈ ਇਨ੍ਹਾਂ ਭਾਵਨਾਵਾਂ ਨਾਲ ਲੜਨਾ ਬਹੁਤ ਮੁਸ਼ਕਲ ਹੁੰਦਾ ਸੀ। (ਰੋਮੀ. 7:18, 19, 24) ਪੌਲੁਸ ਦੇ “ਸਰੀਰ ਵਿਚ ਇਕ ਕੰਡਾ” ਸੀ ਜੋ ਇਕ ਬੀਮਾਰੀ ਵਾਂਗ ਸੀ। ਉਸ ਨੇ ਪਰਮੇਸ਼ੁਰ ਅੱਗੇ ਕਈ ਵਾਰ ਤਰਲੇ ਕੀਤੇ ਕਿ ਉਹ ਇਸ ਕੰਡੇ ਨੂੰ ਕੱਢ ਦੇਵੇ।​—2 ਕੁਰਿੰ. 12:7, 8.

ਪੌਲੁਸ ਅਤੇ ਤਿਮੋਥਿਉਸ ਨੂੰ ਪ੍ਰਚਾਰ ਕਰਦੇ ਰਹਿਣ ਦੀ ਤਾਕਤ ਕਿੱਥੋਂ ਮਿਲੀ? (ਪੈਰੇ 5-6 ਦੇਖੋ) *

5. ਆਪਣੀਆਂ ਮੁਸ਼ਕਲਾਂ ਦੇ ਬਾਵਜੂਦ ਪੌਲੁਸ ਕੀ-ਕੀ ਕਰ ਸਕਿਆ?

5 ਯਹੋਵਾਹ ਨੇ ਪੌਲੁਸ ਨੂੰ ਤਾਕਤ ਦਿੱਤੀ ਤਾਂਕਿ ਉਹ ਮੁਸ਼ਕਲਾਂ ਦੇ ਬਾਵਜੂਦ ਪ੍ਰਚਾਰ ਕਰਦਾ ਰਹੇ। ਉਦਾਹਰਣ ਲਈ, ਜਦੋਂ ਉਸ ਨੂੰ ਰੋਮ ਦੇ ਇਕ ਘਰ ਵਿਚ ਕੈਦ ਕੀਤਾ ਗਿਆ, ਤਾਂ ਵੀ ਉਹ ਯਹੂਦੀ ਆਗੂਆਂ ਅਤੇ ਸ਼ਾਇਦ ਸਰਕਾਰੀ ਅਧਿਕਾਰੀਆਂ ਨੂੰ ਜੋਸ਼ ਨਾਲ ਪ੍ਰਚਾਰ ਕਰਦਾ ਰਿਹਾ। (ਰਸੂ. 28:17; ਫ਼ਿਲਿ. 4:21, 22) ਉਸ ਨੇ ਰੋਮੀ ਸਮਰਾਟ ਦੇ ਬਹੁਤ ਸਾਰੇ ਅੰਗ-ਰੱਖਿਅਕਾਂ ਨੂੰ ਅਤੇ ਜਿਹੜੇ ਲੋਕ ਉਸ ਨੂੰ ਮਿਲਣ ਆਉਂਦੇ ਸਨ ਉਨ੍ਹਾਂ ਸਾਰਿਆਂ ਨੂੰ ਗਵਾਹੀ ਦਿੱਤੀ। (ਰਸੂ. 28:30, 31; ਫ਼ਿਲਿ. 1:13) ਉਸ ਸਮੇਂ ਦੌਰਾਨ ਪੌਲੁਸ ਨੇ ਕਈ ਮੰਡਲੀਆਂ ਨੂੰ ਚਿੱਠੀਆਂ ਵੀ ਲਿਖੀਆਂ ਜਿਨ੍ਹਾਂ ਤੋਂ ਉਸ ਸਮੇਂ ਦੇ ਸੱਚੇ ਮਸੀਹੀਆਂ ਨੂੰ ਫ਼ਾਇਦਾ ਹੋਇਆ ਅਤੇ ਅੱਜ ਸਾਨੂੰ ਵੀ ਹੋ ਰਿਹਾ ਹੈ। ਪੌਲੁਸ ਦੀ ਚੰਗੀ ਮਿਸਾਲ ਕਰਕੇ ਰੋਮ ਦੇ ਭੈਣਾਂ-ਭਰਾਵਾਂ ਨੂੰ ਬਹੁਤ ਹੌਸਲਾ ਮਿਲਿਆ ਅਤੇ ਉਨ੍ਹਾਂ ਨੇ “ਨਿਡਰ ਹੋ ਕੇ ਹੋਰ ਵੀ ਜ਼ਿਆਦਾ ਹੌਸਲੇ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ” ਕੀਤਾ। (ਫ਼ਿਲਿ. 1:14) ਭਾਵੇਂ ਕਈ ਵਾਰ ਪੌਲੁਸ ਜਿੰਨਾ ਕਰਨਾ ਚਾਹੁੰਦਾ ਸੀ ਉੱਨਾ ਨਹੀਂ ਕਰ ਪਾਉਂਦਾ ਸੀ, ਫਿਰ ਵੀ ਉਸ ਨੇ ਜੋ ਵੀ ਕੀਤਾ ਉਸ ਕਰਕੇ “ਖ਼ੁਸ਼ ਖ਼ਬਰੀ ਦਾ ਹੋਰ ਵੀ ਜ਼ਿਆਦਾ ਪ੍ਰਚਾਰ ਹੋਇਆ ਹੈ।”​—ਫ਼ਿਲਿ. 1:12.

6. ਦੂਸਰਾ ਕੁਰਿੰਥੀਆਂ 12:9, 10 ਮੁਤਾਬਕ ਪੌਲੁਸ ਕਿਸ ਦੀ ਮਦਦ ਨਾਲ ਸੇਵਾ ਦਾ ਕੰਮ ਪੂਰਾ ਕਰ ਸਕਿਆ?

6 ਪੌਲੁਸ ਸਮਝ ਗਿਆ ਸੀ ਕਿ ਯਹੋਵਾਹ ਦੀ ਸੇਵਾ ਵਿਚ ਉਸ ਨੇ ਜੋ ਵੀ ਕੀਤਾ ਉਹ ਆਪਣੀ ਤਾਕਤ ਨਾਲ ਨਹੀਂ, ਸਗੋਂ ਪਰਮੇਸ਼ੁਰ ਦੀ ਤਾਕਤ ਨਾਲ ਕੀਤਾ ਸੀ। ਉਸ ਨੇ ਇਹ ਗੱਲ ਮੰਨੀ ਕਿ ‘ਜਦੋਂ ਉਹ ਕਮਜ਼ੋਰ ਹੁੰਦਾ ਹੈਂ, ਉਦੋਂ ਪਰਮੇਸ਼ੁਰ ਦੀ ਤਾਕਤ ਪੂਰੀ ਤਰ੍ਹਾਂ ਉਸ ਨਾਲ ਹੁੰਦੀ ਹੈ।’ (2 ਕੁਰਿੰਥੀਆਂ 12:9, 10 ਪੜ੍ਹੋ।) ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਹੀ ਪੌਲੁਸ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਬਾਵਜੂਦ ਸੇਵਾ ਦਾ ਕੰਮ ਚੰਗੀ ਤਰ੍ਹਾਂ ਪੂਰਾ ਕਰ ਸਕਿਆ।

ਤਿਮੋਥਿਉਸ ਨੂੰ ਪ੍ਰਚਾਰ ਕਰਦੇ ਰਹਿਣ ਦੀ ਤਾਕਤ ਕਿੱਥੋਂ ਮਿਲੀ? (ਪੈਰਾ 7 ਦੇਖੋ) *

7. ਤਿਮੋਥਿਉਸ ਨੂੰ ਸੇਵਾ ਦਾ ਕੰਮ ਪੂਰਾ ਕਰਨ ਲਈ ਕਿਹੜੀਆਂ ਮੁਸ਼ਕਲਾਂ ਪਾਰ ਕਰਨੀਆਂ ਪਈਆਂ?

7 ਨੌਜਵਾਨ ਤਿਮੋਥਿਉਸ ਨੂੰ ਵੀ ਸੇਵਾ ਦਾ ਕੰਮ ਪੂਰਾ ਕਰਨ ਲਈ ਪਰਮੇਸ਼ੁਰ ਦੀ ਤਾਕਤ ’ਤੇ ਭਰੋਸਾ ਰੱਖਣਾ ਪਿਆ। ਪੌਲੁਸ ਦਾ ਸਾਥੀ ਹੋਣ ਕਰਕੇ ਤਿਮੋਥਿਉਸ ਉਸ ਨਾਲ ਮਿਸ਼ਨਰੀ ਦੌਰਿਆਂ ’ਤੇ ਦੂਰ-ਦੂਰ ਜਾਂਦਾ ਹੁੰਦਾ ਸੀ। ਕਦੇ-ਕਦੇ ਪੌਲੁਸ ਉਸ ਨੂੰ ਮੰਡਲੀ ਦੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਲਈ ਇਕੱਲਿਆਂ ਭੇਜਦਾ ਹੁੰਦਾ ਸੀ। (1 ਕੁਰਿੰ. 4:17) ਤਿਮੋਥਿਉਸ ਨੂੰ ਸ਼ਾਇਦ ਲੱਗਾ ਹੋਣਾ ਕਿ ਉਹ ਇਹ ਕੰਮ ਨਹੀਂ ਕਰ ਸਕੇਗਾ। ਸ਼ਾਇਦ ਇਸੇ ਲਈ ਪੌਲੁਸ ਨੇ ਤਿਮੋਥਿਉਸ ਨੂੰ ਹੌਸਲਾ ਦਿੰਦਿਆਂ ਕਿਹਾ, “ਕੋਈ ਵੀ ਤੈਨੂੰ ਨੌਜਵਾਨ ਹੋਣ ਕਰਕੇ ਕਦੇ ਵੀ ਐਵੇਂ ਨਾ ਸਮਝੇ।” (1 ਤਿਮੋ. 4:12) ਇਸ ਤੋਂ ਇਲਾਵਾ, ਤਿਮੋਥਿਉਸ ਦੇ ਸਰੀਰ ਵਿਚ ਵੀ ਇਕ ਕੰਡਾ ਸੀ ਜਿਸ ਕਰਕੇ ਉਹ “ਵਾਰ-ਵਾਰ ਬੀਮਾਰ” ਹੋ ਜਾਂਦਾ ਸੀ। (1 ਤਿਮੋ. 5:23) ਪਰ ਤਿਮੋਥਿਉਸ ਜਾਣਦਾ ਸੀ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਹੀ ਉਹ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕਰ ਸਕਿਆ ਅਤੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾ ਸਕਿਆ।​—2 ਤਿਮੋ. 1:7.

ਯਹੋਵਾਹ ਮੁਸ਼ਕਲਾਂ ਦੇ ਬਾਵਜੂਦ ਵਫ਼ਾਦਾਰ ਰਹਿਣ ਦੀ ਤਾਕਤ ਦਿੰਦਾ ਹੈ

8. ਅੱਜ ਯਹੋਵਾਹ ਆਪਣੇ ਲੋਕਾਂ ਨੂੰ ਤਾਕਤ ਕਿਵੇਂ ਦਿੰਦਾ ਹੈ?

8 ਅੱਜ ਯਹੋਵਾਹ ਆਪਣੇ ਲੋਕਾਂ ਨੂੰ ਉਹ ਤਾਕਤ ਦਿੰਦਾ ਹੈ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ” ਤਾਂਕਿ ਉਹ ਉਸ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਰਹਿਣ। (2 ਕੁਰਿੰ. 4:7) ਆਓ ਹੁਣ ਆਪਾਂ ਚਾਰ ਪ੍ਰਬੰਧਾਂ ’ਤੇ ਗੌਰ ਕਰੀਏ ਜਿਨ੍ਹਾਂ ਰਾਹੀਂ ਯਹੋਵਾਹ ਆਪਣੇ ਲੋਕਾਂ ਨੂੰ ਤਾਕਤ ਦਿੰਦਾ ਹੈ ਅਤੇ ਵਫ਼ਾਦਾਰ ਰਹਿਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ। ਇਹ ਪ੍ਰਬੰਧ ਹਨ: ਪ੍ਰਾਰਥਨਾ, ਬਾਈਬਲ, ਭੈਣਾਂ-ਭਰਾਵਾਂ ਦਾ ਸਾਥ ਅਤੇ ਪ੍ਰਚਾਰ ਦਾ ਕੰਮ।

ਯਹੋਵਾਹ ਸਾਨੂੰ ਪ੍ਰਾਰਥਨਾ ਰਾਹੀਂ ਤਾਕਤ ਦਿੰਦਾ ਹੈ (ਪੈਰਾ 9 ਦੇਖੋ)

9. ਪ੍ਰਾਰਥਨਾ ਤੋਂ ਸਾਨੂੰ ਕਿਵੇਂ ਮਦਦ ਮਿਲਦੀ ਹੈ?

9 ਪ੍ਰਾਰਥਨਾ। ਪੌਲੁਸ ਨੇ ਅਫ਼ਸੀਆਂ 6:18 ਵਿਚ ਸਾਨੂੰ “ਹਰ ਮੌਕੇ ’ਤੇ” ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਸੀ। ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ ਅਤੇ ਸਾਨੂੰ ਤਾਕਤ ਦੇਵੇਗਾ। ਬੋਲੀਵੀਆ ਵਿਚ ਰਹਿਣ ਵਾਲੇ ਜੌਨੀ ’ਤੇ ਅਚਾਨਕ ਮੁਸ਼ਕਲਾਂ ਦਾ ਪਹਾੜ ਟੁੱਟ ਪਿਆ। ਉਸ ਦੀ ਪਤਨੀ ਅਤੇ ਮੰਮੀ-ਡੈਡੀ ਇੱਕੋ ਸਮੇਂ ’ਤੇ ਬਹੁਤ ਬੀਮਾਰ ਹੋ ਗਏ। ਜੌਨੀ ਲਈ ਉਨ੍ਹਾਂ ਤਿੰਨਾਂ ਦੀ ਇਕੱਠਿਆਂ ਦੇਖ-ਭਾਲ ਕਰਨੀ ਸੌਖੀ ਨਹੀਂ ਸੀ। ਕੁਝ ਸਮੇਂ ਬਾਅਦ ਉਸ ਦੀ ਮੰਮੀ ਦੀ ਮੌਤ ਹੋ ਗਈ ਅਤੇ ਉਸ ਦੇ ਡੈਡੀ ਅਤੇ ਪਤਨੀ ਨੂੰ ਵੀ ਠੀਕ ਹੋਣ ਵਿਚ ਕਾਫ਼ੀ ਸਮਾਂ ਲੱਗ ਗਿਆ। ਉਸ ਔਖੇ ਸਮੇਂ ਨੂੰ ਯਾਦ ਕਰਦਿਆਂ ਜੌਨੀ ਕਹਿੰਦਾ ਹੈ, “ਜਦੋਂ ਵੀ ਚਿੰਤਾਵਾਂ ਮੈਨੂੰ ਘੇਰ ਲੈਂਦੀਆਂ ਸਨ, ਤਾਂ ਪ੍ਰਾਰਥਨਾ ਕਰਨ ਨਾਲ ਹਮੇਸ਼ਾ ਮੇਰੀ ਮਦਦ ਹੁੰਦੀ ਸੀ। ਮੈਂ ਪਰਮੇਸ਼ੁਰ ਨੂੰ ਸਾਫ਼-ਸਾਫ਼ ਦੱਸਦਾ ਸੀ ਕਿ ਮੈਨੂੰ ਕਿਵੇਂ ਲੱਗ ਰਿਹਾ ਹੈ।” ਯਹੋਵਾਹ ਨੇ ਜੌਨੀ ਨੂੰ ਉਹ ਤਾਕਤ ਦਿੱਤੀ ਜਿਸ ਨਾਲ ਉਹ ਆਪਣੀਆਂ ਮੁਸ਼ਕਲਾਂ ਸਹਿ ਸਕਿਆ। ਬੋਲੀਵੀਆ ਵਿਚ ਰਹਿਣ ਵਾਲੇ ਰੋਨਲਡ ਨਾਂ ਦੇ ਬਜ਼ੁਰਗ ਨੂੰ ਪਤਾ ਲੱਗਾ ਕਿ ਉਸ ਦੀ ਮੰਮੀ ਨੂੰ ਕੈਂਸਰ ਹੈ। ਇਕ ਮਹੀਨੇ ਬਾਅਦ ਉਸ ਦੀ ਮੰਮੀ ਦੀ ਮੌਤ ਹੋ ਗਈ। ਉਨ੍ਹਾਂ ਔਖੀਆਂ ਘੜੀਆਂ ਦੌਰਾਨ ਪ੍ਰਾਰਥਨਾ ਤੋਂ ਉਸ ਨੂੰ ਬਹੁਤ ਹਿੰਮਤ ਮਿਲੀ। ਉਹ ਕਹਿੰਦਾ ਹੈ, “ਜਦੋਂ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹਾਂ, ਤਾਂ ਮੈਂ ਉਸ ਅੱਗੇ ਆਪਣਾ ਦਿਲ ਪੂਰੀ ਤਰ੍ਹਾਂ ਖੋਲ੍ਹ ਦਿੰਦਾ ਹਾਂ। ਮੈਨੂੰ ਯਕੀਨ ਹੈ ਕਿ ਉਹ ਮੈਨੂੰ ਸਮਝਦਾ ਹੈ। ਉਹ ਮੈਨੂੰ ਮੇਰੇ ਨਾਲੋਂ ਵੱਧ ਜਾਣਦਾ ਹੈ।” ਹੋ ਸਕਦਾ ਹੈ ਕਿ ਕਦੇ-ਕਦੇ ਅਸੀਂ ਇੰਨੇ ਪਰੇਸ਼ਾਨ ਹੋਈਏ ਕਿ ਸਾਨੂੰ ਸਮਝ ਹੀ ਨਾ ਆਵੇ ਕਿ ਸਾਨੂੰ ਪ੍ਰਾਰਥਨਾ ਵਿਚ ਕੀ ਕਹਿਣਾ ਚਾਹੀਦਾ ਹੈ। ਫਿਰ ਵੀ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ।​—ਰੋਮੀ. 8:26, 27.

ਯਹੋਵਾਹ ਸਾਨੂੰ ਬਾਈਬਲ ਰਾਹੀਂ ਤਾਕਤ ਦਿੰਦਾ ਹੈ (ਪੈਰਾ 10 ਦੇਖੋ)

10. ਇਬਰਾਨੀਆਂ 4:12 ਮੁਤਾਬਕ ਬਾਈਬਲ ਪੜ੍ਹਨੀ ਅਤੇ ਇਸ ’ਤੇ ਸੋਚ-ਵਿਚਾਰ ਕਰਨਾ ਇੰਨਾ ਜ਼ਰੂਰੀ ਕਿਉਂ ਹੈ?

10 ਬਾਈਬਲ। ਪੌਲੁਸ ਵਾਂਗ ਸਾਨੂੰ ਵੀ ਪਰਮੇਸ਼ੁਰ ਦਾ ਬਚਨ ਪੜ੍ਹਨਾ ਚਾਹੀਦਾ ਹੈ। ਇਸ ਤੋਂ ਸਾਨੂੰ ਹਿੰਮਤ ਅਤੇ ਦਿਲਾਸਾ ਮਿਲੇਗਾ। (ਰੋਮੀ. 15:4) ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ ਅਤੇ ਇਸ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਯਹੋਵਾਹ ਦੀ ਪਵਿੱਤਰ ਸ਼ਕਤੀ ਸਾਡੀ ਮਦਦ ਕਰਦੀ ਹੈ। ਇਹ ਸਾਡੀ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਅਸੀਂ ਬਾਈਬਲ ਦੀ ਸਲਾਹ ਨੂੰ ਆਪਣੇ ਹਾਲਾਤਾਂ ਮੁਤਾਬਕ ਕਿਵੇਂ ਲਾਗੂ ਕਰ ਸਕਦੇ ਹਾਂ। (ਇਬਰਾਨੀਆਂ 4:12 ਪੜ੍ਹੋ।) ਰੋਨਲਡ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ, “ਮੈਂ ਖ਼ੁਸ਼ ਹਾਂ ਕਿ ਮੈਂ ਹਰ ਰਾਤ ਬਾਈਬਲ ਪੜ੍ਹਨ ਦੀ ਆਦਤ ਪਾਈ ਹੈ। ਬਾਈਬਲ ਪੜ੍ਹਦੇ ਵੇਲੇ ਮੈਂ ਸੋਚ-ਵਿਚਾਰ ਕਰਦਾ ਹਾਂ ਕਿ ਯਹੋਵਾਹ ਵਿਚ ਕਿਹੜੇ-ਕਿਹੜੇ ਗੁਣ ਹਨ ਅਤੇ ਪੁਰਾਣੇ ਸਮੇਂ ਵਿਚ ਉਹ ਆਪਣੇ ਸੇਵਕਾਂ ਦੀ ਕਿਵੇਂ ਦੇਖ-ਭਾਲ ਕਰਦਾ ਸੀ। ਇੱਦਾਂ ਕਰਨ ਨਾਲ ਮੈਨੂੰ ਬਹੁਤ ਤਾਕਤ ਮਿਲਦੀ ਹੈ।”

11. ਬਾਈਬਲ ਦੀ ਮਦਦ ਨਾਲ ਇਕ ਭੈਣ ਆਪਣੇ ਦੁੱਖ ਨੂੰ ਕਿਵੇਂ ਸਹਿ ਪਾਈ?

11 ਜਦੋਂ ਅਸੀਂ ਬਾਈਬਲ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਅਸੀਂ ਆਪਣੀਆਂ ਮੁਸ਼ਕਲਾਂ ਬਾਰੇ ਸਹੀ ਨਜ਼ਰੀਆ ਰੱਖ ਪਾਉਂਦੇ ਹਾਂ। ਇਕ ਭੈਣ ਦੀ ਮਿਸਾਲ ’ਤੇ ਗੌਰ ਕਰੋ ਜਿਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਬਹੁਤ ਦੁਖੀ ਸੀ। ਇਕ ਬਜ਼ੁਰਗ ਨੇ ਉਸ ਨੂੰ ਅੱਯੂਬ ਦੀ ਕਿਤਾਬ ਪੜ੍ਹਨ ਦੀ ਸਲਾਹ ਦਿੱਤੀ। ਜਦੋਂ ਉਸ ਨੇ ਪੜ੍ਹਨਾ ਸ਼ੁਰੂ ਕੀਤਾ, ਤਾਂ ਉਸ ਨੂੰ ਲੱਗਾ ਕਿ ਅੱਯੂਬ ਦੀ ਸੋਚ ਗ਼ਲਤ ਸੀ। ਭੈਣ ਨੇ ਆਪਣੇ ਮਨ ਵਿਚ ਕਿਹਾ, “ਅੱਯੂਬ, ਤੂੰ ਸਿਰਫ਼ ਆਪਣੀਆਂ ਮੁਸ਼ਕਲਾਂ ਬਾਰੇ ਸੋਚ ਰਿਹਾ ਹੈਂ!” ਇਹ ਸਹੀ ਨਹੀਂ ਹੈ।” ਬਾਅਦ ਵਿਚ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਆਪਣੀ ਸੋਚ ਵੀ ਅੱਯੂਬ ਵਾਂਗ ਹੋ ਗਈ ਸੀ। ਬਾਈਬਲ ਦੀ ਮਦਦ ਨਾਲ ਉਹ ਆਪਣੀ ਸੋਚ ਸੁਧਾਰ ਪਾਈ ਅਤੇ ਆਪਣੇ ਪਤੀ ਦੀ ਮੌਤ ਦਾ ਗਮ ਸਹਿ ਪਾਈ।

ਯਹੋਵਾਹ ਸਾਨੂੰ ਭੈਣਾਂ-ਭਰਾਵਾਂ ਰਾਹੀਂ ਤਾਕਤ ਦਿੰਦਾ ਹੈ (ਪੈਰਾ 12 ਦੇਖੋ)

12. ਯਹੋਵਾਹ ਭੈਣਾਂ-ਭਰਾਵਾਂ ਰਾਹੀਂ ਸਾਨੂੰ ਤਾਕਤ ਕਿਵੇਂ ਦਿੰਦਾ ਹੈ?

12 ਭੈਣਾਂ-ਭਰਾਵਾਂ ਦਾ ਸਾਥ। ਯਹੋਵਾਹ ਸਾਨੂੰ ਭੈਣਾਂ-ਭਰਾਵਾਂ ਰਾਹੀਂ ਤਾਕਤ ਦਿੰਦਾ ਹੈ। ਪੌਲੁਸ ਰਸੂਲ ਨੇ ਲਿਖਿਆ ਕਿ ਉਹ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਮਿਲਣ ਲਈ ਤਰਸ ਰਿਹਾ ਸੀ ਤਾਂਕਿ ਉਨ੍ਹਾਂ ਨੂੰ ‘ਇਕ-ਦੂਜੇ ਦੀ ਨਿਹਚਾ ਤੋਂ ਹੌਸਲਾ ਮਿਲ ਸਕੇ।’ (ਰੋਮੀ. 1:11, 12) ਮਾਰੀਆ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਨੂੰ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਕੇ ਬਹੁਤ ਵਧੀਆ ਲੱਗਦਾ ਹੈ। ਉਹ ਕਹਿੰਦੀ ਹੈ, “ਯਹੋਵਾਹ ਭੈਣਾਂ-ਭਰਾਵਾਂ ਰਾਹੀਂ ਮੈਨੂੰ ਤਾਕਤ ਦਿੰਦਾ ਹੈ ਜਦ ਕਿ ਉਨ੍ਹਾਂ ਨੂੰ ਮੇਰੀਆਂ ਮੁਸ਼ਕਲਾਂ ਬਾਰੇ ਕੁਝ ਪਤਾ ਵੀ ਨਹੀਂ ਹੁੰਦਾ। ਉਹ ਕਦੇ-ਕਦੇ ਮੈਨੂੰ ਕਾਰਡ ਭੇਜਦੇ ਹਨ ਜਾਂ ਮੈਨੂੰ ਉਹੀ ਗੱਲਾਂ ਕਹਿੰਦੇ ਹਨ ਜਿਨ੍ਹਾਂ ਦੀ ਮੈਨੂੰ ਲੋੜ ਹੁੰਦੀ ਹੈ। ਇਸ ਤਰ੍ਹਾਂ ਮੈਂ ਉਨ੍ਹਾਂ ਭੈਣਾਂ ਨਾਲ ਖੁੱਲ੍ਹ ਕੇ ਗੱਲ ਕਰ ਪਾਈ ਜਿਨ੍ਹਾਂ ਨੇ ਮੇਰੇ ਵਰਗੀਆਂ ਮੁਸ਼ਕਲਾਂ ਝੱਲੀਆਂ ਸਨ। ਉਨ੍ਹਾਂ ਤੋਂ ਮੈਂ ਸਿੱਖਿਆ ਕਿ ਮੈਂ ਆਪਣੀਆਂ ਭਾਵਨਾਵਾਂ ਨਾਲ ਲੜ ਸਕਦੀ ਹਾਂ। ਨਾਲੇ ਬਜ਼ੁਰਗ ਮੈਨੂੰ ਅਹਿਸਾਸ ਕਰਾਉਂਦੇ ਹਨ ਕਿ ਮੰਡਲੀ ਦੇ ਭੈਣ-ਭਰਾ ਮੈਨੂੰ ਬਹੁਤ ਪਿਆਰ ਕਰਦੇ ਹਨ।”

13. ਮੀਟਿੰਗਾਂ ਵਿਚ ਅਸੀਂ ਭੈਣਾਂ-ਭਰਾਵਾਂ ਦਾ ਹੌਸਲਾ ਕਿਵੇਂ ਵਧਾ ਸਕਦੇ ਹਾਂ?

13 ਮੀਟਿੰਗਾਂ ਵਿਚ ਸਾਡੇ ਕੋਲ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਦੇ ਵਧੀਆ ਮੌਕੇ ਹੁੰਦੇ ਹਨ। ਅਸੀਂ ਦੂਸਰਿਆਂ ਦੀ ਹਿੰਮਤ ਵਧਾਉਣ ਲਈ ਪਹਿਲ ਕਰ ਸਕਦੇ ਹਾਂ। ਅਸੀਂ ਭੈਣਾਂ-ਭਰਾਵਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਦੀ ਕਿੰਨੀ ਕਦਰ ਕਰਦੇ ਹਾਂ। ਪੀਟਰ ਨਾਂ ਦੇ ਇਕ ਬਜ਼ੁਰਗ ਨੇ ਵੀ ਕੁਝ ਅਜਿਹਾ ਹੀ ਕੀਤਾ। ਇਕ ਵਾਰ ਮੀਟਿੰਗ ਤੋਂ ਪਹਿਲਾਂ ਉਸ ਨੇ ਇਕ ਭੈਣ, ਜਿਸ ਦਾ ਪਤੀ ਅਵਿਸ਼ਵਾਸੀ ਸੀ, ਨੂੰ ਕਿਹਾ: “ਮੈਨੂੰ ਇਹ ਦੇਖ ਕੇ ਬਹੁਤ ਚੰਗਾ ਲੱਗਦਾ ਹੈ ਕਿ ਤੁਸੀਂ ਆਪਣੇ ਛੇ ਬੱਚਿਆਂ ਨੂੰ ਸਾਰੀਆਂ ਮੀਟਿੰਗਾਂ ਵਿਚ ਲੈ ਕੇ ਆਉਂਦੇ ਹੋ। ਨਾਲੇ ਤੁਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਤਿਆਰ ਕਰ ਕੇ ਲਿਆਉਂਦੇ ਹੋ ਅਤੇ ਉਹ ਮੀਟਿੰਗਾਂ ਵਿਚ ਵਧੀਆ ਜਵਾਬ ਵੀ ਦਿੰਦੇ ਹਨ।” ਇਹ ਸੁਣ ਕੇ ਭੈਣ ਦੀਆਂ ਅੱਖਾਂ ਵਿਚ ਹੰਝੂ ਆ ਗਏ ਅਤੇ ਉਸ ਨੇ ਕਿਹਾ, “ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਤੁਹਾਡੀਆਂ ਗੱਲਾਂ ਤੋਂ ਮੈਨੂੰ ਕਿੰਨੀ ਹਿੰਮਤ ਮਿਲੀ।”

ਯਹੋਵਾਹ ਸਾਨੂੰ ਪ੍ਰਚਾਰ ਦੇ ਕੰਮ ਰਾਹੀਂ ਤਾਕਤ ਦਿੰਦਾ ਹੈ (ਪੈਰਾ 14 ਦੇਖੋ)

14. ਪ੍ਰਚਾਰ ਦੇ ਕੰਮ ਤੋਂ ਸਾਨੂੰ ਕਿਵੇਂ ਮਦਦ ਮਿਲਦੀ ਹੈ?

14 ਪ੍ਰਚਾਰ ਦਾ ਕੰਮ। ਭਾਵੇਂ ਲੋਕ ਸਾਡੀ ਗੱਲ ਸੁਣਨ ਜਾਂ ਨਾ ਸੁਣਨ, ਫਿਰ ਵੀ ਅਸੀਂ ਪ੍ਰਚਾਰ ਕਰਦੇ ਹਾਂ ਕਿਉਂਕਿ ਇਸ ਨਾਲ ਅਸੀਂ ਤਰੋ-ਤਾਜ਼ਾ ਮਹਿਸੂਸ ਕਰਦੇ ਹਾਂ। (ਕਹਾ. 11:25) ਸਟੇਸੀ ਨਾਂ ਦੀ ਭੈਣ ਨੂੰ ਵੀ ਪ੍ਰਚਾਰ ਕਰ ਕੇ ਬਹੁਤ ਤਾਕਤ ਮਿਲਦੀ ਹੈ। ਜਦੋਂ ਉਸ ਦੇ ਪਰਿਵਾਰ ਵਿਚ ਕਿਸੇ ਨੂੰ ਛੇਕ ਦਿੱਤਾ ਗਿਆ, ਤਾਂ ਉਸ ਨੂੰ ਬਹੁਤ ਦੁੱਖ ਹੋਇਆ। ਉਹ ਸੋਚਦੀ ਹੁੰਦੀ ਸੀ, ‘ਕਾਸ਼, ਮੈਂ ਉਸ ਨੂੰ ਇੰਨੀ ਵੱਡੀ ਗ਼ਲਤੀ ਕਰਨ ਤੋਂ ਰੋਕ ਸਕਦੀ!’ ਸਟੇਸੀ ਨੂੰ ਇਹ ਗੱਲ ਵਾਰ-ਵਾਰ ਸਤਾਉਂਦੀ ਰਹਿੰਦੀ ਸੀ। ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ? ਪ੍ਰਚਾਰ ਕੰਮ ਨੇ। ਪ੍ਰਚਾਰ ਕਰਨ ਕਰਕੇ ਉਹ ਆਪਣਾ ਧਿਆਨ ਮੁਸ਼ਕਲਾਂ ’ਤੇ ਲਾਉਣ ਦੀ ਬਜਾਇ ਲੋਕਾਂ ਦੀ ਮਦਦ ਕਰਨ ’ਤੇ ਲਾ ਪਾਈ। ਉਹ ਕਹਿੰਦੀ ਹੈ, “ਉਸ ਵੇਲੇ ਮੈਨੂੰ ਯਹੋਵਾਹ ਦੀ ਮਦਦ ਨਾਲ ਇਕ ਬਾਈਬਲ ਸਟੱਡੀ ਮਿਲੀ ਜਿਸ ਨੇ ਛੇਤੀ-ਛੇਤੀ ਤਰੱਕੀ ਕੀਤੀ। ਇਸ ਨਾਲ ਮੈਨੂੰ ਬਹੁਤ ਹੌਸਲਾ ਮਿਲਿਆ। ਪ੍ਰਚਾਰ ਕਰਨ ਨਾਲ ਹੀ ਮੈਂ ਮੁਸ਼ਕਲ ਸਮੇਂ ਵਿਚ ਆਪਣੇ ਆਪ ਨੂੰ ਸੰਭਾਲ ਸਕੀ।”

15. ਮਾਰੀਆਂ ਦੀਆਂ ਗੱਲਾਂ ਤੋਂ ਤੁਸੀਂ ਕੀ ਸਿੱਖਦੇ ਹੋ?

15 ਕੁਝ ਭੈਣ-ਭਰਾ ਆਪਣੇ ਹਾਲਾਤਾਂ ਕਰਕੇ ਉੱਨਾ ਪ੍ਰਚਾਰ ਨਹੀਂ ਕਰ ਪਾਉਂਦੇ ਜਿੰਨਾ ਉਹ ਕਰਨਾ ਚਾਹੁੰਦੇ ਹਨ। ਜੇ ਤੁਹਾਨੂੰ ਵੀ ਇੱਦਾਂ ਲੱਗਦਾ ਹੈ, ਤਾਂ ਯਾਦ ਰੱਖੋ ਕਿ ਆਪਣੀ ਪੂਰੀ ਵਾਹ ਲਾ ਕੇ ਤੁਸੀਂ ਜੋ ਕਰਦੇ ਹੋ ਉਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਮਾਰੀਆ ਦੀ ਮਿਸਾਲ ’ਤੇ ਦੁਬਾਰਾ ਗੌਰ ਕਰੋ। ਉਹ ਕਿਸੇ ਨਵੀਂ ਭਾਸ਼ਾ ਵਾਲੇ ਇਲਾਕੇ ਵਿਚ ਪ੍ਰਚਾਰ ਕਰਨ ਗਈ ਸੀ। ਉੱਥੇ ਜਾ ਕੇ ਮਾਰੀਆ ਨੂੰ ਲੱਗਾ ਕਿ ਉਹ ਜ਼ਿਆਦਾ ਕੁਝ ਨਹੀਂ ਕਰ ਪਾ ਰਹੀ। ਉਹ ਕਹਿੰਦੀ ਹੈ, “ਮੀਟਿੰਗਾਂ ਵਿਚ ਮੈਂ ਕੋਈ ਸੌਖਾ ਜਿਹਾ ਜਵਾਬ ਦੇ ਦਿੰਦੀ ਸੀ ਜਾਂ ਸਿਰਫ਼ ਬਾਈਬਲ ਦੀ ਕੋਈ ਆਇਤ ਪੜ੍ਹ ਦਿੰਦੀ ਸੀ। ਨਾਲੇ ਜਦੋਂ ਮੈਂ ਪ੍ਰਚਾਰ ਵਿਚ ਜਾਂਦੀ ਸੀ, ਤਾਂ ਲੋਕਾਂ ਨੂੰ ਬੱਸ ਇਕ ਪਰਚਾ ਫੜਾ ਦਿੰਦੀ ਸੀ।” ਉਸ ਨੂੰ ਲੱਗਦਾ ਸੀ ਕਿ ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਇਹ ਭਾਸ਼ਾ ਚੰਗੀ ਤਰ੍ਹਾਂ ਆਉਂਦੀ ਹੈ ਉਨ੍ਹਾਂ ਦੇ ਮੁਕਾਬਲੇ ਉਹ ਕੁਝ ਨਹੀਂ ਕਰ ਪਾ ਰਹੀ ਹੈ। ਫਿਰ ਉਸ ਨੂੰ ਅਹਿਸਾਸ ਹੋਇਆ ਕਿ ਭਾਵੇਂ ਉਹ ਜ਼ਿਆਦਾ ਨਹੀਂ ਕਰ ਸਕਦੀ, ਫਿਰ ਵੀ ਉਹ ਯਹੋਵਾਹ ਦੇ ਕੰਮ ਆ ਸਕਦੀ ਹੈ। ਉਸ ਨੇ ਆਪਣੀ ਸੋਚ ਸੁਧਾਰੀ। ਉਹ ਕਹਿੰਦੀ ਹੈ, ‘ਬਾਈਬਲ ਦੀਆਂ ਸੱਚਾਈਆਂ ਇੰਨੀਆਂ ਸੌਖੀਆਂ ਹਨ ਕਿ ਇਹ ਕਿਸੇ ਦੀ ਵੀ ਜ਼ਿੰਦਗੀ ਨੂੰ ਬਦਲ ਸਕਦੀਆਂ ਹਨ। ਇਸ ਲਈ ਇਹ ਜ਼ਰੂਰੀ ਨਹੀਂ ਕਿ ਕਿਸੇ ਵਿਅਕਤੀ ਨੂੰ ਕੋਈ ਭਾਸ਼ਾ ਚੰਗੀ ਤਰ੍ਹਾਂ ਆਉਣੀ ਹੀ ਚਾਹੀਦੀ ਹੈ।’

16. ਜਿਹੜੇ ਭੈਣ-ਭਰਾ ਘਰੋਂ ਬਾਹਰ ਨਹੀਂ ਜਾ ਸਕਦੇ ਉਹ ਪ੍ਰਚਾਰ ਕਿਵੇਂ ਕਰ ਸਕਦੇ ਹਨ?

16 ਯਹੋਵਾਹ ਜਾਣਦਾ ਹੈ ਕਿ ਸਾਡੇ ਵਿੱਚੋਂ ਕੁਝ ਭੈਣ-ਭਰਾ ਪ੍ਰਚਾਰ ਕਰਨਾ ਚਾਹੁੰਦੇ ਹਨ, ਪਰ ਉਹ ਬੀਮਾਰੀ ਜਾਂ ਕਿਸੇ ਹੋਰ ਵਜ੍ਹਾ ਕਰਕੇ ਆਪਣੇ ਘਰੋਂ ਬਾਹਰ ਨਹੀਂ ਜਾ ਸਕਦੇ। ਅਜਿਹੇ ਹਾਲਾਤਾਂ ਵਿਚ ਉਹ ਸਾਨੂੰ ਹੋਰ ਤਰੀਕਿਆਂ ਨਾਲ ਪ੍ਰਚਾਰ ਕਰਨ ਦੇ ਮੌਕੇ ਦਿੰਦਾ ਹੈ। ਉਦਾਹਰਣ ਲਈ, ਅਸੀਂ ਡਾਕਟਰ, ਨਰਸ ਜਾਂ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰ ਸਕਦੇ ਹਾਂ ਜੋ ਸਾਡੀ ਦੇਖ-ਭਾਲ ਕਰਨ ਆਉਂਦੇ ਹਨ। ਜੇ ਅਸੀਂ ਇਹ ਸੋਚਦੇ ਰਹਾਂਗੇ ਕਿ ਅਸੀਂ ਪਹਿਲਾਂ ਬਹੁਤ ਕੁਝ ਕਰ ਰਹੇ ਸੀ, ਪਰ ਹੁਣ ਉੱਨਾ ਨਹੀਂ ਕਰ ਪਾ ਰਹੇ, ਤਾਂ ਅਸੀਂ ਨਿਰਾਸ਼ ਹੋ ਜਾਵਾਂਗੇ। ਪਰ ਜੇ ਅਸੀਂ ਇਸ ਗੱਲ ਨੂੰ ਸਮਝਾਂਗੇ ਕਿ ਯਹੋਵਾਹ ਅੱਜ ਸਾਡੀ ਕਿਵੇਂ ਮਦਦ ਕਰ ਰਿਹਾ ਹੈ, ਤਾਂ ਸਾਨੂੰ ਤਾਕਤ ਮਿਲੇਗੀ ਅਤੇ ਅਸੀਂ ਕਿਸੇ ਵੀ ਮੁਸ਼ਕਲ ਨੂੰ ਖ਼ੁਸ਼ੀ-ਖ਼ੁਸ਼ੀ ਝੱਲ ਸਕਾਂਗੇ।

17. ਉਪਦੇਸ਼ਕ ਦੀ ਕਿਤਾਬ 11:6 ਮੁਤਾਬਕ ਪ੍ਰਚਾਰ ਵਿਚ ਛੇਤੀ ਹੀ ਨਤੀਜੇ ਨਾ ਮਿਲਣ ’ਤੇ ਵੀ ਸਾਨੂੰ ਕਿਉਂ ਲੱਗੇ ਰਹਿਣਾ ਚਾਹੀਦਾ ਹੈ?

17 ਅਸੀਂ ਨਹੀਂ ਜਾਣਦੇ ਕਿ ਅਸੀਂ ਸੱਚਾਈ ਦੇ ਜਿਹੜੇ ਬੀ ਬੀਜੇ ਹਨ ਉਨ੍ਹਾਂ ਵਿੱਚੋਂ ਕਿਹੜਾ ਬੀ ਉੱਗੇਗਾ ਅਤੇ ਵਧੇਗਾ। (ਉਪਦੇਸ਼ਕ ਦੀ ਕਿਤਾਬ 11:6 ਪੜ੍ਹੋ।) ਬਾਰਬਰਾ ਨਾਂ ਦੀ ਭੈਣ, ਜਿਸ ਦੀ ਉਮਰ 80 ਸਾਲ ਤੋਂ ਜ਼ਿਆਦਾ ਹੈ, ਅਕਸਰ ਟੈਲੀਫ਼ੋਨ ਅਤੇ ਚਿੱਠੀਆਂ ਰਾਹੀਂ ਗਵਾਹੀ ਦਿੰਦੀ ਹੈ। ਉਸ ਨੇ ਇਕ ਵਾਰ ਅਣਜਾਣੇ ਵਿਚ ਇਕ ਅਜਿਹੇ ਪਤੀ-ਪਤਨੀ ਨੂੰ ਚਿੱਠੀ ਭੇਜ ਦਿੱਤੀ ਜਿਨ੍ਹਾਂ ਨੂੰ ਕਈ ਸਾਲ ਪਹਿਲਾਂ ਛੇਕਿਆ ਗਿਆ ਸੀ। ਚਿੱਠੀ ਦੇ ਨਾਲ ਉਸ ਨੇ 1 ਮਾਰਚ 2014 ਦਾ ਪਹਿਰਾਬੁਰਜ ਵੀ ਭੇਜਿਆ, ਜਿਸ ਦਾ ਵਿਸ਼ਾ ਸੀ “ਪਰਮੇਸ਼ੁਰ ਨੇ ਤੁਹਾਡੇ ਲਈ ਕੀ ਕੀਤਾ ਹੈ? * ਇਸ ਜੋੜੇ ਨੇ ਵਾਰ-ਵਾਰ ਇਸ ਨੂੰ ਪੜ੍ਹਿਆ। ਪਤੀ ਨੂੰ ਇੱਦਾਂ ਲੱਗਾ ਜਿਵੇਂ ਯਹੋਵਾਹ ਖ਼ੁਦ ਉਸ ਨਾਲ ਗੱਲ ਕਰ ਰਿਹਾ ਹੋਵੇ। ਉਨ੍ਹਾਂ ਨੇ ਮੀਟਿੰਗਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ। ਲਗਭਗ 27 ਸਾਲ ਬਾਅਦ ਉਹ ਦੁਬਾਰਾ ਯਹੋਵਾਹ ਦੀ ਸੇਵਾ ਕਰਨ ਲੱਗੇ। ਭੈਣ ਬਾਰਬਰਾ ਨੂੰ ਇਹ ਜਾਣ ਕੇ ਕਿੰਨੀ ਹਿੰਮਤ ਤੇ ਤਾਕਤ ਮਿਲੀ ਹੋਣੀ ਕਿ ਉਸ ਦੀ ਇਕ ਚਿੱਠੀ ਨਾਲ ਕਿੰਨਾ ਵਧੀਆ ਨਤੀਜਾ ਨਿਕਲਿਆ।

ਯਹੋਵਾਹ ਸਾਨੂੰ (1) ਪ੍ਰਾਰਥਨਾ, (2) ਬਾਈਬਲ, (3) ਭੈਣਾਂ-ਭਰਾਵਾਂ ਅਤੇ (4) ਪ੍ਰਚਾਰ ਦੇ ਕੰਮ ਰਾਹੀਂ ਤਾਕਤ ਦਿੰਦਾ ਹੈ (ਪੈਰੇ 9-10, 12, 14 ਦੇਖੋ)

18. ਯਹੋਵਾਹ ਤੋਂ ਤਾਕਤ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

18 ਇਸ ਲੇਖ ਵਿਚ ਅਸੀਂ ਸਿੱਖਿਆ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਤਾਕਤ ਦਿੰਦਾ ਹੈ। ਇੱਦਾਂ ਕਰਨ ਲਈ ਯਹੋਵਾਹ ਇਨ੍ਹਾਂ ਪ੍ਰਬੰਧਾਂ ਨੂੰ ਵਰਤਦਾ ਹੈ: ਪ੍ਰਾਰਥਨਾ, ਬਾਈਬਲ, ਭੈਣਾਂ-ਭਰਾਵਾਂ ਦਾ ਸਾਥ ਅਤੇ ਪ੍ਰਚਾਰ ਦਾ ਕੰਮ। ਜਦੋਂ ਅਸੀਂ ਇਨ੍ਹਾਂ ਸਾਰੇ ਪ੍ਰਬੰਧਾਂ ਤੋਂ ਫ਼ਾਇਦਾ ਲੈਂਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ’ਤੇ ਭਰੋਸਾ ਰੱਖਦੇ ਹਾਂ। ਆਓ ਆਪਾਂ ਹਮੇਸ਼ਾ ਆਪਣੇ ਪਿਤਾ ਯਹੋਵਾਹ ’ਤੇ ਨਿਰਭਰ ਰਹੀਏ ਕਿਉਂਕਿ ‘ਉਹ ਉਨ੍ਹਾਂ ਦੀ ਖ਼ਾਤਰ ਆਪਣੀ ਤਾਕਤ ਦਿਖਾਉਂਦਾ ਹੈ ਜਿਨ੍ਹਾਂ ਦਾ ਦਿਲ ਉਸ ਵੱਲ ਪੂਰੀ ਤਰ੍ਹਾਂ ਲੱਗਾ’ ਰਹਿੰਦਾ ਹੈ।​—2 ਇਤਿ. 16:9.

ਗੀਤ 61 ਰੱਬ ਦੇ ਸੇਵਕੋ, ਅੱਗੇ ਵਧੋ!

^ ਪੈਰਾ 5 ਅੱਜ ਅਸੀਂ ਮੁਸ਼ਕਲਾਂ ਭਰੇ ਸਮੇਂ ਵਿਚ ਜੀ ਰਹੇ ਹਾਂ, ਪਰ ਯਹੋਵਾਹ ਸਾਨੂੰ ਇਨ੍ਹਾਂ ਮੁਸ਼ਕਲਾਂ ਨੂੰ ਸਹਿਣ ਦੀ ਤਾਕਤ ਦਿੰਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਨੇ ਪੌਲੁਸ ਰਸੂਲ ਅਤੇ ਤਿਮੋਥਿਉਸ ਦੀ ਮੁਸ਼ਕਲਾਂ ਦੇ ਬਾਵਜੂਦ ਸੇਵਾ ਕਰਦੇ ਰਹਿਣ ਵਿਚ ਕਿਵੇਂ ਮਦਦ ਕੀਤੀ। ਨਾਲੇ ਅਸੀਂ ਚਾਰ ਪ੍ਰਬੰਧਾਂ ’ਤੇ ਗੌਰ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਅੱਜ ਯਹੋਵਾਹ ਦੀ ਸੇਵਾ ਕਰਦੇ ਰਹਿ ਸਕਦੇ ਹਾਂ।

^ ਪੈਰਾ 2 ਕੁਝ ਨਾਂ ਬਦਲੇ ਗਏ ਹਨ।

^ ਪੈਰਾ 17 ਇਹ ਅੰਕ ਪੰਜਾਬੀ ਵਿਚ ਉਪਲਬਧ ਨਹੀਂ ਹੈ।

^ ਪੈਰਾ 54 ਤਸਵੀਰ ਬਾਰੇ ਜਾਣਕਾਰੀ: ਜਦੋਂ ਪੌਲੁਸ ਨੂੰ ਰੋਮ ਦੇ ਇਕ ਘਰ ਵਿਚ ਕੈਦ ਕੀਤਾ ਗਿਆ, ਤਾਂ ਉਸ ਨੇ ਕਈ ਮੰਡਲੀਆਂ ਨੂੰ ਚਿੱਠੀਆਂ ਲਿਖੀਆਂ। ਨਾਲੇ ਜਿਹੜੇ ਲੋਕ ਉਸ ਨੂੰ ਮਿਲਣ ਆਉਂਦੇ ਸਨ, ਉਸ ਨੇ ਉਨ੍ਹਾਂ ਸਾਰਿਆਂ ਨੂੰ ਗਵਾਹੀ ਦਿੱਤੀ। ਤਿਮੋਥਿਉਸ ਜਿਹੜੀ ਵੀ ਮੰਡਲੀ ਵਿਚ ਜਾਂਦਾ ਸੀ ਉੱਥੇ ਦੇ ਭਰਾਵਾਂ ਦਾ ਹੌਸਲਾ ਵਧਾਉਂਦਾ ਸੀ।

^ ਪੈਰਾ 56 ਤਸਵੀਰ ਬਾਰੇ ਜਾਣਕਾਰੀ: ਤਿਮੋਥਿਉਸ ਜਿਹੜੀ ਵੀ ਮੰਡਲੀ ਵਿਚ ਜਾਂਦਾ ਸੀ ਉੱਥੇ ਦੇ ਭਰਾਵਾਂ ਦਾ ਹੌਸਲਾ ਵਧਾਉਂਦਾ ਸੀ।