Skip to content

Skip to table of contents

ਅਧਿਐਨ ਲੇਖ 23

ਮਾਪਿਓ, ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਓ

ਮਾਪਿਓ, ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਓ

“ਤੂੰ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।”​ਮੱਤੀ 22:37.

ਗੀਤ 49 ਯਹੋਵਾਹ ਦਾ ਜੀਅ ਖ਼ੁਸ਼ ਕਰੋ

ਖ਼ਾਸ ਗੱਲਾਂ *

1-2. ਸਾਡੇ ਹਾਲਾਤ ਬਦਲਣ ’ਤੇ ਬਾਈਬਲ ਦੀਆਂ ਕੁਝ ਆਇਤਾਂ ਸਾਡੇ ਲਈ ਕਿਉਂ ਅਹਿਮੀਅਤ ਰੱਖਣ ਲੱਗ ਪੈਂਦੀਆਂ ਹਨ?

 ਜਦੋਂ ਯਹੋਵਾਹ ਦੇ ਗਵਾਹਾਂ ਵਿਚ ਕਿਸੇ ਦਾ ਵਿਆਹ ਹੁੰਦਾ ਹੈ, ਤਾਂ ਇਕ ਬਜ਼ੁਰਗ ਉਨ੍ਹਾਂ ਦੇ ਵਿਆਹ ਦਾ ਭਾਸ਼ਣ ਦਿੰਦਾ ਹੈ। ਉਸ ਦਿਨ ਲਾੜਾ ਤੇ ਲਾੜੀ ਬੜੇ ਧਿਆਨ ਨਾਲ ਇਹ ਭਾਸ਼ਣ ਸੁਣਦੇ ਹਨ। ਭਾਵੇਂ ਕਿ ਇਸ ਵਿਚ ਦੱਸੇ ਜਾਂਦੇ ਅਸੂਲ ਉਨ੍ਹਾਂ ਨੇ ਪਹਿਲੀ ਵਾਰ ਨਹੀਂ ਸੁਣੇ ਹੁੰਦੇ, ਪਰ ਵਿਆਹ ਵਾਲੇ ਦਿਨ ਤੋਂ ਉਨ੍ਹਾਂ ਲਈ ਇਹ ਅਸੂਲ ਬਹੁਤ ਹੀ ਅਹਿਮੀਅਤ ਰੱਖਣ ਲੱਗ ਪੈਂਦੇ ਹਨ। ਕਿਉਂ? ਕਿਉਂਕਿ ਉਹ ਇਸ ਦਿਨ ਤੋਂ ਵਿਆਹੇ ਜੋੜੇ ਵਜੋਂ ਇਨ੍ਹਾਂ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਗੇ।

2 ਜਦੋਂ ਇਕ ਮਸੀਹੀ ਜੋੜਾ ਪਹਿਲੀ ਵਾਰ ਮੰਮੀ-ਡੈਡੀ ਬਣਦਾ ਹੈ, ਉਦੋਂ ਵੀ ਬਿਲਕੁਲ ਇਸੇ ਤਰ੍ਹਾਂ ਹੁੰਦਾ ਹੈ। ਚਾਹੇ ਉਨ੍ਹਾਂ ਦੋਹਾਂ ਨੇ ਪਹਿਲਾਂ ਕਈ ਵਾਰ ਬੱਚਿਆਂ ਦੀ ਪਰਵਰਿਸ਼ ਕਰਨ ਬਾਰੇ ਬਹੁਤ ਸਾਰੇ ਭਾਸ਼ਣ ਸੁਣੇ ਹੋਣਗੇ, ਪਰ ਹੁਣ ਉਨ੍ਹਾਂ ਲਈ ਇਹ ਅਸੂਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਹਿਮੀਅਤ ਰੱਖਣ ਲੱਗ ਪੈਂਦੇ ਹਨ। ਆਪਣੇ ਬੱਚੇ ਦੀ ਪਰਵਰਿਸ਼ ਕਰਨੀ ਉਨ੍ਹਾਂ ਲਈ ਕਿੰਨੀ ਹੀ ਵੱਡੀ ਜ਼ਿੰਮੇਵਾਰੀ ਹੈ! ਬਿਨਾਂ ਸ਼ੱਕ, ਜਦੋਂ ਸਾਡੇ ਹਾਲਾਤ ਬਦਲਦੇ ਹਨ, ਤਾਂ ਬਾਈਬਲ ਦੀਆਂ ਕੁਝ ਆਇਤਾਂ ’ਤੇ ਅਸੀਂ ਹੋਰ ਵੀ ਜ਼ਿਆਦਾ ਧਿਆਨ ਦੇਣ ਲੱਗ ਪੈਂਦੇ ਹਾਂ। ਇਹ ਇਕ ਕਾਰਨ ਹੈ ਕਿ ਕਿਉਂ ਯਹੋਵਾਹ ਦੇ ਸੇਵਕ “ਜ਼ਿੰਦਗੀ ਭਰ” ਹਰ ਰੋਜ਼ ਬਾਈਬਲ ਪੜ੍ਹਦੇ ਹਨ ਅਤੇ ਇਸ ’ਤੇ ਸੋਚ-ਵਿਚਾਰ ਕਰਦੇ ਹਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇਜ਼ਰਾਈਲ ਦੇ ਰਾਜਿਆਂ ਨੂੰ ਕਰਨ ਲਈ ਕਿਹਾ ਗਿਆ ਸੀ।​—ਬਿਵ. 17:19.

3. ਇਸ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

3 ਮਾਪਿਓ, ਤੁਹਾਡੇ ਕੋਲ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਦਾ ਕਿੰਨਾ ਹੀ ਵੱਡਾ ਸਨਮਾਨ ਹੈ! ਪਰ ਤੁਸੀਂ ਆਪਣੇ ਬੱਚਿਆਂ ਨੂੰ ਸਿਰਫ਼ ਯਹੋਵਾਹ ਬਾਰੇ ਸੱਚਾਈ ਹੀ ਨਹੀਂ ਸਿਖਾਉਣੀ ਚਾਹੁੰਦੇ, ਸਗੋਂ ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਲਈ ਗਹਿਰਾ ਪਿਆਰ ਵੀ ਪੈਦਾ ਕਰਨਾ ਚਾਹੁੰਦੇ ਹੋ। ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਇਸ ਲੇਖ ਵਿਚ ਅਸੀਂ ਬਾਈਬਲ ਦੇ ਚਾਰ ਅਸੂਲਾਂ ’ਤੇ ਚਰਚਾ ਕਰਾਂਗੇ ਜੋ ਤੁਹਾਡੀ ਮਦਦ ਕਰ ਸਕਦੇ ਹਨ। (2 ਤਿਮੋ. 3:16) ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਕੁਝ ਮਸੀਹੀ ਮਾਪਿਆਂ ਨੂੰ ਇਹ ਅਸੂਲ ਲਾਗੂ ਕਰ ਕੇ ਕਿਵੇਂ ਫ਼ਾਇਦਾ ਹੋਇਆ।

ਚਾਰ ਅਸੂਲ ਜੋ ਮਾਪਿਆਂ ਦੀ ਮਦਦ ਕਰ ਸਕਦੇ ਹਨ

ਜੇ ਤੁਸੀਂ ਹਮੇਸ਼ਾ ਯਹੋਵਾਹ ਤੋਂ ਸੇਧ ਮੰਗੋਗੇ ਅਤੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਚੰਗੀ ਮਿਸਾਲ ਰੱਖੋਗੇ, ਤਾਂ ਇਸ ਦਾ ਤੁਹਾਡੇ ਬੱਚਿਆਂ ’ਤੇ ਕੀ ਅਸਰ ਪਵੇਗਾ? (ਪੈਰੇ 4, 8 ਦੇਖੋ)

4. ਕਿਹੜੇ ਇਕ ਅਸੂਲ ਦੀ ਮਦਦ ਨਾਲ ਮਾਪੇ ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰ ਸਕਦੇ ਹਨ? (ਯਾਕੂਬ 1:5)

4 ਪਹਿਲਾ ਅਸੂਲ: ਯਹੋਵਾਹ ਤੋਂ ਸੇਧ ਮੰਗੋ। ਪ੍ਰਾਰਥਨਾ ਵਿਚ ਯਹੋਵਾਹ ਤੋਂ ਬੁੱਧ ਮੰਗੋ ਤਾਂਕਿ ਤੁਸੀਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਉਸ ਲਈ ਗਹਿਰਾ ਪਿਆਰ ਪੈਦਾ ਕਰ ਸਕੋ। (ਯਾਕੂਬ 1:5 ਪੜ੍ਹੋ।) ਯਹੋਵਾਹ ਹੀ ਸਾਨੂੰ ਸਭ ਤੋਂ ਵਧੀਆ ਸਲਾਹ ਦੇ ਸਕਦਾ ਹੈ। ਉਸ ਦੀ ਸਲਾਹ ਨੂੰ ਮੰਨਣ ਲਈ ਸਾਡੇ ਕੋਲ ਬਹੁਤ ਸਾਰੇ ਕਾਰਨ ਹਨ। ਆਓ ਆਪਾਂ ਦੋ ਕਾਰਨਾਂ ’ਤੇ ਗੌਰ ਕਰੀਏ। ਪਹਿਲਾ, ਸਾਡਾ ਪਿਤਾ ਹੋਣ ਕਰਕੇ ਉਸ ਨੂੰ ਸਾਰਿਆਂ ਨਾਲੋਂ ਜ਼ਿਆਦਾ ਤਜਰਬਾ ਹੈ। (ਜ਼ਬੂ. 36:9) ਦੂਜਾ, ਉਹ ਸਭ ਤੋਂ ਜ਼ਿਆਦਾ ਬੁੱਧੀਮਾਨ ਹੈ ਜਿਸ ਕਰਕੇ ਉਸ ਦੀ ਸਲਾਹ ਮੰਨ ਕੇ ਹਮੇਸ਼ਾ ਸਾਡਾ ਭਲਾ ਹੁੰਦਾ ਹੈ।​—ਯਸਾ. 48:17.

5. (ੳ) ਯਹੋਵਾਹ ਨੇ ਆਪਣੇ ਸੰਗਠਨ ਰਾਹੀਂ ਮਾਪਿਆਂ ਦੀ ਮਦਦ ਕਰਨ ਲਈ ਕੀ ਕੁਝ ਦਿੱਤਾ ਹੈ? (ਅ) ਭਰਾ ਆਮੋਰੀਮ ਅਤੇ ਉਸ ਦੀ ਪਤਨੀ ਦੇ ਵੀਡੀਓ ਤੋਂ ਤੁਸੀਂ ਬੱਚਿਆਂ ਦੀ ਪਰਵਰਿਸ਼ ਕਰਨ ਬਾਰੇ ਕੀ ਸਿੱਖਿਆ?

5 ਯਹੋਵਾਹ ਨੇ ਮਾਪਿਆਂ ਦੀ ਮਦਦ ਲਈ ਆਪਣੇ ਸੰਗਠਨ ਰਾਹੀਂ ਬਾਈਬਲ ਅਤੇ ਬਾਈਬਲ ਆਧਾਰਿਤ ਬਹੁਤ ਸਾਰੇ ਪ੍ਰਕਾਸ਼ਨ ਦਿੱਤੇ ਹਨ। (ਮੱਤੀ 24:45) ਇਨ੍ਹਾਂ ਦੀ ਮਦਦ ਨਾਲ ਉਹ ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰ ਸਕਦੇ ਹਨ। ਉਦਾਹਰਣ ਲਈ, ਤੁਸੀਂ “ਪਰਿਵਾਰ ਦੀ ਮਦਦ ਲਈ” ਲੜੀਵਾਰ ਲੇਖਾਂ ਵਿਚ ਬਹੁਤ ਸਾਰੀਆਂ ਸਲਾਹਾਂ ਦੇਖ ਸਕਦੇ ਹੋ। ਇਹ ਲੇਖ ਕਈ ਸਾਲ ਪਹਿਲਾਂ ਜਾਗਰੂਕ ਬਣੋ! ਰਸਾਲੇ ਵਿਚ ਛਾਪੇ ਜਾਂਦੇ ਸਨ ਅਤੇ ਹੁਣ ਸਾਡੀ ਵੈੱਬਸਾਈਟ ’ਤੇ ਵੀ ਉਪਲਬਧ ਹਨ। ਨਾਲੇ ਸਾਡੀ ਵੈੱਬਸਾਈਟ ’ਤੇ ਬਹੁਤ ਸਾਰੀਆਂ ਵੀਡੀਓਜ਼ ਹਨ ਜਿਨ੍ਹਾਂ ਵਿੱਚੋਂ ਕਈਆਂ ਵਿਚ ਮਾਪਿਆਂ ਦੇ ਇੰਟਰਵਿਊ ਹਨ ਅਤੇ ਕਈਆਂ ਵਿਚ ਦਿਖਾਇਆ ਗਿਆ ਹੈ ਕਿ ਮਾਪੇ ਕਿਵੇਂ ਯਹੋਵਾਹ ਦੀ ਸਲਾਹ ਮੰਨ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕਦੇ ਹਨ। *​—ਕਹਾ. 2:4-6.

6. ਯਹੋਵਾਹ ਦੇ ਸੰਗਠਨ ਵੱਲੋਂ ਮਿਲਦੀ ਮਦਦ ਬਾਰੇ ਇਕ ਪਿਤਾ ਕੀ ਦੱਸਦਾ ਹੈ?

6 ਯਹੋਵਾਹ ਆਪਣੇ ਸੰਗਠਨ ਰਾਹੀਂ ਮਾਪਿਆਂ ਦੀ ਜੋ ਵੀ ਮਦਦ ਕਰਦਾ ਹੈ, ਉਸ ਲਈ ਉਹ ਦਿਲੋਂ ਸ਼ੁਕਰਗੁਜ਼ਾਰ ਹਨ। ਜੋਅ ਨਾਂ ਦਾ ਪਿਤਾ ਮੰਨਦਾ ਹੈ: “ਸੱਚਾਈ ਵਿਚ ਤਿੰਨ ਬੱਚਿਆਂ ਦੀ ਪਰਵਰਿਸ਼ ਕਰਨੀ ਕੋਈ ਸੌਖੀ ਗੱਲ ਨਹੀਂ ਹੈ। ਇਸ ਲਈ ਮੈਂ ਅਤੇ ਮੇਰੀ ਪਤਨੀ ਮਦਦ ਲਈ ਹਮੇਸ਼ਾ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ। ਅਸੀਂ ਇਹ ਵੀ ਦੇਖਿਆ ਹੈ ਕਿ ਜਦੋਂ ਅਸੀਂ ਕਿਸੇ ਮੁਸ਼ਕਲ ਵਿੱਚੋਂ ਲੰਘ ਰਹੇ ਹੁੰਦੇ ਹਾਂ, ਤਾਂ ਉਸੇ ਵੇਲੇ ਸਾਨੂੰ ਕੋਈ-ਨਾ-ਕੋਈ ਵੀਡੀਓ ਜਾਂ ਪ੍ਰਕਾਸ਼ਨ ਮਿਲ ਜਾਂਦਾ ਹੈ ਜਿਸ ਦੀ ਸਾਨੂੰ ਜ਼ਰੂਰਤ ਹੁੰਦੀ ਹੈ। ਹਮੇਸ਼ਾ ਯਹੋਵਾਹ ਤੋਂ ਸੇਧ ਮੰਗਣ ਨਾਲ ਹੀ ਸਾਡੀ ਮਦਦ ਹੁੰਦੀ ਹੈ।” ਜੋਅ ਅਤੇ ਉਸ ਦੀ ਪਤਨੀ ਇਨ੍ਹਾਂ ਪ੍ਰਕਾਸ਼ਨਾਂ ਰਾਹੀਂ ਆਪਣੇ ਬੱਚਿਆਂ ਦੀ ਯਹੋਵਾਹ ਦੇ ਨੇੜੇ ਆਉਣ ਵਿਚ ਮਦਦ ਕਰ ਰਹੇ ਹਨ।

7. ਮਾਪਿਆਂ ਲਈ ਆਪਣੀ ਕਹਿਣੀ ਤੇ ਕਰਨੀ ਰਾਹੀਂ ਬੱਚਿਆਂ ਨੂੰ ਸਿਖਾਉਣਾ ਕਿਉਂ ਜ਼ਰੂਰੀ ਹੈ? (ਰੋਮੀਆਂ 2:21)

7 ਦੂਜਾ ਅਸੂਲ: ਆਪਣੀ ਕਹਿਣੀ ਤੇ ਕਰਨੀ ਰਾਹੀਂ ਸਿਖਾਓ। ਬੱਚੇ ਆਪਣੇ ਮਾਪਿਆਂ ਨੂੰ ਬੜੇ ਧਿਆਨ ਨਾਲ ਦੇਖਦੇ ਹਨ ਅਤੇ ਉਹ ਅਕਸਰ ਉਨ੍ਹਾਂ ਦੀ ਰੀਸ ਕਰਦੇ ਹਨ। ਇਹ ਤਾਂ ਸੱਚ ਹੈ ਕਿ ਸਾਰੇ ਮਾਪੇ ਨਾਮੁਕੰਮਲ ਹਨ। (ਰੋਮੀ. 3:23) ਫਿਰ ਵੀ ਸਮਝਦਾਰ ਮਾਪੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਆਪਣੇ ਬੱਚਿਆਂ ਨੂੰ ਸਿਖਾਉਣ ਵਿਚ ਪੂਰੀ ਵਾਹ ਲਾਉਂਦੇ ਹਨ। (ਰੋਮੀਆਂ 2:21 ਪੜ੍ਹੋ।) ਇਕ ਪਿਤਾ ਆਪਣੇ ਬੱਚਿਆਂ ਬਾਰੇ ਗੱਲ ਕਰਦੇ ਹੋਏ ਦੱਸਦਾ ਹੈ: “ਬੱਚੇ ਸਪੰਜ ਵਾਂਗ ਹੁੰਦੇ ਹਨ। ਉਹ ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਗੱਲਾਂ ਸੋਖ ਲੈਂਦੇ ਹਨ। ਜੇ ਅਸੀਂ ਉਨ੍ਹਾਂ ਗੱਲਾਂ ’ਤੇ ਆਪ ਨਹੀਂ ਚੱਲਦੇ ਜੋ ਅਸੀਂ ਬੱਚਿਆਂ ਨੂੰ ਸਿਖਾਉਂਦੇ ਹਾਂ, ਤਾਂ ਬੱਚੇ ਤੁਰੰਤ ਸਾਨੂੰ ਦੱਸ ਦਿੰਦੇ ਹਨ।” ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਯਹੋਵਾਹ ਨੂੰ ਪਿਆਰ ਕਰਨ, ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਪੈਣਾ ਕਿ ਅਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਾਂ ਅਤੇ ਕੀ ਇਹ ਸਾਡੀ ਕਹਿਣੀ ਤੇ ਕਰਨੀ ਰਾਹੀਂ ਜ਼ਾਹਰ ਹੁੰਦਾ ਹੈ।

8-9. ਐਂਡਰੂ ਅਤੇ ਐਮਾ ਦੀਆਂ ਗੱਲਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

8 ਮਾਪਿਓ, ਤੁਸੀਂ ਕਈ ਤਰੀਕਿਆਂ ਨਾਲ ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾ ਸਕਦੇ ਹੋ। ਗੌਰ ਕਰੋ ਕਿ 17 ਸਾਲਾਂ ਦਾ ਐਂਡਰੂ ਕੀ ਕਹਿੰਦਾ ਹੈ: “ਮੇਰੇ ਮਾਪਿਆਂ ਨੇ ਹਮੇਸ਼ਾ ਪ੍ਰਾਰਥਨਾ ਕਰਨ ਨੂੰ ਅਹਿਮੀਅਤ ਦਿੱਤੀ। ਹਰ ਰਾਤ ਡੈਡੀ ਸੌਣ ਤੋਂ ਪਹਿਲਾਂ ਮੇਰੇ ਨਾਲ ਪ੍ਰਾਰਥਨਾ ਕਰਦਾ ਸੀ, ਫਿਰ ਚਾਹੇ ਮੈਂ ਪਹਿਲਾਂ ਹੀ ਪ੍ਰਾਰਥਨਾ ਕਿਉਂ ਨਾ ਕਰ ਲਈ ਹੋਵੇ। ਮੇਰੇ ਮਾਪੇ ਹਮੇਸ਼ਾ ਸਾਨੂੰ ਇਹ ਗੱਲ ਯਾਦ ਕਰਾਉਂਦੇ ਸਨ: ‘ਤੁਸੀਂ ਜਿੰਨੀ ਵਾਰ ਮਰਜ਼ੀ ਚਾਹੋ, ਉੱਨੀ ਵਾਰ ਯਹੋਵਾਹ ਨਾਲ ਗੱਲ ਕਰ ਸਕਦੇ ਹੋ।’ ਉਨ੍ਹਾਂ ਦੀ ਇਹ ਗੱਲ ਮੇਰੇ ਦਿਲ ਨੂੰ ਛੂਹ ਗਈ ਅਤੇ ਹੁਣ ਮੇਰੇ ਲਈ ਪ੍ਰਾਰਥਨਾ ਕਰਨੀ ਬਹੁਤ ਸੌਖੀ ਹੈ ਤੇ ਮੈਨੂੰ ਲੱਗਦਾ ਹੈ ਕਿ ਯਹੋਵਾਹ ਮੇਰਾ ਪਿਤਾ ਹੈ ਜੋ ਮੈਨੂੰ ਬਹੁਤ ਪਿਆਰ ਕਰਦਾ ਹੈ।” ਮਾਪਿਓ, ਹਮੇਸ਼ਾ ਇਹ ਗੱਲ ਯਾਦ ਰੱਖੋ ਕਿ ਯਹੋਵਾਹ ਲਈ ਤੁਹਾਡਾ ਪਿਆਰ ਤੁਹਾਡੇ ਬੱਚਿਆਂ ਦੇ ਦਿਲਾਂ ’ਤੇ ਗਹਿਰੀ ਛਾਪ ਛੱਡ ਸਕਦਾ ਹੈ।

9 ਜ਼ਰਾ ਭੈਣ ਐਮਾ ਦੀ ਮਿਸਾਲ ’ਤੇ ਵੀ ਗੌਰ ਕਰੋ। ਉਸ ਦੇ ਡੈਡੀ ਨੇ ਲੋਕਾਂ ਤੋਂ ਬਹੁਤ ਸਾਰਾ ਕਰਜ਼ਾ ਲਿਆ ਹੋਇਆ ਸੀ ਅਤੇ ਜਦੋਂ ਉਹ ਘਰ ਛੱਡ ਕੇ ਚਲਾ ਗਿਆ, ਤਾਂ ਇਹ ਸਾਰਾ ਕਰਜ਼ਾ ਉਸ ਦੀ ਮੰਮੀ ਦੇ ਸਿਰ ਪੈ ਗਿਆ। ਐਮਾ ਦੱਸਦੀ ਹੈ: “ਕਈ ਵਾਰ ਮੰਮੀ ਨੂੰ ਪੈਸਿਆਂ ਦੀ ਬਹੁਤ ਤੰਗੀ ਹੁੰਦੀ ਸੀ, ਪਰ ਫਿਰ ਵੀ ਉਹ ਕਹਿੰਦੀ ਸੀ ਕਿ ਯਹੋਵਾਹ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ ਅਤੇ ਉਹ ਉਨ੍ਹਾਂ ਦੀ ਹਰ ਲੋੜ ਪੂਰੀ ਕਰਦਾ ਹੈ। ਮੈਂ ਆਪਣੀ ਮੰਮੀ ਦੀ ਕਹਿਣੀ ਤੇ ਕਰਨੀ ਤੋਂ ਸਾਫ਼-ਸਾਫ਼ ਦੇਖ ਸਕਦੀ ਸੀ ਕਿ ਉਹ ਯਹੋਵਾਹ ’ਤੇ ਕਿੰਨਾ ਭਰੋਸਾ ਕਰਦੀ ਹੈ। ਮੇਰੀ ਮੰਮੀ ਜੋ ਗੱਲਾਂ ਮੈਨੂੰ ਸਿਖਾਉਂਦੀ ਸੀ ਉਹ ਆਪ ਵੀ ਉਨ੍ਹਾਂ ’ਤੇ ਚੱਲਦੀ ਸੀ।” ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਮਾਪੇ ਮੁਸ਼ਕਲ ਘੜੀਆਂ ਵਿੱਚੋਂ ਲੰਘਦੇ ਹੋਏ ਵੀ ਆਪਣੀ ਕਹਿਣੀ ਤੇ ਕਰਨੀ ਰਾਹੀਂ ਬੱਚਿਆਂ ਨੂੰ ਸਿਖਾ ਸਕਦੇ ਹਨ।​—ਗਲਾ. 6:9.

10. ਇਜ਼ਰਾਈਲੀ ਮਾਪਿਆਂ ਕੋਲ ਆਪਣੇ ਬੱਚਿਆਂ ਨਾਲ ਗੱਲਬਾਤ ਕਰਨ ਦੇ ਕਿਹੜੇ ਮੌਕੇ ਹੁੰਦੇ ਸਨ? (ਬਿਵਸਥਾ ਸਾਰ 6:6, 7)

10 ਤੀਜਾ ਅਸੂਲ: ਆਪਣੇ ਬੱਚਿਆਂ ਨਾਲ ਬਾਕਾਇਦਾ ਗੱਲ ਕਰੋ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਬਾਕਾਇਦਾ ਆਪਣੇ ਬੱਚਿਆਂ ਨੂੰ ਉਸ ਬਾਰੇ ਸਿਖਾਉਣ। (ਬਿਵਸਥਾ ਸਾਰ 6:6, 7 ਪੜ੍ਹੋ।) ਇਜ਼ਰਾਈਲੀ ਮਾਪਿਆਂ ਕੋਲ ਦਿਨ ਭਰ ਆਪਣੇ ਬੱਚਿਆਂ ਨਾਲ ਗੱਲ ਕਰਨ ਅਤੇ ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਨ ਦੇ ਬਹੁਤ ਸਾਰੇ ਮੌਕੇ ਹੁੰਦੇ ਸਨ। ਉਦਾਹਰਣ ਲਈ, ਇਕ ਇਜ਼ਰਾਈਲੀ ਨੌਜਵਾਨ ਮੁੰਡਾ ਸ਼ਾਇਦ ਕਈ-ਕਈ ਘੰਟੇ ਆਪਣੇ ਪਿਤਾ ਨਾਲ ਮਿਲ ਕੇ ਖੇਤਾਂ ਵਿਚ ਫ਼ਸਲ ਬੀਜਦਾ ਜਾਂ ਵਾਢੀ ਕਰਦਾ ਸੀ। ਸ਼ਾਇਦ ਉਸ ਦੀ ਭੈਣ ਘਰ ਵਿਚ ਆਪਣੀ ਮੰਮੀ ਨਾਲ ਮਿਲ ਕੇ ਸਿਲਾਈ-ਕਢਾਈ ਅਤੇ ਘਰਦੇ ਹੋਰ ਕੰਮ ਕਰਦੀ ਸੀ। ਇਕੱਠਿਆਂ ਕੰਮ ਕਰਨ ਕਰਕੇ ਮਾਪੇ ਆਪਣੇ ਬੱਚਿਆਂ ਨਾਲ ਅਹਿਮ ਵਿਸ਼ਿਆਂ ’ਤੇ ਗੱਲਬਾਤ ਕਰ ਸਕਦੇ ਸਨ, ਜਿਵੇਂ ਕਿ ਉਹ ਆਪਣੇ ਬੱਚਿਆਂ ਨੂੰ ਦੱਸ ਸਕਦੇ ਸਨ ਕਿ ਯਹੋਵਾਹ ਕਿੰਨਾ ਭਲਾ ਹੈ ਅਤੇ ਉਹ ਕਿਵੇਂ ਉਨ੍ਹਾਂ ਦੇ ਪਰਿਵਾਰ ਦੀ ਮਦਦ ਕਰ ਰਿਹਾ ਸੀ।

11. ਮਸੀਹੀ ਮਾਪਿਆਂ ਕੋਲ ਆਪਣੇ ਬੱਚਿਆਂ ਨਾਲ ਗੱਲ ਕਰਨ ਦਾ ਕਿਹੜਾ ਇਕ ਮੌਕਾ ਹੈ?

11 ਇਜ਼ਰਾਈਲੀਆਂ ਦੇ ਜ਼ਮਾਨੇ ਨਾਲੋਂ ਅੱਜ ਸਮਾਂ ਬਿਲਕੁਲ ਵੱਖਰਾ ਹੈ। ਬਹੁਤ ਸਾਰੇ ਦੇਸ਼ਾਂ ਵਿਚ ਮਾਪੇ ਅਤੇ ਬੱਚੇ ਪੂਰਾ-ਪੂਰਾ ਦਿਨ ਇਕ-ਦੂਜੇ ਨਾਲ ਸਮਾਂ ਹੀ ਨਹੀਂ ਬਿਤਾ ਪਾਉਂਦੇ। ਸ਼ਾਇਦ ਮਾਪੇ ਕੰਮ ’ਤੇ ਹੁੰਦੇ ਹਨ ਅਤੇ ਬੱਚੇ ਸਕੂਲਾਂ ਵਿਚ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਗੱਲ ਕਰਨ ਦੇ ਮੌਕੇ ਲੱਭਣੇ ਚਾਹੀਦੇ ਹਨ। (ਅਫ਼. 5:15, 16; ਫ਼ਿਲਿ. 1:10) ਪਰਿਵਾਰਕ ਸਟੱਡੀ ਕਰਨੀ ਇਸ ਤਰ੍ਹਾਂ ਕਰਨ ਦਾ ਇਕ ਵਧੀਆ ਮੌਕਾ ਹੈ। ਇਕ ਨੌਜਵਾਨ ਭਰਾ ਐਲੇਗਜ਼ੈਂਡਰ ਦੱਸਦਾ ਹੈ: “ਮੇਰੇ ਡੈਡੀ ਹਮੇਸ਼ਾ ਪਰਿਵਾਰਕ ਸਟੱਡੀ ਕਰਨ ਦਾ ਪ੍ਰਬੰਧ ਕਰਦੇ ਹਨ ਅਤੇ ਉਹ ਧਿਆਨ ਰੱਖਦੇ ਹਨ ਕਿ ਕੋਈ ਵੀ ਚੀਜ਼ ਇਸ ਵਿਚ ਰੁਕਾਵਟ ਨਾ ਬਣੇ। ਫਿਰ ਪਰਿਵਾਰਕ ਸਟੱਡੀ ਤੋਂ ਬਾਅਦ ਅਸੀਂ ਸਾਰੇ ਇਕ-ਦੂਜੇ ਨਾਲ ਸਿਰਫ਼ ਗੱਲਾਂ ਕਰਦੇ ਹਾਂ।”

12. ਪਰਿਵਾਰ ਦੇ ਮੁਖੀ ਨੂੰ ਪਰਿਵਾਰਕ ਸਟੱਡੀ ਕਰਾਉਂਦਿਆਂ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?

12 ਜੇ ਤੁਸੀਂ ਪਰਿਵਾਰ ਦੇ ਮੁਖੀ ਹੋ, ਤਾਂ ਕੀ ਤੁਸੀਂ ਇਸ ਗੱਲ ਦਾ ਧਿਆਨ ਰੱਖਦੇ ਹੋ ਕਿ ਪਰਿਵਾਰਕ ਸਟੱਡੀ ਦੌਰਾਨ ਤੁਹਾਡੇ ਬੱਚਿਆਂ ਨੂੰ ਮਜ਼ਾ ਆਵੇ? ਕਿਉਂ ਨਾ ਆਪਣੇ ਬੱਚਿਆਂ ਨਾਲ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਵਿੱਚੋਂ ਸਟੱਡੀ ਕਰੋ। ਇਸ ਕਿਤਾਬ ਤੋਂ ਸਟੱਡੀ ਕਰਦਿਆਂ ਤੁਹਾਨੂੰ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਦਾ ਵਧੀਆ ਮੌਕਾ ਮਿਲੇਗਾ। ਬਿਨਾਂ ਸ਼ੱਕ, ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਖੁੱਲ੍ਹ ਕੇ ਤੁਹਾਡੇ ਨਾਲ ਗੱਲਬਾਤ ਕਰਨ ਅਤੇ ਤੁਹਾਨੂੰ ਦੱਸਣ ਕਿ ਉਨ੍ਹਾਂ ਨੂੰ ਕਿਹੜੀਆਂ ਗੱਲਾਂ ਦੀ ਫ਼ਿਕਰ ਹੈ। ਇਸ ਲਈ ਪਰਿਵਾਰਕ ਸਟੱਡੀ ਦਾ ਸਮਾਂ ਬੱਚਿਆਂ ਨੂੰ ਭਾਸ਼ਣ ਦੇਣ ਜਾਂ ਉਨ੍ਹਾਂ ਨੂੰ ਝਿੜਕਣ ਵਿਚ ਨਾ ਲਾਓ। ਨਾਲੇ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਜਦੋਂ ਤੁਹਾਡੇ ਬੱਚੇ ਆਪਣੇ ਦਿਲ ਦੀ ਕੋਈ ਗੱਲ ਦੱਸਦੇ ਹਨ ਜੋ ਬਾਈਬਲ ਮੁਤਾਬਕ ਸਹੀ ਨਹੀਂ ਹੈ, ਤਾਂ ਤੁਸੀਂ ਉਨ੍ਹਾਂ ’ਤੇ ਗੁੱਸੇ ਨਾ ਹੋਵੋ। ਇਸ ਦੀ ਬਜਾਇ, ਤੁਹਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਸਾਰਾ ਕੁਝ ਸੱਚ-ਸੱਚ ਦੱਸਿਆ। ਨਾਲੇ ਤੁਹਾਨੂੰ ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਕਿ ਉਹ ਖੁੱਲ੍ਹ ਕੇ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਨ। ਇਹ ਗੱਲ ਵੀ ਯਾਦ ਰੱਖੋ ਕਿ ਤੁਸੀਂ ਆਪਣੇ ਬੱਚਿਆਂ ਦੀ ਤਾਂ ਹੀ ਮਦਦ ਕਰ ਸਕਦੇ ਹੋ ਜੇ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਦੇ ਦਿਲ ਵਿਚ ਕੀ ਹੈ।

ਮਾਪੇ ਸ੍ਰਿਸ਼ਟੀ ਦੀਆਂ ਚੀਜ਼ਾਂ ਰਾਹੀਂ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਗੁਣਾਂ ਬਾਰੇ ਕਿਵੇਂ ਸਿਖਾ ਸਕਦੇ ਹਨ? (ਪੈਰਾ 13 ਦੇਖੋ)

13. ਮਾਪੇ ਹੋਰ ਕਿਹੜੇ ਮੌਕਿਆਂ ’ਤੇ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਨੇੜੇ ਜਾਣ ਵਿਚ ਮਦਦ ਕਰ ਸਕਦੇ ਹਨ?

13 ਮਾਪਿਓ, ਹਰ ਦਿਨ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਨੇੜੇ ਜਾਣ ਵਿਚ ਮਦਦ ਕਰਨ ਦੇ ਮੌਕੇ ਲੱਭੋ। ਪਰ ਤੁਹਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਤੁਸੀਂ ਸਿਰਫ਼ ਉਨ੍ਹਾਂ ਨੂੰ ਬਾਈਬਲ ਸਟੱਡੀ ਕਰਾਉਂਦਿਆਂ ਹੀ ਪਰਮੇਸ਼ੁਰ ਬਾਰੇ ਸਿਖਾਓਗੇ। ਜ਼ਰਾ ਧਿਆਨ ਦਿਓ ਕਿ ਲੀਸਾ ਨਾਂ ਦੀ ਮਾਂ ਕੀ ਦੱਸਦੀ ਹੈ: “ਅਸੀਂ ਸ੍ਰਿਸ਼ਟੀ ਦੀਆਂ ਚੀਜ਼ਾਂ ਰਾਹੀਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਂਦੇ ਸੀ। ਉਦਾਹਰਣ ਲਈ, ਜਦੋਂ ਸਾਡਾ ਕੁੱਤਾ ਕੁਝ ਅਜਿਹਾ ਕਰਦਾ ਸੀ ਜਿਸ ਕਰਕੇ ਸਾਡੇ ਬੱਚਿਆਂ ਨੂੰ ਹਾਸਾ ਆਉਂਦਾ ਸੀ, ਤਾਂ ਅਸੀਂ ਉਨ੍ਹਾਂ ਨੂੰ ਦੱਸਦੇ ਸੀ ਕਿ ਇਸ ਤੋਂ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ। ਇਹੀ ਕਿ ਯਹੋਵਾਹ ਖ਼ੁਸ਼ ਦਿਲ ਪਰਮੇਸ਼ੁਰ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਵੀ ਖ਼ੁਸ਼ ਰਹੀਏ, ਹਾਸਾ-ਮਜ਼ਾਕ ਕਰੀਏ ਅਤੇ ਜ਼ਿੰਦਗੀ ਦਾ ਮਜ਼ਾ ਲਈਏ।”

ਮਾਪਿਓ, ਕੀ ਤੁਸੀਂ ਆਪਣੇ ਬੱਚਿਆਂ ਦੇ ਦੋਸਤਾਂ ਨੂੰ ਜਾਣਦੇ ਹੋ? (ਪੈਰਾ 14 ਦੇਖੋ) *

14. ਮਾਪਿਆਂ ਲਈ ਆਪਣੇ ਬੱਚਿਆਂ ਦੀ ਚੰਗੇ ਦੋਸਤ ਬਣਾਉਣ ਵਿਚ ਮਦਦ ਕਰਨੀ ਕਿਉਂ ਜ਼ਰੂਰੀ ਹੈ? (ਕਹਾਉਤਾਂ 13:20)

14 ਚੌਥਾ ਅਸੂਲ: ਚੰਗੇ ਦੋਸਤ ਬਣਾਉਣ ਵਿਚ ਆਪਣੇ ਬੱਚਿਆਂ ਦੀ ਮਦਦ ਕਰੋ। ਪਰਮੇਸ਼ੁਰ ਦੇ ਬਚਨ ਵਿਚ ਇਹ ਗੱਲ ਸਾਫ਼-ਸਾਫ਼ ਦੱਸੀ ਗਈ ਹੈ ਕਿ ਦੋਸਤਾਂ ਦਾ ਜਾਂ ਤਾਂ ਸਾਡੇ ’ਤੇ ਚੰਗਾ ਅਸਰ ਪੈ ਸਕਦਾ ਹੈ ਜਾਂ ਮਾੜਾ। (ਕਹਾਉਤਾਂ 13:20 ਪੜ੍ਹੋ।) ਮਾਪਿਓ, ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਬੱਚਿਆਂ ਦੇ ਦੋਸਤ ਕੌਣ ਹਨ? ਕੀ ਤੁਸੀਂ ਉਨ੍ਹਾਂ ਨੂੰ ਮਿਲੇ ਹੋ? ਜਾਂ ਕੀ ਤੁਸੀਂ ਉਨ੍ਹਾਂ ਨਾਲ ਕਦੇ ਸਮਾਂ ਬਿਤਾਇਆ ਹੈ? ਤੁਸੀਂ ਆਪਣੇ ਬੱਚਿਆਂ ਦੀ ਉਨ੍ਹਾਂ ਨਾਲ ਦੋਸਤੀ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹੋ ਜੋ ਯਹੋਵਾਹ ਨੂੰ ਪਿਆਰ ਕਰਦੇ ਹਨ? (1 ਕੁਰਿੰ. 15:33) ਆਪਣੇ ਬੱਚਿਆਂ ਦੀ ਚੰਗੇ ਦੋਸਤ ਬਣਾਉਣ ਵਿਚ ਮਦਦ ਕਰਨ ਲਈ ਕਿਉਂ ਨਾ ਤੁਸੀਂ ਉਨ੍ਹਾਂ ਭੈਣਾਂ-ਭਰਾਵਾਂ ਨੂੰ ਪਰਿਵਾਰਕ ਸਟੱਡੀ ਜਾਂ ਕਿਸੇ ਹੋਰ ਮੌਕੇ ’ਤੇ ਆਪਣੇ ਘਰ ਬੁਲਾਓ ਜਿਨ੍ਹਾਂ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਹੈ।​—ਜ਼ਬੂ. 119:63.

15. ਮਾਪੇ ਆਪਣੇ ਬੱਚਿਆਂ ਦੀ ਚੰਗੇ ਦੋਸਤ ਬਣਾਉਣ ਵਿਚ ਮਦਦ ਕਰਨ ਲਈ ਕੀ ਕਰ ਸਕਦੇ ਹਨ?

15 ਜ਼ਰਾ ਟੋਨੀ ਨਾਂ ਦੇ ਪਿਤਾ ਦੇ ਤਜਰਬੇ ’ਤੇ ਗੌਰ ਕਰੋ। ਉਸ ਨੇ ਅਤੇ ਉਸ ਦੀ ਪਤਨੀ ਨੇ ਆਪਣੇ ਬੱਚਿਆਂ ਦੀ ਚੰਗੇ ਦੋਸਤ ਬਣਾਉਣ ਵਿਚ ਮਦਦ ਕੀਤੀ। ਟੋਨੀ ਦੱਸਦਾ ਹੈ: “ਕਈ ਸਾਲਾਂ ਤੋਂ ਮੈਂ ਤੇ ਮੇਰੀ ਪਤਨੀ ਅਲੱਗ-ਅਲੱਗ ਉਮਰ ਅਤੇ ਸਭਿਆਚਾਰ ਦੇ ਭੈਣਾਂ-ਭਰਾਵਾਂ ਨੂੰ ਆਪਣੇ ਘਰ ਬੁਲਾਉਂਦੇ ਹਾਂ। ਅਸੀਂ ਉਨ੍ਹਾਂ ਨਾਲ ਮਿਲ ਕੇ ਖਾਣਾ ਖਾਂਦੇ ਹਾਂ ਅਤੇ ਪਰਿਵਾਰਕ ਸਟੱਡੀ ਕਰਦੇ ਹਾਂ। ਇਸ ਤਰ੍ਹਾਂ ਅਸੀਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣ ਸਕੇ ਜੋ ਯਹੋਵਾਹ ਨੂੰ ਪਿਆਰ ਕਰਦੇ ਅਤੇ ਖ਼ੁਸ਼ੀ ਨਾਲ ਉਸ ਦੀ ਸੇਵਾ ਕਰਦੇ ਹਨ। ਨਾਲੇ ਅਸੀਂ ਕਈ ਵਾਰ ਸਰਕਟ ਓਵਰਸੀਅਰਾਂ, ਮਿਸ਼ਨਰੀਆਂ ਅਤੇ ਹੋਰ ਭੈਣਾਂ-ਭਰਾਵਾਂ ਨੂੰ ਆਪਣੇ ਘਰ ਰੱਖਦੇ ਹਾਂ। ਉਨ੍ਹਾਂ ਦੇ ਤਜਰਬੇ ਸੁਣ ਕੇ, ਯਹੋਵਾਹ ਦੀ ਸੇਵਾ ਵਿਚ ਉਨ੍ਹਾਂ ਦਾ ਜੋਸ਼ ਅਤੇ ਸਖ਼ਤ ਮਿਹਨਤ ਦੇਖ ਕੇ ਸਾਡੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਸਾਡੇ ਬੱਚੇ ਯਹੋਵਾਹ ਦੇ ਹੋਰ ਵੀ ਨੇੜੇ ਗਏ।” ਇਸ ਲਈ ਮਾਪਿਓ, ਪੱਕਾ ਇਰਾਦਾ ਕਰੋ ਕਿ ਤੁਸੀਂ ਆਪਣੇ ਬੱਚਿਆਂ ਦੀ ਚੰਗੇ ਦੋਸਤ ਬਣਾਉਣ ਵਿਚ ਮਦਦ ਕਰੋਗੇ।

ਕਦੇ ਵੀ ਉਮੀਦ ਨਾ ਛੱਡੋ!

16. ਜੇ ਤੁਹਾਡਾ ਬੱਚਾ ਯਹੋਵਾਹ ਦੀ ਸੇਵਾ ਨਹੀਂ ਕਰਨੀ ਚਾਹੁੰਦਾ, ਤਾਂ ਤੁਸੀਂ ਕੀ ਕਰ ਸਕਦੇ ਹੋ?

16 ਉਦੋਂ ਕੀ ਜੇ ਤੁਹਾਡੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਤੁਹਾਡਾ ਬੱਚਾ ਕਹਿੰਦਾ ਹੈ ਕਿ ਉਹ ਯਹੋਵਾਹ ਦੀ ਸੇਵਾ ਨਹੀਂ ਕਰਨੀ ਚਾਹੁੰਦਾ? ਇੱਦਾਂ ਹੋਣ ਤੇ ਇਹ ਨਾ ਸੋਚੋ ਕਿ ਤੁਹਾਡੀਆਂ ਸਾਰੀਆਂ ਕੋਸ਼ਿਸ਼ਾਂ ’ਤੇ ਪਾਣੀ ਫਿਰ ਗਿਆ। ਯਹੋਵਾਹ ਨੇ ਸਾਨੂੰ ਸਾਰਿਆਂ ਨੂੰ ਅਤੇ ਤੁਹਾਡੇ ਬੱਚੇ ਨੂੰ ਵੀ ਇਹ ਫ਼ੈਸਲਾ ਕਰਨ ਦੀ ਆਜ਼ਾਦੀ ਦਿੱਤੀ ਹੈ ਕਿ ਉਹ ਯਹੋਵਾਹ ਦੀ ਸੇਵਾ ਕਰੇਗਾ ਜਾਂ ਨਹੀਂ। ਜੇ ਤੁਹਾਡਾ ਬੱਚਾ ਯਹੋਵਾਹ ਨੂੰ ਛੱਡ ਦਿੰਦਾ ਹੈ, ਤਾਂ ਹਾਰ ਨਾ ਮੰਨੋ ਅਤੇ ਉਮੀਦ ਰੱਖੋ ਕਿ ਉਹ ਇਕ-ਨਾ-ਇਕ ਦਿਨ ਜ਼ਰੂਰ ਵਾਪਸ ਆਏਗਾ। ਉਜਾੜੂ ਪੁੱਤਰ ਦੀ ਮਿਸਾਲ ਯਾਦ ਰੱਖੋ। (ਲੂਕਾ 15:11-19, 22-24) ਉਹ ਨੌਜਵਾਨ ਮੁੰਡਾ ਸਹੀ ਰਾਹ ਤੋਂ ਭਟਕ ਗਿਆ ਸੀ, ਪਰ ਅਖ਼ੀਰ ਉਹ ਫਿਰ ਵਾਪਸ ਆ ਗਿਆ। ਕੁਝ ਭੈਣ-ਭਰਾ ਸ਼ਾਇਦ ਕਹਿਣਗੇ: “ਇਹ ਤਾਂ ਬੱਸ ਇਕ ਮਿਸਾਲ ਹੈ, ਅਸਲ ਜ਼ਿੰਦਗੀ ਵਿਚ ਇੱਦਾਂ ਥੋੜ੍ਹਾ ਹੁੰਦਾ।” ਪਰ ਇਸ ਤਰ੍ਹਾਂ ਹੁੰਦਾ ਹੈ। ਈਲੀ ਨਾਂ ਦੇ ਮੁੰਡੇ ਦੇ ਤਜਰਬੇ ਤੋਂ ਇਹ ਗੱਲ ਸਾਫ਼ ਪਤਾ ਲੱਗਦੀ ਹੈ।

17. ਈਲੀ ਦੇ ਤਜਰਬੇ ਤੋਂ ਤੁਹਾਨੂੰ ਕੀ ਹੌਸਲਾ ਮਿਲਦਾ ਹੈ?

17 ਈਲੀ ਆਪਣੇ ਮਾਪਿਆਂ ਬਾਰੇ ਕਹਿੰਦਾ ਹੈ: “ਉਨ੍ਹਾਂ ਨੇ ਮੇਰੇ ਦਿਲ ਵਿਚ ਯਹੋਵਾਹ ਅਤੇ ਉਸ ਦੇ ਬਚਨ ਬਾਈਬਲ ਲਈ ਪਿਆਰ ਬਿਠਾਉਣ ਦੀ ਪੂਰੀ ਵਾਹ ਲਾਈ। ਪਰ ਜਦੋਂ ਮੈਂ ਜਵਾਨੀ ਵਿਚ ਪੈਰ ਰੱਖਿਆ, ਤਾਂ ਮੈਂ ਆਪਣੀ ਮਨ-ਮਰਜ਼ੀ ਕਰਨ ਲੱਗ ਪਿਆ।” ਈਲੀ ਚੋਰੀ-ਛਿਪੇ ਗ਼ਲਤ ਕੰਮ ਕਰਨ ਲੱਗ ਪਿਆ। ਉਸ ਦੇ ਮਾਪਿਆਂ ਨੇ ਉਸ ਦੀ ਯਹੋਵਾਹ ਦੇ ਨੇੜੇ ਜਾਣ ਵਿਚ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਈਲੀ ਨੇ ਆਪਣੇ ਮਾਪਿਆਂ ਦੀ ਇਕ ਨਾ ਸੁਣੀ। ਉਹ ਘਰ ਛੱਡ ਕੇ ਚਲਾ ਗਿਆ ਤੇ ਗ਼ਲਤ ਕੰਮਾਂ ਵਿਚ ਪੈ ਗਿਆ। ਉਹ ਕਦੇ-ਕਦੇ ਆਪਣੇ ਦੋਸਤ ਨਾਲ ਬਾਈਬਲ ਵਿੱਚੋਂ ਗੱਲਾਂ ਕਰਦਾ ਸੀ। ਉਹ ਅੱਗੇ ਦੱਸਦਾ ਹੈ: “ਮੈਂ ਜਿੰਨਾ ਜ਼ਿਆਦਾ ਆਪਣੇ ਦੋਸਤ ਨਾਲ ਯਹੋਵਾਹ ਬਾਰੇ ਗੱਲਾਂ ਕਰਦਾ ਸੀ, ਉੱਨਾ ਜ਼ਿਆਦਾ ਮੈਂ ਆਪ ਯਹੋਵਾਹ ਬਾਰੇ ਸੋਚਣ ਲੱਗ ਪਿਆ। ਹੌਲੀ-ਹੌਲੀ ਬਾਈਬਲ ਦੀ ਸੱਚਾਈ ਦੇ ਉਹ ਬੀ ਮੇਰੇ ਦਿਲ ਵਿਚ ਪੁੰਗਰਨ ਲੱਗੇ ਜੋ ਮੇਰੇ ਮਾਪਿਆਂ ਨੇ ਮੇਰੇ ਦਿਲ ਵਿਚ ਬੀਜਣ ਲਈ ਸਖ਼ਤ ਮਿਹਨਤ ਕੀਤੀ ਸੀ।” ਸਮੇਂ ਦੇ ਬੀਤਣ ਨਾਲ ਈਲੀ ਸੱਚਾਈ ਵਿਚ ਵਾਪਸ ਆ ਗਿਆ। * ਜ਼ਰਾ ਸੋਚੋ ਕਿ ਉਸ ਦੇ ਮਾਪੇ ਕਿੰਨੇ ਖ਼ੁਸ਼ ਹੋਏ ਹੋਣੇ ਕਿ ਅਖ਼ੀਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ!​—2 ਤਿਮੋ. 3:14, 15.

18. ਮਾਪੇ ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਨ ਲਈ ਜੋ ਮਿਹਨਤ ਕਰਦੇ ਹਨ, ਉਸ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

18 ਮਾਪਿਓ, ਤੁਹਾਨੂੰ ਆਉਣ ਵਾਲੀ ਪੀੜ੍ਹੀ ਨੂੰ ਯਹੋਵਾਹ ਬਾਰੇ ਸਿਖਾਉਣ ਦੀ ਇਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। (ਜ਼ਬੂ. 78:4-6) ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਸੌਖਾ ਨਹੀਂ ਹੈ। ਤੁਸੀਂ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਜੋ ਅਣਥੱਕ ਮਿਹਨਤ ਕਰਦੇ ਹੋ, ਉਸ ਲਈ ਅਸੀਂ ਤੁਹਾਡੀ ਦਿਲੋਂ ਤਾਰੀਫ਼ ਕਰਦੇ ਹਾਂ! ਜੇ ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਦਿਲੋਂ ਪਿਆਰ ਕਰਨਾ ਅਤੇ ਉਸ ਦਾ ਕਹਿਣਾ ਮੰਨਣਾ ਸਿਖਾਉਂਦੇ ਰਹੋਗੇ, ਤਾਂ ਸਾਡਾ ਪਿਆਰਾ ਸਵਰਗੀ ਪਿਤਾ ਤੁਹਾਡੀ ਮਿਹਨਤ ਦੇਖ ਕੇ ਜ਼ਰੂਰ ਖ਼ੁਸ਼ ਹੋਵੇਗਾ।​—ਅਫ਼. 6:4.

ਗੀਤ 135 ਯਹੋਵਾਹ ਦੀ ਗੁਜ਼ਾਰਿਸ਼: “ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ”

^ ਪੈਰਾ 5 ਮਸੀਹੀ ਮਾਪੇ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। ਉਹ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਉਨ੍ਹਾਂ ਨੂੰ ਖ਼ੁਸ਼ ਰੱਖਣ ਲਈ ਮਿਹਨਤ ਕਰਦੇ ਹਨ। ਪਰ ਉਨ੍ਹਾਂ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਗਹਿਰਾ ਪਿਆਰ ਪੈਦਾ ਕਰਨਾ ਹੈ। ਇਸ ਲੇਖ ਵਿਚ ਅਸੀਂ ਬਾਈਬਲ ਦੇ ਚਾਰ ਅਸੂਲਾਂ ’ਤੇ ਗੌਰ ਕਰਾਂਗੇ ਜੋ ਇਸ ਤਰ੍ਹਾਂ ਕਰਨ ਵਿਚ ਮਾਪਿਆਂ ਦੀ ਮਦਦ ਕਰ ਸਕਦੇ ਹਨ।

^ ਪੈਰਾ 17 w12 7/1 ਦੇ ਪਹਿਰਾਬੁਰਜ ਵਿਚ “ਬਾਈਬਲ ਬਦਲਦੀ ਹੈ ਜ਼ਿੰਦਗੀਆਂ” ਨਾਂ ਦਾ ਲੇਖ ਦੇਖੋ।

^ ਪੈਰਾ 57 ਤਸਵੀਰ ਬਾਰੇ ਜਾਣਕਾਰੀ: ਇਕ ਪਿਤਾ ਆਪਣੇ ਮੁੰਡੇ ਦੇ ਦੋਸਤਾਂ ਨੂੰ ਜਾਣਨ ਲਈ ਉਨ੍ਹਾਂ ਨਾਲ ਬਾਸਕਟਬਾਲ ਖੇਡਦਾ ਹੋਇਆ।