Skip to content

Skip to table of contents

ਅਧਿਐਨ ਲੇਖ 22

ਯਹੋਵਾਹ ਦੀ ਸਲਾਹ ਮੰਨ ਕੇ ਬੁੱਧੀਮਾਨ ਬਣੋ

ਯਹੋਵਾਹ ਦੀ ਸਲਾਹ ਮੰਨ ਕੇ ਬੁੱਧੀਮਾਨ ਬਣੋ

“ਬੁੱਧ ਯਹੋਵਾਹ ਹੀ ਦਿੰਦਾ ਹੈ।”​—ਕਹਾ. 2:6.

ਗੀਤ 89 ਸੁਣੋ, ਅਮਲ ਕਰੋ, ਸਫ਼ਲ ਹੋਵੋ

ਖ਼ਾਸ ਗੱਲਾਂ *

1. ਸਾਨੂੰ ਸਾਰਿਆਂ ਨੂੰ ਪਰਮੇਸ਼ੁਰੀ ਬੁੱਧ ਦੀ ਲੋੜ ਕਿਉਂ ਹੈ? (ਕਹਾਉਤਾਂ 4:7)

 ਆਪਣੀ ਜ਼ਿੰਦਗੀ ਵਿਚ ਕੋਈ ਅਹਿਮ ਫ਼ੈਸਲਾ ਲੈਂਦੇ ਹੋਏ ਤੁਸੀਂ ਯਹੋਵਾਹ ਨੂੰ ਜ਼ਰੂਰ ਬੁੱਧ ਵਾਸਤੇ ਪ੍ਰਾਰਥਨਾ ਕੀਤੀ ਹੋਣੀ। (ਯਾਕੂ. 1:5) ਰਾਜਾ ਸੁਲੇਮਾਨ ਨੇ ਵੀ ਲਿਖਿਆ: “ਬੁੱਧ ਸਭ ਤੋਂ ਜ਼ਰੂਰੀ ਹੈ।” (ਕਹਾਉਤਾਂ 4:7 ਪੜ੍ਹੋ।) ਸੁਲੇਮਾਨ ਇੱਥੇ ਇਨਸਾਨੀ ਬੁੱਧ ਬਾਰੇ ਗੱਲ ਨਹੀਂ ਕਰ ਰਿਹਾ ਸੀ, ਬਲਕਿ ਉਹ ਪਰਮੇਸ਼ੁਰੀ ਬੁੱਧ ਬਾਰੇ ਗੱਲ ਕਰ ਰਿਹਾ ਸੀ। (ਕਹਾ. 2:6) ਪਰ ਕੀ ਅਸੀਂ ਯਹੋਵਾਹ ਪਰਮੇਸ਼ੁਰ ਤੋਂ ਮਿਲੀ ਬੁੱਧ ਨਾਲ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹਾਂ? ਬਿਲਕੁਲ! ਇਸ ਲੇਖ ਵਿਚ ਆਪਾਂ ਇਸੇ ਗੱਲ ’ਤੇ ਗੌਰ ਕਰਾਂਗੇ।

2. ਬੁੱਧੀਮਾਨ ਬਣਨ ਦਾ ਇਕ ਤਰੀਕਾ ਕੀ ਹੈ?

2 ਅਸੀਂ ਸੁਲੇਮਾਨ ਤੇ ਯਿਸੂ ਦੀਆਂ ਸਿੱਖਿਆਵਾਂ ਦਾ ਅਧਿਐਨ ਕਰ ਕੇ ਅਤੇ ਇਨ੍ਹਾਂ ਸਿੱਖਿਆਵਾਂ ਨੂੰ ਮੰਨ ਕੇ ਬੁੱਧੀਮਾਨ ਬਣ ਸਕਦੇ ਹਾਂ। ਉਹ ਦੋਵੇਂ ਆਪਣੀ ਬੁੱਧ ਕਰਕੇ ਮਸ਼ਹੂਰ ਸਨ। ਪਹਿਲਾਂ, ਆਪਾਂ ਸੁਲੇਮਾਨ ਬਾਰੇ ਦੇਖਾਂਗੇ। ਬਾਈਬਲ ਉਸ ਬਾਰੇ ਦੱਸਦੀ ਹੈ: “ਪਰਮੇਸ਼ੁਰ ਨੇ ਸੁਲੇਮਾਨ ਨੂੰ ਬਹੁਤ ਜ਼ਿਆਦਾ ਬੁੱਧ ਤੇ ਸੂਝ-ਬੂਝ ਦਿੱਤੀ।” (1 ਰਾਜ. 4:29) ਦੂਜਾ, ਆਪਾਂ ਯਿਸੂ ਬਾਰੇ ਦੇਖਾਂਗੇ, ਧਰਤੀ ’ਤੇ ਉਸ ਜਿੰਨਾ ਕੋਈ ਵੀ ਬੁੱਧੀਮਾਨ ਇਨਸਾਨ ਪੈਦਾ ਨਹੀਂ ਹੋਇਆ। (ਮੱਤੀ 12:42) ਉਸ ਬਾਰੇ ਬਾਈਬਲ ਵਿਚ ਇਹ ਭਵਿੱਖਬਾਣੀ ਕੀਤੀ ਗਈ ਸੀ: “ਯਹੋਵਾਹ ਦੀ ਸ਼ਕਤੀ ਉਸ ਉੱਤੇ ਰਹੇਗੀ, ਇਸ ਲਈ ਉਹ ਬੁੱਧੀਮਾਨ ਅਤੇ ਸਮਝਦਾਰ ਹੋਵੇਗਾ।”​—ਯਸਾ. 11:2.

3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਪਰਮੇਸ਼ੁਰੀ ਬੁੱਧ ਨਾਲ ਸੁਲੇਮਾਨ ਅਤੇ ਯਿਸੂ ਨੇ ਕੁਝ ਅਹਿਮ ਮਾਮਲਿਆਂ ਬਾਰੇ ਚੰਗੀਆਂ ਸਲਾਹਾਂ ਦਿੱਤੀਆਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਪੈਸੇ, ਕੰਮ-ਧੰਦੇ ਅਤੇ ਆਪਣੇ ਬਾਰੇ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ।

ਪੈਸੇ ਬਾਰੇ ਸਹੀ ਨਜ਼ਰੀਆ

4. ਸੁਲੇਮਾਨ ਅਤੇ ਯਿਸੂ ਦੀ ਆਰਥਿਕ ਹਾਲਤ ਇਕ-ਦੂਜੇ ਤੋਂ ਵੱਖਰੀ ਕਿਵੇਂ ਸੀ?

4 ਸੁਲੇਮਾਨ ਬਹੁਤ ਜ਼ਿਆਦਾ ਅਮੀਰ ਸੀ ਅਤੇ ਉਸ ਕੋਲ ਐਸ਼ੋ-ਆਰਾਮ ਦੀਆਂ ਸਾਰੀਆਂ ਚੀਜ਼ਾਂ ਸਨ। (1 ਰਾਜ. 10:7, 14, 15) ਪਰ ਦੂਜੇ ਪਾਸੇ, ਯਿਸੂ ਕੋਲ ਬਹੁਤ ਥੋੜ੍ਹੀਆਂ ਚੀਜ਼ਾਂ ਸਨ ਅਤੇ ਉਸ ਕੋਲ ਆਪਣਾ ਘਰ ਵੀ ਨਹੀਂ ਸੀ। (ਮੱਤੀ 8:20) ਫਿਰ ਵੀ ਦੋਵਾਂ ਨੇ ਪੈਸਿਆਂ ਬਾਰੇ ਸਹੀ ਨਜ਼ਰੀਆ ਰੱਖਿਆ ਕਿਉਂਕਿ ਦੋਵਾਂ ਨੂੰ ਬੁੱਧ ਦੇਣ ਵਾਲਾ ਯਹੋਵਾਹ ਪਰਮੇਸ਼ੁਰ ਸੀ।

5. ਸੁਲੇਮਾਨ ਦਾ ਪੈਸੇ ਬਾਰੇ ਕੀ ਨਜ਼ਰੀਆ ਸੀ?

5 ਸੁਲੇਮਾਨ ਨੇ ਕਿਹਾ: “ਪੈਸਾ ਸੁਰੱਖਿਆ ਦਿੰਦਾ ਹੈ।” (ਉਪ. 7:12) ਪੈਸੇ ਦੇ ਨਾਲ ਅਸੀਂ ਜ਼ਰੂਰਤ ਦੀਆਂ ਚੀਜ਼ਾਂ ਅਤੇ ਕੁਝ ਮਨਪਸੰਦ ਦੀਆਂ ਚੀਜ਼ਾਂ ਵੀ ਖ਼ਰੀਦ ਸਕਦੇ ਹਾਂ। ਚਾਹੇ ਸੁਲੇਮਾਨ ਬਹੁਤ ਅਮੀਰ ਸੀ, ਪਰ ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਉਦਾਹਰਣ ਲਈ, ਉਸ ਨੇ ਲਿਖਿਆ: “ਬਹੁਤੀ ਧਨ-ਦੌਲਤ ਨਾਲੋਂ ਚੰਗਾ ਨਾਂ [ਜਾਂ, “ਨੇਕਨਾਮੀ” ਫੁਟਨੋਟ] ਚੁਣਨਾ ਚਾਹੀਦਾ ਹੈ।” (ਕਹਾ. 22:1) ਸੁਲੇਮਾਨ ਨੇ ਆਪਣੀ ਜ਼ਿੰਦਗੀ ਵਿਚ ਦੇਖਿਆ ਸੀ ਕਿ ਪੈਸੇ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਤੋਂ ਬਹੁਤੀ ਖ਼ੁਸ਼ੀ ਨਹੀਂ ਮਿਲਦੀ। (ਉਪ. 5:10, 12) ਉਸ ਨੇ ਪੈਸੇ ’ਤੇ ਹੱਦੋਂ ਵੱਧ ਭਰੋਸਾ ਨਾ ਕਰਨ ਦੀ ਚੇਤਾਵਨੀ ਦਿੱਤੀ ਕਿਉਂਕਿ ਪੈਸਾ ਅੱਜ ਹੈ ਤੇ ਕੱਲ੍ਹ ਨਹੀਂ।​—ਕਹਾ. 23:4, 5.

ਕੀ ਪੈਸਾ ਤੇ ਚੀਜ਼ਾਂ ਸਾਨੂੰ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਤੋਂ ਰੋਕ ਤਾਂ ਨਹੀਂ ਰਹੀਆਂ? (ਪੈਰੇ 6-7 ਦੇਖੋ) *

6. ਯਿਸੂ ਦਾ ਧਨ-ਦੌਲਤ ਅਤੇ ਚੀਜ਼ਾਂ ਪ੍ਰਤੀ ਕੀ ਨਜ਼ਰੀਆ ਸੀ? (ਮੱਤੀ 6:31-33)

6 ਯਿਸੂ ਦਾ ਧਨ-ਦੌਲਤ ਅਤੇ ਚੀਜ਼ਾਂ ਪ੍ਰਤੀ ਸਹੀ ਨਜ਼ਰੀਆ ਸੀ। ਉਹ ਖਾਣ-ਪੀਣ ਦੀਆਂ ਚੀਜ਼ਾਂ ਦਾ ਮਜ਼ਾ ਲੈਂਦਾ ਸੀ। (ਲੂਕਾ 19:2, 6, 7) ਇਕ ਮੌਕੇ ’ਤੇ ਯਿਸੂ ਨੇ ਚਮਤਕਾਰ ਕਰ ਕੇ ਬਹੁਤ ਹੀ ਵਧੀਆ ਦਾਖਰਸ ਬਣਾਇਆ। ਇਹ ਉਸ ਦਾ ਪਹਿਲਾ ਚਮਤਕਾਰ ਸੀ। (ਯੂਹੰ. 2:10, 11) ਜਿਸ ਦਿਨ ਯਿਸੂ ਦੀ ਮੌਤ ਹੋਈ, ਉਸ ਦਿਨ ਉਸ ਨੇ ਮਹਿੰਗਾ ਕੁੜਤਾ ਪਾਇਆ ਹੋਇਆ ਸੀ। (ਯੂਹੰ. 19:23, 24) ਪਰ ਯਿਸੂ ਨੇ ਆਪਣੀ ਜ਼ਿੰਦਗੀ ਵਿਚ ਚੀਜ਼ਾਂ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ . . . ਉਹ ਇਕ ਦੀ ਦਿਲੋਂ ਸੇਵਾ ਕਰੇਗਾ ਅਤੇ ਦੂਜੇ ਨੂੰ ਤੁੱਛ ਸਮਝੇਗਾ।” (ਮੱਤੀ 6:24) ਯਿਸੂ ਨੇ ਸਿਖਾਇਆ ਕਿ ਜੇ ਅਸੀਂ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਵਾਂਗੇ, ਤਾਂ ਯਹੋਵਾਹ ਸਾਡੀਆਂ ਲੋੜਾਂ ਜ਼ਰੂਰ ਪੂਰੀਆਂ ਕਰੇਗਾ।​—ਮੱਤੀ 6:31-33 ਪੜ੍ਹੋ।

7. ਇਕ ਭਰਾ ਨੂੰ ਪੈਸਿਆਂ ਬਾਰੇ ਸਹੀ ਨਜ਼ਰੀਆ ਰੱਖ ਕੇ ਕਿਵੇਂ ਫ਼ਾਇਦਾ ਹੋਇਆ?

7 ਪੈਸਿਆਂ ਬਾਰੇ ਪਰਮੇਸ਼ੁਰੀ ਬੁੱਧ ਦੀਆਂ ਸਲਾਹਾਂ ਨੂੰ ਲਾਗੂ ਕਰ ਕੇ ਸਾਡੇ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਫ਼ਾਇਦਾ ਹੋਇਆ ਹੈ। ਜ਼ਰਾ ਇਕ ਕੁਆਰੇ ਭਰਾ ਡੈਨੀਅਲ ਦੀ ਮਿਸਾਲ ’ਤੇ ਗੌਰ ਕਰੋ। ਉਹ ਦੱਸਦਾ ਹੈ: “ਮੈਂ ਅੱਲ੍ਹੜ ਉਮਰ ਵਿਚ ਹੀ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਦਾ ਫ਼ੈਸਲਾ ਕੀਤਾ।” ਆਪਣੀ ਜ਼ਿੰਦਗੀ ਸਾਦੀ ਰੱਖਣ ਕਰਕੇ ਉਹ ਰਾਹਤ ਕੰਮਾਂ ਅਤੇ ਬੈਥਲ ਵਿਚ ਸੇਵਾ ਕਰਨ ਲਈ ਆਪਣਾ ਸਮਾਂ ਅਤੇ ਹੁਨਰ ਵਰਤ ਸਕਿਆ। ਉਹ ਅੱਗੇ ਦੱਸਦਾ ਹੈ: “ਮੈਂ ਪੂਰੇ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਮੈਨੂੰ ਆਪਣੇ ਫ਼ੈਸਲੇ ’ਤੇ ਕੋਈ ਪਛਤਾਵਾ ਨਹੀਂ ਹੈ। ਜੇ ਮੈਂ ਚਾਹੁੰਦਾ, ਤਾਂ ਮੈਂ ਬਹੁਤ ਸਾਰਾ ਪੈਸਾ ਕਮਾ ਸਕਦਾ ਸੀ। ਇਸ ਦੀ ਬਜਾਇ, ਮੈਂ ਯਹੋਵਾਹ ਦੀ ਸੇਵਾ ਨੂੰ ਪਹਿਲੀ ਥਾਂ ਦਿੱਤੀ ਜਿਸ ਕਰਕੇ ਮੈਂ ਸੱਚੇ ਦੋਸਤ ਬਣਾ ਸਕਿਆ। ਪਰਮੇਸ਼ੁਰ ਦੇ ਰਾਜ ਦੇ ਕੰਮਾਂ ਨੂੰ ਪਹਿਲ ਦੇ ਕੇ ਮੈਨੂੰ ਜੋ ਖ਼ੁਸ਼ੀ ਮਿਲਦੀ ਹੈ, ਉਹ ਦੁਨੀਆਂ ਦੀ ਧਨ-ਦੌਲਤ ਨੂੰ ਪਹਿਲ ਦੇ ਕੇ ਕਦੇ ਨਹੀਂ ਮਿਲਣੀ ਸੀ। ਯਹੋਵਾਹ ਨੇ ਮੈਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ ਹਨ ਜਿਨ੍ਹਾਂ ਸਾਮ੍ਹਣੇ ਪੈਸਾ ਕੁਝ ਵੀ ਨਹੀਂ ਹੈ।” ਇਹ ਗੱਲ ਬਿਲਕੁਲ ਸਾਫ਼ ਹੈ ਕਿ ਜੇ ਅਸੀਂ ਪੈਸੇ ਦੀ ਬਜਾਇ ਯਹੋਵਾਹ ਦੀ ਸੇਵਾ ਨੂੰ ਪਹਿਲ ਦਿੰਦੇ ਹਾਂ, ਤਾਂ ਸਾਨੂੰ ਫ਼ਾਇਦਾ ਹੁੰਦਾ ਹੈ।

ਕੰਮ-ਧੰਦੇ ਪ੍ਰਤੀ ਸਹੀ ਨਜ਼ਰੀਆ

8. ਅਸੀਂ ਕਿਵੇਂ ਜਾਣਦੇ ਹਾਂ ਕਿ ਸੁਲੇਮਾਨ ਨੇ ਕੰਮ-ਧੰਦੇ ਪ੍ਰਤੀ ਸਹੀ ਨਜ਼ਰੀਆ ਰੱਖਿਆ ਸੀ? (ਉਪਦੇਸ਼ਕ ਦੀ ਕਿਤਾਬ 5:18, 19)

8 ਸੁਲੇਮਾਨ ਨੇ ਕਿਹਾ ਕਿ ਇਕ ਇਨਸਾਨ ਨੂੰ ਸਖ਼ਤ ਮਿਹਨਤ ਕਰਕੇ ਖ਼ੁਸ਼ੀ ਮਿਲਦੀ ਹੈ ਕਿਉਂਕਿ ਇਹ “ਪਰਮੇਸ਼ੁਰ ਦੀ ਦੇਣ ਹੈ।” (ਉਪਦੇਸ਼ਕ ਦੀ ਕਿਤਾਬ 5:18, 19 ਪੜ੍ਹੋ।) ਉਸ ਨੇ ਲਿਖਿਆ: “ਹਰ ਤਰ੍ਹਾਂ ਦੀ ਸਖ਼ਤ ਮਿਹਨਤ ਕਰਨ ਦਾ ਫ਼ਾਇਦਾ ਹੁੰਦਾ ਹੈ।” (ਕਹਾ. 14:23) ਸੁਲੇਮਾਨ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਜਾਣਦਾ ਸੀ ਕਿ ਇਹ ਗੱਲ ਬਿਲਕੁਲ ਸੱਚ ਹੈ। ਉਹ ਬਹੁਤ ਮਿਹਨਤੀ ਸੀ। ਉਸ ਨੇ ਘਰ ਬਣਾਏ, ਅੰਗੂਰਾਂ ਦੇ ਬਾਗ਼ ਤੇ ਬਾਗ਼-ਬਗ਼ੀਚੇ ਲਾਏ, ਤਲਾਬ ਬਣਾਏ ਅਤੇ ਸ਼ਹਿਰ ਵੀ ਉਸਾਰੇ। (1 ਰਾਜ. 9:19; ਉਪ. 2:4-6) ਸੱਚ-ਮੁੱਚ! ਉਸ ਨੇ ਸਖ਼ਤ ਮਿਹਨਤ ਕੀਤੀ ਅਤੇ ਉਸ ਨੂੰ ਇਸ ਤੋਂ ਜ਼ਰੂਰ ਖ਼ੁਸ਼ੀ ਮਿਲੀ ਹੋਣੀ। ਪਰ ਸੁਲੇਮਾਨ ਚੰਗੀ ਤਰ੍ਹਾਂ ਜਾਣਦਾ ਸੀ ਕਿ ਸੱਚੀ ਖ਼ੁਸ਼ੀ ਪਾਉਣ ਲਈ ਉਸ ਨੂੰ ਹੋਰ ਵੀ ਕੁਝ ਕਰਨ ਦੀ ਲੋੜ ਸੀ। ਉਸ ਨੇ ਪਰਮੇਸ਼ੁਰ ਦੇ ਕੰਮਾਂ ਵਿਚ ਵੀ ਬਹੁਤ ਮਿਹਨਤ ਕੀਤੀ। ਉਦਾਹਰਣ ਲਈ, ਉਸ ਨੇ ਯਹੋਵਾਹ ਦੀ ਭਗਤੀ ਕਰਨ ਲਈ ਸ਼ਾਨਦਾਰ ਮੰਦਰ ਦੀ ਉਸਾਰੀ ਕਰਵਾਈ ਜਿਸ ਨੂੰ ਪੂਰਾ ਹੋਣ ਵਿਚ ਸੱਤ ਸਾਲ ਲੱਗੇ। (1 ਰਾਜ. 6:38; 9:1) ਇਹ ਸਾਰੇ ਕੰਮ-ਧੰਦੇ ਕਰਨ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਦੁਨਿਆਵੀ ਕੰਮ-ਧੰਦਿਆਂ ਨਾਲੋਂ ਯਹੋਵਾਹ ਦੀ ਸੇਵਾ ਕਰਨੀ ਜ਼ਿਆਦਾ ਜ਼ਰੂਰੀ ਹੈ। ਉਸ ਨੇ ਲਿਖਿਆ: “ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਇਨ੍ਹਾਂ ਦਾ ਨਿਚੋੜ ਇਹੀ ਹੈ: ਸੱਚੇ ਪਰਮੇਸ਼ੁਰ ਦਾ ਡਰ ਰੱਖ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰ।”​—ਉਪ. 12:13.

9. ਅਸੀਂ ਕਿਵੇਂ ਜਾਣਦੇ ਹਾਂ ਕਿ ਯਿਸੂ ਨੇ ਆਪਣਾ ਸਾਰਾ ਸਮਾਂ ਕੰਮ-ਧੰਦੇ ਵਿਚ ਹੀ ਨਹੀਂ ਲਾਇਆ?

9 ਯਿਸੂ ਬਹੁਤ ਮਿਹਨਤੀ ਸੀ। ਉਸ ਨੇ ਆਪਣੇ ਵੱਡੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਰਖਾਣ ਦਾ ਕੰਮ ਕੀਤਾ। (ਮਰ. 6:3) ਬਿਨਾਂ ਸ਼ੱਕ, ਇਹ ਦੇਖ ਕੇ ਉਸ ਦੇ ਮਾਪੇ ਬਹੁਤ ਖ਼ੁਸ਼ ਹੋਏ ਹੋਣੇ। ਮੁਕੰਮਲ ਹੋਣ ਕਰਕੇ ਉਹ ਬਹੁਤ ਵਧੀਆ ਤਰਖਾਣ ਦਾ ਕੰਮ ਕਰਦਾ ਹੋਣਾ ਜਿਸ ਕਰਕੇ ਬਹੁਤ ਸਾਰੇ ਲੋਕ ਉਸ ਤੋਂ ਕੰਮ ਕਰਵਾਉਣਾ ਚਾਹੁੰਦੇ ਹੋਣੇ। ਉਸ ਨੂੰ ਕੰਮ ਕਰ ਕੇ ਬਹੁਤ ਖ਼ੁਸ਼ੀ ਹੁੰਦੀ ਹੋਣੀ, ਪਰ ਉਸ ਨੇ ਆਪਣਾ ਸਾਰਾ ਸਮਾਂ ਕੰਮ-ਧੰਦੇ ਵਿਚ ਹੀ ਨਹੀਂ ਲਾਇਆ, ਸਗੋਂ ਉਸ ਨੇ ਯਹੋਵਾਹ ਦੀ ਸੇਵਾ ਕਰਨ ਲਈ ਵੀ ਸਮਾਂ ਕੱਢਿਆ। (ਯੂਹੰ. 7:15) ਬਾਅਦ ਵਿਚ ਜਦੋਂ ਉਹ ਪੂਰੇ ਸਮੇਂ ਦੀ ਸੇਵਾ ਕਰ ਰਿਹਾ ਸੀ, ਤਾਂ ਉਸ ਨੇ ਆਪਣੇ ਸੁਣਨ ਵਾਲਿਆਂ ਨੂੰ ਸਲਾਹ ਦਿੱਤੀ: “ਉਸ ਭੋਜਨ ਲਈ ਮਿਹਨਤ ਨਾ ਕਰੋ ਜਿਹੜਾ ਖ਼ਰਾਬ ਹੋ ਜਾਂਦਾ ਹੈ, ਸਗੋਂ ਉਸ ਭੋਜਨ ਲਈ ਮਿਹਨਤ ਕਰੋ ਜਿਹੜਾ ਕਦੀ ਖ਼ਰਾਬ ਨਹੀਂ ਹੁੰਦਾ ਤੇ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ।” (ਯੂਹੰ. 6:27) ਨਾਲੇ ਪਹਾੜੀ ਉਪਦੇਸ਼ ਦਿੰਦਿਆਂ ਉਸ ਨੇ ਕਿਹਾ: “ਸਵਰਗ ਵਿਚ ਆਪਣੇ ਲਈ ਧਨ ਜੋੜੋ।”​—ਮੱਤੀ 6:20.

ਅਸੀਂ ਆਪਣੇ ਕੰਮ-ਧੰਦੇ ਕਰਨ ਦੇ ਨਾਲ-ਨਾਲ ਯਹੋਵਾਹ ਦੀ ਸੇਵਾ ਲਈ ਸਮਾਂ ਕਿਵੇਂ ਕੱਢ ਸਕਦੇ ਹਾਂ? (ਪੈਰੇ 10-11 ਦੇਖੋ) *

10. ਕੰਮ ਕਰਕੇ ਸ਼ਾਇਦ ਸਾਨੂੰ ਕਿਹੜੀ ਮੁਸ਼ਕਲ ਆ ਸਕਦੀ ਹੈ?

10 ਪਰਮੇਸ਼ੁਰੀ ਬੁੱਧ ਕੰਮ-ਧੰਦਿਆਂ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਕਰਦੀ ਹੈ। ਮਸੀਹੀ ਹੋਣ ਦੇ ਨਾਤੇ ਸਾਨੂੰ ਸਿਖਾਇਆ ਗਿਆ ਹੈ ਕਿ ਅਸੀਂ ‘ਸਖ਼ਤ ਮਿਹਨਤ ਕਰੀਏ ਅਤੇ ਈਮਾਨਦਾਰੀ ਨਾਲ ਕੰਮ ਕਰੀਏ।’ (ਅਫ਼. 4:28) ਸ਼ਾਇਦ ਕੰਮ ’ਤੇ ਸਾਡਾ ਮਾਲਕ ਦੇਖੇ ਕਿ ਅਸੀਂ ਈਮਾਨਦਾਰ ਅਤੇ ਮਿਹਨਤੀ ਹਾਂ ਅਤੇ ਸ਼ਾਇਦ ਉਹ ਸਾਨੂੰ ਦੱਸੇ ਕਿ ਉਸ ਨੂੰ ਸਾਡੇ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਦਾ ਹੈ। ਸ਼ਾਇਦ ਅਸੀਂ ਚੰਗੇ ਇਰਾਦੇ ਨਾਲ ਜ਼ਿਆਦਾ ਘੰਟੇ ਕੰਮ ਕਰੀਏ ਤਾਂਕਿ ਸਾਡਾ ਮਾਲਕ ਯਹੋਵਾਹ ਦੇ ਗਵਾਹਾਂ ਪ੍ਰਤੀ ਸਹੀ ਨਜ਼ਰੀਆ ਰੱਖੇ। ਪਰ ਛੇਤੀ ਹੀ ਸਾਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਕੰਮ ’ਤੇ ਜ਼ਿਆਦਾ ਸਮਾਂ ਲਾਉਣ ਕਰਕੇ ਅਸੀਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਪਰਮੇਸ਼ੁਰੀ ਕੰਮਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ। ਇਸ ਲਈ ਸਾਨੂੰ ਕੁਝ ਬਦਲਾਅ ਕਰਨ ਦੀ ਲੋੜ ਹੈ ਤਾਂਕਿ ਅਸੀਂ ਜ਼ਿਆਦਾ ਜ਼ਰੂਰੀ ਕੰਮਾਂ ਵੱਲ ਧਿਆਨ ਦੇ ਸਕੀਏ।

11. ਇਕ ਭਰਾ ਨੇ ਕੰਮ-ਧੰਦੇ ਬਾਰੇ ਸਹੀ ਨਜ਼ਰੀਆ ਰੱਖਣਾ ਕਿਵੇਂ ਸਿੱਖਿਆ?

11 ਇਕ ਨੌਜਵਾਨ ਭਰਾ ਵਿਲੀਅਮ ਨੇ ਆਪਣੀ ਅੱਖੀਂ ਦੇਖਿਆ ਕਿ ਸਾਨੂੰ ਕੰਮ-ਧੰਦੇ ਨੂੰ ਆਪਣੀ ਜ਼ਿੰਦਗੀ ਵਿਚ ਕਿਹੜੀ ਥਾਂ ਦੇਣੀ ਚਾਹੀਦਾ ਹੈ। ਮੰਡਲੀ ਦੇ ਇਕ ਬਜ਼ੁਰਗ ਨੇ ਵਿਲੀਅਮ ਨੂੰ ਕੰਮ ’ਤੇ ਰੱਖਿਆ ਸੀ। ਉਹ ਉਸ ਬਜ਼ੁਰਗ ਬਾਰੇ ਦੱਸਦਾ ਹੈ: “[ਉਸ ਭਰਾ] ਨੇ ਕੰਮ ਬਾਰੇ ਬਹੁਤ ਵਧੀਆ ਮਿਸਾਲ ਰੱਖੀ ਹੈ। ਉਹ ਬਹੁਤ ਮਿਹਨਤੀ ਹੈ ਅਤੇ ਗਾਹਕਾਂ ਵਿਚ ਵੀ ਉਸ ਦਾ ਚੰਗਾ ਨਾਂ ਹੈ ਕਿਉਂਕਿ ਉਸ ਦਾ ਕੰਮ ਬਹੁਤ ਵਧੀਆ ਹੁੰਦਾ ਹੈ। ਪਰ ਦਿਨ ਦੇ ਅਖ਼ੀਰ ਵਿਚ ਉਹ ਸਾਰਾ ਕੰਮ ਬੰਦ ਕਰ ਕੇ ਆਪਣਾ ਬਾਕੀ ਸਮਾਂ ਪਰਿਵਾਰ ਅਤੇ ਪਰਮੇਸ਼ੁਰ ਦੀ ਭਗਤੀ ਵਿਚ ਲਾਉਂਦਾ ਹੈ। ਮੈਂ ਦੇਖਿਆ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਕਿੰਨਾ ਜ਼ਿਆਦਾ ਖ਼ੁਸ਼ ਹੈ!” *

ਆਪਣੇ ਪ੍ਰਤੀ ਸਹੀ ਨਜ਼ਰੀਆ ਰੱਖੋ

12. ਸੁਲੇਮਾਨ ਨੇ ਕਿਵੇਂ ਦਿਖਾਇਆ ਕਿ ਪਹਿਲਾਂ ਉਸ ਦਾ ਆਪਣੇ ਪ੍ਰਤੀ ਸਹੀ ਨਜ਼ਰੀਆ ਸੀ, ਪਰ ਬਾਅਦ ਵਿਚ ਉਹ ਸਹੀ ਨਜ਼ਰੀਆ ਕਿਉਂ ਨਹੀਂ ਰੱਖ ਸਕਿਆ?

12 ਸੁਲੇਮਾਨ ਜਦ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ, ਉਦੋਂ ਤਕ ਉਸ ਨੇ ਆਪਣੇ ਬਾਰੇ ਸਹੀ ਨਜ਼ਰੀਆ ਬਣਾਈ ਰੱਖਿਆ। ਨੌਜਵਾਨ ਹੁੰਦਿਆਂ ਉਸ ਨੇ ਆਪਣੀਆਂ ਹੱਦਾਂ ਨੂੰ ਪਛਾਣਿਆ ਅਤੇ ਯਹੋਵਾਹ ਤੋਂ ਸੇਧ ਮੰਗੀ। (1 ਰਾਜ. 3:7-9) ਆਪਣੇ ਰਾਜ ਦੇ ਸ਼ੁਰੂ ਵਿਚ ਸੁਲੇਮਾਨ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਘਮੰਡੀ ਹੋਣ ਦੇ ਕੀ ਬੁਰੇ ਨਤੀਜੇ ਨਿਕਲ ਸਕਦੇ ਹਨ। ਉਸ ਨੇ ਲਿਖਿਆ: “ਨਾਸ਼ ਤੋਂ ਪਹਿਲਾਂ ਹੰਕਾਰ ਹੁੰਦਾ ਹੈ ਅਤੇ ਠੇਡਾ ਖਾਣ ਤੋਂ ਪਹਿਲਾਂ ਘਮੰਡੀ ਸੋਚ ਹੁੰਦੀ ਹੈ।” (ਕਹਾ. 16:18) ਦੁੱਖ ਦੀ ਗੱਲ ਹੈ ਕਿ ਬਾਅਦ ਵਿਚ ਸੁਲੇਮਾਨ ਆਪਣੀ ਹੀ ਸਲਾਹ ’ਤੇ ਨਹੀਂ ਚੱਲਿਆ। ਰਾਜਾ ਬਣਨ ਤੋਂ ਕੁਝ ਸਮੇਂ ਬਾਅਦ ਉਸ ਨੇ ਘਮੰਡ ਵਿਚ ਆ ਕੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਹੀਂ ਮੰਨਿਆ। ਉਦਾਹਰਣ ਲਈ, ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਇਜ਼ਰਾਈਲੀ ਰਾਜਾ “ਬਹੁਤ ਸਾਰੀਆਂ ਪਤਨੀਆਂ ਨਾ ਰੱਖੇ ਤਾਂਕਿ ਉਸ ਦਾ ਦਿਲ ਸਹੀ ਰਾਹ ਤੋਂ ਭਟਕ ਨਾ ਜਾਵੇ।” (ਬਿਵ. 17:17) ਸੁਲੇਮਾਨ ਨੇ ਇਸ ਕਾਨੂੰਨ ਦੀ ਉਲੰਘਣਾ ਕਰ ਕੇ 700 ਪਤਨੀਆਂ ਅਤੇ 300 ਰਖੇਲਾਂ ਰੱਖੀਆਂ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਝੂਠੀ ਭਗਤੀ ਕਰਦੀਆਂ ਸਨ। (1 ਰਾਜ. 11:1-3) ਫਿਰ ਵੀ ਸੁਲੇਮਾਨ ਨੂੰ ਲੱਗਦਾ ਸੀ ਕਿ ਇਸ ਨਾਲ ਕੋਈ ਮੁਸ਼ਕਲ ਨਹੀਂ ਖੜੀ ਹੋਵੇਗੀ। ਪਰ ਯਹੋਵਾਹ ਤੋਂ ਦੂਰ ਜਾਣ ਕਰਕੇ ਉਸ ਨੂੰ ਬੁਰੇ ਨਤੀਜੇ ਭੁਗਤਣੇ ਪਏ।​—1 ਰਾਜ. 11:9-13.

13. ਅਸੀਂ ਯਿਸੂ ਦੀ ਨਿਮਰਤਾ ਦੀ ਮਿਸਾਲ ’ਤੇ ਸੋਚ-ਵਿਚਾਰ ਕਰ ਕੇ ਕੀ ਸਿੱਖ ਸਕਦੇ ਹਾਂ?

13 ਯਿਸੂ ਹਮੇਸ਼ਾ ਨਿਮਰ ਰਿਹਾ। ਸਵਰਗ ਵਿਚ ਹੁੰਦਿਆਂ ਉਸ ਨੇ ਯਹੋਵਾਹ ਦੀ ਸੇਵਾ ਕਰਦਿਆਂ ਬਹੁਤ ਹੀ ਸ਼ਾਨਦਾਰ ਕੰਮ ਕੀਤੇ ਸਨ। ਯਿਸੂ ਰਾਹੀਂ “ਸਵਰਗ ਵਿਚ ਅਤੇ ਧਰਤੀ ਉੱਤੇ ਬਾਕੀ ਸਾਰੀਆਂ ਦਿਸਣ ਅਤੇ ਨਾ ਦਿਸਣ ਵਾਲੀਆਂ ਚੀਜ਼ਾਂ ਸਿਰਜੀਆਂ ਗਈਆਂ।” (ਕੁਲੁ. 1:16) ਯਿਸੂ ਨੂੰ ਆਪਣੇ ਬਪਤਿਸਮੇ ਵੇਲੇ ਉਹ ਸਾਰੇ ਕੰਮ ਯਾਦ ਆਏ ਹੋਣੇ ਜੋ ਉਸ ਨੇ ਸਵਰਗ ਵਿਚ ਆਪਣੇ ਪਿਤਾ ਨਾਲ ਕੀਤੇ ਸਨ। (ਮੱਤੀ 3:16; ਯੂਹੰ. 17:5) ਪਰ ਇਹ ਸਾਰਾ ਕੁਝ ਯਾਦ ਆਉਣ ਤੇ ਉਹ ਘਮੰਡੀ ਨਹੀਂ ਬਣ ਗਿਆ। ਉਸ ਨੇ ਕਦੇ ਵੀ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਨਹੀਂ ਸਮਝਿਆ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ “ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ” ਸੀ। (ਮੱਤੀ 20:28) ਉਸ ਨੇ ਨਿਮਰਤਾ ਨਾਲ ਇਹ ਗੱਲ ਵੀ ਮੰਨੀ ਕਿ ਉਹ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦਾ ਸੀ। (ਯੂਹੰ. 5:19) ਯਿਸੂ ਨੇ ਕਿੰਨੀ ਨਿਮਰਤਾ ਦਿਖਾਈ! ਉਸ ਨੇ ਸਾਡੇ ਲਈ ਬਹੁਤ ਵਧੀਆ ਮਿਸਾਲ ਰੱਖੀ।

14. ਅਸੀਂ ਯਿਸੂ ਤੋਂ ਆਪਣੇ ਬਾਰੇ ਸਹੀ ਨਜ਼ਰੀਆ ਰੱਖਣ ਬਾਰੇ ਕੀ ਸਿੱਖ ਸਕਦੇ ਹਾਂ?

14 ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਆਪਣੇ ਬਾਰੇ ਸਹੀ ਨਜ਼ਰੀਆ ਰੱਖਣ। ਇਕ ਮੌਕੇ ’ਤੇ ਉਸ ਨੇ ਉਨ੍ਹਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ: “ਤੁਹਾਡੇ ਤਾਂ ਸਗੋਂ ਸਿਰ ਦੇ ਸਾਰੇ ਵਾਲ਼ ਵੀ ਗਿਣੇ ਹੋਏ ਹਨ।” (ਮੱਤੀ 10:30) ਯਿਸੂ ਦੀ ਇਸ ਗੱਲ ਤੋਂ ਸਾਨੂੰ ਬਹੁਤ ਜ਼ਿਆਦਾ ਹੌਸਲਾ ਮਿਲਦਾ ਹੈ, ਖ਼ਾਸ ਤੌਰ ’ਤੇ ਉਦੋਂ ਜਦੋਂ ਅਸੀਂ ਆਪਣੇ ਆਪ ਵਿਚ ਬਹੁਤ ਨਿਕੰਮੇ ਮਹਿਸੂਸ ਕਰਦੇ ਹਾਂ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਸਵਰਗੀ ਪਿਤਾ ਦੀਆਂ ਨਜ਼ਰਾਂ ਵਿਚ ਬਹੁਤ ਕੀਮਤੀ ਹਾਂ ਅਤੇ ਉਹ ਸਾਡੇ ਵਿਚ ਗਹਿਰੀ ਦਿਲਚਸਪੀ ਰੱਖਦਾ ਹੈ। ਜੇ ਯਹੋਵਾਹ ਸਾਨੂੰ ਆਪਣੀ ਭਗਤੀ ਅਤੇ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੇ ਲਾਇਕ ਸਮਝਦਾ ਹੈ, ਤਾਂ ਸਾਨੂੰ ਕਦੇ ਵੀ ਇਸ ਗੱਲ ’ਤੇ ਸ਼ੱਕ ਨਹੀਂ ਕਰਨਾ ਚਾਹੀਦਾ।

ਜੇ ਅਸੀਂ ਸਿਰਫ਼ ਆਪਣੇ ਬਾਰੇ ਹੀ ਸੋਚਾਂਗੇ, ਤਾਂ ਸ਼ਾਇਦ ਅਸੀਂ ਕਿਹੜੀਆਂ ਬਰਕਤਾਂ ਪਾਉਣ ਦਾ ਮੌਕਾ ਗੁਆ ਬੈਠਾਂਗੇ? (ਪੈਰਾ 15 ਦੇਖੋ) *

15. (ੳ) ਪਹਿਰਾਬੁਰਜ ਵਿਚ ਆਪਣੇ ਬਾਰੇ ਸਹੀ ਨਜ਼ਰੀਆ ਰੱਖਣ ਬਾਰੇ ਕੀ ਸਲਾਹ ਦਿੱਤੀ ਗਈ ਸੀ? (ਅ) ਜਿਵੇਂ ਸਫ਼ਾ 24 ਦੀ ਤਸਵੀਰ ਵਿਚ ਦਿਖਾਇਆ ਗਿਆ ਹੈ, ਜੇ ਅਸੀਂ ਸਿਰਫ਼ ਆਪਣੇ ਬਾਰੇ ਹੀ ਸੋਚਾਂਗੇ, ਤਾਂ ਸ਼ਾਇਦ ਅਸੀਂ ਕਿਹੜੀਆਂ ਬਰਕਤਾਂ ਗੁਆ ਬੈਠਾਂਗੇ?

15 ਲਗਭਗ 15 ਸਾਲ ਪਹਿਲਾਂ ਪਹਿਰਾਬੁਰਜ ਵਿਚ ਸਹੀ ਨਜ਼ਰੀਆ ਰੱਖਣ ਬਾਰੇ ਇਹ ਸਲਾਹ ਦਿੱਤੀ ਗਈ ਸੀ: “ਸਾਨੂੰ ਨਾ ਹੀ ਆਪਣੇ ਆਪ ਨੂੰ ਇੰਨਾ ਉੱਚਾ ਸਮਝ ਕੇ ਘਮੰਡੀ ਬਣਨਾ ਚਾਹੀਦਾ ਹੈ ਅਤੇ ਨਾ ਹੀ ਆਪਣੇ ਆਪ ਨੂੰ ਬਿਲਕੁਲ ਨਿਕੰਮਾ ਸਮਝਣਾ ਚਾਹੀਦਾ ਹੈ। ਇਸ ਦੀ ਬਜਾਇ, ਸਾਨੂੰ ਆਪਣੀਆਂ ਕਾਬਲੀਅਤਾਂ ਅਤੇ ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਬਾਰੇ ਸਹੀ ਨਜ਼ਰੀਆ ਪੈਦਾ ਕਰਨ ਦੀ ਲੋੜ ਹੈ। ਇਕ ਮਸੀਹੀ ਭੈਣ ਨੇ ਕਿਹਾ: ‘ਮੈਂ ਨਾ ਹੀ ਇੰਨੀ ਬੁਰੀ ਹਾਂ ਅਤੇ ਨਾ ਹੀ ਦੁਨੀਆਂ ਦੀ ਸਭ ਤੋਂ ਬਿਹਤਰੀਨ ਇਨਸਾਨ। ਦੂਜਿਆਂ ਵਾਂਗ ਮੇਰੇ ਵਿਚ ਵੀ ਚੰਗੇ ਤੇ ਮਾੜੇ ਗੁਣ ਹਨ।’” * ਸਾਨੂੰ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਆਪਣੇ ਬਾਰੇ ਸਹੀ ਨਜ਼ਰੀਆ ਰੱਖਣਾ ਫ਼ਾਇਦੇਮੰਦ ਕਿਉਂ ਹੈ।

16. ਯਹੋਵਾਹ ਸਾਨੂੰ ਕਿਉਂ ਸਲਾਹ ਦਿੰਦਾ ਹੈ?

16 ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਖ਼ੁਸ਼ ਰਹੀਏ। ਇਸ ਲਈ ਉਸ ਨੇ ਆਪਣੇ ਬਚਨ ਵਿਚ ਸਾਨੂੰ ਸਲਾਹਾਂ ਦਿੱਤੀਆਂ ਹਨ ਜਿਨ੍ਹਾਂ ਨੂੰ ਮੰਨ ਕੇ ਅਸੀਂ ਬੁੱਧੀਮਾਨ ਬਣਦੇ ਹਾਂ। (ਯਸਾ. 48:17, 18) ਦੇਖਿਆ ਜਾਵੇ ਤਾਂ ਅੱਜ ਦੁਨੀਆਂ ਵਿਚ ਬਹੁਤ ਸਾਰੇ ਲੋਕ ਪੈਸੇ, ਕੰਮ-ਧੰਦੇ ਅਤੇ ਆਪਣੇ ਆਪ ਬਾਰੇ ਹੀ ਸੋਚਦੇ ਹਨ ਅਤੇ ਇਸੇ ਕਰਕੇ ਉਹ ਬਹੁਤ ਸਾਰੀਆਂ ਮੁਸ਼ਕਲਾਂ ਵਿਚ ਫਸ ਜਾਂਦੇ ਹਨ। ਪਰ ਜੇ ਅਸੀਂ ਯਹੋਵਾਹ ਦੀ ਸਲਾਹ ਮੰਨੀਏ ਅਤੇ ਉਸ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ’ਤੇ ਰੱਖੀਏ, ਤਾਂ ਅਸੀਂ ਪੈਸੇ, ਕੰਮ-ਧੰਦੇ ਅਤੇ ਆਪਣੇ ਆਪ ਬਾਰੇ ਸਹੀ ਸੋਚ ਰੱਖ ਸਕਾਂਗੇ ਅਤੇ ਸਾਨੂੰ ਸੱਚੀ ਖ਼ੁਸ਼ੀ ਮਿਲੇਗੀ। ਇਸ ਲਈ ਆਓ ਆਪਾਂ ਸਾਰੇ ਠਾਣ ਲਈਏ ਕਿ ਅਸੀਂ ਬੁੱਧੀਮਾਨ ਬਣ ਕੇ ਆਪਣੇ ਪਿਤਾ ਯਹੋਵਾਹ ਦਾ ਦਿਲ ਖ਼ੁਸ਼ ਕਰਾਂਗੇ।​—ਕਹਾ. 23:15.

ਗੀਤ 98 ਪਰਮੇਸ਼ੁਰ ਦਾ ਬਚਨ

^ ਪੈਰਾ 5 ਸੁਲੇਮਾਨ ਅਤੇ ਯਿਸੂ ਬਹੁਤ ਜ਼ਿਆਦਾ ਬੁੱਧੀਮਾਨ ਸਨ। ਉਨ੍ਹਾਂ ਦੋਹਾਂ ਨੂੰ ਬੁੱਧ ਦੇਣ ਵਾਲਾ ਯਹੋਵਾਹ ਪਰਮੇਸ਼ੁਰ ਹੀ ਸੀ। ਉਨ੍ਹਾਂ ਦੋਹਾਂ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਸਲਾਹ ਦਿੱਤੀ ਕਿ ਅਸੀਂ ਪੈਸੇ, ਕੰਮ-ਧੰਦੇ ਅਤੇ ਆਪਣੇ ਬਾਰੇ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਉਨ੍ਹਾਂ ਦੀਆਂ ਸਲਾਹਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਇਨ੍ਹਾਂ ਮਾਮਲਿਆਂ ਵਿਚ ਬਾਈਬਲ ਦੀਆਂ ਸਲਾਹਾਂ ਨੂੰ ਲਾਗੂ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਕੀ ਫ਼ਾਇਦਾ ਹੋਇਆ ਹੈ।

^ ਪੈਰਾ 11 mwbr16.11 ਸਫ਼ੇ 3-5 ’ਤੇ “ਆਪਣੀ ਮਿਹਨਤ ਤੋਂ ਖ਼ੁਸ਼ੀ ਕਿਵੇਂ ਪਾਈਏ?” ਨਾਂ ਦਾ ਲੇਖ ਦੇਖੋ।

^ ਪੈਰਾ 15 1 ਅਗਸਤ 2005 ਦੇ ਪਹਿਰਾਬੁਰਜ ਵਿਚ “ਅਸਲੀ ਖ਼ੁਸ਼ੀ ਪਾਉਣ ਵਿਚ ਬਾਈਬਲ ਤੁਹਾਡੀ ਮਦਦ ਕਰ ਸਕਦੀ ਹੈ” ਨਾਂ ਦਾ ਲੇਖ ਦੇਖੋ।

^ ਪੈਰਾ 52 ਤਸਵੀਰਾਂ ਬਾਰੇ ਜਾਣਕਾਰੀ: ਦੋ ਜਵਾਨ ਭਰਾ ਜੌਨ ਅਤੇ ਟੌਮ ਇੱਕੋ ਹੀ ਮੰਡਲੀ ਵਿਚ ਹਨ। ਜੌਨ ਆਪਣਾ ਬਹੁਤਾ ਸਮਾਂ ਆਪਣੀ ਗੱਡੀ ਦੀ ਸਾਂਭ-ਸੰਭਾਲ ਕਰਨ ਵਿਚ ਲਾਉਂਦਾ ਹੈ। ਪਰ ਟੌਮ ਆਪਣੀ ਗੱਡੀ ਵਿਚ ਦੂਜਿਆਂ ਨੂੰ ਪ੍ਰਚਾਰ ਅਤੇ ਮੀਟਿੰਗਾਂ ’ਤੇ ਲੈ ਕੇ ਜਾਂਦਾ ਹੈ।

^ ਪੈਰਾ 54 ਤਸਵੀਰਾਂ ਬਾਰੇ ਜਾਣਕਾਰੀ: ਜੌਨ ਓਵਰਟਾਈਮ ਕਰ ਰਿਹਾ ਹੈ। ਜਦੋਂ ਵੀ ਉਸ ਦਾ ਮਾਲਕ ਉਸ ਨੂੰ ਓਵਰਟਾਈਮ ਲਾਉਣ ਲਈ ਕਹਿੰਦਾ ਹੈ, ਤਾਂ ਉਹ ਉਸ ਨੂੰ ਖ਼ੁਸ਼ ਕਰਨ ਲਈ ਮੰਨ ਜਾਂਦਾ ਹੈ। ਪਰ ਉਸੇ ਸ਼ਾਮ ਟੌਮ ਜੋ ਇਕ ਸਹਾਇਕ ਸੇਵਕ ਹੈ, ਇਕ ਬਜ਼ੁਰਗ ਨਾਲ ਇਕ ਭੈਣ ਦੇ ਘਰ ਉਸ ਨੂੰ ਹੌਸਲਾ ਦੇਣ ਆਇਆ ਹੈ। ਟੌਮ ਨੇ ਆਪਣੇ ਮਾਲਕ ਨੂੰ ਪਹਿਲਾਂ ਹੀ ਦੱਸਿਆ ਹੋਇਆ ਹੈ ਕਿ ਉਹ ਹਫ਼ਤੇ ਵਿਚ ਕੁਝ ਦਿਨ ਸ਼ਾਮ ਨੂੰ ਯਹੋਵਾਹ ਦੀ ਭਗਤੀ ਨਾਲ ਸੰਬੰਧਿਤ ਕੰਮ ਕਰਦਾ ਹੈ।

^ ਪੈਰਾ 56 ਤਸਵੀਰਾਂ ਬਾਰੇ ਜਾਣਕਾਰੀ: ਜੌਨ ਸਿਰਫ਼ ਆਪਣੇ ਬਾਰੇ ਹੀ ਸੋਚਦਾ ਹੈ, ਪਰ ਟੌਮ ਯਹੋਵਾਹ ਦੀ ਸੇਵਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇ ਰਿਹਾ ਹੈ। ਉਹ ਇਕ ਸੰਮੇਲਨ ਹਾਲ ਦੀ ਮੁਰੰਮਤ ਦੇ ਕੰਮ ਵਿਚ ਹਿੱਸਾ ਲੈ ਰਿਹਾ ਹੈ। ਇਸ ਕਰਕੇ ਉਹ ਹੋਰ ਵੀ ਦੋਸਤ ਬਣਾ ਸਕਿਆ।