Skip to content

Skip to table of contents

ਅਧਿਐਨ ਲੇਖ 24

ਤੁਸੀਂ ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚੇ ਹਾਸਲ ਕਰ ਸਕਦੇ ਹੋ

ਤੁਸੀਂ ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚੇ ਹਾਸਲ ਕਰ ਸਕਦੇ ਹੋ

“ਆਓ ਆਪਾਂ ਚੰਗੇ ਕੰਮ ਕਰਨੇ ਨਾ ਛੱਡੀਏ ਕਿਉਂਕਿ ਜੇ ਅਸੀਂ ਹਿੰਮਤ ਨਹੀਂ ਹਾਰਾਂਗੇ, ਤਾਂ ਸਮਾਂ ਆਉਣ ʼਤੇ ਅਸੀਂ ਚੰਗੀ ਫ਼ਸਲ ਜ਼ਰੂਰ ਵੱਢਾਂਗੇ।”​—ਗਲਾ. 6:9.

ਗੀਤ 84 ਸੁਨਹਿਰੇ ਮੌਕੇ, ਹੋਵੋ ਤਿਆਰ!

ਖ਼ਾਸ ਗੱਲਾਂ a

1. ਸਾਡੇ ਵਿੱਚੋਂ ਕਈਆਂ ਨੂੰ ਕਿਹੜੀ ਜੱਦੋ-ਜਹਿਦ ਕਰਨੀ ਪੈਂਦੀ ਹੈ?

 ਕੀ ਤੁਹਾਡੇ ਨਾਲ ਕਦੇ ਇੱਦਾਂ ਹੋਇਆ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਕੋਈ ਟੀਚਾ ਰੱਖਿਆ, ਪਰ ਉਸ ਨੂੰ ਹਾਸਲ ਕਰਨ ਲਈ ਤੁਹਾਨੂੰ ਜੱਦੋ-ਜਹਿਦ ਕਰਨੀ ਪਈ? b ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਉਦਾਹਰਣ ਲਈ, ਫਿਲਿੱਪ ਚਾਹੁੰਦਾ ਸੀ ਕਿ ਉਹ ਆਪਣੀਆਂ ਪ੍ਰਾਰਥਨਾਵਾਂ ਵਿਚ ਹੋਰ ਸੁਧਾਰ ਕਰੇ ਅਤੇ ਜ਼ਿਆਦਾ ਵਾਰ ਪ੍ਰਾਰਥਨਾ ਕਰੇ, ਪਰ ਇੱਦਾਂ ਕਰਨ ਲਈ ਸਮਾਂ ਕੱਢਣਾ ਉਸ ਲਈ ਬਹੁਤ ਔਖਾ ਹੁੰਦਾ ਸੀ। ਐਰਿਕਾ ਨੇ ਟੀਚਾ ਰੱਖਿਆ ਸੀ ਕਿ ਉਹ ਪ੍ਰਚਾਰ ਲਈ ਰੱਖੀ ਹਰ ਮੀਟਿੰਗ ਵਿਚ ਸਮੇਂ ਸਿਰ ਪਹੁੰਚੇਗੀ। ਪਰ ਉਹ ਲਗਭਗ ਹਰ ਮੀਟਿੰਗ ਵਿਚ ਲੇਟ ਹੀ ਪਹੁੰਚਦੀ ਸੀ। ਤੋਮਾਸ਼ ਨੇ ਕਈ ਵਾਰ ਪੂਰੀ ਬਾਈਬਲ ਪੜ੍ਹਨ ਦੀ ਕੋਸ਼ਿਸ਼ ਕੀਤੀ। ਉਹ ਦੱਸਦਾ ਹੈ: “ਮੈਨੂੰ ਬਾਈਬਲ ਪੜ੍ਹਨ ਵਿਚ ਬਿਲਕੁਲ ਵੀ ਮਜ਼ਾ ਨਹੀਂ ਆਉਂਦਾ ਸੀ। ਮੈਂ ਤਿੰਨ ਵਾਰ ਬਾਈਬਲ ਪੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਲੇਵੀਆਂ ਦੀ ਕਿਤਾਬ ਤੋਂ ਅੱਗੇ ਪੜ੍ਹ ਹੀ ਨਹੀਂ ਪਾਉਂਦਾ ਸੀ।”

2. ਜੇ ਅਸੀਂ ਕੋਈ ਟੀਚਾ ਰੱਖਿਆ ਹੈ ਜਿਸ ਨੂੰ ਅਸੀਂ ਹਾਲੇ ਤਕ ਹਾਸਲ ਨਹੀਂ ਕੀਤਾ, ਤਾਂ ਸਾਨੂੰ ਨਿਰਾਸ਼ ਕਿਉਂ ਨਹੀਂ ਹੋਣਾ ਚਾਹੀਦਾ?

2 ਜੇ ਤੁਸੀਂ ਹਾਲ ਹੀ ਵਿਚ ਕੋਈ ਟੀਚਾ ਰੱਖਿਆ ਹੈ ਜਿਸ ਨੂੰ ਤੁਸੀਂ ਹਾਸਲ ਨਹੀਂ ਕਰ ਸਕੇ, ਤਾਂ ਨਿਰਾਸ਼ ਨਾ ਹੋਵੋ। ਇਕ ਛੋਟੇ ਜਿਹੇ ਟੀਚੇ ਨੂੰ ਵੀ ਹਾਸਲ ਕਰਨ ਵਿਚ ਅਕਸਰ ਸਮਾਂ ਅਤੇ ਮਿਹਨਤ ਲੱਗਦੀ ਹੈ। ਜੇ ਤੁਸੀਂ ਅਜੇ ਵੀ ਆਪਣੇ ਟੀਚੇ ਨੂੰ ਹਾਸਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਅਨਮੋਲ ਸਮਝਦੇ ਹੋ। ਨਾਲੇ ਤੁਸੀਂ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਨੀ ਚਾਹੁੰਦੇ ਹੋ। ਯਹੋਵਾਹ ਤੁਹਾਡੀਆਂ ਕੋਸ਼ਿਸ਼ਾਂ ਦੀ ਬਹੁਤ ਕਦਰ ਕਰਦਾ ਹੈ। ਬਿਨਾਂ ਸ਼ੱਕ, ਜਿੰਨਾ ਤੁਸੀਂ ਕਰ ਸਕਦੇ ਹੋ, ਯਹੋਵਾਹ ਤੁਹਾਡੇ ਤੋਂ ਉਸ ਤੋਂ ਜ਼ਿਆਦਾ ਦੀ ਉਮੀਦ ਨਹੀਂ ਕਰਦਾ। (ਜ਼ਬੂ. 103:14; ਮੀਕਾ. 6:8) ਇਸ ਲਈ ਆਪਣੇ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਟੀਚਾ ਰੱਖੋ। ਇਸ ਟੀਚੇ ਨੂੰ ਹਾਸਲ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਆਓ ਆਪਾਂ ਕੁਝ ਸੁਝਾਵਾਂ ʼਤੇ ਗੌਰ ਕਰੀਏ।

ਇੱਛਾ ਹੋਣੀ ਜ਼ਰੂਰੀ ਹੈ

ਪ੍ਰਾਰਥਨਾ ਕਰੋ ਕਿ ਤੁਹਾਡੀ ਇੱਛਾ ਹੋਰ ਵਧੇ (ਪੈਰੇ 3-4 ਦੇਖੋ)

3. ਇੱਛਾ ਹੋਣੀ ਕਿਉਂ ਜ਼ਰੂਰੀ ਹੈ?

3 ਕਿਸੇ ਟੀਚੇ ਨੂੰ ਹਾਸਲ ਕਰਨ ਲਈ ਇੱਛਾ ਹੋਣੀ ਬਹੁਤ ਜ਼ਰੂਰੀ ਹੈ। ਜਿਸ ਵਿਅਕਤੀ ਵਿਚ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਜ਼ਬਰਦਸਤ ਇੱਛਾ ਹੁੰਦੀ ਹੈ, ਉਹ ਇਸ ਨੂੰ ਹਾਸਲ ਕਰਨ ਵਿਚ ਸਖ਼ਤ ਮਿਹਨਤ ਕਰਦਾ ਹੈ। ਇੱਛਾ ਦੀ ਤੁਲਨਾ ਹਵਾ ਨਾਲ ਕੀਤੀ ਜਾ ਸਕਦੀ ਹੈ ਜੋ ਬਾਦਬਾਨੀ ਕਿਸ਼ਤੀ ਨੂੰ ਉਸ ਦੀ ਮੰਜ਼ਲ ਵੱਲ ਧੱਕਦੀ ਹੈ। ਜੇ ਹਵਾ ਚੱਲਦੀ ਰਹੇ, ਤਾਂ ਮਲਾਹ (ਯਾਨੀ ਕਿਸ਼ਤੀ ਚਲਾਉਣ ਵਾਲਾ) ਆਪਣੀ ਮੰਜ਼ਲ ʼਤੇ ਜ਼ਰੂਰ ਪਹੁੰਚ ਜਾਵੇਗਾ। ਨਾਲੇ ਜੇ ਹਵਾ ਤੇਜ਼ ਹੋਵੇ, ਤਾਂ ਮਲਾਹ ਛੇਤੀ ਪਹੁੰਚ ਸਕਦਾ ਹੈ। ਇਸੇ ਤਰ੍ਹਾਂ ਜਿੰਨੀ ਜ਼ਿਆਦਾ ਸਾਡੇ ਵਿਚ ਇੱਛਾ ਹੁੰਦੀ ਹੈ, ਉੱਨਾ ਜ਼ਿਆਦਾ ਅਸੀਂ ਆਪਣੇ ਟੀਚੇ ਹਾਸਲ ਕਰ ਸਕਦੇ ਹਾਂ। ਐਲ ਸੈਲਵੇਡਾਰ ਵਿਚ ਰਹਿਣ ਵਾਲਾ ਭਰਾ ਡੇਵਿਡ ਦੱਸਦਾ ਹੈ: “ਜਦੋਂ ਤੁਹਾਡੇ ਵਿਚ ਕੁਝ ਕਰਨ ਦੀ ਇੱਛਾ ਹੁੰਦੀ ਹੈ, ਤਾਂ ਤੁਸੀਂ ਹੋਰ ਵੀ ਜ਼ਿਆਦਾ ਮਿਹਨਤ ਕਰਦੇ ਹੋ। ਤੁਸੀਂ ਕਿਸੇ ਵੀ ਚੀਜ਼ ਨੂੰ ਉਸ ਵਿਚ ਰੁਕਾਵਟ ਨਹੀਂ ਬਣਨ ਦਿੰਦੇ।” ਇਸ ਲਈ ਤੁਸੀਂ ਆਪਣੀ ਇੱਛਾ ਨੂੰ ਹੋਰ ਵਧਾਉਣ ਲਈ ਕੀ ਕਰ ਸਕਦੇ ਹੋ?

4. ਅਸੀਂ ਕਿਹੜੀ ਗੱਲ ਲਈ ਪ੍ਰਾਰਥਨਾ ਕਰ ਸਕਦੇ ਹਾਂ? (ਫ਼ਿਲਿੱਪੀਆਂ 2:13) (ਤਸਵੀਰ ਵੀ ਦੇਖੋ।)

4 ਪ੍ਰਾਰਥਨਾ ਕਰੋ ਕਿ ਤੁਹਾਡੀ ਇੱਛਾ ਹੋਰ ਵਧੇ। ਯਹੋਵਾਹ ਆਪਣੀ ਪਵਿੱਤਰ ਸ਼ਕਤੀ ਦੇ ਜ਼ਰੀਏ ਤੁਹਾਡੇ ਅੰਦਰ ਟੀਚੇ ਹਾਸਲ ਕਰਨ ਦੀ ਇੱਛਾ ਪੈਦਾ ਕਰ ਸਕਦਾ ਹੈ। (ਫ਼ਿਲਿੱਪੀਆਂ 2:13 ਪੜ੍ਹੋ।) ਕਈ ਵਾਰ ਅਸੀਂ ਕੋਈ ਟੀਚਾ ਰੱਖਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਨੂੰ ਇੱਦਾਂ ਕਰਨਾ ਚਾਹੀਦਾ ਹੈ ਅਤੇ ਇਹ ਚੰਗੀ ਗੱਲ ਹੈ। ਪਰ ਹੋ ਸਕਦਾ ਹੈ ਕਿ ਉਸ ਨੂੰ ਹਾਸਲ ਕਰਨ ਦੀ ਸਾਡੇ ਅੰਦਰ ਇੱਛਾ ਹੀ ਨਾ ਹੋਵੇ। ਯੂਗਾਂਡਾ ਦੀ ਰਹਿਣ ਵਾਲੀ ਭੈਣ ਨੌਰੀਨ ਨਾਲ ਵੀ ਕੁਝ ਇੱਦਾਂ ਹੀ ਹੋਇਆ। ਉਸ ਨੇ ਇਕ ਬਾਈਬਲ ਸਟੱਡੀ ਕਰਾਉਣ ਦਾ ਟੀਚਾ ਰੱਖਿਆ। ਪਰ ਉਸ ਵਿਚ ਇੱਦਾਂ ਕਰਨ ਦੀ ਜ਼ਿਆਦਾ ਇੱਛਾ ਨਹੀਂ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਹ ਵਧੀਆ ਸਿੱਖਿਅਕ ਨਹੀਂ ਹੈ। ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ? ਉਹ ਦੱਸਦੀ ਹੈ: “ਮੈਂ ਹਰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਸੀ ਕਿ ਉਹ ਮੇਰੇ ਅੰਦਰ ਬਾਈਬਲ ਸਟੱਡੀ ਕਰਾਉਣ ਦੀ ਇੱਛਾ ਨੂੰ ਵਧਾਵੇ। ਨਾਲੇ ਮੈਂ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਵੀ ਕੀਤਾ। ਮੈਂ ਆਪਣੀ ਸਿਖਾਉਣ ਦੀ ਕਲਾ ਨੂੰ ਨਿਖਾਰਨ ਲਈ ਮਿਹਨਤ ਕੀਤੀ। ਫਿਰ ਕੁਝ ਮਹੀਨਿਆਂ ਬਾਅਦ ਮੈਂ ਦੇਖਿਆ ਕਿ ਬਾਈਬਲ ਸਟੱਡੀਆਂ ਕਰਾਉਣ ਦੀ ਮੇਰੀ ਇੱਛਾ ਵਧ ਗਈ। ਉਸੇ ਸਾਲ ਮੈਂ ਦੋ ਬਾਈਬਲ ਸਟੱਡੀਆਂ ਸ਼ੁਰੂ ਕਰ ਸਕੀ।”

5. ਆਪਣੀ ਇੱਛਾ ਵਧਾਉਣ ਲਈ ਅਸੀਂ ਕਿਹੜੀ ਗੱਲ ʼਤੇ ਸੋਚ-ਵਿਚਾਰ ਕਰ ਸਕਦੇ ਹਾਂ?

5 ਸੋਚ-ਵਿਚਾਰ ਕਰੋ ਕਿ ਯਹੋਵਾਹ ਨੇ ਤੁਹਾਡੇ ਲਈ ਕੀ ਕੁਝ ਕੀਤਾ ਹੈ। (ਜ਼ਬੂ. 143:5) ਪੌਲੁਸ ਰਸੂਲ ਨੇ ਇਸ ਗੱਲ ʼਤੇ ਸੋਚ-ਵਿਚਾਰ ਕੀਤਾ ਕਿ ਯਹੋਵਾਹ ਨੇ ਉਸ ʼਤੇ ਕਿੰਨੀ ਅਪਾਰ ਕਿਰਪਾ ਕੀਤੀ ਹੈ। ਇਸ ਕਰਕੇ ਉਸ ਵਿਚ ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਹੋਰ ਵਧੀ ਅਤੇ ਉਸ ਨੇ ਸਖ਼ਤ ਮਿਹਨਤ ਕੀਤੀ। (1 ਕੁਰਿੰ. 15:9, 10; 1 ਤਿਮੋ. 1:12-14) ਇਸੇ ਤਰ੍ਹਾਂ ਅਸੀਂ ਜਿੰਨਾ ਜ਼ਿਆਦਾ ਇਸ ਗੱਲ ʼਤੇ ਸੋਚ-ਵਿਚਾਰ ਕਰਾਂਗੇ ਕਿ ਯਹੋਵਾਹ ਨੇ ਸਾਡੇ ਲਈ ਕੀ ਕੁਝ ਕੀਤਾ ਹੈ, ਉੱਨਾ ਜ਼ਿਆਦਾ ਸਾਡੇ ਵਿਚ ਆਪਣੇ ਟੀਚੇ ਹਾਸਲ ਕਰਨ ਦੀ ਇੱਛਾ ਵਧੇਗੀ। (ਜ਼ਬੂ. 116:12) ਜ਼ਰਾ ਹਾਂਡੂਰਸ ਵਿਚ ਰਹਿਣ ਵਾਲੀ ਇਕ ਭੈਣ ਦੇ ਤਜਰਬੇ ʼਤੇ ਗੌਰ ਕਰੋ। ਉਸ ਨੇ ਰੈਗੂਲਰ ਪਾਇਨੀਅਰਿੰਗ ਕਰਨ ਦਾ ਟੀਚਾ ਰੱਖਿਆ ਸੀ। ਕਿਹੜੀ ਗੱਲ ਨੇ ਇਸ ਟੀਚੇ ਨੂੰ ਹਾਸਲ ਕਰਨ ਵਿਚ ਉਸ ਦੀ ਮਦਦ ਕੀਤੀ? ਉਹ ਦੱਸਦੀ ਹੈ: “ਮੈਂ ਇਸ ਗੱਲ ʼਤੇ ਸੋਚ-ਵਿਚਾਰ ਕੀਤਾ ਕਿ ਯਹੋਵਾਹ ਮੈਨੂੰ ਕਿੰਨਾ ਪਿਆਰ ਕਰਦਾ ਹੈ। ਉਹ ਮੈਨੂੰ ਆਪਣੇ ਲੋਕਾਂ ਵਿਚ ਲੈ ਕੇ ਆਇਆ ਹੈ। ਉਹ ਮੇਰੀ ਪਰਵਾਹ ਕਰਦਾ ਹੈ ਅਤੇ ਮੇਰੀ ਹਿਫਾਜ਼ਤ ਕਰਦਾ ਹੈ। ਇਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰਨ ਕਰਕੇ ਮੈਂ ਉਸ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਨ ਲੱਗ ਪਈ। ਨਾਲੇ ਪਾਇਨੀਅਰਿੰਗ ਸ਼ੁਰੂ ਕਰਨ ਦੀ ਮੇਰੀ ਇੱਛਾ ਹੋਰ ਵੀ ਵਧੀ।”

6. ਆਪਣੀ ਇੱਛਾ ਨੂੰ ਵਧਾਉਣ ਲਈ ਤੁਸੀਂ ਹੋਰ ਕੀ ਕਰ ਸਕਦੇ ਹੋ?

6 ਇਸ ਗੱਲ ʼਤੇ ਧਿਆਨ ਲਾਓ ਕਿ ਟੀਚੇ ਹਾਸਲ ਕਰਨ ਨਾਲ ਤੁਹਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ। ਜ਼ਰਾ ਧਿਆਨ ਦਿਓ ਕਿ ਐਰਿਕਾ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਦੀ ਕਿਹੜੀ ਗੱਲ ਨੇ ਆਪਣਾ ਟੀਚਾ ਹਾਸਲ ਕਰਨ ਵਿਚ ਮਦਦ ਕੀਤੀ। ਉਹ ਦੱਸਦੀ ਹੈ: “ਮੈਨੂੰ ਅਹਿਸਾਸ ਹੋਇਆ ਕਿ ਪ੍ਰਚਾਰ ਲਈ ਰੱਖੀ ਮੀਟਿੰਗ ਵਿਚ ਲੇਟ ਪਹੁੰਚਣ ਕਰਕੇ ਮੇਰਾ ਕਿੰਨਾ ਨੁਕਸਾਨ ਹੁੰਦਾ ਹੈ। ਪਰ ਜੇ ਮੈਂ ਛੇਤੀ ਪਹੁੰਚਾ, ਤਾਂ ਮੈਂ ਭੈਣਾਂ-ਭਰਾਵਾਂ ਨੂੰ ਮਿਲ ਸਕਾਂਗੀ ਅਤੇ ਉਨ੍ਹਾਂ ਨਾਲ ਸਮਾਂ ਬਿਤਾ ਸਕਾਂਗੀ। ਨਾਲੇ ਮੀਟਿੰਗ ਵਿਚ ਦਿੱਤੇ ਜਾਂਦੇ ਵਧੀਆ ਸੁਝਾਅ ਵੀ ਸੁਣ ਸਕਾਂਗੀ। ਇਸ ਤਰ੍ਹਾਂ ਮੈਂ ਪ੍ਰਚਾਰ ਕਰਨ ਦੀ ਆਪਣੀ ਕਲਾ ਨੂੰ ਨਿਖਾਰ ਸਕਾਂਗੀ ਅਤੇ ਪ੍ਰਚਾਰ ਕਰ ਕੇ ਮੈਨੂੰ ਮਜ਼ਾ ਆਵੇਗਾ।” ਐਰਿਕਾ ਨੇ ਸੋਚਿਆ ਕਿ ਸਮੇਂ ਸਿਰ ਪਹੁੰਚਣ ਕਰਕੇ ਉਸ ਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ। ਇਸ ਲਈ ਉਹ ਆਪਣਾ ਟੀਚਾ ਹਾਸਲ ਕਰ ਸਕੀ। ਤੁਸੀਂ ਕਿਹੜੀਆਂ ਬਰਕਤਾਂ ʼਤੇ ਧਿਆਨ ਲਾ ਸਕਦੇ ਹੋ? ਜੇ ਤੁਹਾਡਾ ਟੀਚਾ ਬਾਈਬਲ ਪੜ੍ਹਨ ਜਾਂ ਪ੍ਰਾਰਥਨਾ ਕਰਨ ਦਾ ਹੈ, ਤਾਂ ਸੋਚੋ ਕਿ ਇਸ ਕਰਕੇ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਕਿੰਨਾ ਮਜ਼ਬੂਤ ਹੋਵੇਗਾ। (ਜ਼ਬੂ. 145:18, 19) ਨਾਲੇ ਜੇ ਤੁਹਾਡਾ ਟੀਚਾ ਕੋਈ ਗੁਣ ਪੈਦਾ ਕਰਨ ਦਾ ਹੈ, ਤਾਂ ਸੋਚੋ ਕਿ ਇਸ ਕਰਕੇ ਤੁਹਾਡਾ ਦੂਜਿਆਂ ਨਾਲ ਰਿਸ਼ਤਾ ਹੋਰ ਵੀ ਵਧੀਆ ਹੋਵੇਗਾ। (ਕੁਲੁ. 3:14) ਇਕ ਲਿਸਟ ਬਣਾਓ ਕਿ ਤੁਸੀਂ ਕੋਈ ਟੀਚਾ ਕਿਉਂ ਹਾਸਲ ਕਰਨਾ ਚਾਹੁੰਦੇ ਹੋ। ਫਿਰ ਸਮੇਂ-ਸਮੇਂ ʼਤੇ ਉਹ ਲਿਸਟ ਦੇਖੋ। ਤੋਮਾਸ਼, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਦੱਸਦਾ ਹੈ: “ਕੋਈ ਟੀਚਾ ਹਾਸਲ ਕਰਨ ਲਈ ਮੇਰੇ ਕੋਲ ਜਿੰਨੇ ਜ਼ਿਆਦਾ ਕਾਰਨ ਹੁੰਦੇ ਹਨ, ਮੈਂ ਉੱਨੀ ਜ਼ਿਆਦਾ ਮਿਹਨਤ ਕਰਦਾ ਹਾਂ।”

7. ਆਪਣੇ ਟੀਚੇ ਨੂੰ ਹਾਸਲ ਕਰਨ ਵਿਚ ਭਰਾ ਹੂਲੀਓ ਅਤੇ ਉਸ ਦੀ ਪਤਨੀ ਦੀ ਕਿਹੜੀ ਗੱਲ ਨੇ ਮਦਦ ਕੀਤੀ?

7 ਉਨ੍ਹਾਂ ਨਾਲ ਸਮਾਂ ਬਿਤਾਓ ਜੋ ਤੁਹਾਨੂੰ ਟੀਚਾ ਹਾਸਲ ਕਰਨ ਦੀ ਹੱਲਾਸ਼ੇਰੀ ਦੇਣਗੇ। (ਕਹਾ. 13:20) ਭਰਾ ਹੂਲੀਓ ਅਤੇ ਉਸ ਦੀ ਪਤਨੀ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨ ਦਾ ਟੀਚਾ ਸੀ। ਧਿਆਨ ਦਿਓ ਕਿ ਕਿਹੜੀ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ। ਭਰਾ ਕਹਿੰਦਾ ਹੈ: “ਅਸੀਂ ਅਜਿਹੇ ਦੋਸਤ ਬਣਾਏ ਜਿਨ੍ਹਾਂ ਨੇ ਸਾਨੂੰ ਟੀਚਾ ਹਾਸਲ ਕਰਨ ਦੀ ਹੱਲਾਸ਼ੇਰੀ ਦਿੱਤੀ। ਅਸੀਂ ਉਨ੍ਹਾਂ ਨਾਲ ਆਪਣੇ ਟੀਚੇ ਬਾਰੇ ਖੁੱਲ੍ਹ ਕੇ ਗੱਲ ਕਰਦੇ ਸੀ। ਉਨ੍ਹਾਂ ਵਿੱਚੋਂ ਕਈਆਂ ਨੇ ਅਜਿਹੇ ਟੀਚੇ ਹਾਸਲ ਕੀਤੇ ਸਨ, ਇਸ ਲਈ ਉਹ ਸਾਨੂੰ ਵਧੀਆ ਸੁਝਾਅ ਵੀ ਦੇ ਸਕੇ। ਸਮੇਂ-ਸਮੇਂ ʼਤੇ ਉਹ ਸਾਨੂੰ ਇਹ ਵੀ ਪੁੱਛਦੇ ਸਨ ਕਿ ਸਾਡੀਆਂ ਯੋਜਨਾਵਾਂ ਮੁਤਾਬਕ ਸਭ ਕੁਝ ਕਿਵੇਂ ਚੱਲ ਰਿਹਾ ਸੀ ਅਤੇ ਲੋੜ ਪੈਣ ʼਤੇ ਉਹ ਸਾਡਾ ਹੌਸਲਾ ਵਧਾਉਂਦੇ ਸਨ।”

ਜਦੋਂ ਸਾਡੇ ਵਿਚ ਇੱਛਾ ਦੀ ਘਾਟ ਹੋਵੇ

ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰੋ (ਪੈਰਾ 8 ਦੇਖੋ)

8. ਜੇ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਸਿਰਫ਼ ਉਦੋਂ ਹੀ ਮਿਹਨਤ ਕਰਦੇ ਹਾਂ ਜਦੋਂ ਸਾਡੇ ਵਿਚ ਇੱਛਾ ਹੁੰਦੀ ਹੈ, ਤਾਂ ਕੀ ਹੋ ਸਕਦਾ ਹੈ? (ਤਸਵੀਰ ਵੀ ਦੇਖੋ।)

8 ਇਹ ਸੱਚ ਹੈ ਕਿ ਕਈ ਦਿਨ ਇੱਦਾਂ ਦੇ ਹੁੰਦੇ ਹਨ ਜਦੋਂ ਸਾਡਾ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਆਪਣੇ ਟੀਚੇ ਹਾਸਲ ਕਰ ਹੀ ਨਹੀਂ ਸਕਦੇ? ਨਹੀਂ। ਜ਼ਰਾ ਹਵਾ ਦੀ ਉਦਾਹਰਣ ʼਤੇ ਦੁਬਾਰਾ ਗੌਰ ਕਰੋ: ਹਵਾ ਬਾਦਬਾਨੀ ਕਿਸ਼ਤੀ ਨੂੰ ਉਸ ਦੀ ਮੰਜ਼ਲ ਵੱਲ ਧੱਕਦੀ ਹੈ। ਪਰ ਕਈ ਵਾਰ ਹਵਾ ਬਹੁਤ ਤੇਜ਼ ਚੱਲਦੀ ਹੈ ਅਤੇ ਕਈ ਵਾਰ ਬਿਲਕੁਲ ਵੀ ਨਹੀਂ ਚੱਲਦੀ। ਕੀ ਇਸ ਦਾ ਇਹ ਮਤਲਬ ਹੈ ਕਿ ਮਲਾਹ ਅੱਗੇ ਵਧ ਹੀ ਨਹੀਂ ਸਕਦਾ? ਨਹੀਂ। ਕਈ ਬਾਦਬਾਨੀ ਕਿਸ਼ਤੀਆਂ ਵਿਚ ਮੋਟਰ ਹੁੰਦੀ ਹੈ ਅਤੇ ਕਈਆਂ ਵਿਚ ਚੱਪੂ। ਮਲਾਹ ਇਨ੍ਹਾਂ ਦੀ ਮਦਦ ਨਾਲ ਆਪਣੀ ਮੰਜ਼ਲ ਤਕ ਪਹੁੰਚ ਸਕਦਾ ਹੈ। ਸਾਡੀ ਇੱਛਾ ਦੀ ਤੁਲਨਾ ਹਵਾ ਨਾਲ ਕੀਤੀ ਜਾ ਸਕਦੀ ਹੈ। ਕਈ ਵਾਰ ਸਾਡੇ ਵਿਚ ਬਹੁਤ ਇੱਛਾ ਹੁੰਦੀ ਹੈ ਅਤੇ ਕਈ ਵਾਰ ਬਿਲਕੁਲ ਵੀ ਨਹੀਂ। ਜੇ ਅਸੀਂ ਸਿਰਫ਼ ਉਦੋਂ ਹੀ ਆਪਣੇ ਟੀਚੇ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਸਾਡੇ ਵਿਚ ਇੱਛਾ ਹੁੰਦੀ ਹੈ, ਤਾਂ ਅਸੀਂ ਕਦੇ ਵੀ ਆਪਣੀ ਮੰਜ਼ਲ ਤਕ ਨਹੀਂ ਪਹੁੰਚ ਸਕਦੇ। ਪਰ ਜਿੱਦਾਂ ਮਲਾਹ ਆਪਣੀ ਮੰਜ਼ਲ ਤਕ ਪਹੁੰਚਣ ਦੇ ਹੋਰ ਤਰੀਕੇ ਲੱਭਦਾ ਹੈ, ਉਸੇ ਤਰ੍ਹਾਂ ਜਦੋਂ ਸਾਡੇ ਵਿਚ ਇੱਛਾ ਨਹੀਂ ਹੁੰਦੀ, ਤਾਂ ਅਸੀਂ ਵੀ ਆਪਣੇ ਟੀਚੇ ਹਾਸਲ ਕਰਨ ਲਈ ਮਿਹਨਤ ਕਰ ਸਕਦੇ ਹਾਂ। ਭਾਵੇਂ ਕਿ ਆਪਣੀ ਮੰਜ਼ਲ ʼਤੇ ਪਹੁੰਚਣ ਲਈ ਸਾਨੂੰ ਆਪਣੇ ਆਪ ਨੂੰ ਅਨੁਸ਼ਾਸਨ ਵਿਚ ਰੱਖਣ ਦੀ ਲੋੜ ਹੈ, ਪਰ ਜਦੋਂ ਅਸੀਂ ਆਪਣੀ ਮੰਜ਼ਲ ʼਤੇ ਪਹੁੰਚਾਂਗੇ, ਤਾਂ ਸਾਨੂੰ ਖ਼ੁਸ਼ੀ ਹੋਵੇਗੀ। ਇਹ ਜਾਣਨ ਤੋਂ ਪਹਿਲਾਂ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ, ਆਓ ਆਪਾਂ ਇਕ ਸਵਾਲ ʼਤੇ ਚਰਚਾ ਕਰੀਏ।

9. ਜਦੋਂ ਸਾਡੇ ਵਿਚ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਇੱਛਾ ਨਹੀਂ ਹੁੰਦੀ, ਤਾਂ ਕੀ ਸਾਨੂੰ ਉਦੋਂ ਵੀ ਮਿਹਨਤ ਕਰਦੇ ਰਹਿਣਾ ਚਾਹੀਦਾ? ਸਮਝਾਓ।

9 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ੀ-ਖ਼ੁਸ਼ੀ ਅਤੇ ਆਪਣੀ ਇੱਛਾ ਨਾਲ ਉਸ ਦੀ ਸੇਵਾ ਕਰੀਏ। (ਜ਼ਬੂ. 100:2; 2 ਕੁਰਿੰ. 9:7) ਤਾਂ ਫਿਰ ਜਦੋਂ ਸਾਡੇ ਵਿਚ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਇੱਛਾ ਨਹੀਂ ਹੁੰਦੀ, ਤਾਂ ਕੀ ਸਾਨੂੰ ਉਦੋਂ ਵੀ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ? ਜ਼ਰਾ ਪੌਲੁਸ ਰਸੂਲ ਦੀ ਮਿਸਾਲ ʼਤੇ ਗੌਰ ਕਰੋ। ਉਸ ਨੇ ਕਿਹਾ: “ਮੈਂ ਆਪਣੇ ਸਰੀਰ ਨੂੰ ਮਾਰ-ਕੁੱਟ ਕੇ ਇਸ ਨੂੰ ਆਪਣਾ ਗ਼ੁਲਾਮ ਬਣਾਉਂਦਾ ਹਾਂ।” (1 ਕੁਰਿੰ. 9:25-27) ਇਸ ਦਾ ਮਤਲਬ ਹੈ ਕਿ ਜਦੋਂ ਪੌਲੁਸ ਵਿਚ ਸਹੀ ਕੰਮ ਕਰਨ ਦੀ ਇੱਛਾ ਨਹੀਂ ਹੁੰਦੀ ਸੀ, ਤਾਂ ਵੀ ਉਹ ਆਪਣੇ ਨਾਲ ਸਖ਼ਤੀ ਵਰਤਦਾ ਸੀ ਅਤੇ ਉਹ ਕੰਮ ਕਰਦਾ ਸੀ। ਕੀ ਯਹੋਵਾਹ ਪੌਲੁਸ ਦੀ ਸੇਵਾ ਤੋਂ ਖ਼ੁਸ਼ ਸੀ? ਬਿਲਕੁਲ। ਯਹੋਵਾਹ ਨੇ ਉਸ ਨੂੰ ਉਸ ਦੀ ਮਿਹਨਤ ਦਾ ਇਨਾਮ ਦਿੱਤਾ।​—2 ਤਿਮੋ. 4:7, 8.

10. ਜਦੋਂ ਅਸੀਂ ਇੱਛਾ ਨਾ ਹੋਣ ʼਤੇ ਵੀ ਟੀਚਾ ਹਾਸਲ ਕਰਨ ਲਈ ਮਿਹਨਤ ਕਰਦੇ ਹਾਂ, ਤਾਂ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

10 ਇਸੇ ਤਰ੍ਹਾਂ ਜਦੋਂ ਅਸੀਂ ਇੱਛਾ ਨਾ ਹੋਣ ʼਤੇ ਵੀ ਟੀਚਾ ਹਾਸਲ ਕਰਨ ਲਈ ਮਿਹਨਤ ਕਰਦੇ ਹਾਂ, ਤਾਂ ਯਹੋਵਾਹ ਸਾਡੇ ਤੋਂ ਵੀ ਖ਼ੁਸ਼ ਹੁੰਦਾ ਹੈ। ਯਹੋਵਾਹ ਜਾਣਦਾ ਹੈ ਕਿ ਭਾਵੇਂ ਸਾਨੂੰ ਕੋਈ ਕੰਮ ਕਰਨਾ ਹਮੇਸ਼ਾ ਵਧੀਆ ਨਹੀਂ ਲੱਗਦਾ, ਫਿਰ ਵੀ ਉਸ ਨਾਲ ਪਿਆਰ ਹੋਣ ਕਰਕੇ ਅਸੀਂ ਉਹ ਕੰਮ ਕਰਦੇ ਹਾਂ। ਇਸ ਕਰਕੇ ਉਹ ਸਾਡੇ ਤੋਂ ਖ਼ੁਸ਼ ਹੁੰਦਾ ਹੈ ਅਤੇ ਪੌਲੁਸ ਵਾਂਗ ਸਾਨੂੰ ਵੀ ਬਰਕਤਾਂ ਦਿੰਦਾ ਹੈ। (ਜ਼ਬੂ. 126:5) ਨਾਲੇ ਜਦੋਂ ਅਸੀਂ ਦੇਖਦੇ ਹਾਂ ਕਿ ਯਹੋਵਾਹ ਸਾਡੀ ਮਿਹਨਤ ʼਤੇ ਬਰਕਤ ਪਾਉਂਦਾ ਹੈ, ਤਾਂ ਸ਼ਾਇਦ ਸਾਡੇ ਵਿਚ ਟੀਚਾ ਹਾਸਲ ਕਰਨ ਦੀ ਇੱਛਾ ਪੈਦਾ ਹੋ ਜਾਵੇ। ਪੋਲੈਂਡ ਵਿਚ ਰਹਿਣ ਵਾਲੀ ਭੈਣ ਲੂਸੀਨਾ ਕਹਿੰਦੀ ਹੈ: “ਕਦੇ-ਕਦੇ ਮੇਰਾ ਪ੍ਰਚਾਰ ਵਿਚ ਜਾਣ ਦਾ ਬਿਲਕੁਲ ਵੀ ਦਿਲ ਨਹੀਂ ਕਰਦਾ, ਖ਼ਾਸ ਕਰਕੇ ਜਦੋਂ ਮੈਂ ਥੱਕੀ ਹੁੰਦੀ ਹਾਂ। ਫਿਰ ਵੀ ਜਦੋਂ ਮੈਂ ਪ੍ਰਚਾਰ ʼਤੇ ਜਾਂਦੀ ਹਾਂ, ਤਾਂ ਮੈਨੂੰ ਜੋ ਖ਼ੁਸ਼ੀ ਮਿਲਦੀ ਹੈ, ਉਹ ਮੈਂ ਬਿਆਨ ਨਹੀਂ ਕਰ ਸਕਦੀ।” ਆਓ ਆਪਾਂ ਹੁਣ ਦੇਖੀਏ ਕਿ ਇੱਛਾ ਦੀ ਘਾਟ ਹੋਣ ʼਤੇ ਅਸੀਂ ਕੀ ਕਰ ਸਕਦੇ ਹਾਂ।

11. ਸੰਜਮ ਦਾ ਗੁਣ ਵਧਾਉਣ ਵਿਚ ਯਹੋਵਾਹ ਸਾਡੀ ਕਿਵੇਂ ਮਦਦ ਕਰ ਸਕਦਾ ਹੈ?

11 ਸੰਜਮ ਦਾ ਗੁਣ ਪੈਦਾ ਕਰਨ ਲਈ ਪ੍ਰਾਰਥਨਾ ਕਰੋ। ਇਸ ਗੁਣ ਦਾ ਅਕਸਰ ਮਤਲਬ ਹੁੰਦਾ ਹੈ, ਕਿਸੇ ਬੁਰੇ ਕੰਮ ਤੋਂ ਦੂਰ ਰਹਿਣਾ। ਪਰ ਸੰਜਮ ਦਾ ਗੁਣ ਉਦੋਂ ਵੀ ਜ਼ਰੂਰੀ ਹੁੰਦਾ ਹੈ ਜਦੋਂ ਅਸੀਂ ਕੋਈ ਚੰਗਾ ਕੰਮ ਕਰਨਾ ਹੁੰਦਾ ਹੈ, ਖ਼ਾਸ ਕਰਕੇ ਜੇ ਕੋਈ ਕੰਮ ਔਖਾ ਹੋਵੇ ਜਾਂ ਸਾਡਾ ਕੰਮ ਕਰਨ ਨੂੰ ਦਿਲ ਨਾ ਕਰੇ। ਯਾਦ ਰੱਖੋ ਕਿ ਸੰਜਮ ਪਵਿੱਤਰ ਸ਼ਕਤੀ ਦਾ ਗੁਣ ਹੈ। ਇਸ ਕਰਕੇ ਇਹ ਗੁਣ ਵਧਾਉਣ ਲਈ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗੋ। (ਲੂਕਾ 11:13; ਗਲਾ. 5:22, 23) ਡੇਵਿਡ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦਾ ਹੈ ਕਿ ਕਿਵੇਂ ਪ੍ਰਾਰਥਨਾ ਨੇ ਨਿੱਜੀ ਤੌਰ ʼਤੇ ਬਾਈਬਲ ਦਾ ਅਧਿਐਨ ਕਰਨ ਵਿਚ ਉਸ ਦੀ ਮਦਦ ਕੀਤੀ। ਉਹ ਦੱਸਦਾ ਹੈ: “ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸੰਜਮ ਦਾ ਗੁਣ ਪੈਦਾ ਕਰਨ ਵਿਚ ਮੇਰੀ ਮਦਦ ਕਰੇ। ਉਸ ਦੀ ਮਦਦ ਸਦਕਾ ਮੈਂ ਲਗਾਤਾਰ ਨਿੱਜੀ ਤੌਰ ʼਤੇ ਬਾਈਬਲ ਦਾ ਅਧਿਐਨ ਕਰਦਾ ਰਹਿ ਸਕਿਆ।”

12. ਉਪਦੇਸ਼ਕ ਦੀ ਕਿਤਾਬ 11:4 ਵਿਚ ਦਿੱਤਾ ਅਸੂਲ ਟੀਚੇ ਹਾਸਲ ਕਰਨ ਵਿਚ ਸਾਡੀ ਕਿਵੇਂ ਮਦਦ ਕਰ ਸਕਦਾ ਹੈ?

12 ਹਾਲਾਤ ਸਹੀ ਹੋਣ ਦਾ ਇੰਤਜ਼ਾਰ ਨਾ ਕਰੋ। ਇਸ ਦੁਨੀਆਂ ਵਿਚ ਹਾਲਾਤ ਕਦੇ ਵੀ ਚੰਗੇ ਨਹੀਂ ਹੋਣਗੇ। ਜੇ ਅਸੀਂ ਹਾਲਾਤ ਵਧੀਆ ਹੋਣ ਦਾ ਇੰਤਜ਼ਾਰ ਕਰਦੇ ਰਹਾਂਗੇ, ਤਾਂ ਅਸੀਂ ਕਦੇ ਵੀ ਆਪਣੇ ਟੀਚੇ ਹਾਸਲ ਨਹੀਂ ਕਰ ਸਕਾਂਗੇ। (ਉਪਦੇਸ਼ਕ ਦੀ ਕਿਤਾਬ 11:4 ਪੜ੍ਹੋ।) ਭਰਾ ਡੇਨਿਯਲ ਦੱਸਦਾ ਹੈ: “ਹਾਲਾਤ ਕਦੇ ਵੀ ਪੂਰੀ ਤਰ੍ਹਾਂ ਸਹੀ ਨਹੀਂ ਹੁੰਦੇ। ਇਸ ਲਈ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਸਾਨੂੰ ਆਪਣੇ ਟੀਚੇ ਹਾਸਲ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ।” ਯੂਗਾਂਡਾ ਵਿਚ ਰਹਿਣ ਵਾਲਾ ਭਰਾ ਪੌਲ ਇਕ ਹੋਰ ਕਾਰਨ ਦੱਸਦਾ ਹੈ ਕਿ ਸਾਨੂੰ ਢਿੱਲ-ਮੱਠ ਕਿਉਂ ਨਹੀਂ ਕਰਨੀ ਚਾਹੀਦੀ: “ਜਦੋਂ ਅਸੀਂ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਵੀ ਕੰਮ ਕਰਨਾ ਸ਼ੁਰੂ ਕਰਦੇ ਹਾਂ, ਤਾਂ ਅਸੀਂ ਯਹੋਵਾਹ ਨੂੰ ਬਰਕਤ ਦੇਣ ਦਾ ਮੌਕਾ ਦਿੰਦੇ ਹਾਂ।”​—ਮਲਾ. 3:10.

13. ਛੋਟੇ-ਛੋਟੇ ਟੀਚੇ ਰੱਖਣ ਦੇ ਕਿਹੜੇ ਫ਼ਾਇਦੇ ਹੁੰਦੇ ਹਨ?

13 ਛੋਟੇ-ਛੋਟੇ ਟੀਚੇ ਰੱਖੋ। ਜਦੋਂ ਸਾਨੂੰ ਕੋਈ ਟੀਚਾ ਹਾਸਲ ਕਰਨਾ ਔਖਾ ਲੱਗਦਾ ਹੈ, ਤਾਂ ਸ਼ਾਇਦ ਸਾਡੇ ਵਿਚ ਇੱਛਾ ਦੀ ਘਾਟ ਹੋ ਜਾਵੇ। ਜੇ ਤੁਹਾਡੇ ਬਾਰੇ ਇਹ ਗੱਲ ਸੱਚ ਹੈ, ਤਾਂ ਕਿਉਂ ਨਾ ਤੁਸੀਂ ਆਪਣੇ ਟੀਚਿਆਂ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡ ਲਓ। ਜੇ ਤੁਸੀਂ ਕੋਈ ਗੁਣ ਪੈਦਾ ਕਰਨ ਦਾ ਟੀਚਾ ਰੱਖਿਆ ਹੈ, ਤਾਂ ਕਿਉਂ ਨਾ ਤੁਸੀਂ ਛੋਟੇ-ਛੋਟੇ ਤਰੀਕਿਆਂ ਰਾਹੀਂ ਇਹ ਗੁਣ ਜ਼ਾਹਰ ਕਰੋ? ਜਾਂ ਜੇ ਤੁਸੀਂ ਪੂਰੀ ਬਾਈਬਲ ਪੜ੍ਹਨ ਦਾ ਟੀਚਾ ਰੱਖਿਆ ਹੈ, ਤਾਂ ਕਿਉਂ ਨਾ ਤੁਸੀਂ ਹਰ ਰੋਜ਼ ਥੋੜ੍ਹਾ-ਥੋੜ੍ਹਾ ਟਾਈਮ ਬਾਈਬਲ ਪੜ੍ਹੋ? ਤੋਮਾਸ਼, ਜਿਸ ਦਾ ਜ਼ਿਕਰ ਸ਼ੁਰੂ ਵਿਚ ਕੀਤਾ ਗਿਆ ਸੀ, ਨੇ ਇਕ ਸਾਲ ਦੇ ਅੰਦਰ-ਅੰਦਰ ਪੂਰੀ ਬਾਈਬਲ ਪੜ੍ਹਨ ਦਾ ਟੀਚਾ ਰੱਖਿਆ ਸੀ। ਪਰ ਉਹ ਇਹ ਟੀਚਾ ਹਾਸਲ ਕਰਨ ਵਿਚ ਜੱਦੋ-ਜਹਿਦ ਕਰ ਰਿਹਾ ਸੀ। ਉਹ ਕਹਿੰਦਾ ਹੈ: “ਮੈਨੂੰ ਅਹਿਸਾਸ ਹੋਇਆ ਕਿ ਮੈਂ ਇਕ ਵਾਰ ਵਿਚ ਬਾਈਬਲ ਦੇ ਜ਼ਿਆਦਾ ਹੀ ਅਧਿਆਇ ਪੜ੍ਹਨ ਦਾ ਟੀਚਾ ਰੱਖ ਲਿਆ ਸੀ। ਇਸ ਲਈ ਮੈਂ ਦੁਬਾਰਾ ਤੋਂ ਬਾਈਬਲ ਪੜ੍ਹਨ ਦਾ ਫ਼ੈਸਲਾ ਕੀਤਾ। ਪਰ ਇਸ ਵਾਰ ਮੈਂ ਹਰ ਰੋਜ਼ ਕੁਝ ਆਇਤਾਂ ਨੂੰ ਪੜ੍ਹਨ ਅਤੇ ਉਨ੍ਹਾਂ ʼਤੇ ਸੋਚ-ਵਿਚਾਰ ਕਰਨ ਦੀ ਯੋਜਨਾ ਬਣਾਈ। ਇਸ ਤਰ੍ਹਾਂ ਕਰਨ ਨਾਲ ਮੈਨੂੰ ਬਾਈਬਲ ਪੜ੍ਹ ਕੇ ਮਜ਼ਾ ਆਉਣ ਲੱਗ ਪਿਆ।” ਜਦੋਂ ਤੋਮਾਸ਼ ਨੂੰ ਪੜ੍ਹਨ ਵਿਚ ਮਜ਼ਾ ਆਉਣ ਲੱਗ ਪਿਆ, ਤਾਂ ਉਸ ਨੇ ਜ਼ਿਆਦਾ ਸਮਾਂ ਬਾਈਬਲ ਪੜ੍ਹਨ ਵਿਚ ਲਾਉਣਾ ਸ਼ੁਰੂ ਕਰ ਦਿੱਤਾ। ਅਖ਼ੀਰ, ਉਸ ਨੇ ਪੂਰੀ ਬਾਈਬਲ ਪੜ੍ਹ ਹੀ ਲਈ। c

ਰੁਕਾਵਟਾਂ ਆਉਣ ʼਤੇ ਹਾਰ ਨਾ ਮੰਨੋ

14. ਸਾਡੇ ਸਾਮ੍ਹਣੇ ਕਿਹੜੀਆਂ ਰੁਕਾਵਟਾਂ ਆ ਸਕਦੀਆਂ ਹਨ?

14 ਦੁੱਖ ਦੀ ਗੱਲ ਹੈ ਕਿ ਚਾਹੇ ਸਾਡੇ ਵਿਚ ਜਿੰਨੀ ਮਰਜ਼ੀ ਇੱਛਾ ਹੋਵੇ ਜਾਂ ਅਸੀਂ ਜਿੰਨਾ ਮਰਜ਼ੀ ਅਨੁਸ਼ਾਸਨ ਵਿਚ ਰਹੀਏ, ਫਿਰ ਵੀ ਸਾਡੇ ਸਾਮ੍ਹਣੇ ਰੁਕਾਵਟਾਂ ਆ ਸਕਦੀਆਂ ਹਨ। ਉਦਾਹਰਣ ਲਈ, ਸਾਡੇ ਨਾਲ “ਅਚਾਨਕ ਕੁਝ ਵੀ ਵਾਪਰ ਸਕਦਾ ਹੈ” ਜਿਸ ਕਰਕੇ ਸਾਡਾ ਉਹ ਸਮਾਂ ਬਰਬਾਦ ਹੋ ਸਕਦਾ ਹੈ ਜੋ ਅਸੀਂ ਟੀਚਾ ਹਾਸਲ ਕਰਨ ਵਿਚ ਲਾਉਣਾ ਸੀ। (ਉਪ. 9:11) ਸ਼ਾਇਦ ਸਾਨੂੰ ਕੋਈ ਮੁਸ਼ਕਲ ਆਵੇ ਜਿਸ ਕਰਕੇ ਅਸੀਂ ਨਿਰਾਸ਼ ਹੋ ਜਾਈਏ ਅਤੇ ਸਾਡੀ ਤਾਕਤ ਘੱਟ ਜਾਵੇ। (ਕਹਾ. 24:10) ਨਾਮੁਕੰਮਲ ਹੋਣ ਕਰਕੇ ਸ਼ਾਇਦ ਸਾਡੇ ਤੋਂ ਗ਼ਲਤੀਆਂ ਹੋ ਜਾਣ ਜਿਸ ਕਰਕੇ ਅਸੀਂ ਆਪਣਾ ਟੀਚਾ ਹਾਸਲ ਨਾ ਕਰ ਸਕੀਏ। (ਰੋਮੀ. 7:23) ਜਾਂ ਹੋ ਸਕਦਾ ਹੈ ਕਿ ਅਸੀਂ ਬਹੁਤ ਥੱਕੇ ਹੋਈਏ। (ਮੱਤੀ 26:43) ਕਿਹੜੀਆਂ ਗੱਲਾਂ ਦੀ ਮਦਦ ਨਾਲ ਅਸੀਂ ਇਨ੍ਹਾਂ ਰੁਕਾਵਟਾਂ ਨੂੰ ਪਾਰ ਕਰ ਸਕਦੇ ਹਾਂ?

15. ਜੇ ਸਾਡੇ ਸਾਮ੍ਹਣੇ ਰੁਕਾਵਟਾਂ ਆਉਂਦੀਆਂ ਹਨ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਹਾਰ ਗਏ ਹਾਂ? ਸਮਝਾਓ। (ਜ਼ਬੂਰ 145:14)

15 ਯਾਦ ਰੱਖੋ ਕਿ ਰੁਕਾਵਟਾਂ ਆਉਣ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਹਾਰ ਗਏ ਹੋ। ਬਾਈਬਲ ਕਹਿੰਦੀ ਹੈ ਕਿ ਸਾਡੇ ʼਤੇ ਵਾਰ-ਵਾਰ ਮੁਸ਼ਕਲਾਂ ਆ ਸਕਦੀਆਂ ਹਨ। ਪਰ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਅਸੀਂ ਫਿਰ ਤੋਂ ਖੜ੍ਹੇ ਹੋ ਸਕਦੇ ਹਾਂ, ਖ਼ਾਸ ਕਰਕੇ ਯਹੋਵਾਹ ਦੀ ਮਦਦ ਨਾਲ। (ਜ਼ਬੂਰ 145:14 ਪੜ੍ਹੋ।) ਭਰਾ ਫਿਲਿੱਪ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਦੱਸਦਾ ਹੈ ਕਿ ਉਹ ਸਫ਼ਲਤਾ ਨੂੰ ਕਿਸ ਨਜ਼ਰੀਏ ਤੋਂ ਦੇਖਦਾ ਹੈ। ਉਹ ਕਹਿੰਦਾ ਹੈ: “ਮੈਂ ਇਸ ਗੱਲ ʼਤੇ ਧਿਆਨ ਨਹੀਂ ਲਾਉਂਦਾ ਕਿ ਮੈਂ ਕਿੰਨੀ ਵਾਰ ਡਿਗਿਆ ਹਾਂ, ਸਗੋਂ ਇਸ ਗੱਲ ʼਤੇ ਧਿਆਨ ਲਾਉਂਦਾ ਹਾਂ ਕਿ ਮੈਂ ਡਿੱਗਣ ਤੋਂ ਬਾਅਦ ਕਿੰਨੀ ਵਾਰ ਖੜ੍ਹਾ ਹੋਇਆ ਹਾਂ।” ਭਰਾ ਡੇਵਿਡ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਦੱਸਦਾ ਹੈ: “ਮੈਂ ਮੁਸ਼ਕਲਾਂ ਅਤੇ ਬੁਰੇ ਦਿਨਾਂ ਨੂੰ ਰੁਕਾਵਟਾਂ ਨਹੀਂ, ਸਗੋਂ ਇਹ ਦਿਖਾਉਣ ਦਾ ਮੌਕਾ ਸਮਝਦਾ ਹੈ ਕਿ ਮੈਂ ਯਹੋਵਾਹ ਨੂੰ ਕਿੰਨਾ ਪਿਆਰ ਕਰਦਾ ਹਾਂ।” ਜੀ ਹਾਂ, ਰੁਕਾਵਟਾਂ ਦੇ ਬਾਵਜੂਦ ਵੀ ਜਦੋਂ ਅਸੀਂ ਅੱਗੇ ਵਧਦੇ ਰਹਿੰਦੇ ਹਾਂ, ਤਾਂ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਯਹੋਵਾਹ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੋਣੀ ਕਿ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੇ ਹਾਂ!

16. ਰੁਕਾਵਟਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

16 ਰੁਕਾਵਟਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰੋ। ਸੋਚੋ ਕਿ ਰੁਕਾਵਟ ਕਿਉਂ ਆਈ ਅਤੇ ਫਿਰ ਆਪਣੇ ਆਪ ਤੋਂ ਪੁੱਛੋ, ‘ਮੈਂ ਕੀ ਕਰ ਸਕਦਾ ਹਾਂ ਤਾਂਕਿ ਕੋਈ ਹੋਰ ਰੁਕਾਵਟ ਨਾ ਆਵੇ?’ (ਕਹਾ. 27:12) ਪਰ ਕਦੀ-ਕਦੀ ਰੁਕਾਵਟਾਂ ਆਉਣ ʼਤੇ ਇਹ ਪਤਾ ਲੱਗ ਸਕਦਾ ਹੈ ਕਿ ਕੋਈ ਟੀਚਾ ਸਾਡੇ ਹਾਲਾਤਾਂ ਮੁਤਾਬਕ ਸਾਡੇ ਲਈ ਸਹੀ ਹੈ ਜਾਂ ਨਹੀਂ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬਾਰੇ ਵੀ ਇਹ ਗੱਲ ਸੱਚ ਹੈ, ਤਾਂ ਆਪਣੇ ਟੀਚੇ ਬਾਰੇ ਦੁਬਾਰਾ ਸੋਚੋ ਅਤੇ ਦੇਖੋ ਕਿ ਤੁਸੀਂ ਹਾਲੇ ਵੀ ਇਹ ਟੀਚਾ ਹਾਸਲ ਕਰ ਸਕਦੇ ਹੋ ਜਾਂ ਨਹੀਂ। d ਯਾਦ ਰੱਖੋ ਕਿ ਜੇ ਕੋਈ ਟੀਚਾ ਹਾਸਲ ਕਰਨਾ ਤੁਹਾਡੇ ਵੱਸੋਂ ਬਾਹਰ ਹੈ, ਤਾਂ ਯਹੋਵਾਹ ਇਹ ਨਹੀਂ ਸੋਚਦਾ ਕਿ ਤੁਸੀਂ ਅਸਫ਼ਲ ਹੋ ਗਏ ਹੋ।​—2 ਕੁਰਿੰ. 8:12.

17. ਸਾਨੂੰ ਕਿਉਂ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਕੀ ਕੁਝ ਕੀਤਾ ਹੈ?

17 ਯਾਦ ਰੱਖੋ ਕਿ ਤੁਸੀਂ ਕੀ ਕੁਝ ਕੀਤਾ ਹੈ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਅਤੇ ਪਿਆਰ ਨੂੰ ਭੁੱਲ ਜਾਵੇ।” (ਇਬ. 6:10) ਇਸ ਲਈ ਤੁਹਾਨੂੰ ਵੀ ਇਹ ਨਹੀਂ ਭੁੱਲਣਾ ਚਾਹੀਦਾ। ਸੋਚੋ ਕਿ ਤੁਸੀਂ ਕੀ ਕੁਝ ਕੀਤਾ ਹੈ। ਤੁਸੀਂ ਯਹੋਵਾਹ ਨਾਲ ਦੋਸਤੀ ਕੀਤੀ ਹੈ, ਬਪਤਿਸਮਾ ਲਿਆ ਹੈ ਜਾਂ ਦੂਜਿਆਂ ਨੂੰ ਉਸ ਬਾਰੇ ਦੱਸਦੇ ਹੋ। ਜਿੱਦਾਂ ਤੁਸੀਂ ਹੁਣ ਤਕ ਤਰੱਕੀ ਕੀਤੀ ਅਤੇ ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚੇ ਹਾਸਲ ਕੀਤੇ ਹਨ, ਉੱਦਾਂ ਹੀ ਤੁਸੀਂ ਅੱਗੇ ਵੀ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਦੇ ਰਹਿ ਸਕਦੇ ਹੋ।​—ਫ਼ਿਲਿ. 3:16.

ਸਫ਼ਰ ਦਾ ਮਜ਼ਾ ਲਓ (ਪੈਰਾ 18 ਦੇਖੋ)

18. ਟੀਚਾ ਹਾਸਲ ਕਰਨ ਲਈ ਮਿਹਨਤ ਕਰਦਿਆਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ? (ਤਸਵੀਰ ਵੀ ਦੇਖੋ।)

18 ਜਿੱਦਾਂ ਇਕ ਮਲਾਹ ਖ਼ੁਸ਼ੀ-ਖ਼ੁਸ਼ੀ ਆਪਣੀ ਮੰਜ਼ਲ ʼਤੇ ਪਹੁੰਚ ਜਾਂਦਾ ਹੈ, ਉਸੇ ਤਰ੍ਹਾਂ ਤੁਸੀਂ ਵੀ ਯਹੋਵਾਹ ਦੀ ਮਦਦ ਨਾਲ ਆਪਣੇ ਟੀਚੇ ਹਾਸਲ ਕਰ ਸਕਦੇ ਹੋ । ਪਰ ਯਾਦ ਰੱਖੋ ਕਿ ਕਈ ਮਲਾਹ ਆਪਣੇ ਸਫ਼ਰ ਦਾ ਮਜ਼ਾ ਵੀ ਲੈਂਦੇ ਹਨ। ਇਸੇ ਤਰ੍ਹਾਂ ਜਦੋਂ ਤੁਸੀਂ ਯਹੋਵਾਹ ਦੀ ਸੇਵਾ ਵਿਚ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਦੇ ਹੋ, ਤਾਂ ਪੂਰੇ ਸਫ਼ਰ ਦੌਰਾਨ ਇਹ ਜ਼ਰੂਰ ਧਿਆਨ ਦਿਓ ਕਿ ਯਹੋਵਾਹ ਤੁਹਾਡੀ ਕਿਵੇਂ ਮਦਦ ਕਰਦਾ ਹੈ। ਨਾਲੇ ਤੁਹਾਨੂੰ ਕਿਵੇਂ ਬਰਕਤਾਂ ਦਿੰਦਾ ਹੈ। (2 ਕੁਰਿੰ. 4:7) ਜੇ ਤੁਸੀਂ ਹਾਰ ਨਾ ਮੰਨੋ, ਤਾਂ ਯਹੋਵਾਹ ਤੁਹਾਨੂੰ ਹੋਰ ਵੀ ਬਰਕਤਾਂ ਦੇਵੇਗਾ।​—ਗਲਾ. 6:9.

ਗੀਤ 126 ਖ਼ਬਰਦਾਰ ਰਹੋ, ਦਲੇਰ ਬਣੋ

a ਸਾਨੂੰ ਅਕਸਰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖੀਏ। ਪਰ ਉਦੋਂ ਕੀ ਜੇ ਅਸੀਂ ਟੀਚੇ ਰੱਖੇ ਹੋਏ ਹਨ, ਪਰ ਉਨ੍ਹਾਂ ਨੂੰ ਹਾਸਲ ਕਰਨ ਲਈ ਅਸੀਂ ਜੱਦੋ-ਜਹਿਦ ਕਰ ਰਹੇ ਹਾਂ? ਇਸ ਲੇਖ ਵਿਚ ਅਲੱਗ-ਅਲੱਗ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਟੀਚਿਆਂ ਨੂੰ ਹਾਸਲ ਕਰ ਸਕਦੇ ਹਾਂ।

b ਸ਼ਬਦਾਂ ਦਾ ਮਤਲਬ: ਯਹੋਵਾਹ ਦੀ ਸੇਵਾ ਵਿਚ ਟੀਚੇ ਰੱਖਣ ਦਾ ਮਤਲਬ ਹੋ ਸਕਦਾ ਹੈ ਕਿ ਕਿਸੇ ਕੰਮ ਨੂੰ ਪੂਰਾ ਕਰਨ ਜਾਂ ਕੋਈ ਸੁਧਾਰ ਕਰਨ ਲਈ ਮਿਹਨਤ ਕਰਨੀ ਤਾਂਕਿ ਤੁਸੀਂ ਹੋਰ ਵੀ ਜ਼ਿਆਦਾ ਯਹੋਵਾਹ ਦੀ ਸੇਵਾ ਕਰ ਸਕੋ ਅਤੇ ਉਸ ਨੂੰ ਖ਼ੁਸ਼ ਕਰ ਸਕੋ। ਉਦਾਹਰਣ ਲਈ, ਸ਼ਾਇਦ ਤੁਸੀਂ ਕੋਈ ਮਸੀਹੀ ਗੁਣ ਪੈਦਾ ਕਰਨ ਜਾਂ ਯਹੋਵਾਹ ਦੀ ਭਗਤੀ ਨਾਲ ਜੁੜੇ ਕੰਮਾਂ ਵਿਚ ਸੁਧਾਰ ਕਰਨ ਦਾ ਟੀਚਾ ਰੱਖੋ, ਜਿਵੇਂ ਕਿ ਬਾਈਬਲ ਪੜ੍ਹਨੀ, ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰਨਾ ਅਤੇ ਪ੍ਰਚਾਰ ਕਰਨਾ।

d ਇਸ ਬਾਰੇ ਹੋਰ ਜਾਣਕਾਰੀ ਲੈਣ ਲਈ 15 ਜੁਲਾਈ 2008 ਦੇ ਪਹਿਰਾਬੁਰਜ ਵਿਚ “ਖ਼ੁਸ਼ੀ ਨਾਲ ਉੱਨਾ ਕਰੋ ਜਿੰਨਾ ਕਰ ਸਕਦੇ ਹੋ” ਨਾਂ ਦਾ ਲੇਖ ਦੇਖੋ।