Skip to content

Skip to table of contents

ਅਧਿਐਨ ਲੇਖ 21

ਗੀਤ 107 ਪਰਮੇਸ਼ੁਰ ਦੇ ਪਿਆਰ ਦੀ ਮਿਸਾਲ

ਚੰਗਾ ਜੀਵਨ ਸਾਥੀ ਕਿਵੇਂ ਲੱਭੀਏ?

ਚੰਗਾ ਜੀਵਨ ਸਾਥੀ ਕਿਵੇਂ ਲੱਭੀਏ?

“ਗੁਣਵਾਨ ਪਤਨੀ ਕਿਹਨੂੰ ਮਿਲਦੀ ਹੈ? ਉਹ ਮੂੰਗਿਆਂ ਨਾਲੋਂ ਵੀ ਕਿਤੇ ਅਨਮੋਲ ਹੈ।”​—ਕਹਾ. 31:10.

ਕੀ ਸਿੱਖਾਂਗੇ?

ਅਸੀਂ ਬਾਈਬਲ ਦੇ ਕੁਝ ਅਜਿਹੇ ਅਸੂਲਾਂ ʼਤੇ ਚਰਚਾ ਕਰਾਂਗੇ ਜਿਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਕੁਆਰੇ ਭੈਣ-ਭਰਾ ਆਪਣੇ ਲਈ ਇਕ ਚੰਗਾ ਜੀਵਨ ਸਾਥੀ ਲੱਭ ਸਕਦੇ ਹਨ। ਅਸੀਂ ਇਹ ਵੀ ਸਿੱਖਾਂਗੇ ਕਿ ਮੰਡਲੀ ਦੇ ਭੈਣ-ਭਰਾ ਉਨ੍ਹਾਂ ਦੀ ਕਿੱਦਾਂ ਮਦਦ ਕਰ ਸਕਦੇ ਹਨ।

1-2. (ੳ) ਕੁਆਰੇ ਭੈਣਾਂ-ਭਰਾਵਾਂ ਨੂੰ ਡੇਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ? (ਅ) “ਡੇਟਿੰਗ” ਕਰਨ ਦਾ ਕੀ ਮਤਲਬ ਹੈ? (“ਸ਼ਬਦ ਦਾ ਮਤਲਬ” ਦੇਖੋ।)

 ਕੀ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ? ਕੁਝ ਜਵਾਨ ਭੈਣ-ਭਰਾ ਇੱਥੋਂ ਤਕ ਕਿ ਕੁਝ ਸਿਆਣੀ ਉਮਰ ਦੇ ਭੈਣ-ਭਰਾ ਵੀ ਜੀਵਨ ਸਾਥੀ ਲੱਭ ਰਹੇ ਹਨ। ਇਹ ਸੱਚ ਹੈ ਕਿ ਬਹੁਤ ਸਾਰੇ ਕੁਆਰੇ ਭੈਣ-ਭਰਾ ਆਪਣੀ ਜ਼ਿੰਦਗੀ ਵਿਚ ਖ਼ੁਸ਼ ਹਨ, ਪਰ ਇਹ ਵੀ ਸੱਚ ਹੈ ਕਿ ਵਿਆਹੁਤਾ ਜ਼ਿੰਦਗੀ ਦੀ ਵੀ ਆਪਣੀ ਹੀ ਖ਼ੁਸ਼ੀ ਹੁੰਦੀ ਹੈ। ਜੇ ਤੁਸੀਂ ਵਿਆਹ ਕਰਾਉਣ ਦੇ ਇਰਾਦੇ ਨਾਲ ਕਿਸੇ ਨੂੰ ਜਾਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਗੱਲਾਂ ਬਾਰੇ ਪਹਿਲਾਂ ਤੋਂ ਹੀ ਸੋਚਣਾ ਪਵੇਗਾ। ਜਿਵੇਂ, ਤੁਹਾਡਾ ਯਹੋਵਾਹ ਨਾਲ ਰਿਸ਼ਤਾ ਕਿਹੋ ਜਿਹਾ ਹੈ? ਕੀ ਤੁਸੀਂ ਵਿਆਹ ਦਾ ਰਿਸ਼ਤਾ ਨਿਭਾਉਣ ਲਈ ਤਿਆਰ ਹੋ? ਨਾਲੇ ਤੁਸੀਂ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਤੋਰੋਗੇ? a (1 ਕੁਰਿੰ. 7:36) ਜੇ ਤੁਸੀਂ ਇਨ੍ਹਾਂ ਗੱਲਾਂ ਬਾਰੇ ਪਹਿਲਾਂ ਹੀ ਸੋਚਿਆ ਹੋਵੇਗਾ, ਤਾਂ ਤੁਸੀਂ ਵਿਆਹ ਤੋਂ ਬਾਅਦ ਖ਼ੁਸ਼ ਰਹਿ ਸਕੋਗੇ।

2 ਪਰ ਇਕ ਚੰਗਾ ਜੀਵਨ ਸਾਥੀ ਲੱਭਣਾ ਹਮੇਸ਼ਾ ਸੌਖਾ ਨਹੀਂ ਹੁੰਦਾ। (ਕਹਾ. 31:10) ਜੇ ਤੁਹਾਨੂੰ ਕੋਈ ਪਸੰਦ ਆ ਵੀ ਜਾਵੇ, ਤਾਂ ਸ਼ਾਇਦ ਤੁਹਾਨੂੰ ਸਮਝ ਨਾ ਲੱਗੇ ਕਿ ਤੁਸੀਂ ਉਸ ਨਾਲ ਡੇਟਿੰਗ b ਕਿੱਦਾਂ ਸ਼ੁਰੂ ਕਰੋਗੇ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਜੇ ਕੋਈ ਵਿਆਹ ਕਰਾਉਣਾ ਚਾਹੁੰਦਾ ਹੈ, ਤਾਂ ਇਕ ਚੰਗਾ ਜੀਵਨ ਸਾਥੀ ਲੱਭਣ ਲਈ ਉਹ ਕੀ ਕਰ ਸਕਦਾ ਹੈ? ਅਸੀਂ ਇਹ ਵੀ ਜਾਣਾਂਗੇ ਕਿ ਜੇ ਉਸ ਨੂੰ ਕੋਈ ਪਸੰਦ ਆ ਜਾਂਦਾ ਹੈ, ਤਾਂ ਉਹ ਉਸ ਨਾਲ ਡੇਟਿੰਗ ਕਿੱਦਾਂ ਸ਼ੁਰੂ ਕਰ ਸਕਦਾ ਹੈ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਮੰਡਲੀ ਦੇ ਭੈਣ-ਭਰਾ ਉਨ੍ਹਾਂ ਦੀ ਕਿੱਦਾਂ ਮਦਦ ਕਰ ਸਕਦੇ ਹਨ ਜੋ ਵਿਆਹ ਕਰਾਉਣਾ ਚਾਹੁੰਦੇ ਹਨ।

ਚੰਗਾ ਜੀਵਨ ਸਾਥੀ ਲੱਭਣ ਲਈ ਕੀ ਕਰੀਏ?

3. ਜੀਵਨ ਸਾਥੀ ਦੀ ਤਲਾਸ਼ ਕਰਦਿਆਂ ਕੁਆਰੇ ਭੈਣਾਂ-ਭਰਾਵਾਂ ਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?

3 ਜੇ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ, ਤਾਂ ਡੇਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸੋਚਣਾ ਪਵੇਗਾ ਕਿ ਤੁਸੀਂ ਕਿਹੋ ਜਿਹਾ ਜੀਵਨ ਸਾਥੀ ਚਾਹੁੰਦੇ ਹੋ। c ਜੇ ਤੁਸੀਂ ਪਹਿਲਾਂ ਤੋਂ ਹੀ ਇਸ ਬਾਰੇ ਨਾ ਸੋਚੋ, ਤਾਂ ਸ਼ਾਇਦ ਤੁਸੀਂ ਇਕ ਅਜਿਹੇ ਮਸੀਹੀ ਨਾਲ ਡੇਟਿੰਗ ਕਰਨ ਲੱਗ ਪਓ ਜੋ ਤੁਹਾਡੇ ਲਈ ਚੰਗਾ ਜੀਵਨ ਸਾਥੀ ਸਾਬਤ ਨਾ ਹੋਵੇ। ਜਾਂ ਸ਼ਾਇਦ ਤੁਸੀਂ ਕਿਸੇ ਅਜਿਹੇ ਮਸੀਹੀ ਵੱਲ ਧਿਆਨ ਹੀ ਨਾ ਦਿਓ ਜੋ ਤੁਹਾਡੇ ਲਈ ਚੰਗਾ ਸਾਥੀ ਸਾਬਤ ਹੋ ਸਕਦਾ ਹੈ। (1 ਕੁਰਿੰ. 7:39) ਇਹ ਸੱਚ ਹੈ ਕਿ ਤੁਸੀਂ ਸਿਰਫ਼ ਕਿਸੇ ਬਪਤਿਸਮਾ-ਪ੍ਰਾਪਤ ਮਸੀਹੀ ਨਾਲ ਹੀ ਡੇਟਿੰਗ ਕਰੋਗੇ। ਪਰ ਧਿਆਨ ਰੱਖੋ ਕਿ ਜੇ ਕਿਸੇ ਨੇ ਬਪਤਿਸਮਾ ਲਿਆ ਹੈ, ਤਾਂ ਇਹ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਉਹ ਤੁਹਾਡੇ ਲਈ ਇਕ ਚੰਗਾ ਜੀਵਨ ਸਾਥੀ ਸਾਬਤ ਹੋਵੇਗਾ। ਇਸ ਲਈ ਆਪਣੇ ਆਪ ਤੋਂ ਪੁੱਛੋ: ‘ਮੈਂ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦਾ ਹਾਂ, ਮੇਰੇ ਕੀ ਟੀਚੇ ਹਨ? ਮੈਂ ਜਿਸ ਨਾਲ ਵਿਆਹ ਕਰਾਉਣਾ ਚਾਹੁੰਦਾ ਹਾਂ, ਉਸ ਵਿਚ ਕਿਹੜੇ ਗੁਣ ਹੋਣੇ ਚਾਹੀਦੇ ਹਨ? ਕੀ ਮੈਂ ਕੁਝ ਜ਼ਿਆਦਾ ਹੀ ਉਮੀਦਾਂ ਤਾਂ ਨਹੀਂ ਲਾਈਆਂ ਹੋਈਆਂ?’

4. ਕੁਝ ਭੈਣਾਂ-ਭਰਾਵਾਂ ਨੇ ਕਿਸ ਬਾਰੇ ਪ੍ਰਾਰਥਨਾ ਕੀਤੀ ਹੈ?

4 ਜੇ ਤੁਸੀਂ ਜੀਵਨ ਸਾਥੀ ਦੀ ਤਲਾਸ਼ ਕਰ ਰਹੇ ਹੋ, ਤਾਂ ਤੁਸੀਂ ਜ਼ਰੂਰ ਇਸ ਬਾਰੇ ਪ੍ਰਾਰਥਨਾ ਕੀਤੀ ਹੋਣੀ। (ਫ਼ਿਲਿ. 4:6) ਇਹ ਤਾਂ ਹੈ ਕਿ ਯਹੋਵਾਹ ਨੇ ਅਜਿਹੀ ਕੋਈ ਗਾਰੰਟੀ ਨਹੀਂ ਦਿੱਤੀ ਕਿ ਉਸ ਦੇ ਸਾਰੇ ਸੇਵਕਾਂ ਨੂੰ ਜੀਵਨ ਸਾਥੀ ਮਿਲੇਗਾ। ਪਰ ਉਹ ਤੁਹਾਡੀਆਂ ਲੋੜਾਂ ਜਾਣਦਾ ਹੈ, ਤੁਹਾਡੀਆਂ ਭਾਵਨਾਵਾਂ ਸਮਝਦਾ ਹੈ ਅਤੇ ਇਕ ਚੰਗਾ ਜੀਵਨ ਸਾਥੀ ਲੱਭਣ ਵਿਚ ਤੁਹਾਡੀ ਜ਼ਰੂਰ ਮਦਦ ਕਰੇਗਾ। ਇਸ ਲਈ ਯਹੋਵਾਹ ਨੂੰ ਹਮੇਸ਼ਾ ਆਪਣੇ ਦਿਲ ਦੀ ਗੱਲ ਦੱਸੋ। ਉਸ ਨੂੰ ਦੱਸੋ ਕਿ ਤੁਹਾਨੂੰ ਕੀ ਚਾਹੀਦਾ ਹੈ। (ਜ਼ਬੂ. 62:8) ਉਸ ਤੋਂ ਬੁੱਧ ਮੰਗੋ ਅਤੇ ਉਸ ਨੂੰ ਬੇਨਤੀ ਕਰੋ ਕਿ ਉਹ ਸਬਰ ਰੱਖਣ ਵਿਚ ਤੁਹਾਡੀ ਮਦਦ ਕਰੇ। (ਯਾਕੂ. 1:5) ਅਮਰੀਕਾ ਵਿਚ ਰਹਿਣ ਵਾਲਾ ਜੌਨ d ਨਾਂ ਦਾ ਕੁਆਰਾ ਭਰਾ ਦੱਸਦਾ ਹੈ ਕਿ ਉਹ ਕਿਸ ਬਾਰੇ ਪ੍ਰਾਰਥਨਾ ਕਰਦਾ ਹੈ: “ਮੈਂ ਯਹੋਵਾਹ ਨੂੰ ਦੱਸਦਾ ਹਾਂ ਕਿ ਮੈਨੂੰ ਕਿਹੋ ਜਿਹੀ ਕੁੜੀ ਚਾਹੀਦੀ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਮੈਨੂੰ ਕਿਸੇ ਅਜਿਹੀ ਭੈਣ ਨੂੰ ਮਿਲਣ ਦਾ ਮੌਕਾ ਮਿਲੇ ਜੋ ਮੇਰੇ ਲਈ ਵਧੀਆ ਜੀਵਨ ਸਾਥੀ ਸਾਬਤ ਹੋਵੇ। ਮੈਂ ਉਸ ਨੂੰ ਇਹ ਵੀ ਗੁਜ਼ਾਰਸ਼ ਕਰਦਾ ਹਾਂ ਕਿ ਉਹ ਚੰਗੇ ਗੁਣ ਵਧਾਉਣ ਵਿਚ ਮੇਰੀ ਮਦਦ ਕਰੇ ਤਾਂਕਿ ਅੱਗੇ ਜਾ ਕੇ ਮੈਂ ਇਕ ਚੰਗਾ ਪਤੀ ਬਣ ਸਕਾਂ।” ਸ੍ਰੀ ਲੰਕਾ ਵਿਚ ਰਹਿਣ ਵਾਲੀ ਭੈਣ ਤਾਨੀਆ ਕਹਿੰਦੀ ਹੈ: “ਮੈਂ ਇਕ ਚੰਗਾ ਜੀਵਨ ਸਾਥੀ ਲੱਭ ਰਹੀ ਹਾਂ, ਪਰ ਮੈਂ ਯਹੋਵਾਹ ਨੂੰ ਇਹ ਵੀ ਪ੍ਰਾਰਥਨਾ ਕਰਦੀ ਹਾਂ ਕਿ ਉਹ ਮੇਰੀ ਵਫ਼ਾਦਾਰ ਰਹਿਣ, ਸਹੀ ਸੋਚ ਰੱਖਣ ਅਤੇ ਖ਼ੁਸ਼ ਰਹਿਣ ਵਿਚ ਮਦਦ ਕਰੇ।” ਜੇ ਤੁਹਾਨੂੰ ਹਾਲੇ ਆਪਣੀ ਪਸੰਦ ਦਾ ਜੀਵਨ ਸਾਥੀ ਨਹੀਂ ਮਿਲ ਰਿਹਾ, ਤਾਂ ਭਰੋਸਾ ਰੱਖੋ ਕਿ ਯਹੋਵਾਹ ਆਪਣੇ ਵਾਅਦੇ ਮੁਤਾਬਕ ਤੁਹਾਨੂੰ ਸੰਭਾਲੇਗਾ ਅਤੇ ਤੁਹਾਡੀਆਂ ਲੋੜਾਂ ਜ਼ਰੂਰ ਪੂਰੀਆਂ ਕਰੇਗਾ।​—ਜ਼ਬੂ. 55:22.

5. ਯਹੋਵਾਹ ਦੀ ਸੇਵਾ ਕਰਨ ਵਾਲੇ ਕੁਆਰੇ ਭੈਣਾਂ-ਭਰਾਵਾਂ ਨੂੰ ਮਿਲਣ ਲਈ ਤੁਸੀਂ ਕੀ ਕਰ ਸਕਦੇ ਹੋ? (1 ਕੁਰਿੰਥੀਆਂ 15:58) (ਤਸਵੀਰ ਵੀ ਦੇਖੋ।)

5 ਬਾਈਬਲ ਸਾਨੂੰ “ਪ੍ਰਭੂ ਦੇ ਕੰਮ ਵਿਚ ਹਮੇਸ਼ਾ ਰੁੱਝੇ” ਰਹਿਣ ਦੀ ਹੱਲਾਸ਼ੇਰੀ ਦਿੰਦੀ ਹੈ। (1 ਕੁਰਿੰਥੀਆਂ 15:58 ਪੜ੍ਹੋ।) ਜਦੋਂ ਤੁਸੀਂ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰੋਗੇ, ਤਾਂ ਤੁਹਾਨੂੰ ਅਲੱਗ-ਅਲੱਗ ਭੈਣਾਂ-ਭਰਾਵਾਂ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ ਅਤੇ ਇਸ ਨਾਲ ਤੁਹਾਡਾ ਹੌਸਲਾ ਵਧੇਗਾ। ਇਹੀ ਨਹੀਂ, ਤੁਸੀਂ ਅਜਿਹੇ ਕੁਆਰੇ ਭੈਣਾਂ-ਭਰਾਵਾਂ ਨੂੰ ਵੀ ਮਿਲੋਗੇ ਜਿਨ੍ਹਾਂ ਦਾ ਪੂਰਾ ਧਿਆਨ ਯਹੋਵਾਹ ਦੀ ਸੇਵਾ ʼਤੇ ਲੱਗਾ ਹੋਇਆ ਹੈ। ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰ ਕੇ ਤੁਸੀਂ ਸੱਚ-ਮੁੱਚ ਖ਼ੁਸ਼ ਰਹਿ ਸਕੋਗੇ।

ਜੇ ਤੁਸੀਂ ਯਹੋਵਾਹ ਦੀ ਸੇਵਾ ਵਿਚ ਲੱਗੇ ਰਹੋ ਅਤੇ ਅਲੱਗ-ਅਲੱਗ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਓ, ਤਾਂ ਹੋ ਸਕਦਾ ਹੈ ਕਿ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਮਿਲੋ ਜੋ ਵਿਆਹ ਕਰਾਉਣਾ ਚਾਹੁੰਦਾ ਹੈ (ਪੈਰਾ 5 ਦੇਖੋ)


6. ਜੀਵਨ ਸਾਥੀ ਦੀ ਭਾਲ ਕਰਦਿਆਂ ਤੁਹਾਨੂੰ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ?

6 ਪਰ ਧਿਆਨ ਰੱਖੋ ਕਿ ਤੁਸੀਂ ਹਮੇਸ਼ਾ ਇਹੀ ਨਾ ਸੋਚੀ ਜਾਓ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਇਕ ਜੀਵਨ ਸਾਥੀ ਮਿਲ ਜਾਵੇ। (ਫ਼ਿਲਿ. 1:10) ਸੱਚੀ ਖ਼ੁਸ਼ੀ ਯਹੋਵਾਹ ਨਾਲ ਚੰਗਾ ਰਿਸ਼ਤਾ ਹੋਣ ਕਰਕੇ ਮਿਲਦੀ ਹੈ, ਨਾ ਕਿ ਵਿਆਹ ਕਰਾਉਣ ਕਰਕੇ। (ਮੱਤੀ 5:3) ਕੁਆਰੇ ਹੁੰਦਿਆਂ ਤੁਸੀਂ ਹੋਰ ਵੀ ਵਧ-ਚੜ੍ਹ ਕੇ ਪ੍ਰਚਾਰ ਕਰ ਸਕਦੇ ਹੋ। (1 ਕੁਰਿੰ. 7:32, 33) ਆਪਣੇ ਇਸ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ। ਜ਼ਰਾ ਅਮਰੀਕਾ ਦੀ ਰਹਿਣ ਵਾਲੀ ਭੈਣ ਜੈਸਿਕਾ ਦੀ ਮਿਸਾਲ ʼਤੇ ਗੌਰ ਕਰੋ। ਜਦੋਂ ਉਸ ਦਾ ਵਿਆਹ ਹੋਇਆ, ਉਦੋਂ ਉਹ 40 ਕੁ ਸਾਲਾਂ ਦੀ ਸੀ। ਉਹ ਦੱਸਦੀ ਹੈ: “ਮੈਂ ਵਿਆਹ ਕਰਾਉਣਾ ਚਾਹੁੰਦੀ ਸੀ, ਪਰ ਮੈਂ ਸਿਰਫ਼ ਇਸੇ ਬਾਰੇ ਹੀ ਨਹੀਂ ਸੋਚਦੀ ਰਹਿੰਦੀ ਸੀ। ਮੈਂ ਪ੍ਰਚਾਰ ਕਰਨ ਵਿਚ ਲੱਗੀ ਰਹੀ ਜਿਸ ਕਰਕੇ ਮੈਂ ਖ਼ੁਸ਼ ਰਹਿ ਸਕੀ।”

ਉਸ ਬਾਰੇ ਹੋਰ ਜਾਣੋ

7. ਕਿਸੇ ਨੂੰ ਇਹ ਦੱਸਣ ਤੋਂ ਪਹਿਲਾਂ ਕਿ ਤੁਸੀਂ ਉਸ ਨੂੰ ਪਸੰਦ ਕਰਦੇ ਹੋ, ਉਸ ਬਾਰੇ ਕੁਝ ਗੱਲਾਂ ਪਤਾ ਲਗਾਉਣੀਆਂ ਕਿਉਂ ਜ਼ਰੂਰੀ ਹਨ? (ਕਹਾਉਤਾਂ 13:16)

7 ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਡਾ ਚੰਗਾ ਜੀਵਨ ਸਾਥੀ ਬਣ ਸਕਦਾ ਹੈ, ਤਾਂ ਤੁਸੀਂ ਕੀ ਕਰੋਗੇ? ਕੀ ਤੁਹਾਨੂੰ ਉਸ ਨੂੰ ਝੱਟ ਜਾ ਕੇ ਦੱਸ ਦੇਣਾ ਚਾਹੀਦਾ ਹੈ ਕਿ ਤੁਸੀਂ ਉਸ ਨੂੰ ਪਸੰਦ ਕਰਦੇ ਹੋ? ਬਾਈਬਲ ਵਿਚ ਲਿਖਿਆ ਹੈ ਕਿ ਸਮਝਦਾਰ ਇਨਸਾਨ ਕੋਈ ਕੰਮ ਕਰਨ ਤੋਂ ਪਹਿਲਾਂ ਗਿਆਨ ਲੈਂਦਾ ਹੈ ਯਾਨੀ ਕੁਝ ਗੱਲਾਂ ਦਾ ਪਤਾ ਲਗਾਉਂਦਾ ਹੈ। (ਕਹਾਉਤਾਂ 13:16 ਪੜ੍ਹੋ।) ਇਸ ਲਈ ਉਸ ਨੂੰ ਝੱਟ ਦੱਸਣ ਦੀ ਬਜਾਇ ਚੰਗਾ ਹੋਵੇਗਾ ਕਿ ਤੁਸੀਂ ਪਤਾ ਲਗਾਓ ਕਿ ਉਹ ਕਿਹੋ ਜਿਹਾ ਵਿਅਕਤੀ ਹੈ। ਨੀਦਰਲੈਂਡਜ਼ ਵਿਚ ਰਹਿਣ ਵਾਲਾ ਭਰਾ ਐਸ਼ਵਿਨ ਦੱਸਦਾ ਹੈ: “ਕਿਸੇ ਵਿਅਕਤੀ ਲਈ ਭਾਵਨਾਵਾਂ ਜਿੰਨੀ ਜਲਦੀ ਪੈਦਾ ਹੁੰਦੀਆਂ ਹਨ, ਉੱਨੀ ਹੀ ਜਲਦੀ ਖ਼ਤਮ ਹੋ ਸਕਦੀਆਂ ਹਨ। ਇਸ ਲਈ ਥੋੜ੍ਹਾ ਸਮਾਂ ਲਓ ਅਤੇ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰੋ। ਇੱਦਾਂ ਕਰਨ ਨਾਲ ਤੁਸੀਂ ਡੇਟਿੰਗ ਕਰਨ ਵਿਚ ਜਲਦਬਾਜ਼ੀ ਨਹੀਂ ਕਰੋਗੇ।” ਇਸ ਤੋਂ ਇਲਾਵਾ, ਜਦੋਂ ਤੁਸੀਂ ਉਸ ਵਿਅਕਤੀ ਨੂੰ ਜਾਣਨ ਦੀ ਕੋਸ਼ਿਸ਼ ਕਰੋਗੇ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਅਹਿਸਾਸ ਹੋਵੇ ਕਿ ਉਹ ਤੁਹਾਡੇ ਲਈ ਸਹੀ ਨਹੀਂ ਰਹੇਗਾ।

8. ਜੇ ਤੁਹਾਨੂੰ ਕੋਈ ਪਸੰਦ ਆ ਜਾਂਦਾ ਹੈ, ਤਾਂ ਤੁਸੀਂ ਉਸ ਬਾਰੇ ਕਿਵੇਂ ਪਤਾ ਲਗਾ ਸਕਦੇ ਹੋ? (ਤਸਵੀਰ ਵੀ ਦੇਖੋ।)

8 ਜੇ ਤੁਹਾਨੂੰ ਕੋਈ ਪਸੰਦ ਆ ਜਾਂਦਾ ਹੈ, ਤਾਂ ਤੁਸੀਂ ਉਸ ਬਾਰੇ ਹੋਰ ਕਿਵੇਂ ਜਾਣ ਸਕਦੇ ਹੋ? ਸਭਾਵਾਂ ਵਿਚ ਜਾਂ ਹੋਰ ਮੌਕਿਆਂ ʼਤੇ ਧਿਆਨ ਦਿਓ ਕਿ ਉਹ ਭੈਣਾਂ-ਭਰਾਵਾਂ ਨਾਲ ਕਿਵੇਂ ਪੇਸ਼ ਆਉਂਦਾ ਹੈ ਅਤੇ ਉਸ ਦਾ ਸੁਭਾਅ ਕਿੱਦਾਂ ਦਾ ਹੈ। ਕੀ ਉਸ ਦੀਆਂ ਗੱਲਾਂ ਤੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਹੈ? ਉਸ ਦੇ ਦੋਸਤ ਕੌਣ ਹਨ? ਉਹ ਕਿਹੜੀਆਂ ਚੀਜ਼ਾਂ ਬਾਰੇ ਗੱਲਾਂ ਕਰਦਾ ਹੈ? (ਲੂਕਾ 6:45) ਉਸ ਦੇ ਟੀਚੇ ਕੀ ਹਨ? ਕੀ ਤੁਹਾਡੇ ਦੋਹਾਂ ਦੇ ਟੀਚੇ ਇਕ-ਦੂਜੇ ਨਾਲ ਮਿਲਦੇ ਹਨ? ਜੇ ਤੁਸੀਂ ਚਾਹੋ, ਤਾਂ ਉਸ ਦੀ ਮੰਡਲੀ ਦੇ ਬਜ਼ੁਰਗਾਂ ਜਾਂ ਉਨ੍ਹਾਂ ਸਮਝਦਾਰ ਭੈਣਾਂ-ਭਰਾਵਾਂ ਨਾਲ ਵੀ ਗੱਲ ਕਰ ਸਕਦੇ ਹੋ ਜੋ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ। (ਕਹਾ. 20:18) ਤੁਸੀਂ ਉਨ੍ਹਾਂ ਨੂੰ ਪੁੱਛ ਸਕਦੇ ਹੋ ਕਿ ਮੰਡਲੀ ਵਿਚ ਉਸ ਦਾ ਕਿਹੋ ਜਿਹਾ ਨਾਂ ਹੈ ਅਤੇ ਉਸ ਵਿਚ ਕਿਹੜੇ ਚੰਗੇ ਗੁਣ ਹਨ। (ਰੂਥ 2:11) ਪਰ ਧਿਆਨ ਰੱਖੋ ਕਿ ਤੁਸੀਂ ਉਸ ਬਾਰੇ ਹਰ ਛੋਟੀ-ਛੋਟੀ ਗੱਲ ਜਾਣਨ ਦੀ ਕੋਸ਼ਿਸ਼ ਨਾ ਕਰੋ ਅਤੇ ਨਾ ਹੀ ਚੌਵੀ ਘੰਟੇ ਉਸ ਦੇ ਆਲੇ-ਦੁਆਲੇ ਘੁੰਮਦੇ ਰਹੋ। ਕਹਿਣ ਦਾ ਮਤਲਬ ਹੈ ਕਿ ਇੱਦਾਂ ਦਾ ਕੁਝ ਵੀ ਨਾ ਕਰੋ ਜਿਸ ਕਰਕੇ ਉਸ ਨੂੰ ਬੁਰਾ ਲੱਗ ਸਕਦਾ ਹੈ।

ਕਿਸੇ ਨੂੰ ਇਹ ਦੱਸਣ ਤੋਂ ਪਹਿਲਾਂ ਕਿ ਤੁਸੀਂ ਉਸ ਨੂੰ ਪਸੰਦ ਕਰਦੇ ਹੋ, ਉਸ ਬਾਰੇ ਥੋੜ੍ਹਾ ਹੋਰ ਜਾਣਨ ਦੀ ਕੋਸ਼ਿਸ਼ ਕਰੋ (ਪੈਰੇ 7-8 ਦੇਖੋ)


9. ਕਿਸੇ ਨੂੰ ਇਹ ਦੱਸਣ ਤੋਂ ਪਹਿਲਾਂ ਕਿ ਤੁਸੀਂ ਉਸ ਨੂੰ ਪਸੰਦ ਕਰਦੇ ਹੋ, ਤੁਹਾਨੂੰ ਕਿਹੜੀਆਂ ਗੱਲਾਂ ਦਾ ਯਕੀਨ ਹੋਣਾ ਚਾਹੀਦਾ ਹੈ?

9 ਜੇ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਤੇ ਉਸ ਨਾਲ ਡੇਟਿੰਗ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਨੂੰ ਇਹ ਦੱਸਣ ਵਿਚ ਕਿੰਨਾ ਸਮਾਂ ਲੈਣਾ ਚਾਹੀਦਾ ਹੈ? ਜੇ ਤੁਸੀਂ ਤੁਰੰਤ ਜਾ ਕੇ ਉਸ ਨੂੰ ਦੱਸ ਦਿੰਦੇ ਹੋ, ਤਾਂ ਉਸ ਨੂੰ ਲੱਗ ਸਕਦਾ ਹੈ ਕਿ ਤੁਸੀਂ ਫ਼ੈਸਲੇ ਕਰਨ ਵਿਚ ਬਹੁਤ ਕਾਹਲੀ ਕਰਦੇ ਹੋ। (ਕਹਾ. 29:20) ਪਰ ਜੇ ਤੁਸੀਂ ਦੇਰ ਕਰਦੇ ਹੋ, ਤਾਂ ਉਸ ਨੂੰ ਲੱਗ ਸਕਦਾ ਹੈ ਕਿ ਤੁਸੀਂ ਫ਼ੈਸਲੇ ਲੈਣ ਵਿਚ ਟਾਲਮਟੋਲ ਕਰਦੇ ਹੋ। ਖ਼ਾਸ ਕਰਕੇ ਉਸ ਨੂੰ ਉਦੋਂ ਇੱਦਾਂ ਲੱਗ ਸਕਦਾ ਹੈ ਜਦੋਂ ਉਹ ਸਮਝ ਜਾਂਦਾ ਹੈ ਕਿ ਤੁਸੀਂ ਉਸ ਨੂੰ ਪਸੰਦ ਕਰਦੇ ਹੋ। (ਉਪ. 11:4) ਯਾਦ ਰੱਖੋ ਕਿ ਜੇ ਤੁਸੀਂ ਕਿਸੇ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਉਸ ਨੂੰ ਪਸੰਦ ਕਰਦੇ ਹੋ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਫ਼ੈਸਲਾ ਕਰ ਲਿਆ ਹੈ ਕਿ ਤੁਸੀਂ ਉਸ ਨਾਲ ਹੀ ਵਿਆਹ ਕਰੋਗੇ। ਪਰ ਤੁਹਾਨੂੰ ਇਸ ਗੱਲ ਦਾ ਪੂਰਾ ਯਕੀਨ ਹੋਣਾ ਚਾਹੀਦਾ ਹੈ ਕਿ ਤੁਸੀਂ ਵਿਆਹ ਕਰਨ ਲਈ ਤਿਆਰ ਹੋ। ਨਾਲੇ ਤੁਸੀਂ ਜਿਸ ਨੂੰ ਪਸੰਦ ਕਰਦੇ ਹੋ, ਉਹ ਤੁਹਾਡੇ ਲਈ ਚੰਗਾ ਜੀਵਨ ਸਾਥੀ ਸਾਬਤ ਹੋ ਸਕਦਾ ਹੈ।

10. ਜੇ ਤੁਸੀਂ ਉਸ ਵਿਅਕਤੀ ਨੂੰ ਪਸੰਦ ਨਹੀਂ ਕਰਦੇ ਜੋ ਤੁਹਾਨੂੰ ਪਸੰਦ ਕਰਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

10 ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਪਸੰਦ ਕਰਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? ਜੇ ਤੁਸੀਂ ਉਸ ਨੂੰ ਪਸੰਦ ਨਹੀਂ ਕਰਦੇ, ਤਾਂ ਆਪਣੇ ਪੇਸ਼ ਆਉਣ ਦੇ ਤਰੀਕੇ ਤੋਂ ਸਾਫ਼-ਸਾਫ਼ ਦਿਖਾਓ ਕਿ ਤੁਹਾਨੂੰ ਉਸ ਵਿਚ ਕੋਈ ਦਿਲਚਸਪੀ ਨਹੀਂ ਹੈ। ਪਰ ਜੇ ਤੁਸੀਂ ਇੱਦਾਂ ਨਹੀਂ ਕਰਦੇ, ਤਾਂ ਸ਼ਾਇਦ ਉਹ ਮੰਨ ਲਵੇ ਕਿ ਤੁਸੀਂ ਵੀ ਉਸ ਨੂੰ ਪਸੰਦ ਕਰਦੇ ਹੋ। ਇੱਦਾਂ ਕਰਨਾ ਸਹੀ ਨਹੀਂ ਹੈ ਕਿਉਂਕਿ ਸਾਨੂੰ ਕਿਸੇ ਦੀਆਂ ਭਾਵਨਾਵਾਂ ਨਾਲ ਖੇਡਣਾ ਨਹੀਂ ਚਾਹੀਦਾ।​—1 ਕੁਰਿੰ. 10:24; ਅਫ਼. 4:25.

11. ਜੇ ਤੁਹਾਨੂੰ ਕੋਈ ਰਿਸ਼ਤਾ ਲੱਭਣ ਲਈ ਕਿਹਾ ਜਾਵੇ, ਤਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

11 ਕੁਝ ਦੇਸ਼ਾਂ ਵਿਚ ਮਾਪੇ ਜਾਂ ਰਿਸ਼ਤੇਦਾਰ ਆਪਣੇ ਪਰਿਵਾਰ ਦੇ ਕੁਆਰੇ ਕੁੜੀਆਂ-ਮੁੰਡਿਆਂ ਲਈ ਰਿਸ਼ਤਾ ਲੱਭਦੇ ਹਨ। ਹੋਰ ਦੇਸ਼ਾਂ ਵਿਚ ਘਰਦੇ ਜਾਂ ਦੋਸਤ-ਮਿੱਤਰ ਰਿਸ਼ਤਾ ਲੈ ਕੇ ਆਉਂਦੇ ਹਨ। ਫਿਰ ਕੁੜੀ-ਮੁੰਡਾ ਮਿਲਦੇ ਹਨ, ਇਕ-ਦੂਜੇ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਨ ਅਤੇ ਦੇਖਦੇ ਹਨ ਕਿ ਉਹ ਇਕ-ਦੂਜੇ ਲਈ ਸਹੀ ਰਹਿਣਗੇ ਜਾਂ ਨਹੀਂ। ਜੇ ਤੁਹਾਨੂੰ ਕਿਸੇ ਲਈ ਰਿਸ਼ਤਾ ਲੱਭਣ ਲਈ ਕਿਹਾ ਜਾਵੇ, ਤਾਂ ਤੁਸੀਂ ਕੀ ਕਰੋਗੇ? ਸਭ ਤੋਂ ਪਹਿਲਾਂ, ਕੁੜੀ-ਮੁੰਡੇ ਦੀ ਪਸੰਦ ਤੇ ਨਾਪਸੰਦ ਦਾ ਪਤਾ ਲਗਾਓ। ਜਾਣੋ ਕਿ ਉਹ ਕਿਹੋ ਜਿਹਾ ਸਾਥੀ ਚਾਹੁੰਦੇ ਹਨ। ਫਿਰ ਜਦੋਂ ਤੁਹਾਨੂੰ ਕੋਈ ਅਜਿਹੀ ਕੁੜੀ ਜਾਂ ਮੁੰਡਾ ਮਿਲ ਜਾਂਦਾ ਹੈ ਜੋ ਉਸ ਲਈ ਸਹੀ ਹੋਵੇਗਾ, ਤਾਂ ਪਤਾ ਲਗਾਓ ਕਿ ਉਸ ਦਾ ਸੁਭਾਅ ਕਿਹੋ ਜਿਹਾ ਹੈ, ਉਸ ਵਿਚ ਕਿਹੜੇ ਗੁਣ ਹਨ ਅਤੇ ਸਭ ਤੋਂ ਵਧ ਕੇ ਉਸ ਦਾ ਯਹੋਵਾਹ ਨਾਲ ਰਿਸ਼ਤਾ ਕਿਹੋ ਜਿਹਾ ਹੈ। ਜੀਵਨ ਸਾਥੀ ਲੱਭਦੇ ਵੇਲੇ ਪੈਸਾ, ਪੜ੍ਹਾਈ-ਲਿਖਾਈ ਜਾਂ ਪਰਿਵਾਰ ਦੀ ਹੈਸੀਅਤ ਦੇਖਣ ਨਾਲੋਂ ਇਹ ਦੇਖਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਉਸ ਦਾ ਯਹੋਵਾਹ ਨਾਲ ਕਿਹੋ ਜਿਹਾ ਰਿਸ਼ਤਾ ਹੈ। ਯਾਦ ਰੱਖੋ ਕਿ ਭਾਵੇਂ ਤੁਸੀਂ ਰਿਸ਼ਤਾ ਲੱਭਿਆ ਹੈ, ਪਰ ਫ਼ੈਸਲਾ ਸਿਰਫ਼ ਕੁੜੀ-ਮੁੰਡਾ ਹੀ ਕਰਨਗੇ ਕਿ ਉਨ੍ਹਾਂ ਨੇ ਉੱਥੇ ਵਿਆਹ ਕਰਨਾ ਹੈ ਜਾਂ ਨਹੀਂ।​—ਗਲਾ. 6:5.

ਡੇਟਿੰਗ ਕਿੱਦਾਂ ਸ਼ੁਰੂ ਕਰੀਏ?

12. ਜੇ ਤੁਸੀਂ ਕਿਸੇ ਨਾਲ ਡੇਟਿੰਗ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਉਸ ਨੂੰ ਇਹ ਗੱਲ ਕਿਵੇਂ ਦੱਸ ਸਕਦੇ ਹੋ?

12 ਜੇ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਅਤੇ ਉਸ ਨਾਲ ਡੇਟਿੰਗ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਉਸ ਨੂੰ ਇਸ ਬਾਰੇ ਕਿਵੇਂ ਦੱਸ ਸਕਦੇ ਹੋ? e ਤੁਸੀਂ ਫ਼ੋਨ ʼਤੇ ਜਾਂ ਆਮ੍ਹੋ-ਸਾਮ੍ਹਣੇ ਮਿਲ ਕੇ ਉਸ ਨੂੰ ਸਾਫ਼-ਸਾਫ਼ ਦੱਸ ਸਕਦੇ ਹੋ ਕਿ ਤੁਸੀਂ ਉਸ ਨੂੰ ਪਸੰਦ ਕਰਦੇ ਹੋ ਅਤੇ ਉਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ। (1 ਕੁਰਿੰ. 14:9) ਜੇ ਉਸ ਨੂੰ ਇਸ ਬਾਰੇ ਸੋਚਣ ਲਈ ਥੋੜ੍ਹਾ ਸਮਾਂ ਚਾਹੀਦਾ ਹੈ, ਤਾਂ ਉਸ ਨੂੰ ਸਮਾਂ ਦਿਓ। (ਕਹਾ. 15:28) ਨਾਲੇ ਜੇ ਉਹ ਡੇਟਿੰਗ ਕਰਨ ਤੋਂ ਮਨ੍ਹਾ ਕਰ ਦੇਵੇ, ਤਾਂ ਉਸ ਦੀਆਂ ਭਾਵਨਾਵਾਂ ਦੀ ਕਦਰ ਕਰੋ।

13. ਜੇ ਕੋਈ ਤੁਹਾਨੂੰ ਕਹਿੰਦਾ ਹੈ ਕਿ ਉਹ ਤੁਹਾਨੂੰ ਪਸੰਦ ਕਰਦਾ ਹੈ ਅਤੇ ਤੁਹਾਡੇ ਨਾਲ ਡੇਟਿੰਗ ਕਰਨੀ ਚਾਹੁੰਦਾ ਹੈ, ਤਾਂ ਤੁਸੀਂ ਕੀ ਕਰੋਗੇ? (ਕੁਲੁੱਸੀਆਂ 4:6)

13 ਪਰ ਉਦੋਂ ਕੀ ਜੇ ਕੋਈ ਤੁਹਾਨੂੰ ਕਹਿੰਦਾ ਹੈ ਕਿ ਉਹ ਤੁਹਾਨੂੰ ਪਸੰਦ ਕਰਦਾ ਹੈ? ਸੋਚੋ ਕਿ ਉਸ ਨੇ ਕਿੰਨੀ ਹਿੰਮਤ ਕਰ ਕੇ ਤੁਹਾਨੂੰ ਇਹ ਗੱਲ ਕਹੀ ਹੋਣੀ। ਇਸ ਲਈ ਉਸ ਨਾਲ ਪਿਆਰ ਤੇ ਆਦਰ ਨਾਲ ਗੱਲ ਕਰੋ। (ਕੁਲੁੱਸੀਆਂ 4:6 ਪੜ੍ਹੋ।) ਜਵਾਬ ਦੇਣ ਤੋਂ ਪਹਿਲਾਂ ਜੇ ਤੁਹਾਨੂੰ ਸੋਚਣ ਲਈ ਸਮਾਂ ਚਾਹੀਦਾ ਹੈ, ਤਾਂ ਉਸ ਨੂੰ ਦੱਸੋ ਕਿ ਉਹ ਤੁਹਾਨੂੰ ਥੋੜ੍ਹਾ ਸਮਾਂ ਦੇਵੇ। ਪਰ ਜੇ ਹੋ ਸਕੇ, ਤਾਂ ਉਸ ਨੂੰ ਜਲਦ ਤੋਂ ਜਲਦ ਜਵਾਬ ਦਿਓ। (ਕਹਾ. 13:12) ਜੇ ਤੁਸੀਂ ਉਸ ਨਾਲ ਡੇਟਿੰਗ ਨਹੀਂ ਕਰਨੀ ਚਾਹੁੰਦੇ, ਤਾਂ ਪਿਆਰ ਨਾਲ ਉਸ ਨੂੰ ਇਹ ਗੱਲ ਸਾਫ਼-ਸਾਫ਼ ਦੱਸੋ। ਜ਼ਰਾ ਆਸਟ੍ਰੀਆ ਦੇ ਰਹਿਣ ਵਾਲੇ ਭਰਾ ਹਾਂਸ ਦੇ ਤਜਰਬੇ ʼਤੇ ਗੌਰ ਕਰੋ। ਜਦੋਂ ਇਕ ਭੈਣ ਨੇ ਦੱਸਿਆ ਕਿ ਉਹ ਉਸ ਨੂੰ ਪਸੰਦ ਕਰਦੀ ਹੈ, ਤਾਂ ਉਸ ਨੇ ਕੀ ਕੀਤਾ। ਉਸ ਨੇ ਦੱਸਿਆ: “ਮੈਂ ਪਿਆਰ ਨਾਲ ਤੇ ਸਾਫ਼-ਸਾਫ਼ ਦੱਸਿਆ ਕਿ ਮੈਂ ਉਸ ਨਾਲ ਡੇਟਿੰਗ ਨਹੀਂ ਕਰਨਾ ਚਾਹੁੰਦਾ। ਨਾਲੇ ਮੈਂ ਇਹ ਗੱਲ ਉਸ ਨੂੰ ਤੁਰੰਤ ਦੱਸੀ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਉਹ ਸੋਚੇ ਕਿ ਮੇਰੇ ਮਨ ਵਿਚ ਵੀ ਉਸ ਲਈ ਕੁਝ ਹੈ। ਬਾਅਦ ਵਿਚ ਮੈਂ ਇਸ ਗੱਲ ਦਾ ਧਿਆਨ ਰੱਖਿਆ ਕਿ ਮੈਂ ਉਸ ਨਾਲ ਕਿੱਦਾਂ ਪੇਸ਼ ਆਉਂਦਾ ਹਾਂ ਤਾਂਕਿ ਉਸ ਨੂੰ ਕੋਈ ਗ਼ਲਤਫ਼ਹਿਮੀ ਨਾ ਹੋਵੇ।” ਪਰ ਜੇ ਤੁਸੀਂ ਉਸ ਵਿਅਕਤੀ ਨਾਲ ਡੇਟਿੰਗ ਕਰਨ ਲਈ ਤਿਆਰ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਉਸ ਨੂੰ ਇਸ ਬਾਰੇ ਦੱਸੋ। ਉਸ ਨਾਲ ਮਿਲ ਕੇ ਗੱਲ ਕਰੋ ਕਿ ਡੇਟਿੰਗ ਕਰਦਿਆਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋਗੇ ਤੇ ਤੁਸੀਂ ਇਕ-ਦੂਜੇ ਤੋਂ ਕੀ ਉਮੀਦ ਰੱਖੋਗੇ। ਇੱਦਾਂ ਕਰਨਾ ਵਧੀਆ ਹੋਵੇਗਾ ਕਿਉਂਕਿ ਤੁਹਾਡੀਆਂ ਉਮੀਦਾਂ ਇਕ-ਦੂਜੇ ਤੋਂ ਵੱਖਰੀਆਂ ਹੋ ਸਕਦੀਆਂ ਹਨ, ਖ਼ਾਸ ਕਰਕੇ ਜੇ ਤੁਹਾਡੀ ਪਰਵਰਿਸ਼ ਅਲੱਗ-ਅਲੱਗ ਮਾਹੌਲ ਵਿਚ ਹੋਈ ਹੈ ਜਾਂ ਤੁਸੀਂ ਅਲੱਗ-ਅਲੱਗ ਜਗ੍ਹਾ ਤੋਂ ਹੋ।

ਦੂਸਰੇ ਭੈਣ-ਭਰਾ ਕਿੱਦਾਂ ਮਦਦ ਕਰ ਸਕਦੇ ਹਨ?

14. ਅਸੀਂ ਕੁਆਰੇ ਭੈਣਾਂ-ਭਰਾਵਾਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ?

14 ਮੰਡਲੀ ਦੇ ਭੈਣ-ਭਰਾ ਕਿਵੇਂ ਉਨ੍ਹਾਂ ਦੀ ਮਦਦ ਕਰ ਸਕਦੇ ਹਨ ਜੋ ਵਿਆਹ ਕਰਾਉਣਾ ਚਾਹੁੰਦੇ ਹਨ? ਇਕ ਤਰੀਕਾ ਹੈ, ਸੋਚ-ਸਮਝ ਕੇ ਗੱਲ ਕਰਨੀ। (ਅਫ਼. 4:29) ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਕੀ ਮੈਂ ਉਨ੍ਹਾਂ ਨੂੰ ਛੇੜਦਾ ਰਹਿੰਦਾ ਹਾਂ ਜੋ ਵਿਆਹ ਕਰਨ ਬਾਰੇ ਸੋਚ ਰਹੇ ਹਨ? ਜੇ ਮੈਂ ਮੰਡਲੀ ਦੇ ਕਿਸੇ ਭੈਣ ਜਾਂ ਭਰਾ ਨੂੰ ਆਪਸ ਵਿਚ ਗੱਲ ਕਰਦੇ ਦੇਖਦਾ ਹਾਂ, ਤਾਂ ਕੀ ਮੈਂ ਸੋਚ ਲੈਂਦਾ ਹਾਂ ਕਿ ਉਨ੍ਹਾਂ ਦਾ ਚੱਕਰ ਚੱਲ ਰਿਹਾ ਹੈ?’ (1 ਤਿਮੋ. 5:13) ਇਸ ਤੋਂ ਇਲਾਵਾ, ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕੁਆਰੇ ਭੈਣਾਂ-ਭਰਾਵਾਂ ਨੂੰ ਅਜਿਹਾ ਕੁਝ ਨਾ ਕਹੀਏ ਜਿਸ ਤੋਂ ਉਨ੍ਹਾਂ ਨੂੰ ਲੱਗੇ ਕਿ ਵਿਆਹ ਤੋਂ ਬਗੈਰ ਤਾਂ ਜ਼ਿੰਦਗੀ ਅਧੂਰੀ ਹੈ। ਭਰਾ ਹਾਂਸ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦਾ ਹੈ: “ਕੁਝ ਭੈਣ-ਭਰਾ ਕਹਿੰਦੇ ਹਨ, ‘ਵਿਆਹ ਕਰਾ ਲੈ। ਜੇ ਉਮਰ ਲੰਘ ਗਈ, ਤਾਂ ਔਖਾ ਹੋ ਜਾਣਾ।’ ਇੱਦਾਂ ਦੀਆਂ ਗੱਲਾਂ ਕਰਕੇ ਕੁਆਰੇ ਭੈਣਾਂ-ਭਰਾਵਾਂ ਨੂੰ ਲੱਗ ਸਕਦਾ ਹੈ ਕਿ ਕੋਈ ਵੀ ਉਨ੍ਹਾਂ ਦੀ ਕਦਰ ਨਹੀਂ ਕਰਦਾ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਵਿਆਹ ਕਰਾ ਲੈਣਾ ਚਾਹੀਦਾ ਹੈ।” ਇਸ ਲਈ ਕਿੰਨਾ ਵਧੀਆ ਹੋਵੇਗਾ ਕਿ ਅਸੀਂ ਕੁਆਰੇ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਦੇ ਮੌਕੇ ਲੱਭੀਏ! ​—1 ਥੱਸ. 5:11.

15. (ੳ) ਜੇ ਤੁਸੀਂ ਕਿਸੇ ਦੀ ਜੀਵਨ ਸਾਥੀ ਲੱਭਣ ਵਿਚ ਮਦਦ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ? (ਰੋਮੀਆਂ 15:2) (ਤਸਵੀਰ ਵੀ ਦੇਖੋ।) (ਅ) ਤੁਸੀਂ ਵੀਡੀਓ ਤੋਂ ਕੀ ਸਿੱਖਿਆ?

15 ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਭੈਣ ਜਾਂ ਭਰਾ ਦੀ ਜੋੜੀ ਵਧੀਆ ਰਹੇਗੀ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਬਾਈਬਲ ਵਿਚ ਦੱਸਿਆ ਗਿਆ ਹੈ ਕਿ ਸਾਨੂੰ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। (ਰੋਮੀਆਂ 15:2 ਪੜ੍ਹੋ।) ਬਹੁਤ ਸਾਰੇ ਕੁਆਰੇ ਭੈਣ-ਭਰਾ ਇਹ ਨਹੀਂ ਚਾਹੁੰਦੇ ਕਿ ਦੂਜੇ ਉਨ੍ਹਾਂ ਲਈ ਜੀਵਨ ਸਾਥੀ ਲੱਭਣ ਅਤੇ ਸਾਨੂੰ ਉਨ੍ਹਾਂ ਦੇ ਇਸ ਫ਼ੈਸਲੇ ਦੀ ਕਦਰ ਕਰਨੀ ਚਾਹੀਦੀ ਹੈ। (2 ਥੱਸ. 3:11) ਸ਼ਾਇਦ ਕੁਝ ਭੈਣ-ਭਰਾ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਦੀ ਮਦਦ ਕਰਨ। ਪਰ ਸਿਰਫ਼ ਉਨ੍ਹਾਂ ਦੇ ਕਹਿਣ ʼਤੇ ਹੀ ਕੋਈ ਰਿਸ਼ਤਾ ਲੱਭੋ। f (ਕਹਾ. 3:27) ਇਸ ਤੋਂ ਇਲਾਵਾ, ਕੁਝ ਅਜਿਹੇ ਕੁਆਰੇ ਭੈਣ-ਭਰਾ ਵੀ ਹਨ ਜੋ ਨਹੀਂ ਚਾਹੁੰਦੇ ਕਿ ਤੁਸੀਂ ਉਨ੍ਹਾਂ ਨੂੰ ਕਿਸੇ ਨਾਲ ਸਿੱਧੇ-ਸਿੱਧੇ ਮਿਲਾਓ। ਉਸ ਵੇਲੇ ਤੁਸੀਂ ਕੀ ਕਰ ਸਕਦੇ ਹੋ? ਜਰਮਨੀ ਵਿਚ ਰਹਿਣ ਵਾਲੀ ਕੁਆਰੀ ਭੈਣ ਲੀਡੀਆ ਦੱਸਦੀ ਹੈ: “ਤੁਸੀਂ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਣ ਦਾ ਪਲੈਨ ਕਰ ਸਕਦੇ ਹੋ ਅਤੇ ਉਸ ਭੈਣ ਜਾਂ ਭਰਾ ਨੂੰ ਵੀ ਬੁਲਾ ਸਕਦੇ ਹੋ। ਇਸ ਤਰ੍ਹਾਂ ਉਨ੍ਹਾਂ ਨੂੰ ਇਕ-ਦੂਜੇ ਨਾਲ ਮਿਲਣ ਦਾ ਮੌਕਾ ਮਿਲੇਗਾ। ਫਿਰ ਉਨ੍ਹਾਂ ਨੂੰ ਫ਼ੈਸਲਾ ਕਰਨ ਦਿਓ ਕਿ ਉਹ ਕੀ ਕਰਨਾ ਚਾਹੁੰਦੇ ਹਨ।”

ਜਦੋਂ ਮੰਡਲੀ ਦੇ ਭੈਣ-ਭਰਾ ਇਕੱਠੇ ਮਿਲ ਕੇ ਕੁਝ ਕਰਦੇ ਹਨ, ਤਾਂ ਕੁਆਰੇ ਮਸੀਹੀਆਂ ਨੂੰ ਇਕ-ਦੂਜੇ ਨੂੰ ਮਿਲਣ ਦਾ ਮੌਕਾ ਮਿਲਦਾ ਹੈ (ਪੈਰਾ 15 ਦੇਖੋ)


16. ਕੁਆਰੇ ਭੈਣਾਂ-ਭਰਾਵਾਂ ਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

16 ਅਸੀਂ ਚਾਹੇ ਕੁਆਰੇ ਹਾਂ ਜਾਂ ਵਿਆਹੇ, ਪਰ ਅਸੀਂ ਸਾਰੇ ਖ਼ੁਸ਼ ਰਹਿ ਸਕਦੇ ਹਾਂ। (ਜ਼ਬੂ. 128:1) ਜੇ ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ, ਪਰ ਹੁਣ ਤਕ ਤੁਹਾਨੂੰ ਕੋਈ ਚੰਗਾ ਸਾਥੀ ਨਹੀਂ ਮਿਲਿਆ ਹੈ, ਤਾਂ ਵੀ ਯਹੋਵਾਹ ਦੀ ਸੇਵਾ ਵਿਚ ਲੱਗੇ ਰਹੋ। ਮਕਾਓ ਵਿਚ ਰਹਿਣ ਵਾਲੀ ਭੈਣ ਸੀਨ-ਯੀ ਕਹਿੰਦੀ ਹੈ: “ਨਵੀਂ ਦੁਨੀਆਂ ਵਿਚ ਤੁਸੀਂ ਆਪਣੇ ਜੀਵਨ ਸਾਥੀ ਨਾਲ ਹਮੇਸ਼ਾ-ਹਮੇਸ਼ਾ ਤਕ ਰਹੋਗੇ। ਉਸ ਦੇ ਮੁਕਾਬਲੇ ਅੱਜ ਤੁਸੀਂ ਜਿੰਨੇ ਸਮੇਂ ਲਈ ਕੁਆਰੇ ਹੋ, ਉਹ ਕੁਝ ਵੀ ਨਹੀਂ ਹੈ। ਇਸ ਲਈ ਖ਼ੁਸ਼ ਰਹੋ ਅਤੇ ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।” ਪਰ ਉਦੋਂ ਕੀ ਜੇ ਤੁਹਾਨੂੰ ਕੋਈ ਪਸੰਦ ਆ ਗਿਆ ਹੈ ਅਤੇ ਤੁਸੀਂ ਡੇਟਿੰਗ ਸ਼ੁਰੂ ਕਰ ਦਿੱਤੀ ਹੈ? ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਡੇਟਿੰਗ ਕਰਦਿਆਂ ਤੁਸੀਂ ਕਿਹੜੀਆਂ ਗੱਲਾਂ ਧਿਆਨ ਵਿਚ ਰੱਖ ਕੇ ਸਹੀ ਫ਼ੈਸਲਾ ਕਰ ਸਕਦੇ ਹੋ।

ਗੀਤ 137 ਪਿਆਰੀਆਂ ਵਫ਼ਾਦਾਰ ਭੈਣਾਂ

a ਤੁਸੀਂ ਵਿਆਹ ਕਰਨ ਲਈ ਸੱਚ-ਮੁੱਚ ਤਿਆਰ ਹੋ ਜਾਂ ਨਹੀਂ, ਇਹ ਜਾਣਨ ਲਈ jw.org/hi ʼਤੇ ਦਿੱਤਾ ਲੇਖ “ਡੇਟਿੰਗ​—ਭਾਗ 1: ਕੀ ਮੈਂ ਡੇਟਿੰਗ ਕਰਨ ਲਈ ਤਿਆਰ ਹਾਂ?” ਨਾਂ ਦਾ ਲੇਖ ਦੇਖੋ।

b ਸ਼ਬਦ ਦਾ ਮਤਲਬ: ਇਸ ਲੇਖ ਵਿਚ ਅਤੇ ਅਗਲੇ ਲੇਖ ਵਿਚ ਜਿੱਥੇ “ਡੇਟਿੰਗ” ਦੀ ਗੱਲ ਕੀਤੀ ਗਈ ਹੈ, ਉਸ ਦਾ ਮਤਲਬ ਹੈ, ਵਿਆਹ ਦੇ ਇਰਾਦੇ ਨਾਲ ਕਿਸੇ ਨੂੰ ਜਾਣਨਾ। ਡੇਟਿੰਗ ਕਰਦੇ ਵੇਲੇ ਇਕ ਕੁੜੀ ਤੇ ਮੁੰਡਾ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਇਕ-ਦੂਜੇ ਲਈ ਚੰਗੇ ਜੀਵਨ ਸਾਥੀ ਹੋਣਗੇ ਜਾਂ ਨਹੀਂ। ਡੇਟਿੰਗ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕੁੜੀ-ਮੁੰਡਾ ਇਕ-ਦੂਜੇ ਨੂੰ ਦੱਸਦੇ ਹਨ ਕਿ ਉਹ ਇਕ-ਦੂਜੇ ਨੂੰ ਪਸੰਦ ਕਰਦੇ ਹਨ। ਇਹ ਉਦੋਂ ਤਕ ਚੱਲਦੀ ਹੈ ਜਦੋਂ ਤਕ ਉਹ ਦੋਵੇਂ ਇਹ ਫ਼ੈਸਲਾ ਨਹੀਂ ਕਰ ਲੈਂਦੇ ਕਿ ਉਹ ਵਿਆਹ ਕਰਨਗੇ ਜਾਂ ਨਹੀਂ।

c ਇਸ ਲੇਖ ਵਿਚ ਦੱਸੇ ਅਸੂਲਾਂ ਤੋਂ ਕੁਆਰੇ ਭੈਣਾਂ-ਭਰਾਵਾਂ ਦੋਹਾਂ ਨੂੰ ਫ਼ਾਇਦਾ ਹੋਵੇਗਾ।

d ਕੁਝ ਨਾਂ ਬਦਲੇ ਗਏ ਹਨ।

e ਕੁਝ ਥਾਵਾਂ ʼਤੇ ਇਕ ਭਰਾ ਕਿਸੇ ਭੈਣ ਨੂੰ ਦੱਸਦਾ ਹੈ ਕਿ ਉਹ ਉਸ ਨੂੰ ਪਸੰਦ ਕਰਦਾ ਹੈ ਅਤੇ ਉਸ ਨਾਲ ਡੇਟਿੰਗ ਕਰਨੀ ਚਾਹੁੰਦਾ ਹੈ। ਪਰ ਇਕ ਭੈਣ ਵੀ ਕਿਸੇ ਭਰਾ ਨੂੰ ਦੱਸ ਸਕਦੀ ਹੈ ਕਿ ਉਹ ਉਸ ਨੂੰ ਪਸੰਦ ਕਰਦੀ ਹੈ। (ਰੂਥ 3:1-13) ਇਸ ਬਾਰੇ ਹੋਰ ਜਾਣਨ ਲਈ 22 ਅਕਤੂਬਰ 2004 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ “ਨੌਜਵਾਨ ਪੁੱਛਦੇ ਹਨ . . . ਮੈਂ ਉਸ ਨੂੰ ਕਿਵੇਂ ਦੱਸਾਂ ਕਿ ਮੈਂ ਉਸ ਨੂੰ ਪਸੰਦ ਕਰਦੀ ਹਾਂ?” ਨਾਂ ਦਾ ਲੇਖ ਦੇਖੋ।